ਕਬੱਡੀ ਦੇ ਅਮੀਰ ਰੰਗਾਂ ਦੀਆਂ ਖ਼ੁਸ਼ਬੋਆਂ ਨਾਲ ਮਹਿਕਣ ਵਾਲੇ ਪੰਜਗਰਾਈਂ ਕਲਾਂ ਦੇ ਕਬੱਡੀ ਮਹਾਂ ਕੁੰਭ ਦੀ ਗੱਲ ਕਰਦਿਆਂ --ਹਰਮਿੰਦਰ ਢਿੱਲੋਂ ਮੌ ਸਾਹਿਬ
ਰੰਗਲੇ ਪੰਜਾਬੀਆਂ ਦੇ ਸਾਹਾਂ 'ਚ ਰਚੀ ਵੱਸੀ ਖੇਡ ਕਬੱਡੀ ਦਾ ਸੀਜ਼ਨ ਇਸ ਸਮੇਂ ਸਮੁੱਚੇ ਪੰਜਾਬ 'ਚ ਪੂਰੀ ਚਰਚਾ ਲੈ ਕੇ ਭਰ ਜੋਬਨ ਵੱਲ ਵੱਧ ਰਿਹਾ ਹੈ। ਮਾਲਵੇ ਦੇ ਵੱਡੇ ਕਬੱਡੀ ਕੱਪਾਂ 'ਚ ਸ਼ੁਮਾਰ ਤੇ ਮਾਲਵੇ 'ਚ ਕਬੱਡੀ ਦਾ ਨਵਾਂ ਮਹਾਂਕੁੰਭ ਤੇ ਕਬੱਡੀ ਦੇ ਅਮੀਰ ਰੰਗਾਂ ਦੀਆਂ ਖ਼ੁਸ਼ਬੋਆਂ ਨਾਲ ਮਹਿਕਣ ਵਾਲੇ ਫਰੀਦਕੋਟ ਜਿਲ੍ਹੇ ਦੇ ਵੱਡੇ ਪਿੰਡ ਵਜੋਂ ਜਾਣੇ ਜਾਂਦੇ ਪੰਜ ਗਰਾਈਂ ਕਲਾਂ ਦੇ ਕਬੱਡੀ ਕੱਪ ਦਾ ਆਗਾਜ਼ 9 ਜਨਵਰੀ ਨੂੰ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਹੋ ਜਾਵੇਗਾ। ਇਸ ਕਬੱਡੀ ਕੱਪ ਦੇ ਮੁੱਖ ਦਿਮਾਗ ਵਜੋਂ ਜਾਣੇ ਜਾਂਦੇ ਅਲਬਰਟਾ ਦੇ ਖੇਡ ਪ੍ਰਮੋਟਰਾਂ 'ਚ ਪ੍ਰਮੁੱਖ ਮੇਜਰ ਸਿੰਘ ਬਰਾੜ ਭਲੂਰ ਕਨੇਡਾ, ਜਲੰਧਰ ਸਿੰਘ ਸਿੱਧੂ, ਕਰਮਪਾਲ ਸਿੱਧੂ ਲੰਡੇਕੇ ਕਨੇਡਾ, ਸੁੱਖ ਢਿੱਲੋਂ ਰਟੌਲ ਰੋਹੀ ਕਨੇਡਾ ਤੇ ਗੁਰਮੀਤ ਮੰਡਾਂਵਾਲਾ ਕਨੇਡਾ ਦੀ ਅਗਵਾਈ ਵਿੱਚ ਹੋ ਰਹੇ ਇਸ ਕਬੱਡੀ ਕੱਪ ਨੂੰ ਗੁਰਮੇਲ ਗਿੱਲ ਯੂ. ਐਸ. ਏ., ਗੁਰਪ੍ਰੀਤ ਭੁੱਟੋ ਢੀਮਾਂਵਾਲੀ, ਸੀਰਾ ਤੇ ਪੀਤਾ ਟਰਾਂਟੋ, ਪੱਪਾ ਬਰਾੜ ਹਾਂਗਕਾਂਗ, ਭੋਲਾ ਬੰਬੀਹਾ, ਬੱਬੂ ਲੰਡੇਕੇ ਸਰੀ, ਬੂਟਾ ਢਿੱਲੋਂ ਸਰੀ, ਕਰਨੈਲ ਬਰਾੜ, ਜਰਮਨ, ਹਰਨਰਾਇਣ ਫਿਨਲੈਂਡ, , ਬੌਂਸ ਚੂਹੇਕੀ, ਬੱਬਲੀ ਗਿੱਲ, ਲਖਵਿੰਦਰ ਬਰਾੜ ਮਿਰਜ਼ਾ ਪੱਤੀ ਆਦਿ ਵੱਲੋਂ ਰੱਜਵਾਂ ਸਹਿਯੋਗ ਹਾਸਲ ਹੈ।
ਪੰਜ ਗਰਾਈਂ ਕਲਾਂ ਕਬੱਡੀ ਕੱਪ ਦੇ ਮੁੱਖ ਪ੍ਰਬੰਧਕਾਂ ਸੁਖਮੰਦਰ ਸਿੰਘ ਖਾਲਸਾ, ਪ੍ਰਧਾਨ ਗੁਰਜੀਤ ਗਿੱਲ, ਸਵਰਾਜ ਗਿੱਲ, ਬੌਹੜ ਬਰਾੜ, ਹਰਦੀਪ ਮੰਤਰੀ, ਕੋਮਲ ਚਾਹਲ ਤੇ ਸਾਥੀਆਂ ਨੇ ਦੱਸਿਆ ਕਿ ਇਸ ਚੌਥੇ ਕਬੱਡੀ ਕੱਪ ਦਾ ਆਗਾਜ਼ ੯ ਜਨਵਰੀ ਨੂੰ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਹੋ ਜਾਵੇਗਾ। 9 ਜਨਵਰੀ ਨੂੰ ਪਿੰਡ ਪੱਧਰ ਦੇ ਮੁਕਾਬਲੇ (ਦੋ ਖਿਡਾਰੀ ਬਾਹਰੋ ਪਹਿਲਾ ਇਨਾਮ 51 ਹਜਾਰ ਤੇ ਦੁਜਾ ਇਨਾਮ 41 ਹਜਾਰ) ਦੇ ਮੁਕਾਬਲੇ ਕਰਵਾਏ ਜਾਣਗੇ। ਪਿੰਡ ਪੱਧਰ ਦੇ ਬੈਸਟ ਰੇਡਰ ਤੇ ਬੈਸਟ ਜਾਫ਼ੀ ਦਾ ਮੋਟਰਸਾਈਕਲਾਂ ਨਾਲ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। 10 ਜਨਵਰੀ ਨੂੰ ਚੋਟੀ ਦੀਆਂ ਅੱਠ ਅਕੈਡਮੀਆਂ ਦੇ ਚੌਬਰ ਭਿੜਣਗੇ। ਇਸ ਕੱਪ ਦਾ ਪਹਿਲਾ ਇਨਾਮ ਇੱਕ ਲੱਖ ਇੱਕ ਹਜ਼ਾਰ, ਜਦੋ ਕਿ ਦੂਸਰਾ ਇਨਾਮ ਪਝੱਤਰ ਹਜ਼ਾਰ ਹੋਵੇਗਾ। ਇਸੇ ਦਿਨ ਹੀ ਕਬੱਡੀ ਜਗਤ ਦੇ ਅੰਤਰਰਾਸ਼ਟਰੀ ਕੁਮੈਟੇਟਰ ਪਰਮਿੰਦਰ ਰਿੰਕਾ ਮੌ-ਸਾਹਿਬ ਨੂੰ ਬੁਲਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸੇ ਦਿਨ ਹੀ ਕਬੱਡੀ 365 ਡਾਟ ਕਾਮ ਦੇ ਪ੍ਰਦੀਪ ਤੇ ਹੈਪੀ ਨੂੰ ਮਹਿੰਦਰਾ ਕੁਆਇੰਟੋ ਐਸ.ਯੂ ਨਾਲ ਸਨਮਾਨਿਤ ਕੀਤਾ ਜਾਵੇਗਾ ਇਸ ਕਬੱਡੀ ਕੱਪ ਨਾਲ ਜੁੜੀਆਂ ਮੁੱਖ ਸ਼ਖ਼ਸੀਅਤਾਂ ਬਾਰੇ ਆਓ ਜਾਣੀਏ-
ਜਲੰਧਰ ਸਿੰਘ ਸਿੱਧੂ- ਖੇਡ ਕਬੱਡੀ ਦਾ ਸ਼ੈਦਾਈ ਪੁੱਤ ਜਲੰਧਰ ਸਿੰਘ ਸਿੱਧੂ ਪਿਛਲੇ ਕਈ ਵਰ੍ਹਿਆਂ ਤੋਂ ਭਾਵੇਂ ਕੈਨੇਡਾ ਦੇ ਸੂਬੇ ਅਲਬਰਟਾ 'ਚ ਪੈਂਦੇ ਤੇਲ ਦੇ ਸ਼ਹਿਰ ਵਜੋਂ ਜਾਣੇ ਜਾਂਦੇ ਸ਼ਹਿਰ ਐਡਮਿੰਟਨ 'ਚ ਰਹਿ ਰਿਹਾ ਹੈ, ਪਰ ਕਬੱਡੀ ਉਸ ਦੇ ਸਾਹਾਂ 'ਚ ਧੜਕਦੀ ਹੈ। ਤੁਰਦਿਆਂ-ਫਿਰਦਿਆਂ ਉਸ ਦੀਆਂ ਅੱਖਾਂ ਵਿੱਚ ਕਬੱਡੀ ਦ੍ਰਿਸ਼ ਤੇ ਉਸ ਦੇ ਚੇਤਿਆਂ ਵਿੱਚ ਸ਼ਾਨਦਾਰ ਰੇਡਾਂ ਪੈਂਦੀਆਂ ਤੇ ਵੱਜਦੀਆਂ ਤਾੜੀਆਂ ਤੇ ਜੱਫੇ ਲੱਗਦੇ ਹਨ। ਖੇਡ ਕਬੱਡੀ ਦੇ ਵਧੀਆ ਰੇਡਰ ਰਹਿ ਚੁੱਕੇ ਜਲੰਧਰ ਸਿੱਧੂ ਨੇ ਆਪਣੀ ਖੇਡ ਦਾ ਆਗਾਜ਼ ਕੁਲਵੰਤ ਸਿੰਘ ਕੰਤਾਂ ਤੇ ਜੱਥੇਦਾਰ ਬਲਦੇਵ ਸਿੰਘ ਘੋਟੀ ਤੋਂ ਖੇਡ ਪ੍ਰੇਰਨਾ ਲੈ ਕੈ ਕੀਤਾ ਸੀ। ਇੱਕ ਖੇਡ ਮੇਲੇ 'ਚ ਬਾਂਹ ਟੁੱਟਣ ਕਰਕੇ ਉਸ ਨੇ ਕਬੱਡੀ ਭਾਵੇਂ ਬੰਦ ਕਰ ਦਿੱਤੀ ਸੀ, ਪਰ 'ਗਰਾਊਂਡ' ਨਾਲ ਰਿਸ਼ਤਾ ਉਸ ਦਾ ਹੁਣ ਵੀ ਪਹਿਲਾਂ ਵਾਂਗ ਹੀ ਹੈ। ਆਪਣੇ ਉੱਚੇ ਇਰਾਦਿਆਂ ਦਾ ਪੱਲਾ ਫੜ 1996 ਵਿੱਚ ਡਾਲਰਾਂ ਦੇ ਮੁਲਕ ਕੈਨੇਡਾ ਦੇ ਸ਼ਹਿਰ ਟੋਰਾਂਟੋ ਪਹੁੰਚਣ ਵਾਲੇ ਜਲੰਧਰ ਸਿੱਧੂ ਨੇ ਵੱਖ-ਵੱਖ ਪ੍ਰਕਾਰ ਦੇ ਕੰਮਾਂ-ਕਾਰਾਂ 'ਚ ਵਕਤ ਗੁਜ਼ਾਰਦਿਆਂ ਆਪਣੇ-ਆਪ ਨੂੰ ਸੈਟਲਡ ਕਰ ਲਿਆ। ਉਸ ਦੇ ਖਿਡਾਰੀ ਮਨ ਦੇ ਆਦਰਸ਼, ਉਦੇਸ਼ ਤੇ ਨਿਸ਼ਾਨੇ ਹਮੇਸ਼ਾਂ ਖੇਡ ਕਬੱਡੀ ਦੇ ਅੰਗ-ਸੰਗ ਰਹੇ। ਇਸ ਕਰਕੇ ਹੀ ਉਹ ਆਪਣੇ ਖ਼ਾਸ ਬੇਲੀ ਭੋਲਾ ਸਿੰਘ ਬੰਬੀਹਾ ਭਾਈ ਨਾਲ ਮਿਲ ਕੇ 2003 ਤੋਂ ਲੈ ਕੇ ਹੁਣ ਤੱਕ ਬ੍ਰਿਟਿਸ਼ ਕੋਲੰਬੀਆ ਤੇ ਟੋਰਾਂਟੋ ਕੱਪਾਂ 'ਚ ਖੇਡੇ ਖਿਡਾਰੀਆਂ ਵੱਲੋਂ ਪਾਈਆਂ ਰੇਡਾਂ ਤੇ ਲੱਗੇ ਜੱਫ਼ਿਆਂ ਦੇ ਅੰਕੜੇ ਸੰਭਾਲਦੇ ਆ ਰਹੇ ਹਨ। ਅਲਬਰਟਾ ਫੈਡਰੇਸ਼ਨ 'ਚ ਖੇਡਣ ਵਾਲੀ ਬਾਬਾ ਫਰੀਦ ਕਬੱਡੀ ਅਕੈਡਮੀ ਐਡਮਿੰਟਨ ਦੀ ਕਮਾਂਡ ਵੀ ਉਸ ਦੇ ਹੱਥਾਂ ਵਿੱਚ ਹੈ। ਦੋ ਵਰ੍ਹੇ ਪਹਿਲਾਂ ਹੋਂਦ ਵਿੱਚ ਆਈ ਉਸ ਦੀ ਟੀਮ ਕਬੱਡੀ ਜਗਤ ਦੇ ਵੱਡੇ ਸਟਾਰਾਂ ਦੀ ਹਾਜ਼ਰੀ ਵੇਖਣ ਨੂੰ ਮਿਲੀ। ਪੰਜ ਗਰਾਈਂ ਕਲਾਂ ਕੱਪ ਦੇ 'ਦਿਮਾਗ' ਬਣ ਇਸ ਦੇ ਅੰਗ-ਸੰਗ ਵਿਚਰ ਕੇ ਸਭ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਰਹਿਣ ਵਾਲੇ ਸੂਟਿਡ ਬੂਟਿਡ ਜਲੰਧਰ ਸਿੰਘ ਸਿੱਧੂ ਇਸ ਕਬੱਡੀ ਕੱਪ ਦੀਆਂ ਮਹਿਕਾਂ ਨੂੰ ਅੰਬਰੀਂ ਚਾੜ੍ਹਨ ਦੀਆਂ ਵਿਉਂਤਾਂ ਬਣਾਉਾਂਦਾ ਨਹੀ ਥੱਕਦਾ।ਖੇਡ ਕਬੱਡੀ ਦੇ ਨਕਸ਼ੇ ਤੇ ਪੰਜਗਰਾਂਈ ਕਲਾਂ ਦੇ ਕਬੱਡੀ ਕੱਪ ਨੂੰ ਕਬੱਡੀ ਦਾ ਮਹਾਂ ਕੁੰਭ ਬਣਾਉਣ ਦੀਆਂ ਉਸ ਦੀਆ ਸਭ ਕੋਸ਼ਿਸਾਂ ਹਮੇਸ਼ਾ ਸਫਲ ਹੋਈਆ ਹਨ।
ਮੇਜਰ ਸਿੰਘ ਬਰਾੜ ਭਲੂਰ ਕਨੇਡਾ - ਮਾਲਵੇ ਦੇ ਅਨੇਕਾਂ ਕਬੱਡੀ ਖਿਡਾਰੀਆਂ ਦੇ ਖੇਡ ਕੈਰੀਅਰ ਨੂੰ ਅੰਤਰ-ਰਾਸ਼ਟਰੀ ਸਫ਼ਰ ਦੀ ਉਡਾਨ ਭਰਵਾਉਣ ਵਾਲਾ ਮੇਜਰ ਸਿੰਘ ਬਰਾੜ ਭਲੂਰ ਕੈਨੇਡਾ ਕਬੱਡੀ ਜਗਤ ਵਿੱਚ ਬੇਹੱਦ ਜਾਣਿਆ-ਪਛਾਣਿਆ ਤੇ ਸਤਿਕਾਰਤ ਨਾਂ ਹੈ। ਕਬੱਡੀ ਜਗਤ ਦੇ ਅੰਬਰੋਂ ਟੁੱਟੇ ਤਾਰੇ ਅੰਬੀ ਹਠੂਰ ਕੈਲਗਰੀ ਨਾਮੀ ਕਬੱਡੀ ਕਲੱਬ ਪਿਛਲੇ ਵਰ੍ਹਿਆਂ ਤੋਂ ਉਸ ਦੀ ਅਗਵਾਈ ਹੇਠ ਖੇਡਦੀ ਆ ਰਹੀ ਹੈ। ਇਸ ਸਮੇਂ ਅੰਬੀ ਐਂਡ ਹਰਜੀਤ ਕਬੱਡੀ ਕਲੱਬ ਕੈਲਗਿਰੀ ਉਸ ਦੀ ਅਗਵਾਈ ਕਬੱਡੀ ਵਿੱਚ ਮਾਲਵੇ ਦੇ ਸੁਪਰ ਸਟਾਰਾਂ ਨੂੰ ਇਸ ਕਲੱਬ ਵਿੱਚ ਖੇਡਣ ਦਾ ਮਾਣ ਹਾਸਲ ਹੈ। ਕਬੱਡੀ ਜਗਤ ਦੇ ਧਨੰਤਰ ਸਟਾਰਾਂ ਨਾਲ ਮੇਜਰ ਬਰਾੜ ਦਾ ਰਿਸ਼ਤਾ ਪਿਓ ਪੁੱਤਾ ਵਾਲਾ ਰਿਹਾ ਹੈ। ਕਬੱਡੀ ਜਗਤ ਦੇ ਲਾਲਚੀ ਤੇ ਕਹਿਣੀ ਕੱਥਣੀ ਦੇ ਪੂਰੇ ਸੂਰੇ ਨਾ ਹੋਣ ਵਾਲੇ ਕਬੱਡੀ ਖਿਡਾਰੀਆ ਤੋਂ ਮੇਜਰ ਨੂੰ ਪੂਰੀ ਨਫਰਤ ਹੈ । ਦੋ ਵਰ੍ਹੇ ਪਹਿਲਾਂ ਆਪਣੇ ਖ਼ਾਸ ਬੇਲੀਆਂ ਕੈਲਗਰੀ ਦੇ ਪ੍ਰਮੋਟਰਾਂ ਕਰਮਪਾਲ ਸਿੰਘ ਸਿੱਧੂ ਲੰਡੇਕੇ, ਰਾਜਪਾਲ ਸਿੱਧੂ ਲੰਡੇਕੇ ਹਰਵਿੰਦਰ ਫਤਿਹਗੜ੍ਹ, ਜਲੰਧਰ ਸਿੱਧੂ ਪੰਜ ਗਰਾਈਂ ਕਲਾਂ ਤੇ ਗੁਰਮੀਤ ਮੰਡਾਂ ਵਾਲਾ ਨਾਲ ਮਿਲ ਕੇ ਮਾਲਵੇ 'ਚ ਸਭ ਤੋਂ ਵੱਡਾ ਪੱਚਾਸੀ ਲੱਖ ਦੀ ਇਨਾਮੀ ਰਾਸ਼ੀ ਵਾਲਾ ਵੱਡਾ ਲੰਡੇਕੇ ਕਬੱਡੀ ਕੱਪ ਕਰਵਾਉਣ ਦਾ ਮਾਣ ਵੀ ਇਸ ਟੀਮ ਦੇ ਹਿੱਸੇ ਆਇਆ ਹੈ। ਇਸ ਕੱਪ ਵਿੱਚ ਪਿਛਲੇ ਵਰ੍ਹੇ ਪਰਲਜ਼ ਵਿਸ਼ਵ ਕਬੱਡੀ ਕੱਪ ਵਿੱਚ ਭਾਰਤੀ ਟੀਮ ਦੇ ਕਪਤਾਨ ਸੁਖਬੀਰ ਸਰਾਵਾਂ ਨੂੰ ਜਿੱਥੇ ਸਵਰਾਜ ਟਰੈਕਟਰ ਨਾਲ ਸਨਮਾਨਿਆ ਗਿਆ, ਉੱਥੇ ਕਬੱਡੀ ਜਗਤ ਦੇ ਹੋਰ ਅੰਤਰਰਾਸ਼ਟਰੀ ਸਟਾਰਾਂ ਨੂੰ ਚਾਰ ਸਫਾਰੀਆਂ, ਇੱਕ ਅਲਟੋ ਕਾਰ ਤੇ ੧੩ ਬੁਲਟ ਮੋਟਰਸਾਈਕਲ ਲੰਡੇਕੇ ਕਬੱਡੀ ਕੱਪ ਵਿੱਚ ਸਨਮਾਨ ਵਜੋਂ ਵੰਡੇ ਗਏ। ਖੇਡ ਕਬੱਡੀ ਤੋਂ ਲੱਖਾਂ ਡਾਲਰ ਨਿਛਾਵਰ ਕਰ ਰਿਹਾ ਕਹਿਣੀ ਕਥਨੀ ਦਾ ਪੂਰਾ-ਸੂਰਾ ਮੇਜਰ ਬਰਾੜ ਇਸ ਸਮੇਂ ਅਲਬਰਟਾ ਦੀ ਨਾਮਵਰ ਖੇਡ ਸੰਸਥਾ 'ਅਲਬਰਟਾ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ' ਦਾ ਸਰਬ-ਸੰਮਤੀ ਨਾਲ ਚੁਣਿਆ ਪ੍ਰਧਾਨ ਮੇਜਰ ਬਰਾੜ ਕਬੱਡੀ ਜਗਤ ਵਿੱਚ ਕੁਝ ਨਵਾਂ ਕਰਨ ਦੀ ਸੋਚ ਰੱਖਦਾ ਹੈ। ਮਾਲਵੇ ਦੇ ਅਨੇਕਾਂ ਕਬੱਡੀ ਕੱਪਾਂ ਦੀ ਖਾਸ ਹੌਂਸਲਾ ਅਫ਼ਜਾਈ ਕਰਨ ਵਾਲਾ ਮੇਜਰ ਬਰਾੜ ਪੰਜ ਗਰਾਈਂ ਕਲਾਂ ਕੱਪ ਦਾ ਚਹੇਤਾ ਸਪੋਟਰ ਹੈ। ਜੋ ਇਸ ਕਬੱਡੀ ਦੇ ਉੱਭਰ ਰਹੇ ਨਵੇਂ ਮਹਾਂਕੁੰਭ ਵਿੱਚ ਆਪਣੀ ਜ਼ਿਕਰਯੋਗ ਭੂਮਿਕਾ ਨਿਭਾ ਰਿਹਾ ਹੈ।
ਕਰਮਪਾਲ ਸਿੱਧੂ ਲੰਡੇਕੇ ਕਨੇਡਾ:- ਕਨੇਡਾ ਕਬੱਡੀ ਜਗਤ ਵਿੱਚ ਚਾਕਲੇਟੀ ਚਿਹਰੇ ਵਾਲਾ ਗੱਭਰੂ ਕਰਮਪਾਲ ਸਿੰਘ ਸਿੱਧੂ ਉਰਫ ਕਰਮਾਂ ਲੰਡੇਕੇ ਬੇਹੱਦ ਜਾਣਿਆ ਪਛਾਣਿਆ ਤੇ ਸਤਿਕਾਰਿਆ ਨਾਮ ਹੈ । ਅਲਬਰਟਾ ਦੇ ਸ਼ਹਿਰ ਕੈਲਗਿਰੀ ਵਿੱਚ ਖੇਡ ਕਬੱਡੀ ਦਾ ਬੂਟਾ ਲਗਾਉਣ ਵਾਲਿਆ ਵਿੱਚ ਕਰਮਪਾਲ ਸਿੱਧੂ ਨਾ ਬੜੀ ਸਿਦੱਤ ਤੇ ਮਾਣ ਨਾਲ ਸ਼ਾਮਿਲ ਕੀਤਾ ਜਾ ਸਕਦਾ ਹੈ । ਖੇਡ ਕਬੱਡੀ ਦੀਆ ਮਹਿਕਾਂ ਸੰਗ ਵਿਚਰਦਿਆ ਖੇਡ ਕਬੱਡੀ ਤੋਂ ਲੱਖਾਂ ਡਾਲਰ ਨਿਸ਼ਾਵਰ ਕਰਨ ਵਾਲੇ ਕਰਮਪਾਲ ਸਿੱਧੂ ਦਾ ਮੁਖ ਕਾਰੋਬਾਰ ਕਨੇਡਾ ਦੇ ਸ਼ਹਿਰ ਕੈਲਗਿਰੀ ਵਿੱਚ ਬੈਸਟ ਵੇ ਫਰਨੀਚਰਜ਼, ਮੋਗਾ ਮੀਟ, ਬੀਕਾਨੇਰ ਸਵੀਟਜ਼ ਤੇ ਹੁਣ ਰਿਐਲਟਰਜ਼ ਆਦਿ ਵਿੱਚ ਸ਼ਫਲ ਨਾਮ ਬਣ ਚੁਕਾ ਹੈ। ਯਾਰਾਂ ਬੇਲੀਆ ਦੀ ਭਾਸ਼ਾ ਵਿੱਚ ਕਰਮੇ ਦੇ ਨਾਮ ਨਾਲ ਮਸ਼ਹੂਰ ਹੋਇਆ ਕਰਮਪਾਲ ਸਿੱਧੂ ਨੂੰ ਇਹ ਮਾਣ ਹਾਸਿਲ ਕਿ ਪੰਜਾਬ ਦਾ ਸਭ ਤੋਂ ਵੱਡਾ ਪਚਾਸੀ ਲੱਖ ਦੀ ਇਨਾਮੀ ਰਾਸ਼ੀ ਵਾਲਾ ਕਬੱਡੀ ਕੱਪ ਉਸ ਦੇ ਜੱਦੀ ਪਿੰਡ ਲੰਡੇਕੇ ਮੋਗਾ ਵਿੱਖੇ ਕਰਵਾਇਆ ਗਿਆ। ਦੌਲਤ, ਸ਼ੌਹਰਤ ਤੇ ਸੱਚੇ ਪਾਤਸ਼ਹ ਦੀਆ ਮੇਹਰਬਾਨ ਸਵੱਲੀਆ ਨਜ਼ਰਾਂ ਵਾਲਾ ਕਰਮਪਾਲ ਸਿੱਧੂ ਉਹ ਸ਼ਖਸੀਅਤ ਹੈ ਜਿਸ ਦੇ ਕਨੇਡਾ ਦੇ ਕਨੇਡਾ ਦੀਆ ਪ੍ਰਮੁੱਖ ਸਿਆਸੀ ਸ਼ਖਸੀਅਤਾਂ ਜਿਸ ਵਿੱਚ ਗੋਰੇ ਤੇ ਏਸ਼ੀਅਨ ਮੂਲ ਦੇ ਲੋਕ ਸ਼ਾਮਿਲ ਹਨ, ਨਾਲ ਪਰਿਵਾਰਿਕ ਸਬੰਧ ਹਨ। ਹਰ ਸਮੇਂ ਖਿੜਿਆ ਖਿੜਿਆ ਰਹਿਣ ਵਾਲਾ ਕਰਮਪਾਲ ਤੇ ਮੇਜਰ ਬਰਾੜ ਦੋਵਾਂ ਦੀ ਜੋੜੀ ਨੂੰ ਇਹ ਸ਼ਰਫ ਹੈ ਕਿ ਉਹਨਾਂ ਨੇ ਜਿਥੇ ਖੇਡ ਕਬੱਡੀ ਨੂੰ ਪ੍ਰਮੋਟ ਕੀਤਾ ਉਥੇ ਕਬੱਡੀ ਖਿਡਾਰੀਆ ਨੂੰ ਬੁਲਟ ਮੋਟਰਸਾਈਕਲ, ਗੱਡੀਆ ਤੇ ਇਥੋ ਤੱਕ ਭਾਰਤੀ ਕਬੱਡੀ ਟੀਮ ਦੇ ਦੋ ਵਾਰ ਕਪਤਾਨ ਰਹੇ ਸੁਖਬੀਰ ਸਰਾਵਾਂ ਸਵਰਾਜ ਟਰੈਕਟਰ ਨਾਲ ਸਨਮਾਨਿਤ ਕੀਤਾ। ਇਸ ਸਮੇਂ ਮਾਲਵਾ ਕਲੱਬ ਮੋਗਾ ਵੀ ਕਰਮਪਾਲ ਸਿੱਧੂ ਅਗਵਾਈ ਹੇਠ ਕਬੱਡੀ ਮੈਦਾਨਾ ਵਿੱਚ ਖੂਬਸੂਰਤ ਪ੍ਰਦਰਸ਼ਨ ਕਰ ਰਹੀ ਹੈ।
ਸੁੱਖ ਢਿੱਲੋਂ ਰਟੌਲ ਰੋਹੀ - ਪਿਛਲੇ ਪੰਜ-ਛੇ ਸਾਲਾਂ ਤੋਂ ਕੈਨੇਡਾ ਕਬੱਡੀ ਜਗਤ ਦੇ ਅੰਗ-ਸੰਗ ਵਿਚਰਦਾ ਆ ਰਿਹਾ ਚਾਕਲੇਟੀ ਚਿਹਰੇ ਵਾਲਾ ਸੁੱਖ ਢਿੱਲੋਂ ਕੈਨੇਡਾ ਦੇ ਅਲਬਰਟਾ ਸੂਬੇ 'ਚ ਤੇਜ਼ੀ ਨਾਲ ਉੱਭਰਿਆ ਨਾਂ ਹੈ। ਬਾਬਾ ਫਰੀਦ ਕਬੱਡੀ ਕਲੱਬ ਐਡਮਿੰਟਨ ਦਾ ਪ੍ਰਧਾਨ ਸੁੱਖ ਢਿੱਲੋਂ ਮੂਲ ਰੂਪ 'ਚ ਪੁਰਾਣੀਆਂ ਕਾਰਾਂ ਦੀ ਖ਼ਰੀਦੋ-ਫਰੋਖ਼ਤ ਦੇ ਵਿਸ਼ਾਲ ਧੰਦੇ ਨਾਲ ਜੁੜਿਆ ਹੈ। ਖੇਡ ਕਬੱਡੀ 'ਚ ਆਪਣੀ ਕਮਾਈ ਦਾ ਵੱਡਾ ਦਸਵੰਧ ਕੱਢਣ ਵਾਲੇ ਸੁੱਖ ਢਿੱਲੋਂ ਵੱਲੋਂ ਪੰਜ ਗਰਾਈਂ ਕਲਾਂ ਕਬੱਡੀ ਕੱਪ ਤੇ ਕਬੱਡੀ ਜਗਤ ਦੇ ਜਰਵਾਣੇ ਜਾਫ਼ੀ ਸੁੱਖਾ ਵਕੀਲਾਂ ਵਾਲਾ ਦਾ ਪਿਛਲੇ ਵਰ੍ਹੇ ਅਲਟੋ ਕਾਰ ਨਾਲ ਸਨਮਾਨਿਤ ਕੀਤਾ ਗਿਆ। ਉਹ ਇਸ ਕਬੱਡੀ ਕੱਪ ਵਿੱਚ ਵੱਡੀ ਰਾਸ਼ੀ ਨਾਲ ਯੋਗਦਾਨ ਪਾਉਣਾ ਨਹੀਂ ਭੁੱਲਦਾ।ਪੰਜਾਬ ਸਰਕਾਰ ਵਲੋਂ ਕਰਵਾਏ ਗਏ ਵਿਸ਼ਵ ਕਬੱਡੀ ਕੱਪਾਂ ਬਾਰੇ ਗੱਲ ਕਰਦਿਆ ਸੁੱਖ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਖੇਡ ਨੀਤੀ ਦਾ ਖੁਬਸੂਰਤ ਸਿਰਨਾਵਾਂ ਬਣਿਆ ਵਿਸ਼ਵ ਕਬੱਡੀ ਕੱਪ ਖੇਡ ਕਬੱਡੀ ਨੂੰ ਨਵੀਂ ਰੰਗਤ ਦੇ ਗਿਆ। ਪੰਜਾਬ ਵਿੱਚ ਕਬੱਡੀ ਦੇ ਅਣ ਗੌਲੇ ਟੈਲੰਟ ਨੂੰ ਅੱਗੇ ਲਿਆਉਣ ਲਈ ਵੀ ਉਹ ਪੂਰੀ ਤਰ੍ਹਾਂ ਯਤਨਸ਼ੀਲ ਹੈ। ਸੁੱਖ ਢਿੱਲੋਂ ਪੰਜਗਰਾਈ ਕਲਾਂ ਕਬੱਡੀ ਮਹਾਂ ਕੁੰਭ ਦਾ ਗੋਲਡਨ ਸਪੌਸਰ ਹੈ।
