|
ਧਿਆਨ ਗੋਚਰੇ ਜਰੂਰੀ ਗੱਲ !!!
ਇਸ ਨਾਵਲ ਨੂੰ ਸ਼ੁਰੂ ਕਰਨ ਵਿਚ ਸਾਨੂੰ ਤਾਂ ਮੁਸ਼ਕਿਲ ਆਈ ਕਿ ਸਾਡੇ ਕੋਲ ਇਸ ਦੇ 'ਕਾਪੀ-ਰਾਈਟਸ' ਹੀ ਬਹੁਤ ਲੇਟ ਪਹੁੰਚੇ। ਇਸ ਲਈ ਅਸੀਂ ਆਪਣੇ ਪਾਠਕਾਂ ਤੋਂ ਮੁਆਫੀ ਦੇ ਖਾਹਿਸ਼ੀ ਹਾਂ! ਇਕ ਗੱਲ ਅਸੀਂ ਇੱਥੇ ਸਪੱਸ਼ਟ ਕਰ ਦੇਈਏ ਕਿ ਇਸ ਨਾਵਲ ''ਅੱਖੀਆਂ 'ਚ ਤੂੰ ਵਸਦਾ'' ਦੇ ''ਕਾਪੀ-ਰਾਈਟਸ'' ਸਿਰਫ਼ ਅਤੇ ਸਿਰਫ 'ਮੀਡੀਆ ਪੰਜਾਬ' ਕੋਲ ਹਨ, ਸੋ ਕੋਈ ਵੀ ਵੀਰ ਇਸ ਨਾਵਲ ਨੂੰ ਕਿਤੇ ਲੜੀਵਾਰ ਛਾਪਣ ਦੀ ਖੇਚਲ ਨਾ ਕਰੇ! ਇਸ ਨਾਵਲ ਦੀ ਕਿਸ਼ਤ ਹਰ ਹਫ਼ਤੇ ਸਾਡੇ ਪਿਆਰੇ ਪਾਠਕਾਂ ਦੀ ਨਜ਼ਰ ਕੀਤੀ ਜਾਇਆ ਕਰੇਗੀ। ----ਸੰਪਾਦਕ
------------------------------------------------------------------------
ਕਿਸ਼ਤ 1, 2, 3, 4, 5, 6, 7, 8, 9, 10, 11, 12, 13, 14, 15, 16, 17, 18,19, 20 ,21, 22 , 23 , 24 , 25, 26 , 27 , 28 ,29 ,30, 31 ਪੜੋ 
ਇਸ ਨਾਵਲ ਵਿਚ ਪ੍ਰਕਾਸ਼ਤ ਹੋਣ ਵਾਲੀਆਂ ਸਭ ਘਟਨਾਵਾਂ, ਨਾਮ ਅਤੇ ਸਥਾਨ ਖ਼ਿਆਲੀ ਹਨ। ਕਿਸੇ ਜੀਵਤ ਜਾਂ ਮਰੇ ਬੰਦੇ ਨਾਲ ਕੋਈ ਸਬੰਧ ਨਹੀਂ! ਅਗਰ ਕੋਈ ਨਾਮ, ਥਾਂ ਜਾਂ ਘਟਨਾ ਮੇਲ ਖਾ ਜਾਵੇ ਤਾਂ ਲੇਖਕ ਅਤੇ ਪ੍ਰਕਾਸ਼ਕ ਜ਼ਿੰਮੇਵਾਰ ਨਹੀਂ! -- ਸ਼ਿਵਚਰਨ ਜੱਗੀ ਕੁੱਸਾ
...ਅੱਖੀਆਂ 'ਚ ਤੂੰ ਵਸਦਾ (ਨਾਵਲ) - ਸ਼ਿਵਚਰਨ ਜੱਗੀ ਕੁੱਸਾ
ਕਾਂਡ 1
ਮੱਕਾ-ਕਾਬਾ ਘੁੰਮ ਆਇਆ ਤੂੰ,
ਨਾਮ ਰੱਖ ਲਿਆ ਹਾਜੀ...
ਬੁੱਲਿਆ ਦੱਸ ਕੀ ਹਾਸਲ ਕੀਤਾ,
ਜੇ ਯਾਰ ਨਾ ਕੀਤਾ ਰਾਜ਼ੀ...?
ਸ਼ਾਮ ਦਾ ਮੌਕਾ ਸੀ।
ਸਰਦੀ ਦਾ ਸੂਰਜ ਖੇਤਾਂ ਦੀਆਂ ਜੂਹਾਂ ਪਿੱਛੇ ਲੁਕਣ ਦੀ ਤਿਆਰੀ ਵਿਚ ਸੀ।
ਪੂਰਾ ਦਿਨ ਜਹਾਨ ਦੀ ਤਲਾਸ਼ੀ ਲੈ ਕੇ ਹੁਣ ਪੰਛੀ ਆਪਣੇ ਆਲ੍ਹਣਿਆਂ ਨੂੰ ਉਡੇ ਜਾ ਰਹੇ ਸਨ। ਡੁੱਬਦੇ ਸੂਰਜ ਦੀ ਦੁਮੇਲ ਕਾਰਨ ਚੁਫ਼ੇਰੇ ਗੂੜ੍ਹੀ ਲਾਲੀ ਪਸਰ ਗਈ ਸੀ। ਚਾਰੇ ਪਾਸੇ ਜਿਵੇਂ ਲਹੂ ਹੀ ਲਹੂ ਡੁੱਲ੍ਹ ਗਿਆ ਸੀ। ਘਰਾਂ ਵਿਚੋਂ ਸਰ੍ਹੋਂ ਦੇ ਸਾਗ ਅਤੇ ਮੱਕੀ ਦੀਆਂ ਰੋਟੀਆਂ ਦੀ ਮਹਿਕ ਉਠ ਰਹੀ ਸੀ। ਕਿਸੇ ਘਰ ਵਿਚ ਕੋਈ ਜੁਆਕ ਦੁੱਧ ਪਿੱਛੇ ਰੇੜਕਾ ਪਾਈ ਬੈਠਾ ਸੀ ਅਤੇ ਕਿਸੇ ਘਰ ਵਿਚ ਕੱਟੀ ਰਿੰਗ ਰਹੀ ਸੀ। ਕੋਈ ਅੱਕੀ ਔਰਤ ਆਪਣੇ ਅਲ਼ੱਥ ਜੁਆਕਾਂ ਨੂੰ ਗਾਲ਼ਾਂ ਦੇ ਰਹੀ ਸੀ।
-''ਬਾਬਾ..!" ਬੀੜ ਵਿਚੋਂ ਮੱਝਾਂ ਚਾਰ ਕੇ ਆਉਂਦੇ ਮੁੰਡੇ ਨੇ ਬੱਕਰੀਆਂ ਵਾਲ਼ੇ ਨਾਲ਼ ਗੱਲ ਤੋਰੀ।
-''ਹਾਂ ਸ਼ੇਰਾ..?"
-''ਸੂਰਜ ਦੀ ਲਾਲੀ ਵੱਲ ਦੇਖ..!" ਉਸ ਨੇ ਡੁੱਬਦੇ ਸੂਰਜ ਵੱਲ ਨਜ਼ਰ ਮਾਰ ਕੇ ਕਿਹਾ।
-''ਦੇਖੀ ਜਾਨੈਂ ਸ਼ੇਰਾ..!" ਬਾਬਾ ਥਕਾਵਟ ਭਰੀ ਉਦਾਸੀ ਵਿਚ ਬੋਲਿਆ। ਉਸ ਦਾ ਸਾਰਾ ਦਿਨ 'ਝਿੜੀ' ਅਤੇ 'ਬੀੜ' ਵਿਚ ਬੱਕਰੀਆਂ ਚਾਰਦੇ ਦਾ ਹੀ ਨਿਕਲ਼ਦਾ ਸੀ।
-''ਕਿੰਨੀ ਡਰਾਉਣੀ ਐਂ..!"
-''ਹੌਲ ਪਾਊ ਐ...!"
-''..........।"
-''ਕਹਿੰਦੇ ਛਿਪਦੀ ਵੇਲ਼ੇ ਜਦੋਂ ਲਾਲੀ ਐਨੀ ਗੂੜ੍ਹੀ ਹੁੰਦੀ ਐ ਤਾਂ 'ਲਾਕੇ ਦੇ ਕਿਸੇ ਸਿਰਕੱਢ ਬੰਦੇ ਦਾ ਕਤਲ ਹੁੰਦੈ..!"
-''ਉਹ ਤਾਂ ਹੋਣਾਂ ਈ ਹੋਣੈਂ, ਪੁੱਤ..! ਅੱਜ ਹੋਜੇ, ਤੇ ਚਾਹੇ ਕੱਲ੍ਹ ਨੂੰ ਹੋਜੇ..! ਉਹ ਤਾਂ ਦਿਸੀ ਜਾਂਦੈ..! ਬੱਕਰੇ ਦੀ ਮਾਂ ਕਿੰਨਾਂ ਕੁ ਚਿਰ ਸੁੱਖ ਮਨਾਊ..? ਪਿੰਡ 'ਤੇ ਕੋਈ ਨਾ ਕੋਈ ਪੁੱਠੀ ਭੰਮਾਲ਼ੀ ਆਈ ਖੜ੍ਹੀ ਐ, ਬੱਸ ਦਿਨ ਈ ਜਾਂਦੇ ਐ..! ਜਿਹੜੇ ਦਿਨ ਸੁੱਖ-ਸਾਂਦ ਨਾਲ਼ ਨਿਕਲ਼ ਜਾਣ, ਓਹੀ ਵਾਹ ਭਲੀ ਤੇ ਰੱਬ ਦਾ ਸ਼ੁਕਰ ਈ ਐ..!" ਬਾਬੇ ਨੇ ਅਥਾਹ ਨਿਰਾਸ਼ਤਾ ਵਿਚ ਸਿਰ ਫ਼ੇਰਿਆ।
ਜਦ ਉਹ ਅੱਗੇ ਪਿੰਡ ਦੇ ਨਜ਼ਦੀਕ ਗਏ ਤਾਂ ਪਿੰਡ ਦੇ ਲੋਕ ਵਾਹੋ-ਦਾਹੀ ਪੰਚਾਇਤ ਘਰ ਨੂੰ ਭੱਜੇ ਜਾ ਰਹੇ ਸਨ। ਹਰ ਕੋਈ ਤੇਜ਼ੀ ਨਾਲ਼ ਪੰਚਾਇਤ ਘਰ ਵਿਚ ਪਹੁੰਚਣ ਲਈ ਕਾਹਲ਼ਾ ਸੀ। ਪਿੰਡ ਦੇ ਲੋਕਾਂ ਦਾ ਇਕੱਠ ਹੀ ਇਤਨਾ ਹੋ ਗਿਆ ਸੀ ਕਿ ਪੰਚਾਇਤ ਘਰ ਵਿਚ ਤਿਲ਼ ਸੁੱਟਣ ਜਿੰਨੀ ਥਾਂ ਵੀ ਨਹੀਂ ਬਚੀ ਸੀ। ਜਿਵੇਂ ਕੋਈ ਪਰਲੋਂ ਆਉਣ ਵਾਲ਼ੀ ਸੀ, ਜਾਂ ਪਿੰਡ ਮਗਰ ਕੋਈ 'ਵਾਅਰ' ਚੜ੍ਹੀ ਆ ਰਹੀ ਸੀ, ਜਿਸ ਤੋਂ ਵਿਆਪਕ ਤਬਾਹੀ ਦਾ 'ਖ਼ਤਰਾ' ਸੀ।
-''ਜੇ ਉਹ ਆਪਣੇ ਪਿੰਡ 'ਚ ਰਹਿਗੀ ਤਾਂ ਪਿੰਡ ਦੀ ਤਾਂ ਸ਼ਾਮਤ ਆਈ ਖੜ੍ਹੀ ਐ..! ਨਿੱਤ ਕੋਈ ਨਵਾਂ ਸੱਪ ਨਿਕਲ਼ਦੈ..!" ਗੱਲ ਤੋਰ ਕੇ ਸਰਪੰਚ ਨੇ ਧੂੰਅਵੇਂ ਚਾਦਰੇ ਦਾ ਲੜ ਆਪਣੇ ਗੋਡਿਆਂ ਦੇ ਸੰਨ੍ਹ ਵਿਚ ਲੈ ਲਿਆ। ਉਹ ਪੂਰੇ ਮੰਜੇ 'ਤੇ ਬੋਤੇ ਵਾਂਗ ਖਿੱਲਰਿਆ ਜਿਹਾ ਬੈਠਾ ਸੀ। ਉਸ ਨੇ ਆਪਣੀ ਛੇ ਗੋਲ਼ੀ ਦੀ ਪੱਕੀ ਬੰਦੂਕ ਮੰਜੇ ਨਾਲ਼ ਇੱਕ ਪਾਸੇ ਖੜ੍ਹੀ ਕਰ ਦਿੱਤੀ। ਪਿੰਡ ਵਾਸੀਆਂ ਦੇ ਡਰੇ ਚਿਹਰਿਆਂ 'ਤੇ ਉਸ ਨੇ ਸਰਸਰੀ ਨਜ਼ਰ ਮਾਰੀ। ਸਭ ਦਾ ਤ੍ਰਾਹ ਨਿਕਲ਼ਿਆ ਪਿਆ ਸੀ। ਭਾਂਤ-ਭਾਂਤ ਦੇ ਚਿਹਰਿਆਂ 'ਤੇ ਵੈਰਾਨੀ ਅਤੇ ਡਰ ਛਾਇਆ ਹੋਇਆ ਸੀ। ਹਰ ਇੱਕ ਦੇ ਚਿਹਰੇ 'ਤੇ ਇੱਕ ਅਜੀਬ ਜਿਹਾ ਸਹਿਮ ਸੀ।
-''ਸੱਪ ਨਿਕਲ਼ਦਾ ਵੀ ਨਿੱਤ ਕੌਡੀਆਂ ਆਲ਼ੈ, ਸਰਪੈਂਚਾ..!"
-''ਐਡੀ ਕੁੱਤੀ ਤੀਮੀਂ..? ਐਡੀ ਭੈੜ੍ਹੀ ਨਸਲ ਪਤਾ ਨੀ ਸਾਡੇ ਪਿੰਡ ਨੂੰ ਈ ਕਿਉਂ ਘੁਣ ਵਾਂਗ ਆ ਲੱਗੀ..? ਟਾਂਡਿਆਂ ਆਲ਼ੀ ਤੇ ਜਾਂ ਭਾਂਡਿਆਂ ਆਲ਼ੀ..! ਓਹਦਾ ਇੱਕ ਪਾਸਾ ਕਰੋ ਭਾਈ..!" ਕੋਈ ਅਤੀਅੰਤ ਦੁਖੀ ਹੋਇਆ ਬੋਲਿਆ।
-''ਇੱਕ ਪਾਸਾ ਤਾਂ ਕਰ ਦੇਈਏ, ਬਾਬਾ..! ਪਰ ਪਿੱਛੋਂ ਕੋਈ ਬਾਂਹ ਨੀ ਫ਼ੜਦਾ..? ਸਾਰੇ ਤੀਮੀਆਂ ਦੀਆਂ ਸੁੱਥਣਾਂ 'ਚ ਮੂੰਹ ਜਾ ਲਕੋਂਦੇ ਐ..!" ਇੱਕ ਮੁੱਛ-ਫ਼ੁੱਟ ਗੱਭਰੂ ਤੋਂ ਤਾਅ ਵਿਚ ਬੋਲਣੋਂ ਰਿਹਾ ਨਾ ਗਿਆ। ਉਹ ਭੱਠੀ ਦੀ ਖਿੱਲ ਵਾਂਗ ਬੁੜ੍ਹਕ ਉਠਿਆ ਸੀ। ਉਸ ਦੀ ਰੜਕ ਵਾਲ਼ੀ ਗੱਲ ਕਈਆਂ ਨੂੰ ਚੁਭੀ। ਪਰ ਸਮੇਂ ਦੀ ਨਜ਼ਾਕਤ ਦੇਖ ਕੇ ਚੁੱਪ ਵੱਟ ਗਏ। ਪਿੰਡ 'ਤੇ ਸਮਾਂ ਹੀ ਘੋਰ 'ਘਾਤਿਕ' ਚੱਲ ਰਿਹਾ ਸੀ।
-''ਨਾਲ਼ੇ ਓਹਦਾ ਇੱਕ ਪਾਸਾ ਕਰਨਾ ਕਿਤੇ ਲੱਲੋ-ਪੱਤੋ ਥੋੜ੍ਹੋ ਐ..? ਉਹਦਾ ਇੱਕ ਪਾਸਾ ਕਰਨਾ ਮਾੜੀ ਮੋਟੀ ਗੱਲ ਨੀ ਜੁਆਨਾਂ..! ਉਹਦਾ ਇੱਕ ਪਾਸਾ ਕਰਨ ਵਾਸਤੇ ਪੂਰੀ ਪਲਟਣ ਦੀ ਲੋੜ ਐ..!" ਕਿਸੇ ਨੇ ਦਿਲ-ਢਾਹੂ ਗੱਲ ਕਰ ਕੇ ਅਗਲਿਆਂ ਦੇ ਹੌਂਸਲੇ ਵੀ ਮਿੱਟੀ ਕਰ ਦਿੱਤੇ।
-''ਕਿੱਡੇ ਕਿੱਡੇ ਘੈਂਟ ਤਾਂ ਓਹਦੇ ਮਗਰ ਬੰਦੇ ਐ..!" ਕਿਸੇ ਹੋਰ ਨੇ ਉਸ ਮਗਰ ਵੋਟ ਪਾਈ ਤਾਂ ਖ਼ਾਮੋਸ਼ੀ ਪਸਰ ਗਈ।
-''ਉਹ ਇੱਕ ਹਾਕ ਮਾਰੇ ਤਾਂ 'ਲਾਕੇ ਦੇ ਸੱਪ-ਸ਼ੀਂਹ 'ਕੱਠੇ ਹੋ ਜਾਂਦੇ ਐ, ਬੰਦਿਆਂ ਦੀ ਗੱਲ ਈ ਕੁਛ ਹੋਰ ਐ..!"
-''ਗੋਲ਼ੀ ਅੱਧੀ ਉਂਗਲ਼ ਜਿੱਡੀ ਹੁੰਦੀ ਐ ਬਾਬਾ, ਤੇ ਬੰਦਾ ਮਾਰ ਦਿੰਦੀ ਐ..!" ਉਹੀ ਤਪਿਆ ਬੈਠਾ ਮੁੰਡਾ ਬੋਲਿਆ।
-''ਬੰਦਾ ਮਾਰਨਾ ਤਾਂ ਕੋਈ ਔਖਾ ਨੀ ਜੁਆਨਾਂ..! ਪੁੜਪੜੀ 'ਚ ਮੁੱਕੀ ਮਾਰ, ਬੰਦਾ ਮਰ ਜਾਂਦੈ..! ਪਰ ਬੰਦਾ ਮਾਰ ਕੇ ਸੰਭਾਲਣਾਂ ਔਖੈ..! ਮੈਂ ਸਹੇ ਨੂੰ ਨੀ, ਪਹੇ ਨੂੰ ਰੋਨੈਂ..!"
-''ਜਦੋਂ ਕੇਸ ਚੱਲਦੇ ਐ ਤਾਂ ਚੁੱਲ੍ਹਿਆਂ 'ਚ ਘਾਹ ਉੱਗ ਆਉਂਦੈ..!"
-''ਤਾਂ ਹੀ ਤਾਂ ਪਿੱਟਦੇ ਐਂ ਬਾਬਾ..! ਬਈ ਕੋਈ ਪਿੱਛਾ ਸੰਭਾਲਣ ਵਾਲ਼ਾ ਹੈਨ੍ਹੀ..!" ਨਿਰਾਸ਼ਾ ਵਿਚ ਉਸ ਚੋਬਰ ਦਾ ਹੌਸਲਾ ਵੀ ਚਾਹ ਵਾਂਗ ਠਰ ਚੱਲਿਆ ਸੀ।
-''........।" ਅਜੀਬ ਚੁੱਪ ਪਸਰੀ ਹੋਈ ਸੀ।
-''ਜਾਂ ਤਾਂ ਕਰੋ ਹਮਾਇਤ..? ਦਿਓ ਮੋਢਾ..? ਗੱਡੀ ਤਾਂ ਮੈਂ ਅੱਜ ਰਾਤ ਨੂੰ ਈ ਚਾੜ੍ਹ ਦਿੰਨੈ..!" ਉਸ ਨੇ ਸਾਰੇ ਪਿੰਡ ਨੂੰ ਲਲਕਾਰ ਕੇ ਬੇਥ੍ਹਵੀ ਗੱਲ ਕੀਤੀ ਤਾਂ ਸੰਨਾਟਾ ਛਾ ਗਿਆ। ਮਿਆਨ ਵਿਚ ਪਾਈ ਕਿਰਪਾਨ ਉਸ ਨੇ 'ਸਰਰ' ਕਰ ਕੇ ਬਾਹਰ ਸੂਤ ਲਈ ਸੀ।
-''ਨਾਲ਼ੇ ਜਦੋਂ ਮੁਖ਼ੀ ਮਰਜੇ, ਦੁੱਕੀ-ਤਿੱਕੀ ਤਾਂ ਭਰਿੰਡਾਂ ਦੀ ਖੱਖਰ ਮਾਂਗੂੰ ਖਿੰਡ ਜਾਂਦੀ ਐ..! ਅਗਲਿਆਂ ਦੀ ਓਨਾਂ ਚਿਰ ਈ ਦਣ ਜੀ ਬਣੀਂ ਰਹਿੰਦੀ ਐ, ਜਿੰਨਾਂ ਚਿਰ ਅਗਲਿਆਂ ਦਾ ਮੁੱਖ ਬੰਦਾ ਜਿਉਂਦਾ ਹੁੰਦੈ..! ਜਦੋਂ ਮੁਖੀ ਦਾ ਬੱਖਲ਼ ਭਰਾੜ੍ਹ ਹੋ ਜਾਂਦੈ ਤਾਂ ਦੂਜੇ ਖੱਬੀ ਖਾਨ ਵੀ ਪੱਤਰੇ ਵਾਚ ਜਾਂਦੇ ਐ..!" ਕਿਸੇ ਨੇ ਮੁੱਛ ਫ਼ੁੱਟ ਚੋਬਰ ਦੀ ਗੱਲ ਦੀ ਪ੍ਰੋੜਤਾ ਕੀਤੀ।
ਮਾੜੇ ਦਿਲ ਵਾਲ਼ੇ 'ਬੰਦਾ ਮਾਰਨ' ਵਾਲ਼ੀ ਗੱਲ ਸੁਣ ਕੇ ਪਿੱਛੋਂ ਹੀ ਖਿਸਕਣੇ ਸ਼ੁਰੂ ਹੋ ਗਏ।
ਬਹੁਤਾ ਡਰ ਉਹਨਾਂ ਨੂੰ ਪੁਲੀਸ ਦੀ ਖੱਜਲ਼ਖ਼ੁਆਰੀ ਦਾ ਸੀ।
-''ਗੱਲ ਤਾਂ ਕਿਸੇ ਸਿਰੇ ਲੱਗੀ ਨੀ..! ਲੋਕ ਤਾਂ ਤਿਲ੍ਹਕਣ ਵੀ ਲੱਗ ਪਏ..!" ਸਰਪੰਚ ਬੋਲਿਆ।
-''ਖਿਸਕਦੇ ਉਹ ਐ ਸਰਪੈਂਚਾ, ਜਿਹੜੇ ਦੂਜੇ ਦੇ ਘਰੇ ਲੱਗੀ ਅੱਗ ਨੂੰ 'ਬਸੰਤਰ' ਸਮਝਦੇ ਐ..!" ਤੱਤਾ ਮੁੰਡਾ ਰੇਲਵੇ ਇੰਜਣ ਵਾਂਗੂੰ ਭਾਫ਼ਾਂ ਛੱਡੀ ਜਾ ਰਿਹਾ ਸੀ।
-''.........।"
-''ਜਿਸ ਦਿਨ ਇਹਨਾਂ ਦੇ ਆਬਦੇ ਘਰ ਨੂੰ ਆ ਲੱਗੀ, ਇਹ ਓਸ ਦਿਨ ਮਛਕਾਂ ਦਾ ਭਾਅ ਪੁੱਛਣਗੇ..! ਤੇ ਓਦਣ ਮਛਕਾਂ ਇਹਨਾਂ ਨੂੰ ਕਿਤੋਂ ਮਿਲਣੀਆਂ ਨੀ..! ਠੂਠੇ ਭਰ ਭਰ ਬੁਝਾਉਣ ਦੀ ਕੋਸ਼ਿਸ਼ ਕਰਨਗੇ..!"
ਘੰਟਾ ਭਰ 'ਘੈਂਸ-ਘੈਂਸ' ਹੁੰਦੀ ਰਹੀ।
ਪਰ ਗੱਲ ਸੱਚ ਹੀ ਕਿਸੇ ਸਿਰੇ ਨਹੀਂ ਲੱਗੀ ਸੀ।
ਜਦੋਂ ਤਕਰੀਬਨ ਸਾਰਾ ਪਿੰਡ ਖਿਸਕ ਗਿਆ ਤਾਂ ਦਸ ਪੰਦਰਾਂ 'ਤੱਤੇ' ਸੁਭਾਅ ਵਾਲ਼ੇ ਮੁੰਡੇ ਹੀ ਪੰਚਾਇਤ ਘਰ ਵਿਚ ਰਹਿ ਗਏ। ਪਿੰਡ ਵਿਚੋਂ ਹਰ ਕੋਈ ਮੱਚਦੀ ਅੱਗ ਵਿਚ ਹੱਥ ਪਾਉਣਾ, ਬਲਾਅ ਗਲ਼ ਪਾਉਣ ਵਾਲ਼ੀ ਗੱਲ ਸਮਝਦਾ ਸੀ। ਪਿੰਡ ਵਿਚ ਕਤਲ ਹੋਇਆ ਤਾਂ ਪੁਲੀਸ ਦਾ ਘੜਮੱਸ ਪੈਣਾਂ ਵੀ ਲਾਜ਼ਮੀ ਸੀ। ...ਤੇ ਜਿਸ ਪਿੰਡ ਵਿਚ ਪੁਲੀਸ ਵੜ ਗਈ, ਉਸ ਵਿਚ ਲੋਕਾਂ ਦੀ 'ਦੁਰਗਤੀ' ਵੀ ਜ਼ਰੂਰ ਹੋਣੀਂ ਸੀ! ਇਹਨਾਂ ਗੱਲਾਂ ਕਰਕੇ ਸਿਆਣੇ ਲੋਕ ਬਹੁਤ ਲੰਮੀ ਸੋਚ ਸੋਚਦੇ ਸਨ। ਜਦ ਕਿ ਗਰਮ-ਖ਼ਿਆਲੀ ਨੌਜਵਾਨ 'ਭੋਗ' ਪਾਉਣ ਵਿਚ ਹੀ 'ਭਲਾਈ' ਮੰਨਦੇ ਸਨ। ਇਸ ਵਿਚ ਸਾਰੇ ਪਿੰਡ ਦਾ ਭਲਾ ਸੀ ਅਤੇ ਇੱਜ਼ਤ-ਅਣਖ਼ ਦਾ ਸੁਆਲ ਸੀ। ਸਾਰੀ ਗੱਲ ਇਕੱਲਾ ਸਰਪੰਚ ਵੀ ਆਪਣੇ ਸਿਰ ਲੈਣ ਲਈ ਤਿਆਰ ਨਹੀਂ ਸੀ। ਜਦ ਸਰਪੰਚ ਵੀ ਘਰ ਨੂੰ ਤੁਰ ਗਿਆ ਤਾਂ ਖਿਝ ਕੇ ਸੁੱਚਾ ਖੇਤੋਂ ਘਰ ਦੀਆਂ ਕੱਢੀਆਂ ਦੋ ਬੋਤਲਾਂ ਪੰਚਾਇਤ ਘਰ ਵਿਚ ਹੀ ਚੁੱਕ ਲਿਆਇਆ।
-''ਲੈ ਬਈ ਮਿੱਤਰੋ..!" ਉਸ ਨੇ ਬੋਤਲਾਂ ਪੌੜੀਆਂ ਕੋਲ਼ ਰੱਖਦੇ ਨੇ ਕਿਹਾ।
-''ਖੱਸੀ ਬੰਦੇ ਤਾਂ ਪਿੱਠ ਤੋਂ ਪੱਲਾ ਚੱਕ ਕੇ ਗਏ, ਤੁਰ..! ਹੁਣ ਆਰ-ਪਾਰ ਦੀ ਗੱਲ ਆਪਾਂ ਕਰੋ..! ਓਸ ਕੁੱਤੀ ਨੂੰ ਗੱਡੀ ਚਾਹੜੇ ਬਿਨਾਂ ਪਿੰਡ 'ਚ ਸ਼ਾਂਤੀ ਨੀ ਹੋਣੀਂ...!" ਦਾਰੂ ਨਾਲ਼ 'ਖੱਦਰ' ਦਾ ਗਿਲਾਸ ਉਸ ਨੇ ਮੂੰਹ ਤੱਕ ਭਰ ਲਿਆ।
-''ਬਹੁੜ੍ਹੀ ਉਏ..! ਸਾਰਾ ਪਿੰਡ ਈ ਕੋਹੜੀ ਬਣ ਤੁਰਿਆ..?" ਕਸੀਸ ਵੱਟ ਕੇ ਉਸ ਨੇ ਭਰਿਆ ਗਿਲਾਸ ਅੰਦਰ ਸੁੱਟਿਆ ਤਾਂ ਪਹਿਲੇ ਤੋੜ ਦੀ ਦਾਰੂ ਨੇ ਉਸ ਅੰਦਰ ਲਾਂਬੂ ਲਾ ਦਿੱਤੇ ਸਨ।
-''ਇਹਨਾਂ ਜਨਾਨਿਆਂ ਨੇ ਕੁਛ ਨੀ ਕਰਨਾ..! ਇਹ ਤਾਂ ਕਿਸੇ ਮਰਦ ਨੂੰ ਈ 'ਪੂਰੀ' ਪਾਉਣੀ ਪੈਣੀ ਐਂ..!" ਦੂਜੇ ਨੇ ਵੀ ਜਾੜ੍ਹ ਘੁੱਟ ਕੇ ਗਿਲਾਸ ਖਾਲੀ ਕੀਤਾ ਸੀ। ਖੱਟਰ ਦਾਰੂ ਨੇ ਉਹਨਾਂ ਅੰਦਰ ਜਵਾਲਾ ਮੁਖ਼ੀ ਹੀ ਤਾਂ ਬਾਲ਼ ਦਿੱਤਾ ਸੀ।
-''ਇਹ ਤੀਮੀਆਂ ਦੇ ਮੋਢੇ 'ਤੇ ਧਰ ਕੇ ਰਫ਼ਲ ਚਲਾਉਣ ਵਾਲ਼ੇ ਬੋਂਡੀ ਕਿਸੇ ਮੈਦਾਨ 'ਚ ਫ਼ਤਹਿ ਨੀ ਪਾ ਸਕਦੇ..! ਇਹ ਤਾਂ ਤੀਮੀਆਂ ਦੇ ਮੌਰਾਂ ਓਹਲਿਓਂ ਈ ਹੋਕਰਾ ਮਾਰਨ ਜਾਣਦੇ ਐ..! ਇਹ ਕਾਰਜ ਤਾਂ ਕੋਈ ਰੱਬ ਦੀ ਰਜ਼ਾ 'ਚ ਰਹਿਣ ਵਾਲ਼ਾ ਮਰਦ ਬੱਚਾ ਈ ਸਿਰੇ ਲਾਊ..!" ਜੂਪਾ ਕਾਣਾਂ ਦਾਰੂ ਦੇ ਪਹਿਲੇ ਗਿਲਾਸ ਨਾਲ਼ ਹੀ 'ਬਾਬੂ' ਬਣ ਗਿਆ ਸੀ।
-''ਇਹ ਤਾਂ ਮੇਰੇ ਸਾਲ਼ੇ ਤੀਮੀਆਂ ਦੀਆਂ ਕੱਛਾਂ ਸੁੰਘਣ ਜੋਕਰੇ ਈ ਐ..!"
-''ਜਿਹੜੇ ਤੀਮੀਆਂ ਦਾ ਆਸਰਾ ਮੰਨ ਕੇ ਤੁਰਦੇ ਐ, ਉਹ ਕਿਹੜਾ ਮੋਰਚਾ ਸਰ ਕਰਨਗੇ..? ਉਹ ਤਾਂ ਕਿਸੇ ਨਾਲ਼ ਅੱਖ 'ਚ ਅੱਖ ਪਾ ਕੇ ਗੱਲ ਨੀ ਕਰ ਸਕਦੇ, ਬੰਦਾ ਕਿੱਥੋਂ ਮਾਰ ਲੈਣਗੇ..?"
-''ਤੁਸੀਂ ਵੀ ਬਹੂਆਂ ਤੋਂ ਚੋਰ ਨਾ ਮਰਵਾਓ..!"
-''ਕਰਨ ਵਾਲ਼ਾ ਕੰਮ ਆਪ ਕਰੋ..!"
-''ਇਹ ਤਾਂ ਸਾਲ਼ੇ ਜੰਗਲ-ਪਾਣੀ ਵੀ ਤੀਮੀਆਂ ਨੂੰ ਪੁੱਛ ਕੇ ਜਾਂਦੇ ਐ..! ਹੋਰ ਕਿਹੜੀ ਜੰਗ ਜਿੱਤ ਲੈਣਗੇ ਇਹੇ..? ਆਪਾਂ ਕਰੋ ਅਸਲ ਗੱਲ, ਜਿਹੜੀ ਕਰਨੀ ਐਂ..! ਬਾਕੀ ਗੱਲਾਂ ਬਾਅਦ ਦੀਆਂ ਨੇ..!" ਸੁੱਚੇ 'ਸੂਰਮੇ' ਨੇ ਦਾਰੂ ਦਾ ਗਿਲਾਸ ਪੀਤਾ ਨਹੀਂ, ਇੱਕ ਤਰ੍ਹਾਂ ਨਾਲ਼ ਹਲ਼ਕ 'ਚ ਡੋਲ੍ਹਿਆ ਸੀ। ਉਸ ਦੀਆਂ ਅੱਖਾਂ ਦਾ ਰੰਗ ਬੰਬ ਦੇ ਪੁਲੀਤੇ ਵਾਂਗ ਭਿਆਨਕ ਹੁੰਦਾ ਜਾ ਰਿਹਾ ਸੀ।
ਅੱਧ ਅਸਮਾਨ ਵਿਚ ਖਿੱਤੀਆਂ ਘੁੰਮ ਚੱਲੀਆਂ ਸਨ ਅਤੇ ਸਾਫ਼ ਅਕਾਸ਼ ਵਿਚ ਚੰਦਰਮਾਂ ਵੀ ਕਿਤੇ ਨਜ਼ਰ ਨਹੀਂ ਆਉਂਦਾ ਸੀ। ਦੂਰ ਰੋਹੀ ਵਿਚ ਕਿਤੇ ਕੁੱਤੇ ਭੌਂਕ ਰਹੇ ਸਨ ਅਤੇ ਕੋਠਿਆਂ 'ਤੇ ਬਿੱਲੀਆਂ ਰੋ ਰਹੀਆਂ ਸਨ। ਦੂਰ ਕਿਸੇ ਦਰੱਖ਼ਤ 'ਤੇ ਬੈਠੀ ਕੋਈ ਗਿਰਝ ਚੀਕ ਰਹੀ ਸੀ। ਡਰਾਉਣੀ ਰਾਤ ਦਾ ਹਨ੍ਹੇਰਾ ਡਰ-ਡਰ ਭੱਜਦਾ ਸੀ।
ਉਹਨਾਂ ਨੂੰ ਦਾਰੂ ਪੀਂਦਿਆਂ ਅਤੇ ਸਕੀਮਾਂ ਘੜ੍ਹਦਿਆਂ ਅੱਧੀ ਰਾਤ ਹੋ ਗਈ ਸੀ।
ਸਵੇਰੇ ਪਹਿਰ ਦੇ ਤੜਕੇ ਹੀ ਪਿੰਡ ਵਿਚ ਪੁਲ਼ਸ ਆ ਉੱਤਰੀ।
ਲਾਲ ਅਤੇ ਖਾਖੀ ਪੱਗਾਂ ਵਾਲ਼ੇ ਟਿੱਡੀ ਦਲ ਵਾਂਗ ਆ ਖੜ੍ਹੇ ਸਨ।
ਖਿਝਿਆ ਹੋਇਆ ਠਾਣੇਦਾਰ ਕੰਧਾਂ 'ਚ ਡੰਡੇ ਮਾਰਦਾ ਫ਼ਿਰਦਾ ਸੀ।
-''ਹੁਣ ਕੀ ਆਫ਼ਤ ਆ ਗਈ ਸਰਕਾਰ, ਜਿਸ ਕਰਕੇ ਦਰਸ਼ਣ ਦਿੱਤੇ..?" ਹੱਥ ਜੋੜੀ ਖੜ੍ਹਾ ਚੌਂਕੀਦਾਰ ਪੁੱਛ ਰਿਹਾ ਸੀ।
-''ਪੰਚਾਇਤ 'ਕੱਠੀ ਕਰੋ..!" ਉਸ ਨੇ ਸਕੂਲ ਦੇ ਗਰਾਊਂਡ ਵਿਚ ਕੁਰਸੀ ਡੁਹਾ ਲਈ।
ਪੰਚਾਇਤ ਇਕੱਠੀ ਹੋ ਗਈ।
-''ਹੁਣ ਕਾਸ ਵਾਸਤੇ ਤਕਲੀਫ਼ ਕੀਤੀ ਸਰਦਾਰ ਜੀ..?" ਸਰਪੰਚ ਨੇ ਪਤਾ ਹੋਣ ਦੇ ਬਾਵਜੂਦ ਵੀ ਸਿਆਸੀ ਭੁਲੱਥਾ ਮਾਰਿਆ।
-''ਬੰਦਾ ਬਣਜਾ ਸਰਪੈਂਚਾ..! ਬੰਦਾ ਬਣਜਾ..!! ਮੈਂ ਪਿੰਡ ਦਾ ਮੋਹਤਬਰ ਬੰਦਾ ਹੋਣ ਕਰ ਕੇ ਤੇਰੇ ਨਾਲ਼ ਲਿਹਾਜ਼ ਕਰ ਜਾਨੈਂ, ਪਰ ਚਤਰਾਈਆਂ ਕਰਨੋਂ ਤੂੰ ਬਾਜ਼ ਨੀ ਆਉਂਦਾ..! ਜਾਗਦਿਆਂ ਨੂੰ ਪੈਂਦੀਂ ਨਾ ਪਾਇਆ ਕਰ..! ਬਿਨਾ ਗੱਲ ਤੋਂ ਤੂੰ ਕੱਛ 'ਚ ਮੁੰਮਾਂ ਦਿੰਨੈਂ..!" ਉਹ ਕੁਰਸੀ ਤੋਂ ਅੱਗ ਲੱਗੀ ਵਾਲ਼ਿਆਂ ਵਾਂਗ ਉਠਿਆ।
-''ਕਸੂਰ ਤਾਂ ਦੱਸ ਕੋਈ ਸਰਦਾਰਾ..? ਬਿਨਾਂ ਗੱਲੋਂ ਗਲ਼ ਨੂੰ ਕਾਹਨੂੰ ਆਉਨੈਂ..?" ਸਰਪੰਚ ਵੀ ਅੱਗਿਓਂ ਕਰੜਾ ਹੋ ਗਿਆ।
-''ਤੇਰੇ ਪਿੰਡ 'ਚ ਕਿਸੇ ਨੂੰ ਕਤਲ ਕਰਨ ਦੀਆਂ ਸਕੀਮਾਂ ਬਣਨ, ਤੇ ਤੂੰ ਸਾਡੇ ਕੋਲ਼ੇ ਠਾਣੇ ਵੀ ਨਾ ਪਹੁੰਚੇਂ..? ਕਾਹਦੀ ਜ਼ਿੰਮੇਵਾਰੀ ਐ ਤੇਰੀ..? ਲੋਕਾਂ ਨੇ ਤੈਨੂੰ ਵੋਟਾਂ ਕਾਹਦੇ ਵਾਸਤੇ ਪਾਈਐਂ..?"
-''ਕੀਹਦਾ ਕਤਲ ਜਨਾਬ..? ਤੇ ਕੌਣ ਸਕੀਮਾਂ ਬਣਾਉਂਦੈ..? ਮੈਨੂੰ ਤਾ ਕਿਸੇ ਗੱਲ ਦਾ ਕੋਈ ਪਤਾ ਨੀ..!" ਸਰਪੰਚ ਜਾਣ ਬੁੱਝ ਕੇ ਅਸਲੋਂ ਮਚਲਾ ਹੋ ਗਿਆ। ਉਸ ਨੂੰ ਭਲੀ-ਭਾਂਤ ਪਤਾ ਸੀ ਕਿ ਪਿੰਡ ਦੇ 'ਤੱਤੇ' ਸੁਭਾਅ ਵਾਲ਼ੇ ਮੁੰਡੇ ਗੰਡਾਸੇ ਵਾਂਗ ਤਿੱਖੇ ਹੋਏ ਫ਼ਿਰਦੇ ਸਨ। ਜੇ ਮੈਂ ਕਿਸੇ ਗੱਲ ਤੋਂ 'ਫ਼ਿਰ' ਗਿਆ ਤਾਂ ਸਾਰੇ ਪਿੰਡ ਨੇ ਮੂੰਹ ਵੱਟ ਲੈਣਾਂ ਸੀ ਅਤੇ ਮੇਰੀ ਕੋਈ ਇੱਜ਼ਤ ਅਤੇ ਮੁੱਲ ਨਹੀਂ ਰਹਿ ਜਾਣਾ ਸੀ। ਪਿੰਡ ਦੀ ਹਮਾਇਤ ਨਾਲ਼ ਹੀ ਤਾਂ ਮੈਂ ਸਰਪੰਚ ਹਾਂ..! ਜੇ ਪਿੰਡ ਨੇ ਹੀ ਅੱਖਾਂ 'ਫ਼ੇਰ' ਲਈਆਂ, ਤਾਂ ਮੇਰੀ ਤਾਂ ਕੁੱਤੇ ਬਿੱਲੇ ਜਿੰਨੀ ਕਦਰ ਨਹੀਂ ਰਹਿ ਜਾਣੀ..। ਸਰਪੰਚ ਦੀ ਥਾਂ ਲੋਕਾਂ ਨੇ ਪੁਲੀਸ ਦਾ 'ਟਾਊਟ' ਹੀ ਦੱਸਣ ਲੱਗ ਪੈਣਾਂ ਸੀ। ਇਸ ਲਈ ਸਰਪੰਚ ਨੇ ਚੁੱਪ ਵੱਟਣ ਵਿਚ ਹੀ ਭਲਾਈ ਮੰਨੀ!
-''........।" ਠਾਣੇਦਾਰ ਵੀ ਖ਼ਾਮੋਸ਼ੀ ਧਾਰ ਗਿਆ। ਪਿੰਡ ਵਾਲ਼ਿਆਂ ਨੂੰ ਗੁਪਤ ਭੇਦ ਦੇਣਾਂ ਤਾਂ ਸਿੱਧੀ ਹੀ ਬੇਵਕੂਫ਼ੀ ਸੀ। ਰਹੱਸ ਸਾਂਭਣਾਂ ਤਾਂ ਪੁਲੀਸ ਦਾ 'ਕਰਮ' ਹੁੰਦਾ ਹੈ ਅਤੇ ਗੁਪਤ ਰਹੱਸ ਉਹ ਕਿਸੇ ਨਾਲ਼ ਸਾਂਝਾ ਨਹੀਂ ਕਰਨਾ ਚਾਹੁੰਦਾ ਸੀ।
-''ਦੁੱਧ ਛਕੋ ਹਜ਼ੂਰ..!" ਪੰਚਾਇਤ ਮੈਂਬਰ ਗਰਮ ਦੁੱਧ ਦੀ ਬਾਲਟੀ ਭਰੀ ਖੜ੍ਹਾ ਸੀ।
ਸਾਰੀ ਪੁਲ਼ਸ ਨੂੰ ਮੈਂਬਰ ਨੇ ਦੁੱਧ ਦੇ ਗਿਲਾਸ ਭਰ-ਭਰ ਫ਼ੜਾ ਦਿੱਤੇ।
-''ਜੇ ਪਿੰਡ 'ਚ ਕੋਈ ਵਾਰਦਾਤ ਹੋਈ, ਤਾਂ ਗਲ਼ ਰੱਸਾ ਸਿੱਧਾ ਤੇਰੇ ਪਊਗਾ, ਸਰਪੈਂਚਾ..!" ਮੁਫ਼ਤ ਦੇ ਦੁੱਧ ਨਾਲ਼ ਆਫ਼ਰਿਆ ਠਾਣੇਦਾਰ ਸਰਪੰਚ ਨੂੰ ਦਬਕਾ ਜਿਹਾ ਮਾਰ ਕੇ ਜੀਪ ਵਿਚ ਬੈਠ ਗਿਆ।
ਧੂੜ ਦਾ ਬੱਦਲ਼ ਉਡਾਉਂਦੀ ਜੀਪ ਤੁਰ ਗਈ।
-''ਇਹ ਪੁਲ਼ਸ ਆਲ਼ੇ ਸੀ ਕਿ ਭੂਤ..?"
-''ਬਿਨਾਂ ਗੱਲੋਂ ਸਾਹਣ ਵਾਂਗੂੰ ਆ ਖੜ੍ਹੇ..!"
-''ਅਜੇ ਤਾਂ ਹੋਇਆ ਈ ਕੱਖ ਨੀ..!"
-''ਜੱਫ਼ਾ ਤਾਂ ਅਜੇ ਪੈਣੈਂ..!"
-''ਪਰ ਗੱਲ ਹੋਰ ਸੋਚੋ..!" ਕਾਮਰੇਡ ਬੋਲਿਆ।
-''ਕੀ...?" ਸਾਰੇ ਨੌਜਵਾਨ ਸੁਲ਼ਝੇ ਕਾਮਰੇਡ ਵੱਲ ਝਾਕੇ!
-''ਸੋਚਣ ਆਲ਼ੀ ਗੱਲ ਤਾਂ ਇਹ ਐ ਬਈ ਇਹ ਆਏ ਕਿਉਂ ਸੀ..? ਆਪਣੇ ਪਿੰਡ 'ਚ ਸਾਰੇ ਪਿੰਡ ਦਾ ਦੋਖੀ ਕੌਣ ਐਂ, ਜੀਹਨੇ ਝੱਟ ਪੁਲ਼ਸ ਨੂੰ ਖ਼ਬਰ ਜਾ ਕੀਤੀ..? ਪੁਲ਼ਸ ਦਾ ਮੁਖ਼ਬਰ ਓਹੋ ਲੱਖ ਹੋਵੇ! ਪਰ ਪਿੰਡ ਦਾ ਭਲਾ ਸੋਚਣ ਆਲ਼ਾ ਇਨਸਾਨ ਉਹ ਬਿਲਕੁਲ ਨਹੀਂ! ਸਾਰੇ ਪਿੰਡ ਦੀ ਸਿਰ-ਧੜ ਦੀ ਬਾਜ਼ੀ ਲੱਗੀ ਪਈ ਐ, ਸਾਰਾ ਪਿੰਡ ਇੱਕ ਮੋਰੀ ਲੰਘਣ ਨੂੰ ਤਿਆਰ ਐ, ਤੇ ਅਗਲਾ ਪੁਲ਼ਸ ਨੂੰ ਖ਼ਬਰਾਂ ਕਰਦਾ ਫ਼ਿਰਦੈ..? ਸਾਰੇ ਪਿੰਡ ਦੀ ਇੱਜ਼ਤ ਤੇ ਅਣਖ਼ ਦਾ ਸੁਆਲ ਬਣਿਆਂ ਪਿਐ, ਤੇ ਉਹ ਪੁਲ਼ਸ ਕੋਲ਼ੇ ਜਾ ਕੇ ਕਿਹੜੀ ਇਮਾਨਦਾਰੀ ਦਾ ਸਬੂਤ ਦਿੰਦੈ..?" ਕਾਮਰੇਡ ਨੇ ਦਿਲ ਦੀ ਅਸਲ ਗੱਲ ਮੁੰਡਿਆਂ ਦੇ ਅੱਗੇ ਰੱਖ ਦਿੱਤੀ।
ਸਾਰੇ ਦੁਬਿਧਾ ਵਿਚ ਪੈ ਗਏ।
-''ਜੇ ਆਪਣੇ ਪਿੰਡ ਦੀ 'ਉਹ' ਦੁਸ਼ਮਣ ਐਂ ਤਾਂ ਘੱਟ ਦੁਸ਼ਮਣ ਇਹ ਮੁਖ਼ਬਰ ਵੀ ਹੈਨ੍ਹੀ..! ਇਹ ਮੁਖ਼ਬਰ ਪਿੰਡ ਦਾ ਓਸ ਤੋਂ ਵੀ ਵੱਡਾ ਵੈਰੀ ਐ..!" ਕਾਮਰੇਡ ਨੇ ਸਾਰਿਆਂ ਨੂੰ ਕੰਨ ਜਿਹੇ ਕਰਕੇ ਸੁਚੇਤ ਕੀਤਾ।
ਸਾਰੇ ਉਦਾਸ ਅਤੇ ਨਿਰਾਸ਼ ਹੋਏ ਝੱਗੇ ਜਿਹੇ ਝਾੜਦੇ ਘਰਾਂ ਨੂੰ ਤੁਰ ਪਏ।
-''ਪਿੰਡ ਦਾ ਉਜਾੜਾ ਆ ਗਿਆ ਭਾਈ..! ਉਜੜੂਗਾ ਪਿੰਡ ਹੁਣ..!" ਕੋਈ ਬਜ਼ੁਰਗ ਸਿਰ ਮਾਰਦਾ ਜਾ ਰਿਹਾ ਸੀ। ਅੱਜ ਉਸ ਨੂੰ ਆਪਣੇ ਹੱਥ ਵਾਲ਼ੀ ਸੋਟੀ ਵੀ ਭਾਰੀ-ਭਾਰੀ ਲੱਗਦੀ ਸੀ।
-''ਕੋਈ ਭਲਾ ਬਚਨ ਬੋਲ ਬਜ਼ੁਰਗਾ..!" ਕੋਈ ਡਰਿਆਂ ਵਾਂਗ ਬੋਲਿਆ।
-''ਬਚਨ ਵੀ ਪਿੰਡ ਦੇ ਹਾਲਾਤਾਂ ਅਨੁਸਾਰ ਈ ਮੂੰਹੋਂ ਨਿਕਲਣੇ ਐਂ..!" ਕਾਮਰੇਡ ਨੇ ਗੱਲ ਕੱਟ ਕੇ ਕਿਹਾ।
ਸਾਰੇ ਪਿੰਡ ਦੇ ਸੰਘ ਵਿਚ 'ਗਲ਼ਘੋਟੂ' ਫ਼ਸਿਆ ਹੋਇਆ ਸੀ।
ਸਾਰੇ ਪਿੰਡ ਦੇ ਮਨ ਵਿਚ ਸਿਰਫ਼ ਇੱਕ ਹੀ ਸਹਿਮ ਸੀ ਕਿ ਜੇ ਕਤਲ ਹੋ ਗਿਆ ਤਾਂ ਪੁਲੀਸ ਨੇ ਸਾਰੇ ਪਿੰਡ ਨੂੰ ਵੰਝ 'ਤੇ ਟੰਗ ਦੇਣਾਂ ਸੀ। ਪਿੰਡ ਦਾ ਉਜਾੜਾ ਲਾਜ਼ਮੀ ਸੀ। ਇਸ ਲਈ ਕੋਈ ਖੁੱਲ੍ਹ ਕੇ ਗੱਲ ਕਰਨੀਂ 'ਆ ਬੈਲ ਮੁਝੇ ਮਾਰ' ਵਾਲ਼ੀ ਗੱਲ ਸਮਝਦਾ ਸੀ। ਪਰ ਪਿੰਡ ਦੇ ਨੌਜਵਾਨਾਂ ਦੀਆਂ 'ਗੁਪਤ' ਮੀਟਿੰਗਾਂ ਹੋ ਰਹੀਆਂ ਸਨ। ਜਿਹਨਾਂ ਵਿਚ ਭਾਂਤ-ਭਾਂਤ ਦੀਆਂ ਵਿਚਾਰਾਂ ਕੀਤੀਆਂ ਜਾਂਦੀਆਂ ਸਨ। ਕਤਲ ਕਰਨਾ ਅਤੇ ਫ਼ਿਰ ਉਸ ਨੂੰ ਸੰਭਾਲਣਾਂ! ਪਰ ਗਰਮ ਸੁਭਾਅ ਵਾਲ਼ੇ ਬਹੁਤੇ ਨੌਜਵਾਨ ਪਹਿਲਾਂ ਕਤਲ ਕਰਨ ਦੇ ਹੱਕ ਵਿਚ ਸਨ ਅਤੇ ਬਾਅਦ ਵਿਚ 'ਜੋ ਹੋਊ ਦੇਖੀ ਜਾਊ' ਦੀ ਧਾਰਨਾਂ ਵਿਚ ਹੀ ਚੱਲਦੇ ਸਨ।
(ਕਿਸ਼ਤ 2)
ਜਿਹੜੀ ਗੱਲ ਪਿੰਡ ਦੇ ਸਿਆਣੇ ਨਹੀਂ ਚਾਹੁੰਦੇ ਸਨ, ਉਹ ਆਖ਼ਰ ਹੋ ਕੇ ਰਹੀ!
ਹੋਣੀਂ ਟਾਲ਼ੀ ਨਾ ਜਾ ਸਕੀ!!
ਅਗਲੀ ਰਾਤ 'ਤਾਪੋ' ਦਾ ਕਤਲ ਹੋ ਗਿਆ!!!
ਉਸ ਦੀ ਕੱਟੀ-ਵੱਢੀ ਲਾਸ਼ ਪਿੰਡੋਂ ਬਾਹਰ ਖੇਤਾਂ ਵਿਚੋਂ ਮਿਲ਼ੀ ਸੀ। ਪਿੰਡ ਵਿਚ 'ਹਾੜ' ਬੋਲਣ ਲੱਗ ਪਿਆ ਸੀ। ਬਨੇਰਿਆਂ 'ਤੇ ਤਾਪੋ ਦੀ ਮੌਤ ਕੂਕਣ ਲੱਗ ਪਈ ਸੀ।
ਗੱਲ ਇਲਾਕੇ ਵਿਚ ਜੰਗਲ ਦੀ ਅੱਗ ਵਾਂਗ ਫ਼ੈਲ ਗਈ। ਪੂਰੇ ਇਲਾਕੇ ਵਿਚ ਇੱਕ ਸਹਿਮ, ਇੱਕ ਦਹਿਸ਼ਤ ਛਾ ਗਈ ਸੀ। ਤਾਪੋ ਦਾ ਕਤਲ ਹੋ ਜਾਣਾ ਕੋਈ ਮਾੜੀ-ਮੋਟੀ ਗੱਲ ਨਹੀਂ ਸੀ!
ਪਿੰਡ ਵਿਚ ਪੁਲ਼ਸ ਆ ਵੱਜੀ।
ਪੁਲ਼ਸ ਦਾ ਪੂਰਾ ਟਰੱਕ ਭਰਿਆ ਹੋਇਆ ਸੀ।
ਠਾਣੇਦਾਰ ਹੱਦੋਂ ਵੱਧ ਹਰਖ਼ਿਆ ਹੋਇਆ ਸੀ। ਪਿੰਡ ਦੇ ਨੌਜਵਾਨ ਪੁਲੀਸ ਨੇ ਘੇਰ ਕੇ ਪੰਚਾਇਤ ਘਰ ਵਿਚ ਲਿਆ ਬਿਠਾਏ ਸਨ। ਪਰ ਕੋਈ ਉਂਗਲ਼ ਧਰ ਕੇ ਨਹੀਂ ਆਖ ਸਕਦਾ ਸੀ ਕਿ ਕਤਲ ਕਿਸ ਨੇ ਕੀਤਾ ਸੀ। ਚੜ੍ਹਦੀ ਉਮਰ ਦੇ ਗਰਮ ਖ਼ਿਆਲੀ ਮੁੰਡੇ ਕੁੱਟ ਕੇ ਮੱਛੀਓਂ ਮਾਸ ਕੀਤੇ ਜਾ ਰਹੇ ਸਨ। ਪਰ ਕੋਈ ਭੇਦ ਬਾਹਰ ਨਹੀਂ ਆ ਰਿਹਾ ਸੀ। ਪੁਲੀਸ ਦੀ ਕਾਰਵਾਈ ਅੱਗੇ ਸਾਰਾ ਪਿੰਡ 'ਚੁੱਪ' ਸੀ। ਜਿਹੜਾ ਵੀ ਕੋਈ ਉਚਾ ਬੋਲ ਕੱਢਦਾ, ਢਾਹ ਲਿਆ ਜਾਂਦਾ ਸੀ। ਬਹੁਤਾ ਡਰ ਲੋਕਾਂ ਨੂੰ ਕਤਲ ਕੇਸ ਦਾ ਸੀ, ਕਿ ਪੁਲੀਸ ਦਾ ਕੀ ਇਤਬਾਰ..? ਦਫ਼ਾ ਤਿੰਨ ਸੌ ਦੋ ਦਾ ਪਰਚਾ ਕੱਟ ਕੇ ਅਦਾਲਤ ਨੂੰ ਹੀ ਦੇ ਦੇਣਾਂ ਸੀ। ਪੁਲੀਸ ਅੱਗੇ ਕਾਹਦਾ ਜੋਰ..? ਇਸ ਡਰ ਕਾਰਨ ਸਾਰਾ ਪਿੰਡ ਅੱਖੀਂ ਦੇਖ ਕੇ ਵੀ ਮੱਖੀ ਨਿਗਲ਼ ਰਿਹਾ ਸੀ।
ਜਦ ਗੱਲ ਕਿਸੇ ਸਿਰੇ ਨਾ ਲੱਗੀ ਤਾਂ ਪੁਲੀਸ ਨੇ ਸ਼ੱਕ ਦੇ ਆਧਾਰ 'ਤੇ ਜੂਪਾ ਅਤੇ ਸੁੱਚਾ ਨਰੜ ਕੇ ਟਰੱਕ ਵਿਚ ਸੁੱਟ ਲਏ ਅਤੇ ਠਾਣੇ ਲੈ ਗਏ। ਲਾਸ਼ ਪੋਸਟ ਮਾਰਟਮ ਲਈ ਹਸਪਤਾਲ਼ ਭੇਜ ਦਿੱਤੀ ਗਈ ਸੀ। ਪਰ ਅਜੇ ਤੱਕ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਤਾਪੋ ਦਾ ਕਤਲ ਕਿਸ ਨੇ ਕੀਤਾ ਸੀ..? ਬੱਸ ਅੱਕੀਂ-ਪਲ਼ਾਈਂ ਹੱਥ ਮਾਰੇ ਜਾ ਰਹੇ ਸਨ। ਅੱਕਾਂ ਵਿਚ ਡਾਂਗਾਂ ਵਰ੍ਹਾਈਆਂ ਜਾ ਰਹੀਆਂ ਸਨ ਅਤੇ ਫ਼ੋਕੇ ਕਿਆਫ਼ੇ ਹੀ ਲਾਏ ਜਾ ਰਹੇ ਸਨ।
-''ਜੂਪਿਆ..!" ਹਵਾਲਾਤ ਵਿਚ ਪਏ ਸੁੱਚੇ ਨੇ ਜੂਪੇ ਕਾਣੇਂ ਨੂੰ ਕਿਹਾ।
ਕੁੱਟ ਨਾਲ਼ ਉਹ ਬੁਰੀ ਤਰ੍ਹਾਂ ਭੰਨਿਆਂ ਤੋੜਿਆ ਪਿਆ ਸੀ।
-''ਹਾਂ ਬਾਈ..?" ਸਰੀਰੋਂ ਟੁੱਟਿਆ ਭੱਜਿਆ ਜੂਪਾ ਬੋਲਿਆ।
-''ਕੁੱਟ ਜਰ ਲਈਂ..! ਵੀਹ ਸਾਲ ਅੰਦਰ ਕੱਟਣੇ ਮੁਸ਼ਕਿਲ ਹੋ ਜਾਣਗੇ, ਮਿੱਤਰਾ..! ਡਰੀਂ ਡੋਲੀਂ ਨਾ..! ਮਰਦ ਬੱਚਾ ਬਣ ਕੇ ਸਿਰੜ 'ਤੇ ਕਾਇਮ ਰਹੀਂ..!"
-''ਵਹਿਮ ਨਾ ਮੰਨ ਬਾਈ..! ਜਮਾਂ ਈ ਨੀ ਜਰਕਦਾ..! ਕੁੱਟ ਵੀ ਇਹੇ ਕਿੰਨਾਂ ਕੁ ਲੈਣਗੇ..? ਡਰਨ ਡੋਲਣ ਵਾਲ਼ੀ ਚਿੰਤਾ ਨਾ ਤੂੰ ਮੰਨ..! ਘੁਲਾੜੀ 'ਚ ਪੀੜਿਆ ਜਾਊਂਗਾ, ਪਰ ਮੁੱਖੋਂ 'ਸੀ' ਨੀ ਉਚਾਰਦਾ..! ਪਿੰਡ ਦਾ ਜੂੜ ਵੱਢਣਾਂ ਸੀ, ਸੋ ਵੱਢ ਦਿੱਤਾ, ਹੁਣ ਸਿੱਟਿਆਂ ਦੀ ਕੋਈ ਚਿੰਤਾ ਨੀ ਬਾਈ..! ਇੱਕ ਵਾਰੀ ਪਿੰਡ ਨੂੰ ਸੁਖ਼ਾਲ਼ਾ ਕਰ'ਤਾ..!" ਜੂਪੇ ਨੇ ਉਸ ਨੂੰ ਬੇਫ਼ਿਕਰ ਕਰ ਦਿੱਤਾ।
ਦੂਰ ਕੁਰਸੀ 'ਤੇ ਠਾਣੇਦਾਰ ਅਤੀਅੰਤ ਸੜਿਆ-ਬਲ਼ਿਆ ਬੈਠਾ ਸੀ।
ਉਸ ਦੇ ਨੇੜਲੇ ਮੁਖ਼ਬਰ ਨੇ ਵੀ ਕੋਈ 'ਤਰਾਰਾ' ਨਹੀਂ ਦਿਖਾਇਆ ਸੀ। ਜੂਪੇ ਅਤੇ ਸੁੱਚੇ 'ਤੇ 'ਸ਼ੱਕ' ਜ਼ਰੂਰ ਸੀ। ਪਰ ਕੋਈ ਉਂਗਲ਼ ਧਰ ਕੇ ਦਾਅਵੇ ਨਾਲ਼ ਨਹੀਂ ਆਖ ਸਕਦਾ ਸੀ ਕਿ ਤਾਪੋ ਦਾ ਕਤਲ ਉਹਨਾਂ ਨੇ ਹੀ ਕੀਤਾ ਸੀ। ਜੇ ਕੀਤਾ ਸੀ ਤਾਂ ਕਿਉਂ ਕੀਤਾ ਸੀ..? ਦੁਬਿਧਾ ਵਿਚ ਫ਼ਸਿਆ ਠਾਣੇਦਾਰ ਕੰਧਾਂ ਵਿਚ ਟੱਕਰਾਂ ਮਾਰਦਾ ਫ਼ਿਰਦਾ ਸੀ। ਵੱਡੀ ਨਮੋਸ਼ੀ ਅਤੇ ਫ਼ਿਕਰ ਦੀ ਗੱਲ ਇਹ ਸੀ ਕਿ ਜੂਪੇ ਅਤੇ ਸੁੱਚੇ ਦੇ ਖ਼ਿਲਾਫ਼ ਇੱਕ ਵੀ ਗਵਾਹ ਨਹੀਂ ਖੜ੍ਹਾ ਹੋਇਆ ਸੀ। ਕਤਲ ਦਾ ਕੇਸ ਮਿੱਟੀ ਦੀ ਢਿੱਗ ਵਾਂਗ ਡਿੱਗਦਾ ਜਾ ਰਿਹਾ ਸੀ।
ਠੰਢੇ ਮੌਸਮ ਵਿਚ ਵੀ ਠਾਣੇਦਾਰ ਨੂੰ ਤਰੇਲ਼ੀਆਂ ਆ ਰਹੀਆਂ ਸਨ।
ਦੋ ਕਰੜੇ ਪੈੱਗ ਲਾ ਕੇ ਠਾਣੇਦਾਰ ਸਿਪਾਹੀਆਂ ਸਮੇਤ ਹਵਾਲਾਤ ਕੋਲ਼ ਆ ਗਿਆ।
ਉਹ ਸੀਖ਼ਾਂ ਕੋਲ਼ ਖੜ੍ਹਾ ਸਰਕਾਰੀ ਸਾਹਣ ਵਾਂਗ ਫ਼ੁੰਕਾਰੇ ਮਾਰ ਰਿਹਾ ਸੀ। ਵਾਲ਼ਾਂ ਨਾਲ਼ ਭਰੀਆਂ ਨਾਸਾਂ 'ਚੋਂ ਸੀਟੀਆਂ ਵੱਜ ਰਹੀਆਂ ਸਨ।
-''ਕਤਲ ਥੋਡੇ ਹੱਡਾਂ 'ਚੋਂ ਕੱਢਣੈਂ..! ਖ਼ੁਸ਼ੀ ਮਨ 'ਚ ਰੱਖਿਓ ਬਈ ਮੈਂ ਫ਼ੁੱਦੂ ਦਬਕਾੜੇ ਈ ਮਾਰਦੈਂ..!" ਉਸ ਨੇ ਪੋਰੀ-ਪੋਰੀ ਭੰਨੇ ਪਏ ਜੂਪੇ ਨੂੰ ਡਰਾਇਆ। ਸੱਟਾਂ ਨਾਲ਼ ਤੋੜਿਆ ਜੂਪਾ ਤਾਅ ਖਾ ਕੇ ਉਠ ਕੇ ਬੈਠ ਗਿਆ।
-''ਮਰਿਆਂ ਪਿਆਂ ਦੇ ਅੰਦਰੋ ਜੋ ਮਰਜ਼ੀ ਕੱਢੀ ਚੱਲੀਂ ਸਰਦਾਰਾ..! ਜਿਉਂਦੇ ਜੀਅ ਸਾਡੇ 'ਚੋਂ ਤੂੰ ਕੁਛ ਨਹੀਂ ਕੱਢ ਸਕਦਾ..! ਜਿੰਨਾਂ ਤੇਰੇ 'ਚ ਜੋਰ ਐ, ਆਬਦਾ ਲਾ ਕੇ ਹਟੀਂ, ਕੋਈ ਰੀਝ ਰਹਿ ਨਾ ਜਾਵੇ ਤੇਰੇ ਮਨ 'ਚ..!" ਜੂਪਾ ਬੜੇ ਤਾਣ ਨਾਲ਼ ਬੋਲਿਆ।
-''ਜਦੋਂ ਅਸੀਂ ਕੁਛ ਕੀਤਾ ਈ ਨੀ, ਫ਼ੇਰ ਕਾਹਤੋਂ ਤੁਸੀਂ ਸਾਡੇ 'ਬਾਦ' ਪਏ ਓਂ..?" ਸੁੱਚੇ ਨੇ ਤਰਕ ਭਰੀ ਸੁਣਾਈ ਕੀਤੀ।
ਖਿਝੇ ਠਾਣੇਦਾਰ ਨੇ ਸੀਖ਼ਾਂ ਵਿਚ ਮੱਥਾ ਮਾਰਿਆ।
ਹਵਾਲਾਤ ਦੇ ਖਣਾਂ 'ਚੋਂ ਮਿੱਟੀ ਕਿਰੀ!
ਸੁੱਚੇ ਅਤੇ ਜੂਪੇ ਨੂੰ ਹਵਾਲਾਤ ਵਿਚੋਂ ਬਾਹਰ ਕੱਢ ਲਿਆ ਅਤੇ ਫ਼ਿਰ ਬੱਕਰੇ ਵਾਂਗ 'ਕੋਹਣਾਂ' ਸ਼ੁਰੂ ਕਰ ਦਿੱਤਾ। ਉਹਨਾਂ ਦੀਆਂ ਚੀਕਾਂ ਕੰਧਾਂ ਨਾਲ਼ ਵੱਜ-ਵੱਜ ਮੁੱਕ ਰਹੀਆਂ ਸਨ। ਠਾਣੇਦਾਰ ਨੂੰ ਇੱਕ ਝੋਰਾ ਹੀ ਖਾ ਰਿਹਾ ਸੀ ਕਿ ਠੋਕ ਵਜਾ ਕੇ ਕੀਤੇ ਖ਼ੂਨ ਦਾ ਕੇਸ ਰੇਤ ਵਾਂਗ ਕਿਰਦਾ ਜਾ ਰਿਹਾ ਸੀ। ਕੋਈ ਸਬੂਤ ਉਸ ਦੇ ਹੱਥ ਨਹੀਂ ਲੱਗ ਰਿਹਾ ਸੀ ਅਤੇ ਸ਼ੱਕੀ ਬੰਦੇ ਪਰਬਤ ਵਾਂਗ ਅਡੋਲ ਸਨ ਅਤੇ ਸੂਤ ਭਰ ਵੀ ਥਿੜਕ ਨਹੀਂ ਰਹੇ ਸਨ।
ਠਾਣੇਦਾਰ ਨੂੰ ਤਾਂ ਇਹ ਸੀ ਕਿ ਕੇਸ ਦਾ 'ਸਿਰਾ' ਮਿਲ਼ ਜਾਵੇ, ਧੁਰ ਤੱਕ ਮੈਂ ਆਪ ਹੀ ਪਹੁੰਚ ਜਾਣਾ ਸੀ। ਪਰ ਉਸ ਨੂੰ ਤਾਂ ਉਲ਼ਝੀ ਤਾਣੀ ਵਿਚੋਂ ਇੱਕ ਤੰਦ ਵੀ ਹੱਥ ਨਹੀਂ ਲੱਗ ਰਿਹਾ ਸੀ। ਇਸ ਲਈ ਉਹ ਬਹੁਤਾ ਹੀ ਪ੍ਰੇਸ਼ਾਨ ਅਤੇ ਉਖੜਿਆ ਪਿਆ ਸੀ। ਉਸ ਨੇ ਖ਼ੁਦ ਡੰਡਾ ਲੈ ਕੇ ਜੂਪੇ ਨੂੰ 'ਸਾੜ-ਸਾੜ' ਝੰਬਣਾਂ ਸ਼ੁਰੂ ਕਰ ਦਿੱਤਾ। ਪਰ ਜੂਪੇ ਦਾ ਮਾਸ ਸੁੰਨ ਹੋ ਗਿਆ ਸੀ। ਹੁਣ ਉਸ ਨੇ ਦੁਹਾਈ ਜਿਹੀ ਦੇਣੀ ਵੀ ਬੰਦ ਕਰ ਦਿੱਤੀ ਸੀ।
ਹੰਭ-ਹਫ਼ ਕੇ ਠਾਣੇਦਾਰ ਨੇ ਡੰਡਾ ਚਲਾ ਕੇ ਮਾਰਿਆ ਅਤੇ ਕੁਰਸੀ 'ਤੇ ਢੇਰੀ ਜਿਹਾ ਹੋ ਗਿਆ।
ਵੱਡੀ ਮੁਸੀਬਤ ਠਾਣੇਦਾਰ ਦੇ ਅੱਗੇ ਇਹ ਸੀ ਕਿ ਪਿੰਡ ਵਿਚੋਂ ਇੱਕ ਵੀ ਬੰਦਾ ਉਹਨਾਂ ਖ਼ਿਲਾਫ਼ ਗਵਾਹੀ ਦੇਣ ਨੂੰ ਤਿਆਰ ਨਹੀਂ ਸੀ, ਅਤੇ ਗਵਾਹੀ ਬਿਨਾਂ ਕੇਸ ਦੀ ਨੀਂਹ-ਬੁਨਿਆਦ ਕੋਈ ਨਹੀਂ ਸੀ।
-''ਕੀ ਕਰੀਏ..?" ਠਾਣੇਦਾਰ ਨੇ ਮੁਣਸ਼ੀ ਨੂੰ ਸਲਾਹ ਲਈ ਪੁੱਛਿਆ।
-''ਦੋ ਫ਼ਰਜ਼ੀ ਗਵਾਹ ਖੜ੍ਹੇ ਕਰ ਕੇ ਕੇਸ ਅਦਾਲਤ ਨੂੰ ਦੇ ਦਿਓ..!" ਉਸ ਨੇ ਵੀ 'ਠਾਹ' ਸੋਟਾ ਮਾਰਿਆ।
-''ਅਦਾਲਤ ਕਮਲ਼ੀ ਐ..? ਤੂੰ ਅਦਾਲਤ ਨੂੰ ਫ਼ੁੱਦੂ ਈ ਸਮਝਦੈਂ..?" ਠਾਣੇਦਾਰ ਮੁਣਸ਼ੀ ਦੇ ਗਲ਼ ਨੂੰ ਆਇਆ।
-''ਕਤਲ ਪਿੰਡ 'ਚ ਹੋਇਐ, ਠੋਕ ਵਜਾ ਕੇ ਕੀਤਾ ਗਿਐ, ਸਾਰੇ ਪਿੰਡ ਨੂੰ ਪਤੈ, ਪਰ ਫ਼ੇਰ ਵੀ ਪਿੰਡ 'ਚੋਂ ਕੋਈ ਭੈਣ ਚੋਦ ਮੂੰਹ ਨੀ ਖੋਲ੍ਹਦਾ, ਅਦਾਲਤ ਇਹ ਸੁਆਲ ਨੀ ਖੜ੍ਹਾ ਕਰੂਗੀ..? ਕੀ ਜਵਾਬ ਦੇਵਾਂਗੇ..? ਕਸੂਤੇ ਨੀ ਫ਼ਸ ਜਾਵਾਂਗੇ..?"
-''.........।" ਮੁਣਸ਼ੀ ਚੁੱਪ ਸੀ। ਠਾਣੇਦਾਰ ਦੇ ਕਿਆਫ਼ੇ ਸਹੀ ਸਨ।
-''ਜੇ ਪਿੰਡ ਵਾਲ਼ਿਆਂ ਨੇ ਏਕਾ ਕਰਕੇ ਅਦਾਲਤ 'ਚ ਉਲਟ ਸਟੇਟਮੈਂਟ ਦੇ ਦਿੱਤੀ, ਫ਼ੇਰ ਤਾਂ ਆਪਾਂ ਓਥੇ ਵੜਜਾਂਗੇ, ਜਿੱਥੋਂ ਨਿਕਲ਼ੇ ਐਂ..! ਫ਼ੇਰ ਆਪਣੀਆਂ ਪੇਟੀਆਂ ਤਾਂ ਸਮਝ ਲੈ, ਗਈਆਂ..!" ਠਾਣੇਦਾਰ ਨੇ ਮਨ ਦਾ ਅਸਲ ਡਰ ਦੱਸਿਆ।
ਪੂਰੀਆਂ ਦੋ ਰਾਤਾਂ ਸੁੱਚੇ ਅਤੇ ਜੂਪੇ 'ਤੇ ਡੰਡਾ ਵਰ੍ਹਦਾ ਰਿਹਾ।
ਉਹਨਾਂ ਦਾ ਅੰਗ-ਅੰਗ ਭੰਨਿਆਂ ਜਾ ਰਿਹਾ ਸੀ। ਸਰੀਰ ਦਾ ਪੋਟਾ-ਪੋਟਾ ਤੋੜ ਦਿੱਤਾ ਗਿਆ ਸੀ। ਪਰ ਉਹ ਕਸੀਸ ਵੱਟ ਕੇ ਜਰਦੇ ਰਹੇ। ਕੋਈ ਰਤੀ ਭਰ ਵੀ ਨਹੀਂ ਥਿੜਕਿਆ ਸੀ। ਉਹਨਾਂ ਦੇ ਹੌਂਸਲੇ ਬੁਲੰਦ ਸਨ। ਪਿੰਡ ਦੀ ਪੰਚਾਇਤ ਨੂੰ ਠਾਣੇਦਾਰ ਨੇ ਠਾਣੇ ਦੇ ਵਿਹੜੇ ਨਹੀਂ ਵੜਨ ਦਿੱਤਾ ਸੀ। ਉਹ ਸਾਰੇ ਪਿੰਡ 'ਤੇ ਬੁਰੀ ਤਰ੍ਹਾਂ ਚਿੜਿਆ ਹੋਇਆ ਸੀ। ਗਾਲ਼ ਬਿਨਾਂ ਗੱਲ ਨਹੀਂ ਕਰਦਾ ਸੀ।
ਪਰ ਇੱਕ ਸੰਤਰੀ ਰਾਹੀਂ ਪਿੰਡ ਵਾਲ਼ਿਆਂ ਨੇ ਉਹਨਾਂ ਤੱਕ 'ਗੁਪਤ ਸੁਨੇਹਾਂ' ਪਹੁੰਚਦਾ ਕਰ ਦਿੱਤਾ ਸੀ।
-''ਜਮਾਂ ਡਰਿਓ ਡੋਲਿਓ ਨਾ..! ਹਵਾਲਾਤ 'ਚ ਮਰ ਭਾਵੇਂ ਜਾਇਓ, ਪਰ ਕਤਲ ਦਾ ਇਕਬਾਲ ਨਾ ਕਰਿਓ, ਸਾਰਾ ਪਿੰਡ ਥੋਡੇ ਨਾਲ਼ ਐ..! ਅਸੀਂ ਸਾਰਾ ਪਿੰਡ ਥੋਡੇ ਮਗਰ ਐਂ, ਸੂਰਮਿਓਂ..! ਥੋਡੇ ਮਗਰ ਆਪਣੇ ਖ਼ੂਨ ਦਾ ਆਖ਼ਰੀ ਕਤਰਾ ਵੀ ਵਹਾ ਦਿਆਂਗੇ..!"
ਸੁਨੇਹਾਂ ਸੁਣ ਕੇ ਉਹਨਾਂ ਦੇ ਫ਼ੱਟੜ ਹੌਸਲੇ ਫ਼ਿਰ ਫ਼ੌਲਾਦੀ 'ਥੰਮ੍ਹ' ਬਣ ਗਏ।
ਅਖ਼ੀਰ ਹਾਰ-ਹੰਭ ਕੇ ਠਾਣੇਦਾਰ ਨੇ ਸ਼ੱਕ ਦੇ ਆਧਾਰ 'ਤੇ ਕੇਸ ਅਦਾਲਤ ਦੇ ਸਪੁਰਦ ਕਰ ਦਿੱਤਾ। ਕੋਈ ਮੌਕੇ ਦਾ ਗਵਾਹ ਨਹੀਂ ਸੀ। ਸਾਰਾ ਪਿੰਡ ਇੱਕ ਪਾਸੇ ਮੁਲਜ਼ਮਾਂ ਦਾ 'ਅਰਦਲੀ' ਬਣਿਆਂ ਖੜ੍ਹਾ ਸੀ। ਨੌਜਵਾਨ ਤਬਕਾ ਬਾਜ਼ ਵਾਲ਼ੀ ਤਿੱਖੀ ਅੱਖ ਨਾਲ਼ ਜਾਂਚ ਰਿਹਾ ਸੀ ਕਿ ਕੋਈ ਉਹਨਾਂ ਦੇ ਖ਼ਿਲਾਫ਼ ਨਾ ਭੁਗਤ ਜਾਵੇ!
ਸਭ ਦੀ ਜੱਦੋਜਹਿਦ ਰੰਗ ਲਿਆਈ।
ਪਹਿਲੀ ਪੇਸ਼ੀ 'ਤੇ ਹੀ ਅਦਾਲਤ ਨੇ ਜੂਪੇ ਅਤੇ ਸੁੱਚੇ ਦੇ ਰੱਸੇ ਲਾਹ ਦਿੱਤੇ।
ਜਦ ਉਹ ਬਰੀ ਹੋ ਕੇ ਪਿੰਡ ਪਹੁੰਚੇ ਤਾਂ ਸਾਰੇ ਪਿੰਡ ਨੇ ਸੁਆਗਤ ਵਜੋਂ ਉਹਨਾਂ ਨੂੰ ਬਾਂਹਾਂ 'ਤੇ ਟੰਗ ਲਿਆ।
-''ਮੈਂ ਤਾਂ ਪੂਰਾ ਡਰੰਮ ਪਾਈ ਬੈਠਾ ਸੀ, ਬਈ ਬਾਈ ਬਰੀ ਹੋ ਕੇ ਆਉਣਗੇ ਤੇ ਰੰਗ ਭਾਗ ਲਾਵਾਂਗੇ..!" ਬਲਰਾਜ ਬਰਾੜ ਨੇ ਮਣਕਾ ਬੰਨ੍ਹ ਕੇ ਬੋਤਲ ਉਹਨਾਂ ਅੱਗੇ ਰੱਖ ਦਿੱਤੀ।
-''ਧੰਨਭਾਗ ਬਰਾੜਾ..!"
-''ਦਾਰੂ ਪੂਰੀ ਖੱਟਰ ਐ..! ਮੀਲ ਤੋਂ ਅੱਗ ਫ਼ੜਦੀ ਐ..!" ਉਸ ਨੇ ਗਿਲਾਸ ਭਰ ਕੇ ਜੂਪੇ ਅੱਗੇ ਕਰ ਦਿੱਤਾ।
-''ਮੇਰੇ ਸਾਲ਼ਿਆਂ ਨੇ ਐਨੀ ਬੁਰੀ ਤਰ੍ਹਾਂ ਭੰਨਿਆਂ, ਸਰੀਰ ਅਜੇ ਵੀ ਜਿਲੂੰ-ਜਿਲੂੰ ਕਰੀ ਜਾਂਦੈ..!" ਜੂਪੇ ਨੇ ਗਿਲਾਸ ਖਾਲੀ ਕਰ ਦਿੱਤਾ।
-''ਬੇਬੇ ਥੋਡੇ ਆਸਤੇ ਦੇਸੀ ਘਿਉ ਦਾ ਪੀਪਾ ਭਰੀ ਬੈਠੀ ਐ..! ਕਹਿੰਦੀ ਮੇਰੇ ਸ਼ੇਰ ਜੂਪਾ ਤੇ ਸੁੱਚਾ ਆਉਣਗੇ, ਉਹਨਾਂ ਨੂੰ ਇਹ ਘਿਉ ਖੁਆਉਣਾਂ ਨੀ, ਪਸ਼ੂਆਂ ਮਾਂਗੂੰ ਚਾਰਨੈਂ..!"
ਸਾਰੇ ਹੱਸ ਪਏ।
-''ਯਾਰ ਆਪਣੇ ਤਾਂ ਸਾਰੇ ਪਿੰਡ ਨੇ ਥੋਡੇ ਵਾਸਤੇ ਅਰਦਾਸਾਂ ਕੀਤੀਐਂ..!"
-''ਪਿੰਡ ਦਾ ਕੋਹੜ ਵੀ ਤਾਂ ਇਹਨਾਂ ਨੇ ਈ ਚੱਕਿਐ..! ਪਿੰਡ ਤਾਂ ਸਾਰੀ ਉਮਰ ਥੋਡਾ ਦੇਣ ਨੀ ਦੇ ਸਕਦਾ ਪੁੱਤ..! ਉਹ ਪੱਟ ਹੋਣੀਂ ਤਾਂ ਆਪਣੇ ਪਿੰਡ ਨੂੰ ਕਲੰਕ ਬਣ ਕੇ ਚੁੰਬੜੀ ਵੀ ਸੀ..! ਮਸਾਂ ਉੱਦਮ ਕਰ ਕੇ ਤੁਸੀਂ ਫ਼ਸਤਾ ਵੱਢਿਐ ਉਹਦਾ..! ਸਾਰਾ ਨਗਰ ਥੋਡਾ ਦੇਣਦਾਰ ਐ ਸ਼ੇਰੋ..! ਧੰਨ ਓਂ ਤੁਸੀਂ ਤੇ ਧੰਨ ਉਹ ਮਾਂਵਾਂ, ਜਿੰਨ੍ਹਾਂ ਨੇ ਥੋਨੂੰ ਜਨਮ ਦਿੱਤੈ..!" ਤਾਏ ਉਜਾਗਰ ਸਿੰਘ ਨੇ ਕਿਹਾ।
-''ਗੱਲ ਅਸਲ 'ਚ ਤਾਇਆ ਪਤਾ ਕੀ ਸੀ..? ਜਿਵੇਂ ਕਹਿੰਦੇ ਹੁੰਦੇ ਐ, ਮਰਦੀ ਨੇ ਅੱਕ ਚੱਬਿਆ ਤੇ ਮੈਂ ਤਾਂ ਹਾਰ ਕੇ ਜੇਠ ਨਾਲ਼ ਲਾਈਆਂ..!" ਸੁੱਚੇ ਦੀ ਬੜ੍ਹਕ ਵਰਗੀ ਅਵਾਜ਼ ਗੂੰਜੀ, ''ਵਾਧੇ ਉਹ ਬਾਹਲ਼ੇ ਕਰਗੀ ਸੀ, ਥੋੜ੍ਹੇ ਨੀ..! ਫ਼ਸਤਾ ਉਹਦਾ ਵੱਢਣਾ ਪਿਆ..! ਕਿੰਨਾਂ ਕੁ ਚਿਰ ਬੇਅਣਖ਼ੇ ਹੋ ਕੇ ਬੋਤੇ ਦੇ ਬੁੱਲ੍ਹ ਮਾਂਗੂੰ ਓਹਦੇ ਮੂੰਹ ਵੱਲ ਦੇਖਦੇ ਰਹਿੰਦੇ..? ਕਿਸੇ ਨੂੰ ਕਦੇ ਤਾਂ ਅੱਕ ਚੱਬਣਾ ਈ ਪੈਣਾਂ ਸੀ..!" ਘੁੰਮਦੀਆਂ ਖਿੱਤੀਆਂ ਵੱਲ ਦੇਖ ਕੇ ਉਸ ਨੇ ਪੈੱਗ ਪੀ ਕੇ ਉਤੋਂ ਦੀ ਪਾਣੀ ਪੀਤਾ ਅਤੇ ਫ਼ਿਰ ਕੁਰਲ਼ੀ ਕਰ ਡੋਲ੍ਹ ਦਿੱਤਾ।
(ਕਿਸ਼ਤ 3)
...ਅਸਲ ਵਿਚ 'ਤਾਪੋ' ਦਾ ਨਾਂ ਤਪ ਤੇਜ਼ ਕੌਰ ਸੀ। ਪਰ ਲੋਕ ਉਸ ਨੂੰ 'ਤਾਪੋ' ਹੀ ਆਖਦੇ ਸਨ। ਤਾਪੋ ਕਿਸੇ ਬਾਹਰਲੇ ਪਿੰਡ ਵਿਚੋਂ ਆ ਕੇ ਇਸ ਪਿੰਡ ਵਿਚ ਵਸੀ ਸੀ। ਉਸ ਦਾ ਪਿਛੋਕੜ ਕੀ ਸੀ..? ਇਸ ਬਾਰੇ ਸ਼ਾਇਦ ਕਿਸੇ ਨੂੰ ਵੀ ਨਹੀਂ ਪਤਾ ਸੀ। ਇਸ ਪਿੰਡ ਵਿਚ ਆ ਕੇ ਉਸ ਨੇ ਪਲਾਟ ਲੈ ਕੇ ਦੋ ਕੁ ਕਮਰੇ ਦਾ ਮਕਾਨ ਬਣਾ ਲਿਆ ਸੀ ਅਤੇ ਸ਼ਹਿਰ ਮਜਦੂਰੀ ਕਰਨ ਜਾਂਦੀ ਸੀ। ਲੋਕ ਆਖਦੇ ਸਨ ਕਿ ਉਹ 'ਨਰਸ' ਸੀ ਅਤੇ ਸ਼ਹਿਰ ਦੇ ਕਿਸੇ ਪ੍ਰਾਈਵੇਟ ਹਸਪਤਾਲ਼ ਵਿਚ ਕੰਮ ਕਰਦੀ ਸੀ। ਪਿੰਡ ਵਿਚ ਜਦ ਕੋਈ ਔਰਤ ਗਰਭਵਤੀ ਹੁੰਦੀ ਸੀ ਤਾਂ ਤਾਪੋ ਨੂੰ ਲਿਆ ਕੇ ਹੀ 'ਦਿਖਾਈ' ਜਾਂਦੀ ਸੀ। ਉਹ ਵੀ ਹਰ ਔਰਤ ਨਾਲ਼ ਬੜੀ ਹਮਦਰਦੀ ਅਤੇ ਅਪਣੱਤ ਨਾਲ਼ ਪੇਸ਼ ਆਉਂਦੀ ਸੀ। ਪਿੰਡ ਦੀਆਂ ਕੁੜੀਆਂ-ਬੁੜ੍ਹੀਆਂ ਵੀ ਉਸ ਨੂੰ ਆਪਣੀ 'ਹਮਦਰਦ' ਜਿਹੀ ਸਮਝਦੀਆਂ, ਉਸ ਨਾਲ਼ ਦਿਲ ਦੀ 'ਹਰ' ਗੱਲ ਸਾਂਝੀ ਕਰ ਲੈਂਦੀਆਂ ਸਨ। ਪਿੰਡ ਦੀਆਂ ਸਾਰੀਆਂ ਬੁੜ੍ਹੀਆਂ-ਕੁੜੀਆਂ ਉਸ ਨੂੰ ''ਭੈਣ ਜੀ" ਆਖ ਕੇ ਬੁਲਾਉਂਦੀਆਂ ਸਨ ਅਤੇ ਉਹ ਸਾਰੇ ਪਿੰਡ 'ਚ ਵੱਡਿਆਂ ਲਈ 'ਬੀਬੀ' ਅਤੇ ਛੋਟਿਆਂ ਲਈ 'ਭੈਣ ਜੀ' ਬਣ ਗਈ ਸੀ! ਸਾਰੇ ਉਸ ਦਾ ਦਿਲੋਂ ਸਤਿਕਾਰ ਕਰਦੇ ਸਨ।
ਪਰ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਤਾਪੋ ਕੀ ਕਰਦੀ ਸੀ? ਹੌਲ਼ੀ-ਹੌਲ਼ੀ ਉਸ ਦਾ ਦੋ ਕਮਰੇ ਦਾ ਘੁੱਟਿਆ ਜਿਹਾ ਘਰ, ਵਿਸ਼ਾਲ ਕੋਠੀ ਵਿਚ ਬਦਲ ਗਿਆ। ਖੁੱਲ੍ਹੇ-ਡੁੱਲ੍ਹੇ ਵਿਹੜੇ ਵਿਚ ਹਵਾ ਰੁਮਕਣ ਲੱਗ ਪਈ ਸੀ ਅਤੇ ਛੱਤ 'ਤੇ ਮੋਰ ਪੈਹਲ ਪਾਉਣ ਲੱਗ ਪਏ ਸਨ। ਲੋਕ ਹੈਰਾਨ ਸਨ ਕਿ ਤਾਪੋ ਹੱਥ ਪਤਾ ਨਹੀਂ ਕਿਹੜੀ 'ਗਿੱਦੜਸਿੰਗੀ' ਆ ਗਈ ਸੀ, ਜੋ ਦਿਨਾਂ ਵਿਚ ਹੀ ਮਹਿਲ-ਮੁਨਾਰੇ ਉਸਰਨ ਲੱਗ ਪਏ ਸਨ? ਹੁਣ ਉਹ ਬੜੀ 'ਬਣ-ਠਣ' ਕੇ ਰਹਿੰਦੀ ਸੀ। ਪਹਿਲਾਂ ਉਸ ਕੋਲ਼ ਸਕੂਟਰ ਆਇਆ ਅਤੇ ਫ਼ਿਰ ਇੱਕ ਦਮ ਕਾਰ! ...ਅਤੇ ਕਾਰ ਦੇ ਨਾਲ਼-ਨਾਲ਼ ਕਿਤੋਂ ਡਰਾਈਵਰ ਵੀ ਆ ਗਿਆ ਸੀ।
ਤਾਪੋ ਦੇ ਕਿਸੇ ਪੇਕੇ-ਸਹੁਰੇ ਜਾਂ ਅੱਗੇ-ਪਿੱਛੇ ਬਾਰੇ ਕਿਸੇ ਨੂੰ ਉੱਕਾ ਹੀ ਗਿਆਨ ਨਹੀਂ ਸੀ। ਜਦ ਵੀ ਲੋਕਾਂ ਨੇ ਉਸ ਨੂੰ ਦੇਖਿਆ ਸੀ, ਇਕੱਲੀ ਹੀ ਦੇਖਿਆ ਸੀ। ਪਰ ਹੁਣ ਉਸ ਦਾ ਡਰਾਈਵਰ ਉਸ ਨਾਲ਼ ਪ੍ਰਛਾਵੇਂ ਵਾਂਗ ਨਾਲ਼ ਰਹਿਣ ਲੱਗ ਪਿਆ ਸੀ। ਲੋਕ ਇਹ ਵੀ ਲੱਖਣ ਲਾਉਂਦੇ ਸਨ ਕਿ ਤਾਪੋ ਕੋਲ਼ ਰਿਵਾਲਵਰ ਜਾਂ ਪਿਸਟਲ ਵੀ ਸੀ। ਪਰ ਅਜੇ ਤੱਕ ਕਿਸੇ ਨੇ ਅੱਖੀਂ ਨਹੀਂ ਦੇਖਿਆ ਸੀ। ਇਹ ਸਿਰਫ਼ ਲੋਕਾਂ ਦੇ 'ਕਿਆਫ਼ੇ' ਸਨ। ਉਸ ਦੇ ਡਰਾਈਵਰ ਕੋਲ਼ ਲੋਕਾਂ ਨੇ ਹਥਿਆਰ ਜ਼ਰੂਰ ਦੇਖਿਆ ਸੀ। ਡਰਾਈਵਰ ਬਹੁਤੀ ਕਿਸੇ ਨਾਲ਼ ਗੱਲ ਨਹੀਂ ਕਰਦਾ ਸੀ। ਉਸ ਦੀਆਂ ਅੱਖਾਂ ਹੀ ਹਰਕਤ ਕਰਦੀਆਂ ਸਨ। ਮੂੰਹੋਂ ਉਹ ਬਹੁਤ ਘੱਟ ਬੋਲਦਾ ਸੀ।
ਹੁਣ ਤਾਂ ਤਾਪੋ ਕੋਲ਼ 'ਓਪਰੇ' ਬੰਦੇ ਵੀ ਆਉਣ ਲੱਗ ਪਏ ਸਨ। ਬਾਹਰਲੇ ਬੰਦੇ ਕੋਈ ਸਾਊ ਨਜ਼ਰ ਨਹੀਂ ਆਉਂਦੇ ਸਨ। ਉਹਨਾਂ ਦੀਆਂ ਰੱਤੀਆਂ ਅੱਖਾਂ ਵਿਚ ਸ਼ਰਾਬ ਕਲੋਲਾਂ ਕਰਦੀ ਹੁੰਦੀ ਸੀ ਅਤੇ ਚਿਹਰੇ ਦੀ 'ਘੂਰ' ਹਰ ਕਿਸੇ ਨੂੰ 'ਡਾਂਟਦੀ' ਸੀ।
-''ਇਹ ਤਾਂ ਮੈਨੂੰ ਪਾਕਿਸਤਾਨ ਦੀ ਜਸੂਸ ਲੱਗਦੀ ਐ..!" ਸੱਥ ਵਿਚ ਬੈਠ ਕੇ ਕਿਸੇ ਨੇ ਤਾਪੋ ਬਾਰੇ ਅਜੀਬ 'ਅਕਾਸ਼ਬਾਣੀ' ਕੀਤੀ ਤਾਂ ਸਭ ਦੇ ਸਾਹ ਸੂਤੇ ਗਏ।
-''ਜਸੂਸ ਤਾਂ ਕੀ ਹੋਣੀ ਸੀ..! ਪਰ ਮੈਨੂੰ ਹੋਰ ਸ਼ੱਕ ਐ..!" ਕਿਸੇ ਨੇ ਬੋਲਣ ਦੀ ਵਾਰੀ ਲਈ।
-''ਕੀ..?" ਕਈ ਬੰਦਿਆਂ ਨੇ ਚੀਕ ਮਾਰਨ ਵਾਂਗ ਪੁੱਛਿਆ।
-''ਮੈਨੂੰ ਤਾਂ ਇਉਂ ਲੱਗਦੈ ਜਿਵੇਂ ਇਹ 'ਧੰਦਾ' ਕਰਦੀ ਹੁੰਦੀ ਐ..?"
-''ਜਾਂ ਧੰਦਾ ਕਰਵਾਉਂਦੀ ਹੋਊ..?"
-''ਜਾਂ ਡਰੱਗ ਐਧਰ-ਓਧਰ ਕਰਦੀ ਐ..!"
ਇਕ ਸੰਨਾਟਾ ਛਾ ਗਿਆ।
ਪਿੰਡ ਵਾਲ਼ਿਆਂ ਦੇ ਮੂੰਹ ਤੋਂ ਮੱਖੀ ਉੱਡਣੋਂ ਹਟ ਗਈ।
-''ਆਪਣੇ ਪਿੰਡ ਦੀਆਂ ਨੂੰਹਾਂ-ਧੀਆਂ ਇਹਤੋਂ 'ਲਾਜ ਕਰਵਾਉਣ ਜਾਂਦੀਐਂ, ਉਹਨਾਂ ਨੂੰ ਸਖ਼ਤੀ ਨਾਲ਼ ਰੋਕੋ ਭਾਈ..!" ਕਿਸੇ ਬਜ਼ੁਰਗ ਨੇ ਦੁਹਾਈ ਦਿੱਤੀ।
-''ਕਹਿੰਦੇ ਇਹ ਉਹਨਾਂ ਨੂੰ ਦੁਆਈ ਮੁਫ਼ਤ ਦਿੰਦੀ ਐ..?"
-''ਜੀਹਨੇ ਸੱਪ ਫ਼ੜਨਾ ਹੋਵੇ, ਉਹ ਤਾਂ ਬੀਨ 'ਤੇ ਵੀਹ ਰਾਗ ਕੱਢੂ..! ਨਹੀਂ ਹਾਥੀ ਦਾ ਕੱਟਾ ਕੀ ਲੱਗਦਾ ਹੁੰਦੈ..?"
-''ਉਹ ਦੁਆਈ ਮੁਖ਼ਤ ਤਾਂ ਕੀ, ਪੱਲਿਓਂ ਪੈਸੇ ਵੀ ਦਿੰਦੀ ਹੋਊ..!"
-''ਇਹੀ ਤਾਂ ਵਲ਼-ਫ਼ੇਰ ਬੰਦਿਆਂ ਦੇ ਘਾਤਕ ਢੰਗ-ਤਰੀਕੇ ਹੁੰਦੇ ਐ..!"
ਕੁਝ ਦਿਨ ਲੰਘ ਗਏ।
ਸੱਥ ਵਿਚ ਫ਼ਿਰ ਇਕੱਠ ਹੋਇਆ।
-''ਆਪਾਂ ਇਉਂ ਕਰੋ..!" ਇੱਕ ਸਿਆਣਾਂ ਪੰਚਾਇਤ ਮੈਂਬਰ ਕੋਈ ਸਕੀਮ ਸੋਚ ਕੇ ਬੋਲਿਆ।
-''..........।" ਸਾਰੇ ਚੁੱਪ ਚਾਪ ਉਸ ਵੱਲ ਝਾਕੇ। ਜਿਵੇਂ ਸਾਰਾ ਪਿੰਡ 'ਗੂੰਗਾ-ਬੋਲ਼ਾ' ਹੋ ਗਿਆ ਸੀ।
-''ਆਪਾਂ ਬੁੜ੍ਹੀਆਂ ਦਾ ਜੱਥਾ ਬਣਾ ਕੇ ਉਹਦੇ ਕੋਲ਼ੇ ਭੇਜੋ..!"
-''..........।" ਉਜਾੜ ਵਰਗੀ ਚੁੱਪ ਵਰਤ ਗਈ।
ਇੱਕ ਤਰ੍ਹਾਂ ਨਾਲ਼ 'ਹਾੜ' ਬੋਲਣ ਲੱਗ ਪਿਆ।
ਪਰ ਗਰਮ-ਖ਼ਿਆਲੀ ਨੌਜਵਾਨ ਭੜ੍ਹਕ ਉਠੇ।
-''ਪਿੰਡ ਦੇ ਬੰਦਿਆਂ ਦੇ ਤਾਂ ਕੁੱਤੇ ਫ਼ੇਲ੍ਹ ਹੋ ਗਏ ਤੇ ਹੁਣ ਬੁੜ੍ਹੀਆਂ ਦਾ ਸਹਾਰਾ ਲਓ...?" ਕੋਈ ਤੱਤੇ ਸੁਭਾਹ ਵਾਲ਼ਾ ਟੱਪ ਉਠਿਆ।
-''ਜਿਹੜਾ ਬੁੜ੍ਹੀਆਂ ਦਾ ਸਹਾਰਾ ਲੈਂਦੈ, ਉਹ ਕਿਹੜਾ ਯੁੱਧ ਜਿੱਤੂਗਾ..?" ਉਸ ਦਾ ਹਮਾਇਤੀ ਉਚਾ ਹੋ ਕੇ ਬੋਲਿਆ।
-''ਬੁੜ੍ਹੀਆਂ ਦੇ ਮੋਢਿਆਂ 'ਤੇ ਧਰ ਕੇ ਬੰਦੂਕ ਚਲਾਉਣ ਵਾਲ਼ੇ ਕਦੇ ਕੋਈ ਪੂਰੀ ਨੀ ਪਾ ਸਕਦੇ..!"
-''ਜਿਹੜੇ ਬੁੜ੍ਹੀਆਂ ਦੀ ਪਿੱਠ ਓਹਲ੍ਹੇ ਹੋ-ਹੋ ਕੇ ਬੋਲਣ, ਉਹ ਮਰਦ ਨੀ ਹੁੰਦੇ, ਤੀਮੀਆਂ ਤੋਂ ਮਤਲਬ ਲੈਣ ਵਾਲ਼ੇ ਢੌਂਗੀ ਤੇ ਖੁਸਰੇ ਹੁੰਦੇ ਐ..!"
-''ਅਸਲ ਸ਼ੇਰ ਮਰਦ ਅੱਖ 'ਚ ਅੱਖ ਪਾ ਕੇ ਆਪ ਅੱਗਾ ਸੰਭਾਲ਼ਦੇ ਹੁੰਦੇ ਐ..! ਅਣਖ਼ੀ ਮਾਂ ਦਾ ਦੁੱਧ ਪੀਣ ਵਾਲ਼ੇ ਤੀਮੀਆਂ ਨੂੰ ਅੱਗੇ ਨੀ ਕਰਦੇ..! ਆਪ ਅੱਗੇ ਹੋ ਕੇ ਮੱਥਾ ਲਾਉਂਦੇ ਐ..! ਤੀਮੀਆਂ ਨੂੰ ਅੱਗੇ ਕਰ ਕੇ ਆਪਣਾ ਉੱਲੂ ਸਿੱਧਾ ਕਰਨ ਵਾਲ਼ੇ ਸਿਰੇ ਦੇ ਨੀਚ ਤੇ ਜਨਾਨੇ ਹੁੰਦੇ ਐ, ਬਾਬਾ..! ਉਹਨਾਂ ਨੇ ਦੂਜਿਆਂ ਨੂੰ ਤਾਂ ਕੀ ਪਾਰ ਲਾਉਣਾ ਸੀ, ਉਹ ਤਾਂ ਆਪ ਈ ਅੱਤ ਦੇ ਕਮੀਨੇ ਤੇ ਨਿੱਘਰੇ ਹੁੰਦੇ ਐ..! ਉਹਨਾਂ ਤੋਂ ਜ਼ਿੰਦਗੀ 'ਚ ਕਿਸੇ ਪ੍ਰਾਪਤੀ ਦੀ ਆਸ ਨੀ ਰੱਖੀਦੀ ਹੁੰਦੀ..! ਤੀਮੀਆਂ ਦਾ ਆਸਰਾ ਲੈਣ ਵਾਲ਼ੇ ਤਾਂ ਬੁੜ੍ਹੀਆਂ ਵਾਂਗੂੰ ਤੀਮੀਆਂ ਦੇ ਕੰਨਾਂ 'ਚ ਘੁਸਰ-ਮੁਸਰ ਕਰ ਕੇ ਮਤਲਬ ਕੱਢਣ ਵਾਲ਼ੇ ਸੁਆਰਥੀ ਹੁੰਦੇ ਐ..! ਤੁਸੀਂ ਮਰਦ ਬਣੋ, ਮਰਦ..! ਔਰਤਾਂ ਦੇ ਮੋਢਿਆਂ 'ਤੇ ਪੰਜਾਲ਼ੀਆਂ ਨਾ ਰੱਖੋ..!"
-''ਤੀਮੀਆਂ ਦੇ ਕੰਨਾਂ 'ਚ ਗੱਲਾਂ ਕਰਨ ਵਾਲ਼ੇ ਤਾਂ ਧਰਤੀ ਦੇ ਯੋਧਿਆਂ ਦੀ ਮਰਦਾਨਗੀ 'ਤੇ ਕਲੰਕ ਹੁੰਦੇ ਐ, ਬਾਬਾ..!" ਢਾਣੀਂ ਕਾਫ਼ੀ ਭਖ਼ੀ ਹੋਈ ਸੀ।
-''ਮੈਂ ਤਾਂ ਡਮਾਕ 'ਚ ਆਈ ਸਕੀਮ ਈ ਦੱਸੀ ਸੀ, ਪੋਤਿਆ..! ਤੁਸੀਂ ਤਾਂ ਵੈਰੀ ਮਾਂਗੂੰ ਅਲੀ-ਅਲੀ ਕਰ ਕੇ ਮੇਰੇ ਗਲ਼ ਈ ਪੈ ਗਏ..?"
-''ਐਹੋ ਜੀਆਂ ਸਕੀਮਾਂ ਆਪਣੇ ਕੋਲ਼ੇ ਰੱਖਿਆ ਕਰੋ..! ਥੋਡੇ ਮਗਰ ਲੱਗ ਕੇ ਅਸੀਂ ਆਪਣੀ ਅਣਖ਼ ਨੂੰ ਲਾਜ ਨੀ ਲਾਉਣੀ..! ਅਸੀਂ ਬੁੜ੍ਹੀਆਂ ਨੂੰ ਅੱਗੇ ਲਾ ਕੇ 'ਯੋਧੇ' ਨੀ ਬਣਨਾ..! ਜੋ ਸਰਿਆ, ਆਪਣੇ ਹੱਥੀਂ ਕਰਾਂਗੇ..! ਬੁੜ੍ਹੀਆਂ ਦਾ ਸਹਾਰਾ ਲੈ ਕੇ ਅਸੀਂ ਜ਼ਿੰਦਗੀ ਬਸਰ ਕੀਤੀ, ਤਾਂ ਬੜੀ ਕੀਤੀ..?"
ਸਾਰੀ ਧਿਰ ਹੀ ਬੜੀ ਗਰਮ ਅਤੇ ਔਖੀ ਸੀ। ਮੁੱਛ-ਫ਼ੁੱਟ ਮੁੰਡੇ ਬੜੀ ਤਲਖ਼ੀ ਨਾਲ਼ ਬੋਲ ਰਹੇ ਸਨ। ਔਰਤਾਂ ਨੂੰ ਅੱਗੇ ਕਰ ਕੇ 'ਲਾਹਾ' ਲੈਣ ਦੀ ਸਲਾਹ ਨੇ ਉਹਨਾਂ ਦੀ ਅਣਖ਼ ਨੂੰ 'ਫ਼ਿਟਕਾਰ' ਅਤੇ 'ਵੰਗਾਰ' ਪਾਈ ਸੀ ਅਤੇ ਉਹਨਾਂ ਦਾ ਗਰਮ ਖ਼ੂਨ ਉਬਲ਼ ਤੁਰਿਆ ਸੀ। ਉਹਨਾਂ ਨੇ ਮਰਨ-ਮਾਰਨ ਧਾਰਿਆ ਹੋਇਆ ਸੀ।
-''ਮੈਂ ਅੱਗੇ ਵੀ ਕਿਹੈ..! ਮੈਨੂੰ ਤਾਂ ਉਹ ਪਾਕਿਸਤਾਨ ਦੀ ਜਸੂਸ ਲੱਗਦੀ ਐ..!"
-''ਪਈ ਹੋਵੇ..! ਇੱਕ ਵਾਰੀ ਛੱਡ, ਦਸ ਵਾਰੀ ਹੋਵੇ..! ਪਾਕਿਸਤਾਨ ਤਾਂ ਆ ਕੇ ਸਾਡੇ 'ਤੇ ਐਟਮ ਸਿੱਟਣੋਂ ਰਿਹਾ..?"
-''ਐਦੂੰ ਤਾਂ ਸਾਰਾ ਪਿੰਡ ਮਰਜੇ..! ਕੀ ਲੈਣੈਂ ਐਹੋ ਜੀ ਬੇਅਣਖ਼ੀ ਜ਼ਿੰਦਗੀ ਜਿਉਂ ਕੇ..? ਥੋਡੇ ਤੋਂ ਇੱਕ ਤੀਮੀ ਨੀ ਸਿੱਧੀ ਹੁੰਦੀ..! ਨਿੱਕੀ-ਨਿੱਕੀ ਗੱਲ 'ਤੇ ਬੁੜ੍ਹੀਆਂ ਦੇ ਨੇਫ਼ਿਆਂ 'ਚ ਲੁਕਣ ਵਾਸਤੇ ਛੂਟ ਵੱਟ ਲੈਨੇ ਐਂ..!" ਮੁੰਡੇ ਅੱਗ ਉੱਗਲ਼ ਰਹੇ ਸਨ। ਅੱਖਾਂ ਚੰਗਿਆੜੇ ਛੱਡ ਰਹੀਆਂ ਸਨ। ਤਣਾਓ ਭਰਿਆ ਮਾਹੌਲ ਭੱਠ ਵਾਂਗ ਸੇਕ ਮਾਰ ਰਿਹਾ ਸੀ।
ਬਜ਼ੁਰਗ ਚੁੱਪ ਵੱਟ ਗਏ। ਉਹ ਸੋਚਦੇ ਸਨ ਕਿ ਘਿਉ ਸਿੱਧੀ ਉਂਗਲ਼ੀ ਨਾਲ਼ ਹੀ ਨਿਕਲ਼ ਆਵੇ, ਇਸ ਦੇ ਨਾਲ਼ ਦੀ ਰੀਸ ਕੋਈ ਨਹੀਂ ਸੀ। ਉਹ ਪਿੰਡ ਵਿਚ ਕਿਸੇ ਕਲੇਸ਼ ਤੋਂ ਡਰਦੇ ਸਨ। ਪਰ ਤੱਤੇ ਮਤੇ ਵਾਲ਼ੇ ਮੁੰਡੇ ਉਹਨਾਂ ਦੀ ਕੋਈ ਪੇਸ਼ ਨਹੀਂ ਜਾਣ ਦੇ ਰਹੇ ਸਨ। ਸਿਆਣੇ ਬੰਦੇ ਸਿਆਣਪ ਨਾਲ਼ ਗੱਲ ਨਿਪਟਾਉਣੀ ਚਾਹੁੰਦੇ ਸਨ। ਪਰ ਭੂਤਰੀ ਜੁਆਨੀ ਉਹਨਾਂ ਦੀ ਕੋਈ ਪੇਸ਼ ਨਹੀਂ ਜਾਣ ਦੇ ਰਹੀ ਸੀ। ਸਿਆਣੇ ਬਜ਼ੁਰਗ ਉਹਨਾਂ ਅੱਗੇ ਬੇਵੱਸ ਅਤੇ ਨਿਹੱਥੇ ਸਨ। ਪਿੰਡ ਦੀ ਵਾਗ-ਡੋਰ ਨਵੀਂ ਪੀੜ੍ਹੀ ਦੇ ਹੱਥ ਸੀ।
ਗੱਲ ਕਿਸੇ ਸਿਰੇ ਲੱਗਦੀ ਨਹੀਂ ਦਿਸ ਰਹੀ ਸੀ।
ਹਨ੍ਹੇਰਾ ਹੋਣ 'ਤੇ ਸਾਰੇ ਘਰਾਂ ਨੂੰ ਤੁਰ ਗਏ।
ਪਿੰਡ ਦੀ ਜਨਤਾ ਆਪਣੀ ਜ਼ੁਬਾਨ ਅਤੇ ਜਜ਼ਬਾਤਾਂ ਨੂੰ ਦੱਬੀ-ਘੁੱਟੀ ਫ਼ਿਰਦੀ ਸੀ। ਪਰ ਤਾਪੋ ਕੋਲ਼ ਜਾਣ ਲਈ ਕੋਈ ਦਿਲ ਹੀ ਨਹੀਂ ਕੱਢ ਰਿਹਾ ਸੀ। ਨਾ ਹੀ ਕੋਈ ਆਪਣੀ ਔਰਤ ਨੂੰ ਉਸ ਕੋਲ਼ ਭੇਜ ਕੇ ਰਾਜ਼ੀ ਸੀ। ਤਾਪੋ ਪੂਰੇ ਪਿੰਡ ਲਈ ਇੱਕ 'ਹਊਆ' ਬਣ ਗਈ ਸੀ। ਉਸ ਬਾਰੇ ਕਿਸੇ ਨੂੰ ਵੀ ਕੋਈ ਭੇਦ ਨਹੀਂ ਸੀ ਅਤੇ ਪੁੱਛਣ ਦਾ ਕੋਈ ਹੌਸਲਾ ਨਹੀਂ ਕਰ ਰਿਹਾ ਸੀ।
ਰਾਤ ਝੀਲ ਵਾਂਗ ਨਿੱਤਰੀ ਹੋਈ ਸੀ।
ਨਿੱਖਰਿਆ ਅਸਮਾਨ ਤਾਰਿਆਂ ਨੂੰ ਬੁੱਕਲ਼ ਚੁੱਕੀ ਹੱਸ ਰਿਹਾ ਸੀ।
ਅਸਮਾਨ ਉਪਰ ਤਾਣੀ ਤਾਰਿਆਂ ਦੀ ਫ਼ੁੱਲਕਾਰੀ, ਦੇਖਣ ਵਾਲ਼ੇ ਦਾ ਮਨ ਮੋਂਹਦੀ ਸੀ। ਅੱਧੀ ਰਾਤ ਦੇ ਕਰੀਬ ਤਾਪੋ ਨੂੰ ਮਹਿਸੂਸ ਹੋਇਆ ਕਿ ਕੋਈ ਉਸ ਦੀ ਕੰਧ 'ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਹਨ੍ਹੇਰੇ ਵਿਚ ਉਸ ਨੂੰ ਕੁਝ ਵੀ ਦਿਸ ਨਹੀਂ ਰਿਹਾ ਸੀ। ਟਿਕੀ ਰਾਤ ਵਿਚ ਤਾਪੋ ਦਾ ਦਿਲ ਫ਼ੜੇ ਕਬੂਤਰ ਵਾਂਗ 'ਫ਼ੜੱਕ-ਫ਼ੜੱਕ' ਵੱਜੀ ਜਾ ਰਿਹਾ ਸੀ। ਜਦ ਫ਼ਿਰ ਕਿਸੇ ਨੇ ਹੰਭਲਾ ਮਾਰ ਕੇ ਕੰਧ 'ਤੇ ਚੜ੍ਹਨਾਂ ਚਾਹਿਆ ਤਾਂ ਅੰਦਰੋਂ ਇੱਕ ਪੱਕੀ ਬੰਦੂਕ ਦਾ ਫ਼ਾਇਰ ਹੋਇਆ। ਟਿਕੀ ਰਾਤ ਵਿਚ ਗੋਲ਼ੀ ਨੇ ਜਿਵੇਂ ਅਸਮਾਨ ਪਾੜ ਦਿੱਤਾ ਸੀ। ਗੋਲ਼ੀ ਕੰਧ 'ਤੇ ਚੜ੍ਹਨ ਵਾਲ਼ੇ ਦੇ ਸਿਰ ਉਪਰੋਂ ਦੀ 'ਟੀਂਅ' ਕਰਦੀ ਲੰਘੀ ਸੀ ਅਤੇ ਉਹ ਬਚਾਓ ਵਿਚ ਧਰਤੀ 'ਤੇ ਆ ਡਿੱਗਿਆ ਸੀ।
ਕੁਝ ਚਿਰ ਬਾਅਦ ਉਸ ਦੀ ਪਿਛਲੀ ਬਾਰੀ ਵਿਚ 'ਠੱਕ-ਠੱਕ' ਹੋਈ।
-''ਕੌਣ ਐਂ..?" ਤਾਪੋ ਨੇ ਦੱਬਵੀਂ ਪਰ ਕਰੜੀ ਅਵਾਜ਼ ਵਿਚ ਪੁੱਛਿਆ।
-''ਪਿਛਲਾ ਬਾਰ ਖੋਲ੍ਹ..! ਕਿਉਂ ਧੂਤਕੜਾ ਪਾਇਐ..?" ਕਿਸੇ ਨੇ ਗੁੱਝੀ, ਪਰ ਗੁਸੈਲ਼ੀ ਅਵਾਜ਼ 'ਚ ਕਿਹਾ।
-''ਹਰਾਮ ਦਾ ਕਾਣਾਂ ਬੋਕ..!" ਤਾਪੋ ਨੇ ਮੂੰਹ ਵਿਚ ਹੀ ਘੂਰਿਆ ਅਤੇ ਪਿਛਲਾ ਦਰਵਾਜਾ ਖੋਲ੍ਹ ਦਿੱਤਾ।
ਕੋਈ ਦੱਬਵੇਂ ਪੈਰੀਂ ਅੰਦਰ ਲੰਘ ਆਇਆ।
-''ਤੂੰ ਅੱਧੀ ਰਾਤੋਂ ਕੰਧਾਂ ਟੱਪਦਾ ਫ਼ਿਰਦੈਂ, ਊਤਾ..? ਸਿੱਧਾ ਨੀ ਮਰਿਆ ਜਾਂਦਾ..?" ਉਹ ਆਉਣ ਵਾਲ਼ੇ ਨੂੰ ਸੂਈ ਕੁੱਤੀ ਵਾਂਗ ਪਈ।
-''ਲੋਕਾਂ ਤੋਂ ਡਰਦੈਂ..! ਜੁਆਨ ਮੁੰਡੀਹਰ ਸਾਣ 'ਤੇ ਲੱਗੀ, ਤਿੱਖੀ ਹੋਈ ਹਲ਼ਕੀ ਫ਼ਿਰਦੀ ਐ..!" ਸਰਪੰਚ ਨੇ ਆਪਣੇ ਮੂੰਹ 'ਤੇ ਬੰਨ੍ਹਿਆਂ ਮੜਾਸਾ ਖੋਲ੍ਹ ਲਿਆ।
-''ਤੇ ਤੂੰ ਕਿਹੜਾ ਮੇਰੀ ਹਮਾਇਤ ਕਰਦੈਂ..? ਤੂੰ ਵੀ ਮੇਰੇ ਖ਼ਿਲਾਫ਼ ਅੱਗ ਈ ਉਗਲ਼ਦੈਂ..?"
-''ਜੱਗ ਰਵੀਰਾ ਤਾਂ ਮੈਨੂੰ ਕਰਨਾ ਪੈਣੈਂ..! ਨਹੀਂ ਅਗਲੇ ਵੋਟਾਂ ਵੇਲ਼ੇ ਮੈਨੂੰ ਉਲ਼ੱਦ ਕੇ ਪਰਾਂਹ ਮਾਰਨਗੇ..! ਪਿੰਡ ਵਾਲ਼ਿਆਂ ਦਾ ਵਿਰੋਧ ਕਰ ਕੇ ਮੈਂ ਵੀ ਕੱਖ ਦਾ ਨੀ ਰਹਿਣਾਂ, ਵੋਟਾਂ ਸਿਰ 'ਤੇ ਆ ਗਈਆਂ..!"
-''..........।" ਸੱਚੀ ਗੱਲ ਸੁਣ ਕੇ ਤਾਪੋ ਵੀ ਢੈਲ਼ੀ ਪੈ ਗਈ।
ਸਰਪੰਚ ਤਾਪੋ ਸਾਹਮਣੇ ਕੁਰਸੀ 'ਤੇ ਬੈਠ ਗਿਆ।
-''ਜੇ ਮੇਰੀ ਮੰਨੇਂ ਤਾਂ ਮਹੀਨਾਂ ਖੰਡ ਪਿੰਡੋਂ ਕਿਨਾਰਾ ਕਰ..! ਦੁਨੀਆਂ ਠੰਢੀ ਹੋ ਜਾਊਗੀ..! ਮੁੰਡਿਆਂ ਖੁੰਡਿਆਂ ਦਾ ਜੋਸ਼ ਦੁੱਧ ਦੇ ਉਬਾਲ਼ ਵਰਗਾ ਹੁੰਦੈ, ਚਾਰ ਦਿਨ ਅੱਖੋਂ ਪਰ੍ਹੇ ਹੋਜੇਂਗੀ ਤਾਂ ਗੱਲ ਆਈ-ਗਈ ਹੋਜੂਗੀ..!"
-''ਮੇਰੇ ਉਤੋਂ ਦੀ ਤਾਂ ਚਿੜੀ ਨੀ ਚੂਕ ਕੇ ਲੰਘਦੀ ਸਰਪੈਂਚਾ..! ਕਾਹਨੂੰ ਡਰਾਵੇ ਜੇ ਮਾਰੀ ਜਾਨੈਂ..?"
-''ਜਨਤਾ ਸਰਕਾਰਾਂ ਨੂੰ ਢਾਹ ਲੈਂਦੀ ਐ..! ਦੁਨੀਆਂ ਦੇ ਹੰਭਲੇ ਭੈੜ੍ਹੇ ਹੁੰਦੇ ਐ..! ਵਾਰਿਸ ਸ਼ਾਹ ਲੜਾਈ ਦੇ ਫ਼ੱਟ ਢਾਈ..!"
-''ਤੂੰ ਮੈਨੂੰ ਇਹ ਦੱਸ ਕਿ ਤੂੰ ਪਿੰਡ ਵੱਲ ਦੈਂ ਕਿ ਮੇਰੇ ਵੱਲ ਦਾ..?"
-''ਉਠ ਨੀ ਭਾਬੀਏ ਉਠ ਕੇ ਖ਼ੈਰ ਘੱਤੀਂ, ਵਾਹ ਪੈ ਗਿਆ ਨਾਲ਼ ਕੁਪੱਤਿਆਂ ਦੇ..! ਸੱਪ ਦੇ ਮੂੰਹ 'ਚ ਕੋਹੜ ਕਿਰਲ਼ੀ ਆਈ ਵੀ ਐ..! ਖਾਂਦੈ ਕੋਹੜੀ, ਤੇ ਜੇ ਛੱਡਦੈ, ਤਾਂ ਕਲੰਕੀ..! ਇੱਕ ਪਾਸੇ ਖ਼ੂਹ ਤੇ ਦੂਜੇ ਪਾਸੇ ਖਾਤੈ, ਦੱਸ ਕਿਹੜੇ ਪਾਸੇ ਹੋਵਾਂ..?" ਉਸ ਨੇ ਦੋਗਲ਼ੀ ਜਿਹੀ ਗੱਲ ਕੀਤੀ, ''ਜੇ ਲੋਕਾਂ ਵੱਲੋਂ ਅੱਖਾਂ ਫ਼ੇਰਦੈਂ ਤਾਂ ਸਰਪੈਂਚੀ ਜਾਂਦੀ ਐ..! ਅੰਦਰੋਂ ਤਾਂ ਤੇਰਾ ਹਮਾਇਤੀ ਐਂ ਨ੍ਹਾਂ..? ਜੇ ਖੁੱਲ੍ਹ ਕੇ ਅੱਗੇ ਨੀ ਆ ਸਕਦਾ, ਚੋਰੀ ਛੁੱਪੇ ਤਾਂ ਭੇਦ ਦੇ ਈ ਜਾਨੈਂ..?"
-''.........।" ਗੱਲ ਤਾਪੋ ਵੀ ਸਮਝ ਗਈ ਕਿ ਸਰਪੰਚ ਦਾ ਹੱਥ ਦੋਸਾਂਗ 'ਚ ਆਇਆ ਹੋਇਆ ਸੀ। ਉਸ ਦੇ ਵੀ ਕੋਈ ਵੱਸ ਨਹੀਂ ਸੀ, ਜਿਸ ਕਰਕੇ ਉਸ ਨੂੰ ਕੋਈ ਉਲਾਂਭਾ ਦਿੱਤਾ ਜਾਵੇ। ਜਿੰਨੀ ਕੁ ਮੱਦਦ ਉਹ ਕਰ ਸਕਦਾ ਸੀ, ਕਰ ਰਿਹਾ ਸੀ।
-''ਜੇ ਦੁਨੀਆਂ ਨੂੰ ਪਤਾ ਲੱਗ ਜਾਵੇ ਕਿ ਮੈਂ ਤੇਰੇ ਕੋਲ਼ੇ ਆਉਨੈਂ, ਮੈਨੂੰ ਤਾਂ ਮੇਰੇ ਸਾਲ਼ੇ ਘਰੂਟੀਂ ਖਾ ਜਾਣ..! ਮੇਰੀ ਤਾਂ ਭਾਲ਼ੀ ਵੀ ਹੱਡੀ-ਪੱਸਲ਼ੀ ਨਾ ਥਿਆਵੇ..! ਵੋਟ ਤਾਂ ਮੈਨੂੰ ਕਿਹੜੇ ਕੰਜਰ ਨੇ ਪਾਉਣੀ ਐਂ..! ਤੇਰੇ ਕਰ ਕੇ ਦੇਖ ਲੈ ਕਿੰਨੇ ਖ਼ਤਰੇ ਸਹੇੜਦੈਂ..!"
-''ਜੇ ਮੈਂ ਕਦੇ ਮੱਥੇ ਵੱਟ ਪਾਇਐ, ਤਾਂ ਦੱਸ..? ਤੇਰਾ ਕਿਸੇ ਗੱਲੋਂ ਹੱਥ ਫ਼ੜਿਐ..?" ਉਹ ਸਰਪੰਚ ਦੇ ਬਹੁਤ ਹੀ ਨੇੜੇ ਹੋ ਕੇ ਬੋਲੀ।
ਜਦ ਤਾਪੋ ਦੇ ਗਰਮ ਸਾਹ ਦਾ ਬੁੱਲਾ ਸਰਪੰਚ ਦੀ ਗਰਦਨ ਕੋਲ਼ ਦੀ ਘਿਸੜ ਕੇ ਲੰਘਿਆ ਤਾਂ ਸਰਪੰਚ ਸੀਲ ਬਲ਼ਦ ਵਾਂਗ ਸਿੱਧਾ ਲਿਟ ਗਿਆ। ਤਾਪੋ ਉਸ ਉਪਰ ਅਮਰ ਵੇਲ ਵਾਂਗ ਛਾ ਗਈ। ਫ਼ਿਰ ਹਲ਼ਕਿਆਂ ਵਾਂਗ ਸਰਪੰਚ ਨੇ ਤਾਪੋ ਨੂੰ ਰਜਾਈ ਵਾਂਗ ਸਿੱਧੀ ਕਰ ਲਿਆ। ਤਾਪੋ ਦੇ ਸਰੀਰ 'ਚੋਂ ਰੂੜੀ ਵਾਂਗ ਸੇਕ ਆ ਰਿਹਾ ਸੀ। ਸਾਉਣ ਭਾਦੋਂ ਦੇ ਤਪਾੜ ਦਾ ਸੇਕ!!
-''ਪਰ੍ਹੇ ਹੋ..! ਆਹ ਲਾਹਵਾਂ ਮੈਂ, ਅੱਗ ਲੱਗੜੇ..!" ਉਸ ਨੇ ਕੇਲੇ ਦੇ ਛਿੱਲੜ ਵਾਂਗ ਕੱਪੜੇ ਲਾਹ-ਲਾਹ ਦੂਰ ਸੁੱਟਣੇ ਸ਼ੁਰੂ ਕਰ ਦਿੱਤੇ।
ਉਹ 'ਡਲ਼ੀ' ਵਾਂਗ ਨਗਨ ਹੋ ਸਰਪੰਚ ਸਾਹਮਣੇ ਖੜ੍ਹੀ ਸੀ।
ਸੰਗਮਰਮਰ ਵਰਗਾ ਤਰਾਸ਼ਿਆ ਸਰੀਰ ਸਰਪੰਚ ਦੀਆਂ ਅੱਖਾਂ ਚੁੰਧਿਆਈ ਜਾ ਰਿਹਾ ਸੀ। ਸਰਪੰਚ ਨੇ ਤਾਪੋ ਦੇ ਸੰਗਤਰੇ ਦੀਆਂ ਫ਼ਾੜੀਆਂ ਵਰਗੇ ਬੁੱਲ੍ਹਾਂ 'ਤੇ ਬੁੱਲ੍ਹ ਧਰੇ ਤਾਂ ਉਸ ਦੇ ਬੁੱਲ੍ਹ ਤਵੇ ਵਾਂਗ ਤਪ ਰਹੇ ਸਨ। ਮੇਹਲ੍ਹਦੀ ਤਾਪੋ ਸਾਹ ਪੀਣੀਂ ਸਰਾਲ਼ ਵਾਂਗ ਸਰਪੰਚ ਦੇ ਉਪਰ ਚੜ੍ਹਦੀ ਆ ਰਹੀ ਸੀ।
ਕਮਰੇ ਅੰਦਰ ਤੂਫ਼ਾਨ ਮੱਚ ਗਿਆ।
-''ਕੋਈ ਨੀ ਰੀਸ ਕਰ ਸਕਦਾ ਤੇਰੀ..!" ਉਸ ਨੇ ਤਾਪੋ ਨੂੰ ਥਾਪੀ ਦਿੱਤੀ ਸੀ। ਉਹ ਘੁਲਾੜੇ 'ਚ ਪੀੜੇ ਗੰਨੇ ਵਾਂਗ ਸਪਾਲ਼ ਪਿਆ ਸੀ।
-''ਮੇਰੇ ਘਰਆਲ਼ੀ ਤਾਂ ਸਾਲ਼ੀ ਜਮਾਂ ਈ ਖੋਰ ਐ..! ਭੋਲਾ ਕਿੱਥੇ ਐ..?"
-''ਉਪਰ ਚੁਬਾਰੇ 'ਚ ਪਿਐ..! ਫ਼ਾਇਰ ਓਸੇ ਨੇ ਤਾਂ ਕੀਤਾ ਸੀ..!"
-''ਫ਼ਾਇਰ ਕੀਤਾ ਕਾਹਤੋਂ..? ਤੈਨੂੰ ਪਤੈ ਹੋਰ ਤਾਂ ਤੇਰੇ ਅੰਦਰ ਕੋਈ ਵੜਦਾ ਨੀ..!"
-''ਅੱਗੇ ਤਾਂ ਤੂੰ ਮਗਰਲੇ ਦਰਵਾਜੇ ਵਿਚ ਦੀ ਆਉਂਦਾ ਹੁੰਨੈ, ਅੱਜ ਕੰਧ ਕਿਉਂ ਟੱਪਣ ਲੱਗਿਆ ਸੀ..? ਪੁੱਠੇ ਪੰਗੇ ਲਵੇਂਗਾ, ਸਿੰਗ ਤਾਂ ਟੁੱਟਣਗੇ ਈ..!" ਉਹ ਠੰਢੀ-ਠਾਰ ਹੋਈ, ਸ਼ਾਂਤ ਚਿੱਤ ਬੋਲ ਰਹੀ ਸੀ। ਕਿਸੇ ਆਨੰਦ ਵਿਚ ਉਸ ਦੀਆਂ ਅੱਧ-ਖੁੱਲ੍ਹੀਆਂ ਅੱਖਾਂ ਮਸਤ ਸਨ।
ਪਹੁ ਫ਼ਟਣ ਤੋਂ ਪਹਿਲਾਂ ਸਰਪੰਚ ਚਲਿਆ ਗਿਆ।
ਅਗਲੇ ਦਿਨ ਗੋਲ਼ੀ ਚੱਲਣ ਦੀ ਖ਼ਬਰ ਸੁਣ ਕੇ ਪਿੰਡ ਵਿਚ ਪੁਲੀਸ ਨੇ ਡੇਰੇ ਆ ਲਾਏ।
-''ਹੁਣ ਕਾਹਦੇ ਲਈ ਦਰਸ਼ਣ ਦਿੱਤੇ ਸਰਕਾਰ..?" ਸਰਪੰਚ ਸਿੱਧਾ-ਸਲੋਟ ਖੜ੍ਹਾ ਠਾਣੇਦਾਰ ਨੂੰ ਪੁੱਛ ਰਿਹਾ ਸੀ।
-''ਤੇਰੇ ਪਿੰਡ ਰਾਤ ਗੋਲ਼ੀ ਕੀਹਨੇ ਚਲਾਈ ਐ..? ਬਾਜ ਆਜਾ ਸਰਪੈਂਚਾ..! ਬੰਦਾ ਬਣਜਾ..! ਮੈਂ ਤੇਰੇ ਨਾਲ਼ ਪਿੰਡ ਦਾ ਮੁਖੀ ਹੋਣ ਕਰਕੇ ਲਿਹਾਜ਼ ਵਰਤੀ ਆਉਨੈਂ..! ਤੇਰੇ ਪਿੰਡ ਲੋਕ ਫ਼ਾਇਰ ਕਰ-ਕਰ ਦਿਵਾਲ਼ੀ ਬਣਾਈ ਫ਼ਿਰਨ, ਤੇ ਤੂੰ ਉਲਟੇ ਮੈਨੂੰ ਸੁਆਲ ਪੁੱਛੇਂ..? ਤੇਰੀ ਜ਼ਿੰਮੇਵਾਰੀ ਹੈ ਕੋਈ ਕਿ ਨਹੀਂ..?" ਉਸ ਨੇ ਸਰਪੰਚ ਨੂੰ ਦਬਕਾੜਾ ਮਾਰਿਆ।
-''ਕਿਉਂ ਬਈ..? ਸੁਣੀ ਐਂ ਕਿਸੇ ਨੇ ਰਾਤ ਗੋਲ਼ੀ ਚੱਲੀ..?" ਉਸ ਨੇ ਪਿੰਡ ਦੀ ਜਨਤਾ ਅੱਗੇ ਸੁਆਲ ਚਲਾਵਾਂ ਮਾਰਿਆ।
-''...........।" ਕੋਈ ਨਾ ਬੋਲਿਆ।
ਪਿੰਡ ਵਾਲ਼ਿਆਂ ਨੂੰ ਪਤਾ ਸੀ ਕਿ ਜੋ ਬੋਲਿਆ, ਕੁੰਡਾ ਉਸੇ ਨੂੰ ਹੀ ਖੋਲ੍ਹਣਾਂ ਪਊਗਾ! ਪੁਲੀਸ ਗਵਾਹੀਆਂ ਪੁਆਊਗੀ, ਵੀਹ ਸਿਆਪੇ ਕਰੂਗੀ। ਇਸ ਲਈ ਉਹਨਾਂ ਨੇ ਚੁੱਪ ਵੱਟਣੀ ਹੀ ਬਿਹਤਰ ਸਮਝੀ।
-''ਲਓ ਜੀ..! ਅਸੀਂ ਤਾਂ ਕਿਸੇ ਨੇ ਅਵਾਜ਼ ਸੁਣੀ ਨੀ, ਥੋਨੂੰ ਠਾਣੇਂ 'ਚ ਬੈਠਿਆਂ ਨੂੰ ਪਤਾ ਨੀ ਕਿੱਥੋਂ ਸੁਣ ਗਈ..?" ਉਸ ਨੇ ਠੁਣਾਂ ਠਾਣੇਦਾਰ ਸਿਰ ਹੀ ਭੰਨਿਆਂ।
-''ਪਿੰਡ 'ਤੇ ਸਾੜ੍ਹਸਤੀ ਆਈ ਵੀ ਐ ਸਰਪੈਂਚਾ..! ਟਲ਼ ਜਾਓ..! ਟਲ਼ਜੋ ਸਾਊ ਬੰਦੇ ਬਣ ਕੇ..! ਨਹੀਂ ਸਾਰਾ ਪਿੰਡ ਨਰੜੀਦਾ ਮਰਜੂਗਾ..! ਤੁਸੀਂ ਤਾਂ ਏਕਾ ਈ ਐਨਾਂ ਕਰ ਲੈਨੇ ਐਂ, ਕੋਈ ਮੂੰਹੋਂ ਈ ਨੀ ਬੋਲਦਾ..! ਜਿਸ ਦਿਨ ਸਿਰ 'ਤੇ ਆ ਪਈ, ਹੱਥ ਬੰਨ੍ਹੇ ਤੋਂ ਵੀ ਖਹਿੜਾ ਨੀ ਛੁੱਟਣਾਂ, ਬੋਤੇ ਵਾਂਗੂੰ ਸਾਰੇ ਪਿੰਡ ਦੇ ਬੀਂਡੀ ਪਊਗੀ..!" ਫ਼ੋਰਸ ਲੈ ਕੇ ਠਾਣੇਦਾਰ ਵਿਦਾਅ ਹੋ ਗਿਆ। ਕਿਸੇ ਨੇ ਵੀ ਗੋਲ਼ੀ ਚੱਲਣ ਬਾਰੇ ਮੂੰਹ ਨਹੀਂ ਖੋਲ੍ਹਿਆ ਸੀ। ਪੁਲ਼ਸ ਨੇ ਬਿਨਾਂ ਗੱਲੋਂ ਲੋਕਾਂ ਦੀਆਂ 'ਜ਼ਮਾਨਤਾਂ' ਕਰ ਮਾਰਨੀਆਂ ਸਨ। ਇਸ ਲਈ ਨੌਜਵਾਨ ਤਬਕਾ ਚੁੱਪ ਰਹਿਣ ਵਿਚ ਹੀ ਭਲਾਈ ਸਮਝਦਾ ਸੀ। ਗੋਲ਼ੀ ਚੱਲੀ ਤਾਂ ਸਾਰੇ ਪਿੰਡ ਨੇ ਸੁਣੀ ਸੀ। ਪਰ ਕਿਸ 'ਤੇ ਅਤੇ ਕਿਉਂ ਚਲਾਈ ਗਈ ਸੀ..? ਇਸ ਬਾਰੇ ਕਿਸੇ ਨੂੰ ਕੋਈ ਭੇਦ ਨਹੀਂ ਸੀ ਅਤੇ ਨਾ ਹੀ ਇਸ ਗੋਲ਼ੀ ਚੱਲਣ ਬਾਰੇ ਕਿਸੇ ਨੇ ਬਹੁਤਾ ਕੁਛ ਗੌਲ਼ਿਆ ਸੀ।
ਪਿੰਡ ਵਿਚ ਇੱਕ ਹੋਰ 'ਕਾਰਾ' ਹੋ ਗਿਆ।
ਮਨਹੂਸ ਅਤੇ ਅਣਹੋਣੀ ਖ਼ਬਰ ਨੇ ਸਾਰੇ ਪਿੰਡ ਦੇ ਸਾਹ ਸੂਤ ਲਏ ਸਨ।
ਭੇਲੀ ਦੀ ਕੁੜੀ ਨਿੰਮੀ ਤਾਪੋ ਕੋਲ਼ ਗਈ ਵਾਪਿਸ ਨਹੀਂ ਆਈ ਸੀ! ਘਰਦਿਆਂ ਦੇ ਰੋਕਦਿਆਂ-ਵਰਜਦਿਆਂ ਵੀ ਉਹ ਤਾਪੋ ਕੋਲ਼ ਆਉਣੋ-ਜਾਣੋ ਨਹੀਂ ਰੁਕੀ ਸੀ। ਪਹਿਲਾਂ ਤਾਂ ਉਹ ਲੁਕ-ਛੁਪ ਕੇ, ਚੋਰੀ ਜਾਂਦੀ ਹੁੰਦੀ ਸੀ ਅਤੇ ਫ਼ਿਰ ਹਿੱਕ ਥਾਪੜ ਕੇ ਜਾਣ ਲੱਗ ਪਈ ਸੀ। ਮਾਂ ਨੇ ਬਥੇਰੇ ਹਾੜ੍ਹੇ ਕੱਢੇ, ਹੱਥ ਜੋੜੇ, ਦੁਹਾਈਆਂ ਦਿੱਤੀਆਂ। ਪਰ ਉਸ ਨੇ ਘਰ ਵਾਲ਼ਿਆਂ ਦੀ 'ਇੱਕ' ਵੀ ਨਾ ਸੁਣੀ ਅਤੇ 'ਸ਼ਰੇਆਮ' ਤਾਪੋ ਕੋਲ਼ ਆਉਂਦੀ ਜਾਂਦੀ ਰਹੀ। ਘਰ ਦੇ ਕੁੱਟ ਕੇ ਵੀ ਹੰਭ ਗਏ ਸਨ। ਪਰ ਉਸ ਨੇ ਆਪਣਾ ਰਾਹ ਨਾ ਤਿਆਗਿਆ। ਅੱਗੇ ਤਾਂ ਕੁੜੀ ਆਥਣ ਨੂੰ ਘਰ ਪਰਤ ਆਉਂਦੀ ਸੀ। ਪਰ ਹੁਣ ਤਿੰਨ ਦਿਨ ਤੋਂ ਵਾਪਿਸ ਨਹੀਂ ਪਰਤੀ ਸੀ। ਭੇਲੀ ਦੇ ਘਰੇ ਚੁੱਲ੍ਹਾ ਤਪਣਾਂ ਬੰਦ ਹੋ ਗਿਆ ਸੀ ਅਤੇ ਪਿੰਡ ਵਾਲ਼ਿਆਂ ਦੇ ਔਸਾਣ ਮਾਰੇ ਗਏ ਸਨ। ਉਹ ਸਹੇ ਨੂੰ ਘੱਟ, ਪਰ ਪਹੇ ਨੂੰ ਜ਼ਿਆਦਾ ਰੋਂਦੇ ਸਨ। ਉਹ ਸੋਚਦੇ ਸਨ ਕਿ ਪਿੰਡ ਦੀਆਂ ਕਈ ਕੁੜੀਆਂ ਤਾਪੋ ਦੇ ਸੰਪਰਕ ਵਿਚ ਸਨ। ਅੱਜ ਭੇਲੀ ਦੇ ਪ੍ਰੀਵਾਰ ਨਾਲ਼ ਇਹ ਕਾਂਡ ਵਾਪਰਿਆ ਸੀ, ਪਰ ਕੱਲ੍ਹ ਨੂੰ ਦੂਜਿਆਂ ਨਾਲ਼ ਵੀ ਵਾਪਰ ਸਕਦਾ ਸੀ। ਉਹ 'ਆਪਣੀ' ਹੋਣੀ ਬਾਰੇ ਸੋਚ ਕੇ ਅਥਾਹ ਚਿੰਤਤ ਸਨ ਅਤੇ ਸਾਰੇ ਪਿੰਡ ਦੇ ਮੂੰਹ ਤੋਂ ਮੱਖੀ ਉੱਡਣੋਂ ਹਟ ਗਈ ਸੀ।
-''ਇਹ ਤਾਂ ਭਾਈ ਕੋਈ ਬਲਾਅ ਆ ਡਿੱਗੀ ਆਪਣੇ ਪਿੰਡ 'ਚ..!" ਚੇਤੂ ਬੁੜ੍ਹਾ ਬੈਠਾ ਸਿਰ ਫ਼ੇਰ ਰਿਹਾ ਸੀ।
-''ਇਹ ਕਾਂਗਿਆਰੀ ਸਾਰੇ ਪਿੰਡ ਨੂੰ ਸੂਲ਼ੀ ਟੰਗੂਗੀ, ਯਾਦ ਰੱਖਿਓ..!" ਗਿਆਨੀ ਵੀ ਰੋਣਹਾਕਾ ਹੋਇਆ ਬੈਠਾ ਸੀ।
-''ਹੁਣ ਤਾਂ ਧੀਆਂ-ਭੈਣਾਂ ਨੰਗੀ ਹਿੱਕ, ਸਿੱਧੀਆਂ ਉਹਦੇ ਕੋਲ਼ੇ ਜਾਣ ਲੱਗ ਪਈਆਂ..!"
-''ਜਿੰਨਾਂ ਚਿਰ ਪਿੰਡ ਦੀਆਂ ਸਾਰੀਆਂ ਕੁੜੀਆਂ ਕਿਸੇ ਨਾਲ਼ ਨਿਕਲ਼ ਨੀ ਜਾਂਦੀਆਂ, ਓਨਾਂ ਚਿਰ ਵਿਉਂਤਾਂ ਈ ਬਣਾਉਂਦੇ ਰਿਹੋ..!" ਅੱਕਿਆ ਹੋਇਆ ਕੋਈ ਨੌਜਵਾਨ ਫ਼ਿਰ ਬੋਲ ਉਠਿਆ।
-''ਕੀ ਕਰੋਂਗੇ ਫ਼ੇਰ ਤੁਸੀਂ..?" ਚੇਤੂ ਬੁੜ੍ਹਾ ਵੀ ਸਿੱਧਾ ਹੋ ਗਿਆ। ਉਸ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਸੀ। ਉਸ ਮੁਤਾਬਿਕ ਲੰਡਰ ਮੁਡੀਹਰ ਹਰ ਰੋਜ਼ ਬਜ਼ੁਰਗਾਂ ਦੀ ਬੇਪਤੀ ਕਰਦੀ ਸੀ।
-''ਜਿੱਦਣ ਤੁਸੀਂ ਹੱਥ ਖੜ੍ਹੇ ਕਰ ਦਿੱਤੇ, ਓਦਣ ਅਸੀਂ ਵੀ ਦੱਸ ਦਿਆਂਗੇ ਕਿ ਕੀ ਕਰਾਂਗੇ..?" ਉਹ ਸਾਹਣ ਵਾਂਗ ਖੁਰਗੋ ਪੱਟਦਾ ਤੁਰ ਗਿਆ।
-''ਸਾਲ਼ੇ ਕਿਵੇਂ ਨਾਸਾਂ 'ਚੋਂ ਸੱਪ ਸਿੱਟਦੇ ਐ ਉਏ..!" ਉਸ ਦੇ ਜਾਣ ਤੋਂ ਬਾਅਦ ਬਾਬਾ ਬੋਲਿਆ।
-''ਗੱਲ ਈ ਸੱਪ ਸਿੱਟਣ ਆਲ਼ੀ ਐ, ਬਾਬਾ..! ਸਾਰੇ ਪਿੰਡ ਦੀ ਅਣਖ਼ ਦਾ ਸੁਆਲ ਐ..! ਬੁਰਕੀ ਤਾਂ ਸਾਰੇ ਪਿੰਡ ਦੇ ਸੰਘ 'ਚ ਫ਼ਸੀ ਪਈ ਐ..!"
-''ਸੰਘ 'ਚ ਕੀ..? ਬੁਰਕੀ ਤਾਂ ਕਿਸੇ ਦੇ ਮੂੰਹ ਅੰਦਰ ਨੀ ਵੜਦੀ..!"
ਤਿੰਨ ਕੁ ਹਫ਼ਤੇ ਬਾਅਦ ਭੇਲੀ ਦੀ ਕੁੜੀ ਨਿੰਮੀ ਬੁਰੇ ਹਾਲੀਂ ਪਿੰਡ ਆ ਗਈ।
ਉਸ ਦੀ ਕੁੜਤੀ ਪਾਟੀ ਹੋਈ ਸੀ ਅਤੇ ਕੁੜੀ ਥਾਂ-ਥਾਂ ਤੋਂ ਦੰਦੀਆਂ-ਘਰੂਟਾਂ ਨਾਲ਼ 'ਖਾਧੀ' ਪਈ ਸੀ। ਉਸ ਦੇ ਸਿਰ 'ਤੇ ਚੁੰਨੀ ਨਹੀਂ ਸੀ। ਵਾਲ਼ ਖਿੱਲਰੇ ਹੋਏ ਸਨ ਅਤੇ ਉਹ ਓਪਰੀ-ਓਪਰੀ ਝਾਕ ਕੇ ਕਦੇ-ਕਦੇ ਚੀਕਾਂ ਵੀ ਮਾਰਦੀ ਸੀ। ਸਾਰੇ ਪਿੰਡ ਨੂੰ ਸਕਤਾ ਮਾਰ ਗਿਆ। ਮਾਂ ਕੰਧ 'ਚ ਮੂੰਹ ਦੇਈ ਬੈਠੀ ਸੀ। ਬਾਪੂ ਨੇ ਥਮਲ੍ਹੇ 'ਚ ਟੱਕਰਾਂ ਮਾਰੀਆਂ ਸਨ। ਉਸ ਦਾ ਸਿਰ ਪਾਟ ਗਿਆ ਸੀ। ਖ਼ੂਨ ਧਰਾਲੀਂ ਵਹਿ ਰਿਹਾ ਸੀ।
-''ਲਿਆ ਤਾਇਆ ਤੇਰਾ ਸਿਰ ਬੰਨ੍ਹ ਦਿਆਂ..! ਲਹੂ ਵਗੀ ਜਾਂਦੈ..!" ਗੁਆਂਢੀ ਮੁੰਡਾ ਕੱਪੜਾ ਚੁੱਕੀ ਖੜ੍ਹਾ ਸੀ।
-''ਮੇਰਾ ਤਾਂ ਦਿਲ ਵੀ ਚੋਈ ਜਾਂਦੈ ਜਿਉਣ ਜੋਕਰਿਆ..! ਉਹਦਾ ਕੀ ਕਰੇਂਗਾ..? ਉਹ ਵੀ ਭਰਾੜ੍ਹ ਹੋਇਆ ਪਿਐ..!" ਉਸ ਨੇ ਬਿਲਕ ਕੇ ਕਿਹਾ।
ਪਰ ਮੁੰਡੇ ਨੇ ਕੱਪੜਾ ਲੈ ਕੇ ਉਸ ਦਾ ਸਿਰ ਬੰਨ੍ਹ ਦਿੱਤਾ।
ਉਹ ਤਾਏ ਦੇ ਦਿਲ ਦੀ ਪੀੜ ਭਲੀ-ਭਾਂਤ ਸਮਝਦਾ ਸੀ।
ਕੁੜੀ ਕਮਲ਼ ਜਿਹਾ ਮਾਰਨੋਂ ਨਹੀਂ ਹਟ ਰਹੀ ਸੀ। ਕਦੇ ਉਹ ਉਚੀ-ਉਚੀ ਹੱਸਦੀ ਅਤੇ ਕਦੇ ਵਿਰਲਾਪ ਜਿਹਾ ਕਰਦੀ ਰੋਣ ਲੱਗ ਪੈਂਦੀ। ਸਾਰੇ ਪਿੰਡ ਦੀ ਜਾਨ ਮੁੱਠੀ ਵਿਚ ਆਈ ਹੋਈ ਸੀ। ਭੇਲੀ ਦੇ ਘਰ ਸਾਰਾ ਪਿੰਡ ਇਕੱਠਾ ਹੋਇਆ ਬੈਠਾ ਸੀ। ਪਰ ਕੋਈ ਤਾਪੋ ਕੋਲ਼ ਜਾਣ ਦਾ ਜਿਗਰਾ ਨਹੀਂ ਕੱਢਦਾ ਸੀ। ਪਤਾ ਨਹੀਂ ਤਾਪੋ ਕਿਹੜੀ 'ਪਰਲੋਂ' ਸੀ, ਜਿਸ ਨੇ ਹਿੱਲ ਕੇ ਸਾਰੇ ਪਿੰਡ ਨੂੰ 'ਫ਼ਨਾਂਹ' ਕਰ ਦੇਣਾਂ ਸੀ।
ਪਿੰਡ ਦੇ ਗਰਮ ਸੁਭਾਅ ਮੁੰਡਿਆਂ ਨੇ ਰਾਤ ਨੂੰ ਤਾਪੋ ਦੇ ਘਰ ਕੋਲ਼ ਦੀ ਗੇੜਾ ਦਿੱਤਾ। ਅੰਦਰ ਸੁੰਨ-ਸਰਾਂ ਸੀ। ਬੱਤੀ ਬੰਦ ਸੀ। ਗਲ਼ੀ ਵਿਚ ਉਜਾੜ ਵਰਗੀ ਚੁੱਪ ਸੀ। ਦੂਰ ਰੌੜਾਂ ਵਿਚ ਕੋਈ ਕੁੱਤਾ ਰੋ ਰਿਹਾ ਸੀ ਅਤੇ ਹੱਡਾਂਰੋੜੀ ਵਾਲ਼ੇ ਜੰਡ 'ਤੇ ਬੈਠੀ ਕੋਈ ਗਿਰਝ ਚੀਕ ਰਹੀ ਸੀ।
ਮੁੰਡੇ ਕੋਈ 'ਜਾਇਜ਼ਾ' ਲੈ ਕੇ ਪਰਤ ਆਏ।
ਅਗਲੇ ਦਿਨ ਪਿੰਡ ਵਾਲ਼ਿਆਂ ਦੇ ਉਪਰਾਲੇ ਨਾਲ਼ ਕੁੜੀ ਨੂੰ ਹਸਪਤਾਲ਼ ਦਾਖ਼ਲ ਕਰਵਾਇਆ ਗਿਆ।
-''ਬਾਬਾ..! ਪਾਸੇ ਆ ਕੇ ਮੇਰੀ ਗੱਲ ਸੁਣ..!" ਕੁੜੀ ਦੀ ਜਾਂਚ ਕਰ ਕੇ ਡਾਕਟਰ ਨੇ ਪਾਗਲ ਕੁੜੀ ਨਿੰਮੀ ਦੇ ਬਾਪ ਨੂੰ ਕਿਹਾ।
ਸਾਹ ਜਿਹੇ ਵਰੋਲ਼ਦਾ ਬਜ਼ੁਰਗ ਉਸ ਦੇ ਪਿੱਛੇ ਹੀ ਤੁਰ ਗਿਆ। ਛਾਤੀ ਉਸ ਦੀ ਧੜਕ ਨਹੀਂ, ਖੜਕ ਰਹੀ ਸੀ।
-''ਬਾਬਾ, ਗੱਲ ਸੁਣ ਮੇਰੀ ਧਿਆਨ ਨਾਲ਼..!" ਡਾਕਟਰ ਬੋਲਿਆ।
-''.........।" ਬਜ਼ੁਰਗ ਬੁਝੀਆਂ ਜਿਹੀਆਂ ਅੱਖਾਂ ਨਾਲ਼ ਡਾਕਟਰ ਵੱਲ ਸੁੰਨਾਂ-ਸੁੰਨਾਂ ਝਾਕ ਰਿਹਾ ਸੀ।
-''ਕੁੜੀ ਨੂੰ ਅੰਬਰਸਰ ਲੈ ਜਾਓ..!"
-''ਓਥੇ ਕੀ ਕਰਾਂਗੇ ਜਿਉਣ ਜੋਕਰਿਆ..?" ਉਸ ਦੀ ਧੜਕਣ ਹੋਰ ਤੇਜ਼ ਹੋ ਗਈ।
-''ਓਥੇ ਕੁੜੀ ਨੂੰ ਬਿਜਲੀਆਂ ਲਾਉਣਗੇ..!"
-''ਉਹਦੇ ਨਾਲ਼ ਤਾਂ ਉਹ ਹੋਰ ਕਮਲ਼ੀ ਹੋਜੂ..? ਨਾਲ਼ੇ ਮੇਰੇ ਕੋਲ਼ੇ ਤਾਂ ਪੁੱਤ ਏਨੀ ਹਿੰਮਤ ਹੈਨੀ..! ਪੈਸਾ ਤਾਂ ਮੇਰੇ ਕੋਲ਼ੇ ਵਿਹੁ ਖਾਣ ਨੂੰ ਨੀ..!" ਬਜ਼ੁਰਗ ਹੁਬਕੀਏਂ ਰੋ ਪਿਆ।
-''ਬਜ਼ੁਰਗਾ..! ਮੇਰਾ ਕੰਮ ਐਂ ਤੈਨੂੰ ਜਾਇਜ਼ ਸਲਾਹ ਦੇਣੀਂ..! ਬਾਕੀ ਕੰਮ ਥੋਡੈ..!" ਤੇ ਡਾਕਟਰ ਚਲਾ ਗਿਆ।
-''..........।" ਬਜ਼ੁਰਗ ਢੇਰੀ ਢਾਹੀ ਉਥੇ ਹੀ ਬੁੱਤ ਬਣਿਆਂ ਖੜ੍ਹਾ ਸੀ। ਉਸ ਦੇ ਦਿਲ ਦੀ ਜੂਹ ਵਿਚ ਅੱਗ ਲੱਗੀ ਪਈ ਸੀ। ਪਰ ਉਸ ਕੋਲ਼ ਬੁਝਾਉਣ ਦਾ ਕੋਈ ਸਾਧਨ ਨਹੀਂ ਸੀ। ਦੂਰ ਹਸਪਤਾਲ਼ ਦੇ ਖੂੰਜੇ ਵਿਚ ਪਿੰਡ ਵਾਲ਼ੇ ਝੁੰਡ ਮਾਰੀ ਖੜ੍ਹੇ ਸਨ। ਕਿਸੇ ਨੂੰ ਕੁਝ ਸੁੱਝ ਨਹੀਂ ਰਿਹਾ ਸੀ।
-''ਕੀ ਕਹਿੰਦਾ..?" ਨੰਬਰਦਾਰ ਬਾਬੇ ਕੋਲ਼ ਆ ਗਿਆ।
-''ਕਹਿੰਦਾ ਗੁੱਡੀ ਨੂੰ ਅੰਬਰਸਰ ਲੈ ਕੇ ਜਾਣਾ ਪਊਗਾ, ਬਿਜਲੀਆਂ ਲੁਆਉਣ ਵਾਸਤੇ..!" ਉਸ ਨੇ ਝੋਰੇ ਵਿਚ ਸਿਰ ਫ਼ੇਰਿਆ।
-''ਫ਼ੇਰ ਹੁਣ ਕੀ ਵਿਚਾਰ ਐ..?" ਨੰਬਰਦਾਰ ਨੇ ਪੁੱਛਿਆ।
-''ਪੈਸਾ ਤਾਂ ਨੰਬਰਦਾਰਾ ਜੇਬ 'ਚ ਜਹਿਰ ਖਾਣ ਨੂੰ ਹੈਨ੍ਹੀ, ਕੀ ਪਤਾ ਅੰਬਰਸਰ ਕਿੰਨਾਂ ਖਰਚਾ ਆਊਗਾ..?" ਬਜ਼ੁਰਗ ਗੋਡਿਆਂ ਵਿਚ ਸਿਰ ਦੇਈ ਬੈਠਾ ਸੀ।
ਕਮਲ਼ ਜਿਹਾ ਮਾਰਦੀ ਕੁੜੀ ਨੂੰ ਉਹ ਪਿੰਡ ਲੈ ਆਏ।
ਪਿੰਡ ਵਿਚ ਸੋਗ ਵਰ੍ਹਿਆ ਹੋਇਆ ਸੀ।
ਪਿੰਡ ਵਾਲ਼ਿਆਂ ਨੇ ਪੈਸੇ ਇਕੱਠੇ ਕਰ ਕੇ ਕੁੜੀ ਦਾ ਅੰਮ੍ਰਿਤਸਰ ਪਹੁੰਚਣ ਦਾ ਪ੍ਰਬੰਧ ਕਰ ਦਿੱਤਾ। ਸਾਰੇ ਪਿੰਡ ਵਾਲ਼ੇ ਇਹੀ ਗੱਲ ਸੋਚ ਕੇ ਮੱਦਦ ਕਰ ਰਹੇ ਸਨ ਕਿ ਪਤਾ ਨਹੀਂ ਕਿਸ 'ਤੇ ਅਜਿਹਾ ਮਨਹੂਸ ਵਕਤ ਆ ਪਵੇ? ਹਰ ਇੱਕ ਦੇ ਮਨ ਵਿਚ ਅਜੀਬ ਡਰ ਬੈਠਿਆ ਹੋਇਆ ਸੀ। ਸਾਰਾ ਪਿੰਡ ਕੰਧ 'ਤੇ ਬੈਠੀ ਮੱਖੀ ਵਾਂਗ ਚੁੱਪ ਸੀ।
ਕੁੜੀ ਹਸਪਤਾਲ਼ ਦਾਖ਼ਲ ਕਰਵਾ ਦਿੱਤੀ ਗਈ।
ਪਿੰਡ ਵਾਲ਼ੇ ਰਾਸ਼ਣ-ਪਾਣੀ ਤੋਂ ਇਲਾਵਾ ਆਰਥਿਕ ਮੱਦਦ ਵੀ ਪਿੱਛੇ ਭੇਜਦੇ ਰਹੇ।
ਤਿੰਨ ਕੁ ਹਫ਼ਤੇ ਕੁੜੀ ਦਾ ਇਲਾਜ਼ ਚੱਲਦਾ ਰਿਹਾ।
ਜਦ ਤਿੰਨ ਕੁ ਹਫ਼ਤੇ ਬਾਅਦ ਕੁੜੀ ਨੂੰ ਪਿੰਡ ਲਿਆਂਦਾ ਤਾਂ ਉਹ ਕਾਫ਼ੀ ਸੁਰਤ ਸਿਰ ਸੀ। ਕਮਲ਼ ਜਿਹਾ ਵੀ ਘੱਟ ਮਾਰਦੀ ਸੀ। ਚੁੱਪ-ਚੁੱਪ ਜਿਹੀ ਜ਼ਿਆਦਾ ਸੀ। ਅੱਗੜ-ਪਿੱਛੜ ਸਾਰਾ ਪਿੰਡ ਪਤਾ ਲੈਣ ਆਇਆ। ਸ਼ਾਮ ਨੂੰ ਜਦ ਸਰਪੰਚ ਨੇ ਉਹਨਾਂ ਦੇ ਘਰ ਗੇੜਾ ਮਾਰਿਆ ਤਾਂ ਸਰਪੰਚ ਨੂੰ ਦੇਖ ਕੇ ਕੁੜੀ ਨੂੰ ਫ਼ਿਰ ਦੌਰਾ ਪੈ ਗਿਆ। ਸਾਰਾ ਟੱਬਰ ਹੱਥਾਂ-ਪੈਰਾਂ ਵਿਚ ਆ ਗਿਆ। ਪਰ ਕਿਸੇ ਨੂੰ ਕੋਈ ਸਮਝ ਨਾ ਲੱਗੀ। ਉਹ ਕਿਸੇ ਗੱਲ ਵੱਲ ਧਿਆਨ ਦੇਣ ਦੀ ਵਜਾਏ ਕੁੜੀ ਨੂੰ ਸਾਂਭਣ ਵਿਚ ਲੱਗ ਗਏ। ਪਰ ਸਰਪੰਚ ਨੂੰ ਦੇਖ ਕੇ ਕੁੜੀ ਡਰ ਨਾਲ਼ ਇਉਂ ਇਕੱਠੀ ਹੋ ਗਈ, ਜਿਵੇਂ ਕੁਕੜੀ ਇੱਲ੍ਹ ਨੂੰ ਦੇਖ ਕੇ ਹੁੰਦੀ ਹੈ! ਸਰਪੰਚ ਜਿਵੇਂ ਆਇਆ ਸੀ, ਪੋਲੇ ਪੈਰੀਂ ਉਸੇ ਤਰ੍ਹਾਂ ਹੀ ਮੁੜ ਗਿਆ। ਉਸ ਇਸ ਗੱਲ ਨੂੰ ਭਲੀ-ਭਾਂਤ ਭਾਂਪ ਗਿਆ ਸੀ ਕਿ ਕੁੜੀ ਮੇਰੀ ਸ਼ਕਲ ਤੋਂ ਡਰਦੀ ਹੈ।
-''ਯੱਧੀ ਘਰਾਟਾਂ ਆਲ਼ਿਆਂ ਨੇ ਤੇ ਗਾਲ਼ਾਂ ਘਰਦਿਆਂ ਨੂੰ..!" ਰਾਤ ਨੂੰ ਤਾਪੋ ਕੋਲ਼ ਬੈਠਾ ਸਰਪੰਚ ਆਪਣਾ ਕਰੋਧ ਕੱਢ ਰਿਹਾ ਸੀ।
ਤਾਪੋ ਉਚੀ-ਉਚੀ ਹੱਸ ਪਈ।
-''ਕੀ ਹੋ ਗਿਆ..?"
-''ਮੈਂ ਤਾਂ ਪਤਾ ਲੈਣ ਗਿਆ ਸੀ..! ਪਰ ਉਹ ਤਾਂ ਮੈਨੂੰ ਦੇਖ ਕੇ ਫ਼ੇਰ ਝਾਟਾ ਹਿਲਾਉਣ ਲੱਗ ਪਈ..!"
-''ਤੇਰਾ ਮੂੰਹ ਈ ਭੈੜ੍ਹਾ ਜਿਐ..!"
-''ਕਰ ਲੈ..! ਕਰ ਲੈ ਟਿੱਚਰਾਂ..! ਤੇਰੇ ਦਿਨ ਐਂ..! ਤੂੰ ਵੀ ਘੁਲਾੜ੍ਹੀ ਵਿਚ ਦੀ ਪੀੜਦੀ ਐਂ ਸਾਲ਼ੀਏ ਕੁੱਤੀਏ..!"
-''ਗਾਲ਼ ਨਾ ਕੱਢ ਸਰਪੈਂਚਾ..!"
-''ਨ੍ਹਾਂ ਹੋਰ ਮੈਂ ਤੈਨੂੰ ਨਿਉਂਦਾ ਦੇਵਾਂ..? ਭੈਣ ਦਾ ਚਰਖ਼ਾ ਯਾਹਵੀ..!"
(ਕਿਸ਼ਤ 4)
....ਅਸਲ ਵਿਚ ਨਿੰਮੀ ਦਾ ਤਾਪੋ ਕੋਲ਼ ਆਉਣ-ਜਾਣ ਸੀ। ਪਹਿਲਾਂ ਉਹ ਚੋਰੀ ਅਤੇ ਫ਼ਿਰ ਸ਼ਰੇਆਮ ਤਾਪੋ ਕੋਲ਼ ਜਾਣ ਲੱਗ ਪਈ ਸੀ। ਤਾਪੋ ਨੇ ਪ੍ਰੇਰ ਕੇ ਉਸ ਨੂੰ 'ਬਿਊਟੀ ਪਾਰਲਰ' ਵਿਚ ਕੰਮ ਸਿੱਖਣ ਲਾ ਦਿੱਤਾ ਸੀ। ਉਹ ਨਿੰਮੀ ਨੂੰ ਅੜੇ-ਥੁੜੇ ਪੈਸੇ ਵੀ ਦੇ ਦਿੰਦੀ ਸੀ। ਇਸ ਬਿਊਟੀ ਪਾਰਲਰ ਦੀ ਮਾਲਕ ਨੂੰ ਪਤਾ ਨਹੀਂ ਕਿਸ ਦੇ ਫ਼ੋਨ ਆਉਂਦੇ ਰਹਿੰਦੇ ਸਨ? ਜਿਸ ਨਾਲ਼ ਉਹ ਹਮੇਸ਼ਾ 'ਬਾਹਰਲੇ' ਮੁਲਕਾਂ ਦੀਆਂ ਗੱਲਾਂ ਕਰਦੀ ਰਹਿੰਦੀ ਸੀ। ਅਵਾਜ਼ ਮਰਦਾਵੀਂ ਹੁੰਦੀ। ਪਰ ਨਿੰਮੀ ਕਿਸੇ ਵੱਲ ਬਹੁਤਾ ਧਿਆਨ ਨਾ ਦਿੰਦੀ। ਉਹ ਆਪਣਾ ਕੰਮ ਸਿੱਖਦੀ ਅਤੇ ਸ਼ਾਮ ਨੂੰ ਪਾਰਲਰ ਦੇ ਉੱਪਰ ਮੁਹੱਈਆ ਕਰਵਾਏ ਕਮਰੇ ਵਿਚ ਹੀ ਜਾ ਪੈਂਦੀ। ਨਾ ਉਹ ਆਪ ਬਾਹਰ ਨਿਕਲ਼ਦੀ ਅਤੇ ਨਾ ਹੀ ਕੋਈ ਹੋਰ ਉਸ ਕਮਰੇ ਵਿਚ ਆਉਂਦਾ। ਉਹ ਅੰਦਰ ਪਈ ਕੋਈ ਕਿਤਾਬ ਜਾਂ ਰਸਾਲਾ ਪੜ੍ਹਦੀ ਰਹਿੰਦੀ। ਉਸ ਦੇ ਘਰਦਿਆਂ ਨੂੰ ਉਸ ਬਾਰੇ ਕੋਈ ਪਤਾ ਨਹੀਂ ਸੀ ਕਿ ਉਹਨਾਂ ਦੀ ਕੁੜੀ ਕਿੱਥੇ ਸੀ? ਉਹ ਬਿਨਾਂ ਦੱਸੇ ਹੀ ਘਰੋਂ ਆ ਗਈ ਸੀ। ਉਹ ਆਪਣੇ ਪੈਰਾਂ 'ਤੇ ਆਪ ਖੜ੍ਹੀ ਹੋਣਾਂ ਚਾਹੁੰਦੀ ਸੀ ਅਤੇ ਉਸ ਨੂੰ ਇਹ ਵੀ ਪਤਾ ਸੀ ਕਿ ਪਿੰਡ ਦੇ ਮਾਹੌਲ ਵਿਚ ਉਹ ਕੁਛ ਵੀ ਨਹੀਂ ਕਰ ਸਕਦੀ ਸੀ। ਤਾਪੋ ਦੀ 'ਜਾਣ-ਪਹਿਚਾਣ' ਸੁਣ ਕੇ ਉਸ ਨੇ ਤਾਪੋ ਕੋਲ਼ ਆਉਣਾ-ਜਾਣਾਂ ਸ਼ੁਰੂ ਕਰ ਦਿੱਤਾ। ਤਾਪੋ ਦੀ ਇਸ ਬਿਊਟੀ ਪਾਰਲਰ ਵਾਲ਼ੀ ਕੁੜੀ ਨਾਲ਼ ਚੰਗੀ ਆਉਣੀ ਜਾਣੀ ਸੀ ਅਤੇ ਉਸ ਨੇ ਉਸ ਨਾਲ਼ ਗੱਲ ਕਰ ਕੇ ਨਿੰਮੀ ਨੂੰ ਉਸ ਕੋਲ਼ ਰਖਵਾ ਦਿੱਤਾ। ਰੋਟੀ ਦੁਪਿਹਰੇ ਉਹ ਬਿਊਟੀ ਪਾਰਲਰ ਦੀ ਮਾਲਕ ਸੀਤਲ ਨਾਲ਼ ਹੀ ਖਾ ਲੈਂਦੀ ਅਤੇ ਆਥਣੇ ਰੋਟੀ ਉਸ ਨੂੰ ਇੱਕ ਢਾਬੇ ਤੋਂ ਆ ਜਾਂਦੀ ਸੀ।
ਇੱਕ ਸ਼ਾਮ ਰੋਟੀ ਖਾਣ ਤੋਂ ਬਾਅਦ ਨਿੰਮੀ ਅਜੇ ਸੌਣ ਦੀ ਤਿਆਰੀ ਹੀ ਕਰ ਰਹੀ ਸੀ ਕਿ ਸੀਤਲ ਨੇ ਆ ਕੇ ਉਸ ਦੇ ਕਮਰੇ ਦਾ ਦਰਵਾਜਾ ਖੜਕਾਇਆ। ਸੀਤਲ ਕੰਮ ਤੋਂ ਬਾਅਦ ਕਦੇ ਉਸ ਕੋਲ਼ ਨਹੀਂ ਆਈ ਸੀ। ਅੱਜ ਪਹਿਲੀ ਵਾਰ ਉਸ ਨੂੰ ਆਈ ਦੇਖ ਕੇ ਨਿੰਮੀ ਖ਼ੁਸ਼ ਹੋਣੋਂ ਨਾ ਰਹਿ ਸਕੀ। ਉਸ ਦੇ ਨਾਲ਼ ਇੱਕ ਭਗਵੇਂ ਚੋਲ਼ੇ ਵਾਲ਼ਾ ਕੋਈ ਸਾਧ ਜਿਹਾ ਖੜ੍ਹਾ ਸੀ। ਨਿੰਮੀ ਘੋਰ ਹੈਰਾਨ ਹੋਈ।
-''ਆ ਜਾਓ..! ਅੰਦਰ ਲੰਘ ਆਓ ਸੁਆਮੀ ਜੀ..!" ਸੀਤਲ ਸਤਿਕਾਰ ਵਿਚ ਉਸ ਦੇ ਅੱਗੇ ਲਿਫ਼-ਲਿਫ਼ ਜਾਂਦੀ ਸੀ।
ਸੰਤ ਜੀ ਅੰਦਰ ਲੰਘ ਆਏ।
ਨਿੰਮੀ ਨੇ ਕੁਰਸੀ ਅੱਗੇ ਕੀਤੀ ਅਤੇ ਸੰਤ ਜੀ ਬਿਰਾਜਮਾਨ ਹੋ ਗਏ।
-''ਇਹ ਅਦੁਤੀ ਆਨੰਦ ਸੁਆਮੀ ਨੇ ਨਿੰਮੀ..! ਦੀਨ-ਦੁਨੀਆਂ, ਲੋਕ-ਪ੍ਰਲੋਕ ਦੇ ਮਾਲਕ, ਇਹਨਾਂ ਦੇ ਚਰਨ ਛੂਹ..! ਪ੍ਰਣਾਮ ਕਰ..! ਬਹੁਤ ਕੁਛ ਮਿਲੂ ਇਹਨਾਂ ਦੇ ਦਰੋਂ..!" ਸੀਤਲ ਦੇ ਆਖਣ 'ਤੇ ਨਿੰਮੀ ਨੇ ਸੁਆਮੀ ਦੇ ਪੈਰ ਛੂਹੇ ਅਤੇ ਸੁਆਮੀ ਜੀ ਨੇ ਨਿੰਮੀ ਨੂੰ 'ਜੀਤੀ ਰਹੋ' ਆਖ ਕੇ ਆਸ਼ੀਰਵਾਦ ਦਿੱਤਾ ਅਤੇ ਬਲੀ ਦੇਣ ਵਾਲ਼ੇ ਕੁੱਕੜ ਵਾਂਗ ਮੁੜ ਅੱਖਾਂ ਮੀਟ ਲਈਆਂ।
-''ਸੁਆਮੀ ਜੀ ਔਸ਼ਧੀ ਤਿਆਰ ਕਰਾਂ..?" ਸੀਤਲ ਨੇ ਪੁੱਛਿਆ।
-''ਨਹੀਂ ਗੁਫ਼ਾ ਮੇ ਜਾ ਕਰ ਹੀ ਸੇਵਨ ਕਰੇਂਗੇ, ਖ਼ੁਸ਼ ਰਹੋ!" ਉਸ ਨੇ ਨੇਤਰ ਖੋਲ੍ਹ ਕੇ ਫ਼ਿਰ ਕਬੂਤਰ ਵਾਂਗ ਘੁੱਟ ਲਏ।
-''ਨਿੰਮੀ..! ਇਹ ਸੁਆਮੀ ਸੁਅੱਰਗ ਆਨੰਦ ਦੇ ਪੈਰੋਕਾਰ ਨੇ..! ਦੁਨੀਆਂ ਭਰ 'ਚੋਂ ਕਰੋੜਾਂ ਦੀ ਗਿਣਤੀ 'ਚ ਇਹਨਾਂ ਦੇ ਡੇਰੇ ਦੇ ਸ਼ਰਧਾਲੂ ਨੇ..! ਆਪਣਾ ਬਿਊਟੀ ਪਾਰਲਰ ਵੀ ਸੁਆਮੀ ਜੀ ਦੇ ਆਸ਼ੀਰਵਾਦ ਨਾਲ਼ ਹੀ ਚੱਲਦੈ..!"
-''ਸਭੀ ਕਾ ਵੋਹ ਬਗਵਾਨ ਹੈ ਬੱਚਾ..! ਸਭੀ ਕਾ ਵੋਹ ਈਸ਼ਵਰ ਹੈ..!" ਉਸ ਨੇ ਕਾਰਤੂਸ ਵਰਗੀ ਉਂਗਲ਼ ਉਪਰ ਨੂੰ ਖੜ੍ਹੀ ਕੀਤੀ।
-''ਤੁਹਾਡੀ ਸੇਵਾ ਕੀ ਕਰੀਏ ਸੁਆਮੀ ਜੀ..?"
-''ਸਭ ਆਨੰਦ ਮੰਗਲ ਹੈ..! ਆਪ ਕਭੀ ਅਪਨੇ ਆਸ਼ਰਮ ਮੇਂ ਦਰਸਨ ਦੇਂ..! ਗੁਫ਼ਾ ਮੇਂ ਬੈਠ ਕਰ ਬਚਨ ਕਰੇਂਗੇ..!"
-''ਜ਼ਰੂਰ ਸੁਆਮੀ..! ਸਾਡੀ ਤਾਂ ਖ਼ੁਸ਼ਕਿਸਮਤੀ ਹੋਊਗੀ..! ਮੈਂ ਨਿੰਮੀ ਨੂੰ ਵੀ ਨਾਲ਼ ਲੈ ਕੇ ਆਊਂਗੀ..! ਇਸ ਦੇ ਸਿਰ 'ਤੇ ਵੀ ਆਸ਼ੀਰਵਾਦ ਦਾ ਹੱਥ ਰੱਖੋ..! ਇਹ ਤਾਪੋ ਮੈਡਮ ਦੀ ਖ਼ਾਸ ਨਜ਼ਦੀਕੀ ਹੈ..!"
-''ਕਿਆ ਹਾਲ ਹੈ ਤਾਪੋ ਕਾ..? ਬੜੀ ਦੇਰ ਹੋ ਗਈ ਦਰਸਨ ਨਹੀਂ ਹੂਏ..!" ਸੁਆਮੀ ਜੀ ਹਿੰਦੀ ਵਿਚ ਬਚਨ ਕਰ ਰਹੇ ਸਨ ਅਤੇ ਸੀਤਲ ਠੇਠ ਪੰਜਾਬੀ ਵਿਚ ਗੱਲ ਕਰ ਰਹੀ ਸੀ। ਵੈਸੇ ਸੁਆਮੀ ਜੀ ਪੰਜਾਬੀ ਸਮਝ ਸਾਰੀ ਲੈਂਦੇ ਸਨ। ਪਰ ਪਹਿਲ ਸਿਰਫ਼ ਹਿੰਦੀ ਬੋਲਣ ਨੂੰ ਹੀ ਦਿੰਦੇ ਸਨ।
-''ਤੁਹਾਡੀ ਕਿਰਪਾ ਨਾਲ਼ ਤਾਪੋ ਤਾਂ ਬੜੀ ਮੌਜ ਵਿਚ ਐ ਸੁਆਮੀ..!"
-''ਅਬ ਚੱਲਨੇ ਕਾ ਵਕਤ ਹੋ ਗਿਆ..!" ਸੁਆਮੀ ਜੀ ਘੜ੍ਹੀ ਦੇਖ ਕੇ ਬੋਲੇ।
-''ਥੋੜ੍ਹੀ ਦੇਰ ਤਾਂ ਹੋਰ ਰੁਕੋ ਸੁਆਮੀ ਜੀ..!" ਸੀਤਲ ਹੱਥ ਜੋੜ ਕੇ ਅੱਗੇ ਆ ਖੜ੍ਹੀ।
-''ਆਪ ਨੇ ਦਰਸਨ ਦੇਨੇ ਕਾ ਹੁਕਮ ਕੀਆ, ਹਮ ਆ ਗਏ..! ਅਬ ਜਾਨਾ ਹੀ ਹੋਗਾ..!"
-''ਜਾਂਦੇ ਜਾਂਦੇ ਨਿੰਮੀ ਨੂੰ ਆਸ਼ੀਰਵਾਦ ਜ਼ਰੂਰ ਦਿੰਦੇ ਜਾਓ ਸੁਆਮੀ..!"
-''ਕਬੀ ਆਸ਼ਰਮ ਆ ਕਰ ਦਰਸਨ ਦੀਜੀਏ..! ਬੜੇ ਸੁਆਮੀ ਜੀ ਮਹਾਰਾਜ ਕਿਰਪਾ ਕਰੇਂਗੇ, ਹਮ ਤੋ ਇਸੀ ਯੋਗਿਆ ਨਹੀਂ ਹੈਂ..! ਸਬ ਕੁਛ ਉਨਹੀਂ ਕੇ ਕਰ ਕਮਲੋਂ ਮੇਂ ਹੈ..!" ਸੁਆਮੀ ਜੀ ਉਠ ਕੇ ਖੜ੍ਹੇ ਹੋ ਗਏ।
ਸੀਤਲ ਸਤਿਕਾਰ ਵਿਚ ਫ਼ਿਰ ਝੁਕ ਗਈ।
ਸੀਤਲ ਅਤੇ ਨਿੰਮੀ ਸੁਆਮੀ ਜੀ ਨੂੰ ਕਾਰ ਤੱਕ ਛੱਡਣ ਗਈਆਂ।
ਕੀਮਤੀ ਕਾਰ ਦੇ ਦੁਆਲ਼ੇ ਸੁਆਮੀ ਜੀ ਦੇ ਦੋ ਅੰਗ-ਰੱਖਿਅਕ ਕੰਧ ਬਣੇਂ ਖੜ੍ਹੇ ਸਨ। ਉਹਨਾਂ ਦੇ ਹੱਥਾਂ ਵਿਚ ਬੰਦੇ ਖਾਣੀਆਂ ਬੰਦੂਕਾਂ ਸਨ।
ਇਕ ਨੇ ਝੁਕ ਕੇ ਦਰਵਾਜਾ ਖੋਲ੍ਹਿਆ ਤਾਂ ਸੁਆਮੀ ਜੀ ਪ੍ਰਣਾਮ ਕਰਨ ਦੇ ਅੰਦਾਜ਼ ਨਾਲ਼ ਸਿਰ ਝੁਕਾਇਆ ਅਤੇ ਕਾਰ ਵਿਚ ਬੈਠ ਗਏ।
-''ਜਿਸ 'ਤੇ ਵੀ ਇਹਨਾਂ ਦੀ ਨਜ਼ਰ ਦ੍ਰਿਸ਼ਟੀ ਪੈ ਗਈ, ਉਹ ਤਾਂ ਹਰ ਪੱਖੋਂ ਤਰ ਗਿਆ ਸਮਝ, ਨਿੰਮੀ..! ਇਹ ਤਾਂ ਕਿਸੇ ਨੂੰ ਛੇਤੀ ਕੀਤੇ ਦਰਸ਼ਣ ਨਹੀਂ ਦਿੰਦੇ, ਤੇ ਦੇਖ ਲੈ ਆਪਣੇ ਕੋਲ਼ ਆਪ ਚੱਲ ਕੇ ਆਏ ਐ..!" ਸੀਤਲ ਨੇ ਕਿਹਾ।
-''ਸੁਆਮੀ ਜੀ ਤਾਂ ਅੱਖਾਂ ਈ ਨੀ ਖੋਲ੍ਹਦੇ..!" ਨਿੰਮੀ ਅੰਦਰੋ-ਅੰਦਰੀ ਸੁਆਮੀ ਜੀ ਦੀ 'ਮੁਰੀਦ' ਬਣਦੀ ਜਾ ਰਹੀ ਸੀ।
-''ਬੱਸ ਮਸਤ ਦਸ਼ਾ ਵਿਚ ਈ ਰਹਿੰਦੇ ਐ..!"
-''ਸੀਤਲ ਦੀਦੀ..!" ਨਿੰਮੀ ਬੋਲੀ।
-''ਹਾਂ..?"
-''ਜਦੋਂ ਤੁਸੀਂ ਸੁਆਮੀ ਜੀ ਦੇ ਦਰਸ਼ਣ ਕਰਨ ਗਏ, ਮੈਨੂੰ ਜ਼ਰੂਰ ਨਾਲ਼ ਲੈ ਕੇ ਚੱਲਿਓ, ਮੈਂ ਵੱਡੇ ਸੁਆਮੀ ਜੀ ਦੇ ਦਰਸ਼ਣ ਲਾਜ਼ਮੀ ਕਰਨਾ ਚਾਹੁੰਦੀ ਆਂ..!"
-''ਜ਼ਰੂਰ ਲੈ ਕੇ ਚੱਲੂੰਗੀ..! ਪਰ ਵੱਡੇ ਸੁਆਮੀ ਛੇਤੀ ਕੀਤੇ ਕਿਸੇ ਨੂੰ ਦਰਸ਼ਣ ਨਹੀਂ ਦਿੰਦੇ..!"
ਸਾਰੀ ਰਾਤ ਨਿੰਮੀ ਨੂੰ ਨੀਂਦ ਨਾ ਆਈ।
ਦਿਨੇ ਆਏ ਸੁਆਮੀ ਜੀ ਦਾ ਸ਼ਾਂਤ ਅਤੇ ਅਡੋਲ ਚਿਹਰਾ ਉਸ ਦੇ ਦਿਲ-ਦਿਮਾਗ ਅੰਦਰ ਖੌਰੂ ਪਾਉਂਦਾ ਰਿਹਾ। ਹੁਣ ਨਿੰਮੀ ਦੇ ਮਨ ਅੰਦਰ ਵੀ ਇਹੀ ਗੱਲ ਘੁਲਾੜ੍ਹੀ ਵਾਂਗ ਘੁੰਮ ਰਹੀ ਸੀ ਕਿ ਜੇ ਸੁਆਮੀ ਜੀ ਦੇ ਆਸ਼ੀਰਵਾਦ ਨਾਲ਼ ਸੀਤਲ ਦਾ ਕੰਮ ਲਹਿਰਾਂ-ਬਹਿਰਾਂ ਵਿਚ ਸੀ ਤਾਂ ਸ਼ਾਇਦ ਮੇਰੇ 'ਤੇ ਵੀ ਸੁਆਮੀ ਜੀ ਦੀ ਮਿਹਰ-ਦ੍ਰਿਸ਼ਟੀ ਪੈ ਜਾਵੇ ਤਾਂ ਘਰ ਦੀ ਗਰੀਬੀ ਚੁੱਕੀ ਜਾਵੇ। ਬਾਪੂ ਸਾਰੀ ਉਮਰ ਗ਼ਰੀਬੀ ਹੇਠ 'ਕੁੱਬਾ' ਹੋ ਗਿਆ। ਜੇ ਸੁਆਮੀ ਜੀ ਦੀ ਕਿਰਪਾ ਨਾਲ਼ ਮੇਰਾ ਕੰਮ ਵੀ ਚੱਲ ਪਵੇ ਤਾਂ ਘਰ ਦੇ ਨੈਣ-ਨਕਸ਼ ਹੀ ਬਦਲ ਜਾਣ! ਜੇ ਸੁਆਮੀ ਜੀ ਸੀਤਲ ਅਤੇ ਤਾਪੋ 'ਤੇ ਮਿਹਰ ਕਰ ਸਕਦੇ ਹਨ ਤਾਂ ਮੇਰੇ 'ਤੇ ਕਿਉਂ ਨਹੀਂ..? ਪਰ ਅਜੇ ਤਾਂ ਤੂੰ ਕੰਮ ਸਿੱਖ ਰਹੀ ਹੈਂ ਨਿੰਮੀ..! ਪਰ ਸੀਤਲ ਕਿਹੜਾ ਆਪ ਕੰਮ ਕਰਦੀ ਹੈ..? ਇਸ ਦੀਆਂ ਵੀ ਕੁੜੀਆਂ ਹੀ ਰੱਖੀਆਂ ਹੋਈਆਂ ਹਨ..? ਸਾਰਾ ਕੰਮ ਉਹ ਹੀ ਤਾਂ ਕਰਦੀਆਂ ਨੇ..! ਸੀਤਲ ਤਾਂ ਅੱਠੇ ਪਹਿਰ ਫ਼ੋਨ 'ਤੇ ਗੱਲਾਂ ਕਰਦੀ ਰਹਿੰਦੀ ਹੈ..! ਕਦੇ ਇੰਗਲੈਂਡ ਦੀਆਂ ਅਤੇ ਕਦੇ ਅਮਰੀਕਾ-ਕੈਨੇਡਾ ਦੀਆਂ..! ਅੰਨ੍ਹਾਂ ਪੈਸਾ ਪਤਾ ਨਹੀਂ ਕਿੱਥੋਂ ਆ ਰਿਹਾ ਹੈ..? ਪਰ ਇਤਨਾਂ ਜ਼ਰੂਰ ਪਤਾ ਹੈ ਕਿ ਪੈਸਾ ਪਾਣੀ ਵਾਂਗ ਆ ਰਿਹਾ ਹੈ..! ਸਭ ਸੁਆਮੀ ਜੀ ਦੀ ਕਿਰਪਾ ਹੀ ਤਾਂ ਹੈ..! ਜੇ ਸੁਆਮੀ ਜੀ ਮੈਨੂੰ ਵੀ 'ਥਾਪੜਾ' ਦੇ ਦੇਣ ਤਾਂ ਮੇਰੀ ਕਿਸਮਤ ਦੇ ਜ਼ਿਹਨ-ਚੱਕਰ ਵੀ ਬਦਲ ਸਕਦੇ ਹਨ..! ਸੋਚਾਂ ਦੀ ਘੋੜ-ਦੌੜ ਵਿਚ ਸਵੇਰ ਦੇ ਚਾਰ ਵੱਜ ਗਏ। ਸਵੇਰੇ ਚਾਰ ਵਜੇ ਜਾ ਕੇ ਉਸ ਨੂੰ ਨੀਂਦ ਆਈ। ਉਸ ਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਸਵੇਰ ਦੇ ਅੱਠ ਵਜੇ ਦਾ ਅਲਾਰਮ ਖੜਕ ਪਿਆ।
ਚਾਹੇ ਨਿੰਮੀ ਨਾ ਸੌਣ ਕਾਰਨ ਥੱਕੀ ਹੋਈ ਸੀ।
ਪਰ ਫ਼ਿਰ ਵੀ ਘੋੜੇ ਵਾਂਗ ਉਠ ਕੇ ਤਿਆਰ ਹੋਣ ਲੱਗ ਪਈ।
ਕਿਸ਼ਤ 5
ਕਈ ਦਿਨਾਂ ਬਾਅਦ ਸੀਤਲ ਨੇ ਨਿੰਮੀ ਨੂੰ ਆਸ਼ਰਮ ਜਾਣ ਬਾਰੇ ਦੱਸਿਆ।
ਸੀਤਲ ਨੇ ਉਸ ਨੂੰ ਦੱਸਿਆ ਕਿ ਉਹ 'ਵੱਡੇ' ਸੁਆਮੀ ਜੀ ਦੇ ਦਰਸ਼ਣਾਂ ਨੂੰ ਜਾ ਰਹੀ ਹੈ! ਸੁਆਮੀ ਜੀ ਦੇ ਆਸ਼ਰਮ ਵਿਚ ਕੋਈ ਵੱਡਾ 'ਸਮਾਗਮ' ਹੋਣ ਵਾਲ਼ਾ ਸੀ। ਜਿੱਥੇ ਸੀਤਲ ਹਾਜ਼ਰੀ ਭਰਨ ਜਾ ਰਹੀ ਸੀ। ਸੁਆਮੀ ਜੀ ਦੇ ਇਸ ਸਮਾਗਮ ਵਿਚ ਬੜਾ ਵਿਸ਼ਾਲ ਇਕੱਠ ਹੁੰਦਾ ਸੀ ਅਤੇ ਲੋਕ ਬਾਹਰਲੇ ਦੇਸ਼ਾਂ ਵਿਚੋਂ ਵੀ ਸ਼ਰਧਾ ਦੇ ਫ਼ੁੱਲ ਅਰਪਨ ਕਰਨ ਲਈ ਆਉਂਦੇ ਸਨ।
-''ਦੀਦੀ ਮੈਨੂੰ ਵੀ ਨਾਲ਼ ਲੈ ਚੱਲੋ..!" ਨਿੰਮੀ ਸੀਤਲ ਦੇ ਪੈਰੀਂ ਪੈਣ ਵਾਲ਼ੀ ਹੋਈ ਖੜ੍ਹੀ ਸੀ।
-''ਅਜੇ ਹੁਕਮ ਨਹੀਂ ਨਿੰਮੀ..! ਹੁਕਮ ਸੁਆਮੀ ਜੀ ਦੇ ਦਰਬਾਰੋਂ ਆਊਗਾ..! ਜਦੋਂ ਵੀ ਹੁਕਮ ਆ ਗਿਆ, ਤੈਨੂੰ ਨਾਲ਼ ਲੈ ਚੱਲੂੰਗੀ..!"
ਸੁਣ ਕੇ ਨਿੰਮੀ ਨਿਰਾਸ਼ ਹੋ ਗਈ।
ਉਹ ਸੀਤਲ 'ਤੇ ਖਿਝਣ ਲੱਗੀ ਕਿ ਸੀਤਲ ਉਸ ਨੂੰ ਜਾਣ ਬੁੱਝ ਕੇ ਸੁਆਮੀ ਜੀ ਦੇ ਆਸ਼ਰਮ ਲੈ ਕੇ ਨਹੀਂ ਜਾਣਾ ਚਾਹੁੰਦੀ ਸੀ। ਪਰ ਸੀਤਲ ਨਾਲ਼ ਵਿਗਾੜ ਕੇ ਨਿੰਮੀ ਨੂੰ ਕੀ ਹਾਸਲ ਹੋਣਾਂ ਸੀ..? ਕੰਮ ਵੱਲੋਂ ਵੀ ਜਾਣਾਂ ਸੀ..! ਉਹ ਸਬਰ ਵਿਚ ਰਹਿ ਕੇ ਉਡੀਕ ਨੂੰ ਸਮਰਪਤ ਹੋ ਗਈ।
ਸੀਤਲ ਸੁਆਮੀ ਜੀ ਦੇ ਸਮਾਗਮ 'ਤੇ ਜਾ ਆਈ ਸੀ।
ਉਸ ਨੂੰ ਸੁਆਮੀ ਜੀ ਦੇ ਸਫ਼ਲ ਸਮਾਗਮ ਦੀਆਂ ਸਿਫ਼ਤਾਂ ਕਰਦੀ ਨੂੰ ਸ਼ਬਦ ਨਹੀਂ ਮਿਲ਼ ਰਹੇ ਸਨ। ਖ਼ੁਸ਼ੀ ਅਤੇ ਸੰਤੁਸ਼ਟੀ ਵਿਚ ਉਸ ਦੀਆਂ ਸੁਣੱਖੀਆਂ ਅੱਖਾਂ ਖ਼ੂਹ ਦੇ ਪਾਣੀ ਵਾਂਗ ਹੋਰ ਵੀ ਨਿੱਤਰੀਆਂ-ਨਿੱਤਰੀਆਂ ਲੱਗਦੀਆਂ ਸਨ। ਤਰੇਲ਼ ਧੋਤੇ ਫ਼ੁੱਲ ਵਰਗਾ ਚਿਹਰਾ ਹੋਰ ਵੀ ਨਿੱਖਰਿਆ-ਨਿੱਖਰਿਆ ਪਿਆ ਸੀ। ਨਿੰਮੀ ਨੂੰ ਸੀਤਲ ਦੀ ਕਿਸਮਤ 'ਤੇ 'ਰੰਜ' ਆਇਆ। ਸੀਤਲ ਕੋਲ਼ ਆਪਣਾ ਕਾਰੋਬਾਰ ਸੀ, ਪੈਸਾ ਸੀ ਅਤੇ ਸਭ ਤੋਂ ਵੱਡੀ ਗੱਲ ਸੁਆਮੀ ਜੀ ਮਹਾਰਾਜ ਦਾ ਆਸ਼ੀਰਵਾਦ ਸੀ। ਉਸ ਦੇ ਤਾਂ ਲੋਕ-ਪ੍ਰਲੋਕ ਸੁਆਰੇ ਹੋਏ ਸਨ। ਪਰ ਕੀ ਪਤਾ ਇਸ ਕਾਰੋਬਾਰ ਪਿੱਛੇ ਸੀਤਲ ਦੀ ਕਿੰਨੀ ਮਿਹਨਤ ਅਤੇ ਮੁਸ਼ੱਕਤ ਲੱਗੀ ਹੋਵੇ..? ਤੈਨੂੰ ਉਸ ਦੀ ਪ੍ਰਾਪਤੀ ਦਿਸ ਰਹੀ ਹੈ ਨਿੰਮੀ..! ਪਰ ਉਸ ਦੀ ਮਿਹਨਤ ਨਜ਼ਰ ਨਹੀਂ ਪੈ ਰਹੀ..! ਕੀ ਪਤਾ ਇੱਥੋਂ ਤੱਕ ਪਹੁੰਚਣ ਲਈ ਸੀਤਲ ਨੇ ਕਿੰਨੀ ਜੱਦੋਜਹਿਦ ਕੀਤੀ ਹੋਵੇ..?
ਨਿੰਮੀ ਹਰ ਰੋਜ਼ ਕੰਮ ਕਰਦੀ ਮਾਯੂਸ ਹੋ ਚੁੱਕੀ ਸੀ।
ਸੀਤਲ ਉਸ ਨੂੰ ਆਸ਼ਰਮ ਲਿਜਾਣ ਬਾਰੇ ਕੋਈ ਬਾਤ ਹੀ ਨਹੀਂ ਪਾ ਰਹੀ ਸੀ। ਕੋਈ ਸੰਕੇਤ ਵੀ ਨਹੀਂ ਦੇ ਰਹੀ ਸੀ। ਵੈਸੇ ਉਸ ਨੂੰ ਸੀਤਲ 'ਤੇ ਨਾ ਤਾਂ ਕੋਈ ਬੇਇਤਬਾਰੀ ਸੀ ਅਤੇ ਨਾ ਹੀ ਹੋਰ ਕੋਈ ਸ਼ੱਕ ਜਾਂ ਉਲਾਂਭਾ! ਉਹ ਜਿਸ ਦਿਨ ਦੀ ਸੀਤਲ ਕੋਲ਼ ਆਈ ਸੀ, ਸੀਤਲ ਨੇ ਉਸ ਨੂੰ ਕੰਡੇ ਜਿੰਨੀ ਤਕਲੀਫ਼ ਨਹੀਂ ਦਿੱਤੀ ਸੀ ਅਤੇ ਆਪਣੀਆਂ ਛੋਟੀਆਂ ਭੈਣਾਂ ਵਾਂਗ ਰੱਖਿਆ ਸੀ। ਪਰ ਸੁਆਮੀ ਜੀ ਦੇ ਆਸ਼ਰਮ ਨਾ ਲਿਜਾਣ ਕਾਰਨ ਨਿੰਮੀ ਅਵਾਜ਼ਾਰ ਹੋ ਜਾਂਦੀ ਸੀ।
ਇੱਕ ਦਿਨ ਸੁਆਮੀ ਜੀ ਦੇ ਚੇਲੇ ਅਦੁਤੀ ਆਨੰਦ ਸੁਆਮੀ ਨੇ ਫ਼ਿਰ ਦਰਸ਼ਣ ਦਿੱਤੇ।
ਸੀਤਲ ਉਸ ਨੂੰ ਬਿਊਟੀ ਪਾਰਲਰ ਨਹੀਂ ਲੈ ਕੇ ਜਾਂਦੀ ਸੀ। ਔਰਤਾਂ ਵਾਲ਼ੇ ਬਿਊਟੀ ਪਾਰਲਰ ਵਿਚ ਸੁਆਮੀ ਜੀ ਦਾ ਕੀ ਕੰਮ..? ਉਹ ਉਸ ਨੂੰ ਫ਼ਿਰ ਨਿੰਮੀ ਦੇ ਕਮਰੇ ਵਿਚ ਲੈ ਆਈ। ਭਗਵੇਂ ਕੱਪੜਿਆਂ ਵਿਚ ਸੁਆਮੀ ਜੀ ਕੋਈ 'ਫ਼ਰਿਸ਼ਤਾ' ਨਜ਼ਰ ਆਉਂਦੇ ਸਨ। ਚਿਹਰੇ 'ਤੇ ਕੋਈ ਸਵਰਗ ਵਰਗੀ ਸ਼ਾਂਤੀ ਸੀ। ਮੱਥੇ ਤੋਂ ਨੂਰ ਹੀ ਨੂਰ ਵਰ੍ਹ ਰਿਹਾ ਸੀ। ਨਿੰਮੀ ਸੁਆਮੀ ਜੀ ਦੇ ਪੈਰਾਂ ਵਿਚ ਲਿਟਣ ਵਾਲ਼ੀ ਹੋ ਗਈ। ਅੱਜ ਸੁਆਮੀ ਜੀ ਉਸ ਨੂੰ ਪਿਛਲੀ ਵਾਰ ਨਾਲ਼ੋਂ ਵੱਧ ਅਧਿਆਤਮਕ ਲੱਗੇ ਸਨ। ਪਰ ਉਹ ਹਮੇਸ਼ਾ ਵਾਂਗ ਸ਼ਾਂਤ-ਚਿੱਤ ਸਨ। ਕੋਈ ਗੱਲ ਨਹੀਂ ਕਰਦੇ ਸਨ। ਅੱਖਾਂ ਮੀਟੀ ਬੈਠੇ ਸਨ ਅਤੇ ਕੋਈ ਬਚਨ ਬਿਲਾਸ ਨਹੀਂ ਕਰ ਰਹੇ ਸਨ। ਇਸ ਦਾ ਨਿੰਮੀ ਨੂੰ ਅਥਾਹ ਅਫ਼ਸੋਸ ਸੀ।
-''ਸੁਆਮੀ ਜੀ..!"
-''ਫ਼ੁਰਮਾਈਏ..?" ਸੁਆਮੀ ਜੀ ਨੇ ਬੰਦ ਅੱਖਾਂ ਖੋਲ੍ਹੀਆਂ ਤੱਕ ਨਹੀਂ ਸਨ।
-''ਆਪਣੀ ਨਿੰਮੀ ਵੱਡੇ ਸੁਆਮੀ ਜੀ ਮਹਾਰਾਜ ਦੇ ਦਰਸ਼ਣ ਕਰਨਾ ਚਾਹੁੰਦੀ ਐ, ਕਦੋਂ ਕਿਰਪਾ ਕਰਨਗੇ..? ਪਤੈ ਕੁਛ..?"
-''ਜਿਤਨੀ ਸ਼ਿੱਸ਼ ਕੀ ਸ਼ਰਧਾ ਭਾਰੀ ਔਰ ਭਾਵੁਕ ਹੋਵੇਗੀ, ਉਤਨੀ ਜਲਦੀ ਮਹਾਂਪੁਰਸ਼ ਦਰਸਨ ਦੇਂਗੇ..! ਧੰਨਾਂ ਭਗਤ ਕੀ ਸ਼ਰਧਾ ਥੀ, ਤੋ ਉਨਹੋਂ ਨੇ ਪੱਥਰ ਸੇ ਕ੍ਰਿਸ਼ਨ ਭਗਵਾਨ ਜੀ ਕੋ ਪਾ ਲੀਆ..! ਮਹਾਂਪੁਰਸ਼ ਭੀ ਸ਼ਰਧਾ ਕੇ ਭੂਖੇ ਹੋਤੇ ਹੈਂ..! ਆਜ ਹਮ ਆਪ ਕੀ ਏਕ ਸ਼ੰਕਾ ਨਵਿਰਤ ਕਰਨੀ ਚਾਹਤੇ ਹੈਂ..! ਹਮਾਰੇ ਆਨੇ ਕਾ ਯਹੀ ਮਕਸਦ ਹੈ..!"
-''ਸਾਡੇ ਤੋਂ ਕੋਈ ਗਲਤੀ ਹੋ ਗਈ ਸੁਆਮੀਂ..?"
-''ਨਹੀਂ..! ਬਾਤ ਕੁਛ ਔਰ ਹੈ..!"
-''ਹੁਕਮ ਕਰੋ ਮਹਾਰਾਜ..!"
-''ਕੁਛ ਲੋਗ ਸੋਚਤੇ ਹੈਂ ਕਿ ਮਹਾਂਪੁਰਸ਼ੋਂ ਕੋ ਹਥਿਆਰੋਂ ਯਾ ਬਾਡੀਗਰਾਡੋਂ ਕੀ ਕਿਆ ਜ਼ਰੂਰਤ ਹੈ..?" ਸੁਆਮੀ ਜੀ ਦੀ ਗੱਲ ਸੁਣ ਕੇ ਨਿੰਮੀ ਸਤੰਭ ਰਹਿ ਗਈ। ਪਿਛਲੀ ਵਾਰ ਜਦ ਉਹ ਸੁਆਮੀ ਜੀ ਨੂੰ ਕਾਰ ਤੱਕ ਛੱਡਣ ਗਈ ਸੀ, ਤਾਂ ਉਸ ਦੇ ਮਨ ਵਿਚ ਇਹੀ ਸੁਆਲ ਆਇਆ ਸੀ ਕਿ ਸੁਆਮੀ ਜੀ, ਜਾਂ ਉਸ ਦੇ ਪੈਰੋਕਾਰਾਂ ਨੂੰ ਹਥਿਆਰਬੰਦ ਅੰਗ-ਰੱਖਿਅਕਾਂ ਦੀ ਕੀ ਲੋੜ..? ਪਰ ਇਹ ਗੱਲ ਤਾਂ ਨਿੰਮੀ ਨੇ ਕਿਸੇ ਨਾਲ਼ ਸਾਂਝੀ ਵੀ ਨਹੀਂ ਕੀਤੀ ਸੀ, ਸੁਆਮੀ ਜੀ ਨੂੰ ਕਿੱਥੋਂ ਪਤਾ ਲੱਗ ਗਿਆ..? ਸੁਆਮੀ ਜੀ ਵਾਕਿਆ ਹੀ ਦਿਲਾਂ ਦੀਆਂ ਜਾਨਣ ਵਾਲ਼ੇ 'ਜਾਣੀ-ਜਾਣ' ਸਨ!
ਨਿੰਮੀ ਦੀ ਸ਼ਰਧਾ ਹੋਰ ਵੀ ਪ੍ਰਪੱਕ ਹੋ ਗਈ।
ਪਰ ਉਸ ਦੀ ਬਿਰਤੀ ਸੁਆਮੀ ਜੀ ਦੀ ਅਗਲੀ ਗੱਲ ਨਾਲ਼ ਟੁੱਟੀ।
-''ਤੁਲਸੀ ਦਾਸ ਜੀ ਭਗਤੀ ਮੇਂ ਲੀਨ ਥੇ..! ਉਨਹੋਂ ਨੇ ਭਗਵਾਨ ਰਾਮ ਜੀ ਕੋ ਯਾਦ ਕੀਆ ਤੋ ਭਗਵਾਨ ਰਾਮ ਇਸਨਾਨ ਕਰਨੇ ਕੀ ਤਿਆਰੀ ਮੇਂ ਥੇ..! ਭਗਵਾਨ ਰਾਮ ਜੀ ਨੇ ਸੋਚਾ ਕਿ ਅਗਰ ਅਪਨੇ ਭਗਤ ਕੋ ਦਰਸਨ ਨਾ ਦੀਏ ਤੋ ਭਗਤ ਨਿਰਾਸ ਹੋ ਜਾਏਗਾ..! ਵੋਹ ਬਗੈਰ ਸਾਸਤਰੋਂ ਕੇ ਹੀ ਚੱਲ ਪੜੇ ਔਰ ਤੁਲਸੀ ਦਾਸ ਜੀ ਕੋ ਆ ਦਰਸਨ ਦੀਏ..! ਤੋ ਤੁਲਸੀ ਦਾਸ ਜੀ ਨੇ ਭਗਵਾਨ ਰਾਮ ਕੋ ਪਹਿਚਾਨਨੇ ਸੇ ਇਨਕਾਰ ਕਰ ਦੀਆ..! ਤੁਲਸੀ ਦਾਸ ਜੀ ਬੋਲਨੇ ਲਗੇ ਕਿ ਆਪ ਮੇਰੇ ਵੋਹ ਰਾਮ ਜੀ ਭਗਵਾਨ ਨਹੀਂ ਹੈਂ..! ਉਨਕੇ ਪਾਸ ਤੋ ਹਾਮੇਸ਼ਾ ਤੀਰ ਔਰ ਹਥੀਆਰ ਹੋਤੇ ਹੈਂ, ਆਪ ਕੇ ਪਾਸ ਤੋ ਐਸਾ ਕੁਛ ਭੀ ਨਹੀਂ ਹੈ..! ਭਗਵਾਨ ਜੀ ਫ਼ੁਰਮਾਨੇ ਲਗੇ ਕਿ ਤੁਲਸੀ ਦਾਸ ਜੀ, ਹਮ ਤੋ ਇਸਨਾਨ ਕੀ ਤੈਯਾਰੀ ਕਰ ਰਹੇ ਥੇ, ਆਪ ਜਨ ਨੇ ਯਾਦ ਕੀਆ ਤੋ ਐਸੇ ਹੀ ਦਰਸਨ ਦੇਨੇ ਆ ਹਾਜ਼ਰ ਹੂਏ..! ਤੋ ਤੁਲਸੀ ਦਾਸ ਜੀ ਬੋਲਨੇ ਲਗੇ ਕਿ ਐ ਭਗਵਾਨ..! ਅਗਰ ਆਪ ਨੇ ਮੁਝੇ ਦਰਸਨ ਦੇਨੇ ਹੋਂ, ਤੋ ਅਪਨੇ ਸਸਤਰੋਂ ਸਮੇਤ ਦਰਸਨ ਦੀਆ ਕਰੋ...! ਭਗਤ ਨੇ ਅਪਨੇ ਭਗਵਾਨ ਕੋ ਪਹਿਚਾਨਨੇਂ ਸੇ ਇਨਕਾਰ ਕਰ ਦੀਆ ਥਾ..! ਵੋਹੀ ਬਾਤ ਹੈ ਸੀਤਲ..! ਮਹਾਂਪੁਰਸ਼ੋਂ ਕੇ ਭੀ ਸਭੀ ਸ਼ਰਧਾਲੂ ਨਹੀਂ ਹੋਤੇ..! ਭ੍ਰਿਸ਼ਟ ਬੁੱਧੀ ਵਾਲੇ ਲੋਗ ਭੀ ਹੋਤੇ ਹੈਂ..! ਕਿਆ ਕ੍ਰਿਸ਼ਨ ਭਗਵਾਨ ਸ਼ਾਸਤਰ ਯਾ ਸੁਦਰਸ਼ਨ ਚੱਕਰ ਨਹੀਂ ਰੱਖਤੇ ਥੇ..? ਕਿਆ ਭਗਵਾਨ ਰਾਮ ਜੀ ਕੇ ਪਾਸ ਸ਼ਾਸਤਰ ਯਾ ਸੇਨਾਂ ਨਹੀਂ ਥੀ..? ਅਗਰ ਹਮ ਉਨਕੇ ਪੈਰੋਕਾਰ ਹਥੀਆਰ ਔਰ ਬਾਡੀਗਰਡ ਰੱਖਤੇ ਹੈਂ ਤੋ ਕਿਆ ਕਿਆਮਤ ਆ ਗਈ..?" ਸੁਆਮੀ ਜੀ ਮੁਸਕਰਾ ਪਏ।
ਨਿੰਮੀ ਸੁਆਮੀ ਜੀ ਦੇ ਉੱਤਰ ਦੀ ਕਾਇਲ ਹੋ ਗਈ।
-''ਸੁਆਮੀ ਜੀ, ਮੈਂ ਅੱਗੇ ਵੀ ਬੇਨਤੀ ਕੀਤੀ ਸੀ ਕਿ ਨਿੰਮੀ ਵੱਡੇ ਮਹਾਂਪੁਰਸ਼ਾਂ ਦੇ ਦਰਸ਼ਣ ਕਰਨੇ ਚਾਹੁੰਦੀ ਐ..!"
ਸੁਆਮੀ ਜੀ ਫ਼ਿਰ ਬੰਦ ਅੱਖਾਂ ਨਾਲ਼ ਹੀ ਬੋਲਣ ਲੱਗੇ।
-''ਏਕ ਵਾਰ ਕ੍ਰਿਸ਼ਨ ਭਗਵਾਨ ਭੋਜਨ ਕਰਨੇ ਲਗੇ..! ਰੁਕਮਨੀ ਜੀ ਪਾਸ ਖੜ੍ਹੇ ਹੂਈ ਥੀ..! ਭਗਵਾਨ ਜੀ ਨੇ ਪ੍ਰਸਾਦੇ ਕੀ ਗਰਾਹੀ ਤੋੜੀ ਔਰ ਮੂੰਹ ਮੇ ਪਾਨੇ ਹੀ ਲਗੇ ਥੇ..ਤੋ ਮਾਲੁਮ ਨਹੀਂ ਕਿਆ ਬਾਤ ਦਿਮਾਗ ਮੇ ਆਈ, ਰੋਟੀ ਛੋੜ ਕਰ, ਸਿਰ ਤੋੜ ਭਾਗ ਨਿਕਲੇ..! ਔਰ ਥੋੜ੍ਹੀ ਦੇਰ ਬਾਅਦ ਭਗਵਾਨ ਵਾਪਿਸ ਆ ਗਏ..! ਰੁਕਮਨੀ ਜੀ ਹੈਰਾਨ..! ਕੀ ਭਗਵਾਨ ਕਿਆ ਲੀਲ੍ਹਾ ਕਰ ਰਹੇ ਹੈਂ..? ਰੁਕਮਨੀ ਪੂਛਨੇ ਲਗੀ ਕਿ ਮਹਾਰਾਜ, ਯੇਹ ਕਿਆ ਕੌਤਕ ਹੈ..? ਰੋਟੀ ਨਹੀਂ ਖਾਈ, ਬਿਨਾ ਕੁਛ ਬਤਾਏ ਭਾਗ ਗਏ ਔਰ ਇਤਨੀ ਜਲਦੀ ਸੇ ਫ਼ਿਰ ਵਾਪਿਸ ਭੀ ਆ ਗਏ..? ਕ੍ਰਿਸ਼ਨ ਭਗਵਾਨ ਜੀ ਬਤਾਨੇ ਲਗੇ ਕਿ ਰੁਕਮਨੀ! ਮੇਰੇ ਕਿਸੀ ਭਗਤ ਕੋ ਕੁਛ ਸ਼ਰਾਰਤੀ ਲੋਗ ਪੱਥਰ ਮਾਰ ਰਹੇ ਥੇ, ਉਸ ਕੇ ਬਚਾਓ ਕੇ ਲੀਏ ਪ੍ਰਸ਼ਾਦਾ ਛੋੜ ਕਰ ਭਾਗਾ ਥਾ..! ਤੋ ਰੁਕਮਨੀ ਫ਼ਿਰ ਪੂਛਨੇ ਲਗੀ ਕਿ ਮਹਾਰਾਜ, ਆਪ ਉਸ ਕਾ ਬਚਾਓ ਕਯੂੰ ਨਹੀਂ ਕੀਆ, ਵਾਪਿਸ ਕਯੂੰ ਪਰਤ ਆਏ..? ਤੋ ਕ੍ਰਿਸ਼ਨ ਭਗਵਾਨ ਹੰਸਤੇ ਹੂਏ ਬਤਾਨੇ ਲਗੇ ਕਿ ਰੁਕਮਨੀ ਜਬ ਉਸ ਭਗਤ ਨੇ ਅਪਨੇ ਬਚਾਓ ਕੇ ਲੀਏ ਖ਼ੁਦ ਪੱਥਰ ਉਠਾ ਲੀਆ, ਤੋ ਹਮ ਪਰਤ ਆਏ ਕਿ ਅਬ ਅਪਨਾ ਬਚਾਓ ਭਗਤ ਖ਼ੁਦ ਕਰ ਲੇਗਾ..! ਸੋ ਵਹੀ ਬਾਤ ਮਹਾਂਪੁਰਸ਼ੋਂ ਕੀ ਹੋਤੀ ਹੈ..! ਉਨਕੀ ਭੀ ਲੀਲ੍ਹਾ ਹੋਤੀ ਹੈ..! ਅਗਰ ਆਪ ਉਨਕਾ ਫ਼ੈਸਲਾ ਉਨ ਪਰ ਹੀ ਛੋੜ ਦੇਂ ਤੋ ਬਹੁਤ ਕੁਛ ਪ੍ਰਾਪਤ ਕੀਆ ਜਾ ਸਕਤਾ ਹੈ..! ਵੋ ਬੁਲਾਏਂਗੇ, ਔਰ ਅਵੱਸ਼ਯ ਬੁਲਾਏਂਗੇ..! ਬੱਸ ਏਕ ਅੱਛੀ ਆਸ ਪਰ ਇੰਤਜ਼ਾਰ ਮੇਂ ਬੈਠ ਜਾਨਾ ਚਾਹੀਏ..! ਉਨ ਕੇ ਦਰਬਾਰ ਮੇਂ ਦੇਰ ਹੋ ਸਕਤੀ ਹੈ, ਮਗਰ ਅੰਧੇਰ ਨਹੀਂ..! ਉਨਕੀ ਯਾਦ ਮੇਂ ਜੁੜ ਕਰ ਬੈਠੋ..! ਯਾਦ ਔਰ ਵੈਰਾਗ ਏਕ ਐਸੀ ਵਸਤੂ ਹੈ, ਮਹਾਂਪੁਰਸ਼ੋਂ ਕੋ ਖੀਂਚ ਕਰ ਭੀ ਆਪ ਕੇ ਪਾਸ ਲੇ ਆਤੀ ਹੈ..! ਸਬਰ ਕਾ ਫ਼ਲ ਹਮੇਸ਼ਾ ਮੀਠਾ ਹੋਤਾ ਹੈ..! ਏਕ ਬਾਤ ਅਵੱਸ਼ਯ ਯਾਦ ਰਖਨਾ..! ਨਾਂਮੀਂ ਸੇ ਨਾਮ ਬੜਾ ਹੋਤਾ ਹੈ..!"
-''ਉਹ ਕਿਵੇਂ ਸੁਆਮੀ ਜੀ..?" ਸੀਤਲ ਨੇ ਪੁੱਛਿਆ।
ਸੁਆਮੀ ਜੀ ਮੁੜ ਮੁਸਕਰਾ ਪਏ।
-''ਨਾਂਮੀਂ ਸੇ ਨਾਮ ਇਸੀ ਲੀਏ ਬੜਾ ਹੋਤਾ ਹੈ ਕਿ ਨਾਮ ਹਮਾਰੇ ਮੂੰਹ ਮੇਂ ਹੈ..! ਹਮ ਨਾਮ ਲੇਕਰ ਅਵਾਜ਼ ਦੇਤੇ ਹੈਂ, ਸੀਤਲ..! ਔਰ ਵੋ ਅਵਾਜ਼ ਪਵਨ ਦੇ ਸਾਥ ਹੋ ਕਰ ਸੀਤਲ ਕੇ ਕਾਂਨ ਤੱਕ ਪਹੁੰਚਤੀ ਹੈ ਔਰ ਹੱਟੀ-ਕੱਟੀ ਸੀਤਲ ਕੋ ਹਮਾਰੇ ਪਾਸ ਲਾ ਕਰ ਖੜ੍ਹਾ ਕਰ ਦੇਤੀ ਹੈ..! ਹੈ ਨਾ ਸੀਤਲ ਸੇ ਉਸ ਕਾ ਨਾਮ ਬੜਾ..? ਜਬ ਨਾਮ ਲੀਆ, ਪੂਰੀ ਕੀ ਪੂਰੀ ਸੀਤਲ ਖ਼ੁਦ ਚੱਲ ਕਰ ਤੁਮਹਾਰੇ ਪਾਸ ਆ ਗਈ..! ਇਸੀ ਲੀਏ ਨਾਂਮੀਂ ਸੇ ਨਾਮ ਬੜਾ ਹੋਤਾ ਹੈ..!" ਸੁਆਮੀ ਜੀ ਮਿੰਨ੍ਹਾਂ-ਮਿੰਨ੍ਹਾਂ ਹੱਸ ਪਏ ਅਤੇ ਨਿੰਮੀ ਅਤੇ ਸੀਤਲ ਨਿਹਾਲ ਹੋ ਗਈਆਂ।
ਸੁਆਮੀ ਜੀ ਚਲੇ ਗਏ।
ਨਿੰਮੀ ਦਾ ਧਾਹ ਮਾਰਨ ਨੂੰ ਦਿਲ ਕੀਤਾ।
ਇੰਤਜ਼ਾਰ ਦੀਆਂ ਘੜ੍ਹੀਆਂ ਤਾਂ ਬਹੁਤ ਲੰਮੀਆਂ ਹੋਈ ਜਾ ਰਹੀਆਂ ਸਨ।
ਹੁਣ ਉਸ ਦਾ ਕੰਮ ਸਿੱਖਣ ਵਿਚ ਵੀ ਮਨ ਨਹੀਂ ਲੱਗਦਾ ਸੀ। ਸੀਤਲ ਨੂੰ ਜੋਰ ਦੇ ਕੇ ਉਹ ਕੁਛ ਕਹਿ ਨਹੀਂ ਸਕਦੀ ਸੀ। ਉਸ ਨੂੰ ਸੀਤਲ ਦੇ ਵੀ ਕੋਈ 'ਵੱਸ' ਨਹੀਂ ਲੱਗਦਾ ਸੀ। ਪਰ ਉਹ ਇਸੇ ਗੱਲ ਵਿਚ ਹੀ ਤਸੱਲੀ ਮਹਿਸੂਸ ਕਰ ਰਹੀ ਸੀ ਕਿ 'ਜੇ' ਸੀਤਲ ਦੀ ਸੁਆਮੀ ਜੀ ਦੇ ਡੇਰੇ ਵਿਚ ਕੋਈ ਪੁੱਛ-ਗਿੱਛ ਸੀ, 'ਤਾਂ ਹੀ' ਸੁਆਮੀ ਅਦੁਤੀ ਆਨੰਦ ਵਰਗੇ ਉਸ ਕੋਲ਼ 'ਚੱਲ ਕੇ' ਆਉਂਦੇ ਸਨ।
ਨਿੰਮੀ ਸੀਤਲ ਨਾਲ਼ ਕਦੇ-ਕਦੇ ਸੁਆਮੀ ਜੀ ਬਾਰੇ ਗੱਲ ਸ਼ੁਰੂ ਕਰਦੀ। ਪਰ ਸੀਤਲ, ''ਮਹਾਂਪੁਰਖ਼ਾਂ ਦੇ ਚੋਜ ਹੁੰਦੇ ਐ ਨਿੰਮੀ..! ਇਹਨਾਂ ਦਾ ਅੰਤ ਨਹੀਂ ਪਾਇਆ ਕਿਸੇ ਨੇ..! ਇਹ ਬੇਅੰਤ ਤੇ ਬੇਪ੍ਰਵਾਹ ਹੁੰਦੇ ਐ..! ਦੀਨ ਦੁਨੀਆਂ ਦੇ ਬੰਧਨਾਂ ਤੋਂ ਅਣਭਿੱਜ ਤੇ ਬੇਮੁਹਤਾਜ਼..!" ਆਖ ਕੇ ਉਹ ਨਿੰਮੀ ਦਾ ਮੂੰਹ ਬੰਦ ਕਰ ਦਿੰਦੀ। ਨਿੰਮੀ ਹਥਿਆਰ ਜਿਹੇ ਸੁੱਟ ਕੇ ਬੈਠ ਜਾਂਦੀ। ਉਹ ਰਾਤ ਨੂੰ ਸੁਆਮੀ ਜੀ ਦਾ ਨਾਮ ਜਪਦੀ। ਉਹਨਾਂ ਦੀ ਫ਼ੋਟੋ ਦਾ ਪ੍ਰਤੀਬਿੰਬ ਆਪਣੇ ਜ਼ਿਹਨ ਵਿਚ ਬਣਾਉਂਦੀ। ਦਿਨੋਂ-ਦਿਨ ਉਸ ਦੀ ਬੇਵਾਹ ਹੁੰਦੀ ਜਾ ਰਹੀ ਸੀ। ਸਬਰ ਦਾ ਪਿਆਲਾ ਛਲਕ-ਛਲਕ ਕੇ ਡੁੱਲ੍ਹਣ ਲੱਗ ਪਿਆ ਸੀ। ਹੁਣ ਉਹ ਸੁਆਮੀ ਜੀ ਦੇ ਦਰਸ਼ਣਾਂ ਲਈ ਤੜਫ਼ਣ ਲੱਗ ਪਈ ਸੀ।
ਇੱਕ ਦਿਨ ਸੀਤਲ ਹਫ਼ਿਆਂ ਵਾਂਗ ਨਿੰਮੀ ਕੋਲ਼ ਕਮਰੇ ਵਿਚ ਆਈ।
-''ਨਿੰਮੀ..!"
-''ਹਾਂ ਦੀਦੀ..?" ਉਹ ਉੱਭੜਵਾਹਿਆਂ ਵਾਂਗ ਉਠ ਕੇ ਖੜ੍ਹੀ ਹੋ ਗਈ। ਉਸ ਦੇ ਰੇਸ਼ਮੀ ਵਾਲ਼ਾਂ ਦੀ ਲਿੱਟ ਉਸ ਦੇ ਸੁਹੱਪਣ ਨੂੰ ਹੋਰ ਚਾਰ ਚੰਦ ਲਾਈ ਜਾ ਰਹੀ ਸੀ।
-''ਵੱਡੇ ਸੁਆਮੀ ਜੀ ਮਹਾਰਾਜ ਦਾ ਸੱਦਾ ਆਇਐ..!"
-''ਮੈਨੂੰ ਵੀ ਨਾਲ਼ ਲੈ ਚੱਲੋਂਗੇ..?" ਉਸ ਨੇ ਬੜੀ ਆਸ ਨਾਲ਼ ਹਾਬੜਿਆਂ ਵਾਂਗ ਪੁੱਛਿਆ।
-''ਚੱਲ..!"
-''ਜਾਣਾਂ ਕਿੱਦੇਂ ਐਂ..?"
-''ਪਰਸੋਂ ਸਵੇਰੇ ਸਾਝਰੇ ਈ ਨਿਕਲ਼ਾਂਗੇ..!"
ਰਹਿੰਦੇ ਦੋ ਦਿਨ ਨਿੰਮੀ ਲਈ 'ਪਹਾੜ' ਬਣ ਗਏ।
ਸਮਾਂ ਲੰਘਣ ਵਿਚ ਨਹੀਂ ਆਉਂਦਾ ਸੀ। ਉਸ ਦੇ ਦਿਲ ਵਿਚ ਤਾਂ ਇਹੀ ਗੱਲ ਘੁੰਮ ਰਹੀ ਸੀ ਕਿ ਸੁਆਮੀ ਜੀ ਮੈਨੂੰ ਆਸ਼ੀਰਵਾਦ ਦੇ ਕੇ ਮੇਰੀ ਕਾਇਆ ਹੀ 'ਪਲਟ' ਦੇਣਗੇ! ਉਹ ਕਿਹੜਾ ਦਿਨ ਆਵੇ, ਜਦ ਸੁਆਮੀ ਜੀ ਮੈਨੂੰ ਆਸ਼ੀਰਵਾਦ ਦੇਣ ਅਤੇ ਮੇਰੀ ਕਿਸਮਤ ਖੁੱਲ੍ਹੇ! ਜਦ ਉਹ ਸੀਤਲ ਅਤੇ ਤਾਪੋ ਵੱਲ ਦੇਖਦੀ ਤਾਂ ਉਸ ਨੂੰ 'ਖੁੰਧਕ' ਜਿਹੀ ਆਉਂਦੀ ਕਿ ਕਿਵੇਂ ਸੁਆਮੀ ਜੀ ਨੇ ਆਸ਼ੀਰਵਾਦ ਦੇ ਕੇ ਉਹਨਾਂ ਦੀਆਂ ਲਹਿਰਾਂ-ਬਹਿਰਾਂ ਕਰ ਦਿੱਤੀਆਂ ਸਨ। ਉਹ ਮਿੱਟੀ ਨੂੰ ਹੱਥ ਪਾਉਂਦੀਆਂ ਸਨ ਅਤੇ ਮਿੱਟੀ ਸੋਨਾਂ ਬਣ ਜਾਂਦੀ ਸੀ। ਦੋਵੇਂ ਧਰ-ਧਰ ਭੁੱਲਦੀਆਂ ਸਨ। ਪੈਸਾ ਪਾਣੀ ਵਾਂਗ ਪਤਾ ਨਹੀਂ ਕਿੱਧਰੋਂ ਆ ਰਿਹਾ ਸੀ? ਆਲੀਸ਼ਾਨ ਕੋਠੀਆਂ ਉੱਸਰਦੀਆਂ ਜਾ ਰਹੀਆਂ ਸਨ ਅਤੇ ਕੀਮਤੀ ਕਾਰਾਂ ਆ ਰਹੀਆਂ ਸਨ। ਜੇ ਇਹ ਸੁਆਮੀ ਜੀ ਦੇ ਆਸ਼ੀਰਵਾਦ ਦੀ ਬਰਕਤ ਨਹੀਂ ਸੀ ਤਾਂ ਹੋਰ ਕੀ ਸੀ..? ਉਹ ਜਲਦੀ ਸੁਆਮੀ ਜੀ ਦੇ ਚਰਨੀਂ ਲੱਗਣਾ ਚਾਹੁੰਦੀ ਸੀ। ਉਸ ਨੂੰ ਅੱਚਵੀ ਜਿਹੀ ਲੱਗੀ ਪਈ ਸੀ।
ਕਿਸ਼ਤ 6
ਸੁਭਾਗਾ ਦਿਨ ਆਇਆ!
ਨਿੰਮੀ ਸਵੇਰ ਦੀ ਹੀ ਨਿੱਖਰ-ਤਿੱਖਰ ਕੇ ਤਿਆਰ ਹੋ ਰਹੀ ਸੀ।
ਸੀਤਲ ਦੀ ਕਾਰ ਨਿੰਮੀ ਦੇ ਚੁਬਾਰੇ ਅੱਗੇ ਆ ਖੜ੍ਹੀ। ਕਾਰ ਡਰਾਈਵਰ ਚਲਾ ਰਿਹਾ ਸੀ। ਜਦ ਸੀਤਲ ਨੇ ਨਿੰਮੀ ਨੂੰ ਅਵਾਜ਼ ਮਾਰੀ ਤਾਂ ਨਿੰਮੀ ਪੱਬਾਂ ਭਾਰ ਚੁਬਾਰੇ ਦੀਆਂ ਪੌੜੀਆਂ ਉੱਤਰੀ ਸੀ। ਉਸ ਦਾ ਸਾਰਾ ਸਰੀਰ ਮਹਿਕਾਂ ਦੇ ਬੁੱਲੇ ਛੱਡੀ ਜਾ ਰਿਹਾ ਸੀ। ਕਾਲ਼ੀਆਂ ਘਟਾਵਾਂ ਵਰਗੇ ਖੁੱਲ੍ਹੇ ਕੇਸ ਹਵਾ ਵਿਚ ਸੁੱਕਣੀ ਪਾਈ ਲੋਈ ਵਾਂਗ ਲਹਿਰਾ ਰਹੇ ਸਨ। ਅੱਖੀਆਂ ਵਿਚ ਕੋਈ ਝੀਲ ਡਲਕ ਰਹੀ ਸੀ।
ਡਰਾਈਵਰ ਉਸ ਵੱਲ ਦੇਖ ਕੇ ਅਜੀਬ ਜਿਹਾ ਝਾਕ ਰਿਹਾ ਸੀ।
ਸੀਤਲ ਅਤੇ ਨਿੰਮੀ ਪਿਛਲੀ ਸੀਟ 'ਤੇ ਬੈਠ ਗਈਆਂ।
-''ਰਾਹ 'ਚੋਂ ਆਪਾਂ ਕਿੰਦੀ ਨੂੰ ਵੀ ਲੈਣੈਂ, ਜੀਤੀ..!" ਸੀਤਲ ਨੇ ਡਰਾਈਵਰ ਨੂੰ ਕਿਹਾ।
-''......।" ਡਰਾਈਵਰ ਨੇ ਸਿਰਫ਼ ਸਿਰ ਹੀ ਹਿਲਾਇਆ। ਪਰ ਬੋਲਿਆ ਕੁਝ ਵੀ ਨਹੀਂ ਸੀ।
ਖ਼ਰੂਦੀ ਗੈਂਡੇ ਵਾਂਗ ਧੂੜਾਂ ਪੱਟਦੀ ਕਾਰ ਕਿੰਦੀ ਦੇ ਘਰ ਅੱਗੇ ਜਾ ਰੁਕੀ।
ਕਿੰਦੀ ਦਾ ਘਰ ਕੀ ਸੀ, ਇੱਕ ਬਣਿਆਂ-ਤਣਿਆਂ 'ਮਹੱਲ' ਸੀ।
ਨਿੰਮੀ ਦੀ ਹੈਰਾਨੀ ਹਰ ਪਲ ਵੱਧਦੀ ਜਾ ਰਹੀ ਸੀ ਕਿ ਇਸ ਕੋਲ਼ ਤਾਂ ਸੀਤਲ ਅਤੇ ਤਾਪੋ ਨਾਲੋਂ ਵੀ ਜ਼ਿਆਦਾ ਸਹੂਲਤਾਂ ਸਨ। ਅੰਦਰ ਕੋਈ 'ਵਿਦੇਸ਼ੀ' ਕਾਰ ਖੜ੍ਹੀ ਸੀ। ਕਿੰਦੀ ਪਟੋਲ੍ਹਾ ਬਣੀ ਕਿਸੇ ਨਾਲ਼ ਮੋਬਾਇਲ ਫ਼ੋਨ 'ਤੇ ਗੱਲਾਂ ਕਰ ਰਹੀ ਸੀ। ਗੱਲਾਂ ਕਰਦੀ-ਕਰਦੀ ਉਹ ਅੱਖ ਮਾਰ ਕੇ ਸੀਤਲ ਵੱਲ ਦੇਖ ਕੇ ਦੰਦੀਆਂ ਜਿਹੀਆਂ ਵੀ ਕੱਢਦੀ ਸੀ ਅਤੇ ਲਾਚੜੀ ਹੋਈ, ਜਿੱਤ ਦਾ ਅੰਗੂਠਾ ਜਿਹਾ ਵੀ ਦਿਖਾਉਂਦੀ ਸੀ। ਨਿੰਮੀ ਨੂੰ ਖਿਝ ਜਿਹੀ ਚੜ੍ਹ ਰਹੀ ਸੀ ਕਿ ਉਹ ਦੇਰ ਕਿਉਂ ਲਾਈ ਜਾ ਰਹੀ ਸੀ? ਪਰ ਉਹ ਕੁਛ ਕਰ ਨਹੀਂ ਸਕਦੀ ਸੀ। ਇੰਤਜ਼ਾਰ ਦੀਆਂ ਘੜ੍ਹੀਆਂ ਵਿਚ ਉਹ ਬੇਵੱਸ ਹੋਈ, ਪਿਸ ਰਹੀ ਸੀ। ਉਹ ਮਨ ਹੀ ਮਨ ਵਿਚ ਸੁਆਮੀ ਜੀ ਅੱਗੇ ਪ੍ਰਾਰਥਨਾ ਕਰੀ ਜਾ ਰਹੀ ਸੀ।
ਅਖ਼ੀਰ ਨਿੰਮੀ ਦੀ ਪ੍ਰਾਰਥਨਾ ਮਨਜ਼ੂਰ ਹੋਈ ਅਤੇ ਕਿੰਦੀ ਬਾਹਰ ਆ ਗਈ। ਉਹ ਤਿਲ੍ਹਕਣ ਵਾਲ਼ਿਆਂ ਵਾਂਗ ਕਾਰ ਵਿਚ ਬੈਠੀ ਨਹੀਂ, ਇੱਕ ਤਰ੍ਹਾਂ ਨਾਲ਼ ਕਾਰ 'ਚ ਡਿੱਗੀ ਸੀ! ਧੂੜਾਂ ਪੱਟਦੀ ਅਤੇ ਛੂਕਾਂ ਪਾਉਂਦੀ ਕਾਰ ਸੁਆਮੀ ਜੀ ਦੇ ਆਸ਼ਰਮ ਪਹੁੰਚ ਗਈ। ਆਸ਼ਰਮ ਵਿਚ ਪੂਰੀ ਗਹਿਮਾਂ-ਗਹਿਮੀਂ ਸੀ। ਭਗਵੀਂ ਫ਼ਸਲ ਤੁਰੀ ਫ਼ਿਰਦੀ ਸੀ। ਰੰਗ-ਬਰੰਗੀਆਂ ਝੰਡੀਆਂ ਲਹਿਰਾ ਰਹੀਆਂ ਸਨ। ਵਿਸ਼ਾਲ ਆਸ਼ਰਮ ਵਿਚ ਫ਼ੁੱਲ-ਬੂਟੇ ਬੜੇ ਸਲੀਕੇ ਨਾਲ਼ ਲਾਏ ਹੋਏ ਮਹਿਕਾਂ ਛੱਡ ਰਹੇ ਸਨ। ਰੌਲ਼ਾ-ਗੌਲ਼ਾ ਨਹੀਂ ਸੀ, ਸ਼ਾਂਤੀ ਸੀ। ਹਰ ਕੋਈ ਇੱਕ-ਦੂਜੇ ਨੂੰ ਨਿਉਂ-ਨਿਉਂ ਕੇ 'ਨਮਸਕਾਰ' ਕਰ ਰਿਹਾ ਸੀ। ਅਦਬ-ਸਤਿਕਾਰ ਦੇ ਰਿਹਾ ਸੀ। ਆਸ਼ਰਮ ਦੇ ਸ਼ਰਧਾਲੂ ਇੱਕ-ਦੂਜੇ ਨੂੰ ਆਪਣੇ ਭੈਣ-ਭਰਾ ਹੀ ਤਾਂ ਮੰਨ ਰਹੇ ਸਨ।
ਨਿੰਮੀ ਅੱਡੀਆਂ ਅੱਖਾਂ ਨਾਲ਼ ਆਸ਼ਰਮ ਦਾ ਨਜ਼ਾਰਾ ਬੜੀ ਸ਼ਰਧਾ ਨਾਲ਼ ਦੇਖ ਰਹੀ ਸੀ।
ਪਰ ਕਿੰਦੀ ਅਤੇ ਸੀਤਲ ਨੂੰ ਕਿਸੇ ਗੱਲ ਦੀ ਕੋਈ ਪ੍ਰਵਾਹ ਨਹੀਂ ਲੱਗਦੀ ਸੀ।
ਨਿੰਮੀ ਨੂੰ ਸੁਆਮੀ ਜੀ ਨਜ਼ਰ ਨਹੀਂ ਆ ਰਹੇ ਸਨ। ਪੰਛੀ ਦੇ ਦਾਣਾਂ ਲੱਭਣ ਵਾਂਗ ਉਸ ਦੀਆਂ ਨਜ਼ਰਾਂ 'ਸੁਆਮੀ ਜੀ ਮਹਾਰਾਜ ਸੁਆਮੀ ਜੀ ਮਹਾਰਾਜ' ਪੁਕਾਰ ਰਹੀਆਂ ਸਨ। ਪਰ ਸੁਆਮੀ ਜੀ ਦਾ ਕਿਤੇ ਝਾਉਲ਼ਾ ਵੀ ਨਹੀਂ ਪੈ ਰਿਹਾ ਸੀ।
-''ਸੁਆਮੀ ਜੀ ਕਿਤੇ ਨਜ਼ਰ ਹੀ ਨਹੀਂ ਆ ਰਹੇ..?" ਨਿੰਮੀ ਦੇ ਸਬਰ ਦੀ ਹੱਦ ਹੋ ਚੁੱਕੀ ਸੀ।
ਕਿੰਦੀ ਅਤੇ ਸੀਤਲ ਹੱਸ ਪਈਆਂ।
-''ਜੇ ਤੇਰੇ ਬਹੁਤੇ ਹੀ ਵੱਡੇ ਭਾਗ ਹੋਣਗੇ, ਤਾਂ ਹੀ ਸੁਆਮੀ ਜੀ ਦੇ ਦਰਸ਼ਣ ਹੋ ਸਕਣਗੇ..! ਨਹੀਂ ਤਾਂ ਦੁਨੀਆਂ ਵੀਹ-ਵੀਹ ਗੇੜੇ ਮਾਰ ਜਾਂਦੀ ਐ, ਪਰ ਸੁਆਮੀ ਜੀ ਮਹਾਰਾਜ ਦੇ ਦਰਸ਼ਣ ਨਹੀਂ ਹੁੰਦੇ..!" ਸੀਤਲ ਦੀ ਗੱਲ ਸੁਣ ਕੇ ਨਿੰਮੀ ਦੇ ਅਰਮਾਨਾਂ ਦੀ ਫ਼ੂਕ ਨਿਕਲ਼ ਗਈ। ਨਿਰਾਸ਼ਾ ਉਸ ਦੇ ਇੱਟ ਵਾਂਗ ਮੱਥੇ ਵੱਜੀ ਸੀ। ਸਪੀਕਰਾਂ ਵਿਚੋਂ ਆ ਰਹੇ ਭਜਨਾਂ ਦੀ ਅਵਾਜ਼ ਉਸ ਨੂੰ ਅਜੀਬ-ਅਜੀਬ ਅਤੇ ਓਪਰੀ-ਓਪਰੀ ਲੱਗਣ ਲੱਗ ਪਈ। ਆਸ਼ਰਮ ਦੀ ਰੌਣਕ ਫ਼ਿੱਕੀ-ਫ਼ਿੱਕੀ ਮਹਿਸੂਸ ਹੋਈ। ਜਦ ਮਨ ਪ੍ਰਦੇਸੀ ਹੋ ਜਾਵੇ ਤਾਂ ਸਾਰਾ ਦੇਸ਼ 'ਪਰਾਇਆ' ਜਾਪਣ ਲੱਗ ਪੈਂਦਾ ਹੈ। ਉਹ ਰੋਣਹਾਕੀ ਹੋਈ ਖੜ੍ਹੀ ਸੀ। ਉਸ ਦੀਆਂ ਆਸਾਂ 'ਤੇ ਪਾਣੀ ਫ਼ਿਰ ਗਿਆ ਸੀ ਅਤੇ ਉਹ ਆਪਣੇ ਆਪ ਨੂੰ 'ਕੁਲਿਹਣੀਂ' ਅਤੇ ਮਾੜੀ ਕਿਸਮਤ ਵਾਲ਼ੀ ਸਮਝ ਰਹੀ ਸੀ।
ਕਿੰਦੀ ਨੇ ਕਿਸੇ ਨੂੰ ਫ਼ੋਨ ਮਿਲ਼ਾ ਲਿਆ।
-''ਸੁਆਮੀ ਜੀ ਮਹਾਰਾਜ ਕੀ ਜੈ ਹੋ..!" ਉਸ ਨੇ ਲਾਚੜਿਆਂ ਵਾਂਗ ਕਿਹਾ। ਉਧਰੋਂ ਵੀ ਕੁਛ ਇਹੋ ਜਿਹੀ ਅਵਾਜ਼ ਹੀ ਆਈ। ਪਰ ਰੌਲ਼ੇ-ਰੱਪੇ ਵਿਚ ਨਿੰਮੀ ਨੂੰ ਚੰਗੀ ਤਰ੍ਹਾਂ ਕੁਝ ਸੁਣ ਨਹੀਂ ਰਿਹਾ ਸੀ। ਇੱਕ-ਦੋ ਗੱਲਾਂ ਕਰ ਕੇ ਕਿੰਦੀ ਨੇ ਫ਼ੋਨ ਕੱਟ ਦਿੱਤਾ।
ਉਸ ਦੇ ਫ਼ੋਨ ਤੋਂ ਦੋ ਕੁ ਪਲ ਬਾਅਦ ਹੀ ਇੱਕ ਚੇਲਾ ਉਹਨਾਂ ਕੋਲ਼ ਆ ਗਿਆ। ਆਉਣਸਾਰ ਉਸ ਨੇ ਝੁਕ ਕੇ 'ਪ੍ਰਣਾਮ' ਕੀਤਾ। ਪਰ ਸੀਤਲ ਅਤੇ ਕਿੰਦੀ ਨੇ ਉਸ ਦੇ 'ਪ੍ਰਣਾਮ' ਦਾ ਬਹੁਤਾ ਨੋਟਿਸ ਨਹੀਂ ਲਿਆ ਸੀ। ਉਸ ਦੇ ਮੱਥੇ 'ਤੇ ਲੱਗਿਆ ਚੰਦਨ ਦਾ ਤਿਲਕ ਕਦੇ ਉਹਨਾਂ ਨੂੰ ਕਿੱਲੇ ਵਾਂਗ ਗੱਡਿਆ ਅਤੇ ਕਦੇ ਗੰਧਾਲ਼ੇ ਵਾਂਗ ਤਣਿਆਂ ਲੱਗਦਾ ਸੀ।
-''ਆਈਏ-ਆਈਏ..! ਕ੍ਰਿਪਯ ਪਧਾਰੀਏ..!!" ਉਹ ਅਗਵਾਈ ਦਿੰਦਾ ਅੱਗੇ ਤੁਰ ਪਿਆ।
ਚੇਲਾ ਬੜੀ ਸਹਿਜ ਰਫ਼ਤਾਰ ਅੱਗੇ ਜਾ ਰਿਹਾ ਸੀ।
ਜਦ ਉਹਨਾਂ ਨੇ ਰਹਾਇਸ਼ੀ ਕਮਰਿਆਂ ਵੱਲ ਝਾਤ ਮਾਰੀ ਤਾਂ ਆਲੀਸ਼ਾਨ ਬਣੇ ਕਮਰਿਆਂ ਵਿਚ ਹਰ ਤਰ੍ਹਾਂ ਦੀ 'ਸ਼ਾਹੀ' ਸਹੂਲਤ ਸੀ। ਜਦ ਚੇਲਾ ਇੱਕ ਖਿੜਕਨੁਮਾਂ ਦਰਵਾਜਾ ਖੋਲ੍ਹ ਕੇ ਇੱਕ ਪਾਸੇ ਹੋਇਆ ਤਾਂ ਅੱਗੇ ਸੁਆਮੀ ਅਦੁਤੀ ਆਨੰਦ ਬੈਠਾ ਸੀ।
-''ਆਈਏ..! ਤਸ਼ਰੀਫ਼ ਰੱਖੀਏ..! ਸੁਆਗਤਮ..! ਸੁਆਗਤ ਹੈ..!!" ਉਹ ਮਖ਼ਮਲ ਦੇ ਬੈੱਡ 'ਤੇ ਅੱਧਾ ਲਿਟਿਆ ਹੀ ਆਖ ਰਿਹਾ ਸੀ।
-''ਸੁਆਮੀ ਜੀ ਮਹਾਰਾਜ ਕੀ ਜੈ..!" ਆਖ ਕੇ ਵਾਰੀ-ਵਾਰੀ ਸੀਤਲ ਅਤੇ ਕਿੰਦੀ ਨੇ ਅਦੁਤੀ ਆਨੰਦ ਦੇ ਚਰਨੀਂ ਹੱਥ ਲਾਏ। ਪਰ ਅਦੁਤੀ ਆਨੰਦ ਆਮ ਵਾਂਗ ਸ਼ਾਂਤ ਜਿਹਾ ਹੀ ਰਿਹਾ। ਉਸ ਦੇ ਮਨ 'ਤੇ ਕੋਈ ਪ੍ਰਭਾਵ ਨਹੀਂ ਆਇਆ ਸੀ। ਉਸ ਦੀਆਂ ਅੱਖਾਂ ਥੱਕੇ ਕਬੂਤਰ ਵਾਂਗ ਅੱਧੀਆਂ ਮਿਚੀਆਂ ਹੋਈਆਂ ਸਨ। ਅਚਾਨਕ ਸੁਆਮੀ ਜੀ ਨੇ ਇੱਕ ਬੈੱਲ ਦਾ ਬਟਨ ਦੱਬਿਆ ਤਾਂ ਸੇਵਾਦਾਰ ਜਿਵੇਂ ਬੈੱਲ ਦਾ ਖਿੱਚਿਆ ਹੀ ਤੁਰ ਆਇਆ ਸੀ।
-''ਜੈ ਸੁਆਮੀ ਜੀ ਮਹਾਰਾਜ ਕੀ...?" ਸੇਵਾਦਾਰ ਹੱਥ ਜੋੜੀ ਲਿਫ਼ਿਆ ਖੜ੍ਹਾ ਸੀ।
-''ਸ਼ਰਧਾਲੂ ਜਨ ਆਏ ਹੈਂ..! ਜਲ-ਪਾਨੀ ਕੀ ਸੇਵਾ ਕੀਜੀਏ ਬਰਖ਼ੁਰਦਾਰ..!"
-''ਸਤਿ ਬਚਨ..! ਜੈ ਸੁਆਮੀ ਜੀ ਮਹਾਰਾਜ ਕੀ..!" ਸੇਵਾਦਾਰ ਪਰਤ ਗਿਆ।
ਤੁਰੰਤ ਗਿਰੀਆਂ ਵਾਲ਼ਾ ਕਾੜ੍ਹਿਆ ਦੁੱਧ, ਸੁੱਕੇ ਮੇਵੇ ਅਤੇ ਮਠਿਆਈ ਆ ਗਈ।
ਤਿੰਨਾਂ ਨੇ ਇੱਛਾ ਅਨੁਸਾਰ ਛਕ-ਛਕਾ ਲਿਆ।
ਪਰ ਸੁਆਮੀ ਜੀ ਨੇ ਕਿਸੇ ਚੀਜ਼ ਵੱਲ ਅੱਖ ਪੱਟ ਕੇ ਵੀ ਨਹੀਂ ਦੇਖਿਆ ਸੀ।
-''ਅਬ ਆਪ ਆਰਾਮ ਫ਼ੁਰਮਾਏਂ..! ਸੰਧਿਆ ਸਮੇਂ ਫ਼ਿਰ ਬਚਨ-ਬਿਲਾਸ ਕਰੇਂਗੇ..!" ਉਸ ਨੇ ਇੱਕ ਹੋਰ ਬਟਨ ਦਬਾਇਆ ਤਾਂ ਸਫ਼ੈਦ ਲਿਬਾਸ ਵਿਚ ਦੋ ਸੇਵਾਦਾਰਨੀਆਂ ਆ ਹਾਜ਼ਰ ਹੋਈਆਂ। ਉਮਰ ਪੱਖੋਂ ਉਹ ਚਾਲ਼ੀ ਕੁ ਸਾਲ ਦੀਆਂ ਸਨ। ਪਰ ਚਿਹਰੇ ਦੀ ਤਾਜ਼ਗੀ ਅਤੇ ਸਰੀਰਕ ਮੜਕ ਤੋਂ ਉਹ ਬੜੀਆਂ ਫ਼ੁਰਤੀਲੀਆਂ ਅਤੇ ਚਤਰ-ਚੁਸਤ ਨਜ਼ਰ ਆਉਂਦੀਆਂ ਸਨ।
-''ਯੇਹ ਸੁਆਮੀ ਜੀ ਮਹਾਰਾਜ ਕੇ ਖ਼ਾਸ ਸ਼ਰਧਾਲੂ ਹੈਂ..! ਇਨਕਾ ਵਿਸ਼ੇਸ਼ ਖ਼ਿਆਲ ਰੱਖਨਾ..!" ਅਦੁਤੀ ਆਨੰਦ ਬੰਦ ਅੱਖਾਂ ਨਾਲ਼ ਹੀ ਗੱਲਾਂ ਕਰੀ ਜਾ ਰਿਹਾ ਸੀ।
ਉਹ ਕਿੰਦੀ, ਸੀਤਲ ਅਤੇ ਨਿੰਮੀ ਦੇ ਅੱਗੇ ਲੱਗ ਤੁਰੀਆਂ।
ਨਿੰਮੀ ਨੇ ਇੱਕ ਗੱਲ ਨੋਟ ਕੀਤੀ ਕਿ ਆਸ਼ਰਮ ਵਿਚ ਹਰ ਗੱਲ ਬੜੀ ਸੰਖੇਪ ਕੀਤੀ ਜਾਂਦੀ ਸੀ। ਕੋਈ ਫ਼ਾਲਤੂ ਗੱਲ ਨਹੀਂ ਕਰਦਾ ਸੀ। ਕੋਈ ਕਿਸੇ ਦਾ ਸਿਰ ਨਹੀਂ ਖਾਂਦਾ ਸੀ। ਖੱਪਖ਼ਾਨਾ ਨਹੀਂ ਸੀ। ਮੁੱਲ ਦੀ ਗੱਲ ਹੁੰਦੀ ਸੀ।
ਸੇਵਾਦਾਰਨੀਆਂ ਉਹਨਾਂ ਨੂੰ ਇੱਕ ਵਿਸ਼ਾਲ, ਖੁੱਲ੍ਹੇ-ਡੁੱਲ੍ਹੇ ਚੁਬਾਰੇ ਵਿਚ ਲੈ ਗਈਆਂ। ਇੱਥੋਂ ਲੰਮੀ ਨਜ਼ਰ ਮਾਰਿਆਂ ਦੂਰ ਤੱਕ ਫ਼ੁੱਲ ਅਤੇ ਪੌਦੇ ਹੀ ਨਜ਼ਰ ਪੈਂਦੇ ਸਨ। ਦੂਰ ਤੱਕ ਹਰੀ-ਭਰੀ ਪ੍ਰਕਿਰਤੀ ਵਿਛੀ ਹੋਈ ਸੀ। ਸਵਰਗੀ ਆਨੰਦ ਦਾ ਨਜ਼ਾਰਾ ਸੀ। ਨਿੰਮੀ ਦੀ ਆਤਮਾਂ, ਉਸ ਦੀ ਰੂਹ ਨਸ਼ਿਆਈ ਪਈ ਸੀ। ਕਿੰਦੀ ਅਤੇ ਸੀਤਲ ਅਰਾਮ ਕਰਨ ਲਈ ਮਖ਼ਮਲੀ ਬੈੱਡਾਂ 'ਤੇ ਪੈ ਗਈਆਂ। ਪਰ ਨਿੰਮੀ ਬਾਹਰੀ ਨਜ਼ਾਰਾ ਦੇਖਣ ਵਿਚ ਆਨੰਦਿਤ ਸੀ। ਉਸ ਦੇ ਕੰਨਾਂ ਵਿਚ ਬਾਹਰੋ ਵੱਜ ਰਿਹਾ ਮਧੁਰ ਸੰਗੀਤ ਅਤੇ ਗਾਏ ਜਾ ਰਹੇ ਭਜਨ ਅਨੋਖਾ ਰਸ ਘੋਲ਼ ਰਹੇ ਸਨ। ਉਸ ਦੇ ਮਨ ਨੂੰ ਅਜੀਬ ਸਕੂਨ, ਅਜੀਬ ਸ਼ਾਂਤੀ ਆ ਰਹੀ ਸੀ। ਉਹ ਸੋਚ ਰਹੀ ਸੀ ਕਿ ਜੇ ਕਿਤੇ ਸਵਰਗ ਹੈ, ਤਾਂ ਇੱਥੇ ਹੀ ਹੈ! ਜੇ ਸੁਆਮੀ ਜੀ ਮੇਰੇ 'ਤੇ ਵੀ ਕਿੰਦੀ ਅਤੇ ਸੀਤਲ ਵਾਂਗ ਕਿਰਪਾ ਦੀ ਦ੍ਰਿਸ਼ਟੀ ਪਾ ਦੇਣ, ਤਾਂ ਮੇਰੀ ਜ਼ਿੰਦਗੀ ਦੀ ਭਟਕਣਾਂ ਵੀ ਖ਼ਤਮ ਹੋ ਜਾਵੇ..!
-''ਦੋ ਘੰਟੇ ਸੌਂ ਲੈ ਨਿੰਮੀ..!" ਕਿੰਦੀ ਨੇ ਕਿਹਾ।
-''ਰਾਤ ਨੂੰ ਪਤਾ ਨੀ ਸੌਂਦਿਆਂ ਕਰਦਿਆਂ ਕਿੰਨੇ ਵੱਜ ਜਾਣ..!" ਸੀਤਲ ਨੇ ਪ੍ਰੋੜਤਾ ਕੀਤੀ।
-''ਰਾਤ ਨੂੰ ਕੋਈ ਸਮਾਗਮ ਐਂ..?" ਨਿੰਮੀ ਨੇ ਸੁਆਲ ਕੀਤਾ।
ਦੋਨੋਂ ਇੱਕ-ਦੂਜੀ ਵੱਲ ਦੇਖ ਕੇ ਖਚਰਾ ਹਾਸਾ ਹੱਸ ਪਈਆਂ।
-''ਆਸ਼ਰਮ ਵਿਚ ਬਹੁਤੇ ਸੁਆਲ ਨਹੀਂ ਕੀਤੇ ਜਾਂਦੇ..!" ਕਿੰਦੀ ਬੋਲੀ।
-''ਜੇ ਸੁਆਮੀ ਜੀ ਦੀ ਕਿਰਪਾ ਨਸੀਬ 'ਚ ਲਿਖਣੀ ਹੋਵੇ ਤਾਂ ਸਿਰਫ਼ ਸੁਣਨਾਂ, ਸਹਿਣਾਂ ਤੇ ਜਰਨਾਂ ਹੀ ਸਿੱਖਣਾਂ ਪੈਂਦਾ ਹੈ..!" ਸੀਤਲ ਨੇ ਕਿੰਦੀ ਪਿੱਛੇ ਵੋਟ ਪਾਈ।
ਨਿੰਮੀ ਨੂੰ ਉਹਨਾਂ ਦੀ ਗੱਲ ਦੀ ਕੋਈ ਸਮਝ ਨਾ ਆਈ। ਪਰ ਉਹ ਬੈੱਡ 'ਤੇ ਪੈ ਗਈ। ਪਰ ਨੀਂਦ ਤਾਂ ਉਸ ਤੋਂ ਕੋਹਾਂ ਦੂਰ ਸੀ।
ਕਿੰਦੀ ਅਤੇ ਸੀਤਲ ਸੌਂ ਗਈਆਂ ਸਨ।
ਸ਼ਾਮ ਛੇ ਕੁ ਵਜੇ ਉਹ ਉਠੀਆਂ। ਉਠ ਕੇ ਨਹਾ-ਧੋ ਕੇ ਫ਼ਿਰ ਤਰੋ-ਤਾਜ਼ਾ ਹੋ ਗਈਆਂ।
ਨਿੰਮੀ ਵੀ ਦੋ ਕੁ ਘੰਟੇ ਸੌਂ ਲਈ ਸੀ।
-''ਤੂੰ ਵੀ ਨਹਾ ਲੈ ਨਿੰਮੀ..!" ਕਿੰਦੀ ਨੇ ਹੁਕਮ ਕਰਨ ਵਾਲ਼ਿਆਂ ਵਾਂਗ ਕਿਹਾ।
-''ਮੈਂ ਤਾਂ ਸਵੇਰੇ ਨਹਾ ਕੇ ਆਈ ਸੀ, ਦੀਦੀ..!"
-''ਅਸੀਂ ਕਿਹੜਾ ਨਹੀਂ ਨਹਾ ਕੇ ਆਈਆਂ ਸੀ..? ਤੈਨੂੰ ਕਿਹਾ ਹੈ ਕਿ ਆਸ਼ਰਮ ਵਿਚੋਂ ਜੇ ਕੁਛ ਪਾਉਣੈਂ, ਤਾਂ ਬੋਲਣਾਂ ਨਹੀਂ..! ਸੁਣਨ, ਸਹਿਣ ਤੇ ਜਰਨ ਦੀ ਆਦਤ ਪਾ..!"