ਗੁਰਮੀਤ ਮੰਡਾਂ ਵਾਲਾ:- ਵਿਦੇਸ਼ ਦੀ ਧਰਤੀ 'ਤੇ ਸਖ਼ਤ ਮਿਹਨਤ ਤੇ ਦ੍ਰਿੜ੍ਹਤਾ ਦਾ ਪੱਲਾ ਫੜ ਸੈਟਲ ਹੋਣ ਵਾਲੇ ਪੰਜਾਬੀਆਂ 'ਚ ਮਿਲਾਪੜੇ ਸੁਭਾਅ ਵਾਲੇ ਮਿਲਣਸਾਰ ਤੇ ਯਾਰਾਂ ਦੇ ਯਾਰ ਕੈਲਗਿਰੀ ਦੇ ਖੇਡ ਪ੍ਰਮੋਟਰ ਗੁਰਮੀਤ ਮੰਡਾਂ ਵਾਲਾ ਨੂੰ ਬੜੇ ਮਾਣ ਤੇ ਸ਼ਿੱਦਤ ਨਾਲ ਸ਼ਾਮਲ ਕੀਤਾ ਜਾ ਸਕਦਾ ਹੈ। ਕਬੱਡੀ ਜਗਤ ਦੇ ਕਈ ਵੱਡੇ ਮਹਾਂਰਥੀਆਂ ਨਾਲ ਲੈਸ ਤੇ ਪਿਛਲੇ ਵਰ੍ਹੇ ਹੋਂਦ 'ਚ ਆਈ ਹਰਜੀਤ ਫਰੈਂਡਜ ਕਬੱਡੀ ਕਲੱਬ ਕੈਲਗਿਰੀ ਦੇ ਪ੍ਰਧਾਨ ਦੀਆਂ ਜ਼ਿੰਮੇਵਾਰੀਆਂ ਨਿਭਾ ਰਿਹਾ ਗੁਰਮੀਤ ਮੰਡਾਂ ਵਾਲਾ ਪੇਸ਼ੇ ਵਜੋਂ ਬਿਲਡਰ ਹੈ। ਉਸ ਦੀ ਨਿੱਜੀ ਅਗਵਾਈ ਘਰਾਂ ਦੇ ਨਿਰਮਾਣ ਵਾਲੀ ਕੰਪਨੀ ਏਸ਼ੀਅਨ ਕੰਪਨੀਆਂ 'ਚ ਕਾਫੀ ਜਾਣੀ-ਪਛਾਣੀ ਹੈ। ਖੇਡ ਕਬੱਡੀ ਦੇ ਅੰਤਰਰਾਸ਼ਟਰੀ ਖਿਡਾਰੀਆਂ ਦੀ ਖੇਡ ਦਾ ਰੱਜਵਾਂ ਮੁੱਲ ਤਾਰਨ ਵਾਲਾ ਤੇ ਖੇਡ ਕਬੱਡੀ ਦਾ ਸ਼ੌਂਕੀ ਗੁਰਮੀਤ ਸਮੇਂ-ਸਮੇਂ ਕਬੱਡੀ ਜਗਤ ਨਾਲ ਜੁੜੀਆਂ ਸ਼ਖ਼ਸੀਅਤਾਂ ਦਾ ਜਿੱਥੇ ਗੋਲਡ ਮੈਡਲਾਂ ਨਾਲ ਸਨਮਾਨ ਕਰਨਾ ਨਹੀਂ ਭੁੱਲਦਾ, ਉੱਥੇ ਕੁਝ ਕਬੱਡੀ ਸਟਾਰਾਂ ਨੂੰ ਬੁਲਟ ਮੋਟਰਸਾਈਕਲਾਂ ਨਾਲ ਉਸ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਪੰਜ ਗਰਾਈਂ ਕਲਾਂ ਕਬੱਡੀ ਕੱਪ ਦਾ ਵੀ ਉਹ ਵੀ ਮੁੱਖ ਗੋਲਡਨ ਸਪਾਂਸਰ ਹੈ। ਪਿਛਲੇ ਕਈ ਸਾਲਾਂ ਤੋਂ ਇਸ ਕਬੱਡੀ ਕੱਪ ਦੇ ਅੰਗ-ਸੰਗ ਚੱਲੇ ਆ ਰਹੇ ਗੁਰਮੀਤ ਮੰਡਾਂ ਵਾਲਾ ਤੇ ਸਾਥੀਆਂ ਵੱਲੋਂ ਇਸ ਵਰ੍ਹੇ 'ਹਰਜੀਤ ਫਰੈਂਡਜ਼ ਕਲੱਬ ਕੈਲਗਿਰੀ' ਦੀ ਟੀਮ ਕਬੱਡੀ ਜਗਤ ਦੇ ਕਈ ਅੰਤਰ-ਰਾਸ਼ਟਰੀ ਖਿਡਾਰੀਆਂ ਨਾਲ ਲੈਸ ਹੋਵੇਗੀ। ਗੁਰਮੀਤ ਮੰਡਾਂ ਵਾਲਾ ਦੀ ਸੋਚ, ਉਤਸ਼ਾਹ, ਕਲਪਨਾ, ਅਨੰਦ ਤੋਂ ਅਨੰਦ ਸਭ ਕੁਝ ਖੇਡ ਕਬੱਡੀ ਹੀ ਹੈ। ਕਬੱਡੀ ਜਗਤ ਦੀਆਂ 'ਖ਼ਬਰਾਂ ਵਾਲੇ ਬੁਲੇਟਿਨ' ਤੇ ਕੰਨ ਰੱਖਣ ਵਾਲਾ ਗੁਰਮੀਤ ਖੇਡ ਕਬੱਡੀ ਜਗਤ ਵਿੱਚ ਖ਼ੂਬ ਨਾਮਣਾ ਖੱਟ ਰਿਹਾ ਹੈ।
'ਸੰਭਾਲਕੀ ਕਬੱਡੀ ਕੱਪ਼ਮਾਲਵਾ ਕਬੱਡੀ ਅਕੈਡਮੀ ਸਮਰਾਲਾ ਨੇ ਜਿੱਤਿਆ
ਗੋਪੀ ਮਾਣਕੀ ਬੈਸਟ ਧਾਵੀ ਅਤੇ ਬੱਬੂ ਕਟਾਲਾ ਅਤੇ ਕਿੰਦਾ ਕਕਰਾਲਾ ਬੈਸਟ ਜਾਫੀ ਬਣੇ

ਮੁਹਾਲੀ ਸ਼ਹਿਰ ਦੀਆਂ ਜੜਾਂ ਵਿਚ ਵਸਦੇ ਪੁਆਧ ਦੇ ਪ੍ਰਸਿੱਧ ਪਿੰਡ ਸੰਭਾਲਕੀ, ਸੈਕਟਰ 86 ਵਿਖੇ ਨਾਰਥ ਇੰਡੀਆ ਸਰਕਲ ਸਟਾਇਲ ਕਬੱਡੀ ਫੈਡਰੇਸ਼ਨ ਦੀਆਂ 8 ਅਕੈਡਮੀਆਂ ਦੇ ਮੁਕਾਬਲੇ ਵਾਲਾ ਕਬੱਡੀ ਕੱਪ ਕਰਵਾਇਆ ਗਿਆ। ਯੂਥ ਵੈਲਫੇਅਰ ਸਭਾ (ਰਜਿ.) ਸੰਭਾਲਕੀ ਅਤੇ ਗ੍ਰਾਮ ਪੰਚਾਇਤ ਸੰਭਾਲਕੀ ਵਲੋਂ ਉਲੀਕਿਆ ਇਹ ਟੂਰਨਾਮੈਂਟ ਨੌਜਵਾਨ ਅਕਾਲੀ ਆਗੂ ਸ੍ਰੀ ਅਸ਼ਵਨੀ ਸ਼ਰਮਾ ਮੁੱਖ ਸਲਾਹਕਾਰ ਸ੍ਰੀ ਐਨ ਕੇ ਸ਼ਰਮਾ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ ਦੀ ਸਰਪ੍ਰਸਤੀ ਹੇਠ ਸਿਰੇ ਚੜ੍ਹਿਆ। ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਨੂੰ ਸਮਰਪਿਤ ਇਸ ਕਬੱਡੀ ਕੱਪ ਦੇ ਉਦਘਾਟਨੀ ਮੈਚ ਦੀ ਸ਼ੁਰੂਆਤ ਗੁਰਦੁਆਰਾ ਸ਼ਹੀਦਾਂ ਸੋਹਾਣਾ ਦੀ ਸਮੂਹ ਕਮੇਟੀ ਨੇ ਸਾਂਝੇ ਰੂਪ ਵਿਚ ਕਰਵਾਈ। ਮੁਖ ਸਰਪ੍ਰਸਤ ਅਸ਼ਵਨੀ ਸੰਭਾਲਕੀ ਨੂੰ ਪ੍ਰਮੁੱਖ ਸਹਿਯੋਗ ਪਰਲਜ਼ ਕੰਪਨੀ, ਦਿਲਬਾਗ ਸਿੰਘ ਭੋਲਾ, ਕਰਮਜੀਤ ਸਿੰਘ ਢੇਲਪੁਰ, ਡਾ. ਹਰਜਿੰਦਰ ਸਿੰਘ ਧਨੋਆ, ਗੁਰਵਿੰਦਰ ਸਿੰਘ , ਕੇਵਲ ਸਿੰਘ ਘੋਲੂ ਮਾਜਰਾ ਪ੍ਰਧਾਨ ਬਾਬਾ ਹਨੂੰਮਾਨ ਕਬੱਡੀ ਅਕੈਡਮੀ ਦਾ ਰਿਹਾ।
ਕਬੱਡੀ ਅਕੈਡਮੀਆਂ ਦੇ ਪਹਿਲੇ ਦੌਰ ਦੇ ਮੁਕਾਬਲਿਆਂ ਵਿਚੋਂ ਜਿੱਤੀਆਂ ਟੀਮਾਂ ਵਿਚੋਂ ਪਹਿਲਾ ਸੈਮੀਫਾਈਨਲ ਪੰਜਾਬ ਸਪੋਰਟਸ ਕਲੱਬ ਸਮਰਾਲਾ ਅਤੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਅਕੈਡਮੀ ਚਮਕੌਰ ਸਾਹਿਬ ਵਿਚਕਾਰ ਹੋਇਆ। ਸਮਰਾਲਾ ਵਲੋਂ ਮਨੂ ਮੁਕੰਦਪੁਰ ਅਤੇ ਪਿੰਦੂ ਖਹਿਰਾ ਨੇ ਵਧੀਆ ਕਬੱਡੀਆਂ ਪਾਈਆਂ ਜਦਕਿ ਇਸ ਟੀਮ ਦੇ ਜਾਫੀ ਬੱਬੂ ਕਟਾਲਾ ਬੇਟ ਨੇ ਚਮਕੌਰ ਸਾਹਿਬ ਦੇ ਧਾਵੀਆਂ ਗੋਲੂ ਘਨੌਰ ਨੂੰ ਦੋ ਅਤੇ ਪੀਤੂ ਮਾਣੇਵਾਲ, ਹੈਪੀ ਕਟਾਲਾ ਅਤੇ ਕਾਲੂ ਗਰਚਾ ਨੂੰ ਇਕ-ਇਕ ਜੱਫਾਂ ਲਾ ਕੇ ਕਮਾਲ ਦੀ ਖੇਡ ਵਿਖਾਈ। ਆਖਿਰ ਵਿਚ ਸਮਰਾਲਾ ਦੀ ਟੀਮ ਨੇ 31 ਦੇ ਮੁਕਾਬਲੇ ਸਾਡੇ 35 ਅੰਕਾਂ ਨਾਲ ਜਿੱਤ ਕੇ ਸੰਭਾਲੀ ਕੱਪ ਦੇ ਫਾਈਨਲ ਵਿਚ ਪ੍ਰਵੇਸ਼ ਕਰ ਕਿਆ। ਦੂਜਾ ਸੈਮੀਫਾਈਨਲ ਸ਼ਹੀਦ ਬਾਬਾ ਹਨੂੰਮਾਨ ਕਬੱਡੀ ਅਕੈਡਮੀ ਸੁਹਾਣਾ ਅਤੇ ਮਾਲਵਾ ਕਬੱਡੀ ਅਕੈਡਮੀ ਸਮਰਾਲਾ ਵਿਚਕਾਰ ਸੀ। ਸਮਰਾਲਾ ਦੇ ਚਾਰੇ ਧਾਵੀਆਂ ਗੋਲੂ ਝਾੜ ਸਾਹਿਬ, ਮਨਜੋਤ ਮਾਛੀਵਾੜਾ ਨੂੰ ਸਿਰਫ ਇਕ-ਇਕ ਜਦਕਿ ਵਰਿੰਦਰ ਪਵਾ ਨੂੰ ਦੋ ਜੱਫੇ ਲੱਗੇ ਪਰ ਧਾਵੀ ਅਮਨ ਨੇ ਬੇਰੋਕ ਕਬੱਡੀਆਂ ਪਾਈਆਂ। ਮੁਹਾਲੀ ਦੇ ਜਾਫੀਆਂ ਵਲੋਂ ਲੱਗੇ 4 ਜੱਫਿਆਂ ਦੇ ਜਆਬ ਵਿਚ ਮਾਲਵਾ ਟੀਮ ਦੇ ਜਾਫੀਆਂ ਕਿੰਦਾ ਕਕਰਾਲਾ ਅਤੇ ਸੋਨੂੰ ਉਟਾਲਾਂ ਨੇ 3-3 ਅਤੇ ਕਾਕਾ ਝਾੜ ਸਾਹਿਬ ਅਤੇ ਲਵਪ੍ਰੀਤ ਨੇ ਕ੍ਰਮਵਾਰ ਦੋ ਅਤੇ ਇਕ ਜੱਫਾ ਲਾ ਕੇ ਟੀਮ ਨੂੰ ਸਾਢੇ 27 ਦੇ ਮੁਕਾਬਲੇ 37 ਅੰਕਾਂ ਨਾਲ ਜਿੱਤਣ ਵਿਚ ਅਹਿਮ ਭੁਮਿਕਾ ਨਿਭਾਈ। ਮੁੱਖ ਪ੍ਰਬੰਧਕ ਅਸ਼ਵਨੀ ਸੰਭਾਲਕੀ ਵਲੋਂ ਇਲਾਕੇ ਦੀ ਕਬੱਡੀ ਅਕੈਡਮੀ ਬੈਦਵਾਨ ਕਬੱਡੀ ਕਲੱਬ ਮੌਲੀ ਬੈਦਵਾਨ ਦੇ ਸਾਰੇ ਖਿਡਾਰੀਆਂ ਦਾ 51-51 ਸੌ ਰੁਪਏ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।
ਹੁਣ ਫਾਈਨਲ ਵਿਚ ਭਿੜਨ ਵਾਲੀਆਂ ਦੋਵੇਂ ਟੀਮਾਂ ਸਮਰਾਲਾ ਦੀਆਂ ਹੀ ਸਨ ਸ਼ਾਇਦ ਇਹ ਦੋਵੇਂ ਟੀਮਾਂ ਕਿਸੇ ਕੱਪ ਦੇ ਫਾਈਨਲ ਵਿਚ ਵੀ ਪਹਿਲੀ ਵਾਰ ਖਿਤਾਬੀ ਜਿੱਤ ਲਈ ਯਤਨਸ਼ੀਲ ਸਨ। ਇਸ ਮੈਚ ਅੱਧੇ ਸਮੇਂ ਤੱਕ ਤਾਂ ਲਗਭਗ ਸਾਢੇ 15-16 ਅੰਕਾਂ ਨਾਲ ਬਰਾਬਰੀ 'ਤੇ ਹੀ ਚੱਲਿਆ। ਫਿਰ ਅੰਕੜਾ ਸਾਡੇ 24-23 ਹੋ ਗਿਆ ਅੰਤ ਵਿਚ ਦੋਵੇਂ ਪਾਸੇ 6-6 ਜੱਫੇ ਲੱਗਣ ਤੋਂ ਬਾਅਦ ਆਖ਼ਿਰੀ ਕਬੱਡੀ ਪੈਣ ਤਕ ਅੰਕੜਾ 31 ਦੇ ਮੁਕਾਬਲੇ ਸਾਢੇ 32 ਨਾਲ ਮਾਲਵਾ ਕਲੱਬ ਸਮਰਾਲਾ ਦੇ ਹੱਕ ਵਿਚ ਗਿਆ ਮਾਲਵਾ ਸਮਰਾਲਾ ਨੇ ਸੰਭਾਲਕੀ ਕੱਪ ਜਿੱਤ ਕੇ ਇਕ ਰਿਕਾਰਡ ਬਣਾ ਦਿੱਤਾ। ਇਸ ਮੈਚ ਵਿਚ ਮਾਲਵਾ ਦੇ ਧਾਵੀ ਗੋਲੂ ਝਾੜ ਸਾਹਿਬ ਅਤੇ ਮਨਜੋਤ ਮਾਛੀਵਾੜਾ ਨੂੰ 2-2 ਅਤੇ ਵਰਿੰਦਰ ਤੇ ਅਮਨ ਕਕਰਾਲਾ ਨੂੰ ਸਿਰਫ ਇਕ-ਇਕ ਜੱਫਾ ਲੱਗਾ। ਦੂਜੇ ਪਾਸੇ ਪੰਜਾਬ ਸਪੋਰਟਸ ਕਲੱਬ ਸਮਰਾਲਾ ਦੇ ਧਾਵੀ ਸੋਨੂੰ ਕੋਟ ਗੰਗੂਰਾਏ ਨੂੰ 8 ਕਬੱਡੀਆਂ ਵਿਚ 4 ਜੱਫੇ ਲੱਗਣੇ ਟੀਮ ਨੂੰ ਮਹਿੰਗੇ ਪੈ ਗਏ। ਪਿੰਦੂ ਖਹਿਰਾ ਅਤੇ ਗੋਪੀ ਮਾਣਕੀ ਨੂੰ ਸਿਰਫ ਇਕ ਇਕ ਜੱਫਾ ਲੱਗਾ। ਇਸ ਮੈਚ ਵਿਚ ਬੈਸਟ ਧਾਵੀ 11 ਵਿਚੋਂ 10 ਸਫਲ ਕਬੱਡੀਆਂ ਪਾਉਣ ਵਾਲਾ ਧਾਵੀ ਗੋਪੀ ਮਾਣਕੀ ਬੈਸਟ ਰਿਹਾ, ਜਾਫੀਆਂ ਵਿਚੋਂ ਕਿੰਦਾ ਕਕਰਾਲਾ ਅਤੇ ਬੱਬੂ ਕਟਾਲਾ ਵਲੋਂ 3-3 ਬਰਾਬਰ ਜੱਫੇ ਲਾਉਣ ਕਰਕੇ ਬੈਸਟ ਜਾਫੀ ਦਾ ਖਿਤਾਬ ਸਾਂਝੇ ਰੂਪ ਵਿਚ ਐਲਾਨਿਆ ਗਿਆ। ਅੱਜ ਮਾਲਵਾ ਟੀਮ ਦੇ ਕੋਚ ਹਰਬੰਸ ਜੀ ਅਤੇ ਪੰਜਾਬ ਸਪੋਰਟ ਦੇ ਕੋਚ ਲਾਲੀ ਅੜੈਚਾ ਕੱਪ ਜਿਤਣ ਦੀ ਖੁਸ਼ੀ ਵਿਚ ਖੀਵੇ ਹੋਏ ਪਏ ਸੀ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਮੁਹਾਲੀ ਹਲਕੇ ਦੀ ਸਰਗਰਮ ਇਸਤਰੀ ਅਕਾਲੀ ਆਗੂ ਬੀਬੀ ਪਰਮਜੀਤ ਕੌਰ ਲਾਂਡਰਾਂ ਮੈਂਬਰ ਸ੍ਰੋਮਣੀ ਕਮੇਟੀ ਹੁਰਾਂ ਕੀਤੀ। ਬੀਬੀ ਲਾਂਡਰਾਂ ਵਲੋਂ ਆਏ ਮਹਿਮਾਨਾਂ ਅਤੇ ਕਬੱਡੀ ਟੀਮ ਦੇ ਕੋਚ ਸਾਹਿਬਾਨਾਂ ਦਾ ਵੀ ਉਚੇਚਾ ਸਨਮਾਨ ਕੀਆ ਗਿਆ। ਸੰਭਾਲਕੀ ਕੱਪ ਬੜੀ ਦੇਰ ਤਕ ਦਰਸ਼ਕਾਂ ਦੀਆਂ ਯਾਦਾਂ ਵਿਚ ਵਸਿਅ ਰਹੇਗਾ ।
ਧੁੰਮ ਪਈ ਵਿਸ਼ਵ ਕਬੱਡੀ ਕੱਪ ਦੀ, ਲੋਕਾਂ ਦੇਖ ਲਈ ਗਰਾਉਡਾ 'ਚ ਜਵਾਨੀ ਨੱਚਦੀ -ਹਰਮਿੰਦਰ ਢਿੱਲੋਂ ਮੌ ਸਾਹਿਬ-
ਵਿਸ਼ਵ ਕਬੱਡੀ ਕੱਪ ਦੇ ਰੌਚਕ ਪੱਖਾ ਤੇ ਇੱਕ ਨਜਰ
ਪੰਜਾਬ ਸਰਕਾਰ ਦੀ ਖੇਡ ਨੀਤੀ ਦਾ ਖੂਬਸੂਰਤ ਸਿਰਨਾਵਾ ਬਣਿਆ ਤੀਜਾ ਵਿਸ਼ਵ ਕਬੱਡੀ ਕੱਪ ਖੇਡ ਕਬੱਡੀ 'ਚ ਅੱਥਰੇ ਜੋਰ ਦੀ ਮੂੰਹ ਬੋਲਦੀ ਤਸਵੀਰ ਦਾ ਗਵਾਹ ਬਣਿਆ ਹੈ। ਭਾਰਤੀ ਟੀਮ ਦੇ ਚੋਬਰਾਂ ਨੇ ਤੀਜਾ ਵਿਸ਼ਵ ਕੱਪ ਚੁੰਮ ਕੇ ਜਿਥੇ ਜਿੱਤ ਦੀ ਹੈ-ਟ੍ਰਿੱਕ ਬਣਾ ਦਿਤੀ, ਉੇਥੇ ਪਾਕਿਸਤਾਨ ਦੀ ਹੈਵੀ ਵੇਟ ਟੀਮ ਭਾਰਤੀ ਚੋਬਰਾਂ ਨੇ ਤਾਸ਼ ਦੇ ਪੱਤਿਆ ਵਾਂਗ ਖਿਲਾਰ ਦਿਤੀ। ਲੁਧਿਆਣਾ ਦੇ ਗੁਰੁ ਨਾਨਕ ਦੇਵ ਖੇਡ ਸਟੇਡੀਅਮ ਵਿੱਚ ਬੇਸਬਰੀ ਨਾਲ ਉੇਡੀਕੇ ਹਾ ਰਹੇ ਫਾਈਨਲ ਮੈਂਚ ਸਮੇਂ ਇੰਦਰ ਦੇਵਤਾ ਵੀ ਪੂਰਾ ਖੁਸ ਸੀ। ਫਾਈਨਲ ਮੈਚ ਤੋਂ ਪਹਿਲਾ ਬਾਦਲਾਂ ਤੇ ਬੱਦਲ ਮੇਹਰਬਾਨ ਹੋ ਚੁੱਕਾ ਸੀ। ਹਾਜਾਰਾਂ ਦਰਸਕਾਂ ਨਾਲ ਖਚਾਖਚ ਭਰਿਆ ਖੇਡ ਸਟੇਡੀਅਮ ਚੀਕਾਂ, ਕਲਕਾਰੀਆ ਅਤੇ ਤਾੜੀਆ ਖੇਡ ਕਬੱਡੀ ਦੇ ਰੰਗ ਵਿੱਚ ਰੰਗੀਆ ਜਾ ਚੁੱਕੀਆ ਸਨ। ਮੈਂਚ ਤੋਂ ਪਹਿਲਾਂ ਖੇਡ ਪੰਡਿਤਾ ਦਾ ਇਹ ਨਜਰੀਆ ਸੀ ਕਿ ਇਹ ਮੈਚ ਪੂਰੀ ਤਰ੍ਹਾਂ ਹਰਟ ਬੀਟ ਤੇਜ ਕਰਨ ਵਾਲਾ ਹੋਵੇਗਾ। ਪਰ ਹੋਇਆ ਬਿਕਕੁਲ ਉਲਟ ਟੀਮ ਪਾਕਿਸਤਾਨ ਨੇ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ। ਭਾਰਤੀ ਟੀਮ ਦੇ ਸੱਭ ਖਿਡਾਰੀ ਆਪਣੀ ਆਪਣੀ ''ਪੁਜੀਸ਼ਨ" ਤੇ ਖੇਡ ਕੇ ਖੂਬਸੂਰਤ ਖੇਡ ਵਿਖਾ ਰਹੇ ਸ਼ਨ।ਪਾਕਿਸਤਾਨ ਟੀਮ ਵਲੋਂ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ ਸੀ। ਸੂਰੁਆਤੀ ਸਮੇਂ ਮੇਜਬਾਨ ਭਾਰਤੀ ਟੀਮ ਨੇ ਪਾਕਿਸਤਾਨ ਨੂੰ 14-0 ਦੇ ਫਰਕ ਨਾਲ ਪਿਛਾੜ ਦਿਤਾ ਸੀ । ਭਾਰਤ ਵਲੋਂ ਕਪਤਾਨ ਸੁਖਵੀਰ ਸਰਾਵਾਂ ਨੇ ਪਹਿਲੀ ਸਫਲ ਰੇਡ ਨਾਲ ਭਾਰਤੀ ਟੀਮ ਦਾ ਖਾਤਾ ਖੋਲ ਦਿਤਾ। ਪਾਕਿਸਤਾਨ ਵਲੋਂ ਪਹਿਲੀ ਰੇਂਡ ਲਾਇਲਪੁਰ ਐਕਸਪ੍ਰੈਕਸ ਵਜੋਂ ਜਾਣੇ ਜਾਦੇ ਤੇ ਇੰਗਲੈਂਡ ਕਬੱਡੀ ਸੀਜਨ ਦੇ ਦੋ ਵਾਰ ਸਰਵੋਤਮ ਰਹੇ ਵੈਦ-ਉੱਲਾ ਉਰਫ ਲਾਲਾ ਪਾਕਿਸਤਾਨ ਨੇ ਪਾਈ ਪਹਿਲੀ ਰੇਡ ਤੇ ਭਾਰਤੀ ਟੀਮ ਦੇ ''ਟਰਬੇਨੇਟਰ" ਜਾਫੀ ਏਕਮ ਹਠੂਰ ਨੇ ਸ਼ਾਨਦਾਰ ਜੱਫਾ ਲਗਾ ਕੇ ਇਹ ਬੋਲ ਸੱਚ ਸਾਬਤ ਕਰ ਦਿਤੇ ਕਿ ''ਰਾਹ ਬੰਦ ਕਰੇ ਜਿਹੜਾ ਧਾਵੀ ਮਸ਼ਹੂਰ ਦਾ, ਜਾਫੀਆ 'ਚੋ ਜਾਫੀ ਯਾਰੋ ਏਕਮ ਹਠੂਰ ਦਾ"। ਚੱਲਦੇ ਮੈਂਚ ਪਾਕਿਸਤਾਨ ਦਾ ਖਾਤਾ ਉਸ ਸਮੇਂ ਖੁਲਾ ਜਦੋਂ ਭਾਰਤ 14 ਅੰਕਾ ਦੀ ਵੱਡੀ ਲੀਡ ਲੈ ਚੁਕਾ ਸੀ। ਭਾਰਤ ਵਲੋਂ ਸੁਖਵੀਰ ਸਰਾਵਾ, ਗੁਰਲਾਲ ਘਨੌਰ, ਮਨਿੰਦਰ ਸਰਾਂ ਤੇ ਕਬੱਡੀ ਮੈਦਾਨਾ ਬਲਡੋਜਰ ਵਜੋਂ ਜਾਣੇ ਜਾਦੇ ਗਗਨਦੀਪ ਸਿੰਘ ਉਰਫ ਗੱਗੀ ਖੀਰਾਵਾਲੀ ਦੇ ਪ੍ਰਦਰਸ਼ਨ ਨੇ ਪੰਜਾਬੀ ਗੀਤ ਦੇ ਇਹ ਬੋਲ ਸੱਚ ਕਰ ਵਿਖਾਏ ਕਿ ''ਸਾਨੂੰ ਦੱਸਣਾ ਨਹੀ ਪੈਦਾ ਅਸੀਂ ਕੌਣ ਹੁਦੇ ਆਂ"। ਇਸੇ ਤਰ੍ਹਾਂ ਭਾਰਤੀ ਜਾਫੀਆ 'ਚ ਏਕਮ ਹਠੂਰ, ਪਾਲਾ ਜਲਾਲਪੁਰ, ਗੁਰਵਿੰਦਰ ਕਾਹਲਵਾਂ, ਯਾਦ ਸ਼ਾਹਕੋਟ, ਬਿੱਟੂ ਦਗਾਲ ਤੇ ਗੋਗੋ ਰੁੜਕੀ ਤੇ ਸ਼ਾਨਦਾਰ ਜੱਫੀਆ ਨੇ ਆਡੀਆ ਚੁੱਕ ਚੀਕਾਂ, ਕਲਕਾਰੀਆ ਤੇ ਤਾੜੀਆ ਮਰਵਾਉਦੇ ਰਹੇ ਚੱਲਦੇ ਮੈਚ ਵਿੱਚ ਕਈ ਵਾਰ ਤੱਲਖੀ ਵਾਲਾ ਮਹੌਲ ਵੀ ਬਣਿਆ।ਪਾਕਿਸਤਾਨ ਵਲੋਂ ਲਾਲਾ, ਮਾਨਾ ਜੱਟ ਲੁਧਿਆਨਵੀ, ਤੇ ਸ਼ਦੀਕ ਬੱਟ ਕੁਝ ਰੇਡਾ ਵਿੱਚ ਸਫਲ ਹੋਏ। ਪਰ ਪਾਕਿਸਤਾਨ ਟੀਮ ਉਹ ਪ੍ਰਦਰਸ਼ਨ ਨਾ ਕਰ ਸਕੀ ਜਿਸ ਦੀ ਸਾਰਿਆ ਨੂੰ ਆਸ ਸੀ। ਅੰਤ 59-22 ਅਰਥਾਤ 37 ਅੰਕਾ ਦੇ ਫਰਕ ਨਾਲ ਭਾਰਤੀ ਚੋਬਰਾਂ ਨੇ ਪਾਕਿਸਤਾਨ ਨੂੰ ਹਰਾ ਕੇ ਜਿਤਾ ਦੀ ਹੈ-ਟ੍ਰਿਕ ਬਣਾ ਦਿਤੀ।
ਤੀਜੇ ਵਿਸ਼ਵ ਕੱਪ ਦੇ ਰੌਚਕ ਪੱਖਾਂ ਤੇ ਆਉ ਨਜਰ ਮਾਰੀਏ।
ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਦਾ ਜਦੋਂ ਕਿਧਰੇ ਜ਼ਿਕਰ ਚੱਲਦਾ ਹੈ ਤਾਂ ਫਿਰ ਲੁਧਿਆਣਾ ਜਿਲ੍ਹੇ ਦੇ ਆਖਰੀ ਵੱਡੇ ਪਿੰਡ ਹਠੂਰ ਦਾ ਨਾਂ ਆਪਮੁਹਾਰੇ ਲੋਕ-ਬੁੱਲ੍ਹਾਂ 'ਤੇ ਆ ਥਿਰਕਣ ਲੱਗਦਾ ਹੈ। ਖੇਡ ਕਬੱਡੀ ਦੇ ਇਤਿਹਾਸ ਵਿੱਚ ਮਾਣਮੱਤੀ ਥਾਂ ਮੱਲੀ ਬੈਠਾ ਪਿੰਡ ਹਠੂਰ ਆਪਣੀ ਹੋਂਦ 'ਤੇ ਇਹ ਵੀ ਫਖਰ ਮਹਿਸੂਸ ਕਰਦਾ ਹੈ ਕਿ ਉਸ ਦੀ ਗੋਦ 'ਚ ਪਲ ਕੇ ਜਵਾਨ ਹੋਏ ਤੇ ਜੁਗੋ ਜੁਗ ਅਟੱਲ ਗੁਰਬਾਣੀ 'ਚ ਲਏ ਨਾਂ ਤਿੰਨ ਭਰਾਵਾਂ ਏਕਮ, ਨਾਨਕ ਤੇ ਨਿਰਭੈ ਇਸ ਪਿੰਡ ਦੇ ਨਾਮ ਨੂੰ ਚਮਕਾਉਣ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। ਪਿਤਾ ਸ. ਮਲਕੀਤ ਸਿੰਘ ਦੇ ਗ੍ਰਹਿ ਮਾਤਾ ਚਰਨਜੀਤ ਕੌਰ ਦੀ ਕੁੱਖੋਂ ਤਿੰਨਾਂ ਭਰਾਵਾਂ ਨੂੰ ਬਾਲ ਉਮਰੇ ਆਪਣੇ ਪਿੰਡਿਆਂ ਉੱਪਰ ਗਰੀਬੀ ਦੀਆਂ ਝਰੀਟਾਂ ਨੂੰ ਹੰਢਾਉਣਾ ਪਿਆ। ਬਾਲ ਉਮਰੇ ਛੋਟੇ ਕੱਦ ਤੇ ਗਰੀਬੀ ਵਾਲੀ ਵਲਗਣ ਦੀਆਂ ਕੰਧਾਂ ਉੱਚੀਆਂ ਸਨ। ਇਹ ਸ਼ਾਇਦ ਕਦੇ ਅਨਪੜ੍ਹ ਪਿਤਾ ਸ. ਮਲਕੀਤ ਸਿੰਘ ਤੇ ਮਾਤਾ ਚਰਨਜੀਤ ਕੌਰ ਦੇ ਚੇਤਿਆਂ ਵਿੱਚ ਵੀ ਨਹੀਂ ਸੀ ਕਿ ਉਨ੍ਹਾਂ ਦੇ ਘਰ ਜਨਮੇ ਏਕਮ, ਨਾਨਕ ਤੇ ਨਿਰਭੈ ਕਬੱਡੀ ਜਗਤ ਵਿੱਚ ਆਪਣੀ ਚਰਚਾ ਲੋਕ ਬੁੱਲ੍ਹਾਂ 'ਤੇ ਕਰਵਾਉਣਗੇ। ਆਓ ਏਕਮ ਦੇ ਖੇਡ ਕੈਰੀਅਰ ਤੇ ਨਜ਼ਰ ਮਾਰੀਏ :-
ਏਕਮ ਹਠੂਰ ---- ਖੇਡ ਕਬੱਡੀ ਵਿੱਚ ਅਨੇਕਾਂ ਸਫਲਤਾਵਾਂ ਦਾ ਨਾਇਕ ਬਣ ਉੱਭਰੇ ਏਕਮ ਨੇ ਪਿੰਡ ਹਠੂਰ ਦੀ ਓਪਨ ਟੀਮ ਤੋਂ ਪ੍ਰਭਾਵਿਤ ਹੋ ਕੇ ਖੇਡਣਾ ਆਰੰਭ ਕੀਤਾ। 2004 ਵਿੱਚ ਮੋਗੇ ਵਿਖੇ ਹੋਏ ਮੁਕਾਬਲਿਆਂ ਵਿੱਚ ਲੁਧਿਆਣੇ ਜਿਲ੍ਹੇ ਦੀ ਕਪਤਾਨੀ ਕਰ ਕੇ ਪਹਿਲਾ ਦਰਜਾ ਦੁਆਉਣ ਦਾ ਮਾਣ ਵੀ ਉਸ ਨੂੰ ਹਾਸਲ ਹੈ। ਉਹ ਖਾਲਸਾ ਕਾਲਜ ਸੁਧਾਰ ਟੀਮ ਲਈ ਵੀ ਖੇਡ ਚੁੱਕਾ ਹੈ। 'ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ' ਦੀ ਕਹਾਵਤ ਨੂੰ ਸੱਚ ਸਾਬਤ ਕਰਨ ਵਾਲੇ ਏਕਮ ਨੇ ਅੱਜ ਤੋਂ ਸੱਤ ਵਰ੍ਹੇ ਪਹਿਲਾਂ ਅਨੇਕਾਂ ਖਿਡਾਰੀਆਂ ਦੇ ਖੇਡ ਕਰੀਅਰ ਨੂੰ ਤਰਾਸ਼ਣ ਵਾਲੇ ਸ. ਮੱਖਣ ਸਿੰਘ ਚੜਿਕ ਦੀ ਅਗਵਾਈ ਹੇਠ ਖੇਡਣਾ ਆਰੰਭ ਕੀਤਾ। ਛੇ ਫੁੱਟ ਤੇ ਇੱਕ ਕੁਇੰਟਲ ਛੇ ਕਿਲੋ ਦੇ ਦਰਸ਼ਨੀ ਸਰੀਰ ਦਾ ਮਾਲਕ ਏਕਮ ਓਸ਼ੋ ਰਜਨੀਸ਼ ਤੋਂ ਬੇਹੱਦ ਪ੍ਰਭਾਵਿਤ ਹੈ। ਕਬੱਡੀ ਖੇਡ ਮੈਦਾਨਾਂ ਵਿੱਚ ਥੋੜ੍ਹੇ ਸਮੇਂ ਵਿੱਚ ਵੱਧ ਨਾਮ ਤੇ ਨਾਮਣਾ ਖੱਟਣ ਦੀ ਚਾਹਤ ਲੈ ਕੇ ਉਤਰਿਆ ਏਕਮ ਖੇਡ ਮੈਦਾਨ 'ਚ ਖੇਡ ਦੇ ਸਮੇਂ ਅੱਖਾਂ ਦੀ ਚਮਕ, ਚਾਲ ਦੀ ਮਟਕ, ਬਾਹਾਂ ਦੀ ਮਜਬੂਤ ਪਕੜ, ਕਿਹੜੇ ਰੇਡਰ ਨੂੰ ਕਿੱਥੋਂ ਜੱਫ਼ਾ ਲਾਉਣ ਦੀ ਵਿਉਂਤ ਤੇ ਖ਼ਤਰਾ ਮੁੱਲ ਲੈਣ ਦੀ ਦਲੇਰੀ ਨੇ ਹੀ ਏਕਮ ਨੂੰ ਦੁਨੀਆਂ ਦੇ ਟੌਪ ਫਾਈਵ ਜਾਫ਼ੀਆਂ 'ਚ ਮਾਣ ਮੱਤਾ ਤੇ ਸ਼ਿੱਦਤ ਵਾਲਾ ਦਰਜਾ ਦਿੱਤਾ ਹੈ। ਬੁਲੰਦ ਹੌਂਸਲਾ, ਦ੍ਰਿੜ੍ਹ ਇਰਾਦਾ, ਸਿੱਦਕ ਤੇ ਸਿਰੜ ਨਾਲ ਅਨੇਕਾਂ ਮੈਚਾਂ ਦਾ ਪਾਸਾ ਪਲਟ ਕਬੱਡੀ ਦੇ ਧੁਨੰਤਰ ਧਾਵੀਆਂ ਨੂੰ ਨਾਕ ਆਊਟ ਕਰਨ ਵਾਲੇ ਏਕਮ ਦੇ ਅੰਤਰ ਰਾਸ਼ਟਰੀ ਸਫ਼ਰ ਦਾ ਆਗਾਜ਼ 2007 ਵਿੱਚ ਹੋਇਆ ਸੀ। ਬ੍ਰਿਟਿਸ਼ ਕੋਲੰਬੀਆ ਦੇ ਫਰੈਜ਼ਰ ਵੈਲੀ ਕਲੱਬ ਤੇ ਵੈਨਕੁਵਰ ਕਬੱਡੀ ਕਲੱਬ ਲਈ ਪਿਛਲੇ ਦੋ ਸਾਲਾਂ ਤੋਂ ਕਬੱਡੀ ਜਗਤ ਤੋਂ ਲੱਖਾਂ ਡਾਲਰ ਨਿਛਾਵਰ ਕਰ ਚੁੱਕੇ ਵੈਨਕੂਵਰ ਕਬੱਡੀ ਕਲੱਬ ਦੇ ਪ੍ਰਮੋਟਰਾਂ ਪ੍ਰਧਾਨ ਬਲਜੀਤ ਸਿੰਘ ਗਿੱਲ ਪਵਾਦੜਾ, ਗਿਆਨ ਬਣਿੰਗ ਭਾਣੋਕੀ, ਸੰਨੀ ਸਹੋਤਾ ਬੜਾਪਿੰਡ, ਬਲਜੀਤ ਸਹੋਤਾ ਬੜਾਪਿੰਡ, ਸੁਖਵਿੰਦਰ ਗਿੱਲ ਪਵਾਦੜਾ ਤੇ ਸੰਤੋਖ ਢੇਸੀ ਬੱਛੋਵਾਲ ਲਈ ਸ਼ਾਨਦਾਰ ਪ੍ਰਦਰਸ਼ਨ ਕਰ ਚੁੱਕਾ ਹੈ। ਧੌਣ 'ਤੇ ਹੱਥ ਰੱਖ ਕੇ ਧਾਵੀਆਂ ਦੇ ਹੋਸ਼ ਉਡਾਉਣ ਵਾਲੇ ਏਕਮ ਦਾ ਖੇਡ ਮੈਦਾਨ 'ਚ ਪ੍ਰਦਰਸ਼ਨ ਵਿਰੋਧੀਆਂ ਨੂੰ ਬੁੱਲ੍ਹਾਂ 'ਤੇ ਉਂਗਲ ਰੱਖ ਸੋਚਣ ਲਈ ਮਜਬੂਰ ਕਰਦਾ ਹੈ। ਪੰਜਾਬ ਦੇ ਅਨੇਕਾਂ ਖੇਡ ਮੇਲਿਆਂ 'ਤੇ ਕੈਨੇਡਾ ਵਿੱਚ ਚਾਰ ਵਾਰ ਵਰਲਡ ਕੱਪ ਤੇ ਦੁਬਈ ਵਿੱਚ ਖੇਡ ਚੁੱਕਾ ਏਕਮ ਬੀਤੇ ਦਿਨੀਂ ਈਰਾਨ 'ਚ ਹੋਏ ਕਬੱਡੀ ਕੱਪ ਦਾ ਵੀ ਬੈਸਟ ਜਾਫ਼ੀ ਹੈ। ਇਸ ਤੋਂ ਇਲਾਵਾ ਇੰਡੀਆ ਸੀਜ਼ਨ 2010 ਤੇ ਕੈਨੇਡਾ ਕਬੱਡੀ ਸੀਜ਼ਨ 2011 ਦਾ ਬੈਸਟ ਜਾਫ਼ੀ ਹੋਣ ਦਾ ਏਕਮ ਦੇ ਹਿੱਸੇ ਆਇਆ ਹੈ। ਅਨੇਕਾਂ ਬੁਲਟ ਮੋਟਰਸਾਈਕਲਾਂ, ਸੋਨੇ ਦੀਆਂ ਚੈਨੀਆਂ ਤੇ ਰੰਗੀਨ ਟੀ.ਵੀ. ਨਾਲ ਉਹ ਵੱਖ-ਵੱਖ ਥਾਵਾਂ 'ਤੇ ਸਨਮਾਨਿਆ ਜਾ ਚੁੱਕਾ ਹੈ। ਪੰਜਾਬ ਸਰਕਾਰ ਵੱਲੋਂ ਨਵੰਬਰ ਦੇ ਪਹਿਲੇ ਹਫ਼ਤੇ ਕਰਵਾਏ ਜਾ ਰਹੇ ਦੂਜੇ ਵਰਲਡ ਕਬੱਡੀ ਕੱਪ ਵਿੱਚ ਵੀ ਉਸ ਨੇ ਸ਼ਾਨਦਾਰ ਜੱਫੇ ਲਗਾ ਕੇ ਆਪਣੀ ਖੇਡ ਦੀ ਚਰਚਾ ਕਰਵਾਈ ਸੀ। ਕਬੱਡੀ ਮੈਦਾਨਾਂ 'ਚ ਉਸ ਦੇ ਪ੍ਰਦਰਸ਼ਨ ਦੇ ਸੋਹਲੇ ਗਾਉਾਂਦੇ ਕੁਮੈਂਟਰ ਅਕਸਰ ਹੀ ਮਾਈਕ ਤੋਂ ਬੋਲਦੇ ਹਨ 'ਜਾਫ਼ੀਆਂ 'ਚ ਜਾਫ਼ੀ ਏਕਮ ਹਠੂਰ ਦਾ, ਰਾਹ ਬੰਦ ਕਰ ਦੇਵੇ ਜਿਹੜਾ ਧਾਵੀ ਮਸ਼ਹੂਰ ਦਾ' ਖੇਡ ਕਬੱਡੀ ਸਾਫ-ਸੁਥਰੀ ਖੇਡ ਦਾ ਪ੍ਰਦਰਸ਼ਨ ਕਰਨ ਵਾਲਾ ਏਕਮ ਇਸ ਵਾਰ ਤੀਸਰੇ ਵਿਸ਼ਵ ਕਬੱਡੀ ਕੱਪ ਦਾ ਸਰਵੋਤਮ ਜਾਫੀ ਬਣ ਕੇ ਪ੍ਰੀਤ ਟਰੈਕਟਰ ਦੀਆ ਚਾਬੀਆ ਹਾਸਿਲ ਕਰ ਚੁੱਕਾ ਹੈ।
ਗੱਗੀ ਖੀਰਾਂਵਾਲੀ---- ਖੇਡ ਕਬੱਡੀ ਮੈਦਾਨਾ ਵਿੱਚ ਬਲਡੋਜਰ ਵਜੋਂ ਜਾਣਿਆ ਜਾਦਾ ਗਗਨਦੀਪ ਸਿੰਘ ਗੱਗੀ ਖੀਰਾਂਵਾਲੀ ਭਾਵੇਂ ਸਰੀਰਕ ਪੱਖੋ ਢਿੱਲਾ ਜਿਹਾ ਨਜਰ ਆਉਦਾ ਹੈ ਪਰ ਕਬੱਡੀ ਮੈਦਾਨਾ ਵਿੱਚ ਉਸ ਦਾ ਪ੍ਰਦਰਸ਼ਨ ਬੇਹੱਦ ਕੱਸਿਆ ਹੁੰਦਾ ਹੈ। ਅਜਾਦ ਕਬੱਡੀ ਕਲੱਬ ਮੁਠੱਡਾ ਦਾ ਪ੍ਰਮੁੱਖ ਥੰਮ ਗੱਗੀ ਖੀਰਾਂਵਾਲੀ ਦੇ ਅੰਤਰਰਾਸ਼ਟਰੀ ਸਫਰ ਨੂੰ ਖੰਭ ਕਬੱਡੀ ਜਗਤ ਦੀ ਬ੍ਰਡਿਡ ਪਰਸਨੈਲਟੀ ਦਾਰਾ ਮੁਠੱਡਾ ਨੇ ਲਾਏ। ਗੱਗੀ ਕਨੇਡਾ ਵਿੱਚ ਅਜਾਦ ਮੁਠੱਡਾ ਲਈ ਖੇਡਦਾ ਹੈ। ਕਪੂਰਥਲਾ ਜਿਲ੍ਹੇ 'ਚ ਪੈਦੇਂ ਪਿੰਡ ਖੀਰਾਂਵਾਲੀ ਦੇ ਸਰਪੰਚ ਦੇ ਘਰ ਜਨਮਿਆ ਗੱਗੀ ਕਨੇਡਾ ਕਬੱਡੀ ਕੱਪ 2011, ਵੈਨਕੂਵਰ ਕਬੱਡੀ ਸੀਜਨ 2011, ਤੇ ਇੰਡੀਆ ਕਬੱਡੀ ਸੀਜਨ 2011 ਦਾ ਬੈਸਟ ਰੇਡਰ ਹੈ। ਇਸ ਤੋਂ ਇਲਾਵਾ ਪਿਛਲੇ ਸਾਲ ਦੇ ਵਿਸ਼ਵ ਕਬੱਡੀ ਕੱਪ ਦਾ ਵੀ ਬੈਸਟ ਰੇਡਰ ਬਣ ਕੇ ਪ੍ਰੀਤ ਟਰੈਕਟਰ ਦੀ ਸਵਾਰੀ ਕਰ ਚੁੱਕਾ ਹੈ। ਦੇਸ਼ ਵਿਦੇਸ਼ ਦੇ ਕਬੱਡੀ ਖੇਡ ਮੈਦਾਨਾ ਦੀ ਇਹ ਨਾਨ ਸ਼ਟਾਪ ਐਕਸਪ੍ਰੈਕਸ ਗਗਨਦੀਪ ਸਿੰਘ ਗੱਗੀ ਖੀਰਾਂਵਾਲੀ ਤੀਜੇ ਵਿਸ਼ਵ ਕਬੱਡੀ ਕੱਪ ਦਾ ਵੀ ਬੈਸਟ ਰੇਡਰ ਬਣ ਕੇ ਦੂਜੀ ਵਾਰ ਵੀ ਪ੍ਰੀਤ ਟਰੈਕਟਰ ਦਾ ਜੇਤੂ ਰਹਿ ਚੁੱਕਾ ਹੈ।
ਪ੍ਰੋਫੈਸਰ ਮੱਖਣ ਸਿੰਘ ਹਕੀਮਪੁਰਂ ਚੇਲਿਆ ਦੀ ਕੁਮੈਟਰੀ ------ ਪੰਜਾਬੀਆਂ ਦੀ ਖੇਡ ਕਬੱਡੀ ਨਾਲ ਕੁਮੈਂਟਰੀ ਦਾ ਰਿਸ਼ਤਾ ਨਹੁੰ ਮਾਸ ਵਰਗਾ ਹੈ। ਜੋਸ਼ਨ ਜਾਨ ਤੇ ਫੁਰਤੀ ਦੇ ਰੰਗਾਂ 'ਚ ਰੰਗੀ ਖੇਡ ਕਬੱਡੀ ਨੂੰ ਠੇਠ ਪੰਜਾਬੀ ਲਫਜ਼ਾਂ ਵਾਲੀ ਕੂਮੈਂਟਰੀ ਨੇ ਨਵਾਂ ਰੰਗ ਚਾੜਿਆ ਹੈ। ਕਬੱਡੀ ਖਿਡਾਰੀਆਂ ਦੀ 'ਡਿਕਸ਼ਨਰੀ' ਬਣੇ ਤੇ ਕਬੱਡੀ ਮੈਦਾਨਾਂ ਵਿੱਚ ਮਾਖਿਓ ਮਿੱਠੀ ਅਵਾਜ਼ ਵਾਲੇ ਤੇ ਕਬੱਡੀ ਕੁਮੈਂਟਰੀ 'ਚੋਂ ਗੁਰਦਾਸ ਮਾਨ ਕਹਾਉਂਦੇ ਪ੍ਰੋ. ਮੱਖਣ ਸਿੰਘ ਹਕੀਮਪੁਰ ਦੇ ਤਿੰਨੋ ਚੇਲੇ ਮੱਖਣ ਅੱਲੀ, ਰੁਪਿੰਦਰ ਜਲਾਲ ਤੇ ਪਰਮਿੰਦਰ ਰਿੰਕਾ ਮੌ ਸਾਹਿਬ ਤੀਸਰੇ ਵਿਸ਼ਵ ਕਬੱਡੀ ਵਿਚ ਆਪਣੇ ਖੂਬਸੂਰਤ ਬੋਲਾਂ ਦੀਆ ਮਹਿਕਾਂ ਬਿਖੇਰਦੇ ਨਜਰ ਆਏ।
ਮੱਖਣ ਅਲੀਂ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਪੱਖੋਵਾਲ ਨਾਲ ਸਬੰਧ ਰੱਖਣ ਵਾਲਾ ਮੁਹੰਮਦ ਕਾਸਮ ਉਰਫ ਮੱਖਣ ਅਲੀ ਪਿਛਲੇ ਛੇ ਵਰ੍ਹਿਆਂ ਤੋਂ ਖੇਡ ਕਬੱਡੀ ਦੇ 'ਪਿੰਡੇ' 'ਤੇ ਖੂਬਸੂਰਤ ਨੈਣ ਨਕਸ਼ਾਂ ਵਿੱਚ ਮੱਖਣ ਅਲੀ ਰੂਹ ਦੇ ਰਿਸ਼ਤੇ ਵਾਂਗ ਘੁਲਿਆ ਪਿਆ ਹੈ। ਸੁਰੀਲੀ ਆਵਾਜ਼, ਵਿਲੱਖਣ ਅੰਦਾਜ਼ ਤੇ ਕਬੱਡੀ ਚੋਂ ਖਿਡਾਰੀਆਂ ਦੇ ਮੋਬਾਇਲ ਰਿੰਗ ਟੋਨਾਂ ਤੇ ਹੈਲੋ ਟਿਊਨਾਂ ਵਿੱਚ ਗੂੰਜਣ ਵਾਲਾ ਨਾਂ ਬਣ ਚੁੱਕਾ ਮੱਖਣ ਅਲੀ ਨੇ ਖੇਡ ਫਿਜ਼ਾਵਾਂ ਵਿੱਚ ਆਪਣੇ ਬੁੱਲ੍ਹਾਂ ਰਾਹੀਂ ਮਹਿਕਾਂ ਦੇ ਬੋਲ ਖਿਲਾਰੇ ਹਨ। ਜਿਸ ਦੀ ਸੁਗੰਧੀਆਂ ਖੇਡ ਫਿਜ਼ਾਵਾਂ ਵਿੱਚ ਸੁੰਘਣ ਨੂੰ ਮਿਲਦੀਆਂ ਹਨ। ਪੰਜਾਬੀਆਂ ਦੀ ਖੇਡ ਕਬੱਡੀ 'ਚ ਮੱਖਣ ਵਾਂਗ ਘੁਲਿਆ ਪਿਆ ਮੱਖਣ ਅਲੀ ਜਿਸ ਦੇ ਬੋਲਾਂ ਦੀ ਮਹਿਕ, ਚੜਤ ਤੇ ਅਲੌਕਿਕ ਨਜ਼ਾਰੇ ਤੀਜੇ ਪਰਲਜ਼ ਵਿਸ਼ਵ ਕਬੱਡੀ ਕੱਪ ਵਿੱਚ ਵੇਖਣ ਨੂੰ ਮਿਲੇ। ਇਸੇ ਤਰ੍ਹਾਂ ਸਵ. ਲੋਕ ਗਥਾਵਾਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਪੇਂਡੂ ਤੇ ਕਬੱਡੀ ਮੈਦਾਨਾਂ ਦੀ ਜਾਣੀ ਪਹਿਚਾਣ ਆਵਾਜ ਰੁਪਿੰਦਰ ਸਿੰਘ ਸਿੱਧੂ ਉਰਫ ਰੁਪਿੰਦਰ ਜਲਾਲ ਪਿਛਲੇ ਕਈ ਵਰਿਆਂ ਤੋਂ ਕਬੱਡੀ ਦੀ ਕੁਮੈਂਟਰੀ ਨਾਲ ਜੁੜਿਆ ਆ ਰਿਹਾ ਹੈ। ਜੁਗਤੀ, ਫੁਰਤੀ ਤੇ ਚੁਸਤੀ ਤੇ ਰੰਗਾਂ ਚੋਂ ਰੰਗੀ ਕਬੱਡੀ ਦੇ ਅੰਗ ਸੰਗ ਵਿਚਰਨ ਵਾਲੇ ਚਾਕਲੇਟੀ ਚੇਹਰੇ ਵਾਲਾ ਤੇ ਸ਼ੌਕੀ ਗੱਭਰੂ ਰੁਪਿੰਦਰ ਜਲਾਲ ਕਬੱਡੀ ਜਗਤ ਦਾ ਉਹ ਮਾਣ ਮੱਤਾ ਕੁਮੈਟਰ ਹੈ। ਜਿਸ ਦੇ ਗਲੇ ਦੀਆਂ ਮੁਰਕੀਆਂ 'ਚੋਂ ਖੇਡ ਕਬੱਡੀ ਦੀ ਮਹਿਮਾ ਸੁਨਹਿਰੇ ਰੰਗਾਂ 'ਚ ਰੰਗੀ ਹੋਈ ਹੈ। ਇਸੇ ਤਰ੍ਹਾਂ ਕਬੱਡੀ ਮੈਦਾਨਾ ਦੀ ਬੁਲੰਦ ਅਵਾਜ ਵਜੋਂ ਜਾਣਿਆ ਜਾਦਾ ਪਰਮਿੰਦਰ ਸਿੰਘ ਰਿੰਕਾ ਮੌ ਸਾਹਿਬ ਵੀ ਤੀਜੇ ਪਰਲਜ਼ ਕਬੱਡੀ ਵਰਲਡ ਕੱਪ 'ਚ 'ਕਲਾ' ਦੀ ਬਦੌਲਤ ਖੂਬਸੂਰਤ ਬੋਲਾਂ ਨਾਲ ਕੁਮੈਂਟਰੀ ਰਾਹੀਂ ਟੈਲੀ ਸਕਰੀਨ ਦਾ ਸ਼ਿੰਗਾਰ ਬਣੇ ਪਰਮਿੰਦਰ ਰਿੰਕੇ ਦੀ ਕੁਮੈਂਟਰੀ ਦੀ ਚਹੁੰ ਪਾਸੋਂ ਸ਼ਲਾਘਾ ਹੋਈ ਹੈ।
ਮਾਈ ਭਾਗੋ ਖੇਡ ਅਕੈਡਮੀ ਜਗਤਪੁਰ ਵਰਲਡ ਕਬੱਡੀ ਕੱਪ ਦੇ ਨਕਸ਼ੇ ਤੇ
ਅੱਜ ਤੋਂ 12 ਵਰੇ ਪਹਿਲਾਂ ਹੋਂਦ ਵਿੱਚ ਆਈ ਮਾਈ ਭਾਗੋ ਕਬੱਡੀ ਅਕੈਡਮੀ, ਜਗਤਪੁਰ ਨਵਾਂ ਸ਼ਹਿਰ ਦੇ ਦਿਮਾਗ ਵੱਜੋਂ ਜਾਣੇ ਜਾਂਦੇ ਕਬੱਡੀ ਕੋਚ ਕੁਲਵਿੰਦਰ ਸਿੰਘ ਬਿੱਟਾ 'ਤੇ ਮੈਡਮ ਜਸਕਰਨ ਕੌਰ ਲਾਡੀ ਦੀ ਅਗਵਾਈ ਵਾਲੀ ਮਾਈ ਭਾਗੋ ਕਬੱਡੀ ਅਕੈਡਮੀ ਦੀਆਂ ਸਭ ਖਿਡਾਰਨਾਂ ਦੌਵੇਂ ਵਿਸ਼ਵ ਕੱਪਾ ਦਾ ਹਿੱਸਾ ਬਣ ਕੇ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੀਆਂ ਹਨ । ਇੱਥੇ ਜਿਕਰਯੋਗ ਹੈ ਕਿ ਪੰਜਾਬ ਵਿੱਚ ਮਹਿਲਾ ਵਰਗ ਦੀਆਂ ਕਈ ਟੀਮਾਂ ਖੇਡਦੀਆਂ ਹਨ ਪਰ ਸਭ ਤੋਂ ਵੱਡੀ ਚਮਤਕਾਰੀ ਸਫਲਤਾ ਇਸ ਅਕੈਡਮੀ ਦੇ ਹਿੱਸੇ ਆਈ ਇਸ ਅਕੈਡਮੀ ਦੀਆਂ 9 ਖਿਡਾਰਨਾਂ ਪਿਛਲੇ ਵਿਸ਼ਵ ਕੱਪ ਦਾ ਹਿੱਸਾ ਸਨ ਜਦੋਂ ਕਿ ਇਸ ਵਾਰ 8 ਖਿਡਾਰਨਾਂ ਨੇ ਵਿਸ਼ਵ ਕੱਪ ਵਿੱਚ ਹਿੱਸਾ ਲਿਆ । ਅਕੈਡਮੀ ਦੀਆਂ ਸਭ ਖਿਡਾਰਨਾਂ ਖੇਡ ਕਬੱਡੀ ਨੂੰ ਪੂਰੀ ਤਰਾਂ ਸਮਰਪਿਤ ਹਨ । ਇਸ ਅਕੈਡਮੀ ਦੀ ਜਰਵਾਣੀ ਜਾਫੀ ਅਨੂ ਰਾਣੀ ਨੇ ਖੇਡ ਮੇਦਾਨਾਂ ਵਿੱਚ ਆਪਣੀ ਅਲੱਗ ਪਹਿਚਾਣ ਬਣਾਈ ਹੈ ਇਸੇ ਕਰਕੇ ਤੀਸਰੇ ਵਿਸ਼ਵ ਕਬੱਡੀ ਕੱਪ ਸਮੇਂ ਉੱਪ ਮੁਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਵੱਲੋ ਅੰਨੂ ਰਾਣੀ ਦਾ 55 ਹਜਾਰ ਰੁਪਏ ਨਗਦ ਰਾਸ਼ੀ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਅਕੈਡਮੀ ਦੀਆਂ ਜਿਹੜੀਆਂ ਹੋਰ ਖਿਡਾਰਨਾਂ ਦੀ ਖੇਡ ਦੀ ਚਰਚਾ ਹੋਈ ਉਨ੍ਹਾਂ ਵਿੱਚ ਜਤਿੰਦਰ ਕੌਰ, ਸੁਖਦੀਪ ਸੁੱਖੀ, ਕੁਲਵਿੰਦਰ ਕੌਰ, ਪਿਅੰਕਾ, ਮੀਨੂੰ ਪ੍ਰਮੁੱਖ ਹਨ ।
ਸਾਬਕਾ ਖਿਡਾਰੀਆਂ ਦੇ ਬੇਟੇ ਜੁੜੇ ਵਿਸ਼ਵ ਕਬੱਡੀ ਕੱਪ ਨਾਲ
ਖੇਡ ਕਬੱਡੀ ਜਗਤ ਵਿੱਚ ਕਬੱਡੀ ਵਾਲੇ ਗੀਤਾਂ ਦਾ ਨਾਇਕ ਰਹੇ 'ਤੇ ਕਬੱਡੀ ਮੇਦਾਨਾਂ ਦੇ ਜਰਵਾਣੇ ਜਾਫੀ 1997 ਕਨੇਡਾ ਕੱਪ ਦੇ ਬੈਸਟ ਜਾਫੀ ਗੁਰਦੀਪ ਸਿੰਘ ਦੀਪਾ ਮੁਠੱਡਾ ਦਾ ਬੇਟਾ ਦਲਜਿੰਦਰ ਔਜਲਾ ਜਿੱਥੇ ਕਨੇਡਾ ਕਬੱਡੀ ਟੀਮ ਦੀ ਜਾਫ ਲਾਈਨ ਵਿੱਚ ਸ਼ਾਮਿਲ ਸੀ ਇਸੇ ਤਰ੍ਹਾਂ 1991 ਕਨੇਡਾ ਕੱਪ ਦੇ ਬੈਸਟ ਰੇਡਰ ਬਿੱਲਾ ਭਿੰਡਰ ਫਰੀਦਕੋਟੀਆ ਦਾ ਬੇਟਾ ਜਤਿੰਦਰ ਭਿੰਡਰ ਵੀ ਕਨੇਡਾ ਟੀਮ ਵਿੱਚ ਸ਼ਾਮਿਲ ਸੀ ਇੰਗਲੈਡ ਕਬੱਡੀ ਜਗਤ ਦੇ ਨਾਮਵਰ ਪਰਮੋਟਰ 'ਤੇ ਸਾਬਕਾ ਖਿਡਾਰੀ ਸਤਿੰਦਰ ਪਾਲ ਸਿੰਘ ਗੋਲਡੀ (ਸਾਹਨੇਵਾਲ)ਦਾ ਹੋਣਹਾਰ ਫ੍ਰਜੰਦ ਜਸਕਰਨ ਸਿੰਘ ਇੰਗਲੈਡ ਦਾ ਜੰਮਪਲ 'ਤੇ ਇੰਗਲੈਡ ਦੀ ਟੀਮ ਵੱਲੋਂ ਖੇਡਦਿਆਂ ਸਲਾਹੁਣ ਯੋਗ ਪ੍ਰਦਰਸ਼ਨ ਕਰ ਚੁੱਕਾ ਹੈ ।