-''ਇੱਥੇ ਤਾਂ ਜੋ ਹੁਕਮ ਹੋ ਜਾਵੇ, 'ਧੰਨ-ਧੰਨ' ਤੇ 'ਸਤਿ-ਸਤਿ' ਕਰ ਕੇ ਮੰਨੀ ਚੱਲ..! 'ਕਿਉਂ' ਨਾ ਪੁੱਛੀਂ..! ਇੱਕ ਵਾਰੀ ਆਸ਼ਰਮ ਵਿਚੋਂ ਦੁਰਕਾਰੀ ਗਈ ਤਾਂ ਤੈਨੂੰ ਮੁੜ ਕੇ ਆਸ਼ਰਮ ਵਿਚ ਕਿਸੇ ਨੇ ਕਬੂਲ ਨਹੀਂ ਕਰਨਾ..!" ਆਖ ਕੇ ਸੀਤਲ ਨੇ ਨਿੰਮੀ ਨੂੰ ਜਿਵੇਂ ਡਰਾ ਦਿੱਤਾ ਸੀ। ਉਹ ਹੁਕਮ ਜਿਹਾ ਮੰਨ, ਨਹਾਉਣ ਤੁਰ ਗਈ। ਬਾਥਰੂਮ ਵਿਚੋਂ ਸੁਗੰਧੀ ਦੀਆਂ ਲਪਟਾਂ ਆ ਰਹੀਆਂ ਸਨ। ਨਿੰਮੀ ਦਾ ਮੱਲੋਮੱਲੀ ਨਹਾਉਣ ਨੂੰ ਜੀਅ ਕੀਤਾ। ਉਹ ਬੜੀ ਰੀਝ ਨਾਲ਼ ਮਲ਼-ਮਲ਼ ਕੇ ਨਹਾਤੀ। ਰਜਾਈ ਜਿੱਡੇ ਤੌਲੀਏ ਨਾਲ਼ ਬੜੀ ਸਧਰ ਦੇ ਨਾਲ਼ ਪਿੰਡਾ ਪੂੰਝਿਆ। ਅਛੁਹ ਸਰੀਰ ਨੂੰ ਪੂੰਝਦਿਆਂ ਉਸ ਨੂੰ ਅਜੀਬ ਆਨੰਦ ਜਿਹਾ ਆ ਰਿਹਾ ਸੀ। ਉਸ ਅੰਦਰੋਂ ਮਿੱਠੀਆਂ ਜਿਹੀਆਂ ਉਮੰਗਾਂ ਅੰਗੜਾਈਆਂ ਲੈਣ ਲੱਗ ਪਈਆਂ ਸਨ। ਜ਼ਿੰਦਗੀ ਉਸ ਨੂੰ ਚੰਗੀ-ਚੰਗੀ ਲੱਗਣ ਲੱਗ ਪਈ ਸੀ।
ਉਹ ਨਹਾ ਕੇ ਬਾਹਰ ਆ ਗਈ।
ਸੀਤਲ ਨਿੰਮੀ ਦਾ ਤਰੇਲ਼ ਧੋਤੇ ਫ਼ੁੱਲ ਵਰਗਾ ਚਿਹਰਾ ਦੇਖ ਕੇ ਹੈਰਾਨ ਰਹਿ ਗਈ। ਉਸ ਨੂੰ ਅੰਦਰੋਂ ਨਿੰਮੀ 'ਤੇ 'ਜਲ਼ਣ' ਜਿਹੀ ਹੋਈ। ਖੁੰਧਕ ਜਿਹੀ ਆਈ। ਪਰ ਫ਼ਿਰ ਵੀ ਦੇਖ ਕੇ ਹੱਸ ਪਈ। ਨਿੰਮੀ ਹਰੇ ਕਾਗਜ਼ 'ਤੇ ਪਈ ਸੋਨੇ ਦੀ ਡਲ਼ੀ ਹੀ ਤਾਂ ਲੱਗ ਰਹੀ ਸੀ।
-''ਕਰ ਫ਼ੋਨ ਸੁਆਮੀ ਜੀ ਨੂੰ..! ਤੇ ਰਾਤ ਦੇ ਪ੍ਰੋਗਰਾਮ ਬਾਰੇ ਪੁੱਛ, ਕਿੰਦੀ..!" ਸੀਤਲ ਨੇ ਕਿਹਾ।
ਕਿੰਦੀ ਕਿਸੇ ਨੂੰ ਫ਼ੋਨ ਮਿਲ਼ਾ ਕੇ ਬੈਠ ਗਈ।
ਨਿੰਮੀ ਨੂੰ ਮਹਿਸੂਸ ਹੋਇਆ ਕਿ ਆਸ਼ਰਮ ਵਿਚ ਸੀਤਲ ਨਾਲ਼ੋਂ ਕਿੰਦੀ ਦੀ ਜ਼ਿਆਦਾ ਪੁੱਛ-ਪੜਤਾਲ਼ ਸੀ। ਸੀਤਲ ਦੀ ਬਹੁਤੀ ਚੱਲਦੀ ਨਹੀਂ ਸੀ। ਕਿੰਦੀ ਤਾਂ ਸੁਆਮੀ ਜੀ ਨੂੰ ਸਿੱਧਾ ਹੀ ਫ਼ੋਨ ਕਰ ਲੈਂਦੀ ਸੀ। ਜਦ ਕਿ ਸੀਤਲ ਦੀ ਨੇੜਤਾ ਸਿਰਫ਼ ਸੁਆਮੀ ਅਦੁਤੀ ਆਨੰਦ ਵਰਗੇ 'ਚੇਲਿਆਂ' ਤੱਕ ਹੀ ਸੀਮਤ ਲੱਗਦੀ ਸੀ। ਕਿੰਦੀ ਦੇ ਫ਼ੋਨ ਦੀ ਘੰਟੀ ਜਾ ਰਹੀ ਸੀ। ਪਰ ਫ਼ੋਨ ਕੋਈ ਚੁੱਕ ਨਹੀਂ ਰਿਹਾ ਸੀ। ਅਖ਼ੀਰ ਕਿੰਦੀ ਨੇ ਫ਼ੋਨ ਕੱਟ ਦਿੱਤਾ।
-''ਸੁਆਮੀ ਜੀ ਬਿਜ਼ੀ ਹੋਣਗੇ..! ਅਜੇ ਫ਼ੋਨ ਨਹੀਂ ਚੁੱਕ ਰਹੇ..!"
-''ਹੋ ਸਕਦੈ ਅਰਾਮ ਕਰਦੇ ਹੋਣ..?"
-''ਆਹੋ..! ਕਿਹੜਾ ਰਾਤ ਨੂੰ ਸੌਂਦੇ ਐ ਚੱਜ ਨਾਲ਼..?" ਕਿੰਦੀ ਦੀ ਗੱਲ 'ਤੇ ਦੋਨੋਂ ਹੱਸ ਪਈਆਂ।
ਪਰ ਨਿੰਮੀ ਨੂੰ ਉਹਨਾਂ ਦੇ ਹਾਸੇ 'ਤੇ ਖਿਝ ਆਈ ਕਿ ਇਸ ਵਿਚ ਹੱਸਣ ਵਾਲ਼ੀ ਕਿਹੜੀ ਗੱਲ ਸੀ?
ਅਖ਼ੀਰ ਦਸ ਕੁ ਮਿੰਟ ਬਾਅਦ ਕਿੰਦੀ ਦਾ ਫ਼ੋਨ ਖੜਕ ਪਿਆ।
-''ਜੈ ਸੁਆਮੀ ਜੀ ਮਹਾਰਾਜ ਕੀ..!" ਕਿੰਦੀ ਨੇ ਫ਼ੋਨ ਚੁੱਕ ਕੇ ਕਿਹਾ।
ਫ਼ੋਨ 'ਤੇ ਪਤਾ ਨਹੀਂ ਕੌਣ ਗੱਲ ਕਰ ਰਿਹਾ ਸੀ? ਪਰ ਸੀਤਲ ਜਾਂ ਨਿੰਮੀ ਨੂੰ ਕੋਈ ਗੱਲ ਨਹੀਂ ਸੁਣੀ ਸੀ। ਸੰਖੇਪ ਗੱਲ ਕਰ ਕੇ ਕਿੰਦੀ ਨੇ ਫ਼ੋਨ ਬੰਦ ਕਰ ਦਿੱਤਾ।
-''ਉਹ ਕਹਿੰਦੇ ਅੰਦਰ ਸਿਰਫ਼ 'ਸ਼ਬਦ-ਬਚਨ' ਵਾਲ਼ੇ ਈ ਆ ਸਕਦੇ ਐ, ਦੂਜੇ ਨਹੀਂ..!" ਕਿੰਦੀ ਨੇ ਸੀਤਲ 'ਤੇ 'ਵਿਸ਼ੇਸ਼' ਨਜ਼ਰ ਸੁੱਟ ਕੇ ਕਿਹਾ।
-''ਆਪਣਾ ਤਾਂ ਸ਼ਬਦ-ਬਚਨ ਲਿਆ ਹੋਇਐ, ਆਪਣੇ 'ਚੋਂ ਤਾਂ ਨਿੰਮੀ ਈ ਰਹਿੰਦੀ ਐ..!" ਸੀਤਲ ਬੋਲੀ।
-''ਨਿੰਮੀ ਦਾ ਕੀ ਪਤੈ..? ਸ਼ਬਦ-ਬਚਨ ਲਵੇ, ਨਾ ਲਵੇ..?" ਉਹ ਸਿੱਧੀ-ਸਲੋਟ ਨਿੰਮੀ ਵੱਲ ਝਾਕੀ।
-''ਕਿਉਂ ਨਿੰਮੀ..? ਸੁਆਮੀ ਜੀ ਦੇ ਦਰਸ਼ਣ ਕਰਨੇ ਨੇ..?"
-''ਜ਼ਰੂਰ ਕਰਨੇ ਨੇ ਦੀਦੀ, ਜ਼ਰੂਰ ਕਰਨੇ ਨੇ, ਪਲੀਜ਼..!" ਨਿੰਮੀ ਨੂੰ ਜਿਵੇਂ ਹੀਂਗਣਾਂ ਛੁੱਟ ਪਿਆ ਸੀ।
-''ਫ਼ੇਰ ਤਾਂ ਪਹਿਲਾਂ ਸ਼ਬਦ-ਬਚਨ ਲੈਣਾਂ ਪਊਗਾ..!"
-''ਮੈਂ ਤਿਆਰ ਆਂ..!" ਉਹ ਤੁਰੰਤ ਬੋਲੀ।
-''ਇਹ ਕੋਈ ਖੇਡ ਨੀ ਨਿੰਮੀ..! ਤਿੰਨ ਰਾਤਾਂ ਦੀ ਤਪੱਸਿਆ ਕਰਨੀ ਪਊ..!"
-''ਕਿਹੋ ਜਿਹੀ ਤਪੱਸਿਆ ਦੀਦੀ..?"
-''ਮੈਂ ਕੀ ਕਿਹਾ ਸੀ..? ਆਸ਼ਰਮ ਵਿਚ ਸੁਆਲ ਨਹੀਂ ਪੁੱਛੇ ਜਾਂਦੇ..! ਸੁਣਨ, ਸਹਿਣ ਤੇ ਜਰਨ ਦੀ ਆਦਤ ਪਾਉਣੀ ਪੈਂਦੀ ਐ..!" ਕਿੰਦੀ ਤਾੜਨਾਂ ਕਰਨ ਵਾਲ਼ਿਆਂ ਵਾਂਗ ਬੋਲੀ।
-''ਭੁੱਲ ਹੋ ਗਈ ਦੀਦੀ..! ਮੈਨੂੰ ਮੁਆਫ਼ ਕਰੋ..!"
-''ਲੈਣੈਂ ਸ਼ਬਦ-ਬਚਨ ਕਿ ਨਹੀਂ..?" ਕਿੰਦੀ ਨੇ ਆਖਰੀ ਸੁਆਲ ਕੀਤਾ।
-''ਨਹੀਂ ਤਾਂ ਸੁਆਮੀ ਜੀ ਦੇ ਦਰਸ਼ਣ ਨਹੀਂ ਹੋਣੇ..!" ਸੀਤਲ ਨੇ ਆਖਿਆ।
-''ਮੈਂ ਸੁਆਮੀ ਜੀ ਦੇ ਦਰਸ਼ਣ ਕਰਨੇ ਨੇ, ਇਹਦੇ ਲਈ ਮੈਨੂੰ ਜੋ ਮਰਜ਼ੀ ਐ ਕਰਨਾ ਪਵੇ..!"
-''ਤੈਨੂੰ ਦੱਸਿਐ ਬਈ ਤਿੰਨ ਰਾਤਾਂ ਦੀ ਤਪੱਸਿਆ ਐ..!"
-''ਕਰੂੰਗੀ..!" ਉਸ ਨੇ 'ਪ੍ਰਣ' ਕਰਨ ਵਾਲ਼ਿਆਂ ਵਾਂਗ ਕਿਹਾ।
ਕਿੰਦੀ ਨੇ ਕਿਸੇ ਨੂੰ ਫ਼ੋਨ ਮਿਲ਼ਾ ਲਿਆ।
ਕਿਸ਼ਤ 7
ਰਾਤ ਦਸ ਵਜੇ ਉਹਨਾਂ ਨੇ ਵੱਡੇ ਸੁਆਮੀ ਜੀ ਨੂੰ ਮਿਲਣਾਂ ਸੀ।
ਕਿੰਦੀ ਅਤੇ ਸੀਤਲ ਨੂੰ ਅੰਦਰ ਜਾਣ ਦੀ ਲੋੜ ਨਹੀਂ ਸੀ। ਉਹਨਾਂ ਨੇ 'ਸ਼ਬਦ-ਬਚਨ' ਲਏ ਹੋਏ ਸਨ। ਪਰ ਫ਼ਿਰ ਵੀ ਉਹ ਨਾਲ਼ ਜਾਣ ਲਈ ਤਿਆਰ ਸਨ। ਆਸ਼ਰਮ ਵਿਚ ਰੌਲ਼ਾ-ਰੱਪਾ ਘਟਦਾ ਜਾ ਰਿਹਾ ਸੀ। ਦੁਨੀਆਂ ਅਰਾਮ ਵਿਚ ਟਿਕਦੀ ਜਾ ਰਹੀ ਸੀ। ਜੱਗ-ਜਹਾਨ ਨੀਂਦ ਵਿਚ ਡੁੱਬਦਾ ਜਾ ਰਿਹਾ ਸੀ। ਕਈ ਬਾਹਰ ਤੰਬੂਆਂ 'ਚ ਪਏ ਸਨ ਅਤੇ ਜਿੰਨ੍ਹਾਂ ਨੂੰ ਤੰਬੂ ਨਹੀਂ ਮਿਲ਼ੇ ਸਨ, ਉਹ ਆਸ਼ਰਮ ਦੇ ਵਰਾਂਡਿਆਂ ਵਿਚ ਹੀ ਖੇਸ-ਕੰਬਲ਼ ਵਿਛਾ ਕੇ ਪੈ ਗਏ ਸਨ। ਆਸ਼ਰਮ ਦਾ ਕੰਟੀਨ-ਨੁਮਾਂ ਲੰਗਰ ਵੀ ਸਾਢੇ ਨੌਂ ਵਜੇ ਬੰਦ ਕਰ ਦਿੱਤਾ ਜਾਂਦਾ ਸੀ। ਦਸ ਵਜੇ ਤੋਂ ਬਾਅਦ ਕੋਈ ਆਸ਼ਰਮ ਦੀ ਸ਼ਾਂਤੀ ਭੰਗ ਨਹੀਂ ਕਰ ਸਕਦਾ ਸੀ। ਸਭ ਨੂੰ ਸ਼ਾਮ ਨੌਂ ਵਜੇ ਤੱਕ ਲੰਗਰ ਛਕਣ ਦੀ ਹਦਾਇਤ ਕਰ ਦਿੱਤੀ ਜਾਂਦੀ ਸੀ। ਜਿਸ ਕਰਕੇ ਸੰਗਤ ਵੀ ਨੌਂ ਵਜੇ ਤੱਕ ਪੇਟ-ਪੂਜਾ ਕਰ ਕੇ ਵਿਹਲੀ ਹੋ, ਅਰਾਮ ਕਰਨ ਲਈ ਥਾਂ ਲੱਭਣ ਲੱਗ ਜਾਂਦੀ ਸੀ। ਪਰ ਕਿੰਦੀ ਅਤੇ ਸੀਤਲ ਹੋਰਾਂ ਨੂੰ ਜਗਾਹ ਲੱਭਣ ਦੀ ਕੋਈ ਚਿੰਤਾ ਨਹੀਂ ਸੀ। ਉਹਨਾਂ ਨੂੰ ਇਕ ਆਲੀਸ਼ਾਨ ਫ਼ਲੈਟ ਮੁਹੱਈਆ ਕੀਤਾ ਜਾਂਦਾ ਸੀ। ਉਹ ਸੁਆਮੀ ਜੀ ਦੀਆਂ 'ਖ਼ਾਸ' ਚੇਲੀਆਂ ਘੱਟ, ਮਹਿਮਾਨ ਜ਼ਿਆਦਾ ਹੁੰਦੀਆਂ ਸਨ। ਖ਼ਾਸ ਮਹਿਮਾਨ! ਉਹਨਾਂ ਨੂੰ ਕਿਸੇ ਗੱਲ ਦੀ ਕੋਈ ਚਿੰਤਾ ਨਹੀਂ ਸੀ।
ਕਿੰਦੀ ਦੇ ਦੱਸਣ ਅਨੁਸਾਰ ਵੱਡੇ ਸੁਆਮੀ ਜੀ ਨੇ ਉਹਨਾਂ ਨੂੰ 'ਭੋਰੇ' ਵਿਚ ਦਰਸ਼ਣ ਦੇਣੇ ਸਨ। ਜਦ ਸੁਆਮੀ ਜੀ ਨੇ ਆਪਣੇ ਕਿਸੇ 'ਚਹੇਤੇ' ਨੂੰ ਦਰਸ਼ਣ ਦੇਣੇ ਹੁੰਦੇ ਤਾਂ ਭੋਰੇ ਵਿਚ ਹੀ ਬਿਰਾਜਮਾਨ ਹੁੰਦੇ ਸਨ। ਭੋਰੇ ਨੂੰ ਆਸ਼ਰਮ ਭਾਸ਼ਾ ਵਿਚ 'ਕੰਦਰ' ਆਖਿਆ ਜਾਂਦਾ ਸੀ। ਕਈ ਵਾਰ ਜਦ ਉਹ ਮੌਜ ਜਾਂ ਮਸਤ-ਮਿਜ਼ਾਜ਼ ਵਿਚ ਹੁੰਦੇ ਸਨ ਤਾਂ ਆਪਣੇ ਚਹੇਤਿਆਂ ਨੂੰ ਭੋਰੇ ਵਿਚ ਸ਼ਬਦ-ਬਚਨ ਵੀ ਬਖ਼ਸ਼ ਦਿੰਦੇ ਸਨ। ਬਾਕੀ ਸੰਗਤ ਨੂੰ ਇਕ 'ਗੁਪਤ ਹਾਲ' ਵਿਚ ਸ਼ਬਦ-ਬਚਨ ਬਖ਼ਸ਼ਿਆ ਜਾਂਦਾ ਸੀ। ਫ਼ੇਰ ਕਿੰਦੀ ਤਾਂ ਸੁਆਮੀ ਜੀ ਦੀ ਅਤੀਅੰਤ ਚਹੇਤੀ ਸ਼ਰਧਾਲੂ ਸੀ।
ਕਿੰਦੀ ਦਾ ਫ਼ੋਨ ਫ਼ਿਰ ਵੱਜ ਉਠਿਆ।
ਉਸ ਨੇ ਸੰਖੇਪ ਗੱਲ ਕੀਤੀ।
-''ਆਜੋ..!" ਉਸ ਨੇ ਫ਼ੁੱਲ ਵਾਂਗ ਖਿੜ ਕੇ ਕਿਹਾ।
ਜਦ ਉਹ ਇੱਕ ਸਜੀ-ਧਜੀ ਅਤੇ ਸ਼ਾਨਦਾਰ ਇਮਾਰਤ ਕੋਲ਼ ਪਹੁੰਚੀਆਂ ਤਾਂ ਇਕ ਹਥਿਆਰਬੰਦ ਚੇਲਾ ਉਹਨਾਂ ਅੱਗੇ ਆ ਲੱਗਿਆ ਅਤੇ ਅਗਵਾਈ ਦੇਣ ਤੁਰ ਪਿਆ।
-''ਸੁਆਮੀ ਜੀ ਮਹਾਰਾਜ ਅੰਦਰ ਕੰਦਰ ਮੇਂ ਹੈਂ..! ਆਗੇ ਪਧਾਰੀਏ..!" ਉਸ ਨੇ ਇੱਕ ਹਾਥੀ ਕੱਦ ਦਰਵਾਜੇ ਵੱਲ ਹੱਥ ਕਰ ਕੇ ਦੱਸਿਆ।
ਉਹ ਅੱਗੇ ਵਧੀਆਂ ਤਾਂ ਕਿਲ੍ਹੇ ਦੇ ਦਰਵਾਜੇ ਵਰਗਾ ਖਿੜਕ ਆਪਣੇ ਆਪ ਖੁੱਲ੍ਹ ਗਿਆ। ਉਹ ਅੰਦਰ ਚਲੀਆਂ ਗਈਆਂ। ਨਿੰਮੀ ਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਉਹ ਕਿਸੇ ਹੋਰ ਹੀ, ਸਵਰਗ-ਨੁਮਾਂ ਦੁਨੀਆਂ ਵਿਚ ਆ ਗਈ ਸੀ। ਇੱਥੇ ਅਜੀਬ ਜਿਹੀ ਸ਼ਾਂਤੀ ਸੀ, ਜੋ ਮਨ ਨੂੰ ਸਕੂਨ ਦਿੰਦੀ ਸੀ। ਅੰਦਰੋਂ ਧੂਫ਼-ਬੱਤੀ ਅਤੇ ਅਤਰ-ਫ਼ੁਲੇਲਾਂ ਦੀਆਂ ਮਹਿਕਾਂ ਆ ਰਹੀਆਂ ਸਨ। 'ਕੰਦਰ' ਦੇ ਹਰ ਖੂੰਜੇ ਭਾਂਤ-ਭਾਂਤ ਦੇ ਫ਼ੁੱਲ-ਬੂਟੇ ਸੁਆਗਤ ਕਰ ਰਹੇ ਸਨ। ਉਹ ਫ਼ੁੱਲ-ਬੂਟੇ, ਜੋ ਨਿੰਮੀ ਨੇ ਕਦੇ ਜ਼ਿੰਦਗੀ ਵਿਚ ਦੇਖੇ ਹੀ ਨਹੀਂ ਸਨ।
ਜਦ ਉਹਨਾਂ ਨੇ 'ਕੰਦਰ' ਦੇ ਅੰਦਰ ਪ੍ਰਵੇਸ਼ ਕੀਤਾ ਤਾਂ ਅੰਦਰ ਮੀਲ-ਪੱਥਰ ਬਣੇ ਖੜ੍ਹੇ ਸੇਵਾਦਾਰ ਸਿਰ ਝੁਕਾ ਕੇ ਬਾਹਰ ਨਿਕਲ਼ ਗਏ।
ਜਦ ਉਹ ਅੱਗੇ ਗਈਆਂ ਤਾਂ ਸੁਆਮੀ ਜੀ ਮਹਾਰਾਜ ਦੀ ਉਹਨਾਂ ਵੱਲ ਪਿੱਠ ਸੀ।
ਉਹ ਸਮਾਧੀ ਅਵੱਸਥਾ ਵਿਚ ਬੈਠੇ ਸਨ। ਆਸੇ ਪਾਸੇ ਪਹਿਲੇ ਮਹਾਂਪੁਰਸ਼ਾਂ ਦੀਆਂ ਫ਼ੋਟੋ ਸ਼ਸ਼ੋਭਿਤ ਸਨ। ਸੁੰਦਰ ਅਤੇ ਕੀਮਤੀ ਗਲੀਚੇ ਵਿਛੇ ਹੋਏ ਸਨ। ਜਦ ਕਿੰਦੀ ਨੇ ਰਹੱਸਮਈ, ਪਰ ਧੀਮੀਂ ਅਵਾਜ਼ ਵਿਚ ''ਸੁਆਮੀ ਜੀ ਮਹਾਰਾਜ ਕੀ ਜੈ" ਕਿਹਾ ਤਾਂ ਸੁਆਮੀ ਜੀ ਨੇ ਧੀਮੀਂ ਚਾਲ ਨਾਲ਼ ਆਪਣਾ ਹੱਥ ਉਪਰ ਚੁੱਕ ਦਿੱਤਾ। ਉਹ ਉਥੇ ਹੀ ਰੁਕ ਗਈਆਂ। ਨਿੰਮੀ ਦੀ ਜਿਵੇਂ ਜ਼ਿੰਦਗੀ ਰੁਕ ਗਈ ਸੀ। ਕੰਦਰ ਵਿਚ ਇਤਨੀ ਚੁੱਪ ਅਤੇ ਸ਼ਾਂਤੀ ਸੀ ਕਿ ਡਿੱਗੇ ਚੌਲ਼ ਦੇ ਦਾਣੇ ਦਾ ਵੀ ਪਤਾ ਚੱਲ ਸਕਦਾ ਸੀ। ਬੰਦੇ ਦੇ ਸਾਹ ਵੀ ਸੁਣਦੇ ਸਨ।
-''ਸਭ ਕੁਸ਼ਲ-ਮੰਗਲ ਹੈ, ਕਿੰਦੀ..?" ਕੁਝ ਦੇਰ ਬਾਅਦ ਸੁਆਮੀ ਜੀ ਦੀ ਮਧੁਰ ਅਵਾਜ਼ ਨਿੰਮੀ ਦੇ ਕੰਨਾਂ ਵਿਚ ਅਦੁਤੀ ਰਸ ਘੋਲ ਗਈ।
-''ਆਪ ਦੀ ਕ੍ਰਿਪਾ ਹੈ ਮਹਾਰਾਜ ਸੁਆਮੀ ਜੀ..!"
-''ਕ੍ਰਿਪਿਆ ਮਹਾਂਪੁਰਸ਼ੋਂ ਕੀ ਹੈ, ਹਮਰੀ ਨਹੀਂ..! ਆਈਏ..! ਤਸ਼ਰੀਫ਼ ਰੱਖੀਏ..! ਹਮ ਆਪਕਾ ਸੁਆਗਤ ਕਰਤੇ ਹੈਂ..!" ਸੁਆਮੀ ਜੀ ਦੀ ਅਜੇ ਵੀ ਉਹਨਾਂ ਵੱਲ ਪਿੱਠ ਸੀ।
ਉਹ ਸੁਆਮੀ ਜੀ ਅੱਗੇ ਝੁਕ ਕੇ ਖੜ੍ਹ ਗਈਆਂ। ਨਿੰਮੀ ਵੱਡੇ ਸੁਆਮੀ ਜੀ ਦੇ ਪਹਿਲੀ ਵਾਰ ਦਰਸ਼ਣ ਕਰ ਰਹੀ ਸੀ। ਸੁਆਮੀ ਜੀ ਦਾ ਘੋਨ-ਮੋਨ ਚਿਹਰਾ ਵੀ ਆਪਣਾ ਪ੍ਰਭਾਵ ਛੱਡ ਰਿਹਾ ਸੀ। ਮੱਥੇ 'ਤੇ ਚੰਦਨ ਦਾ ਤਿਲਕ ਆਸ਼ੀਰਵਾਦ ਬਣਿਆਂ, ਮੁਸਕਾਨ ਦੇ ਰਿਹਾ ਸੀ। ਗਹੁ ਨਾਲ਼ ਦੇਖਣ ਤੋਂ ਸੁਆਮੀ ਜੀ ਦੀ ਉਮਰ ਪੰਤਾਲ਼ੀ ਸਾਲ ਤੋਂ ਜ਼ਿਆਦਾ ਨਹੀਂ ਲੱਗਦੀ ਸੀ।
ਸੁਆਮੀ ਜੀ ਕਿੰਦੀ ਅਤੇ ਸੀਤਲ ਨੂੰ ਉਹਨਾਂ ਦੇ ਕਾਰੋਬਾਰ ਬਾਰੇ ਪੁੱਛਣ ਲੱਗ ਪਏ। ਘਰੇਲੂ ਜਿਹੀਆਂ ਗੱਲਾਂ ਹੋ ਰਹੀਆਂ ਸਨ।
-''ਸੁਆਮੀ ਜੀ, ਇਸ ਕੁੜੀ 'ਤੇ ਵੀ ਕ੍ਰਿਪਾ ਕਰੋ..!" ਪੰਦਰਾਂ-ਵੀਹ ਕੁ ਮਿੰਟ ਦੀ ਵਾਰਤਾਲਾਪ ਬਾਅਦ ਕਿੰਦੀ ਨੇ ਤਰਲਾ ਜਿਹਾ ਲਿਆ ਤਾਂ ਸੁਆਮੀ ਜੀ ਨੇ ''ਵਿਸ਼ੇਸ਼ ਦ੍ਰਿਸ਼ਟੀ" ਨਾਲ਼ ਨਿੰਮੀ ਵੱਲ ਦੇਖਿਆ। ਨਹੀਂ ਉਹਨਾਂ ਨੇ ਹੁਣ ਤੱਕ ਨਿੰਮੀ ਵੱਲ ਅੱਖ ਪੱਟ ਕੇ ਵੀ ਨਹੀਂ ਦੇਖਿਆ ਸੀ।
-''ਕਿਤਨੀ ਆਯੂ ਹੈ ਇਨਕੀ..?" ਉਹਨਾਂ ਨੇ ਮੋਟੀ ਜਿਹੀ ਨਜ਼ਰ ਨਿੰਮੀ ਵੱਲ ਸੁੱਟ ਕੇ ਮੁੜ ਕਿੰਦੀ ਨਾਲ਼ ਗੱਲ ਸ਼ੁਰੂ ਕਰ ਲਈ।
-''ਜੀ ਵੀਹ ਸਾਲ..!" ਨਿੰਮੀ ਸੋਚ ਰਹੀ ਸੀ ਕਿ ਕਿਰਪਾ ਹੋਣ ਲੱਗੀ ਹੈ, ਉਹ ਤੁਰੰਤ ਹੀ ਬੋਲ ਪਈ।
-''ਜ਼ਿੰਦਗੀ ਮੇਂ ਕੋਈ ਵਿਵਰਜਤ ਕਾਮ ਤੋ ਨਹੀਂ ਕੀਆ..?" ਸੁਆਮੀ ਜੀ ਨੇ ਅਗਲਾ ਸੁਆਲ ਕੀਤਾ ਤਾਂ ਨਿੰਮੀ ਨੂੰ ਪੂਰੀ ਸਮਝ ਨਾ ਆਈ।
ਉਹ ਚੁੱਪ ਬੈਠੀ ਰਹੀ।
-''ਅਭੀ ਤੱਕ ਆਪ ਕੋ ਆਸ਼ਰਮ ਕੀ ਮਰਯਾਦਾ ਕਾ ਪਤਾ ਨਹੀਂ..? ਇਨ ਸੇ ਪੂਛ ਕਰ ਲਾਈਏ..!" ਸੁਆਮੀ ਜੀ ਜਿਵੇਂ ਖਿਝ ਗਏ ਸਨ।
ਕਿੰਦੀ ਉਸ ਨੂੰ ਘੜ੍ਹੀਸਣ ਵਾਲ਼ਿਆਂ ਵਾਂਗ ਇੱਕ ਪਾਸੇ ਲੈ ਗਈ। ਨਿੰਮੀ ਦਾ ਕਾਲ਼ਜਾ ਫ਼ੜੇ ਕਬੂਤਰ ਵਾਂਗ 'ਫ਼ੜੱਕ-ਫ਼ੜੱਕ' ਵੱਜੀ ਜਾ ਰਿਹਾ ਸੀ।
-''ਤੂੰ ਸੁਆਮੀ ਜੀ ਦੇ ਸੁਆਲ ਦਾ ਉੱਤਰ ਨੀ ਦਿੰਦੀ..?"
-''ਮੈਨੂੰ ਤਾਂ ਉਹਨਾਂ ਦੀ ਗੱਲ ਦੀ ਈ ਸਮਝ ਨਹੀਂ ਲੱਗੀ, ਉੱਤਰ ਕੀ ਦਿੰਦੀ, ਦੀਦੀ..?"
-''ਉਹ ਪੁੱਛਦੇ ਐ ਬਈ ਤੂੰ ਜੂਠੀ ਤਾਂ ਨ੍ਹੀ..?"
-''ਜੂਠੀ ਦਾ ਮਤਲਬ..?" ਨਿੰਮੀ ਦਾ ਦਿਲ ਛਾਤੀ 'ਚ ਹਥੌੜੇ ਵਾਂਗ ਵੱਜ ਰਿਹਾ ਸੀ।
-''ਕਿਸੇ ਮੁੰਡੇ ਨਾਲ਼ ਐਰਾ-ਗੈਰਾ ਕੰਮ ਤਾਂ ਨੀ ਕੀਤਾ..?"
-''ਨਹੀਂ ਦੀਦੀ..! ਮੈਂ ਕਸਮ ਖਾ ਕੇ ਆਖ ਸਕਦੀ ਆਂ..! ਐਹੋ ਜਿਆ ਕੁਛ ਕਦੇ ਵੀ ਨਹੀਂ ਕੀਤਾ..!"
-''ਪੱਕੀ ਗੱਲ ਐ..?"
-''ਸੋਲ਼ਾਂ ਆਨੇ ਪੱਕੀ..! ਤੁਸੀਂ ਮੇਰੇ 'ਤੇ ਵਿਸ਼ਵਾਸ ਕਰੋ..! ਸੁਆਮੀ ਜੀ ਮਹਾਰਾਜ ਦੇ ਦਰਬਾਰ 'ਚ ਖੜ੍ਹ ਕੇ ਮੈਂ ਝੂਠ ਬੋਲੂੰਗੀ ਦੀਦੀ..?"
ਕਿੰਦੀ ਦੀ ਤਸੱਲੀ ਹੋ ਗਈ। ਪਰ ਉਸ ਨੂੰ ਸੁਆਮੀ ਜੀ ਮਹਾਰਾਜ ਦੇ ਸਾਹਮਣੇ ਨਮੋਸ਼ੀ ਆ ਰਹੀ ਸੀ ਕਿ ਇਹ ਗੱਲ ਉਸ ਨੇ ਨਿੰਮੀ ਨੂੰ ਪਹਿਲਾਂ ਕਿਉਂ ਨਹੀਂ ਪੁੱਛੀ? ਕਿਉਂਕਿ ਕਿਸੇ 'ਜੂਠੀ' ਕੁੜੀ ਨੂੰ 'ਕੰਦਰ' ਵਿਚ ਲਿਆ ਕੇ ਸੁਆਮੀ ਜੀ ਦੇ ਮੱਥੇ ਲਾਉਣਾਂ ਇੱਕ ਗੁਨਾਂਹ ਹੀ ਨਹੀਂ, ਬੱਜਰ 'ਕੁਰਹਿਤ' ਵੀ ਸੀ! ਆਸ਼ਰਮ ਦੇ ਅਸੂਲ ਦੇ ਖ਼ਿਲਾਫ਼ ਸੀ। ਇਹ ਗਲਤੀ ਸੁਆਮੀ ਜੀ ਦੀ ਨਰਾਜ਼ਗੀ ਮੁੱਲ ਲੈਣ ਦਾ ਕਾਰਨ ਵੀ ਬਣ ਸਕਦੀ ਸੀ।
ਸੁਆਮੀ ਜੀ ਮਹਾਰਾਜ ਸ਼ਾਂਤ ਅਵੱਸਥਾ ਵਿਚ ਅੱਖਾਂ ਬੰਦ ਕਰੀ ਬੈਠੇ ਸਨ।
ਉਹਨਾਂ ਨੇ ਉਹਨਾਂ ਦੀ ਗ਼ੈਰਹਾਜ਼ਰੀ ਵਿਚ ਸੀਤਲ ਨਾਲ਼ ਵੀ ਕੋਈ ਬਚਨ ਸਾਂਝਾ ਨਹੀਂ ਕੀਤਾ ਸੀ।
-''ਮੈਥੋਂ ਘੋਰ ਅਵੱਗਿਆ ਹੋ ਗਈ ਸੁਆਮੀ ਜੀ..! ਮੁਆਫ਼ੀ ਬਖ਼ਸ਼ੋ..! ਕੁੜੀ ਬਿਲਕੁਲ ਪਾਕ-ਪਵਿੱਤਰ ਹੈ..! ਇਸ ਵਿਚ ਕੋਈ ਦੋਸ਼-ਭੁੱਲ ਨਹੀਂ..!"
ਸੁਣ ਕੇ ਸੁਆਮੀ ਜੀ ਨੇ ਇਕ ਦਮ ਅੱਖਾਂ ਪੱਟੀਆਂ।
ਅੱਖਾਂ ਕਿਸੇ ਗੈਸ ਵਾਂਗ ਜਗ ਰਹੀਆਂ ਸਨ।
-''ਲੋ...! ਤੋ ਇਸ ਕੋ ਚਰਨ-ਅੰਮ੍ਰਿਤ ਪਿਲਾ ਦੋ..!" ਚਿੱਪੀ ਵਿਚੋਂ ਸੁਆਮੀ ਜੀ ਨੇ ਇੱਕ ਚਾਂਦੀ ਦਾ ਗਿਲਾਸ ਕੰਗਣੀਂ ਤੱਕ ਭਰ ਦਿੱਤਾ।
ਕਿੰਦੀ ਨੇ ਨਮਸਕਾਰ ਕਰ ਕੇ ਗਿਲਾਸ ਚੁੱਕ ਲਿਆ ਅਤੇ ਨਿੰਮੀ ਨੂੰ ਪੀਣ ਲਈ ਇਸ਼ਾਰਾ ਕਰ ਦਿੱਤਾ।
ਨਿੰਮੀ ਪੂਰਾ ਗਿਲਾਸ 'ਗੱਟ-ਗੱਟ' ਕਰ ਕੇ ਪੀ ਗਈ। ਮਸਾਂ ਉਸ 'ਤੇ ਸੁਆਮੀ ਜੀ ਦੀ ਮਿਹਰ-ਦ੍ਰਿਸ਼ਟੀ ਪੈਣ ਲੱਗੀ ਸੀ। ਖਾਲੀ ਗਿਲਾਸ ਕਿੰਦੀ ਨੇ ਫ਼ੜ ਲਿਆ ਅਤੇ ਇੱਕ ਪਾਸੇ ਗਲੀਚੇ 'ਤੇ ਹੀ ਰੱਖ ਦਿੱਤਾ। ਸੁਆਮੀ ਜੀ ਫ਼ਿਰ ਕਿੰਦੀ ਨਾਲ਼ ਬਚਨ-ਬਿਲਾਸ ਵਿਚ ਰੁੱਝ ਗਏ। ਨਿੰਮੀ ਨੇ ਨੋਟ ਕੀਤਾ ਕਿ ਉਹ ਸੀਤਲ ਨਾਲ਼ ਬਹੁਤ ਘੱਟ ਗੱਲ ਕਰ ਰਹੇ ਸਨ। ਜ਼ਿਆਦਾ ਗੱਲ ਉਹ ਕਿੰਦੀ ਨਾਲ਼ ਹੀ ਕਰ ਰਹੇ ਸਨ।
-''ਕਿੰਦੀ..!"
-''ਜੀ ਸੁਆਮੀ..?"
-''ਮੁਝੇ ਭੀ ਉਸ ਘੜ੍ਹੇ ਸੇ ਸ਼ਰਦਾਈ ਦਾ ਗਿਲਾਸ ਦੋ..!" ਸੁਆਮੀ ਜੀ ਦੀ ਗੱਲ ਨਿੰਮੀ ਨੂੰ ਧੁੰਦਲ਼ੀ ਜਿਹੀ ਸੁਣਾਈ ਦਿੱਤੀ ਸੀ। ਉਸ ਦੇ ਸਿਰ ਨੂੰ ਕੋਈ ਸਰੂਰ ਜਿਹਾ ਚੜ੍ਹਦਾ ਜਾ ਰਿਹਾ ਸੀ। ਕਿਸੇ ਗ਼ੈਬੀ ਮਸਤੀ ਵਿਚ ਉਸ ਦਾ ਮਨ ਚਾਭੜਾਂ ਮਾਰਨ ਨੂੰ ਕਰਦਾ ਸੀ। ਕਿਸੇ ਨੂੰ ਹਿੱਕ ਨਾਲ਼ ਲਾਉਣ ਨੂੰ ਕਰਦਾ ਸੀ। ਪਰ ਅਜੇ ਉਹ ਮਨ ਨੂੰ ਜਾਬਤਾ ਮਾਰੀ, ਚੁੱਪ ਸੀ। ਉਸ ਨੇ ਆਪਣੀ ਬੇਕਾਬੂ ਹੋਈ ਭਾਵਨਾਂ 'ਤੇ ਬੜੀ ਮਜਬੂਤੀ ਨਾਲ਼ ਬੰਨ੍ਹ ਮਾਰਿਆ ਹੋਇਆ ਸੀ।
ਕਿੰਦੀ ਦਾ ਦਿੱਤਾ ਗਿਲਾਸ ਸੁਆਮੀ ਜੀ ਨੇ ਪੀ ਲਿਆ ਸੀ। ਪਰ ਨਿੰਮੀ ਨੂੰ ਬਹੁਤੀ ਸੁਰਤ ਨਹੀਂ ਸੀ। ਉਸ ਦੀ ਸੋਚ ਉਖੜੀ-ਉਖੜੀ ਜਿਹੀ ਫ਼ਿਰਦੀ ਸੀ। ਉਸ ਦੀਆਂ ਅੱਖਾਂ ਵਿਚ ਕੋਈ ਕਲੋਲ ਸੀ। ਸ਼ਰਾਰਤ ਸੀ। ਮਨ ਅੰਦਰ ਕੋਈ ਭਾਵਨਾਂ ਘੜ੍ਹ ਕੇ ਉਹ ਅਜੀਬ ਜਿਹਾ ਮੁਸਕੁਰਾਉਂਦੀ ਸੀ।
-''ਕਿਆ ਨਾਮ ਹੈ ਲੜਕੀ ਕਾ..?"
-''ਨਿੰਮੀ ਹੈ ਸੁਆਮੀ ਜੀ..!"
-''ਇਸ ਕੋ ਅੰਦਰ ਲੇ ਚਲੋ..!"
-''ਚੱਲ ਨਿੰਮੀ ਅੰਦਰ ਚੱਲੀਏ..!" ਕਿੰਦੀ ਨੇ ਉਸ ਨੂੰ ਮੋਢੇ ਤੋਂ ਫ਼ੜ ਕੇ ਹਲੂਣਿਆਂ ਤਾਂ ਉਹ ਉਚੀ-ਉਚੀ ਹੱਸ ਪਈ।
-''ਕਿੰਦੀ..!"
-''ਹਾਂ ਨਿੰਮੀ...?" ਕਿੰਦੀ ਨੇ ਲਾਡ ਜਿਹੇ ਨਾਲ਼ ਆਖਿਆ।
-''ਮੈਨੂੰ ਜੱਫ਼ੀ ਪਾ ਘੁੱਟ ਕੇ..!"
-''ਚੱਲ ਅੰਦਰ ਜਾ ਕੇ ਪਾਉਨੀ ਆਂ..!" ਉਹ ਉਸ ਨੂੰ ਫ਼ੜ ਕੇ ਇੱਕ 'ਗੁਪਤ' ਕਮਰੇ ਵੱਲ ਨੂੰ ਲੈ ਗਈ ਅਤੇ ਇੱਕ ਵਿਸ਼ਾਲ ਬੈੱਡ 'ਤੇ ਬਿਠਾ ਦਿੱਤਾ।
-''ਜੱਫ਼ੀ ਪਾ ਮੈਨੂੰ ਕਿੰਦੀ..!"
-''ਕੱਪੜੇ ਲਾਹ..! ਫ਼ੇਰ ਪਾਊਂਗੀ..!"
-''ਮੈਨੂੰ ਸੰਗ ਆਊਗੀ..!"
-''ਸੰਗ ਕਾਹਦੀ..? ਆਪਾਂ ਕਿੰਨੀਆਂ ਚੰਗੀਆਂ ਤਾਂ ਸਹੇਲੀਐਂ..!"
-''ਨਹੀਂ..! ਕਿੰਦੀ ਵੈਰਨੇ..! ਮੈਨੂੰ ਜੱਫ਼ੀ ਪਾ ਘੁੱਟ ਕੇ..!" ਉਸ ਦੀਆਂ ਅੱਖਾਂ ਬੰਦ ਸਨ।
ਉਹ ਕਿਸੇ ਵੇਦਨਾਂ ਵਿਚ ਰੁੜ੍ਹੀ ਜਾ ਰਹੀ ਸੀ।
-''ਜਿੰਨਾਂ ਚਿਰ ਕੱਪੜੇ ਨਹੀਂ ਲਾਹੇਂਗੀ, ਮੈਂ ਜੱਫ਼ੀ ਨੀ ਪਾਉਣੀ..!"
ਨਿੰਮੀ ਨੇ ਗੰਢੇ ਦੇ ਪੱਤ ਵਾਂਗ ਕੱਪੜੇ ਲਾਹ ਕੇ ਵਗਾਹ ਮਾਰੇ।
ਕਿੰਦੀ ਦੱਬਵੇਂ ਪੈਰੀਂ ਬਾਹਰ ਨਿਕਲ਼ ਗਈ ਸੀ।
-''ਜੱਫ਼ੀ ਪਾ ਮੈਨੂੰ..!" ਜਦ ਨਿੰਮੀ ਨੇ ਮੁੜ ਦੁਹਰਾਇਆ ਤਾਂ ਪਤਾ ਨਹੀਂ 'ਕਿਸ' ਨੇ ਉਸ ਨੂੰ ਗਲਵਕੜੀ ਵਿਚ ਜਕੜ ਲਿਆ! ਨਿੰਮੀ ਹਾਬੜਿਆਂ ਵਾਂਗ ਗਲਵਕੜੀ ਪਾਉਣ ਵਾਲ਼ੇ ਨੂੰ ਚਿੰਬੜ ਗਈ। ਸਮਾਂ ਪਾ ਕੇ ਪਹਿਲਾਂ ਉਸ ਦੀ ਲੇਰ ਮਾਰਨ ਵਾਲ਼ਿਆਂ ਵਾਂਗ ਚੀਕ ਅਤੇ ਫ਼ਿਰ ਚੰਘਿਆੜ੍ਹ ਜਿਹੀ ਨਿਕਲ਼ੀ ਅਤੇ ਫ਼ਿਰ ਉਹ ਬੇਸੁੱਧ ਹੋਣ ਵਾਲ਼ਿਆਂ ਵਾਂਗ ਚੁੱਪ ਕਰ ਗਈ। ਉਸ ਅੰਦਰ ਜਿਵੇਂ ਕੋਈ ਤਲਵਾਰ ਫ਼ੇਰ ਦਿੱਤੀ ਗਈ ਸੀ। ਅੰਦਰ ਦੀ ਗੁੱਝੀ ਪੀੜ ਸਿੱਧੀ ਕਾਲ਼ਜੇ ਨੂੰ ਗਈ ਸੀ। ਉਸ ਦੇ ਹੇਠ ਲਹੂ ਦਾ ਛੱਪੜ ਲੱਗਦਾ ਜਾ ਰਿਹਾ ਸੀ। ਪਰ ਨਿੰਮੀ ਸੁਆਮੀ ਦੀ ਚੁੱਪ ਵਾਂਗ ਸ਼ਾਂਤ ਸੀ। ਖ਼ਾਮੋਸ਼ ਸੀ।
ਜਦ ਸਵੇਰੇ ਪੰਜ ਵਜੇ ਉਸ ਦੀ ਅੱਖ ਖੁੱਲ੍ਹੀ ਤਾਂ ਨਿੰਮੀ ਦੇ ਸਰੀਰ ਵਿਚ ਫ਼ੱਕਾ ਨਹੀਂ ਸੀ।
ਸਰੀਰ 'ਚੋਂ ਸੱਤਿਆ ਨਿਕਲ਼ੀ ਪਈ ਸੀ। ਉਹ ਟੁੱਟੀਆਂ ਹੱਡੀਆਂ ਵਾਲ਼ੇ ਡੱਡੂ ਵਾਂਗ ਤੜਪ ਜਿਹੀ ਰਹੀ ਸੀ। ਜਦ ਉਸ ਨੂੰ ਮਹਿਸੂਸ ਹੋਇਆ ਕਿ ਉਹ ਤਾਂ ਤਮਾਮ ਨਗਨ ਸੀ ਤਾਂ ਉਸ ਨੇ ਧੁਰਲ਼ੀ ਮਾਰ ਕੇ ਉਠਣ ਦਾ ਯਤਨ ਕੀਤਾ। ਪਰ ਸਰੀਰ ਜਵਾਬ ਦੇ ਗਿਆ। ਜਦ ਉਸ ਨੇ ਚਿੱਟੀ ਦੁੱਧ ਵਰਗੀ ਮਖ਼ਮਲੀ ਚਾਦਰ 'ਤੇ ਨਜ਼ਰ ਮਾਰੀ ਤਾਂ ਉਸ ਦੀਆਂ ਖਾਨਿਓਂ ਗੁਆਚ ਗਈਆਂ। ਚਾਦਰ ਖ਼ੂਨ ਨਾਲ਼ ਲੱਥ-ਪੱਥ ਸੀ। ਉਸ ਨੂੰ ਮਹਿਸੂਸ ਹੋਇਆ ਕਿ ਉਹ ਉੱਜੜ ਚੁੱਕੀ ਸੀ ਅਤੇ ਉਸ ਦੇ ਸਰੀਰ ਦਾ ਰਸ ਕੋਈ ਮੂੰਹ ਲਾ ਕੇ 'ਸੜ੍ਹਾਕ' ਗਿਆ ਸੀ। ਉਸ ਨੇ ਪ੍ਰਤੱਖ ਮਹਿਸੂਸ ਕੀਤਾ ਕਿ ਉਹ ਲੁੱਟੀ-ਪੁੱਟੀ ਜਾ ਚੁੱਕੀ ਸੀ ਅਤੇ ਉਸ ਦਾ ਜੋਬਨ ਕਿਸੇ ਖ਼ੂਨੀ ਜਬਾੜੇ ਨੇ ਨੋਚ-ਨੋਚ, ਚੂੰਡ ਲਿਆ ਸੀ। ਉਹ ਆਪਣੀ ਯਾਦ ਸ਼ਕਤੀ 'ਤੇ ਜੋਰ ਪਾ ਕੇ ਸੋਚਦੀ। ਪਰ ਉਸ ਦੇ ਹੱਥ ਪੱਲੇ ਕੱਖ ਨਾ ਆਉਂਦਾ। ਉਸ ਦਾ ਦਿਮਾਗ ਕੰਮ ਨਾ ਕਰਦਾ।
ਉਸ ਨੇ ਆਸੇ ਪਾਸੇ ਨਜ਼ਰ ਮਾਰੀ ਤਾਂ ਕੋਈ ਜੀਅ-ਪਰਿੰਦਾ ਨਹੀਂ ਸੀ।
ਕਿਲ੍ਹੇ ਵਰਗਾ ਕਮਰਾ ਉਸ ਨੂੰ ਡਰਾਉਣ ਆਉਂਦਾ ਸੀ। ਉਹ ਬੜੀ ਮੁਸ਼ਕਿਲ ਨਾਲ਼ ਸਾਰਾ ਵਜੂਦ ਇਕੱਠਾ ਕਰ ਕੇ ਉਠੀ। ਦਰਵਾਜਾ ਦੇਖਿਆ ਤਾਂ ਬੰਦ ਸੀ। ਉਸ ਦਾ ਰੋਣ ਨਿਕਲ਼ ਗਿਆ। ਉਸ ਨੂੰ ਨਾ ਸੀਤਲ ਅਤੇ ਨਾ ਕਿੰਦੀ ਨਜ਼ਰ ਆ ਰਹੀ ਸੀ। ਉਸ ਨੇ ਭੁੱਬ ਮਾਰੀ ਅਤੇ ਬੈੱਡ 'ਤੇ ਆ ਬੈਠੀ। ਫ਼ਿਰ ਉਸ ਨੂੰ ਪਤਾ ਨਹੀਂ ਕੀ ਸੁੱਝਿਆ? ਉਸ ਨੇ ਸਾਰੇ ਜੋਰ ਨਾਲ਼ ਦਰਵਾਜੇ ਨੂੰ ਧੱਫ਼ੇ ਮਾਰਨੇ ਸ਼ੁਰੂ ਕਰ ਦਿੱਤੇ। ਪਰ ਜਦ ਕਿਸੇ ਨੇ ਵੀ ਦਰਵਾਜਾ ਨਾ ਖੋਲ੍ਹਿਆ ਤਾਂ ਉਹ ਹਫ਼ ਕੇ ਫ਼ਰਸ਼ 'ਤੇ ਹੀ ਡਿੱਗ ਪਈ। ਉਸ ਦੀ ਸ਼ਰਧਾ ਚਕਨਾਚੂਰ ਹੋ ਗਈ ਸੀ। ਅਮੀਰ ਹੋਣ ਦੇ ਸੁਪਨੇ ਘੱਟੇ ਰੁਲ਼ ਗਏ ਸਨ। ਉਸ ਦੀਆਂ ਰੀਝਾਂ ਨੂੰ ਕਿਸੇ ਜ਼ਾਲਮ ਦਰਿੰਦੇ ਨੇ ਪੈਰਾਂ ਹੇਠ 'ਮਸਲ਼' ਧਰਿਆ ਸੀ ਅਤੇ ਸਧਰਾਂ ਦਾ ਮੂੰਹ ਵਲੂੰਧਰ ਦਿੱਤਾ ਸੀ। ਅਰਮਾਨਾਂ ਦਾ ਘਾਣ ਹੋ ਗਿਆ ਸੀ।
ਨਿੰਮੀ ਇਕੱਲੀ ਬੈੱਡ 'ਤੇ ਪਈ ਰੋਈ ਜਾ ਰਹੀ ਸੀ।
ਕਮਰੇ ਵਿਚੋਂ ਉਸ ਨੂੰ ਬਾਹਰ ਨਿਕਲਣ ਨੂੰ ਜਗਾਹ ਨਹੀਂ ਲੱਭ ਰਹੀ ਸੀ। ਹੁਣ ਉਸ ਨੂੰ ਇਹ ਫ਼ਿਕਰ ਪੈ ਗਿਆ ਸੀ ਕਿ ਕੀ ਉਹ ਇਸ ਜੇਲ੍ਹ ਵਰਗੇ ਕਮਰੇ 'ਚੋਂ ਜਿਉਂਦੀ ਬਾਹਰ ਵੀ ਜਾ ਸਕੂਗੀ? ਉਸ ਦਾ ਦਿਮਾਗ ਘੁਮੇਰ ਵਿਚ ਪਿਆ ਹੋਇਆ ਸੀ ਅਤੇ ਸਿਰ ਦੀਆਂ ਨਾੜਾਂ 'ਟੱਸ-ਟੱਸ' ਵੱਜੀ ਜਾ ਰਹੀਆਂ ਸਨ। ਉਹ ਇੱਕ ਗੱਲੋਂ ਘੋਰ ਹੈਰਾਨ ਸੀ ਕਿ ਐਡੇ ਵੱਡੇ ਆਸ਼ਰਮ ਵਿਚ ਉਸ ਨੂੰ ਕੋਈ ਅਵਾਜ਼ ਤੱਕ ਸੁਣਾਈ ਨਹੀਂ ਦੇ ਰਹੀ ਸੀ। ਕੋਈ ਖੜਕਾ-ਦੜਕਾ ਸੁਣਾਈ ਨਹੀਂ ਦਿੰਦਾ ਸੀ। ਸਾਰਾ ਦਿਨ ਉਹ ਭੁੱਖੀ ਪਿਆਸੀ ਬੈੱਡ ਉਪਰ ਪਈ ਰਹੀ। ਬੈੱਡ ਦੇ ਇਕ ਪਾਸੇ ਇੱਕ ਸ਼ਾਨਦਾਰ ਮੇਜ਼ ਉਪਰ ਫ਼ਲ਼ ਅਤੇ ਸੁੱਕੇ ਮੇਵੇ ਪਏ ਸਨ। ਇਕ ਪਾਸੇ ਫ਼ਰਿੱਜ਼ ਸੀ। ਪਰ ਉਸ ਦੀ ਕਿਸੇ ਚੀਜ਼ ਨੂੰ ਵੱਢੀ ਰੂਹ ਨਹੀਂ ਕਰਦੀ ਸੀ। ਜਦ ਉਸ ਨੂੰ ਪਿਆਸ ਨੇ ਵਿਆਕੁਲ ਕਰ ਦਿੱਤਾ ਤਾਂ ਉਸ ਨੇ ਫ਼ਰਿੱਜ਼ ਖੋਲ੍ਹ ਕੇ ਦੇਖਿਆ। ਉਸ ਵਿਚ ਸਿਰਫ਼ ਕੁਝ ਬੋਤਲਾਂ ਹੀ ਸਨ। ਸ਼ਾਇਦ ਸ਼ਰਬਤ ਸੀ। ਉਸ ਨੇ ਇੱਕ ਬੋਤਲ ਖੋਲ੍ਹ ਕੇ ਮੂੰਹ ਨੂੰ ਲਾ ਲਈ।
ਸ਼ਰਬਤ ਪੀਣ ਤੋਂ ਬਾਅਦ ਉਸ ਦੀ ਉਦਾਸੀ ਫ਼ਿਰ ਉਡਣੀ ਸ਼ੁਰੂ ਹੋ ਗਈ। ਦਿਮਾਗ ਨੂੰ ਸਰੂਰ ਜਿਹਾ ਆਇਆ। ਮੁਰਝਾਇਆ ਮਨ ਮੁੜ ਬਾਘੀਆਂ ਪਾਉਣ ਲੱਗ ਪਿਆ। ਉਸ ਨੇ ਅੰਗੜਾਈ ਜਿਹੀ ਲਈ, ਜਿਵੇਂ ਉਹ ਪਿਛਲੀ ਰਾਤ ਦਾ ਦੁਖਾਂਤ ਭੁੱਲ ਚੁੱਕੀ ਸੀ। ਉਸ ਨੇ ਬੋਤਲ ਨੂੰ ਫ਼ਿਰ ਮੂੰਹ ਲਾ ਲਿਆ। ਜਿਵੇਂ ਉਸ ਨੂੰ ਕੋਈ ਧਿਆਨ ਨਾਲ਼ ਦੇਖ ਰਿਹਾ ਸੀ, ਕਮਰੇ ਦਾ ਦਰਵਾਜਾ ਖੁੱਲ੍ਹਿਆ। ਸੀਤਲ ਜਾਂ ਕਿੰਦੀ ਨਹੀਂ, ਤਾਪੋ ਅੰਦਰ ਆਈ!
-''ਕੀ ਹਾਲ ਨੇ ਮੇਰੀ ਨਿੰਮੀ ਦੇ..?" ਉਸ ਨੇ ਬੜੀ ਅਪਣੱਤ ਨਾਲ਼ ਕਿਹਾ ਤਾਂ ਕਿਸੇ ਮਿਜ਼ਾਜ਼ ਨਾਲ਼ ਚੁੱਪ ਚਾਪ ਨਿੰਮੀ ਉਸ ਦੇ ਗਲ਼ ਲੱਗ ਗਈ। ਤਾਪੋ ਨੇ ਵੀ ਉਸ ਨੂੰ ਹਿੱਕ ਨਾਲ਼ ਲਾ ਲਿਆ। ਨਿੰਮੀ ਦੇ ਦਿਲ ਵਿਚ ਕੋਈ ਸਰੂਰ ਕਲੋਲ ਕਰ ਰਿਹਾ ਸੀ। ਅੱਖਾਂ ਵਿਚ ਕੋਈ ਗ਼ੈਬੀ ਨਸ਼ਾ ਦੀਵੇ ਦੀ ਲਾਟ ਵਾਂਗ ਡੋਲ ਰਿਹਾ ਸੀ। ਨਿੰਮੀ ਨੇ ਇੱਕ ਸ਼ਬਦ ਵੀ ਨਹੀਂ ਬੋਲਿਆ ਸੀ।
-''ਤੂੰ ਨਹਾ ਲੈ..!" ਤਾਪੋ ਦੀ ਅਵਾਜ਼ ਸੁਣ ਕੇ ਨਿੰਮੀ ਉਚੀ-ਉਚੀ ਹੱਸ ਪਈ। ਪਰ ਬੋਲੀ ਕੁਝ ਵੀ ਨਹੀਂ ਸੀ।
-''ਚੱਲ ਮੈਂ ਤੈਨੂੰ ਨੁਹਾਵਾਂ..!" ਉਹ ਨਿੰਮੀ ਨੂੰ ਬੱਚੇ ਵਾਂਗ ਉਂਗਲ਼ ਲਾ ਕੇ ਬਾਥਰੂਮ ਲੈ ਗਈ।
ਉਸ ਨੇ ਨਿੰਮੀ ਨੂੰ ਮਲ਼-ਮਲ਼ ਕੇ ਨੁਹਾਇਆ। ਜਿਵੇਂ ਉਸ ਨੂੰ ਕਿਸੇ ਮੁਕਲਾਵੇ ਤੋਰਨਾ ਸੀ।
ਕਿਸੇ ਅਨੋਖੀ ਲੋਰ ਵਿਚ ਹੀ ਨਿੰਮੀ ਨੇ ਖਾਣਾਂ ਖਾਧਾ। ਪਰ ਉਸ ਨੂੰ ਪਤਾ ਨਹੀਂ ਸੀ ਕਿ ਉਸ ਨੇ ਕੀ ਖਾਧਾ ਸੀ? ਉਸ ਨੂੰ ਯਾਦ ਜਿਹਾ ਨਹੀਂ ਆ ਰਿਹਾ ਸੀ।
ਰਾਤ ਨੂੰ ਜਦ ਉਸ ਨੂੰ ਫ਼ਿਰ 'ਚਰਨ-ਅੰਮ੍ਰਿਤ' ਦਿੱਤਾ ਤਾਂ ਉਹ ਫ਼ਿਰ ਕਿਸੇ ਨੂੰ 'ਗਲਵਕੜੀ' ਪਾਉਣ ਦੀ 'ਤਾਂਘ' ਅਤੇ 'ਜ਼ਿਦ' ਕਰਨ ਲੱਗ ਪਈ। ਜਦ ਹੀ ਉਹ ਗਲਵਕੜੀ ਪਾਉਣ ਦੀ ਅੜੀ ਜਿਹੀ ਕਰਦੀ ਤਾਂ ਕੋਈ ਨਾ ਕੋਈ ਉਸ ਦੀ ਰੀਝ ਪੂਰੀ ਕਰਨ ਲਈ ਆ ਬਹੁੜਦਾ। ਉਹ ਕੌਣ ਹੁੰਦਾ..? ਇਸ ਦਾ ਨਿੰਮੀ ਨੂੰ ਕੋਈ ਪਤਾ ਨਹੀਂ ਸੀ।
ਸਵੇਰੇ ਅੱਖ ਖੁੱਲ੍ਹਦੀ ਤਾਂ ਉਸ ਦਾ ਬਹੁਤ ਹੀ ਬੁਰਾ ਹਾਲ ਹੁੰਦਾ ਅਤੇ ਉਹ ਪਿੱਟਦੀ, ਚੀਕਦੀ। ਪਰ ਜਦ ਉਹ ਪਿਆਸ ਦੀ ਮਾਰੀ 'ਸ਼ਰਬਤ' ਪੀ ਲੈਂਦੀ ਤਾਂ ਉਹ ਫ਼ਿਰ ਸਰੂਰ ਨਾਲ਼ ਮੱਛਰ ਜਿਹੀ ਜਾਂਦੀ।
ਪੂਰੇ ਪੰਜ ਦਿਨ ਇਹੀ 'ਵਰਤਾਰਾ' ਉਸ ਨਾਲ਼ ਹੁੰਦਾ ਰਿਹਾ।
ਸ਼ਾਮ ਨੂੰ ਉਹ ਖ਼ੁਸ਼ ਹੁੰਦੀ ਅਤੇ ਸਵੇਰੇ ਘੋਰ ਦੁਖੀ! ਇਹਨਾਂ ਪੰਜਾਂ ਦਿਨਾਂ ਵਿਚ ਪਤਾ ਨਹੀਂ ਕੌਣ-ਕੌਣ ਉਸ ਨੂੰ ਆ ਕੇ 'ਗਲਵਕੜੀ' ਪਾਉਂਦਾ ਰਿਹਾ ਸੀ? ਇਸ ਬਾਰੇ ਨਿੰਮੀ ਨੂੰ ਕੁਝ ਵੀ ਪਤਾ ਨਹੀਂ ਸੀ। ਉਸ ਨੇ ਕਿਸੇ ਨੂੰ ਅੱਖੀਂ ਨਹੀਂ ਦੇਖਿਆ ਸੀ। ਪਰ ਸਵੇਰੇ ਉਸ ਨੂੰ ਅੰਦਰੂਨੀ ਸਰੀਰਕ ਪੀੜਾਂ ਦੱਸਦੀਆਂ ਸਨ ਕਿ ਉਸ ਨਾਲ਼ ਕੋਈ 'ਕੁਕਰਮ' ਕਰ ਕੇ ਗਿਆ ਹੈ। ਉਹ ਦੁਹੱਥੜੀਂ ਪਿੱਟਦੀ। ਮੱਥਾ ਕੰਧ ਵਿਚ ਮਾਰਨ ਜਾਂਦੀ। ਪਰ ਉਸ ਦੀ ਕੋਈ ਪੇਸ਼ ਨਹੀਂ ਜਾ ਰਹੀ ਸੀ। ਉਸ ਦੇ ਕੋਲ਼ ਉਦੋਂ ਹੀ ਕੋਈ ਆਉਂਦਾ, ਜਦੋਂ ਉਹ ਪੂਰੇ ਸਰੂਰ, ਮਸਤੀ ਅਤੇ 'ਮੂਡ' ਵਿਚ ਹੁੰਦੀ।
-''ਏਕ ਹਫ਼ਤੇ ਬਾਅਦ ਚਰਨ-ਅੰਮ੍ਰਿਤ ਔਰ ਸ਼ਰਬਤ ਭੀ ਅਪਨਾ ਜਲਵਾ ਦਿਖਾਨਾ ਬੰਦ ਕਰ ਦੇਤਾ ਹੈ..! ਇਸ ਕੋ ਜਿਤਨੀ ਵੀ ਜਲਦੀ ਹੋ ਸਕੇ, ਇਸ ਕੇ ਗਾਂਓਂ ਪਹੁੰਚਾ ਦੋ..!" ਕੋਈ ਤਾਪੋ ਨੂੰ ਆਖ ਰਿਹਾ ਸੀ।
-''ਸਾਡੇ ਪਿੰਡ ਵਾਲ਼ਾ ਸਰਪੰਚ ਵੀ ਮੋਰਚਾ ਮਾਰਨ ਨੂੰ ਕਹਿੰਦਾ ਸੀ..? ਜੇ ਉਹਨੂੰ ਵੀ ਵਗਦੀ ਗੰਗਾ 'ਚ ਹੱਥ ਧੋਣ ਦਾ ਮੌਕਾ ਮਿਲ਼ ਜਾਂਦਾ? ਉਹ ਆਪਣੇ ਬੜੇ ਕੰਮ ਆਉਂਦਾ ਹੈ..!"
-''ਕਯੂੰ ਨਹੀ...ਕਯੂੰ ਨਹੀਂ..? ਉਨਕੋ ਭੀ ਬੁਲਾ ਲੋ..! ਸੁਆਮੀ ਜੀ ਮਹਾਰਾਜ ਕੇ ਆਸ਼ਰਮ ਸੇ ਉਨ ਕੇ ਸ਼ਰਧਾਲੂ ਨਿਰਾਸ਼ ਨਹੀਂ ਜਾਏਂਗੇ..!"
ਛੇਵੀਂ ਰਾਤ ਸਰਪੰਚ ਦੀ ਵਾਰੀ ਆਈ। ਉਸ ਦਿਨ ਨਿੰਮੀ ਕੁਝ ਕੁ ਸੁਰਤ ਸਿਰ ਸੀ। ਗਹੁ ਨਾਲ਼ ਦੇਖਣ ਤੋਂ ਉਹ ਉਸ ਨੂੰ ਆਪਣੇ ਪਿੰਡ ਵਾਲ਼ੇ ਸਰਪੰਚ ਵਰਗਾ ਲੱਗਦਾ ਸੀ। ਪਰ ਨਸ਼ੇ ਨਾਲ਼ ਰੁਲ਼ੇ ਦਿਮਾਗ ਕਾਰਨ ਉਸ ਨੂੰ ਪੂਰੀ ਪਹਿਚਾਣ ਨਹੀਂ ਆ ਰਹੀ ਸੀ। ਉਸ ਨੂੰ ਝੌਲ਼ਾ-ਝੌਲ਼ਾ ਦਿਸ ਰਿਹਾ ਸੀ।
ਅਗਲੇ ਦਿਨ ਜਦ ਉਸ ਦੀ ਜਾਗ ਖੁੱਲ੍ਹੀ ਤਾਂ ਉਸ ਦਾ ਸਰੀਰਕ ਅਤੇ ਮਾਨਸਿਕ ਪੱਖੋਂ ਬੁਰਾ ਹਾਲ ਸੀ। ਨਿੱਤ ਦੀ 'ਸ਼ਰਬਤ' ਨੇ ਉਸ ਦੇ ਤੌਰ ਚੱਕ ਦਿੱਤੇ ਸਨ ਅਤੇ ਭਾਂਤ-ਭਾਂਤ ਦੇ ਓਪਰੇ ਜਿਹੇ ਬੰਦੇ ਹਰ ਰੋਜ਼ ਉਸ ਦੇ ਸਰੀਰ ਨਾਲ਼ ਖੇਡ ਜਾਂਦੇ ਸਨ ਅਤੇ ਉਸ ਦੀ ਰੂਹ ਅਤੇ ਮਾਨਸਿਕਤਾ ਦੀਆਂ ਖਲਪਾੜਾਂ ਹੋ ਜਾਂਦੀਆਂ ਸਨ। ਪਰ ਉਸ ਨੂੰ ਪਤਾ ਤੱਕ ਨਹੀਂ ਚੱਲਦਾ ਸੀ। ਅੱਜ ਉਸ ਦਾ ਕਮਰਾ ਤਬਦੀਲ ਕਰ ਦਿੱਤਾ ਗਿਆ ਸੀ। ਕਮਰੇ ਅੰਦਰੋਂ ਆਸ਼ਰਮ ਦਾ ਬਾਹਰਲਾ ਪਾਸਾ ਸਾਫ਼ ਨਜ਼ਰ ਆਉਂਦਾ ਸੀ। ਆਸ਼ਰਮ ਉਹੀ ਸੀ, ਫ਼ੁੱਲ ਬੂਟੇ ਉਹੀ ਸਨ। ਮਾਹੌਲ ਉਹੀ ਸੀ, ਪਰ ਨਿੰਮੀ ਦਾ ਮਨ-ਤਨ ਉਜੜਿਆ ਪਿਆ ਸੀ। ਉਸ ਨੇ ਮਾਹੌਲ ਦੇਖ ਕੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਦੋ ਸੇਵਾਦਾਰਨੀਆਂ ਨੇ ਉਸ ਨੂੰ ਆ ਸੰਭਾਲ਼ਿਆ। ਆਸ਼ਰਮ ਅੰਦਰਲੇ ਲੋਕ ਇਕੱਠੇ ਹੋਣੇਂ ਸ਼ੁਰੂ ਹੋ ਗਏ।
-''ਕੀ ਹੋਇਐ ਇਸ ਕੁੜੀ ਨੂੰ..? ਇਹ ਚੀਕੀ ਕਿਉਂ ਜਾਂਦੀ ਐ..?" ਕਿਸੇ ਨੇ ਪੁੱਛਿਆ।
-''ਇਸ ਦੇ ਦਿਮਾਗ 'ਚ ਫ਼ਰਕ ਐ..! ਇਲਾਜ਼ ਵਾਸਤੇ ਆਸ਼ਰਮ ਲਿਆਂਦੀ ਐ..! ਇਹ ਪਾਗਲ ਕੁੜੀ ਐ..!" ਸੇਵਾਦਰਨੀ ਬੋਲੀ।
-''ਹੁਣ ਤਾਂ ਇਹ ਬਹੁਤ ਠੀਕ ਐ ਭਗਤ-ਜਨ..! ਇਹ ਤਾਂ ਜਦੋਂ ਆਸ਼ਰਮ ਆਈ ਸੀ, ਓਦੋਂ ਦੇਖਣ ਵਾਲ਼ੀ ਸੀ..! ਬਾਂਦਰੀ ਵਾਂਗੂੰ ਕੰਧਾਂ 'ਤੇ ਜਾ ਬਹਿੰਦੀ ਸੀ..! ਹੁਣ ਤਾਂ ਇਹ ਸੁਆਮੀ ਜੀ ਮਹਾਰਾਜ ਦੀ ਕਿਰਪਾ ਨਾਲ਼ ਬਹੁਤ ਠੀਕ ਐ..!" ਦੂਜੀ ਸੇਵਾਦਾਰਨੀ ਨੇ ਕਿਹਾ।
-''ਧੰਨ ਐਂ ਸੁਆਮੀ ਜੀ ਮਹਾਰਾਜ..!" ਆਖ ਉਹ ਤੁਰ ਗਿਆ।
-''ਮੈਂ ਪਾਗਲ਼ ਐਂ..?" ਸੋਚ ਕੇ ਹੀ ਨਿੰਮੀ ਦਾ ਦਿਮਾਗ ਹਿੱਲ ਗਿਆ। ਇਹ ਗੱਲ ਉਸ ਦੇ ਲਈ ਇੱਕ ਸਦਮਾਂ ਹੀ ਤਾਂ ਸੀ। ਉਸ ਨੇ ਸੱਚ ਹੀ ਪਾਗਲਾਂ ਵਾਲ਼ੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਆਪਣੇ ਵਾਲ਼ ਪੁੱਟਣ ਲੱਗ ਪਈ। ਕੱਪੜੇ ਪਾੜਨ ਲੱਗ ਪਈ।
-''ਲੈ ਕਿੰਨੀ ਸੋਹਣੀ ਸੂਰਤ ਐ ਕੁੜੀ ਦੀ, ਤੇ ਬਿਮਾਰੀ ਦੇਖ ਕੀ ਲੱਗੀ ਐ..! ਰੰਗ ਐ ਸੱਚੇ ਰੱਬ ਦੇ..!" ਨਿੰਮੀ ਨੂੰ ਦੇਖ ਕੇ ਕੋਈ ਆਮ ਸ਼ਰਧਾਲੂ ਔਰਤ ਬੋਲਦੀ। ਆਸ਼ਰਮ ਦੇ ਬਾਹਰ ਫ਼ਿਰਦੇ ਲੋਕ ਉਸ ਦੀ ਹਾਲਤ 'ਤੇ ਤਰਸ ਕਰਦੇ ਅਤੇ ਉਹ ਹੋਰ ਕਮਲ਼ੀ ਹੋ ਜਾਂਦੀ।
ਹਫ਼ਤੇ ਬਾਅਦ ਪਤਾ ਨਹੀਂ ਕੌਣ ਨਿੰਮੀ ਨੂੰ ਸਵੇਰੇ-ਸਵੇਰੇ, ਮੂੰਹ ਹਨ੍ਹੇਰੇ ਹੀ ਉਸ ਦੇ ਪਿੰਡ ਦੀ ਜੂਹ ਵਿਚ ਕਾਰ 'ਚੋਂ ਉਤਾਰ ਕੇ ਵਾਪਿਸ ਮੁੜ ਗਿਆ ਸੀ।....
ਕਿਸ਼ਤ 8
ਤਾਪੋ ਵਾਲ਼ਾ 'ਕੰਡਾ' ਤਾਂ ਲੋਕਾਂ ਨੇ 'ਕੱਢ' ਦਿੱਤਾ ਸੀ।
ਪਰ ਹੁਣ ਸਰਪੰਚ ਨੂੰ ਆਪਣਾ ਫ਼ਿਕਰ ਪਿਆ ਹੋਇਆ ਸੀ। ਉਸ ਨੂੰ ਇਹੀ ਡਰ ਖਾ ਰਿਹਾ ਸੀ ਕਿ ਜਿਸ ਦਿਨ ਕੁੜੀ ਨੂੰ ਸੁਰਤ ਆ ਗਈ, ਜਾਂ ਕੁੜੀ ਠੀਕ ਹੋ ਗਈ, ਤੇ ਜੇ ਕੁੜੀ ਨੇ ਮੈਨੂੰ ਪਛਾਣ ਲਿਆ, ਤਾਂ ਮੇਰੇ ਵਾਲ਼ਾ ਸੰਖ ਪਿੰਡ ਵਾਲ਼ੇ ਜ਼ਰੂਰ ਵਜਾਉਣਗੇ। ਹੋ ਸਕਦੈ ਬਲਾਤਕਾਰ ਦੇ ਕੇਸ ਵਿਚ ਜੇਲ੍ਹ ਦੀਆਂ ਰੋਟੀਆਂ ਵੀ ਖਾਣੀਆਂ ਪੈਣ...? ਉਹ ਵਾਰ-ਵਾਰ ਇਹੀ ਗੱਲ ਸੋਚ ਕੇ ਤ੍ਰਭਕ ਜਾਂਦਾ ਸੀ।
ਤਾਪੋ ਉਸ ਦੀ ਹਮਰਾਜ਼ ਸੀ। ਸਹਿਯੋਗੀ ਸੀ। ਤਾਪੋ ਸੱਤਾਂ ਪੱਤਣਾਂ ਦੀ 'ਤਾਰੂ', ਦਿਮਾਗੀ ਔਰਤ ਸੀ। ਉਸ ਨੂੰ ਹਰ ਮਸਲੇ ਨਾਲ਼ ਨਜਿੱਠਣਾਂ ਆਉਂਦਾ ਸੀ। ਤਾਪੋ ਦੇ ਖੰਭਾਂ 'ਤੇ ਤਾਂ ਸਰਪੰਚ ਉਡਦਾ ਸੀ। ਪਰ ਹੁਣ ਤਾਂ ਉਸ ਦਾ ਰਿਹਾ ਹੀ ਕੋਈ ਨਹੀਂ ਸੀ। ਜੇ ਉਹ ਆਸ਼ਰਮ ਜਾਂਦਾ ਸੀ ਤਾਂ ਕੋਈ ਉਸ ਦੀ ਬਾਤ ਨਹੀਂ ਪੁੱਛਦਾ ਸੀ। ਤਾਪੋ ਦੇ ਸਿਰ 'ਤੇ ਤਾਂ ਉਸ ਨੂੰ ਆਸ਼ਰਮ ਵਿਚ ਹੱਥੀਂ ਛਾਂਵਾਂ ਹੁੰਦੀਆਂ ਸੀ। ਪਰ ਹੁਣ ਤਾਂ ਉਸ ਨੂੰ ਕੋਈ ਬੇਰਾਂ ਵੱਟੇ ਨਹੀਂ ਪਛਾਣਦਾ ਸੀ। ਹੋਰ ਤਾਂ ਹੋਰ, ਉਸ ਨੂੰ ਤਾਂ ਹੁਣ ਕੋਈ ਸੁਆਮੀ ਜੀ ਨੂੰ ਮਿਲਣ ਤੱਕ ਨਹੀਂ ਦਿੰਦਾ ਸੀ। ਇਸ ਲਈ ਉਹ ਆਪਣੇ ਹਰਾਸ ਜਿਹੇ ਮਾਰ, ਦਰ-ਦਰ ਭਟਕਦਾ ਜਿਹਾ ਫ਼ਿਰਦਾ ਸੀ। ਕਈ ਵਾਰ ਉਸ ਦੇ ਮਨ ਵਿਚ ਆਇਆ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਨਿੰਮੀ ਨੂੰ ਖ਼ਤਮ ਕਰ ਦੇਵੇ। ਪਰ ਕਿਵੇਂ..? ਨਿੰਮੀ ਦੁਆਲ਼ੇ ਤਾਂ ਪਤਾ ਲੈਣ ਵਾਲ਼ਿਆਂ ਦਾ ਹੀ ਬੜਾ 'ਤਾਂਤਾ' ਬੱਝਿਆ ਰਹਿੰਦਾ ਸੀ। ਘਰ ਦੇ ਉਸ ਦਾ ਇੱਕ ਮਿੰਟ ਦਾ ਵੀ ਵਿਸਾਹ ਨਹੀਂ ਕਰਦੇ ਸਨ।
ਸਰਪੰਚੀ ਦੀਆਂ ਚੋਣਾਂ ਅੱਗੇ ਆ ਰਹੀਆਂ ਸਨ।
ਸਰਪੰਚ ਵਾਰ-ਵਾਰ ਆਸ਼ਰਮ ਦੇ ਗੇੜੇ ਕੱਢ ਰਿਹਾ ਸੀ। ਪਰ ਉਸ ਦੀ ਕੋਈ ਗੱਲ ਨਹੀਂ ਸੁਣ ਰਿਹਾ ਸੀ। ਹਰ ਵਾਰ ਉਹ ਡਿੱਕਡੋਲੇ ਖਾਂਦਾ, ਘੋਰ ਨਿਰਾਸ਼ ਘਰ ਨੂੰ ਪਰਤਦਾ। ਉਸ ਨੂੰ ਇਹ ਮਹਿਸੂਸ ਹੋਣ ਲੱਗ ਗਿਆ ਸੀ ਕਿ ਹੁਣ ਮੇਰੀ ਸਰਦਾਰੀ ਦੇ ਦਿਨ 'ਪੁੱਗ' ਗਏ ਸਨ ਅਤੇ ਨਵੀਂ ਪੀੜ੍ਹੀ ਅਗਲੀਆਂ ਚੋਣਾਂ ਵਿਚ ਜ਼ਰੂਰ ਅੱਗੇ ਆਵੇਗੀ। ਦੂਜੇ ਪਾਸੇ ਜੂਪੇ ਹੋਰੀਂ ਵੀ ਮੁੱਠੀਆਂ ਵਿਚ ਥੁੱਕੀ ਫ਼ਿਰਦੇ ਸਨ ਕਿ ਸਰਪੰਚ ਨੇ ਪਿੰਡ ਦਾ ਕੁਛ ਨਹੀਂ ਸੁਆਰਿਆ ਸੀ। ਇਸ ਵਾਰ ਕਿਸੇ ਨਵੇਂ ਬੰਦੇ ਦੇ ਮੋਢੇ 'ਤੇ ਜ਼ਿੰਮੇਵਾਰੀ ਸੁੱਟੀ ਜਾਵੇ! ਖੁੜਕ ਸਰਪੰਚ ਨੂੰ ਵੀ ਗਈ ਸੀ ਕਿ ਜੇ ਨਵੀਂ ਪੀੜ੍ਹੀ ਨੇ ਬੀੜਾ ਚੁੱਕ ਲਿਆ, ਮੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ। ਪਰ ਉਹ ਨਸ਼ਿਆਂ ਦੇ ਸਿਰ 'ਤੇ ਚੋਣਾਂ ਵਿਚ ਬਾਜ਼ੀ ਮਾਰਨੀ ਚਾਹੁੰਦਾ ਸੀ। ਪਰ ਪਿੰਡ ਦੇ ਅਮਲੀ ਬੰਦਿਆਂ ਦਾ ਉਸ ਨੂੰ ਕੋਈ ਇਤਬਾਰ ਨਹੀਂ ਸੀ। ਉਹ ਦਾਰੂ-ਦੱਪਾ ਸਰਪੰਚ ਕੋਲ਼ੋਂ ਪੀ ਜਾਂਦੇ ਸਨ ਅਤੇ ਵੋਟ ਉਸ ਦੇ ਵਿਰੋਧੀ ਨੂੰ ਪਾ ਆਉਂਦੇ ਸਨ। ਇਸ ਲਈ ਸਰਪੰਚ ਢੇਰੀ ਜਿਹੀ ਢਾਹੀ ਫ਼ਿਰਦਾ ਸੀ। ਅੱਗੇ ਤਾਪੋ ਉਸ ਨੂੰ ਆਸ਼ਰਮ ਤੋਂ ਖ਼ਰਚਾ-ਬਰਚਾ ਵੀ ਲੈ ਦਿੰਦੀ ਸੀ। ਪਰ ਇਸ ਵਾਰ ਤਾਂ ਉਸ ਨੂੰ ਜੱਗ ਹਨ੍ਹੇਰ ਹੀ ਨਜ਼ਰ ਆਉਂਦਾ ਸੀ। ਕੋਈ ਆਰਥਿਕ ਮੱਦਦ ਕਰਨ ਵਾਲ਼ਾ ਵੀ ਅੱਗੇ ਨਹੀਂ ਆ ਰਿਹਾ ਸੀ।
ਇਸ ਵਾਰ ਨਵੀਂ ਪੀੜ੍ਹੀ ਲਾਂਗੜ ਕਸੀ ਫ਼ਿਰਦੀ ਸੀ ਕਿ ਐਤਕੀਂ ਸਰਪੰਚੀ ਦੀ ਚੋਣ ਜਿੱਤਣੀ ਹੈ ਅਤੇ ਪਿੰਡ ਦਾ ਮੂੰਹ-ਮੱਥਾ ਸੁਆਰਨਾਂ ਹੈ! ਪਿੰਡ ਦਾ ਪੜ੍ਹਿਆ-ਲਿਖਿਆ ਤਬਕਾ ਇਸ ਵਾਰ ਪਿੰਡ ਦੀ ਨੁਹਾਰ ਬਦਲ ਦੇਣ ਦੇ ਹੱਕ ਵਿਚ ਝੰਡਾ ਚੁੱਕੀ ਫ਼ਿਰਦਾ ਸੀ। ਸਰਪੰਚੀ ਖੁੱਸਣ ਦਾ ਜਿਹੜਾ ਡਰ ਸਰਪੰਚ ਨੂੰ ਸੀ, ਉਹ ਤਾਂ ਹੈ ਹੀ ਸੀ। ਪਰ ਉਸ ਨੂੰ ਵੱਡਾ ਡਰ ਨਿੰਮੀ ਦਾ ਖਾਈ ਜਾ ਰਿਹਾ ਸੀ ਕਿ ਜੇ ਕਿਤੇ ਪਿੰਡ ਵਾਲ਼ਿਆਂ ਨੂੰ ਨਿੰਮੀ ਨਾਲ਼ ਜ਼ਬਰਜਨਾਂਹ, ਮੇਰੀ ਤਾਪੋ ਨਾਲ਼ ਨਜ਼ਦੀਕੀ ਅਤੇ ਆਸ਼ਰਮ ਜਾਣ ਦਾ ਪਤਾ ਚੱਲ ਗਿਆ ਤਾਂ ਪਿੰਡ ਵਾਲ਼ੇ ਮੈਨੂੰ ਨੋਚ ਕੇ ਖਾ ਜਾਣਗੇ।
ਪੰਚਾਇਤੀ ਚੋਣਾਂ ਨੇੜੇ ਆ ਰਹੀਆਂ ਸਨ ਅਤੇ ਸਰਪੰਚ ਦਾ ਕਿਤੇ ਨਹੁੰ ਨਹੀਂ ਅੜ ਰਿਹਾ ਸੀ। ਉਸ ਨੇ ਸੋਚਿਆ ਕਿ ਪਿੰਡ ਸਾਹਮਣੇ ਸ਼ਰੇਆਮ ਹਾਰ ਕੇ ਬੇਪੱਤ ਹੋਣ ਨਾਲ਼ੋਂ ਤਾਂ ਆਪਣੇ ਆਪ ਹੀ ਵਾਗਡੋਰ ਨਵੀਂ ਪੀੜ੍ਹੀ ਹੱਥ ਦੇ ਦਿੱਤੀ ਜਾਵੇ। ਇਸ ਵਿਚ ਭਲਾਈ ਵੀ ਹੈ ਅਤੇ ਪਤ ਵੀ ਰਹਿ ਜਾਵੇਗੀ। ਸਰਪੰਚ ਹੰਢਿਆ ਵਰਤਿਆ ਸੱਤਾਂ ਪੱਤਣਾਂ ਦਾ ਤਾਰੂ ਬੰਦਾ ਸੀ। ਘਾਟ-ਘਾਟ ਦਾ ਪਾਣੀ ਪੀਤਾ ਹੋਇਆ ਸੀ।
ਅਗਲੀ ਸ਼ਾਮ ਉਸ ਨੇ ਪੰਚਾਇਤ ਇਕੱਠੀ ਕਰ ਲਈ। ਸਾਰੇ ਹੈਰਾਨ ਜਿਹੇ ਹੋ ਕੇ ਪੇਸ਼ ਹੋਏ ਸਨ। ਪਿੰਡ ਦਾ ਭਰਵਾਂ ਇਕੱਠ ਦੇਖ ਕੇ ਸਰਪੰਚ ਗਲ਼ ਵਿਚ ਪੱਲੂ ਪਾ ਕੇ ਖੜ੍ਹਾ ਹੋ ਗਿਆ।
-''ਮੇਰੇ ਨਗਰ ਨਿਵਾਸੀਓ..! ਮੈਂ ਤਾਂ ਤੁਹਾਨੂੰ ਇਹੀ ਬੇਨਤੀ ਕਰਨੀ ਚਾਹੁੰਨੈਂ ਬਈ ਸਾਡੇ ਅਨਪੜ੍ਹ ਬੰਦਿਆਂ ਦੇ ਵੇਲ਼ੇ ਤਾਂ ਗਏ ਵਿਹਾਅ..! ਹੁਣ ਪਿੰਡ ਦੀ ਸੇਵਾ ਤੇ ਭਲਾਈ ਲਈ ਨਵੀਂ ਪੀੜ੍ਹੀ ਨੂੰ ਅੱਗੇ ਆਉਣਾਂ ਚਾਹੀਦੈ..! ਦਾਸ ਅੱਜ ਸਾਰੇ ਨਗਰ ਖੇੜੇ ਅੱਗੇ ਪ੍ਰਣ ਕਰਦੈਂ, ਬਈ ਮੈਂ ਪੰਚਾਇਤੀ ਚੋਣਾਂ ਵਿਚ ਹਿੱਸਾ ਨਹੀਂ ਲੈਣਾਂ..! ਜਿਹੜਾ ਵੀ ਕੋਈ ਪੜ੍ਹਿਆ ਲਿਖਿਆ ਮੁੰਡਾ ਅੱਗੇ ਆਊਗਾ, ਮੈਂ ਉਸ ਨੂੰ ਪੂਰੀ ਹਮਾਇਤ ਦਿਊਂਗਾ..!"
-''ਵਾਹ ਬਈ ਵਾਹ..!" ਬਹੁਤ ਸਾਰੀਆਂ ਅਵਾਜ਼ਾਂ ਆਈਆਂ।
-''ਆਹ ਕੀਤੀ ਨਾ ਮਰਦਾਂ ਵਾਲ਼ੀ ਗੱਲ..!"
-''ਇਹ ਐ ਅਸਲ ਇਮਾਨਦਾਰੀ..!"
-''ਨਹੀਂ ਰੀਸਾਂ ਬਈ ਸਰਪੈਂਚਾ..!"
-''ਬੋਲੇ ਸੋ ਨਿਹਾਲ...!"
-''ਸਤਿ ਸ੍ਰੀ ਅਕਾਲ...!"
ਧਰਮਸਾਲਾ ਦੀ ਇਮਾਰਤ ਗੂੰਜ ਉਠੀ।
-''ਪਿੰਡ 'ਚੋਂ ਕੋਈ ਪੜ੍ਹਿਆ ਲਿਖਿਆ ਨੌਜਵਾਨ ਮਿਥ ਲਿਆ ਜਾਵੇ, ਮੈਂ ਪੂਰੀ ਹਮਾਇਤ ਓਸ ਮਗਰ ਝੋਕ ਦਿਊਂਗਾ..! ਨਗਰ ਵਿਚ ਰੱਬ ਵਸਦਾ ਹੁੰਦੈ, ਮੈਂ ਸਾਰੇ ਪਿੰਡ ਅੱਗੇ ਇਹ ਵਾਅਦਾ ਕਰਦੈਂ, ਬਈ ਮੈਂ ਪਿੰਡ ਦੀ ਭਲਾਈ ਲਈ ਪੰਚਾਇਤੀ ਚੋਣਾਂ 'ਚੋਂ ਆਪਣੇ ਆਪ ਹੀ ਪਿੱਛੇ ਹਟ ਰਿਹੈਂ..! ਜਿੱਥੇ ਪੜ੍ਹਿਆਂ-ਲਿਖਿਆਂ ਨੇ ਗੱਲ ਕਰ ਲੈਣੀਂ ਹੁੰਦੀ ਐ, ਓਥੇ ਅਨਪੜ੍ਹ ਨਹੀਂ ਕਰ ਸਕਦੇ..!" ਉਸ ਨੇ ਮੁੜ ਦੁਹਰਾਇਆ। ਇੰਨੀ ਗੱਲ ਆਖ ਕੇ ਸਰਪੰਚ ਪਿੰਡ ਵਿਚ 'ਹੀਰੋ' ਬਣ ਗਿਆ ਸੀ। ਪੜ੍ਹੇ-ਲਿਖੇ ਉਸ ਦੀ 'ਚਾਲ' ਮੰਨ ਰਹੇ ਸਨ। ਪਰ ਅਨਪੜ੍ਹ ਲੋਕ ਉਸ ਦੇ 'ਤਿਆਗ' ਦੀ 'ਸ਼ਲਾਘਾ' ਕਰ ਰਹੇ ਸਨ।
ਲੋਕ ਸਿਫ਼ਤਾਂ ਕਰਦੇ ਆਪੋ-ਆਪਣੇ ਘਰ ਚਲੇ ਗਏ ਸਨ।
-''ਥੋਨੂੰ ਕੀ ਲੱਗਦੈ ਬਈ ਸਰਪੈਂਚ ਨੇ ਐਡੀ ਗੱਲ ਕਿਉਂ ਕੀਤੀ..?" ਜੂਪੇ ਨੇ ਗੱਲ ਚਲਾਈ।
-''ਬਈ ਅਸਲ ਗੱਲ ਦਾ ਤਾਂ ਪਤਾ ਨੀ, ਪਰ ਕੋਈ ਗੱਲ ਹੈ ਜ਼ਰੂਰ..!"
-''ਉਏ ਥੋਨੂੰ ਮੈਂ ਦੱਸਦੈਂ..!" ਬਾਲੀ ਨੇ ਕਿਹਾ।
-''ਸਰਪੈਂਚ ਨੂੰ ਮੂਰਖ਼ ਨਾ ਸਮਝੋ..! ਉਹ ਹੈਗਾ ਕਾਲ਼ਾ ਕਾਂ..! ਦੁਨੀਆਂ ਨੂੰ ਚਾਰਨ ਵਾਲ਼ਾ ਬੰਦਾ..! ਉਸ ਨੂੰ ਪਤਾ ਲੱਗ ਗਿਆ ਕਿ ਐਤਕੀਂ ਮੈਨੂੰ ਕਿਸੇ ਨੇ ਵੋਟ ਨੀ ਪਾਉਣੀ..! ਜਿਹੜੇ ਚਾਰ ਝੋਲ਼ੀ ਚੱਕ ਉਹਦੇ ਮਗਰ ਹੈਗੇ ਐ, ਉਹਨਾਂ ਦੀਆਂ ਵੋਟਾਂ ਨੇ ਉਸ ਨੂੰ ਜਿਤਾਉਣਾਂ ਨਹੀਂ..! ਕਿਉਂ ਨਾ ਆਪਣੀ ਇੱਜ਼ਤ ਆਪਣੇ ਹੱਥ ਰੱਖ ਕੇ ਆਪ ਈ ਪਾਸਾ ਵੱਟ ਲਿਆ ਜਾਵੇ..? ਉਹਨੇ ਇਕ ਤੀਰ ਨਾਲ਼ ਦੋ ਨਿਸ਼ਾਨੇ ਵਿੰਨ੍ਹੇ ਐਂ..! ਇੱਕ ਤਾਂ ਇਹ, ਕਿ ਲੋਕ ਮੇਰੀ ਇੱਜ਼ਤ ਕਰਦੇ ਰਹਿ ਜਾਣਗੇ, ਤੇ ਦੂਜਾ ਮੈਂ ਪਿੰਡ ਵਾਲ਼ਿਆਂ ਵਿਚ ਸੱਚਾ ਰਹਿ ਜਾਊਂਗਾ..! ਇਹ ਬਦਲਦੇ ਜ਼ਮਾਨੇ ਬਹੁਤ ਕੁਛ ਕਰਵਾ ਦਿੰਦੇ ਐ ਭਰਾਵੋ..!"
-''ਤੇ ਨਾਲ਼ੇ ਕਰੂਗਾ ਸਰਪੈਂਚ ਹੋਣ ਆਲ਼ੇ ਖਰਚੇ ਦਾ ਬਚਾਅ..!"
-''ਉਹ ਤਾਂ ਹੋਣਾਂ ਈ ਐਂ..!"
ਪੰਚਾਇਤੀ ਚੋਣਾਂ ਵੀ ਆ ਗਈਆਂ।
ਇਸ ਵਾਰ ਪਿੰਡ ਵਿਚ ਕੋਈ ਸਿਰ ਵੱਢਵਾਂ ਮੁਕਾਬਲਾ ਨਹੀਂ ਸੀ। ਵੋਟਰਾਂ ਦੀ ਜੋੜ-ਤੋੜ ਦਾ ਸਿਲਸਲਾ ਜ਼ਰੂਰ ਜਾਰੀ ਸੀ। ਅੰਦਰੋ-ਅੰਦਰੀ ਬੰਦੇ ਭੰਨ ਕੇ ਵੋਟਾਂ ਆਪਣੇ ਹੱਕ ਵਿਚ ਕੀਤੀਆਂ ਜਾ ਰਹੀਆਂ ਸਨ। ਸਰਪੰਚ ਬਹੁਤਾ ਕੋਈ ਉਤਸ਼ਾਹ ਨਹੀਂ ਦਿਖਾ ਰਿਹਾ ਸੀ। ਉਹ ਮਰੇ ਜਿਹੇ ਮਨ ਨਾਲ਼ ਵੋਟਾਂ ਵਿਚ ਮੱਦਦ ਜ਼ਰੂਰ ਕਰਦਾ ਦਿਖਾਈ ਦੇ ਰਿਹਾ ਸੀ। ਸਾਰੇ ਪਿੰਡ ਵਿਚ ਹੋਕਾ ਦੇ ਦਿੱਤਾ ਗਿਆ ਸੀ ਕਿ ਚੋਣਾਂ ਵਾਲ਼ੇ ਦਿਨ ਪਿੰਡ ਵਿਚ ਕੋਈ ਸ਼ਰਾਬ ਨਹੀਂ ਪੀਵੇਗਾ। ਪੀ ਕੇ ਕਿਸੇ ਤਰ੍ਹਾਂ ਦਾ ਵੀ ਝਗੜਾ ਕਰਨ ਵਾਲ਼ੇ ਨੂੰ ਪੰਚਾਇਤ ਵੱਲੋਂ 'ਦੰਡ' ਲਾਇਆ ਜਾਵੇਗਾ।
ਪੰਚਾਇਤੀ ਚੋਣਾਂ ਦਾ ਦਿਨ ਆਇਆ ਅਤੇ ਸੁੱਖ-ਸ਼ਾਂਤੀ ਨਾਲ਼ ਲੰਘ ਗਿਆ।
ਸ਼ਾਮ ਨੂੰ ਗਿਣਤੀ ਹੋਈ ਤਾਂ ਬਾਲੀ ਦੀਆਂ ਵੋਟਾਂ ਸਭ ਤੋਂ ਜ਼ਿਆਦਾ ਸਨ।
ਨੌਜਵਾਨ ਤਬਕੇ ਨੇ ਬਾਲੀ ਨੂੰ ਬਾਹਾਂ 'ਤੇ ਟੰਗ ਲਿਆ ਅਤੇ ਸਾਰੇ ਪਿੰਡ ਵਿਚ ਘੁੰਮਾਇਆ।
ਅਗਲੇ ਦਿਨ ਬਾਲੀ ਨੂੰ ਪਿੰਡ ਦਾ ਸਰਪੰਚ ਥਾਪ ਦਿੱਤਾ।
ਪਿੰਡ ਦੇ ਇਤਿਹਾਸ ਵਿਚ ਇੱਕ ਅਗਾਂਹ-ਵਧੂ ਪੰਨਾਂ ਜੁੜ ਗਿਆ ਸੀ। ਪੁਰਾਣੇ ਜੁੱਤੀ ਲਾਹ ਕੇ ਬੈਠ ਗਏ ਸਨ ਅਤੇ ਨਵਿਆਂ ਨੇ ਕਮਰਕਸੇ ਕਰ, ਪੈਰ ਜੁੱਤੀ ਪਾ ਲਈ ਸੀ।
ਕਿਸ਼ਤ 9
ਨਿੰਮੀ ਹੁਣ ਕੁਝ ਕੁ ਠੀਕ ਸੀ। ਪਰ ਪਿੰਡ ਵਾਲ਼ਿਆਂ ਦੇ ਸਹਿਯੋਗ ਨਾਲ਼ ਉਸ ਦਾ ਇਲਾਜ਼ ਨਿਰੰਤਰ ਚੱਲ ਰਿਹਾ ਸੀ। ਹੁਣ ਉਹ ਕਮਲ਼ ਜਿਹਾ ਮਾਰਨੋਂ ਤਾਂ ਹਟ ਗਈ ਸੀ। ਪਰ ਬਹੁਤਾ ਚੁੱਪ ਹੀ ਰਹਿੰਦੀ ਸੀ। ਬਾਲੀ ਦੇ ਦਿਲ ਵਿਚ ਇਹ ਸੀ ਕਿ ਗਲਤੀਆਂ ਮਾਨੁੱਖ ਨੂੰ ਸਬਕ ਦਿੰਦੀਆਂ ਹਨ। ਨਿੰਮੀ ਪੂਰੀ ਤਰ੍ਹਾਂ ਠੀਕ ਹੋ ਕੇ ਪਿੰਡ ਦੀਆਂ ਕੁੜੀਆਂ ਲਈ 'ਸੇਧ' ਬਣੇ ਕਿ ਦੇਖੋ ਮੇਰੇ ਨਾਲ਼ ਕੀ ਭਾਣਾਂ ਵਾਪਰਿਆ ਹੈ..? ਕਿਤੇ ਹੁਣ ਤੁਸੀਂ ਨਾ ਕੋਈ ਗਲਤੀ ਕਰ ਲਇਓ..! ਪਰ ਨਿੰਮੀ ਦੇ ਮਾਂ-ਬਾਪ ਕੁਝ ਹੋਰ ਸੋਚ ਰਹੇ ਸਨ। ਉਹਨਾਂ ਦੀ ਪਿੰਡ ਵਿਚ ਮਿੱਟੀ ਪੱਟੀ ਗਈ ਸੀ ਅਤੇ ਉਹ ਹੁਣ ਜਿੰਨੀ ਵੀ ਜਲਦੀ, ਨਿੰਮੀ ਦਾ ਵਿਆਹ ਕਰ ਦੇਣਾਂ ਚਾਹੁੰਦੇ ਸਨ। ਅੰਦਰੋ-ਅੰਦਰੀ ਉਹਨਾਂ ਨੇ ਰਿਸ਼ਤੇਦਾਰਾਂ ਨਾਲ਼ ਗੱਲ ਵੀ ਚਲਾ ਰੱਖੀ ਸੀ। ਪਰ ਨਿੰਮੀ ਕਿਸੇ ਵਿਆਹ ਦੇ ਹੱਕ ਵਿਚ ਨਹੀਂ ਸੀ। ਉਸ ਨੂੰ ਵਿਆਹ ਦੇ ਨਾਂ ਤੋਂ ਹੀ ਘ੍ਰਿਣਾਂ ਹੋਈ ਪਈ ਸੀ। ਕਿੰਦੀ ਅਤੇ ਸੀਤਲ ਵਰਗੀ ਔਰਤ ਜ਼ਾਤ ਨਾਲ਼ ਉਸ ਨੂੰ ਸਭ ਤੋਂ ਵੱਧ ਨਫ਼ਰਤ ਸੀ, ਜਿਹਨਾਂ ਨੇ ਉਸ ਨੂੰ ਸਬਜ਼ਬਾਗ ਦਿਖਾ ਕੇ ਜੰਗਲੀ ਸਾਹਨਾਂ ਵਿਚ ਲਿਜਾ ਸੁੱਟਿਆ ਸੀ ਅਤੇ ਫ਼ਿਰ ਉਹਨਾਂ ਨੇ ਉਸ ਦੇ ਅਛੁਹ ਅਤੇ ਪਾਕ ਸਰੀਰ ਦੀ ਖੁਰਗੋ ਪੱਟੀ ਸੀ।
ਹਫ਼ਤੇ ਕੁ ਬਾਅਦ ਨਿੰਮੀ ਦੀ ਦੂਰੋਂ ਲੱਗਦੀ ਭੂਆ ਨੇ ਇੱਕ ਰਿਸ਼ਤਾ ਲੱਭ ਲਿਆ।
-''ਮੁੰਡਾ ਤਾਂ ਭਰਾਵਾ ਹੈਗਾ ਹੱਥ 'ਚ, ਤੇ ਹੈ ਵੀ ਬਾਹਰ ਵਲੈਤ 'ਚ..! ਪਰ ਆਪਣੀ ਨਿੰਮੀ ਨਾਲ਼ੋਂ ਉਮਰ ਦਾ ਫ਼ਰਕ ਐ..!" ਭੂਆ ਨੇ ਨਿੰਮੀ ਦੇ ਬਾਪੂ ਨੂੰ ਕਿਹਾ।
-''ਥੋੜੀ ਬਹੁਤੀ ਉਮਰ ਦਾ ਵੀ ਤੁੱਕਾ ਚੱਲ ਜਾਂਦੈ, ਬੀਬੀ..!" ਨਿੰਮੀ ਦੇ ਬਾਪੂ ਦੀ ਥਾਂ ਨਿੰਮੀ ਦੀ ਮਾਂ ਬੋਲੀ।
-''ਤਾਂ ਵੀ ਕਿੰਨਾਂ ਕੁ ਫ਼ਰਕ ਐ ਭਾਈ..?" ਬਾਪੂ ਨੇ ਉਮਰ ਦਾ ਨਿਰਣਾਂ ਲੈਣਾਂ ਚਾਹਿਆ।
ਉਹ ਦੱਬਵੇਂ ਜਿਹੇ ਲਹਿਜੇ ਨਾਲ਼ ਗੱਲ ਕਰਨ ਦੇ ਰੌਂਅ ਵਿਚ ਉਹਨਾਂ ਦੇ ਨੇੜੇ ਹੋ ਗਈ।
-''ਕੰਧਾਂ ਦੇ ਵੀ ਕੰਨ ਹੁੰਦੇ ਐ ਭਰਾਵਾ..!" ਉਹ ਪਿੜ ਵਿਚ ਫ਼ਿਰਦੀ ਬੱਤਖ਼ ਵਾਂਗ ਘਿਸੜ ਕੇ ਨੇੜੇ ਹੋਈ ਸੀ, ''ਮੁੰਡੇ ਦੀ ਉਮਰ ਤਾਂ ਕੁੜੀ ਨਾਲ਼ੋਂ ਦੁੱਗਣੀ ਐਂ..! ਮੈਂ ਤਾਂ ਸੋਚਿਆ ਇੱਕ ਤਾਂ ਮੁੰਡਾ ਵਲੈਤ 'ਚ ਐ ਤੇ ਦੂਜੀ ਆਪਣੀ ਕੁੜੀ ਓਸ ਗੱਲ ਦੇ ਆਖਣ ਮਾਂਗੂੰ ਬੱਜੋਰੱਤੀ ਐ..! ਪਿੰਡ 'ਚ ਬੇਇਜ਼ਤੀ ਹੋਈ ਵੀ ਐ, ਵਿਆਹ ਕਰਵਾ ਕੇ ਵਲੈਤ ਚਲੀ ਜਾਊਗੀ ਤੇ ਸਾਰਾ ਬੀਤਿਆ ਕਰਿਆ ਈ ਢਕਿਆ ਜਾਊਗਾ..!"
ਭੂਆ ਦੀ ਇਤਨੀ ਆਖੀ ਗੱਲ ਤੋਂ ਮਾਂ-ਬਾਪ ਅੱਧੇ ਸਹਿਮਤ ਹੋ ਗਏ। ਪਿੰਡ ਵਿਚ ਹੋਈ ਹੇਠੀ ਤਾਂ ਉਹ ਵੀ ਮਹਿਸੂਸ ਕਰਦੇ ਸਨ। ਕੁੜੀ ਦੀ ਬਿਮਾਰੀ ਬਾਰੇ ਵੀ ਉਹਨਾਂ ਨੂੰ ਭਲੀ-ਭਾਂਤ ਪਤਾ ਸੀ। ਇਸ ਲਈ ਉਹ ਦੁਬਿਧਾ ਵਿਚ ਫ਼ਸੇ ਹੋਏ ਸਨ। ਨਾ ਤਾਂ ਉਹ ਦੁੱਗਣੀ ਉਮਰ ਦੇ 'ਮੁੰਡੇ' ਨਾਲ਼ ਕੁੜੀ ਨੂੰ ਵਿਆਹੁੰਣਾਂ ਚਾਹੁੰਦੇ ਸਨ ਅਤੇ ਨਾ ਹੀ ਉਹਨਾਂ ਨੂੰ ਕੋਈ ਹੋਰ ਰਸਤਾ ਹੀ ਨਜ਼ਰ ਆਉਂਦਾ ਸੀ। ਉਹ ਦੋਸਾਂਗ ਵਿਚ ਫ਼ਸੇ ਪੰਛੀ ਵਾਂਗ ਬੇਵੱਸ ਸਨ।
ਨਿੰਮੀ ਸਿਹਤ ਪੱਖੋਂ ਹੁਣ ਠੀਕ ਸੀ।
ਆਸ਼ਰਮ ਵਿਚ ਹੋਏ ਧੱਕੇ ਬਾਰੇ ਉਹ ਦਿਮਾਗ 'ਤੇ ਪੂਰਾ ਜ਼ੋਰ ਪਾ ਕੇ ਸੋਚਦੀ। ਪਰ ਉਸ ਨੂੰ ਕੋਈ ਵੀ ਗੱਲ ਚੇਤੇ ਨਾ ਆਉਂਦੀ। ਪਰ ਕਦੇ-ਕਦੇ ਉਸ ਨੂੰ ਕੋਈ ਭਰਮ, ਕੋਈ ਭੁਲੇਖਾ ਜਿਹਾ ਜ਼ਰੂਰ ਪੈਂਦਾ ਸੀ ਕਿ ਪਿੰਡ ਦਾ ਸਰਪੰਚ ਵੀ ਉਸ ਨਾਲ਼ 'ਕੁਕਰਮ' ਕਰ ਕੇ ਗਿਆ ਸੀ। ਪਰ ਉਹ ਯਕੀਨ ਨਾਲ਼ ਉਂਗਲ਼ ਧਰ ਕੇ ਕੁਛ ਨਹੀਂ ਆਖ ਸਕਦੀ ਸੀ। ਫ਼ਿਰ ਜਿਸ ਦਿਨ ਤਾਪੋ ਦਾ ਕਤਲ ਹੋਇਆ ਸੀ, ਤਾਂ ਉਸ ਦੇ ਸੀਨੇ ਠੰਢ ਪੈ ਗਈ ਸੀ। ਆਸ਼ਰਮ ਵਿਚ ਸੀਤਲ ਅਤੇ ਕਿੰਦੀ ਤਾਪੋ ਦਾ ਆਮ ਹੀ ਜ਼ਿਕਰ ਕਰਦੀਆਂ ਰਹੀਆਂ ਸਨ ਅਤੇ ਤਾਪੋ ਹੀ ਨਿੰਮੀ ਨੂੰ ਸੀਤਲ ਦੇ ਬਿਊਟੀ ਪਾਰਲਰ ਵਿਚ ਛੱਡ ਕੇ ਆਈ ਸੀ। ਇਹ ਇੱਕ ਬਹੁਤ ਵੱਡਾ 'ਨੈੱਟਵਰਕ' ਸੀ, ਜੋ ਆਪਣੇ-ਆਪਣੇ ਢੰਗ ਅਤੇ ਆਪਣੇ-ਆਪਣੇ ਅਨੁਸਾਰ ਕੰਮ ਕਰ ਰਿਹਾ ਸੀ।
ਜਦ ਨਿੰਮੀ ਨੇ ਮਹਿਸੂਸ ਕੀਤਾ ਕਿ ਮੇਰੇ ਮਾਂ-ਬਾਪ ਮੇਰੀ ਬਿਮਾਰੀ ਅਤੇ ਪਿੰਡ ਵਿਚ ਹੋਈ ਬੇਇੱਜ਼ਤੀ ਕਾਰਨ ਮੈਨੂੰ 'ਬੁੱਢੇ' ਦੇ ਲੜ ਲਾ ਦੇਣਗੇ ਤਾਂ ਉਸ ਨੇ ਘਰੋਂ ਭੱਜਣ ਦਾ ਮਨ ਬਣਾ ਲਿਆ। ਪਰ ਜਾਊਂਗੀ ਕਿੱਥੇ..? ਇਹ ਸੁਆਲ ਉਸ ਦੇ ਪੈਰਾਂ ਦੀਆਂ ਬੇੜੀਆਂ ਬਣ ਜਾਂਦਾ। ਹੁਣ ਉਸ ਨੂੰ ਭੇੜੀਏ ਵਰਗੀ ਦੁਨੀਆਂ ਤੋਂ ਡਰ ਲੱਗਣ ਲੱਗ ਪਿਆ ਸੀ। ਚਾਹੇ ਜ਼ਿੰਦਗੀ ਵਿਚ ਉਸ ਤੋਂ ਘੋਰ ਅਵੱਗਿਆ ਹੋ ਗਈ ਸੀ, ਪਰ ਆਪਣੀ ਜ਼ਿੰਦਗੀ ਬਾਰੇ ਏਡਾ ਭਿਆਨਕ ਫ਼ੈਸਲਾ ਵੀ ਉਸ ਨੂੰ ਮਨਜ਼ੂਰ ਨਹੀਂ ਸੀ ਕਿ ਕੋਈ ਬੁੱਢਾ ਉਸ ਨੂੰ ਵਿਆਹ ਕੇ ਲੈ ਜਾਵੇ। ਉਹ ਮੰਨਦੀ ਸੀ ਕਿ ਭਵਿੱਖ ਸੁਆਰਨ ਦਾ ਸੁਪਨਾ ਮਨ ਵਿਚ ਬੁਣ ਕੇ ਉਹ ਤੁਰੀ ਸੀ ਅਤੇ ਉਸ ਨਾਲ਼ ਇਤਨਾ ਵੱਡਾ ਹਾਦਸਾ ਵਾਪਰ ਗਿਆ ਸੀ। ਪਰ ਉਸ ਨੇ ਇਹ ਸਾਰਾ ਕੁਛ ਜਾਣ-ਬੁੱਝ ਕੇ ਤਾਂ ਨਹੀਂ ਕੀਤਾ ਸੀ। ਕਿਸੇ ਦੀ ਉਕਸਾਈ ਉਹ ਗਲਤ ਜਗਾਹ ਗਈ ਜ਼ਰੂਰ ਸੀ। ਪਰ ਉਸ ਨੂੰ ਆਪਣੇ ਇਸ ਹਸ਼ਰ ਦਾ ਤਾਂ ਬਿਲਕੁਲ ਹੀ ਨਹੀਂ ਪਤਾ ਸੀ। ਉਹ ਤਾਂ ਸੁਆਮੀ ਜੀ ਵਰਗਿਆਂ ਨੂੰ 'ਰੱਬ' ਮੰਨ ਕੇ ਦਿਲ ਵਿਚ ਹੀ 'ਪੂਜਣ' ਲੱਗ ਪਈ ਸੀ। ਉਸ ਨੂੰ ਕੀ ਪਤਾ ਸੀ ਕਿ ਸੁਆਮੀ ਜੀ ਵਰਗੇ ਅੰਦਰੋਂ ਕਾਮੀ ਕੁੱਤੇ ਅਤੇ ਫ਼ਰੇਬੀ ਬਘਿਆੜ ਹੋਣਗੇ..? ਉਹ ਦਿਨ ਰਾਤ ਇਹੀ ਸੋਚ-ਸੋਚ ਕੇ ਅੰਦਰੋ-ਅੰਦਰੀ ਖਪਦੀ-ਖਿਝਦੀ ਅਤੇ ਖ਼ਤਮ ਹੁੰਦੀ ਰਹਿੰਦੀ।
ਘਰ ਵਿਚ ਨਿੰਮੀ ਦੇ ਵਿਆਹ ਦਾ ਮਸਲਾ ਜ਼ੋਰ ਫ਼ੜਨ ਲੱਗ ਪਿਆ। ਤੀਜੇ ਦਿਨ ਭੂਆ ਭੂਤ ਵਾਂਗੂੰ ਘਰ ਆ ਵੱਜਦੀ ਅਤੇ ਨਿੰਮੀ ਦੇ ਮਾਂ-ਬਾਪ ਨਾਲ਼ ਪਤਾ ਨਹੀਂ ਕੀ-ਕੀ 'ਗੁਫ਼ਤਗੂ' ਕਰਦੀ ਰਹਿੰਦੀ। ਭੂਆ ਗੱਲ ਗੱਲ 'ਤੇ ਨਿੰਮੀ ਨੂੰ 'ਕਮਲ਼ੀ-ਰਮਲ਼ੀ' ਅਤੇ 'ਬੱਜੋਰੱਤੀ' ਗਰਦਾਨਦੀ ਰਹਿੰਦੀ। ਇਸ ਕਾਰਨ ਨਿੰਮੀ ਨੂੰ ਅੱਤ ਦੀ ਚੇਹ ਚੜ੍ਹ ਜਾਂਦੀ। ਉਹ ਮੰਨਦੀ ਸੀ ਕਿ ਸਦਮੇਂ ਕਾਰਨ ਉਸ ਦਾ ਦਿਮਾਗ 'ਹਿੱਲ' ਗਿਆ ਸੀ। ਪਰ ਇਸ ਦਾ ਮਤਲਬ ਇਹ ਵੀ ਨਹੀਂ ਸੀ ਕਿ ਅੱਠੇ ਪਹਿਰ ਉਸ ਨੂੰ 'ਇੱਕੋ' ਗੱਲ ਆਖ-ਆਖ ਕੇ ਹੀਣ-ਭਾਵਨਾਂ ਵਿਚ ਪਾਇਆ ਜਾਵੇ।
ਨਿੰਮੀ ਦਾ ਹਿਰਦਾ ਤਾਂ ਉਦੋਂ ਕੰਬਿਆ, ਜਦੋਂ ਵਲਾਇਤੀ 'ਲਾੜਾ' ਉਸ ਨੂੰ ਦੇਖਣ ਆਇਆ।
ਮਾਂ ਸਵੇਰ ਦੀ ਹੀ ਰਸੋਈ ਵਿਚ ਰੁੱਝੀ ਹੋਈ ਸੀ। ਬਾਪੂ ਵੀ ਬਾਹਰੋਂ 'ਪੀਣ' ਦੇ ਸਮਾਨ ਦਾ ਪ੍ਰਬੰਧ ਕਰ ਲਿਆਇਆ ਸੀ। ਪਰ ਨਿੰਮੀ ਚੁੱਪ ਸੀ। ਦੁਪਿਹਰੋਂ ਬਾਅਦ ਭੂਆ ਸਮੇਤ ਤਿੰਨ ਜਾਣੇ ਉਹਨਾਂ ਦੇ ਘਰ ਆ ਗਏ। ਭੂਆ ਮਹਿਮਾਨਾਂ ਅੱਗੇ 'ਊਰੀ' ਬਣੀ 'ਘੁਕ' ਰਹੀ ਸੀ। ਜਿਵੇਂ ਉਸ ਦੇ ਧਰਤੀ 'ਤੇ ਪੈਰ ਨਹੀਂ ਲੱਗਦੇ ਸਨ। ਉਹ ਵਾਰ-ਵਾਰ ਨਿੰਮੀ ਨੂੰ 'ਤਿਆਰ' ਕਰਨ ਲਈ ਆਖ ਰਹੀ ਸੀ। ਪਰ ਨਿੰਮੀ ਨੂੰ ਇਹ ਸਮਝ ਨਹੀਂ ਪੈ ਰਹੀ ਸੀ ਕਿ ਅੱਜ ਉਸ ਨੂੰ 'ਦਿਖਾਉਣ' ਦਾ ਦਿਨ ਸੀ ਕਿ ਵਿਦੇਸ਼ੀ ਲਾੜੇ ਨੇ ਉਸ ਨੂੰ ਨਾਲ਼ ਹੀ ਲੈ ਜਾਣਾ ਸੀ...? ਪਰ ਉਸ ਦੇ ਦਿਮਾਗ ਵਿਚ ਖ਼ਤਰੇ ਦੀਆਂ ਘੰਟੀਆਂ ਜ਼ਰੂਰ ਖੜਕ ਰਹੀਆਂ ਸਨ ਕਿ ਇਹ ਰਿਸ਼ਤਾ ਘੱਟੋ-ਘੱਟ ਮੇਰੇ ਲਈ ਨਫ਼ੇ ਵਾਲ਼ਾ ਸੌਦਾ ਨਹੀਂ ਸੀ। ਨਿੰਮੀ ਨੂੰ ਭੱਜਣ ਨੂੰ ਕੋਈ ਰਾਹ ਨਹੀਂ ਲੱਭ ਰਿਹਾ ਸੀ। ਉਹ ਹਨ੍ਹੇਰੀ ਗੁਫ਼ਾ ਵਿਚ ਅੰਨ੍ਹਿਆਂ ਵਾਂਗ 'ਕਰੋਲ਼ੇ' ਦੇ ਰਹੀ ਸੀ।
ਅਖ਼ੀਰ ਬਲੀ ਦੇਣ ਵਾਲ਼ੇ ਬੱਕਰੇ ਵਾਂਗ ਨਿੰਮੀ ਨੂੰ 'ਤਿਆਰ' ਕਰ ਕੇ ਵਲਾਇਤੀ 'ਲਾੜੇ' ਦੇ ਅੱਗੇ 'ਪੇਸ਼' ਕਰ ਦਿੱਤਾ ਗਿਆ।
-''ਐਧਰ ਸਾਹਮਣੇ ਬੈਠ ਧੀਏ..! ਆਹ ਮੁੰਡੈ..! ਮਹਾਰਾਜ ਭਾਗ ਲਾਵੇ..! ਧਰ ਧਰ ਭੁੱਲੇਂਗੀ..!" ਭੂਆ ਨੇ ਉਸ ਨੂੰ ਇੱਕ ਬੇਢਬੇ ਜਿਹੇ ਆਦਮੀ ਦੇ ਸਾਹਮਣੇ ਬੈਠਣ ਲਈ ਕਿਹਾ। ਸਿਰੋਂ ਗੰਜਾ, ਸੰਖ ਵਰਗਾ ਬੰਦਾ ਜਦ ਨਿੰਮੀ ਨੂੰ ਦੇਖ ਕੇ ਮੁਸਕਰਾਇਆ ਤਾਂ ਪਕੌੜਿਆਂ ਵਰਗੇ ਪੀਲ਼ੇ ਦੰਦ ਜਿਵੇਂ ਨਿੰਮੀ ਨੂੰ 'ਖਾਣ' ਆਏ। ਨਿੰਮੀ ਨੂੰ ਇਹ ਮਹਿਸੂਸ ਹੋਇਆ ਜਿਵੇਂ ਉਹ ਵਿਦੇਸ਼ੀ ਲਾੜਾ ਨਹੀਂ, ਮੁਰਦੇ ਦੀ ਕੋਈ ਖੋਪੜੀ ਹੱਸੀ ਸੀ। ਜਦ ਉਸ ਨੇ ਉਸ ਦੇ ਹੱਥਾਂ 'ਤੇ ਨਜ਼ਰ ਮਾਰੀ ਤਾਂ ਨਿੰਮੀ ਨੂੰ ਉਸ ਦੇ ਹੱਥ ਰੇਗਮਾਰ ਵਰਗੇ ਜਾਪੇ ਅਤੇ ਮਹਿਸੂਸ ਹੋਇਆ ਜਿਵੇਂ ਯੁੱਗਾਂ ਤੋਂ ਉਸ ਨੇ ਆਪਣੇ ਨਹੁੰ ਨਹੀਂ ਕੱਟੇ ਸਨ। ਦੈਂਤ ਦੇ ਨਹੁੰਆਂ ਵਰਗੇ ਨਹੁੰ ਨਿੰਮੀ ਨੂੰ ਘਰੂਟ ਮਾਰਨ ਆ ਰਹੇ ਸਨ। ਢਿੱਡ ਉਸ ਦਾ ਤੰਦੂਰ ਵਰਗਾ ਸੀ ਅਤੇ ਚਾਰ ਮਣ ਦਾ ਬੋਤੇ ਵਰਗਾ ਬੰਦਾ ਪੂਰੇ ਮੰਜੇ 'ਤੇ ਪਸਰਿਆ ਨਹੀਂ, ਖਿੱਲਰਿਆ ਜਿਹਾ ਬੈਠਾ ਸੀ। ਸਾਹਮਣੇ ਮੇਜ਼ 'ਤੇ ਪਈ ਬੋਤਲ ਉਸ ਨੇ ਚਹੁੰ ਪੈੱਗਾਂ ਵਿਚ ਹੀ ਸਿਰੇ ਲਾ ਧਰੀ ਸੀ। ਦੇਖ ਕੇ ਨਿੰਮੀ ਦਾ ਦਿਲ 'ਦਹਿਲ' ਗਿਆ। ਕੰਨਾਂ ਵਿਚ ਘੜਿਆਲ਼ ਖੜਕਣ ਲੱਗ ਪਏ।
-''ਕਰੋ ਭਾਈ ਕੋਈ ਗੱਲ ਬਾਤ, ਚੁੱਪ ਕਰੇ ਕਾਹਤੋਂ ਬੈਠੇ ਐਂ...?" ਭੂਆ ਨੇ ਮਾਹੌਲ ਦੀ ਚੁੱਪ ਭਾਂਪ ਕੇ ਕਿਹਾ। ਉਸ ਨੂੰ ਡਰ ਸੀ ਕਿ ਜੇ ਇਹ ਰਿਸ਼ਤਾ ਧੁਰ ਨਾ ਲੱਗਿਆ ਤਾਂ ਬਾਹਰਲੇ ਲਾੜੇ ਤੋਂ ਮਿਲ਼ਣ ਵਾਲ਼ਾ ਪੰਜਾਹ ਹਜ਼ਾਰ ਰੁਪਈਆ ਖੂਹ-ਖਾਤੇ ਵਿਚ ਪੈ ਜਾਵੇਗਾ!
-''ਨਾਲ਼ੇ ਤੂੰ ਬਾਹਲ਼ੀ ਨਾ ਪੀ ਜਾਹ ਬਾਈ..! ਤੇਰੀ ਸ਼ੂਗਰ ਵਧ ਜਾਊਗੀ..!" ਲਾੜੇ ਦੇ ਸਾਥੀ ਨੇ ਕਿਹਾ।
-''ਤੇ ਆਹ ਜਿਹੜੀ ਖੰਡ ਦੇ ਖੇਡਣੇ ਵਰਗੀ ਸਾਹਮਣੇ ਬੈਠੀ ਐ, ਸ਼ੂਗਰ ਤਾਂ ਮੇਰੀ ਇਹੀ ਬਥੇਰੀ ਵਧਾਈ ਜਾਂਦੀ ਐ..!" ਉਸ ਨੇ ਬੇਦਮਾਗਿਆਂ ਵਾਂਗ ਕਿਹਾ ਤਾਂ ਨਿੰਮੀ ਦਾ ਬਾਪ ਬਾਹਰ ਨਿਕਲ਼ ਗਿਆ।
-''ਤੈਨੂੰ ਦੱਸਿਆ ਸੀ ਭਾਈ ਬੰਤ..! ਬਈ ਕੁੜੀ ਤਾਂ ਬਥੇਰੀ ਸੋਹਣੀ ਸੁਣੱਖੀ ਐ, ਦੇਖ ਕੇ ਭੁੱਖ ਲਹਿੰਦੀ ਐ..! ਪਰ ਪਰਚੇ 'ਚੋਂ ਲੰਬਰ ਘੱਟ ਆਉਣ ਨਾਲ਼ ਥੋੜ੍ਹਾ ਜਿਆ ਡਮਾਕ 'ਚ ਨੁਕਸ ਪੈ ਗਿਆ ਸੀ..! ਕੋਹੜ੍ਹੀ ਵੀ ਗੱਲ ਦਿਲ 'ਤੇ ਲਾ ਗਈ..!" ਭੂਆ ਨੇ ਗੱਲ ਸਪੱਸ਼ਟ ਕਰ ਦੇਣੀਂ ਚਾਹੀ। ਉਹ ਆਪਣੇ ਤੌਰ 'ਤੇ ਸੱਚੀ ਰਹਿਣਾ ਚਾਹੁੰਦੀ ਸੀ।
-''ਨੰਬਰਾਂ ਨੂੰ ਮੈਂ ਕਿਹੜਾ ਇਹਨੂੰ ਕਾਨੂੰਗੋ ਲਾਉਣੈਂ ਚਾਚੀ..! ਦਿਮਾਗ ਦਾ ਨੁਕਸ ਤਾਂ ਪਹਿਲੀ ਰਾਤ ਈ ਚੱਕ ਦਿਆਂਗੇ..! ਜੇ ਅਗਲੇ ਦਿਨ ਨਾ ਟੱਲੀ ਮਾਂਗੂੰ ਖੜਕੀ ਤਾਂ ਮੈਨੂੰ ਫ਼ੜ ਲਈਂ, ਬਥੇਰੇ ਤਜ਼ਰਬੇ ਐ ਸਾਡੇ..!" ਉਸ ਨੇ ਬਦਮਗਜ਼ਾਂ ਵਾਂਗ ਫ਼ੇਰ ਕਿਹਾ ਅਤੇ ਸਾਹਮਣੇ ਭਰਿਆ ਪਿਆ ਦਾਰੂ ਦਾ ਗਿਲਾਸ ਹਲ਼ਕਿਆਂ ਵਾਂਗ ਪੀਤਾ ਨਹੀਂ, ਹਲ਼ਕ ਵਿਚ ਡੋਲ੍ਹਿਆ ਸੀ।
ਨਿੰਮੀ ਨੂੰ ਖਿਝ ਚੜ੍ਹੀ ਜਾ ਰਹੀ ਸੀ।
ਪਰ ਉਹ ਮਜਬੂਰੀ ਮੂੰਹ ਘੁੱਟ ਵੱਟੀ, ਚੁੱਪ ਕਰੀ ਬੈਠੀ ਸੀ।
ਥੋੜ੍ਹੇ ਸਮੇਂ ਵਿਚ ਹੀ ਬੰਤ ਸਿਉਂ ਤਕਰੀਬਨ ਦੋ ਬੋਤਲਾਂ ਅੰਦਰ ਡੋਲ੍ਹ ਚੁੱਕਾ ਸੀ।
ਮਣਾਂ-ਮੂੰਹੀਂ ਪੀਤੀ ਦਾਰੂ ਨਾਲ਼ ਸ਼ਰਾਬੀ ਹੋਣ ਕਾਰਨ ਉਸ ਦੇ ਮੂੰਹ ਵਿਚੋਂ 'ਲਾਲ਼ਾਂ' ਡਿੱਗਣ ਲੱਗ ਪਈਆਂ ਸਨ। ਦੇਖ ਦੇਖ ਕੇ ਨਿੰਮੀ ਨੂੰ ਘੁਮੇਰ ਆਈ ਜਾ ਰਹੀ ਸੀ। ਨਸ਼ੇ ਕਾਰਨ ਬੰਤ ਸਿੰਘ ਦੀਆਂ ਅੱਖਾਂ ਭੂਸਰੇ ਸਾਹਣ ਵਾਂਗ ਪੁੱਠੀਆਂ ਹੋ ਚੱਲੀਆਂ ਸਨ ਅਤੇ ਉਹ ਮੰਜੇ 'ਤੇ ਬੈਠਾ ਹੀ ਦਰਦ ਹੋਣ ਵਾਲ਼ੇ ਕੱਟਰੂ ਵਾਂਗ ਧੁਰਲ਼ੀਆਂ ਜਿਹੀਆਂ ਮਾਰਨ ਲੱਗ ਪਿਆ ਸੀ। ਨਿੰਮੀ ਉਥੋਂ ਭੱਜਣ ਵਾਲ਼ੀ ਹੋਈ ਪਈ ਸੀ। ਇਹ ਗੱਲ ਭੂਆ ਨੇ ਵੀ ਬੁਰੀ ਤਰ੍ਹਾਂ ਮਹਿਸੂਸ ਕਰ ਲਈ ਸੀ।
-''ਨਿੰਮੀ..! ਤੂੰ ਵੀ ਕੋਈ ਗੱਲ ਕਰ ਧੀਏ..! ਬੰਦੇ ਤਾਂ ਪੀ ਕੇ ਇਉਂ ਈ ਕਰਦੇ ਹੁੰਦੇ ਐ..! ਤੇਰਾ ਫ਼ੁੱਫ਼ੜ ਹੁਣ ਤੱਕ ਖੌਰੂ ਪੱਟਦੈ, ਪੀ ਕੇ..! ਨਾਲ਼ੇ ਬੁੜ੍ਹਾ ਹੋ ਗਿਆ..!"