ਸਫਲ ਪ੍ਰਾਪਤੀਆਂ ਦਾ ਨਾ ਕੁਲਵਿੰਦਰ ਕੌਰ
ਦੂਜੀ ਵਾਰ ਕਬੱਡੀ ਦਾ ਵਿਸ਼ਵ ਕੱਪ ਜਿੱਤਣ ਦੀ ਖੁਸੀ ਤਾਂ ਬਹੁਤ ਹੈ ਪਰ ਆਪਣੇ ਜਿਲੇ ਵਿੱਚ ਫਾਈਨਲ ਨਾ ਖੇਡਣ ਦਾ ਦੁੱਖ ਵੀ ਹੈ। ਇਹ ਕਹਿਣਾ ਭਾਰਤ ਦੀ ਮਹਿਲਾ ਕਬੱਡੀ ਟੀਮ ਦੀ ਰੇਡਰ ਤੇ ਕਪਤਾਨ ਕੁਲਵਿੰਦਰ ਕੌਰ ਦਾ। ਕੁਲਵਿੰਦਰ ਕਹਿੰਦੀ, ਲੁਧਿਆਣੇ ਵਿੱਚ ਫਾਈਨਲ ਮੁਕਾਬਲਾ ਜਿੱਤਣਾ ਤਾ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ। ਵਾਹਿਗੁਰੂ ਨੂੰ ਸ਼ਾਇਦ ਇਹ ਮੰਨਜ਼ੂਰ ਸੀ। ਇਸੇ ਲਈ ਮੀਂਹ ਨੇ ਸਾਨੁੰ ਫਾਈਨਲ ਆਪਣੇ ਜਿਲੇ ਵਿੱਚ ਨਾ ਖੇਡਣ ਦਿੱਤਾ। 24 ਸਾਲਾਂ ਕੁਲਵਿੰਦਰ ਜਲੰਧਰ ਦੀ ਤਹਿਸੀਲ ਨਕੋਦਰ ਤੋ ਕਰੀਬ 14 ਕਿਲੋਮੀਟਰ ਦੂਰ ਪਿੰਡ ਨਵਾਂਪਿੰਡ (ਦੋਨੇਵਾਲ) ਦੀ ਰਹਿਣ ਵਾਲੀ ਹੈ। ਉਸ ਨੇ ਆਨੰਦਪੁਰ ਕਾਲਜ ਵਿੱਚ ਬੀ.ਏ. ਪਾਸ ਕੀਤੀ ਹੈ। ਕਬੱਡੀ ਦੇ ਸ਼ੋਕ ਨੇ ਉਸ ਨੂੰ ਭਾਰਤੀ ਟੀਮ ਦਾ ਕਪਤਾਨ ਬਣਾ ਦਿੱਤਾ। ਵੈਸੇ ਤਾ ਉਹ ਪਿਛਲੀ ਵਾਰ ਟੀਮ ਵਿੱਚ ਸ਼ਾਮਿਲ ਸੀ ਪਰ ਇਸ ਵਾਰ ਮੁਕਾਬਲਾ ਕੁੱਝ ਜ਼ਿਆਦਾ ਬੜਾ ਸੀ। ਟੀਮ ਵਿੱਚ ਜਗਾ੍ਹਂ ਬਣਾਉਣ ਲਈ ਮੈ ਦਿਨ ਵਿੱਚ ਛੇ ਘੰਟੇ ਕਬੱਡੀ ਦਾ ਅਭਿਆਸ ਕੀਤਾ। ਸਾਰਾ ਧਿਆਨ ਮਿਹਨਤ ਤੇ ਹੀ ਲਗਾਇਆ। ਅਣਥੱਕ ਮਿਹਨਤ ਕਿ ਕਾਰਨ ਹੀ ਟੀਮ ਮੈਂ ਸ਼ਾਮਿਲ ਹੋਈ ਅਤੇ ਕਪਤਾਨ ਬਣੀ। ਉਹ ਪਿਛਲੇ 5 ਸਾਲਾ ਤੋ ਜਗਤਪੁਰ (ਨਵਾਂਸ਼ਹਿਰ) ਕਿ ਮਾਈ ਭਾਗੋ ਕਬੱਡੀ ਐਕਡਮੀ ਮੈਂ ਟ੍ਰੇਨਿੰਗ ਲੈ ਰਹੀ ਹੈ। ਉਹਨਾਂ ਦੇ ਕੋਚ ਕੁਲਵਿੰਦਰ ਸਿੰਘ ਅਤੇ ਜਸਕਰਨ ਕੌਰ ਲਾਡੀ ਦੇ ਕਹਿਣ ਦੇ ਬਾਵਜੂਦ ਕੁਲਵਿੰਦਰ ਨੇ ਪੂਰੇ ਸਾਲ ਅਣਥੱਕ ਮਿਹਨਤ ਕੀਤੀ ਇਸ ਕਰਕੇ ਹੀ ਮੈਂ ਭਾਰਤੀ ਟੀਮ ਦੀ ਕਪਤਾਨ ਬਣੀ। ਇਸ ਤੋ ਪਹਿਲਾ ਕੁਲਵਿੰਦਰ ਨੈਸ਼ਨਲ ਸਰਕਲ ਸਟਾਈਲ ਕਬੱਡੀ ਵਿੱਚ ਗੋਲਡ ਮੈਡਲ ਅਤੇ ਰਾਸ਼ਟਰੀ ਮੁਕਾਬਲਿਆਂ ਵਿੱਚ ਦੋ ਗੋਲਡ ਮੈਡਲ ਜਿੱਤ ਚੁੱਕੀ ਹੈ।
ਟੀ.ਵੀ. ਐਂਕਰ ਦਵਿੰਦਰਪਾਲ ਸਿੰਘ ਸਟਾਰ ਐਂਕਰ ਵਜੋ ਉਭਰਿਆ
ਪੀ.ਟੀ.ਸੀ. ਚੈਨਲ ਪੰਜਾਬੀ ਦੇ ਚੈਨਲ ਗਰੁੱਪ ਦੇ ਦਰਸ਼ਕਾਂ ਸਰੋਤਿਆਂ ਲਈ ਟੀ.ਵੀ. ਐਂਕਰ ਦਵਿੰਦਰਪਾਲ ਸਿੰਘ ਦਾ ਨਾਂ ਬੇਹੱਦ ਜਾਣਿਆ ਪਹਿਚਾਣਿਆ ਹੈ। ਸੋਹਣੀ ਦਸਤਾਰ ਸਜਾਈ ਤੇ ਸੁਨੱਖਾ ਗੱਭਰੂ ਨਜ਼ਰ ਆਉਣ ਵਾਲਾ ਦਵਿੰਦਰਪਾਲ ਸਿੰਘ ਤੀਜੇ ਵਰਲਡ ਕੱਪ ਦੀ ਸਭ ਸਰਗਰਮੀਆਂ ਦੇ ਅੰਗ-ਸੰਗ ਵਿਚਰਦਾ ਰਿਹਾ। ਠੇਠ ਪੰਜਾਬੀ ਉਚਾਰਨ ਅਤੇ ਖੇਡ ਸਖਸੀਅਤਾ ਨੂੰ ਪੀ.ਟੀ.ਸੀ. ਨਿਊਜ਼ ਦੇ ਮਧਿਅਮ ਰਾਹੀ ਖੇਡ ਕਬੱਡੀ ਦੀਆ ਗੱਲਾ ਵਾਲਾ ਦਵਿੰਦਰਪਾਲ ਤੀਸਰੇ ਵਿਸਵ ਕਬੱਡੀ ਕੱਪ ਵਿੱਚ ਸਟਾਰ ਐਂਕਰ ਵਜੋ ਉਭਰਿਆ ਹੈ। ਦਵਿੰਦਰ ਪਾਲ ਵੱਲੋਂ ਨਿਰਦੇਸ਼ਤ ਤੇ ਐਂਕਰਿੰਗ ਕੀਤੇ ਪ੍ਰੋਗਰਾਮ "ਸੰਵਾਦ" ਦੇ ਲੋਕਾਂ ਦੀਆਂ ਸਮੱਸਿਆਵਾਂ ਦੀ ਗੱਲ ਕਰਦੇ ਪ੍ਰੋਗਰਾਮ ''ਲੋਕ ਬਾਣੀ" ਤੇ ਉਸ ਦੀ ਮਜ਼ਬੂਤ ਪਕੜ ਤੇ ਕਮਾਂਡ ਦਾ ਖੂਬ ਅਨੰਦ ਮਾਣ ਚੁੱਕੇ ਹਨ। ਪੰਜਾਬ ਯੁਨਿਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਵਾਲਾ ਤੇ ਸਾਹਿਤਕ ਰਸੀਆ ਦਵਿੰਦਰਪਾਲ ਸਿੰਘ ਬਤੌਰ ਨਿਰਮਾਤਾ ਤੇ ਐਂਕਰ ਟੀ.ਵੀ. ਦੇ ਯਾਦਗਾਰੀ ਸ਼ੋਅ "ਤਲਾਸ਼ ਭਗਤ ਸਿੰਘ ਦੇ ਵਾਰਸਾਂ ਦੀ" ਤੋਂ ਇਲਾਵਾ ਉਹ ਪੰਜਾਬੀ ਦੇ ਸਿਰਮੌਰ ਕਵੀ ਸ਼ਿਵ ਬਟਾਲਵੀ, ਮਹਾਰਾਜਾ ਰਣਜੀਤ ਸਿੰਘ ਤੇ ਸ਼ਹੀਦ ਊਧਮ ਸਿੰਘ ਤੇ ਖੋਜ ਭਰਪੂਰ ਟੈਲੀ ਫਿਲਮਾਂ ਨਾਲ ਵੀ ਜੁੜਿਆ ਰਿਹਾ ਹੈ। ਅਨੇਕਾ ਪੰਜਾਬੀ ਗਾਇਕਾਂ ਦੇ ਚੈਨਲ ਰਾਹੀ ਲਾਈਵ ਸੰਗੀਤ ਪ੍ਰੇਮੀਆਂ ਤੱਕ ਪਹੁੰਚਾਉਣ ਵਾਲੇ ਦਵਿੰਦਰਪਾਲ ਨੇ ਕਿਹਾ ਕਿ ਚੈਨਲ ਪੀ.ਟੀ.ਸੀ ਪੰਜਾਬੀ ਵੱਲੋਂ ਪੰਜਾਬ ਵਿਚਲੇ ਇਸ ਵੱਡੇ ਖੇਡ ''ਈਵੰਟ" ਦੇ ਜਿਉਂਦਾ ਪ੍ਰਸਾਰਣ (ਲਾਈਵ) ਲਈ ਵੱਖ-2 ਟੀਮਾਂ ਨਿਯੁਕਤ ਕੀਤੀਆ ਗਈਆਂ ਸਨ । ਸਮਾਚਾਰ ਵਾਚਕ, ਨਾਮਵਰ ਆਲੋਚਕ ਅਤੇ ਵਿਸ਼ੇ ਦੇ ਨਬਜ਼ ਫੜਨ ਅਤੇ ਅਮੀਰੀ ਭਰਪੂਰ ਲਫਜ਼ਾਂ ਦੀ ਵਰਤੋਂ ਦਾ ਖੂਬਸੂਰਤ ਉਚਾਰਨ ਕਰਨ ਵਾਲਾ ਦਵਿੰਦਰਪਾਲ ਸਿੰਘ ਤੀਜੇ ਵਰਲਡ ਕਬੱਡੀ ਕੱਪ ਦਾ ਗਰਾਊਂਡ ਪ੍ਰਜੈਂਟਰ ਸੀ ।
ਤੀਜਾ ਵਿਸ਼ਵ ਕਬੱਡੀ ਕੱਪ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਜਵਾਨੀ ਭਿੜੇਗੀ ਆਪਸ ਵਿੱਚ -ਹਰਮਿੰਦਰ ਢਿੱਲੋਂ ਮੌ ਸਾਹਿਬ-
ਤੀਜੇ ਵਿਸ਼ਵ ਕਬੱਡੀ ਕੱਪ ਵਿੱਚ ਮੇਜ਼ਬਾਨ ਭਾਰਤ ਤੇ ਪਾਕਿਸਤਾਨ ਵਿੱਚ ਖ਼ਿਤਾਬੀ ਟੱਕਰ ਅੱਜ
ਹਾਰਟ ਬੀਟ ਤੇਜ ਕਰਨ ਵਾਲਾ ਹੋਵੇਗਾ ਮੁਕਾਬਲਾ
ਔਰਤ ਵਰਗ ਮੁਕਾਬਲਿਆਂ ਵਿੱਚ ਮੇਜ਼ਬਾਨ ਭਾਰਤ ਤੇ ਮਲੇਸ਼ੀਆ ਆਹਮੋ ਸਾਹਮਣੇ
ਛੇ ਕਰੋੜ ਉਣੱਤੀ ਲੱਖ ਦੀ ਇਨਾਮੀ ਰਾਸ਼ੀ ਵਾਲਾ ਤੇ ਪੰਜਾਬ ਸਰਕਾਰ ਦੀ ਖੇਡ ਨੀਤੀ ਦਾ ਖ਼ੂਬਸੂਰਤ ਸਿਰਨਾਵਾਂ ਬਣੇ ਤੀਜੇ ਵਿਸ਼ਵ ਕਬੱਡੀ ਕੱਪ ਦੇ ਲੁਧਿਆਣਾ ਦੇ ਗੁਰੂ ਨਾਨਕ ਖੇਡ ਸਟੇਡੀਅਮ ਵਿੱਚ ਅੱਜ ਰਾਤ (੧੫ ਦਿਸੰਬਰ) ਨੂੰ ਹੋਣ ਵਾਲੇ ਮੁਖ ਮੁਕਾਬਲਿਆਂ ਵਿੱਚ ਲੱਕ ਜਿੱਡੇ ਲਿਸ਼ਕਦੇ ਕੱਪ ਨੂੰ ਚੁੰਮਣ ਲਈ ਤੇ ਦੋ ਕਰੋੜ ਦੀ ਇਨਾਮੀ ਰਾਸ਼ੀ ਲਈ ਫਾਈਨਲ ਮੁਕਾਬਲੇ ਵਿੱਚ ਮੇਜ਼ਬਾਨ ਭਾਰਤ ਤੇ ਪਾਕਿਸਤਾਨ ਵਿਚਾਲੇ ਮੁਕਾਬਲਾ ''ਮਾਰ ਸੋਹਣਿਆ ਕੈਂਚੀ ਰੇਡਰ ਸੁੱਕਾ ਜਾਵੇ ਨਾ" ਦੇ ਬੋਲਾਂ ਨੂੰ ਸੱਚ ਸਾਬਤ ਕਰਦਾ ਨਜ਼ਰ ਆਏਗਾ। ਇਸੇ ਤਰ੍ਹਾਂ ਹੀ ਔਰਤ ਵਰਗ ਮੁਕਾਬਲੇ ਵਿੱਚ ਮੇਜ਼ਬਾਨ ਭਾਰਤ ਤੇ ਮਲੇਸ਼ੀਆ ਦੀਆ ਟੀਮਾਂ ਆਹਮੋ ਸਾਹਮਣੇ ਹੋਣਗੀਆਂ। ਭਾਰਤ ਦੀ ਟੀਮ ਹੈਟ-ਟ੍ਰਿਕ ਬਣਾਉਣ ਦੀ ਚਾਹਤ ਨੂੰ ਲੈ ਕੇ ਖੇਡ ਮੈਦਾਨ ਵਿੱਚ ਪ੍ਰਵੇਸ਼ ਕਰੇਗੀ। ਪੁਰਸ਼ ਵਰਗ ਮੁਕਾਬਲੇ ਵਿੱਚ ਜਿੱਥੇ ਭਾਰਤੀ ਕਪਤਾਨ ਸੁਖਬੀਰ ਸਿੰਘ ਸਰਾਂਵਾਂ, ਗੁਰਲਾਲ ਘਨੌਰ, ਗੱਗੀ ਖੀਰਾਂਵਾਲੀ, ਸੁਖੀ ਲਖਣਕੇ ਪੱਡਾ, ਮਨਿੰਦਰ ਸਰਾਂ, ਭੂਰਾ ਬੱਗਾ ਪਿੰਡ, ਤੇ ਮਾਲਾ ਮਾਨਸਾ ਆਦਿ ਭਾਰਤੀ ਰੇਡਰ ਕੁਝ ਨਵਾਂ ਕ੍ਰਿਸ਼ਮਾ ਵਿਖਾਉਣ ਦੀ ਕੋਸ਼ਿਸ਼ ਕਰਨਗੇ, ਉਥੇ ਭਾਰਤੀ ਜਾਫੀਆਂ ਵਿੱਚ ਦਹਿਸ਼ਤ ਦੇ ਸਿਰਨਾਵੇਂ ਵਜੋਂ ਜਾਣਿਆ ਜਾਦਾ ਖੇਡ ਮੈਦਾਨਾਂ ਦਾ ਕਲੋਜ ਫਾਈਟਰ ਬਲਵੀਰ ਸਿੰਘ ਪਾਲਾ ਜਲਾਲਪੁਰ, ਕਬੱਡੀ ਮੈਦਾਨਾਂ ਦਾ ਟਰਬੇਨੇਟਰ ਏਕਮ ਹਠੂਰ, ਤੇ ਜਰਵਾਣੇ ਜਾਫੀਆਂ ਦੀ ਕਤਾਰ ਵਿੱਚ ਸਿਦੱਤ ਨਾਲ ਸ਼ਾਮਿਲ ਪਹਿਲਵਾਨ ਗੁਰਵਿੰਦਰ ਕਾਹਲਵਾਂ, ਗੋਗੋ ਰੁੜਕੀ, ਯਾਦ ਸ਼ਾਹਕੋਟ ਤੇ ਸਿੰਘ ਸਰਦਾਰ ਗੁਰਪ੍ਰੀਤ ਸਿੰਘ ਮਾਣਕੀ ਧੌਣ ਤੇ ਗੋਡਾ ਰੱਖ ਕੇ ਇਹ ਦੱਸੇਗਾ ਕਿ ਯਾਰ ਮੈਂ ਉਥੋਂ ਦਾ ਜਿੱਥੇ ਜੰਮਿਆ ਭਗਤ ਸਰਦਾਰ।
ਇਸ ਵਰ੍ਹੇ ਪਾਕਿਸਤਾਨ ਦਾ ਏਸ਼ੀਆ ਕੱਪ ਚੁੰਮਣ ਵਾਲੀ ਟੀਮ ਪਾਕਿਸਤਾਨ ਪੂਰੇ ਜੋਸ਼ ਵਿੱਚ ਹੈ। ਪਾਕਿਸਤਾਨ ਦੀ ਟੀਮ ਪਿਛਲੀ ਕੋਈ ਵੀ ਗਲਤੀ ਨੂੰ ਦੁਹਰਾਉਣਾ ਨਹੀ ਚਾਹੁੰਦੀ ਜਿਸ ਦਾ ਅੰਦਾਜਾ ਪਾਕਿਸਤਾਨ ਦੇ ਹੁਣ ਤੱਕ ਦੇ ਹੋਏ ਮੈਚਾਂ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ। ਪਾਕਿਸਤਾਨ ਦੀ ਜਾਫ ਲਾਈਨ ਤੇ ਰੇਡਰ ਕੋਈ ਵੀ ਕ੍ਰਿਸ਼ਮਾ ਵਿਖਾ ਸਕਦੇ ਹਨ। ਪਾਕਿਸਤਾਨ ਦੀ ਟੀਮ ਵਿੱਚ ਚੀਨ ਦੀ ਕੰਧ ਵਜੋਂ ਜਾਣਿਆ ਜਾਦਾ ਤੇ ਏਸ਼ੀਆ ਕੱਪ ਦਾ ਬੈੱਸਟ ਜਾਫੀ ਮੁਸ਼ੱਰਫ਼ ਜਾਵੇਦ ਜੰਜੂਆ ਤੋਂ ਇਲਾਵਾ ਅਸਲਮ ਡੋਗਰ, ਵਿਕਾਸ ਗੁੱਜਰ, ਖਲੀਲ ਅਹਿਮਦ, ਜਿੱਥੇ ਖਤਰਨਾਕ ਜਾਫੀ ਹਨ, ਉਥੇ ਇਸੇ ਹੀ ਕੱਪ ਦਾ ਬੈੱਸਟ ਰੇਡਰ ਲਾਇਲਪੁਰ ਐਕਸਪ੍ਰੈਕਸ ਵਜੋਂ ਜਾਣਿਆ ਜਾਦਾ ਵੈਦ ਉੱਲਾ ਉਰਫ ਲਾਲਾ ਪਾਕਿਸਤਾਨ ਤੋਂ ਇਲਾਵਾ ਬਾਬਰ ਗੁੱਜਰ, ਇਰਸ਼ਾਦ ਮਾਨਾ ਜੱਟ ਲੁਧਿਆਨਵੀ ਤੇ ਬੱਟ ਭਰਾਵਾਂ ਦੀ ਤਿੱਕੜੀ ''ਮਿੱਤਰਾਂ ਦਾ ਨਾ ਚੱਲਦਾ" ਦੇ ਬੋਲਾਂ ਨੂੰ ਸੱਚ ਕਰਨ ਵਾਲਾ ਪ੍ਰਦਰਸ਼ਨ ਬਰਕਰਾਰ ਰੱਖੇਗੀ।
ਔਰਤ ਵਰਗ ਮੁਕਾਬਲੇ ਵਿੱਚ ਮੇਜ਼ਬਾਨ ਭਾਰਤ ਦਾ ਮਲੇਸ਼ੀਆ ਖ਼ਿਲਾਫ਼ ਹੋਣ ਵਾਲਾ ਫਾਈਨਲ ਮੈਚ ਵੀ ਅੱਡੀਆਂ ਚੁੱਕ ਤਾੜੀਆਂ ਮਰਵਾਏਗਾ। ਭਾਰਤੀ ਟੀਮ ਵਿੱਚ ਪਿਛਲੇ ਵਾਰ ਦੀ ਕੈਪਟਨ ਕੁਲਵਿੰਦਰ ਕੌਰ, ਪ੍ਰਿੰਕਾ, ਸੁਖੀ, ਜਤਿੰਦਰ ਕੌਰ, ਤੋਂ ਇਲਾਵਾ ਹਰਿਆਣੇ ਦੀਆ ਖਤਰਨਾਕ ਛੋਰੀਆ ਅੰਨੂ ਤੇ ਸੋਨੀਆ ਦਾ ਪ੍ਰਦਰਸ਼ਨ ਵੀ ਚੀਕਾਂ ਕਲਕਾਰੀਆ ਮਰਵਾਉਣ ਵਾਲਾ ਹੋਵੇਗਾ। ਇਸੇ ਤਰ੍ਹਾਂ ਟੀਮ ਮਲੇਸ਼ੀਆ ਵੀ ਬੁਲੰਦ ਹੌਂਸਲਿਆਂ ਨਾਲ ਖੇਡ ਮੈਦਾਨ ਵਿੱਚ ਪ੍ਰਵੇਸ਼ ਕਰੇਗੀ।ਮਲੇਸ਼ੀਆ ਦੀ ਕਪਤਾਨ ਮਨਦੀਪ ਮੈਂਡੀ ਤੋ ਇਲਾਵਾ ਬਾਕੀ ਖਿਡਾਰਨਾਂ ਰੇਖਾ, ਮਨਪ੍ਰੀਤ, ਅਮਨਦੀਪ ਕੌਰ, ਪਰਮਜੀਤ ਪੰਮੀ, ਨਿਸ਼ਾ ਅਭਿਨੀਤ ਤੇ ਜਸਵਿੰਦਰ ਕੌਰ ਦਾ ਸਾਹ ਰੋਕਵਾਂ ਪ੍ਰਦਰਸ਼ਨ ਪਾਸਾ ਪਲਟਣ ਵਿੱਚ ਮੁੱਖ ਭੂਮਿਕਾ ਨਿਭਾਏਗਾ। ਖੇਡ ਕੂਮੈਂਟੇਰ ਪ੍ਰੌ. ਮੱਖਣ ਸਿੰਘ ਹਕੀਮਪੁਰ ਤੇ ਚੇਲਿਆ ਦੀ ਤਿੱਕੜੀ, ਮੱਖਣ ਅੱਲੀ, ਰੁਪਿੰਦਰ ਜਲਾਲ ਤੇ ਪਰਮਿੰਦਰ ਰਿੰਕਾ ਮੌ ਸਾਹਿਬ ਦੀ ਰਸੀਲੀ ਜੋਸ਼ੀਲੀ ਕੂਮੈਟਰੀ ਕਬੱਡੀ ਖਿਡਾਰੀਆ ਦਾ ਇਤਿਹਾਸ ਦੱਸ ਰੇਂਡਾ ਪਵਾਉਣ ਤੇ ਜੱਫੇ ਲਵਾਉਣ ਵਿੱਚ ਸ਼ਾਨਦਾਰ ਯੋਗਦਾਨ ਪਾਵੇਗੀ।
ਹਾਰਟ ਬੀਟ ਤੇਜ ਕਰੇਗਾ ਭਾਰਤ ਪਾਕਿਸਤਾਨ ਦਾ ਫਾਈਨਲ ਮੈਚ
ਸੂਬੇ ਦੀ ਅਕਾਲੀ ਭਾਜਪਾ ਸਰਕਾਰ ਵਿੱਚ ਖੇਡ ਪ੍ਰਸਨੈਲਟੀ ਬਣ ਉਭਰੇ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਤੀਸਰੇ ਵਿਸ਼ਵ ਕਬੱਡੀ ਕੱਪ ਦਾ ਫਾਈਨਲ ਲੁਧਿਆਣਾ ਦੇ ਗੁਰੁ ਨਾਨਕ ਖੇਡ ਸਟੇਡੀਅਮ ਵਿੱਚ ਹੋਵੇਗਾ। ਇਕ ਦੂਜੇ ਦੀਆ ਰਿਵਾਇਤੀ ਵਿਰੋਧੀ ਗਿਣੀਆਂ ਜਾਂਦੀਆਂ ਟੀਮਾਂ ਭਾਰਤ ਤੇ ਪਾਕਿਸਤਾਨ ਵਲੋਂ ਫਾਈਨਲ ਮੈਚ ਖੇਡਦੇ ਸਮੇਂ ''ਨਬਜ਼ਾਂ ਕਰਦੂੰ ਬੰਦ ਵੇ" ਵਾਲਾ ਪ੍ਰਦਰਸ਼ਨ ਦੋਵੇਂ ਟੀਮਾਂ ਵਲੋਂ ਕੀਤਾ ਜਾਵੇਗਾ। ਇਸ ਮੈਚ ਦਾ ਨਤੀਜਾ ਭਾਵੇਂ ਕੋਈ ਵੀ ਨਿਕਲੇ ਪਰ ਇਹ ਮੈਚ ਕਬੱਡੀ ਦਿਵਾਨਿਆਂ ਤੇ ਕਬੱਡੀ ਪਰਵਾਨਿਆ ਦੀ ਹਾਰਟ ਬੀਟ ਤੇਜ ਕਰਦਾ ਨਜ਼ਰ ਆਵੇਗਾ। ਦਰਸ਼ਕਾਂ ਵਿੱਚ ਲੱਗੀਆਂ ਸ਼ਰਤਾਂ ਨੂੰ ਜਿੱਤਣ ਹਾਰਨ ਵਾਲਾ ਇਹ ਮੈਚ ਟੀਮਾਂ ਦੇ ਨਾਲ ਨਾਲ ਦਰਸ਼ਕਾਂ ਵਲੋਂ ਵੀ ਖੇਡਿਆ ਜਾਵੇਗਾ। ਦੇਸ਼ ਵਿਦੇਸ਼ ਵੱਸਦੇ ਖੇਡ ਕਬੱਡੀ ਨੂੰ ਮੋਹ ਕਰਨ ਵਾਲਿਆ ਵਿੱਚ ਇਸ ਫਾਈਨਲ ਮੈਚ ਦਾ ਵੱਡਾ ਕਰੇਜ ਦੇਖਣ ਨੂੰ ਮਿਲ ਰਿਹਾ ਹੈ।
ਟੀਮ ਇੰਡੀਆ ਵਿੱਚ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀ ਸਰਦਾਰੀ
ਪਹਿਲੇ ਦੋ ਵਿਸ਼ਵ ਕਬੱਡੀ ਕੱਪਾਂ ਵਾਂਗ ਤੀਸਰੇ ਵਿਸ਼ਵ ਕਬੱਡੀ ਕੱਪ ਵਿੱਚ ਸਰਦਾਰ ਸੁਰਜਨ ਸਿੰਘ ਚੱਠਾ ਦੀ ਅਗਵਾਈ ਵਾਲੀ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਖਿਡਾਰੀਆ ਦੀ ਸਰਦਾਰੀ ਬਰਕਰਾਰ ਹੈ। ਦੋ ਵਿਸ਼ਵ ਕਬੱਡੀ ਕੱਪਾਂ ਦੇ ਬੈੱਸਟ ਜਾਫੀ ਬਣੇ ਮੰਗਤ ਸਿੰਘ ਮੰਗੀ ਬੱਗਾ ਪਿੰਡ, ਬੈੱਸਟ ਰੇਡਰ ਕੁਲਜੀਤਾ ਮਲਸੀਆ ਤੇ ਗਗਨ ਦੀਪ ਸਿੰਘ ਖੀਰਾਂਵਾਲੀ ਜਿੱਥੇ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਸਟਾਰ ਖਿਡਾਰੀ ਹਨ, ਉਥੇ ਇਸ ਵਾਰ ਵੀ ਇਸੇ ਹੀ ਫੈਡਰੇਸ਼ਨ ਦੇ ਸਟਾਰ ਖਿਡਾਰੀ ਜਿਵੇਂ ਗੁਰਲਾਲ ਘਨੌਰ, ਗਗਨ ਦੀਪ ਸਿੰਘ ਖੀਰਾਂਵਾਲੀ, ਨਰਿੰਦਰ ਰਾਮ ਉਰਫ ਬਿੱਟੂ ਦੁਗਾਲ, ਸੁੱਖੀ ਲਖਨਕੇ ਪੱਡਾ, ਗੋਗੋ ਰੁੜਕੀ, ਮਨਿੰਦਰ ਸਰਾਂ, ਬਲਰਾਮ ਭੂਰਾ, ਨਰਪਿੰਦਰ ਸਿੰਘ ਭਿੰਦਾ ਢੰਡਰੀਆ ਵਾਲਾ ਤੇ ਯਾਦ ਸ਼ਾਹਕੋਟ ਆਦਿ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਖਿਡਾਰੀ ਹਨ।
ਖੇਡ ਕਬੱਡੀ ਦੇ ਅਮੀਰ ਝਲਕਾਰਿਆਂ ਦਾ ਗਵਾਹ ਬਣੇਗਾ ਦਾਊਧਰ ਕਬੱਡੀ ਕੱਪ
੧੯ ਦਸੰਬਰ ਨੂੰ ਵਰਲਡ ਕੱਪ ਤੋ ਬਾਅਦ ਪਹਿਲੀ ਵਾਰ ਮੈਦਾਨ ਵਿੱਚ ਦਿਸਣਗੀਆਂ ਸਕਰੀਨਾਂ।
ਪੰਜਾਬੀਆ ਦੀ ਮਹਿਬੂਬ ਖੇਡ ਕਬੱਡੀ ਦੇ ਕਬੱਡੀ ਕੱਪਾਂ ਨੇ ਇਸ ਸਮੇਂ ਸਮੁੱਚੇ ਪੰਜਾਬ ਵਿੱਚ ਕਬੱਡੀ- ਕਬੱਡੀ ਕੀਤੀ ਹੋਈ ਹੈ। ਪਰਵਾਸੀ ਵੀਰਾਂ ਦੀ ਬੁੱਕਲ ਦਾ ਮੋਹ ਮਾਣ ਕੇ ਜਵਾਨੀ ਦੀ ਦਹਿਲੀਜ਼ ਤੇ ਚੜੀ ਖੇਡ ਕਬੱਡੀ ਅੱਜ ਭਰ ਜੋਬਨ ਤੇ ਹੁੰਦੀ ਹੋਈ ਲੋਕ ਬੁੱਲ੍ਹਾਂ 'ਤੇ ਲੋਕ ਗੀਤਾਂ ਦੀ ਨਾਇਕਾਂ ਬਣ ਕੇ ਮਨੁੱਖੀ ਜਾਤ ਵਿੱਚ ਚਰਚਾ ਕਰਵਾ ਰਹੀ ਹੈ। ਖੇਡ ਕਬੱਡੀ ਦੇ ਹੁੰਦੇ ਮਾਣ ਮੱਤੇ ਤੇ ਸ਼ਾਨਾਂ ਮੱਤੇ ਕਬੱਡੀ ਕੱਪਾਂ ਦੀ ਲੜੀ ਵਿੱਚ ਕਬੱਡੀ ਦੇ ਮਹਾਂ ਕੁੰਭ ਵਜੋਂ ਜਾਣੇ ਜਾਦੇ ਦਾਊਧਰ ਕਬੱਡੀ ਕੱਪ ਨੂੰ ਸ਼ਿੱਦਤ ਨਾਲ ਸ਼ਾਮਿਲ ਕੀਤਾ ਜਾ ਸਕਦਾ ਹੈ। ਪੰਜਾਬ ਦੀਆਂ ਖੇਡ ਫਿਜਾਵਾਂ ਵਿੱਚ ਲੋਕ ਬੁੱਲ੍ਹਾਂ ਤੇ ਪ੍ਰੰਬਧਾ ਤੇ ਅਮੀਰ ਖੇਡ ਝਲਕਾਰਿਆਂ ਦੀ ਵੱਡੀ ''ਬ੍ਰੇਕਿੰਗ ਨਿਊਜ਼" ਬਣਿਆ ਦਾਊਧਰ ਕਬੱਡੀ ਕੱਪ ਇਸ ਵਾਰ ੧੯ ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ।ਪੰਜਾਬ ਵਿੱਚ ਦਾਊਧਰ ਕਬੱਡੀ ਕੱਪ ਅਜਿਹਾ ਪਹਿਲਾ ਕਬੱਡੀ ਕੱਪ ਹੈ, ਜਿੱਥੇ ਮੈਦਾਨ ਵਿੱਚ ਪੰਜਾਬ ਸਰਕਾਰ ਦੇ ਵਰਲਡ ਕਬੱਡੀ ਕੱਪ ਦੀ ਤਰਜ਼ ਤੇ ਮੈਦਾਨ ਵਿੱਚ ਜਿੱਥੇ ਸਕਰੀਨਾ ਨਜ਼ਰ ਆਉਣਗੀਆਂ, ਉੇਥੇ ਇਸ ਕੱਪ ਵਿੱਚ ਪਹਿਲੀ ਵਾਰ ਇਲੈਕਟ੍ਰੋਨਿਕ ਸਕੋਰ ਬੋਰਡ ਵੀ ਨਜ਼ਰ ਆਏਂਗਾ।
ਅੱਜ ਤੋ ਪੰਜ ਵਰ੍ਹੇ ਪਹਿਲਾਂ ਹੋਂਦ ਵਿੱਚ ਆਈ ਰਾਣਾ ਸਪੋਰਟਸ ਐਂਡ ਕਲਚਰਲ ਵੈਲਫੇਅਰ ਕਲੱਬ ਦਾਉਧਰ ਦਾ ਨਾਮ ਕਾਫੀ ਉੱਘੜਵਾਂ ਹੈ। ਇਸ ਸੰਸਥਾ ਦਾ ਗਠਨ ਕੈਲਗਰੀ ਨਿਵਾਸੀ ਬਹੁਤ ਹੀ ਉੱਦਮੀ, ਸਮਾਜ ਸੇਵੀ ਤੇ ਉਤਸ਼ਾਹੀ ਨੌਜਵਾਨ ਗੁਰਪ੍ਰੀਤ ਸਿੰਘ ਰਾਣਾ ਸਿੱਧੂ ਅਤੇ ਪ੍ਰਸਿੱਧ ਬਿਜ਼ਨਸਮੈਨ ਸ ਅਮਰਪ੍ਰੀਤ ਸਿੰਘ ਬੈਂਸ ਦੇ ਯਤਨਾਂ ਸਦਕਾ ਕੀਤਾ ਗਿਆ। ਗੁਰਪ੍ਰੀਤ ਸਿੰਘ ਰਾਣਾ ਸਿੱਧੂ ਜੋ ਕਿ ਐਨ ਆਰ ਆਈ ਸਭਾ ਕੈਲਗਰੀ ਦੇ ਵੀ ਪ੍ਰਧਾਨ ਹਨ। ਕੈਲਗਰੀ ਦੇ ਉੱਘੇ ਬਿਜ਼ਨਸਮੈਨ ਤੇ ਹਰਮਨ ਪਿਆਰੀ ਸ਼ਖਸੀਅਤ ਸ ਅਮਰਪ੍ਰੀਤ ਸਿੰਘ ਬੈਂਸ ਕਲੱਬ ਦੇ ਚੇਅਰਮੈਨ ਹਨ ਜਦੋਂ ਕਿ ਸਰਪ੍ਰਸਤ ਮਾਸਟਰ ਸ਼ਮਸ਼ੇਰ ਸਿੰਘ ਸਿੱਧੂ, ਮੀਤ ਪ੍ਰਧਾਨ ਕਮਲਪ੍ਰੀਤ ਸਿੱਧੂ, ਜਨਰਲ ਸਕੱਤਰ ਜਸਜੀਤ ਸਿੰਘ ਧਾਮੀ, ਵਿੱਤ ਸਕੱਤਰ ਜੋਰਾ ਸਿੰਘ ਸਿੱਧੂ, ਮੀਤ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਹਨ। ਖੇਡਾਂ ਅਤੇ ਸਮਾਜ ਭਲਾਈ ਦੇ ਉਦੇਸ਼ ਨੂੰ ਕੌਮਾਂਤਰੀ ਪੱਧਰ 'ਤੇ ਲਿਜਾਂਦਿਆਂ ਸੰਨ 2007 ਵਿਚ ਰਾਣਾ ਸਪੋਰਟਸ ਕਲੱਬ ਕੈਲਗਰੀ ਕੈਨੇਡਾ ਦਾ ਵੀ ਗਠਨ ਕੀਤਾ ਗਿਆ। ਰਾਣਾ ਸਪੋਰਟਸ ਕਲੱਬ ਕੈਲਗਰੀ ਅਤੇ ਰਾਣਾ ਸਪੋਰਟਸ ਐਂਡ ਕਲਚਰਲ ਕਲੱਬ ਦਾਉਧਰ ਵੱਲੋਂ ਖੇਡਾਂ ਦੇ ਨਾਲ-ਨਾਲ ਸਮਾਜ ਭਲਾਈ ਦੇ ਕੰਮਾਂ ਨੂੰ ਵੀ ਤਰਜੀਹ ਦਿੱਤੀ ਜਾਂਦੀ ਹੈ। ਕਲੱਬ ਵੱਲੋਂ ਪਿੰਡਾਂ ਵਿਚ ਲੋੜਵੰਦ ਤੇ ਗਰੀਬਾਂ ਦੀ ਸਹਾਇਤਾ ਲਈ ਵਸਤਰ ਵੰਡੇ ਜਾਂਦੇ ਹਨ। ਗਰੀਬ ਪਰਿਵਾਰਾਂ ਦੀਆਂ ਬੱਚੀਆਂ ਦੇ ਹੱਥ ਪੀਲੇ ਕਰਨ ਲਈ ਯੋਗ ਸਹਾਇਤਾ ਕੀਤੀ ਜਾਂਦੀ ਹੈ। ਸਕੂਲਾਂ ਵਿਚ ਲੋੜਵੰਦ ਬੱਚਿਆਂ ਲਈ ਵਰਦੀਆਂ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਖੇਡ ਕਿੱਟਾਂ ਵੰਡੀਆਂ ਜਾਂਦੀਆਂ ਹਨ। ਕਲੱਬ ਵੱਲੋਂ ਮੁਫ਼ਤ ਮੈਡੀਕਲ ਕੈਂਪ ਵੀ ਆਯੋਜਿਤ ਕੀਤੇ ਜਾਂਦੇ ਹਨ। ਦਾਊਧਰ ਕਬੱਡੀ ਕੱਪ ਦੀਆਂ ਤਿੰਨ ਬਰਾਂਡਿਡ ਸ਼ਖਸੀਅਤਾਂ ਤੇ ਆਉ ਤੇ ਨਜ਼ਰ ਮਾਰੀੲ.. ।
ਰਾਣਾ ਸਿੱਧੂ:- ਪੰਜਾਬੀਆਂ ਨੇ ਦੁਨੀਆ ਨੇ ਜਿਸ ਕੋਨੇ ਵਿੱਚ ਪੈਰ ਪਾਏ, ੳੱਥੇ ਸਥਾਪਿਤ ਹੁੰਦਿਆਂ ਆਪਣੀ ਮਾਂ ਬੋਲੀ, ਆਪਣਾ ਧਰਮ, ਵਿਰਸਾ, ਸੱਭਿਆਚਾਰ ਤੇ ਖੇਡਾਂ ਨੂੰ ਸਥਾਪਿਤ ਕਰਨ ਲਈ ਹਮੇਸ਼ਾ ਹੀ ਯਤਨਸ਼ੀਲ ਰਹੇ ਹਨ। ਪੌਂਡਾਂ ਤੇ ਡਾਲਰਾਂ ਦੀ ਧਰਤੀ ਤੇ ਸਥਾਪਤ ਹੋਏ ਪੰਜਾਬੀਆ ਨੇ ਰਜਵੀਂ ਮਿਹਨਤ ਕਰਕੇ ਕਈ ਨਿਵੇਕਲੇ ਇਤਿਹਾਸ ਸਿਰਜੇ ਹਨ। ਜੇਕਰ ਪਰਵਾਸੀਆਂ ਪੰਜਾਬੀਆ ਵੱਲੋਂ ਸਿਰਜੇ ਇਤਿਹਾਸ ਦੇ ਖੇਡ ਪੰਨਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਖੇਡ ਕਬੱਡੀ ਨੂੰ ਪਰਮੋਟ ਕਰਨ ਵਾਲੇ ਸਭ ਯਤਨਾਂ ਦੇ ਪ੍ਰਮੁੱਖ ਭਾਈਵਾਲ ਵੀ ਪ੍ਰਵਾਸੀ ਵੀਰ ਹਨ। ਪਰਵਾਸੀਆਂ ਦੀ ਇਸੇ ਮਾਨ ਮਤੀ ਲੜੀ ਵਿੱਚ ਗੁਰਪ੍ਰੀਤ ਸਿੰਘ ਸਿੱਧੂ ਉਰਫ ਰਾਣਾ ਸਿੱਧੂ ਦਾਊਧਰ ਨੂੰ ਬੜੀ ਸ਼ਿੱਦਤ ਨਾਲ ਸ਼ਾਮਿਲ ਕੀਤਾ ਜਾ ਸਕਦਾ ਹੈ। ਕੈਨੇਡਾ ਦੇ ਸ਼ਹਿਰ ਕੈਲਗਿਰੀ ਵਸਦੇ ਸਫਲ ਪੰਜਾਬੀਆ 'ਚ ਇੱਕ ਰਾਣਾ ਸਿੱਧੂ ਨੇ ਕੈਨੇਡਾ ਦੇ ਪੌਣ ਪਾਣੀ 'ਚ ਸੈਟਲ ਫਿਰ ਬਿੱਲ ਸੈਂਟਲ ਹੁੰਦਿਆਂ ਹੀ ਕੱਬਡੀ ਨੂੰ ਪਰਮੋਟ ਕਰਨਾ ਸ਼ੁਰੂ ਕਰ ਦਿੱਤਾ ਹੈ। ਯਾਰਾ ਦੇ ਯਾਰ, ਮਿਲਣ ਸਾਰ ਤੇ ਮਿਲਾਪੜੇ ਸੁਭਾਅ ਵਾਲੇ ਰਾਣੇ ਦੀ ਅਗਵਾਈ ਵਿੱਚ 2007 ਨੂੰ ਰਾਣਾ ਕਬੱਡੀ ਕਲੱਬ ਦਾਊਧਰ ਦੀ ਟੀਮ ਹੋਂਦ ਵਿੱਚ ਆਈ ਇਸ ਟੀਮ ਵਿੱਚ ਪਿੰਡ ਦੇ ਅੰਤਰਰਾਸ਼ਟਰੀ ਸਟਾਰ ਜਿਵੇਂ ਵਰਿੰਦਰ ਦਾਊਧਰ, ਪੀਤਾ ਦਾਊਧਰ, ਸ਼ਿਦਾ ਦਾਊਧਰ , ਸੰਦੂਰਾ ਦਾਊਧਰ, ਮਾਣਾ ਦਾਊਧਰ, ਬੂਟਾ ਦਾਊਧਰ, ਕੀਪਾਂ ਦਾਊਧਰ, ਬਿੱਟੂ ਦਾਊਧਰ ਆਦਿ ਖਿਡਾਰੀਆ ਦੀ ਖੇਡ ਨੇ ਕਬੱਡੀ ਮੈਦਾਨਾਂ ਵਿਚ ਤਿੱਖਿਆਂ ਗਡਾਸਿਆ ਨੂੰ ਗਾਟਿਆਂ ਦੀ ਭਾਲ ਵਾਲਾ ਸਾਹ ਰੋਕ ਵਾ ਪ੍ਰਦਰਸ਼ਨ ਕੀਤਾ। ਪੰਜਾਬ ਵਿੱਚ ਇਸ ਟੀਮ ਨੇ 120 ਕਬੱਡੀ ਕੱਪ ਖੇਡੇ ਜਦੋਂ ਕਿ 85 ਕੱਪਾਂ ਵਿੱਚ ਪਹਿਲੇ ਸਥਾਨ ਤੇ ਰਹਿਣ ਦਾ ਮਾਣ ਹੈ। ਕਬੱਡੀ ਖੇਡ ਜਗਤ ਵਿੱਚ ਵਧੀਆ ਖੇਡ ਪ੍ਰਾਪਤੀਆਂ ਕਰਨ ਵਾਲੇ ਅੰਤਰਰਾਸ਼ਟਰੀ ਕਬੱਡੀ ਸਟਾਰ ਵਰਿੰਦਰ ਦਾਊਧਰ ਨੂੰ ਸਕਾਰਪਿਉ ਗੱਡੀ ਨਾਲ ਸਨਮਾਨਿਆ ਗਿਆ। ਜਦੋਂ ਕਿ 8 ਵਰਲਡ ਕਬੱਡੀ ਕੱਪ ਖੇਡ ਚੁੱਕੇ ਅੰਤਰਰਾਸ਼ਟਰੀ ਖਿਡਾਰੀ ਗੱਗੀ ਲੋਪੋ ਨੂੰ ਬੂਲਟ ਮੋਟਰਸਾਇਕਲ ਨਾਲ ਨਿਵਾਜਿਆ ਗਿਆ। ਇਹ ਸਭ ਮਾਨ ਸਨਮਾਨ ਰਾਣਾ ਸਿੱਧੂ ਦੇ ਖੇਡ ਕਬੱਡੀ ਨਾਲ ਮੋਹ ਦੀਆ ਨਵੀਆਂ ਬਾਤਾ ਪਾਉਂਦੇ ਹਨ। ਦੁਨੀਆ ਵਿੱਚ ਚੰਗੇ ਮਾੜੇ ਦੀ ਪਰਖ ਰੱਖਣ ਵਾਲਾ, ਸੱਚਾ ਵਤਨ ਪ੍ਰੇਮੀ ਹਮੇਸ਼ਾ ਖਿੜਿਆਂ ਖਿੜਿਆਂ ਰਹਿਣ ਵਾਲਾ ਚਾਕਲੇਟੀ ਗੱਭਰੂ ਰਾਣਾ ਸਿੱਧੂ ਦਾਊਧ੍ਰਰ ਕਬੱਡੀ ਕੱਪ ਨੂੰ ਖੇਡਾਂ ਦੇ ਨਕਸ਼ੇ ਤੇ ਮਾਣ ਮੱਤੀਂ ਥਾਂ ਦਵਾਉਣ ਵਿੱਚ ਬਖ਼ੂਬੀ ਕਾਮਯਾਬ ਹੋਇਆ ਹੈ।
ਅਮਰਪ੍ਰੀਤ ਸਿੰਘ ਬੈਂਸ:-- ਦੋਆਬਾ ਦੇ ਜਿਲ੍ਹਾ ਜਲੰਧਰ ਦੇ ਕਸਬਾ ਤਲਵਣ ਨੇੜੇ ਪੈਂਦੇ ਪਿੰਡ ਸ਼ਾਦੀਪੁਰ ਨਾਲ ਸਬੰਧ ਰੱਖਣ ਵਾਲੇ ਅਮਰਪ੍ਰੀਤ ਸਿੰਘ ਬੈਂਸ ਦਾ ਸਬੰਧ ਭਾਵੇ ਦੋਆਬੇ ਨਾਲ ਹੈ ਪਰ ਦਾਊਧਰ ਕਬੱਡੀ ਕੱਪ ਦੇ ਪ੍ਰਬੰਧਕਾਂ ਨਾਲ ਕਾਫੀ ਗੂੜੀ ਤੇ ਦਿਲੀ ਸਾਂਝ ਹੈ। ਜਿਸ ਕਰਕੇ ਉਹ ਦਾਊਧਰ ਕਬੱਡੀ ਕਲੱਬ ਦਾ ਚੇਅਰਮੈਨ ਹੈ।ਅਮਰਪ੍ਰੀਤ ਸਿੰਘ ਨੇ ਇਸ ਸਬੰਧੀ ਗੱਲ ਕਰਦਿਆਂ ਕਿਹਾ ਕਿਮ ਮੇਰੀ ਰਾਣਾ ਸਿੱਧੂ ਤੇ ਜ਼ੋਰਾ ਸਿੱਧੂ ਤੋ ਇਲਾਵਾ ਇਸ ਕਲੱਬ ਦੇ ਸਾਰੇ ਮੈਂਬਰਾਂ ਨਾਲ ਮੇਰੀ ਦਿਲੀ ਸਾਂਝ ਹੈ ਪਰ ਮੈ ਸ਼ੁਰੂਆਤ ਸਮੇਂ ਦਾਊਧਰ ਦੇ ਸੰਤ ਮਹਾਂਪੁਰਸ਼ ਦੇ ਦਰਸ਼ਨਾਂ ਲਈ ਗਿਆ ਸੀ, ਪਰ ਜੋ ''ਸਕੂਨ" ਮੈਨੂੰ ਦਾਊਧਰ ਜਾਕੇ ਮਿਲਿਆ ਸੀ। ਉਸ ਨੂੰ ਬਿਆਨ ਨਹੀ ਕੀਤਾ ਜਾ ਸਕਦਾ। ਕੈਨੇਡਾ ਦੇ ਸ਼ਹਿਰ ਕੈਲਗਿਰੀ 'ਚ ਰਹਿਣ ਤੇ ਏਸ਼ੀਅਨ ਭਾਈਚਾਰੇ 'ਚ ੳੱਘੇ ਕਾਰੋਬਾਰੀ ਵਜੋਂ ਜਾਣੇ ਜਾਦੇ ਅਮਰਪ੍ਰੀਤ ਸਿੰਘ ਬੈਂਸ ਨੇ ਕਿਹਾ ਕਿ ਖੇਡ ਕਬੱਡੀ ਸਾਡੀਆਂ ਰਗਾਂ ਵਿੱਚ ਰਚੀ ਵਸੀ ਹੋਈ ਹੈ। ਉਹਨਾਂ ਅੱਗੇ ਕਿਹਾ ਕਿ ਪੰਜਾਬ ਦੇ ਅੱਥਰੇ ਜ਼ੋਰ ਦੀ ਮੂੰਹ ਬੋਲਦੀ ਗੱਲ ਕਰਦੀ ਖੇਡ ਕਬੱਡੀ ਇਸ ਸਮੇਂ ਕਬੱਡੀ ਖਿਡਾਰੀ ਲਈ ਇੱਕ ਵੱਡੀ ਮਾਰਕੀਟ ਬਣ ਚੁੱਕੀ ਹੈ। ਪੰਜਾਬ ਸਰਕਾਰ ਦੀ ਖੇਡ ਨੀਤੀ ਦਾ ਖੂਬਸੂਰਤ ਸਿਰਨਾਵਾਂ ਬਣੀ ਖੇਡ ਕਬੱਡੀ ਨੇ ਵਿਸ਼ਵ ਭਰ ਵਿੱਚ ਆਪਣੀ ਚਰਚਾ ਕਰਵਾਈ ਹੈ। ''ਨਸ਼ਿਆਂ ਨੂੰ ਨਾਂਹ, ਕਬੱਡੀ ਨੂੰ ਹਾਂ" ਵਰਗੇ ਨਾਅਰੇ ਨੇ ਖੇਡ ਕਬੱਡੀ ਨੂੰ ਨਵੀਂ ਰੰਗਤ ਦਿੱਤੀ ਹੈ। ਉਹਨਾਂ ਅੱਗੇ ਕਿਹਾ ਕੀ ਕਬੱਡੀ ਵਾਂਗ ਹੀ ਪੰਜਾਬ ਦੀਆ ਦੇਸੀ ਖੇਡਾਂ ਨੂੰ ਵੀ ਖੇਡ ਨੀਤੀ ਬਣਾਕੇ ਵਧੀਆ ਢੰਗ ਨਾਲ ਪਰਮੋਟ ਕੀਤਾ ਜਾਵੇ। ਦਾਊਧਰ ਕਬੱਡੀ ਕੱਪ ਦੀ ਗੱਲ ਕਰਦਿਆ ਅਮਰਪ੍ਰੀਤ ਬੈਂਸ ਨੇ ਕਿਹਾ ਕਿ 20 ਲੱਖ ਦੇ ਵਿਸ਼ਾਲ ਬਜਟ ਵਾਲੇ ਦਾਊਧਰ ਕਬੱਡੀ ਕੱਪ ਦਾ ਖੇਡ ਕਬੱਡੀ ਦੇ ਸਿਰਨਾਵੇਂ ਤੇ ਵੱਖਰਾ ਸਥਾਨ ਹੈ। ਇਸ ਕਬੱਡੀ ਕੱਪ ਤੋ ਕਾਫੀ ਸਮਾਂ ਪਹਿਲਾ ਹੀ ਕਬੱਡੀ ਕੱਪ ਦੇ ਇਸ਼ਤਿਹਾਰ ਛਪਦੇ , ਕੰਧਾਂ 'ਤੇ ਲਿਖਿਆ ਜਾਂਦੇ, ਮਸ਼ਹੂਰੀਆਂ ਕਰਵਾਈਆਂ ਜਾਂਦੀਆਂ, ਬੈਨਰ ਲੱਗਦੇ, ਮੀਡੀਏ ਰਾਹੀਂ ਪ੍ਰਚਾਰ ਕੀਤਾ ਜਾਂਦਾ, ਤਸਵੀਰਾਂ ਵਾਲੇ ਹੋਰਡਿੰਗ ਗੱਡੇ ਜਾਂਦੇ, ਗੱਡੀਆਂ ਘੁੰਮਦੀਆਂ, ਲਾਊਡ ਸਪੀਕਰ ਵੱਜਦੇ, ਝੰਡੇ ਝੂਲਦੇ ਤੇ ਪਾਰਟੀਆਂ ਹੁੰਦੀਆਂ ਹਨ। ਕਬੱਡੀ ਦੇ ਫਾਈਨਲ ਮੈਚ ਵਾਲੇ ਦਿਨ ਦਾਊਧਰ ਬਾਬੇ ਕੇ ਸਟੇਡੀਅਮ ਵਿਚ 30-35 ਹਜ਼ਾਰ ਕਬੱਡੀ ਪ੍ਰੇਮੀਆਂ ਦਾ ਇਕੱਠ ਵੇਖਣਯੋਗ ਹੁੰਦਾ ਹੈ। ਇਕ-ਇਕ ਕਬੱਡੀ ਉਪਰ ਖਿਡਾਰੀਆਂ ਉਪਰ ਨੋਟਾਂ ਦਾ ਮੀਂਹ ਵਰ੍ਹਦਾ ਹੈ। ਸ਼ਾਮ ਨੂੰ ਕਬੱਡੀ ਦਾ ਨਜ਼ਾਰਾ ਇਕ ਵੱਖਰਾ ਹੀ ਦ੍ਰਿਸ਼ ਪੇਸ਼ ਕਰਦਾ ਹੈ।
ਜ਼ੋਰਾ ਸਿੱਧੂ - ਦਾਊਧਰ ਕਬੱਡੀ ਕੱਪ ਦੇ ਪ੍ਰਮੁੱਖ ਥੰਮ੍ਹਾਂ 'ਚ ਸ਼ੁਮਾਰ ਤੇ ਵੱਡੇ ਹੁਕਮਾਂ ਤੇ ਕਮਾਂਡ ਰੱਖਣ ਵਾਲਾ ਜ਼ੋਰਾ ਸਿੱਧੂ ਇਸ ਕਬੱਡੀ ਕੱਪ ਨੂੰ ਲੋਕ ਚੇਤਿਆ 'ਚ ਵਸਾਉਣ ਵਾਲੀਆ ਸੱਭ ਸਕੀਮਾਂ ਦਾ ਪ੍ਰਮੁੱਖ ਭਾਈ ਵਾਲ ਹੈ। ਦਾਊਧਰ ਕਬੱਡੀ ਕੱਪ ਨੂੰ ਥੋੜੇ ਸਮੈ ਵਿੱਚ ਖੇਡ ਨਕਸ਼ੇ ਤੇ ਵੱਡੀ ਥਾਂ ਹਾਸਿਲ ਕਰਵਾਉਣ ਵਾਲੇ ਜ਼ੋਰਾ ਸਿੱਧੂ ਦਾ ਬਚਪਨ ਤੋ ਹੀ ਝੁਕਾਅ ਖੇਡਾਂ ਵੱਲ ਰਿਹਾ ਹੈ। ਖੇਡ ਕਬੱਡੀ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋ ਨੂੰ ਲੈ ਕੇ ਚਿੰਤਤ ਜੋਰਾ ਸਿੱਧੂ ਨੇ ਕਿਹਾ ਕਿ ਕਬੱਡੀ ਕੱਪਾਂ ਦੀ ਬਹੁਤਾਤ ਹੀ ਕਬੱਡੀ ਖਿਡਾਰੀਆ ਨੂੰ ਕਿਤੇ ਨਾ ਕਿਤੇ ਨਸ਼ੀਲੇ ਪਦਾਰਥਾਂ ਦੇ ਸੇਵਨ ਵੱਲ ਪ੍ਰੇਰਦੀ ਹੈ। ਪਰ ਜੇਕਰ ਕਬੱਡੀ ਕੱਪਾਂ ਦੀ ਗਿਣਤੀ ਘਟਾ ਕੇ ਅਰਥਾਤ ਇਨਾਮ ਵਧਾ ਦਿੱਤੇ ਜਾਣ ਤਾਂ ਖੇਡ ਕਬੱਡੀ ਨੂੰ ਨਸਿਆ ਵਰਗੀਆਂ ਭੈੜੀਆਂ ਅਲਾਮਤਾਂ ਤੋ ਬਚਾਇਆਂ ਜਾ ਸਕਦਾ ਹੈ। ਇਸ ਨਾਲ ਕਬੱਡੀ ਖਿਡਾਰੀਆ ਵਿੱਚ ਸਰੀਰਕ ਐਨਰਜੀ ਵੀ ਵਧੇਗੀ। ਜ਼ੋਰੇ ਨੇ ਅੱਗੇ ਕਿਹਾ ਕਿ ਪੰਜਾਬ ਵਿਚਲੇ ਕੱਪਾਂ ਨੂੰ ਤਰਤੀਬ ਵਿੱਚ ਲਿਆਉਣ ਲਈ ਤੇ ਖਿਡਾਰੀਆ ਨੂੰ ਨਸ਼ਿਆਂ ਤੋ ਬਚਾਉ ਲਈ ਕਬੱਡੀ ਕੱਪਾਂ ਨੂੰ ਘਟਾ ਕੇ ''ਗਾਇਪ" ਪੈਣ ਵਾਲੇ ਸਾਲਾ ਦਾ ਇਨਾਮ ਵਧਾ ਕੇ ਖਿਡਾਰੀਆ ਦੇ ਆਰਥਿਕ ਪੱਖ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਦਾਊਧਰ ਕਬੱਡੀ ਕੱਪ ਪੰਜਾਬ ਦੇ ਸੱਭ ਕਬੱਡੀ ਕੱਪਾਂ 'ਚ ਵਿਲੱਖਣਤਾ ਰੱਖਦਾ ਹੈ ਕਿਉਂਕਿ ਇਸ ਕਬੱਡੀ ਕੱਪ ਵਿੱਚ ਤਿੰਨੇ ਦਿਨ ਖੀਰ, ਕੜਾਹ, ਦੁੱਧ ਪੱਤੀ, ਸਵਾਦਿਸ਼ਟ ਦਾਲਾਂ ਸਬਜ਼ੀਆਂ ਤੋ ਇਲਾਵਾ ਫੁਲਕਿਆਂ ਦਾ ਲੰਗਰ ਬੇ ਰੋਕ ਚਲਦਾ ਹੈ। ਅੰਦਾਜ਼ਨ 16 ਤੋ 20 ਕੁਆਇੰਟਲ ਆਟਾ ਲੱਗਦਾ ਹੈ। 150 ਤੋ ਵੱਧ ਅੋਰਤਾ ਵੱਲੋਂ ਰਲ ਮਿਲ ਕੇ ਫੁਲਕੇ ਤਿਆਰ ਕੀਤੇ ਜਾਦੇ ਹਨ। ਜ਼ੋਰਾ ਸਿੱਧੂ ਨੇ ਅੱਗੇ ਕਿਹਾ ਕਿ ਸਾਡਾ ਕਲੱਬ ਖੇਡਾਂ ਤੋ ਇਲਾਵਾ ਗਰੀਬ ਕੁੜੀਆਂ ਦੇ ਵਿਆਹ ਲਈ ਘੱਟੋ-ਘੱਟ 5100 ਰੁਪਏ ਸ਼ਗਨ ਤੇ ਲੋੜਵੰਦਾਂ ਨੂੰ ਰੁੱਤ ਅਨੁਸਾਰ ਕੱਪੜੇ ਲੈ ਕੇ ਦਿੱਤੇ ਜਾਦੇ ਹਨ। ਆਪਣੇ ਪਿੰਡ ਦਾਊਧਰ ਨੂੰ ਪੰਜਾਬ ਦੇ ਸ਼ਾਨਦਾਰ ਨਮੂਨੇ ਵਾਲੇ ਪਿੰਡ ਨੂੰ ਵੇਖਣ ਵਜੋਂ ਘਰਾਂ ਦੇ ਬਾਹਰ ਵੱਡੇ ਕੂੜੇ ਦਾਨ ਬਾਕਸ ਲਗਾਏ ਜਾ ਰਹੇ ਹਨ ਤਾਂ ਕਿ ਪਿੰਡ ਸਫਾਈ ਪੱਖੋ ਬਾਕੀ ਪਿੰਡਾ ਤੋ ਵਿਲੱਖਣ ਨਜ਼ਰ ਆਵੇ ਪਿੰਡ ਦੀ ਹਾਕੀ ਟੀਮ ਨੂੰ ਕਿਸੇ ਪੱਖੋਂ ਵੀ ਕੋਈ ਕਮੀ ਨਾ ਰਹੇ। ਇਸ ਕਰਕੇ ਖੇਡ ਕਿੱਟ ਸਰਵੋਤਮ ਤੋ ਸਰਵੋਤਮ ਦਿੱਤੀ ਜਾਦੀ ਹੈ। ਇਸੇ ਤਰ੍ਹਾਂ ਕਬੱਡੀ ਦੀ ਟੀਮ ਦੇ ਕੈਂਪ ਸਮੇਂ ਖਿਡਾਰੀਆ ਦੀ ਡਾਇਟ, ਰਿਹਾਇਸ਼, ਮੈਡੀਸਨ ਤੇ ਹੋਰ ਸਹੂਲਤਾਂ ਬੀ ਕਲੱਬ ਵੱਲੋਂ ਵੀ ਪ੍ਰਦਾਨ ਕੀਤੀਆ ਜਾਂਦੀਆਂ ਹਨ।