-''ਆ-ਜਾ..! ਆ-ਜਾ ਮੇਰੀ ਨਿੰਮੋਂ..! ਆ, ਇੱਕ ਜੱਫ਼ੀ ਤਾਂ ਪਾਅ..!" ਉਸ ਨੇ ਬੋਤੇ ਵਾਂਗ ਹੰਭਲਾ ਜਿਹਾ ਮਾਰ ਕੇ ਉਠਣ ਦੀ ਕੋਸ਼ਿਸ਼ ਕੀਤੀ। ਪਰ ਨਸ਼ੇ ਕਾਰਨ ਭਾਰਾ ਸਰੀਰ ਡੋਲ ਗਿਆ ਅਤੇ ਬੋਹੜ ਦੇ ਮੁੱਛ ਵਾਂਗ ਮੰਜੇ 'ਤੇ ਹੀ ਜਾ ਪਿਆ।
ਮੰਜੇ ਦੀਆਂ ਚੂਲ਼ਾਂ ਨੇ ਦੁਹਾਈ ਮਚਾ ਦਿੱਤੀ।
-''ਬਚ ਕੇ ਮੋੜ ਤੋਂ..!" ਬੰਤ ਦੇ ਸਾਥੀ ਨੇ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ।
-''ਸਾਲੀ ਰੰਨ ਕਾਹਦੀ ਐ ਯਾਰ..? ਭੜ੍ਹਾਕੇ ਅਰਗੀ ਐ, ਮੇਰੀ ਤਾਂ ਸੁਰਤ ਈ ਮਾਰੀ ਗਈ..! ਆ ਜਾਹ ਨੱਢੀਏ..! ਆ ਮੇਰੀ ਹਿੱਕ ਨਾਲ਼ ਲੱਗ..!" ਉਹ ਬੱਕੜਵਾਹ ਕਰਨ ਲੱਗ ਪਿਆ।
ਨਿੰਮੀ ਕੰਨਾਂ 'ਤੇ ਹੱਥ ਰੱਖ ਕਮਰੇ ਵਿਚੋਂ ਭੱਜ ਆਈ।
ਉਸ ਦਾ ਦਿਲ ਚਿੜੀ ਦੇ ਬੱਚੇ ਵਾਂਗ 'ਫ਼ੜੱਕ-ਫ਼ੜੱਕ' ਵੱਜੀ ਜਾ ਰਿਹਾ ਸੀ ਅਤੇ ਕੰਨਾਂ ਵਿਚ ਬਿੰਡੇ ਟਿਆਂਕ ਰਹੇ ਸਨ। ਉਸ ਦਾ ਦਿਲ ਕਰਦਾ ਸੀ ਕਿ ਬੇਹਯਾ ਭੂਆ ਦੀ ਹਿੱਕ 'ਚ ਟੱਕਰ ਮਾਰ ਕੇ ਮਰ ਜਾਵੇ। ਜੋ ਇਹ ਸਾਰਾ ਕੁਛ ਦੇਖ-ਸੁਣ ਕੇ ਵੀ ਚੁੱਪ ਸੀ। ਜੇ ਉਹ ਨਿੰਮੀ ਨੂੰ ਆਪਣੀ ਧੀ ਜਾਂ ਆਪਣੀ ਇੱਜ਼ਤ ਨਹੀਂ ਸਮਝਦੀ ਸੀ, ਤਾਂ ਹੀ ਸਾਰਾ ਕੁਛ ਦੇਖ-ਸੁਣ ਰਹੀ ਸੀ? ਜੇ ਉਸ ਦੀ ਸਕੀ ਧੀ ਨਾਲ਼ ਇਹ ਕੁਛ ਹੁੰਦਾ, ਤਾਂ ਕੀ ਉਹ ਜਰ ਲੈਂਦੀ..? ਇਹ ਸੋਚ-ਸੋਚ ਕੇ ਉਹ ਧਰਤੀ ਵਿਚ ਨਿੱਘਰਦੀ ਜਾ ਰਹੀ ਸੀ ਕਿ ਜੇ ਮੈਂ ਤਾਪੋ ਦੀਆਂ ਗੱਲਾਂ ਵਿਚ ਆ ਕੇ ਸੀਤਲ ਹੋਰਾਂ ਕੋਲ਼ ਗਈ, ਤਾਂ ਹੀ ਮੇਰੀ 'ਖ਼ੇਹ-ਖ਼ਰਾਬੀ' ਹੋਈ...? ਜੇ ਮੇਰੀ ਖੇਹ-ਖ਼ਰਾਬੀ ਨਾ ਹੁੰਦੀ ਤਾਂ ਭੂਆ ਵਰਗੀਆਂ ਚੁੜੇਲਾਂ ਐਹੋ ਜਿਹੇ 'ਨਖਿੱਧ' ਰਿਸ਼ਤੇ ਲੈ-ਲੈ ਕੇ ਨਾ ਆਉਂਦੀਆਂ ਅਤੇ ਬੰਤ ਵਰਗੇ 'ਕਰੂਪ' ਅਤੇ ਬੇਲੱਜ ਬੰਦੇ ਉਸ ਨੂੰ ਮੂੰਹ 'ਪਾੜ' ਕੇ ਬੋਲ-ਕਬੋਲ ਨਾ ਕਰਦੇ! ਇਹ ਸੋਚ-ਸੋਚ ਕੇ ਉਹ ਬੇਸੁੱਧ ਹੁੰਦੀ ਜਾ ਰਹੀ ਸੀ। ਉਸ ਦੇ ਦਿਮਾਗ ਦੀਆਂ ਨਾੜਾਂ 'ਟੱਸ-ਟੱਸ' ਵੱਜੀ ਜਾ ਰਹੀਆਂ ਸਨ ਅਤੇ ਉਸ ਨੂੰ ਲੱਗ ਰਿਹਾ ਸੀ ਕਿ ਉਸ ਦਾ ਦਿਮਾਗ ਮੁੜ ਤੋਂ 'ਹਿੱਲ' ਜਾਵੇਗਾ।
ਰਾਤ ਨੂੰ ਉਸ ਨੂੰ ਸਾਰੀ ਰਾਤ ਨੀਂਦ ਨਾ ਆਈ।
ਮੰਜਾ ਜਿਵੇਂ ਉਸ ਦੇ ਚੂੰਢੀਆਂ ਵੱਢਦਾ ਰਿਹਾ ਸੀ। ਉਹ ਸੋਚਾਂ ਵਿਚ ਡੁੱਬੀ ਕਸੂਤੀ ਫ਼ਸੀ ਪਈ ਸੀ। ਗੁਰੂ ਘਰ ਦੇ ਸਪੀਕਰ ਦੀ ਅਵਾਜ਼ ਨਾਲ਼ ਸਵੇਰੇ ਚਾਰ ਵਜੇ ਉਸ ਦੀਆਂ ਸੋਚਾਂ ਦੀ ਲੜੀ ਟੁੱਟੀ। ਅੰਮ੍ਰਿਤ ਵੇਲ਼ੇ ਗੁਰਬਾਣੀ ਦੇ ਪ੍ਰਵਾਹ ਨੇ ਉਸ ਨੂੰ ਅਥਾਹ ਆਤਮਿਕ ਬਲ ਦਿੱਤਾ। ਉਸ ਨੇ ਘਰੋਂ ਭੱਜ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਬਾਰੇ ਸੋਚਿਆ। ਨਿਥਾਵਿਆਂ ਲਈ ਤਾਂ ਗੁਰੂ ਦਰਬਾਰ ਹੀ ਥਾਂ ਸੀ ਅਤੇ ਨਿਓਟਿਆਂ ਲਈ ਓਟ ਸੀ। ਨਿਆਸਰਿਆਂ ਦਾ ਆਸਰਾ ਸੀ! ਉਸ ਨੇ ਮਨ ਵਿਚ ਪ੍ਰਪੱਕ ਨਿਸਚਾ ਕਰ ਲਿਆ ਕਿ ਉਹ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾਵੇਗੀ। ਕੋਈ ਉਸ ਨੂੰ ਸਲਾਹ ਦੇਣ ਵਾਲ਼ਾ ਨਹੀਂ ਸੀ। ਕਿਸੇ ਨਾਲ਼ ਉਹ ਵਿਚਾਰ-ਵਟਾਂਦਰਾ ਨਹੀਂ ਕਰ ਸਕਦੀ ਸੀ। ਉਹ ਆਪਣੇ ਫ਼ੈਸਲੇ ਆਪ ਹੀ ਲੈ ਰਹੀ ਸੀ। ਨਦੀ ਵਿਚ ਡੋਲਦੀ ਕਿਸ਼ਤੀ ਵਾਂਗ ਉਹ ਡਾਵਾਂਡੋਲ ਸੀ। ਤੇ ਜਦੋਂ ਬੰਦਾ ਡਾਵਾਂਡੋਲ ਹੋਵੇ, ਉਦੋਂ ਰੱਬ ਦਾ ਆਸਰਾ ਹੀ ਲੈਂਦਾ ਹੈ! ਰੱਬ ਤੋਂ ਬਿਨਾਂ ਉਸ ਨੂੰ ਕੋਈ ਜਗਾਹ ਨਹੀਂ ਲੱਭਦੀ, ਜਿੱਥੇ ਉਹ ਜਾ ਸਕੇ! ਨਿੰਮੀ ਨੇ ਵੀ ਮਨ ਵਿਚ ਦ੍ਰਿੜ ਇਰਾਦਾ ਧਾਰ ਲਿਆ ਕਿ ਮੈਂ ਦਰਬਾਰ ਸਾਹਿਬ ਜਾਵਾਂਗੀ ਅਤੇ ਉਥੇ ਮੈਨੂੰ ਜ਼ਰੂਰ ਕੋਈ ਰਸਤਾ ਮਿਲ਼ ਜਾਵੇਗਾ।
ਹੁਣ ਨਿੰਮੀ ਕਿਸੇ ਮੌਕੇ ਦੀ ਭਾਲ਼ ਵਿਚ ਸੀ।
ਪਰ ਮੌਕਾ ਉਸ ਦੇ ਹੱਥ ਨਹੀਂ ਲੱਗ ਰਿਹਾ ਸੀ। ਓਧਰੋਂ ਫ਼ਫ਼ੇ-ਕੁੱਟਣੀ ਭੂਆ ਨਿੱਤ ਘਰੇ ਆ ਕੇ ਸਿੰਗ ਮਿੱਟੀ ਚੱਕਦੀ ਸੀ। ਉਹ ਨਿੰਮੀ ਦੇ ਹੋਣ ਵਾਲ਼ੇ 'ਲਾੜੇ' ਬੰਤ ਸਿੰਘ ਦੀਆਂ ਸਿਫ਼ਤਾਂ ਕਰਨੋਂ ਹੀ ਨਾ ਹਟਦੀ। ਨਿੰਮੀ ਦੇ ਮਾਂ-ਬਾਪ ਉਪਰ ਫ਼ੋਕਾ ਅਹਿਸਾਨ ਜਤਾਉਂਦੀ। ਨਿੰਮੀ ਨੂੰ ਉਹ ਜ਼ਹਿਰ ਵਰਗੀ ਲੱਗਦੀ। ਨਿੰਮੀ ਨੂੰ ਇਤਨਾ ਜ਼ਰੂਰ ਪਤਾ ਸੀ ਕਿ ਇਸ ਪਿੱਛੇ ਭੂਆ ਦਾ ਕੋਈ ਨਾ ਕੋਈ ਸੁਆਰਥ ਜ਼ਰੂਰ ਸੀ। ਪਰ ਕੀ ਸੁਆਰਥ ਸੀ...? ਇਸ ਬਾਰੇ ਉਸ ਨੂੰ ਭੋਰਾ ਪਤਾ ਨਹੀਂ ਸੀ। ਉਸ ਨੂੰ ਭੂਆ ਦੇ ਮਨਹੂਸ ਚਿਹਰੇ ਤੋਂ ਹੀ ਨਫ਼ਰਤ ਸੀ। ਜਦੋਂ ਵੀ ਭੂਆ ਆਉਂਦੀ, ਨਿੰਮੀ ਦਾ ਕਾਲ਼ਜਾ 'ਧੱਕ-ਧੱਕ' ਵੱਜਣ ਲੱਗ ਪੈਂਦਾ। ਬੱਸ ਹੁਣ ਤਾਂ ਇਸ ਭੂਤਰੀ ਭੂਆ ਤੋਂ ਖਹਿੜਾ ਛੁਡਾਉਣ ਲਈ ਨਿੰਮੀ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਬਿਨਾ ਕੋਈ ਆਸਰਾ ਨਜ਼ਰ ਨਹੀਂ ਆਉਂਦਾ ਸੀ।
ਅਗਲੇ ਦਿਨ ਨਿੰਮੀ ਨੇ ਸਵੇਰੇ ਪੰਜ ਵਜੇ ਸ੍ਰੀ ਅੰਮ੍ਰਿਤਸਰ ਸਾਹਿਬ ਵਾਲ਼ੀ ਬੱਸ ਫ਼ੜ ਲਈ। ਘਰ ਵਾਲ਼ੇ ਪਾਸੇ ਤੋਂ ਉਹ ਬਹੁਤ ਡਰੀ ਹੋਈ ਸੀ। ਉਸ ਦੀ ਅਤੇ ਉਸ ਦੇ ਮਾਂ-ਬਾਪ ਦੀ ਇੱਜ਼ਤ ਦੀ ਤਾਂ ਅੱਗੇ ਹੀ ਪਿੰਡ ਵਿਚ 'ਬੂ-ਬੂ' ਹੋਈ ਪਈ ਸੀ। ਜੇ ਹੁਣ ਕੋਈ ਭਾਣਾਂ ਵਰਤ ਗਿਆ ਤਾਂ ਉਹਨਾਂ ਨੇ ਤਾਂ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਾ ਸੀ। ਲੋਕਾਂ ਨੇ ਤਾਂ ਨਿੰਮੀ ਨੂੰ ਹੀ ਮੂੰਹ ਕਾਲ਼ਸ ਦੇਣੀ ਸੀ ਕਿ ਕੁੜੀ ਹੀ 'ਤੱਤੇ' ਪੈਰਾਂ ਵਾਲ਼ੀ ਹੈ, ਮਾਪਿਆਂ ਦਾ ਕੋਈ ਦੋਸ਼ ਨਹੀਂ! ਵਿਪਰੀਤ ਜਿਹੀਆਂ ਗੱਲਾਂ ਸੋਚਦੀ ਨਿੰਮੀ ਬੱਸ ਵਿਚ 'ਵਾਹਿਗੁਰੂ-ਵਾਹਿਗੁਰੂ' ਜਪਦੀ ਜਾ ਰਹੀ ਸੀ। ਉਸ ਦੇ ਅੰਦਰ ਤੂਫ਼ਾਨ ਚੱਲ ਰਹੇ ਸਨ। ਦੇਖਣ ਪਰਖਣ ਤੋਂ ਉਹ ਬਹੁਤ ਪ੍ਰੇਸ਼ਾਨ ਨਜ਼ਰ ਆਉਂਦੀ ਸੀ। ਉਸ ਦੇ ਨਾਲ਼ ਦੋ ਚਾਲ਼ੀ ਕੁ ਸਾਲ ਦੀਆਂ ਅੱਧਖੜ੍ਹ ਜਿਹੀਆਂ ਔਰਤਾਂ ਬੈਠੀਆਂ ਉਸ ਦਾ ਪ੍ਰਤੀਕਰਮ ਜਾਂਚ ਰਹੀਆਂ ਸਨ। ਉਹਨਾਂ ਨੂੰ ਮਹਿਸੂਸ ਹੋ ਗਿਆ ਸੀ ਕਿ ਕੁੜੀ ਕਿਸੇ ਮੁਸ਼ਕਿਲ ਵਿਚ ਸੀ। ਦੋਨਾਂ ਨੇ ਇੱਕ-ਦੂਜੀ ਨੂੰ ਬੜੀ ਘੋਖ਼ਵੀਂ ਨਜ਼ਰ ਨਾਲ਼ ਦੇਖਿਆ।
-''ਕੀ ਗੱਲ ਬੇਟੇ..? ਤੂੰ ਬੜੀ ਉਦਾਸ ਜਿਹੀ ਬੈਠੀ ਐਂ..?" ਇਕ ਚਲਾਕ ਜਿਹੀਆਂ ਨਜ਼ਰਾਂ ਵਾਲ਼ੀ ਔਰਤ ਨੇ ਪੁੱਛਿਆ। ਉਹ ਗੱਲ ਨਿੰਮੀ ਨਾਲ਼ ਕਰਦੀ ਸੀ, ਪਰ ਚੋਰ ਅੱਖ ਨਾਲ਼ ਝਾਕਦੀ ਉਸ ਦੂਜੀ ਔਰਤ ਸਾਥਣ ਵੱਲ ਸੀ।
ਨਿੰਮੀ ਦਾ ਰੋਣ ਨਿਕਲ਼ ਗਿਆ।
ਉਹ ਚੁੰਨੀ 'ਚ ਮੂੰਹ ਲੈ ਕੇ ਹੁਬਕੀਂ ਰੋਈ ਜਾ ਰਹੀ ਸੀ।
-''ਜਾਣਾਂ ਕਿੱਥੇ ਐ..?" ਦੂਜੀ ਔਰਤ ਪਾਸੇ ਵਾਲ਼ੀ ਸੀਟ ਤੋਂ ਉਠ ਕੇ ਉਹਨਾਂ ਕੋਲ਼ ਆ ਬੈਠੀ। ਬੱਸ ਵਿਚ ਸਵਾਰੀਆਂ ਕੋਈ ਬਹੁਤੀਆਂ ਨਹੀਂ ਸਨ।
ਨਿੰਮੀ ਤੋਂ ਫ਼ਿਰ ਨਾ ਬੋਲ ਹੋਇਆ। ਉਹ ਘੁੱਟ ਵੱਟੀ ਰੋਈ ਜਾ ਰਹੀ ਸੀ।
-''ਕਿਤੇ ਦੂਰ ਜਾਣੈਂ..?" ਪਹਿਲੀ ਨੇ ਪੁੱਛਿਆ।
-''ਦਰਬਾਰ ਸਾਹਿਬ ਜਾਣੈਂ..!" ਉਸ ਨੇ ਨੱਕ ਸਾਫ਼ ਕਰਦੀ ਨੇ ਦੱਸਿਆ।
-''ਅਸੀਂ ਵੀ ਦਰਬਾਰ ਸਾਹਿਬ ਹੀ ਜਾਣੈਂ..! ਤੂੰ ਰੋਣਾਂ ਬੰਦ ਕਰ..! ਅਸੀਂ ਦਰਸ਼ਣ ਕਰਵਾਂਵਾਂਗੀਆਂ ਤੈਨੂੰ..! ਤੂੰ ਸਾਡੇ ਕੋਲ਼ ਪੂਰੀ 'ਸੇਫ਼' ਐਂ! ਫ਼ਿਕਰ ਨਾ ਕਰ..! ਧੀਰਜ ਧਰ!" ਇੱਕ ਨੇ ਆਪਣੀ ਚੁੰਨੀ ਨਾਲ਼ ਉਸ ਦੇ ਹੰਝੂ ਪੂੰਝ ਕੇ ਕਿਹਾ। ਨਿੰਮੀ ਦਾ ਦਿਲ ਧਰਵਾਸ ਫ਼ੜ ਗਿਆ ਸੀ। ਉਹ ਸੋਚ ਰਹੀ ਸੀ ਕਿ ਸਾਰੀ ਦੁਨੀਆਂ ਹੀ ਮਾੜੀ ਨਹੀਂ ਸੀ, ਇਸ ਵਿਚ ਚੰਗੇ ਲੋਕ ਵੀ ਵਸਦੇ ਸਨ। ਹੁਣ ਉਸ ਦਾ ਮਣਾਂ ਮੂੰਹੀਂ ਰੋਣਾਂ ਥੰਮ੍ਹ ਗਿਆ ਸੀ। ਉਸ ਨੂੰ ਮਹਿਸੂਸ ਹੋ ਗਿਆ ਸੀ ਕਿ ਉਹ ਇਕੱਲੀ ਨਹੀਂ ਸੀ। ਉਸ ਦੇ ਕੋਲ਼ ਵੀ ਕਿਸੇ ਦਾ ਸਾਥ ਸੀ। ਪਰ ਉਹ ਬਹੁਤੇ ਪਾਸਿਆਂ ਤੋਂ ਡਰੀ ਹੋਈ ਸੀ। ਇੱਕ ਪਾਸੇ ਤੋਂ ਤਾਂ ਉਸ ਨੂੰ ਘਰਦਿਆਂ ਦਾ ਫ਼ਿਕਰ ਖਾਈ ਜਾ ਰਿਹਾ ਸੀ ਅਤੇ ਦੂਜੇ ਪਾਸੇ ਉਸ ਨੂੰ ਇਹ ਵੀ ਡਰ ਸੀ ਕਿ ਮਾਪਿਆਂ ਦੀ ਤਾਂ ਅੱਗੇ ਹੀ ਬਥੇਰੀ ਬਦਨਾਮੀ ਹੋਈ ਪਈ ਸੀ, ਕਿਤੇ ਹੁਣ ਕੋਈ ਹੋਰ ਚੰਦ ਨਾ ਚੜ੍ਹ ਜਾਵੇ...? ਪਰ ਇਹਨਾਂ ਦੋ ਔਰਤਾਂ ਦਾ ਸਾਥ ਪਾ ਕੇ ਹੁਣ ਉਹ ਇਕੱਲੀ ਨਹੀਂ ਮਹਿਸੂਸ ਕਰ ਰਹੀ ਸੀ। ਉਸ ਨੂੰ ਕਿਸੇ ਸ਼ਕਤੀ ਦਾ ਅਹਿਸਾਸ ਹੋ ਗਿਆ ਸੀ। ਹੁਣ ਉਹ ਬਹੁਤੀ ਡਰੀ-ਡੋਲੀ ਹੋਈ ਨਹੀਂ ਸੀ। ਉਸ ਨੂੰ ਕੋਈ ਆਸਰਾ ਮਿਲ਼ ਗਿਆ ਸੀ।
ਨਿੰਮੀ ਕਦੇ ਦਰਬਾਰ ਸਾਹਿਬ ਗਈ ਨਹੀਂ ਸੀ।
ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਸ ਨੇ ਕਿਹੜੇ ਬੱਸ ਸਟੈਂਡ 'ਤੇ ਉਤਰ ਕੇ ਕਿੱਧਰ ਜਾਣਾਂ ਸੀ? ਹੁਣ ਉਸ ਨੂੰ ਕੋਈ ਫ਼ਿਕਰ-ਫ਼ਾਕਾ ਨਹੀਂ ਰਹਿ ਗਿਆ ਸੀ।
ਦੋਵੇਂ ਔਰਤਾਂ ਨੇ ਨਿੰਮੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਉਰਾਂਹ ਹੀ ਉਤਾਰ ਲਿਆ ਅਤੇ ਢਾਬੇ 'ਤੇ ਚਾਹ ਪੀਣ ਬੈਠ ਗਈਆਂ। ਦੂਜੀ ਕਿਸੇ ਨਾਲ਼ ਫ਼ੋਨ 'ਤੇ ਗੱਲ ਕਰ ਰਹੀ ਸੀ।
-''ਅੰਟੀ ਜੀ ਤੁਸੀਂ ਆਪਣਾ ਨਾਂ ਤਾਂ ਦੱਸਿਆ ਨੀ..?" ਚਾਹ ਪੀਂਦੀ ਨਿੰਮੀ ਨੇ ਸ਼ਿਕਵਾ ਕਰਨ ਵਾਲ਼ਿਆਂ ਵਾਂਗ ਕਿਹਾ।
-''ਮੇਰਾ ਨਾਂ ਦਿਲਰਾਜ ਤੇ ਤੇਰੀ ਦੂਜੀ ਅੰਟੀ ਦਾ ਨਾਂ ਗੁਰਨੂਰ ਐ!"
-''ਅੰਟੀ ਜੀ, ਬੜੇ ਮਾਡਰਨ ਨਾਂ ਐਂ..!"
-''ਤੇਰੀਆਂ ਅੰਟੀਆਂ ਵੀ ਮਾਡਰਨ ਈ ਐਂ..! ਗੋਹਾ ਪੱਥ ਅੰਟੀਆਂ ਵੀ ਹੈਨ੍ਹੀ!" ਗੁਰਨੂਰ ਫ਼ੋਨ ਬੰਦ ਕਰ ਕੇ ਉਹਨਾਂ ਕੋਲ਼ ਆ ਗਈ।
-''ਕੌਣ ਸੀ..?" ਦਿਲਰਾਜ ਨੇ ਪੁੱਛਿਆ।
-''ਅੱਗ ਲੱਗੜਾ ਜੀਤਾ ਸੀ..!" ਉਸ ਨੇ ਵਿਅੰਗਮਈ ਆਖਿਆ ਅਤੇ ਦੋਨੋਂ ਚੁੱਪ ਹੋ ਗਈਆਂ।
-''ਅੱਗ ਤੋਂ ਦੀ ਲਿਟਦਾ ਰਹਿੰਦੈ, ਹਰਾਮਦਾ..!" ਅੰਟੀ ਦੇ ਮੂੰਹੋਂ ਅਸੱਭਿਅਕ ਭਾਸ਼ਾ ਸੁਣ ਕੇ ਨਿੰਮੀ ਦੰਗ ਰਹਿ ਗਈ। ਉਸ ਨੂੰ ਕੁਝ ਸ਼ੱਕ ਜਿਹਾ ਹੋਇਆ। ਪਰ ਉਸ ਨੇ ਗੌਲ਼ਿਆ ਨਹੀਂ ਸੀ। ਨਿੱਕੀ ਜਿਹੀ ਗੱਲ ਨੂੰ ਅੱਖੋਂ ਪਰੋਖ਼ੇ ਅਤੇ 'ਹੋਊ ਪਰ੍ਹੇ' ਕਰ ਦਿੱਤਾ ਸੀ।
-''ਜੀਤਾ ਤੇਰੀ ਅੰਟੀ ਦਾ ਦਿਉਰ ਲੱਗਦੈ..! ਪੰਜਾਬ ਪੁਲ਼ਸ 'ਚ ਐ ਤੇ ਤੇਰੀ ਅੰਟੀ ਨਾਲ਼ ਪੰਗੇ ਲੈਂਦਾ ਰਹਿੰਦੈ..!" ਦਿਲਰਾਜ ਨੇ ਨਿੰਮੀ ਦੀ ਮਨੋਭਾਵਨਾਂ ਸਮਝ ਕੇ ਉਲਟਾ ਭੁਲੱਥਾ ਮਾਰਿਆ।
-''ਫ਼ੇਰ ਤਾਂ ਉਹਦਾ ਹੱਕ ਵੀ ਬਣਦੈ, ਅੰਟੀ..!"
-''ਚੱਲੀਏ ਫ਼ੇਰ..?" ਗੁਰਨੂਰ ਨੇ ਕਿਹਾ।
-''ਅੰਟੀ ਜਾਣਾਂ ਕਿੱਥੇ ਐ..? ਮੈਂ ਤਾਂ ਦਰਬਾਰ ਸਾਹਿਬ ਜਾਣੈਂ..!"
-''ਆਥਣੇਂ 'ਕੱਠੀਆਂ ਚੱਲਾਂਗੀਆਂ..! ਰਾਤ ਨੂੰ ਓਥੇ ਜਾ ਕੇ ਹੀ ਰਹਾਂਗੀਆਂ..!"
ਉਹ ਰਿਕਸ਼ਾ ਫ਼ੜ ਇੱਕ ਕੋਠੀ ਆ ਗਈਆਂ। ਖੁੱਲ੍ਹੀ-ਡੁੱਲ੍ਹੀ ਸ਼ਾਨਦਾਰ ਕੋਠੀ ਤਰ੍ਹਾਂ-ਤਰ੍ਹਾਂ ਦੇ ਫ਼ੁੱਲ ਬੂਟਿਆਂ ਨਾਲ਼ ਸਜਾਈ ਹੋਈ ਸੀ।
ਵਿਹੜਾ ਅਤੇ ਫ਼ਿਰ ਲਾਅਨ ਲੰਘ ਕੇ ਜਦ ਉਹ ਵਰਾਂਡੇ 'ਚ ਗਈਆਂ ਤਾਂ ਓਥੇ ਇਕ ਅਠਾਈ ਕੁ ਸਾਲ ਦੀ ਕੁੜੀ ਘੋਰ ਉਦਾਸ ਬੈਠੀ ਸੀ। ਦਿਲਰਾਜ ਅਤੇ ਗੁਰਨੂਰ ਉਸ ਨੂੰ ਗਲਵਕੜੀ ਪਾ ਕੇ ਮਿਲ਼ੀਆਂ। ਸਰਸਰੀ ਨਜ਼ਰ ਮਾਰੀ ਤੋਂ ਪਤਾ ਲੱਗਦਾ ਸੀ ਕਿ ਉਹ ਕੋਈ ਮਾਨਸਿਕ ਸੰਤਾਪ ਹੰਢਾ ਰਹੀ ਸੀ। ਉਸ ਨੇ ਦੋਨਾਂ ਨੂੰ ਜੱਫ਼ੀ ਜਿਹੀ ਤਾਂ ਪਾਈ। ਪਰ ਮਨ ਦੀ ਉਦਾਸੀ ਲਕੋ ਨਾ ਸਕੀ।
-''ਇਹ ਰੀਤ ਐ..!" ਗੁਰਨੂਰ ਨੇ ਉਸ ਵੱਲ ਉਂਗਲ਼ ਕਰ ਕੇ ਨਿੰਮੀ ਨੂੰ ਦੱਸਿਆ।
-''ਰੀਤ, ਇਹ ਐ ਨਿੰਮੀ..! ਤੇਰੇ ਵਾਂਗੂੰ ਇਹ ਵੀ ਘਰੋਂ ਬਹੁਤ ਦੁਖੀ ਐ ਵਿਚਾਰੀ..!" ਦਿਲਰਾਜ ਦੇ ਕਹਿਣ 'ਤੇ ਉਸ ਨੇ ਨਿੰਮੀ ਵੱਲ ਦੋਨੋਂ ਹੱਥ ਜੋੜ ਦਿੱਤੇ।
ਸ਼ਾਮ ਨੂੰ ਗੁਰਨੂਰ ਅਤੇ ਦਿਲਰਾਜ ਫ਼ਿਰ ਪਤਾ ਨਹੀਂ ਕਿੱਧਰ ਨੂੰ ਤੁਰ ਗਈਆਂ।
-''ਅੰਟੀ ਹੋਰੀਂ ਤਾਂ ਕਹਿੰਦੀਆਂ ਸੀ ਆਥਣੇ ਦਰਬਾਰ ਸਾਹਿਬ ਚੱਲਾਂਗੇ ਤੇ ਹੁਣ ਪਤਾ ਨੀ ਕਿੱਧਰ ਚਲੀਆਂ ਗਈਆਂ..?" ਨਿੰਮੀ ਨੇ ਰੀਤ ਨੂੰ ਸੁਆਲ ਕੀਤਾ।
-''ਮੈਨੂੰ ਚਾਰ ਦਿਨ ਹੋ ਗਏ, ਅੱਜ ਤੱਕ ਨੀ ਲੈ ਕੇ ਗਈਆਂ..! ਮੈਨੂੰ ਹੁਣ ਤੱਕ ਨੀ ਪਤਾ ਲੱਗਿਆ ਕਿ ਇਹ ਜਾਂਦੀਆਂ ਕਿੱਥੇ ਐ..?" ਰੀਤ ਬੋਲੀ।
-''ਅੰਟੀ ਹੋਰੀਂ ਕਰਦੀਆਂ ਕੀ ਐ..? ਮੇਰਾ ਮਤਲਬ ਕੰਮ ਕਾਰ..?"
-''ਰੱਬ ਜਾਣੇ, ਮੈਨੂੰ ਤਾਂ ਹੁਣ ਤੱਕ ਕੁਛ ਨੀ ਦੱਸਿਆ! ਪਰ ਸੇਵਾ ਸੰਭਾਲ਼ ਵੱਲੋਂ ਕੋਈ ਕਸਰ ਨਹੀਂ ਛੱਡਦੀਆਂ..!"
ਦੋਨੋਂ ਦੁਬਿਧਾ ਜਿਹੀ ਵਿਚ ਬੈਠੀਆਂ ਸਨ।
ਦੇਰ ਸ਼ਾਮ ਹੋ ਗਈ, ਪਰ ਗੁਰਨੂਰ ਹੋਰੀਂ ਆਈਆਂ ਹੀ ਨਹੀਂ ਸਨ। ਕੋਠੀ ਨੇੜਲੇ ਹੋਟਲ ਵਾਲ਼ਾ ਉਹਨਾਂ ਨੂੰ ਰਾਤ ਨੂੰ ਖਾਣਾਂ ਦੇ ਗਿਆ ਸੀ। ਜਦ ਰੀਤ ਨੇ ਦਿਲਰਾਜ ਦੇ ਮੋਬਾਇਲ 'ਤੇ ਫ਼ੋਨ ਕੀਤਾ ਤਾਂ ਉਸ ਨੇ ਸਿਰਫ਼ ਸਵੇਰੇ ਆਉਣ ਬਾਰੇ ਦੱਸ ਦਿੱਤਾ ਅਤੇ ਅਰਾਮ ਕਰਨ ਲਈ ਕਿਹਾ ਸੀ।
ਨਿੰਮੀ ਅਤੇ ਰੀਤ ਗੱਲਾਂ-ਬਾਤਾਂ ਕਰ ਕੇ ਸੁਰਖ਼ਰੂ ਜਿਹੀਆਂ ਹੋਈਆਂ ਬੈਠੀਆਂ ਸਨ।
ਕਿਸ਼ਤ 10
ਜਦ ਨਿੰਮੀ ਨੇ ਰੀਤ ਨੂੰ ਉਸ ਦਾ 'ਰਾਜ਼' ਪੁੱਛਿਆ ਤਾਂ ਰੀਤ ਦਾ ਰੋਣ ਨਿਕਲ਼ ਗਿਆ ਅਤੇ ਉਸ ਨੇ ਕੁਝ ਮੂੰਹੋਂ ਦੱਸਣ ਦੀ ਜਗਾਹ ਇੱਕ ਲੰਬੀ ਚਿੱਠੀ ਨਿੰਮੀ ਅੱਗੇ ਕਰ ਦਿੱਤੀ। ਉਸ ਨੇ ਚਿੱਠੀ ਪੜ੍ਹਨੀ ਸ਼ੁਰੂ ਕਰ ਦਿੱਤੀ:
-''ਮੇਰੀ ਪਿਆਰੀ ਰੀਤ!"
-''ਮੋਹ ਭਿੱਜੀ ਗਲ਼ਵਕੜੀ!"
-''ਤੇਰੇ ਨਾਲ਼ ਰੂਹਾਂ ਦਾ ਮੇਲ ਹੈ ਅਤੇ ਦਿਲਾਂ ਦੀ ਸਾਂਝ! ਸਾਹਾਂ ਦੀ ਭਿਆਲੀ ਅਤੇ ਜ਼ਿੰਦਗੀ ਦੇ ਅਰਮਾਨਾਂ ਦਾ ਅਦਾਨ-ਪ੍ਰਦਾਨ ਹੈ! ਜ਼ਿੰਦਗੀ ਵਿਚ ਕੋਈ ਵੀ ਲੜਾਈ ਝਗੜਾ ਜਾਂ ਕਲੇਸ਼ ਇਹਨਾਂ ਨੂੰ ਵੱਖ ਨਹੀਂ ਕਰ ਸਕੂਗਾ! ਆਪਣੀ ਨਿੱਕੀ-ਮੋਟੀ ਬਹਿਸ ਜਾਂ ਲੜਾਈ ਜ਼ਰੂਰ ਹੋ ਜਾਂਦੀ ਹੈ, ਪਰ ਰੂਹਾਂ ਤਾਂ ਇੱਕ-ਦੂਜੇ ਲਈ ਫ਼ਿਰ ਵੀ ਤੜਪਦੀਆਂ ਨੇ ਨ੍ਹਾਂ...? ਦਿਨ ਵਿਚ ਜੇ ਕਦੇ ਘੰਟਾ ਗੱਲ ਨਾ ਕਰੀਏ ਤਾਂ ਜ਼ਿੰਦਗੀ ਵਿਚ ਹਨ੍ਹੇਰ ਛਾ ਜਾਂਦਾ ਹੈ। ਘੱਟੋ-ਘੱਟ ਮੇਰੇ ਲਈ ਹਨ੍ਹੇਰ ਛਾ ਜਾਂਦੈ, ਤੇਰੇ ਬਾਰੇ ਮੈਨੂੰ ਕੋਈ ਪਤਾ ਨਹੀਂ! ਪਰ ਮੈਨੂੰ ਪੱਕਾ ਪਤਾ ਹੈ ਕਿ ਤੇਰਾ ਵੀ ਹਾਲ ਮੇਰੇ ਵਾਲ਼ਾ ਹੀ ਹੁੰਦਾ ਹੋਊਗਾ, ਇਹ ਵੀ ਮੈਨੂੰ ਪੱਕਾ ਵਿਸ਼ਵਾਸ ਹੈ! ਆਪਣੇ ਦਿਲ ਅਤੇ ਰੂਹਾਂ ਨੇੜੇ ਨੇ, ਵਿਚਕਾਰ ਕੋਈ ਸੁਆਰਥ ਜਾਂ ਖ਼ੁਦਗਰਜ਼ੀ ਨਹੀਂ! ਜਦੋਂ ਬੰਦੇ ਨੂੰ ਸਾਹ ਹੀ ਆਪਣੀ ਰੀਤ ਵਿਚ ਦੀ ਆਵੇ, ਫ਼ੇਰ ਓਸ ਰੀਤ ਬਿਨਾਂ ਬੰਦਾ ਜਿਉਂਦਾ ਕਿੱਦਾਂ ਰਹੂਗਾ? ਸਮਾਂ, ਸਮਾਜ ਅਤੇ ਹਾਲਾਤ ਡਾਢੇ ਨੇ, ਇਸ ਲਈ ਆਪਾਂ ਨੂੰ ਵੱਖ ਕਰੀ ਆਉਂਦੇ ਹਨ, ਪਰ ਦੇਖ ਲਵੀਂ, ਇੱਕ ਨਾ ਇੱਕ ਦਿਨ ਆਪਾਂ ਇਕੱਠੇ ਜ਼ਰੂਰ ਹੋਵਾਂਗੇ ਅਤੇ ਇੱਕ-ਦੂਜੇ ਦੇ ਮੋਹ ਦੀ ਮਹਿਕ ਮਾਣਾਂਗੇ, ਇਹ ਮੇਰਾ ਦਿਲੀ ਭਰੋਸਾ ਹੈ! ਬੱਸ ਆਪਣੀ ਇਸ ਪ੍ਰੇਸ਼ਾਨੀ ਤੋਂ ਬਾਹਰ ਨਿਕਲ਼ ਜਾਈਏ, ਅੱਗੇ ਤੋਂ ਮੋੜ ਤੋਂ ਬਚ ਕੇ ਹੀ ਰਿਹਾ ਕਰਾਂਗੇ! ਦੇਖ ਲਵੀਂ, ਇਹ ਵੀ ਆਪਾਂ ਨੂੰ ਕੋਈ ਸਬਕ ਹੀ ਮਿਲ਼ ਰਿਹਾ ਹੋਊਗਾ! ਚਾਹੇ ਮਜਬੂਰੀ ਕਾਰਨ ਤੂੰ ਇਸ ਬੱਚੇ ਨੂੰ ਕਦੇ ਵੀ ਜਨਮ ਨਹੀਂ ਦੇ ਸਕੇਂਗੀ, ਪਰ ਮੈਨੂੰ ਇਤਨਾ ਮਾਣ ਤੇਰੇ 'ਤੇ ਜ਼ਰੂਰ ਰਹੇਗਾ ਕਿ ਤੂੰ ਇੱਕ ਵਾਰ ਮੇਰੇ ਬੱਚੇ ਦੀ 'ਮਾਂ' ਜ਼ਰੂਰ ਬਣੀਂ ਸੀ, ਚਾਹੇ ਚਾਰ ਦਿਨ ਹੀ ਬਣੀਂ!" ਚਿੱਠੀ ਪੜ੍ਹਦੀ ਨਿੰਮੀ ਨੇ ਸਿਰ ਉਠਾ ਕੇ ਰੀਤ ਵੱਲ ਦੇਖਿਆ। ਪਰ ਰੀਤ ਨਿਰੰਤਰ ਹੰਝੂ ਕੇਰੀ ਜਾ ਰਹੀ ਸੀ। ਉਸ ਨੇ ਚਿੱਠੀ ਅੱਗੇ ਪੜ੍ਹਨੀ ਸ਼ੁਰੂ ਕਰ ਦਿੱਤੀ।
-''ਤੇਰਾ ਇਹ ਅਹਿਸਾਨ ਹਮੇਸ਼ਾ ਮੇਰੇ ਹਿਰਦੇ ਵਿਚ ਇੱਕ ਸ਼ਰਧਾ ਅਤੇ ਸਤਿਕਾਰ ਬਣ ਕੇ ਦੀਪ ਵਾਂਗ ਜਗੇਗਾ! ਜੇ ਆਪਣੀ ਉਮਰ ਅਤੇ ਹਾਲਾਤ ਅਨਕੂਲ ਹੁੰਦੇ, ਤਾਂ ਤੈਨੂੰ ਕਦੇ ਵੀ ਇਸ ਬੱਚੇ ਨੂੰ 'ਧੱਕਣ' ਨਹੀਂ ਸੀ ਦਿੰਦਾ! ਤੇ ਮੈਨੂੰ ਇਹ ਵੀ ਪਤਾ ਹੈ ਕਿ ਜਿੰਨਾਂ ਤੂੰ ਮੈਨੂੰ ਸੱਚਾ ਮੋਹ ਕਰਦੀ ਹੈਂ, ਤੂੰ ਇਸ ਬੱਚੇ ਨੂੰ 'ਧੱਕਣਾਂ' ਵੀ ਨਹੀਂ ਸੀ, ਤੇ ਤੂੰ ਇਸ ਗੁਪਤ ਨਿਸ਼ਾਨੀ ਨੂੰ ਸਾਂਭ ਕੇ ਰੱਖਦੀ! ਖ਼ੈਰ, ਸਮਾਂ ਇਤਨਾਂ ਬਲਵਾਨ ਹੈ ਕਿ ਵੱਡੇ-ਵੱਡੇ ਮਹਾਂਰਥੀ ਇਸ ਦੇ ਹੱਥੋਂ ਹਾਰਦੇ ਰਹੇ ਅਤੇ ਆਪਾਂ ਅਜੇ ਤੱਕ ਹਾਰ ਰਹੇ ਹਾਂ! ਸ਼ਾਇਦ ਤੈਨੂੰ ਮਹਿਸੂਸ ਹੋਵੇ, ਪਰ ਮੈਨੂੰ ਅੱਜ-ਕੱਲ੍ਹ ਇਹ ਮਹਿਸੂਸ ਹੋ ਰਿਹਾ ਹੈ ਕਿ ਤੂੰ 'ਕੱਲੀ 'ਮੇਰੀ' ਰੀਤ ਹੀ ਨਹੀਂ, ਮੇਰੇ ਬੱਚੇ ਦੀ 'ਮਾਂ' ਵੀ ਹੈਂ! ਤੇ ਹੁਣ ਤੈਨੂੰ ਆਪਣੇ ਬੱਚੇ ਦੀ ਮਾਂ ਸਮਝ ਕੇ ਤੇਰਾ ਕਹਿਣਾਂ ਵੀ ਮੰਨਿਆਂ ਕਰੂੰਗਾ! ਅੱਜ ਸੋਚ ਰਿਹਾ ਸੀ ਕਿ ਜੇ ਉਮਰ ਅਤੇ ਹਾਲਾਤ ਅਨਕੂਲ ਹੁੰਦੇ, ਅਤੇ ਦੁਨੀਆਂ ਦੇ ਬੰਧਨ ਨਾ ਹੁੰਦੇ, ਮੌਕਾ ਸੁਖਾਂਵਾਂ ਹੁੰਦਾ, ਤਾਂ ਆਪਾਂ ਕਿੰਨੇ ਖ਼ੁਸ਼ ਹੋਣਾ ਸੀ...? ਪਰ ਸਮੇਂ ਦੀ ਮਜਬੂਰੀ ਕਾਰਨ ਆਪਾਂ ਇਸ ਨਿਸ਼ਾਨੀ ਨੂੰ 'ਕਲੰਕ' ਜਿਹਾ ਮੰਨ ਰਹੇ ਹਾਂ! ਹੈ ਨਾ ਸਮੇਂ ਹੱਥੋਂ ਹਾਰੇ ਹੋਏ..? ਖ਼ੈਰ, ਰੱਬ ਆਪਣੀ ਲਾਜ ਜ਼ਰੂਰ ਰੱਖੂਗਾ!"
ਨਿੰਮੀ ਨੇ ਲੰਮਾਂ ਸਾਹ ਲੈ ਕੇ ਅੱਗੇ ਪੜ੍ਹਨਾਂ ਸ਼ੁਰੂ ਕੀਤਾ।
-''ਅਸਲ ਗੱਲ ਇਹ ਹੈ ਕਿ ਸਮਾਂ ਲੰਘਿਆ ਅਤੇ ਉਮਰਾਂ ਬੀਤ ਗਈਆਂ! ਹੁਣ ਤਾਂ ਖ਼ੁਸ਼ੀ, 'ਨਮੋਸ਼ੀ' ਦੀ ਜਗਾਹ ਬਣ ਗਈ। ਇਸੇ ਲਈ ਤਾਂ ਆਪਾਂ ਆਪਣੀ ਪ੍ਰੇਮ ਨਿਸ਼ਾਨੀ ਨੂੰ 'ਨਮੋਸ਼ੀ' ਸਮਝ ਰਹੇ ਹਾਂ? ਜੇ ਆਪਾਂ ਵਿਆਹੇ-ਵਰੇ ਹੁੰਦੇ, ਜਾਂ ਘੱਟੋ-ਘੱਟ ਸਮਾਜ ਨੂੰ ਹੀ ਪ੍ਰਵਾਨ ਹੁੰਦੇ, ਕੀ ਆਪਾਂ ਨੂੰ ਆਉਣ ਵਾਲ਼ੇ ਜੀਅ ਦੀ ਖ਼ੁਸ਼ੀ ਨਾ ਹੁੰਦੀ? ਖ਼ੈਰ, ਮੇਰੇ ਪਿਆਰ ਦੀ ਨਿਸ਼ਾਨੀ ਤੇਰੇ ਕੋਲ਼ ਮੇਰੀਆਂ ਕਿਤਾਬਾਂ ਹੋਣਗੀਆਂ! ਜਿੱਥੇ ਵੀ ਤੇਰੇ ਹੱਥ ਮੇਰੀ ਕਿਤਾਬ ਆਇਆ ਕਰੂਗੀ, ਮੇਰਾ ਚੇਤਾ ਨਾਲ਼ ਦੀ ਨਾਲ਼ ਆਇਆ ਕਰੂਗਾ! ਦਿੱਤੀਆਂ ਗਾਲ਼ਾਂ ਵੀ ਚੇਤੇ ਆਇਆ ਕਰਨਗੀਆਂ! ਕੀਤਾ ਗੁੱਸਾ ਅਤੇ ਲੜਾਈ-ਝਗੜਾ ਵੀ ਯਾਦ ਆਇਆ ਕਰੂਗਾ! ਆਪਣਾ ਪਿਆਰ ਫ਼ੇਰ ਵੀ 'ਅਮਰ' ਹੀ ਰਹੂਗਾ ਅਤੇ ਹੈ ਵੀ! ਮੁਆਫ਼ ਕਰਨਾਂ, ਇਹ ਨਾ ਸੋਚੀਂ ਕਿ ਤੂੰ ਪ੍ਰੇਸ਼ਾਨੀ ਵਿਚ ਹਾਂ ਤੇ ਮੈਂ...? ...ਤੇ ਮੈਂ 'ਨਿਸ਼ਾਨੀ' ਦੀਆਂ ਗੱਲਾਂ ਕਰਨ ਲੱਗ ਪਿਆ? ਮੈਂ ਤਾਂ ਸਮੇਂ ਹੱਥੋਂ ਹਾਰਿਆਂ ਦੀ ਪ੍ਰੀਭਾਸ਼ਾ ਤੇ ਪੀੜ ਦੱਸ ਰਿਹਾ ਸੀ। ਤੈਨੂੰ ਦਿੱਤੇ ਦੁੱਖ ਦਾ ਮੁੱਲ ਤਾਂ ਨਹੀਂ ਮੋੜ ਸਕਦਾ, ਪਰ ਮੱਲ੍ਹਮ ਜ਼ਰੂਰ ਲਾਉਣ ਦੀ ਕੋਸ਼ਿਸ਼ ਕਰੂੰਗਾ! ਮੈਨੂੰ ਪਤਾ ਹੈ, ਮੈਂ ਬਹੁਤ ਵਾਰ ਤੈਨੂੰ ਬਿਨਾਂ ਕਸੂਰ ਦੁਖੀ ਕੀਤਾ ਹੈ ਅਤੇ ਇਸ ਦਾ ਮੈਨੂੰ ਬਹੁਤ ਬੁਰੀ ਤਰ੍ਹਾਂ ਅਹਿਸਾਸ ਅਤੇ ਪਛਤਾਵਾ ਵੀ ਹੈ! ਤੂੰ ਮੇਰੀ ਜਿੰਦ-ਜਾਨ ਤੇ ਤੂੰ ਹੀ ਮੇਰੀ ਰੂਹ! ਤੂੰ ਹੀ ਮੇਰਾ ਸਾਕਾਰ ਸੁਪਨਾ ਅਤੇ ਤੂੰ ਹੀ ਜ਼ਿੰਦਗੀ ਦਾ ਆਧਾਰ! ਤੇਰੇ ਬਿਨਾਂ ਮੈਂ ਕੱਖ ਦਾ ਵੀ ਨਹੀਂ! ਤੇਰੇ ਪ੍ਰਕਾਸ਼ ਨਾਲ਼ ਮੈਂ ਜਗਦਾ ਹਾਂ ਤੇ ਤੇਰੇ ਬਿਨਾਂ ਅਧੂਰਾ ਅਤੇ ਬੁਝਿਆ-ਬੁਝਿਆ!"
-''ਤੂੰ ਜੋ ਮਰਜ਼ੀ ਆਖੀ ਚੱਲ, ਜਾਂ ਜੋ ਮਰਜ਼ੀ ਸਮਝੀ ਚੱਲ! ਤੇਰੇ 'ਤੇ ਆ ਕੇ ਮੇਰੀ ਮੰਜ਼ਿਲ ਸੰਪੂਰਣ ਹੋ ਗਈ ਤੇ ਤੂੰ ਮੇਰੀ ਜ਼ਿੰਦਗੀ ਦਾ 'ਮਕਸਦ' ਬਣ ਗਈ। ਜ਼ਿੰਦਗੀ ਦੀ ਹਰ ਘਾਟ ਤੂੰ ਪੂਰੀ ਕੀਤੀ ਤੇ ਮੈਨੂੰ ਬਰਦਾਸ਼ਤ ਵੀ ਕੀਤਾ ਅਤੇ ਜਰਿਆ ਵੀ! ਮੇਰੇ ਅੜਬ ਸੁਭਾਅ ਨੂੰ ਸਹਿਣ ਵੀ ਕੀਤਾ ਅਤੇ ਅੱਜ ਵੀ ਕਰਦੀ ਹੈਂ! ਤੂੰ ਹਰ ਪਾਸੇ ਤੋਂ ਸੰਪੂਰਣ ਜੋਤ ਹੈਂ! ਕਿਸੇ ਪੱਖੋਂ ਵੀ ਅਧੂਰੀ ਨਹੀਂ ਤੇ ਮੈਂ ਤੈਨੂੰ 'ਪ੍ਰਣਾਮ' ਕਰਦਾ ਹਾਂ! ਤੂੰ ਹੀ ਮੇਰੀ ਇਬਾਦਤ ਹੈਂ ਅਤੇ ਤੂੰ ਹੀ ਮੇਰਾ ਰੱਬ! ਤੂੰ ਹੀ ਮੇਰਾ ਬਲ ਅਤੇ ਤੂੰ ਹੀ ਮੇਰੀ ਸਮਰੱਥਾ ਅਤੇ ਸ਼ਕਤੀ ਹੈਂ! ਮੈਂ ਤੈਨੂੰ ਦੋਵੇਂ ਹੱਥ ਜੋੜ ਕੇ ਸਿੱਜਦਾ ਕਰਦਾ ਹਾਂ, ਕਿਉਂਕਿ ਤੂੰ ਮੇਰੀ ਸੰਪੂਰਣਤਾ ਹੈਂ! ਤੇਰੇ ਬਿਨਾਂ ਘੁੱਟ-ਘੁੱਟ ਕੇ ਮਰ ਜਾਊਂਗਾ! ਤੇਰੇ ਬਿਨਾਂ ਮੇਰੀ ਜ਼ਿੰਦਗੀ ਇਕ 'ਦੋਜ਼ਖ਼' ਹੋਵੇਗੀ! ਮੇਰਾ ਪ੍ਰਣਾਮ ਕਬੂਲ ਕਰ! ਮੈਂ ਇਕ ਵਾਰ ਫ਼ਿਰ ਤੈਨੂੰ ਦੋਨੋਂ ਹੱਥ ਜੋੜ ਕੇ ਪ੍ਰਣਾਮ ਅਤੇ ਦੋਨੋਂ ਪੈਰ ਜੋੜ ਕੇ 'ਸੈਲੂਟ' ਮਾਰਦਾ ਹਾਂ! ਮਨਜ਼ੂਰ ਕਰ!"
-''ਮੇਰੇ ਮਨ ਵਿਚ ਹੁਣ ਤੇਰੇ ਪ੍ਰਤੀ ਉਹ ਸਤਿਕਾਰ ਹੈ ਕਿ ਦੱਸਣ ਤੋਂ ਪਰ੍ਹੇ ਹੈ! ਮੇਰੇ ਕੋਲ਼ ਲਫ਼ਜ਼ ਨਹੀਂ ਕਿ ਮੈਂ ਉਸ ਮਾਣ-ਸਤਿਕਾਰ ਨੂੰ ਬਿਆਨ ਕਰ ਸਕਾਂ! ਤੂੰ ਤਾਂ ਮੇਰੀਆਂ ਅੱਖਾਂ ਦੀ ਰੌਸ਼ਨੀ ਹੈਂ! ਕਾਸ਼! ਤੈਨੂੰ ਕਦੇ ਆਪਣਾ ਅੰਦਰ ਦਿਖਾ ਸਕਦਾ! ਤੂੰ ਤਾਂ ਪਹਿਲਾਂ ਹੀ ਮੇਰੀ ਸਭ ਕੁਛ ਸੀ, ਪਰ ਹੁਣ ਤਾਂ ਮੇਰੇ ਬੱਚੇ ਦੀ 'ਮਾਂ' ਵੀ ਹੈਂ! ਚਾਹੇ ਇਸ ਬੱਚੇ ਨੂੰ ਤੂੰ ਲੋਕ-ਲਾਜ ਪੱਖੋਂ ਜਨਮ ਨਹੀਂ ਦੇ ਸਕਦੀ, ਪਰ ਮੇਰੇ ਦਿਲ ਵਿਚ ਹਮੇਸ਼ਾ ਤੇਰੀ ਕਦਰ ਰਹੇਗੀ ਕਿ ਤੂੰ ਮੇਰੇ ਬੱਚੇ ਦੀ ਮਾਂ ਬਣੀਂ ਸੀ। ਚਾਹੇ ਤੂੰ ਕੁਝ ਦਿਨ ਹੀ ਇਹ ਬੱਚਾ ਆਪਣੀ ਕੁੱਖ ਵਿਚ ਰੱਖੇਂਗੀ, ਪਰ ਮੈਨੂੰ ਇਹੀ ਮਾਣ ਰਹੂਗਾ ਕਿ ਮੇਰਾ ਬੱਚਾ ਕੁਝ ਦਿਨ ਤੇਰੀ ਕੁੱਖ ਵਿਚ ਪਲ਼ਿਆ ਤਾਂ ਸੀ! ਮਜਬੂਰੀ ਰੱਬ ਜਾਣਦਾ ਹੀ ਹੈ ਅਤੇ ਉਹੀ ਆਪਣੀ ਲਾਜ ਰੱਖੂਗਾ! ਕਿਸੇ ਗੱਲ ਦਾ ਝੋਰਾ ਨਾ ਕਰ! ਜ਼ਰੂਰੀ ਨਹੀਂ ਕਿ ਜ਼ਿੰਦਗੀ ਵਿਚ ਜੋ ਚਾਹੀਏ, ਉਹ ਮਿਲ਼ ਵੀ ਜਾਵੇ। ਮੈਨੂੰ ਸੌ ਫ਼ੀ ਸਦੀ ਅਨੁਮਾਨ ਹੈ ਕਿ ਦਸ਼ਾ ਤੇਰੀ ਵੀ ਇਹੀ ਹੋਊਗੀ ਕਿ ਕਾਸ਼ ਮੈਂ ਇਸ ਬੱਚੇ ਨੂੰ ਜਨਮ ਦੇ ਸਕਦੀ ਹੁੰਦੀ! ਜਾਂ ਝੋਰਾ ਹੋਊਗਾ ਕਿ ਕਾਸ਼, ਸਮਾਂ ਅਤੇ ਸਮਾਜ ਸਾਡੇ ਹੱਕ ਵਿਚ ਹੁੰਦਾ! ਆਪਣੇ ਤਾਂ ਦੁਨੀਆਂ ਦੀ ਹਵਾ ਵੀ ਹੱਕ ਵਿਚ ਨਹੀਂ, ਹੋਰ ਤਾਂ ਕੀ ਹੋਣਾਂ ਸੀ? ਮੈਂ ਹਰ ਤਰ੍ਹਾਂ ਤੇਰੇ ਨਾਲ਼ ਹਾਂ, ਜ਼ਿੰਦਗੀ ਦੇ ਕਿਸੇ ਮੋੜ 'ਤੇ ਧੋਖਾ ਨਹੀਂ ਦਿਊਂਗਾ ਅਤੇ ਆਖ਼ਰੀ ਦਮ ਤੱਕ ਤੇਰੀ ਇਬਾਦਤ ਕਰਦਾ ਰਹੂੰਗਾ! ਤੂੰ ਮੇਰਾ ਭਰੋਸਾ ਅਤੇ ਇਮਾਨ ਹੈਂ! ਅਖ਼ੀਰਲੇ ਸਾਹ ਤੱਕ ਤੇਰਾ, ਨਵਜੋਤ!"
ਨਿੰਮੀ ਨੇ ਖ਼ਤ ਖ਼ਤਮ ਕਰ ਕੇ ਲੰਮਾਂ ਸਾਹ ਲਿਆ।
ਉਸ ਦੀਆਂ ਅੱਖਾਂ ਨੱਕੋ-ਨੱਕ ਭਰੀਆਂ ਹੋਈਆਂ ਸਨ। ਉਸ ਨੇ ਚਿੱਠੀ ਰੀਤ ਨੂੰ ਵਾਪਸ ਕਰ ਦਿੱਤੀ।
-''ਮੈਨੂੰ ਪੂਰੀ ਗੱਲ ਸਮਝ ਨਹੀਂ ਆਈ ਰੀਤ..! ਇਹ ਮੈਂ ਸਮਝ ਗਈ ਕਿ ਤੂੰ ਬੱਚੇ ਦੀ ਮਾਂ ਬਣਨ ਵਾਲ਼ੀ ਹੈਂ, ਪਰ ਅਸਲ ਗੱਲ ਕੀ ਹੈ?"
ਰੀਤ ਦੀਆਂ ਪਹਿਲਾਂ ਹੁਬਕੀਆਂ ਅਤੇ ਫ਼ਿਰ ਭੁੱਬਾਂ ਸ਼ੁਰੂ ਹੋ ਗਈਆਂ।
ਉਸ ਨੇ ਆਪਣੀ ਦਰਦ ਕਹਾਣੀ ਨਿੰਮੀ ਨੂੰ ਦੱਸਣੀ ਸ਼ੁਰੂ ਕੀਤੀ...!
ਕਿਸ਼ਤ 11
....ਰੀਤ ਦਾ ਨਾਂ ਅਸਲ ਵਿਚ ਨਵਰੀਤ ਸੀ।
ਨਵਜੋਤ ਉਸ ਨੂੰ ਸਿਰਫ਼ 'ਰੀਤ' ਹੀ ਆਖ ਕੇ ਬੁਲਾਉਂਦਾ। ਨਵਜੋਤ ਪਿੰਡ ਦੇ ਇੱਕ ਸਕੂਲ ਵਿਚ ਅਧਿਆਪਕ ਸੀ। ਸਕੂਲ ਦਾ ਸਾਰਾ ਪ੍ਰਬੰਧ ਉਸ ਦੇ ਹੱਥ ਵਿਚ ਹੀ ਸੀ। ਉਹ ਸਕੂਲ ਅਤੇ ਵਿਦਿਆਰਥੀਆਂ ਦੀ ਹਰ ਸਹੂਲਤ ਦਾ ਖ਼ਾਸ ਖ਼ਿਆਲ ਰੱਖਦਾ। ਉਸ ਦੇ ਸਕੂਲ ਦਾ ਨਤੀਜਾ ਹਰ ਸਾਲ ਬੜਾ ਸ਼ਾਨਦਾਰ ਆਉਂਦਾ ਅਤੇ ਪਿੰਡ ਦੇ ਲੋਕ ਉਸ ਤੋਂ ਬੜੇ ਖ਼ੁਸ਼ ਸਨ।
ਕੋਰਸ ਕਰ ਕੇ ਰੀਤ ਇਸ ਸਕੂਲ ਵਿਚ ਅਧਿਆਪਕਾ ਆ ਲੱਗੀ। ਨਵਜੋਤ ਅਤੇ ਰੀਤ ਦੀ ਵਿਚਾਰਧਾਰਾ ਆਪਸ ਵਿਚ ਕਾਫ਼ੀ ਮਿਲ਼ਦੀ ਸੀ। ਜਿੱਥੇ ਦੂਜੇ ਅਧਿਆਪਕ ਅਧਿਆਪਕਾਵਾਂ ਚਾਹ ਪੀ ਕੇ ਗੱਪਾਂ ਮਾਰਨ ਜਾਂ ਸੁਆਟਰ ਬੁਣਨ ਦੀਆਂ ਸ਼ੌਕੀਨ ਸਨ, ਉਥੇ ਨਵਜੋਤ ਅਤੇ ਰੀਤ ਆਪਣੀ ਜ਼ਿੰਮੇਵਾਰੀ ਨੂੰ ਸਮਰਪਤ ਸਨ। ਜਦ ਨਵਜੋਤ ਨੂੰ ਪੱਕੇ ਤੌਰ 'ਤੇ ਇਸ ਸਕੂਲ ਦਾ 'ਇੰਚਾਰਜ' ਬਣਾਇਆ ਤਾਂ ਉਸ ਨੇ ਬੜੇ ਪਿਆਰ-ਸਤਿਕਾਰ ਨਾਲ਼ ਸਾਰੇ ਸਟਾਫ਼ ਨੂੰ ਉਹਨਾਂ ਦੀਆਂ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਕੀਤਾ। ਰੀਤ ਨੂੰ ਛੱਡ ਕੇ ਸਾਰੇ ਸਟਾਫ਼ ਦੇ ਮੂੰਹ 'ਵਿੰਗੇ' ਹੋ ਗਏ। ਹੁਣ ਅੱਧੀ ਛੁੱਟੀ ਨੂੰ ਛੱਡ ਕੇ ਕੋਈ ਮਾਸਟਰਨੀ ਸੁਆਟਰ ਨਹੀਂ ਬੁਣਦੀ ਸੀ ਅਤੇ ਕੋਈ ਮਾਸਟਰ ਕਿਸੇ ਨਾਲ਼ ਗੱਪਾਂ ਨਹੀਂ ਮਾਰਦਾ ਸੀ। ਸਕੂਲ ਦਾ ਕਾਰਜ ਆਪਣੇ ਸਿਧਾਂਤ ਅਨੁਸਾਰ ਚੱਲ ਪਿਆ ਸੀ। ਪਰ ਜੇ ਮੱਤ ਮਿਲ਼ਦੀ ਸੀ ਤਾਂ ਨਵਜੋਤ ਦੀ ਰੀਤ ਨਾਲ਼ ਹੀ ਮਿਲ਼ਦੀ ਸੀ। ਦੂਜੇ ਅਧਿਆਪਕ ਜਾਂ ਅਧਿਆਪਕਾਵਾਂ ਉਸ ਦੀ ਇੱਜ਼ਤ ਕਰਨ ਦਾ ਦਿਖਾਵਾ ਜਿਹਾ ਜ਼ਰੂਰ ਕਰਦੇ, ਪਰ ਉਸ ਦਿਖਾਵੇ ਵਿਚ ਕੋਈ 'ਅਪਣੱਤ' ਜਾਂ 'ਰਸ' ਨਹੀਂ ਹੁੰਦਾ ਸੀ। ਅੰਦਰੋਂ ਸਾਰੇ ਉਸ ਨਾਲ਼ 'ਖ਼ਾਰ' ਖਾਂਦੇ ਸਨ। ਈਰਖ਼ਾ ਕਰਦੇ ਸਨ। ਇਸ ਗੱਲ ਨੂੰ ਨਵਜੋਤ ਵੀ ਭਲੀ-ਭਾਂਤ ਸਮਝਦਾ ਸੀ ਕਿ ਉਸ ਦੇ ਅਹੁਦੇ ਅੱਗੇ ਹੱਥ ਜੋੜੇ ਜਾ ਰਹੇ ਸਨ।
ਕਦੇ-ਕਦੇ ਅੱਧੀ ਛੁੱਟੀ ਵੇਲ਼ੇ ਰੀਤ ਅਤੇ ਨਵਜੋਤ ਕੋਈ ਵਿਸ਼ਾ ਸਾਂਝਾ ਕਰ ਲੈਂਦੇ ਅਤੇ ਉਸਾਰੂ ਬਹਿਸ ਵਿਚ ਵੀ ਪੈ ਜਾਂਦੇ। ਨਾਲ਼ ਦਾ ਸਟਾਫ਼ ਉਹਨਾਂ ਨੂੰ ਦੇਖ ਕੇ ਸੜ-ਬਲ਼ ਜਾਂਦਾ। ਪਰ ਉਹਨਾਂ ਨੂੰ ਨਵਜੋਤ ਖ਼ਿਲਾਫ਼ ਕੋਈ ਨੁਕਤਾ ਨਹੀਂ ਲੱਭ ਰਿਹਾ ਸੀ, ਜਿਸ ਨਾਲ਼ ਉਹ ਨਵਜੋਤ ਨੂੰ ਪਿੰਡ ਵਿਚ ਬਦਨਾਮ ਕਰ ਕੇ ਇਸ ਸਕੂਲ ਵਿਚੋਂ ਕਢਵਾ ਸਕਦੇ! ਕਿਉਂਕਿ ਸਾਰਾ ਪਿੰਡ ਉਸ ਦੇ ਕੰਮ ਦੀ ਕਦਰ ਕਰਦਾ ਸੀ ਅਤੇ ਉਸ 'ਤੇ ਜਾਨ ਛਿੜਕਦਾ ਸੀ।
ਨਵਜੋਤ ਕਿਸੇ ਬਾਹਰਲੇ ਪਿੰਡ ਤੋਂ ਸੀ ਅਤੇ ਇੱਕ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ। ਪਿੰਡ ਦੇ ਅਧਿਆਪਕਾਂ ਨੂੰ ਇਹੀ ਸਾੜਾ ਸੀ ਕਿ ਉਹ ਬਾਹਰਲੇ ਪਿੰਡ ਵਿਚੋਂ ਆ ਕੇ ਸਾਡੇ 'ਤੇ 'ਹੁਕਮ' ਕਿਉਂ ਚਲਾ ਰਿਹਾ ਸੀ...? ਉਹਨਾਂ ਦੇ ਸਾੜੇ ਦਾ ਅੰਤ ਨਹੀਂ ਸੀ। ਉਹ ਸਾਰੇ ਇਕੱਠੇ ਬਹਿ-ਬਹਿ ਕੇ ਉਸ ਦੇ ਖ਼ਿਲਾਫ਼ ਕੋਈ ਸਾਜ਼ਿਸ਼ ਰਚਣਾਂ ਚਾਹੁੰਦੇ। ਪਰ ਸਾਰੇ ਪਿੰਡ ਨੂੰ ਆਪਣੇ ਵੱਲ ਕਿਵੇਂ ਕਰਾਂਗੇ..? ਇੱਥੇ ਆ ਕੇ ਉਹਨਾਂ ਦੀ ਬੋਲਤੀ ਬੰਦ ਹੋ ਜਾਂਦੀ! ਕਿਉਂਕਿ ਸਾਰਾ ਪਿੰਡ ਨਵਜੋਤ ਦੇ ਮਗਰ ਸੀ ਅਤੇ ਉਸ ਦੇ ਮੂੰਹੋਂ ਨਿਕਲ਼ੀ ਗੱਲ 'ਸਤਿ' ਕਰ ਕੇ ਮੰਨਦਾ ਸੀ।
ਰਾਤ ਨੂੰ ਗੁਰਮੇਲ ਅਤੇ ਚਰਨਜੀਤ ਦਾਰੂ ਪੀ ਰਹੇ ਸਨ। ਉਹ ਇਸ ਪਿੰਡ ਦੇ ਹੀ ਅਧਿਆਪਕ ਸਨ।
-''ਗੇਲਿਆ, ਰੜਕ ਤਾਂ ਮੈਨੂੰ ਇਹ ਐ ਬਈ ਸਾਲ਼ਾ ਤੀਜੀ ਕੂਟ ਤੋਂ ਆ ਕੇ ਸਾਡੇ 'ਤੇ ਜੱਜ ਬਣਿਆਂ ਫ਼ਿਰਦੈ..!"
-''ਆਪਣੇ ਪਿੰਡ ਵਾਲ਼ੇ ਵੀ ਕੁੜੀ ਯਾਵ੍ਹੇ ਲੀਰ ਦੇ ਫ਼ਕੀਰ ਐ..! ਨਿਰੇ ਲਾਈਲੱਗ..! ਬਈ ਬਿਗਾਨੇ ਬੰਦੇ ਨੂੰ ਤੁਸੀਂ ਸਿਰ 'ਤੇ ਚਾਹੜੀ ਫ਼ਿਰਦੇ ਓਂ, ਤੇ ਪਿੰਡ ਦੇ ਭਰਾਵਾਂ ਨੂੰ ਦਿੰਨੇ ਐਂ, ਪਿੱਛਾ..! ਸਾਲ਼ਾ ਖੱਸੀ ਲਾਣਾਂ..!"
-''ਇਹ ਤਾਂ ਬਾਈ ਗੇਲਿਆ ਇੱਕ ਗੱਲ ਕਰਨੀ ਪਊ..!" ਉਸ ਨੇ ਲੰਡਾ ਪੈੱਗ ਅੰਦਰ ਸੁੱਟਿਆ।
-''ਕੀ...?" ਚਰਨਜੀਤ ਦਾ ਮੂੰਹ ਗਿੱਦੜ ਦੀ ਖੱਡ ਵਾਂਗ ਖੁੱਲ੍ਹਾ ਸੀ।
-''ਜਾਂ ਤਾਂ ਫ਼ਕੀਰ ਦੀ ਲੀਰ ਪਾੜਨੀ ਪਊ ਤੇ ਜਾਂ ਫ਼ਕੀਰ ਨੂੰ ਈ ਗੱਡੀ ਚਾੜ੍ਹਨਾ ਪਊ..!" ਉਸ ਨੇ ਕਿਸੇ 'ਤਬਾਹੀ' ਵੱਲ ਇਸ਼ਾਰਾ ਦਿੱਤਾ।
-''ਗੱਡੀ ਚਾੜ੍ਹਨਾ ਕਿਹੜਾ ਖੇਡ ਐ, ਬਾਈ..? ਸਾਰਾ ਪਿੰਡ ਸਾਲ਼ੇ ਦੇ ਮਗਰ ਐ..! ਨਰੜੀਦੇ ਮਰਜਾਂਗੇ..! ਆਪਾਂ ਨੂੰ ਤਾਂ ਸਾਰਾ ਪਿੰਡ ਕਮਚੋਰ ਈ ਸਮਝਦੈ, ਤੇ ਇਹਨੂੰ ਮੰਨਦੈ ਬੁੱਧੀਜੀਵੀ ਤੇ ਇਮਾਨਦਾਰ ਇਹਨਾਂ ਦੀ ਭੈਣ ਨੂੰ ਕੁੱਕੜ ਯੈਹਣ..!"
-''ਤਾਂ ਹੀ ਤਾਂ ਘਰ ਦਾ ਜੋਗੀ 'ਜੋਗੜਾ' ਹੁੰਦੈ..! ਤੇ ਬਾਹਰਲਾ ਜੋਗੀ 'ਸਿੱਧ' ਬਣ ਜਾਂਦੈ..! ਸਿਆਣਿਆਂ ਦੀਆਂ ਕਹਾਉਤਾਂ ਝੂਠੀਆਂ ਥੋੜ੍ਹੋ ਐ..? ਆਪਣੇ ਨਾਲ਼ ਤਾਂ ਕੁੜੀ ਦੇ ਲੱਕੜ ਅੱਖ ਈ ਨੀ ਮਿਲ਼ਾਉਂਦੇ..!"
-''ਇੱਕ ਗੱਲ ਹੋਰ ਐ ਬਾਈ..!" ਗੁਰਮੇਲ ਦਾ ਖਰਾੜ੍ਹਾ ਜਿਹਾ ਚਿਹਰਾ ਬੁੱਚੜ ਵਰਗਾ ਲੱਗਦਾ ਸੀ।
-''ਬੋਲ..?"
-''ਇਹ ਸਾਲ਼ਾ ਨਵਰੀਤ ਮੈਡਮ ਨਾਲ਼ ਮੂੰਹ ਜੋੜ-ਜੋੜ ਕੇ ਗੱਲਾਂ ਕਰਦੈ..! ਖਿਚੜੀ ਇਹਨਾਂ 'ਚ ਕੋਈ ਨਾ ਕੋਈ ਜ਼ਰੂਰ ਪੱਕਦੀ ਐ..! ਮੰਨ, ਚਾਹੇ ਨਾ ਮੰਨ..!"
-''ਨਹੀਂ..! ਇਹ ਗੱਲ ਤਾਂ ਨੀ ਮੇਰੇ ਮਨ ਨੂੰ ਲੱਗਦੀ..! ਪਰ ਬਦਨਾਮ ਕਰਨ ਦਾ ਮੁੱਦਾ ਜ਼ਰੂਰ ਬਣ ਸਕਦੈ..! ਜਿੰਨਾਂ ਚਿਰ ਇਹਦਾ ਬਿਸਤਰਾ ਗੋਲ਼ ਨੀ ਹੁੰਦਾ, ਸਕੂਲ ਦੀ ਸਰਦਾਰੀ ਆਪਣੇ ਹੱਥ ਕਦੇ ਨੀ ਆਊਗੀ, ਆਪਾਂ ਗੁਲਾਮੀਂ ਕਰਦੇ ਈ ਬੁੱਢੇ ਹੋਜਾਂਗੇ..!" ਉਸ ਨੇ ਇੰਜ ਗੱਲ ਕੀਤੀ ਜਿਵੇਂ ਕੀੜਿਆਂ ਦੇ ਭੌਣ 'ਤੇ ਬੈਠਾ ਸੀ।
-''ਇੱਕ ਗੱਲ ਦੱਸਦੈਂ..! ਲੋਕ ਕਹਿੰਦੇ ਹੁੰਦੇ ਐ ਅਖੇ ਜੋਸ਼ ਨਾਲ਼ੋਂ ਹੋਸ਼ ਤੋਂ ਕੰਮ ਲੈਣਾਂ ਚਾਹੀਦੈ..!"
-''ਹੋਸ਼ ਤੋਂ ਅੱਗੇ ਵੀ ਕੋਈ ਚੀਜ਼ ਐ..!"
-''ਉਹ ਕੀ..?"
-''ਹੈਗੀ ਐ...ਇੱਕ ਚੀਜ਼..!"
-''ਤੂੰ ਬੋਲ ਤਾਂ ਸਹੀ..! ਇਮਤਿਹਾਨ ਲੈਣ ਵਾਲ਼ਿਆਂ ਮਾਂਗੂੰ ਕਾਹਨੂੰ ਗੱਲਾਂ ਕਰਨ ਲੱਗ ਪੈਨੈ..?"
-''ਹੋਸ਼ ਤੋਂ ਅੱਗੇ ਹੁੰਦੀ ਐ, ਸੂਝ ਤੇ ਬੂਝ..! ਤੇ ਸੂਝ-ਬੂਝ ਮਿਲ਼ਦੀ ਐ ਤੁਹਾਨੂੰ ਸੋਸਾਇਟੀ 'ਚੋਂ..! ਤੇ ਸੋਸਾਇਟੀ ਦੀ ਤੁਹਾਨੂੰ ਚੋਣ ਕਰਨੀ ਪੈਂਦੀ ਐ..! ਚੋਣ ਵੇਲ਼ੇ ਤੁਹਾਡੇ ਕੋਲ਼ ਹੋਣੀ ਚਾਹੀਦੀ ਐ ਅਕਲ ਤੇ ਪਰਖ਼ ਦੀ ਕਸਵੱਟੀ..! ਫ਼ੇਰ ਜਾ ਕੇ ਕਿਤੇ ਕੰਮ ਸਿਰੇ ਲੱਗਦੈ..!"
-''ਤੇਰੀ ਇਸ ਗੋਲ਼ ਗੱਲ ਦਾ ਨਤੀਜਾ ਮੈਂ ਕੀ ਕੱਢਾਂ..?" ਗੱਲ ਗੁਰਮੇਲ ਦੇ ਗਿਰਝ ਵਾਂਗ ਸਿਰ ਉਪਰੋਂ ਦੀ 'ਛੂੰਅ' ਕਰ ਕੇ ਲੰਘ ਗਈ ਸੀ।
-''ਚੰਗੀ ਸੋਸਾਇਟੀ ਆਪਣੇ ਨਾਲ਼ ਤੁਰਨੀ ਨਹੀਂ..! ਕਿਉਂਕਿ ਉਹ ਸਾਰੀ ਦੁਸ਼ਮਣ ਦੇ ਨਾਲ਼ ਐ..! ਆਪਾਂ ਨੂੰ ਤਾਂ ਕੋਈ ਦੂਜਾ ਰਸਤਾ ਅਖ਼ਤਿਆਰ ਕਰਨਾ ਪੈਣੈ..!" ਉਸ ਨੇ ਘਾਤਿਕ ਗੱਲ ਵੱਲ ਫ਼ਿਰ ਇਸ਼ਾਰਾ ਕੀਤਾ।
-''ਨਹੀਂ..! ਮੂਰਖ਼ ਐਂ...? ਅਜੇ ਐਡਾ ਵੱਡਾ ਕਦਮ ਨੀ ਆਪਾਂ ਚੱਕਣਾਂ..! ਤੂੰ ਨਵਰੀਤ 'ਤੇ ਨਜ਼ਰ ਰੱਖ..! ਜੇ ਆਪਾਂ ਇਹਨੂੰ ਬਦਨਾਮ ਕਰ ਲਿਆ, ਸਮਝ ਲੈ ਬਾਜ਼ੀ ਆਪਣੇ ਹੱਥ ਆ ਜਾਊਗੀ..! ਨਾਲ਼ੇ ਸੱਪ ਮਰਜੂ ਤੇ ਨਾਲ਼ੇ ਸੋਟੀ ਬਚਜੂ..!"
-''ਹਲ਼ਕਿਆ ਵਿਆ ਕੁੱਤਾ ਨੱਕ ਦੀ ਸੇਧ ਨੂੰ ਈ ਭੱਜਦੈ, ਚਾਹੇ ਅੱਗੇ ਥੰਮ੍ਹ 'ਚ ਈ ਵੱਜੇ..! ਬਿੱਲੀ ਦੀਆਂ ਜੇ ਮੁੱਛਾਂ ਕੱਟ ਦਿਓ, ਉਹ ਸਿੱਧੀ ਨਹੀਂ ਤੁਰ ਸਕਦੀ..! ਉਹ ਮੁੱਛਾਂ ਦੀ ਸੇਧ ਲੈ ਕੇ ਤੁਰਦੀ ਐ..! ਓਹੀ ਗੱਲ ਇਹਦੀ ਐ..! ਇਹਨੂੰ ਹੈਗਾ ਸੌ ਫ਼ੀਸਦੀ ਰਿਜ਼ਲਟ ਲਿਆਉਣ ਦਾ ਤੇ ਸਕੂਲ ਦਾ ਸਿਸਟਮ ਸਾਫ਼ ਸੁਥਰਾ ਰੱਖਣ ਦਾ ਨਸ਼ਾ..! ਇਹਨੂੰ ਬਦਨਾਮ ਕਰਨ ਦਾ ਮੁੱਦਾ ਖੜ੍ਹਾ ਕਰ ਲਈਏ, ਬੱਸ ਇਹ ਮਰਿਆ ਸਮਝ..! ਜਿਹੜੀਆਂ ਪਿੰਡ ਦੀਆਂ ਬੁੜ੍ਹੀਆਂ ਇਹਦੀਆਂ ਚੱਪਲੀਆਂ ਝਾੜਦੀਐਂ, ਓਹੀ ਜੇ ਨਾ ਪਾਥੀਆਂ ਨਾਲ਼ ਭੰਨਣ ਡਹਿ ਪਈਆਂ, ਮੈਨੂੰ ਫ਼ੜ ਲਈਂ..!"
-''ਬੁੜ੍ਹੀਆਂ ਹੁੰਦੀਐਂ ਕੰਨਾਂ ਦੀਆਂ ਕੱਚੀਆਂ..! ਉਹਨਾਂ ਦੇ ਤਾਂ ਗੱਲ ਦਿਮਾਗ 'ਚ ਬਿਠਾਉਣ ਦੀ ਦੇਰ ਐ, ਪਰਾਗਾ ਉਹਨਾਂ ਨੇ ਆਪਣੇ ਆਪ ਪਾ ਲੈਣਾਂ ਹੁੰਦੈ..!"
-''ਨਵਰੀਤ ਇਸ ਬੁੱਢੇ 'ਤੇ ਲੁੜਕੀ ਫ਼ਿਰਦੀ ਐ, ਬਈ ਸਾਲ਼ੀਏ ਐਧਰ ਸਾਡੇ ਵੱਲ ਦੇਖ..! ਕੜੀ ਅਰਗੇ ਸੋਹਣੇ ਸੁਣੱਖੇ ਯਾਰ ਫ਼ਿਰਦੇ ਐ..! ਸਾਡੇ ਵੱਲ ਤੂੰ ਅੱਖ ਪੱਟ ਕੇ ਨੀ ਦੇਖਦੀ..! ਪੁਰਾਣੇ ਖੁੰਢ 'ਤੇ ਲੱਟੂ ਹੋਈ ਫ਼ਿਰਦੀ ਐਂ..!"
-''ਕਈ ਇਨਸਾਨ ਅਸੂਲ, ਸਿਧਾਂਤ ਤੇ ਗੁਣਾਂ ਦੇ ਕਾਇਲ ਹੁੰਦੇ ਐ..! ਉਹ ਸ਼ਕਲ-ਸੂਰਤ ਜਾਂ ਉਮਰ ਨੂੰ ਨਹੀਂ, ਉਹ ਤੁਹਾਡੀ ਜੁਗਤੀ ਤੇ ਪ੍ਰਬੀਨਤਾ ਨੂੰ ਮੋਹ ਕਰਦੇ ਐ..! ਹੁਣ ਕਈ ਐਕਟਰ ਸ਼ਕਲ-ਸੂਰਤ ਵੱਲੋਂ ਜਮਾਂ ਸੋਹਣੇ-ਸੁਣੱਖੇ ਨੀ ਹੁੰਦੇ, ਪਰ ਲੋਕ ਉਹਨਾਂ ਦੀ ਅਦਾ ਦੇ ਕਾਇਲ ਹੁੰਦੇ ਐ ਤੇ ਉਹਨਾਂ ਨੂੰ ਪਸੰਦ ਕਰਦੇ ਐ, ਤੇ ਕਿਸੇ ਪੱਖ ਤੋਂ ਪ੍ਰੇਮ ਵੀ ਕਰਦੇ ਐ..!"
-''ਬੰਦਾ ਉਹ ਹੁੰਦੈ, ਜਿਹੜਾ ਮੌਕਾ ਦੇਖ ਕੇ ਵਾਰ ਕਰੇ..! ਤੂੰ ਸਮਾਂ ਆਉਣ ਦੇਹ..! ਮੇਲ਼ ਦਿਆਂਗੇ ਕੜੀਆਂ..! ਪਾ ਦਿਆਂਗੇ ਕੜਾਕਾ..! ਬੱਸ ਆਪਾਂ ਨਵਰੀਤ ਤੇ ਨਜ਼ਰ ਰੱਖਣੀਂ ਐਂ..! ਜਿਸ ਦਿਨ ਆਪਣੇ ਕੋਈ ਸੱਪ ਹੱਥ 'ਚ ਆਇਆ, ਇਸੇ ਖੱਡ 'ਚੋਂ ਈ ਆਉਣੈਂ..!"
ਅੱਧੀ ਰਾਤ ਤੱਕ ਉਹ ਦਾਰੂ ਪੀਂਦੇ, ਸਕੀਮਾਂ ਘੜ੍ਹਦੇ ਰਹੇ!
ਪਰ ਉਹਨਾਂ ਦੀ ਕੋਈ ਸਕੀਮ ਸਿਰੇ ਨਹੀਂ ਲੱਗੀ ਸੀ। ਨਵਜੋਤ ਉਹਨਾਂ ਦਾ 'ਅੱਖ-ਤਿਣ' ਜ਼ਰੂਰ ਸੀ। ਪਰ ਪਿੰਡ ਦੀ ਹਮਾਇਤ ਹਾਸਲ ਹੋਣ ਕਾਰਨ ਉਸ ਨੂੰ ਹਿਲਾ ਸਕਣਾ ਕੋਈ ਸੌਖਾ ਕੰਮ ਨਹੀਂ ਸੀ। ਉਹ ਡਰੇ ਕੁੱਤੇ ਵਾਂਗ ਚੱਡਿਆਂ 'ਚ ਪੂਛ ਦੇ ਕੇ ਦੰਦੀਆਂ ਜਿਹੀਆਂ ਜ਼ਰੂਰ ਚਿੜਾ ਰਹੇ ਸਨ। ਪਰ ਉਹਨਾਂ ਦੇ ਹੱਥ-ਵੱਸ ਕੁਝ ਵੀ ਨਹੀਂ ਸੀ।
ਕਿਸ਼ਤ 12
ਸਕੂਲ ਦਾ ਸਾਲਾਨਾ ਸਮਾਗਮ ਆ ਗਿਆ।
ਨਵਜੋਤ ਅਤੇ ਨਵਰੀਤ ਨੇ ਇਸ ਦੀ ਪੂਰੀ ਤਿਆਰੀ ਕਰਵਾਈ ਹੋਈ ਸੀ। ਕਲਾਕਾਰ ਬੱਚੇ ਸੂਈ ਦੇ ਨੱਕੇ ਵਿਚ ਦੀ ਕੱਢ ਧਰੇ ਸਨ। ਮੁੱਖ ਮਹਿਮਾਨ ਵਜੋਂ ਇਲਾਕੇ ਦਾ ਐਮ. ਐਲ. ਏ. ਬੁਲਾਇਆ ਗਿਆ ਸੀ। ਬੱਚਿਆਂ ਨੇ ਨਾਟਕ ਦੀਆਂ ਦੋ ਆਈਟਮਾਂ ਪੇਸ਼ ਕੀਤੀਆਂ। ਇੱਕ ਬਾਲ ਮਜਦੂਰੀ ਅਤੇ ਇੱਕ ਭਰੂਣ ਹੱਤਿਆ ਉਪਰ! ਤਕੜਾ ਚੋਭਦਾਰ ਵਿਅੰਗ ਸੀ! ਐਮ. ਐਲ. ਏ. ਬਹੁਤ ਪ੍ਰਭਾਵਿਤ ਹੋਇਆ ਸੀ। ਪਿੰਡ ਅਤੇ ਇਲਾਕੇ ਦੇ ਲੋਕ ਵੀ ਬਹੁਤ ਖ਼ੁਸ਼ ਸਨ। ਨਵਜੋਤ ਨੇ ਵੀ ਭਰੂਣ ਹੱਤਿਆ ਅਤੇ ਬਾਲ ਮਜਦੂਰੀ 'ਤੇ ਭਾਸ਼ਣ ਦਿੱਤਾ ਅਤੇ ਲੋਕਾਂ ਨੂੰ ਇਸ ਜ਼ਾਲਮ ਸੋਚ ਦੇ ਖ਼ਿਲਾਫ਼ ਤੁਰਨ ਲਈ ਵੰਗਾਰਿਆ! ਪਿੰਡ ਦੀਆਂ ਔਰਤਾਂ ਨਵਜੋਤ ਦਾ ਭਾਸ਼ਣ ਸੁਣ ਕੇ ਮੰਤਰ-ਮੁਗਧ ਹੋਈਆਂ ਬੈਠੀਆਂ ਸਨ।
ਇਸ ਸਮਾਗਮ ਵਿਚ ਕਲਾਕਾਰ ਬੱਚਿਆਂ ਅਤੇ ਨਵਰੀਤ ਨੂੰ ਸਨਮਾਨਿਤ ਕੀਤਾ ਗਿਆ।
ਬਾਕੀਆਂ ਨੂੰ ਛੱਡ ਕੇ ਨਵਰੀਤ ਨੂੰ ਸਨਮਾਨਿਤ ਕਰਨ 'ਤੇ ਦੂਜੇ ਅਧਿਆਪਕਾਂ ਦਾ ਬੁਰਾ ਹਾਲ ਹੋ ਗਿਆ ਅਤੇ ਉਹਨਾਂ ਦੀਆਂ ਚੜ੍ਹ ਮੱਚੀਆਂ ਸਨ। ਉਹ ਸਮਾਗਮ ਵਿਚੋਂ ਕਚੂਚ ਜਿਹੇ ਹੋ ਕੇ ਘਰ ਗਏ ਸਨ। ਗੁਰਮੇਲ ਅਤੇ ਚਰਨਜੀਤ ਨੂੰ ਇੱਕ ਹੋਰ ਮੁੱਦਾ ਮਿਲ਼ ਗਿਆ ਸੀ। ਨਵਜੋਤ ਵੱਲੋਂ ਬਾਕੀਆਂ ਨੂੰ ਛੱਡ ਕੇ ਇਕੱਲੀ ਨਵਰੀਤ ਨੂੰ ਸਨਮਾਨਿਤ ਕਰਵਾਉਣਾ ਉਹਨਾਂ ਹੱਥ ਇੱਕ ਵਿਸ਼ਾ ਆ ਗਿਆ ਸੀ। ਉਹ ਈਰਖ਼ਾ ਵਿਚ ਸੜੇ ਪਏ ਸਨ।
ਰਾਤ ਨੂੰ ਉਹਨਾਂ ਨੇ ਫ਼ਿਰ ਬੋਤਲ ਖੋਲ੍ਹ ਲਈ।
-''ਇੱਕ ਗੱਲ ਆਪਣੇ ਹੱਥ ਆ ਗਈ..! ਹੁਣ ਆਪਾਂ ਰੌਲ਼ਾ ਪਾ ਕੇ ਬਦਨਾਮ ਕਰ ਸਕਦੇ ਐਂ ਬਈ ਨਵਰੀਤ ਨਾਲ਼ ਇਸ ਦਾ ਕੋਈ ਚੱਕਰ ਐ..! ਬਾਕੀ ਟੀਚਰਾਂ ਨੂੰ ਛੱਡ ਕੇ ਇਸ ਨੇ ਨਵਰੀਤ ਨੂੰ ਹੀ ਕਿਉਂ ਸਨਮਾਨਿਤ ਕਰਵਾਇਆ..?"
-''ਪਰ ਗੱਲ ਸੁਣੂੰ ਕੌਣ..? ਪਿੰਡ ਆਲ਼ੇ ਕੁੜੀ ਯਾਹਵੇ ਤਾਂ ਇਹਦੇ ਮੁਰੀਦ ਬਣੇ ਫ਼ਿਰਦੇ ਐ..! ਆਹ ਸਮਾਗਮ ਕਰਵਾ ਕੇ ਤਾਂ ਇਹ ਮੇਰਾ ਸਾਲ਼ਾ ਹੋਰ ਵੀ ਹੀਰੋ ਬਣ ਗਿਆ..! ਇਹ ਤਾਂ ਹਰ ਮੋੜ 'ਤੇ ਗੁੱਲੀ ਦਣ ਪਾਉਂਦਾ ਆਉਂਦੈ..!"
-''ਇਹ ਤਾਂ ਸਾਲ਼ਾ ਦਿਨੋ-ਦਿਨ ਆਪਣੇ ਪਿੰਡ 'ਚ ਪੈਰ ਪੱਕੇ ਕਰਦਾ ਜਾਂਦੈ..! ਜਾਂ ਤਾਂ ਇਹਦੀ ਪੂਰੀ ਈਨ ਮੰਨਣੀ ਪਊ ਤੇ ਜਾਂ ਆਪਾਂ ਨੂੰ ਕਿਤੇ ਹੋਰ ਬਦਲੀ ਕਰਵਾਉਣੀ ਪਊ..!"
-''ਮੈਦਾਨ ਛੱਡ ਕੇ ਭੱਜਣਾਂ ਮਰਦ ਦਾ ਕੰਮ ਨਹੀਂ ਮਿੱਤਰਾ..! ਵਸਣਾਂ ਸ਼ਰੀਕੇ ਦਾ ਨਾਭੇ ਦੀ ਸਰਦਾਰੀ..!"
-''ਫ਼ੇਰ ਕੋਈ ਹੱਲ ਲੱਭਣਾਂ ਪਊ..! ਹੱਥ 'ਤੇ ਹੱਥ ਧਰੇ ਤਾਂ ਸਰਨਾਂ ਨੀ..! ਕੁਛ ਨਾ ਕੁਛ ਤਾਂ ਕਰਨਾ ਈ ਪਊ..!"
-''ਆਪਾਂ ਮੰਤਰੀਆਂ ਵਾਂਗੂੰ ਨਿੱਤ ਸਕੀਮਾਂ ਈ ਲੜਾਉਂਦੇ ਰਹਾਂਗੇ ਜਾਂ ਕੁਛ ਕਰਾਂਗੇ ਵੀ..?"
-''ਕਰਨਾਂ ਵੀ ਕਿਸੇ ਢੰਗ ਨਾਲ਼ ਈ ਪਊ..! ਨਹੀਂ ਆਪਦੇ ਪੈਰ ਆਪ ਕੁਹਾੜਾ ਮਾਰਾਂਗੇ..! ਬੰਦਾ ਮਾਰ ਕੇ ਉਮਰ ਕੈਦ, ਨਹੀਂ ਵੀਹ ਸਾਲਾ ਤਾਂ ਪੱਕੀ ਵੱਟ 'ਤੇ ਈ ਐ..!"
-''........।" ਕੈਦ ਦੇ ਨਾਂ ਨੂੰ ਦੋਹਾਂ ਦੇ ਕੰਨਾਂ ਵਿਚ ਬਿੰਡੇ ਟਿਆਂਕਣ ਲੱਗ ਪਏ।
ਗੱਲ ਫ਼ਿਰ ਵੀ ਕਿਸੇ ਸਿਰੇ ਨਾ ਲੱਗੀ ਅਤੇ ਉਹ ਮੱਚਦੇ-ਬੁਝਦੇ ਸੌਣ ਚਲੇ ਗਏ।
ਅਗਲੇ ਦਿਨ ਨਵਰੀਤ ਰੋਂਦੀ ਸਕੂਲ ਆਈ। ਉਹ ਹਰ ਵੇਲ਼ੇ ਫ਼ੁੱਲ ਵਾਂਗ ਟਹਿਕਦੀ ਰਹਿਣ ਵਾਲ਼ੀ ਖ਼ੁਸ਼-ਮਿਜ਼ਾਜ਼ ਕੁੜੀ ਸੀ। ਪਰ ਅੱਜ ਉਸ ਨੂੰ ਰੋਂਦੀ ਦੇਖ ਨਵਜੋਤ ਦਾ ਕਾਲ਼ਜਾ ਪੱਛਿਆ ਗਿਆ। ਜਦ ਨਵਜੋਤ ਨੇ ਉਸ ਦੇ ਮੋਢੇ 'ਤੇ ਹੱਥ ਧਰਿਆ ਤਾਂ ਹਮਦਰਦੀ ਨਾਲ਼ ਟਿਕੇ ਹੱਥ ਨਾਲ਼ ਕੁੜੀ ਦੀਆਂ ਭੁੱਬਾਂ ਨਿਕਲ਼ ਗਈਆਂ। ਅੰਦਰਲਾ ਗੁਬਾਰ ਅੱਥਰੂ ਬਣ ਡੁੱਲ੍ਹਣ ਲੱਗ ਪਿਆ। ਨਵਜੋਤ ਦੀ ਉਮਰ 45 ਸਾਲ ਦੀ ਪੱਕੜ ਸੀ। ਜਦ ਕਿ ਨਵਰੀਤ ਸਿਰਫ਼ 24 ਸਾਲ ਦੀ ਕੁੜੀ ਸੀ। ਨਵਜੋਤ ਨੇ ਅਜੇ ਤੱਕ ਵਿਆਹ ਨਹੀਂ ਕਰਵਾਇਆ ਸੀ। ਵਿਆਹ ਬਾਰੇ ਉਸ ਦੇ ਘਰਦਿਆਂ ਨੇ ਉਸ ਨੂੰ ਬਹੁਤ ਜੋਰ ਪਾਇਆ। ਪਰ ਉਸ ਨੂੰ ਆਪਣੀ ਵਿਚਾਰਧਾਰਾ ਵਾਲ਼ੀ ਕੋਈ ਕੁੜੀ ਹੀ ਨਹੀਂ ਮਿਲ਼ੀ ਸੀ। ਉਹ ਅਗਾਹਵਧੂ ਖ਼ਿਆਲਾਂ ਦਾ ਮਾਲਕ ਸੀ। ਉਸ ਦੇ ਦਿਲ ਵਿਚ ਸੀ ਕਿ ਜੇ ਮੈਂ ਵਿਆਹ ਕਰਵਾ ਲਿਆ ਤਾਂ ਘੱਟੋ-ਘੱਟ ਆਪਣੇ ਅੱਧੇ ਖ਼ਿਆਲਾਂ ਦਾ ਜ਼ਬਰੀ ਗਲ਼ਾ ਘੁੱਟਣਾ ਪਊਗਾ। ਇਸ ਲਈ ਉਹ ਘਰਦਿਆਂ ਦੇ ਦਬਾਓ ਤੋਂ ਬਚਦਾ, ਬਦਲੀ ਕਰਵਾ ਕੇ ਇੱਧਰ ਅਧਿਆਪਕ ਆ ਲੱਗਿਆ ਸੀ। ਸਕੂਲ ਦੇ ਸਮੇਂ ਤੋਂ ਬਾਅਦ ਵੀ ਉਹ ਸਮਾਂ ਨਾ ਬਰਬਾਦ ਕਰਦਾ। ਉਹ ਫ਼ੁੱਲ-ਬੂਟੇ ਲਾਉਂਦਾ। ਉਹਨਾਂ ਨੂੰ ਪਾਣੀ ਦਿੰਦਾ। ਗੋਡੀ ਕਰਦਾ। ਸਕੂਲ ਦਾ ਉਸ ਨੇ ਮੂੰਹ-ਮੁਹਾਂਦਰਾ ਹੀ ਬਦਲ ਧਰਿਆ ਸੀ। ਉਹ ਕੰਧ 'ਤੇ ਨਸੀਹਤਾਂ ਲਿਖਣ ਦਾ ਆਦੀ ਘੱਟ, ਪਰ ਬੱਚਿਆਂ ਦੇ ਮਨ ਵਿਚ ਚੰਗੇ ਖ਼ਿਆਲ ਉਕਰਨ ਦਾ ਮੁਦਈ ਸੀ।
-''ਕੀ ਹੋ ਗਿਆ..? ਗੱਲ ਤਾਂ ਦੱਸ ਰੀਤ..? ਗੱਲ ਕੀ ਐ..? ਤੂੰ ਜੁਆਕਾਂ ਵਾਂਗੂੰ ਰੋਈ ਕਿਉਂ ਜਾਨੀ ਐਂ..?"
-''.........।" ਰੀਤ ਰੋਈ ਜਾ ਰਹੀ ਸੀ। ਪਰ ਪਾਸੇ ਖੜ੍ਹੇ ਬਾਕੀ ਸਟਾਫ਼ ਕਾਰਨ ਉਹ ਦੜ ਜਿਹੀ ਵੱਟ ਗਈ ਸੀ। ਗੱਲ ਨਹੀਂ ਕਰ ਰਹੀ ਸੀ। ਹਾਲਾਤਾਂ ਦੀ ਨਜ਼ਾਕਤ ਸਮਝ ਕੇ ਉਹ ਰੀਤ ਨੂੰ ਦਫ਼ਤਰ ਵਿਚ ਲੈ ਗਿਆ। ਸਾਰਾ ਸਟਾਫ਼ ਹੈਰਾਨ ਹੋਇਆ ਖੜ੍ਹਾ ਸੀ।
-''ਲੈ, ਪਾਣੀ ਪੀ..!" ਉਸ ਨੇ ਘੜ੍ਹੇ ਵਿਚੋਂ ਗਿਲਾਸ ਭਰ ਕੇ ਉਸ ਦੇ ਅੱਗੇ ਕਰ ਦਿੱਤਾ।
ਪਾਣੀ ਪੀ ਕੇ ਰੀਤ ਥੋੜੀ ਸ਼ਾਂਤ ਹੋ ਗਈ।
-''ਹੁਣ ਦੱਸ ਕੀ ਗੱਲ ਐ..?" ਨਵਜੋਤ ਡੁੱਬਦੀ ਰੀਤ ਲਈ ਤਿਣਕਾ ਸਹਾਰਾ ਬਣਿਆਂ ਖੜ੍ਹਾ ਸੀ।
-''ਮੇਰਾ ਭਰਾ ਸਾਊਦੀ ਅਰਬ ਦੇ ਕਿਸੇ ਗਰੋਹ ਦੇ ਕਬਜ਼ੇ 'ਚ ਐ, ਸਰ..!" ਤੇ ਉਹ ਫ਼ਿਰ ਭੁੱਬੀਂ ਰੋਣ ਲੱਗ ਪਈ।
-''ਕਿਉਂ...?" ਸੁਣ ਕੇ ਨਵਜੋਤ ਦਾ ਸੀਤ ਨਿਕਲ਼ ਗਿਆ।
-''ਆਬਦੇ ਵੱਲੋਂ ਤਾਂ ਅਸੀਂ ਉਹਨੂੰ ਦੋਹਾ ਕਤਰ ਭੇਜਿਆ ਸੀ..! ਪਰ ਏਜੰਟ ਨੇ ਧੋਖੇ ਨਾਲ਼ ਭੇਜ ਦਿੱਤਾ ਸਾਊਦੀ ਅਰਬ..! ਮੇਰਾ ਪ੍ਰੀਵਾਰ ਤਾਂ ਅੱਗੇ ਈ ਬਹੁਤ ਗਰੀਬ ਐ ਸਰ ਜੀ..!" ਉਸ ਦਾ ਰੋਣਾਂ ਠੱਲ੍ਹਿਆ ਨਹੀਂ ਜਾ ਰਿਹਾ ਸੀ।
...ਅਸਲ ਵਿਚ ਰੀਤ ਦਾ ਛੋਟਾ ਭਰਾ ਗੁਰਜੰਟ ਪੜ੍ਹ-ਲਿਖ ਕੇ ਕੰਧਾਂ-ਕੌਲ਼ਿਆਂ ਵਿਚ ਵੱਜਦਾ ਫ਼ਿਰਦਾ ਸੀ। ਪੰਜਾਬ ਵਿਚ ਬੇਰੁਜ਼ਗਾਰੀ ਸਿਖ਼ਰ 'ਤੇ ਸੀ। ਗਰੀਬ ਅਤੇ ਮਜਬੂਰ ਬਾਪ ਨੇ ਕਰਜ਼ਾ ਚੁੱਕ ਕੇ ਉਸ ਨੂੰ ਕਿਸੇ ਏਜੰਟ ਦੇ ਅੱਗੇ ਲਿਜਾ ਪੇਸ਼ ਕੀਤਾ। ਨਿਰਾਸ਼ ਹੋਏ ਬੇਰੁਜ਼ਗਾਰ ਨੌਜਵਾਨ ਨਸ਼ਿਆਂ ਦੇ ਹੜ੍ਹ ਵਿਚ ਡੁੱਬਦੇ ਜਾ ਰਹੇ ਸਨ।
-''ਕੀ ਨਾਂ ਐਂ ਬਈ ਕਾਕਾ..?" ਕਸਾਈ ਦੇ ਪੂਛੋਂ ਚੁੱਕ ਕੇ ਬੱਕਰਾ ਤੋਲਣ ਵਾਂਗ ਏਜੰਟ ਨੇ ਉਹਨਾਂ ਨੂੰ ਅੱਖਾਂ ਰਾਹੀਂ ਜੋਹਿਆ।
-''ਗੁਰਜੰਟ ਸਿੰਘ ਐ ਜੀ..!"
-''ਇਹਨੂੰ ਭੇਜਣਾਂ ਕਿਹੜੇ ਮੁਲਕ ਐ ਸਰਦਾਰ ਬਹਾਦਰ..?" ਚੁਸਤ ਏਜੰਟ ਨੇ ਸ਼ਿਕਾਰ ਨੂੰ ਨਜ਼ਰਾਂ ਨਾਲ਼ ਤੋਲਿਆ। ਪਰ ਸ਼ਿਕਾਰ ਉਸ ਨੂੰ ਬਹੁਤੇ ਮਾਸ ਵਾਲ਼ਾ ਨਾ ਲੱਗਿਆ।
-''ਜਿਹੜੇ ਦੇਸ਼ ਮਰਜ਼ੀ ਭੇਜ ਦਿਓ ਬਾਬੂ ਜੀ..! ਇਹਦੀ ਜ਼ਿੰਦਗੀ ਬਣ ਜਾਊਗੀ, ਐਥੇ ਤਾਂ ਘਰੇ ਬਲ਼ਦਾਂ ਦੀਆਂ ਪੂਛਾਂ ਵੀ ਹੈਨੀ ਮਰੋੜਨ ਵਾਸਤੇ..! ਨਹੀਂ ਵਿਹਲਾ ਬੰਦਾ ਬਲ਼ਦਾਂ ਦੀਆਂ ਪੂਛਾਂ ਈ ਮਰੋੜ ਲੈਂਦੈ...!"
-''ਦੋਹਾ ਕਤਰ ਖੁੱਲ੍ਹੈ ਅੱਜ-ਕੱਲ੍ਹ..!"
-''ਸਾਨੂੰ ਤਾਂ ਜਨਾਬ ਇਹ ਵੀ ਨੀ ਪਤਾ ਕਿ ਦੋਹਾ ਕਤਰ ਹੈ ਕਿਹੜੇ ਖੂੰਜੇ..?"
-''ਅਰਬ 'ਚ ਐ..! ਬੜਾ ਵਧੀਆ ਕੰਟਰੀ ਐ..!"
-''ਵਧੀਆ ਤਾਂ ਹਿੰਦੋਸਤਾਨ ਵੀ ਐ ਸਰਕਾਰ..! ਇੱਥੇ ਭੁੱਖੇ ਮਰਨ ਵਾਸਤੇ ਕੋਈ ਚੱਕ-ਥੱਲ ਨੀ ਕਰਨੀ ਪੈਂਦੀ..!" ਬਾਪੂ ਪੂਰਾ ਅੱਕਿਆ ਹੋਇਆ ਸੀ।
-''ਕਿਆ ਬਾਤ ਹੈ..! ਥੋਨੂੰ ਗੱਲਾਂ ਬਹੁਤ ਆਉਂਦੀਐਂ..!" ਏਜੰਟ ਕੌੜਾ ਜਿਹਾ ਹੱਸ ਪਿਆ।
-''ਹੋਰ ਸਾਨੂੰ ਕਿਹੜਾ ਮਨੀਆਡਰ ਆਉਣੇ ਐਂ ਜਨਾਬ..? ਨੰਗਾਂ ਦੇ ਨੰਗ ਪ੍ਰਾਹੁਣੇ ਆਂ..! ਜਿਉਂਦੇ ਰਹਿਣ ਲੁੰਗ-ਲਾਣੇ, ਕਦੇ ਠੇਕੇ ਤੇ ਕਦੇ ਠਾਣੇ..!"
-''ਹੁਣ ਆਪਾਂ ਕੰਮ ਦੀ ਗੱਲ ਵੀ ਕਰ ਲਈਏ..? ਸਾਡੇ ਕੋਲ਼ ਟਾਈਮ ਬਹੁਤ ਘੱਟ ਐ..! ਮੁੰਡਾ ਭੇਜਣਾ ਕਿੱਥੇ ਐ..?" ਏਜੰਟ ਹੱਥ ਆਈ ਮੁਰਗੀ ਨੂੰ ਮਰੋੜ ਕੇ ਪਤੀਲ੍ਹੇ ਵਿਚ ਸੁੱਟ ਲੈਣਾ ਚਾਹੁੰਦਾ ਸੀ।
-''ਤੁਸੀਂ ਦੱਸੋ..? ਜੇ ਮੈਨੂੰ ਪਤਾ ਹੁੰਦਾ, ਮੈਂ ਆਪ ਈ ਨਾ ਛੱਡ ਆਉਂਦਾ..? ਸਾਡਾ ਇਹ ਕੰਮ ਜ਼ਰੂਰ ਕੱਢੋ ਜਨਾਬ..! ਜਿਵੇਂ ਕਿਸੇ ਨੇ ਝੋਟੇ ਨੂੰ ਕਿਹਾ ਸੀ ਬਈ ਤੇਰਾ ਮਿੰਟ ਦਾ ਕੰਮ ਐਂ ਤੇ ਸਾਡੇ ਜੁਆਕਾਂ ਦੀ ਸਾਲ ਦੀ ਲੱਸੀ ਐ..!"
ਏਜੰਟ ਉਚੀ-ਉਚੀ ਹੱਸ ਪਿਆ।
-''ਦੋਹਾ ਕਤਰ ਬਹੁਤ ਵਧੀਆ ਮੁਲਕ ਐ ਤੇ ਅੱਜ-ਕੱਲ੍ਹ ਖੁੱਲ੍ਹੈ..!" ਉਸ ਨੇ ਹਾਸਾ ਰੋਕ ਕੇ ਕੰਮ ਦੀ ਗੱਲ ਕੀਤੀ।
-''ਕੰਮ ਕਾਰ ਕੀ ਮਿਲੂ..?"
-''ਮੁੰਡੇ ਨੂੰ ਕੁੱਕ ਬਣਾ ਕੇ ਭੇਜ ਦਿੰਨੇ ਐਂ..!"
-''ਕੀ ਬਣਾ ਕੇ ਜੀ..?"
-''ਰਸੋਈਆ..! ਲਾਂਗਰੀ..!"
-''ਲੈ, ਲਾਂਗਰੀ ਇਹ ਕਿਵੇਂ ਬਣਜੂਗਾ ਜੀ..? ਗੰਢਾ ਤਾਂ ਕੰਜਰ ਦੇ ਨੂੰ ਛਿੱਲਣਾ ਨੀ ਆਉਂਦਾ..?"
-''ਉਹ ਆਪੇ ਸਿਖਾ ਦਿੰਦੇ ਐ ਸਰਦਾਰ ਜੀ..! ਅਸੀਂ ਕਾਹਦੇ ਵਾਸਤੇ ਬੈਠੇ ਆਂ..?"
-''ਉਹ ਤਾਂ ਮੈਨੂੰ ਪਤੈ ਜੀ ਬਈ ਗੂੰਗਿਆਂ ਤੋਂ ਬਿਸ਼ਨਪਦ ਤੁਸੀਂ ਈ ਸੁਣਵਾ ਸਕਦੇ ਐਂ..! ਹੁਣ ਖ਼ਰਚੇ-ਬਰਚੇ ਬਾਰੇ ਦੱਸੋ..!"
-''ਜਹਾਜ ਦੀ ਟਿਕਟ ਸਮੇਤ ਸਾਰਾ ਖ਼ਰਚਾ ਪੈਂਹਟ ਹਜ਼ਾਰ ਆਊਗਾ ਜੀ..!"
-''ਤੇ ਤਨਖ਼ਾਹ ਕਿੰਨੀ ਮਿਲੂਗੀ ਜਨਾਬ..?" ਉਸ ਨੇ ਮਗਜ਼ ਨੂੰ ਚੜ੍ਹਦੇ ਜਾਂਦੇ ਸਾਹਾਂ ਦੀ ਪੂਛ ਫ਼ੜ ਕੇ ਪੁੱਛਿਆ।
-''ਤਨਖ਼ਾਹ ਪੰਦਰਾਂ ਹਜ਼ਾਰ ਰੁਪਏ ਮਹੀਨਾਂ ਹੋਊਗੀ ਸਰਦਾਰ ਜੀ..! ਚਾਰ ਮਹੀਨਿਆਂ 'ਚ ਥੋਡਾ ਬੰਦਾ ਆਪਣੇ ਲੱਗੇ ਪੂਰੇ ਕਰ ਲਊਗਾ ਤੇ ਓਸ ਤੋਂ ਬਾਅਦ ਕਮਾਈ ਇਹਦੀ..!"
-''ਤੇ...ਕੀ ਕਹਿੰਦੇ ਹੁੰਦੇ ਐ ਛੋਕਰੀ ਯਾਹਵੇ ਨੂੰ ਓਹਨੂੰ..? ਪਰਮਟ..ਪਰਮਟ..! ਪਰਮਟ ਕਿੰਨੇ ਚਿਰ ਦਾ ਹੋਊਗਾ ਜੀ..?"
-''ਪਰਮਿਟ ਪੂਰੇ ਦੋ ਸਾਲ ਦਾ..! ਜੇ ਬੰਦੇ ਨੇ ਕੰਮ ਦਿਲ ਲਾ ਕੇ ਕੀਤਾ ਤਾਂ ਅਗਲੇ ਪਰਮਿਟ ਵਧਾ ਵੀ ਦਿੰਦੇ ਐ..!"
-''ਚਲੋ ਐਨਾਂ ਮੂੰਹ ਤਾਂ ਆਪਾਂ ਕਾਹਨੂੰ ਅੱਡਣੈਂ ਜੀ..! ਇਹ ਕੁੜੀ ਦੇ ਵਿਆਹ ਜਿੰਨੀ ਕਮਾਈ ਕਰ ਲਿਆਵੇ, ਵਾਧੂ ਐ..! ਧੀ-ਧਿਆਣੀਂ ਆਬਦੇ ਘਰੇ ਜਾਊਗੀ, ਫ਼ਿਕਰ ਮੁੱਕੂਗਾ..! ਇਕ ਆਹ ਪੈਲਸਾਂ ਆਲ਼ਾ ਸਿਆਪਾ ਵਿੱਢ ਲਿਆ ਲੋਕਾਂ ਨੇ..! ਅੱਗੇ ਪਿੰਡਾਂ 'ਚ ਵਿਆਹ ਹੁੰਦੇ ਸੀ, ਸਾਰਾ ਪਿੰਡ ਤੇ ਸ਼ਰੀਕਾ-ਕਬੀਲਾ ਮੱਦਤ ਕਰਦਾ ਸੀ, ਹੁਣ ਤਾਂ ਘਰੇ ਕੁੜੀ ਯਾਹਵੇ ਕਾਂ ਪੈਂਦੇ ਹੁੰਦੇ ਐ, ਤੇ ਘਰਆਲ਼ੇ ਪੈਲਸ 'ਚ ਕੁੱਕੜ ਚੂੰਡਦੇ ਹੁੰਦੇ ਐ..! ਲੋਕਾਂ ਨੇ ਆਬਦੇ ਨਾਸੀਂ ਧੂੰਆਂ ਤਾਂ ਆਪ ਲਿਆਂਦੈ..! ਆਬਦਾ ਝੱਗਾ ਪਾੜ ਕੇ ਆਪ ਤਮਾਸ਼ਾ ਦੇਂਹਦੇ ਐ, ਕਿਸੇ ਨੂੰ ਕਾਹਦਾ ਦੋਸ਼..?"
-''ਜਿਸ ਦਿਨ ਤੇਰੇ ਮੁੰਡੇ ਦੇ ਚਾਰ ਪੈਸੇ ਹੱਥ 'ਚ ਆ ਗਏ, ਪੈਰ ਇਹਨੇ ਵੀ ਨੀ ਲਾਉਣੇ ਸਰਦਾਰਾ..! ਕੱਛਾਂ ਵਿਚ ਦੀ ਇਹ ਝਾਕਿਆ ਕਰੂਗਾ..! ਕਾਲ਼ੀ ਮੱਖੀ ਵੀ ਇਹਨੂੰ ਰੰਗਦਾਰ ਲੱਗਿਆ ਕਰੂਗੀ..!"
-''ਕੋਈ ਐਨਾਂ ਵੀ ਕਾਹਨੂੰ ਫ਼ੁਕਰਾ ਹੁੰਦੈ ਜੀ..? ਇਹ ਤਾਂ ਪਾਡੇ ਲੋਕ ਈ ਬਿਨਾਂ ਪਾਣੀਓਂ ਮੌਜੇ ਲਾਹੁੰਦੇ ਐ..! ਹੁਣ ਆਪਣਾ ਕੰਮ ਨਬੇੜੋ..!"
-''ਜਹਾਜ ਦੀ ਟਿਕਟ ਸਮੇਤ ਸਾਰਾ ਖ਼ਰਚਾ ਪੈਂਹਟ ਹਜ਼ਾਰ ਹੋਊਗਾ, ਠੀਕ ਐ ਸਰਦਾਰ ਜੀ..?"
-''ਠੀਕ ਐ ਜੀ..! ਫ਼ਸਗੀ ਤਾਂ ਫ਼ਟਕਣ ਕੇਹਾ..? ਹੋਰ ਕੀ ਕੁਛ ਚਾਹੀਦਾ ਐ..?"
-''ਬਾਰਾਂ ਪਾਸਪੋਰਟ ਸਾਈਜ਼ ਫ਼ੋਟੋ, ਪਾਸਪੋਰਟ ਤੇ ਪੈਸੇ..!"
-''ਮੁੰਡਾ ਕਿੰਨੇ ਕੁ ਚਿਰ 'ਚ ਚੜਜੂਗਾ ਜੀ..?"
-''ਮਹੀਨੇ ਦੇ ਅੰਦਰ-ਅੰਦਰ ਤੁਸੀਂ ਮੁੰਡਾ ਦੋਹਾ ਕਤਰ ਭੇਜਿਆ ਲਓ..!"
-''ਅਸੀਂ ਸੋਮਵਾਰ ਤੱਕ ਸਾਰਾ ਛਿੱਛ-ਪੱਤ ਲਿਆ ਦਿਆਂਗੇ ਜੀ..!"
-''ਸਾਡੇ ਕੋਲ਼ੇ ਕੋਟਾ ਬਹੁਤ ਸੀਮਤ ਐ, ਜੇ ਮੁੰਡਾ ਭੇਜਣੈਂ ਤਾਂ ਸੋਮਵਾਰ ਤੋਂ ਲੇਟ ਨਾ ਹੋਇਓ ਸਰਦਾਰ ਜੀ..!"
-''ਮੈਖਿਆ ਆਏ ਲਓ..! ਅਸੀਂ ਤਾਂ ਸਾਹਣ ਮਾਂਗੂੰ ਵੱਢ ਦਿਆਂਗੇ ਥੋਡੇ ਪੈਰ..!" ਤੇ ਉਹ ਬਾਹਰ ਨਿਕਲ਼ ਗਏ।
ਸੋਮਵਾਰ ਨੂੰ ਉਹਨਾਂ ਨੇ ਏਜੰਟ ਦੀਆਂ ਤਮਾਮ ਸ਼ਰਤਾਂ ਪੂਰੀਆਂ ਕਰ ਦਿੱਤੀਆਂ।
ਪੈਂਹਟ ਹਜ਼ਾਰ ਰੁਪਈਆ ਵੀ ਤਲ਼ੀ 'ਤੇ ਰੱਖ ਦਿੱਤਾ।
-''ਹੁਣ ਕਿਹੜੇ ਦਿਨ ਪਤਾ ਕਰੀਏ ਜੀ..?"
-''ਤੁਸੀਂ ਘਰ ਬੈਠੋ..! ਪੰਦਰਾਂ ਦਿਨ ਦੇ ਵਿਚ-ਵਿਚ ਅਸੀਂ ਤੁਹਾਡੇ ਤੱਕ ਆਪ ਪਹੁੰਚ ਕਰਾਂਗੇ..! ਤੁਸੀਂ ਤਕਲੀਫ਼ ਨਾ ਕਰਿਓ..! ਅਸੀਂ ਥੋਨੂੰ ਫ਼ੋਨ ਕਰਾਂਗੇ..! ਤੂੰ ਸ਼ੇਰਾ ਆਬਦੀ ਪੂਰੀ ਤਿਆਰੀ ਰੱਖੀਂ..! ਕਿਤੇ ਰਾਈਂ-ਬਾਗੀਂ ਨਾ ਜਾ ਵੱਜੀਂ..! ਕਈ ਵਾਰੀ ਬਾਹਰ ਜਾਣ ਦੇ ਚਾਅ 'ਚ ਮੁੰਡੇ-ਖੁੰਡੇ ਚਾਦਰਾ ਲੈ ਕੇ ਨਾਨਕੀਂ ਜਾ ਸੌਂਦੇ ਐ ਤੇ ਅਸੀਂ ਮਗਰ ਖੁਰ ਵਢਵਾਉਂਦੇ ਤੁਰੇ ਫ਼ਿਰਦੇ ਐਂ..! ਕੰਪਣੀਆਂ ਸਾਡੇ ਗਲ਼ ਰੱਸਾ ਪਾਈ ਫ਼ਿਰਦੀਐਂ..! ਬੱਸ ਤੂੰ ਆਬਦੀ ਫ਼ੁੱਲ ਤਿਆਰੀ ਰੱਖੀਂ..!"
-''ਤਿਆਰੀ ਨੂੰ ਇਹਨੇ ਕਿਹੜਾ ਘੋੜੇ ਬੀੜਨੇ ਐਂ ਜੀ..? ਚਾਰ ਲੀੜੇ ਐ, ਝੋਲ਼ੇ 'ਚ ਪਾ ਕੇ ਆਜੂਗਾ..!"
ਦੋ ਹਫ਼ਤੇ ਬੀਤ ਗਏ। ਪਰ ਏਜੰਟ ਦਾ ਕੋਈ ਸੁੱਖ-ਸੁਨੇਹਾਂ ਨਹੀਂ ਆਇਆ ਸੀ। ਬਾਪੂ ਨੂੰ ਫ਼ਿਕਰ ਹੋਇਆ। ਕਰਜ਼ਾ ਚੁੱਕ ਕੇ ਪੈਂਹਟ ਹਜ਼ਾਰ ਰੁਪਈਆ ਉਸ ਨੇ ਏਜੰਟ ਨੂੰ ਝੋਕਿਆ ਹੋਇਆ ਸੀ। ਉਸ ਨੇ ਪੈਰ ਜੁੱਤੀ ਨਾ ਪਾਈ। ਸਿੱਧਾ ਏਜੰਟ ਦੇ ਜਾ ਵੱਜਿਆ।
-''ਆਓ ਜੀ ਸਰਦਾਰ ਜੀ, ਆਓ..! ਅੱਜ ਈ ਕਾਗਜ਼ ਪੱਤਰ ਆਏ ਐ, ਮੈਂ ਥੋਨੂੰ ਫ਼ੋਨ ਕਰਨ ਈ ਲੱਗਿਆ ਸੀ..!"
-''ਮੈਂ ਤਾਂ ਚਿੰਤਾ ਕਰਦਾ ਸੀ ਬਈ ਜਿਹੜਾ ਝੱਗੇ-ਪਜਾਮੇਂ ਵੇਚ ਕੇ ਪੈਸਾ 'ਕੱਠਾ ਕੀਤੈ, ਕਿਤੇ ਊਂਈਂ ਨਾ ਬੋਤੇ ਦੀ ..... 'ਚ ਨਾ ਚਲਿਆ ਜਾਵੇ!" ਬਾਪੂ ਅੱਜ ਕੁਝ ਜ਼ਿਆਦਾ ਹੀ ਅੱਕਿਆ ਹੋਇਆ ਲੱਗਦਾ ਸੀ।
-''ਸਰਦਾਰ ਜੀ, ਅਸੀਂ ਥੋਡਾ ਖਾ ਕੇ ਜਾਣਾਂ ਕਿੱਥੇ ਐ..?"
-''ਜਿੱਥੇ ਮੰਤਰੀ-ਛੰਤਰੀ ਜਾਂਦੇ ਐ..! ਜੱਟ ਨੂੰ ਵੱਢਣ ਲੱਗੇ ਤਾਂ ਉਹ ਵੀ ਮੁੱਖੋਂ 'ਸੀ' ਨੀ ਉਚਾਰਦੇ..!" ਉਹ ਮਸ਼ੀਨ ਵਾਂਗ ਬੋਲਿਆ।
ਏਜੰਟ ਫ਼ਿੱਕਾ ਜਿਹਾ ਪੈ ਗਿਆ।
-''ਆਹ ਲਓ..! ਮੁੰਡੇ ਦਾ ਵੀਜ਼ਾ ਲੱਗ ਗਿਆ ਦੋਹਾ ਕਤਰ ਦਾ..! ਪਰਸੋਂ ਰਾਤ ਦੀ ਫ਼ਲਾਈਟ ਐ..! ਮੁੰਡੇ ਨੂੰ ਕਹੋ ਤਿਆਰ ਹੋ ਕੇ ਆ ਜਾਵੇ..!"
-''ਪੱਕੀ ਗੱਲ ਐ ਜੀ..? ਦੇਖਿਓ ਕਿਤੇ ਪਿੰਡ 'ਚ ਬਦਨਾਮੀ ਨਾ ਹੋਜੇ..?"
-''ਆਹ ਲਓ..! ਆਪ ਈ ਦੇਖ ਲਓ..!" ਉਸ ਨੇ ਪਾਸਪੋਰਟ ਅਤੇ ਕੁਝ ਕਾਗਜ਼ ਉਸ ਦੇ ਅੱਗੇ ਰੱਖ ਦਿੱਤੇ।
-''ਥੋਡੇ 'ਤੇ ਕਿਤੇ ਬੇ'ਤਬਾਰੀ ਐ ਜੀ..? ਜੇ ਮੈਂ ਪੜ੍ਹਨ ਲਿਖਣ ਜਾਣਦਾ ਹੁੰਦਾ, ਮੇਰੀ ਕੁਲ ਨਾ ਤਰ ਜਾਂਦੀ..?"