ਦਾਊਧਰ ਕਬੱਡੀ ਕੱਪ ਦੇ ਹੋਰ ਪ੍ਰੰਬਧਾਂ ਵਿੱਚ ਮਾਸਟਰ ਸ਼ਮਸ਼ੇਰ ਸਿੰਘ ਸਰਪ੍ਰਸਤ, ਅਮਰਜੀਤ ਸਿੱਧੂ ਯੂ.ਐਸ.ਏ, ਹਰਜਿੰਦਰ ਸਿੱਧੂ ਸਰੀ ਕੈਨੇਡਾ, ਕਮਲਪ੍ਰੀਤ ਸਿੱਧੂ ਕੈਲਗਰੀ ਕੈਨੇਡਾ, ਰੇਸ਼ਮ ਸਿੱਧੂ ਕੈਲਗਰੀ ਕੈਨੇਡਾ, ਚਮਕੌਰ ਸਿੱਧੂ ਮਨੀਲਾ, ਗੁਰਪ੍ਰੀਤ ਸਿੱਧੂ ਯੂ.ਐਸ.ਏ, ਜ਼ੋਰਜ਼ ਬਰਾੜ ਕੈਲਗਰੀ, ਗੁਰਵਿੰਦਰ ਢਿੱਲੋਂ, ਲੱਖਾਂ ਸਹਿਜ ਪਾਲ ਸਰੀ ਕੈਨੇਡਾ, ਬੂਟਾ ਸਿੰਘ ਸਿੱਧੂ ਸਰੀ ਕੈਨੇਡਾ, ਨਿਰਮਲ ਸਿੰਘ ਘੋਲੀਆ, ਸ਼ਰਨਜਤਿ ਸਿੰਘ ਰੂਬੀ, ਦਰਸ਼ਨ ਸਿੰਘ ਗਿੱਲ, ਸ਼ਰਿਾ ਸਰੀ ਕੈਨੇਡਾ, ਹਰਪ੍ਰੀਤ ਸਿੱਧੂ, ਮਾਸਟਰ ਬਲਵੀਰ ਸਿੰਘ ਤੇ ਬਾਬਾ ਕੂੰਢਾ ਸਿੰਘ ਲੰਗਰਾਂ ਵਾਲੇ ਪ੍ਰਮੁੱਖ ਹਨ।
ਤੀਜੇ ਵਿਸ਼ਵ ਕਬੱਡੀ ਕੱਪ ਦੀ ਗੱਲ ਕਰਦਿਆ -ਹਰਮਿੰਦਰ ਢਿੱਲੋਂ ਮੌ ਸਾਹਿਬ-
''ਅਣਖਾਂ ਦੇ ਸਿਰਨਾਵੇਂ ਦੱਸਦੀ ਰਹੇ ਕਬੱਡੀ ਵੱਸਦੇ ਰਹਿਣ ਪੰਜਾਬੀ ਵੱਸਦੀ ਰਹੇ ਕਬੱਡੀ" ਵਰਗੇ ਬੋਲਾਂ ਨੂੰ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਆਪਣੀ ਖੇਡ ਨੀਤੀ ਦਾ ਹਿੱਸਾ ਬਣ ਕੇ ਜੋ ਸ਼ਾਨਾਮਤੀ ਦਿੱਖ ਖੇਡ ਕਬੱਡੀ ਨੂੰ ਦਿੱਤੀ ਹੈ । ਉਸ ਤੋਂ ਬਲਿਹਾਰੇ ਜਾਈਏ ਵਰਗੇ ਸ਼ਬਦ ਆਪ ਮੁਹਾਰੇ ਹੀ ਪੰਜਾਬੀ ਜੁਬਾਨ ਵਾਲੇ ਲੋਕ ਬੁੱਲ੍ਹਾਂ ਤੋਂ ਨਿਕਲਦੇ ਹਨ। ਪੰਜਾਬ ਸਰਕਾਰ ਦੇ ਉਪ ਮੁਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਖੇਡਾਂ ਪ੍ਰਤੀ ਅਮੀਰੀ ਸੋਚ ਦੇ ਝਲਕਾਰੇ ਪਾਉਣ ਵਾਲੇ ਤੀਜੇ ਵਿਸ਼ਵ ਕਬੱਡੀ ਕੱਪ ਸਬੰਧੀ ਵੱਖ ਵੱਖ ਖੇਡ ਸ਼ਖਸੀਅਤਾਂ ਦੇ ਨਜ਼ਰੀਏ ਤੇ ਆਓ ਝਾਤ ਮਾਰੀਏ
ਸੁਰਜਨ ਸਿੰਘ ਚੱਠਾ:- ਖੇਡ ਕਬੱਡੀ ਜਗਤ ਵਿੱਚ ਖਿਡਾਰੀਆਂ ਦੇ ਗਵਰਨਰ ਵਜੋਂ ਜਾਣੇ ਜਾਂਦੇ ਸੁਰਜਨ ਸਿੰਘ ਚੱਠਾ ਪ੍ਰਧਾਨ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਨੇ ਕਿਹਾ ਕਿ ਪੰਜਾਬੀਆਂ ਦੀਆਂ ਨਬਜ਼ਾਂ 'ਚ ਧੜਕਣ ਵਾਲੀ ਖੇਡ ਕਬੱਡੀ 'ਚ ਭਾਵੇਂ ਡਰੱਗ ਤੋਂ ਇਲਾਵਾ ਕਈ ਹੋਰ ਅਲਾਮਤਾਂ ਵੀ ਸਨ ਪਰ ਹੁਣ ਇਸ ਦੇ ''ਸੁਧਾਰ" ਦਾ ਅਗਾਜਿ ਹੋ ਚੁੱਕਾ ਹੈ। ਹੁਣ ਤੱਕ ਪੰਜ ਸੌ ਦੇ ਕਰੀਬ ਕਬੱਡੀ ਖਿਡਾਰੀਆਂ ਦੇ ਖੇਡ ਕੈਰੀਅਰ ਨੂੰ ਨਵੀਂ ਰੰਗਤ ਦੇ ਚੁੱਕੇ ਸੁਰਜਨ ਸਿੰਘ ਚੱਠਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕਬੱਡੀ ਤੇ ਪਈ ''ਸੁਵੱਲੀ" ਨਜ਼ਰ ਦੀ ਬਦੌਲਤ ਹੁਣ ਖੇਡ ਕਬੱਡੀ ਉਲੰਪਿਕ ਦੇ ਰਾਹ ਪੈ ਚੁੱਕੀ ਹੈ। ਉਹਨਾਂ ਆਪਣੀ ਫੈਡਰੇਸ਼ਨ, ''ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਤੇ ਸ਼ਾਨਾਮੱਤਾ ਫਖਰ ਮਹਿਸੂਸ ਕਰਦਿਆ ਕਿਹਾ ਕਿ ਉਹਨਾਂ ਦੀ ਫੈਡਰੇਸ਼ਨ ਦੇ ਸਭ ਤੋਂ ਵੱਧ ਖਿਡਾਰੀ ਮੇਜ਼ਬਾਨ ਭਾਰਤੀ ਟੀਮ ਦਾ ਹਿੱਸਾ ਰਹੇ ਹਨ। ਜਿਵੇਂ ਪਹਿਲੇ ਵਿਸ਼ਵ ਕਬੱਡੀ ਕੱਪ ਵਿੱਚ 9 ਖਿਡਾਰੀ, ਦੂਜੇ ਵਿਸ਼ਵ ਕੱਪ ਵਿੱਚ 8 ਅਤੇ ਹੁਣ 10 ਤੋ ਵੱਧ ਖਿਡਾਰੀ ਇਸ ਵਾਰ ਭਾਰਤੀ ਟੀਮ ਵਿੱਚ ਖੇਡ ਰਹੇ ਹਨ। ਪਹਿਲੇ ਦੋ ਵਿਸ਼ਵ ਕੱਪਾਂ ਦੇ ਸਰਵੋਤਮ ਖਿਡਾਰੀ ਮੰਗਤ ਸਿੰਘ ਮੰਗੀ ਬੱਗਾ ਪਿੰਡ, ਕੁਲਜੀਤਾ ਮਲਸੀਆਂ ਤੇ ਗੱਗੀ ਖੀਰਾਂਵਾਲੀ ਵੀ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਖਿਡਾਰੀ ਹਨ।
ਸੰਮੀ ਡਾਵਰਾ :- ਖਾਲਸੇ ਦੀ ਸਾਜਨਾ ਧਰਤੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਨਾਲ ਸਬੰਧ ਰੱਖਣ ਵਾਲਾ ਸੰਮੀ ਡਾਵਰਾ ਪਹਿਲੇ ਦੋ ਵਿਸ਼ਵ ਕੱਪਾਂ ਵਾਂਗ ਇਸ ਤੀਸਰੇ ਵਿਸ਼ਵ ਕਬੱਡੀ ਕੱਪ ਦਾ ਹਿੱਸਾ ਹੈ ਪਿਛਲੇ ਦੋ ਵਰਲਡ ਕੱਪਾਂ ਤੇ ਈਰਾਨ ਹੋਏ ਵਰਲਡ ਕੱਪ ਦਾ ਵੀ ਕੂਮੈਂਟਰ ਰਹਿ ਚੁੱਕਾ ਸੰਮੀ ਡਾਵਰਾ ਨੇ ਚੈਨਲ ਪੀ. ਟੀ. ਸੀ. ਦੇ ਗਰਾਉਡ ਪ੍ਰਜੈਟਰ ਵਜੋਂ ਜਬਰਦਸਤ ਹਾਜਰੀ ਲਵਾ ਚੁੱਕਾ ਹੈ।ਚੈਨਲ ਪੀ. ਟੀ. ਸੀ. ਦੇ ਲਾਈਵ ਪ੍ਰਸਾਰਨਾ ਦਾ ਗਵਾਹ ਬਣੇ ਸੰਮੀ ਡਾਵਰਾ ਨੇ ਕਿਹਾ ਕਿ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈਂਦਾਂ ਨਜ਼ਰ ਆ ਰਿਹਾ ਹੈ। ਇਹ ਖੇਡ ਕਬੱਡੀ ਲਈ ਸੁਭਾਗੀ ਗੱਲ ਹੈ ਕਿ ਪੂਰੀ ਦੁਨੀਆ ਵਿੱਚ ਖੇਡਾਂ ਨੂੰ ਚਲਾਉਣ ਵਾਲੀ ਸੰਸਥਾ ਕੌਮਾਂਤਰੀ ਉਲੰਪਿਕ ਕਮੇਟੀ ਨੇ (ਆਈ. ਓ. ਸੀ) ਪੰਜਾਬੀਆ ਦੀ ਮਹਿਬੂਬ ਖੇਡ ਕਬੱਡੀ ਦੀ ਵਧਦੀ ਮਕਬੂਲੀਅਤ ਅਤੇ ਪਿਛਲੇ ਦੋ ਵਿਸ਼ਵ ਕੱਪਾਂ ਦੀ ਸਫਲਤਾ ਨੂੰ ਦੇਖਦਿਆ ਪੰਜਾਬ ਸਰਕਾਰ ਦੇ 1 ਤੋਂ 15 ਦਸੰਬਰ ਤੱਕ ਕਰਵਾਏ ਜਾ ਰਹੇ ਤੀਜੇ ਵਿਸ਼ਵ ਕਬੱਡੀ ਕੱਪ ਲਈ ਹੁਣ ਸ਼ੁਭ ਕਾਮਨਾਵਾਂ ਭੇਜੀਆਂ ਹਨ। ਕਬੱਡੀ ਦੇ ਕੌਮਾਂਤਰੀ ਮੈਚਾਂ ਵਿੱਚ ਦਰਸ਼ਕਾਂ ਦਾ ਜੋਸ਼ ਖਿਡਾਰੀਆ ਦੀ ਹਾਰਟ ਬੀਟ ਤੇਜ ਕਰਦਾ ਰਹੇਗਾ।
ਮੇਜਰ ਸਿੰਘ ਬਰਾੜ :- ਕਨੇਡਾ ਕਬੱਡੀ ਜਗਤ ਵਿੱਚ ਲੱਖਾਂ ਡਾਲਰ ਮਾਂ ਖੇਡ ਕਬੱਡੀ ਤੋ ਨਿਛਾਵਰ ਕਰ ਚੁੱਕੇ ਤੇ ਕਨੇਡਾ ਦੇ ਅਲਬਰਟਾਂ ਸੂਬੇ ਦੇ ਨਾਮਵਰ ਪ੍ਰਮੋਟਰ ਤੇ ਅਨੇਕਾਂ ਖਿਡਾਰੀਆ ਦੇ ਖੇਡ ਕੈਰੀਅਰ ਨੂੰ ਰਿੰਡ ਤੋਂ ਚੰਦਨ ਬਣਾਉਣ ਵਾਲੇ ਮੇਜਰ ਸਿੰਘ ਬਰਾੜ ਭਲੂਰ ਕਨੇਡਾ ਨੇ ਕਿਹਾ ਕਿ ਪੰਜਾਬ ਵਿੱਚ ਕਬੱਡੀ ਦਾ ਵੱਡਾ ਮਹਾਂਕੁਭ ਵਾਇਆ ਵਿਸ਼ਵ ਕਬੱਡੀ ਕੱਪ ਕਰਵਾਉਣ ਵਾਲੀ ਕਲੀਨ ਪ੍ਰਸਨੈਲਟੀ ਸ. ਸੁਖਬੀਰ ਸਿੰਘ ਬਾਦਲ ਦੀ ਖੇਡਾਂ ਪ੍ਰਤੀ ਅਮੀਰ ਸੋਚ ਨੂੰ ਸਲਾਮ। ਖੇਡ ਕਬੱਡੀ ਨੂੰ ਕ੍ਰਿਕਟ ਵਰਗੀ ਪ੍ਰਸਿੱਧੀ ਦਵਾਉਣ ਵਿੱਚ ਤੇ ਵੱਡਾ ਦਰਸ਼ਕ ਵਰਗ ਕਬੱਡੀ ਨਾਲ ਜੋੜਨ ਤੇ ਪ੍ਰਬੰਧਾਂ ਪੱਖੋਂ ਵਿਸ਼ਵ ਪੱਧਰ ਤੇ ਖੇਡ ਕਬੱਡੀ ਦੀ ਹੋਈ ਚਰਚਾ ਨੇ ਵੱਡਾ ''ਕਰੇਜ਼" ਵਾਲਾ ਦਰਸ਼ਕ ਬਣਾ ਲਿਆ ਹੈ। ਮੇਜਰ ਬਰਾੜ ਨੇ ਅੱਗੇ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਹੁਣ ਸਾਡੀ ਖੇਡ ਕਬੱਡੀ ਦਾ ਡਰੱਗ ਅਤੇ ਤੋਂ ਭੈੜੀਆਂ ਅਲਾਮਤਾਂ ਤੋਂ ਖਹਿੜਾ ਛੁੱਟ ਜਾਵੇਗਾ। ਵਿਸ਼ਵ ਕਬੱਡੀ ਕੱਪਾਂ ਨੇ ਇਹ ਸਾਬਤ ਕਰ ਦਿਤਾ ਹੈ ਕਿ ਬਾਦਲ ਪਰਿਵਾਰ ਤੇ ਕਬੱਡੀ ਦਾ ਰਿਸ਼ਤਾ ਹੁਣ ਨਹੁੰ ਮਾਸ ਵਾਲਾ ਬਣ ਕੇ ਸਭ ਦੇ ਸਾਹਮਣੇ ਆ ਚੁਕਾ ਹੈ।
ਕਮਲਜੀਤ ਨੀਟੂ ਕੰਗ:- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੰਲੋਬੀਆ ਦੀ ਨਾਮਵਰ ਖੇਡ ਸੰਸਥਾ 'ਯੰਗ ਕਬੱਡੀ ਕਲੱਬ' ਦੇ ਦਿਮਾਗ ਵਜੋਂ ਜਾਣੇ ਜਾਂਦੇ ਨਾਮਵਰ ਕਬੱਡੀ ਪ੍ਰਮੋਟਰ ਕਮਲਜੀਤ ਸਿੰਘ ਉਰਫ ਨੀਟੂ ਕੰਗ ਉੱਗੀ ਨੇ ਕਿਹਾ ਕਿ ਵਿਸ਼ਵ ਕਬੱਡੀ ਕੱਪਾਂ ਦੀ ਬਦੌਲਤ ਹੁਣ ਖੇਡ ਕਬੱਡੀ ਦੀ ਪਹੁੰਚ ਦਾ ਘੇਰਾ ਬਹੁਤ ਹੋ ਚੁੱਕਾ ਹੈ। ਕਿਉ ਕਿ ਪਹਿਲੇ ਵਿਸ਼ਵ ਕੱਪ ਦੇ ਅਗਾਜਿ ਸਮੇਂ ਨੌਂ ਮੁਲਕਾਂ ਨੇ ਸ਼ਿਰਕਤ ਕੀਤੀ ਸੀ । ਜਦੋਂ ਕਿ ਦੂਜੇ ਕੱਪ ਸਮੇਂ ਇਹ ਗਿਣਤੀ ਵੱਧ ਕੇ ਡਬਲ ਅਰਥਾਤ ਅਠਾਰਾਂ ਹੋ ਗਈ ਅਤੇ ਹੁਣ ਵਧਦੀ ਤੋਂ ਹੋਈ ਗਿਣਤੀ 23 ਹੋ ਚੁੱਕੀ ਹੈ। ਵਿਦੇਸ਼ਾਂ ਵਿੱਚ ਵੀ ਪੰਜਾਬੀ ਕਬੱਡੀ ਨੂੰ ਅਥਾਹ ਪਿਆਰ ਕਰਦੇ ਹਨ। ਪਰ ਖੇਡ ਦੇ ਪੇਸ਼ੇਵਰ ਹੋਣ ਨਾਲ ਖਿਡਾਰੀਆਂ 'ਚ ਵਧੀਆ ਪ੍ਰਫਾਰਮੈਂਸ 'ਵਾਇਆ' ਨਸ਼ੀਲੇ ਪਦਾਰਥ ਦੇਣ ਦਾ ਲਾਲਚ ਵੱਧ ਗਿਆ ਸੀ। ਪਰ ਪੰਜਾਬ ਸਰਕਾਰ ਵੱਲੋਂ ਵਰਲਡ ਕੱਪ ਤੋਂ ਪਹਿਲਾਂ ਡੌਪ ਟੈਸਟ ਕਰਵਾਉਣ ਇੱਕ ਵਧੀਆ ਤੇ ਸ਼ਲਾਘਾਯੋਗ ਕਦਮ ਹੈ।
ਬਲਜੀਤ ਗਿੱਲ ਪੁਆਦੜਾ:- ਕਨੇਡਾ ਕਬੱਡੀ ਜਗਤ ਵਿੱਚ ਹਰ ਵਰ੍ਹੇ ਚਾਰ ਲੱਖ ਡਾਲਰ ਤੋਂ ਵਧੇਰੇ ਬਜਟ ਵਾਲੀ ਤੇ ਕਬੱਡੀ ਜਗਤ ਦੇ ਧਨੰਤਰ ਸਟਾਂਰਾਂ ਨਾਲ ਲੈਸ ਟੀਮ ਬਣਾਉਣ ਵਾਲੇ ਕਬੱਡੀ ਦੇ ਬ੍ਰਾਂਡਿਡ ਖੇਡ ਪ੍ਰਮੋਟਰਾਂ' 'ਚ ਸ਼ਮਾਰ ਵੈਨਕੂਵਰ ਕਬੱਡੀ ਕਲੱਬ ਕਨੇਡਾ ਦੇ ਕਰਤਾ ਧਰਤਾ ਬਲਜੀਤ ਗਿੱਲ ਪੁਆਦੜਾ ਨੇ ਕਿਹਾ ਕਿ ਖੇਡ ਤੇ ਨਸ਼ਿਆਂ ਦਾ ਕੋਈ ਆਪਸੀ ਮੇਲ ਨਹੀਂ ਹੈ। ਪੰਜਾਬ ਦੀ ਮਹਿਬੂਬਾ ਖੇਡ ਕਬੱਡੀ ਦੇ ਸਟਾਰ ਖਿਡਾਰੀਆਂ ਵੱਲੋਂ ਘਾਤਕ ਨਸ਼ਿਆਂ ਦੀ ਵਰਤੋਂ ਖੇਡ ਸਮੇਂ ਕਰਨ ਵਾਲੀਆਂ ਖ਼ਬਰਾਂ ਨੇ ਇਹ ਸਾਬਤ ਕਰ ਦਿੱਤਾ ਕਿ ਪੰਜਾਬੀਆਂ ਦੇ 'ਸਾਹਾਂ' 'ਚ ਧੜਕਣ ਵਾਲੀ ਖੇਡ ਡਰੱਗਨੁਮਾ ਪਦਾਰਥਾਂ ਦੀ ਚਪੇਟ ਵਿੱਚ ਆ ਚੁੱਕੀ ਸੀ। ਬਲਜੀਤ ਨੇ ਅੱਗੇ ਕਿਹਾ ਕਿ ਇਹ ਵਿਸ਼ਵ ਕੱਪ ਰੂਲਾਂ ਤੇ ਅਸੂਲਾਂ ਦੀ ਪਹਿਲੀ ਵਾਰ ਸੱਚੀ ''ਬਾਤ" ਪਾ ਗਏ। ਕਬੱਡੀ ਨੂੰ ਡਰੱਗ ਤੋਂ ਮੁਕਤ ਕਰਨ ਲਈ ਵਿਸ਼ਵ ਕੱਪ ਨੇ ਵੱਡੀ ਭੂਮਿਕਾ ਨਿਭਾਈ ਹੈ ਕਿਉਂਕਿ ਵਿਦੇਸ਼ਾਂ ਦੀਆਂ ਕਬੱਡੀ ਫੈਡਰੈਸ਼ਨਾਂ ਨੇ ਕਬੱਡੀ ਨੂੰ ਡਰੱਗ ਤੋਂ ਬਚਾਉਣ ਲਈ ਯਤਨਾਂ ਦੀ ਸ਼ੁਰੂਆਤ ਤਾਂ ਕੀਤੀ ਸੀ ਪਰ ਆਸ ਮੁਤਾਬਿਕ ਨਤੀਜੇ ਸਾਹਮਣੇ ਨਾ ਆਏ। ਮੌਸਮ ਦੇ ਲਿਹਾਜ਼ ਨਾਲ ਵੀ ਤੀਜਾ ਵਿਸ਼ਵ ਕੱਪ ਢੁਕਵੀਂ ਰੁਤੇ ਹੋ ਰਿਹਾ ਹੈ
ਸੱਤਾ ਮੁਠੱਡਾ:- ਇੰਗਲੈਂਡ ਕਬੱਡੀ ਜਗਤ ਵਿੱਚ ਖਿਡਾਰੀ ਤੋਂ ਪ੍ਰਮੋਟਰ ਬਣੇ ਤੇ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਉਰਫ ਸੱਤਾ ਮੁਠੱਡਾ ਨੇ ਕਿਹਾ ਕਿ ਖੇਡ ਕਬੱਡੀ ਸਾਡੀ ਦੇਸੀ ਤੇ ਹਰਮਨ ਪਿਆਰੀ ਖੇਡ ਹੈ। ਪੰਜਾਬ ਵਿਚਲੇ ਵਿਸ਼ਵ ਕੱਪਾਂ ਨੇ ਖੇਡ ਕਬੱਡੀ ਨੂੰ ਇਕ ਨਵੀਂ ਰੰਗਤ ਦਿਤੀ ਹੈ। ਪ੍ਰਵਾਸੀ ਪ੍ਰਮੋਟਰਾਂ ਨੇ ਕਬੱਡੀ ਨੂੰ ਲਗਾਤਾਰ ਸਾਂਭੀ ਰਖਿਆ ਪਰ ਖਿਡਾਰੀਆ ਦੇ ਪੇਸ਼ੇਵਰ ਹੋਣ ਦੇ ਲਾਲਚ ਨੇ ਇਸ ਨੂੰ ਗਲਤ ਰਾਹੇ ਪਾ ਦਿੱਤਾ ਸੀ ਪਰ ਪਿਛਲੇ ਵਿਸ਼ਵ ਕੱਪਾਂ ਵਿੱਚ ਡਰੱਗ ਤੇ ਜਿਸ ਤਰ੍ਹਾਂ ਕਾਬੂ ਪਾਇਆ ਗਿਆ ਉਹ ਬੇਹੱਦ ਸਲਾਉਣ ਯੋਗ ਹੈ। ਪੰਜਾਬ ਸਰਕਾਰ ਨੇ ਖਿਡਾਰੀਆ ਦੇ ਖੇਡਣ ਤੋਂ ਪਹਿਲਾਂ ਕੀਤੇ ਡੋਪ ਟੈਸਟਾਂ ਦੀ ਤਰਜ਼ ਤੇ ਇਸ ਸਾਲ ਇੰਗਲੈਂਡ ਕਬੱਡੀ ਦਾ ਸੀਜ਼ਨ ਖੇਡਣ ਜਾਣ ਵਾਲੇ ਖਿਡਾਰੀਆ ਦੇ ਡੋਪ ਟੈਸਟ ਕੀਤੇ ਜਾਣਗੇ। ਤੀਜੇ ਵਿਸ਼ਵ ਕੱਪ ਦੀ ਤਰਜ਼ ਵਾਲੇ ਨਾਅਰੇ ''ਕਬੱਡੀ ਨੂੰ ਹਾਂ ਨਸ਼ਿਆਂ ਨੂੰ ਨਾਂਹ" ਸਭ ਫੈਡਰੈਸ਼ਨਾ ਨੂੰ ਪਹਿਰਾ ਦੇਣਾ ਚਾਹੀਦਾ ਹੈ।
ਇਸੇ ਤਰਾ੍ਹਂ ਕਬੱਡੀ ਜਗਤ ਦੀਆ ਜਿਹੜੀਆਂ ਖੇਡ ਪਰਸਨੈਲਟੀਆ ਵਲੋਂ ਵਿਸ਼ਵ ਕੱਪ ਦੇ ਰੂਲਾਂ ਤੇ ਅਸੂਲਾਂ ਨੂੰ ਸਲਾਹਿਆ ਗਿਆ ਹੈ ਉਹਨਾਂ ਵਿੱਚ ਲੈਹਿੰਬਰ ਸਿੰਘ ਕੰਗ ਇੰਗਲੈਂਡ, ਸੋਖਾ ਉਦੋਪੁਰੀਆ ਇੰਗਲੈਂਡ, ਲੈਹਿੰਬਰ ਸਿੰਘ ਲਿਧੱੜ ਯੂ.ਕੇ, ਬਲਵਿੰਦਰ ਸਿੰਘ ਚੱਠਾ ਯੂ.ਕੇ, ਸੋਖਾ ਢਿੱਲੋਂ ਟੈਲਫੋਰਡ, ਰਸ਼ਪਾਲ ਸਿੰਘ ਸ਼ੀਰਾਂ ਸੰਮੀਪੁਰ, ਅਨਿਲ ਸ਼ਰਮਾਂ ਇਟਲੀ, ਜੈਲਦਾਰ ਸਰਿੰਦਰ ਸਿੰਘ ਚੈੜੀਆਂ ਇਟਲੀ, ਜੱਸਾ ਪੀਟੀ ਇਟਲੀ, ਗੁਰਦਿਆਲ ਸਿੰਘ ਪੱਡਾ ਨਾਰਵੇਂ, ਬਲਜੀਤ ਸਿੰਘ ਪੱਡਾ ਨਾਰਵੇ, ਦਾਰਾ ਮੁਠੱਡਾ ਕਨੇਡਾ, ਗਿਆਨ ਸਿੰਘ ਬਿਣਗ ਭਾਣੋਕੀ, ਸਨੀ ਸਹੋਤਾ ਬੜਾਪਿੰਡ, ਲਾਲੀ ਢੇਸੀ ਬੇਗਮਪੁਰ, ਸੰਤੋਖ ਸਿੰਘ ਢੇਸੀ ਬੱਛੋਵਾਲ, ਜਲੰਧਰ ਸਿੰਘ ਸਿੱਧੁ ਅਲਬਰਟਾ, ਕਰਮਪਾਲ ਸਿੱਧੁ ਲੰਡੇਕੇ, ਤੇ ਧੀਰਾ ਬਾਸੀ ਕੈਲਗਰੀ ਪ੍ਰਮੱਖ ਹਨ।
ਯੂਰਪ ਕਬੱਡੀ ਟੂਰਨਾਮੈਂਟ 2012 ਆਸਟਰੀਆ ਤੋਂ ਪੈਰਿਸ ਤੱਕ ਇੱਕ ਪੰਛੀ ਝਾਤ - ਬਲਦੇਵ ਸਿੰਘ ਬਾਜਵਾ ਮੀਡੀਆ ਪੰਜਾਬ ਜਰਮਨੀ
ਕਬੱਡੀ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਹੈ, ਪੰਜਾਬ ਵਿੱਚ ਜਿੱਥੇ ਵੀ ਕਬੱਡੀ ਦਾ ਟੂਰਨਾਮੈਂਟ ਹੋਵੇ ਖੇਡ ਪ੍ਰੇਮੀ ਦੂਰੋਂ ਦੂਰੋਂ ਚਲ ਕੇ ਕਬੱਡੀ ਦੇਖਣ ਪਹੁੰਚ ਜਾਂਦੇ ਹਨ। ਆਪਣੇ ਚੰਗੇ ਭਵਿਖ ਦੀ ਖ਼ਾਤਰ ਪੰਜਾਬੀ ਪੰਜਾਬ ਵਿਚੋਂ ਆ ਕੇ ਦੇਸਾਂ ਪ੍ਰਦੇਸਾਂ ਵਿੱਚ ਵੱਸ ਗਏ ਪਰ ਆਪਣੇ ਕਬੱਡੀ ਪ੍ਰਤੀ ਪਿਆਰ ਨੂੰ ਨਹੀ ਭੁਲੇ ਜਦੋਂ ਵੀ ਕੋਈ ਕਬੱਡੀ ਖੇਡ ਮੇਲਾ ਹੋਵੇ ਇੱਥੇ ਵੀ ਪੰਜਾਬ ਵਾਂਗ ਹੀ ਕਬੱਡੀ ਨੂੰ ਪਿਆਰ ਕਰਨ ਵਾਲੇ ਆਪਣੇ ਸਾਰੇ ਰੁਝੇਵੇਂ ਛੱਡ ਕੇ ਪਹੁੰਚ ਜਾਂਦੇ ਹਨ। ਅਸੀ ਅੱਜ ਗੱਲ ਕਰਦੇ ਹਾਂ ਯੂਰਪ ਵਿੱਚ ਇਸ 2012 ਸੀਜ਼ਨ ਦੇ ਹੋਏ ਕਬੱਡੀ ਖੇਡ ਮੇਲਿਆਂ ਦੀ । ਇਸ ਵਾਰ ਵੀ ਹਰ ਸਾਲ ਦੀ ਤਰਾਂ ਯੂਰਪ ਦੇ ਦੇ ਵੱਖ ਵੱਖ ਦੇਸਾਂ ਵਿੱਚ ਕਬੱਡੀ ਖੇਡ ਮੇਲੇ ਕਰਵਾਏ ਗਏ ਜਿਨ੍ਹਾਂ ਦਾ ਲੇਖਾ ਜੋਖਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪਿਛਲੇ ਸਾਲਾਂ ਨਾਲੋ ਕੀ ਫ਼ਰਕ ਰਿਹਾ?
ਕਿਸੇ ਦੇਸ ਵਿੱਚ ਜਿਉਂ ਜਿਉਂ ਕਬੱਡੀ ਮੇਲੇ ਸਫਲਤਾ ਵੱਲ ਵੱਧ ਰਹੇ ਹਨ ਤਿਉਂ ਤਿਉਂ ਹਰ ਦੇਸ ਵਿੱਚ ਜਿਦੋ ਜਿਦੀ ਨਵੇਂ ਕਲੱਬ ਬਣਦੇ ਜਾ ਰਹੇ ਹਨ ਆਏ ਸਾਲ ਪਹਿਲਾਂ ਨਾਲੋਂ ਵੱਧ ਕਬੱਡੀ ਮੇਲੇ ਹੋ ਰਹੇ ਹਨ ਜੋ ਦਰਸ਼ਕਾਂ ਲਈ ਬਹੁਤ ਵਧੀਏ ਗੱਲ ਹੈ ਪਰ ਇਸ ਗੱਲ ਦਾ ਵੀ ਡਰ ਹੈ ਕਿ ਕਿਧਰੇ ਇਸ ਜ਼ਿੱਦ ਵਿੱਚ ਕਬੱਡੀ ਮੇਲੇ ਖ਼ਤਮ ਹੀ ਨਾ ਜਾਣ? ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ।

ਇਸ ਵਾਰ ਕਬੱਡੀ ਖੇਡ ਮੇਲੇ ਯੂਰਪੀਅਨ ਕਬੱਡੀ ਫੈਡਰੇਸ਼ਨ ਦੇ ਅਸੂਲਾਂ ਮੁਤਬਕ ਕਰਵਾਏ ਗਏ ਜੋ ਕਾਫੀ ਹੱਦ ਤੀਕਰ ਅਸੂਲਾਂ ਮੁਤਬਕ ਹੀ ਹੋਏ, ਲੋੜ ਹੈ ਕਬੱਡੀ ਫੈਡਰੇਸ਼ਨ ਨੂੰ ਹੋਰ ਮਜ਼ਬੂਤ ਕਰਨ ਦੀ ਤਾਂ ਜੋ ਆਉਣ ਵਾਲੇ ਸਾਲਾਂ ਦੌਰਾਨ ਕਬੱਡੀ ਟੂਰਨਾਮੈਂਟਾਂ ਨੂੰ ਹੋਰ ਵੀ ਵਧੀਏ ਤਰੀਕੇ ਨਾਲ ਕਰਵਾਇਆ ਜਾ ਸਕੇ।
ਇਸ ਸੀਜ਼ਨ ਦੌਰਾਨ ਯੂਰਪ ਦੇ ਮੇਲਿਆਂ ਵਿੱਚ ਮੁੱਖ ਤੌਰ ਤੇ 9 ਕਬੱਡੀ ਦੀਆਂ ਟੀਮਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਸ਼ੇਰੇ-ਪੰਜਾਬ ਸਪੋਰਟਸ ਕਲੱਬ ਬੈਲਜੀਅਮ, ਪੰਜਾਬ ਸਪੋਰਟਸ ਕਲੱਬ ਫਰਾਂਸ, ਚੜ੍ਹਦੀ ਕਲਾ ਸਪੋਰਟਸ ਕਲੱਬ ਬੈਲਜੀਅਮ, ਪੰਜਾਬ ਸਪੋਰਟਸ ਕਲੱਬ ਅਮਸਰਟਡਮ ਹਾਲੈਂਡ, ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਪੈਰਿਸ, ਬਾਰਸੀਲੋਨਾਂ ਕਬੱਡੀ ਕਲੱਬ ਬਾਰਸੀਲੋਨਾਂ ਸਪੇਨ , ਗੁਰਦੁਆਰਾ ਸਿੱਖ ਸੈਂਟਰ ਕਬੱਡੀ ਕਲੱਬ ਫਰੈਂਕਫੋਰਟ ਜਰਮਨੀ, ਬਾਬਾ ਬੰਦਾ ਸਿੰਘ ਸਪੋਰਟਸ ਕਲੱਬ ਪੈਰਿਸ ਫਰਾਂਸ ਅਤੇ ਸ਼ੇਰੇ ਪਾਕਿਸਤਾਨ ਕਬੱਡੀ ਕਲੱਬ ਸਪੇਨ। ਸਾਰੀਆਂ ਹੀ ਟੀਮਾਂ ਵਿੱਚ ਅੰਤਰ ਰਾਸ਼ਟਰੀ ਪੱਧਰ ਦੇ ਖਿਡਾਰੀਆ ਨੇ ਆਪਣੀ ਖੇਡ ਦੇ ਜੌਹਰ ਦਿਖਾਏ। ਪੁਰਾਣੇ ਕਲੱਬਾਂ ਦੇ ਨਾਲ ਨਾਲ ਇਸ ਸਾਲ ਕਈ ਕਲੱਬਾਂ ਨੇ ਪਹਿਲੀ ਵਾਰ ਮਜ਼ਬੂਤ ਟੀਮ ਬਣਾਈ ਅਤੇ ਸਾਰੇ ਟੂਰਨਾਮੈਂਟਾਂ ਵਿੱਚ ਹਿੱਸਾ ਲਿਆ।

ਇਸ ਸਾਲ ਦਾ ਸਭ ਤੋਂ ਪਹਿਲਾ ਟੂਰਨਾਮੈਂਟ ਆਸਟਰੀਆ ਦੀ ਰਾਜਧਾਨੀ ਵਿਆਨਾ ਵਿੱਚ ਖੇਡਿਆ ਗਿਆ। ਆਸਟਰੀਆ ਵਾਲਿਆਂ ਵੱਲੋਂ ਪਹਿਲੀ ਵਾਰ ਯੂਰਪੀਅਨ ਕਬੱਡੀ ਫੈਡਰੇਸ਼ਨ ਦੇ ਅਸੂਲਾਂ ਮੁਤਬਕ ਟੂਰਨਾਮੈਂਟ ਕਰਵਾਇਆ ਗਿਆ ਅਤੇ ਪਹਿਲੀ ਵਾਰ ਯੂਰਪ ਦੀਆਂ ਸਾਰੀਆਂ ਟੀਮਾਂ ਨੇ ਇਸ ਟੂਰਨਾਮੈਂਟ ਵਿੱਚ ਹਿੱਸਾ ਲਿਆ। ਇਸ ਟੂਰਨਾਮੈਂਟ ਵਿੱਚ ਆਸ ਤੋਂ ਵੱਧ ਦਰਸ਼ਕ ਪਹੁਚੇ ਅਤੇ ਸਟਾਰ ਖਿਡਾਰੀਆਂ ਦੀ ਖੇਡ ਦਾ ਆਨੰਦ ਮਾਣਿਆ। ਯੂਰਪ ਦੇ ਇਸ ਪਲੇਠੇ ਟੂਰਨਾਮੈਂਟ ਵਿੱਚ ਸ਼ੇਰੇ-ਪੰਜਾਬ ਸਪੋਰਟਸ ਕਲੱਬ ਬੈਲਜੀਅਮ ਨੇ ਪੰਜਾਬ ਸਪੋਰਟਸ ਕਲੱਬ ਫਰਾਂਸ ਨੂੰ ਹਰਾ ਕੇ ਕੱਪ ਤੇ ਕਬਜਾ ਕੀਤਾ। ਸ਼ੇਰੇ-ਪੰਜਾਬ ਸਪੋਰਟਸ ਕਲੱਬ ਬੈਲਜੀਅਮ ਵੱਲੋਂ ਇੰਡੀਆ ਤੋਂ ਆਏ ਖਿਡਾਰੀਆਂ ਜਿਨਾ ਵਿੱਚ ਜਿੰਦੂ ਟਿੱਬਾ, ਅਮਨ ਟਿੱਬਾ, ਮਨੀ ਸੰਧੂ ਚੱਠਾ, ਸਾਬੂ ਸੁਨੜਾਂ ਵਾਲਾ ਅਤੇ ਜਿੰਦਰ ਗਡਾਣੇ ਵਾਲੇ ਤੋਂ ਬਿਨਾਂ ਲੋਕਲ ਖਿਡਾਰੀ ਰੋਕ ਬਾਠ, ਗੀਤਾ ਮਨਸੂਰਵਾਲ, ਲੱਕੀ ਬਰਨਾਲਾ, ਭੂਰਾ ਮੀਆਂਵਿੰਡ, ਚਮਕੀਲਾ ਅਤੇ ਗੋਪੀ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਪੰਜਾਬ ਸਪੋਰਟਸ ਕਲੱਬ ਫਰਾਂਸ ਦੀ ਟੀਮ ਵਿੱਚ ਚੰਨਾ ਖੀਰਾਂਵਾਲੀ, ਸੁੱਚਾ ਬਾਜਵਾ, ਘੁੱਦਾ ਕਾਲਾ ਸੰਘਿਆਂ, ਗੀਤੂ ਪੱਤੜ ਅਤੇ ਦੀਪ ਗੜੀਬਖਸ ਮੁੱਖ ਸਨ। ਕੁਲ ਮਿਲਾ ਕੇ ਇਹ ਖੇਡ ਮੇਲਾ ਸਫਲਤਾ ਪੂਰਵਕ ਸਮਾਪਤ ਹੋਇਆ।

ਦੂਸਰਾ ਮੇਲਾ ਜਰਮਨੀ ਦੇ ਮੁਖ ਸ਼ਹਿਰ ਫਰੈਂਕਫੋਰਟ ਵਿੱਚ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਵੱਲੋਂ ਕਰਵਾਇਆ ਗਿਆ। ਜਰਮਨੀ ਦੇ ਇਹ ਵੀਰ ਹਰ ਸਾਲ ਬਾਬਾ ਪ੍ਰੇਮ ਸਿੰਘ ਜੀ ਦੀ ਯਾਦ ਵਿੱਚ ਟੂਰਨਾਮੈਂਟ ਕਰਵਾਉਂਦੇ ਹਨ ਜੋ ਆਪਣੇ ਮਹਾਂਪੁਰਖਾਂ ਨੂੰ ਯਾਦ ਕਰਨ ਦਾ ਇਕ ਬਹੁਤ ਹੀ ਵਧੀਏ ਤਰੀਕਾ ਹੈ ਵਾਹਿਗੁਰੂ ਇਨ੍ਹਾਂ ਤੇ ਮਿਹਰ ਭਰਿਆ ਹੱਥ ਰਖੇ ਅਤੇ ਇਹ ਇਸੇ ਹੀ ਤਰਾਂ ਖੇਡ ਮੇਲੇ ਕਰਵਾਉਂਦੇ ਰਹਿਣ। ਇਸ ਟੂਰਨਾਮੈਂਟ ਵਿੱਚ ਵੀ ਸਾਰੀਆਂ ਹੀ ਟੀਮਾਂ ਖੇਡਣ ਲਈ ਪਹੁੰਚੀਆਂ ਪਰ ਦੁਪਹਿਰ ਤੋਂ ਬਾਦ ਇੰਦਰ ਦੇਵਤੇ ਨੇ ਇਸ ਟੂਰਨਾਮੈਂਟ ਦੀ ਸਮਾਪਤੀ ਨਾਂ ਹੋਣ ਦਿੱਤੀ ਕੁਆਟਰ ਫਾਈਨਲ ਦਾ ਇਕ ਹੀ ਮੈਚ ਹੋਇਆ ਕਿ ਟੂਰਨਾਮੈਂਟ ਦੀ ਸਮਾਪਤੀ ਕਰਨੀ ਪਈ। ਮੀਂਹ ਕਰਕੇ ਦੂਰੋਂ ਦੂਰੋਂ ਪਹੁਚੇ ਦਰਸ਼ਕਾਂ ਨੂੰ ਬਿਨਾਂ ਫਾਈਨਲ ਦੇਖਣ ਤੋਂ ਵਾਪਸ ਜਾਣਾ ਪਿਆ। ਜੁਲਾਈ ਅਗਸਤ ਦੇ ਮਹੀਨੇ ਬਾਰਸ਼ਾਂ ਦੇ ਮਹੀਨੇ ਹੁੰਦੇ ਹਨ ਲੋੜ ਹੈ ਕਬੱਡੀ ਫੈਡਰੇਸ਼ਨ ਨੂੰ ਸੋਚਣ ਦੀ ਕਿ ਕਿਉਂ ਨਾ ਟੂਰਨਾਮੈਂਟਾਂ ਦਾ ਸੀਜ਼ਨ ਇੰਗਲੈਂਡ ਵਾਂਗ ਮਈ ਵਿੱਚ ਸ਼ੁਰੂ ਕਰ ਦਿੱਤਾ ਜਾਵੇ।

ਪਹਿਲੀ ਜੁਲਾਈ ਦਾ ਟੂਰਨਾਮੈਂਟ ਬੈਲਜੀਅਮ ਦੇ ਸ਼ਹਿਰ ਸੰਤਰੂਦਨ ਵਿੱਚ ਹੋਣਾ ਮੁਕੱਰਰ ਸੀ ਪਰ ਕਿਸੇ ਕਾਰਨ ਕਰਕੇ ਪ੍ਰਬੰਧਕਾਂ ਵੱਲੋਂ ਇਹ ਟੂਰਨਾਮੈਂਟ ਮੁਲਤਵੀ ਕਰ ਦਿੱਤਾ ਗਿਆ ਬਹੁਤ ਸਾਰੇ ਦਰਸ਼ਕਾਂ ਨੂੰ ਸਮੇਂ ਸਿਰ ਪਤਾ ਨਾਂ ਹੋਣ ਕਰਕੇ ਨਿਰਾਸ਼ ਹੋ ਕੇ ਵਾਪਸ ਜਾਣਾ ਪਿਆ ਕਬੱਡੀ ਫੈਡਰੇਸ਼ਨ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਗੇ ਤੋਂ ਅਜਿਹਾ ਨਾਂ ਵਾਪਰੇ ਸਾਨੂੰ ਸਾਰਿਆਂ ਨੂੰ ਦਰਸ਼ਕਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਜੋ ਕਬੱਡੀ ਨੂੰ ਪਿਆਰ ਕਰਕੇ ਹੀ ਤਿੰਨ ਚਾਰ ਸੌ ਕਿੱਲੋਮੀਟਰ ਤੋ ਚੱਲ ਕੇ ਪਹੁੰਚਦੇ ਹਨ। 8 ਜੁਲਾਈ ਦਾ ਟੂਰਨਾਮੈਂਟ ਜੋ ਜਰਮਨੀ ਦੇ ਸ਼ਹਿਰ ਡਿਊਸਬਰਗ ਵਿੱਚ ਮੁਕੱਰਰ ਸੀ ਉਹ ਵੀ ਕੈਂਸਲ ਹੋ ਗਿਆ ਇਹ ਸੁਣ ਕੇ ਇਕ ਵਾਰ ਫਿਰ ਕਬੱਡੀ ਪ੍ਰੇਮੀਆਂ ਨੂੰ ਧੱਕਾ ਲੱਗਾ। ਇਸੇ ਹੀ ਦੌਰਾਨ ਬੈਲਜੀਅਮ ਦੇ ਬਿਜ਼ਨਸਮੈਨ ਸ਼; ਸਿਮਰਜੀਤ ਸਿੰਘ ਸੰਧੂ ਵੱਲੋਂ ਤੇਜ ਟਰੈਵਲਜ਼ ਅਤੇ ਬਰਨਾਲਾ ਬ੍ਰਦਰਜ਼ ਨਾਲ ਮਿਲ ਕੇ 8 ਜੁਲਾਈ ਨੂੰ ਬੈਲਜੀਅਮ ਦੇ ਸ਼ਹਿਰ ਵਾਨਰੋਡੇ ਵਿੱਚ ਕਬੱਡੀ ਟੂਰਨਾਮੈਂਟ ਕਰਵਾਉਣ ਦਾ ਫ਼ੈਸਲਾ ਕੀਤਾ। ਇਸ ਟੂਰਨਾਮੈਂਟ ਨੂੰ ਕਰਵਾਉਣ ਲਈ ਕਿਸੇ ਪ੍ਰਕਾਰ ਦੀ ਕੋਈ ਉਗਰਾਹੀ ਨਹੀ ਕੀਤੀ ਗਈ ਸਗੋਂ ਦਰਸ਼ਕਾਂ ਉੱਪਰ 5 ਯੂਰੋ ਦੀ ਇੰਟਰੀ ਫ਼ੀਸ ਰੱਖੀ ਗਈ। ਇਕ ਵਾਰ ਫਿਰ ਖ਼ਰਾਬ ਮੌਸਮ ਵਿੱਚ ਇਹ ਟੂਰਨਾਮੈਂਟ ਸ਼ੁਰੂ ਹੋਇਆ ਯੂਰਪ ਦੀਆਂ ਸਾਰੀਆਂ ਟੀਮਾਂ ਨੇ ਇਸ ਵਿੱਚ ਹਿੱਸਾ ਲਿਆ ਦਰਸ਼ਕਾਂ ਨੇ ਵੱਧ ਚੜ ਕੇ ਇਸ ਟੂਰਨਾਮੈਂਟ ਵਿੱਚ ਪਹੁੰਚ ਕੇ ਇਹ ਸਾਬਤ ਕਰ ਦਿੱਤਾ ਕਿ ਕਬੱਡੀ ਨੂੰ ਦੇਖਣ ਲਈ 5 ਯੂਰੋ ਦੀ ਟਿਕਟ ਦੀ ਅਤੇ ਮੀਂਹ ਦੀ ਕੋਈ ਪ੍ਰਵਾਹ ਨਹੀ ਹੈ। ਸਾਰੇ ਹੀ ਮੈਚ ਸਫਲਤਾ ਪੂਰਵਕ ਹੋਏ ਫਾਈਨਲ ਵਿੱਚ ਇਕ ਵਾਰ ਫਿਰ ਸ਼ੇਰੇ-ਪੰਜਾਬ ਸਪੋਰਟਸ ਕਲੱਬ ਬੈਲਜੀਅਮ ਅਤੇ ਪੰਜਾਬ ਸਪੋਰਟਸ ਕਲੱਬ ਫਰਾਂਸ ਸਨ। ਬਹੁਤ ਹੀ ਵਧੀਏ ਮੈਚ ਚਲ ਰਿਹਾ ਸੀ ਸਾਰੇ ਦਰਸ਼ਕ ਸਾਹ ਸੂਤ ਕੇ ਪੈਂਦੀ ਕਬੱਡੀ ਅਤੇ ਲਗਦੇ ਜੱਫਿਆਂ ਨੂੰ ਦੇਖ ਰਹੇ ਸਨ ਬਿਲਕੁਲ ਬਰਾਬਰ ਦਾ ਮੁਕਾਬਲਾ ਚੱਲ ਰਿਹਾ ਸੀ। ਇਕ ਟੂਰਨਾਮੈਂਟ ਨੂੰ ਕਰਵਾਉਣ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ । ਕਬੱਡੀ ਫੈਡਰੇਸ਼ਨ ਨੂੰ ਇਸ ਬਾਬਤ ਕੋਈ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ ਜਿਵੇਂ ਫੁੱਟਬਾਲ ਵਿੱਚ ਲੜਾਈ ਕਰਨ ਵਾਲਿਆਂ ਨੂੰ ਸਟੇਡੀਅਮ ਵਿੱਚ ਦਾਖ਼ਲੇ ਦੀ ਮਨਾਹੀ ਹੈ ਇਸ ਤਰਾਂ ਹੀ ਕਬੱਡੀ ਵਿੱਚ ਵੀ ਕਰਨਾ ਚਾਹੀਦਾ ਹੈ। ਕੁਲ ਮਿਲਾ ਕੇ ਇਹ ਟੂਰਨਾਮੈਂਟ ਸਫਲ ਰਿਹਾ ਅਤੇ ਇਕ ਨਵੀਂ ਰੀਤ ਤੋਰ ਗਿਆ ਕਿ ਸਿਰਫ਼ ਇਕ ਟੂਰਨਾਮੈਂਟ ਕਰਵਾਉਣ ਲਈ ਲੋਕਾਂ ਕੋਲ ਘਰ ਘਰ ਜਾ ਕੇ ਪੈਸੇ ਮੰਗਣ ਦੀ ਲੋੜ ਨਹੀ ਹੈ।

15 ਜੁਲਾਈ ਦਾ ਖੇਡ ਮੇਲਾ ਬਾਰਸੀਲੋਨਾਂ ਸਪੇਨ ਵਿੱਚ ਹੋਇਆ ਜਿਸ ਨੂੰ ਸ਼ੇਰੇ ਪਾਕਿਸਤਾਨ ਸਪੋਰਟਸ ਕਲੱਬ ਬਾਰਸੀਲੋਨਾਂ ਵੱਲੋਂ ਕਰਵਾਇਆ ਗਿਆ ਜਿਨ੍ਹਾਂ ਪਿਆਰ ਕਬੱਡੀ ਨੂੰ ਚੜ੍ਹਦੇ ਪੰਜਾਬ ਵਿੱਚ ਕੀਤਾ ਜਾਂਦਾ ਹੈ ਉਨ੍ਹਾਂ ਹੀ ਪਿਆਰ ਲਹਿੰਦੇ ਪੰਜਾਬ ਵਿੱਚ ਵੀ ਕੀਤਾ ਜਾਂਦਾ ਹੈ ਸ਼ੇਰੇ ਪਾਕਿਸਤਾਨ ਸਪੋਰਟਸ ਕਲੱਬ ਬਾਰਸੀਲੋਨਾਂ ਦੀ ਟੀਮ ਵਿੱਚ ਸਾਰੇ ਹੀ ਖਿਡਾਰੀ ਲਹਿੰਦੇ ਪੰਜਾਬ ਨਾਲ ਸਬੰਧ ਰੱਖਦੇ ਹਨ ਕਬੱਡੀ ਨੂੰ ਬਹੁਤ ਪਿਆਰ ਕਰਦੇ ਹਨ ਸਾਰੀਆਂ ਟੀਮਾਂ ਦੇ ਖਿਡਾਰੀ ਇਸ ਤਰਾਂ ਪਿਆਰ ਨਾਲ ਖੇਡਦੇ ਹਨ ਕਿ ਪਤਾ ਹੀ ਨਹੀ ਲਗਦਾ ਕਿ ਕੋਣ ਕਿਸ ਮੁਲਕ ਨਾਲ ਸਬੰਧ ਰਖਦਾ ਹੈ ਰੱਬ ਕਰੇ ਇਹ ਇਨ੍ਹਾਂ ਮੁਲਕਾਂ ਵਿੱਚ ਖਿੱਚੀ ਗਈ ਲੀਕ ਖ਼ਤਮ ਹੋ ਜਾਵੇ। ਸਪੇਨ ਵਿੱਚ ਇਹ ਪਹਿਲਾ ਟੂਰਨਾਮੈਂਟ ਦੀ ਦੋਨਾਂ ਹੈ ਮੁਲਕਾਂ ਦੇ ਕਬੱਡੀ ਪ੍ਰੇਮੀ ਭਾਰੀ ਗਿਣਤੀ ਵਿੱਚ ਕਬੱਡੀ ਨੂੰ ਦੇਖਣ ਲਈ ਪਹੁੰਚੇ ਹੋਏ ਸਨ ਸਾਰੇ ਹੀ ਮੈਚ ਬਹੁਤ ਵਧੀਏ ਹੋਏ ਜਿਨ੍ਹਾਂ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ ਫਾਈਨਲ ਇਕ ਵਾਰ ਫਿਰ ਸ਼ੇਰੇ-ਪੰਜਾਬ ਸਪੋਰਟਸ ਕਲੱਬ ਬੈਲਜ਼ੀਅਮ ਅਤੇ ਪੰਜਾਬ ਸਪੋਰਟਸ ਕਲੱਬ ਫਰਾਂਸ ਵਿਚਕਾਰ ਹੋਇਆ ਤੇ ਬਾਜੀ ਫਿਰ ਬੈਲਜ਼ੀਅਮ ਵਾਲੇ ਮਾਰ ਗਏ। ਕੁਲ ਮਿਲਾ ਕੇ ਇਹ ਮੇਲਾ ਪੂਰੀ ਸਫਲਤਾ ਅਤੇ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ।

22 ਜੁਲਾਈ ਦਾ ਟੂਰਨਾਮੈਂਟ ਬਾਬਾ ਬੰਦਾ ਸਿੰਘ ਸਪੋਰਟਸ ਕਲੱਬ ਪੈਰਿਸ ਫਰਾਂਸ ਵੱਲੋਂ ਕਰਵਾਇਆ ਗਿਆ। ਮੇਲੇ ਦੀ ਸ਼ੁਰੂਆਤ ਬਹੁਤ ਹੀ ਵਧੀਏ ਤਰੀਕੇ ਨਾਲ ਹੋਈ ਆਉਣ ਵਾਲੇ ਦਰਸ਼ਕਾਂ ਲਈ ਚਾਹ ਪਾਣੀ ਦਾ ਬਹੁਤ ਵਧੀਏ ਪ੍ਰਬੰਧ ਕੀਤਾ ਗਿਆ ਸੀ। ਗਰਾਂਉਡ ਵੀ ਕਬੱਡੀ ਵਾਸਤੇ ਬਹੁਤ ਹੀ ਵਧੀਏ ਸੀ ਏਅਰ ਪੋਰਟ ਦੇ ਨੇੜੇ ਹੋਣ ਕਰਕੇ ਵੱਖ ਵੱਖ ਤਰਾਂ ਦੇ ਜਹਾਜ਼ ਦੇਖਣ ਨੂੰ ਮਿਲ ਰਹੇ ਸਨ ਦਰਸ਼ਕਾਂ ਦਾ ਬਹੁਤ ਹੀ ਭਾਰੀ ਇਕੱਠ ਹੋਇਆ। ਮੈਚ ਸ਼ੁਰੂ ਬਹੁਤ ਹੀ ਵਧੀਏ ਤਰੀਕੇ ਨਾਲ ਹੋਏ ਪਰ ਹਾਫ਼ ਟਾਈਮ ਵਿੱਚ ਇਕ ਖਿਡਾਰੀ ਵੱਲੋਂ ਦੂਜੀ ਟੀਮ ਦੇ ਕੋਚ ਦੇ ਥੱਪੜ ਮਾਰ ਦਿੱਤਾ ਜਿਸ ਕਰਕੇ ਇਸ ਟੀਮ ਨੂੰ ਬਾਹਰ ਕੱਢ ਦਿੱਤਾ ਗਿਆ। ਦੂਸਰਾ ਮੈਚ ਮੇਜ਼ਬਾਨ ਟੀਮ ਦਾ ਬਾਰਸੀਲੋਨਾਂ ਸਪੋਰਟਸ ਕਲੱਬ ਸਪੇਨ ਨਾਲ ਸ਼ੁਰੂ ਹੋਇਆ ਹਾਫ਼ ਟਾਈਮ ਤੀਕਰ ਸਭ ਠੀਕ ਰਿਹਾ ਪਰ ਹਾਫ਼ ਟਾਈਮ ਵਿੱਚ ਮੇਜ਼ਬਾਨ ਟੀਮ ਕੁੱਝ ਅੰਕਾਂ ਨਾਲ ਹਾਰ ਰਹੀ ਸੀ ਅਤੇ ਪ੍ਰਬੰਧਕਾਂ ਵੱਲੋਂ ਇਕ ਨਵਾਂ ਖਿਡਾਰੀ ਖਿਡਾਉਣ ਦੀ ਜ਼ਿੱਦ ਕੀਤੀ ਇਸ ਟੀਮ ਵਿੱਚ ਪਹਿਲਾਂ ਹੀ ਫੈਡਰੇਸ਼ਨ ਦੇ ਕਾਨੂੰਨ ਮੁਤਬਕ ਬਾਹਰ ਵਾਲੇ ਪੂਰੇ ਖਿਡਾਰੀ ਖੇਡ ਰਹੇ ਸਨ ਇਸ ਕਰਕੇ ਯੂਰਪੀਅਨ ਕਬੱਡੀ ਫੈਡਰੇਸ਼ਨ ਵੱਲੋਂ ਇਹ ਜ਼ਿੱਦ ਪੂਰੀ ਕਰਨ ਤੋਂ ਨਾਂਹ ਕਰ ਦਿੱਤੀ ਪ੍ਰਬੰਧਕ ਆਪਣੀ ਜ਼ਿੱਦ ਉੱਪਰ ਕਾਇਮ ਰਹੇ ਫੈਡਰੇਸ਼ਨ ਵੱਲੋਂ ਇਸ ਟੂਰਨਾਮੈਂਟ ਦਾ ਬਾਈਕਾਟ ਕਰ ਦਿੱਤਾ। ਪ੍ਰਬੰਧਕਾਂ ਵੱਲੋਂ ਆਪਣੀ ਇੱਜ਼ਤ ਬਚਾਉਣ ਲਈ ਹਰ ਟੀਮ ਨੂੰ ਇਕ ਮੈਚ ਖੇਡਣ ਲਈ ਕਿਹਾ ਇਕ ਟੀਮ ਤੋਂ ਬਿਨਾਂ ਸਾਰੀਆਂ ਟੀਮਾਂ ਨੇ ਯੂਰਪੀਅਨ ਕਬੱਡੀ ਫੈਡਰੇਸ਼ਨ ਦੇ ਫ਼ੈਸਲੇ ਨੂੰ ਮੰਨਦੇ ਹੋਏ ਖੇਡਣ ਤੋਂ ਨਾਂਹ ਕਰ ਦਿੱਤੀ। ਫੈਡਰੇਸ਼ਨ ਵੱਲੋਂ ਬਾਬਾ ਬੰਦਾ ਸਿੰਘ ਸਪੋਰਟਸ ਕਲੱਬ ਪੈਰਿਸ ਦੇ ਨਾਲ ਨਾਲ ਮੈਚ ਖੇਡਣ ਵਾਲੀ ਟੀਮ ਚੜ੍ਹਦੀ ਕਲਾ ਸਪੋਰਟਸ ਕਲੱਬ ਬੈਲਜੀਅਮ ਦਾ ਵੀ ਬਾਈਕਾਟ ਕਰ ਦਿੱਤਾ ਗਿਆ। ਇੱਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਅਸੀ ਟੂਰਨਾਮੈਂਟ ਦਾ ਆਯੋਜਨ ਸਿਰਫ਼ ਆਪਣੀ ਟੀਮ ਨੂੰ ਜਿੱਤਦਾ ਦੇਖਣ ਲਈ ਹੀ ਕਰਵਾਉਂਦੇ ਹਾਂ ਅਗਰ ਪ੍ਰਬੰਧਕ ਜ਼ਿੱਦ ਨਾਂ ਕਰਦੇ ਤਾਂ ਇਸ ਟੂਰਨਾਮੈਂਟ ਦੀ ਗਿਣਤੀ ਇਕ ਵਧੀਏ ਟੂਰਨਾਮੈਂਟਾਂ ਵਿੱਚ ਹੁੰਦੀ ਦੂਸਰਾ ਇਹ ਕਿ ਅਗਰ ਚੜ੍ਹਦੀ ਕਲਾ ਦੀ ਟੀਮ ਇਸ ਮੈਚ ਵਿੱਚ ਨਾਂ ਖੇਡਦੀ ਤਾਂ ਸ਼ਾਇਦ ਪ੍ਰਬੰਧਕ ਸੋਚਣ ਲਈ ਮਜਬੂਰ ਹੋ ਜਾਂਦੇ ਕਿ ਫੈਡਰੇਸ਼ਨ ਦੇ ਨਾਲ ਚਲਣਾਂ ਚਾਹੀਦਾ ਹੈ। ਅਗੇ ਤੋਂ ਫੈਡਰੇਸ਼ਨ ਨੂੰ ਚਾਹੀਦਾ ਹੈ ਕਿ ਪਹਿਲਾਂ ਤੋਂ ਹੀ ਅਜਿਹੇ ਫ਼ੈਸਲੇ ਕੀਤੇ ਜਾਣ ਤਾਂ ਹੋ ਸੈਂਕੜੇ ਕਿੱਲੋਮੀਟਰਾਂ ਤੋਂ ਜਾ ਕੇ ਨਿਰਾਸ਼ ਹੋ ਕੇ ਨਾਂ ਮੁੜਨਾ ਪਵੇ। ਇਸ ਟੂਰਨਾਮੈਂਟ ਵਿੱਚ ਇਕ ਵੀ ਪੂਰਾ ਨਾਂ ਹੋ ਸਕਿਆ ਇਕ ਤਰਾਂ ਨਾਲ ਪੂਰੀ ਤਰਾਂ ਅਸਫਲ ਟੂਰਨਾਮੈਂਟ ਰਿਹਾ।