-''ਤੁਸੀਂ ਪਰਸੋਂ ਸਵੇਰੇ ਮੁੰਡੇ ਨੂੰ ਲੈ ਕੇ ਸਾਡੇ ਕੋਲ਼ੇ ਆ ਜਾਓ..! ਐਥੋਂ ਆਪਾਂ 'ਕੱਠੇ ਚੱਲ ਵੜਾਂਗੇ..? ਹੋਰ ਮੁੰਡਿਆਂ ਦੀ ਵੀ ਫ਼ਲਾਈਟ ਐ..!"
-''ਕਿੰਨੇ ਵਜੇ ਆਈਏ..?"
-''ਸਵੇਰੇ ਪੂਰੇ ਨੌਂ ਵਜੇ ਐਥੇ ਆ ਜਾਓ..! ਪਰਸੋਂ ਰਾਤ ਨੂੰ ਇੱਕ ਚਾਲ਼ੀ ਦੀ ਫ਼ਲਾਈਟ ਐ..!"
-''ਸਮਝਲੋ ਆਗੇ ਜੀ..!" ਤੇ ਉਹ ਕਿਸੇ ਖ਼ੁਸ਼ੀ ਦੇ ਪਰਾਂ 'ਤੇ ਉਡਦਾ ਬੱਸ ਸਟੈਂਡ ਨੂੰ ਦੌੜ ਪਿਆ। ਉਸ ਦਾ ਦਿਲ ਲਲਕਾਰੇ ਮਾਰਨ ਨੂੰ ਕਰਦਾ ਸੀ। ਉਸ ਨੇ ਠੇਕੇ 'ਤੇ ਖੜ੍ਹ ਕੇ ਅਧੀਆ ਲੈ ਲਿਆ ਅਤੇ ਤਿੰਨ ਵਾਰੀਆਂ ਵਿਚ ਹੀ ਨਬੇੜ ਦਿੱਤਾ। ਉਸ ਨੂੰ ਆਪਣੇ ਡਿੱਗਦੇ-ਡੋਲਦੇ ਘਰ ਦੀ ਹਾਲਤ ਸੁਧਰਦੀ ਜਾਪਦੀ ਸੀ, ਇਸ ਲਈ ਉਸ ਦੇ ਧਰਤੀ ਪੈਰ ਨਹੀਂ ਲੱਗਦੇ ਸਨ। ਕਿਸੇ ਖ਼ੁਸ਼ੀ ਵਿਚ ਉਹ ਖ਼ੀਵਾ ਹੋਇਆ ਫ਼ਿਰਦਾ ਸੀ। ਉਸ ਦੇ ਸਿਰ ਦੀਆਂ ਜਟੂਰੀਆਂ ਪੱਗ ਹੇਠ ਦੀ ਉਸ ਦੁਆਲ਼ੇ ਖੇਡਾ ਪਾ ਰਹੀਆਂ ਸਨ।
ਤੀਜੇ ਦਿਨ ਜਦ ਪੁੱਤ ਪ੍ਰਦੇਸ ਤੁਰਨ ਲੱਗਿਆ ਤਾਂ ਨਵਰੀਤ ਅਤੇ ਮਾਂ ਰੋਣਹਾਕੀਆਂ ਹੋਈਆਂ ਖੜ੍ਹੀਆਂ ਸਨ। ਭੈਣ ਦਾ ਇਕਲੌਤਾ ਵੀਰ ਅਤੇ ਮਾਂ ਦੇ ਦਿਲ ਦਾ ਟੁਕੜਾ ਪ੍ਰਦੇਸ ਚੱਲਿਆ ਸੀ। ਗਰੀਬੀ ਦੀ ਮਜਬੂਰੀ ਉਹਨਾਂ ਦੇ ਹਿਰਦਿਆਂ ਵਿਚ ਵੈਣ ਪਾ ਰਹੀ ਸੀ। ਨਹੁੰਆਂ ਨਾਲ਼ੋਂ ਮਾਸ ਵੱਖ ਹੋ ਰਿਹਾ ਸੀ। ਪੀੜ ਤਾਂ ਹੋਣੀਂ ਹੀ ਸੀ। ਜਜ਼ਬਾਤਾਂ ਅਤੇ ਭਾਵਨਾਵਾਂ ਦਾ ਖ਼ੂਨ ਵਗਣਾ ਵੀ ਇੱਕ ਲਾਜ਼ਮੀ ਗੱਲ ਸੀ।
ਹਿੱਕ 'ਤੇ ਪੱਥਰ ਰੱਖ, ਸ਼ਗਨ ਮਨਾ ਕੇ ਮਾਂ ਨੇ ਪੁੱਤ ਅਤੇ ਭੈਣ ਨੇ ਭਰਾ 'ਵਿਦਾਅ' ਕਰ ਦਿੱਤਾ। ਪਰ ਪਿੰਡ ਵਿਚ ਕਿਸੇ ਨੂੰ ਖ਼ਬਰ ਤੱਕ ਨਹੀਂ ਸੀ।
ਉਹ ਸਿੱਧੇ ਏਜੰਟ ਕੋਲ਼ ਪਹੁੰਚੇ ਅਤੇ ਉਥੋਂ ਉਹਨਾਂ ਨੇ ਦਿੱਲੀ ਨੂੰ ਚਾਲੇ ਪਾ ਦਿੱਤੇ।
ਜਦ ਏਅਰਪੋਰਟ 'ਤੇ ਇਕਲੌਤਾ ਪੁੱਤ ਵਿਛੜਨ ਲੱਗਿਆ ਤਾਂ ਬਾਪੂ ਦਾ ਸੀਨਾਂ ਵੀ ਭਰਾੜ ਹੋ ਗਿਆ ਅਤੇ ਹਿਰਦੇ ਵਿਚੋਂ ਮੋਹ ਦਾ ਲਹੂ ਸਿੰਮ ਪਿਆ।
-''ਆਪਣੀਆਂ ਗੌਰਮਿੰਟਾਂ ਈ ਬੇਈਮਾਨ ਤੇ ਓਪਰੀਐਂ ਪੁੱਤ..! ਨਹੀਂ ਤੈਨੂੰ ਜਮਾਂ ਨਾ ਹਿੱਕ ਨਾਲ਼ੋਂ ਲਾਹੁੰਦਾ..!" ਕੋਸੇ ਹੰਝੂ ਉਸ ਦੀਆਂ ਅੱਖਾਂ ਵਿਚੋਂ ਖ਼ੂਹ ਦੀਆਂ ਟਿੰਡਾਂ ਵਾਂਗ ਡੁੱਲ੍ਹਣ ਲੱਗ ਪਏ। ਉਸ ਨੇ ਦਿਲ ਦੇ ਟੁਕੜੇ ਨੂੰ ਸੀਨੇ ਨਾਲ਼ ਘੁੱਟਿਆ ਹੋਇਆ ਸੀ।
-''ਜਾ ਕੇ ਫ਼ੋਨ ਕਰ ਦੇਵੀਂ..! ਘੌਲ਼ ਨਾ ਕਰੀਂ, ਸੁਤਾ ਤੇਰੇ 'ਚ ਈ ਰਹਿਣੀ ਐਂ ਪੁੱਤ..! ਮਾਰ ਲਏ ਤੰਗੀਆਂ ਤੁਰਸ਼ੀਆਂ ਨੇ, ਨਹੀਂ ਤੈਨੂੰ ਜਮਾਂ ਅੱਖਾਂ ਤੋਂ ਪਰ੍ਹੇ ਨਾ ਕਰਦਾ..!" ਬਾਪੂ ਦਾ ਪੁੱਤ ਨੂੰ ਹਿੱਕ ਨਾਲ਼ੋਂ ਲਾਹੁੰਣ ਨੂੰ ਜੀਅ ਨਹੀਂ ਕਰਦਾ ਸੀ। ਵੈਰਾਗ-ਵਿਛੋੜੇ ਵਿਚ ਉਸ ਦਾ ਦਿਲ ਦੋਫ਼ਾੜ ਹੋਇਆ ਪਿਆ ਸੀ।
-''ਜੇ ਜੀਅ ਨਾ ਲੱਗਿਆ, ਬੇਸ਼ੱਕ ਮੁੜ ਆਈਂ ਜੰਟਿਆ, ਜੋ ਹੋਊਗੀ ਦੇਖੀ ਜਾਊਗੀ..!" ਬਾਪੂ ਨੇ ਪੁੱਤ ਨੂੰ ਮਸਾਂ ਛਾਤੀ ਨਾਲ਼ੋਂ ਤੋੜਿਆ ਸੀ। ਉਸ ਦਾ ਪਰਬਤ ਵਰਗਾ ਜਿਗਰਾ ਗਰੀਬ ਦੀ ਛੱਤ ਵਾਂਗ ਤ੍ਰਿੱਪ-ਤ੍ਰਿੱਪ ਚੋਈ ਜਾ ਰਿਹਾ ਸੀ। ਜੰਟਾ ਵੀ ਢੇਰੀ ਜਿਹੀ ਢਾਹੀ ਖੜ੍ਹਾ ਸੀ।
-''ਤੂੰ ਜਾਹ ਪੁੱਤ..! ਮੇਰਾ ਆਸ਼ੀਰਵਾਦ ਤੇਰੇ ਨਾਲ਼ ਐ..! ਜੇ ਨਾ ਚਿੱਤ ਲੱਗਿਆ, ਆ ਜਾਵੀਂ..! ਘੁੱਟ ਕੇ ਹਿੱਕ ਨਾਲ਼ ਲਾਊਂਗਾ..! ਕਿਸੇ ਗੱਲ ਦਾ ਝੋਰਾ ਨਾ ਕਰੀਂ, ਤੇਰਾ ਬਾਪੂ ਜਿਉਂਦੈ..! ਜਾਹ ਹੁਣ..! ਤੇਰੀ ਫ਼ਲੈਟ ਦਾ ਟੈਮ ਹੋ ਗਿਆ..!" ਹਿੱਕ ਨਾਲ਼ੋਂ ਤੋੜ ਕੇ ਬਾਪੂ ਨੇ ਪੁੱਤ ਨੂੰ ਧੱਕਣ ਵਾਂਗ ਤੋਰ ਦਿੱਤਾ।
ਜੰਟੇ ਦਾ ਮਨ ਵੀ ਨੱਕੋ-ਨੱਕ ਭਰਿਆ ਹੋਇਆ ਸੀ।
ਅੱਜ ਤੱਕ ਬਾਪੂ ਨੇ ਵੀ ਉਸ ਨੂੰ ਕਦੇ 'ਫ਼ਿੱਟੇ ਮੂੰਹ' ਨਹੀਂ ਆਖਿਆ ਸੀ।
ਏਜੰਟ ਨੇ ਸਾਰੇ ਮੁੰਡੇ ਭੇਡਾਂ ਦੇ ਇੱਜੜ ਵਾਂਗ ਇਕੱਠੇ ਕਰ ਲਏ ਅਤੇ ਪਾਸਪੋਰਟ ਉਹਨਾਂ ਦੇ ਹੱਥ ਦੇ ਦਿੱਤੇ।
ਜੰਟੇ ਹੋਰਾਂ ਦੀ ਫ਼ਲਾਈਟ ਸਵੇਰੇ ਦੋ ਵਜੇ ਚੱਲੀ ਅਤੇ ਦੋ ਕੁ ਘੰਟੇ ਦੇ ਹਵਾਈ ਸਫ਼ਰ ਦੇ ਬਾਅਦ ਉਹ ਦੋਹਾ ਕਤਰ ਦੇ ਏਅਰਪੋਰਟ 'ਤੇ ਆ ਉਤਰੇ। ਇੱਥੇ ਦੋ ਪਾਕਿਸਤਾਨੀ ਏਜੰਟਾਂ ਨੇ ਉਹਨਾਂ ਨੂੰ ਇੱਕ ਉਜੜੇ ਜਿਹੇ ਮਕਾਨ ਵਿਚ ਭੇਜ ਦਿੱਤਾ। ਇੱਥੇ ਉਹਨਾਂ ਨੂੰ ਬੇਹੀ ਡਬਲਰੋਟੀ ਅਤੇ ਬਗੈਰ ਦੁੱਧ ਤੋਂ ਕਾਹਵਾ ਪੀਣ ਲਈ ਦਿੱਤਾ ਜਾਂਦਾ। ਕੁਝ ਮੁੰਡੇ ਨੱਕ-ਬੁੱਲ੍ਹ ਮਾਰਦੇ ਸਨ। ਪਰ ਜੰਟਾ ਭੁੱਖ ਨਵਿਰਤ ਕਰ ਕੇ ਰੱਬ ਦਾ ਸ਼ੁਕਰਾਨਾਂ ਕਰ ਛੱਡਦਾ। ਉਹ ਸਬਰ ਸੰਤੋਖ ਵਾਲ਼ਾ ਬੀਬਾ ਮੁੰਡਾ ਸੀ। ਏਜੰਟਾਂ ਨੇ ਸਾਰੇ ਮੁੰਡਿਆਂ ਤੋਂ ਆਪਣੇ-ਆਪਣੇ ਘਰ ਨੂੰ 'ਠੀਕ-ਠਾਕ' ਪਹੁੰਚਣ ਦਾ ਫ਼ੋਨ ਕਰਵਾ ਦਿੱਤਾ ਸੀ, ਤਾਂ ਕਿ ਪਿਛਲੇ ਏਜੰਟਾਂ ਦੀ ਜਾਨ 'ਸੁਰਖ਼ਰੂ' ਹੋ ਸਕੇ! ਮੁੰਡਿਆਂ ਦੇ ਘਰ ਦੇ ਬੇਫ਼ਿਕਰ ਹੋ ਕੇ ਬੈਠ ਗਏ ਸਨ। ਹੁਣ ਤਾਂ ਚੈੱਕ ਆਉਣ ਦੀ ਆਸ ਬੱਝ ਗਈ ਸੀ। ਮਨੀਆਰਡਰ ਦੀਆਂ ਉਡੀਕਾਂ ਸ਼ੁਰੂ ਹੋ ਗਈਆਂ ਸਨ।
ਉਹ ਪੂਰੇ ਅਠਾਰਾਂ ਮੁੰਡੇ ਸਨ। ਏਜੰਟਾਂ ਵੱਲੋਂ ਹਰ ਰੋਜ਼ ਉਹਨਾਂ ਵਿਚੋਂ ਛਾਂਟ ਕੇ ਕਿਤੇ ਭੇਜ ਦਿੱਤੇ ਜਾਂਦੇ। ਜਿਹੜੇ ਮੁੰਡੇ ਭੇਜ ਦਿੱਤੇ ਜਾਂਦੇ, ਉਹਨਾਂ 'ਚੋਂ ਕੋਈ ਵੀ ਵਾਪਿਸ ਮੁੜ ਕੇ ਨਹੀਂ ਆਉਂਦਾ ਸੀ। ਉਹ ਓਧਰ ਹੀ ਕਿਤੇ ਰਹਿ ਜਾਂਦੇ। ਮੁੰਡਿਆਂ ਦੇ ਦਿਲ ਵਿਚ ਤਾਂ ਇਹੀ ਸੀ ਕਿ ਜਿੱਥੇ ਕੰਮ ਕਰਦੇ ਸਨ, ਓਥੇ ਹੀ ਉਹਨਾਂ ਨੂੰ ਰਹਾਇਸ਼ ਮਿਲ਼ ਜਾਂਦੀ ਸੀ। ਹੁਣ ਜੰਟੇ ਹੋਰੀਂ ਅਠਾਰਾਂ ਮੁੰਡਿਆਂ ਵਿਚੋਂ ਸਿਰਫ਼ ਤਿੰਨ ਮੁੰਡੇ ਹੀ ਰਹਿ ਗਏ ਸਨ।
ਪੂਰੇ ਤੇਰ੍ਹਾਂ ਦਿਨਾਂ ਬਾਅਦ ਜੰਟੇ ਨੂੰ ਦੂਜੇ ਦੋ ਮੁੰਡਿਆਂ ਨਾਲ਼ੋਂ ਵੱਖ ਕਰ ਲਿਆ ਗਿਆ।
ਉਸ ਨੂੰ ਇੱਕ ਚੌੜੇ ਟਾਇਰਾਂ ਵਾਲ਼ੀ ਜੀਪ 'ਤੇ ਚਾੜ੍ਹ ਲਿਆ ਗਿਆ। ਜਿਸ ਵਿਚ ਦੋ ਅਰਬੀ ਪਠਾਣ ਬੈਠੇ ਸਨ। ਬੋਤੇ ਜਿੱਡੇ ਕੱਦ-ਕਾਠ ਅਤੇ ਖੁੱਲ੍ਹ-ਡੁੱਲ੍ਹੇ ਬੰਦੇ! ਜੰਟੇ ਨੂੰ ਉਹਨਾਂ ਦੀ ਭਾਸ਼ਾ ਸਮਝ ਨਹੀਂ ਆਉਂਦੀ ਸੀ।
-''ਇਹ ਤੁਸਾਂ ਨੂੰ ਕੰਮ 'ਤੇ ਛੋੜ ਕਰ ਆਸੀ..! ਤੁਸਾਂ ਨੇ ਉਸੀ ਜਗਾਹ ਕੰਮ ਕਰਨਾ ਈ, ਜਿੱਥੇ ਇਹ ਤੁਸਾਂ ਨੂੰ ਲਿਜਾਸੀ..!" ਪਾਕਿਸਤਾਨੀ ਏਜੰਟ ਨੇ ਜੰਟੇ ਨੂੰ ਕਿਹਾ। ਜੰਟਾ ਭਾਣਾਂ ਜਿਹਾ ਮੰਨ ਕੇ ਜੀਪ ਦੇ ਪਿੱਛੇ ਬੈਠ ਗਿਆ।
ਉਸ ਦਾ ਦਿਲ ਥਾਲ਼ੀ ਦੇ ਪਾਣੀ ਵਾਂਗ ਡੋਲ ਰਿਹਾ ਸੀ।
-''ਓਥੇ ਕੋਈ ਆਪਣੀ ਭਾਸ਼ਾ ਬੋਲਣ ਵਾਲ਼ਾ ਵੀ ਹੋਊਗਾ ਭਾਅ ਜੀ..?"
-''ਹੋਸੀ-ਹੋਸੀ..! ਜ਼ਰੂਰ ਹੋਸੀ..! ਕਿਉਂ ਨਾ ਹੋਸੀ..? ਤੇਰਾ ਦਿਲ ਲੱਗਸੀ..! ਜਦ ਪੈਸਾ ਜੇਬ ਵਿਚ ਆਸੀ ਤਾਂ ਦਿਲ ਵੀ ਲੱਗਸੀ ਭਾਅ..! ਅੱਲਾਹ-ਹਾਫ਼ਿਜ਼..!" ਤੇ ਜੀਪ ਤੁਰ ਗਈ।
ਰੇਗਿਸਤਾਨਾਂ ਵਿਚ ਕਾਰ ਚੱਲਦੀ ਨੂੰ ਕੋਈ ਚਾਰ-ਪੰਜ ਘੰਟੇ ਹੋ ਗਏ ਸਨ। ਦੂਰ ਦੂਰ ਤੱਕ, ਚਾਰੇ ਪਾਸੇ ਰੇਤ ਹੀ ਰੇਤ, ਮਾਰੂਥਲ ਹੀ ਮਾਰੂਥਲ ਪਸਰਿਆ ਪਿਆ ਸੀ। ਧੂੜ ਉੱਡ ਰਹੀ ਸੀ। ਕਦੇ ਕਦੇ ਰਸਤੇ ਵਿਚ ਉਹਨਾਂ ਨੂੰ ਕੋਈ ਊਠ ਵਾਲ਼ਾ ਬੰਦਾ ਮਿਲ਼ਦਾ। ਪਰ ਕੋਈ ਵੀ ਕਿਸੇ ਨੂੰ ਬੁਲਾਉਂਦਾ ਨਹੀਂ ਸੀ। ਜਿਵੇਂ ਉਹ ਇੱਕ-ਦੂਜੇ ਲਈ ਓਪਰੇ ਸਨ? ਜਾਂ ਰੁੱਸੇ ਹੋਏ ਸਨ! ਡਰਾਈਵਰ ਨਾਲ਼ ਦੇ ਬੰਦੇ ਨੇ ਇੱਕ ਬੱਧਰੀ ਵਾਲ਼ੀ ਥਰਮੋਸ ਜਿਹੀ ਜੰਟੇ ਵੱਲ ਨੂੰ ਸੁੱਟੀ। ਜਦ ਉਸ ਨੇ ਖੋਲ੍ਹ ਕੇ ਦੇਖੀ ਤਾਂ ਉਸ ਵਿਚ ਪਾਣੀ ਸੀ। ਲੋੜ ਅਨੁਸਾਰ ਜੰਟੇ ਨੇ ਪਾਣੀ ਪੀ ਲਿਆ ਅਤੇ ਮੁੜ ਢੱਕਣ ਲਾ ਦਿੱਤਾ। ਜਦ ਉਸ ਨੇ ਥਰਮੋਸ ਮੋੜਨੀ ਚਾਹੀ ਤਾਂ ਅਗਲੇ ਬੰਦੇ ਨੇ ਇਸ਼ਾਰੇ ਨਾਲ਼ ਆਪਣੇ ਕੋਲ਼ ਰੱਖਣ ਲਈ ਹੀ ਆਖ ਦਿੱਤਾ। ਜੰਟੇ ਨੇ ਬੋਤਲ ਜੁਆਕ ਵਾਂਗ ਬੁੱਕਲ਼ ਵਿਚ ਹੀ ਰੱਖ ਲਈ। ਕਦੇ-ਕਦੇ ਦੂਰ ਉਸ ਨੂੰ ਖਜੂਰਾਂ ਦੇ ਦਰਖ਼ਤ ਨਜ਼ਰ ਪੈਂਦੇ। ਪਰ ਹੋਰ ਕੋਈ ਬੰਦਾ ਨਾ ਪਰਿੰਦਾ ਨਜ਼ਰ ਆਉਂਦਾ ਸੀ। ਚੌੜੇ ਟਾਇਰਾਂ ਵਾਲ਼ੀ ਜੀਪ ਵਾਟ ਵੱਢਦੀ ਜਾ ਰਹੀ ਸੀ। ਪਰ ਕਿੱਧਰ ਨੂੰ ਜਾ ਰਹੀ ਸੀ..? ਇਸ ਦਾ ਜੰਟੇ ਨੂੰ ਕੋਈ ਪਤਾ ਨਹੀਂ ਸੀ। ਉਹ ਰੱਬ ਆਸਰੇ ਜੀਪ ਵਿਚ ਬੈਠਾ ਸੋਚਾਂ ਸੋਚ ਰਿਹਾ ਸੀ। ਦੋਨੋਂ ਅਰਬੀ ਬੰਦੇ ਮਿੱਟੀ ਅਤੇ ਧੂੜ ਤੋਂ ਡਰਦੇ ਮੂੰਹ-ਸਿਰ ਢਕੀ ਬੁੱਤ ਬਣੇ ਜੀਪ ਵਿਚ ਬੈਠੇ ਸਨ। ਕੋਈ ਵੀ ਕਿਸੇ ਨਾਲ਼ ਗੱਲ ਨਹੀਂ ਕਰ ਰਿਹਾ ਸੀ। ਜਿਵੇਂ ਉਹ ਗੂੰਗੇ-ਬੋਲ਼ੇ ਜਾਂ ਬੇਮੁਹਤਾਜ਼ ਸਨ।
ਇੱਕ ਜਗਾਹ ਖੜ੍ਹ ਕੇ ਉਹਨਾਂ ਨੇ ਪਿਸ਼ਾਬ ਕੀਤਾ। ਹੱਥ ਮੂੰਹ ਧੋਤੇ ਅਤੇ ਜੰਟੇ ਨੂੰ ਖਾਣ ਲਈ ਖਜੂਰਾਂ ਦਿੱਤੀਆਂ।
ਅੱਧਾ ਕੁ ਘੰਟਾ ਅਰਾਮ ਕਰ ਕੇ ਉਹ ਅੱਗੇ ਚੱਲ ਪਏ।
ਤਕਰੀਬਨ ਬਾਰਾਂ ਕੁ ਘੰਟੇ ਦੇ ਸਫ਼ਰ ਦੇ ਬਾਅਦ ਦੇਰ ਰਾਤ ਉਹ ਇੱਕ ਵੱਡੀ ਸਾਰੀ 'ਛੰਨ' ਜਿਹੀ ਦੇ ਕੋਲ਼ ਪਹੁੰਚ ਗਏ। ਛੰਨ ਦੇ ਨਾਲ਼ ਇੱਕ ਬੋਤੇ ਅਤੇ ਬੋਤੀਆਂ ਦਾ ਤਬੇਲਾ ਸੀ। ਛੰਨ ਜਿਹੀ ਦੇ ਵਿਚੋਂ ਇਕ ਦਿਉ ਕੱਦ ਅਰਬੀ ਬਾਹਰ ਆਇਆ। ਉਹ ਦੋਨੋਂ ਅਰਬੀਆਂ ਨੂੰ ਗਲ਼ ਲੱਗ ਕੇ ਮਿਲ਼ਿਆ। ਪਰ ਜੰਟੇ ਦੇ ਜੋੜੇ ਹੱਥਾਂ ਦਾ ਵੀ ਉਸ ਨੇ ਜਵਾਬ ਨਾ ਦਿੱਤਾ। ਜੰਟੇ ਨੂੰ ਉਸ ਖ਼ਰੂਦੀ ਜਿਹੇ ਜਾਪਦੇ ਅਰਬੀ ਸਾਹਮਣੇ ਪੇਸ਼ ਕੀਤਾ ਗਿਆ। ਉਸ ਦੇ ਸਰੀਰ ਵਿਚੋਂ ਤੰਬਾਕੂ ਦੀ ਬੂਅ ਮਾਰ ਰਹੀ ਸੀ। ਗਲ਼ੇ ਸੜੇ ਦੰਦ ਜਿਵੇਂ ਜੰਟੇ ਨੂੰ ਡਰਾਉਣ ਆ ਰਹੇ ਸਨ। ਕਰੜ-ਬਰੜੀ ਦਾਹੜੀ ਅਤੇ ਸਿਰ 'ਤੇ ਅੱਘੜ-ਦੁਘੜੇ ਬੰਨ੍ਹੇ ਪੱਗੂ ਕਾਰਨ ਉਹ ਕੋਈ 'ਡਾਕੂ' ਨਜ਼ਰ ਆਉਂਦਾ ਸੀ। ਉਸ ਨੇ ਦੋਹਾਂ ਅਰਬੀਆਂ ਨੂੰ ਸੌਣ ਲਈ ਅੰਦਰ ਬੁਲਾ ਲਿਆ। ਪਰ ਜੰਟੇ ਲਈ ਇੱਕ ਸਫ਼ ਜਿਹੀ ਬਾਹਰ ਸੁੱਟ ਦਿੱਤੀ। ਇੱਕ ਪਾਟਿਆ ਪੁਰਾਣਾਂ ਕੰਬਲ਼ ਵੀ ਵਗਾਹ ਮਾਰਿਆ। ਜੰਟਾ ਉਸ ਦੇ ਵਰਤਾਓ ਤੋਂ ਹੈਰਾਨ ਸੀ। ਉਸ ਨੂੰ ਇੱਥੇ ਲਿਆਉਣ ਵਾਲ਼ੇ ਅਰਬੀਆਂ ਵਿਚੋਂ ਇੱਕ ਬਾਹਰ ਆਇਆ ਅਤੇ ਉਸ ਨੇ ਇਸ਼ਾਰੇ ਨਾਲ਼ ਜੰਟੇ ਨੂੰ ਛੰਨ ਦੇ ਇੱਕ ਪਾਸੇ ਸਫ਼ ਵਿਛਾ ਕੇ ਸੌਂ ਜਾਣ ਲਈ ਕਿਹਾ। ਪਰ ਭੁੱਖੇ ਜੰਟੇ ਦੇ ਢਿੱਡ ਵਿਚ ਕੜੱਲ ਪੈ ਰਹੇ ਸਨ।
ਅਜੇ ਉਹ ਫ਼ਟਿਆ ਜਿਹਾ ਕੰਬਲ਼ ਲੈ ਕੇ ਸਫ਼ 'ਤੇ ਸਿੱਧਾ ਹੋਣ ਹੀ ਲੱਗਿਆ ਸੀ ਕਿ ਡਰਾਈਵਰ ਨੇ ਉਸ ਨੂੰ ਚੌਲ਼ ਅਤੇ ਆਲੂਆਂ ਦੀ ਤਰੀ ਲਿਆ ਫ਼ੜਾਈ। ਭੁੱਖੇ ਜੰਟੇ ਨੂੰ ਉਹ ਵੀ ਨਿਆਮਤ ਵਰਗੇ ਲੱਗੇ। ਖਾ ਕੇ ਉਹ ਲੇਟ ਗਿਆ। ਨੀਂਦ ਤਾਂ ਕਹਿੰਦੇ ਸੂਲ਼ੀ 'ਤੇ ਵੀ ਆ ਜਾਂਦੀ ਹੈ! ਸਫ਼ਰ ਤੋਂ ਥੱਕੇ-ਟੁੱਟੇ ਨੂੰ ਪਤਾ ਨਹੀਂ ਉਸ ਨੂੰ ਕਦੋਂ ਨੀਂਦ ਆ ਗਈ।
ਸਵੇਰੇ ਕਿਸੇ ਨੇ ਬੜੀ ਬੇਰਹਿਮੀ ਨਾਲ਼ ਉਸ ਉਪਰੋਂ ਕੰਬਲ਼ ਖਿੱਚਿਆ ਅਤੇ ਠੁੱਡ ਮਾਰਿਆ। ਜੰਟਾ ਡਰ ਨਾਲ਼ ਭੜ੍ਹੱਕ ਕੇ ਉਠਿਆ ਤਾਂ ਸਾਹਮਣੇ ਖੜ੍ਹਾ ਰਾਤ ਵਾਲ਼ਾ ਅਰਬੀ ਰੱਤੀਆਂ ਅੱਖਾਂ ਨਾਲ਼ ਉਸ ਨੂੰ ਘੂਰ ਰਿਹਾ ਸੀ। ਜੰਟਾ ਸਿੱਧਾ-ਸਲੋਟ ਉਸ ਦੇ ਸਾਹਮਣੇ ਖੜ੍ਹਾ ਸੀ। ਉਸ ਨੇ ਅਗਵਾਹ ਕਰਨ ਵਾਲ਼ਿਆਂ ਵਾਂਗ ਉਸ ਨੂੰ ਬਾਹੋਂ ਫ਼ੜਿਆ ਅਤੇ ਧੂਹ ਕੇ ਤਬੇਲੇ ਵੱਲ ਲੈ ਗਿਆ ਅਤੇ ਆਪ ਕੰਮ ਕਰ ਕੇ ਉਸ ਨੂੰ ਕੰਮ ਸਮਝਾਉਣ ਲੱਗ ਪਿਆ। ਉਹ ਥੋੜ੍ਹੀ-ਥੋੜ੍ਹੀ ਗੁਜ਼ਾਰੇ ਜੋਕਰੀ ਹਿੰਦੀ ਜਾਣਦਾ ਸੀ। ਉਹ ਜੰਟੇ ਨੂੰ 'ਪੱਠਾ' ਆਖ ਕੇ ਬੁਲਾਉਂਦਾ ਸੀ।
ਕਦੇ ਕਦੇ ਜੰਟੇ ਨੂੰ ਉਸ ਤੋਂ ਡਰ ਆਉਂਦਾ। ਕੁੱਟਿਆ ਮਾਰਿਆ ਤਾਂ ਜੰਟੇ ਨੂੰ ਉਸ ਨੇ ਨਹੀਂ ਸੀ। ਪਰ ਵੈਸੇ ਜੰਟੇ ਨੂੰ ਉਸ ਤੋਂ ਭੈਅ ਆਉਂਦਾ।
ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਜੰਟਾ ਊਠਾਂ ਨੂੰ ਪਾਣੀ ਪਿਆਉਂਦਾ। ਚਾਰਾ ਪਾਉਂਦਾ ਰਹਿੰਦਾ। ਪਿੱਠ ਪਿੱਛੋਂ ਦੀ ਬੋਤੇ ਉਸ ਉਪਰ 'ਧਾਰਾਂ' ਮਾਰਦੇ ਰਹਿੰਦੇ। ਉਸ ਦਾ ਮੂੰਹ ਭਿੱਜ ਜਾਂਦਾ। ਦਿਨ ਵਿਚ ਉਸ ਨੂੰ ਤਿੰਨ-ਚਾਰ ਕੁਇੰਟਲ਼ ਚਾਰਾ ਢੋਣਾਂ ਪੈਂਦਾ ਅਤੇ ਜਦ ਬਾਹਰੋਂ ਜਾਨਵਰਾਂ ਦੀਆਂ ਖੱਲਾਂ ਆ ਜਾਂਦੀਆਂ ਤਾਂ ਉਹ ਖੱਲਾਂ ਢੋਂਹਦਾ ਅੱਕਲ਼ਕਾਨ ਹੋਇਆ ਰਹਿੰਦਾ। ਆਥਣ ਤੱਕ ਉਸ ਦੀ 'ਬੱਸ' ਹੋ ਜਾਂਦੀ ਅਤੇ ਉਸ ਤੋਂ ਢੂਹੀ ਸਿੱਧੀ ਨਾ ਹੁੰਦੀ। ਬਹੁਤਾ ਭਾਰ ਢੋਣ ਕਾਰਨ ਉਸ ਦੇ ਗਿੱਟੇ ਫ਼ਿਰਦੇ ਜਾ ਰਹੇ ਸਨ ਅਤੇ ਕੰਗਰੋੜ ਕਮਾਨੀ ਵਾਂਗ ਵਿੰਗ ਪਾਉਂਦੀ ਜਾ ਰਹੀ ਸੀ। ਖੱਲਾਂ ਢੋਣ ਨਾਲ਼ ਉਸ ਦੇ ਸਰੀਰ 'ਚੋਂ ਅਜੀਬ ਜਿਹੀ ਬਦਬੂ ਆਉਣ ਲੱਗ ਪਈ ਸੀ। ਕੁਇੰਟਲਾਂ ਦੇ ਹਿਸਾਬ ਨਾਲ਼ ਲੇਡੇ ਇਕੱਠੇ ਕਰਦੇ ਦੀ ਉਸ ਦੀ ਬੇਵਾਹ ਹੋ ਜਾਂਦੀ।
ਖਾਣ ਲਈ ਉਸ ਨੂੰ ਦੁਪਿਹਰੇ ਅਤੇ ਆਥਣੇ ਚੌਲ਼ ਅਤੇ ਆਲੂਆਂ ਦੀ ਤਰੀ ਹੀ ਦਿੱਤੀ ਜਾਂਦੀ। ਅਰਬੀ ਕਦੇ ਬੱਕਰਾ ਅਤੇ ਮੁਰਗਾ ਹਲਾਲ ਕਰੀ ਰੱਖਦਾ ਅਤੇ ਭੁੰਨ ਕੇ ਕੁੱਖਾਂ ਕੱਢਦਾ। ਜੰਟੇ ਨੂੰ ਉਸ ਨੇ ਕਦੇ ਸੁਲ੍ਹਾਹ ਤੱਕ ਨਹੀਂ ਮਾਰੀ ਸੀ। ਜੰਟੇ ਨੇ ਉਸ ਨੂੰ ਕਦੇ ਹੱਸਦਾ ਨਹੀਂ ਦੇਖਿਆ ਸੀ। ਕਦੇ ਬੋਲਦਾ ਨਹੀਂ ਦੇਖਿਆ ਸੀ। ਉਹ ਘੁੱਟਿਆ-ਘੁੱਟਿਆ, ਕਰੋਧੀ ਅਤੇ ਗੁੰਮ-ਸੁੰਮ ਹੀ ਰਹਿੰਦਾ ਅਤੇ ਜਾਂ ਕਦੇ ਕਦੇ ਉਹ ਹੌਲ ਪਾਉਣ ਵਾਲ਼ਿਆਂ ਵਾਂਗ ਹੋਕਰੇ ਮਾਰਦਾ। ਕਮਲ਼ਿਆਂ ਵਾਂਗ ਖ਼ਰੂਦ ਕਰਦਾ। ਛੰਨ ਵਿਚ ਲੱਤਾਂ ਮਾਰਦਾ। ਰੇਗਿਸਤਾਨ ਵਿਚ ਭੱਜਦਾ ਅਤੇ ਫ਼ਿਰ ਹਫ਼ ਕੇ ਡਿੱਗ ਪੈਂਦਾ।
ਕਦੇ ਅੱਧੀ-ਅੱਧੀ ਰਾਤੋਂ ਕਿਸੇ ਬੋਤੇ ਨੂੰ ਤਬੇਲੇ ਵਿਚੋਂ ਬਾਹਰ ਕੱਢ ਲੈਂਦਾ ਅਤੇ ਮੀਲਾਂ ਬੱਧੀ ਪਸਰੇ ਰੇਗਿਸਤਾਨ ਵਿਚ ਦੌੜ ਲੁਆਉਂਦਾ ਅਤੇ ਉਚੀ-ਉਚੀ ਰੋਂਦਾ। ਜੰਟੇ ਦੀ ਹਾਲਤ ਉਸ ਨੂੰ 'ਪਾਗਲਾਂ' ਵਾਲ਼ੀ ਲੱਗਦੀ ਅਤੇ ਉਹ ਉਸ ਤੋਂ 'ਥਰ-ਥਰ' ਕੰਬਦਾ ਰਹਿੰਦਾ। ਕੋਈ ਉਸ ਅਰਬੀ ਨੂੰ ਮਿਲਣ ਨਹੀਂ ਆਉਂਦਾ ਸੀ। ਸੈਂਕੜੇ ਮੀਲਾਂ ਦੇ ਇਸ ਰੇਗਿਸਤਾਨ ਵਿਚ ਉਹ ਇਕੱਲੇ ਹੀ ਰਹਿੰਦੇ ਸਨ। ਕਦੇ-ਕਦੇ ਬੋਤਿਆਂ ਜਾਂ ਖੱਲਾਂ ਦੇ ਵਪਾਰੀ ਜ਼ਰੂਰ ਆ ਜਾਂਦੇ। ਪਰ ਉਹ ਉਹਨਾਂ ਨਾਲ਼ ਵੀ ਦੋ ਟੁੱਕ ਗੱਲ ਹੀ ਕਰਦਾ। ਪੂਰਾ-ਪੂਰਾ ਬੱਕਰਾ ਉਹ ਦੋ ਦਿਨਾਂ ਵਿਚ ਨਬੇੜ ਦਿੰਦਾ! ਉਸ ਦੀਆਂ ਆਦਤਾਂ ਉਸ ਨੂੰ ਆਮ ਇਨਸਾਨ ਵਾਲ਼ੀਆਂ ਨਹੀਂ ਲੱਗਦੀਆਂ ਸਨ।
ਇੱਥੇ ਕੋਈ ਡਾਕ ਦੀ ਸਹੂਲਤ ਨਹੀਂ ਸੀ। ਕੋਈ ਟੈਲੀਫ਼ੋਨ ਦੀ ਸੁਵਿਧਾ ਨਹੀਂ ਸੀ। ਜੰਟੇ ਨੂੰ ਪਿੱਛੇ ਰਹਿ ਗਏ ਪ੍ਰੀਵਾਰ ਦਾ ਫ਼ਿਕਰ ਤੋੜ-ਤੋੜ ਖਾਂਦਾ ਰਹਿੰਦਾ। ਜੇ ਚਿੱਠੀ-ਪੱਤਰ ਚੱਲਦਾ ਰਹੇ ਤਾਂ ਬੰਦਾ ਆਤਮਿਕ ਤੌਰ 'ਤੇ ਸੁਖ਼ਾਲ਼ਾ ਰਹਿੰਦਾ ਹੈ! ਡਰ, ਔਖੇ ਕੰਮ ਅਤੇ ਅਰਬੀ ਦੇ ਵਿਵਹਾਰ ਕਾਰਨ ਜੰਟਾ 'ਡਿਪਰੈਸ਼ਨ' ਦਾ ਸ਼ਿਕਾਰ ਹੁੰਦਾ ਜਾ ਰਿਹਾ ਸੀ। ਹੁਣ ਉਸ ਨੂੰ ਰਾਤ ਨੂੰ ਨੀਂਦ ਨਾ ਆਉਂਦੀ। ਜੇ ਅੱਖ ਲੱਗ ਵੀ ਜਾਂਦੀ ਤਾਂ ਭੈੜ੍ਹੇ-ਭੈੜ੍ਹੇ ਸੁਪਨੇ ਆਉਂਦੇ ਰਹਿੰਦੇ! ਸੁਪਨੇ ਵਿਚ ਉਸ ਨੂੰ ਕੋਈ ਬੋਤਾ ਵੱਢਣ ਪੈ ਜਾਂਦਾ ਅਤੇ ਉਹ ਰੇਗਿਸਤਾਨ ਵਿਚ ਅੱਗੇ-ਅੱਗੇ ਭੱਜ ਲੈਂਦਾ। ਜਾਂ ਅਰਬੀ ਵੱਡੀ ਸਾਰੀ ਜੁੱਤੀ ਸਮੇਤ ਉਸ ਦੀ ਹਿੱਕ 'ਤੇ ਆ ਚੜ੍ਹਦਾ ਅਤੇ ਉਹ ਤ੍ਰਭਕ ਕੇ ਉਠਦਾ। ਕਈ ਵਾਰ ਉਹ ਸੁੱਤਾ ਪਿਆ ਬਰੜਾਹਟ ਕਰਨ ਲੱਗ ਜਾਂਦਾ ਅਤੇ ਅਰਬੀ ਆ ਕੇ ਉਸ ਦੇ ਠੁੱਡ ਮਾਰਦਾ ਅਤੇ ਮੁੜ ਅਰਾਮ ਨਾਲ਼ ਜਾ ਕੇ ਛੰਨ ਵਿਚ ਸੌਂ ਜਾਂਦਾ।
ਪੂਰਾ ਮਹੀਨਾਂ ਬੀਤ ਗਿਆ ਸੀ।
ਜੰਟਾ ਜੱਗ ਨਾਲ਼ੋਂ ਟੁੱਟਿਆ ਬੈਠਾ ਸੀ।
ਨਾ ਤਾਂ ਉਸ ਨਾਲ਼ ਕਿਸੇ ਨੇ ਕਿਸੇ ਤਨਖ਼ਾਹ ਦੀ ਗੱਲ ਕੀਤੀ ਸੀ ਅਤੇ ਨਾ ਹੀ ਉਸ ਦਾ ਕੋਈ ਹਾਲ-ਚਾਲ ਪੁੱਛਣ ਆਇਆ ਸੀ। ਹੁਣ ਉਸ ਨੂੰ ਘਰਦਿਆਂ ਦੇ ਫ਼ਿਕਰ ਦੇ ਨਾਲ਼-ਨਾਲ਼ ਬਾਪੂ ਦੇ ਕਰਜ਼ੇ ਦਾ ਫ਼ਿਕਰ ਵੀ ਖਾਣ ਲੱਗ ਪਿਆ ਸੀ। ਘਰ ਦੇ ਤਾਂ ਉਸ ਨੂੰ ਯਾਦ ਆਉਣੇ ਹੀ ਸਨ। ਉਸ ਨੂੰ ਘਰ ਦੇ ਪਸ਼ੂ ਵੀ ਯਾਦ ਆਉਂਦੇ। ਜੰਟੇ ਦਾ ਇੱਕ-ਇੱਕ ਪਲ ਮਾਨਸਿਕ ਪੀੜਾਂ ਵਿਚੋਂ ਦੀ ਲੰਘਦਾ। ਉਸ ਦਾ ਸਰੀਰ ਤਾਂ ਜਿਹੜਾ ਟੁੱਟਿਆ ਸੀ, ਉਹ ਤਾਂ ਰੋੜੀ-ਰੋੜੀ ਹੋਇਆ ਹੀ ਸੀ, ਪਰ ਉਸ ਦੀ ਮਾਨਸਿਕਤਾ ਵੀ ਨਿੱਤ ਘੁਲ੍ਹਾੜੀ ਵਿਚ ਦੀ ਪੀੜੀਦੀ ਸੀ। ਜਿਸ ਦੀ ਰੱਤ ਉਸ ਦੇ ਦਿਲ ਵਿਚ ਦੀ ਵਗਦੀ ਸੀ ਅਤੇ ਉਹ ਲਹੂ-ਲੁਹਾਣ ਹੋਇਆ ਰਹਿੰਦਾ। ਉਸ ਨੂੰ ਕਦੇ ਵੀ ਰੋਣਾਂ ਨਹੀਂ ਆਇਆ ਸੀ। ਉਹ ਸਿਲ਼-ਪੱਥਰ ਹੋਇਆ ਤੁਰਿਆ ਫ਼ਿਰਦਾ ਰਹਿੰਦਾ। ਜਦ ਉਸ ਨੂੰ ਆਲੂ ਅਤੇ ਚੌਲ਼ ਮਿਲ਼ ਜਾਂਦੇ, ਖਾ ਲੈਂਦਾ। ਨਹੀਂ ਉਸ ਨੂੰ ਭੁੱਖ ਵੀ ਨਹੀਂ ਲੱਗਦੀ ਸੀ। ਪਿਛਲਾ ਫ਼ਿਕਰ ਅਤੇ ਇਕਲਾਪਾ ਉਸ ਦੀ ਜਾਨ ਦਾ ਖੌਅ ਬਣਿਆਂ ਹੋਇਆ ਸੀ।
ਹੁਣ ਤਾਂ ਤਿੰਨ ਮਹੀਨਿਆਂ ਤੋਂ ਵੀ ਉਪਰ ਸਮਾਂ ਹੋ ਗਿਆ ਸੀ। ਉਸ ਨੂੰ ਕਿਸੇ ਦੇ ਵੀ ਦਰਸ਼ਣ ਨਹੀਂ ਹੋਏ ਸਨ। ਉਹ ਹਾਬੜਿਆਂ ਵਾਂਗ ਮਾਰੂਥਲ ਦੇ ਸਾਗਰ ਵੱਲ ਝਾਕਦਾ ਰਹਿੰਦਾ। ਪਰ ਉਸ ਨੂੰ ਕੋਈ ਨਜ਼ਰ ਨਾ ਪੈਂਦਾ। ਉਸ ਦਾ ਜੀਅ ਕਰਦਾ ਕਿ ਕੋਈ ਉਸ ਨਾਲ਼ ਗੱਲਾਂ ਕਰੇ। ਪਰ ਇਕੱਲੇ ਅਰਬੀ ਤੋਂ ਬਿਨਾ ਓਥੇ ਹੋਰ ਹੈ ਵੀ ਕੌਣ ਸੀ? ਜਾਨਵਰ ਸਨ, ਅਤੇ ਜਾਨਵਰ ਬੋਲਣਾਂ ਨਹੀਂ ਜਾਣਦੇ ਸਨ। ਦੁਖ-ਸੁਖ ਕਰਨਾਂ ਨਹੀਂ ਜਾਣਦੇ ਸਨ। ਅਜੇ ਤੱਕ ਉਸ ਨੂੰ ਅਰਬੀ ਦੇ ਨਾਂ ਬਾਰੇ ਵੀ ਨਹੀਂ ਪਤਾ ਸੀ।
ਅਚਾਨਕ ਇੱਕ ਦਿਨ ਉਸ ਨੂੰ ਇੱਥੇ ਲਿਆਉਣ ਵਾਲ਼ੇ ਦੋ ਅਰਬੀਆਂ ਨੇ ਫ਼ਿਰ ਗੇੜਾ ਮਾਰਿਆ। ਜੰਟੇ ਨੂੰ ਇਉਂ ਮਹਿਸੂਸ ਹੋਇਆ, ਜਿਵੇਂ ਉਸ ਦਾ ਕੋਈ 'ਆਪਣਾ' ਆ ਗਿਆ ਸੀ। ਉਸ ਨੇ ਧਾਹ ਕੇ ਉਹਨਾਂ ਨੂੰ ਗਲਵਕੜੀ ਪਾ ਲਈ। ਉਹਨਾਂ ਨੇ ਵੀ ਬੜੀ ਅਪਣੱਤ ਜਿਹੀ ਦਿਖਾਈ ਤਾਂ ਜੰਟੇ ਦਾ ਰੋਣ ਨਿਕਲ਼ ਗਿਆ। ਡਰਾਈਵਰ ਦੇ ਨਾਲ਼ ਦਾ ਬੰਦਾ ਉਸ ਨੂੰ ਭਰਾਵਾਂ ਵਾਂਗ ਥਾਪੜੀ ਜਾ ਰਿਹਾ ਸੀ। ਉਸ ਨੇ ਉਸ ਨੂੰ ਫ਼ਿਰ ਖਜੂਰਾਂ ਖਾਣ ਨੂੰ ਦਿੱਤੀਆਂ। ਨਾਲ਼ੇ ਤਾਂ ਜੰਟਾ ਖਜੂਰਾਂ ਖਾਈ ਜਾ ਰਿਹਾ ਸੀ ਅਤੇ ਨਾਲ਼ੇ ਰੋਈ ਜਾ ਰਿਹਾ ਸੀ। ਖਜੂਰਾਂ ਦੀ ਬੁਰਕੀ ਉਸ ਦੇ ਸੰਘ ਵਿਚ ਫ਼ੁੱਲਦੀ ਜਾ ਰਹੀ ਸੀ। ਉਸ ਦਾ ਗਲ਼ ਰੁਕਿਆ ਹੋਇਆ ਸੀ।
ਜਦ ਅਰਬੀ ਨੇ ਹਮਦਰਦੀ ਨਾਲ਼ ਉਸ ਨੂੰ ਫ਼ਿਰ ਬੁੱਕਲ਼ ਵਿਚ ਲਿਆ ਤਾਂ ਰੋਂਦੇ ਜੰਟੇ ਨੇ ਉਹਨਾਂ ਨੂੰ ਇਸ਼ਾਰੇ ਨਾਲ਼ ਵਾਪਿਸ ਲੈ ਜਾਣ ਲਈ ਵਿਰਲਾਪ ਕੀਤਾ। ਹੱਥ ਜੋੜੇ। ਪੈਰੀਂ ਹੱਥ ਲਾਏ। ਫ਼ਿਰ ਉਸ ਨੇ ਇੱਕ ਲੰਮੀ ਚਿੱਠੀ ਲਿਖ ਕੇ ਉਹਨਾਂ ਨੂੰ ਦਿੱਤੀ ਅਤੇ ਇਸ਼ਾਰੇ ਨਾਲ਼ ਪੋਸਟ ਕਰਨ ਲਈ ਤਰਲਾ ਪਾਇਆ। ਜੋ ਉਹਨਾਂ ਨੇ ਮੰਨ ਲਿਆ ਅਤੇ ਚਿੱਠੀ ਵੱਡੇ ਸਾਰੇ ਬੋਝੇ ਵਿਚ ਪਾ ਲਈ। ਜਾਣ ਲੱਗੇ ਅਰਬੀ ਨੇ ਉਸ ਨੂੰ ਫ਼ਿਰ ਛਾਤੀ ਨਾਲ਼ ਲਾਇਆ ਅਤੇ ਇਸ਼ਾਰੇ ਨਾਲ਼ ਮੁੜ ਆਉਣ ਦਾ ਵਾਅਦਾ ਦਿੱਤਾ। ਜੰਟੇ ਦਾ ਦਿਲ ਕੀਤਾ ਕਿ ਉਹ ਛਾਲ਼ ਮਾਰ ਕੇ ਜੀਪ ਵਿਚ ਬੈਠ ਜਾਵੇ। ਪਰ ਇਹ ਵੀ ਉਸ ਦੇ ਵੱਸ ਦਾ ਰੋਗ ਨਹੀਂ ਸੀ। ਉਸ ਦਾ ਮਾਲਕ ਅਰਬੀ ਉਸ ਦੇ ਸਿਰ 'ਤੇ ਪ੍ਰੇਤ ਬਣਿਆਂ ਖੜ੍ਹਾ ਸੀ। ਜੰਟਾ ਬੇਵੱਸ ਹੋ ਕੇ ਰੇਤੇ 'ਤੇ ਹੀ ਡਿੱਗ ਪਿਆ।
ਜੀਪ ਧੂੜਾਂ ਉਡਾਉਂਦੀ ਰੇਗਿਸਤਾਨ ਵੱਢਦੀ ਜਾ ਰਹੀ ਸੀ।
ਰੇਤ 'ਤੇ ਪਿਆ ਜੰਟਾ ਬੜੀ ਹਸਰਤ ਨਾਲ਼ ਜਾਂਦੀ ਜੀਪ ਨੂੰ ਤੱਕ ਰਿਹਾ ਸੀ। ਉਸ ਦੇ ਬੇਵੱਸੇ ਅੱਥਰੂ ਰੇਤੇ 'ਤੇ ਡਿੱਗੀ ਜਾ ਰਹੇ ਸਨ।
ਤਪਦੀ ਰੇਤ ਵਿਚ ਉਹ ਆਥਣ ਤੱਕ ਉਥੇ ਹੀ ਪਿਆ ਰਿਹਾ। ਅੱਜ ਉਸ ਨੂੰ ਉਸ ਦੇ ਮਾਲਕ ਨੇ ਵੀ ਬੁਲਾਇਆ ਨਹੀਂ ਸੀ। ਉਹ ਖ਼ੁਦ ਹੀ ਸਾਰਾ ਕੰਮ ਕਰਦਾ ਰਿਹਾ ਸੀ। ਰਾਤ ਨੂੰ ਅਰਬੀ ਨੇ ਚੌਲ਼ ਅਤੇ ਆਲੂ ਉਸ ਦੇ ਕੋਲ਼ ਲਿਆ ਰੱਖੇ। ਜੰਟੇ ਦੀ ਅੱਜ ਕੁਝ ਵੀ ਖਾਣ ਨੂੰ ਵੱਢੀ ਰੂਹ ਨਾ ਕੀਤੀ। ਉਹ ਰੇਤੇ 'ਤੇ ਹੀ ਢੇਰੀ ਜਿਹਾ ਹੋਇਆ ਪਿਆ ਰਿਹਾ।
ਸਵੇਰ ਦੇ ਚਾਰ ਵਜੇ ਉਸ ਦੀ ਵੱਖੀ ਵਿਚ ਫ਼ਿਰ ਠੁੱਡ ਆ ਵੱਜਿਆ। ਕਸੀਸ ਵੱਟ ਕੇ ਉਹ ਆਦਤ ਅਨੁਸਾਰ ਉਠ ਕੇ ਖੜ੍ਹਾ ਹੋ ਗਿਆ ਅਤੇ ਆਪਣੇ ਕਿੱਤੇ ਲੱਗ ਗਿਆ। ਅੱਜ ਉਸ ਦੀ ਹਾਲਤ ਕੁਝ ਕੁ ਸਥਿਰ ਸੀ। ਰਾਤ ਰੱਜ ਕੇ ਰੋਣ ਕਾਰਨ ਉਸ ਦੇ ਮਨ ਦਾ ਬੋਝ ਕੁਝ ਕੁ ਹਲਕਾ ਹੋ ਗਿਆ ਸੀ। ਉਸ ਦਾ ਰੁੱਖਾ ਚਿਹਰਾ ਵੈਰਾਨੀ ਵਿਚ ਬਦਲਦਾ ਜਾ ਰਿਹਾ ਸੀ। ਉਸ ਦੀਆਂ ਕੋਮਲ ਭਾਵਨਾਵਾਂ ਨੂੰ ਜੰਗਾਲ ਲੱਗਦਾ ਜਾ ਰਿਹਾ ਸੀ ਅਤੇ ਮਾਲੂਕ ਹਿਰਦਾ ਬੱਜਰ ਜਿਗਰਾ ਬਣਦਾ ਜਾ ਰਿਹਾ ਸੀ।
ਕਿਸ਼ਤ 13
....ਜਦ ਜੰਟੇ ਦੀ ਚਿੱਠੀ ਵਾਲ਼ੀ ਸਾਰੀ ਗੱਲ ਰੀਤ ਨੇ ਨਵਜੋਤ ਨੂੰ ਸੁਣਾਈ ਤਾਂ ਉਸ ਦਾ ਦਿਲ ਕੰਬ ਗਿਆ।
-''ਪੰਜਾਬ ਦੀ ਜੁਆਨੀ ਤਬਾਹੀ ਵੱਲ ਨੂੰ ਕਿਉਂ ਤੁਰੀ ਜਾ ਰਹੀ ਐ..?" ਨਵਜੋਤ ਨੇ ਘੋਰ ਨਿਰਾਸ਼ਾ ਵਿਚ ਸਿਰ ਫ਼ੇਰਿਆ।
-''ਗਰੀਬੀ ਤੇ ਬੇਰੁਜ਼ਗਾਰੀ ਇਸ ਦਾ ਸਭ ਤੋਂ ਵੱਡਾ ਕਾਰਨ ਹੈ, ਸਰ..! ਆਪਣਾ ਪ੍ਰੀਵਾਰ ਕੋਈ ਕਿਸੇ ਖ਼ੁਸ਼ੀ ਵਿਚ ਨਹੀਂ ਤਿਆਗਦਾ..!" ਰੋਂਦੀ ਰੀਤ ਧੀਰਜ ਨਹੀਂ ਧਰ ਰਹੀ ਸੀ। ਨਵਜੋਤ ਨੇ ਉਸ ਦੇ ਸਿਰ 'ਤੇ ਹੱਥ ਰੱਖਿਆ। ਰੀਤ 'ਤੇ ਇਸ ਦਾ ਚੁੰਭਕੀ ਅਸਰ ਹੋਇਆ। ਉਸ ਦਾ ਦੁੱਖ ਕੁਝ ਹੱਦ ਤੱਕ ਚੁਗਿਆ ਗਿਆ।
-''ਤੂੰ ਫ਼ਿਕਰ ਨਾ ਕਰ ਰੀਤ..! ਮੈਨੂੰ ਆਪਣੇ ਬਾਪੂ ਜੀ ਨਾਲ਼ ਮਿਲ਼ਾ..! ਕਿਸੇ ਗੱਲ ਦੀ ਚਿੰਤਾ ਨਾ ਕਰ, ਖ਼ਰਚਾ-ਬਰਚਾ ਵੀ ਮੈਂ ਆਪੇ ਕਰੂੰਗਾ..! ਕਿਸੇ ਗੱਲ ਦੀ ਚਿੰਤਾ ਨਾ ਕਰ..! ਉਠ..!" ਉਸ ਨੇ ਫ਼ੜ ਕੇ ਰੀਤ ਨੂੰ ਉਠਾਇਆ ਅਤੇ ਘੁੱਟ ਕੇ ਆਪਣੀ ਛਾਤੀ ਨਾਲ਼ ਲਾ ਲਿਆ। ਉਹ ਦਫ਼ਤਰ ਵਿਚ ਇਕੱਲੇ ਹੀ ਸਨ। ਜ਼ਿੰਦਗੀ ਵਿਚ ਪਹਿਲੀ ਵਾਰ ਨਵਜੋਤ ਨੇ ਕਿਸੇ ਕੁੜੀ ਨੂੰ ਹਿੱਕ ਨਾਲ਼ ਲਾਇਆ ਸੀ। ਰੀਤ ਅੰਦਰ ਵੀ ਕੋਈ ਤਰੰਗ ਜਿਹੀ ਉਠੀ ਸੀ ਅਤੇ ਝਰਨਾਹਟ ਜਿਹੀ ਛਿੜੀ ਸੀ। ਪਰ ਉਸ ਨੂੰ ਨਵਜੋਤ ਦਾ ਹਿੱਕ ਨਾਲ਼ ਲਾਉਣਾਂ ਬੁਰਾ ਨਹੀਂ ਲੱਗਿਆ ਸੀ, ਸਗੋਂ ਚੰਗਾ-ਚੰਗਾ ਲੱਗਿਆ ਸੀ। ਨਵਜੋਤ ਉਸ ਦਾ ਹਮਦਰਦ ਸੀ। ਉਸ ਦਾ ਖ਼ੈਰ-ਖ਼ੁਆਹ ਸੀ। ਆਸਾ ਪਾਸਾ ਦੇਖ ਕੇ ਰੀਤ ਮੁੜ ਨਵਜੋਤ ਦੀ ਹਿੱਕ ਨਾਲ਼ ਲੱਗ ਗਈ। ਉਸ ਨੂੰ ਚੰਦਰੇ ਜੱਗ ਦਾ ਵੀ ਫ਼ਿਕਰ ਸੀ। ਨਵਜੋਤ ਨੇ ਵੀ ਉਸ ਨੂੰ ਆਪਣੇ ਹਿਰਦੇ ਵਿਚ ਸਮਾ ਲਿਆ। ਰੂਹਾਂ ਦੇ ਜਜ਼ਬਾਤਾਂ ਦੇ ਅਦਾਨ-ਪ੍ਰਦਾਨ ਹੋਣ ਲੱਗ ਪਏ। ਜਦ ਨਵਜੋਤ ਨੇ ਰੀਤ ਨੂੰ ਹਿੱਕ ਨਾਲ਼ੋਂ ਲਾਹਿਆ ਤਾਂ ਰੀਤ ਦੀਆਂ ਅੱਖਾਂ ਵਿਚ ਇੱਕ ਅਜੀਬ ਸਰੂਰ, ਇੱਕ ਅਜੀਬ ਜੋਤ ਜਗ ਰਹੀ ਸੀ। ਉਹ ਨਜ਼ਰਾਂ-ਨਜ਼ਰਾਂ ਵਿਚ ਨਵਜੋਤ ਦੀ ਹੀ ਤਾਂ ਬਣੀ ਖੜ੍ਹੀ ਸੀ। ਅੰਦਰੋ-ਅੰਦਰੀ ਰੀਤ ਦੀ ਆਤਮਾਂ ਨੇ ਉਸ ਨੂੰ 'ਪ੍ਰਵਾਨ' ਕਰ ਲਿਆ ਸੀ। ਹੁਣ ਰੀਤ ਨੇ ਕਿਸੇ ਅੰਦਾਜ਼ ਅਤੇ ਅਪਣੱਤ ਨਾਲ਼ ਖ਼ੁਦ ਨਵਜੋਤ ਨੂੰ ਜੱਫ਼ੀ ਪਾ ਲਈ। ਰੂਹਾਂ ਦੀਆਂ ਰੀਝਾਂ-ਸਧਰਾਂ ਅਤੇ ਅਰਮਾਨਾਂ ਦਾ ਅਦਾਨ-ਪ੍ਰਦਾਨ ਹੁੰਦਾ ਰਿਹਾ।
ਅਗਲੇ ਦਿਨ ਐਤਵਾਰ ਦੀ ਛੁੱਟੀ ਸੀ।
ਰੀਤ ਦੇ ਦਿੱਤੇ ਪਤੇ 'ਤੇ ਨਵਜੋਤ ਉਸ ਦੇ ਪਿੰਡ ਪਹੁੰਚ ਗਿਆ।
ਬਾਪੂ ਦਰਵਾਜੇ ਵਿਚ ਮੁਰਕੜੀ ਜਿਹੀ ਮਾਰੀ ਬੈਠਾ ਸੀ। ਰੂਹ ਤੋਂ ਸੱਖਣਾਂ ਅਤੇ ਉਜੜਿਆ ਚਿਹਰਾ ਲਈ ਬੈਠਾ ਉਹ ਮੌਤ ਦੀ ਮੂਰਤ ਲੱਗਦਾ ਸੀ! ਰੀਤ ਨੇ 'ਸਰ ਜੀ' ਦਾ ਸੁਆਗਤ ਕੀਤਾ। ਰੀਤ ਦੀ ਮਾਂ ਨੂੰ ਵੀ ਨਵਜੋਤ ਬਿਗਾਨਾ ਜਿਹਾ ਨਹੀਂ ਲੱਗਿਆ ਸੀ। ਨਵਜੋਤ ਨੇ ਚਾਹ ਪੀਂਦਿਆਂ ਜੰਟੇ ਪ੍ਰਤੀ ਗੱਲਾਂ ਬਾਤਾਂ ਕੀਤੀਆਂ। ਏਜੰਟ ਦਾ ਅਤਾ-ਪਤਾ ਲਿਆ।
ਨਵਜੋਤ ਕੀ ਬਲਾਅ ਸੀ? ਉਸ ਨੇ ਆਪਣੇ ਯਾਰਾਂ-ਮਿੱਤਰਾਂ ਦਾ ਆਸਰਾ ਲਿਆ ਅਤੇ ਏਜੰਟ ਦੀ ਘੰਡੀ ਵਿਚ ਸਾਹ ਘੁੱਟ ਦਿੱਤਾ। ਪ੍ਰੈੱਸ ਬੁਲਾ ਕੇ ਅਖੌਤੀ ਏਜੰਟਾਂ ਦੇ ਕਾਰਨਾਵੇਂ ਨਸ਼ਰ ਕਰ ਦਿੱਤੇ ਅਤੇ ਜੰਟੇ ਦੇ ਬਾਪ ਵੱਲੋਂ ਸਫ਼ਾਰਤਖ਼ਾਨੇ ਨੂੰ ਜੰਟੇ ਦੀ ਵਾਪਿਸੀ ਦੀ ਗੁਹਾਰ ਲਗਵਾ ਦਿੱਤੀ।
ਨਵਜੋਤ ਦੀਆਂ ਗਤੀਵਿਧੀਆਂ ਰੰਗ ਲਿਆਈਆਂ ਅਤੇ ਰੁਲ਼ਦਾ-ਖੁਲ਼ਦਾ ਜੰਟਾ ਮਹੀਨੇ ਕੁ ਬਾਅਦ ਦਿੱਲੀ ਏਅਰਪੋਰਟ 'ਤੇ ਆ ਉੱਤਰਿਆ। ਸਿਹਤ ਪੱਖੋਂ ਉਹ ਬਿਲਕੁਲ ਹੀ ਰਹਿ ਗਿਆ ਸੀ। ਉਸ ਦੀਆਂ ਅੱਖਾਂ ਅੰਦਰ ਨੂੰ ਧਸ ਗਈਆਂ ਸਨ ਅਤੇ ਉਹ ਓਪਰਾ-ਓਪਰਾ ਝਾਕਦਾ ਸੀ। ਜਦ ਉਹ ਬਾਹਰ ਖੜ੍ਹੀ ਕਾਰ ਵਿਚ ਬੈਠਾ ਤਾਂ ਨਵਜੋਤ ਨੂੰ ਦੇਖ ਕੇ ਇਕ ਦਮ ਤ੍ਰਭਕਿਆਂ ਵਾਂਗ ਝਾਕਿਆ।
-''ਫ਼ਿਕਰ ਨਾ ਕਰ ਪੁੱਤ..! ਇਹ ਓਹੀ ਬੰਦੈ, ਜਿਸ ਨੇ ਤੈਨੂੰ ਮੋੜ ਕੇ ਲਿਆਂਦੈ..!" ਬਾਪੂ ਨੇ ਧਰਵਾਸ ਦੇਣ ਵਾਲ਼ਿਆਂ ਵਾਂਗ ਕਿਹਾ।
-''ਤੁਸੀਂ ਮੇਰੇ ਨਾਲ਼ ਗੱਲਾਂ ਕਰੋ ਬਾਪੂ..! ਮੇਰੇ ਨਾਲ਼ ਗੱਲਾਂ ਕਰੋ ਤੁਸੀਂ..!" ਉਸ ਨੇ ਉਚੀ-ਉਚੀ ਪਾਗਲਾਂ ਵਾਂਗ ਕਿਹਾ ਤਾਂ ਬਾਪੂ ਨਵਜੋਤ ਵੱਲ ਝਾਕਿਆ। ਹੁਣ ਨਵਜੋਤ ਆਮ ਹੀ ਰੀਤ ਕੇ ਘਰ ਆਉਣ ਲੱਗ ਪਿਆ ਸੀ ਅਤੇ ਸਾਰਾ ਪ੍ਰੀਵਾਰ ਉਸ ਦਾ ਆਸਰਾ ਜਿਹਾ ਮੰਨਣ ਲੱਗ ਪਿਆ ਸੀ।
-''ਕਰ ਗੱਲਾਂ ਸ਼ੇਰਾ..!" ਨਵਜੋਤ ਨੇ ਕਿਹਾ।
-''ਮੈਂ ਬਹੁਤ ਦੁਖੀ ਰਿਹੈਂ ਬਾਈ ਜੀ..!" ਜੰਟਾ ਰੋ ਪਿਆ।
-''ਉਹ ਗੱਲਾਂ ਛੱਡ..! ਮੈਂ ਤੈਨੂੰ ਕੁਛ ਆਪਦੀਆਂ ਤੇ ਕੁਛ ਬਾਪ ਦੀਆਂ ਸੁਣਾਉਨੈਂ..!" ਨਵਜੋਤ ਨੇ ਉਸ ਦੀ ਗੱਲ ਕੱਟ ਕੇ ਕੁਛ ਦੁਨੀਆਂਦਾਰੀ ਦੀਆਂ ਅਤੇ ਕੁਛ ਮਜ਼ਾਕੀਆ ਗੱਲਾਂ ਸ਼ੁਰੂ ਕਰ ਦਿੱਤੀਆਂ। ਰਸਤੇ ਵਿਚੋਂ ਬਾਪੂ ਨੇ ਬੋਤਲ ਲੈ ਲਈ। ਨਵਜੋਤ ਤਾਂ ਪੀਂਦਾ ਨਹੀਂ ਸੀ। ਪਰ ਬਾਪੂ ਦੇ ਨਾਲ਼ ਜੰਟੇ ਨੇ ਵੀ ਦੋ ਪੈੱਗ ਲਾ ਲਏ ਅਤੇ ਹੁਣ ਉਸ ਦਾ ਮੁਰਝਾਇਆ ਚਿਹਰਾ ਬਾਹਵਾ ਟਹਿਕ ਵਿਚ ਆ ਗਿਆ ਸੀ। ਰਾਜਪੁਰਾ ਲੰਘਦਿਆਂ ਉਹਨਾਂ ਨੂੰ ਰਾਤ ਪੈ ਗਈ। ਰੀਤ 'ਸਰ ਜੀ' ਤੋਂ ਕੁਰਬਾਨ ਜਾ ਰਹੀ ਸੀ। ਉਹ ਸੋਚ ਰਹੀ ਸੀ ਕਿ ਅਨਪੜ੍ਹ ਬਾਪੂ 'ਕੱਲਾ ਕੁਛ ਨਹੀਂ ਕਰ ਸਕਦਾ ਸੀ। ਜੋ ਹੋਇਆ ਸੀ, ਉਹ ਸਰ ਜੀ ਦੀ ਬਦੌਲਤ ਹੀ ਹੋਇਆ ਸੀ।
ਅੱਗੇ ਢਾਬੇ 'ਤੇ ਜਾ ਕੇ ਸਾਰੇ ਖਾਣਾਂ ਖਾਣ ਲਈ ਉੱਤਰ ਗਏ।
ਨਵਜੋਤ ਅਤੇ ਰੀਤ ਅਜੇ ਕਾਰ ਵਿਚ ਹੀ ਬੈਠੇ ਸਨ। ਡਰਾਈਵਰ ਦੂਰ ਪਿਸ਼ਾਬ ਕਰਨ ਨਿਕਲ਼ ਗਿਆ ਸੀ। ਰੀਤ ਨੇ ਨਵਜੋਤ ਨੂੰ ਗਲਵਕੜੀ ਪਾ ਲਈ।
-''ਇਹ ਜੋ ਕੁਛ ਹੋਇਐ, ਤੁਹਾਡੀ ਮਿਹਰਬਾਨੀ ਨਾਲ਼ ਈ ਹੋਇਐ, ਸਰ!" ਰੀਤ ਉਸ ਦੇ ਗਲ਼ ਹਾਰ ਵਾਂਗ ਪਈ ਹੋਈ ਸੀ।
-''ਇਕ ਗੱਲ ਮੈਂ ਤੈਨੂੰ ਚਿਤਾਵਨੀ ਵਜੋਂ ਕਹਿਣੀ ਚਾਹੁੰਨੈ..!" ਉਸ ਨੇ ਕੁਝ ਸਖ਼ਤ ਲਫ਼ਜ਼ਾਂ ਵਿਚ ਕਿਹਾ।
-''.........?" ਰੀਤ ਬੋਲ ਨਾ ਸਕੀ। ਪਰ ਉਹ ਹੈਰਾਨ ਜ਼ਰੂਰ ਸੀ। ਕਿਉਂਕਿ ਨਵਜੋਤ ਨੂੰ ਸਖ਼ਤੀ ਨਾਲ਼ ਖਿਝ ਕੇ ਬੋਲਦਿਆਂ ਅੱਜ ਪਹਿਲੀ ਵਾਰ ਦੇਖਿਆ ਸੀ।
-''ਬੋਲੋ ਨ੍ਹਾਂ..!" ਰੀਤ ਦੀ ਅਵਾਜ਼ ਵਿਚ ਤਰਲਾ ਸੀ।
-''ਅੱਜ ਤੋਂ ਬਾਅਦ ਮੈਨੂੰ 'ਸਰ ਜੀ' ਨਹੀਂ ਕਹਿਣਾਂ..!"
-''ਤੁਸੀਂ ਸਾਡੇ ਸਰ ਜੀ ਤਾਂ ਹੋ..!"
-''ਸਰ ਜੀ ਮੈਂ ਲੋਕਾਂ ਵਾਸਤੇ ਹੋਊਂਗਾ, ਪਰ ਤੇਰੇ ਵਾਸਤੇ ਨਹੀਂ..!"
-''ਫ਼ੇਰ ਮੈਂ ਤੁਹਾਨੂੰ ਕੀ ਆਖ ਕੇ ਬੁਲਾਇਆ ਕਰਾਂ..? ਮੈਂ ਤੁਹਾਡੀ ਬਹੁਤ ਕਦਰ ਕਰਦੀ ਹਾਂ..!"
-''ਮੇਰਾ ਨਾਂ ਲਿਆ ਕਰ..! ਨਵਜੋਤ..! ਤੇ ਨਹੀਂ ਆਹ ਤੋਤੇ ਵਰਗਾ ਨੱਕ ਪੱਟ ਕੇ ਹੱਥ 'ਚ ਦੇ ਦਿਊਂਗਾ..!" ਉਸ ਨੇ ਉਸ ਦਾ ਨੱਕ ਦੋ ਉਂਗਲ਼ਾਂ ਵਿਚ ਫ਼ੜ ਕੇ ਘੁੱਟ ਦਿੱਤਾ।
-''ਊਈ..! ਮਰ ਗਈ..!"
ਨਵਜੋਤ ਨੇ ਉਸ ਦਾ ਨੱਕ ਛੱਡ ਦਿੱਤਾ।
-''ਕਿੰਨੇ ਬੇਕਿਰਕ ਤੇ ਜ਼ਾਲਿਮ ਐ..!"
-''ਕੌਣ..?"
-''ਆਹ ਬੰਦਾ..!"
-''ਇਹ ਬੰਦਾ ਕੌਣ ਐਂ..?" ਉਹ ਫ਼ਿਰ ਨੱਕ ਫ਼ੜਨ ਲਈ ਅਹੁਲ਼ਿਆ।
-''ਸਰ ਜੀ..!" ਉਸ ਨੇ ਜ਼ੋਰ ਦੇ ਕੇ ਕਿਹਾ ਅਤੇ ਆਪਣੇ ਬਚਾਅ ਲਈ ਇਕ ਪਾਸੇ ਖੂੰਜੇ ਲੱਗ ਕੇ ਬੈਠ ਗਈ।
-''ਇਕ ਗੱਲ ਪੁੱਛਾਂ..?" ਉਸ ਨੇ ਨਵਜੋਤ ਦੇ ਪੱਟਾਂ 'ਚ ਲਿਟ ਕੇ ਪੁੱਛਿਆ।
-''ਪੁੱਛ..!"
-''ਜੇ ਮੈਂ ਤੁਹਾਨੂੰ ਨਵਜੋਤ ਦੀ ਜਗਾਹ ਕੁਛ ਹੋਰ ਆਖ ਲਿਆ ਕਰਾਂ...!" ਉਹ ਸੁਆਲੀਆ ਨਜ਼ਰਾਂ ਨਾਲ਼ ਆਖ ਕੇ ਚੁੱਪ ਹੋ ਗਈ।
-''ਚਾਹੇ ਬਾਂਦਰ ਆਖ ਲਿਆ ਕਰ..?"
-''ਕਿੱਡੇ ਗੰਦੇ ਐ..!"
-''ਹੋਰ ਕੀ ਆਖਣੈਂ..?"
-''ਜੇ ਮੈਂ ਤੁਹਾਨੂੰ ਸਿਰਫ਼ 'ਨਵੀ' ਆਖ ਲਿਆ ਕਰਾਂ..?"
-''ਜੋ ਮਰਜ਼ੀ ਆਖ ਲਿਆ ਕਰ..! ਪਰ 'ਸਰ ਜੀ' ਨੀ ਕਹਿਣਾਂ..!"
ਰੀਤ ਉੱਚੀ-ਉੱਚੀ ਹੱਸ ਪਈ।
ਨਵਜੋਤ ਦੇਖ ਰਿਹਾ ਸੀ ਕਿ ਰੀਤ ਦਾ ਬਾਪੂ ਦਾਰੂ ਵਿਚ ਮਸਤ, ਪੈੱਗ ਲਾ ਰਿਹਾ ਸੀ ਅਤੇ ਕਦੇ ਕਦੇ ਜੰਟੇ ਨੂੰ ਜੱਫ਼ੀ ਵੀ ਪਾ ਲੈਂਦਾ ਸੀ। ਅੱਜ ਉਹਨਾਂ ਨੂੰ ਗੱਲਾਂ ਕਰਨ ਦਾ ਖੁੱਲ੍ਹਾ ਸਮਾਂ ਮਿਲ਼ ਗਿਆ ਸੀ। ਰੀਤ ਚਾਮਚੜਿੱਕ ਵਾਂਗ 'ਨਵੀ' ਨੂੰ ਚਿੰਬੜੀ ਹੋਈ ਸੀ।
-''ਮੈਂ ਆਪਣਾ ਫ਼ੈਸਲਾ ਦੱਸਾਂ..?"
-''ਹੁਣ ਤੁਸੀਂ ਫ਼ੈਸਲੇ ਦਿਆ ਕਰੋ ਮਾਲਕੋ..! ਅਸੀਂ ਤੁਹਾਡੇ ਗੁਲਾਮ ਤੇ ਤੁਸੀਂ ਸਾਡੇ ਆਕਾ..!"
-''ਭੈੜ੍ਹੀਆਂ ਗੱਲਾਂ ਨਾ ਕਰੋ..!"
-''ਸੱਚ, ਸੱਚ ਐ..! ਤੂੰ ਫ਼ੈਸਲਾ ਦੱਸ..!"
-''ਮੈਂ ਅੱਜ ਤੋਂ ਤੁਹਾਨੂੰ 'ਨਵੀ ਜੀ' ਆਖ ਕੇ ਬੁਲਾਇਆ ਕਰੂੰਗੀ..!"
-''ਤੇ ਲੋਕਾਂ ਸਾਹਮਣੇ..? ਲੋਕਾਂ ਸਾਹਮਣੇ ਕੀ ਕਿਹਾ ਕਰੇਂਗੀ..?"
-''ਲੋਕਾਂ ਸਾਹਮਣੇ ਕਿਹਾ ਕਰੂੰਗੀ, ਮਾਹੀ ਜੀ..!" ਆਖ ਕੇ ਉਹ ਫ਼ਿਰ ਉੱਚੀ-ਉੱਚੀ ਹੱਸ ਪਈ।
-''ਫ਼ੇਰ ਤਾਂ ਲੈ ਸਕੂਲ 'ਚੋਂ ਕੱਢੇ..!"
-''ਨਹੀਂ, ਲੋਕਾਂ ਸਾਹਮਣੇ ਮੈਂ ਸਰ ਜੀ ਆਖ ਕੇ ਈ ਬੁਲਾਇਆ ਕਰੂੰਗੀ..!" ਉਹ ਸੰਜੀਦਾ ਹੋ ਗਈ।
-''ਇਹ ਵੀ ਠੀਕ ਐ..! ਜੱਗ ਜਹਾਨ ਤੇ ਸਮਾਜ ਦੀਆਂ ਰੀਤਾਂ ਨੂੰ ਮੁੱਖ ਰੱਖ ਕੇ ਆਪਾਂ ਨੂੰ ਪਹਿਲੇ ਰੂਪ ਵਿਚ ਹੀ ਵਿਚਰਨਾ ਪੈਣੈਂ..!"
-''ਨਵੀ ਜੀ..!" ਉਸ ਦੇ ਮੂੰਹੋਂ ਜਿਵੇਂ ਫ਼ੁੱਲ ਕਿਰੇ ਸਨ।
-''ਬੋਲੋ ਸਰਕਾਰ..?"
-''ਜਦੋਂ ਅਸੀਂ ਕਿਸੇ ਨੂੰ ਰੂਹ ਤੋਂ, ਆਤਮਾਂ ਤੋਂ ਮੋਹ-ਮੁਹੱਬਤ ਕਰਦੇ ਹਾਂ, ਤਾਂ ਸਾਨੂੰ ਸਮਾਜ ਦੇ ਕਾਨੂੰਨ ਅਧੀਨ ਕਿਉਂ ਤੁਰਨਾ ਪੈਂਦੈ..? ਅਸੀਂ ਹਰ ਵਕਤ ਜੱਗ ਹੱਥੋਂ ਹਾਰ-ਹਾਰ ਕੇ ਕਿਉਂ ਚੱਲਦੇ ਹਾਂ..?"
-''ਸਮਾਜ ਇੱਕ ਉਹ ਜ਼ਾਲਿਮ ਬਾਦਸ਼ਾਹ ਐ..! ਜਿੰਨਾਂ ਚਿਰ ਤੁਸੀਂ ਇਸ ਦੇ ਸਿਧਾਂਤ ਅਨੁਸਾਰ ਚੱਲਦੇ ਹੋ, ਤਾਂ ਇਹ ਤੁਹਾਨੂੰ ਪ੍ਰਵਾਨ ਕਰਨ ਦਾ ਢੌਂਗ ਰਚਾਉਂਦੈ..! ਖ਼ੁਸ਼ ਇਹ ਫ਼ੇਰ ਵੀ ਨੀ ਹੁੰਦਾ, ਸਿਰਫ਼ ਸਿਆਸੀ ਚਾਲਬਾਜ਼ੀ ਵਰਤਦੈ..! ਤੇ ਜਦੋਂ ਤੁਸੀਂ ਇਸ ਦੀ ਲੀਹ ਪਾੜ ਕੇ ਇੱਕ ਕਦਮ ਵੀ ਅੱਗੇ ਤੁਰਨ ਦੀ ਕੋਸ਼ਿਸ਼ ਕਰਦੇ ਹੋ, ਤਾਂ ਇਹ ਤੁਹਾਨੂੰ ਬਲੀ ਚਾੜ੍ਹਨ ਤੱਕ ਜਾਂਦੈ..! ਜੇ ਇਸ ਦੇ ਹੋਰ ਨਹੀਂ ਵੱਸ ਚੱਲਦਾ ਤਾਂ ਬਦਨਾਮ ਜ਼ਰੂਰ ਕਰਦੈ ਤੇ ਇੱਜ਼ਤ-ਅਣਖ਼ ਦੀ ਡੌਂਡੀ ਪਿੱਟਦੈ ਤੇ ਲੋਕਾਂ ਨੂੰ ਧੀਆਂ-ਭੈਣਾਂ ਦੀ ਇੱਜ਼ਤ ਦਾ ਡਰਾਵਾ ਜਾਂ ਵਾਸਤਾ ਦੇ ਕੇ ਆਪਣੇ ਪਿੱਛੇ ਲਾਉਂਦੈ, ਤੇ ਲੋਕਾਂ ਨੂੰ ਆਪਣੇ ਅਨੁਸਾਰ ਵਰਤਦੈ..! ਜਿੰਨੀ ਦੇਰ ਤੁਸੀਂ ਇਸ ਦੀ ਗ਼ੁਲਾਮੀ ਕਬੂਲਦੇ ਹੋ, ਇਹ ਭਰਿਆ-ਪੀਤਾ ਚੁੱਪ ਹੈ, ਤੇ ਜਦੋਂ ਤੁਸੀਂ ਇਸ ਦੀ ਗ਼ੁਲਾਮੀ ਦੇ ਜੂਲ਼ੇ 'ਚੋਂ ਨਿਕਲਣ ਦੀ ਰਤੀ ਭਰ ਕੋਸ਼ਿਸ਼ ਕਰਦੇ ਹੋ ਤਾਂ ਇਹ ਤੁਹਾਨੂੰ ਕਲੰਕ, ਇਕ ਕੋਹੜ ਬਣਾ ਕੇ ਦੁਨੀਆਂ ਸਾਹਮਣੇ ਪੇਸ਼ ਕਰਦੈ..! ਕਿੰਨੇ ਕੁ ਬੱਚੇ ਨੇ ਜੋ ਮੋਹ-ਮੁਹੱਬਤ ਦੇ ਨਤੀਜੇ 'ਚੋਂ ਪੈਦਾ ਹੁੰਦੇ ਐ..? ਗਲ਼ ਪਿਆ ਢੋਲ ਤਾਂ ਹਰ ਕੋਈ ਵਜਾਈ ਜਾ ਰਿਹੈ..! ਮੀਆਂ-ਬੀਵੀ ਧੜਾ ਧੜ ਬੱਚੇ ਜੰਮੀ ਜਾ ਰਹੇ ਨੇ..! ਪਰ ਕਿੰਨੇ ਕੁ ਬੱਚੇ ਮੋਹ-ਮੁਹੱਬਤ ਦਾ ਤੋਹਫ਼ਾ ਨੇ..? ਕਾਮ ਵਾਸ਼ਨਾ ਵੱਸ ਤਾਂ ਬਥੇਰੀ ਦੁਨੀਆਂ ਬੱਚੇ ਜੰਮੀ ਜਾਂਦੀ ਐ..! ਪਰ ਸੱਚੇ ਪ੍ਰੇਮ ਦੇ ਤੋਹਫ਼ੇ ਵਜੋਂ ਕਿੰਨੇ ਕੁ ਬੱਚੇ ਜੰਮੇਂ ਜਾਂਦੇ ਨੇ..? ਜੇ ਕੋਈ ਜੰਮਦਾ ਵੀ ਹੈ ਤਾਂ ਇਸ ਸਮਾਜ ਨੇ ਉਸ ਨੂੰ ਪ੍ਰਵਾਨ ਤਾਂ ਕੀ ਕਰਨਾ ਸੀ? ਉਸ ਨੂੰ 'ਹਰਾਮਦਾ' ਤੇ ਸਮਾਜ 'ਤੇ 'ਕਲੰਕ' ਈ ਦੱਸਦੇ ਐ..! ਜਾਂ ਸਾਡੇ ਧਾਰਮਿਕ ਆਗੂ ਜਾਂ ਧਰਮ ਦੇ ਠੇਕੇਦਾਰ ਉਸ ਨੂੰ ਦੁਨੀਆਂ 'ਤੇ 'ਭਾਰ' ਗਰਦਾਨਦੇ ਨੇ..! ਅਸੀਂ ਸਮਾਜ ਦੇ ਅਸੂਲਾਂ ਦੀ ਪੰਜਾਲ਼ੀ ਹੇਠ ਸਾਊ ਬਣ ਕੇ ਤੁਰੇ ਜਾਂਦੇ ਹਾਂ, ਤੇ ਇਹ ਸਮਾਜ ਫ਼ਿਰ ਵੀ ਸਾਡੇ 'ਛਾਂਟੇ' ਮਾਰਨੋਂ ਬਾਜ਼ ਨਹੀਂ ਆਉਂਦਾ, ਕਿਉਂ..? ਕਿਉਂਕਿ ਇਸ ਨੂੰ ਇਹ ਡਰ ਹੁੰਦਾ ਹੈ ਕਿ ਅਗਰ ਮੈਂ ਆਪਣਾ ਰੋਹਬ-ਦਾਅਬਾ ਕਾਇਮ ਨਾ ਰੱਖਿਆ, ਤਾਂ ਇਹ ਇੱਕ ਨਾ ਇੱਕ ਦਿਨ 'ਬਾਗ਼ੀ' ਹੋ ਜਾਊਗਾ..! ਸੋ ਸਮਾਜ ਆਪਣਾ ਰੋਹਬ ਬਣਾਉਣ ਦੀ ਖ਼ਾਤਿਰ ਹੀ ਸਾਨੂੰ ਪੈਰ-ਪੈਰ 'ਤੇ ਡਰਾਉਂਦਾ ਹੈ..!"
-''.........।" ਮੰਤਰ ਮੁਘਧ ਹੋਈ ਰੀਤ ਸੁਣ ਰਹੀ ਸੀ। ਨਵੀ ਦੀ ਇੱਕ-ਇੱਕ ਗੱਲ ਉਸ ਦੇ ਅੰਦਰ ਨਰੋਏ ਖ਼ੂਨ ਦੇ ਸੰਚਾਰ ਵਾਂਗ ਜਾ ਰਹੀ ਸੀ।
-''ਉਏ ਪੁੱਤ ਆ-ਜੋ..! ਰੋਟੀ ਨੀ ਖਾਣੀਂ..?" ਬਾਪੂ ਨੇ ਹੋਕਰਾ ਮਾਰ ਕੇ ਉਹਨਾਂ ਦੀ ਬਿਰਤੀ ਤੋੜੀ। ਜਿਵੇਂ ਸ਼ਾਂਤ ਮਹਾਂਸਾਗਰ ਵਿਚ ਕੋਈ ਭਾਰਾ ਪੱਥਰ ਡਿੱਗਿਆ ਸੀ। ਜਿਸ ਨੇ ਉਹਨਾਂ ਦੀ 'ਮਸਤੀ' ਵਿਚ 'ਭੰਗਣਾਂ' ਪਾ ਦਿੱਤੀ ਸੀ।
-''ਮੈਨੂੰ ਤਾਂ ਭੁੱਖ ਜੀ ਨੀ..!" ਰੀਤ ਨੇ ਕਿਹਾ।
-''ਨਹੀਂ..! ਚਾਹੇ ਇੱਕ ਖਾ ਲੈ..! ਰੋਟੀ ਜ਼ਰੂਰ ਖਾਣੀਂ ਪਊਗੀ..! ਆਪਣੀ ਜਿੰਦ ਨੂੰ ਮੈਂ ਭੁੱਖੀ ਨਹੀਂ ਰਹਿਣ ਦੇਣਾਂ..!"
-''ਤੁਸੀਂ ਦੋ ਰੋਟੀਆਂ ਇੱਥੇ ਹੀ ਲੈ ਆਓ..! ਮੈਂ ਨੀ ਓਥੇ ਜਾ ਕੇ ਖਾਣੀ..! ਮਸਾਂ ਤਾਂ ਖੁੱਲ੍ਹੀਆਂ ਗੱਲਾਂ ਕਰਨ ਦਾ ਸਮਾਂ ਮਿਲ਼ਿਐ..!"
ਨਵੀ ਰੋਟੀ ਲੈਣ ਚਲਿਆ ਗਿਆ।
-''ਆਜਾ ਮਾਰ ਲੈ ਘੁੱਟ ਸ਼ੇਰਾ..! ਠਾਰੀ ਐ..!" ਬਾਪੂ ਨੇ ਪੈੱਗ ਪਾਉਂਦਿਆਂ ਨਵਜੋਤ ਨੂੰ ਸੁਲ੍ਹਾਹ ਮਾਰੀ।
-''ਨਹੀਂ ਬਾਪੂ ਜੀ..! ਮੈਂ ਤਾਂ ਹੁਣ ਤੱਕ ਇਹਦਾ ਕਦੇ ਸੁਆਦ ਤੱਕ ਨੀ ਦੇਖਿਆ..!"
-''ਅੱਛਾ..! ਮੈਂ ਤਾਂ ਸੁਣਿਐਂ ਕਾਲਜਾਂ 'ਚ ਪਾੜ੍ਹੇ ਦਾਰੂ ਦੀ ਧੁੱਕੀ ਈ ਬੜੀ ਕੱਢਦੇ ਐ..?"
-''ਸਾਰੇ ਵੀ ਇੱਕੋ ਜੇ ਨੀ ਹੁੰਦੇ ਬਾਪੂ ਜੀ..!" ਉਹ ਰੋਟੀਆਂ ਅਤੇ ਸਬਜ਼ੀ ਲੈ ਕੇ ਕਾਰ ਵਿਚ ਜਾ ਬੈਠਾ।
-''ਜਿਹੜਾ ਦਾਰੂ ਈ ਨੀ ਪੀਂਦਾ, ਉਹ ਕਾਹਦਾ ਬੰਦੈ..?" ਆਖ ਬਾਪੂ ਨੇ ਪੈੱਗ ਚਾੜ੍ਹ ਲਿਆ।
-''ਜੇ ਕੋਈ ਬੰਦਾ ਬਣਦੈ ਤਾਂ ਆਪਾਂ ਪੰਜਾਬੀ ਉਹਨੂੰ ਬਣਨ ਨੀ ਦਿੰਦੇ..!" ਢਾਬੇ 'ਤੇ ਨਾਲ਼ ਦੇ ਮੰਜੇ 'ਤੇ ਬੈਠੇ ਬੰਦੇ ਨੇ ਬਾਪੂ ਨੂੰ ਕਿਹਾ।
-''ਇਹ ਵੀ ਸੱਚੀ ਗੱਲ ਐ..!"
-''ਜੇ ਕੋਈ ਨਹੀਂ ਵੀ ਪੀਂਦਾ ਤਾਂ ਓਸ ਨੂੰ 'ਕਾਹਦਾ ਬੰਦੈ' ਆਖ ਕੇ ਮਿਹਣੇ ਮਾਰਨ ਲੱਗ ਜਾਨੇ ਐਂ..! ਤੇ ਜਦੋਂ ਅਗਲਾ ਅਣਖ਼ ਤੇ ਰੜਕ 'ਚ ਬੰਦਾ 'ਬਣਨ' ਲਈ ਪੀਣ ਲੱਗ ਜਾਂਦੈ, ਤੇ ਮੁੜ ਉਹਨੂੰ ਪੈ ਜਾਂਦੈ ਇਸ ਗੰਦੀ ਚੀਜ਼ ਦਾ ਚਸਕਾ, ਫ਼ੇਰ ਉਹਤੋਂ ਇਹ ਛੱਡੀ ਨੀ ਜਾਂਦੀ, ਤੇ ਉਹ ਘਰ ਫ਼ੂਕ ਕੇ ਤਮਾਸ਼ਾ ਦੇਖਣ ਲੱਗ ਜਾਂਦੈ..! ਤੇ ਅਸੀਂ ਓਸੇ ਨੂੰ ਈ ਕਹਿਣ ਲੱਗ ਜਾਨੇ ਐਂ, ਇਹ ਸ਼ਰਾਬੀ-ਕਵਾਬੀ ਤੇ ਵੈਲੀ ਐ..! ਜੇ ਬੰਦੇ ਨੂੰ ਪਹਿਲਾਂ ਈ ਬੰਦਾ ਰਹਿਣ ਦਿੱਤਾ ਜਾਵੇ, ਠੀਕ ਨੀ ਬਜੁਰਗਾ..?"
-''ਠੀਕ ਐ, ਜਮਾਂ ਠੀਕ ਐ..! ਬਿਲਕੁਲ ਈ ਝੂਠ ਨਹੀਂ, ਪੂਰਾ ਸੱਚ ਐ..! ਪੂਰਾ ਸੱਚ..!" ਬਾਪੂ ਕਸੂਤਾ ਜਿਹਾ ਫ਼ਸ ਚੱਲਿਆ ਸੀ।
-''ਬਾਪੂ ਆਜੋ ਹੁਣ..?" ਰੀਤ ਨੇ ਕਾਰ 'ਚੋਂ ਅਵਾਜ਼ ਦਿੱਤੀ।
-''ਆਉਨੈ ਪੁੱਤ..!" ਉਸ ਨੇ ਆਖਰੀ ਪੈੱਗ 'ਗਰਲ਼ੇ' ਵਾਂਗ ਅੰਦਰ ਸੁੱਟਿਆ।
-''ਨਾਲ਼ੇ ਜੁਆਈ-ਭਾਈ ਨੂੰ ਪੀਣ ਲਈ ਨੀ ਆਖੀਦਾ ਹੁੰਦਾ ਸਰਦਾਰਾ..! ਆਬਦੀ ਧੀ ਭੈਣ ਈ ਔਖੀ ਹੁੰਦੀ ਐ..! ਨਾਲ਼ੇ ਸਹੁਰਾ ਤੇ ਜੁਆਈ ਤਾਂ 'ਕੱਠੇ ਪੀਂਦੇ ਚੰਗੇ ਈ ਨੀ ਲੱਗਦੇ..!" ਉਹ ਸੱਜਣ ਬੋਲੀ ਜਾ ਰਿਹਾ ਸੀ।
-''ਚੱਲਦੇ ਐਂ ਬੇਲੀਆ..! ਆ ਪੁੱਤ ਜੰਟਿਆ..!" ਬਾਪੂ ਨੂੰ 'ਜੁਆਈ-ਭਾਈ' ਪਤਾ ਨਹੀਂ ਚੰਗਾ ਲੱਗਿਆ ਸੀ, ਤੇ ਪਤਾ ਨਹੀਂ ਰੜਕਿਆ ਸੀ, ਪਰ ਉਸ ਦੇ ਮਨ ਵਿਚ ਕਰੋਧ ਕੋਈ ਨਹੀਂ ਆਇਆ ਸੀ। ਉਹ ਬੋਤਲ ਚੁੱਕ ਗੱਡੀ ਦੀ ਅਗਲੀ ਸੀਟ 'ਤੇ ਬੈਠ ਗਿਆ। ਨਾਲ਼ ਹੀ ਬਰਾਬਰ ਉਸ ਨੇ ਜੰਟੇ ਨੂੰ ਬਿਠਾ ਲਿਆ। ਅੱਜ ਉਹ ਪੁੱਤ ਦਾ ਵਿਸਾਹ ਜਿਹਾ ਨਹੀਂ ਕਰ ਰਿਹਾ ਸੀ। ਵਾਰ-ਵਾਰ ਘੁੱਟ ਕੇ ਛਾਤੀ ਨਾਲ਼ ਲਾ ਰਿਹਾ ਸੀ।
ਰੋਟੀਆਂ ਅਤੇ ਦਾਰੂ ਨਾਲ਼ ਰੱਜੇ ਬਾਪੂ ਦੇ ਘੁਰਾੜ੍ਹੇ ਸ਼ੁਰੂ ਹੋ ਗਏ। ਜੰਟਾ ਵੀ ਸਫ਼ਰ ਦਾ ਮਧੋਲ਼ਿਆ ਪਿਆ ਸੀ। ਉਹ ਵੀ ਸੌਂ ਗਿਆ।
ਕਾਰ ਆਪਣੀ ਵਾਟ ਵੱਢਦੀ ਜਾ ਰਹੀ ਸੀ।
ਰੀਤ ਵੀ ਨਵੀ ਜੀ ਦੀ ਬੁੱਕਲ਼ ਵਿਚ ਸਿਰ ਸੁੱਟ ਕੇ ਸੌਂ ਗਈ ਸੀ।
ਕਿਸ਼ਤ 14
ਤਕਰੀਬਨ ਰਾਤ ਦੇ ਗਿਆਰਾਂ ਕੁ ਵਜੇ ਗੱਡੀ ਰੀਤ ਦੇ ਘਰ ਕੋਲ਼ ਪਹੁੰਚੀ।
ਜੱਗ ਜਹਾਨ ਸੌਂ ਚੁੱਕਾ ਸੀ।
ਗੱਡੀ 'ਚੋਂ ਜਦ ਬਾਪੂ ਉਤਰਿਆ ਤਾਂ ਉਸ ਦੇ ਪੈਰ ਨਹੀਂ ਸੰਭਲ਼ ਰਹੇ ਸਨ। ਉਹ ਪੈਰਾਂ ਤੋਂ ਨਿਕਲ਼ ਰਿਹਾ ਸੀ। ਮਾਂ ਨੇ ਪੁੱਤ ਨੂੰ ਘੁੱਟ ਕੇ ਸੀਨੇਂ ਨਾਲ਼ ਲਾਇਆ ਤਾਂ ਉਸ ਦੇ ਸਾਰੇ ਗਿਲੇ-ਸ਼ਿਕਵੇ ਖ਼ਤਮ ਹੋ ਗਏ। ਮਾਂ ਦੀਆਂ ਅੱਖਾਂ ਦਾ ਬੰਨ੍ਹ ਖੁੱਲ੍ਹ ਗਿਆ ਸੀ। ਉਸ ਦੇ ਨੇਤਰ ਪੁੱਤਰ ਵੈਰਾਗ ਵਿਚ ਚੋਈ ਜਾ ਰਹੇ ਸਨ। ਜੰਟੇ ਦਾ ਹਾਲ ਵੀ ਅਜਿਹਾ ਹੀ ਸੀ। ਚਾਹੇ ਉਹ ਖੱਟ ਕਮਾ ਕੇ ਨਹੀਂ ਲਿਆਇਆ ਸੀ। ਪਰ ਪੁੱਤਰ ਸਹੀ ਸਲਾਮਤ ਘਰ ਆ ਗਿਆ ਸੀ। ਮਾਤਾ ਰੱਬ ਦਾ ਸ਼ੁਕਰ ਕਰੀ ਜਾ ਰਹੀ ਸੀ।
-''ਰੋਟੀਆਂ ਅਸੀਂ ਖਾ ਕੇ ਆਏ ਐਂ, ਮੇਰਾ ਮੰਜਾ ਵਿਛਾਅ ਛੇਤੀ..! ਮੈਨੂੰ ਤਾਂ ਮੇਰੇ ਪੈਰ ਨੀ ਦੀਂਹਦੇ..!" ਬਾਪੂ ਨੇ ਕਿਹਾ।
ਰੀਤ ਨੇ ਜੰਟੇ ਅਤੇ ਬਾਪੂ ਦਾ ਮੰਜਾ ਵਿਛਾਅ ਦਿੱਤਾ।
-''ਜੰਟਿਆ..!" ਬਾਪੂ ਦੀ ਸ਼ਰਾਬੀ ਜ਼ੁਬਾਨ ਮੂੰਹ ਵਿਚ 'ਡੱਕ-ਡੱਕ' ਵੱਜ ਰਹੀ ਸੀ।
-''ਹਾਂ ਬਾਪੂ..?"
-''ਤੂੰ ਅੱਜ ਮੇਰੇ ਨਾਲ਼ ਪੈ ਪੁੱਤ..! ਮੇਰਾ ਸੀਨਾਂ ਠਰਜੂ..! ਮੇਰੀ ਹਿੱਕ ਨ੍ਹਾਂ ਜੰਟਿਆ ਜਾਣੀਂ ਦੀ ਮੱਚੀ-ਬਲ਼ੀ ਪਈ ਐ ਉਏ..! ਮੇਰੇ ਨਾਲ਼ ਪੈ ਪੁੱਤ..!" ਵੈਰਾਗੀ ਗੱਲਾਂ ਕਰਦਾ ਬਾਪੂ ਡੁਸਕ ਪਿਆ।
ਜੰਟਾ ਬਾਪੂ ਦੇ ਨਾਲ਼ ਮੰਜੇ 'ਤੇ ਪੈ ਗਿਆ।
-''ਤੂੰ ਬੇਬੇ ਜੰਟੇ ਆਲ਼ੇ ਮੰਜੇ 'ਤੇ ਈ ਪੈਜੀਂ..?" ਰੀਤ ਨੇ ਪੁੱਛਿਆ।
-''ਤੇ ਤੂੰ ਕਿੱਥੇ ਪਵੇਂਗੀ ਪੁੱਤ..?"
-''ਮੈਂ ਤੇਰੇ ਆਲ਼ੇ ਮੰਜੇ 'ਤੇ ਪੈਜੂੰਗੀ..!"
-''ਨਵਜੋਤ ਨੂੰ ਬੈਠਕ ਆਲ਼ਾ ਮੰਜਾ ਵਿਛਾਅ ਦੇ..!"
-''ਮੈਂ ਤਾਂ ਬੀਜੀ ਪਿੰਡ ਜਾਊਂਗਾ..! ਅੱਧੇ ਘੰਟੇ ਦਾ ਤਾਂ ਮੇਰਾ ਰਾਹ ਐ..!"
-''ਨਹੀਂ ਪੁੱਤ..! ਹੁਣ ਨੀ ਕਿਤੇ ਜਾਣਾਂ..! ਪੈ 'ਰਾਮ ਨਾਲ਼..! 'ਨ੍ਹੇਰਾ ਹੋ ਗਿਆ..! ਕੱਲ੍ਹ ਨੂੰ ਜਾਈਂ..!"
-''ਬੀਜੀ ਮੈਂ ਕੱਲ੍ਹ ਨੂੰ ਸਕੂਲ ਵੀ ਜਾਣੈਂ..!"
-''ਛੇਤੀ ਉਠਾ ਦਿਆਂਗੇ ਤੁਹਾਨੂੰ..! ਚਾਹ ਪੀ ਕੇ ਚਲੇ ਜਾਇਓ..!" ਰੀਤ ਨੇ ਆਖ ਕੇ ਅੱਗਾ ਵਲ਼ ਲਿਆ ਤਾਂ ਨਵੀ ਚੁੱਪ ਹੋ ਗਿਆ।
-''ਨਵਜੋਤ..! ਜੇ ਪੁੱਤ ਤੂੰ ਨਾ ਹੁੰਦਾ, ਮੇਰੇ ਪੁੱਤ ਦਾ ਕੌਣ ਬਾਲੀ ਵਾਰਸ ਹੁੰਦਾ..?"
-''ਬੀਜੀ, ਕਰਨ ਕਰਾਉਣ ਆਲ਼ਾ ਰੱਬ ਐ..! ਬੰਦਾ ਕੁਛ ਨੀ ਕਰਨ ਜੋਗਾ..!"
-''ਚੱਲ ਪੈ ਪੁੱਤ..! ਥੱਕਿਆ ਹੋਵੇਂਗਾ..!" ਬੇਬੇ ਦੇ ਜੋਰ ਦੇਣ 'ਤੇ ਉਹ ਬੈਠਕ ਵਿਚ ਜਾ ਕੇ ਪੈ ਗਿਆ।
ਅੱਧੀ ਰਾਤ ਟੱਪ ਚੁੱਕੀ ਸੀ।
ਸਾਰਾ ਜੱਗ ਨੀਂਦ ਦੀ ਬੁੱਕਲ਼ ਵਿਚ ਡੁੱਬ ਗਿਆ ਸੀ।
ਬਾਪੂ ਦੇ ਘੁਰਾੜ੍ਹੇ ਘਰਾਟ ਵਾਂਗ ਚੱਲ ਰਹੇ ਸਨ। ਜੰਟਾ ਵੀ ਪੈਣ ਸਾਰ ਹੀ ਸੌਂ ਗਿਆ ਸੀ ਅਤੇ ਕਦੇ-ਕਦੇ ਬੇਬੇ ਦੇ ਨਿੱਕੇ-ਨਿੱਕੇ ਘੁਰਾੜ੍ਹੇ ਵੀ ਸੁਣਨ ਲੱਗ ਪਏ ਸਨ। ਨਵੀ ਬੈਠਕ ਵਿਚ ਪਿਆ ਸੀ। ਨੀਂਦ ਰੀਤ ਤੋਂ ਕੋਹਾਂ ਦੂਰ ਸੀ। ਉਸ ਨੂੰ ਮੰਜਾ ਜਿਵੇਂ ਵੱਢ-ਵੱਢ ਖਾ ਰਿਹਾ ਸੀ। ਉਸ ਨੇ ਸਿਰਹਾਣੇ ਤੋਂ ਸਿਰ ਚੁੱਕ ਕੇ ਸਾਰਿਆਂ ਦਾ ਜਾਇਜ਼ਾ ਜਿਹਾ ਲਿਆ। ਹਰ ਕੋਈ ਬੇਖ਼ਬਰ ਸੁੱਤਾ ਸੀ। ਉਹ ਬੋਚ ਕੇ ਉਠੀ ਅਤੇ ਦੱਬਵੇਂ ਪੈਰੀਂ ਬੈਠਕ ਵੱਲ ਤੁਰ ਪਈ। ਜਦ ਉਹ ਨਵੀ ਦੇ ਮੰਜੇ ਕੋਲ਼ ਗਈ ਤਾਂ ਨਵੀ ਜਿਵੇਂ ਉਸ ਨੂੰ ਹੀ ਉਡੀਕ ਰਿਹਾ ਸੀ। ਉਸ ਨੇ ਰਜਾਈ ਦਾ ਲੜ ਚੁੱਕਿਆ ਤਾਂ ਰੀਤ ਬੋਚ ਕੇ ਉਸ ਨਾਲ਼ ਲੇਟ ਗਈ। ਰੀਤ ਦਾ ਬਦਨ ਭੱਠ ਵਾਂਗ ਤਪ ਰਿਹਾ ਸੀ ਅਤੇ ਸੀਨੇਂ 'ਚੋਂ ਸੇਕ ਉਠਦਾ ਸੀ। ਰੀਤ ਦੇ ਬਦਨ ਦੇ ਤਪਾੜ ਕਾਰਨ ਨਵੀ ਪਿਘਲੀ ਜਾ ਰਿਹਾ ਸੀ। ਜਿਵੇਂ ਚੰਦਨ ਦੀ ਗੇਲੀ ਨੂੰ ਸੱਪ ਲਿਪਟਦਾ ਹੈ, ਉਹ ਇਕ ਦੂਜੇ ਨਾਲ਼ ਲਿਪਟੇ ਪਏ ਸਨ!
ਅਚਾਨਕ ਰੀਤ ਦੇ ਅੰਦਰੋਂ ਪੀੜ ਦੀ ਇੱਕ 'ਕਸਕ' ਜਿਹੀ ਉਠੀ ਤਾਂ ਉਸ ਨੇ ਆਪਣੇ ਨਵੀ ਜੀ ਨੂੰ ਘੁੱਟ ਕੇ ਜੱਫ਼ੀ ਪਾ ਲਈ। ਉਸ ਦੀ ਚੀਕ ਨਿਕਲਣ ਲੱਗੀ, ਪਰ ਬਾਹਰ ਪਏ ਟੱਬਰ ਦੇ ਅਹਿਸਾਸ ਨਾਲ਼ ਉਸ ਨੇ ਇਸ ਚੀਸ ਨੂੰ ਗਲ਼ ਵਿਚ ਹੀ ਦੱਬ ਲਿਆ। ਆਨੰਦ ਭਰੀ ਪੀੜ ਸਿੱਧੀ ਕਾਲ਼ਜੇ ਨੂੰ ਗਈ ਸੀ। ਚਾਹੇ ਉਹ ਇਸ ਪੀੜ ਨਾਲ਼ ਇਕੱਠੀ ਹੋ ਗਈ ਸੀ। ਪਰ ਇਹ ਪੀੜ ਉਸ ਨੂੰ ਉਸ ਦੇ 'ਨਵੀ ਜੀ' ਨੇ ਦਿੱਤੀ ਸੀ। ਜਿਸ ਕਰਕੇ ਉਸ ਨੂੰ ਦਰਦ ਵਿਚੋਂ ਵੀ ਕੋਈ ਆਨੰਦ ਆ ਰਿਹਾ ਸੀ। ਆਨੰਦ ਅਤੇ ਪੀੜ ਦੀਆਂ ਲਹਿਰਾਂ ਵਿਚ ਗੋਤੇ ਖਾਂਦੀ ਰੀਤ ਭਾਰੇ-ਭਾਰੇ ਸਾਹ ਲੈ ਰਹੀ ਸੀ। ਦੰਦ ਉਸ ਨੇ ਕਸ ਕੇ ਘੁੱਟ ਰੱਖੇ ਸਨ ਅਤੇ ਸਾਰੇ ਜੋਰ ਨਾਲ਼ ਮੁੱਠੀਆਂ ਮੀਟੀਆਂ ਹੋਈਆਂ ਸਨ।
ਸਵੇਰੇ ਪਾਠੀ ਬੋਲਣ ਤੋਂ ਪਹਿਲਾਂ ਰੀਤ ਆਪਣੇ ਮੰਜੇ 'ਤੇ ਆ ਪਈ। ਉਸ ਦੇ ਜ਼ਿਹਨ ਵਿਚ ਕੋਇਲ ਵਾਂਗ ਇਕ ਗੀਤ ਕੂਕ ਰਿਹਾ ਸੀ, ''ਗੱਲ ਮੁੱਕੀ ਨਾ ਸੱਜਣ ਨਾਲ਼ ਮੇਰੀ..! ...ਰੱਬਾ ਵੇ ਤੇਰੀ ਰਾਤ ਮੁੱਕ ਗਈ..!" ਉਸ ਨੂੰ ਆਪਣੇ ਸਰੀਰ ਵਿਚੋਂ ਅਜੇ ਵੀ ਨਵੀ ਜੀ ਦੀ ਮਹਿਕ ਆ ਰਹੀ ਸੀ। ਪਰ ਇੱਕ ਗੱਲ ਜ਼ਰੂਰ ਸੀ, ਚਾਹੇ ਅੱਜ ਉਸ ਨੇ ਆਪਣਾ 'ਸਭ ਕੁਛ' ਨਵੀ ਜੀ ਦੇ ਹਵਾਲੇ ਕਰ ਦਿੱਤਾ ਸੀ। ਪਰ ਇਸ ਦਾ ਉਸ ਨੂੰ ਕੋਈ ਅਫ਼ਸੋਸ ਨਹੀਂ ਸੀ। ਜਦ ਰੀਤ ਦੀ ਅੱਖ ਖੁੱਲ੍ਹੀ ਤਾਂ ਬਾਪੂ ਪਸ਼ੂਆਂ ਨੂੰ ਪੱਠੇ ਪਾ ਰਿਹਾ ਸੀ। ਮਾਂ ਰਸੋਈ ਵਿਚ ਚਾਹ ਬਣਾ ਰਹੀ ਸੀ ਅਤੇ ਨਵੀ ਜਾਣ ਲਈ ਤਿਆਰ ਹੋਇਆ ਖੜ੍ਹਾ ਸੀ। ਬੇਬੇ ਉਸ ਨੂੰ ਚਾਹ ਪੀ ਕੇ ਜਾਣ ਲਈ ਜ਼ਿਦ ਜਿਹੀ ਫ਼ੜੀ ਖੜ੍ਹੀ ਸੀ।
-''ਰੀਤ..!"
-''ਜੀ ਸਰ..?"
-''ਤੂੰ ਅੱਜ ਸਕੂਲ ਨਾ ਆਵੀਂ..! ਕੱਲ੍ਹ ਸਕੂਲ ਆਉਂਦੀ ਹੋਈ ਅੱਜ ਦੀ ਛੁੱਟੀ ਦੀ ਅਰਜ਼ੀ ਲਿਖ ਲਿਆਵੀਂ, ਮੈਂ ਸਾਈਨ ਕਰ ਦਿਊਂਗਾ..! ਨਾਲ਼ੇ ਅੰਦਰ ਆ ਕੇ ਮੇਰੇ ਤੋਂ ਟਾਈਮ ਟੇਬਲ ਲੈ-ਲਾ..!"
ਰੀਤ ਅੰਦਰ ਆ ਗਈ।
-''ਐਸ ਨੂੰ ਚੱਕ ਕੇ ਆਸੇ ਪਾਸੇ ਕਰ ਤੇ ਦਿਨੇਂ ਧੋ ਦੇਵੀਂ..! ਇਹ ਤੇਰੀ ਅਮਾਨਤ ਦੀ ਨਿਸ਼ਾਨੀ ਐਂ..!" ਉਸ ਨੇ ਖ਼ੂਨ ਨਾਲ਼ ਭਿੱਜੀ ਚਾਦਰ ਵੱਲ ਇਸ਼ਾਰਾ ਕੀਤਾ ਤਾਂ ਦੀਨ-ਦੁਨੀਆਂ ਦੇ ਹੇਰ-ਫ਼ੇਰ ਤੋਂ ਨਿਰਲੇਪ ਰੀਤ ਦੰਗ ਰਹਿ ਗਈ। ਉਸ ਨੇ ਭੱਜ ਕੇ ਚਾਦਰ ਚੁੱਕੀ ਅਤੇ ਪੇਟੀ ਦੇ ਪਿਛਲੇ ਪਾਸੇ ਇਕ ਨੁੱਕਰ ਵਿਚ ਦੇ ਦਿੱਤੀ।
-''ਕਿਸੇ ਨੇ ਸੱਚ ਹੀ ਕਿਹੈ ਰੀਤ, ਕਿ ਰਿਸ਼ਤੇ ਅਤੇ ਰਸਤੇ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ..! ਕਈ ਵਾਰੀ ਰਿਸ਼ਤੇ ਨਿਭਾਉਂਦੇ-ਨਿਭਾਉਂਦੇ ਸਾਡੇ ਰਸਤੇ ਬਦਲ ਜਾਂਦੇ ਨੇ..! ਤੇ ਕਈ ਵਾਰ ਕਈ ਰਸਤਿਆਂ 'ਤੇ ਚੱਲਦੇ-ਚੱਲਦੇ ਕੁਝ ਖ਼ਾਸ ਰਿਸ਼ਤੇ ਬਣ ਜਾਂਦੇ ਨੇ..! ਮੇਰੇ ਕਹਿਣ ਦਾ ਮਤਲਬ ਤੇਰੇ ਨਾਲ਼ ਰਸਤੇ 'ਤੇ ਚੱਲਦੇ-ਚੱਲਦੇ ਇੱਕ ਐਸਾ ਰਿਸ਼ਤਾ ਬਣ ਗਿਆ ਹੈ, ਇਸ ਨੂੰ ਸਾਰੀ ਜ਼ਿੰਦਗੀ ਇੱਕ ਅਨਮੋਲ ਤੋਹਫ਼ੇ ਵਾਂਗ ਸਾਂਭ ਕੇ ਰੱਖੂੰਗਾ..! ਜ਼ਿੰਦਗੀ ਦੇ ਕਿਸੇ ਮੋੜ 'ਤੇ ਇਹ ਨਾ ਸੋਚੀਂ ਕਿ ਮੈਂ ਤੈਨੂੰ ਕਦੇ ਦਗ਼ਾ ਦਿਊਂਗਾ..! ਜੇ ਜ਼ਿੰਦਗੀ ਦੇ ਸਾਹਾਂ ਦੀ ਪੂੰਜੀ ਨੇ ਵਫ਼ਾ ਕੀਤੀ ਤਾਂ ਆਖ਼ਰੀ ਸਾਹ ਤੱਕ ਸਾਥ ਨਿਭੂਗਾ..! ਜੇ ਜ਼ਿੰਦਗੀ ਦੇ ਸਾਹ ਮੁੱਕ ਗਏ...!" ਰੀਤ ਨੇ ਨਵੀ ਦੇ ਮੂੰਹ 'ਤੇ ਹੱਥ ਰੱਖ ਦਿੱਤਾ। ਉਸ ਦੀਆਂ ਪਲਕਾਂ 'ਤੇ ਹੰਝੂ ਕੰਬੀ ਜਾ ਰਹੇ ਸਨ।
ਦਰਵਾਜੇ ਓਹਲੇ ਕਰ ਕੇ ਨਵੀ ਨੇ ਉਸ ਨੂੰ ਗਲ਼ਵਕੜੀ ਵਿਚ ਲੈ ਲਿਆ।
-''ਮੈਂ ਅੱਜ ਤੱਕ ਤੁਹਾਡੇ ਮੂੰਹੋਂ ਕੋਈ ਢਹਿੰਦੀ ਕਲਾ ਦੀ ਗੱਲ ਨਹੀਂ ਸੁਣੀ..! ਤੁਸੀਂ ਹਮੇਸ਼ਾ ਮੈਨੂੰ ਚੜ੍ਹਦੀ ਕਲਾ ਵਾਲ਼ਾ ਮਾਰਗ ਦਰਸਾਇਆ, ਤੇ ਓਸੇ ਮਾਰਗ ਚੱਲਣ ਦਾ ਤਰੀਕਾ ਦੱਸਿਆ, ਤੇ ਓਸੇ ਮਾਰਗ ਤੋਰਿਆ ਵੀ..! ਪਰ ਅੱਜ ਤੁਹਾਡੇ ਮੂੰਹੋਂ ਹੀ ਇਹ ਚੰਦਰੀ ਜਿਹੀ ਗੱਲ ਸੁਣ ਕੇ ਮੈਂ ਦੁਖੀ ਜਿਹੀ ਹੋ ਗਈ ਹਾਂ..!" ਉਹ ਨਵੀ ਦੀ ਛਾਤੀ ਨਾਲ਼ ਸਿਰ ਲਾਈ ਬੋਲ ਰਹੀ ਸੀ।
-''ਜੇ ਆਪਾਂ ਦਿਨੇ ਧੁੱਪ ਸੇਕ ਕੇ ਆਨੰਦ ਲੈਂਦੇ ਹਾਂ ਤਾਂ ਸਾਨੂੰ ਆਉਣ ਵਾਲ਼ੀ ਕਾਲ਼ੀ ਅਤੇ ਠੰਢੀ ਰਾਤ ਦਾ ਖ਼ਿਆਲ ਵੀ ਮਨ 'ਚ ਰੱਖਣਾਂ ਚਾਹੀਦੈ..!"
-''ਮੈਨੂੰ ਨਹੀਂ ਕਿਸੇ ਅੱਗ ਲੱਗੜੀ ਰਾਤ ਦੀ ਚਿੰਤਾ..! ਮੂੰਹੋਂ ਸ਼ੁਭ ਬੋਲ ਬੋਲਿਆ ਕਰੋ..!" ਉਹ ਪਹਿਲੀ ਵਾਰ ਨਵੀ 'ਤੇ ਖਿਝੀ ਸੀ।
-''ਚਾਹ ਬਣਗੀ ਪੁੱਤ..!" ਰਸੋਈ ਵੱਲੋਂ ਬੇਬੇ ਦੀ ਅਵਾਜ਼ ਆਈ।
-''ਆਗੀ ਬੇਬੇ..!" ਤੇ ਉਹ ਗ਼ਿਲੇ-ਸ਼ਿਕਵੇ ਭਰੀਆਂ ਨਜ਼ਰਾਂ ਨਾਲ਼ ਤਾਹਨੇ ਦਿੰਦੀ ਚਾਹ ਲੈਣ ਚਲੀ ਗਈ।
ਬਾਪੂ ਖੇਤ ਚਲਾ ਗਿਆ ਸੀ।
ਜੰਟਾ ਅਜੇ ਵੀ ਲੰਮੀਆਂ ਤਾਣੀਂ ਪਿਆ ਸੀ।
ਜਦ ਰੀਤ ਚਾਹ ਲੈ ਕੇ ਆਈ ਤਾਂ ਨਵੀ ਤੋਂ ਉਸ ਦੇ ਮੱਥੇ ਦੀ ਕਸੀਸ ਜਰੀ ਨਾ ਗਈ। ਉਸ ਨੂੰ ਪਤਾ ਸੀ ਕਿ ਉਸ ਨੇ ਕਿੱਡੀ ਵੱਡੀ ਗੱਲ ਆਖ ਕੇ ਰੀਤ ਦਾ ਦਿਲ ਦੁਖੀ ਕਰ ਦਿੱਤਾ ਸੀ। ਚਾਹੇ ਗੱਲ ਉਸ ਨੇ ਸੱਚੀ, ਸਿਧਾਂਤਕ ਅਤੇ ਕੁਦਰਤੀ ਅਸੂਲਾਂ ਦੀ ਹੀ ਕੀਤੀ ਸੀ, ਪਰ ਕਰੂਰ ਗੱਲ ਸੁਣ ਕੇ ਰੀਤ ਦਾ ਕੋਮਲ ਦਿਲ ਮੁਰਝਾ ਗਿਆ ਸੀ। ਜਦ ਨਵੀ ਨੇ ਉਸ ਨੂੰ ਹਿੱਕ ਨਾਲ਼ ਲਾਉਣਾਂ ਚਾਹਿਆ ਤਾਂ ਰੀਤ ਦੀਆਂ ਹੁਸੀਨ ਅੱਖੀਆਂ ਵਿਚੋਂ ਮੋਤੀਆਂ ਦੀ ਮਾਲ਼ਾ ਵਾਂਗ ਹੰਝੂ ਚੱਲ ਰਹੇ ਸਨ। ਨਵੀ ਨੂੰ ਸੁਭੈਕੀ ਆਖੀ ਗੱਲ ਦਾ ਬੁਰੀ ਤਰ੍ਹਾਂ ਨਾਲ਼ ਅਹਿਸਾਸ ਹੋ ਗਿਆ ਸੀ ਕਿ ਮੇਰੀ ਬਿਨਾਂ ਕਿਸੇ ਮੰਦ-ਭਾਵਨਾ ਦੇ ਕਹੀ ਗੱਲ ਨੇ ਰੀਤ ਦਾ ਮਨ 'ਪੱਛ' ਦਿੱਤਾ ਸੀ।
-''ਚੰਗਾ..! ਮੈਂ ਇਹੋ ਜਿਹੀ ਗੱਲ ਮੁੜ ਕੇ ਕਦੇ ਨਹੀਂ ਦੁਹਰਾਊਂਗਾ..!" ਉਸ ਨੇ ਮੁੜ ਰੀਤ ਨੂੰ ਛਾਤੀ ਨਾਲ਼ ਲਾ ਲਿਆ।
ਚਾਹ ਪੀ ਕੇ ਜਦ ਨਵੀ ਤੁਰਨ ਲੱਗਿਆ ਤਾਂ ਬੇਬੇ ਸ਼ਗਨ ਅਤੇ ਖ਼ੇਸ ਲਈ ਖੜ੍ਹੀ ਸੀ।
-''ਬੀਜੀ..! ਜੇ ਤੁਸੀਂ ਆਹ ਖੇਚਲ਼ ਕਰਨੀ ਐਂ ਤਾਂ ਮੈਂ ਮੁੜ ਕੇ ਆਉਣਾ ਵੀ ਨੀ..!"
-''ਨਹੀਂ ਪੁੱਤ..! ਇਹ ਤਾਂ ਸ਼ਗਨ ਹੁੰਦੈ..! ਵਸਦੇ ਘਰਾਂ 'ਚੋਂ ਕੋਈ ਸੱਖਣੇਂ ਹੱਥੀਂ ਨੀ ਜਾਂਦਾ..! ਤੂੰ ਸਾਡਾ ਐਡਾ ਕੰਮ ਸੁਆਰਿਐ, ਤੇ ਮੈਂ ਸ਼ਗਨ ਦੇਣ ਤੋਂ ਵੀ ਪਾਸਾ ਵੱਟਾਂ..?" ਬੇਬੇ ਨੇ ਮੱਲੋਮੱਲੀ ਖ਼ੇਸ ਅਤੇ ਸੌ ਰੁਪਈਆ ਨਵੀ ਦੇ ਹੱਥ ਦੇ ਦਿੱਤਾ। ਪਰ ਨਵੀ ਨੇ ਉਹਨਾਂ ਵਿਚੋਂ ਵੀ ਪੰਜਾਹ ਮੋੜ ਦਿੱਤੇ।
-''ਬੀਜੀ, ਮੈਂ ਆਹ ਰੱਖ ਲੈਨੈ, ਪਰ ਹੁਣ ਨਾ ਜ਼ਿਦ ਕਰਿਓ..! ਨਾਲ਼ੇ ਮੈਂ ਥੋਡਾ ਕੋਈ ਕੰਮ ਨੀ ਸੁਆਰਿਆ..! ਕੰਮ ਸੁਆਰਨ ਵਾਲ਼ਾ ਤਾਂ ਰੱਬ ਐ..! ਬੰਦਾ ਤਾਂ ਵਿਚ ਹੀਲਾ ਬਣਦੈ..!" ਉਸ ਨੇ ਖ਼ੇਸ ਫ਼ੜ ਕੇ ਹਿੱਕ ਨਾਲ਼ ਲਾ ਲਿਆ। ਜਿਵੇਂ ਉਸ ਨੇ ਰੀਤ ਨੂੰ ਹਿੱਕ ਨਾਲ਼ ਲਾਇਆ ਸੀ।
-''ਬੀਜੀ, ਹੁਣ ਮੈਂ ਇਹੀ ਖ਼ੇਸ ਉਪਰ ਲੈ ਕੇ ਸੌਂਇਆ ਕਰੂੰਗਾ..! ਤੁਸੀਂ ਜੰਟੇ ਨੂੰ ਕੋਈ ਗੱਲ ਨਾ ਸੋਚਣ ਦਿਓ, ਮੈਂ ਉਹਦੇ ਕੰਮ ਕਾਰ ਦਾ ਪ੍ਰਬੰਧ ਕਰਦੈਂ..! ਹੁਣ ਨੀ ਬਾਹਰ ਭੇਜਣ ਬਾਰੇ ਸੋਚਣਾ..! ਮੈਂ ਇਹਨੂੰ ਇੱਥੇ ਈ ਕੋਈ ਚੱਜ ਦਾ ਕੰਮ ਲੈ ਦਿਊਂਗਾ..!"
-''ਬਾਹਰ..? ਰੱਬ ਦਾ ਨਾਂ ਲੈ ਪੁੱਤ..! ਜਿੰਨਾਂ ਨ੍ਹਾਤੀ, ਓਨਾਂ ਈ ਪੁੰਨ..! ਮਸਾਂ ਤਾਂ ਮੇਰਾ ਪੁੱਤ ਮੁੜਿਐ..! ਹੁਣ ਨੀ ਸ਼ੇਰਾ ਸੋਚਦੇ ਬਾਹਰ ਭੇਜਣ ਬਾਰੇ..! ਰੱਬ ਰੱਬ ਕਰ..! ਮੈਨੂੰ ਤਾਂ ਪੁੱਤ ਮੁੜਨ ਦੀ ਆਸ ਨੀ ਸੀ, ਆਹ ਤਾਂ ਰੱਬ ਨੇ ਤੇਰੇ ਮਨ ਮਿਹਰ ਪਾਅ'ਤੀ ਤੇ ਮੇਰਾ ਸੁਲੱਖਣਾਂ ਪੁੱਤ ਮੁੜ ਆਇਆ, ਨਹੀਂ ਸਾਨੂੰ ਕੋਈ ਡੱਕਾ ਦਬਾਲ਼ ਨੀ ਸੀ ਸ਼ੇਰਾ..! ਅਨਪੜ੍ਹ ਬੰਦੇ ਨੂੰ ਤਾਂ ਕੋਈ ਵਿਹੜੇ ਨੀ ਵੜਨ ਦਿੰਦਾ, ਸਾਡੀ ਕੌਣ ਸੁਣਦਾ..?"