ਅਗਲਾ ਮੇਲਾ ਸ਼ੇਰੇ-ਪੰਜਾਬ ਸਪੋਰਟਸ ਕਲੱਬ ਬੈਲਜੀਅਮ ਵੱਲੋਂ ਹਰ ਸਾਲ ਦੀ ਤਰਾਂ ਬੈਲਜ਼ੀਅਮ ਦੇ ਸ਼ਹਿਰ ਹਾਸਲਟ ਵਿੱਚ ਕਰਵਾਇਆ ਗਿਆ। ਇਸ ਮੇਲੇ ਦੀ ਇੰਟਰੀ ਫ਼ੀਸ 5 ਯੂਰੋ ਰੱਖੀ ਗਈ ਸੀ ਪਹਿਲਾਂ ਹੀ ਇਸ਼ਤਿਹਾਰ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਗਈ ਸੀ ਮਤਲਬ ਕਿ ਜੋ ਵੀ ਆਪਣੇ ਘਰੋਂ ਮੇਲਾ ਦੇਖਣ ਚਲਿਆ ਉਸ ਨੂੰ ਇਹ ਪਤਾ ਸੀ ਕਿ ਐਂਟਰੀ ਮੁਫ਼ਤ ਨਹੀ ਹੈ। ਸ਼ੇਰੇ-ਪੰਜਾਬ ਸਪੋਰਟਸ ਕਲੱਬ ਬੈਲਜ਼ੀਅਮ ਦੇ ਪ੍ਰਧਾਨ ਪ੍ਰਤਾਪ ਸਿੰਘ ਅਤੇ ਬਾਕੀ ਮੈਂਬਰਾਂ ਵੱਲੋਂ ਬਹੁਤ ਹੀ ਵਧੀਏ ਤਰੀਕੇ ਨਾਲ ਨਸ਼ਾ ਰਹਿਤ ਟੂਰਨਾਮੈਂਟ ਕਰਵਾਇਆ ਗਿਆ ਜਿਸ ਦੀ ਜਿਨੀ ਵੀ ਸਿਫ਼ਤ ਕੀਤੀ ਜਾਵੇ ਥੋੜੀ ਹੈ। ਪਿਛਲੇ ਫਰਾਂਸ ਵਾਲੇ ਮੇਲੇ ਦੌਰਾਨ ਚੜ੍ਹਦੀ ਕਲਾ ਸਪੋਰਟਸ ਕਲੱਬ ਦਾ ਫੈਡਰੇਸ਼ਨ ਵੱਲੋਂ ਬਾਈਕਾਟ ਕੀਤਾ ਗਿਆ ਸੀ ਚੜ੍ਹਦੀ ਕਲਾ ਸਪੋਰਟਸ ਕਲੱਬ ਦੇ ਕੁੱਝ ਸਮਝਦਾਰ ਮੈਂਬਰਾਂ ਵੱਲੋਂ ਫੈਡਰੇਸ਼ਨ ਨਾਲ ਸੰਪਰਕ ਕਰਕੇ ਕੋਈ ਹੱਲ ਕੱਢਣ ਦੀ ਬੇਨਤੀ ਕੀਤੀ ਸੀ ਜਿਸ ਨੂੰ ਫੈਡਰੇਸ਼ਨ ਵੱਲੋਂ ਕੁੱਝ ਸ਼ਰਤਾਂ ਸਮੇਤ ਕਲੱਬ ਨੂੰ ਮਾਫ਼ ਕਰ ਦਿੱਤਾ ਅਤੇ ਟੀਮ ਨੂੰ ਖੇਡਣ ਦੀ ਇਜਾਜ਼ਤ ਦੇ ਦਿੱਤੀ। ਮੈਚ ਸ਼ੁਰੂ ਹੋਏ ਏਨੇ ਫਸਵੇਂ ਮੁਕਾਬਲੇ ਸਨ ਕਿ ਜੋ ਜਿੱਥੇ ਬੈਠਾ ਸੀ ਉੱਥੇ ਹੀ ਬੈਠਾ ਰਿਹਾ ਕਲੱਬ ਵੱਲੋਂ ਏਨੇ ਵਧੀਏ ਤਰੀਕੇ ਨਾਲ ਮੈਚ ਕਰਵਾਏ ਗਏ ਜਿਸ ਦੀ ਹਰ ਇਕ ਨੇ ਸਿਫ਼ਤ ਕੀਤੀ।

ਫਾਈਨਲ ਮੈਚ ਤੋਂ ਪਹਿਲਾਂ ਇੰਗਲੈਂਡ ਤੋਂ ਆਏ ਗਿੱਧਾ ਗਰੁੱਪ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਫਾਈਨਲ ਮੈਚ ਇਕ ਵਾਰ ਫਿਰ ਸ਼ੇਰੇ-ਪੰਜਾਬ ਸਪੋਰਟਸ ਕਲੱਬ ਬੈਲਜੀਅਮ ਅਤੇ ਪੰਜਾਬ ਸਪੋਰਟਸ ਕਲੱਬ ਫਰਾਂਸ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਬੈਲਜੀਅਮ ਦੀ ਟੀਮ ਨੇ ਜਿੱਤ ਕੇ ਕੱਪ ਘਰ ਹੀ ਰੱਖ ਲਿਆ। ਇਸ ਟੂਰਨਾਮੈਂਟ ਦੌਰਾਨ ਸਿਕਿਉਰਿਟੀ ਦਾ ਬਹੁਤ ਜੀ ਵਧੀਆ ਪ੍ਰਬੰਧ ਕੀਤਾ ਗਿਆ ਸੀ ਬੈਲਜੀਅਮ ਵਿਚ ਪਿਛਲੇ ਮੇਲੇ ਦੌਰਾਨ ਦੋ ਸ਼ਰਾਬੀਆਂ ਵੱਲੋਂ ਲੜਾਈ ਕੀਤੀ ਗਈ ਸੀ ਇਸ ਕਰਕੇ ਇਸ ਮੇਲੇ ਵਿੱਚ ਪੂਰੀ ਚੌਕਸੀ ਵਰਤੀ ਗਈ ਸੀ। ਬੈਲਜ਼ੀਅਮ ਸੀ ਪੁਲੀਸ ਨੇ ਜਿਸ ਤਰਾਂ ਇਸ ਮੇਲੇ ਵਿੱਚ ਸ਼ਰਾਬ ਤੇ ਕੰਟਰੋਲ ਕੀਤਾ ਗਿਆ ਇਹ ਇਕ ਸ਼ਲਾਘਾਯੋਗ ਕੰਮ ਸੀ। ਪ੍ਰਬੰਧਕ ਹਰ ਮੇਲੇ ਦੌਰਾਨ ਇਹ ਬੇਨਤੀ ਕਰਦੇ ਹਨ ਕਿ ਸ਼ਰਾਬ ਪੀ ਕੇ ਗਰਾਂਉਡ ਵਿੱਚ ਨਾਂ ਆਇਆ ਜਾਵੇ ਪਰ ਕੋਈ ਨਹੀ ਸੁਣਦਾ ਲੇਕਿਨ ਇਸ ਵਾਰ ਪੁਲੀਸ ਦੇ ਕੰਟਰੋਲ ਕਰਨ ਨਾਲ ਕੋਈ ਵੀ ਪੀਣ ਦਾ ਹੌਸਲਾ ਨਾਂ ਕਰ ਸਕਿਆ। ਪੁਲੀਸ ਵੱਲੋਂ ਗਰਾਂਉਡ ਦੇ 200 ਮੀਟਰ ਦੇ ਘੇਰੇ ਅੰਦਰ ਸ਼ਰਾਬ ਪੀਣ ਉੱਪਰ ਪੂਰਨ ਪਾਬੰਦੀ ਲਾਈ ਹੋਈ ਸੀ ਜੋ ਬਹੁਤ ਕਾਰਗਰ ਸਾਬਤ ਹੋਈ। ਯੂਰਪ ਦਾ ਇਹ ਪਹਿਲਾ ਮੇਲਾ ਸੀ ਜੋ ਨਸ਼ਾ ਰਹਿਤ ਮੇਲਾ ਹੋ ਗੁਜ਼ਰਿਆ ਇਸ ਮੇਲੇ ਦੌਰਾਨ ਕੋਈ ਵੀ ਮਾੜੀ ਘਟਨਾ ਨਹੀ ਵਾਪਰੀ ਕਿਸੇ ਵੀ ਟੀਮ ਦੀ ਕੋਈ ਬਹਿਸ ਨਹੀ ਹੋਈ ਗੱਲ ਕੀ ਹਰ ਪੱਖੋਂ ਇਕ ਸਫਲ ਮੇਲਾ ਹੋਇਆ। ਏਨੇ ਸ਼ਾਨਦਾਰ ਤਰੀਕੇ ਨਾਲ ਮੇਲਾ ਕਰਵਾਉਣ ਲਈ ਹਰ ਇਕ ਨੇ ਕਲੱਬ ਨੂੰ ਵਧਾਈ ਦਿੱਤੀ ਮੁੱਕਦੀ ਗੱਲ ਇਹ ਮੇਲਾ ਆਪਣੀ ਇਕ ਅਮਿੱਟ ਯਾਦ ਛੱਡ ਗਿਆ।

5 ਅਗਸਤ ਨੂੰ ਪੈਰਿਸ ਵਿੱਚ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਵੱਲੋਂ ਪਲੇਠਾ ਖੇਡ ਮੇਲਾ ਕਰਵਾਇਆ ਗਿਆ। ਪਹਿਲਾ ਮੇਲਾ ਹੋਣ ਦੇ ਬਾਵਜੂਦ ਇਸ ਮੇਲੇ ਦੇ ਪ੍ਰਬੰਧ ਵਿੱਚ ਕੋਈ ਕਮੀ ਨਹੀ ਸੀ ਰੁਕ ਰੁਕ ਕੇ ਹੁੰਦੀ ਬਾਰਸ਼ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਦਰਸ਼ਕ ਕਬੱਡੀ ਦੇਖਣ ਲਈ ਪਹੁਚੇ। ਪ੍ਰਬੰਧਕਾਂ ਵੱਲੋਂ ਇਸ ਖੇਡ ਮੇਲੇ ਨੂੰ ਸਫਲ ਕਰਨ ਲਈ ਜਰ ਤਰਾਂ ਦੇ ਪ੍ਰਬੰਧ ਕੀਤੇ ਹੋਏ ਸਨ ਸਿਕਿਉਰਿਟੀ ਦਾ ਵਧੀਏ ਪ੍ਰਬੰਧ ਸੀ। ਯੂਰਪੀਅਨ ਕਬੱਡੀ ਫੈਡਰੇਸ਼ਨ ਦੀਆਂ ਸਾਰੀਆਂ ਟੀਮਾਂ ਇਸ ਮੇਲੇ ਵਿੱਚ ਪਹੁੰਚੀਆਂ ਹੋਈਆਂ ਸਨ ਹਰ ਖਿਡਾਰੀ ਨੇ ਆਪਣੀ ਟੀਮ ਨੂੰ ਜਿਤਾਉਣ ਦੀ ਪੂਰੀ ਵਾਹ ਲਾਈ। ਸੈਮੀਫਾਈਨਲ ਮੈਚਾਂ ਵਿੱਚ ਸ਼ੇਰੇ-ਪੰਜਾਬ ਸਪੋਰਟਸ ਕਲੱਬ ਬੈਲਜੀਅਮ ਨੇ ਬਾਰਸੀਲੋਨਾਂ ਕਬੱਡੀ ਕਲੱਬ ਨੂੰ ਹਰਾ ਕੇ ਫਾਈਨਲ ਵਿੱਚ ਜਗਾ ਬਣਾਈ ਅਤੇ ਦੂਜੇ ਪਾਸੇ ਪੰਜਾਬ ਸਪੋਰਟਸ ਕਲੱਬ ਪੈਰਿਸ ਦੀ ਟੀਮ ਦਾ ਮੁਕਾਬਲਾ ਪਹਿਲੀ ਵਾਰ ਸੈਮੀਫਾਈਨਲ ਵਿੱਚ ਪਹੁੰਚੀ ਪੰਜਾਬ ਸਪੋਰਟਸ ਕਲੱਬ ਅਮਸਟਰਡਮ ਹਾਲੈਂਡ ਦੀ ਟੀਮ ਨਾਲ ਹੋਇਆ। ਇਕ ਬਹੁਤ ਹੀ ਜ਼ਬਰਦਸਤ ਮੈਚ ਵਿੱਚ ਅਮਸਟਰਡਮ ਦੀ ਟੀਮ ਪੈਰਿਸ ਦੀ ਟੀਮ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚ ਗਈ। ਫਾਈਨਲ ਮੈਚ ਤੋਂ ਪਹਿਲਾਂ ਭੰਗੜਾ ਗਰੁੱਪ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਮੱਠੀ ਮੱਠੀ ਪੈਂਦੀ ਭੂਰ ਵਿੱਚ ਫਾਈਨਲ ਮੈਚ ਹੋਇਆ ਜੋ ਇਕ ਵਾਰ ਫਿਰ ਸ਼ੇਰੇ-ਪੰਜਾਬ ਸਪੋਰਟਸ ਕਲੱਬ ਬੈਲਜੀਅਮ ਨੇ ਜਿੱਤਿਆ। ਪਹਿਲੀ ਨਜ਼ਰ ਵਿੱਚ ਦੇਖਣ ਨੂੰ ਬੈਲਜੀਅਮ ਦੀ ਟੀਮ ਮਜ਼ਬੂਤ ਟੀਮ ਨਹੀ ਲਗਦੀ ਪਰ ਖਿਡਾਰੀ ਜਿਸ ਲਗਨ ਨਾਲ ਖੇਡਦੇ ਹਨ ਬੱਸ ਕਮਾਲ ਹੀ ਕਰ ਦਿੰਦੇ ਹਨ। ਕੁਲ ਮਿਲਾ ਕੇ ਇਹ ਖੇਡ ਮੇਲਾ ਸਫਲਤਾ ਪੂਰਵਕ ਸਮਾਪਤ ਹੋਇਆ।

12 ਅਗਸਤ ਦਾ ਟੂਰਨਾਮੈਂਟ ਫਿਰ ਬੈਲਜ਼ੀਅਮ ਦੇ ਹਿੱਸੇ ਆਇਆ ਚੜ੍ਹਦੀ ਕਲਾ ਸਪੋਰਟਸ ਕਲੱਬ ਵੱਲੋਂ ਜੋ ਪਹਿਲੀ ਜੁਲਾਈ ਦਾ ਟੂਰਨਾਮੈਂਟ ਮੁਲਤਵੀ ਕਰ ਦਿੱਤਾ ਗਿਆ ਸੀ ਉਹ ਟੂਰਨਾਮੈਂਟ ਹੋ ਰਿਹਾ ਸੀ। ਬੈਲਜੀਅਮ ਦੀ ਸੰਘਣੀ ਪੰਜਾਬੀ ਵਸੋਂ ਵਾਲੇ ਸ਼ਹਿਰ ਸੰਤਰੂਦਨ ਵਿੱਚ ਇਹ ਟੂਰਨਾਮੈਂਟ ਹੋ ਰਿਹਾ ਸੀ। ਪ੍ਰਬੰਧਕਾ ਵੱਲੋਂ ਬਹੁਤ ਹੀ ਵਧੀਏ ਤਰੀਕੇ ਨਾਲ ਸਾਰਾ ਪ੍ਰਬੰਧ ਕੀਤਾ ਗਿਆ ਸੀ ਸਵੇਰੇ ਸਵੇਰੇ ਗੁਰਦਵਾਰਾ ਸਾਹਿਬ ਵੱਲੋਂ ਗਰਮ ਗਰਮ ਜਲੇਬੀਆਂ ਚਾਹ ਪਕੌੜਿਆਂ ਨਾਲ ਮਿਲ ਰਹੀਆਂ ਸਨ। ਪਹਿਲੀ ਵਾਰ ਇਸ ਖੇਡ ਮੇਲੇ ਵਿੱਚ 5 ਯੂਰੋ ਐਂਟਰੀ ਫ਼ੀਸ ਰੱਖੀ ਗਈ ਸੀ। ਪੁਲੀਸ ਅਤੇ ਸਿਕਿਉਰਿਟੀ ਦਾ ਪ੍ਰਬੰਧ ਇੱਥੇ ਵੀ ਬਹੁਤ ਵਧੀਏ ਸੀ ਆਉਣ ਵਾਲੀ ਹਰ ਗੱਡੀ ਦੀ ਤਲਾਸ਼ੀ ਪੁਲੀਸ ਵੱਲੋਂ ਲਈ ਜਾ ਰਹੀ ਸੀ ਤਾਂ ਜੋ ਕੋਈ ਵੀ ਸ਼ਰਾਬ ਜਾਂ ਕਿਸੇ ਕਿਸਮ ਦਾ ਹਥਿਆਰ ਨਾਂ ਲਿਜਾ ਸਕੇ। ਬੈਲਜ਼ੀਅਮ ਵਿੱਚ ਹੋਏ ਦੋਨਾਂ ਹੀ ਟੂਰਨਾਮੈਂਟਾਂ ਵਿੱਚ ਇੱਥੋਂ ਦੀ ਪੁਲੀਸ ਨੇ ਬਹੁਤ ਸਾਥ ਦਿੱਤਾ ਹੈ। ਮੇਲੇ ਵਾਲੇ ਦਿਨ ਸੂਰਜ ਆਪਣੇ ਪੂਰੇ ਜੋਬਨ ਉੱਪਰ ਸੀ ਇਹ ਪਹਿਲਾ ਮੇਲਾ ਸੀ ਜਦੋਂ ਕਿਧਰੇ ਵੀ ਬੱਦਲਵਾਈ ਦਾ ਨਾਮੋ ਨਿਸ਼ਾਨ ਨਹੀ ਸੀ। ਟੂਰਨਾਮੈਂਟ ਦੇ ਸਾਰੇ ਹੀ ਮੈਚ ਬਹੁਤ ਵਧੀਏ ਖੇਡੇ ਗਏ ਦਰਸ਼ਕਾਂ ਨੇ ਕਬੱਡੀ ਦਾ ਭਰਪੂਰ ਨਜ਼ਾਰਾ ਲਿਆ। ਫਾਈਨਲ ਮੈਚ ਪੰਜਾਬ ਸਪੋਰਟਸ ਕਲੱਬ ਅਮਸਟਰਡਮ ਹਾਲੈਂਡ ਅਤੇ ਪੰਜਾਬ ਸਪੋਰਟਸ ਕਲੱਬ ਪੈਰਿਸ ਵਿਚਕਾਰ ਖੇਡਿਆ ਗਿਆ ਜਿਸ ਨੂੰ ਪੰਜਾਬ ਸਪੋਰਟਸ ਕਲੱਬ ਪੈਰਿਸ ਨੇ ਜਿੱਤ ਲਿਆ। ਕੁਲ ਮਿਲਾ ਕੇ ਇਹ ਟੂਰਨਾਮੈਂਟ ਇਕ ਸਫਲ ਟੂਰਨਾਮੈਂਟ ਰਿਹਾ ਕਲੱਬ ਦੇ ਮੋਢੀ ਸੁਰਜੀਤ ਸਿੰਘ ਖਹਿਰਾ ਇਕ ਸਫਲ ਟੂਰਨਾਮੈਂਟ ਕਰਵਾਉਣ ਲਈ ਵਧਾਈ ਦੇ ਪਾਤਰ ਹਨ।

ਇਸ ਸੀਜ਼ਨ ਦਾ ਆਖ਼ਰੀ ਖੇਡ ਮੇਲਾ ਹੋਇਆ ਫਰਾਂਸ ਦੇ ਸ਼ਹਿਰ ਪੈਰਿਸ ਵਿੱਚ ਜਿਸ ਨੂੰ ਕਰਵਾਇਆ ਫਰਾਂਸ ਦੇ ਸਭ ਤੋਂ ਪੁਰਾਣੇ ਕਲੱਬ ਪੰਜਾਬ ਸਪੋਰਟਸ ਕਲੱਬ ਪੈਰਿਸ ਨੇ। ਦੋ ਦਿਨ ਚਲੇ ਇਸ ਮੇਲੇ ਨੇ ਹੁਣ ਤਕ ਦੇ ਸਭ ਰਿਕਾਰਡ ਤੋੜ ਦਿੱਤੇ। ਪਹਿਲੇ ਦਿਨ ਫੁੱਟਬਾਲ ਦੇ ਮੈਚ ਕਰਵਾਏ ਗਏ ਇਸ ਦੇ ਨਾਲ ਬੱਚਿਆਂ ਦੀਆਂ ਦੌੜਾਂ ਕਰਵਾਈਆਂ ਗਈਆਂ। ਬੀਬੀਆਂ ਲਈ ਤੀਆਂ ਦਾ ਮੇਲਾ ਕਰਵਾ ਕੇ ਪੰਜਾਬ ਦੀ ਯਾਦ ਤਾਜ਼ਾ ਕੀਤੀ ਗਈ। ਦੂਸਰੇ ਦਿਨ ਕਬੱਡੀ ਦੇ ਮੈਚ ਕਰਵਾਏ ਗਏ ਅੱਤ ਦੀ ਗਰਮੀ ਵਿੱਚ ਹੋਏ ਇਸ ਖੇਡ ਮੇਲੇ ਵਿੱਚ ਦਰਸ਼ਕਾਂ ਦੇ ਇਕੱਠ ਨੂੰ ਦੇਖ ਕੇ ਇੰਜ ਲਗਦਾ ਸੀ ਜਿਵੇਂ ਕਪੂਰਥਲੇ ਦੇ ਸਟੇਡੀਅਮ ਵਿੱਚ ਆ ਗਏ ਹੋਈਏ। ਹੁਣ ਤੱਕ ਹੋਏ ਯੂਰਪ ਭਰ ਦੇ ਮੇਲਿਆਂ ਦਾ ਸਭ ਤੋਂ ਵੱਧ ਇਕੱਠ ਇਸ ਖੇਡ ਮੇਲੇ ਵਿੱਚ ਹੋਇਆ। ਪ੍ਰਬੰਧਕਾਂ ਨੂੰ ਏਨੇ ਇਕੱਠ ਦੀ ਉਮੀਦ ਸੀ ਇਸੇ ਹੀ ਕਰਕੇ ਪੂਰੀ ਤਿਆਰੀ ਕੀਤੀ ਹੋਈ ਸੀ। ਸ਼ਾਨਦਾਰ ਮਾਹੌਲ ਵਿੱਚ ਹੋਏ ਇਸ ਖੇਡ ਮੇਲੇ ਵਿੱਚ ਬਹੁਤ ਹੀ ਵਧੀਏ ਮੈਚ ਹੋਏ। ਸਾਰੀਆਂ ਹੀ ਟੀਮਾਂ ਨੇ ਆਖ਼ਰੀ ਮੇਲਾ ਲੁੱਟਣ ਦੀ ਪੂਰੀ ਵਾਹ ਲਾਈ। ਸੈਮੀਫਾਈਨਲ ਮੈਚ ਬਹੁਤ ਹੀ ਵਧੀਏ ਹੋਏ। ਸੈਮੀਫਾਈਨਲ ਮੈਚਾਂ ਵਿੱਚ ਸ਼ੇਰੇ-ਪੰਜਾਬ ਸਪੋਰਟਸ ਕਲੱਬ ਬੈਲਜ਼ੀਅਮ ਨੇ ਪੰਜਾਬ ਸਪੋਰਟਸ ਕਲੱਬ ਪੈਰਿਸ ਨੂੰ ਅਤੇ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਫਰਾਂਸ ਨੇ ਬਾਰਸੀਲੋਨਾਂ ਕਬੱਡੀ ਕਲੱਬ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਫਾਈਨਲ ਮੈਚ ਤੋਂ ਪਹਿਲਾਂ ਪੈਰਿਸ ਭੰਗੜਾ ਗਰੁੱਪ ਵੱਲੋਂ ਸ਼ਾਨਦਾਰ ਭੰਗੜਾ ਪੇਸ਼ ਕੀਤਾ ਗਿਆ। ਇਕ ਫਸਵੇਂ ਮੁਕਾਬਲੇ ਵਿੱਚ ਇਸ ਸੀਜ਼ਨ ਦਾ ਆਖ਼ਰੀ ਕੱਪ ਵੀ ਸ਼ੇਰੇ-ਪੰਜਾਬ ਸਪੋਰਟਸ ਕਲੱਬ ਬੈਲਜ਼ੀਅਮ ਦੇ ਹਿੱਸੇ ਆਇਆ। ਪੈਰਿਸ ਦਾ ਇਹ ਮੇਲਾ ਪੂਰੀ ਸਫਲਤਾ ਨਾਲ ਨੇਪਰੇ ਚੜਿਆ। ਇਸ ਮੇਲੇ ਦਾ ਪੂਰਾ ਸਿਹਰਾ ਬਾਜ਼ ਸਿੰਘ ਵਿਰਕ, ਰਘਬੀਰ ਸਿੰਘ ਕੁਹਾੜ, ਰਾਮ ਸਿੰਘ ਵਿਰਕ, ਕੁਲਦੀਪ ਸਿੰਘ, ਜਗਤਾਰ ਸਿੰਘ ਬਿੱਟੂ ਅਤੇ ਸਾਰੇ ਕਲੱਬ ਮੈਂਬਰਾਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਦਿਨ ਰਾਤ ਇਕ ਕਰਕੇ ਇਸ ਮੇਲੇ ਨੂੰ ਸਫਲ ਕੀਤਾ। ਇਸ ਵਾਰ ਕਬੱਡੀ ਕੂਮੈਟੇਟਰ ਆਲਮਗੀਰ ਨੇ ਕਬੱਡੀ ਦੀ ਕੁਮੈਂਟਰੀ ਬਹੁਤ ਹੀ ਵਧੀਆ ਤੇ ਨਿਰਾਲੇ ਅੰਦਾਜ਼ ਵਿੱਚ ਨਿਭਾਈ।

17 ਜੂਨ ਤੋਂ ਲੈ ਕੇ 19 ਅਗਸਤ ਤੱਕ ਚਲੇ ਇਕ ਖੇਡ ਮੇਲੇ ਇਕ ਨਵੀ ਸੇਧ ਦੇ ਗਏ। ਇਸ ਵਾਰ ਇਨ੍ਹਾਂ ਖੇਡ ਮੇਲਿਆਂ ਵਿੱਚ ਮੀਡੀਆ ਦਾ ਬਹੁਤ ਯੋਗਦਾਨ ਰਿਹਾ। ਪ੍ਰਿੰਟ ਮੀਡੀਆ ਦੇ ਨਾਲ ਨਾਲ ਇਸ ਵਾਰ ਇਲਕਟਰੋਨਿਕ ਮੀਡੀਆ ਨੇ ਵੀ ਆਪਣੀ ਭੂਮਿਕਾ ਬਾਖ਼ੂਬੀ ਨਿਭਾਈ। ਤਕਰੀਬਨ ਸਾਰੇ ਹੀ ਟੂਰਨਾਮੈਂਟਾਂ ਦੀ ਕਵਰੇਜ ਬਹੁਤ ਵਧੀਏ ਤਰੀਕੇ ਨਾਲ ਕੀਤੀ ਗਈ। ਮੀਡੀਆ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਰਿਹਾ। ਮੀਡੀਆ ਪੰਜਾਬ ਵੱਲੋਂ ਯੂਰਪੀਅਨ ਕਬੱਡੀ ਫੈਡਰੇਸ਼ਨ ਦੇ ਰੂਲ ਲਗਾਤਾਰ ਲਗਾਈ ਰੱਖੇ ਹਰ ਟੂਰਨਾਮੈਂਟ ਦੀ ਬਾਖ਼ੂਬੀ ਜਾਣਕਾਰੀ ਦਿੱਤੀ ਅਤੇ ਹਰ ਮੇਲੇ ਦੀਆਂ ਸੈਂਕੜੇ ਫ਼ੋਟੋ ਪ੍ਰਕਾਸ਼ਿਤ ਕੀਤੀਆਂ। ਇਸ ਸੀਜ਼ਨ ਦੇ ਟੂਰਨਾਮੈਂਟ ਦੀ ਸਭ ਤੋਂ ਵਧੀਏ ਟੀਮ ਰਹੀ ਸ਼ੇਰੇ-ਪੰਜਾਬ ਸਪੋਰਟਸ ਕਲੱਬ ਬੈਲਜੀਅਮ ਦੀ ਟੀਮ ਜਿਸ ਨੇ ਪੂਰੇ ਸੀਜ਼ਨ ਵਿੱਚ ਸਿਰਫ਼ ਇਕ ਮੈਚ ਹਾਰਿਆ। ਦੂਸਰੇ ਨੰਬਰ ਤੇ ਰਹੀ ਪੰਜਾਬ ਸਪੋਰਟਸ ਕਲੱਬ ਫਰਾਂਸ ਦੀ ਟੀਮ। ਸਾਰੇ ਖੇਡ ਮੇਲਿਆਂ ਵਿੱਚ ਦਰਸ਼ਕਾਂ ਪੱਖੋਂ ਪਹਿਲੇ ਸਥਾਨ ਤੇ ਰਿਹਾ ਪੰਜਾਬ ਸਪੋਰਟਸ ਕਲੱਬ ਫਰਾਂਸ ਦਾ ਖੇਡ ਮੇਲਾ ਅਤੇ ਦੂਸਰੇ ਨੰਬਰ ਤੇ ਰਿਹਾ ਸ਼ੇਰੇ-ਪੰਜਾਬ ਸਪੋਰਟਸ ਕਲੱਬ ਬੈਲਜੀਅਮ ਦਾ ਮੇਲਾ। ਹਰ ਇਕ ਟੂਰਨਾਮੈਂਟ ਵਿੱਚ ਅਵਤਾਰ ਸਿੰਘ ਤੇਜ ਟਰੈਵਲਜ਼ ਵੱਲੋਂ ਟਾਈਮ ਦੀ ਜ਼ਿੰਮੇਵਾਰੀ ਨਿਭਾਈ ਗਈ, ਮੁਸ਼ਕਲ ਭਰੇ ਇਸ ਕੰਮ ਨੂੰ ਬਾਖ਼ੂਬੀ ਨਿਭਾਇਆ ਗਿਆ। ਇਨ੍ਹਾਂ ਖੇਡ ਮੇਲਿਆਂ ਵਿਚ ਕੁੱਝ ਕਮੀਆ ਵੀ ਰਹੀਆਂ ਜੋ ਅਸੀ ਯੂਰਪੀਅਨ ਕਬੱਡੀ ਫੈਡਰੇਸ਼ਨ ਦੇ ਧਿਆਨ ਵਿਚ ਲਿਆੳਣਾਂ ਚਾਹੁੰਦੇ ਹਾਂ।

ਸਭ ਤੋਂ ਪਹਿਲਾਂ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਟੂਰਨਾਮੈਂਟ ਪ੍ਰਬੰਧਕਾਂ ਦੀ ਮਰਜ਼ੀ ਅਨੁਸਾਰ ਨਹੀ ਸਗੋਂ ਫੈਡਰੇਸ਼ਨ ਦੇ ਰੂਲਾਂ ਮੁਤਬਕ ਹੋਵੇ। ਅਗਲੇ ਹਫ਼ਤੇ ਹੋਣ ਵਾਲੇ ਟੂਰਨਾਮੈਂਟ ਦੀਆਂ ਟਾਈਆਂ ਇਕ ਹਫ਼ਤਾ ਪਹਿਲਾਂ ਪਾਈਆਂ ਜਾਣ ਤਾਂ ਜੋ ਮੈਚ ਸਮੇਂ ਸਿਰ ਸ਼ੁਰੂ ਹੋ ਸਕਣ। ਇਨ੍ਹਾਂ ਟੂਰਨਾਮੈਂਟਾਂ ਵਿੱਚ ਰੈਫ਼ਰੀਆਂ ਦੀ ਵੱਡੀ ਘਾਟ ਦੇਖੀ ਗਈ ਫੈਡਰੇਸ਼ਨ ਨੂੰ ਚਾਹੀਦਾ ਹੈ ਕਿ ਦੋ ਰੈਫ਼ਰੀ ਪੱਕੇ ਹੋਣ ਜਿਨ੍ਹਾਂ ਨੂੰ ਟੂਰਨਾਮੈਂਟ ਕਰਵਾਉਣ ਵਾਲਾ ਕਲੱਬ ਬਕਾਇਦਾ ਮਿਹਨਤਾਨਾ ਦੇਵੇ। ਮੈਚਾਂ ਵਿੱਚ ਕਈ ਵਾਰ ਰੈਫ਼ਰੀ ਦੇ ਫ਼ੈਸਲੇ ਨਾਲ ਟੀਮਾਂ ਸਹਿਮਤ ਨਹੀਂ ਹੁੰਦੀਆਂ ਇਸ ਵਾਸਤੇ ਚਾਰ ਬੰਦਿਆਂ ਦੀ ਇੱਕ ਕਮੇਟੀ ਹੋਣੀ ਚਾਹੀਦੀ ਜੇਕਰ ਕੋਈ ਫ਼ੈਸਲੇ ਬਾਰੇ ਦੁਚਿੱਤੀ ਹੋਵੇ ਤਾਂ ਦੋਵੇਂ ਰੈਫ਼ਰੀ ਤੇ ਕਮੇਟੀ ਦਾ ਫ਼ੈਸਲਾ ਆਖ਼ਰੀ ਮੰਨਿਆ ਜਾਵੇ। ਗਰਾਊਂਡ ਵਿੱਚ ਕੇਵਲ ਟੀਮ ਦਾ ਕੋਚ ਅਤੇ ਮੈਨੇਜਰ ਹੀ ਇੰਟਰ ਕਰਨ ਦਿੱਤੇ ਜਾਣ। ਖਿਡਾਰੀਆ ਦੀਆਂ ਗ਼ਲਤੀਆਂ ਦੱਸਣ ਲਈ ਲਾਲ ਅਤੇ ਪੀਲੇ ਕਾਰਡਾਂ ਦੀ ਵਰਤੋਂ ਹੋਣੀ ਚਾਹੀਦੀ ਹੈ ਤਾਂ ਜੋ ਖਿਡਾਰੀਆਂ ਧਿਆਨ ਰੱਖਣ । ਤੇਲ ਅਤੇ ਕਰੀਮ ਦਾ ਝਗੜਾ ਜੋ ਮੈਚ ਤੋਂ ਪਹਿਲਾ ਵੇਖਣ ਲਈ ਆਉਂਦਾ ਹੈ ਉਸ ਵਾਸਤੇ ਗਰਾਊਂਡ ਵਿੱਚ ਗਿੱਲੇ ਅਤੇ ਸੁੱਕੇ ਤੌਲੀਏ ਹਮੇਸ਼ਾ ਹੋਣੇ ਚਾਹੀਦੇ ਹਨ ਤਾਂ ਜੋ ਇਸ ਗੱਲ ਉੱਤੇ ਕਾਬੂ ਪਾਇਆ ਜਾ ਸਕੇ। ਯੂਰਪੀਅਨ ਕਬੱਡੀ ਫੈਡਰੇਸ਼ਨ ਨੂੰ ਇਹ ਪੱਕਾ ਤਹਿ ਕਰ ਦੇਣਾ ਚਾਹੀਦਾ ਹੈ ਕਿ ਬਾਹਰੋਂ ਕਿਨ੍ਹੇ ਖਿਡਾਰੀ ਖੇਡ ਸਕਦੇ ਹਨ। ਅਗਰ ਅਸੀ ਕਬੱਡੀ ਨੂੰ ਉੱਚੇ ਮਿਆਰ ਵਲ ਲਿਜਾਣਾ ਹੈ ਤਾਂ ਫੈਡਰੇਸ਼ਨ ਨੂੰ ਸਖ਼ਤ ਫ਼ੈਸਲੇ ਲੈਣੇ ਚਾਹੀਦੇ ਹਨ ਅਗਰ ਕੋਈ ਵੀ ਕਲੱਬ ਫੈਡਰੇਸ਼ਨ ਦੇ ਰੂਲ ਨਹੀ ਮੰਨਦਾ ਤਾਂ ਉਸ ਉੱਪਰ ਪਾਬੰਦੀ ਲਾ ਦੇਣੀ ਚਾਹੀਦੀ ਹੈ। ਕੋਈ ਵੀ ਮੈਚ ਤਰੀਕ ਤਹਿ ਹੋਣ ਤੋ ਬਾਅਦ ਕੈਂਸਲ ਨਹੀ ਹੋਣਾ ਚਾਹੀਦਾ। ਉਮੀਦ ਕਰਦੇ ਹਾਂ ਕਿ ਫੈਡਰੇਸ਼ਨ ਇਨ੍ਹਾਂ ਸੁਝਾਵਾਂ ਉੱਪਰ ਗ਼ੌਰ ਕਰੇਗੀ। ਕੁਲ ਮਿਲਾ ਇਸ ਸੀਜ਼ਨ ਦੇ ਖੇਡ ਮੇਲੇ ਸਫਲਤਾ ਪੂਰਵਕ ਸਮਾਪਤ ਹੋ ਗਏ। |