-''ਚਲੋ ਬੀਜੀ ਆਪਣਾ ਕੰਮ ਰਾਸ ਆ ਗਿਆ..! ਆਪਣਾ ਜੰਟਾ ਸਹੀ ਸਲਾਮਤ ਘਰੇ ਆ ਗਿਆ, ਹੋਰ ਆਪਾਂ ਰੱਬੋਂ ਕੀ ਲੈਣੈਂ..?"
ਨਵੀ ਚਲਾ ਗਿਆ।
ਰੀਤ ਨੂੰ ਉਸ ਦੇ ਮੋਟਰ ਸਾਈਕਲ ਦਾ ਧੂੰਆਂ ਚੰਗਾ-ਚੰਗਾ ਲੱਗ ਰਿਹਾ ਸੀ।
-''ਕਿੰਨੀ ਕੁ ਉਮਰ ਐ ਨਵੀ ਦੀ, ਰੀਤ..?" ਬੇਬੇ ਨੇ ਅੰਦਰ ਆ ਕੇ ਪੁੱਛਿਆ।
-''ਹੋਊਗੀ ਬੇਬੇ ਕੋਈ ਚਾਲ੍ਹੀਆਂ ਕੁ ਦੀ..!"
-''ਚਾਲ੍ਹੀਆਂ ਦੀ..? ਕੁੜ੍ਹੇ ਲੱਗਦਾ ਤਾਂ ਹੈਨ੍ਹੀ..? ਲੱਗਦਾ ਤਾਂ ਤੀਹਾਂ ਕੁ ਦੇ ਗੇੜ ਈ ਐ..?"
-''ਜਿੱਥੇ ਦਿਲ ਤੇ ਰੂਹਾਂ ਇੱਕ-ਦੂਜੇ ਵਿਚ ਘੁਲ਼-ਮਿਲ਼ ਜਾਣ, ਓਥੇ ਉਮਰਾਂ ਦੀਆਂ ਵਿੱਥਾਂ ਨੀ ਮਿਣੀਆਂ ਜਾਂਦੀਆਂ ਭੋਲੀਏ ਮਾਏ..!" ਰੀਤ ਮੂੰਹੋਂ ਚੁੱਪ ਸੀ। ਪਰ ਉਸ ਦਾ ਦਿਲ ਬੋਲ ਰਿਹਾ ਸੀ।
-''ਇਹਦਾ ਵਿਆਹ-ਵੂਹ ਹੋਇਐ ਕਿ ਨਹੀਂ..?"
-''ਨਹੀਂ, ਵਿਆਹ ਨੀ ਕਰਵਾਇਆ ਅਜੇ ਤੱਕ ਬੇਬੇ..! ਤਾਂਹੀਂ ਤਾਂ ਉਮਰ ਘੱਟ ਲੱਗਦੀ ਐ..!" ਰੀਤ ਹੱਸ ਪਈ, ''ਨਹੀਂ ਬੰਦਾ ਜੁਆਕਾਂ ਦੀਆਂ ਨਲ਼ੀਆਂ ਪੂੰਝਦਾ ਈ ਬੁੜ੍ਹਾ ਲੱਗਣ ਲੱਗ ਪੈਂਦੈ..!"
-''ਨੀ ਜੁਆਕਾਂ ਬਿਨਾਂ ਸਰਦਾ ਵੀ ਨੀ ਭਾਈ..! ਦੁਨੀਆਂ ਈ ਨੱਕ 'ਤੇ ਦੀਵਾ ਬਾਲ਼ੀ ਰੱਖਦੀ ਐ..! ਜਾਂ ਤਾਂ ਬੰਦੇ ਨੂੰ ਖੱਸੀ ਦੱਸੂ ਤੇ ਜਾਂ ਔਰਤ ਨੂੰ ਫ਼ੰਡਰ..! ਦੁਨੀਆਂ ਦਾ ਮੂੰਹ ਮੱਥਾ ਰੱਖਣਾ ਪੈਂਦੈ ਧੀਏ..!" ਭਾਂਡੇ ਮਾਂਜਦੀ ਬੇਬੇ ਨਵੀ ਬਾਰੇ ਸੋਚ ਰਹੀ ਸੀ।
ਹੁਣ ਰੀਤ ਸਕੂਲ ਗਈ ਨਵੀ ਜੀ ਦੇ ਚੁਬਾਰੇ ਵਿਚ ਵੀ ਚਾਹ-ਪਾਣੀ ਪੀ ਆਉਂਦੀ ਸੀ। ਉਹ ਘੰਟਿਆਂ ਬੱਧੀ ਇਕ-ਦੂਜੇ ਵਿਚ ਘੁਲ਼ੇ, ਇੱਕ-ਮਿੱਕ ਹੋਏ ਰਹਿੰਦੇ। ਗੁਰਮੇਲ ਅਤੇ ਚਰਨਜੀਤ ਉਹਨਾਂ ਉਪਰ 'ਬਾਜ਼' ਵਾਲ਼ੀ ਅੱਖ ਰੱਖਦੇ। ਖਿਝਦੇ ਅਤੇ ਕੁੜ੍ਹਦੇ! ਖ਼ਰੂਦੀ ਬੋਤੇ ਵਾਂਗ ਦੰਦ ਪੀਂਹਦੇ।
-''ਯਾਰ ਚਰਨਜੀਤ..! ਕੀ ਕਰੀਏ..? ਜੱਟ ਦਿਨ ਦਿਹਾੜੇ ਕੁੜੀ ਨੂੰ ਲੈ ਕੇ ਚੁਬਾਰੇ 'ਚ ਪਿਆ ਰਹਿੰਦੈ..! ਸਾਲ਼ਾ ਹਿੱਕ 'ਤੇ ਲਾਂਬੂ ਬਲ਼ਦੈ..!" ਗੁਰਮੇਲ ਨੇ ਮੱਚਦਿਆਂ ਵਾਂਗ ਪੈੱਗ ਅੰਦਰ ਸੁੱਟਿਆ।
-''ਇਹ ਤਾਂ ਤੇਰੀ ਖਿਝ ਐ..! ਹੋਰ ਕੁਛ ਨਹੀਂ..! ਤੂੰ ਈ ਦਿਲ 'ਤੇ ਲਾਈ ਬੈਠੈਂ, ਤੈਨੂੰ ਕੀ..? ਆਪਣੀ ਕਿਹੜਾ ਉਹ ਕੁਛ ਲੱਗਦੀ ਐ..?"
-''ਗੱਲ ਲੱਗਣ ਜਾਂ ਨਾ ਲੱਗਣ ਦੀ ਨੀ..! ਗੱਲ ਖਿਝ ਦੀ ਐ..! ਮੈਨੂੰ ਓਸ ਭੈਣ ਦੇ ਗੜ੍ਹੱਕ 'ਤੇ ਪੂਰੀ ਚਿੜ੍ਹ ਐ..! ਕੁੜੀ ਨਾਲ਼ ਮੇਰਾ ਕੋਈ ਵੈਰ ਨੀ..!"
-''ਫ਼ੇਰ ਕਿਉਂ ਬਿਨਾਂ ਗੱਲੋਂ ਆਬਦੇ ਫ਼ਰ ਸਾੜੀ ਜਾਨੈਂ..? ਕਰਤੀ ਨਾ ਓਹੀ ਗੱਲ ਬਈ ਨਾ ਖੇਡੀਏ ਨਾ ਖੇਡਣ ਦੇਈਏ, ਗੁੱਤੀ 'ਚ ਮੂਤਾਂਗੇ..? ਦੁਨੀਆਂ ਬਹੁਭਾਂਤੀ ਐ ਬਾਈ ਸਿਆਂ..! ਇਹਨੂੰ ਕਰਨ ਦੇ ਆਪਣੀਆਂ ਰੰਗ-ਮਸਤੀਆਂ..! ਜੇ ਆਪਣੇ ਹੱਥ ਪੱਲੇ ਕੁਛ ਨਹੀਂ, ਤਾਂ ਜਿਹੜਾ ਕਰਦੈ, ਉਹਨੂੰ ਤਾਂ ਕਰਨ ਦੇਹ..!"
ਉਹ ਤਾਰਿਆਂ ਦੀ ਛਾਵੇਂ ਕੋਠੇ 'ਤੇ ਬੈਠੇ ਦਾਰੂ ਪੀ ਰਹੇ ਸਨ।
ਦੋ ਸਰਕਾਰੀ ਛੁੱਟੀਆਂ ਤੋਂ ਬਾਅਦ ਜਦ ਨਵੀ ਸਕੂਲ ਪਹੁੰਚਿਆ ਤਾਂ ਪਿੰਡ ਦੇ ਲੋਕ ਪੰਚਾਇਤ ਦੇ ਰੂਪ ਵਿਚ ਸਕੂਲ ਇਕੱਠੇ ਹੋਏ ਬੈਠੇ ਸਨ। ਨਵੀ ਨੂੰ ਦੇਖ ਕੇ ਸਤਿਕਾਰ ਵਿਚ ਸਾਰੇ ਉਠ ਕੇ ਖੜ੍ਹੇ ਹੋ ਗਏ। ਨਵੀ ਬੜਾ ਹੈਰਾਨ ਸੀ ਕਿ ਸਕੂਲ ਵਿਚ ਗੱਲ ਤਾਂ ਕੋਈ ਹੋਈ ਨਹੀਂ, ਇਹ ਪੰਚਾਇਤ ਬਣਾਂ ਕੇ ਕਿਉਂ ਆ ਖੜ੍ਹੇ?
-''ਕੀ ਗੱਲ ਐ ਬਜ਼ੁਰਗੋ, ਸਵੇਰੇ-ਸਵੇਰੇ ਸਕੂਲ ਆਉਣ ਦੀ ਤਕਲੀਫ਼ ਕਿਵੇਂ ਕੀਤੀ..?"
-''ਗੱਲ ਥੋਡੇ 'ਕੱਲਿਆਂ ਨਾਲ਼ ਈ ਕਰਨ ਆਲ਼ੀ ਐ..!" ਪੰਚਾਇਤ ਮੈਂਬਰ ਨੇ ਕਿਹਾ ਤਾਂ ਨਵੀ ਹੋਰ ਹੈਰਾਨ ਹੋ ਗਿਆ।
-''ਚਲੋ, ਆਪਾਂ ਦਫ਼ਤਰ ਵਿਚ ਚੱਲ ਵੜਦੇ ਆਂ..!"
ਉਹ ਦਫ਼ਤਰ ਵਿਚ ਚਲੇ ਗਏ।
-''ਬੋਲੋ..? ਹੁਕਮ ਕਰੋ..!" ਨਵੀ ਦਾ ਅੰਦਰ ਧੜਕੀ ਜਾ ਰਿਹਾ ਸੀ।
-''ਜਦੋਂ ਦੇ ਤੁਸੀਂ ਆਏ ਓ, ਸਾਡੇ ਸਕੂਲ ਦਾ ਮੂੰਹ ਮੁਹਾਂਦਰਾ ਬਦਲ ਧਰਿਆ..! ਹੁਣ ਅਸੀਂ ਸਲਾਹ ਕਰਦੇ ਸੀ ਕਿ ਦਰਖ਼ਾਸਤ ਦੇ ਕੇ ਸਕੂਲ ਲਈ ਗਰਾਂਟ ਮੰਗੀ ਜਾਵੇ ਤੇ ਸਕੂਲ ਦੇ ਖਸਤਾ ਜਿਹੇ ਕਮਰੇ ਢਾਹ ਕੇ ਨਵੇਂ ਕਮਰੇ ਉਸਾਰੇ ਜਾਣ..!" ਸਰਪੰਚ ਨੇ ਕਿਹਾ ਤਾਂ ਨਵੀ ਦਾ ਮਨ ਹਲਕਾ ਹੋ ਗਿਆ। ਉਸ ਦੇ ਮਨ ਵਿਚ ਤਾਂ ਕੁਛ ਹੋਰ ਹੀ 'ਡਰ' ਬੈਠਿਆ ਹੋਇਆ ਸੀ।
-''ਮੇਰੇ ਲਈ ਹੁਕਮ ਦੱਸੋ..?"
-''ਤੁਸੀਂ ਦਰਖ਼ਾਸਤ ਲਿਖ ਦਿਓ, ਮੋਹਰ ਲਾ ਕੇ ਬਾਕੀ ਕੰਮ ਅਸੀਂ ਆਪ ਕਰ ਲਵਾਂਗੇ..!" ਸਰਪੰਚ ਨੇ ਬੇਨਤੀ ਦੇ ਲਹਿਜੇ ਵਿਚ ਕਿਹਾ।
-''ਇਹ ਕਿਹੜੀ ਗੱਲ ਐ ਸਰਪੰਚ ਸਾਹਿਬ..? ਤੁਸੀਂ ਘਰ ਬੈਠੇ ਹੁਕਮ ਕਰ ਦਿੰਦੇ, ਮੈਂ ਦਰਖ਼ਾਸਤ ਲਿਖ ਕੇ ਘਰ ਫ਼ੜਾ ਆਉਂਦਾ..?"
ਉਹਨਾਂ ਨੇ ਸਲਾਹ ਕਰ ਕੇ ਦਰਖ਼ਾਸਤ ਤਿਆਰ ਕਰ ਲਈ।
ਚਾਹ ਪੀ ਕੇ ਪੰਚਾਇਤ ਤੁਰ ਗਈ।
ਨਵੀ ਸ਼ਾਂਤ ਜਿਹਾ ਹੋ ਕੇ ਬੈਠ ਗਿਆ।
ਕਿਸ਼ਤ 15
ਅਗਲੇ ਦਿਨ ਇਕ ਅਜੀਬ ਵਾਰਦਾਤ ਹੋ ਗਈ।
ਗੁਰਮੇਲ ਨੇ ਪਿੰਡ ਦੇ ਸਕੂਲ ਵਿਚ ਦਸਵੀਂ ਵਿਚ ਪੜ੍ਹਦੀ ਕੁੜੀ ਛੇੜ ਲਈ ਤਾਂ ਗੱਲ ਸਕੂਲ 'ਚੋਂ ਨਿਕਲ਼ ਪਿੰਡ ਵਿਚ ਵੜ ਗਈ ਅਤੇ ਤੜਥੱਲ ਮੱਚ ਗਿਆ। ਗਰਦੋਗੋਰ ਹੋ ਗਈ। ਇਹ ਗੱਲ ਨਵੀ ਦੇ ਬਰਦਾਸ਼ਤ ਕਰਨ ਤੋਂ ਬਾਹਰ ਸੀ। ਸਕੂਲ ਦੇ ਹਰ ਬੱਚੇ ਨੂੰ ਉਹ ਆਪਣੇ ਧੀਆਂ-ਪੁੱਤ ਹੀ ਤਾਂ ਸਮਝਦਾ ਸੀ। ਕੁੜੀ ਦੇ ਘਰਦੇ ਗੁਰਮੇਲ ਨੂੰ ਵੱਢਣ ਲਈ ਸਾਣ 'ਤੇ ਲੱਗੇ ਫ਼ਿਰਦੇ ਸਨ। ਪਰ ਨਵੀ ਫ਼ਿਰ ਵੀ ਗੱਲ ਹੱਥ ਵਿਚ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਦੇ ਆਪਣੇ ਸਕੂਲ ਦੀ ਇੱਜ਼ਤ ਦਾ ਸੁਆਲ ਸੀ। ਗੁਰਮੇਲ ਫ਼ਰਾਰ ਸੀ। ਪੰਚਾਇਤ ਬੁਲਾ ਕੇ ਨਵੀ ਨੇ ਦਫ਼ਤਰ ਵਿਚ ਬਿਠਾ ਲਈ। ਪੰਚਾਇਤ ਨਾਲ਼ ਪੀੜਤ ਕੁੜੀ ਦਾ ਪਿਉ ਅਤੇ ਭਰਾ ਵੀ ਸਨ। ਉਹ ਲੋਹੇ ਵਾਂਗ ਤਪੇ ਬੈਠੇ, ਅੱਖਾਂ ਵਿਚੋਂ ਚੰਗਿਆੜੇ ਛੱਡ ਰਹੇ ਸਨ।
-''ਇਹ ਆਪਣੇ ਸਕੂਲ ਦੀ ਹੀ ਨਹੀਂ, ਆਪਣੀ ਧੀ ਦੀ ਇੱਜ਼ਤ ਦਾ ਵੀ ਸੁਆਲ ਐ..! ਤੁਸੀਂ ਸਾਰੇ ਮੇਰੇ ਨਾਲ਼ੋਂ ਸਿਆਣੇ ਓਂ, ਜੇ ਝੱਗਾ ਚੱਕਾਂਗੇ ਤਾਂ ਆਬਦਾ ਈ ਢਿੱਡ ਨੰਗਾ ਹੋਊਗਾ..!" ਨਵੀ ਨੇ ਇੱਕ ਅਸੂਲ ਵਾਲ਼ੀ ਗੱਲ ਕੀਤੀ।
-''ਇਹ ਥੋਡੀ ਧੀ ਹੈਨੀ ਨ੍ਹਾਂ ਮਾਸਟਰ ਜੀ..? ਤੁਸੀਂ ਤਾਂ ਮਾਮਲਾ ਦਬਾਉਣ ਦੀ ਗੱਲ ਕਰਦੇ ਐਂ..! ਜੇ ਇਹ ਥੋਡੀ ਆਬਦੀ ਧੀ ਹੁੰਦੀ ਤਾਂ ਹੁਣ ਨੂੰ ਅਗਲਾ ਬੱਕਰੇ ਮਾਂਗੂੰ 'ਕੱਠਾ ਕੀਤਾ ਹੁੰਦਾ..!" ਕੁੜੀ ਦਾ 'ਤੱਤਾ' ਭਰਾ ਭੱਠ ਦੇ ਦਾਣੇ ਵਾਂਗ ਬੁੜ੍ਹਕਿਆ।
-''ਮੈਂ ਮਾਮਲਾ ਦਬਾਉਣ ਦੀ ਗੱਲ ਤਾਂ ਕਰਦਾ ਈ ਨੀ ਸ਼ੇਰਾ..! ਦੁਖੀ ਤਾਂ ਮੈਂ ਤੇਰੇ ਨਾਲ਼ੋਂ ਵੀ ਬਾਹਲ਼ਾ ਐਂ..! ਮੈਂ ਤਾਂ ਰੌਲ਼ਾ ਰੋਕਣ ਦੀ ਕੋਸ਼ਿਸ਼ ਕਰਦੈਂ..! ਕੱਲ੍ਹ ਨੂੰ ਧੀ ਧਿਆਣੀ ਵਿਆਹੁੰਣੀ ਵੀ ਐ..! ਜੇ ਪਿੰਡ 'ਚ ਬਦਨਾਮੀ ਹੋਈ ਹੋਊ, ਭਾਨੀ ਮਾਰਨ ਵਾਲ਼ੇ ਵੀਹ ਘੁਣਤਰਾਂ ਛੇੜਨਗੇ..! ਅਜੇ ਤਾਂ ਕਿਸੇ ਨੂੰ ਪਤੈ ਤੇ ਕਿਸੇ ਨੂੰ ਨਹੀਂ ਪਤਾ..! ਜੇ ਢੋਲ ਚੱਕ ਕੇ ਆਪ ਈ ਡੌਂਡੀ ਪਿੱਟ ਦਿੱਤੀ ਤਾਂ ਆਲ਼ੇ ਦੁਆਲ਼ੇ ਦੇ ਪਿੰਡਾਂ ਵਿਚ ਵੀ ਢੰਡੋਰਾ ਪਿੱਟਿਆ ਜਾਊਗਾ..! ਮੈਂ ਤਾਂ ਧੀ ਧਿਆਣੀ ਦੀ ਪਤ ਬਚਾਉਣ ਲਈ ਪਿੱਟਦੈਂ..!"
-''ਜੇ ਅਗਲੇ ਨੂੰ ਪੰਜੀ ਦਾ ਭੌਣ ਨਾ ਦਿਖਾਇਆ ਤਾਂ ਦੁਨੀਆਂ ਕੀ ਕਹੂਗੀ ਮਾਸਟਰ ਜੀ..?"
-''ਤੇਰੀ ਗੱਲ ਸੁਣ ਕੇ ਮੈਨੂੰ ਇਕ ਹਿੰਦੀ ਦਾ ਸ਼ੇਅਰ ਚੇਤੇ ਆ ਗਿਆ, ਮੀਠੇ ਸਪਨੋਂ ਕੀ ਦੁਆਏਂ ਭੀ ਵੋਹੀ ਦੇਤੇ ਹੈਂ, ਜੋ ਆਪ ਕੋ ਸ਼ਾਂਤੀ ਸੇ ਸੋਨੇ ਨਹੀਂ ਦੇਤੇ..! ਜੇ ਦੁਨੀਆਂ ਦੇ ਮੂੰਹ ਵੱਲੀਂ ਦੇਖ ਕੇ ਕਤਲ ਕਰੇਂਗਾ, ਕੁੜੀ ਦੇ ਭਵਿੱਖ 'ਤੇ ਕਾਲ਼ਸ ਵਾਹੇਂਗਾ..! ਸਿਆਣੇ ਦਾ ਕਿਹਾ ਤੇ ਔਲ਼ੇ ਦਾ ਖਾਧਾ ਪਿੱਛੋਂ ਪਤਾ ਲੱਗਦੈ..! ਅਗਲੇ ਗੱਲ ਈ ਐਥੋਂ ਫ਼ੜਦੇ ਐ ਬਈ ਇਹ ਓਹ ਕੁੜੀ ਐ, ਜੀਹਦੇ ਕਰ ਕੇ ਕਤਲ ਹੋਇਆ ਸੀ, ਕਿਉਂ ਸਰਪੰਚ ਸਾਹਿਬ..?"
-''ਬਿਲਕੁਲ ਦਰੁਸਤ ਐ ਜੀ..!"
-''ਬਜ਼ੁਰਗੋ, ਮਿਹਰ ਕਰੋ, ਤੁਸੀਂ ਵੀ ਮੁੰਡੇ ਨੂੰ ਸਮਝਾਓ..! ਇੱਕ ਮਰੂ, ਦੂਜਾ ਜੇਲ੍ਹ 'ਚ ਸੜੂ..! ਗਿਆ ਵੇਲ਼ਾ ਮੁੜ ਕੇ ਹੱਥ ਨੀ ਆਉਂਦਾ ਹੁੰਦਾ..!" ਨਵੀ ਨੇ ਕਿਹਾ। ਪਰ ਮੁੰਡੇ ਦਾ ਪਿਉ ਮੁਰਕੜੀ ਜਿਹੀ ਮਾਰੀ ਬੈਠਾ ਰਿਹਾ। ਉਸ ਅੰਦਰ ਉਬਲ਼ਦੇ ਲਾਵੇ ਤੋਂ ਨਵੀ ਨੂੰ 'ਭੈਅ' ਆ ਰਿਹਾ ਸੀ।
-''ਸਰਪੰਚ ਸਾਹਿਬ, ਹੁਣ ਦੱਸੋ ਕੀ ਵਿਚਾਰ ਐ..? ਮੈਂ ਹਰ ਤਰ੍ਹਾਂ ਨਾਲ਼ ਤੁਹਾਡੇ ਨਾਲ਼ ਐਂ..!" ਨਵੀ ਬੋਲਿਆ।
-''ਮੇਰਾ ਤਾਂ ਇਰਾਦੈ ਬਈ ਸਾਲ਼ੇ ਨੂੰ ਗਧੇ 'ਤੇ ਬਿਠਾ ਕੇ, ਗਲ਼ ਛਿੱਤਰਾਂ ਦਾ ਹਾਰ ਪਾ ਕੇ, ਸਾਰੇ ਪਿੰਡ 'ਚ ਫ਼ੇਰ ਕੇ ਜਲੂਸ ਕੱਢਿਆ ਜਾਵੇ..!"
-''ਗੱਲ ਤਾਂ ਸਰਪੰਚ ਸਾਹਿਬ ਫ਼ੇਰ ਓਥੇ ਈ ਆ ਗਈ..! ਗਲ਼ੀ ਗਲ਼ੀ ਹੋਕਾ ਦੇਣੋਂ ਤਾਂ ਮੈਂ ਰੋਕੀ ਆਉਨੈ..!"
-''ਤੂੰ ਤਾਂ ਫ਼ੇਰ ਆਬਦੇ ਮਾਸਟਰ ਦੀ ਹਮਾਇਤ ਕਰਵਾਉਨੈ..!" ਕੁੜੀ ਦਾ ਬਾਪ ਕਰੋਧ ਨਾਲ਼ ਸੜ ਉਠਿਆ, ''ਮੈਂ ਕਦੋਂ ਦਾ ਤੇਰੇ ਮੂੰਹ ਵੱਲ ਦੇਖੀ ਜਾਨੈਂ, ਤੂੰ ਤਾਂ ਓਸੇ ਭੈਣ ਚੋਦ ਦਾ ਪੱਖ ਲਈ ਤੁਰਿਆ ਆਉਨੈਂ..!"
-''ਇਹ ਆਪਣੀ ਹਮਾਇਤ ਕੀ ਕਰੂ ਬਾਪੂ..? ਇਹ ਤਾਂ ਆਪ ਨਵਰੀਤ ਮਾਸਟਰਨੀ ਨਾਲ਼ ਕੁੰਡਾ ਅੜਾਈ ਫ਼ਿਰਦੈ..!" ਮੁੰਡੇ ਨੇ ਸਾਰਿਆਂ ਦੇ ਸਾਹਮਣੇ ਹੀ ਬੇਲੱਜ ਗੱਲ ਕਹਿ ਮਾਰੀ, ''ਉਹਨੂੰ ਤਾਂ ਇਹ ਆਪ ਆਬਦੇ ਚੁਬਾਰੇ 'ਚ ਲੈ ਕੇ ਪਿਆ ਰਹਿੰਦੈ..! ਜੀਹਦਾ ਆਬਦਾ ਟੋਚਣ ਅੜਿਆ ਵਿਐ, ਓਹ ਦੂਜੇ ਨੂੰ ਕੀ ਮੱਤ ਦਿਊ..?" ਕੱਛ 'ਚੋਂ ਵੱਜੇ ਮੂੰਗਲ਼ੇ ਨਾਲ਼ ਜਿਵੇਂ ਨਵੀ 'ਨੰਗਾ' ਹੋ ਗਿਆ ਸੀ। ਸਾਰੇ ਇੱਕ ਦਮ ਭਮੱਤਰਿਆਂ ਵਾਂਗ ਇੱਕ-ਦੂਜੇ ਵੱਲ ਝਾਕੇ। ਨਵੀ ਦੇ ਸਿਰ ਵਿਚ ਜਿਵੇਂ ਬੰਬ ਫ਼ਟ ਗਿਆ ਸੀ। ਉਸ ਦੇ ਤਾਂ ਰੋਜ਼ੇ ਬਖ਼ਸ਼ਾਉਣ ਆਏ ਦੇ ਨਮਾਜ਼ਾਂ ਗਲ਼ ਪੈ ਚੱਲੀਆਂ ਸਨ। ਉਹ ਤਾਂ ਕੁੜੀ ਦੀ ਇੱਜ਼ਤ ਕਰ ਕੇ ਗੱਲ 'ਤੇ ਪਰਦਾ ਪਾਉਣ ਨੂੰ ਫ਼ਿਰਦਾ ਸੀ। ਪਰ ਹੁਣ ਤਾਂ ਉਹ ਆਪ ਸ਼ਰੇਆਮ 'ਨਿਰਵਸਤਰ' ਹੋ ਚੱਲਿਆ ਸੀ।
ਪੰਚਾਇਤ ਉਠ ਕੇ ਖੜ੍ਹੀ ਹੋ ਗਈ, ਜਿਵੇਂ ਨਵੀ ਸਭ ਤੋਂ ਵੱਡਾ ਚੋਰ ਸੀ।
ਦਫ਼ਤਰ ਖਾਲੀ ਹੋ ਗਿਆ।
ਪਿੰਡ ਵਿਚ ਇੱਕ ਹੋਰ ਧੂਤਕੜਾ ਪੈ ਗਿਆ। ਇੱਕ ਰੌਲ਼ਾ ਗੁਰਮੇਲ ਦਾ ਛਿੜਿਆ ਸੀ। ਤੇ ਹੁਣ ਦੂਜੀ ਨਵੀ ਅਤੇ ਰੀਤ ਦੀ ਦੰਦ-ਕਥਾ ਤੁਰ ਪਈ ਸੀ। ਗਲ਼ੀ-ਗਲ਼ੀ, ਘਰ-ਘਰ ਇਹੀ ਗੱਲ ਸੀ।
-''ਸਾਲ਼ਾ ਸਾਰਾ ਆਵਾ ਈ ਊਤਿਆ ਪਿਐ..?"
-''ਇਹ ਆਉਂਦੇ ਪੜ੍ਹਾਉਣ ਐਂ ਕਿ ਇਸ਼ਕ ਮੁਸ਼ਕ ਕਰਨ ਆਉਂਦੇ ਐ..?"
-''ਇਹਨਾਂ ਨੂੰ ਹੈਗੀ ਐ ਚੁਪੇੜਾਂ ਦੀ ਘਾਟ..!"
-''ਰੈਂਗੜੇ ਖੜਕਾਏ ਹੋਣ ਇਹਨਾਂ ਦੇ ਪੁੜਿਆਂ 'ਚ, ਦੇਖ ਸਾਲ਼ੇ ਬੰਦੇ ਕਿਵੇਂ ਬਣਦੇ ਐ..!"
-''ਇਹਨਾਂ ਨੂੰ ਘਰਦੇ ਆਹ ਕੰਜਰਖਾਨੇ ਕਰਨ ਨੂੰ ਪੜ੍ਹਾਉਂਦੇ ਐ..?"
-''ਜਦੋਂ ਸਾਲ਼ੇ ਆਪ ਈ ਕਾਣੇ ਐਂ, ਜੁਆਕਾਂ ਨੂੰ ਕੀ ਸਿਆਣਪ ਦੇਣਗੇ..?"
-''ਇਹ ਤਾਂ ਫ਼ੇਰ ਜਿਹੋ ਜੀ ਨੰਦੋ ਬਾਹਮਣੀਂ ਤੇ ਓਹੋ ਜਿਆ ਘੁੱਦੂ ਜੇਠ ਵਾਲ਼ੀ ਗੱਲ ਹੋਊ..!"
-''ਤੂੰ ਸਰਪੈਂਚਾ ਓਸ ਮਾਸਟਰਾਣੀ ਦੇ ਪਿਉ ਦੇ ਪਾ ਗਲ਼ 'ਚ ਸਾਅਫ਼ਾ..! ਬਈ ਇਹ ਕੁੜੀ ਪੜ੍ਹਾਉਣ ਆਉਂਦੀ ਐ ਜਾਂ ਸਰੀਰਕ ਤ੍ਰਿਪਤੀ ਕਰਵਾਉਣ ਆਉਂਦੀ ਐ..?"
-''ਪਿਉ ਦੇ ਕੀ ਵੱਸ ਐ ਭਾਈ..? ਮੇਰੇ ਸਾਲ਼ੇ ਜੁਆਕ ਈ ਅੱਗ ਤੋਂ ਦੀ ਲਿਟਦੇ ਐ..!"
-''ਪਰ ਮਾਂ-ਪਿਉ ਨੂੰ ਪਤਾ ਤਾਂ ਹੋਣਾਂ ਚਾਹੀਦੈ ਨ੍ਹਾਂ..? ਜੇ ਅਸਲੀਅਤ ਦਾ ਪਤਾ ਨਾ ਦੱਸਾਂਗੇ ਤਾਂ ਉਹਨਾਂ ਨੂੰ ਕਿੱਥੋਂ ਪਤਾ ਲੱਗੂ..? ਬਿਗਾਨਾ ਪਿੰਡ ਐ, ਅਗਲੇ ਆਪਣੇ ਪਿੰਡ ਦੇ ਮੂੰਹ ਛਿੱਤਰ ਦੇਣਗੇ ਬਈ ਤੁਸੀਂ ਕਿਹੜਾ ਦੱਸਿਐ..? ਚੰਦ ਚੜ੍ਹਾ ਕੇ ਧਰਤਾ..!" ਇੱਕ ਕਾਵਾਂ ਰੌਲ਼ੀ ਜਿਹੀ ਮੱਚੀ ਪਈ ਸੀ।
ਅਗਲੇ ਦਿਨ ਰੀਤ ਦੇ ਪਿੰਡ ਪੰਚਾਇਤ ਦਾ ਬੰਦਾ ਚਲਿਆ ਗਿਆ।
ਉਸ ਦੀ ਗੱਲ ਸੁਣ ਕੇ ਬਾਪੂ ਦੇ ਥੰਮ੍ਹ ਹਿੱਲ ਗਏ। ਉਸ ਦੇ ਸਿਰ ਵਿਚ ਜਿਵੇਂ ਦੁਰਮਟ ਵੱਜਿਆ ਸੀ।
-''ਰੋਕ ਲੈ ਆਬਦੀ ਲਾਡਲੀ ਨੂੰ..! ਨਹੀਂ ਓਹਦੇ ਆਲ਼ਾ ਘੋਗਾ ਮੈਨੂੰ ਚਿੱਤ ਕਰਨਾ ਪਊਗਾ..! ਸਾਰੇ 'ਲਾਕੇ 'ਚ ਤੋਏ-ਤੋਏ ਕਰਵਾਤੀ ਕੁਲਿਹਣੀ ਨੇ..!" ਬਾਪੂ ਸ਼ਬਦਾਂ ਦੇ ਲਾਂਬੂ ਛੱਡਦਾ ਘਰੋਂ ਬਾਹਰ ਨਿਕਲ਼ ਗਿਆ। ਉਸ ਦੀ ਦੇਹ ਨੂੰ ਅੱਚਵੀ ਲੱਗ ਗਈ ਸੀ।
ਜਦ ਸ਼ਾਮ ਨੂੰ ਰੀਤ ਘਰ ਆਈ ਤਾਂ ਦਰਵਾਜਾ ਭੇੜ ਕੇ ਬੇਬੇ ਦੁਹੱਥੜ ਮਾਰਨ ਵਾਲ਼ਿਆਂ ਵਾਂਗ ਉਸ ਨੂੰ ਪਈ।
-''ਨੀ ਕੁੱਤੀਏ..! ਤੈਨੂੰ ਕੀ ਐਡੀ ਅੱਗ ਲੱਗੀ ਸੀ ਨ੍ਹੀ..?" ਬੇਬੇ ਦੇ ਤੌਰ ਦੇਖ ਕੇ ਰੀਤ ਦੀਆਂ ਸਧਰਾਂ ਨੂੰ ਜਿਵੇਂ ਪੀਲ਼ੀਆ ਮਾਰ ਗਿਆ।
-''ਬੇਬੇ..! ਤੈਨੂੰ ਕੀਹਨੇ ਕਿਹੈ..?" ਉਹ ਸਤੰਭ ਹੋਈ ਖੜ੍ਹੀ ਸੀ।
-''ਨੀ ਲੱਗਜੇ ਤੈਨੂੰ ਅੱਗ ਲੁੱਚੀਏ..! ਸਾਰੇ 'ਲਾਕੇ 'ਚ ਤਾਂ ਭੰਡੀ ਪ੍ਰਚਾਰ ਹੋਇਆ ਪਿਐ..! ਪਤਾ ਕੀਹਨੂੰ ਨੀ..? ਲੰਡੀ ਬੁੱਚੀ ਤਾਂ ਜੀਭਾਂ ਕੱਢਦੀ ਫ਼ਿਰਦੀ ਐ..!"
-''ਬੇਬੇ..! ਮੈਂ ਤੇ ਨਵੀ ਜੀ ਵਿਆਹ ਕਰਵਾਉਣਾਂ ਚਾਹੁੰਦੇ ਆਂ..!"
-''ਕੀ ਕਿਹੈ...? ਕੀ ਕਿਹੈ ਕੰਜਰੀਏ..? ਤੂੰ ਓਸ ਬੁੱਢ-ਬਲ੍ਹੇਟ ਨਾਲ਼ ਵਿਆਹ ਕਰਵਾਵੇਂਗੀ..? ਬੁੱਢਾ ਤਾਂ ਉਹ ਹੋਇਆ ਪਿਐ..!" ਬੇਬੇ ਦੇ ਦਿਮਾਗ ਨੂੰ ਹੋਰ ਧਤੂਰਾ ਚੜ੍ਹ ਗਿਆ।
-''ਬੇਬੇ..! ਨਵੀ ਜੀ 'ਚ ਕੀ ਔਗੁਣ ਐਂ..? ਪੜ੍ਹੇ-ਲਿਖੇ ਐ, ਲਿਆਕਤ ਐ, ਸੋਹਣੀ ਨੌਕਰੀ ਐ...! ਕੀ ਹੋ ਗਿਆ ਜੇ ਮੇਰੇ ਨਾਲ਼ੋਂ ਉਮਰ ਥੋੜ੍ਹੀ ਵੱਡੀ ਐ..? ਮੋਹ ਪਿਆਰ 'ਚ ਉਮਰਾਂ ਨੀ ਦੇਖੀਆਂ ਜਾਂਦੀਆਂ ਮਾਂ ਮੇਰੀਏ..!" ਉਸ ਨੇ ਮਾਂ ਦੇ ਗੁੱਸੇ 'ਤੇ ਠੰਢਾ ਪਾਣੀ ਛਿੜਕਣਾਂ ਚਾਹਿਆ।
-''ਨ੍ਹੀ ਤੂੰ ਮੈਨੂੰ ਮੱਤਾਂ ਦੇਣ ਲੱਗਪੀ ਨੀ ਪਾਪਣੇ..? ਤੇਰਾ ਚੰਗਾ ਮੰਦਾ ਸੋਚਣਾ ਸਾਡਾ ਕੰਮ ਐਂ..! ਮੈਂ ਤੇਰੀ ਮਾਂ ਐਂ, ਤੂੰ ਮੇਰੀ ਮਾਂ ਨੀ..!"
-''ਬੇਬੇ..! ਮੈਂ ਤਾਂ ਤੇਰੇ ਨਾਲ਼ ਗੱਲ ਕਰਨਾ ਚਾਹੁੰਦੀ ਸੀ..! ਮਾਂ-ਧੀ ਦਾ ਇੱਕ ਪਰਦਾ ਹੁੰਦੈ, ਪਰ ਤੂੰ ਤਾਂ ਹੋਰ ਈ ਗੱਲਾਂ ਕਰਨ ਲੱਗ ਪਈ..?"
-''ਕੀ ਗੱਲ ਕਰਨੀ ਚਾਹੁੰਦੀ ਸੀ ਤੂੰ..?" ਬੇਬੇ ਡੂੰਮਣੇਂ ਮਖਿਆਲ਼ ਵਾਂਗ ਆਈ।
-''ਮੈਂ ਤਾਂ ਨਵੀ ਜੀ ਦੇ ਬੱਚੇ ਦੀ ਮਾਂ ਬਣਨ ਵਾਲ਼ੀ ਐਂ..!"
-''ਬੂਹ ਮੈਂ ਮਰਜਾਂ ਨੀ, ਕੁੱਤੀਏ..! ਬੂਹ ਨੀ ਮੈਂ ਮਰਜਾਂ ਨੀ, ਕੰਜਰੀਏ...ਲੁੱਚੀਏ...ਗਸ਼ਤੀਏ..!!" ਬੇਬੇ ਨੇ ਪੱਟ ਪਿੱਟੇ, ''ਨ੍ਹੀ ਇਹ ਤੂੰ ਕੀ ਕੀਤਾ ਨ੍ਹੀ ਕਲ਼ਜੋਗਣੇਂ..? ਐਡੀ ਤੈਨੂੰ ਕੀ 'ਨ੍ਹੇਰੀ ਆਈ ਵੀ ਸੀ ਨੀ ਤੱਤੇ ਪੈਰਾਂ ਆਲ਼ੀਏ ਦੁਸ਼ਟੇ..?" ਉਹ ਬੇਸੁਰਤ ਹੋਣ ਵਾਲ਼ਿਆਂ ਵਾਂਗ ਮੱਥਾ ਫ਼ੜ ਕੇ ਮੰਜੇ 'ਤੇ ਬੈਠ ਗਈ।
-''ਹਾਏ ਵੇ ਵੈਰੀਆ ਰੱਬਾ, ਮੈਨੂੰ ਆਹ ਦਿਨ ਦੇਖਣ ਨੂੰ ਜਿਉਂਦਾ ਰੱਖਿਆ ਸੀ ਤੂੰ ਅੱਗ ਲੱਗੜਿਆ..?" ਉਹ ਵੈਣ ਜਿਹੇ ਪਾਉਣ ਲੱਗ ਪਈ।
-''ਬੇਬੇ..! ਜਿੰਨਾਂ ਝੱਗਾ ਚੱਕੇਂਗੀ, ਤੇਰਾ ਆਪਣਾ ਈ ਢਿੱਡ ਨੰਗਾ ਹੋਉਗਾ..! ਨਵੀ ਜੀ ਬੁਰੇ ਇਨਸਾਨ ਨਹੀਂ, ਤੂੰ ਉਹਨਾਂ ਨੂੰ ਮਿਲ਼ ਕੇ ਦੇਖਿਆ ਤਾਂ ਹੈ..! ਕਿੰਨਾਂ ਉਹ ਆਪਣੇ ਕੰਮ ਆਏ ਐ..!"
-''ਜੇ ਉਹ ਕਾਲ਼ੇ ਮੂੰਹ ਆਲ਼ਾ ਆਪਣੇ ਕੰਮ ਆਇਆ ਤਾਂ ਜਰੂਰੀ ਤਾਂ ਨੀ ਤੂੰ ਉਹਤੋਂ ਢਿੱਡ ਕਰਵਾਉਣਾ ਸੀ, ਭ੍ਰਿਸ਼ਟੇ..!" ਬੇਬੇ ਨੂੰ ਚਾਰੇ ਪਾਸੇ ਹਨ੍ਹੇਰ-ਗੁਬਾਰ ਨਜ਼ਰ ਆ ਰਿਹਾ ਸੀ। ਕੁਆਰੀ ਕੁੜੀ ਕਿਸੇ ਤੋਂ ਗਰਭਵਤੀ ਹੋਈ ਬੈਠੀ ਸੀ। ਬੇਬੇ ਲਈ ਘੋਰ ਨਮੋਸ਼ੀ ਅਤੇ ਡੁੱਬ ਮਰਨ ਵਾਲ਼ੀ ਗੱਲ ਹੋਈ ਪਈ ਸੀ। ਅਜੇ ਤਾਂ ਰੀਤ ਦੇ ਚੱਲਦੇ ਚੱਕਰ ਬਾਰੇ ਹੀ ਲੋਕਾਂ ਨੂੰ ਮਾੜੀ ਜਿਹੀ ਭਿਣਕ ਪਈ ਸੀ। ਤੇ ਜਦ ਉਸ ਦੇ ਗਰਭਵਤੀ ਹੋਣ ਦਾ ਪਤਾ ਲੱਗਣਾ ਸੀ ਤਾਂ ਲੋਕਾਂ ਵਿਚ ਤਾਂ ਢੋਲ ਵੱਜ ਜਾਣੇ ਸਨ ਅਤੇ ਧੂੰਆਂ ਰੋਲ਼ ਹੋ ਜਾਣਾਂ ਸੀ। ਸੋਚ ਸੋਚ ਕੇ ਬੇਬੇ ਮੂਰਛਤ ਹੁੰਦੀ ਜਾ ਰਹੀ ਸੀ। ਪਰ ਉਸ ਨੂੰ ਧਰਵਾਸ ਦੇਣ ਵਾਲ਼ਾ ਕੋਈ ਨਹੀਂ ਸੀ। ਇਕ ਹੋਰ ਗੱਲ ਉਸ ਦੇ ਹੌਲ ਪਾਈ ਜਾ ਰਹੀ ਸੀ ਕਿ ਜਦ ਬੱਚਾ ਹੋਣ ਬਾਰੇ ਇਸ ਦੇ ਪਿਉ ਨੂੰ ਪਤਾ ਲੱਗਿਆ ਤਾਂ ਕੀ ਪਰਲੋਂ ਆਊਗੀ..? ਉਹ ਤਾਂ ਮਰਨ-ਮਾਰਨ ਮਿਥ ਲਊਗਾ। ਇਹ ਗੱਲਾਂ ਸੋਚ ਕੇ ਉਸ ਦਾ ਕਾਲ਼ਜਾ ਨਿਕਲ਼ਿਆ ਪਿਆ ਸੀ।
ਰੀਤ ਦਾ ਸਕੂਲ ਤਾਂ ਕੀ, ਘਰੋਂ ਬਾਹਰ ਜਾਣ 'ਤੇ ਵੀ ਪਾਬੰਦੀ ਲੱਗ ਗਈ।
ਉਹ ਦਿਨ ਰਾਤ ਨਵੀ ਜੀ ਦੇ ਵਿਯੋਗ ਵਿਚ ਰੋਂਦੀ-ਬਿਲਕਦੀ ਰਹਿੰਦੀ।
ਬੇਬੇ ਉਸ ਨੂੰ ਬੱਚਾ 'ਡੇਗ' ਦੇਣ ਲਈ ਜੋਰ ਪਾਉਂਦੀ। ਪਰ ਰੀਤ ਨਵੀ ਜੀ ਦਾ ਬੱਚਾ ਗੁਆਉਣਾ ਨਹੀਂ ਚਾਹੁੰਦੀ ਸੀ। ਉਸ ਨੂੰ ਪੂਰਾ ਵਿਸ਼ਵਾਸ ਸੀ ਕਿ ਉਸ ਦੇ ਨਵੀ ਜੀ ਉਸ ਨੂੰ ਧੋਖਾ ਨਹੀਂ ਦੇਣਗੇ। ਨਵੀ ਧੋਖਾ ਦੇਣ ਵਾਲ਼ਾ ਬੰਦਾ ਹੈ ਵੀ ਨਹੀਂ ਸੀ। ਰੀਤ ਨੂੰ ਪੂਰੀ ਆਸ ਸੀ ਕਿ ਨਵੀ ਜੀ ਦੁਨੀਆਂ ਦੇ ਰੀਤੀ-ਰਿਵਾਜ਼ਾਂ ਦੀਆਂ ਕੰਡਿਆਲ਼ੀਆਂ ਵਾੜਾਂ ਟੱਪ ਕੇ ਮੈਨੂੰ ਲੈ ਜਾਣਗੇ। ਪਰ ਬੇਬੇ ਪੇਸ਼ ਨਹੀਂ ਜਾਣ ਦੇ ਰਹੀ ਸੀ। ਉਸ ਨੇ ਅਣਖ਼-ਇੱਜ਼ਤ ਖ਼ਾਤਰ ਮਰਨ ਮਿਥਿਆ ਹੋਇਆ ਸੀ।
ਦਿਨ ਟੱਪਦੇ ਜਾ ਰਹੇ ਸਨ।
ਬੇਬੇ ਨੂੰ ਰੀਤ ਦੇ ਪੇਟ ਵਿਚ ਪਲ਼ਦੇ ਬੱਚੇ ਦਾ ਝੋਰਾ ਦਿਨੋਂ-ਦਿਨ ਘੁਣ ਵਾਂਗ ਖਾਂਦਾ ਜਾ ਰਿਹਾ ਸੀ। ਉਹ ਰੀਤ ਨੂੰ ਗਰਭਪਾਤ ਕਰਵਾਉਣ ਲਈ ਜੋਰ ਪਾ ਰਹੀ ਸੀ। ਪਰ ਰੀਤ ਇਸ ਗੱਲ ਤੋਂ ਕਦਾਚਿੱਤ ਮੁਨੱਕਰ ਸੀ। ਉਹ ਨਵੀ ਜੀ ਦੇ ਮੋਹ-ਮੁਹੱਬਤ ਦੀ ਨਿਸ਼ਾਨੀ ਨੂੰ ਜਨਮ ਦੇਣਾਂ ਚਾਹੁੰਦੀ ਸੀ, ਜੱਗ ਦਿਖਾਉਣਾਂ ਚਾਹੁੰਦੀ ਸੀ। ਪਰ ਇਹ ਜੱਗ ਇਤਨਾ ਨਿਰਦਈ ਸੀ ਕਿ ਉਸ ਦੀ ਪੇਸ਼ ਨਹੀਂ ਜਾਣ ਦਿੰਦਾ ਸੀ। ਘਰ ਦੇ ਹਾਲਾਤ ਵੀ ਉਸ ਦੀ ਪੇਸ਼ ਨਹੀਂ ਜਾਣ ਦੇ ਰਹੇ ਸਨ। ਉਹ ਦੋਸਾਂਗ ਵਿਚ ਫ਼ਸੇ ਪੰਛੀ ਵਾਂਗ ਫ਼ੱਟੜ, ਤੜਫ਼ ਰਹੀ ਸੀ। ਉਹ ਰਾਤ ਨੂੰ ਬੜੇ ਮੋਹ, ਬੜੀ ਹਸਰਤ ਨਾਲ਼ ਆਪਣੇ ਪੇਟ 'ਤੇ ਹੱਥ ਫ਼ੇਰਦੀ, ਜਿਵੇਂ ਬੱਚੇ ਨੂੰ ਪਲ਼ੋਸਦੀ ਹੋਵੇ! ਲੋਰੀ ਦਿੰਦੀ ਹੋਵੇ! ਨਵੀ ਜੀ ਦੀ ਮੁਹੱਬਤ ਦਾ ਬੀਜ਼ ਉਸ ਦੇ ਪੇਟ ਵਿਚ ਸੀ ਅਤੇ ਇਸ ਰਹਿਮਤ ਨੂੰ ਉਹ ਕਿਸੇ ਸ਼ਰਤ ਵਿਚ ਵੀ ਹੱਥੋਂ ਜਾਣ ਨਹੀਂ ਦੇਣਾਂ ਚਾਹੁੰਦੀ ਸੀ। ਪਰ ਘਰ ਦੇ ਚੰਦਰੇ ਹਾਲਾਤ ਉਸ ਦੀ ਕੋਈ ਪੇਸ਼ ਨਹੀਂ ਜਾਣ ਦੇ ਰਹੇ ਸਨ। ਉਹ ਕੱਟੇ ਖੰਭਾਂ ਵਾਲ਼ੇ ਜਨੌਰ ਵਾਂਗ ਬੇਵੱਸ ਸੀ।
ਅਖ਼ੀਰ ਜਦ ਬਾਪੂ ਨੂੰ ਪਤਾ ਲੱਗਿਆ ਤਾਂ ਉਸ ਨੇ ਕੰਧ ਵਿਚ ਟੱਕਰ ਮਾਰੀ।
ਮੱਥਾ ਪਾਟ ਗਿਆ ਅਤੇ ਖ਼ੂਨ ਦਾ ਫ਼ੁਆਰਾ ਚੱਲ ਪਿਆ।
ਕਿਸ਼ਤ 16
ਘਰ ਦਾ ਮਾਹੌਲ ਹੋਰ ਵੀ ਭਿਆਨਕ ਅਤੇ ਡਰਾਉਣਾਂ ਹੋ ਗਿਆ। ਰੀਤ ਨੇ ਉਦਾਸੀ ਅਤੇ ਪ੍ਰੇਸ਼ਾਨੀ ਭਰੀ ਇੱਕ ਚਿੱਠੀ ਨਵੀ ਜੀ ਨੂੰ ਲਿਖ ਦਿੱਤੀ। ਜਿਸ ਵਿਚ ਉਸ ਨੇ ਘਰ ਦੇ ਬੁਰੇ ਹਾਲਾਤਾਂ ਤੋਂ ਇਲਾਵਾ, ਹਿੱਕ 'ਤੇ ਪੱਥਰ ਰੱਖ ਕੇ ਇਹ ਵੀ ਲਿਖ ਦਿੱਤਾ ਕਿ ਜੇ ਮੈਨੂੰ ਕੁਛ 'ਹੋ' ਗਿਆ ਤਾਂ ਤੁਸੀਂ ਆਪਣਾ ਘਰ ਕਿਸੇ 'ਹੋਰ' ਨਾਲ਼ ਵਸਾ ਲੈਣਾਂ! ਰੀਤ ਦੀ ਚਿੱਠੀ ਦਾ ਨਵੀ ਵੱਲੋਂ ਬਹੁਤ ਲੰਮਾਂ-ਚੌੜਾ ਅਤੇ ਬੜਾ ਭਾਵੁਕ ਉੱਤਰ ਆਇਆ:
-''ਜਿੰਦ ਤੋਂ ਵੀ ਪਿਆਰੀ ਰੀਤ! ਹਾਲਾਤਾਂ ਦੇ ਦੈਂਤ ਨੇ ਚਾਹੇ ਸਾਨੂੰ ਵਕਤੀ ਤੌਰ 'ਤੇ ਵੱਖ ਕਰ ਦਿੱਤਾ ਹੈ, ਮਿਲਣ 'ਤੇ ਪਾਬੰਦੀਆਂ ਲੱਗ ਗਈਆਂ ਨੇ, ਪਰ ਜ਼ਿੰਦਗੀ ਦੀ ਤਾਨ ਇੱਕ ਦੂਜੇ ਦੀ ਰੂਹ ਵਿਚ ਹੀ ਰਾਗ ਛੇੜਦੀ ਹੈ! ਮੁਹੱਬਤ, ਮੂੰਗਫ਼ਲੀ ਜਾਂ ਬੇਰਾਂ ਵੱਟੇ ਨਹੀਂ ਮਿਲ਼ ਜਾਂਦੀ! ਮੁਹੱਬਤ ਕੁਦਰਤ ਦੀ ਜੰਨਤ ਦਾ ਇੱਕ ਉਹ ਫ਼ਲ਼ ਹੈ, ਜੋ ਅਭਾਗਿਆਂ ਦੇ ਕਦੇ ਪੱਲੇ ਨਹੀਂ ਪੈਂਦਾ। ਪਾਕ-ਪਵਿੱਤਰ ਅਤੇ ਸੱਚੀ-ਸੁੱਚੀ ਮੁਹੱਬਤ ਰੂਹਾਂ ਦੀ ਸਾਂਝ ਅਤੇ ਚੰਗੇ ਭਾਗਾਂ ਨਾਲ਼ ਨਸੀਬ ਹੁੰਦੀ ਐ! ਮੁਹੱਬਤ ਕੁੱਤੇ ਦੀ ਪੂਛ ਵਾਂਗ ਵੰਝਲੀ ਵਿਚ ਪਾ ਕੇ ਰੱਖਣ ਵਾਲ਼ੀ ਵੀ ਨਹੀਂ ਹੁੰਦੀ, ਇਹ ਦਿਲਾਂ ਦੇ ਖ਼ਜ਼ਾਨੇ ਵਿਚ ਸਾਂਭ ਕੇ ਰੱਖਣ ਵਾਲ਼ੀ ਅਨਮੋਲ ਬਖ਼ਸ਼ਿਸ਼ ਹੁੰਦੀ ਐ! ਜ਼ਿੰਦਗੀ ਭਰ ਦੀ ਮੁਹੱਬਤ ਤੈਥੋਂ ਹੀ ਝੋਲ਼ੀ ਪੁਆਈ ਹੈ ਤੇ ਅੱਗੇ ਵੀ ਖ਼ੈਰ ਵਾਂਗੂੰ ਤੈਥੋਂ ਹੀ ਪੁਆਉਣੀ ਹੈ! ਆਪਣੀਆਂ ਰੂਹਾਂ ਦੇ 'ਸੌਦੇ' ਨਹੀਂ, 'ਵਟਾਂਦਰੇ' ਹੋਏ ਨੇ! ਦਿਲਾਂ ਨੇ ਨੇਕ ਨੀਅਤ ਨਾਲ਼ ਜ਼ਾਮਨ ਬਣ, ਹਾਂਮੀਆਂ ਭਰੀਆਂ ਨੇ! ਮਨਾਂ ਨੇ ਲਾਭ-ਹਾਣ ਨੂੰ ਪਰ੍ਹੇ ਧੱਕ, ਇੱਕ-ਦੂਜੇ ਨੂੰ ਗਲਵਕੜੀਆਂ ਪਾਈਆਂ ਨੇ! ਦਰਗਾਹ ਤੱਕ ਇਕੱਠੇ ਰਹਿਣ ਦੇ ਵਾਅਦੇ ਨਹੀਂ, ਪ੍ਰਣ ਹੋਏ ਨੇ! ਆਪਾਂ ਕਿਸੇ ਖ਼ੁਦਗਰਜ਼ੀ ਜਾਂ ਮਤਲਬ ਤਹਿਤ ਫ਼ੈਸਲੇ ਨਹੀਂ ਕੀਤੇ, ਪ੍ਰੀਤ ਦੀ ਧੁਨੀ ਵਿਚ ਸਰੀਰਕ ਅਤੇ ਮਾਨਸਿਕ ਤੌਰ 'ਤੇ 'ਇੱਕ-ਮਿੱਕ' ਹੋਏ ਹਾਂ! ਜੇ ਮੈਂ ਤੈਨੂੰ ਇਹਨਾਂ ਚੰਦਰੇ ਹਾਲਾਤਾਂ ਵਿਚ ਛੱਡ ਕੇ ਪਾਸੇ ਹੋ ਜਾਵਾਂ, ਤਾਂ ਮੇਰੇ ਵਰਗਾ ਖ਼ੁਦਗਰਜ਼, ਮਤਲਬੀ ਅਤੇ ਕਮੀਨਾਂ ਬੰਦਾ ਸਾਰੇ ਜੱਗ-ਜਹਾਨ 'ਤੇ ਨਹੀਂ ਹੋਊਗਾ! ਤੇਰੇ ਘਰ ਦੇ ਮਾਹੌਲ ਬਾਰੇ ਤਾਂ ਮੈਂ ਕੁਛ ਵੀ ਨਹੀਂ ਕਰ ਸਕਦਾ, ਪਰ ਜਿੰਨੀ ਕੁ ਜੋਕਰਾ ਹਾਂ, ਮਰਦੇ ਦਮ ਤੱਕ ਤੇਰੇ ਨਾਲ਼ ਹੀ ਖੜ੍ਹਾ ਰਹੂੰਗਾ!"
-''ਜਿਗਰੇ ਵਾਲ਼ੇ ਰੁੱਖ ਮੌਸਮ ਦੀ ਪ੍ਰਵਾਹ ਨਹੀਂ ਕਰਦੇ, ਉਹ ਹਰ ਮੌਸਮ ਨਾਲ਼ 'ਸਿੱਝਣਾਂ' ਵੀ ਜਾਣਦੇ ਨੇ ਤੇ ਸਬਕ ਵੀ ਸਿੱਖਦੇ ਰਹਿੰਦੇ ਨੇ! ਮੌਸਮ ਦੀ ਕਰੋਪੀ ਮੌਸਮੀ ਵੇਲਾਂ ਨੂੰ ਤਾਂ ਤਹਿਸ-ਨਹਿਸ ਕਰ ਸਕਦੀ ਹੈ, ਪਰ ਮੇਰੀ ਰੀਤ ਵਰਗੇ ਸ਼ਕਤੀਸ਼ਾਲੀ ਰੁੱਖ ਤਾਂ ਮੌਸਮ ਦੇ ਮਾਹੌਲ ਨੂੰ ਟਿੱਚਰਾਂ ਕਰਦੇ ਨੇ! ਮੌਸਮ ਦਾ ਮਾਹੌਲ ਆਪਣਾ ਤਾਣ ਲਾ ਕੇ ਥੱਕ ਜਾਂਦਾ ਹੈ, ਪਰ ਮੇਰੀ ਰੀਤ ਵਰਗੇ ਬਲਵਾਨ ਸਾਂਅਵੇਂ ਦੇ ਸਾਂਅਵੇਂ ਹੀ ਸਥਿਰ ਅਤੇ ਬੁੰਗਿਆਂ ਵਾਂਗ ਅਹਿਲ ਖੜ੍ਹੇ ਰਹਿੰਦੇ ਨੇ ਤੇ ਉਹਨਾਂ ਦੀ ਦ੍ਰਿੜਤਾ ਦੇਖ ਕੇ ਕਈ ਵਾਰ ਮੌਸਮ ਵੀ ਸੋਚਣ ਲਈ ਮਜਬੂਰ ਹੋ ਜਾਂਦਾ ਹੈ! ਐਵੇਂ ਨਿੱਕੀ-ਨਿੱਕੀ ਗੱਲ ਤੋਂ ਮੇਰੇ ਬਾਰੇ ਨਾ ਸੋਚਣ ਲੱਗ ਜਾਇਆ ਕਰ ਕਿ ਮੈਂ ਤੇਰੇ ਘਰ ਦੇ ਮਾਹੌਲ ਕਾਰਨ ਤੈਨੂੰ ਦਗ਼ਾ ਦੇ ਕੇ, ਤੈਨੂੰ ਖੜ੍ਹੀ ਖੜੋਤੀ ਹੀ ਛੱਡ ਜਾਊਂਗਾ?"
-''ਜ਼ਿੰਦਗੀ ਦੇ ਰਸਤੇ ਵਿਚ ਝੱਖੜ-ਤੂਫ਼ਾਨ ਆਉਂਦੇ ਹੀ ਰਹਿੰਦੇ ਨੇ, ਤੇ ਫ਼ੌਲਾਦੀ ਜਿਗਰੇ ਵਾਲ਼ੇ ਇਨਸਾਨ ਪੁਰਾਤਨ ਬੋਹੜ ਵਾਂਗ ਅਡੋਲ ਖੜ੍ਹੇ ਰਹਿੰਦੇ ਨੇ ਤੇ ਦੂਜਿਆਂ ਨੂੰ ਠੰਢੀ ਛਾਂ ਪ੍ਰਦਾਨ ਕਰਦੇ ਰਹਿੰਦੇ ਨੇ, ਕਿਉਂਕਿ ਇਹ ਉਹਨਾਂ ਦੀ ਕੁਦਰਤ ਵੱਲੋਂ ਡਿਊਟੀ ਲੱਗੀ ਹੁੰਦੀ ਹੈ ਅਤੇ ਉਹ ਬੜੀ ਇਮਾਨਦਾਰੀ ਨਾਲ਼ ਆਪਣੀ ਡਿਊਟੀ ਨਿਭਾਉਂਦੇ ਨੇ ਤੇ ਪ੍ਰਵਰਦਿਗ਼ਾਰ ਦੀ ਖ਼ੁਸ਼ੀ ਅਤੇ ਲੋਕਾਂ ਦੀਆਂ ਅਸੀਸਾਂ ਪਾਉਂਦੇ ਨੇ! ਬੋਹੜ ਸਿਰਫ਼ ਸ਼ਕਤੀਸ਼ਾਲੀ ਹੀ ਨਹੀਂ ਹੁੰਦਾ, ਉਸ ਦੀ ਛਾਂ ਸੀਤ ਅਤੇ ਦੁੱਧ ਬੜਾ ਗੁਣਕਾਰੀ ਹੁੰਦਾ ਹੈ! ...ਤੇ ਤੂੰ ਮੈਨੂੰ ਓਸ ਬੋਹੜ ਦੇ ਰੁੱਖ ਵਰਗੀ ਜਾਪਦੀ ਹੈਂ, ਜਿਸ ਦੀ ਉਦਾਹਰਣ, ''ਤੇਰਾ ਪਿਆਰ ਬੋਹੜ ਦੀ ਛਾਂ ਵਰਗਾ" ਆਖ ਕੇ ਦਿੱਤੀ ਜਾਂਦੀ ਹੈ! ਤੂੰ ਮੈਨੂੰ ਜਿਉਣ ਦਾ ਆਹਰ ਦਿੱਤਾ ਅਤੇ ਜਿਉਣ ਦਾ ਵੱਲ ਵੀ ਸਿਖਾਇਆ। ਪਰ ਪ੍ਰੀਵਾਰਕ ਮਾਹੌਲ ਦਾ ਬਹਾਨਾ ਬਣਾ ਕੇ ਆਪਣੀ ਜਿੰਦ-ਜਾਨ ਨੂੰ ਮੰਝਧਾਰ ਵਿਚ ਛੱਡ ਕੇ ਅੱਖਾਂ ਫ਼ੇਰ ਜਾਣ ਵਾਲ਼ੇ ਸੱਚੇ ਇਨਸਾਨ ਨਹੀਂ ਹੁੰਦੇ, ਉਹ ਤਾਂ ਇਨਸਾਨੀਅਤ ਦੇ ਨਾਂ 'ਤੇ 'ਕਲੰਕ' ਅਤੇ ਗਾਲ਼ ਹੁੰਦੇ ਨੇ!"
-''ਕਿਸੇ ਔਕੜ ਵਿਚ ਤਾਂ ਬਿਗਾਨੇ ਵੀ ਬਿਗਾਨੇ ਦੇ ਕੰਮ ਆਉਂਦੇ ਦੇਖੇ ਨੇ, ਫ਼ੇਰ ਤੂੰ ਤਾਂ ਹੈ ਹੀ ਸਰਾਸਰ, ਮੇਰੀ! ਤੈਨੂੰ ਅਜਿਹੇ ਹਾਲਾਤਾਂ ਵਿਚ ਛੱਡ ਕੇ ਗਿਆ ਤਾਂ ਇਨਸਾਨ ਨਹੀਂ, ਕਮੀਨਾਂ ਅਤੇ ਬੇਈਮਾਨ ਹੋਊਂਗਾ! ਕਿਸੇ ਦੀ ਉਂਗਲ਼ ਫ਼ੜ ਕੇ ਡੋਬਾ ਦੇ ਜਾਣ ਵਾਲ਼ਾ ਮਰਦ ਨਹੀਂ, ਮਰਦ ਜ਼ਾਤ ਜਾਂ ਰੱਬੀ-ਜ਼ਾਤ 'ਤੇ ਮਿਹਣਾਂ ਹੁੰਦਾ ਹੈ! ਹਾਲਾਤ ਕੋਈ ਵੀ ਹੋਵੇ, ਪਰ ਮੈਂ ਮਰਨ ਤੱਕ ਤੇਰਾ ਹੱਥ ਨਹੀਂ ਛੱਡੂੰਗਾ। ਆਪਣਾ ਮਤਲਬ ਮੁੱਖ ਰੱਖ ਕੇ, ਜਾਂ ਮਤਲਬ 'ਕੱਢ ਕੇ' ਛੱਡ-ਛੁਡਾਈ ਬਾਰੇ ਸੋਚੂੰਗਾ ਤਾਂ ਨਰਕ ਦਾ ਭਾਗੀ ਹੀ ਬਣੂੰਗਾ! ਆਪਣੇ ਕਿਸੇ ਸੁਆਰਥ ਬਾਰੇ ਸੋਚ ਕੇ ਤੈਨੂੰ ਪਿੱਛਾ ਦਿਊਂਗਾ ਤਾਂ ਫ਼ਿਰ ਇਸ ਦਾ ਅਰਥ ਤਾਂ ਇਹੀ ਨਿਕਲ਼ਦਾ ਹੈ ਕਿ ਮੈਂ ਆਪਣੇ ਮੋਹ-ਮੁਹੱਬਤ ਪ੍ਰਤੀ ਇਮਾਨਦਾਰ ਨਹੀਂ, ਆਪਣੇ ਸੁਆਰਥ ਪ੍ਰਤੀ ਸੁਚੇਤ ਸੀ, ਤੇਰੇ ਸਰੀਰ ਨਾਲ਼ ਖੇਡਣ-ਮਾਨਣ ਤੱਕ ਹੀ ਸੀਮਤ ਸੀ! ਖ਼ੁਦਗਰਜ਼ੀ ਅਤੇ ਮੁਹੱਬਤ ਦੇ ਰਸਤੇ ਵੱਖੋ-ਵੱਖਰੇ ਨੇ! ਇਹਨਾਂ ਦੇ ਮਾਰਗ ਕਦੇ ਵੀ ਇੱਕ ਨਹੀਂ ਹੋ ਸਕਦੇ! ਤੂੰ ਵਾਰ-ਵਾਰ ਇਹੀ ਦੁਹਰਾਉਂਦੀ ਹੈਂ ਕਿ ਮੈਂ ਤੁਹਾਡੇ ਕਿਸੇ ਕੰਮ ਨਹੀਂ ਆ ਸਕਦੀ, ਜਾਂ ਕੰਮ ਨਹੀਂ ਆ ਸਕੀ? ਬੰਦਾ ਦਿਲ ਦਾ ਅਮੀਰ ਹੋਣਾਂ ਚਾਹੀਦਾ ਹੈ, ਪ੍ਰੀਵਾਰਕ ਮਾਹੌਲ ਵਿਚ ਤੰਗੀਆਂ-ਤਰੁਸ਼ੀਆਂ ਜਾਂ ਤਣਾਓ ਤਾਂ ਆਉਂਦੇ ਜਾਂਦੇ ਰਹਿੰਦੇ ਨੇ! ਇਹ ਤਾਂ ਚੜ੍ਹਦੇ ਅਤੇ ਢਲ਼ਦੇ ਪ੍ਰਛਾਵਿਆਂ ਵਾਲ਼ੀ ਗੱਲ ਹੈ! ਗੱਲ ਦਿਲ ਨੂੰ ਟਿਕਾਣੇ ਰੱਖਣ ਦੀ ਹੈ! ਜਦ ਦੋ ਦਿਲ ਅਤੇ ਦੋ ਰੂਹਾਂ 'ਹਾਣੀ' ਹੋ ਤੁਰਦੀਆਂ ਨੇ ਤਾਂ ਸੁਆਰਥ, ਖ਼ੁਦਗ਼ਰਜ਼ੀ ਅਤੇ ਮਤਲਬਾਂ ਦੀ ਜੂਹ ਬਹੁਤ ਪਿੱਛੇ ਰਹਿ ਜਾਂਦੀ ਹੈ! ਸਮੇਂ ਦੀ ਨਜ਼ਾਕਤ ਅਤੇ ਤੇਰੇ ਘਰ ਦੇ ਹਾਲਾਤ ਦੇਖ ਕੇ ਚੁੱਪ ਜ਼ਰੂਰ ਹਾਂ, ਪਰ ਤੈਨੂੰ ਖੜ੍ਹੀ-ਖੜੋਤੀ ਛੱਡ ਜਾਣ ਬਾਰੇ ਮਰੇ ਪਏ ਦੀ ਤਾਂ ਗਰੰਟੀ ਨਹੀਂ ਦੇ ਸਕਦਾ, ਪਰ ਜਿਉਂਦੇ ਜੀਅ ਸੋਚਣਾ ਵੀ ਪਾਪ ਹੈ!"
-''ਇੱਕ ਗੱਲ ਤੈਨੂੰ ਅੱਜ ਜੋਰ ਦੇ ਕੇ ਪੂਰੀ ਭਾਵੁਕਤਾ ਨਾਲ਼ ਕਹੂੰਗਾ ਕਿ ਕਦੇ ਵੀ ਕਿਸੇ 'ਚੰਦਰੀ' ਵੱਲ ਜਾਣ ਨੂੰ ਮੈਨੂੰ ਨਾ ਕਹੀਂ! ਕਿਸੇ 'ਹੋਰ' ਨਾਲ਼ 'ਨਾਤਾ' ਜੋੜਨ ਬਾਰੇ ਕਦੇ ਬਾਤ ਨਾ ਪਾਈਂ!! ਇਹ ਗੱਲ ਮੈਨੂੰ ਕਿੰਨੀ 'ਫ਼ੱਟੜ' ਕਰ ਗਈ ਹੈ, ਮੈਂ ਦੱਸ ਨਹੀਂ ਸਕਦਾ। ਮੇਰੀ ਖ਼ੁਸ਼ੀ ਦੀ ਖ਼ਾਤਿਰ ਤੂੰ ਆਪਣੇ ਪ੍ਰੇਮ ਤੇ ਭਾਵਨਾਵਾਂ ਦੀ 'ਬਲੀ' ਦੇਵੇਂ, ਇਹ ਮੈਨੂੰ ਗੱਲ ਮੈਨੂੰ ਜ਼ਿੰਦਾ ਤਾਂ ਕੀ, ਮਰੇ ਪਏ ਤੋਂ ਵੀ ਮਨਜ਼ੂਰ ਨਹੀਂ ਹੋਊਗੀ! ਜਿੰਨਾਂ ਚਿਰ ਜਿਉਂਦਾ ਹਾਂ, ਤੇਰਾ ਹੀ ਰਹੂੰਗਾ ਤੇ ਤੇਰਾ 'ਬਣ ਕੇ' ਰਹੂੰਗਾ! ਤੂੰ ਮੈਨੂੰ ਬੱਸ ਘਰ ਦੇ ਹਾਲਾਤ ਬਾਰੇ ਦੱਸ ਦਿਆ ਕਰ, ਮੈਂ ਇਤਨਾਂ ਜ਼ਾਲਮ ਨਹੀਂ ਕਿ ਤੈਨੂੰ ਦੁਖੀ ਨੂੰ ਹੋਰ ਦੁਖੀ ਕਰੀ ਜਾਊਂਗਾ। ਤੇਰੀ ਖ਼ੁਸ਼ੀ ਵਾਸਤੇ ਇਤਨਾ ਕੁਛ ਕਰੀ ਜਾ ਰਿਹਾ ਹਾਂ। ਤੈਨੂੰ ਮੈਂ ਜਾਣ-ਬੁੱਝ ਕੇ ਗ਼ਮ ਦਿਊਂਗਾ..? ਕਮਲ਼ੀ..! ਤੂੰ ਕੁਛ ਨਾ ਕਰ! ਬੱਸ ਆਪਣੇ ਘਰ ਦਾ ਮਾਹੌਲ ਠੀਕ ਕਰ! ਜਿੰਨਾਂ ਕੁਛ ਤੂੰ ਮੇਰੇ ਵਾਸਤੇ ਕੀਤਾ ਹੈ, ਕਦੇ ਖੁੱਲ੍ਹੇ ਸਮੇਂ ਵਿਚ ਦੱਸੂੰਗਾ। ਜੋ ਕੁਛ ਤੂੰ ਮੇਰੇ ਲਈ ਕੀਤਾ ਹੈ, ਦੁਨੀਆਂ ਵਿਚ ਹੋਰ ਕੋਈ ਵੀ ਨਹੀਂ ਕਰ ਸਕਦਾ। ਨਹੀਂ ਚਾਹੀਦੀ ਮੈਨੂੰ ਇਹ ਦੁਨੀਆਂ, ਤੇ ਨਹੀਂ ਦੇਣ ਦੇਣੀਂ ਤੈਨੂੰ ਆਪਣੇ ਅਰਮਾਨਾਂ ਦੀ ਭੇਂਟ..! ਤੇਰੇ ਕੋਲ਼ ਟਾਈਮ ਹੈ, ਚਾਹੇ ਨਹੀਂ ਹੈ! ਪਰ 'ਦੂਜੀ' ਬਾਰੇ ਤੇਰੇ ਦਿੱਤੇ ਸੁਝਾਅ ਅਤੇ ਰੱਖੇ ਪ੍ਰਸਤਾਵ ਨੂੰ ਮੈਂ ਜੁੱਤੀ ਦੀ ਨੋਕ ਨਾਲ਼ ਠੁਕਰਾਉਂਦਾ ਹਾਂ! ਤੇਰੇ ਬਿਨਾਂ ਮੈਨੂੰ ਕਿਸੇ ਦੀ ਵੀ ਲੋੜ ਨਹੀਂ! ਚਾਹੇ ਸਾਲ ਨਾ ਮਿਲ, ਪਰ ਮੈਂ ਤੇਰਾ ਹੀ ਬਣ ਕੇ ਰਹੂੰਗਾ! ਮੈਨੂੰ ਤੇਰੇ ਹਰ ਦੁਖ-ਸੁਖ ਅਤੇ ਮਜਬੂਰੀ ਦਾ ਅਹਿਸਾਸ ਹੈ! ਇਹ ਨਹੀਂ ਕਿ ਜਦ ਤੂੰ ਮੈਨੂੰ ਨਹੀਂ ਮਿਲ਼ ਸਕਦੀ ਤਾਂ ਮੈਂ ਰਸਤਾ ਹੀ ਬਦਲ ਲਊਂਗਾ। ਮੈਂ ਇੰਨਾਂ ਸੁਆਰਥੀ ਨਹੀਂ ਹਾਂ! ਤੈਨੂੰ ਰੂਹ ਤੋਂ ਪ੍ਰੇਮ ਕੀਤਾ ਹੈ, ਤੇ ਮਰਦੇ ਦਮ ਤੱਕ ਕਰਦਾ ਰਹੂੰਗਾ! ਤੇਰਾ ਪਾਕ-ਪਵਿੱਤਰ ਪ੍ਰੇਮ ਪਾ ਕੇ ਮੈਂ ਨਿਹਾਲ ਅਤੇ ਪੂਰਨ ਤੌਰ 'ਤੇ ਸੰਤੁਸ਼ਟ ਹਾਂ! ਮਨ ਨੂੰ ਤਸੱਲੀ ਹੈ! ਜਿਸ ਦਿਨ ਮੈਂ ਨਾ ਰਿਹਾ, ਕਹਿ ਨਹੀਂ ਸਕਦਾ! ਪਰ ਜਿੰਨਾਂ ਚਿਰ ਸਾਹ ਵਗਦੇ ਨੇ ਅਤੇ ਸੁਰਤ ਕਾਇਮ ਹੈ, ਜ਼ਿੰਦਗੀ ਵਿਚ ਤੈਨੂੰ ਕਦੇ ਇਕੱਲੀ ਨਹੀਂ ਹੋਣ ਦਿਊਂਗਾ। ਇਹ ਮੇਰਾ ਸਿਰਫ਼ ਤੇਰੇ ਨਾਲ਼ ਹੀ ਨਹੀਂ, ਮੇਰੇ ਪ੍ਰਵਰਦਿਗ਼ਾਰ ਨਾਲ਼ ਵੀ ਵਾਅਦਾ ਅਤੇ ਪ੍ਰਣ ਹੈ, ਤੇ ਓਸ ਦੀ ਰਜ਼ਾ ਵਿਚ ਤੇਰੀ ਹਰ ਤਕਲੀਫ਼ ਵਿਚ ਸਹਾਈ ਹੁੰਦਾ ਰਹੂੰਗਾ! ਮੇਰਾ ਦਿਲ ਤੇਰੀ ਛਾਤੀ ਵਿਚ ਧੜਕਦਾ ਹੈ! ..ਤੇ ਕ੍ਰਿਪਾ ਕਰ, ਇਸ ਨੂੰ ਧੜਕਦਾ ਹੀ ਰਹਿਣ ਦੇਹ! ਕਿਸੇ ਗ਼ੈਰ ਦੇ ਰਹਿਮ ਵੱਲ ਨਾ ਧੱਕ ਮੈਨੂੰ! ਤੇਰੇ ਨਾਲ ਜਿਗਰ ਦਾ ਜਿੰਦਰਾ ਲੱਗ ਚੁੱਕਾ ਹੈ, ਚਾਬੀ ਤੇਰੇ ਪਾਸ ਹੈ, ਇਹ ਜਿੰਦਰਾ ਤਾਂ ਹੁਣ ਦਰਗਾਹ 'ਚ ਜਾ ਕੇ ਹੀ ਖੁੱਲ੍ਹੇਗਾ! ਕਾਗਜ਼ ਦੇ ਫ਼ੁੱਲਾਂ ਦੀ ਮਹਿਕ ਦੇਣ ਦੀ ਕੋਸ਼ਿਸ਼ ਨਾ ਕਰ ਮੈਨੂੰ! ਮੈਂ ਤੇਰੇ ਵਿਚ ਹੀ ਮਸਤ ਹਾਂ, ਤੇ ਮੈਨੂੰ ਮਸਤ ਹੀ ਰਹਿਣ ਦੇਹ! ਜੇ ਸੁਖ ਵਿਚ ਤੇਰਾ ਹਾਂ, ਤੇ ਉਦਾਸ ਮਾਹੌਲ ਵਿਚ ਛੱਡ ਕੇ ਭੱਜ ਜਾਵਾਂ, ਤਾਂ ਕਿੱਧਰ ਗਿਆ ਪ੍ਰੇਮ? ਤੇ ਮੋਹ-ਮਮਤਾ? ਬਣਾਉਟੀ ਪ੍ਰੇਮ ਨਹੀਂ ਕੀਤੇ ਜਾਂਦੇ। ਬਣਾਉਟੀ ਪ੍ਰੇਮ ਸੁਆਰਥੀ ਲੋਕ ਹੀ ਕਰ ਸਕਦੇ ਨੇ! ਉਹ ਵੀ ਪ੍ਰੇਮ ਨਹੀਂ, ਆਪਣਾ ਸੁਆਰਥ ਪੂਰਾ ਕਰਨ ਲਈ ਢੌਂਗ ਤੇ ਦਿਖਾਵਾ ਜਿਹਾ ਹੀ ਹੁੰਦਾ ਹੈ! ਮੈਂ ਜਿੰਨਾਂ ਕੁ ਇਮਾਨਦਾਰ ਹਾਂ, ਮੈਨੂੰ ਇਮਾਨਦਾਰ ਹੀ ਰਹਿਣ ਦੇ! ਲੋਕ ਮੈਨੂੰ ਚਾਹੇ ਜੋ ਮਰਜ਼ੀ ਨਾਂਮ ਦੇਈ ਜਾਣ, ਪਰ ਤੂੰ ਮੇਰੇ ਬਾਰੇ ਭਲੀ-ਭਾਂਤ ਜਾਣਦੀ ਹੈਂ! ਹੁਣ ਤੂੰ ਕਿਰਪਾ ਕਰ, ਆਪਣੇ ਮੋਢੇ ਤੋਂ ਸਿਰ ਚੁੱਕਣ ਵਾਸਤੇ ਕਦੇ ਨਾ ਆਖੀਂ! ਤੂੰ ਮੇਰੀ ਰੂਹ ਵਿਚ ਸਮਾਈ ਹੋਈ ਹੈਂ, ਤੇ ਮੈਂ ਤੇਰੀ ਰੂਹ ਨੂੰ ਹਰੀ-ਭਰੀ ਦੇਖਣਾ ਚਾਹੁੰਦਾ ਹਾਂ, ਬੰਜਰ-ਉਜਾੜ ਨਹੀਂ! ਕਦੇ ਨਾ ਸੋਚੀਂ ਮੇਰੇ ਬਾਰੇ ਅਜਿਹਾ ਕੁਛ, ਜੋ ਅੱਜ ਸੋਚ ਗਈ ਸੀ। ਨਹੀਂ ਮੈਨੂੰ ਤੇਰੀ ਸੋਚ ਨੂੰ 'ਕੁਲਿਹਣੀ ਸੋਚ' ਕਹਿਣਾ ਪਊਗਾ! ਤੇਰੇ ਨਾਲ਼ ਕੋਈ ਵਪਾਰ ਨਹੀਂ ਕੀਤਾ, ਤੈਨੂੰ ਸੱਚੇ ਸੁੱਚੇ ਦਿਲ ਤੋਂ ਮੋਹ ਕੀਤਾ ਹੈ! ਕਾਸ਼, ਮੈਂ ਸਮਾਜ ਵਿਚ ਤੇਰੇ ਸੰਗ ਖੁੱਲ੍ਹ ਕੇ ਵਿਚਰ ਸਕਦਾ ਤੇ ਤੇਰੇ ਕਿਸੇ ਕੰਮ ਆ ਸਕਦਾ! ਜਿੰਦ-ਜਾਨ, ਤਨ-ਮਨ ਤਾਂ ਤੇਰੇ ਹਵਾਲੇ ਕੀਤਾ ਹੀ ਹੋਇਆ ਹੈ, ਕਾਸ਼ ਮੈਂ ਤੇਰੇ ਦੁੱਖ ਵੀ ਪੀ ਸਕਦਾ ਹੁੰਦਾ! ਬੇਵੱਸੀ ਦਾ ਨਾਮ ਚੁੱਪ ਤੇ ਕਈ ਵਾਰ ਚੁੱਪ ਦਾ ਨਾਮ ਹੀ ਬੇਵੱਸੀ ਹੁੰਦੀ ਹੈ! ਚੁੱਪ ਜ਼ਰੂਰ ਹਾਂ, ਪਰ ਨਿਕਾਰਾ ਨਹੀਂ! ਜਿੰਨਾਂ ਵੀ ਹੋ ਸਕੂਗਾ, ਤੇਰੇ ਕੰਮ ਆਊਂਗਾ! ਤੇਰੇ ਕਿਸੇ ਵੀ ਕੰਮ ਆ ਕੇ ਮੈਨੂੰ ਅਜੀਬ ਸਕੂਨ ਤੇ ਖ਼ੁਸ਼ੀ ਮਿਲ਼ਦੀ ਹੈ! ਮੇਰੀ ਖ਼ੁਸ਼ੀ ਨਾ ਖੋਹ! ਨਹੀਂ ਤਾਂ ਬੇਰਹਿਮ ਹੋਵੇਂਗੀ! ਮੇਰਾ ਫ਼ਿਕਰ ਛੱਡ! ਘਰ ਦਾ ਮਾਹੌਲ ਠੀਕ ਕਰ! ਜਿੱਥੇ ਮੇਰੀ ਲੋੜ ਪਵੇ, ਹਾਕ ਮਾਰ ਲਵੀਂ, ਅੱਧੀ ਰਾਤੋਂ ਨੰਗੇ ਪੈਰੀਂ ਭੱਜਿਆ ਆਊਂਗਾ! ਲਾਲ-ਰੱਤਾ ਦਿਸਣ ਵਾਲ਼ਾ ਹਰ ਬੇਰ ਮਿੱਠਾ ਨਹੀਂ ਹੁੰਦਾ! ਇਸੇ ਤਰ੍ਹਾਂ ਦਿਨ ਵਿਚ ਗੁਜ਼ਰਨ ਵਾਲ਼ਾ ਹਰ ਪਲ ਵੀ ਸੁਖਦਾਈ ਨਹੀਂ ਹੁੰਦਾ। ਕੁਝ ਖੱਟੇ-ਮਿੱਠੇ ਤੇ ਕਈ ਵਾਰ ਕੌੜੇ, ਤੇ ਅੱਤ ਕੌੜੇ ਪਲ ਵੀ ਹੁੰਦੇ ਨੇ! ਹਾਸੇ ਅਤੇ ਹਾਦਸੇ ਦਾ ਨਾਮ ਜ਼ਿੰਦਗੀ ਹੈ! ਚੰਗੇ-ਮੰਦੇ ਸਮੇਂ ਆਉਂਦੇ ਹੀ ਰਹਿੰਦੇ ਨੇ!"
-''ਖ਼ਤ ਬੰਦ ਕਰਨ ਤੋਂ ਪਹਿਲਾਂ, ਜਾਂਦਾ ਜਾਂਦਾ ਇੱਕ ਗੱਲ ਹੋਰ ਦੱਸ ਦੇਵਾਂ ਕਿ ਜਦ ਕੋਈ ਆਪਣੇ 'ਖ਼ਾਸ' ਪਿਆਰੇ ਨੂੰ ਕਿਸੇ ਦੂਜੇ ਦੇ ਨੇੜੇ ਜਾਣ ਜਾਂ ਅਪਨਾਉਣ ਦਾ ਸੁਝਾਅ ਦਿੰਦਾ ਜਾਂ ਤਜ਼ਵੀਜ਼ ਰੱਖਦਾ ਹੈ, ਤਾਂ ਮੈਂ ਉਸ ਦੇ ਮਨ ਦੀ ਪੀੜ ਦਾ ਅੰਤ ਨਹੀਂ ਪਾ ਸਕਦਾ। ਕਿਉਂਕਿ ਜਦੋਂ ਨਹੁੰਆਂ ਨਾਲ਼ੋਂ ਮਾਸ ਟੁੱਟਦਾ ਹੈ ਤਾਂ ਬੇਥਾਹ ਚੀਸ ਪੈਂਦੀ ਹੈ। ਤੇ ਇਸ ਪੀੜ ਦਾ ਦਰਦ ਜਰਨ ਵਾਲ਼ਾ ਹੀ ਬਿਆਨ ਕਰ ਸਕਦਾ ਹੈ! ਅੱਜ ਕਿਸੇ 'ਦੂਜੀ' ਦਾ ਸੁਝਾਅ ਦੇਣ ਮੌਕੇ ਤੂੰ ਆਪਣੇ ਦਿਲ 'ਤੇ ਕਿੱਡਾ ਪੱਥਰ ਰੱਖਿਆ ਹੋਊਗਾ..? ਇਸ ਦਾ ਮੈਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ। ਜਦੋਂ ਤੇਰਾ ਮਨ ਰੋਂਦਾ ਹੈ ਤਾਂ ਖ਼ੂਨ ਦੇ ਅੱਥਰੂ ਮੇਰੇ ਹਿਰਦੇ ਵਿਚੋਂ ਵਗਦੇ ਨੇ! ਜਦ ਤੇਰਾ ਦਿਲ ਜ਼ਖ਼ਮੀ ਹੁੰਦਾ ਹੈ ਤਾਂ ਮੇਰਾ ਕਾਲ਼ਜਾ ਦੋਫ਼ਾੜ ਹੋ ਜਾਂਦਾ ਹੈ! ਨਾ ਦਿਆ ਕਰ ਮੈਨੂੰ ਕਿਸੇ ਹੋਰ ਨੂੰ ਅਪਨਾਉਣ ਦੀ ਤਜ਼ਵੀਜ਼ ਤੇ ਸੁਝਾਅ! ਕਿਉਂਕਿ ਮੈਂ ਤੇਰੇ ਧੁਰ-ਹਿਰਦੇ ਦੀ ਚੀਸ ਆਪਣੀ ਛਾਤੀ ਵਿਚ ਮਹਿਸੂਸ ਕਰਦਾ ਹਾਂ! ਮੈਨੂੰ ਪਤਾ ਹੈ ਕਿ ਅੱਜ ਇਹ ਗੱਲ ਲਿਖਦੀ ਦੀ ਤੇਰੀ ਮਾਨਸਿਕ ਦਸ਼ਾ ਦੀ ਕੀ ਹਾਲਤ ਹੋਈ ਹੋਊਗੀ? ਨਾ ਦੁੱਖ ਦਿਆ ਕਰ ਆਪਣੇ ਆਪ ਨੂੰ! ਆਪ ਦੁਖੀ ਹੁੰਦੀ ਹੈਂ, ਤੇ ਨਾਲ਼ੇ ਮੈਨੂੰ ਵੀ ਦੁਖੀ ਕਰਦੀ ਹੈਂ! ਜੇ ਮੈਂ ਤੈਨੂੰ ਗੁੱਸੇ ਹੁੰਦਾ ਹਾਂ ਜਾਂ ਝਿੜਕਦਾ ਹਾਂ, ਤਾਂ ਇਸ ਦਾ ਮਤਲਬ ਇਹ ਨਾ ਕੱਢ ਲਿਆ ਕਰ ਕਿ ਮੈਂ ਤੈਨੂੰ ਮੋਹ ਨਹੀਂ ਕਰਦਾ। ਮੇਰੇ ਬਾਰੇ ਸੋਚ ਕੇ ਨਾ ਦੁਖੀ ਹੋਇਆ ਕਰ! ਮੈਂ ਤੇਰੇ ਨਾਲ਼ ਖ਼ੁਸ਼ ਹਾਂ, ਸੰਤੁਸ਼ਟ ਹਾਂ! ਨਹੀਂ ਲੋੜ ਕਿਸੇ ਹੋਰ ਦੀ ਮੈਨੂੰ! ਨਾ ਕਰਿਆ ਕਰ ਇਉਂ! ਮੈਂ ਤੈਨੂੰ ਕਿੰਨਾਂ ਮੋਹ ਕਰਦਾ ਹਾਂ! ਨਾ ਦੁਖੀ ਹੋਇਆ ਕਰ ਮੇਰੀ ਜਿੰਦ! ਮੇਰੀ ਰੀਤ!! ਮੇਰੇ ਬਾਰੇ ਕੁਛ ਨਾ ਸੋਚਿਆ ਕਰ! ਇਹ ਪ੍ਰੇਮ-ਪ੍ਰੀਤ ਦੇ ਰਿਸ਼ਤੇ ਤਾਂ ਸਿਵਿਆਂ ਵਿਚ ਜਾ ਕੇ ਵੀ ਖ਼ਤਮ ਨਹੀਂ ਹੋਣੇ! ਅਗਲੀ ਜ਼ਿੰਦਗੀ ਤੱਕ ਨਾਲ਼ ਜਾਣਗੇ! ਮੈਂ ਤੇਰੇ ਨਾਲ਼ ਹੀ ਬਾਗੋ-ਬਾਗ ਹਾਂ, ਤੇ ਬਾਗੋ-ਬਾਗ ਹੀ ਰਹਿਣਾਂ ਚਾਹੁੰਦਾ ਹਾਂ! ਇਕ ਵਾਅਦਾ ਕਰਦਾ ਹਾਂ ਕਿ ਮੇਰਾ ਆਖ਼ਰੀ ਸਾਹ ਤੇਰੀ ਬੁੱਕਲ਼ ਵਿਚ ਨਿਕਲੂਗਾ! ਬੇਹੂਦਾ ਸੋਚ-ਸੋਚ ਕੇ ਦੁਖੀ ਨਾ ਹੋਇਆ ਕਰ! ਮੈਂ ਤੇਰਾ ਸੁਖ ਵਿਚ ਵੀ ਸਾਥੀ ਹਾਂ ਤੇ ਦੁੱਖ ਵਿਚ ਵੀ ਸਾਥੀ ਬਣੂੰਗਾ, ਖ਼ੁਦਗਰਜ਼ ਬਿਲਕੁਲ ਨਹੀਂ! ਖ਼ੁਦਗਰਜ਼ੀ ਵਾਲ਼ਾ ਗਰਿੱਪ ਤਾਂ ਰੱਬ ਨੇ ਮੇਰੇ ਵਿਚ ਪਾਇਆ ਹੀ ਨਹੀਂ! ਲੱਗਦਾ ਹੈ ਤੂੰ ਮੈਨੂੰ ਅਜੇ ਤੱਕ ਧੁਰ ਹਿਰਦੇ ਤੋਂ ਸਮਝਿਆ ਹੀ ਨਹੀਂ! ਆਪਣੇ ਸੁਖ ਵੀ ਤੇ ਦੁੱਖ ਵੀ, ਦੋਨੋਂ ਸਾਂਝੇ ਨੇ ਜਿੰਦ ਮੇਰੀਏ! ਅਜਿਹੀਆਂ ਗੱਲਾਂ ਲਿਖ ਕੇ ਨਾਲ਼ੇ ਦੁਖੀ ਹੁੰਦੀ ਹੈਂ ਤੇ ਨਾਲ਼ੇ ਮੈਨੂੰ ਕਰਦੀ ਹੈਂ, ਕਿਉਂ..? ਇਹ ਤੂੰ ਮੇਰੇ ਦਿਲ 'ਤੇ ਜੋ ਜ਼ੁਲਮ ਕਰਦੀ ਹੈਂ, ਉਹ ਤਾਂ ਕਰਦੀ ਹੀ ਹੈਂ, ਇਸ ਦੇ ਨਾਲ਼ ਆਪਣੀ ਪਾਕ-ਪਵਿੱਤਰ ਮੁਹੱਬਤ 'ਤੇ ਵੀ ਜ਼ਾਲਿਮ ਬਣ ਕੇ ਹਮਲਾ ਕਰਦੀ ਹੈਂ! ਨਾ ਇਤਨੀ ਬੇਰਹਿਮ ਹੋ ਕੇ ਦੁਖੀ ਕਰਿਆ ਕਰ ਮੈਨੂੰ! ਤੇਰੇ ਸਾਹ ਵਿਚ ਸਾਹ ਹੀ ਤਾਂ ਲੈਂਦਾ ਹਾਂ, ਹੋਰ ਦੱਸ ਕੀ ਕਰਾਂ? ਜਦੋਂ ਤੁਹਾਡੇ ਤੋਂ ਕੋਈ ਜਿੰਦ-ਜਾਨ ਵਾਰਦਾ ਹੋਵੇ, ਉਦੋਂ ਤੁਸੀਂ ਉਸ ਨੂੰ ਕਿਸੇ ਹੋਰ ਦਾ ਰਿਸ਼ਤਾ ਲੈਣ ਦੀ ਬਾਤ ਪਾਉਂਦੇ ਹੋ, ਤਾਂ ਜਿੰਦ ਵਾਰਨ ਵਾਲ਼ਾ ਬੰਦਾ ਪਤਾ ਨਹੀਂ ਕਿਹੜੀਆਂ ਸੋਚਾਂ ਦੇ ਵਹਿਣਾਂ ਵਿਚ ਵਹਿ ਕੇ ਹਲਾਲ ਹੋ ਜਾਂਦਾ ਹੈ, ਤੇ ਕਤਰਾ-ਕਤਰਾ ਹੋ ਕੇ ਮਰਦਾ ਹੈ! ਮਰ ਜਾਊਂਗਾ ਤੇਰੇ ਬਿਨਾਂ! ਨਹੀਂ ਜੀਅ ਸਕਣਾ ਤੇਰੇ ਬਿਨਾਂ ਮੈਂ! ਜਿੰਨਾਂ ਮਰਜ਼ੀ ਸਖ਼ਤ ਸੁਭਾਅ ਦਾ ਹਾਂ, ਪਰ ਤੇਰੇ ਬਿਨਾਂ ਜੀਅ ਨਹੀਂ ਸਕੂੰਗਾ! ਦੱਸ ਫ਼ਿਰ ਤੈਨੂੰ ਜ਼ਿੰਦਾ ਚਾਹੀਦਾ ਹਾਂ ਜਾਂ ਮੁਰਦਾ? ਜੇ ਵਾਕਿਆ ਹੀ ਜ਼ਿੰਦਾ ਚਾਹੀਦਾ ਹਾਂ, ਤਾਂ ਇਹੋ ਜਿਹੀ ਗੱਲ ਅੱਗੇ ਤੋਂ ਨਾ ਕਰੀਂ! ਤੇਰੀ ਹੋਂਦ ਮੇਰੇ ਵਾਸਤੇ ਰੱਬ ਦੀ ਹੋਂਦ ਹੈ! ਤੇਰੀ ਹੋਂਦ ਮੇਰੀ ਹੋਂਦ ਹੈ..! ਤੇਰੇ ਬਿਨਾ ਖਾਲੀ ਕਲਬੂਤ ਹਾਂ!"
ਥੋੜੀ ਦੇਰ ਬਾਅਦ ਹੀ ਰੀਤ ਨੂੰ ਨਵੀ ਜੀ ਦੀ ਇੱਕ ਹੋਰ ਚਿੱਠੀ ਮਿਲ਼ੀ।
-''ਮੇਰੀ ਜਿੰਦ!"
-''ਮੋਹ ਭਿੱਜੀ ਗਲਵਕੜੀ!!"
-''ਜੇ ਅੱਜ ਮੈਂ ਤੈਨੂੰ ਕੋਈ ਗੱਲ ਲਿਖੂੰਗਾ ਤਾਂ ਫ਼ੋਕਾ ਧਰਵਾਸ ਹੀ ਦਿਊਂਗਾ, ਕਿਉਂਕਿ ਮੈਨੂੰ ਤੇਰੇ ਘਰ ਦੇ ਹਾਲਾਤਾਂ ਦਾ ਪਤਾ ਨਹੀਂ! ਤੇ ਇਸ ਕਰਕੇ ਮੈਂ ਤੇਰੀ ਕੋਈ ਮੱਦਦ ਨਹੀਂ ਕਰ ਸਕਦਾ। ਇਸ ਗੱਲ ਦਾ ਮੈਨੂੰ ਅਥਾਹ ਅਫ਼ਸੋਸ ਹੈ, ਤੇ ਹਮੇਸ਼ਾ ਰਹੂਗਾ ਕਿ ਕਿਸੇ ਮੋੜ 'ਤੇ ਮੈਂ ਤੇਰੀ ਮੱਦਦ ਨਹੀਂ ਕਰ ਸਕਿਆ। ਅੱਜ ਦੇ ਦਿਨ ਮੈਂ ਬਿਲਕੁਲ ਨਿਹੱਥਾ ਹੋਇਆ ਪਿਆ ਹਾਂ। ਤੇਰਾ ਹਰ ਦੁੱਖ-ਸੁਖ ਮੇਰਾ ਆਪਣਾ ਹੈ! ਪਰ ਅੱਜ ਮੋੜ ਹੀ ਇਤਨਾ 'ਕਸੂਤਾ' ਆ ਗਿਆ ਹੈ ਕਿ ਮੈਂ ਬੇਕਾਰ ਤੇ ਬੇਵੱਸ ਹੋਇਆ ਖੜ੍ਹਾ ਤੈਨੂੰ ਦੁੱਖ ਝੱਲਦੀ ਨੂੰ ਮੂਕ ਦਰਸ਼ਕ ਬਣ ਦੇਖ ਰਿਹਾ ਹਾਂ, ਪਰ ਕੁਛ ਕਰ ਨਹੀਂ ਸਕਦਾ। ਕਾਸ਼! ਮੈਂ ਤੇਰੇ ਲਈ ਕੁਛ ਕਰ ਸਕਦਾ ਹੁੰਦਾ! ਹੋਰ ਨਹੀਂ ਤਾਂ ਤੇਰਾ ਸਿਰ ਆਪਣੀ ਛਾਤੀ 'ਤੇ ਰੱਖ ਕੇ ਹੌਸਲਾ ਹੀ ਦੇ ਸਕਦਾ ਹੁੰਦਾ! ਅੱਜ ਮੈਂ ਤੇਰਾ ਦੇਣਦਾਰ ਤੇ ਤੇਰੇ ਸਾਹਮਣੇ 'ਹਾਰਿਆ ਹੋਇਆ' ਮਾਨੁੱਖ ਹਾਂ! ਪਰ ਹਾਂ ਨਿਰਦੋਸ਼! ਅਥਾਹ ਦੁਖੀ ਹਾਂ, ਪਰ ਮੇਰੇ ਕੋਲ਼ ਤੇਰੀ ਮੁਸ਼ਕਿਲ ਦਾ ਹੱਲ ਕੋਈ ਨਹੀਂ! ਮੈਂ ਲੋਕਾਂ ਨੂੰ ਸਲਾਹਾਂ ਦੇਣ ਵਾਲ਼ਾ ਅੱਜ ਤੇਰੇ ਸਾਹਮਣੇ ਨਿਰੁੱਤਰ ਹੋਇਆ, ਦੋਸ਼ੀ ਜਿਹਾ ਬਣਿਆਂ ਬੈਠਾ ਹਾਂ। ਮੈਨੂੰ ਇਹ ਵੀ ਪਤਾ ਹੈ ਕਿ ਤੈਨੂੰ ਇਹ ਵੀ ਅਹਿਸਾਸ ਹੈ ਕਿ ਵਾਹ ਲੱਗਦੀ ਮੈਂ ਕਿਤੇ ਵੀ ਪਿੱਛੇ ਹਟਣ ਵਾਲ਼ਾ ਇਨਸਾਨ ਨਹੀਂ, ਤੇ ਤੂੰ ਮੇਰੀ ਬੇਵੱਸੀ ਸਮਝ ਵੀ ਰਹੀ ਹੋਵੇਂਗੀ। ਤੈਨੂੰ ਇਹ ਵੀ ਪਤਾ ਹੈ ਕਿ ਜੇ ਮੈਂ ਤੇਰੇ ਕੰਮ ਆ ਸਕਦਾ ਤਾਂ ਪਰਬਤ ਚੀਰ ਕੇ ਵੀ ਆ ਵੱਜਦਾ! ਤੇਰੇ ਮਾਂ-ਬਾਪ ਅਤੇ ਸਮਾਜ ਦੀਆਂ ਬੰਦਿਸ਼ਾਂ ਕਰ ਕੇ ਘੁੱਟ ਵੱਟੀ ਬੈਠਾ ਹਾਂ ਕਿ ਤੇਰੀ ਬਦਨਾਮੀ ਨਾ ਹੋ ਜਾਵੇ, ਤੇ ਮੇਰੇ ਕਰ ਕੇ ਤੇਰੇ ਮਾਂ-ਬਾਪ ਤੇਰੇ 'ਤੇ ਮਾਨਸਿਕ ਤਸ਼ੱਦਦ ਨਾ ਕਰਨ! ਤੇਰੇ ਘਰੇਲੂ ਮਸਲੇ ਵਿਚ ਮੇਰੀਆਂ ਦਲੀਲਾਂ ਅਤੇ ਮੇਰੇ ਹਥਿਆਰ ਕੰਮ ਨਹੀਂ ਕਰਦੇ! ਤੇਰੀ ਖ਼ਾਤਰ ਮੈਂ ਆਪਣੀ ਕੁਰਬਾਨੀ ਵੀ ਦੇ ਸਕਦਾ ਹਾਂ, ਪਰ ਅੱਜ ਕੁਛ ਨਹੀਂ ਕਰ ਸਕਦਾ, ਇਸ ਦਾ ਮੈਨੂੰ ਅਥਾਹ ਗ਼ਮ ਹੈ। ਕਾਸ਼! ਕਾਸ਼!! ਕਾਸ਼!!! ਮੈਂ ਤੇਰਾ ਦੁੱਖ ਵੰਡਾ ਸਕਦਾ।"
ਦਿਲਾਂ ਦੇ ਮਹਿਰਮ ਦੀ ਹਮਦਰਦੀ ਅਤੇ ਕੁਰਬਾਨ ਹੋਣ ਦੇ ਜਜ਼ਬੇ ਵਾਲ਼ੀ ਚਿੱਠੀ ਪੜ੍ਹ ਕੇ ਰੀਤ ਦੇ ਹੰਝੂ ਤ੍ਰਿੱਪ-ਤ੍ਰਿੱਪ ਚੋਈ ਜਾ ਰਹੇ ਸਨ।
ਕਿਸ਼ਤ 17
ਦਿਨੋਂ ਦਿਨ ਮਾਂ-ਬਾਪ ਦਾ ਵਰਤਾਓ ਰੀਤ ਪ੍ਰਤੀ ਅਤੀਅੰਤ ਰੁੱਖਾ ਅਤੇ ਕੁਰੱਖ਼ਤ ਹੁੰਦਾ ਜਾ ਰਿਹਾ ਸੀ।
ਮਾਂ ਉਸ ਨੂੰ 'ਕੁੱਤੀ-ਬਿੱਲੀ' ਅਤੇ 'ਲੁੱਚੀ' ਤੋਂ ਬਿਨਾਂ ਗੱਲ ਨਹੀਂ ਕਰਦੀ ਸੀ। ਬਾਪੂ ਸਾਰੀ ਦਿਹਾੜੀ ਜਾਣ-ਬੁੱਝ ਕੇ ਖੇਤ ਰਹਿੰਦਾ। ਉਹ 'ਕੁਲਿਹਣੀ' ਰੀਤ ਦੇ ਮੱਥੇ ਨਹੀਂ ਲੱਗਣਾ ਚਾਹੁੰਦਾ ਸੀ। ਜਦ ਰਾਤ ਨੂੰ ਘਰੇ ਆਉਂਦਾ ਤਾਂ ਉਹ ਦੇਸੀ ਦਾਰੂ ਨਾਲ਼ 'ਰੱਜਿਆ' ਹੁੰਦਾ। ਲਾਹਣ ਨਾਲ਼ ਰੱਜ ਕੇ ਉਹ ਬਰੜਾਹਟ ਕਰਨਾ ਚਾਹੁੰਦਾ। ਪਰ ਗੁਆਂਢੀਆਂ ਅਤੇ ਪਿੰਡ ਵਾਲ਼ਿਆਂ ਤੋਂ ਮਿਲਣ ਵਾਲ਼ੀ ਨਮੋਸ਼ੀ ਕਰ ਕੇ ਚੁੱਪ ਰਹਿੰਦਾ। ਜੰਟੇ ਨੂੰ ਬਹੁਤੀ ਚੜ੍ਹੀ ਲੱਥੀਦੀ ਨਹੀਂ ਸੀ। ਜਦੋਂ ਦਾ ਉਹ ਅਰਬ ਦੇਸ਼ ਵਿਚੋਂ ਧੱਕੇ-ਧੋੜੇ ਖਾ ਕੇ ਪਰਤਿਆ ਸੀ। ਉਸ ਦਾ ਦਿਮਾਗ ਕੰਮ ਜਿਹਾ ਨਹੀਂ ਕਰਦਾ ਸੀ ਅਤੇ ਕਿਸੇ ਗ਼ਮੀ-ਸ਼ਾਦੀ ਦਾ ਅਸਰ ਨਹੀਂ ਹੁੰਦਾ ਸੀ।
ਮਾਂ ਰੀਤ ਨੂੰ 'ਗਰਭਪਾਤ' ਕਰਵਾਉਣ ਲਈ ਅਥਾਹ ਦਬਾਅ ਪਾ ਰਹੀ ਸੀ। ਪਰ ਰੀਤ ਉਤਨੀ ਦੇਰ ਗਰਭਪਾਤ ਨਹੀਂ ਕਰਵਾਉਣਾ ਚਾਹੁੰਦੀ ਸੀ, ਜਿੰਨਾਂ ਚਿਰ ਉਸ ਦੇ ਨਵੀ ਜੀ 'ਹਰੀ' ਝੰਡੀ ਨਹੀਂ ਦਿੰਦੇ ਸਨ। ਉਸ ਦੇ ਪੇਟ ਵਿਚ ਨਵੀ ਜੀ ਦੀ ਨਿਸ਼ਾਨੀ ਸੀ, ਅਤੇ ਨਵੀ ਜੀ ਦੇ ਕਿਸੇ ਵੀ ਹੁਕਮ ਬਿਨਾ ਉਹ ਕੋਈ ਘਾਤਿਕ ਕਦਮ ਨਹੀਂ ਚੁੱਕਣਾ ਚਾਹੁੰਦੀ ਸੀ। ਉਹ ਆਪਣੇ ਨਵੀ ਜੀ ਦੀ ਤਾਬਿਆਦਾਰ ਸੀ, ਉਸ ਦੀ ਆਗਿਆਕਾਰ ਸੀ। ਉਹ ਨਵੀ ਜੀ ਨੂੰ ਦਿਲ-ਹਿਰਦੇ ਤੋਂ ਮੁਹੱਬਤ ਕਰਦੀ ਸੀ। ਉਹ ਕੋਈ ਵੀ ਐਸਾ ਕੰਮ ਨਹੀਂ ਕਰਨਾ ਚਾਹੁੰਦੀ ਸੀ, ਜੋ ਉਸ ਦੇ ਨਵੀ ਜੀ ਨੂੰ ਚੰਗਾ ਨਾ ਲੱਗਦਾ ਹੋਵੇ। ਪਰ ਬੇਬੇ ਹਰ ਰੋਜ਼ ਉਸ 'ਤੇ ਜ਼ਬਰਦਸਤ ਦਬਾਓ ਬਣਾਉਂਦੀ ਆ ਰਹੀ ਸੀ। ਵੱਸ ਕੋਈ ਬੇਬੇ ਦੇ ਵੀ ਨਹੀਂ ਸੀ। ਉਹ ਵੀ ਲੋਕ-ਲਾਜ ਨੂੰ ਆਪਣੀ ਇੱਜ਼ਤ ਦਾ ਬਚਾਓ ਚਾਹੁੰਦੀ ਸੀ।
ਰੀਤ ਨੇ ਇੱਕ ਹੋਰ ਚਿੱਠੀ ਨਵੀ ਜੀ ਨੂੰ ਲਿਖ ਦਿੱਤੀ। ਜਿਸ ਵਿਚ ਬੇਬੇ ਵੱਲੋਂ ਗਰਭਪਾਤ ਲਈ ਦਬਾਓ ਬਣਾਉਣ ਲਈ ਲਿਖਿਆ ਹੋਇਆ ਸੀ। ਉਹਨਾਂ ਦੀ ਚਿੱਠੀ ਪੱਤਰ ਦਾ ਜ਼ਰੀਆ ਰੀਤ ਦੇ ਪਿੰਡ ਦੇ ਮੁੰਡੇ ਦੇ ਰਾਹੀਂ ਹੀ ਚੱਲ ਰਿਹਾ ਸੀ, ਜੋ ਨਵੀ ਦੇ ਸਕੂਲ ਵਿਚ ਪੜ੍ਹਦਾ ਸੀ। ਉਹ ਹੀ ਰੀਤ ਦੀ ਚਿੱਠੀ ਚੋਰੀ ਲੈ ਕੇ ਜਾਂਦਾ ਅਤੇ ਨਵੀ ਦੀ ਚਿੱਠੀ ਲੈ ਕੇ ਆਉਂਦਾ।
ਇਸ ਦੇ ਸਬੰਧ ਵਿਚ ਨਵੀ ਜੀ ਦਾ ਤੁਰੰਤ ਉੱਤਰ ਆਇਆ।
-''ਪਿਆਰੀ-ਪਿਆਰੀ ਰੀਤ..! ਆਪਣੇ ਘਰਦਿਆਂ ਨੂੰ ਗਲਤ ਨਾ ਸਮਝ..! ਤੇਰੇ ਘਰ ਦੇ ਤੇਰੇ ਭਵਿੱਖ ਪ੍ਰਤੀ ਚਿੰਤਤ ਨੇ, ਇਸੇ ਲਈ ਹੀ ਤੈਨੂੰ ਗਰਭਪਾਤ ਲਈ ਜੋਰ ਪਾ ਰਹੇ ਨੇ! ਅੱਗੇ ਵੀ ਲਿਖ ਚੁੱਕਿਆ ਹਾਂ ਅਤੇ ਦਿਲ ਦੀ ਓਹੀ ਗੱਲ ਅੱਜ ਵੀ ਲਿਖਦਾ ਹਾਂ ਕਿ ਚਾਹੇ ਕੁਝ ਵੀ ਹੋਵੇ, ਪਰ ਮੈਨੂੰ ਇੱਕ ਗੱਲ ਦਾ ਹਮੇਸ਼ਾ ਮਾਣ ਅਤੇ ਅਹਿਸਾਸ ਰਹੇਗਾ ਕਿ ਤੂੰ ਮੇਰੇ ਬੱਚੇ ਦੀ ਮਾਂ ਤਾਂ ਬਣੀਂ, ਚਾਹੇ ਦੋ-ਚਾਰ ਹਫ਼ਤੇ ਲਈ ਹੀ ਬਣੀਂ! ਅਜੇ ਮੇਰੇ ਨਾਲ਼ੋਂ ਜ਼ਿਆਦਾ ਹੱਕ ਤੇਰੇ 'ਤੇ ਤੇਰੇ ਮਾਂ ਬਾਪ ਦਾ ਹੈ, ਉਹ ਜਿਵੇਂ ਕਹਿੰਦੇ ਨੇ, ਕਰ ਲੈ! ਤੂੰ ਬੀਜੀ ਨਾਲ਼ ਆਪਣੇ ਵਿਆਹ ਦੀ ਗੱਲ ਚਲਾ ਕੇ ਤਾਂ ਦੇਖ! ਮੈਂ ਤੈਨੂੰ ਗ਼ਲ ਪਾਏ ਕੱਪੜਿਆਂ ਵਿਚ ਹੀ ਲੈ ਜਾਂਵਾਗਾ। ਮੈਨੂੰ ਏਨੀ ਖ਼ੁਸ਼ੀ ਹੈ ਕਿ ਆਪਣੇ ਪ੍ਰੇਮ ਦੀ ਨਿਸ਼ਾਨੀ ਤੇਰੇ ਪੇਟ ਵਿਚ ਪਲ਼ ਰਹੀ ਹੈ, ਚਾਹੇ ਤੂੰ ਦੁਨੀਆਂ ਦੇ ਭੈਅ ਕਾਰਨ ਇਸ ਬੱਚੇ ਨੂੰ ਜਨਮ ਨਹੀਂ ਦੇ ਸਕਦੀ, ਪਰ ਕੁਝ ਹਫ਼ਤੇ ਤੂੰ ਇਸ ਬੱਚੇ ਨੂੰ ਆਪਣੇ ਪੇਟ ਵਿਚ ਰੱਖ ਕੇ ਆਪਣੇ ਖ਼ੂਨ ਦੀ ਖ਼ੁਰਾਕ ਤਾਂ ਦਿੱਤੀ! ਜੇ ਬੀਜੀ ਹੋਰੀਂ ਆਪਣੇ ਵਿਆਹ ਲਈ ਮੰਨ ਜਾਣ, ਆਪਾਂ ਇਸ ਬੱਚੇ ਨੂੰ ਬੜੀ ਰੀਝ ਨਾਲ਼ ਪਾਲ਼ਾਂਗੇ!"
ਰੀਤ ਨੇ ਚਿੱਠੀ ਸਿਰਹਾਣੇ ਵਿਚ ਦੇ ਦਿੱਤੀ ਅਤੇ ਸਾਰਾ ਸਾਹਸ ਇਕੱਠਾ ਕਰ ਕੇ ਬੇਬੇ ਕੋਲ਼ ਜਾ ਕੇ ਵਿਆਹ ਦੀ ਗੱਲ ਚਲਾਈ ਤਾਂ ਕਰੋਧ ਵਿਚ ਬੇਬੇ ਦੀਆਂ ਅੱਖਾਂ ਭੂਸਰੇ ਸਾਹਣ ਵਾਂਗ 'ਪੁੱਠੀਆਂ' ਹੋ ਗਈਆਂ।
-''ਭੁੱਲ ਜਾਹ..! ਭੁੱਲ ਜਾਹ ਓਸ ਹਰਾਮ ਦੇ ਤੁਖ਼ਮ ਨੂੰ..! ਉਹਨੇ ਸਾਡੇ ਨਾਲ਼ ਧੋਖਾ ਕੀਤੈ..! ਕੁੱਛੜ ਬਹਿ ਕੇ ਦਾਹੜੀ ਮੁੰਨੀ ਐਂ ਸਾਡੀ..! ਉਹਦੇ ਨਾਲ਼ ਵਿਆਹੁੰਣ ਨਾਲ਼ੋਂ ਤਾਂ ਮੈਂ ਤੈਨੂੰ ਖ਼ੂਹ 'ਚ ਧੱਕਾ ਨਾ ਦੇ ਦਿਊਂਗੀ..? ਉਹਨੂੰ ਤਾਂ ਮੈਂ ਅੱਖੀਂ ਨੀ ਦੇਖਣਾ ਚਾਹੁੰਦੀ, ਜੁਆਈ ਕਿੱਥੋਂ ਬਣਾਂ ਲਊਂਗੀ, ਕੁੱਤੀਏ..? ਮੈਨੂੰ ਤਾਂ ਇਹ ਡਰ ਐ ਬਈ ਤੇਰਾ ਪਿਉ ਉਹਦਾ ਗਾਟਾ ਨਾ ਲਾਹ ਦੇਵੇ., ਕੁੱਤੀ ਰੰਨ ਕਿਸੇ ਥਾਂ ਦੀ...!" ਬੇਬੇ ਆਪਣੀ ਅੜੀ 'ਤੇ ਹੀ ਅੜੀ ਖੜ੍ਹੀ ਸੀ।
-''ਬੇਬੇ..! ਨਵੀ ਜੀ ਵਿਚ ਘਾਟ ਕੀ ਐ..? ਪੜ੍ਹੇ ਲਿਖੇ ਨੇ, ਪੱਕੀ ਨੌਕਰੀ ਐ..!" ਉਸ ਨੇ ਆਖ਼ਰੀ ਹੀਲਾ ਵਰਤਿਆ।
-''ਤੇਰੇ ਨਾਲ਼ੋਂ ਕਿੰਨਾਂ ਵੱਡੈ ਓਹੋ..? ਕਿੰਨੀ ਉਮਰ ਐ ਹਰਾਮਜਾਦੇ ਦੀ..?" ਬੇਬੇ ਨੇ ਬੱਗੀਆਂ ਅੱਖਾਂ ਕੱਢੀਆਂ। ਉਹ ਸਾਹਣ ਵਾਂਗ ਹੀ ਤਾਂ ਖੁਰਗੋ ਪੱਟ ਰਹੀ ਸੀ।
-''ਬੇਬੇ..! ਜੇ ਸਾਡੀ ਉਮਰ ਦਾ ਫ਼ਰਕ ਐ ਤਾਂ ਫ਼ੇਰ ਕੀ ਹੋ ਗਿਆ..? ਜ਼ਿੰਦਗੀ ਉਹਨਾਂ ਨਾਲ਼ ਮੈਂ ਕੱਟਣੀ ਐਂ..!"
-''ਤੇ ਲੋਕ...? ਲੋਕ ਕੀ ਆਖਣਗੇ..? ਲੋਕ ਸਾਡੇ ਮੂੰਹ ਛਿੱਤਰ ਨੀ ਦੇਣਗੇ..? ਬਈ ਵੱਡੀ ਉਮਰ ਦੇ ਨਾਲ਼ ਨਰੜਤੀ..? ਲੋਕਾਂ ਦੀ ਮੂੰਹ ਕਾਲ਼ਸ ਕੌਣ ਲਊ..?"
-''ਬੇਬੇ..! ਲੋਕ ਓਦੋਂ ਕਿੱਥੇ ਸੀ..? ਜਦੋਂ ਆਪਣਾ ਜੰਟਾ ਰੇਗਿਸਤਾਨਾਂ 'ਚ ਫ਼ਸਿਆ ਹੋਇਆ ਸੀ..? ਓਦੋਂ ਨਾ ਲੋਕ ਮੱਦਦ ਲਈ ਬਹੁੜੇ..?"
-''ਹੁਣ ਤੂੰ ਮੈਨੂੰ ਗੱਲਾਂ ਰੜਕਾਉਨੀਂ ਐਂ..? ਗੱਲ ਸੁਣ ਲੈ ਮੇਰੀ, ਇੱਕ..! ਕੰਨ ਖੋਲ੍ਹ ਕੇ..! ਓਸ ਬੁੱਢੇ ਕੁੱਕੜ ਨਾਲ਼ ਤੇਰਾ ਕਦੇ ਵਿਆਹ ਨੀ ਹੋਊਗਾ, ਸੁਣ ਗਿਆ..? ਆਪਣੇ ਪਿੰਡ ਆਲ਼ੀ ਨਰਸ ਸੋਮਵਾਰ ਨੂੰ ਆਪਣੇ ਨਾਲ਼ ਸ਼ਹਿਰ ਚੱਲੂਗੀ..! ਇਹਨੂੰ ਪਾਪ ਨੂੰ ਕੱਢ ਕੇ ਬਾਹਰ ਮਾਰਾਂਗੇ ਤੇ ਫ਼ੇਰ ਕੋਈ ਮੁੰਡਾ ਭਾਲ਼ ਕੇ ਤੇਰੇ ਵਿਆਹ ਦੇ ਸਿਆਪੇ ਬਾਰੇ ਸੋਚਾਂਗੇ..!"
-''...........!" ਬੇਬੇ ਦਾ ਦੋ ਟੁੱਕ ਫ਼ੈਸਲਾ ਸੁਣ ਕੇ ਰੀਤ ਮੰਜੇ 'ਤੇ ਆ ਡਿੱਗੀ। ਉਸ ਦੇ ਦਿਲ-ਦਿਮਾਗ ਵਿਚ ਤੋਪਾਂ ਚੱਲੀ ਜਾ ਰਹੀਆਂ ਸਨ। ਉਹ ਆਪਣੇ ਨਵੀ ਜੀ ਤੋਂ ਬਿਨਾ ਜ਼ਿੰਦਾ ਨਹੀਂ ਰਹਿ ਸਕਦੀ ਸੀ ਅਤੇ ਬੇਬੇ ਵਿਆਹ ਨੂੰ ਪੈਰ ਨਹੀਂ ਲਾ ਰਹੀ ਸੀ। ਰੀਤ ਨੂੰ ਦੁਨੀਆਂ ਦੇ ਸਮਾਜੀ ਅੰਧਕਾਰ ਵਿਚ ਕੋਈ ਕਿਨਾਰਾ ਨਹੀਂ ਮਿਲ਼ ਰਿਹਾ ਸੀ। ਉਹ ਸਮਾਜ ਦੇ ਬੰਧਨਾਂ ਦੀਆਂ ਕਪੜਛੱਲਾਂ ਵਿਚ ਸਾਹੋ-ਸਾਹ ਰੁੜ੍ਹਦੀ ਜਾ ਰਹੀ ਸੀ। ਹੁਣ ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਨਰਸ ਸੋਮਵਾਰ ਨੂੰ ਉਹਨਾਂ ਨਾਲ਼ ਸ਼ਹਿਰ ਜਾਵੇਗੀ ਅਤੇ ਉਸ ਦੇ ਨਵੀ ਜੀ ਦੇ 'ਤੋਹਫ਼ੇ' ਨੂੰ ਖੋਹ-ਖਿੰਝ ਕੇ ਸੁੱਟ ਦੇਵੇਗੀ। ਇਸ ਗੱਲ ਨੂੰ ਮਨ ਵਿਚ ਰਿੜਕ-ਰਿੜਕ ਕੇ ਉਸ ਦੇ ਹੌਲ ਪਈ ਜਾ ਰਹੇ ਸਨ। ਉਹਨਾਂ ਦੇ ਵਿਆਹ ਲਈ ਬੇਬੇ ਰਾਜ਼ੀ ਨਹੀਂ ਹੋ ਰਹੀ ਸੀ ਅਤੇ ਨਵੀ ਉਸ ਨੂੰ ਧੱਕੇ ਨਾਲ਼ ਜਾਂ ਚੋਰੀ ਲਿਜਾਣਾ ਨਹੀਂ ਚਾਹੁੰਦਾ ਸੀ। ਉਹ ਹਰ ਪਲ ਘੁਲਾੜੀ ਵਿਚ ਪੀੜੀ ਜਾ ਰਹੀ ਸੀ।
-''ਮੈਡਮ, ਥੋਨੂੰ ਇੱਕ ਗੱਲ ਦੱਸਣੀਂ ਐਂ..!" ਤੀਜੇ ਦਿਨ ਚਿੱਠੀ ਲਿਜਾਣ ਅਤੇ ਲਿਆਉਣ ਵਾਲ਼ੇ ਮੁੰਡੇ ਨੇ ਅਚਾਨਕ ਆ ਕੇ ਕਿਹਾ।
-''ਦੱਸ..?" ਰੀਤ ਦਾ ਸਰੀਰ ਝੂਠਾ ਪੈਂਦਾ ਜਾ ਰਿਹਾ ਸੀ।
-''ਆਪਣੇ ਨਵਜੋਤ ਸਰ ਮਰ ਗਏ..!"
ਰੀਤ ਦੇ ਜ਼ਿਹਨ ਵਿਚ ਬਿਜਲੀ ਕੜਕੀ।
-''ਕੀ ਕਿਹਾ..?" ਜਿਵੇਂ ਰੀਤ ਨੂੰ ਸੁਣਿਆਂ ਹੀ ਨਹੀਂ ਸੀ! ਜਾਂ ਗੱਲ ਦਾ ਭੁਲੇਖਾ ਜਿਹਾ ਪਿਆ ਸੀ।
-''ਨਵਜੋਤ ਸਰ ਦੀ ਮੌਤ ਹੋ ਗਈ..!" ਮੁੰਡੇ ਨੇ ਜੋਰ ਦੇ ਕੇ ਕਿਹਾ।
ਪਰ ਰੀਤ ਵਿਚ ''ਕਿਵੇਂ" ਪੁੱਛਣ ਦਾ ਸਾਹਸ ਨਹੀਂ ਰਿਹਾ ਸੀ।
ਉਸ ਦਾ ਜੱਗ ਉੱਜੜ ਗਿਆ। ਉਸ ਨੂੰ ਸੱਚ ਨਹੀਂ ਆ ਰਿਹਾ ਸੀ ਕਿ ਉਸ ਦੇ ਨਵੀ ਜੀ ਉਸ ਨੂੰ ਛੱਡ ਕੇ ਚਲੇ ਗਏ ਸਨ? ਹੱਡ ਮਾਸ ਦਾ ਜਿਉਂਦਾ ਜਾਗਦਾ ਮੁੰਡਾ ਉਸ ਨੂੰ ਦਸ ਵਾਰ ਕਹਿ ਚੁੱਕਾ ਸੀ ਕਿ 'ਨਵਜੋਤ ਸਰ ਮਰ ਗਏ' ਸਨ! ਪਰ ਰੀਤ ਨਾਮੰਨਤ ਸੀ। ਉਹ ਰੋਈ ਨਹੀਂ, ਸਿਲ਼-ਪੱਥਰ ਹੋ ਗਈ ਸੀ। ਪਰ ਮਰਨ ਦਾ ਕਾਰਨ ਕੀ ਸੀ? ਇਸ ਬਾਰੇ ਮੁੰਡੇ ਨੂੰ ਨਹੀਂ ਪਤਾ ਸੀ। ਉਸ ਨੂੰ ਤਾਂ ਸਿਰਫ਼ ਇਤਨਾ ਹੀ ਪਤਾ ਸੀ ਕਿ ਨਵਜੋਤ ਸਰ 'ਮਰ' ਗਏ ਸਨ ਅਤੇ ਇਸ ਅਫ਼ਸੋਸ ਵਜੋਂ ਉਹਨਾਂ ਦਾ ਸਕੂਲ ਬੰਦ ਹੋ ਗਿਆ ਸੀ! ਉਸ ਨੇ ਮੁੰਡੇ ਨੂੰ ਪੂਰੀ ਖ਼ਬਰ ਲੈ ਕੇ ਆਉਣ ਨੂੰ ਕਿਹਾ। ਪਰ ਉਸ ਦਾ ਮਨ ਨਹੀਂ ਮੰਨ ਰਿਹਾ ਸੀ ਕਿ ਉਸ ਦੇ ਨਵੀ ਜੀ ਉਸ ਛੱਡ ਕੇ ਤੁਰ ਗਏ ਸਨ? ਉਹ ਨਵੀ ਜੀ, ਜਿੰਨ੍ਹਾਂ ਨੇ ਇੱਕਠੇ ਜਿਉਣ ਅਤੇ ਇਕੱਠੇ ਮਰਨ ਦੇ ਵਾਅਦੇ ਅਤੇ ਪ੍ਰਣ ਕੀਤੇ ਸੀ? ਮੇਰੇ ਨਵੀ ਜੀ ਧੋਖੇਬਾਜ਼ ਨਹੀਂ ਹੋ ਸਕਦੇ। ਉਹ ਮੇਰੇ ਨਾਲ਼ ਕਦੇ ਵੀ ਦਗ਼ਾ ਨਹੀਂ ਕਰ ਸਕਦੇ।
-''ਮੇਰੇ ਨਵੀ ਜੀ ਮਰੇ ਨਹੀਂ...! ਉਹ ਤਾਂ ਮੇਰੀ ਕੁੱਖ ਵਿਚ ਜਿਉਂਦੇ ਨੇ..!" ਉਹ ਹੰਭਲਾ ਮਾਰ ਕੇ ਉਠ ਬੈਠੀ।
-''ਵੇ ਤੂੰ ਕੀ ਕਰਦਾ ਫ਼ਿਰਦੈਂ ਸਾਡੇ ਅੰਦਰ..?" ਬੇਬੇ ਸਕੂਲ ਵਾਲ਼ੇ ਮੁੰਡੇ ਨੂੰ ਸੂਈ ਕੁੱਤੀ ਵਾਂਗ ਪਈ।
-''ਮੈਂ ਤਾਂ ਇਕ ਗੱਲ ਦੱਸਣ ਆਇਆ ਸੀ, ਤਾਈ..!" ਮੁੰਡਾ ਤਾਈ ਦੇ ਵਿਵਹਾਰ ਤੋਂ ਠਠੰਬਰ ਗਿਆ ਸੀ।
-''ਕਿਹੜੀ ਗੱਲ..?"
-''ਉਹ ਥੋਡੇ ਘਰੇ ਜਿਹੜੇ ਸਾਡੇ ਸਰ ਜੀ ਨੀ ਆਉਂਦੇ ਹੁੰਦੇ ਸੀ..? ਨਵਜੋਤ ਸਰ..!"
-''ਆਹੋ..?"
-''ਉਹ ਰਾਤ ਮਰ ਗਏ..!"
-''ਹੈਂਅ...? ਮਰ ਗਿਆ..? ਕਿਵੇਂ..?"
-''ਅਜੇ ਤੱਕ ਤਾਂ ਪਤਾ ਨੀ ਲੱਗਿਆ...!"
-''ਚੱਲ ਓਹਦੇ ਬਿਨਾਂ ਕੀ ਥੁੜਿਆ ਪਿਆ ਸੀ, ਚੰਗਾ ਹੋਇਆ, ਹਰਾਮਦਾ ਮਰ ਗਿਆ, ਦਫ਼ਾ ਹੋਇਆ..!" ਬੇਬੇ ਦੇ ਮੂੰਹ ਪਾੜ ਕੇ ਆਖੇ ਲਫ਼ਜ਼ ਰੀਤ ਦਾ ਕਾਲ਼ਜਾ 'ਲੀਰੋ-ਲੀਰ' ਕਰ ਗਏ। ਉਹ ਅਤੀਅੰਤ ਪ੍ਰੇਸ਼ਾਨ ਹੋ ਉਠੀ ਕਿ ਉਹ ਸੱਚੀਂ ਹੀ ਤੁਰ ਗਿਆ, ਜੋ ਮੈਨੂੰ ਹਰ ਮੋੜ 'ਤੇ ਨਸੀਹਤਾਂ ਦਿੰਦਾ ਰਹਿੰਦਾ ਸੀ। ਖਚਰੇ, ਮਤਲਬੀ ਅਤੇ ਖ਼ੁਦਗਰਜ਼ ਜੱਗ-ਜਹਾਨ ਤੋਂ ਬਚਾ-ਬਚਾ ਕੇ ਰੱਖਦਾ ਸੀ..? ਉਹ ਸੱਚੀਂ ਮੈਨੂੰ ਛੱਡ ਕੇ ਤੁਰ ਗਿਆ, ਜੋ ਮੇਰੀ ਨਿੱਕੀ-ਨਿੱਕੀ ਗੱਲ ਦਾ ਫ਼ਿਕਰ ਕਰਦਾ ਰਹਿੰਦਾ ਸੀ..? ਜਾਣ ਲੱਗੇ ਨੂੰ ਉਸ ਨੂੰ ਮੇਰਾ ਫ਼ਿਕਰ ਨਾ ਹੋਇਆ..? ਅੱਜ ਉਹ ਸੱਚੀਂ ਤੁਰ ਗਿਆ, ਜੋ ਕਦੇ ਮੇਰੇ ਮੱਥੇ ਦਾ ਮੁੜ੍ਹਕਾ ਨਹੀਂ ਸਹਾਰਦਾ ਸੀ..? ਮੇਰੇ ਨਵੀ ਜੀ ਮੈਨੂੰ ਐਸ ਮੰਝਧਾਰ ਵਿਚ ਛੱਡ ਕੇ ਨਹੀਂ ਜਾ ਸਕਦੇ..! ਉਸ ਦਾ ਰੋਣ ਨਿਕਲ਼ ਗਿਆ। ...ਕੀ ਹੁਣ ਮੈਨੂੰ ਨਵੀ ਜੀ ਕਦੇ ਵੀ ਨਹੀਂ ਮਿਲਣਗੇ..? ਕੀ ਮੈਂ ਉਹਨਾਂ ਨੂੰ ਕਦੇ ਵੀ ਦੇਖ ਨਹੀਂ ਸਕਾਂਗੀ..? ਉਸ ਦੇ ਅੰਦਰ ਹੌਲ ਜਿਹਾ ਪਿਆ। ਜਿਹੜੇ ਇੱਕ-ਦੂਜੇ ਬਿਨਾਂ ਪਲ ਨਹੀਂ ਸਾਰਦੇ ਸਨ, ਅੱਜ ਉਹਨਾਂ ਦਾ 'ਸਦੀਵੀ' ਵਿਛੋੜਾ ਪੈ ਗਿਆ ਸੀ।
-''ਲਵਲੀ..!" ਉਸ ਨੇ ਸੁਨੇਹੇਂ ਵਾਲ਼ੇ ਮੁੰਡੇ ਨੂੰ ਅਵਾਜ਼ ਮਾਰੀ।
-''ਹਾਂ ਜੀ..?"
-''ਲਵਲੀ, ਉਹ ਸੱਚੀਂ ਮਰ ਗਏ..?" ਉਸ ਨੇ ਬਾਂਵਰਿਆਂ ਵਾਂਗ ਪੁੱਛਿਆ।
-''ਹਾਂ ਮੈਡਮ ਜੀ..!"
-''ਤੂੰ ਉਹਨਾਂ ਨੂੰ ਮਰਿਆਂ ਪਿਆਂ ਨੂੰ ਦੇਖਿਐ..?"
-''ਨਹੀਂ ਮੈਡਮ ਜੀ, ਮਰਿਆਂ ਪਿਆਂ ਨੂੰ ਤਾਂ ਨਹੀਂ ਦੇਖਿਆ, ਪਰ ਓਥੋਂ ਆਲ਼ਾ ਸਾਰਾ ਪਿੰਡ ਗੱਲਾਂ ਕਰਦਾ ਸੀ..!"
-''ਲਵਲੀ, ਉਹ ਮਰੇ ਕਿਵੇਂ..?" ਰੀਤ ਨੇ ਰੱਤ ਚੋਂਦੇ ਕਾਲ਼ਜੇ ਨੂੰ ਦੱਬ ਕੇ ਘੁੱਟ ਰੱਖਿਆ ਸੀ।
-''ਅਜੇ ਤਾਂ ਇਹ ਵੀ ਨਹੀਂ ਪਤਾ ਮੈਡਮ..!"
-''ਕੱਲ੍ਹ ਪਤਾ ਕਰ ਕੇ ਦੱਸ ਸਕਦੈਂ..?"
-''ਦੱਸ ਦਿਊਂਗਾ ਮੈਡਮ..!"
ਮੁੰਡਾ ਚਲਿਆ ਗਿਆ।
ਪਰ ਪਿੱਛੇ ਛੱਡ ਗਿਆ ਇਕ ਬਹੁਤ ਵੱਡਾ ਰਹੱਸ ਅਤੇ ਗ਼ਮ..! ਰੀਤ ਦਾ ਦਿਲ ਡੁੱਬੀ ਜਾ ਰਿਹਾ ਸੀ ਕਿ ਕੀ ਮੈਨੂੰ ਮੇਰੇ ਨਵੀ ਜੀ ਦੇ ਅੰਤਿਮ ਦਰਸ਼ਣ ਵੀ ਨਸੀਬ ਨਹੀਂ ਹੋਣਗੇ..? ਰੱਬਾ...! ਇਹ ਤਾਂ ਤੇਰਾ ਬਹੁਤ ਵੱਡਾ ਧੱਕਾ ਤੇ ਬੇਇਨਸਾਫ਼ੀ ਹੋਊਗੀ! ਰੂਹਾਂ ਇੱਕ-ਦੂਜੀ ਨੂੰ ਇਤਨਾ ਮੋਹ ਕਰਦੀਆਂ ਹੋਣ, ਤੇ ਜਾਂਦੀ ਵਾਰ ਦੇ 'ਦਰਸ਼ਣ' ਵੀ ਨਸੀਬ ਨਾ ਹੋਣ..? ਤੂੰ ਤਾਂ ਬਹੁਤ ਕਠੋਰ ਅਤੇ ਕਰੂਰ ਹੈਂ ਰੱਬਾ..! ਸ਼ਾਇਦ ਬੰਦੇ ਦਾ ਹਿਰਦਾ ਵੀ ਇਸ ਮੋੜ 'ਤੇ ਆ ਕੇ ਪਿਘਲ ਜਾਂਦਾ ਹੈ। ਪਰ ਤੇਰਾ ਕਠੋਰ ਹਿਰਦਾ ਨਹੀਂ ਪਿਘਲਿਆ..?
-''ਮੈਂ ਕਰਾਂਗੀ ਆਪਣੇ ਨਵੀ ਜੀ ਦੇ ਅੰਤਿਮ ਦਰਸ਼ਣ..!" ਉਹ ਤੂਫ਼ਾਨ ਵਾਂਗ ਉਠੀ, ''ਕਰ ਲਵੇ ਜਿਹੜਾ ਕੁਛ ਦੁਨੀਆਂ ਨੇ ਕਰਨੈਂ..! ਅੱਗੇ ਮੇਰੇ ਨਵੀ ਜੀ ਚਲੇ ਗਏ, ਜੇ ਉਹਨਾਂ ਦੇ ਪਿੱਛੇ ਮੈਂ ਤੁਰ ਜਾਊਂਗੀ, ਤਾਂ ਕੋਈ ਜੱਗ ਪਰਲੋਂ ਨਹੀਂ ਆਉਣ ਲੱਗੀ..!" ਤੇ ਉਹ ਛੂਟ ਵੱਟ ਲਵਲੀ ਦੇ ਘਰ ਨੂੰ ਦੌੜ ਪਈ। ਉਸ ਨੂੰ ਇਹ ਸੁਰਤ ਵੀ ਨਹੀਂ ਸੀ ਕਿ ਉਸ ਨੇ ਤਾਂ ਸਿਰ 'ਤੇ ਚੁੰਨੀ ਵੀ ਨਹੀਂ ਲਈ ਸੀ। ਪਿੰਡ ਦੀਆਂ ਔਰਤਾਂ ਉਸ ਨੂੰ ਖੜ੍ਹ-ਖੜ੍ਹ ਦੇਖਦੀਆਂ ਸਨ।
-''ਦੇਖ, ਨਿਖ਼ਸਮੀਂ ਨੂੰ ਕਿਵੇਂ ਅੱਗ ਲੱਗੀ ਐ..!" ਬੇਬੇ ਨੇ ਹਰਖ਼ ਨਾਲ਼ ਹੱਥ ਵਿਚ ਫ਼ੜੀ ਬਹੁਕਰ ਚਲਾ ਕੇ ਮਾਰੀ।
ਜਦ ਉਹ ਲਵਲੀ ਨੂੰ ਲੈ ਕੇ ਨਵੀ ਜੀ ਦੇ ਪਿੰਡ ਪਹੁੰਚੀ ਤਾਂ ਪਤਾ ਲੱਗਿਆ ਕਿ ਉਸ ਨੂੰ ਸਸਕਾਰ ਕਰਨ ਲਈ ਲੈ ਗਏ ਸਨ।
....ਤੇ ਜਦ ਉਹ ਵਾਹੋ-ਦਾਹੀ ਸਿਵਿਆਂ ਵਿਚ ਪਹੁੰਚੇ ਤਾਂ ਰੀਤ ਦੇ ਨਵੀ ਜੀ ਦੀ ਚਿਖ਼ਾ ਪੂਰੇ ਜੋਬਨ 'ਤੇ ਮੱਚੀ ਜਾ ਰਹੀ ਸੀ। ਲਾਟਾਂ ਅੱਧ ਅਸਮਾਨ ਚੜ੍ਹ ਰਹੀਆਂ ਸਨ। ਇਕ ਪਾਸੇ ਸਾਰਾ ਪਿੰਡ ਮਸੋਸਿਆ ਜਿਹਾ ਖੜ੍ਹਾ ਸੀ। ਇਕ ਮੜ੍ਹੀ ਰੀਤ ਦੇ ਅੰਦਰ ਵੀ ਮੱਚਣ ਲੱਗ ਪਈ ਸੀ। ਉਹ ਦੇਖ ਰਹੀ ਸੀ ਕਿ ਉਸ ਦੇ ਅਰਮਾਨਾਂ, ਉਸ ਦੀਆਂ ਸਧਰਾਂ ਦੀ ਮੜ੍ਹੀ ਵੀ ਮੱਚ ਰਹੀ ਸੀ।
-''ਮਾਤਾ ਜੀ, ਇਹ ਕੀਹਦਾ ਸਸਕਾਰ ਕੀਤੈ..?" ਉਸ ਨੇ ਦਿਲ ਕੱਢ ਕੇ ਉਦਾਸ ਖੜ੍ਹੀ ਇੱਕ ਬੁੱਢੀ ਔਰਤ ਨੂੰ ਪੁੱਛ ਲਿਆ।
-''ਸਾਡਾ ਨਵਜੋਤ ਮਾਸਟਰ ਪੂਰਾ ਹੋ ਗਿਆ ਧੀਏ..!" ਤੇ ਉਸ ਬੁੱਢੀ ਔਰਤ ਦੇ ਥੰਮ੍ਹੇਂ ਹੰਝੂ ਮੁੜ ਚੱਲ ਪਏ। ਰੀਤ 'ਕਿਉਂ' ਅਤੇ 'ਕਿਵੇਂ' ਪੁੱਛਣਾ ਚਾਹੁੰਦੀ ਸੀ। ਪਰ ਬੁੱਢੀ ਔਰਤ ਦਾ ਵੈਰਾਗ ਅਤੇ ਅੱਥਰੂ ਦੇਖ ਕੇ ਚੁੱਪ ਹੋ ਗਈ।
ਉਹ ਉਸ ਬਿਰਧ ਔਰਤ ਦਾ ਦੁਖੀ ਦਿਲ ਹੋਰ ਦੁਖੀ ਨਹੀਂ ਕਰਨਾ ਚਾਹੁੰਦੀ ਸੀ।
ਜਿਉਂ-ਜਿਉਂ ਨਵੀ ਜੀ ਦਾ ਸਿਵਾ ਸ਼ਾਂਤ ਹੁੰਦਾ ਜਾ ਰਿਹਾ ਸੀ, ਰੀਤ ਦੇ ਦਿਲ ਦਾ ਸਿਵਾ ਹੋਰ ਤਾਕਤ ਨਾਲ਼ ਬਲ਼ ਰਿਹਾ ਸੀ। ਉਸ ਨੂੰ ਇੱਕੋ ਝੋਰਾ ਅਤੇ ਅਫ਼ਸੋਸ ਸੀ ਕਿ ਉਸ ਨੇ ਆਪਣੇ ਨਵੀ ਜੀ ਦਾ ਜਾਂਦੀ ਵਾਰ ਮੂੰਹ ਵੀ ਨਹੀਂ ਦੇਖਿਆ ਸੀ। ਇਹ ਝੋਰਾ ਉਸ ਦੀ ਜਾਨ ਦਾ 'ਖਾਓ' ਬਣਿਆਂ ਹੋਇਆ ਸੀ। ਪਿੰਡ ਦੇ ਲੋਕ 'ਆਖਰੀ' ਡੱਕੇ ਸੁੱਟ ਕੇ ਤੁਰ ਚੱਲੇ ਸਨ। ਪਰ ਰੀਤ ਅਜੇ ਵੀ ਉਥੇ ਹੀ ਖੜ੍ਹੀ ਸੀ। ਸਿਲ਼-ਪੱਥਰ ਹੋਈ! ਸਿਵਾ ਰਾਖ਼ ਵਿਚ ਬਦਲਦਾ ਜਾ ਰਿਹਾ ਸੀ ਅਤੇ ਨਾਲ਼ ਦੀ ਨਾਲ਼ ਰੀਤ ਦੀਆਂ ਰੀਝਾਂ ਦੇ ਸੁਪਨੇ ਵੀ ਸੁਆਹ ਹੁੰਦੇ ਜਾ ਰਹੇ ਸਨ। ਉਹ ਸੋਚ ਰਹੀ ਸੀ ਕਿ ਨਵੀ ਜੀ ਨੇ ਮੇਰੇ ਲਈ ਕਿੱਡੇ-ਕਿੱਡੇ ਸੁਪਨੇ ਸਿਰਜੇ ਹੋਏ ਸੀ, ਪਲ ਵਿਚ ਸਭ ਮਿੱਟੀ ਹੋ ਗਏ। ਸਭ ਸੁਪਨੇ ਉਹ ਆਪਣੇ ਦਿਲ ਵਿਚ ਹੀ ਲੈ ਗਏ। ਉਹਨਾਂ ਦਾ ਉਲੀਕਿਆ ਇੱਕ ਸੁਪਨਾ ਵੀ ਸਿਰੇ ਨਾ ਲੱਗਿਆ। ਸਿਰਫ਼ ਇਸ ਨਿਰਦਈ, ਭਿਆਨਕ ਅਤੇ ਆਪਹੁਦਰੇ ਸਮਾਜ ਕਰਕੇ!
ਜਿਉਂ-ਜਿਉਂ ਸਿਵਾ ਠੰਢਾ ਹੋ ਰਿਹਾ ਸੀ, ਰੀਤ ਦੇ ਮਨ ਵਿਚ ਹੋਰ ਭਾਂਬੜ ਬਲ਼ ਰਹੇ ਸਨ।
ਜਦ ਸਾਰੇ ਲੋਕ ਘਰਾਂ ਨੂੰ ਪਰਤ ਗਏ ਤਾਂ ਉਹ ਨਵੀ ਜੀ ਦੇ ਸਿਵੇ ਦੇ ਪਾਸ ਪਹੁੰਚੀ।
ਤਿੰਨ ਚਾਰ ਜਾਣੇ ਅਜੇ ਵੀ ਸਿਵੇ ਦੀ ਨਿਗਰਾਨੀ ਵਿਚ ਬੈਠੇ ਸਨ। ਉਸ ਨੇ ਨਵੀ ਜੀ ਦੇ ਸਿਵੇ ਦੀ ਰਾਖ਼ ਚੁੱਕ ਕੇ ਮੱਥੇ ਨੂੰ ਲਾਈ। ਮਨ ਵਿਚ ਪਤਾ ਨਹੀਂ ਕੀ ਪ੍ਰਣ ਕੀਤਾ ਅਤੇ ਪੁੱਠੇ ਪੈਰੀਂ ਪਰਤ ਆਈ। ਸਿਵੇ ਦੀ ਨਿਗਰਾਨੀ ਵਿਚ ਬੈਠੇ ਬੰਦੇ ਬੜੇ ਆਚੰਭੇ ਨਾਲ਼ ਇੱਕ-ਦੂਜੇ ਵੱਲ ਦੇਖ ਰਹੇ ਸਨ। ਪਰ ਸਮਝ ਕਿਸੇ ਨੂੰ ਵੀ ਨਹੀਂ ਆਈ ਸੀ ਅਤੇ ਉਹਨਾਂ ਨੇ ਬਹੁਤੀ ਕੋਈ ਗ਼ੌਰ ਵੀ ਨਹੀਂ ਕੀਤੀ ਸੀ। ਸਿਵੇ ਦੀ ਰਾਖ਼ ਉਸ ਨੇ ਚੁੰਨੀ ਦੇ ਇੱਕ ਪੱਲੇ ਵਿਚ ਬੰਨ੍ਹ ਲਈ ਅਤੇ ਲਵਲੀ ਨੂੰ ਉਸ ਨੇ ਪਿੰਡ ਵਾਲ਼ੀ ਬੱਸ ਚੜ੍ਹਾ ਦਿੱਤਾ ਅਤੇ ਆਪ ਸ੍ਰੀ ਅੰਮ੍ਰਿਤਸਰ ਵੱਲ ਨੂੰ ਕੂਚ ਕਰ ਗਈ...!
ਕਿਸ਼ਤ 18
-''ਫ਼ੇਰ ਨਵਜੋਤ ਦੀ ਮੌਤ ਦਾ ਕਾਰਨ ਪਤਾ ਚੱਲਿਆ..?" ਘੋਰ ਉਦਾਸ ਬੈਠੀ ਨਿੰਮੀ ਨੇ ਰੀਤ ਨੂੰ ਪੁੱਛਿਆ।
-''ਮੌਤ ਦਾ ਪਤਾ ਇਸ ਦੇਸ਼ ਵਿਚ ਕਿੱਥੇ ਲੱਗਣਾ ਸੀ..? ਮਾਂ-ਪਿਉ ਬੁੜ੍ਹੇ ਸੀ, ਪੈਰਵਾਹੀ ਕਰਨ ਵਾਲ਼ਾ ਹੋਰ ਕੋਈ ਹੈ ਨਹੀਂ ਸੀ..!" ਉਸ ਦੇ ਬੇਵੱਸੇ ਹੰਝੂ ਧਰਾਲ਼ੀਂ ਹਿੱਕ 'ਤੇ ਡੁੱਲ੍ਹੀ ਜਾ ਰਹੇ ਸਨ।
ਦਿਲਰਾਜ ਅਤੇ ਗੁਰਨੂਰ ਅਜੇ ਤੱਕ ਵੀ ਪਰਤੀਆਂ ਨਹੀਂ ਸਨ।
ਉਹ ਪਤਾ ਨਹੀਂ ਕਿਹੜੇ ਕੂਟੀਂ ਚੜ੍ਹ ਗਈਆਂ ਸਨ? ਉਹਨਾਂ ਨੂੰ ਹੁਣ ਤੱਕ ਇਹ ਨਹੀਂ ਪਤਾ ਚੱਲਿਆ ਸੀ ਕਿ 'ਅੰਟੀਆਂ' ਜਾਂਦੀਆਂ ਕਿੱਥੇ ਸਨ ਅਤੇ ਕੀ ਕਰਦੀਆਂ ਸਨ? ਪਰ ਉਹਨਾਂ ਨੂੰ ਉਹਨਾਂ 'ਤੇ ਕੋਈ ਗ਼ੈਰ ਸ਼ੱਕ ਵੀ ਨਹੀਂ ਸੀ।
ਦੇਰ ਰਾਤ ਜਾ ਕੇ ਉਹ ਸੁੱਤੀਆਂ।
ਪਰ ਦਿਲਰਾਜ ਅਤੇ ਗੁਰਨੂਰ ਅਜੇ ਵੀ ਬਹੁੜੀਆਂ ਨਹੀਂ ਸਨ।
ਸਵੇਰੇ ਪਹਿਰ ਦੇ ਤੜਕੇ ਹੀ ਉਹਨਾਂ ਦੀ ਕੋਠੀ 'ਤੇ ਪੁਲੀਸ ਦੀ 'ਧਾੜ' ਆ ਪਈ ਅਤੇ ਨਿੰਮੀ ਅਤੇ ਰੀਤ ਨੂੰ ਰਜਾਈਆਂ ਵਿਚੋਂ 'ਧੂਹ' ਲਿਆ ਗਿਆ।
ਸਾਹਮਣੇ ਗੁਰਨੂਰ ਅਤੇ ਦਿਲਰਾਜ ਹੱਥਕੜੀਆਂ ਵਿਚ ਜਕੜੀਆਂ ਹੋਈਆਂ ਪੁਲੀਸ ਹਿਰਾਸਤ ਵਿਚ ਸਨ। ਹਾਲਾਤ ਦੇਖ ਕੇ ਨਿੰਮੀ ਅਤੇ ਰੀਤ 'ਥਰ-ਥਰ' ਕੰਬਣ ਲੱਗ ਪਈਆਂ। ਅੰਟੀਆਂ ਦੇ ਚਿਹਰੇ ਬੱਗੇ ਪੂਣੀਂ ਹੋਏ ਪਏ ਸਨ। ਨਿੰਮੀ ਅਤੇ ਰੀਤ ਨੂੰ ਇਹ ਸਮਝ ਨਹੀਂ ਪਈ ਸੀ ਕਿ ਪੁਲੀਸ ਨੇ ਅੰਟੀਆਂ ਨੂੰ ਗ੍ਰਿਫ਼ਤਾਰ ਕਿਉਂ ਕੀਤਾ ਸੀ..? ਕਿਸੇ ਅਣਹੋਣੀ ਬਾਰੇ ਸੋਚ ਕੇ ਉਹਨਾਂ ਦੇ ਚਿਹਰਿਆਂ ਤੋਂ ਹਵਾਈਆਂ ਉਡ ਰਹੀਆਂ ਸਨ ਅਤੇ ਇਕ ਪਾਸੇ 'ਪ੍ਰੈੱਸ' ਵਾਲ਼ੇ ਪੁਲੀਸ ਤੋਂ ਕਨਸੋਆਂ ਲੈ ਰਹੇ ਸਨ। ਨਿੰਮੀ ਅਤੇ ਰੀਤ ਠਠੰਬਰੀਆਂ ਖੜ੍ਹੀਆਂ ਸਨ। ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਅੰਟੀਆਂ ਨੂੰ ਪੁਲੀਸ ਨੇ ਕਿਉਂ ਫ਼ੜਿਆ ਹੋਇਆ ਸੀ?
-''ਕੋਠੀ ਦੀ ਤਲਾਸ਼ੀ ਲਓ..!" ਠਾਣੇਦਾਰ ਦਾ ਹੁਕਮ ਸੀ। ਕਿਸੇ ਗੱਲ ਤੋਂ ਉਹ ਸਿਪਾਹੀਆਂ ਨੂੰ ਖਿਝ-ਖਿਝ ਪੈਂਦਾ ਸੀ।
ਸਿਪਾਹੀ ਕੋਠੀ ਦੇ ਕਰੋਲ਼ੇ ਦੇਣ ਲੱਗ ਪਏ।
ਕੋਠੀ ਦੀ ਪੂਰੀ ਤਲਾਸ਼ੀ ਤੋਂ ਬਾਅਦ ਸਭ ਨੂੰ ਠਾਣੇ ਲਿਆ ਕੇ ਹਵਾਲਾਤ 'ਚ ਬੰਦ ਕਰ ਦਿੱਤਾ ਗਿਆ।
ਸਭ ਨੂੰ ਵੱਖੋ-ਵੱਖ ਹਵਾਲਾਤਾਂ ਵਿਚ ਰੱਖਿਆ ਗਿਆ ਸੀ। ਰੀਤ ਅਤੇ ਨਿੰਮੀ ਨੂੰ ਅਜੇ ਤੱਕ ਕੋਈ ਸਮਝ ਨਹੀਂ ਆਈ ਸੀ ਕਿ ਪੁਲੀਸ ਨੇ ਉਹਨਾਂ ਨੂੰ ਗ੍ਰਿਫ਼ਤਾਰ ਕਿਉਂ ਕੀਤਾ ਸੀ? ਉਹ ਮਜੌਰਾਂ ਦੀ ਮਾਂ ਵਾਂਗ ਹਵਾਲਾਤ ਵਿਚੋਂ ਝਾਕ ਰਹੀਆਂ ਸਨ। ਕਿਸੇ ਸਹਿਮ ਕਾਰਨ ਉਹਨਾਂ ਦੇ ਦਿਲ ਫ਼ੜੇ ਕਬੂਤਰ ਵਾਂਗ 'ਫ਼ੜੱਕ-ਫ਼ੜੱਕ' ਵੱਜੀ ਜਾ ਰਹੇ ਸਨ। ਰੀਤ ਨੂੰ ਹੁਣ ਅਗਲਾ ਫ਼ਿਕਰ ਸਤਾਉਣ ਲੱਗ ਗਿਆ ਸੀ ਕਿ ਮੇਰੇ ਮਾਂ-ਬਾਪ ਤਾਂ ਅੱਗੇ ਹੀ ਨਹੀਂ ਸੀ ਮਾਨ! ਉਹ ਤਾਂ ਅੱਗੇ ਹੀ ਮੇਰੇ 'ਤੇ ਖਿਝੇ ਪਏ ਸਨ। ਉਹਨਾਂ ਨੇ ਤਾਂ ਨਵੀ ਜੀ ਵਾਲ਼ੀ 'ਗਲਤੀ' ਹੀ ਮੁਆਫ਼ ਨਹੀਂ ਕੀਤੀ ਸੀ। ਪਰ ਹੁਣ ਆਹ ਹੋਰ 'ਬਿੱਜ' ਪਤਾ ਨਹੀਂ ਕਿਹੜੀ ਆ ਪਈ ਸੀ?
ਉਧਰੋਂ ਨਿੰਮੀ ਦਾ ਵੀ ਇਹੀ ਹਾਲ ਸੀ ਕਿ ਮੈਂ ਤਾਂ ਅੱਗੇ ਹੀ ਜ਼ਿੰਦਗੀ ਵਿਚ ਐਡਾ ਵੱਡਾ ਸੰਤਾਪ ਭੋਗ ਚੁੱਕੀ ਹਾਂ, ਤੇ ਅਗਲੀ ਆਹ ਕਿਹੜੀ ਬਿਪਤਾ ਆ ਪਈ? ਦੋਨੋਂ ਹਾਲਾਤਾਂ ਦੇ ਪੇਂਜੇ ਵਿਚ ਰੂੰ ਵਾਂਗ ਪਿੰਜੀਆਂ ਜਾ ਰਹੀਆਂ ਸਨ। ਅੱਗੇ ਤਾਂ ਜੋ ਹੋਇਆ ਜਾਂ ਬੀਤਿਆ ਸੀ, ਉਸ ਦੇ ਬਾਰੇ ਕਿਸੇ ਨੂੰ ਪਤਾ ਸੀ, ਅਤੇ ਕਿਸੇ ਨੂੰ ਨਹੀਂ ਸੀ ਪਤਾ! ਪਰ ਆਹ ਤਾਂ ਜੱਗ ਜਹਾਨ ਢੋਲ ਖੜਕ ਜਾਣੇ ਸਨ। ਅਖ਼ਬਾਰਾਂ ਵਿਚ ਤੜਥੱਲ ਮੱਚ ਜਾਣਾ ਸੀ। ਪਰ ਉਹਨਾਂ ਨੂੰ 'ਅਸਲ' ਗੱਲ ਦਾ ਕੋਈ ਗਿਆਨ ਨਹੀਂ ਸੀ ਕਿ ਸਾਡੇ ਨਾਲ਼ ਅੱਗੇ ਕੀ ਹੋਣ ਵਾਲ਼ਾ ਸੀ? ਇਸ ਲਈ ਉਹ ਘੋਰ ਪ੍ਰੇਸ਼ਾਨ ਹੋਈਆਂ ਹਵਾਲਾਤ ਵਿਚ ਗੋਡਿਆਂ ਵਿਚ ਸਿਰ ਦੇਈ ਬੈਠੀਆਂ ਸਨ। ਪਰ ਦਿਲਰਾਜ ਅਤੇ ਗੁਰਨੂਰ ਦੇ ਚਿਹਰਿਆਂ 'ਤੇ ਕੋਈ ਗ਼ਮ ਜਾਂ ਫ਼ਿਕਰ ਨਹੀਂ ਸੀ। ਪਤਾ ਨਹੀਂ ਉਹਨਾਂ ਨੂੰ ਕਾਸ ਦਾ ਹੌਸਲਾ ਸੀ?
ਸਾਰੀ ਦਿਹਾੜੀ ਉਹਨਾਂ ਨੂੰ ਹਵਾਲਾਤ ਵਿਚ ਬੰਦ ਹੋਇਆਂ ਹੀ ਲੰਘ ਗਈ ਸੀ। ਕਿਸੇ ਨੇ ਉਹਨਾਂ ਨੂੰ ਬੁਲਾਇਆ ਨਹੀਂ ਸੀ। ਪਰ ਉਹਨਾਂ ਨੂੰ ਮਹਿਸੂਸ ਜ਼ਰੂਰ ਹੋ ਰਿਹਾ ਸੀ ਕਿ ਠਾਣੇ ਵਿਚ ਕੋਈ ਨਾ ਕੋਈ ਕਾਰਵਾਈ ਅੰਦਰੇ-ਅੰਦਰ ਚੱਲ ਰਹੀ ਸੀ, ਜੋ ਉਹਨਾਂ ਦੇ ਭਲੇ ਵਿਚ ਨਹੀਂ ਜਾਣੀ ਸੀ। ਸਭ ਤੋਂ ਵੱਧ ਉਹਨਾਂ ਨੂੰ ਅਖ਼ਬਾਰਾਂ ਵਾਲ਼ਿਆਂ ਤੋਂ ਡਰ ਸੀ ਕਿ ਉਹਨਾਂ ਨੇ ਪਤਾ ਨਹੀਂ ਕੀ ਸੱਪ ਕੱਢ ਕੇ ਲੋਕਾਂ ਅੱਗੇ ਪੇਸ਼ ਕਰਨਾ ਸੀ? ਰਿਪੋਰਟ ਉਹਨਾਂ ਨੇ ਪੁਲੀਸ ਦੇ ਬਿਆਨਾਂ ਦੇ ਆਧਾਰ 'ਤੇ ਹੀ ਪੇਸ਼ ਕਰਨੀ ਸੀ, ਹੋਰ ਉਹਨਾਂ ਨੂੰ ਕਿਹੜਾ ਕੋਈ ਸੁਪਨਾ ਆਉਂਦਾ ਸੀ? ਹੁਣ ਉਹਨਾਂ ਨੂੰ ਕੱਲ੍ਹ ਆਉਣ ਵਾਲ਼ੇ ਅਖ਼ਬਾਰਾਂ ਤੋਂ ਭੈਅ ਆਉਣ ਲੱਗ ਪਿਆ ਸੀ। ਘੱਟੋ ਘੱਟ ਆਉਣ ਵਾਲ਼ਾ 'ਕੱਲ੍ਹ' ਉਹਨਾਂ ਲਈ 'ਸ਼ੁਭ' ਨਹੀਂ ਸੀ।
ਰਾਤ ਨੂੰ 'ਲਾਲ ਬੱਤੀ' ਵਾਲ਼ੀਆਂ ਦੋ ਗੱਡੀਆਂ ਠਾਣੇ ਵਿਚ ਆ ਰੁਕੀਆਂ। ਉਹਨਾਂ ਦੇ ਨਾਲ਼ ਆਏ ਦਸ-ਪੰਦਰਾਂ ਹਥਿਆਰਬੰਦ ਬੰਦਿਆਂ ਨੇ ਠਾਣੇ ਵਿਚ ਸੰਘੱਟ ਲਿਆ ਦਿੱਤਾ ਸੀ। ਗਰਦੋਗੋਰ ਉਠੀ ਸੀ। ਠਾਣੇ ਵਾਲ਼ਿਆਂ ਨੂੰ ਵਖ਼ਤ ਪੈ ਗਿਆ ਸੀ। ਸਾਰੇ ਹੱਥਾਂ-ਪੈਰਾਂ ਵਿਚ ਆਏ ਪਏ ਸਨ। ਮੰਤਰੀ ਜੀ 'ਖ਼ੁਦ' ਆਪ ਚੱਲ ਕੇ ਠਾਣੇ ਆਏ ਸਨ।
ਮੰਤਰੀ ਜੀ ਸਿੱਧੇ ਦਫ਼ਤਰ ਵਿਚ ਗਏ ਤਾਂ ਠਾਣੇਦਾਰ ਅਜ਼ੀਜ਼ ਬਣਿਆਂ, ਹੱਥ ਜੋੜੀ ਖੜ੍ਹਾ ਸੀ।
-''ਤੇਰਾ ਨੌਕਰੀ ਕਰਨ ਦਾ ਇਰਾਦਾ ਹੈ ਕਿ ਨਹੀਂ..?" ਮੰਤਰੀ ਸਿੱਧਾ ਹੀ ਠਾਣੇਦਾਰ 'ਤੇ ਰਾਸ਼ਣ-ਪਾਣੀ ਲੈ ਕੇ ਚੜ੍ਹ ਗਿਆ।
-''ਸਾਹਿਬ ਬਹਾਦਰ, ਗੁਸਤਾਖ਼ੀ ਮੁਆਫ਼, ਪ੍ਰੈੱਸ ਵਾਲ਼ਿਆਂ ਦੀ ਇੰਨਫ਼ਾਰਮੇਸ਼ਨ ਸੀ..!"
-''ਤੈਨੂੰ ਰੱਬ ਨੇੜੇ ਐ ਜਾਂ ਘਸੁੰਨ..? ਉਹ ਹਰਾਮਜ਼ਾਦੇ ਕੌਣ ਹੁੰਦੇ ਐ..? ਤੈਨੂੰ ਪਤਾ ਨਹੀਂ ਮੈਡਮ ਮੇਰੀ ਰਿਸ਼ਤੇਦਾਰ ਐ..?" ਉਸ ਨੇ ਹੱਥ ਮੇਜ਼ 'ਤੇ ਮਾਰਿਆ ਤਾਂ ਠਾਣੇਦਾਰ ਦਾ 'ਤ੍ਰਾਹ' ਨਿਕਲ਼ ਗਿਆ। ਮੁਣਸ਼ੀ ਪਹਿਲਾਂ ਹੀ ਧੁੰਨੀ 'ਤੇ ਦੋਵੇਂ ਹੱਥ ਰੱਖੀ ਇੱਕ ਖੂੰਜੇ ਲੱਗਿਆ ਖੜ੍ਹਾ ਸੀ।
-''ਇਹ ਤਾਂ ਜਨਾਬ ਮੈਨੂੰ ਪਤਾ ਨਹੀਂ ਸੀ..! ਨਾ ਹੀ ਦੋਸ਼ੀਆਂ 'ਚੋਂ ਕਿਸੇ ਨੇ ਦੱਸਿਐ..!" ਠਾਣੇਦਾਰ ਆਪਣੀ ਜਗਾਹ ਸੱਚਾ ਸੀ।
ਠਾਣੇਦਾਰ ਦੀ ਸੱਚੀ ਗੱਲ ਸੁਣ ਕੇ ਮੰਤਰੀ ਦਾ ਪਾਰਾ ਵੀ ਕੁਝ ਥੱਲੇ ਆ ਗਿਆ।
-''ਗੱਲ ਅਖ਼ਬਾਰਾਂ ਵਾਲ਼ਿਆਂ ਦੇ ਹੱਥ ਆ ਚੁੱਕੀ ਹੈ ਸਰਕਾਰ, ਹੁਣ ਦੱਸੋ ਅਸੀਂ ਕਿਹੜੀ ਮੋਰੀ ਨਿਕਲ਼ੀਏ..?" ਮੰਤਰੀ ਨੂੰ ਸ਼ਾਂਤ ਹੋਇਆ ਦੇਖ ਠਾਣੇਦਾਰ ਨੇ ਬਾਜ਼ੀ ਆਪਣੇ ਹੱਥ ਲੈਣੀਂ ਚਾਹੀ।
-''ਕਿੰਨੀਆਂ ਗ੍ਰਿਫ਼ਤਾਰੀਆਂ ਹੋਈਐਂ..?"
-''ਚਾਰ ਹੋਈਐਂ ਜਨਾਬ..!"
-''ਦੋ ਨੂੰ ਕਾਰਵਾਈ 'ਚੋਂ ਪਾਸੇ ਰੱਖ ਕੇ ਬਾਕੀ ਕਾਰਵਾਈ ਦੂਜੀਆਂ ਦੋ 'ਤੇ ਪਾ ਦਿਓ..!"
-''ਪਰ ਸਾਨੂੰ ਇਹ ਤਾਂ ਦੱਸ ਦਿਓ ਕਿ ਤੁਹਾਡੀ ਰਿਸ਼ਤੇਦਾਰ ਬੀਬੀ ਹੈ ਕਿਹੜੀ..? ਕਾਰਵਾਈ ਵਿਚ ਕਿਤੇ ਸਾਥੋਂ ਫ਼ੇਰ ਨਾ ਕੋਈ ਗੁਸਤਾਖ਼ੀ ਹੋ ਜਾਵੇ..!"
-''ਦਿਲਰਾਜ..! ਦਿਲਰਾਜ ਮੇਰੀ ਰਿਸ਼ਤੇਦਾਰ ਐ..!"
-''ਹੌਲਦਾਰ..!"
-''ਜੀ ਸਰਕਾਰ..?"
-''ਬੀਬੀ ਦਿਲਰਾਜ ਕੌਰ ਨੂੰ ਬਾਹਰ ਲੈ ਕੇ ਆਓ..!" ਠਾਣੇਦਾਰ ਨੇ ਹੁਕਮ ਕੀਤਾ।
ਬੜੇ ਅਦਬ ਨਾਲ਼ ਦਿਲਰਾਜ ਨੂੰ ਬਾਹਰ ਲਿਆਂਦਾ ਗਿਆ।
-''ਲਓ ਬੀਬੀ ਜੀ, ਕੁਰਸੀ ਲਓ..!" ਠਾਣੇਦਾਰ ਨੇ ਕੁਰਸੀ ਅੱਗੇ ਕੀਤੀ।
ਦਿਲਰਾਜ ਬੜੇ ਮਜ਼ਾਜ਼ ਨਾਲ਼ ਬੈਠ ਗਈ।
-''ਕੋਈ ਤਕਲੀਫ਼ ਤਾਂ ਨੀ ਹੋਈ..? ਮੈਨੂੰ ਤਾਂ ਜਦੋਂ ਪਤਾ ਲੱਗਿਆ, ਪੈਰ ਜੁੱਤੀ ਨੀ ਪਾਈ, ਨੰਗੇ ਪੈਰੀਂ ਭੱਜਿਆ ਈ ਆਇਐਂ..! ਨਹੀਂ ਆਥਣ ਨੂੰ ਤਾਂ ਚਾਹੇ ਰੱਬ ਦਾ ਸੱਦਾ ਆ ਜਾਵੇ, ਅਸੀਂ ਤਾਂ ਨੀ ਜਾਂਦੇ..!" ਮੰਤਰੀ ਜੀ ਨੇ ਹੱਸ ਕੇ ਦਿਲਰਾਜ ਨੂੰ ਸੁਖਾਂਵਾਂ ਜਿਹਾ ਕਰਨ ਲਈ ਕਿਹਾ।
ਪਰ ਦਿਲਰਾਜ ਦੇ ਮਨ 'ਤੇ ਕੋਈ ਬਹੁਤਾ ਅਸਰ ਨਹੀਂ ਹੋਇਆ।
ਉਹ ਚੁੱਪ ਹੀ ਰਹੀ।
-''ਕੁਛ ਮੂੰਹੋਂ ਤਾਂ ਬੋਲ..? ਅਸੀਂ ਤੁਹਾਡੇ ਇੱਕ ਬੋਲ 'ਤੇ ਕਤਲ ਹੋਣ ਲਈ ਤਿਆਰ ਹੋ ਜਾਨੇ ਐਂ ਸੋਹਣਿਓਂ..!" ਮੰਤਰੀ ਨੇ ਬੈਠੀ ਦਿਲਰਾਜ ਦੇ ਮੋਢੇ ਫ਼ੜ ਲਏ। ਠਾਣੇਦਾਰ ਅਤੇ ਮੁਣਸ਼ੀ ਵੱਖ ਹੈਰਾਨ ਸਨ ਕਿ ਇਹ ਤਾਂ ਇਸ ਨੂੰ ਆਪਣੀ 'ਰਿਸ਼ਤੇਦਾਰ' ਦੱਸ ਰਿਹਾ ਸੀ? ਪਰ ਹੁਣ ਤਾਂ ਇਹ ਕੰਜਰ ਬੋਲੀ ਹੀ ਹੋਰ ਬੋਲ ਰਿਹਾ ਸੀ?
-''........।" ਪਰ ਦਿਲਰਾਜ ਚੁੱਪ ਸੀ।
-''ਤੇਰੇ ਨਾਲ਼ ਹੋਰ ਕੌਣ ਐਂ..?"
-''ਅੱਗੇ ਹੋਰ ਕੌਣ ਹੁੰਦੀ ਐ..? ਜਿਹੜੀ ਇਲੈਕਸ਼ਨ ਵੇਲ਼ੇ ਤੈਨੂੰ ਸਭ ਤੋਂ ਵੱਡੀ ਬੁਰਕੀ ਸਿੱਟਦੀ ਐ..! ਚਾਲਾਂ ਕਿਵੇਂ ਕਰਦੈ..!" ਉਹ ਅਤੀਅੰਤ ਰੁੱਖੀ ਬੋਲੀ।
-''ਅੱਛਾ...!! ਗੁਰਨੂਰ ਐ..! ਲਿਆਓ, ਉਹਨੂੰ ਵੀ ਬਾਹਰ ਲਿਆਓ ਬਈ..! ਉਹ ਤਾਂ ਸਾਡੀ ਜਿੰਦ ਜਾਨ ਐਂ..!"
ਗੁਰਨੂਰ ਨੂੰ ਵੀ ਦਫ਼ਤਰ ਲੈ ਆਂਦਾ।
-''ਅੱਜ ਮਹਾਂਪੁਰਖ਼ ਗੁੱਸੇ ਲੱਗਦੇ ਐ..!"
-''ਸਾਰਾ ਦਿਨ ਬੀਤ ਗਿਆ, ਕਿਤੇ ਬਾਹਰ ਗਿਆ ਸੀ..?" ਗੁਰਨੂਰ ਨੇ ਵੀ ਗੱਲ ਵੱਲੋਂ ਬੇਧਿਆਨੀ ਹੋ ਕੇ ਸੁਆਲ ਕੀਤਾ।
-''ਸੀ ਤਾਂ ਏਥੇ ਈ..! ਪਰ ਪਤਾ ਈ ਲੇਟ ਲੱਗਿਆ..!"
-''ਤੇਰਾ ਸਾਡੇ ਵੱਲੀਂ ਕਾਹਨੂੰ ਖ਼ਿਆਲ ਐ..! ਤੂੰ ਐਂ ਪੂਰਾ ਗਿੱਦੜਮਾਰ..!" ਉਸ ਨੇ ਰੱਬ ਜਿੱਡਾ ਉਲਾਂਭਾ ਦੇ ਮਾਰਿਆ।
-''ਓਅ..ਹੋ..! ਆਪਣੇ ਪੰਜਾਬੀਆਂ ਦਾ ਸੁਭਾਅ ਕੀ ਐ..? ਜੇ ਕੋਈ ਜੁਆਕ ਵੀਹੀ 'ਚ ਨੰਗਾ ਫ਼ਿਰਦਾ ਹੋਵੇ ਤਾਂ ਆਂਢੀ ਗੁਆਂਢੀ ਉਹਨੂੰ ਪੁੱਛੀ ਜਾਣਗੇ: ਅੱਜ ਤੇਰੀ ਮੰਮੀ ਨੇ ਨਿੱਕਰ ਨੀ ਪਾਈ..? ਦੇਖ ਲੈ ਕੀ ਅਰਥ ਨਿਕਲ਼ਦੇ ਐ..! ਸੱਚੀ ਤੂੰ ਵੀ ਐਂ ਤੇ ਸੱਚਾ ਮੈਂ ਵੀ ਆਂ..! ਝੂਠਾ ਆਪਣੇ 'ਚੋਂ ਕੋਈ ਨੀ..! ਹੋਰ ਕੋਈ ਸੇਵਾ ਦੱਸ..?"
-''ਆਪਣੀ ਕੋਠੀ 'ਚੋਂ ਕਾਫ਼ੀ ਸਮਾਨ ਜਬਤ ਕੀਤਾ ਗਿਐ..!"
-''ਉਹ ਓਥੇ ਈ ਪਹੁੰਚ ਜਾਊਗਾ, ਜਿੱਥੋਂ ਜਬਤ ਹੋਇਐ..! ਤੇਰੇ ਬਾਂਸ ਬਰੇਲੀ ਨੂੰ ਥੋੜ੍ਹੋ ਜਾਣ ਦਿਆਂਗੇ..?"
-''ਠਾਣੇਦਾਰ ਸਾਹਿਬ..!" ਹੁਣ ਮੰਤਰੀ ਦੀ ਜ਼ੁਬਾਨ 'ਚ ਮਿਠਾਸ ਸੀ।
-''ਜੀ ਹਜ਼ੂਰ..!"
-''ਇਹਨਾਂ ਦਾ ਸਮਾਨ ਕੋਠੀ ਪੁਚਾ ਦਿਓ ਤੇ ਤੁਸੀਂ ਰਾਤ ਨੂੰ ਸਾਡੇ ਗ਼ਰੀਬਖ਼ਾਨੇ ਦਰਸ਼ਣ ਜ਼ਰੂਰ ਦਿਓ, ਇਲੈਕਸ਼ਨ ਵੀ ਨੇੜੇ ਆ ਰਹੀ ਐ, ਕੋਈ ਸਲਾਹ ਮਸ਼ਬਰਾ ਤੇ ਨਾਲ਼ ਜਸ਼ਨ ਵੀ ਕਰਾਂਗੇ!"
-''ਜੋ ਹੁਕਮ ਸਰਕਾਰ..!"
ਮੰਤਰੀ ਦਿਲਰਾਜ ਅਤੇ ਗੁਰਨੂਰ ਨੂੰ ਲੈ ਕੇ ਚਲਿਆ ਗਿਆ।
ਨਿੰਮੀ ਅਤੇ ਰੀਤ ਅਜੇ ਵੀ ਹਵਾਲਾਤ ਵਿਚ ਬੰਦ ਸਨ।
-''ਉਹਨਾਂ ਨੂੰ ਵੀ ਬਾਹਰਲੀ ਹਵਾ ਲੁਆ ਦਿਓ ਜਨਾਬ..! ਕਿਤੇ ਅੰਦਰੇ ਈ ਨਾ ਉੱਲੀ ਲੱਗ ਜਾਵੇ..!" ਮੁਣਸ਼ੀ ਬੋਲਿਆ।
-''ਤਕੜੇ ਦਾ ਸਾਲ਼ਾ ਸੱਤੀਂ ਬੀਹੀਂ ਸੌ ਹੁੰਦੈ..!"
-''ਮੁੱਖ ਦੋਸ਼ੀਆਂ ਨੂੰ ਮੇਰਾ ਸਾਲ਼ਾ ਸਰਕਾਰੀ ਸਾਹਣ ਮਿੰਟ 'ਚ ਲੈ ਕੇ ਤਿੱਤਰ ਹੋ ਗਿਆ, ਤੇ ਕਾਰਵਾਈ ਕਹਿੰਦਾ ਇਹਨਾਂ ਕਰਾਸ ਦੋਸ਼ੀਆਂ 'ਤੇ ਪਾ ਦਿਓ..!"
-''ਇਹ ਦੋਸ਼ੀ ਨਹੀਂ, ਇਹ ਤਾਂ ਪੀੜਤ ਐ ਜਨਾਬ..! ਅੱਜ ਮੈਂ ਮੋਟੀ ਜਿਹੀ ਜਾਣਕਾਰੀ ਦੋਵੇਂ ਕੁੜੀਆਂ ਤੋਂ ਲੈ ਲਈ ਸੀ..!" ਹੌਲਦਾਰ ਨੇ ਕਿਹਾ।
-''ਕਦੇ ਕਦੇ ਤੂੰ ਬੜਾ ਤੱਤਾ ਵਗਦੈਂ..?"
-''ਮੈਂ ਤਾਂ ਵੈਸੇ ਈ ਕਨਸੋਅ ਜੀ ਲਈ ਸੀ..!"
-''ਬੁੜ੍ਹੀਆਂ ਦੀਆਂ ਕੱਛਾਂ ਸੁੰਘਣ 'ਚ ਤਾਂ ਤੂੰ 'ਨ੍ਹੇਰੀ ਐਂ..! ਡੇਂਗੂ ਬੁਖ਼ਾਰ ਤਾਂ ਤੈਨੂੰ ਬੰਦਿਆਂ ਦੀ ਕਾਰਵਾਈ ਵੇਲ਼ੇ ਚੜ੍ਹਦੈ..!"
ਹੌਲਦਾਰ ਛਿੱਥਾ ਜਿਹਾ ਪੈ ਗਿਆ।
-''ਕੀ ਖ਼ਿਆਲ ਐ ਜਨਾਬ..?" ਮੁਣਸ਼ੀ ਨੇ ਠਾਣੇਦਾਰ ਨੂੰ ਪੁੱਛਿਆ।
-''ਇਹ ਤਾਂ ਉਹ ਗੱਲ ਹੋਈ ਕਿ ਜੰਨ ਕੁਪੱਤੀ ਤੇ ਸੁਥਰਾ ਭਲਾ ਮਾਣਸ..! ਦੋਸ਼ੀਆਂ ਨੂੰ ਮਗਰਮੱਛ ਬਚਾ ਕੇ ਲੈ ਗਿਆ ਤੇ ਨਿਰਦੋਸ਼ ਤੇ ਪੀੜਤ ਕੁੜੀਆਂ 'ਤੇ ਕੇਸ ਪਾਉਣ ਵਾਸਤੇ ਆਖ ਗਿਆ..!"
-''ਕੁੜੀਆਂ 'ਤੇ ਕੇਸ ਪਾਉਣ ਦੀ ਤਾਂ ਕੋਈ ਤੁਕ ਈ ਨੀ ਬਣਦੀ..! ਉਹ ਤਾਂ ਪੀੜਤ ਧਿਰ ਐ..!" ਹੌਲਦਾਰ ਨੇ ਵਿਚ ਦਖ਼ਲ ਦਿੱਤਾ।
-''ਤੇ ਜਿਹੜੀ ਗੱਲ ਪ੍ਰੈੱਸ ਦੇ ਹੱਥ ਆ ਗਈ ਐ, ਉਹਨੂੰ ਰਫ਼ਾ-ਦਫ਼ਾ ਕਿਵੇਂ ਕਰਾਂਗੇ..?" ਠਾਣੇਦਾਰ ਨੂੰ ਸਹੇ ਨਾਲ਼ੋਂ ਪਹੇ ਦਾ ਡਰ ਜ਼ਿਆਦਾ ਸੀ।
-''ਗੱਲ ਓਸ ਦੀ ਨੀ ਸਰਕਾਰ..! ਗੱਲ ਇਹ ਐ ਬਈ ਜੇ ਆਪਾਂ ਇਹਨਾਂ ਕੁੜੀਆਂ ਨੂੰ ਕੇਸ ਪਾ ਕੇ ਅਦਾਲਤ ਪੇਸ਼ ਕਰਾਂਗੇ ਤਾਂ ਅਗਲੇ ਸਬੂਤ ਵੀ ਮੰਗਣਗੇ..! ਜੇ ਕੁੜੀਆਂ ਨੇ ਜੱਜ ਦੇ ਸਾਹਮਣੇ ਅਸਲ ਦੋਸ਼ੀਆਂ ਦਾ ਭੇਦ ਖੋਲ੍ਹ ਦਿੱਤਾ, ਉਹਨਾਂ ਨੂੰ ਅਦਾਲਤ ਪੇਸ਼ ਕਿਵੇਂ ਕਰਾਂਗੇ..? ਮੰਤਰੀ ਤਾਂ ਕੁੜੀ ਯਾਹਵਾ ਵੱਢਣ ਆਉਂਦੈ..!"
-''ਇਸ ਕੰਮ 'ਚ ਮੰਤਰੀ ਦਾ ਹੱਥ ਸਿੱਧਾ ਵਿਚ ਐ..! ਉਹ ਇਹਨੂੰ ਕੁੜੀਆਂ ਲਿਆ ਕੇ ਪੇਸ਼ ਕਰਦੀਆਂ ਹੋਣਗੀਆਂ, ਤੇ ਨਹੀਂ ਕੁੜੀਆਂ ਦੀ ਵੇਚ-ਵੱਟਤ ਵਿਚੋਂ ਹਿੱਸਾ ਤਾਂ ਸਿੱਧਾ ਜਾਂਦਾ ਈ ਹੋਊਗਾ..!"
-''ਉਹ ਤਾਂ ਅਗਲੀ ਆਪਦੇ ਮੂੰਹੋਂ ਈ ਦੱਸ ਗਈ..!"
-''ਕਿੱਡਾ ਵੱਡਾ ਸਕੈਂਡਲ ਹੱਥ ਆਇਆ ਸੀ, ਸਾਲ਼ੇ ਮੰਤਰੀ ਨੇ ਸਿੰਗ ਆ ਫ਼ਸਾਏ..! ਨਹੀਂ ਪ੍ਰਮੋਸ਼ਨ ਪੱਕੀ ਸੀ..!" ਠਾਣੇਦਾਰ ਸਿਰ ਫ਼ੇਰੀ ਜਾ ਰਿਹਾ ਸੀ।
-''ਹੁਣ ਆਪਾਂ ਇਹ ਦੇਖੀਏ ਕਿ ਇਸ ਮਾਮਲੇ ਨਾਲ਼ ਸਿੱਝਣਾਂ ਕਿਵੇਂ ਐਂ..?" ਮੁਣਸ਼ੀ ਅਗਲੀ ਕਾਰਵਾਈ ਲਈ ਫ਼ਿਕਰਮੰਦ ਸੀ।
-''ਸਾਲ਼ੀ ਸਮਝ ਨੀ ਆਉਂਦੀ..!"
-''ਸਾਰਾ ਮਾਮਲਾ ਈ ਚੌਪਟ ਕਰ ਕੇ ਰੱਖ ਦਿੱਤਾ ਭੈਣ ਦੇ ਖ਼ਸਮ, ਬੋਕ ਨੇ..!"
-''ਮੇਰੀ ਗੱਲ ਮੰਨੋਂ ਜਨਾਬ..!" ਮੁਣਸ਼ੀ ਬੋਲਿਆ।
-''ਦੱਸ..?"
-''ਗੱਲ ਕੁੜੀਆਂ ਦੇ ਪਿੰਡ ਦੀਆਂ ਪੰਚਾਇਤਾਂ ਦੇ ਹੱਥ ਦੇ ਦਿਓ, ਆਪਾਂ ਫ਼ੇਰ ਵੀ ਸੁੱਕੀ ਦੇ ਪੱਤਣ ਨਿਕਲ਼ ਜਾਵਾਂਗੇ..!"
-''ਗੱਲ ਇਹ ਵੀ ਸਹੀ ਐ..! ਕਾਰਵਾਈ ਵੀ ਸਿਰੇ ਚੜ੍ਹ ਜਾਊਗੀ ਤੇ ਇੱਜ਼ਤ ਵੀ ਰਹਿ ਜਾਊ..! ਨਹੀਂ ਮਗਰਮੱਛ ਨਾਲ਼ ਦੁਸ਼ਮਣੀ ਪਾ ਕੇ ਸਮੁੰਦਰ 'ਚ ਨੀ ਰਿਹਾ ਜਾਣਾ, ਪਤਾ ਨੀ ਮੇਰਾ ਸਾਲ਼ਾ ਕਿੱਧਰ ਦੀ ਬਦਲੀ ਕਰਵਾ ਦੇਵੇ..? ਆਹਲਾ ਅਫ਼ਸਰਾਂ ਤੋਂ ਲੈ ਕੇ ਸੈਂਟਰ ਤੱਕ ਸਾਲ਼ੇ ਦੀ ਬਾਂਹ ਅੱਪੜਦੀ ਐ..!"
-''ਇਹਨਾਂ ਨੇ ਤਾਂ ਆਬਦੇ ਹਮਾਇਤੀ ਤੇ ਚਹੇਤੇ ਅਫ਼ਸਰ ਰੱਖਣੇ ਐਂ, ਜੋ ਇਹਨਾਂ ਦੀ 'ਜੀ-ਹਜੂਰੀ' 'ਚ 'ਹਾਂ' ਮਿਲ਼ਾ ਕੇ ਚੱਲਣ..! ਜਿਹੜਾ ਇਹਨਾਂ ਦੀ ਸੁਰ 'ਚ ਸੁਰ ਨਹੀਂ ਮਿਲ਼ਾਉਂਦਾ, ਓਸ ਦੀ ਬਦਲੀ ਕਰਵਾ ਦਿੰਦੇ ਐ, ਜਾਂ ਕੋਈ ਕੇਸ ਪੁਆ ਕੇ ਖੂੰਜੇ ਲਾ ਦਿੰਦੇ ਐ..! ਦੱਸੋ ਤੁਸੀਂ ਕਿੱਥੇ ਜਾਵੋਂਗੇ..? ਜੁਆਕ ਤਾਂ ਪਾਲਣੇ ਈ ਐ..! ਜੇ ਇਹਨਾਂ ਦੇ ਕਹੇ ਅਨੁਸਾਰ ਨਹੀਂ ਚੱਲਦੇ ਤਾਂ ਮਾਰ ਖਾਨੇ ਐਂ ਤੇ ਜੁਆਕ ਰੁਲ਼ਦੇ ਐ..!" ਠਾਣੇਦਾਰ ਬੇਈਮਾਨ ਢਾਂਚੇ ਤੋਂ ਅਤੀਅੰਤ ਨਿਰਾਸ਼ ਸੀ।
-''ਆਪਾਂ ਇਹਨਾਂ ਕੁੜੀਆਂ ਨੂੰ ਰੋਟੀ ਪਾਣੀ ਦਿਓ ਤੇ ਕੱਲ੍ਹ ਨੂੰ ਪਿੰਡਾਂ ਦੀਆਂ ਪੰਚਾਇਤਾਂ ਬੁਲਾ ਕੇ ਮਸਲਾ ਹੱਲ ਕਰੋ..! ਪ੍ਰੈੱਸ ਨੂੰ ਵੀ ਮੂੰਹ ਦਿਖਾਉਣ ਜੋਗੇ ਰਹਿਜਾਂਗੇ..! ਤੇ ਨਹੀਂ ਤਾਂ ਉਹ ਗੱਲ ਹੋਊਗੀ ਕਿ ਨਾਲ਼ੇ ਰੰਨ ਗਈ ਤੇ ਨਾਲ਼ੇ ਕੰਨ ਪਾਟੇ, ਰਾਂਝੇ ਦੱਸ ਪਿਆਰ 'ਚੋਂ ਖੱਟਿਆ ਕੀ..? ਜੇ ਆਪਾਂ ਪੈ ਗਏ ਅਦਾਲਤੀ ਕਾਰਵਾਈ 'ਚ, ਫ਼ੇਰ ਆਪਾਂ ਕਿਤੇ ਨਾ ਕਿਤੇ ਜ਼ਰੂਰ ਫ਼ਸ ਜਾਵਾਂਗੇ..! ਗਵਾਹ ਆਪਾਂ ਨੂੰ ਮਿਲਣੇ ਨੀ, ਤੇ ਜੱਜ ਆਪਣੇ 'ਤੇ ਪਿੱਟਣਗੇ..! ਹੋ ਸਕਦੈ ਲਾਈਨ ਹਾਜ਼ਰ ਹੋ ਜਾਈਏ ਜਾਂ ਗਲਤ ਕੇਸ ਦਰਜ਼ ਕਰਨ 'ਤੇ ਵੈਸੇ ਵੀ ਅੱਗੇ ਧਰ ਲਏ ਜਾਈਏ ਤੇ ਪੇਟੀਆਂ ਲਹਿ ਜਾਣ..?"
-''ਜਾਂ ਤਾਂ ਆਪਣੇ 'ਚ ਜਿਗਰਾ ਹੋਣਾਂ ਚਾਹੀਦੈ ਸਿੱਧੇ ਮੰਤਰੀ ਨੂੰ ਹੱਥਕੜੀ ਮਾਰਨ ਦਾ..!"
-''ਮੰਤਰੀ ਨੂੰ ਹੱਥਕੜੀ ਤਾਂ ਮਾਰ ਲਵਾਂਗੇ, ਪਰ ਉਹਦੇ ਖ਼ਿਲਾਫ਼ ਗਵਾਹੀ ਕਿਹੜਾ ਭੜੂਆ ਦਿਊ..? ਅਦਾਲਤ ਨੂੰ ਗਵਾਹਾਂ ਦੀ ਲੋੜ ਪੈਂਦੀ ਐ..! ਗਵਾਹਾਂ ਨੂੰ ਇਹ ਜਾਂ ਤਾਂ ਡਰਾ ਲੈਂਦੇ ਐ ਤੇ ਜਾਂ ਖ਼ਰੀਦ ਲੈਂਦੇ ਐ..! ਕਾਨੂੰਨ ਤਾਂ ਇਹਨਾਂ ਨੇ ਪਜਾਮੇਂ ਦੇ ਨਾਲ਼ੇ ਨਾਲ਼ ਬੰਨ੍ਹਿਆਂ ਹੋਇਐ..! ਹੁਣ ਤੁਸੀਂ ਇਹ ਦੇਖ ਲਓ..!" ਉਸ ਨੇ ਫ਼ਾਈਲ ਪਾਸੇ ਕਰਦਿਆਂ ਕਿਹਾ।
-''ਇਹਨਾਂ ਮੰਤਰੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕਿੰਨੇ ਕੇਸ ਦਰਜ ਹੋਏ..! ਦੱਸੋ ਹੁਣ ਤੱਕ ਕਿੰਨਿਆਂ ਕੁ ਨੂੰ ਸਜ਼ਾ ਹੋਈ..? ਤਾਰੀਕ ਭੁਗਤਣ ਅਗਲੇ ਕਾਫ਼ਲੇ ਦੀ ਸ਼ਕਲ 'ਚ ਇਉਂ ਜਾਂਦੇ ਐ, ਜਿਵੇਂ ਕਾਨੂੰਨ ਦੀ ਭੈਣ ਨੂੰ ਵਿਆਹੁੰਣ ਚੱਲੇ ਹੋਣ..! ਦਿਨੋਂ ਦਿਨ ਗਵਾਹ ਮੁੱਕਰੀ ਜਾਂਦੇ ਐ, ਸਜ਼ਾ ਕਿੱਥੋਂ ਹੋਊ..? ਕਾਨੂੰਨ ਨੂੰ ਤਾਂ ਇਹ ਬਣਾਈ ਫ਼ਿਰਦੇ ਐ, ਰੰਨ ਬਾਬੇ ਦੀ..!"
-''ਗਵਾਹ ਮੁੱਕਰੀ ਕੀ ਜਾਂਦੇ ਐ..? ਡੰਡੇ ਦੇ ਜੋਰ 'ਤੇ ਮੁਕਰਾਈ ਜਾਂਦੇ ਐ..!"
-''ਜਿੱਥੇ ਡੰਡਾ ਨੀ ਚੱਲਦਾ ਓਥੇ ਪੈਸਾ ਝੋਕ ਦਿੰਦੇ ਐ ਜਾਂ ਅਹੁਦੇ ਦਾ ਚੂਰਨ ਦੇ ਛੱਡਦੇ ਐ..!"
ਇੱਕ ਹਫ਼ਿਆ ਸਿਪਾਹੀ ਠਾਣੇ ਅੰਦਰ ਆਇਆ।
-''ਉਏ ਤੈਨੂੰ ਕੀ ਹੋ ਗਿਆ ਖ਼ਸਮਾਂ ਨੂੰ ਖਾਣਿਆਂ..?" ਖਿਝੇ ਠਾਣੇਦਾਰ ਨੇ ਸਾਰੀ ਖਿਝ ਉਸ 'ਤੇ ਕੱਢੀ।
-''ਝੱਖੜ ਸਿਉਂ ਹਸਪਤਾਲ਼ੋਂ ਭੱਜ ਗਿਆ ਜੀ..!" ਸਿਪਾਹੀ ਦਾ ਸਾਹ ਨਾਲ਼ ਸਾਹ ਨਹੀਂ ਰਲ਼ਦਾ ਸੀ।
-''ਇਹਨੇ ਮੇਰੇ ਸਹੁਰੇ ਨੇ ਅੱਡ ਦੁਖੀ ਕੀਤੇ ਐਂ..! ਸਾਲ਼ਾ ਹਸਪਤਾਲ਼ ਈ ਨੀ ਟਿਕਦਾ..! ਚੱਕਦੈ ਝੋਲ਼ਾ, ਕੁੱਤੇ ਮਾਂਗੂੰ ਤੀੜ ਦੇ ਲੈਂਦੈ..! ਹੁਣ ਗਿਆ ਕਿੱਧਰ..?"
-''ਓਡਾਂ ਦੀ ਗੱਦੋਂ ਦਾ ਕੀ ਪਤੈ ਜੀ..?"
-''ਕਿਸੇ ਠੇਕੇ-ਠੂਕੇ 'ਤੇ ਦੇਖ ਲੈਣਾਂ ਸੀ..? ਐਡਾ ਵੀ ਕੀ ਉਹ ਭੈਣ ਦੇਣਾਂ ਰਾਕਟ ਸੀ, ਜਿਹੜਾ ਅਸਮਾਨ ਚੜ੍ਹ ਗਿਆ..?"
-''......।" ਸਿਪਾਹੀ ਚੁੱਪ ਵੱਟੀ ਖੜ੍ਹਾ ਸੀ।
-''ਹੁਣ ਉਹਨੂੰ ਮੇਰੇ ਸਹੁਰੇ ਬੋਕ ਨੂੰ ਭਾਲਣ ਚੜ੍ਹੀਏ..?"
-''ਜਾਣਾਂ ਤਾਂ ਪਊਗਾ ਈ ਸਰਦਾਰ ਬਹਾਦਰ..! ਜਦੋਂ ਕੁਪੱਤਿਆਂ ਨਾਲ਼ ਵਾਹ ਪੈਜੇ, ਇਉਂ ਈ ਸਿਆਪੇ ਕਰਨੇ ਪੈਂਦੇ ਐ..!"
-''ਤਾਂ ਹੀ ਤਾਂ ਸਿਆਣੇ ਆਖਦੇ ਐ ਕਿ ਮਾੜੇ ਕੰਮਾਂ ਦੇ ਮਾੜੇ ਨਤੀਜੇ ਹੁੰਦੇ ਐ..!"
-''ਤੁਸੀਂ ਕੁੜੀਆਂ ਨੂੰ ਕੁਛ ਦਿਓ ਖਾਣ ਪੀਣ ਨੂੰ, ਅਸੀਂ ਉਹਦੀ ਜਿੰਨ ਦੀ ਭਾਲ਼ ਕਰਦੇ ਐਂ..!" ਠਾਣੇਦਾਰ ਚਾਰ ਸਿਪਾਹੀਆਂ ਨੂੰ ਲੈ ਹਸਪਤਾਲ਼ ਨੂੰ ਰਵਾਨਾ ਹੋ ਗਿਆ।
ਕਿਸ਼ਤ 19
.ਅਸਲ ਵਿਚ ਠਾਣੇਦਾਰ ਮੱਖਣ ਸਿੰਘ ਨੂੰ ਸਾਰੇ 'ਝੱਖੜ ਸਿੰਘ' ਆਖ ਕੇ ਬੁਲਾਉਂਦੇ ਸਨ। ਝੱਖੜ ਸਿੰਘ ਬੜੇ ਕੁਰੱਖ਼ਤ ਸੁਭਾਅ ਦਾ ਅਫ਼ਸਰ ਸੀ। ਕੀ ਦੋਸ਼ੀ ਅਤੇ ਕੀ ਨਿਰਦੋਸ਼ ਬੰਦੇ ਦੀ ਦਾਹੜੀ ਫ਼ੜ ਕੇ ਗੱਲ ਕਰਨੀ ਝੱਖੜ ਸਿੰਘ ਦਾ ਪਹਿਲਾ ਕੰਮ ਸੀ। ਗਾਲ਼ ਤਾਂ ਉਸ ਦੇ ਮੂੰਹ 'ਤੇ ਹੀ ਲਿਖੀ ਹੋਈ ਸੀ। ਉਹ ਜਦ ਵੀ ਕਿਸੇ ਨਾਲ਼ ਗੱਲ ਕਰਦਾ ਤਾਂ ਖਿਝਿਆਂ ਵਾਂਗ, ਜਾੜ੍ਹ ਘੁੱਟ ਕੇ ਗੱਲ ਕਰਦਾ ਸੀ। ਪੰਜਾਬ ਦੇ ਕਾਲ਼ੇ ਦਿਨਾਂ ਵੇਲ਼ੇ ਝੱਖੜ ਸਿੰਘ ਦੀ ਬੜੀ ਦਹਿਸ਼ਤ ਰਹੀ ਸੀ। ਉਹ ਬੜਾ ਹੀ ਨਿਰਦਈ, ਸਖ਼ਤ ਅਤੇ ਕਰੂਰ ਅਫ਼ਸਰ ਸੀ। ਅੱਤਿਵਾਦ ਦੇ ਦਿਨਾਂ ਵਿਚ ਉਸ ਨੇ ਬੜੇ ਹੀ ਜ਼ਾਲਮਾਨਾਂ ਤਰੀਕੇ ਨਾਲ਼ ਨੌਜਵਾਨਾਂ ਦਾ ਇੱਕ ਤਰ੍ਹਾਂ ਨਾਲ਼ 'ਸ਼ਿਕਾਰ' ਖੇਡਿਆ ਸੀ। ਉਸ ਦੇ ਕਾਰਨਾਵੇਂ ਦੇਖ-ਸੁਣ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਸਨ। ਮਾਨੁੱਖੀ ਹਿਰਦੇ ਵਾਲ਼ੇ ਇਨਸਾਨ ਸੋਚਦੇ ਕਿ ਕੀ ਰੱਬ ਦੇ ਬੰਦੇ ਵਾਕਿਆ ਹੀ ਇਤਨੇ ਭਿਆਨਕ ਹੋ ਸਕਦੇ ਸਨ..? ਪੰਜਾਬ 'ਤੇ 'ਕਾਲ਼ੇ ਦਿਨਾਂ' ਵੇਲ਼ੇ ਝੱਖੜ ਸਿੰਘ ਨੇ ਬੜੀ ਅੰਨ੍ਹੀ ਮਚਾਈ ਸੀ। ਉਸ ਵੱਲੋਂ ਪ੍ਰਤਾਪ ਕੌਰ 'ਤੇ ਕੀਤੇ ਜ਼ੁਲਮਾਂ ਨੂੰ ਸਾਰਾ ਜੱਗ ਜਾਣਦਾ ਸੀ।
ਅਸਲ ਵਿਚ ਪ੍ਰਤਾਪ ਕੌਰ ਦੇ ਤਿੰਨ ਪੁੱਤਰ ਅਤੇ ਇੱਕ ਧੀ ਸੀ। ਸਾਰੇ ਪੰਜਾਬ ਵਿਚ ਜ਼ੁਲਮ-ਜਬਰ ਦੀ ਹਨ੍ਹੇਰੀ ਮੱਚੀ ਹੋਈ ਸੀ। ਅੰਨ੍ਹੀ ਪੀਂਹਦੀ ਅਤੇ ਕੁੱਤਾ ਚੱਟਦਾ ਸੀ। ਕਿਤੇ ਕੋਈ ਸੁਣਵਾਈ ਨਹੀਂ ਸੀ। ਵਕੀਲ, ਦਲੀਲ ਜਾਂ ਅਪੀਲ ਨਹੀਂ ਸੀ। ਰਾਤ ਨੂੰ ਇੱਕ ਸੂਹੀਆ ਝੱਖੜ ਸਿੰਘ ਕੋਲ਼ 'ਖ਼ਬਰ' ਲੈ ਕੇ ਆਇਆ।
-''ਆ ਬਈ ਝਮੇਲਿਆ..?" ਝੱਖੜ ਸਿੰਘ ਦਾਰੂ ਦੀ ਬੋਤਲ ਖੋਲ੍ਹੀ ਬੈਠਾ ਸੀ। ਉਹ ਆਪਣੇ ਸੂਹੀਏ 'ਮੇਲਾ ਸਿਉਂ' ਨੂੰ 'ਝਮੇਲਾ ਸਿਉਂ' ਹੀ ਆਖਦਾ ਹੁੰਦਾ ਸੀ।
-''ਯਾਰ ਕਦੇ ਮੇਰਾ ਸਿੱਧਾ ਨਾਂ ਵੀ ਲੈ ਲਿਆ ਕਰ..! ਪੁੱਠਾ ਨਾਂ ਪਕਾ ਦੇਵੇਂਗਾ..!" ਮੇਲਾ ਸਿੰਘ ਨੇ ਗ਼ਿਲਾ ਕੀਤਾ।
-''ਜਿਹੜਾ ਬੰਦਾ ਈ ਪੁੱਠੈ, ਉਹਦਾ ਨਾਂ ਪੱਕਜੂ ਤਾਂ ਕੀ ਲੋਹੜਾ ਆਜੂ..?" ਝੱਖੜ ਸਿੰਘ ਨੇ ਲੰਡਾ ਪੈੱਗ ਅੰਦਰ ਸੁੱਟਦਿਆਂ ਟਾਂਚ ਕੀਤੀ।
-''ਹੁਣ ਤਾਂ ਤੇਰੇ ਸਿਪਾਹੀ ਵੀ ਮੇਰਾ ਪੁੱਠਾ ਨਾਂ ਲੈਣ ਲੱਗ ਪਏ..!"
-''ਜਿਹੜੇ ਬੰਦੇ ਨੇ ਲੋਕਾਂ ਦੇ ਘਰੇ ਪਾਉਣੇ ਈ ਝਮੇਲੇ ਐ, ਉਹਦਾ ਨਾਂ ਝਮੇਲਾ ਹੋ ਜਾਊ ਤਾਂ ਕੀ ਬੁਰੀ ਗੱਲ ਐ..?" ਝੱਖੜ ਸਿੰਘ ਦੀ ਸ਼ਰਾਬੀ ਜ਼ੁਬਾਨ ਟੱਲੀ ਦੇ ਰੈਣੇਂ ਵਾਂਗੂੰ 'ਡੱਕ-ਡੱਕ' ਮੂੰਹ ਵਿਚ ਵੱਜ ਰਹੀ ਸੀ।
-''ਤੁਸੀਂ ਪੁਲ਼ਸ ਆਲ਼ੇ ਬੰਦੇ ਦਾ ਕੋਈ ਗੁਣ ਨੀ ਪਾਉਂਦੇ..! ਕਿੰਨੀਆਂ ਥੋਨੂੰ ਖ਼ਬਰਾਂ ਲਿਆ ਕੇ ਦੇਈਦੀਐਂ..!"
-''ਉਏ ਝਮੇਲਿਆ..! ਮੈਂ ਤਾਂ ਦਿਲ ਲੱਗੀਆਂ ਕਰਦਾ ਸੀ ਤੇਰੇ ਨਾਲ਼..! ਤੂੰ ਤਾਂ ਮੇਰੇ ਜਿਗਰ ਦਾ ਟੋਟੈਂ..! ਹਿੱਕ ਦਾ ਵਾਲ਼..! ਤੇਰੇ ਵਿਚ ਦੀ ਤਾਂ ਮੈਨੂੰ ਸਾਹ ਆਉਂਦੈ..!" ਉਠ ਕੇ ਝੱਖੜ ਸਿੰਘ ਨੇ ਮੇਲੇ ਨੂੰ ਜੱਫ਼ੀ ਪਾ ਲਈ, ''ਬੋਲ ਕੀ ਖ਼ਬਰ ਲੈ ਕੇ ਆਇਐਂ..? ਤੇਰੀ ਖ਼ਾਤਰ ਆਪਣੀ ਜਿੰਦ ਹੂਲ਼ ਦੀਏ ਖ਼ਸਮਾਂ..! ਤੂੰ ਤੀਜੀ ਦੇ ਜੁਆਕ ਮਾਂਗੂੰ ਨਿੱਕੀ ਨਿੱਕੀ ਗੱਲ ਤੋਂ ਬੁੱਲ੍ਹ ਜੇ ਸਿੱਟ ਜਾਨੈਂ..? ਲੈ ਪੈੱਗ ਲਾ..! ਕਾਹਨੂੰ ਅੱਡ ਹੋਣ ਆਲ਼ੀਆਂ ਗੱਲਾਂ ਕਰਦਾ ਹੁੰਨੈ ਯਾਰ..! ਅਸੀਂ ਤੇਰੇ ਹਮ ਪਿਆਲਾ ਹਮ ਨਿਵਾਲਾ..! ਤੇਰੇ ਕਹੇ ਬੰਦਾ ਮਾਰ ਦੀਏ..! ਜੇ ਕਹੇਂ ਮੈਂ ਆਬਦੇ ਗੋਲ਼ੀ ਮਾਰ ਲੈਨੈ..?" ਉਸ ਨੇ ਬੋਤਲ ਝਮੇਲੇ ਦੀ ਬੁੱਕਲ਼ ਵਿਚ ਰੱਖ ਦਿੱਤੀ।
ਝਮੇਲੇ ਨੇ ਹਲ਼ਕਿਆਂ ਵਾਂਗ ਪੈੱਗ ਪਾਇਆ।
ਬੜੇ ਥੋੜ੍ਹੇ ਸਮੇਂ ਵਿਚ ਕਈ ਪੈੱਗ ਸੂਤ ਚੁੱਕੇ ਝਮੇਲੇ ਨੇ ਠਾਣੇਦਾਰ ਦੇ ਕੰਨ ਵਿਚ 'ਇੱਕ ਗੱਲ' ਪਾਈ ਤਾਂ ਝੱਖੜ ਸਿਉਂ ਕਰੋਧ ਨਾਲ਼ ਸੜ ਉਠਿਆ।
-''ਸੱਪ ਦੀ ਨਜਰ 'ਚ ਕਿਤੇ ਦੀਵਾ ਨੀ ਬਲ਼ਦਾ ਝਮੇਲਿਆ..! ਮੇਰੇ ਹੁੰਦੇ ਕੋਈ ਉਹਨਾਂ ਦੀ ਟਹਿਲ ਸੇਵਾ ਕਰੇ..? ਲੋਕ ਮੈਨੂੰ ਝੱਖੜ ਸਿਉਂ ਐਵੇਂ ਨੀ ਆਖਦੇ..! ਇਹਦਾ ਵੀ ਕੋਈ ਕਾਰਨ ਐਂ..! ਅੱਤਵਾਦੀਆਂ ਦੀ ਟਹਿਲ ਸੇਵਾ ਕਰਨ ਆਲ਼ੇ ਜੇ ਮੈਂ ਨਾ ਟਿੰਡੀ ਦੇ ਬੀਅ 'ਤੇ ਚਾੜ੍ਹ ਦਿੱਤੇ, ਤਾਂ ਮੈਨੂੰ ਝੱਖੜ ਸਿਉਂ ਕਿਸੇ ਨੇ ਨੀ ਕਹਿਣਾਂ..! ਇਹਨਾਂ ਦੇ ਅਛਨੇ-ਪਛਨੇ ਜੇ ਤਾਂ ਮੈਂ ਕੱਲ੍ਹ ਨੂੰ ਈ ਬੰਦ ਕਰ ਦਿਊਂਗਾ..! ਜਿੰਨਾਂ ਚਿਰ ਇਹਨਾਂ ਦੇ ਚੂਲ਼ ਨੀ ਦਿੰਦੇ, ਇਹਨਾਂ ਲੋਕਾਂ ਨੂੰ ਕਾਹਨੂੰ ਸੁਰਤ ਆਉਂਦੀ ਐ..? ਸਾਡੀ ਦਹਿਸ਼ਤ ਨੂੰ ਕੌਣ ਜਾਣੂੰ ਜੇ ਸਾਲ਼ੇ ਅੱਤਵਾਦੀ ਮੇਰੇ ਏਰੀਏ 'ਚ ਐਸ਼ ਕਰੀ ਗਏ..? ਜੇ ਰਾਤ ਨੂੰ ਬਿੱਲੀ ਖੜਕਾ ਕਰ ਦੇਵੇ, ਤਾਂ ਲੋਕ 'ਝੱਖੜ ਸਿਉਂ' ਆਖ-ਆਖ ਕੇ ਉਠਦੇ ਐ..!" ਉਸ ਨੇ ਬੋਤਲ ਵਿਚੋਂ ਰਹਿੰਦੀ ਦਾਰੂ ਅੰਦਰ ਸੁੱਟ ਲਈ ਅਤੇ ਬਾਂਸ ਪਾਟਣ ਵਾਂਗ ਹੱਥ ਲੰਮਾਂ ਡਕਾਰ ਮਾਰਿਆ। ਦੂਰ-ਦੂਰ ਤੱਕ ਬੂਅ ਫ਼ੈਲ ਗਈ। ਝਮੇਲੇ ਨੇ ਆਪਣਾ ਸਾਹ ਥਾਂ 'ਤੇ ਹੀ ਰੋਕ ਲਿਆ।
-''ਪ੍ਰੀਵਾਰ 'ਚ ਕਿੰਨੇ ਜੀਅ ਐ ਉਹਨਾਂ ਦੇ..?"
-''ਦੋ ਜੀਅ ਆਪ ਐ, ਦੋ ਮੁੰਡੇ ਤੇ ਇੱਕ ਕੁੜੀ ਐ..!"
-''ਲੈ ਫ਼ੇਰ ਕੱਲ੍ਹ ਨੂੰ ਈ ਗੱਡੀ ਚਾਹੜੇ..! ਬੱਕਰੇ ਦੀ ਮਾਂ ਕਿੰਨੇ ਕੁ ਦਿਨ ਸੁੱਖ ਮਨਾਊ ਝਮੇਲਿਆ..?"
ਅਗਲੀ ਸਵੇਰ ਪ੍ਰਤਾਪ ਕੌਰ ਦੇ ਘਰ ਨੂੰ ਪੁਲੀਸ ਦਾ ਘੇਰਾ ਪੈ ਗਿਆ। ਘੇਰਾ ਇਤਨਾ ਸਖ਼ਤ ਸੀ ਕਿ ਸਾਰੇ ਪਿੰਡ ਨੂੰ ਇੱਕ ਤਰ੍ਹਾਂ ਨਾਲ਼ 'ਸੀਲ' ਕਰ ਦਿੱਤਾ ਗਿਆ ਸੀ। ਸਾਹਣ ਵਾਂਗ ਭੂਤਰਿਆ ਝੱਖੜ ਸਿਉਂ ਕੰਧਾਂ ਵਿਚ ਰੂਲ ਮਾਰਦਾ ਫ਼ਿਰਦਾ ਸੀ। ਉਸ ਦੀਆਂ ਧਾਰੀਦਾਰ ਅੱਖਾਂ 'ਚੋਂ ਰੱਤ ਚੋਅ ਰਹੀ ਸੀ ਅਤੇ ਸਿਰ ਨੂੰ 'ਚੰਡਾਲ' ਚੜ੍ਹਿਆ ਹੋਇਆ ਸੀ। ਪ੍ਰਤਾਪ ਕੌਰ ਦਾ ਘਰਵਾਲ਼ਾ ਖੇਤ ਪੱਠੇ ਲੈਣ ਗਿਆ ਹੋਇਆ ਸੀ। ਪ੍ਰਤਾਪ ਕੌਰ ਰਸੋਈ ਵਿਚ ਨਿੱਕਾ-ਮੋਟਾ ਚੱਕਣ-ਧਰਨ ਕਰ ਰਹੀ ਸੀ।
ਬਿਨਾਂ ਕੁਝ ਕਹੇ ਸੁਣੇ ਭੂਸਰੇ ਝੱਖੜ ਸਿਉਂ ਨੇ ਪ੍ਰਤਾਪ ਕੌਰ ਨੂੰ ਵਾਲ਼ਾਂ ਤੋਂ ਫ਼ੜ ਵਿਹੜੇ ਵਿਚ ਘੜ੍ਹੀਸ ਲਿਆ। ਵਾਲ਼ ਉਸ ਨੇ ਇਤਨੀ ਬੇਰਹਿਮੀ ਨਾਲ਼ ਖਿੱਚੇ ਕਿ ਅੱਧੇ ਵਾਲ਼ ਉਸ ਦੇ ਹੱਥ ਵਿਚ ਹੀ ਰਹਿ ਗਏ। ਬਾਕੀ ਪੁਲੀਸ ਵਾਲ਼ੇ 'ਜਮ' ਬਣੇ ਸਾਰਾ 'ਕੌਤਕ' ਦੇਖ ਰਹੇ ਸਨ।
-''ਸਾਡੇ ਵੈਰੀਆਂ ਨੂੰ ਰੋਟੀਆਂ ਖੁਆਉਂਦੀ ਫ਼ਿਰਦੀ ਐਂ, ਦੱਸ ਕੀ ਜੁਆਈ ਲੱਗਦੇ ਐ ਉਹ ਤੇਰੇ..?" ਅਣਗਿਣਤ ਚੁਪੇੜਾਂ ਠਾਣੇਦਾਰ ਨੇ ਮਾਂ ਵਰਗੀ ਪ੍ਰਤਾਪ ਕੌਰ ਦੇ ਮਾਰ ਦਿੱਤੀਆਂ।
-''ਵੇ ਸ਼ੇਰਾ..! ਤੂੰ ਮੇਰੇ ਪੁੱਤਾਂ ਵਰਗੈਂ..! ਮਰਦੇ ਅਸੀਂ ਅੱਕ ਚੱਬਦੇ ਐਂ, ਹੋਰ ਸਾਡੇ ਕੀ ਲੱਗਦੇ ਐ ਓਹੋ..?" ਪ੍ਰਤਾਪ ਕੌਰ ਨੇ ਤਰਲੇ ਨਾਲ਼ ਹੱਥ ਜੋੜੇ। ਉਸ ਨੂੰ ਝੱਖੜ ਸਿਉਂ ਦੇ ਜਿੰਨ ਵਰਗੇ ਚਿਹਰੇ ਤੋਂ 'ਖ਼ੌਫ਼' ਆਇਆ ਸੀ।
ਵਸਦੇ-ਰਸਦੇ ਸ਼ਾਂਤਮਈ ਘਰ ਵਿਚ ਕੁਰਲਾਹਟ ਮੱਚ ਗਈ ਸੀ।
ਮਾਂ ਦਾ ਵਿਰਲਾਪ ਸੁਣ ਕੇ ਉਸ ਦੇ ਤਿੰਨੋਂ ਬੱਚੇ ਉੱਭੜਵਾਹੇ ਬਾਹਰ ਆ ਗਏ।
-''ਕੀ ਗੱਲ ਐ ਸਰਦਾਰ ਜੀ..?" ਥਿੜਕੇ ਅਤੇ ਨੀਂਦ ਨਾਲ਼ ਊਧਮਧੂਣੇਂ ਹੋਏ ਪ੍ਰਤਾਪ ਕੌਰ ਦੇ ਵੱਡੇ ਪੁੱਤਰ ਨੇ ਪੁੱਛਿਆ ਤਾਂ ਠਾਣੇਦਾਰ ਦੀ ਇੱਕੋ ਗੋਲ਼ੀ ਨੇ ਉਸ ਦੀ ਜ਼ੁਬਾਨ ਬੰਦ ਕਰ ਦਿੱਤੀ। ਵਿਹੜੇ ਵਿਚ ਖ਼ੂਨ ਦਾ ਖਾਲ਼ ਵਗ ਪਿਆ। ਦੂਜੇ ਭੈਣ ਅਤੇ ਭਰਾ ਉਸ ਦੀ ਲਾਸ਼ 'ਤੇ ਡਿੱਗੇ ਤਾਂ ਝੱਖੜ ਸਿਉਂ ਦੀਆਂ ਗੋਲ਼ੀਆਂ ਨੇ ਉਹਨਾਂ ਨੂੰ ਵੀ 'ਚਿੱਤ' ਕਰ ਦਿੱਤਾ।
ਪ੍ਰਤਾਪ ਕੌਰ ਕੁਰਲਾਉਂਦੀ ਆਪਣੇ ਬੱਚਿਆਂ ਦੀਆਂ ਲਾਸ਼ਾਂ 'ਤੇ ਜਾ ਡਿੱਗੀ।
ਠਾਣੇਦਾਰ ਕਾਲ਼ ਬਣਿਆਂ ਸਿਰ 'ਤੇ ਮੰਡਰਾ ਰਿਹਾ ਸੀ।
ਪ੍ਰਤਾਪ ਕੌਰ ਰੋਂਦੀ ਧਾਹ ਨਹੀਂ ਧਰਦੀ ਸੀ।
-''ਵੇ ਤੇਰਾ ਕੱਖ ਨਾ ਰਹੇ ਵੇ, ਪ੍ਰੇਤਾ..! ਜਿਵੇਂ ਅੱਜ ਮੈਂ ਤੜਫ਼ਦੀ ਐਂ, ਆਪਣੀ 'ਲ਼ਾਦ ਨੂੰ ਤੂੰ ਵੀ ਇਉਂ ਈ ਤੜਫ਼ੇਂ..!" ਖਿੱਲਰੇ ਵਾਲ਼ਾਂ ਨਾਲ਼ ਪ੍ਰਤਾਪ ਕੌਰ ਤਿੰਨ ਲਾਸ਼ਾਂ ਕੋਲ਼ ਬੈਠੀ ਕੀਰਨੇਂ ਪਾ ਰਹੀ ਸੀ। ਪਲ ਵਿਚ ਉਸ ਦਾ ਵੱਸਦਾ-ਰਸਦਾ ਜਹਾਨ ਉਜੜ ਗਿਆ ਸੀ।
ਇਤਨੇ ਨੂੰ ਪ੍ਰਤਾਪ ਕੌਰ ਦੇ ਘਰਵਾਲ਼ਾ ਖੇਤੋਂ ਆ ਗਿਆ। ਜਦ ਉਸ ਨੇ ਵਿਹੜੇ ਵਿਚ ਖੜ੍ਹੀ ਪੁਲੀਸ ਦੇਖੀ ਤਾਂ ਉਹ ਪੱਠਿਆਂ ਦੀ ਪੰਡ ਸੁੱਟ ਕੇ ਵਾਹੋਦਾਹੀ ਅੰਦਰ ਚਲਿਆ ਗਿਆ।
-''ਵੇ ਆਹ ਦੇਖਲਾ ਵੇ ਮਾੜੇ ਕਰਮਾਂ ਆਲ਼ਿਆ..! ਜਮਦੂਤ ਨੇ ਕੀ ਕਹਿਰ ਵਰ੍ਹਾ ਦਿੱਤਾ..! ਖ਼ਤਮ ਕਰਤੀ ਆਪਣੀ ਸਾਰੀ ਉਮਰ ਦੀ ਪੂੰਜੀ..! ਦੋ ਪੁੱਤਾਂ ਤੇ ਇੱਕ ਧੀ ਦੀ ਮਾਂ ਆਹ ਦੇਖਲਾ ਵਿਹਲੀ ਹੋ ਕੇ ਬਹਿਗੀ ਵੇ..! ਵੇ ਤੂੰ ਕਿਹੜੇ ਜੁੱਗ ਦਾ ਵੈਰ ਕੱਢਿਆ ਵੇ ਜੱਗੋਂ ਜਾਣਿਆਂ ਦੁਸ਼ਮਣਾਂ..?" ਉਹ ਵਾਰ-ਵਾਰ ਲਾਸ਼ਾਂ ਨੂੰ ਹਿੱਕ ਨਾਲ਼ ਲਾ ਕੇ ਵੈਣ ਪਾ ਰਹੀ ਸੀ।
ਸਿਲ਼-ਪੱਥਰ ਹੋਇਆ ਖੜ੍ਹਾ ਪ੍ਰਤਾਪ ਕੌਰ ਦੇ ਘਰਵਾਲ਼ਾ ਹਿਰਦੇਵੇਧਕ ਦ੍ਰਿਸ਼ ਦੇਖ ਕੇ 'ਦਾਅੜ' ਕਰਦਾ ਧਰਤੀ 'ਤੇ ਜਾ ਡਿੱਗਿਆ। ਐਡਾ ਵੱਡਾ ਸਦਮਾਂ ਉਸ ਤੋਂ ਸਹਾਰਿਆ ਨਹੀਂ ਗਿਆ ਸੀ। ਦੇਖਣ ਸਾਰ ਉਸ ਦਾ ਦਿਲ 'ਫ਼ੇਲ੍ਹ' ਹੋ ਗਿਆ ਸੀ। ਹੁਣ ਵਿਹੜੇ ਵਿਚ ਚਾਰ ਲਾਸ਼ਾਂ ਅਹਿਲ ਪਈਆਂ ਸਨ ।
-''ਹੁਣ ਠਰਗੀ ਤੇਰੀ ਹਿੱਕ ਚੰਡਾਲਾ..? ਹੋ ਗਈ ਠੰਢੀ ਤੇਰੀ ਆਤਮਾਂ..? ਠਰ ਗਿਆ ਤੇਰਾ ਕਾਲ਼ਜਾ ਵੇ ਦੁਸ਼ਟਾ..?" ਪ੍ਰਤਾਪ ਕੌਰ ਉਠ ਕੇ ਝੱਖੜ ਸਿਉਂ ਦੇ ਗਲ਼ ਨੂੰ ਚਿੰਬੜ ਗਈ। ਸਿਪਾਹੀਆਂ ਨੇ ਪ੍ਰਤਾਪ ਕੌਰ ਨੂੰ ਠਾਣੇਦਾਰ ਦੇ ਗਲ਼ ਨਾਲ਼ੋਂ 'ਤੋੜ' ਕੇ ਟਰੱਕ ਵਿਚ ਸੁੱਟ ਲਿਆ।
ਠਾਣੇ ਲਿਜਾ ਕੇ ਮਾਂਵਾਂ ਵਰਗੀ ਪ੍ਰਤਾਪ ਕੌਰ ਨੂੰ ਠਾਣੇਦਾਰ ਨੇ 'ਅਲਫ਼' ਨਗਨ ਕਰ ਲਿਆ। ਰੋਂਦੀ ਪਿੱਟਦੀ ਪ੍ਰਤਾਪ ਕੌਰ ਦੀ ਹਾਲਤ ਪਾਗਲਾਂ ਵਾਲ਼ੀ ਹੋਈ ਪਈ ਸੀ। ਉਸ ਦਾ ਭਰਿਆ ਘਰ ਪਲਾਂ ਵਿਚ 'ਖੋਲ਼ਾ' ਬਣ ਗਿਆ ਸੀ। ਉਸ ਨੂੰ ਜੱਗ-ਜਹਾਨ ਦੀ ਹੋਸ਼ ਨਹੀਂ ਸੀ।
-''ਹਾਂ ਮਾਈ..! ਹੁਣ ਬੋਲ ਉਹ ਕੌਣ ਸੀ ਤੇ ਤੇਰੇ ਪ੍ਰੀਵਾਰ ਨੂੰ ਕਿਵੇਂ ਜਾਣਦੇ ਐ..?" ਗਰਮ ਪ੍ਰੈੱਸ ਠਾਣੇਦਾਰ ਨੇ ਹੱਥ ਵਿਚ ਫ਼ੜੀ ਹੋਈ ਸੀ, ਜਿਸ ਵਿਚੋਂ ਦੂਰੋਂ ਵੀ ਅਥਾਹ ਸੇਕ ਮਾਰ ਰਿਹਾ ਸੀ।
-''ਤੂੰ ਮੇਰਾ ਘਰ ਤਾਂ ਉਜਾੜ ਈ ਦਿੱਤਾ ਪ੍ਰੇਤਾ..! ਜਾਹ ਮੈਂ ਨੀ ਦੱਸਦੀ, ਹੁਣ ਤੂੰ ਆਬਦਾ ਜੋਰ ਲਾ ਕੇ ਹਟੀਂ..!" ਨਿਰਵਸਤਰ ਪ੍ਰਤਾਪ ਕੌਰ ਉਠ ਕੇ ਬੈਠ ਗਈ।
-''ਝੱਖੜ ਸਿਉਂ ਕੋਲ਼ ਆ ਕੇ ਤਾਂ ਵੱਡੇ ਵੱਡੇ ਬਹੁੜੀਆਂ ਘੱਤ ਜਾਂਦੇ ਐ, ਤੂੰ ਕਿਹੜੇ ਬਾਗ ਦੀ ਮੂਲ਼ੀ ਐਂ ਮਾਈ..?" ਜ਼ੁਲਮ ਦੀ ਹੱਦ ਮੁਕਾਉਂਦਿਆਂ ਉਸ ਨੇ ਗਰਮ ਪ੍ਰੈੱਸ ਪ੍ਰਤਾਪ ਕੌਰ ਦੀ ਹਿੱਕ 'ਤੇ ਧਰੀ ਤਾਂ ਨਰਮ ਮਾਸ 'ਸਰੜ-ਸਰੜ' ਕਰ, ਸੜ ਉਠਿਆ। ਅਜੀਬ ਧੂੰਆਂ ਅਤੇ ਮਾਸ ਦੀ ਬੂਅ ਨੱਕ ਨੂੰ ਚੜ੍ਹੀ। ਸਿਰੜੀ ਪ੍ਰਤਾਪ ਕੌਰ ਨੇ ਦੰਦਾਂ ਵਿਚ ਜੀਭ ਲੈ ਲਈ ਅਤੇ ਉਸ ਨੇ ਝੱਖੜ ਸਿਉਂ ਦੈਂਤ ਅੱਗੇ ਈਨ ਨਾ ਮੰਨਣ ਦਾ 'ਪ੍ਰਣ' ਕਰ ਲਿਆ ਅਤੇ ਜਬਰ ਚੁੱਪ ਧਾਰ ਲਈ।
ਘੰਟਾ ਭਰ ਪ੍ਰਤਾਪ ਕੌਰ ਦੀ ਹਿੱਕ 'ਤੇ ਪ੍ਰੈੱਸਾਂ ਲੱਗਦੀਆਂ ਰਹੀਆਂ। ਸੁਆਲ ਪੁੱਛੇ ਜਾਂਦੇ ਰਹੇ। ਪਰ ਝੱਖੜ ਸਿਉਂ ਉਸ ਦੀ ਫ਼ੌਲਾਦੀ ਅਤੇ ਸਿਰੜੀ ਚੁੱਪ ਨਾ ਤੋੜ ਸਕਿਆ। ਪ੍ਰਤਾਪ ਕੌਰ ਦੀ ਛਾਤੀ ਤੋਂ ਥਾਂ-ਥਾਂ ਤੋਂ ਟਾਕੀਆਂ ਲੱਥ ਗਈਆਂ ਸਨ। ਪਰ ਉਸ ਨੇ ਆਪਣਾ ਸਿਦਕ ਨਾ ਟੁੱਟਣ ਦਿੱਤਾ। ਤਸ਼ੱਦਦ ਦੌਰਾਨ ਉਹ ਕਈ ਵਾਰ ਬੇਹੋਸ਼ ਹੋਈ ਅਤੇ ਹੋਸ਼ ਵਿਚ ਵੀ ਆਈ। ਪਰ ਮੂੰਹੋਂ ਨਾ ਫ਼ੁੱਟੀ।
ਝੱਖੜ ਸਿੰਘ ਆਪਣਾ ਜੋਰ ਲਾ ਕੇ ਥੱਕ ਲੱਥਾ ਸੀ।
ਅਗਲੇ ਦਿਨ ਵੀ ਸਾਰਾ ਦਿਨ ਪ੍ਰਤਾਪ ਕੌਰ ਹਵਾਲਾਤ ਵਿਚ ਲਾਵਾਰਿਸ ਪਈ ਤੜਫ਼ਦੀ ਰਹੀ ਸੀ। ਕਿਸੇ ਨੇ ਉਸ ਦੀ ਬਾਤ ਤੱਕ ਨਾ ਪੁੱਛੀ। ਜਿਹੜੀ ਜਿਸਮਾਨੀ ਤਕਲੀਫ਼ ਉਸ ਨੂੰ ਸੀ, ਉਹ ਤਾਂ ਸੀ ਹੀ! ਪਰ ਜਿਹੜਾ ਉਸ ਦਾ ਮਨ ਆਪਣੇ ਪ੍ਰੀਵਾਰ ਦੀਆਂ ਮ੍ਰਿਤਕ ਦੇਹਾਂ ਲਈ ਤੜਪ ਰਿਹਾ ਸੀ, ਉਸ ਪੀੜ ਦੀ ਕੋਈ ਸੀਮਾਂ ਨਹੀਂ ਸੀ। ਉਸ ਦੇ ਸ਼ਹਿਜ਼ਾਦਿਆਂ ਵਾਂਗ ਪਾਲ਼ੇ ਧੀ-ਪੁੱਤ ਜ਼ਾਲਿਮ ਠਾਣੇਦਾਰ ਨੇ ਪਲ ਵਿਚ ਮਿੱਟੀ ਕਰ ਦਿੱਤੇ ਸਨ। ਉਸ ਦੇ ਅੰਦਰੋਂ ਇੱਕ ਹਾਉਕਾ ਉਠਦਾ, ਜੋ ਉਸ ਦੇ ਸਾਰੇ ਸਰੀਰ ਨੂੰ ਝੰਜੋੜ ਜਾਂਦਾ ਸੀ। ਉਸ ਦੇ ਮਨ ਵਿਚੋਂ ਦਰਦੀਲੀ ਹੂਕ ਤਾਂ ਉਦੋਂ ਉਠਦੀ, ਜਦੋਂ ਉਸ ਨੂੰ ਯਾਦ ਆਉਂਦਾ ਕਿ ਮੇਰੇ ਪ੍ਰੀਵਾਰ ਦਾ ਸਸਕਾਰ ਕਿਸ ਨੇ ਕੀਤਾ ਹੋਵੇਗਾ? ਕੀਤਾ ਵੀ ਹੋਵੇਗਾ ਜਾਂ ਲਾਸ਼ਾਂ ਵਿਹੜੇ ਵਿਚ ਪਈਆਂ ਹੀ ਸੜੀ ਜਾਂਦੀਆਂ ਹੋਣਗੀਆਂ?
ਉਸ ਦੇ ਜ਼ਖ਼ਮਾਂ ਵਿਚ 'ਪਾਕ' ਪੈਣ ਲੱਗ ਪਈ ਸੀ ਅਤੇ ਫ਼ੱਟ ਰਿਸਣ ਲੱਗ ਪਏ ਸਨ। ਮਾਸ 'ਜਿਲੂੰ-ਜਿਲੂੰ' ਕਰਦਾ ਸੀ। ਹੱਥ ਨਹੀਂ ਲੱਗਦਾ ਸੀ। ਉਸ ਨੂੰ ਆਪਣੇ ਜ਼ਖ਼ਮਾਂ 'ਚ ਪਈ ਪਾਕ ਦਾ ਦਰਦ ਘੱਟ ਸੀ। ਪਰ ਪ੍ਰੀਵਾਰ ਬਾਰੇ ਸੋਚ ਕੇ ਉਸ ਦੀ ਰੂਹ ਉੱਜੜ ਜਾਂਦੀ ਸੀ। ਉਸ ਨੂੰ ਇੱਕ ਹੋਰ ਉਦਾਸੀ, ਹੈਰਾਨਗੀ ਅਤੇ ਨਿਰਾਸ਼ਤਾ ਸੀ ਕਿ ਕਿਸੇ ਵੀ ਪੰਥਕ ਆਗੂ ਨੇ ਜਾਂ ਪੰਚਾਇਤ ਨੇ ਉਸ ਦਾ ਹਾਲ ਤੱਕ ਨਹੀਂ ਪੁੱਛਿਆ ਸੀ। ਕਿਸੇ ਨਾਲ਼ ਇਤਨਾ ਕੁਛ ਵਾਪਰ ਜਾਵੇ ਅਤੇ ਕੋਈ ਵੀ ਪੰਥਕ ਆਗੂ ਉਠ ਕੇ ਸਾਰ ਨਾ ਲਵੇ? ਹੁਣ ਪ੍ਰਤਾਪ ਕੌਰ ਰੱਬੀ ਭਾਣੇ ਵਿਚ ਹੱਥ ਜੋੜ ਕੇ ਬੈਠ ਗਈ ਸੀ। ਉਹ ਨਿੱਤ ਅਰਦਾਸ ਕਰਦੀ ਸੀ, ''ਜਿੰਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ-ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖ਼ੜੀਆਂ 'ਤੇ ਚੜ੍ਹੇ, ਆਰਿਆਂ ਨਾਲ਼ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਆਪਣੇ ਨਿੱਕੇ-ਨਿੱਕੇ ਬੱਚਿਆਂ ਦੇ ਟੋਟੇ ਆਪਣੀਆਂ ਝੋਲ਼ੀਆਂ ਵਿਚ ਪੁਆਏ, ਧਰਮ ਨਹੀਂ ਹਾਰਿਆ, ਤਿੰਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾਂ ਜੀ, ਸ਼੍ਰੀ ਵਾਹਿਗੁਰੂ...!" ਉਸ ਨੇ 'ਵਾਹਿਗੁਰੂ-ਵਾਹਿਗੁਰੂ' ਜਪਣਾ ਸ਼ੁਰੂ ਕਰ ਦਿੱਤਾ। ਹੁਣ ਉਸ ਦੀ ਓਟ-ਆਸਰਾ 'ਵਾਹਿਗੁਰੂ' ਹੀ ਤਾਂ ਰਹਿ ਗਿਆ ਸੀ। ਵਾਹਿਗੁਰੂ ਜਪਣ ਨਾਲ਼ ਉਸ ਦੇ ਮਨ ਨੂੰ ਅਜੀਬ ਸ਼ਕਤੀ ਮਿਲ਼ੀ। ਉਹ ਟਾਕੀਆਂ ਲਹੇ ਸਰੀਰ ਨਾਲ਼ ਵੀ ਬੜੇ ਹੰਭਲੇ ਨਾਲ਼ ਉਠ ਕੇ ਬੈਠ ਗਈ।
ਝੱਖੜ ਸਿੰਘ ਜੋਰ ਲਾ ਕੇ ਹੰਭ ਗਿਆ ਸੀ। ਪਰ ਉਹ ਪ੍ਰਤਾਪ ਕੌਰ ਵਿਚੋਂ ਕੁਝ ਵੀ ਨਾ ਕੱਢ ਸਕਿਆ। ਅਥਾਹ ਤਸ਼ੱਦਦ ਨਾਲ਼ ਪ੍ਰਤਾਪ ਕੌਰ ਮਰਨ ਕਿਨਾਰੇ ਹੋ ਗਈ ਸੀ।
ਸਰਕਾਰੀ ਜਿਪਸੀ ਉਸ ਨੂੰ ਘਰ ਅੱਗੇ ਉਤਾਰ ਗਈ।
ਪ੍ਰਤਾਪ ਕੌਰ ਦੀ ਘਰ ਅੰਦਰ ਜਾਣ ਨੂੰ ਵੱਢੀ ਰੂਹ ਨਹੀਂ ਕਰਦੀ ਸੀ। ਜਿਸ ਘਰ ਵਿਚ ਕਦੇ ਕੰਨ ਪਾਈ ਨਹੀਂ ਸੁਣਦੀ ਸੀ, ਹੁਣ ਰੋਹੀ-ਬੀਆਬਾਨ ਬਣਿਆਂ ਪਿਆ ਸੀ। ਅੰਦਰ 'ਹਾੜ' ਬੋਲਦਾ ਸੀ। ਤੁਰ ਗਏ ਪ੍ਰੀਵਾਰ ਦੇ ਜੀਆਂ ਦਾ ਵਗ ਕੇ ਸੁੱਕ ਚੁੱਕਿਆ ਖ਼ੂਨ ਵਿਹੜੇ ਵਿਚ ਅਜੇ ਵੀ ਨਜ਼ਰ ਆਉਂਦਾ ਸੀ। ਉਸ ਨੇ ਖ਼ੂਨ ਲਿੱਬੜੀ ਮਿੱਟੀ ਦੀ ਮੁੱਠ ਭਰ ਕੇ ਹਿੱਕ ਨਾਲ਼ ਲਾਈ। ਹਿੱਕ ਠਰਨ ਦੀ ਜਗਾਹ ਹੋਰ ਤਪ ਉਠੀ ਅਤੇ ਉਸ ਦਾ ਬੇਵੱਸੀ ਰੋਣ ਨਿਕਲ਼ ਗਿਆ। ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕਿਸ ਨੂੰ ਰੋ ਰਹੀ ਸੀ? ਵੱਡੇ ਪੁੱਤ ਨੂੰ ਜਾਂ ਛੋਟੇ ਨੂੰ..? ਸਧਰਾਂ ਨਾਲ਼ ਪਾਲ਼ੀ ਧੀ ਨੂੰ ਰੋ ਰਹੀ ਸੀ ਜਾਂ ਆਪਣੇ ਸਿਰ ਦੇ ਸਾਂਈਂ ਨੂੰ..? ਪਰ ਉਹ ਧਾਹੀਂ ਰੋਈ ਜਾ ਰਹੀ ਸੀ। ਉਸ ਦੀਆਂ ਜੋਤਹੀਣ ਅੱਖਾਂ ਕਿਸੇ ਟੱਪ ਵਾਂਗ ਚੋਈ ਜਾ ਰਹੀਆਂ ਸਨ।
ਹੌਲ਼ੀ-ਹੌਲ਼ੀ ਆਂਢ-ਗੁਆਂਢ ਇਕੱਠਾ ਹੋਣਾਂ ਸ਼ੁਰੂ ਹੋ ਗਿਆ। ਪਰ ਹੁਣ ਪ੍ਰਤਾਪ ਕੌਰ ਦਾ ਦੁਨੀਆਂ ਤੋਂ ਮੋਹ-ਭੰਗ ਹੋ ਗਿਆ ਸੀ। ਉਸ ਨੂੰ ਇਹ ਰੰਜ ਅਤੇ ਗ਼ਿਲਾ ਸੀ ਕਿ ਮੇਰਾ ਕੋਈ ਠਾਣੇ ਵਿਚ ਪਤਾ ਵੀ ਕਰਨ ਨਹੀਂ ਆਇਆ ਸੀ। ਹੁਣ ਕਾਹਦੀ ਹਮਦਰਦੀ ਕਰਨ ਆਉਂਦੇ ਨੇ? ਉਸ ਨੂੰ ਸਾਰਾ ਪਿੰਡ 'ਨਿਪੁੰਸਕ' ਅਤੇ ਬੇਗ਼ੈਰਤ ਲੱਗਦਾ ਸੀ। ਪਰ ਉਸ ਦਾ ਦਿਲ ਵਾਰ-ਵਾਰ ਸਸਕਾਰ ਬਾਰੇ ਪੁੱਛਣ ਲਈ ਮੱਚਦਾ ਸੀ। ਪਰ ਉਹ ਕਿਸੇ ਵੀ ਪਿੰਡ ਵਾਲ਼ੇ ਨੂੰ ਪੁੱਛਣਾਂ ਨਹੀਂ ਚਾਹੁੰਦੀ ਸੀ।
ਅਚਾਨਕ ਨੇਕ ਸਿੰਘ ਆ ਗਿਆ।
ਦਰਵੇਸ਼ ਨੇਕ ਸਿੰਘ ਨੂੰ ਦੇਖ ਕੇ ਪ੍ਰਤਾਪ ਕੌਰ ਦਾ ਲਹੂ ਚੋਂਦਾ ਦਿਲ ਕੁਝ ਕੁ 'ਠੱਲ੍ਹ' ਗਿਆ।
ਲੋਕ ਨੇਕ ਸਿੰਘ ਨੂੰ 'ਕਮਲ਼ਾ ਬਾਬਾ' ਆਖਦੇ ਸਨ।
...ਅਸਲ ਵਿਚ ਕਮਲ਼ਾ ਉਹ ਵੀ ਨਹੀਂ ਸੀ। ਉਸ ਨੂੰ ਵੀ ਝੱਖੜ ਸਿੰਘ ਵਰਗੇ ਜ਼ਾਲਮ ਠਾਣੇਦਾਰ ਨੇ 'ਕਮਲ਼ਾ' ਕਰ ਦਿੱਤਾ ਸੀ। ਸ਼ੱਕ ਦੇ ਆਧਾਰ 'ਤੇ ਝੱਖੜ ਸਿੰਘ ਨੇ ਉਸ ਦਾ ਇਕਲੌਤਾ ਪੁੱਤਰ ਸ਼ਾਨ ਸਿੰਘ ਰਾਤ ਨੂੰ ਸੁੱਤਾ ਪਿਆ 'ਚੁੱਕ' ਲਿਆ। ਕਸੂਰ ਮੁੰਡੇ ਦਾ ਹੈ ਕੋਈ ਨਹੀਂ ਸੀ। ਉਸ ਦਾ ਦੋਸ਼ ਸਿਰਫ਼ ਇਤਨਾ ਸੀ ਕਿ ਉਹ ਕਿਸੇ 'ਅੱਤਿਵਾਦੀ' ਨਾਲ਼ ਪੜ੍ਹਦਾ ਰਿਹਾ ਸੀ ਅਤੇ ਮੁਖ਼ਬਰੀ ਮੁਤਾਬਿਕ ਸ਼ਾਨ ਸਿੰਘ ਨੂੰ ਉਸ ਅੱਤਿਵਾਦੀ ਨਾਲ਼ ਬੱਸ ਅੱਡੇ 'ਤੇ ਗੱਲਾਂ ਕਰਦਿਆਂ ਦੇਖਿਆ ਸੀ ਅਤੇ ਹੁਣ ਉਸ ਤੋਂ ਉਸ ਅੱਤਿਵਾਦੀ ਦੇ ਟਿਕਾਣੇ ਬਾਰੇ ਪੁੱਛਿਆ ਜਾ ਰਿਹਾ ਸੀ।
ਝੱਖੜ ਸਿੰਘ ਨੇ ਉਸ ਨੂੰ ਤਿੰਨ ਦਿਨ ਠਾਣੇਂ ਦੇ ਬੁੱਚੜਖਾਨੇ 'ਟੰਗੀ' ਰੱਖਿਆ। ਨੇਕ ਸਿੰਘ ਹਰ ਰੋਜ਼ ਆਪਣੇ ਪੁੱਤਰ ਮਗਰ ਜਾਂਦਾ। ਛੁਡਾਉਣ ਲਈ ਤਰਲੇ ਕਰਦਾ, ਪਰ ਉਸ ਨਿਤਾਣੇ ਦੀ ਕਿਸੇ ਨੇ ਗੱਲ ਨਾ ਸੁਣੀਂ। ਉਹ ਆਪਣੀ ਸਾਰੀ ਜ਼ਮੀਨ 'ਤੇ ਵੀ 'ਗੂਠਾ ਲਾਉਣ ਲਈ ਤਿਆਰ ਸੀ। ਪਰ ਝੱਖੜ ਸਿੰਘ ਇੱਕ ਗੱਲ 'ਤੇ ਹੀ ਅੜਿਆ ਹੋਇਆ ਸੀ, ''ਬਿਰਧਾ, ਇਹਤੋਂ ਅੱਤਵਾਦੀ ਲੈਣੇਂ ਐਂ..!"
-''ਮਾਈ-ਬਾਪ, ਇਹਦੇ ਕੋਲ਼ੇ ਅੱਤਵਾਦੀ ਹੈ ਈ ਨੀ, ਇਹ ਦਿਊ ਕਿੱਥੋਂ..? ਇਹਨੂੰ ਦੀਨ ਦੁਨੀਆਂ ਦਾ ਕੋਈ ਪਤਾ ਨ੍ਹੀ, ਇਹ ਤਾਂ ਕੰਜਰ ਦਾ ਊਂਈਂ ਲ੍ਹੋਲ੍ਹੈ..!" ਨੇਕ ਸਿੰਘ ਨੇ ਸਫ਼ਾਈ ਦਿੱਤੀ। ਪੁੱਤ ਦੀ ਤਸ਼ੱਦਦ ਨਾਲ਼ ਨਿੱਘਰਦੀ ਹਾਲਤ ਦੇਖ ਕੇ ਉਹ ਮਾਨਸਿਕ ਤੌਰ 'ਤੇ ਖ਼ੂਹ-ਖਾਤੇ ਜਾ ਡਿੱਗਦਾ। ਜਦੋਂ ਨੇਕ ਸਿੰਘ ਆਪਣੇ ਪੁੱਤਰ ਨੂੰ ਮਿਲਣ ਜਾਂਦਾ, ਪਹਿਲਾਂ ਤਾਂ ਉਸ ਨੂੰ ਮਿਲਣ ਹੀ ਨਾ ਦਿੱਤਾ ਜਾਂਦਾ। ਪਰ ਜੇ ਮਿੰਨਤਾਂ-ਤਰਲਿਆਂ ਨਾਲ਼ ਮਿਲ਼ ਵੀ ਪੈਂਦਾ ਤਾਂ ਤਸੀਹਿਆਂ ਦਾ ਭੰਨਿਆਂ ਬੇਸੁਰਤ ਪੁੱਤ ਉਸ ਨਾਲ਼ ਕੋਈ ਗੱਲ ਨਾ ਕਰਦਾ। ਬੇਸੁਰਤੀ ਵਿਚ ਉਸ ਦੀ ਧੌਣ ਇੱਕ ਪਾਸੇ ਨੂੰ ਲੁੜਕੀ ਹੁੰਦੀ। ਇਕਲੌਤੇ ਪੁੱਤ ਦੀ ਇਹ ਹਾਲਤ ਦੇਖ ਕੇ ਨੇਕ ਸਿੰਘ ਦੇ ਸੀਨੇ 'ਤੇ ਆਰਾ ਫ਼ਿਰ ਜਾਂਦਾ ਅਤੇ ਉਹ ਠਾਣੇਦਾਰ ਦੇ ਪੈਰੀਂ ਡਿੱਗਦਾ ਅਤੇ ਬਖ਼ਸ਼ ਲੈਣ ਲਈ ਤਰਲੇ ਪਾਉਂਦਾ। ਪਰ ਠਾਣੇਦਾਰ ਆਪਣੇ 'ਹਠ' 'ਤੇ ਅੜਿਆ ਹੋਇਆ ਸੀ, ''ਇਹਤੋਂ ਅੱਤਵਾਦੀ ਲੈਣੇ ਐਂ..!" ਉਹ ਸਿਪਾਹੀਆਂ ਦੇ ਗੋਡੇ ਫ਼ੜਦਾ, ਪਰ ਉਹਨਾਂ ਦੇ ਸ਼ਾਇਦ ਕੋਈ ਵੱਸ ਨਹੀਂ ਸੀ। ਉਹ ਬੇਵੱਸੀ ਵਿਚ ਹੱਥ ਖੜ੍ਹੇ ਕਰ ਦਿੰਦੇ।
...ਤੇ ਫ਼ਿਰ ਇੱਕ ਦਿਨ ਨੇਕ ਸਿੰਘ ਦੇ ਦਿਲ ਦਾ ਟੁਕੜਾ 'ਸ਼ਾਨ' ਠਾਣੇ ਵਿਚੋਂ 'ਗ਼ਾਇਬ' ਹੋ ਗਿਆ। ਹੁਣ ਨੇਕ ਸਿੰਘ ਦਿਨ ਵਿਚ ਦਸ-ਦਸ ਗੇੜੇ ਠਾਣੇ ਦੇ ਮਾਰਨ ਲੱਗ ਪਿਆ। ਉਸ ਦੀ ਹਾਲਤ ਨੀਮ-ਪਾਗਲਾਂ ਵਾਲ਼ੀ ਹੋਈ ਪਈ ਸੀ।
ਜਦੋਂ ਤੋਂ ਉਸ ਦੇ ਪੁੱਤ ਦੀ ਗ੍ਰਿਫ਼ਤਾਰੀ ਹੋਈ ਸੀ, ਨੇਕ ਸਿੰਘ ਘਰੇ ਵੜਨੋਂ ਹਟ ਗਿਆ ਸੀ। ਉਹ ਬਿੱਲੀ ਵਾਂਗ ਠਾਣੇ ਦੇ ਦੁਆਲ਼ੇ ਗੇੜੇ ਕੱਢਦਾ ਰਹਿੰਦਾ। ਰਾਤ ਨੂੰ ਉਹ ਠਾਣੇ ਦੀ ਬਾਹਰਲੀ ਕੰਧ ਨਾਲ਼ ਢੋਅ ਲਾ ਕੇ ਬੈਠ ਜਾਂਦਾ। ਜਦੋਂ ਉਸ ਨੂੰ ਠਾਣੇ ਅੰਦਰੋਂ ਕਿਸੇ ਦੀ ਪੀੜ ਭਰੀ ਕੁਰਲਾਹਟ ਸੁਣਦੀ ਤਾਂ ਉਹ ਬਾਂਵਰਿਆਂ ਵਾਂਗ, ''ਓਏ ਨਾ ਮਾਰੋ ਓਏ ਵੈਰੀਓ..!" ਆਖ ਠਾਣੇ ਦੁਆਲ਼ੇ ਸਿਰਤੋੜ ਭੱਜਣ ਲੱਗ ਜਾਂਦਾ ਅਤੇ ਕਦੇ-ਕਦੇ ਠਾਣੇ ਦੇ ਵੱਡੇ ਦਰਵਾਜੇ ਦੇ ਖਿੜਕ ਤੋੜਨ ਤੱਕ ਜਾਂਦਾ।
ਦਿਨ ਚੜ੍ਹਨ ਵੇਲ਼ੇ ਉਹ ਸਿਪਾਹੀਆਂ ਦੀਆਂ ਮਿੰਨਤਾਂ ਤਰਲੇ ਕਰਨ ਲੱਗ ਪੈਂਦਾ।
-''ਓਏ ਸ਼ੇਰਾ..! ਮੇਰੇ ਪੁੱਤ ਦੇ ਦਰਸ਼ਣ ਤਾਂ ਪੁਆ ਦਿਓ..! ਮੈਨੂੰ ਲੱਗਦੈ ਰਾਤ ਤੁਸੀਂ ਉਹਨੂੰ ਬਾਹਲ਼ਾ ਕੁੱਟਿਐ..! ਉਹਦੇ ਵੱਜਣ ਆਲ਼ੀਆਂ ਸੱਟਾਂ ਮੇਰੇ ਐਥੇ ਦਿਲ 'ਤੇ ਵੱਜਦੀਆਂ ਰਹੀਐਂ..! ਐਥੇ ਵੱਜੀਐਂ ਮੇਰੇ..! ਚੀਸਾਂ ਪਈ ਜਾਂਦੀਐਂ ਓਏ ਦੁਸ਼ਮਣੋਂ..!" ਕਈ ਨਰਮ ਦਿਲ ਵਾਲ਼ੇ ਅਤੇ ਕਈ ਬੋਤਲ ਦੇ 'ਲਾਲਚੀ' ਉਸ ਨੂੰ ਦੂਰੋਂ ਉਸ ਦਾ ਪੁੱਤ ਦਿਖਾ ਦਿੰਦੇ। ਪੁੱਤ ਦੀ ਹਾਲਤ ਦੇਖ ਨੇਕ ਸਿੰਘ ਦਾ ਦਿਲ ਦੋਫ਼ਾੜ ਹੋ ਜਾਂਦਾ ਤੇ ਉਹ ਧਾਂਹਾਂ ਮਾਰਦਾ ਬਾਹਰ ਕੰਧ ਕੋਲ਼ ਬੈਠ ਕੇ ਰੋਣ ਲੱਗ ਜਾਂਦਾ। ..ਤੇ ਜਦ ਉਸ ਨੂੰ ਝੱਖੜ ਸਿੰਘ ਨਜ਼ਰੀਂ ਪੈਂਦਾ ਤਾਂ ਉਹ ਉਸ ਨੂੰ ਸਿੱਧਾ ਹੀ ਜਾ ਪੁੱਛਦਾ, ''ਸਰਦਾਰ ਜੀ, ਮੇਰੇ ਪੁੱਤ ਨੂੰ ਕਦੋਂ ਛੱਡੋਂਗੇ..?" ਉਹ ਤਰਲਾ ਲੈ ਕੇ ਉਸ ਦੇ ਗੋਡੀਂ ਹੱਥ ਲਾਉਂਦਾ।
-''ਉਸ ਦੀ ਖ਼ਲਾਸੀ ਤਾਂ ਹੁਣ ਰੱਬ ਈ ਕਰਾਊ ਬਾਬਾ..!" ਝੱਖੜ ਸਿੰਘ ਉਸ ਦੀ ਇੱਕ ਨਾ ਸੁਣਦਾ ਅਤੇ ਬੇਪ੍ਰਵਾਹ ਅੰਦਰ ਚਲਿਆ ਜਾਂਦਾ।
-''ਨਾ ਕਰਮਾਂ ਆਲ਼ਿਆ..! ਐਡੇ ਐਡੇ ਜ਼ੁਲਮ ਨਾ ਕਰ..! ਉਪਰ ਦੇਖ ਕੌਣ ਬੈਠੈ..!"
-''ਕੌਣ ਬੈਠੈ..?" ਝੱਖੜ ਸਿੰਘ ਹੱਸ ਕੇ ਆਖਦਾ।
-''ਉਪਰ ਰੱਬ ਬੈਠੈ ਜਿਉਣ ਜੋਕਰਿਆ..!"
-''ਫ਼ੇਰ ਆਬਦੇ ਰੱਬ ਨੂੰ ਈ ਕਿਉਂ ਨੀ ਆਖ ਦਿੰਦਾ..? ਸਾਡੇ ਗੋਡੇ ਕਿਉਂ ਘੁੱਟੀ ਜਾਨੈਂ..?"
-''ਨਾ ਰੱਬ ਬਣ ਠਾਣੇਦਾਰਾ..! ਨਾ ਬਣ ਰੱਬ..! ਜਦੋਂ ਉਹਦਾ ਬਲਡੋਜਰ ਚੱਲਦੈ, ਖੜਕਾ ਨੀ ਹੁੰਦਾ, ਪਰ ਤਬਾਹੀ ਫ਼ੈਲ ਜਾਂਦੀ ਐ..! ਡਰ ਓਹਤੋਂ..! ਜਿੱਦਣ ਓਹਦੇ ਇਨਸਾਫ਼ ਦਾ ਸੁਹਾਗਾ ਫ਼ਿਰ ਗਿਆ, ਟੋਏ ਟਿੱਬੇ ਬਰਾਬਰ ਕਰਦੂ..!" ਨੇਕ ਸਿੰਘ ਫ਼ਿਰ ਨਸੀਹਤ-ਨੁਮਾਂ ਵਿਰਲਾਪ ਕਰਦਾ। ਪਰ ਝੱਖੜ ਸਿੰਘ ਤਾਂ ਖ਼ੁਦ 'ਰੱਬ' ਬਣਿਆਂ ਹੋਇਆ ਸੀ।
ਕਿਸ਼ਤ 20
ਇੱਕ ਰਾਤ ਸਵੇਰ ਦੇ ਦੋ ਵੱਜੇ ਹੋਏ ਸਨ।
ਨੇਕ ਸਿੰਘ ਠਾਣੇ ਦੀ ਕੰਧ ਨਾਲ਼ ਮੱਖੀ ਵਾਂਗ ਲੱਗਿਆ ਬੈਠਾ ਸੀ। ਦੋ ਜਿਪਸੀਆਂ ਬਾਹਰ ਨਿਕਲਣ ਲੱਗੀਆਂ ਤਾਂ ਬੱਲ੍ਹਬ ਦੇ ਚਾਨਣ ਵਿਚ ਨੇਕ ਸਿੰਘ ਨੂੰ ਮਹਿਸੂਸ ਹੋਇਆ, ਜਿਵੇਂ ਉਸ ਦਾ ਪੁੱਤ ਸ਼ਾਨ ਸਿੰਘ ਵਿਚ ਬਿਠਾਇਆ ਹੋਇਆ ਸੀ। ਉਸ ਦੇ ਵਾਲ਼ ਖਿੱਲਰੇ ਹੋਏ ਸਨ ਅਤੇ ਸਿਰ ਇਕ ਪਾਸੇ ਨੂੰ ਲੁੜਕਿਆ ਹੋਇਆ ਸੀ। ਉਹ ਵਾਹੋ-ਦਾਹੀ ਜਿਪਸੀਆਂ ਮਗਰ ਦੌੜ ਪਿਆ। ਸਿਰਤੋੜ ਭੱਜੇ ਜਾਂਦੇ ਦੀ ਉਸ ਦੀ ਪੱਗ ਖੁੱਲ੍ਹ ਕੇ ਡਿੱਗ ਪਈ ਅਤੇ ਕੇਸ ਖੁੱਲ੍ਹ ਕੇ ਗਲ਼ ਵਿਚ ਪੈ ਗਏ ਸਨ। ਨੇਕ ਸਿੰਘ ਬੇਹਾਲ ਜਿਪਸੀਆਂ ਦੇ ਪਿੱਛੇ ਲਮਕਿਆ ਆ ਰਿਹਾ, ''ਰੋਕੋ ਓਏ..! ਰੋਕੋ ਵੈਰੀਓ..! ਓਏ ਜਾਲਮੋਂ...ਕਿੱਥੇ ਲੈ ਚੱਲੇ ਓਂ ਮੇਰੇ ਪੁੱਤ ਨੂੰ..! ਇਹ ਮੇਰਾ 'ਕੱਲਾ 'ਕੱਲਾ ਪੁੱਤ ਐ ਓਏ...ਰਹਿਮ ਕਰੋ ਕੁਛ..! ਉਤਾਰੋ ਇਹਨੂੰ..! ਓਏ ਇਹ ਭੁੱਖੈ ਕਈ ਦਿਨਾਂ ਦਾ...ਰੋਕੋ ਓਏ...! ਰੋਕੋ ਮੇਰੇ ਪੁੱਤ ਬਣਕੇ..!" ਪੁਕਾਰਦਾ 'ਧੜ੍ਹੰਮ' ਕਰ ਕੇ ਸੜਕ 'ਤੇ ਜਾ ਡਿੱਗਿਆ। ਉਸ ਦਾ ਸਾਰਾ ਸਰੀਰ ਝਰੀਟਿਆ ਗਿਆ ਸੀ। ਹੱਥ ਲਹੂ ਲੁਹਾਣ ਹੋ ਗਏ ਸਨ। ਪਰ ਉਸ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਸੀ।
ਜਿਪਸੀਆਂ ਦੂਰ ਨਿਕਲ਼ ਗਈਆਂ ਅਤੇ ਅਖੀਰ ਨਜ਼ਰੋਂ ਓਹਲੇ ਹੋ ਗਈਆਂ।
ਨੇਕ ਸਿੰਘ ਹਾਰੇ ਹੋਏ ਜੁਆਰੀਏ ਵਾਂਗ ਸਾਹੋ-ਸਾਹ ਮੁੜ ਠਾਣੇ ਦੇ ਅੱਗੇ ਆ ਖੜ੍ਹਿਆ। ਤਿੰਨ-ਚਾਰ ਵਾਰ ਉਸ ਨੇ ਮੱਥਾ ਠਾਣੇ ਦੇ ਖਿੜਕਾਂ ਵਿਚ ਮਾਰਿਆ। ਅੰਦਰ ਪਹਿਰੇ 'ਤੇ ਖੜ੍ਹਾ ਇੱਕ ਸਿਪਾਹੀ ਦਰਵਾਜਾ ਖੋਲ੍ਹ ਕੇ ਬਾਹਰ ਆ ਗਿਆ।
-''ਕੀ ਗੱਲ ਐ ਬਿਰਧਾ..?" ਉਹ ਅਨੀਂਦਰੇ ਦਾ ਬਹੁਤ ਸਤਾਇਆ ਲੱਗਦਾ ਸੀ।
-''ਆਹ ਆਪਣੇ ਸ਼ਾਨ ਨੂੰ ਲੈ ਕੇ ਗਏ ਐ, ਸ਼ੇਰਾ..?" ਉਸ ਨੇ ਬੜੇ ਗਹੁ ਨਾਲ਼ ਸਿਪਾਹੀ ਦਾ ਚਿਹਰਾ ਪੜ੍ਹ ਕੇ ਪੁੱਛਿਆ।
-''ਇੱਥੇ ਵੀਹ ਸ਼ਾਨ ਆਉਂਦੇ ਤੇ ਵੀਹ ਜਾਂਦੇ ਐ ਬਾਬਾ..! ਤੂੰ ਦਿਨੇ ਆ ਕੇ ਪਤਾ ਕਰੀਂ, ਸਾਡੀ ਜਾਨ ਦਾ ਵੈਰੀ ਨਾ ਬਣ..!" ਉਸ ਨੇ ਦਰਵਾਜਾ ਬੰਦ ਕਰ ਲਿਆ।
-''ਗੱਲ ਤਾਂ ਸੁਣ ਲੈ ਪੁੱਤ ਮੇਰੀ..!" ਉਸ ਨੇ ਕਮਲ਼ਿਆਂ ਵਾਂਗ ਦਰਵਾਜਾ ਫ਼ਿਰ ਖੜਕਾਇਆ।
ਪਰ ਮੁੜ ਕੋਈ ਨਾ ਬੋਲਿਆ।
ਉਸ ਨੂੰ ਤੜਪਦੇ ਅਤੇ ਬਿਲਕਦੇ ਨੂੰ ਹੀ ਦਿਨ ਚੜ੍ਹ ਗਿਆ ਸੀ। ਪਰ ਉਹ ਹੈਰਾਨ ਸੀ ਕਿ ਜਿਹੜੀਆਂ ਦੋ ਜਿਪਸੀਆਂ ਗਈਆਂ ਸਨ, ਉਹ ਵੀ ਵਾਪਸ ਨਹੀਂ ਆਈਆਂ ਸੀ। ਉਸ ਦਾ ਮਨ ਟਿਕਾਣੇ ਨਹੀਂ ਸੀ। ਦਿਮਾਗ ਥਿੜਕਿਆ ਹੋਇਆ ਸੀ। ਉਹ ਸੁੱਕੇ ਪੱਤੇ ਵਾਂਗ ਕੰਧਾਂ ਨਾਲ਼ ਵੱਜਦਾ ਫ਼ਿਰਦਾ ਸੀ।
ਜਦ ਅੱਠ ਕੁ ਵਜੇ ਝੱਖੜ ਸਿਉਂ ਬਹੁੜਿਆ ਤਾਂ ਬਾਬਾ ਲਪਕ ਕੇ ਫ਼ਿਰ ਉਸ ਦੇ ਮਗਰ ਹੋ ਤੁਰਿਆ।
-''ਸ਼ੇਰਾ, ਆਪਣਾ ਜਿਉਣ ਜੋਕਰਾ ਕਿੱਥੇ ਐ..?" ਉਸ ਨੇ ਝੱਖੜ ਸਿਉਂ ਦਾ ਰਾਹ ਰੋਕ ਲਿਆ।
-''ਸਾਡੇ ਕੋਲ਼ੇ ਤੇਰਾ ਜਿਉਣ ਜੋਕਰਾ ਹੈਨ੍ਹੀ ਬਾਬਾ..! ਜਾਹ ਕਮਲ਼ ਨਾ ਪਾਅ..! ਕਿਤੇ ਹੋਰ ਜਾ ਕੇ ਲੱਭ..!" ਝੱਖੜ ਸਿਉਂ ਸਾਫ਼ ਹੀ ਮੁੱਕਰ ਗਿਆ।
-''ਕੀ ਕਿਹੈ...? ਕਿੱਥੇ ਗਿਆ..? ਕੱਲ੍ਹ ਤਾਂ ਐਥੇ ਸੀ..?" ਨੇਕ ਸਿੰਘ ਨੂੰ ਚੱਕਰ ਆਇਆ ਅਤੇ ਅੱਖਾਂ ਅੱਗੇ ਹਨ੍ਹੇਰ ਛਾ ਗਿਆ।
-''ਤੈਨੂੰ ਇੱਕ ਵਾਰੀ ਆਖ ਤਾਂ ਦਿੱਤਾ ਬਈ ਸਾਡੇ ਕੋਲ਼ੇ ਤੇਰਾ ਮੁੰਡਾ ਹੈਨ੍ਹੀ..!"
-''ਫ਼ੇਰ ਗਿਆ ਕਿੱਥੇ..? ਕੱਲ੍ਹ ਤਾਂ ਐਥੇ ਸੀ..! ਕਿੱਥੇ ਛੱਡ ਆਏ ਉਹਨੂੰ ਪਾਪੀਓ..?" ਉਹ ਝੱਖੜ ਸਿਉਂ ਨੂੰ ਚਿੰਬੜਨ ਵਾਲ਼ਾ ਹੋਇਆ ਖੜ੍ਹਾ ਸੀ।
-''..........।" ਪਰ ਝੱਖੜ ਸਿਉਂ ਨੇ ਕੋਈ ਉੱਤਰ ਨਾ ਦਿੱਤਾ। ਠਾਣੇਦਾਰ ਦੇ ਕਰੋਧੀ ਤੌਰ ਦੇਖ ਕੇ ਦੋ ਸਿਪਾਹੀਆਂ ਨੇ ਫ਼ੜ ਕੇ ਨੇਕ ਸਿਉਂ ਨੂੰ ਠਾਣੇ ਤੋਂ ਬਾਹਰ ਕਰ ਦਿੱਤਾ। ਉਹ ਬੇਵੱਸ ਅਤੇ ਲਾਚਾਰ ਹੋਇਆ ਫ਼ਿਰ ਬਾਹਰਲੀ ਕੰਧ ਨਾਲ਼ ਲੱਗ ਕੇ ਬੈਠ ਗਿਆ। ਕੰਧ ਹੀ ਉਸ ਦੀ ਸਾਥਣ ਬਣ ਗਈ ਸੀ। ਉਹ ਕੰਧ ਨਾਲ਼ ਗੱਲਾਂ ਵੀ ਕਰਦਾ, ''ਗੁਰੂ ਦੇ ਸਾਹਿਬਜ਼ਾਦੇ ਜ਼ਾਲਮ ਸਰਕਾਰ ਨੇ ਕੰਧਾਂ 'ਚ ਚਿਣੇ ਸੀ..! ਤੇ ਅੱਜ ਉਹਨਾਂ ਦੇ ਵਾਰਿਸਾਂ ਨੂੰ ਠਾਣੇ ਦੀਆਂ ਕੰਧਾਂ ਪਿੱਛੇ ਭਸਮ ਕਰੀ ਜਾਂਦੇ ਐ..! ਕੌਮ ਖ਼ਤਮ ਕੀਤੀ ਜਾ ਰਹੀ ਐ..!" ਕੰਧ ਨਾਲ਼ ਗੱਲਾਂ ਕਰਦੇ ਨੂੰ ਦੇਖ, ਕੋਲ਼ ਦੀ ਲੰਘਣ ਵਾਲ਼ੇ ਲੋਕ ਉਸ ਨੂੰ 'ਪਾਗ਼ਲ' ਹੀ ਸਮਝਦੇ।
ਆਥਣੇ ਝੱਖੜ ਸਿਉਂ ਬੋਤਲ ਖੋਲ੍ਹੀ ਬੈਠਾ ਸੀ।
-''ਆ ਬਾਬਾ, ਰੋਟੀ ਪਾਣੀ ਛਕਾਈਏ..!" ਝੱਖੜ ਸਿਉਂ ਨੇ ਪੈੱਗ ਅੰਦਰ ਸੁੱਟਦਿਆਂ ਕਿਹਾ। ਹੁਣ ਉਹ ਵਾਹਵਾ 'ਰੰਗਾਂ' ਵਿਚ ਸੀ।
-''ਲੰਘਦੀ ਨੀ...! ਬੁਰਕੀ ਨੀ ਅੰਦਰ ਲੰਘਦੀ ਜਿਉਣ ਜੋਕਰਿਆ..! ਕਿੰਨੇ ਦਿਨ ਹੋ ਗਏ, ਅੰਨ ਮੂੰਹ 'ਤੇ ਨੀ ਧਰਿਆ..! ਮੇਰਾ ਮੁੰਡਾ ਤਾਂ ਦਿਖਾ ਦਿਓ ਕਿੱਥੇ ਐ..? ਮੇਰਾ ਤਾਂ ਦਿਲ ਖੁੱਸੀ ਜਾਂਦੈ..!"
-''ਹੌਲਦਾਰ..!"
-''ਜੀ ਸਰਕਾਰ..?"
-''ਜਾਹ..! ਆਹ ਬਾਬੇ ਨੂੰ ਇਹਦਾ ਮੁੰਡਾ ਮਿਲ਼ਾ ਦੇਹ..! ਜਾਹ ਬਾਬਾ..! ਮਿਲ਼ ਲੈ ਆਬਦੇ ਮੁੰਡੇ ਨੂੰ, ਬਾਹਲ਼ਾ ਈ ਹੱਥ ਧੋ ਕੇ ਮਗਰ ਪੈ ਗਿਐਂ..!" ਝੱਖੜ ਸਿਉਂ ਨੇ ਹੌਲਦਾਰ ਨੂੰ ਵਿਅੰਗਮਈ ਨਜ਼ਰ ਝਾਕ ਕੇ ਆਖਿਆ।
-''ਆ ਬਾਬਾ..!" ਹੌਲਦਾਰ ਦੇ ਨਾਲ਼ ਤਿੰਨ ਸਿਪਾਹੀ ਵੀ ਜਿਪਸੀ ਵੱਲ ਨੂੰ ਤੁਰ ਪਏ।
-''ਚੱਲ ਪੁੱਤ..! ਚੱਲ ਓਏ ਮੇਰਿਆ ਜਿਉਣ ਜੋਕਰਿਆ..!" ਨੇਕ ਸਿੰਘ ਇੱਕ ਆਸ 'ਤੇ ਬੜੇ ਹੌਸਲੇ ਨਾਲ਼ ਜਿਪਸੀ 'ਚ ਬੈਠਿਆ ਸੀ।
ਜਿਪਸੀ ਬਾਹਰ ਉਜਾੜ ਜਿਹੇ ਵੱਲ ਨੂੰ ਤੁਰ ਪਈ।
-''ਊਂ ਅੱਜ ਆਪਣੇ ਸ਼ਾਨ ਨੇ ਇੱਕ ਅੱਧੀ ਰੋਟੀ ਖਾ ਲਈ ਸੀ ਪੁੱਤ..?" ਨੇਕ ਸਿੰਘ ਨੇ ਪਾਗਲਾਂ ਵਾਂਗ ਹੌਲਦਾਰ ਨੂੰ ਪੁੱਛਿਆ।
-''.........।" ਕੋਈ ਉੱਤਰ ਨਾ ਆਇਆ।
-''ਪੈੱਗ ਲਾਵੇਂਗਾ ਬਾਬਾ..?" ਇੱਕ ਸਿਪਾਹੀ ਨੇ ਬੋਤਲ ਖੋਲ੍ਹਦਿਆਂ ਸੁਲਾਹ ਮਾਰੀ।
-''ਵਾਹਿਗੁਰੂ ਬੋਲ ਸ਼ੇਰਾ..! ਮੈਂ ਤਾਂ ਇਸ ਕੁਲਿਹਣੀ ਦਾ ਕਦੇ ਸੁਆਦ ਤੱਕ ਨੀ ਦੇਖਿਆ..! ਨਾ ਪੀਆ ਕਰੋ ਪੁੱਤ..! ਬਹੁਤ ਮਾੜੀ ਚੀਜ ਐ ਇਹੇ..! ਸਿਆਪੇ ਦੀ ਨੈਣ ਐਂ ਇਹੇ..!"
ਸਿਪਾਹੀ ਚੁੱਪ ਹੋ ਗਿਆ।
ਅੱਧਾ ਕੁ ਘੰਟਾ ਚੱਲਣ ਤੋਂ ਬਾਅਦ ਜਿਪਸੀ ਇੱਕ ਉਜਾੜ ਜਿਹੇ ਵਿਚ ਜਾ ਰੁਕੀ। ਇੱਕ ਪਾਸੇ ਇੱਕ ਢਹਿਆ ਜਿਹਾ ਲੋਹੇ ਦਾ ਕਾਰਖ਼ਾਨਾਂ ਸੀ। ਉਹ ਕਾਰਖ਼ਾਨੇ ਦੇ ਪਿਛਲੇ ਪਾਸੇ ਗਏ ਤਾਂ ਤਿੰਨ ਸਿਵੇ ਲੱਟ-ਲੱਟ ਮੱਚ ਰਹੇ ਸਨ।
-''ਆਹ ਕੀ ਮਸਲਾ ਐ ਸ਼ੇਰਾ..?" ਨੇਕ ਸਿੰਘ ਨੇ ਹੌਲਦਾਰ ਨੂੰ ਪੁੱਛਿਆ।
-''ਲੈ ਬਾਬਾ..! ਪਛਾਣ ਲੈ ਇਹਨਾਂ 'ਚੋਂ ਤੇਰੇ ਸ਼ਾਨ ਦਾ ਸਿਵਾ ਕਿਹੜੈ..?" ਹੌਲਦਾਰ ਨੇ ਜਿੰਨ ਵਾਂਗ ਮੂੰਹ ਖੋਲ੍ਹ ਕੇ ਕਿਹਾ ਤਾਂ ਨੇਕ ਸਿੰਘ ਬਲ਼ਦੇ ਸਿਵਿਆਂ ਵੱਲ ਨੂੰ ਦੌੜ ਪਿਆ। ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਸ ਦੇ ਪੁੱਤ ਦਾ ਸਿਵਾ ਕਿਹੜਾ ਸੀ?
ਪੁਲੀਸ ਦੀ ਜਿਪਸੀ ਵਾਪਿਸ ਮੁੜ ਗਈ ਸੀ।
ਨੇਕ ਸਿੰਘ ਤਿੰਨਾਂ ਸਿਵਿਆਂ ਦੇ ਵਿਚਕਾਰ ਨਿਰਬਲ ਅਤੇ ਨਿਤਾਣਾਂ ਜਿਹਾ ਹੋਇਆ ਖੜ੍ਹਾ ਸੀ। ਸਿਵਿਆਂ ਦੇ ਨਾਲ਼-ਨਾਲ਼ ਉਸ ਦਾ ਦਿਲ ਵੀ ਮੱਚੀ ਜਾ ਰਿਹਾ ਸੀ।
-''ਓਏ ਰੱਬਾ...!" ਉਸ ਨੇ ਅਸਮਾਨ ਵੱਲ ਮੂੰਹ ਕਰ, ਸਾਰਾ ਤਾਣ ਲਾ ਕੇ ਪਤਾ ਨਹੀਂ ਕਿਸ ਨੂੰ ਅਵਾਜ਼ ਦਿੱਤੀ ਸੀ, ''ਓਏ ਗੂੰਗਿਆ ਰੱਬਾ..! ਕਿੱਥ ਲੁਕ ਗਿਆ ਓਏ ਤੂੰ..?" ਉਸ ਦੀ ਅਵਾਜ਼ ਬੋਲ਼ੇ ਕਾਰਖ਼ਾਨੇ ਦੀਆਂ ਕੰਧਾਂ ਨਾਲ਼ ਵੱਜ ਕੇ ਉਸ ਦੇ ਕੰਨਾਂ ਨਾਲ਼ ਆ ਟਕਰਾਈ।
-''ਓਏ ਰੱਬਾ..! ਦੇਖ ਓਏ ਤੇਰੀ ਨਗਰੀ ਵਿਚ ਕੀ ਹੋਈ ਜਾਂਦੈ, ਓਏ ਰੱਬਾ..!"
ਮੜ੍ਹੀਆਂ ਪੂਰੇ ਜੋਬਨ 'ਤੇ ਮੱਚ ਰਹੀਆਂ ਸਨ।
-''ਲੈ ਝੱਖੜ ਸਿਆਂ..! ਜਿਵੇਂ ਤੂੰ ਲੋਕਾਂ ਦੇ ਪੁੱਤਾਂ ਦੀਆਂ ਮੜ੍ਹੀਆਂ ਦਾ ਮਜਾਕ ਉਡਾਇਐ..! ਤੇਰੇ ਪੁੱਤ ਦੀ ਮੜ੍ਹੀ ਦਾ ਵੀ ਇਉਂ ਈ ਮਜਾਕ ਉੱਡੂਗਾ..!" ਉਸ ਨੇ ਅਸਮਾਨ ਵੱਲ ਦੇਖ ਕੇ ਝੋਲ਼ੀ ਅੱਡੀ ਅਤੇ ਵਾਰੀ-ਵਾਰੀ ਤਿੰਨਾਂ ਮੜ੍ਹੀਆਂ ਦੀ ਰਾਖ਼ ਝੋਲ਼ੀ ਪਾ ਲਈ। ਰਾਖ਼ ਝੋਲ਼ੀ ਵਿਚ ਲਈ ਉਹ ਸਾਰੀ ਰਾਤ ਮੜ੍ਹੀਆਂ ਕੋਲ਼ ਬੈਠਾ ਗੱਲਾਂ ਕਰਦਾ, ਝੱਖੜ ਸਿਉਂ ਨੂੰ ਬਦ-ਦੁਆਵਾਂ ਦਿੰਦਾ ਰਿਹਾ।
-''ਕਿਸੇ ਸੁੱਤੇ ਪਏ ਕੁੱਤੇ ਦੇ ਠੁੱਡ ਮਾਰੀਏ, ਉਹਦਾ ਵੀ ਪਿੱਛੋਂ ਤਰਸ ਆ ਜਾਂਦੈ, ਤੂੰ ਤਾਂ ਮਾਪਿਆਂ ਦੇ ਜਿਉਂਦੇ ਜਾਗਦੇ ਤੇ ਨਿਰਦੋਸ਼ ਪੁੱਤ ਪਲ 'ਚ ਮਿੱਟੀ ਕਰਤੇ ਓਏ ਦੁਸ਼ਟਾ..! ਸਵਰਗ ਨਰਕ ਸਭ ਐਥੇ ਈ ਐ ਝੱਖੜ ਸਿਆਂ..! ਪਤਾ ਤਾਂ ਓਸ ਦਿਨ ਲੱਗੂਗਾ, ਜਿਸ ਦਿਨ ਤੇਰੇ ਘਰ 'ਤੇ ਝੱਖੜ ਝੁੱਲਿਆ..! ਦੂਜੇ ਦੇ ਘਰੇ ਲੱਗੀ ਅੱਗ ਈ ਬਸੰਤਰ ਦੇਵਤਾ ਲੱਗਦੀ ਐ..! ਪਤਾ ਤਾਂ ਓਦੋਂ ਲੱਗਦੈ, ਜਦੋਂ ਆਬਦੇ ਬਨੇਰੇ ਨੂੰ ਆ ਪੈਂਦੀ ਐ..! ਫ਼ੇਰ ਸੁਰਤ ਮਾਰੀ ਜਾਂਦੀ ਐ ਤੇ ਪਾਣੀ ਦੀਆਂ ਬਾਲਟੀਆਂ ਲੈ ਕੇ ਭੱਜਦੈ..! ਤੂੰ ਕੀਤੀਆਂ ਭਰੇਂਗਾ ਝੱਖੜਾ..! ਭਰੇਂਗਾ ਤੂੰ ਕੀਤੀਆਂ..! ਰੱਬ ਦੇ ਘਰੇ ਦੇਰ ਐ, ਹਨ੍ਹੇਰ ਕਦੇ ਨੀ..! ਜਿਸ ਦਿਨ ਓਸ ਦਾ ਡੰਡਾ ਫ਼ਿਰ ਗਿਆ, ਤੇਰਾ ਕੱਖ-ਕਾਨਾਂ ਵੀ ਨੀ ਰਹਿਣਾ..!" ਉਹ ਮੜ੍ਹੀਆਂ ਦੇ ਪਾਸੇ ਖਿੱਲਰੇ ਪਏ ਡੱਕਿਆਂ ਨੂੰ ਮੜ੍ਹੀਆਂ ਦੇ ਉਪਰ ਸੁੱਟੀ ਜਾ ਰਿਹਾ ਸੀ। ਸਾਹਮਣੇ ਸਿਵੇ ਬਲ਼ ਰਹੇ ਸਨ। ਪਰ ਉਸ ਨੂੰ ਅਜੇ ਤੱਕ ਵੀ ਵਿਸ਼ਵਾਸ ਨਹੀਂ ਸੀ ਕਿ ਉਸ ਦਾ ਪੁੱਤ 'ਮੁੱਕ' ਗਿਆ ਸੀ। ਉਸ ਦੇ ਸਬਰ ਦਾ ਬੰਨ੍ਹ ਖੁਰ-ਖੁਰ ਜਾਂਦਾ ਸੀ। ਪੁੱਤ ਦੀ ਸੋਹਣੀ, ਪਿਆਰੀ ਅਤੇ ਭੋਲ਼ੀ ਜਿਹੀ ਸੂਰਤ ਉਸ ਦੇ ਸੀਨੇਂ ਸਿਲ਼ਤ ਵਾਂਗ ਖੁੱਭੀ ਪਈ ਸੀ ਅਤੇ ਰੱਤੋ-ਰੱਤ ਹੋਇਆ ਹਿਰਦਾ, ਨੁੱਚੜੀ ਜਾ ਰਿਹਾ ਸੀ। ਜਦੋਂ ਉਸ ਦਾ ਮਨ ਬਹੁਤਾ ਹੀ ਬਿਹਬਲ ਹੋ ਜਾਂਦਾ, ਉਹ ਅੱਡੋ ਅੱਡੀ ਤਿੰਨਾਂ ਸਿਵਿਆਂ ਦੇ ਨੇੜ ਹੋ ਕੇ ਪਤਾ ਨਹੀਂ ਕਿਸ ਚੀਜ਼ ਨੂੰ ਗਹੁ ਨਾਲ਼ ਤੱਕਦਾ।
ਸਵੇਰ ਤੱਕ ਸਿਵੇ ਮੱਚ ਕੇ ਰਾਖ਼ ਹੋ ਗਏ।
ਨੇਕ ਸਿੰਘ ਸਾਰੀ ਰਾਤ ਓਥੇ ਬੈਠਾ ਹੀ ਹੰਝੂ ਕੇਰਦਾ ਰਿਹਾ ਸੀ। ਪੁੱਤਰ ਨਾਲ਼ ਗੱਲਾਂ ਕਰਦਾ ਰਿਹਾ ਸੀ। 'ਮਿੱਤਰ ਪਿਆਰੇ' ਨੂੰ ਉਸ ਨੇ ਪਤਾ ਨਹੀਂ ਕਿੰਨੇ ਕੁ ਵਾਰੀ 'ਮੁਰੀਦਾਂ ਦਾ ਹਾਲ' ਸੁਣਾਇਆ ਸੀ।
ਸਵੇਰੇ ਸੂਰਜ ਦੀ ਪਹਿਲੀ ਕਿਰਨ ਨਾਲ਼ ਪੁਲ਼ਸ ਦੀਆਂ ਗੱਡੀਆਂ ਆਈਆਂ ਅਤੇ ਸਿਵੇ ਠੰਢੇ ਹੋਏ ਦੇਖ ਕੇ ਮੁੜ ਗਈਆਂ।
ਕਿਸੇ ਨੇ ਨੇਕ ਸਿੰਘ ਨੂੰ ਬੁਲਾਇਆ ਨਹੀਂ ਸੀ। ਨਾ ਹੀ ਨੇਕ ਸਿੰਘ ਨੇ ਉਹਨਾਂ ਨੂੰ ਕੁਛ ਕਿਹਾ ਸੀ।
-''ਕਹਿੰਦੇ ਐ ਮੁਸਲਮਾਨ ਮਾੜੇ ਐ, ਹਿੰਦੂ ਮਾੜੇ ਐ, ਮੇਰਾ ਮੁੰਡਾ ਤਾਂ ਇੱਕ ਸਿੱਖ ਨੇ ਈ ਖਾ ਲਿਆ..! ਪਰ ਇਹ ਸਿੱਖੀ ਭੇਸ 'ਚ ਮਸੰਦ ਐ ਨੇਕ ਸਿਆ..! ਸਿੱਖੀ ਭੇਸ 'ਚ ਭੇਖੀ ਐ..! ਇਹ ਸੱਪ ਦੀ ਨਸਲ 'ਚੋਂ ਐਂ..! ਜਿਹੜੇ ਆਬਦੇ ਖਲਣੇ ਨੂੰ ਆਪ ਈ ਖਾ ਜਾਂਦੇ ਐ..!"
ਜਦ ਸੂਰਜ ਸਿਰ 'ਤੇ ਆ ਗਿਆ ਤਾਂ ਉਹ ਤੇਜ਼ੀ ਨਾਲ਼ ਆਪਣੇ ਪਿੰਡ ਨੂੰ ਚੱਲ ਪਿਆ।
ਨੇਕ ਸਿੰਘ ਦੇ ਘਰਵਾਲ਼ੀ ਢੇਰੀ ਜਿਹੀ ਢਾਹੀ ਭੁੰਜੇ ਹੀ ਬੈਠੀ ਸੀ।
-''ਲੱਗਿਆ ਕੁਛ ਪਤਾ..?" ਉਸ ਨੇ ਪਤੀ-ਪ੍ਰਮੇਸ਼ਰ ਨੂੰ ਬੱਸ ਐਨਾਂ ਕੁ ਹੀ ਪੁੱਛਿਆ।
-''ਆਹੋ...! ਲੱਗ ਗਿਆ..!! ਚੱਲ, ਅੱਜ ਓਹਦੇ ਫ਼ੁੱਲ ਚੁਗਣੇ ਐਂ...! ਸਸਕਾਰ ਤਾਂ ਪਾਪੀਆਂ ਨੇ ਬਿਨਾਂ ਦੱਸੇ ਈ ਕਰ'ਤਾ..!"
-''ਵੇ ਕੀ ਚੰਦਰੀਆਂ ਜੀਆਂ ਗੱਲਾਂ ਮੂੰਹੋਂ ਕੱਢੀ ਜਾਨੈਂ..?"
-''ਜੋ ਤੂੰ ਸੁਣਿਐਂ, ਠੀਕ ਈ ਸੁਣਿਐਂ..! ਹੁਣ ਤਾਂ ਭਾਣਾਂ ਮੰਨਣਾਂ ਪੈਣੈਂ..! ਸਸਕਾਰ ਉਹਨਾਂ ਨੇ ਕਰਤਾ..! ਚੱਲ ਫ਼ੁੱਲ ਤਾਂ ਚੁਗੀਏ..!"
ਸੁਣ ਕੇ ਮਾਂ ਨੂੰ ਗਸ਼ ਪੈ ਗਈ।
-''ਗ਼ਮ ਨਾ ਕਰ..! ਇਹ ਰੱਬ ਦਾ ਭਾਣੈਂ..! ਮਿੱਠਾ ਕਰ ਕੇ ਮੰਨ..!" ਉਸ ਨੇ ਚਮਚੇ ਨਾਲ਼ ਦੰਦਲ਼ ਤੋੜ ਕੇ ਘਰਵਾਲ਼ੀ ਦੇ ਮੂੰਹ ਨੂੰ ਪਾਣੀ ਲਾਉਂਦਿਆਂ ਕਿਹਾ।
ਦੁਪਿਹਰ ਵੇਲ਼ੇ ਉਹ ਬੱਸ ਫ਼ੜ ਕੇ ਸਸਕਾਰ ਵਾਲ਼ੀ ਥਾਂ 'ਤੇ ਪਹੁੰਚ ਗਏ।
-''ਇਹ ਤਾਂ ਤਿੰਨ ਸਸਕਾਰ ਹੋਏ ਵੇ ਐ..! ਇਹਨਾਂ 'ਚੋਂ ਆਪਣੇ ਆਲ਼ਾ ਕਿਹੜੈ..?" ਮਾਂ ਤਿੰਨ ਸਿਵੇ ਦੇਖ ਕੇ ਮੁੜ ਬੇਸੁਰਤ ਹੋਣ ਵਾਲ਼ੀ ਹੋ ਗਈ।
-''ਸਮਝਲਾ ਤਿੰਨੋਂ ਈ ਆਪਣੇ ਐਂ..! ਤੂੰ ਜਿੱਧਰੋਂ ਮਰਜ਼ੀ ਸ਼ੁਰੂ ਕਰ ਦੇਹ..! ਇਹ ਸਾਰੇ ਪੰਥ ਤੇ ਪੰਜਾਬ ਦੇ ਪੁੱਤ ਐ..!"
ਸ਼ਾਮ ਤੱਕ ਉਹਨਾਂ ਨੇ ਫ਼ੁੱਲ ਚੁਗ ਕੇ ਪਾਸੇ ਰੱਖ ਲਏ।
ਰਾਖ਼ ਇਕੱਠੀ ਕਰ ਕੇ ਢੇਰੀਆਂ ਲਾ ਦਿੱਤੀਆਂ ਅਤੇ ਫ਼ੁੱਲ ਚੁੱਕ ਤੁਰ ਪਏ..!
...ਤੇ ਜਦੋਂ ਝੱਖੜ ਸਿੰਘ ਦੇ ਇਕਲੌਤੇ ਪੁੱਤਰ ਦੀ ਚਾਣਚੱਕ ਮੌਤ ਹੋਈ ਤਾਂ ਕੜੀ ਵਰਗੇ ਜੁਆਨ ਪੁੱਤ ਦੀ ਲਾਸ਼ ਦੇਖ ਕੇ ਝੱਖੜ ਸਿੰਘ ਦਾ ਦਿਮਾਗ 'ਹਿੱਲ' ਗਿਆ, ਜਿਹੜਾ ਅੱਜ ਤੱਕ ਲੋਟ ਨਹੀਂ ਆਇਆ ਸੀ। ਉਹ ਕੰਧਾਂ ਨਾਲ਼ ਟੱਕਰਾਂ ਮਾਰਦਾ, ਬੁਰੇ ਹਾਲ ਕਰਦਾ ਫ਼ਿਰਦਾ ਸੀ। ਪੁਲੀਸ ਵਾਲ਼ੇ ਫ਼ੜ ਕੇ ਉਸ ਨੂੰ ਪਾਗਲਾਂ ਦੇ ਹਸਪਤਾਲ਼ ਛੱਡ ਆਉਂਦੇ ਸਨ ਅਤੇ ਉਹ ਫ਼ਿਰ ਭੱਜ ਜਾਂਦਾ ਸੀ।
....ਰੋਂਦੀ ਪ੍ਰਤਾਪ ਕੌਰ ਕੋਲ਼ ਨੇਕ ਸਿੰਘ ਸਿਲ਼-ਪੱਥਰ ਹੋਇਆ ਬੈਠਾ ਸੀ।
-''ਸਸਕਾਰ ਕਰ'ਤਾ ਸੀ ਨੇਕ ਸਿਆਂ..?" ਪ੍ਰਤਾਪ ਕੌਰ ਨੇ ਪੁੱਛਿਆ। ਉਸ ਨੂੰ ਸਰੀਰਕ ਕਸ਼ਟ ਨਾਲ਼ੋਂ ਮਾਨਸਿਕ ਪੀੜਾ ਜ਼ਿਆਦਾ ਤੰਗ ਕਰ ਰਹੀਆਂ ਸਨ।
-''ਆਹੋ..! ਸਸਕਾਰ ਹੋ ਗਿਆ ਸੀ ਪ੍ਰਤਾਪ ਕੌਰੇ..! ਬੱਸ ਫ਼ੁੱਲ ਈ ਚੁਗਣ ਆਲ਼ੇ ਰਹਿੰਦੇ ਐ..! ਉਹ ਅੱਜ ਚੁਗ ਲਵਾਂਗੇ..! ਮੈਂ ਤਾਂ ਤੇਰੀ 'ਡੀਕ ਈ ਕਰਦਾ ਸੀ..!"
-''ਕੀਹਨੇ ਕੀਤਾ ਸਸਕਾਰ..?"
-''ਮੈਂ ਈ ਕੀਤੈ..!" ਹੋਰ ਕੋਈ ਵੀ ਗੱਲ ਕਹਿਣੋਂ ਉਹ ਸੰਕੋਚ ਕਰ ਗਿਆ।
-''.........।" ਪ੍ਰਤਾਪ ਕੌਰ ਚੁੱਪ ਵੱਟ ਗਈ। ਬਹੁਤੀਆਂ ਕਬਰਾਂ ਉਹ ਵੀ ਨਹੀਂ ਫ਼ਰੋਲਣੀਆਂ ਚਾਹੁੰਦੀ ਸੀ।
-''ਚੱਲ ਤੂੰ ਨਹਾ ਕੇ ਤਿਆਰ ਹੋ, ਆਪਾਂ ਫ਼ੁੱਲ ਚੁਗ ਲਈਏ, ਪਾ ਮੈਂ ਆਊਂਗਾ..!"
-''ਮੇਰੇ ਤਾਂ ਪਿੰਡੇ ਨੂੰ ਪਾਣੀ ਨੀ ਲੱਗਦਾ ਵੇ ਨੇਕ ਸਿਆਂ..! ਗਰਮ ਪ੍ਰੈੱਸਾਂ ਲਾ ਕੇ ਥਾਂ-ਥਾਂ ਤੋਂ ਸਾੜਿਆ ਪਿਐ ਸਰੀਰ..!" ਸੁਣ ਕੇ ਨੇਕ ਸਿੰਘ ਚੁੱਪ ਹੋ ਗਿਆ।
-''ਚੱਲ ਮੂੰਹ ਹੱਥ ਧੋ ਲੈ..! ਫ਼ੁੱਲ ਤਾਂ ਚੁਗਣੇ ਈ ਐਂ..! ਜਿਉਂਦੇ ਜੀਆਂ ਨੂੰ ਬਥੇਰਾ ਕੁਛ ਕਰਨਾ ਪੈਂਦੈ..!"
-''ਵੇ ਨੇਕ ਸਿਆਂ..!"
-''ਹਾਂ..?"
-''ਮੇਰੀ ਇੱਕ ਗੱਲ ਸੁਣ..!"
-''ਬੋਲ..?"
-''ਫ਼ੁੱਲ ਤਾਂ ਆਪਾਂ ਲੈਨੈਂ ਆਂ, ਚੁਗ..! ਪਰ ਇਹਨਾਂ ਨੂੰ ਅਜੇ ਪਾਉਣ ਨਾ ਜਾਈਂ..! ਆਪਾਂ ਗੁਰਦੁਆਰੇ ਦੇ ਬਾਹਰ ਈ ਦਰੱਖ਼ਤ 'ਤੇ ਟੰਗ ਦਿਆਂਗੇ..!"
-''ਕਿਉਂ..?"
ਪ੍ਰਤਾਪ ਕੌਰ ਪੀੜਾਂ ਵਿਚੋਂ ਵੀ ਮੁਸਕਰਾ ਪਈ।
-''ਕੱਟਦੀ ਬਾਹਲ਼ੇ ਦਿਨ ਮੈਂ ਵੀ ਨੀ..! ਦਰਦਾਂ ਨੇ ਮੇਰਾ ਪੋਟਾ-ਪੋਟਾ ਵਿੰਨ੍ਹਿਆਂ ਪਿਐ..! ਮੈਂ ਤਾਂ ਬੱਸ ਪ੍ਰੀਵਾਰ ਦੇ ਜੀਆਂ ਦੇ ਸਿਵਿਆਂ ਦੇ ਦਰਸ਼ਣ ਕਰਨ ਵਾਸਤੇ ਈ ਜਿਉਂਦੀ ਸੀ, ਨਹੀਂ ਹੁਣ ਨੂੰ ਕੂਚ ਕਰ ਜਾਂਦੀ..! ਫ਼ੁੱਲ ਸਾਰੇ 'ਕੱਠੇ ਈ ਪਾ ਆਈਂ, ਨਹੀਂ ਤੈਨੂੰ ਵਾਧੂ ਵਾਟ ਪਊ..!"
-''........।" ਸੁਣ ਕੇ ਨੇਕ ਸਿੰਘ ਖ਼ਾਮੋਸ਼ੀ ਧਾਰ ਗਿਆ। ਦੁੱਖਾਂ-ਦਰਦਾਂ ਵਿਚ ਵਿਚਰਦਾ, ਪੀੜਾਂ ਸਹਿੰਦਾ ਉਹ ਪੱਥਰ ਹੀ ਤਾਂ ਹੋ ਗਿਆ ਸੀ। ਹੁਣ ਨਿੱਕੀ-ਮੋਟੀ ਗੱਲ ਉਸ 'ਤੇ ਬਹੁਤਾ ਅਸਰ ਨਹੀਂ ਕਰਦੀ ਸੀ। ਉਸ ਲਈ ਇਹ ਜੱਗ 'ਆਉਣ-ਜਾਣ' ਦਾ 'ਅੱਡਾ' ਬਣ ਗਿਆ ਸੀ। ਆਪਣੇ ਟਾਈਮ ਨਾਲ਼ ਕੋਈ ਆ ਜਾਂਦਾ ਸੀ ਅਤੇ ਕੋਈ ਤੁਰ ਜਾਂਦਾ ਸੀ।
-''ਮੇਰੇ ਘਰਾਂਆਲ਼ੀ ਵੀ ਸਾਹ ਜੇ ਈ ਵਰੋਲ਼ਦੀ ਐ..! ਪਤਾ ਨੀ ਤੇਰੇ ਆਲ਼ੇ ਫ਼ੁੱਲਾਂ ਨਾਲ਼ ਓਹਦੇ ਵੀ ਨਾਲ਼ ਈ ਚੱਕਣੇ ਪੈਣਗੇ..! ਚਾਹ ਬਣਾ ਕੇ ਦੇਵਾਂ..?"
-''ਨਹੀਂ..! ਕੁਛ ਨੀ ਪੀਣਾਂ..! ਚੱਲ ਆਪਾਂ ਫ਼ੁੱਲ ਚੁਗਣ ਦਾ ਆਹਰ ਕਰੀਏ..!"
ਦੁਪਿਹਰ ਹੋਣ ਤੱਕ ਉਹਨਾਂ ਨੇ ਚਾਰ ਜੀਆਂ ਦੇ ਫ਼ੁੱਲ ਚੁਗ ਲਏ।
ਫ਼ੁੱਲ ਲਿਆ ਕੇ ਗੁਰਦੁਆਰੇ ਦੇ ਬਾਹਰ ਦਰੱਖ਼ਤ ਉਪਰ ਟੰਗ ਦਿੱਤੇ।
ਜਦ ਉਹਨਾਂ ਨੇ ਫ਼ੁੱਲਾਂ ਨਵਿਰਤ ਗੁਰਦੁਆਰੇ ਅਰਦਾਸ ਕੀਤੀ ਤਾਂ ਅਰਦਾਸ ਸੰਪੂਰਨ ਹੋਣ 'ਤੇ ਪ੍ਰਤਾਪ ਕੌਰ ਗੁਰੂ ਹਜ਼ੂਰੀ ਵਿਚ ਹੀ ਸੁੱਕੀ ਲੱਕੜ ਵਾਂਗ ਡਿੱਗ ਪਈ। ਸਰੀਰ ਵਿਚੋਂ ਭੌਰ ਉਡਾਰੀ ਮਾਰ ਗਿਆ ਸੀ।
-''ਪ੍ਰਤਾਪ ਕੁਰੇ, ਤੂੰ ਵੀ ਦਗ਼ਾ ਦੇ ਗਈ..? ਕੀਹਦੇ ਨਾਲ਼ ਦੁਖ-ਸੁਖ ਸਾਂਝੇ ਕਰੂੰਗਾ ਹੁਣ..?" ਨੇਕ ਸਿੰਘ ਨੇ ਉਸ ਦੇ ਮੂੰਹ 'ਤੇ ਪਰਨਾ ਦਿੰਦਿਆਂ ਕਿਹਾ ਅਤੇ ਮੁੜ ਸਸਕਾਰ ਦੇ ਪ੍ਰਬੰਧ ਵਿਚ ਜੁਟ ਗਿਆ। ਜਿਵੇਂ ਸਸਕਾਰ ਕਰਨਾ ਅਤੇ ਫ਼ੁੱਲ ਤਾਰਨੇ ਹੀ ਉਸ ਦੇ ਜੀਵਨ ਦਾ 'ਮਕਸਦ' ਰਹਿ ਗਿਆ ਸੀ।
ਕਿਸ਼ਤ 21
ਨਿੰਮੀ ਅਤੇ ਰੀਤ ਬਾਰੇ ਪੁਲੀਸ ਨੇ ਉਹਨਾਂ ਦੇ ਪਿੰਡ ਦੀਆਂ ਪੰਚਾਇਤਾਂ ਨੂੰ ਸੂਚਿਤ ਕਰ ਦਿੱਤਾ ਸੀ।
ਪੁਲੀਸ ਨੇ ਉਹਨਾਂ ਉਪਰ ਨਾ ਤਾਂ ਕੋਈ ਪਰਚਾ ਦਰਜ਼ ਕੀਤਾ ਸੀ ਅਤੇ ਨਾ ਹੀ ਕੋਈ ਦੋਸ਼ ਆਇਦ ਕੀਤਾ ਸੀ। ਬਹੁਤਾ ਡਰ ਪੁਲੀਸ ਨੂੰ ਮੰਤਰੀ ਜੀ ਦਾ ਸੀ ਕਿ ਅਗਰ ਕੇਸ ਦਰਜ਼ ਕਰ ਕੇ ਮਾਮਲਾ ਅਦਾਲਤ ਸਪੁਰਦ ਕਰ ਦਿੱਤਾ, ਤਾਂ ਹੋ ਸਕਦੈ ਮੁੱਖ ਦੋਸ਼ੀਆਂ ਦਾ ਜ਼ਿਕਰ ਵੀ ਆ ਜਾਵੇ..? ਫ਼ਿਰ ਉਹਨਾਂ ਨੂੰ ਕਿਵੇਂ ਪੇਸ਼ ਕਰਾਂਗੇ?? ਇਸ ਲਈ ਆਪਣੇ 'ਪਾਲ਼ੇ' ਤੋਂ ਡਰਦੀ ਪੁਲੀਸ ਮਾਮਲਾ ਪੰਚਾਇਤ ਵਿਚ 'ਸੁਲ਼ਝਾ' ਕੇ ਰਫ਼ਾ-ਦਫ਼ਾ ਕਰ ਦੇਣਾਂ ਚਾਹੁੰਦੀ ਸੀ। ਉਹ ਇਹ ਸੋਚਦੇ ਸਨ ਕਿ ਕਿਤੇ ਇਹ ਨਾ ਹੋਵੇ ਕਿ ਰੋਜ਼ੇ ਬਖ਼ਸ਼ਾਉਣ ਗਿਆਂ ਦੇ ਨਮਾਜ਼ਾਂ ਗਲ਼ ਆ ਪੈਣ! ਇਸ ਲਈ ਉਹਨਾਂ ਨੇ ਪੰਚਾਇਤਾਂ ਨੂੰ ਠਾਣੇ ਪਹੁੰਚਣ ਦਾ ਸੱਦਾ ਦੇ ਦਿੱਤਾ ਸੀ।
ਨਿੰਮੀ ਦੇ ਪਿੰਡ ਦੀ ਪੰਚਾਇਤ ਤਾਂ ਆ ਚੁੱਕੀ ਸੀ। ਪਰ ਰੀਤ ਦੇ ਪਿੰਡ ਦੀ ਪੰਚਾਇਤ ਅਜੇ ਤੱਕ ਨਹੀਂ ਪਹੁੰਚੀ ਸੀ, ਜਿਸ ਕਾਰਨ ਠਾਣੇਦਾਰ ਭੂਤਰ ਗਿਆ ਸੀ।
-''ਪੁਲ਼ਸ ਨੂੰ ਤਾਂ ਭੈਣ ਦੇਣੇ ਲੋਕ ਵਿਹਲਾ ਈ ਸਮਝਦੇ ਐ, ਇਹਨਾਂ ਦੀ ਭੈਣ 'ਤੇ ਚੜ੍ਹਜਾਂ ਮੈਂ..!" ਠਾਣੇਦਾਰ ਨੇ ਕੋਰੜਾ ਛੰਦ ਪੜ੍ਹਿਆ। ਉਹ ਪੰਚਾਇਤ 'ਤੇ ਅਤੀਅੰਤ ਅੱਕਿਆ ਪਿਆ ਸੀ।
ਸਾਹਮਣੇ ਪੰਚਾਇਤ ਖੜ੍ਹੀ ਸੀ।
-''ਸਾਸਰੀਕਾਲ ਸਰਦਾਰ ਜੀ..!" ਸਰਪੰਚ ਨੇ ਹੱਥ ਜੋੜ ਕੇ ਕਿਹਾ।
-''ਕਿਉਂ ਸਰਪੈਂਚਾ..! ਬਿਨ-ਲਾਦਨ ਬਣਿਆਂ ਫ਼ਿਰਦਾ ਰਹਿੰਨੈਂ, ਤੈਨੂੰ ਆਪਣੀ ਜ਼ਿੰਮੇਵਾਰੀ ਦਾ ਕੋਈ ਅਹਿਸਾਸ ਹੈ ਕਿ ਨਹੀਂ..?"
-''ਸਰਦਾਰ ਜੀ, ਗੱਲ ਬਹਿ ਕੇ ਸੁਣਾਉਨੈ..! ਗੱਲ ਕਾਫ਼ੀ ਗੰਭੀਰ ਸੀ..!"
-''ਕੁੜੀਆਂ ਆਲ਼ੀ ਗੱਲ ਨਾਲ਼ੋਂ ਹੋਰ ਗੱਲ ਕਿਹੜੀ ਗੰਭੀਰ ਹੋਊਗੀ..? ਪੁਲ਼ਸ ਨੂੰ ਤਾਂ ਤੁਸੀਂ ਸਮਝਦੇ ਓਂ ਚਾਲੂ ਤੀਮੀਂ ਦੀਆਂ ਟੰਗਾਂ, ਬਈ ਜਦੋਂ ਜੀਅ ਕੀਤਾ ਚੱਕ ਲਈਆਂ..!"
-''ਨਹੀਂ ਜਨਾਬ..! ਤੁਸੀਂ ਮੇਰੀ ਗੱਲ ਤਾਂ ਸੁਣੋਂ..!"
-''ਸੁਣਾ..! ਪਰ ਜਲਦੀ ਸੁਣਾ...! ਅਸੀਂ ਥੋਡੇ ਆਂਗੂੰ ਵਿਹਲੇ ਨੀ..!"
-''ਗੱਲ ਕਰਨਲ ਪਿਸ਼ੌਰਾ ਸਿਉਂ ਦੀ ਸੀ ਜੀ, ਜਿਸ ਕਰਕੇ ਅਸੀਂ ਲੇਟ ਹੋ ਗਏ..!" ਤੇ ਜਿਹੜੀ ਗੱਲ ਸਰਪੰਚ ਨੇ ਸੁਣਾਈ, ਉਹ ਸੁਣ ਕੇ ਸਾਰੇ ਦੰਗ ਰਹਿ ਗਏ।
....ਦੂਸਰੀ ਵਿਸ਼ਵ-ਜੰਗ ਪੂਰੀ ਸਿਖ਼ਰ 'ਤੇ ਹੋ ਕੇ ਕਰੋੜਾਂ ਨਿਰਦੋਸ਼ਾਂ ਦੀ ਬਲੀ ਲੈ, ਖ਼ੂਨ ਨਾਲ਼ ਆਫ਼ਰੀ ਹੁਣ ਪੁੱਠੀ ਬਾਂਹ ਨਾਲ਼ ਮੂੰਹ ਪੂੰਝਦੀ ਪਿਛਲਖੁਰੀ ਮੋੜਾ ਪਾਉਣ ਲੱਗ ਪਈ ਸੀ। ਲੱਖਾਂ ਲੋਕ ਮੌਤ ਦੇ ਘਾਟ ਉਤਾਰੇ ਜਾ ਚੁੱਕੇ ਸਨ ਅਤੇ ਖਰਬਾਂ ਦਾ ਮਾਲੀ ਨੁਕਸਾਨ ਹੋ ਚੁੱਕਾ ਸੀ।
ਜਪਾਨ ਅਤੇ ਚੀਨ ਦੀ ਸਿੱਧੀ ਟੱਕਰ ਸੀ। ਹਰ ਪੱਖੋਂ ਤਬਾਹ ਹੋਏ ਲੋਕ ਬੰਬਾਂ ਦੇ ਧੂੰਏਂ ਵਿਚ ਬੈਠੇ ਬਿਲਕ ਰਹੇ ਸਨ। ਵਪਾਰਕ ਸਾਂਝ ਪੱਕੀ ਹੋਣ ਕਾਰਨ ਜਰਮਨ ਹਿੱਕ ਠੋਕ ਕੇ ਚੀਨ ਦੀ ਮੱਦਦ 'ਤੇ ਖੜ੍ਹਾ ਸੀ। 1931 'ਚ ਸ਼ੁਰੂ ਹੋਈ ਜੰਗ ਨਰ-ਸੰਘਾਰ ਅਤੇ ਸਰਬਨਾਸ਼ ਕਰ ਕੇ ਹੁਣ 1945 ਵਿਚ ਦੈਂਤ ਵਾਂਗ ਅਖੀਰਲੇ ਭਾਰੇ-ਭਾਰੇ ਸਾਹ ਲੈ ਰਹੀ ਸੀ। ਦੁਨੀਆਂ ਦਾ ਪੋਟਾ-ਪੋਟਾ 'ਵਿੰਨ੍ਹਿਆਂ' ਪਿਆ ਸੀ। ਹਰ ਇਕ ਦਾ ਦਰਦ ਹਾਣੀਂ ਸੀ ਅਤੇ ਪੀੜ ਦਾ ਮੁਹਾਂਦਰਾ ਇੱਕ ਸੀ। ਹਰ ਬਨੇਰੇ 'ਤੇ ਮੌਤ ਕੂਕ ਰਹੀ ਸੀ ਸੀ ਅਤੇ ਆਤਮਾਵਾਂ ਵਿਚੋਂ ਵਿਰਲਾਪ ਦਾ ਧੂੰਆਂ ਨਿਕਲ਼ ਰਿਹਾ ਸੀ। ਭਰੇ-ਭਰਾਏ ਘਰ ਰਾਤੋ ਰਾਤ 'ਖੋਲ਼ੇ' ਬਣ ਗਏ ਸਨ ਅਤੇ ਹੱਸਦੇ-ਖੇਡਦੇ ਚਿਹਰੇ ਬੰਜਰ-ਉਜਾੜ ਹੋ ਗਏ ਸਨ।
ਜੰਗੀ ਬੇੜਿਆਂ ਦੇ ਯੁੱਧ ਵਿਚ ਜਿੱਤ-ਹਾਰ ਚਾਹੇ ਕਿਸੇ ਵੀ ਦੇਸ਼ ਦੀ ਹੋਈ। ਪਰ ਲੋਕਾਂ ਦੇ ਹੌਸਲੇ ਅਤੇ ਭਾਵਨਾਵਾਂ 'ਹਾਰ' ਗਈਆਂ ਅਤੇ ਜਿਉਣ ਦੇ ਚਾਅ ਕਲੀਆਂ ਵਾਂਗ ਮਿੱਧੇ ਗਏ ਸਨ। ਹਥਿਆਰਬੰਦ ਲੜਾਈ ਵਿਚ ਚਾਹੇ ਕੋਈ ਸੈਨਾਂ 'ਅੱਗੇ' ਰਹੀ, ਪਰ ਆਮ ਦੁਨੀਆਂ ਦਾ ਮਨ 'ਫ਼ਾਡੀ' ਹੀ ਰਿਹਾ ਅਤੇ ਉਹਨਾਂ ਨੇ ਮੁਰਦਿਆਂ ਦਾ ਤਾਂਡਵ ਨਾਚ ਆਪਣੀ ਅੱਖੀਂ ਦੇਖਿਆ! ਮਾਨੁੱਖੀ ਖੋਪੜੀਆਂ ਹੱਸਦੀਆਂ ਦੇਖੀਆਂ। ਪਿੰਜਰ ਭੰਗੜੇ ਪਾਉਂਦੇ ਦੇਖੇ! ਇਸ ਯੁੱਧ ਦਾ ਇਵਜ਼ ਆਮ ਲੋਕਾਈ ਨੂੰ ਆਪਣੇ ਬੱਚਿਆਂ ਅਤੇ ਅੱਤ ਪਿਆਰੇ ਨਜ਼ਦੀਕੀ ਪਿਆਰਿਆਂ ਦੀ ਜ਼ਿੰਦਗੀ ਦੀਆਂ ਕਿਸ਼ਤਾਂ ਨਾਲ਼ ਮੋੜਨਾ ਪਿਆ। ਕੁਦਰਤ ਦੇ ਕਾਨੂੰਨ ਦਾ ਮਲ਼ੀਆਮੇਟ ਕੀਤਾ ਗਿਆ ਸੀ ਅਤੇ ਆਦਮ-ਜ਼ਾਤ ਦਾ ਕਾਨੂੰਨ 'ਮੋਹਰੀ' ਰਿਹਾ ਸੀ।
ਜੰਗ ਦੇ ਆਖਰੀ ਸਾਹ ਜੋ ਬਚੇ ਸਨ, ਉਹਨਾਂ ਨੂੰ ਸਹਾਰਾ ਦੇਣ ਲਈ ਹੁਣ ਹਾਰਨ ਵਾਲ਼ੇ ਜੰਗੀ-ਸੈਨਿਕਾਂ ਦੀ ਸ਼ਾਮਤ ਆਈ ਹੋਈ ਸੀ। ਚਾਹੇ ਹਰ ਸੈਨਿਕ ਬੜੇ ਸਿਰੜ ਅਤੇ ਇਮਾਨਦਾਰੀ ਨਾਲ਼ ਜਾਨ ਤਲ਼ੀ 'ਤੇ ਧਰ ਆਪਣੇ-ਆਪਣੇ ਦੇਸ਼ ਲਈ, ਆਪਣੇ ਲੋਕਾਂ ਲਈ ਹੀ ਲੜਦਾ ਹੈ। ਪਰ ਵਿਰੋਧੀ ਸੈਨਾਂ ਲਈ ਉਹ 'ਵੈਰੀ' ਹੀ ਹੁੰਦਾ ਹੈ! ਜਿੰਨਾਂ ਇੱਕ ਫ਼ੌਜੀ ਅਫ਼ਸਰ ਆਪਣੇ ਦੇਸ਼ ਲਈ 'ਯੋਧਾ' ਹੁੰਦਾ ਹੈ, ਓਨਾਂ ਹੀ ਉਹ ਦੂਜੇ ਦੇਸ਼ ਦੀ ਸੈਨਾਂ ਲਈ ਖ਼ਤਰਨਾਕ ਦੁਸ਼ਮਣ ਅਤੇ 'ਗ਼ੱਦਾਰ' ਗਰਦਾਨਿਆਂ ਜਾਂਦਾ ਹੈ। ਇੱਥੇ ਮਾਨੁੱਖੀ ਹਿਰਦਿਆਂ ਦੀਆਂ ਭਾਵਨਾਵਾਂ ਦੇ ਸੱਥਰ ਪਾਏ ਜਾਂਦੇ ਹਨ, ਜਿਸ ਦਾ ਤੀਲ੍ਹਾ-ਤੀਲ੍ਹਾ ਦੇਸ਼ਾਂ ਦੇ ਸਮਝੌਤੇ-ਸੰਧੀਆਂ ਅਤੇ ਅਦਾਨ-ਪ੍ਰਦਾਨ ਦੇ 'ਵਾ-ਵਰੋਲ਼ਿਆਂ ਵਿਚ ਰੋਹੀਆਂ ਵੱਲ ਉਡਦਾ ਰਹਿੰਦਾ ਹੈ!
ਕਰਨਲ ਆਪਣੇ ਘਰ ਵਿਚ ਬੜਾ ਫ਼ਿਕਰਮੰਦ ਟਹਿਲ ਰਿਹਾ ਸੀ।
ਉਸ ਨੂੰ ਆਪਣੇ 'ਹਸ਼ਰ' ਦੀ ਤਾਂ ਪ੍ਰਵਾਹ ਨਹੀਂ ਸੀ। ਪਰ ਉਸ ਨੂੰ ਆਪਣੇ ਮਾਂ-ਵਿਹੂਣੇ ਸਾਲ ਕੁ ਦੇ ਮਾਸੂਮ ਲੜਕੇ ਦਾ ਫ਼ਿਕਰ ਤੋੜ-ਤੋੜ ਖਾਂਦਾ ਸੀ। ਜੋ ਹਰ ਕਾਂਡ ਤੋਂ ਅਣਭਿੱਜ ਉਸ ਦੇ ਸਾਹਮਣੇ ਗਲੀਚੇ 'ਤੇ ਬੈਠਾ ਖੇਡ ਰਿਹਾ ਸੀ। ਹਰੇ ਕਾਗਜ਼ 'ਤੇ ਪਈ ਸੋਨੇ ਦੀ ਡਲ਼ੀ ਵਰਗੇ ਪੁੱਤ ਨੂੰ ਚੁੱਕ ਕੇ ਉਸ ਨੇ ਮੋਹ ਭਿੱਜੀ ਹਿੱਕ ਨਾਲ਼ ਲਾ ਲਿਆ ਤਾਂ ਉਹ ਆਪਣੇ ਨਿੱਕੇ-ਨਿੱਕੇ ਹੱਥ ਬਾਪ ਦੀ ਛਾਤੀ 'ਤੇ ਮਾਰ ਕੇ ਬਾਲ ਹਾਸੀ ਹੱਸ ਪਿਆ। ਕਰਨਲ ਦੀਆਂ ਅੱਖਾਂ ਵਿਚੋਂ ਦੋ ਕੋਸੇ ਹੰਝੂ ਕਿਰ ਪਏ ਅਤੇ ਉਸ ਦੀ ਬੰਨ੍ਹੀ ਦਾਹੜੀ ਵਿਚ ਜ਼ੀਰ ਗਏ। ਹਾਲਾਤ ਹੀ ਐਸੇ ਸਨ ਕਿ ਉਹ ਭੱਜ ਕੇ ਕਿਤੇ ਜਾ ਨਹੀਂ ਸਕਦਾ ਸੀ। ਆਪਣੇ ਦੇਸ਼ ਦੇ ਬਚਾਓ ਲਈ ਲੜੀ ਜਾ ਰਹੀ ਜੰਗ ਉਹ ਹਾਰ ਚੁੱਕੇ ਸਨ ਅਤੇ ਹੁਣ ਉੱਚ ਅਫ਼ਸਰਾਂ ਨੂੰ ਲੱਭ-ਲੱਭ ਕੇ ਗ੍ਰਿਫ਼ਤਾਰ ਕੀਤਾ ਜਾ ਰਿਹਾ ਸੀ। ਆਪਣੀ ਮੌਤ ਦਾ ਕਰਨਲ ਨੂੰ ਕੋਈ ਡਰ ਨਹੀਂ ਸੀ। ਪਰ ਆਪਣੇ ਮਾਸੂਮ ਪੁੱਤਰ ਵੱਲ ਦੇਖ ਕੇ ਉਹ ਘੋਰ ਪ੍ਰੇਸ਼ਾਨ ਘੁੰਮ ਰਿਹਾ ਸੀ ਅਤੇ ਅਤੇ ਉਸ ਦੇ ਦਿਮਾਗ ਅੰਦਰ ਤੋਪਾਂ ਚੱਲੀ ਜਾ ਰਹੀਆਂ ਸਨ।
ਕਰਨਲ ਪਿਸ਼ੌਰਾ ਸਿੰਘ ਦੇ ਘਰ ਦਾ ਦਰਵਾਜਾ ਖੜਕਿਆ ਤਾਂ ਪੁੱਤਰ ਦਰੇਗ ਵਿਚ ਉਸ ਦਾ ਦਿਲ ਧੜਕਿਆ। ਮਾਸੂਮ ਪੁੱਤ ਨੂੰ ਉਸ ਨੇ ਹੋਰ ਜ਼ੋਰ ਨਾਲ਼ ਹਿੱਕ ਨਾਲ਼ ਦੱਬ ਲਿਆ, ਜਿਵੇਂ ਭਾਵਨਾ-ਵੱਸ ਬਾਂਦਰੀ ਆਪਣੇ ਬੱਚੇ ਨੂੰ ਘੁੱਟਦੀ ਹੈ!
ਦਰਵਾਜਾ ਖੋਲ੍ਹਿਆ ਨਹੀਂ, ਤੋੜਿਆ ਗਿਆ ਅਤੇ ਕਰਨਲ ਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਉਸ ਨੂੰ ਵਿਰੋਧੀ ਸੈਨਾਂ ਦੀ ਟੁਕੜੀ ਨੇ ਘੇਰੇ ਵਿਚ ਲੈ ਲਿਆ ਅਤੇ ਪੰਜ-ਸੱਤ ਸੰਗੀਨਾਂ ਸਿੱਧੀਆਂ ਉਸ ਦੀ ਛਾਤੀ ਨੂੰ ਆ ਲੱਗੀਆਂ। ਸੈਨਿਕ ਬੋਲ ਨਹੀਂ ਰਹੇ ਸਨ। ਉਹ ਪੱਥਰ ਬਣੇ ਖੜ੍ਹੇ ਸਨ ਅਤੇ ਉਹਨਾਂ ਦੀਆਂ ਚੁੱਪ ਅੱਖਾਂ ਝਪਕਦੀਆਂ ਦਿਖਾਈ ਦੇ ਰਹੀਆਂ ਸਨ। ਘੇਰਾ ਪਾਉਣ ਵਾਲ਼ੀ ਸੈਨਾਂ ਦੇ ਕਮਾਂਡਰ ਦੇ ਇਸ਼ਾਰੇ 'ਤੇ ਕਰਨਲ ਨੇ ਬੱਚਾ ਇੱਕ ਪਾਸੇ ਸੋਫ਼ੇ 'ਤੇ ਬਿਠਾ ਦਿੱਤਾ ਅਤੇ ਤਲਾਸ਼ੀ ਲੈਣ ਉਪਰੰਤ ਉਸ ਨੂੰ ਹੱਥਕੜੀਆਂ ਵਿਚ ਜਕੜ ਲਿਆ ਗਿਆ ਅਤੇ ਬੇੜੀਆਂ ਸਿਕੰਜੇ ਵਾਂਗ ਜੜ ਦਿੱਤੀਆਂ ਗਈਆਂ।
ਹੁਣ ਕਰਨਲ ਪਿਸ਼ੌਰਾ ਸਿੰਘ ਵਿਰੋਧੀ ਅਤੇ ਜੇਤੂ ਦੇਸ਼ ਦੀ ਸੈਨਾਂ ਦੀ ਗ੍ਰਿਫ਼ਤ ਵਿਚ ਅਤੇ ਉਹਨਾਂ ਦੇ 'ਰਹਿਮ' 'ਤੇ ਸੀ। ਉਸ ਨੂੰ ਕਿਸੇ ਪਲ ਗੋਲ਼ੀ ਨਾਲ਼ ਵੀ ਉਡਾਇਆ ਜਾ ਸਕਦਾ ਸੀ।
-''ਚੱਲੋ...!" ਕਮਾਂਡਰ ਦੇ ਇਸ਼ਾਰੇ 'ਤੇ ਕਰਨਲ ਨੂੰ ਕੱਟੇ ਵਾਂਗ ਧੂਹ ਲਿਆ।
-''ਕਮਾਂਡਰ..!" ਕਰਨਲ ਇੱਕ ਜੰਗੀ ਕੈਦੀ ਦੇ ਰੌਂਅ ਵਿਚ ਬੋਲਿਆ।
-''ਬਤਾਓ..?" ਕਮਾਂਡਰ ਦਾ ਕੁਰੱਖ਼ਤ ਚਿਹਰਾ ਹੋਰ ਭਿਆਨਕ ਹੋ ਗਿਆ।
-''ਮੇਰਾ ਬੱਚਾ..! ਇਸ ਦਾ ਤਾਂ ਕੋਈ ਦੋਸ਼ ਨਹੀਂ..!" ਉਸ ਨੇ ਸੋਫ਼ੇ 'ਤੇ ਬੈਠੇ ਭੈਭੀਤ ਜਿਹੇ ਹੋਏ ਆਪਣੇ ਮਾਸੂਮ ਲੜਕੇ ਵੱਲ ਇਸ਼ਾਰਾ ਕੀਤਾ। ਕਮਾਂਡਰ ਜੰਗੀ ਕਾਨੂੰਨ ਦੀ ਉਲੰਘਣਾਂ ਨਹੀਂ ਕਰ ਸਕਦਾ ਸੀ, ਇਸ ਲਈ ਉਸ ਦੇ ਇਸ਼ਾਰੇ 'ਤੇ ਇਕ ਫ਼ੌਜੀ ਨੌਜਵਾਨ ਨੇ ਬੱਚਾ ਚੁੱਕ ਕੇ ਕਰਨਲ ਦੀਆਂ ਹੱਥਕੜੀ ਲੱਗੀਆਂ ਬਾਂਹਾਂ 'ਤੇ ਰੱਖ ਦਿੱਤਾ। ਕਰਨਲ ਬੱਚੇ ਨੂੰ ਆਪਣੀਆਂ ਸਿੱਧੀਆਂ ਬਾਂਹਾਂ ਉਪਰ ਹੀ ਖਿਡੌਣੇ ਵਾਂਗ ਲਈ ਜਾ ਰਿਹਾ ਸੀ। ਕਰਨਲ ਦੇ ਦਿਲ ਦੇ ਮਾਹੌਲ ਵਿਚ ਰੋਹੀ-ਬੀਆਬਾਨ ਪਸਰਿਆ ਪਿਆ ਸੀ। ਜਦ ਕਿ ਗ੍ਰਿਫ਼ਤਾਰ ਕਰਨ ਵਾਲ਼ੀ ਸੈਨਾਂ ਬੁੱਤ ਵਾਂਗ ਖ਼ਾਮੋਸ਼ ਸੀ। ਪਾਸੇ ਸੰਗੀਨਾਂ ਦਾ ਪਹਿਰਾ ਸੀ। ਸਖ਼ਤ ਪਹਿਰੇ ਹੇਠ ਕਰਨਲ ਨੂੰ ਫ਼ੌਜੀ ਗੱਡੀ ਵਿਚ ਬਿਠਾ ਲਿਆ। ਬੱਚਾ ਉਸ ਨੇ ਉਸੀ ਤਰ੍ਹਾਂ ਬਾਂਹਾਂ 'ਤੇ ਰੱਖਿਆ ਹੋਇਆ ਸੀ। ਬੱਚਾ ਵੀ ਇਤਨਾ ਸਤਿਯੁਗੀ ਸੀ ਕਿ ਉਸ ਨੇ ਵੀ ਕੋਈ ਚੀਕ-ਚਿਹਾੜਾ ਨਾ ਪਾਇਆ।
ਕਾਫ਼ਲੇ ਦੀ ਸ਼ਕਲ ਵਿਚ ਗੱਡੀਆਂ ਤੁਰ ਪਈਆਂ। ਪੁੱਤਰ ਦੇ ਮੋਹ ਵਿਚ ਕਰਨਲ ਦਾ ਮਨ ਫ਼ਿੱਸਿਆ ਪਿਆ ਸੀ। ਪਰ ਦੁਸ਼ਮਣ ਦੀ ਸੈਨਾਂ ਵਿਚ ਘਿਰਿਆ, ਰੋ ਕੇ ਉਹ ਆਪਣੇ ਆਪ ਨੂੰ ਲਾਜ ਵੀ ਨਹੀਂ ਲਗਵਾਉਣਾ ਚਾਹੁੰਦਾ ਸੀ। ਜਿਸ ਕਰਕੇ ਉਸ ਨੇ ਮਨ ਦੀਆਂ ਭਾਵਨਾਵਾਂ ਨੂੰ ਫ਼ੌਲਾਦ ਵਾਂਗ ਸਖ਼ਤ ਕਰ ਲਿਆ ਸੀ।
ਅੱਧਾ ਦਿਨ ਚੱਲਦੀਆਂ ਗੱਡੀਆਂ ਨੂੰ ਸ਼ਾਮ ਹੋ ਗਈ।
ਜਦ ਬੰਬਾਂ ਨਾਲ਼ ਤਬਾਹ ਹੋਈ ਸੜਕ ਤੋਂ ਅੱਗੇ ਗੱਡੀਆਂ ਦਾ ਕਾਫ਼ਲਾ ਅਗਲੀ ਜਰਨੈਲੀ ਸੜਕ 'ਤੇ ਚੜ੍ਹਿਆ ਤਾਂ ਕਰਨਲ ਨੂੰ ਚੜ੍ਹਦੀ ਕਲਾ ਦਾ ਪ੍ਰਤੀਕ ਗੁਰਦੁਆਰੇ ਦਾ ਸ੍ਰੀ ਨਿਸ਼ਾਨ ਸਾਹਿਬ ਨਜ਼ਰੀਂ ਪਿਆ। ਜੋ ਅਸਮਾਨ ਦੇ ਅੱਧ ਵਿਚ ਹਿੱਕ ਕੱਢੀ ਅਡੋਲ ਝੂਲ ਰਿਹਾ ਸੀ। ਸ੍ਰੀ ਨਿਸ਼ਾਨ ਸਾਹਿਬ ਕਰਨਲ ਨੂੰ ਹਮਾਇਤ ਵਿਚ ਹਿੱਕ ਠੋਕਦਾ ਪ੍ਰਤੀਤ ਹੋਇਆ। ਉਸ ਦੇ ਮਨ ਅੰਦਰ, ''ਅਨਹਤ ਬਾਣੀ ਥਾਨੁ ਨਿਰਾਲਾ" ਦੇ ਪਵਿੱਤਰ ਬੋਲ ਗੂੰਜ ਉਠੇ। ਕਰਨਲ ਦੇ ਮਨ ਨੂੰ ਕੋਈ ਅੰਦਰੂਨੀ ਆਤਮਿਕ ਬਲ ਮਿਲ਼ਿਆ ਅਤੇ ਉਸ ਦਾ ਡੋਲਦਾ ਦਿਲ ਅੰਦਰੋਂ ਸ਼ੇਰ ਬਣ ਗਰਜ ਉਠਿਆ। ਸੁੱਕੀ ਵੇਲ ਦੇ ਹਰੀ ਹੋਣ ਵਾਂਗ ਉਸ ਦਾ ਮਨ ਅੰਦਰੋ-ਅੰਦਰੀ ਟਹਿਕ ਪਿਆ ਸੀ। ਉਸ ਨੂੰ ਮਹਿਸੂਸ ਹੋਇਆ ਕਿ ਉਹ ਇਕੱਲਾ ਨਹੀਂ ਸੀ। ਉਸ ਪਿੱਛੇ ਵੀ ਕੋਈ ਗ਼ੈਬੀ 'ਸ਼ਕਤੀ' ਕਾਰਜ ਕਰ ਰਹੀ ਸੀ।
-''ਜੇ ਤੁਸੀਂ ਮੈਨੂੰ ਇਜ਼ਾਜ਼ਤ ਦਿਓਂ ਤਾਂ ਮੈਂ ਇੱਥੇ ਗੁਰੂ ਘਰ ਮੱਥਾ ਟੇਕਣਾਂ ਚਾਹੁੰਨੈ..!" ਕਰਨਲ ਨੇ ਕਮਾਂਡਰ ਅੱਗੇ ਆਪਣੀ ਇੱਛਾ ਰੱਖੀ।
-''........।" ਕਮਾਂਡਰ ਬੋਲਿਆ ਤਾਂ ਕੁਝ ਨਹੀਂ, ਪਰ ਉਸ ਨੇ ਇਸ਼ਾਰੇ ਨਾਲ਼ ਸਹਿਮਤੀ ਦੇ ਦਿੱਤੀ।
ਗੱਡੀਆਂ ਦਾ ਕਾਫ਼ਲਾ ਠੱਲ੍ਹ ਗਿਆ।
ਕਰਨਲ ਦੀਆਂ ਬੇੜੀਆਂ ਖੋਲ੍ਹ ਦਿੱਤੀਆਂ ਗਈਆਂ। ਬੱਚਾ ਉਸ ਨੇ ਉਸੇ ਤਰ੍ਹਾਂ ਹੀ ਬਾਂਹਾਂ ਵਿਚ ਚੁੱਕਿਆ ਹੋਇਆ ਸੀ। ਜਦ ਉਹ ਗੁਰੂ ਦਰਬਾਰ ਦੇ ਅੰਦਰ ਪ੍ਰਵੇਸ਼ ਹੋਇਆ ਤਾਂ ਸੰਗਤ ਕੋਈ ਬਹੁਤੀ ਹਾਜ਼ਰ ਨਹੀਂ ਸੀ। ਜਦ ਉਸ ਨੇ ਸਿਰ ਝੁਕਾਇਆ ਤਾਂ ਡੋਲਦੇ ਮਨ ਹੇਠ ਥੰਮ੍ਹ ਦੇਣ ਵਾਲ਼ੀਆਂ ਪੰਗਤੀਆਂ ਉਸ ਦੇ ਕੰਨਾਂ ਵਿਚ ਪਈਆਂ, ''ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ॥ ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ॥" ਉਸ ਨੇ ਬੱਚਾ ਗੁਰੂ ਮਹਾਰਾਜ ਅੱਗੇ ਰੱਖ ਕੇ ਮੱਥਾ ਟੇਕਿਆ ਅਤੇ ਦੇਗ ਲੈ ਕੇ, ''ਐਥੈ ਓਥੈ ਤੂੰਹੈ ਰਖਵਾਲਾ॥ ਮਾਤ ਗਰਭ ਮਹਿ ਤੁਮ ਹੀ ਪਾਲਾ॥" ਉਚਾਰ ਉਸ ਨੇ ਮੁੜ ਮੱਥਾ ਟੇਕਿਆ ਅਤੇ ''ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ" ਆਖ ਪੁੱਠੇ ਪੈਰੀਂ ਵਾਪਿਸ ਮੁੜ ਪਿਆ। ਸਾਲ ਕੁ ਦੀ ਉਮਰ ਦਾ ਜਿਗਰ ਦਾ ਟੁਕੜਾ ਉਸ ਨੇ ਸਤਿਗੁਰੂ ਦੇ ਹਵਾਲੇ ਕਰ ਦਿੱਤਾ ਸੀ।
ਸੈਨਾਂ ਦੀ ਟੁਕੜੀ ਸਮੇਤ ਉਹ ਮੁੜ ਗੱਡੀ ਵਿਚ ਆ ਬੈਠਿਆ।
ਪਰ ਉਸ ਦਾ ਮਨ ਮਾਸੂਮ ਪੁੱਤਰ ਦੇ ਵਿਛੋੜੇ ਵਿਚ ਖਿੱਲ ਵਾਂਗ ਭੁੱਜੀ ਜਾ ਰਿਹਾ ਸੀ। ਉਸ ਨੂੰ ਦਸਵੇਂ ਪਾਤਿਸ਼ਾਹ ਦੇ ਦਰਬਾਰ ਵਿਚ ਘਟੀ ਇਕ ਸਾਖੀ ਯਾਦ ਆ ਗਈ। ਦਸਵੇਂ ਗੁਰੂ ਦੇ ਇੱਕ ਸ਼ਰਧਾਲੂ ਸਿੱਖ ਦੇ ਘਰ ਔਲ਼ਾਦ ਨਹੀਂ ਹੁੰਦੀ ਸੀ। ਉਸ ਸ਼ਰਧਾਲੂ ਸਿੱਖ ਦੀ ਪਤਨੀ ਕਰਮ-ਕਾਂਡਾਂ ਵਿਚ ਹੀ ਦਰ-ਦਰ ਭਟਕਦੀ, ਮੱਥੇ ਟੇਕਦੀ ਫ਼ਿਰਦੀ ਸੀ। ਜੰਡ ਨੂੰ ਸੰਧੂਰ ਭੁੱਕਦੀ ਅਤੇ ਪਿੱਪਲ਼ ਨੂੰ ਪਾਣੀ ਪਾਉਂਦੀ। ਪਰ ਉਹ ਗੁਰੂ ਦਾ ਸਿੱਖ ਗੁਰੂ ਘਰ ਦਾ ਹੀ ਉਪਾਸ਼ਕ ਸੀ ਅਤੇ ਉਸ ਸ਼ਰਧਾਲੂ ਸਿੱਖ ਨੇ ਗੁਰੂ ਅੱਗੇ ਫ਼ਰਿਆਦਾਂ ਜਾਰੀ ਰੱਖੀਆਂ।
ਗੁਰੂ ਦੀ ਮਿਹਰ-ਦ੍ਰਿਸ਼ਟੀ ਪਈ, ਕ੍ਰਿਪਾ ਹੋਈ ਤਾਂ ਉਸ ਨੂੰ ਗੁਰੂ ਦਰਬਾਰ ਵੱਲੋਂ ਜੌੜੇ ਪੁੱਤਰਾਂ ਦੀ ਦਾਤ ਪ੍ਰਾਪਤ ਹੋਈ। ਸਿੱਖ ਦੇ ਘਰਵਾਲ਼ੀ ਕਦੇ ਕਿਸੇ ਦੇਹਧਾਰੀ ਦਾ ਸ਼ੁਕਰਾਨਾਂ ਕਰਿਆ ਕਰੇ ਅਤੇ ਕਦੇ ਕਿਸੇ ਪਾਖੰਡੀ ਦਾ! ਸ਼ਰਧਾਲੂ ਸਿੱਖ ਨੂੰ ਸੋਝੀ ਸੀ ਕਿ ਇਹ ਜੌੜੇ ਪੁੱਤਰ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਕਿਰਪਾ-ਦ੍ਰਿਸ਼ਟੀ ਨਾਲ਼ ਹੀ ਮਿਲ਼ੇ ਹਨ। ਸੋ ਉਸ ਨੇ ਗੁਰੂ ਜੀ ਦਾ ਸ਼ੁਕਰਾਨਾਂ ਕਰਨ ਲਈ ਆਪਣੀ ਪਤਨੀ ਨੂੰ ਗੁਰੂ ਦਰਬਾਰ ਜਾਣ ਲਈ ਤਿਆਰ ਕਰ ਲਿਆ। ਪਰ ਉਹ ਮਨੋਂ ਅਤੇ ਆਤਮਾਂ ਪੱਖੋਂ ਤਿਆਰ ਨਾ ਹੋਈ। ਅੱਗੇ ਜਾ ਕੇ ਨਦੀ ਪੈਂਦੀ ਸੀ ਅਤੇ ਉਹਨਾਂ ਨੇ ਬੇੜੀ ਦਾ ਸਫ਼ਰ ਕਰਨਾ ਸੀ। ਦੋਨੋਂ ਬੱਚੇ ਲੈ ਕੇ ਉਹ ਬੇੜੀ ਵਿਚ ਬੈਠ ਗਏ। ਖਿਝੀ ਹੋਈ ਪਤਨੀ ਝਗੜਾ ਕਰਨ ਲੱਗ ਪਈ ਕਿ ਜਿਸ ਬਾਬੇ ਨੇ ਇਹ ਪੁੱਤਰ ਦਿੱਤੇ ਨੇ, ਉਸ ਦਾ ਸ਼ੁਕਰਾਨਾਂ ਕਰਨ ਤਾਂ ਤੂੰ ਮੇਰੇ ਨਾਲ਼ ਤੁਰਿਆ ਨਹੀਂ, ਆਪਣੇ ਗੁਰੂ ਦੇ ਦਰਬਾਰ ਵੱਲ ਨੂੰ ਤੁਰ ਪਿਆ ਅਤੇ ਇਸ ਤੋਂ ਇਲਾਵਾ ਹੋਰ ਬੋਲ-ਕਬੋਲ ਵੀ ਗੁਰੂ ਜੀ ਬਾਰੇ ਕਰ ਦਿੱਤੇ। 'ਗੁਰ ਕੀ ਨਿੰਦਾ ਸੁਨੇ ਨ ਕਾਨ' ਵਾਲ਼ੀ ਗੱਲ ਹੋਈ। ਘਰਵਾਲ਼ੀ ਵੱਲੋਂ ਗੁਰੂ ਦਰਬਾਰ ਪ੍ਰਤੀ ਬੋਲੇ ਮੰਦੇ ਬਚਨ ਅਤੇ ਕੀਤੀ ਟੀਕਾ-ਟਿੱਪਣੀ ਉਸ ਸਿੱਖ ਤੋਂ ਜਰੀ ਨਾ ਗਈ ਅਤੇ ਉਹ ਬੇੜੀ ਵਿਚ ਬੈਠਾ ਉਠ ਕੇ ਖੜ੍ਹਾ ਹੋ ਗਿਆ।
-''ਲੈ ਫ਼ੇਰ ਜੀਹਨੇ ਬਖ਼ਸ਼ੇ ਐ, ਉਹੀ ਰੱਖੂਗਾ..! ਇਹ ਪਰਖ਼ ਵੀ ਹੁਣ ਹੋ ਲੈਣਦੇ..!" ਆਖ ਕੇ ਉਸ ਨੇ ਆਪਣੇ ਦੋਨੋਂ ਪੁੱਤਰ ਚੁੱਕ ਕੇ ਨਦੀ ਵਿਚ ਵਗਾਹ ਮਾਰੇ। ਪੁੱਤਰ ਨਦੀ ਵਿਚ ਸੁੱਟੇ ਦੇਖ ਕੇ ਮਾਂ ਹੋਰ ਵਿਰਲਾਪ ਦੀ ਰੂਹ ਬਣ ਗਈ।
ਘੋਰ ਉਦਾਸ ਜਦ ਉਹ ਗੁਰੂ ਦਰਬਾਰ ਵਿਚ ਪਹੁੰਚੇ ਤਾਂ ਚੋਜੀ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਉਪਰ ਚਾਦਰਾ ਲਈ ਬੈਠੇ ਸਨ।
-''ਗੁਰੂ ਜੀ, ਮੈਨੂੰ ਕਿਸੇ ਨਾ ਕਿਸੇ ਤਰ੍ਹਾਂ ਮਸਾਂ ਦੋ ਪੁੱਤਰ ਨਸੀਬ ਹੋਏ ਸੀ, ਪਰ ਥੋਡੇ ਸ਼ਰਧਾਲੂ ਨੇ ਉਹ ਵੀ ਨਦੀ ਵਿਚ ਸੁੱਟ ਦਿੱਤੇ..!" ਸ਼ਰਧਾਲੂ ਸਿੱਖ ਦੀ ਘਰਵਾਲ਼ੀ ਗੁਰੂ ਅੱਗੇ ਦੁਖੜਾ ਰੋ ਕੇ ਫ਼ਿਰ ਸਿਸਕ ਪਈ।
-''ਕਿਹੜੀ ਨਦੀ ਵਿਚ ਬੀਬੀ..?" ਗੁਰੂ ਜੀ ਮਹਾਰਾਜ ਦੇ ਮੁੱਖੋਂ ਬੋਲ ਫ਼ੁੱਲਾਂ ਵਾਂਗ ਕਿਰੇ।
-''ਆਹ ਸਾਹਮਣੀ ਨਦੀ ਵਿਚ ਪਾਤਿਸ਼ਾਹ..!" ਉਹ ਰੋਈ ਜਾ ਰਹੀ ਸੀ।
-''ਜਦੋਂ ਸਿੱਖ ਨੇ ਬੱਚੇ ਸੁੱਟੇ ਸੀ, ਤਾਂ ਕੀ ਬਚਨ ਕੀਤੇ ਸੀ..?" ਗੁਰੂ ਜੀ ਦਾ ਸੁਆਲ ਸੀ।
-''ਅਖੇ ਜੀਹਨੇ ਬਖ਼ਸ਼ੇ ਐ, ਉਹੀ ਰੱਖੂਗਾ..!" ਬੀਬੀ ਬੋਲੀ।
-''ਕਿਤੇ ਆਹ ਬੱਚੇ ਤੇਰੇ ਤਾਂ ਨਹੀਂ ਭਾਈ..?" ਗੁਰੂ ਮਹਾਰਾਜ ਨੇ ਉਪਰ ਲਿਆ ਚਾਦਰਾ ਪਾਸੇ ਹਟਾ ਕੇ ਪੁੱਛਿਆ। ਸ਼ਰਧਾਲੂ ਸਿੱਖ ਦੇ ਦੋਨੋਂ ਪੁੱਤਰ ਗੁਰੂ ਮਹਾਰਾਜ ਦੇ ਖੱਬੇ-ਸੱਜੇ ਲੱਗੇ, ਸਜੇ ਬੈਠੇ ਸਨ। ਆਪਣੇ ਬੱਚੇ ਸਹੀ ਸਲਾਮਤ ਦੇਖ ਕੇ ਬੀਬੀ ਸ਼ੁਕਰਾਨੇ ਵਜੋਂ ਗੁਰੂ ਮਹਾਰਾਜ ਦੇ ਚਰਨੀਂ ਢਹਿ ਪਈ।
-''ਧੰਨ ਗੁਰੂ ਨਾਨਕ ਪਾਤਿਸ਼ਾਹ ਨੇ ਹੀ ਬਖ਼ਸ਼ਿਸ਼ ਕੀਤੇ ਸੀ, ਤੇ ਓਹਨਾਂ ਨੇ ਹੀ ਰੱਖ ਲਏ ਬੀਬੀ..! ਹੋਰ ਕੋਈ ਗ਼ਿਲਾ-ਸ਼ਿਕਵਾ..?"
ਪੁੱਤਰ-ਮੋਹ ਅਤੇ ਗੁਰੂ-ਵੈਰਾਗ ਵਿਚ ਕਰਨਲ ਦੇ ਨੇਤਰ ਕਾਨਿਆਂ ਦੀ ਛੱਤ ਵਾਂਗ ਚੋਈ ਜਾ ਰਹੇ ਸਨ। ਪੁੱਤਰ ਦਾ ਵਿਯੋਗ ਉਸ ਦੇ ਮਨ ਵਿਚ ਸੂਲ਼ ਵਾਂਗ ਖੁੱਭਿਆ ਪਿਆ ਸੀ।
ਕਿਸ਼ਤ 22
...ਜਦੋਂ ਕਰਨਲ ਆਪਣੇ ਚਾਰ ਸਾਲ ਦੇ ਪੁੱਤਰ ਨੂੰ ਗੁਰੂ ਆਸਰੇ ਛੱਡ ਤੁਰ ਗਿਆ ਤਾਂ ਗੁਰੂ ਘਰ ਬੈਠੀਆਂ ਸੰਗਤਾਂ ਸਤੰਭ ਹੋਈਆਂ ਬੈਠੀਆਂ ਸਨ। ਕਿਸੇ ਨੂੰ ਕੁਝ ਸੁੱਝ ਨਹੀਂ ਰਿਹਾ ਸੀ। ਉਹ ਬੱਚਾ ਬਾਪ ਨੂੰ ਜਾਂਦਿਆਂ ਦੇਖ ਕੇ ਨਾ ਰੋਇਆ ਅਤੇ ਨਾ ਕੁਰਲਾਇਆ ਸੀ। ਰੱਬ ਵੱਲੋਂ ਹੀ ਜਿਵੇਂ ਉਸ ਨੇ ਇਹ ਭਾਣਾਂ ਪ੍ਰਵਾਨ ਕਰ ਲਿਆ ਸੀ। ਬੱਚੇ ਵਾਲ਼ਾ ਕੌਤਕ ਦੇਖ ਕੇ ਗੁਰੂ ਦਰਬਾਰ ਵਿਚ ਸੁੰਨ ਵਰਤੀ ਪਈ ਸੀ। ਜਦ ਬੱਚੇ ਨੇ ਆਪਣੇ ਆਪ ਨੂੰ 'ਇਕੱਲਿਆਂ' ਮਹਿਸੂਸ ਕੀਤਾ ਤਾਂ ਉਹ ਰੁੜ੍ਹ ਕੇ ਸੰਗਤ ਵਿਚ ਸਭ ਤੋਂ ਅੱਗੇ ਬੈਠੇ ਇਕ ਜੋੜੇ ਕੋਲ਼ ਚਲਾ ਗਿਆ ਅਤੇ ਔਰਤ ਨੇ ਉਸ ਨੂੰ ਚੁੱਕ ਕੇ ਛਾਤੀ ਨਾਲ਼ ਲਾ ਲਿਆ। ਔਲ਼ਾਦ ਤੋਂ ਸੱਖਣੀਂ ਉਹ ਔਰਤ ਵੀ ਔਲ਼ਾਦ ਦੀ ਪ੍ਰਾਪਤੀ ਲਈ ਰੋਜ਼ਾਨਾਂ ਗੁਰੂ ਘਰ ਵਿਚ ਆ ਕੇ ਨਤਮਸਤਕ ਹੁੰਦੀ ਸੀ। ਛਾਤੀ ਨਾਲ਼ ਲੱਗੇ ਬੱਚੇ ਕਾਰਨ ਉਸ ਔਰਤ ਦੇ ਅੰਦਰ ਠੰਢ ਵਰਤ ਗਈ ਅਤੇ ਛਾਤੀਆਂ ਵਿਚੋਂ ਦੁੱਧ ਛਲਕ ਪਿਆ ਸੀ। ਉਸ ਨਿਰ-ਸੰਤਾਨ ਜੋੜੇ ਨੇ ਗੁਰੂ ਘਰ ਦੇ ਪ੍ਰਬੰਧਕਾਂ ਨਾਲ਼ ਵਿਚਾਰ-ਵਟਾਂਦਰਾ ਕੀਤਾ ਅਤੇ ਬੱਚੇ ਨੂੰ ਗੁਰੂ ਦੀ 'ਦਾਤ' ਸਮਝ ਕੇ ਘਰ ਲੈ ਆਏ।
ਅੱਜ ਵਰ੍ਹਿਆਂ ਬਾਅਦ ਉਹ ਬੱਚਾ ਪੂਰਾ ਜੁਆਨ ਹੋ ਕੇ ਆਪਣੇ ਜਨਮ ਦਾਤਿਆਂ ਦੀ ਭਾਲ਼ ਵਿਚ ਆਪਣੇ ਪਿੰਡ ਆਇਆ ਸੀ। ਸਧਰਾਂ ਅਤੇ ਸ਼ੌਕ ਨਾਲ਼ ਪਾਲਣ ਵਾਲ਼ੇ ਮਾਂ-ਬਾਪ ਨੇ ਉਸ ਨੂੰ ਸਾਰੀ ਹਕੀਕਤ ਬਿਆਨ ਕਰ ਦਿੱਤੀ ਸੀ। ਇਮਾਨਦਾਰੀ ਵਰਤ ਕੇ ਕੋਈ ਵੀ 'ਓਹਲਾ' ਨਹੀਂ ਰੱਖਿਆ ਸੀ, ਸਾਰੀ ਗੱਲ ਹੀ ਦੱਸ ਦਿੱਤੀ ਸੀ ਅਤੇ ਰੂਹ ਪੱਖੋਂ ਹਲਕੇ ਅਤੇ ਸੁਰਖ਼ਰੂ ਹੋ ਗਏ ਸਨ।
ਪਿੰਡ ਦੇ ਲੋਕ ਉਸ ਦੀ ਸਰਲ ਕਹਾਣੀ ਸੁਣ ਕੇ ਉਸ ਨੂੰ ਕਰਨਲ ਦੇ ਘਰ ਦਾ ਰਸਤਾ ਦੱਸ ਆਏ।
ਬੰਨੀ ਕਰਨਲ ਦੇ ਘਰ ਦੇ ਗੇਟ ਅੱਗੇ ਜੱਕੋ-ਤੱਕੀ ਵਿਚ ਖੜ੍ਹਾ ਸੀ। ਕਾਫ਼ੀ ਸੋਚ ਵਿਚਾਰ ਤੋਂ ਬਾਅਦ ਜਦ ਉਸ ਨੇ ਹੌਸਲਾ ਕਰ ਕੇ ਦਰਵਾਜਾ ਖੜਕਾਇਆ ਤਾਂ ਇਕ ਠਾਠ-ਬਾਠ ਵਾਲ਼ੇ ਬਜ਼ੁਰਗ ਨੇ ਦਰਵਾਜਾ ਖੋਲ੍ਹਿਆ। ਚਾਹੇ ਉਸ ਦੀ ਉਮਰ ਵੇਲ਼ਾ ਵਿਹਾਅ ਗਈ ਸੀ। ਪਰ ਠੋਕ ਕੇ ਬੰਨ੍ਹੀ ਅਫ਼ਸਰੀ ਪੱਗ ਅਤੇ ਚਿਹਰੇ ਦਾ 'ਤੇਜ਼' ਦੱਸ ਰਿਹਾ ਸੀ ਕਿ ਜੁਆਨੀ ਵੇਲ਼ੇ ਉਹ ਬੜੀ ਚੜ੍ਹਦੀ ਕਲਾ ਵਾਲ਼ਾ ਸ਼ੇਰ-ਦਿਲ ਬੰਦਾ ਰਿਹਾ ਹੋਵੇਗਾ।
-''ਕੌਣ ਐਂ ਬਈ ਨੌਜਵਾਨ ਤੂੰ..?" ਚਾਹੇ ਕਰਨਲ ਨੇ ਆਉਣ ਵਾਲ਼ੇ ਲੜਕੇ 'ਤੇ ਸੁਆਲ ਦਾਗ ਹੀ ਦਿੱਤਾ ਸੀ। ਪਰ ਜੁਆਨ-ਜਹਾਨ ਮੁੰਡੇ ਨੂੰ ਸਾਹਮਣੇ ਦੇਖ ਉਸ ਦੇ ਹਿਰਦੇ ਅੰਦਰ ਕੋਈ ਭੂਚਾਲ-਼ਨੁਮਾਂ ਹਰਕਤ ਜ਼ਰੂਰ ਹੋਈ ਸੀ।
-''ਮੈਨੂੰ ਨਹੀਂ ਪਹਿਚਾਣਦੇ..?" ਬੰਨੀ ਦੇ ਉਲਟੇ ਸੁਆਲ 'ਤੇ ਕਰਨਲ ਨੇ ਫ਼ਿਰ ਉਸ ਨੂੰ ਗਹੁ ਨਾਲ਼ ਤੱਕਿਆ।
-''...........।" ਕਰਨਲ ਨੇ ਚੁੱਪ ਧਾਰੀ ਹੋਈ ਸੀ।
-''ਜਨਮ ਦੇਣ ਵਾਲ਼ੇ ਤਾਂ ਸ਼ਾਇਦ ਭੁੱਲ ਹੀ ਗਏ ਹੋਣ..! ਪਰ ਪਾਲਣ ਪੋਸ਼ਣ ਵਾਲ਼ਿਆਂ ਨੇ ਮੈਨੂੰ ਤੁਹਾਡੀ ਹਰ ਸੱਚਾਈ ਤੋਂ ਜਾਣੂੰ ਕਰਵਾਈ ਰੱਖਿਐ..!"
ਕਰਨਲ ਨੇ ਬੰਨੀ ਨੂੰ ਗਲਵਕੜੀ ਵਿਚ ਜਕੜ ਲਿਆ। ਪਿਛਲੀ ਵਾਰ ਦੀ ਤਰ੍ਹਾਂ ਦੋ ਕੋਸੇ ਹੰਝੂ ਅੱਜ ਵੀ ਉਸ ਦੀਆਂ ਅੱਖਾਂ ਵਿਚੋਂ ਕਿਰ ਕੇ ਦਾਹੜੀ ਵਿਚ ਜ਼ੀਰ ਗਏ। ਪਰ ਆਪਣੇ ਲਹੂ ਦੀਆਂ ਤਰੰਗਾਂ ਨੇ ਹਰਕਤ ਕੀਤੀ, ਬਿਰਧ ਅਤੇ ਹਾਰੇ ਸਰੀਰ ਵਿਚ ਸਰੂਰ, ਮਸਤੀ ਅਤੇ ਸ਼ਕਤੀ ਆ ਗਈ ਸੀ। ਕਰਨਲ ਦੇ ਜ਼ਿਹਨ ਵਿਚ ਜਿਵੇਂ ਸੈਂਕੜੇ ਨਾਦ ਵੱਜਣ ਲੱਗ ਪਏ ਸਨ।
-''ਚਾਹੇ ਤੁਹਾਡੀ ਕੋਈ ਵੀ ਮਜਬੂਰੀ ਰਹੀ ਹੋਵੇ, ਪਰ ਜਿੰਨ੍ਹਾਂ ਨੂੰ ਜਨਮ ਦਿੱਤਾ ਹੁੰਦੈ, ਉਹ ਤਾਂ ਹਿੱਕ ਤੋਂ ਨਹੀਂ ਲਹਿੰਦੇ..?"
-''ਹਿੱਕ ਤੋਂ ਤਾਂ ਨਹੀਂ ਲਹਿੰਦੇ, ਪਰ ਜਦ ਮਜਬੂਰੀਆਂ ਸਾਰੇ ਦਰਵਾਜੇ ਮੱਲ ਕੇ ਖੜ੍ਹ ਜਾਣ ਤਾਂ ਬੰਦਾ ਕਿਹੜੇ ਰਾਹ ਪਵੇ ਪੁੱਤਰਾ..? ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਮੈਂ ਤੈਨੂੰ ਕਿਸ ਨਾਮ ਨਾਲ ਬੁਲਾਵਾਂ..?"
-''ਪਾਲਣ ਵਾਲ਼ੇ ਮਾਪਿਆਂ ਨੇ ਮੇਰਾ ਨਾਂ ਬੰਨੀ ਰੱਖਿਐ..!" ਬੰਨੀ ਨੇ ਦੱਸਿਆ ਤਾਂ ਕਰਨਲ ਨੇ ਮੁੜ ਉਸ ਨੂੰ ਘੁੱਟ ਕੇ ਜੱਫ਼ੀ ਪਾ ਲਈ। ਉਸ ਦਾ ਅਫ਼ਸਰ ਅੰਦਾਜ਼ ਵਾਲ਼ਾ ਫ਼ੌਲਾਦੀ ਹਿਰਦਾ ਮੋਮ ਵਾਂਗ ਪਿਘਲਿਆ ਪਿਆ ਸੀ ਅਤੇ ਬਜ਼ੁਰਗ ਅੱਖਾਂ ਕਟੋਰਿਆਂ ਵਾਂਗ ਨੱਕੋ-ਨੱਕ ਭਰੀਆਂ ਖੜ੍ਹੀਆਂ ਸਨ। ਉਸ ਨੂੰ ਇਹ ਨਹੀਂ ਸੁੱਝ ਰਿਹਾ ਸੀ ਕਿ ਇਤਨੀ ਦੇਰ ਬਾਅਦ ਮਿਲ਼ੇ ਪੁੱਤਰ ਦੀ ਕੀ ਸੇਵਾ ਕਰੇ? ਆਖਰ ਆਪਣਾ ਖ਼ੂਨ ਸੀ। ਉਬਲ਼ ਤੁਰਿਆ ਸੀ। ਕਰਨਲ ਦੇ ਜ਼ਿਹਨ ਵਿਚ ਤਾਂ ਉਸੀ ਬੱਚੇ ਦੀ ਓਹੀ ਤਸਵੀਰ ਵਸੀ ਹੋਈ ਸੀ, ਜਿਸ ਨੂੰ ਉਹ ਗੁਰੂ ਘਰ, ਗੁਰੂ ਦੀ ਗੋਦ ਵਿਚ ਦੇ ਆਇਆ ਸੀ। ਪਰ ਹੁਣ ਤਾਂ ਉਸ ਦਾ ਪੁੱਤ 'ਥਮਲ੍ਹਾ' ਬਣਿਆਂ ਉਸ ਦੇ ਸਾਹਮਣੇ ਖੜ੍ਹਾ ਸੀ। ਕਰਨਲ ਨੂੰ ਆਪਣੀ ਕਿਸਮਤ 'ਤੇ ਵਿਸ਼ਵਾਸ ਨਹੀਂ ਆ ਰਿਹਾ ਸੀ। ਕਰਨਲ ਇਹ ਵੀ ਸਮਝਦਾ ਸੀ ਕਿ ਪਾਲਣ-ਪੋਸ਼ਣ ਕਰਨ ਵਾਲ਼ੇ ਮਾਪਿਆਂ ਦਾ ਅਧਿਕਾਰ ਜਨਮ ਦੇਣ ਵਾਲ਼ੇ ਮਾਪਿਆਂ ਨਾਲ਼ੋਂ ਕਿਤੇ ਵੱਧ ਸੀ ਅਤੇ ਉਹ ਪੁੱਤਰ ਦੀਆਂ ਦਿਲੀ ਭਾਵਨਾਵਾਂ ਨਾਲ਼ ਵੀ ਖੇਡਣਾ ਨਹੀਂ ਚਾਹੁੰਦਾ ਸੀ।
ਦੇਰ ਰਾਤ ਤੱਕ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ।
-''ਬਾਪੂ ਜੀ, ਆਪਾਂ ਕਿੰਨੀਆਂ ਗੱਲਾਂ ਕੀਤੀਆਂ..! ਪਰ ਮੈਨੂੰ ਹੁਣ ਤੱਕ ਇਹ ਸਮਝ ਨਹੀਂ ਪਈ ਕਿ ਮੈਂ ਤੁਹਾਨੂੰ ਆਪਣਾ ਮੰਨਾਂ, ਕਿ ਪਾਲਣ ਵਾਲ਼ੇ ਮਾਂ-ਬਾਪ ਨੂੰ..?" ਉਸ ਨੇ ਅੱਤ ਭਾਰੀ ਸੁਆਲ ਆਪਣੇ ਕਰਨਲ ਬਾਪ ਅੱਗੇ ਕਰ ਦਿੱਤਾ।
-''ਤੇਰੀਆਂ ਭਾਵਨਾਵਾਂ ਦੇ ਵਿਹੜੇ 'ਚ ਮੈਂ ਕਦੇ ਦਾਖ਼ਲ ਨਹੀਂ ਹੋਊਂਗਾ, ਇਹ ਤੇਰੇ ਮਨ ਦੀ ਤਰਜ਼ੀਹ ਤੇ ਚੋਣ ਐਂ ਸ਼ੇਰਾ..! ਮੈਂ ਤਾਂ ਵਕਤ ਪਏ ਤੋਂ ਤੈਨੂੰ ਗੁਰੂ ਆਸਰੇ ਛੱਡ ਆਇਆ ਸੀ..! ਜੰਗੀ ਕੈਦੀਆਂ ਦੇ ਹਸ਼ਰ ਦਾ ਮੈਨੂੰ ਪਤਾ ਸੀ..! ਮੈਂ ਤਾਂ ਸੋਚਿਆ ਸੀ ਕਿ ਮੈਨੂੰ ਗੋਲ਼ੀ ਨਾਲ਼ ਉੜਾ ਦੇਣਗੇ..! ਪਰ ਉਹਨਾਂ ਨੇ ਫ਼ੇਰ ਵੀ ਸਾਡੇ ਨਾਲ਼ ਜੰਗੀ ਕੈਦੀਆਂ ਵਾਲ਼ਾ ਆਮ ਸਲੂਕ ਕੀਤਾ ਤੇ ਬਣਦੀ ਸਜ਼ਾ ਦਿੱਤੀ..! ਦੇਸ਼ਾਂ ਦੀ ਸੰਧੀ ਹੋਣ 'ਤੇ ਮੈਨੂੰ ਰਿਹਾਅ ਕਰ ਦਿੱਤਾ ਤੇ ਮੈਂ ਆਪਣੇ ਦੇਸ਼ ਆ ਗਿਆ..! ਇੱਥੋਂ ਮੈਨੂੰ ਓਥੇ ਜਾਣ ਦੀ ਇਜਾਜ਼ਤ ਨਾ ਮਿਲ਼ੀ ਤੇ ਮੈਂ ਸਾਰਾ ਕੁਛ ਓਸੇ ਗੁਰੂ 'ਤੇ ਛੱਡ ਕੇ ਬੈਠ ਗਿਆ, ਜਿਸ ਦੇ ਦਰਬਾਰ ਤੈਨੂੰ ਛੱਡ ਕੇ ਆਇਆ ਸੀ..!" ਉਸ ਦੇ ਚਿਹਰੇ 'ਤੇ ਉਦਾਸੀ ਦੇ ਬੱਦਲ਼ ਛਾ ਗਏ।
ਬੰਨੀ ਆਪਣਾ ਬੈਗ ਚੁੱਕ ਕੇ ਤੁਰ ਚੱਲਿਆ।
-''ਇੱਕ ਗੱਲ ਆਖਾਂ ਬੰਨੀ..?" ਕਰਨਲ ਨੇ ਪਿੱਛੋਂ ਅਵਾਜ਼ ਮਾਰ ਕੇ ਪੁੱਤ ਨੂੰ ਰੋਕ ਲਿਆ।
-''ਬੋਲੋ...?" ਬੰਨੀ ਰੁਕ ਗਿਆ।
-''ਹੈਂ ਤੂੰ ਸਿੱਖ ਪੁੱਤ, ਤੇ ਮੁੰਨੀ ਵਾਲ਼ ਫ਼ਿਰਦੈਂ..?"
-''ਜਨਮ ਦੇਣ ਵਾਲ਼ੇ ਸਿੱਖ ਤੇ ਪਾਲਣ ਵਾਲ਼ੇ ਬੁੱਧ ਧਰਮ ਦੇ ਪੈਰੋਕਾਰ..! ਦੱਸੋ ਮੈਂ ਕਿਸ ਦੇ ਧਰਮ ਨੂੰ ਪਹਿਲ ਦੇਵਾਂ..? ਮੈਂ ਤਾਂ ਇੱਕੋ ਬੇਨਤੀ ਕਰੂੰਗਾ ਕਿ ਕਿਰਪਾ ਕਰਕੇ ਮੈਨੂੰ ਧਰਮਾਂ ਦੀਆਂ ਵੰਡੀਆਂ ਵਿਚ ਨਾ ਪਾਓ, ਤੇ ਮੈਨੂੰ ਬੰਦਾ ਹੀ ਰਹਿਣ ਦਿਓ..! ਮੈਂ ਧਰਮ ਨਾਲ਼ੋਂ ਜਨਮ ਦੇਣ ਤੇ ਪਾਲਣ ਪੋਸ਼ਣ ਵਾਲ਼ਿਆਂ ਨੂੰ ਹੀ ਪਹਿਲ ਦਿਊਂਗਾ ਤੇ ਦੋਨਾਂ ਧਰਮਾਂ ਦਾ ਸਤਿਕਾਰ ਕਰੂੰਗਾ..! ਜੇ ਪਾਲਣ ਵਾਲ਼ੇ ਮਾਂ-ਬਾਪ ਵਿਤਕਰੇ ਵਾਲ਼ੇ ਹੁੰਦੇ ਤਾਂ ਮੈਨੂੰ ਇੱਕ ਸਿੱਖ ਦਾ ਬੱਚਾ ਸਮਝ ਕੇ ਕਦੇ ਨਾ ਪਾਲ਼ਦੇ..! ਤੇ ਜਾਂ ਉਹ ਮੈਨੂੰ ਬੋਧੀ ਬਣਾ ਧਰਦੇ..! ਪਰ ਨਹੀਂ..! ਉਹਨਾਂ ਨੇ ਮੈਨੂੰ ਇੱਕ ਇਨਸਾਨ ਦੀ ਔਲ਼ਾਦ ਸਮਝ ਕੇ ਪਾਲ਼ਿਆ ਤੇ ਹਰ ਗੱਲ ਤੋਂ ਜਾਣੂੰ ਕਰਵਾਇਆ..! ਸੋ ਮੈਂ ਫ਼ੇਰ ਫ਼ਰਿਆਦ ਕਰੂੰਗਾ ਕਿ ਮੈਨੂੰ ਬੰਦਾ ਹੀ ਰਹਿਣ ਦਿਓ..! ਧਰਮਾਂ ਦੀ ਵੰਡ ਵਿਚ ਪੈ ਕੇ ਮੈਂ ਇੱਕ ਧਿਰ ਦਾ ਦਿਲ ਜ਼ਰੂਰ ਦੁਖੀ ਕਰੂੰਗਾ..!" ਤੇ ਬੰਨੀ ਚਲਾ ਗਿਆ।....
0 0 0 0 0
-''ਪਰ ਥੋਡਾ ਓਥੇ ਕੀ ਕੰਮ ਸੀ..? ਤੁਸੀਂ ਕਿਉਂ ਲੇਟ ਆਏ..?" ਠਾਣੇਦਾਰ ਅਜੇ ਵੀ ਠੰਢਾ ਨਹੀਂ ਹੋਇਆ ਸੀ।
-''ਇਹ ਲੇਟ ਨੀ ਹੋਏ..!" ਉਸ ਨੇ ਬਾਕੀ ਪੰਚਾਇਤ ਵੱਲ ਹੱਥ ਕਰ ਕੇ ਕਿਹਾ, ''ਲੇਟ ਮੈਂ ਈ ਹੋਇਐਂ ਸਰਦਾਰ ਜੀ..! ਮੈਂ ਜ਼ਿੰਦਗੀ 'ਚ ਕਰਨਲ ਸਾਹਿਬ ਨੂੰ ਪਹਿਲੀ ਵਾਰੀ ਉਦਾਸ ਤੇ ਨਿਰਾਸ਼ ਦੇਖਿਐ, ਤੇ ਮੈਂ ਆਉਂਦਾ-ਆਉਂਦਾ ਉਹਦਾ ਦੁਖ-ਸੁਖ ਸੁਣਨ ਲਈ ਬੈਠ ਗਿਆ..! ਐਡਾ ਵੱਡਾ ਬੰਦਾ ਉਦਾਸ ਹੋਜੇ, ਬੰਦੇ ਨੂੰ ਦੁੱਖ ਤਾਂ ਹੁੰਦਾ ਈ ਐ ਸਰਦਾਰ ਜੀ..! ਉਹ ਤਾਂ ਬੜੀ ਚੜ੍ਹਦੀ ਕਲਾ ਵਾਲ਼ਾ ਬੰਦਾ ਸੀ, ਬੱਸ ਅੱਜ ਪਹਿਲੀ ਵਾਰ ਉਦਾਸ ਤੇ ਨਿਰਾਸ਼ ਦੇਖਿਐ..!"
-''ਦੂਜੇ ਪਿੰਡ ਦੀ ਪੰਚਾਇਤ ਅੰਦਰਲੇ ਵਿਹੜੇ 'ਚ ਬੈਠੀ ਐ, ਤੁਸੀਂ ਓਥੇ ਬੈਠੋ..!"
ਪੰਚਾਇਤ ਉਠ ਕੇ ਅੰਦਰਲੇ ਵਿਹੜੇ ਨੂੰ ਤੁਰ ਪਈ।
ਜਦੋਂ ਨਿੰਮੀ ਅਤੇ ਰੀਤ ਨੂੰ ਪੰਚਾਇਤਾਂ ਦੇ ਮੱਥੇ ਲਾਇਆ ਤਾਂ ਉਹਨਾਂ ਵਿਚ ਸਿੱਧੇ ਝਾਕਣ ਦੀ ਹਿੰਮਤ ਨਹੀਂ ਸੀ। ਰੀਤ ਗਰਭਵਤੀ ਹੋਣ ਕਾਰਨ ਕੁਝ ਜ਼ਿਆਦਾ ਹੀ ਡਰੀ ਹੋਈ ਸੀ। ਪੁਲੀਸ ਨੂੰ ਅਜੇ ਤੱਕ ਉਸ ਦੇ ਗਰਭਵਤੀ ਹੋਣ ਦਾ ਕੋਈ ਪਤਾ ਨਹੀਂ ਸੀ ਅਤੇ ਉਹ ਡਰ ਰਹੀ ਸੀ ਕਿ ਕਿਤੇ ਪੁਲੀਸ ਨੂੰ ਪਤਾ ਨਾ ਚੱਲ ਜਾਵੇ। ਇਸ ਲਈ ਉਸ ਦਾ ਦਿਲ ਬਹੁਤਾ ਹੀ 'ਫ਼ੜਿਆ' ਹੋਇਆ ਸੀ।
-''ਹਾਂ ਬਈ ਭਰਾਵੋ..!" ਠਾਣੇਦਾਰ ਕੁੜੀਆਂ ਤੋਂ ਪਿੱਛਾ ਛੁਡਾਊ ਸੀ। ਇਸ ਲਈ ਉਹ ਪੰਚਾਇਤਾਂ ਨੂੰ ਸੰਬੋਧਨ ਹੋਇਆ, ''ਇਹਨਾਂ ਕੁੜੀਆਂ ਨੂੰ ਅਸੀਂ ਹੁਣ ਤੱਕ ਕੋਈ ਬੁਰਾ ਬਚਨ ਨੀ ਬੋਲਿਆ..! ਜੇ ਨਹੀਂ ਯਕੀਨ ਆਉਂਦਾ ਤਾਂ ਕੋਲ਼ ਖੜ੍ਹੀਐਂ, ਇਹਨਾਂ ਨੂੰ ਪੁੱਛ ਲਓ..!"
-''ਉਹ ਤਾਂ ਸਾਨੂੰ 'ਤਬਾਰ ਐ ਜੀ..!"
-''ਇਕ ਗੱਲ ਕਰ ਲਵਾਂ ਮਹਾਰਾਜ..?" ਰੀਤ ਦਾ ਬਾਪ ਹੱਥ ਜੋੜ ਕੇ ਖੜ੍ਹਾ ਹੋ ਗਿਆ। ਉਸ ਦੇ ਨਿਰਬਲ ਹੱਥ ਕੰਬੀ ਜਾ ਰਹੇ ਸਨ।
-''ਜ਼ਰੂਰ ਕਰ..!"
-''ਮੇਰਾ ਤਾਂ ਦਿਲ ਕਰਦੈ ਇਹਨੂੰ ਕੁਲਿਹਣੀਂ ਨੂੰ ਮਾਰ ਕੇ ਠਾਣੇ 'ਚ ਈ ਦੱਬ ਦਿਆਂ..! ਚਾਹੇ ਮੈਨੂੰ ਫ਼ਾਹਾ ਆਜੇ..!" ਉਸ ਦਾ ਸੁੱਕਿਆ ਜਿਹਾ ਸਰੀਰ ਭਾਂਬੜ ਛੱਡਣ ਲੱਗ ਪਿਆ ਸੀ।
-''ਪੰਚਾਇਤਾਂ ਐਸ ਕੰਮ ਨੂੰ 'ਕੱਠੀਆਂ ਨੀ ਹੁੰਦੀਆਂ ਭਾਈ..!" ਕਿਸੇ ਬਜ਼ੁਰਗ ਨੇ ਗੱਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।
-''ਜਿੰਨਾਂ ਕੰਮ ਧਹੱਮਲ ਨਾਲ਼ ਹੋਜੇ, ਉਹਦੇ ਨਾਲ਼ ਦੀ ਰੀਸ ਨੀ ਹੁੰਦੀ..!"
-''ਥੋਡੇ ਦਿਲ ਦੀ ਹਾਲਤ ਵੀ ਮੈਂ ਸਮਝਦੈਂ, ਦੁੱਖ ਤੇ ਦਰਦ ਵੀ ਸਮਝਦੈਂ, ਪਰ ਗੱਲ ਸਮਝੌਤੇ ਆਲ਼ੀ ਕਰੋ..!"
-''ਸਮਝੌਤਿਆਂ ਆਲ਼ੇ ਕੰਮ ਤਾਂ ਮੇਰੀ ਨਜ਼ਰ 'ਚ ਖ਼ਤਮ ਹੋ ਗਏ..! ਜੀਹਦੀ ਇੱਜਤ ਠਾਣਿਆਂ 'ਚ ਲਲਾਮ ਹੋਗੀ ਹੋਵੇ, ਦੱਸੋ ਉਹਨੂੰ ਕੀ ਸਮਝੌਤੇ ਸੁਝਦੇ ਐ ਪੰਚੈਤੇ..?" ਉਸ ਨੇ ਖੜ੍ਹ ਕੇ ਸਿਰ ਪਿੱਟਿਆ।
-''.............।" ਸਾਰੇ ਚੁੱਪ ਹੋ ਗਏ।
-''ਧੀਆਂ ਭੈਣਾਂ ਚੰਗੇ ਭਵਿੱਖ ਦੀ ਖ਼ਾਤਿਰ ਜਾਂ ਤਾਂ ਬਾਹਰ ਨੂੰ ਤੁਰੀਆਂ ਜਾਂਦੀਐਂ, ਤੇ ਜਾਂ ਗੈਂਗਾਂ ਦੇ ਹੱਥ ਚੜ੍ਹੀ ਜਾਂਦੀਐਂ..!"
-''ਜੇ ਗੌਰਮਿੰਟ ਘੱਟੋ ਘੱਟ ਬੇਰੁਜ਼ਗਾਰੀ ਈ ਖ਼ਤਮ ਕਰ ਦੇਵੇ ਤਾਂ ਪੰਜਾਬ ਨੂੰ ਆਹ ਦਿਨ ਦੇਖਣੇ ਨਾ ਪੈਣ..!"
-''ਚਲੋ, ਤੁਸੀਂ ਰੌਲ਼ਾ ਨਬੇੜਨ ਆਲ਼ਾ ਕੰਮ ਕਰੋ ਸਰਦਾਰੋ..! ਇਹਨਾਂ ਬੀਬੀਆਂ ਨੂੰ ਸੰਭਾਲੋ ਤੇ ਸਾਡੀ ਜਾਨ ਸੁਖ਼ਾਲ਼ੀ ਕਰੋ..!"
-''ਅਸੀਂ ਤਾਂ ਸੰਭਾਲ਼ ਈ ਲਵਾਂਗੇ ਭਾਈ..!"
-''ਜੇ ਕੁੜੀਆਂ ਨੂੰ ਮਾਂ-ਪਿਉ ਦੀ ਇੱਜ਼ਤ ਦਾ ਖ਼ਿਆਲ ਨੀ, ਮਾਪਿਆਂ ਨੂੰ ਤਾਂ ਹੈ..!"
-''ਸਰਦਾਰਾ, ਕੱਲ੍ਹ ਨੂੰ ਵੀ ਮੈਨੂੰ ਗ੍ਰਿਫ਼ਤਾਰ ਕਰਨ ਆਵੇਂਗਾ ਈ..? ਅੱਜ ਈ ਹੱਥਕੜੀ ਮਾਰ ਲੈ..! ਮੈਂ ਇਹ ਕਮਜਾਤ ਛੱਡਣੀ ਨੀ..!" ਰੀਤ ਦਾ ਪਿਉ ਕਮਲ਼ਾ ਹੋਇਆ ਪਿਆ ਸੀ।
-''ਐਸ ਹਾਲਤ 'ਚ ਅਸੀਂ ਕੁੜੀ ਇਹਨੂੰ ਨੀ ਦੇ ਸਕਦੇ ਸਰਦਾਰੋ..! ਇਹ ਤਾਂ ਸਿੱਧਾ ਆਖ ਕੇ ਸਾਡੇ ਵੀ ਗਲ਼ ਰੱਸਾ ਪੁਆਊਗਾ..! ਇਹਨੂੰ ਕਿਸੇ ਨਾਰੀ ਨਿਕੇਤਨ ਭੇਜ ਦਿੰਨੇ ਐਂ..!" ਠਾਣੇਦਾਰ ਨੇ ਸੁਣਵਾਈ ਕੀਤੀ।
-''ਸਾਡੇ ਹੁੰਦੇ ਨਾਰੀ ਨਿਕੇਤਨ ਕਿਵੇਂ ਭੇਜ ਦਿਓਂਗੇ ਜੀ..? ਕੁੜੀ ਨੂੰ ਅਸੀਂ ਆਪਣੀ ਜ਼ਿੰਮੇਵਾਰੀ 'ਤੇ ਲੈ ਕੇ ਜਾਵਾਂਗੇ..!" ਪੰਚਾਇਤ 'ਚੋਂ ਇੱਕ ਮੈਂਬਰ ਬੋਲਿਆ।
-''ਮੁਣਸ਼ੀ..!"
-''ਜੀ ਹਜੂਰ..?"
-''ਰਿਪੋਰਟ ਤਿਆਰ ਕਰੋ, ਪੰਚਾਇਤਾਂ ਦੀ ਜ਼ਿੰਮੇਵਾਰੀ ਪੁਆਓ ਤੇ ਕੁੜੀਆਂ ਇਹਨਾਂ ਦੇ ਨਾਲ਼ ਤੋਰੋ..!"
-''ਜੋ ਹੁਕਮ ਸਰਕਾਰ..!"
ਕਾਗਜ਼ ਤਿਆਰ ਹੋ ਕੇ ਪੰਚਾਇਤਾਂ ਨੇ ਹਾਂਮੀ ਭਰੀ ਅਤੇ ਦਸਤਖ਼ਤ ਹੋ ਗਏ।
ਕੁੜੀਆਂ ਨੂੰ ਲੈ ਕੇ ਪੰਚਾਇਤਾਂ ਤੁਰ ਗਈਆਂ।
ਕਿਸ਼ਤ 23
ਪੁਲੀਸ ਵਾਲ਼ੇ ਅਜੇ ਨਿੰਮੀ ਅਤੇ ਰੀਤ ਵਾਲ਼ਾ ਕੰਮ ਨਬੇੜ ਕੇ ਹੀ ਹਟੇ ਸਨ ਕਿ ਡਿੱਗਦਾ ਢਹਿੰਦਾ ਝਾਬਾ ਸਿਉਂ ਠਾਣੇ ਆ ਵੜਿਆ।
ਉਸ ਦੀ ਹਾਲਤ ਨੀਮ ਪਾਗ਼ਲ ਹੋਈ ਪਈ ਸੀ।
-''ਲਓ...! ਫ਼ੜ ਲਓ ਪੂਛ..! ਇੱਕ ਹੋਰ ਆ ਗਿਆ ਝੱਖੜ ਸਿਉਂ ਦਾ ਚਹੇਤਾ..! ਇਹਨਾਂ ਨੂੰ ਮਿਲ਼ੋ..!" ਮੁਣਸ਼ੀ ਨੇ ਟਾਂਚ ਕੀਤੀ।
-''ਉਏ ਆ ਬਈ ਡਰੈਵਰਾ..?" ਹੌਲਦਾਰ ਬੋਲਿਆ।
-''ਸਰਦਾਰਾ..! ਇੱਕੋ ਈ ਬੇਨਤੀ ਐ..!"
-''ਉਹ ਤਾਂ ਤੂੰ ਨਿੱਤ ਕਰਦੈਂ..! ਇਹ ਕੋਈ ਨਵੀਂ ਐਂ..?"
-''ਨਹੀਂ..! ਨਵੀਂ ਨੀ, ਓਹੀ ਬੇਨਤੀ ਐ..! ਮੈਨੂੰ ਝੱਖੜ ਸਿਉਂ ਦੇ ਦਿਓ, ਮੈਂ ਓਹਦੀਆਂ ਬੋਟੀਆਂ ਖਾਣੀਐਂ, ਮੈਂ ਓਹਦੇ ਸੀਰਮੇਂ ਪੀਣੇਂ ਐਂ..!"
-''ਤੇਰੇ ਆਂਗੂੰ ਈ ਉਹ ਸੜਕਾਂ 'ਤੇ ਧੱਕੇ ਖਾਂਦਾ ਫ਼ਿਰਦੈ, ਜਿੱਥੇ ਮਿਲ਼ ਪਿਆ, ਰੱਜ ਕੇ ਪੀ..! ਅਸੀਂ ਤੈਨੂੰ ਜਮਾਂ ਨੀ ਰੋਕਦੇ!"
-''ਇਹ ਕੀ ਮਾਜਰੈ ਬਈ..?" ਝਾਬਾ ਸਿਉਂ ਨੂੰ ਦੇਖ ਕੇ ਇੱਕ ਨਵੇਂ ਆਏ ਸਿਪਾਹੀ ਨੇ ਦੂਜੇ ਨੂੰ ਪੁੱਛਿਆ।
-''ਇਹ ਵੀ ਠਾਣੇਦਾਰ ਝੱਖੜ ਸਿਉਂ ਦਾ ਈ ਡੰਗਿਆ ਹੋਇਐ..! ਬੜੀ ਅੱਤ ਚੱਕੀ ਰੱਖੀ ਐ ਸਾਲ਼ੇ ਜਮਦੂਤ ਨੇ..! ਤੇ ਹੁਣ ਆਪ ਵੀ ਕਮਲ਼ਾ ਹੋਇਆ ਵੀਹੀਆਂ 'ਚ ਗੋਹਾ ਮਿੱਧਦਾ ਫ਼ਿਰਦੈ ਤੇ ਆਹ ਝਾਬਾ ਸਿਉਂ ਅਰਗੇ ਵੀ ਪਾਗਲ ਹੋਏ ਫ਼ਿਰਦੇ ਐ ਵਿਚਾਰੇ..!"
-''ਨਾ ਤਾਂ ਸਾਲ਼ੇ ਨੇ ਦੁਨੀਆਂ ਨੂੰ ਜਿਉਣ ਦਿੱਤਾ, ਤੇ ਹੁਣ ਆਪ ਕਮਲ਼ਾ ਹੋਇਆ ਦਰੱਖ਼ਤਾਂ 'ਚ ਢੁੱਡਾਂ ਮਾਰਦਾ ਫ਼ਿਰਦੈ..! ਇਹ ਝਾਬਾ ਸਿਉਂ ਟਰੱਕ ਡਰਾਈਵਰ ਸੀ, ਕੰਜਰ ਦੇ ਝੱਖੜ ਨੇ ਇਹਦੇ ਨਾਲ਼ ਦੇ ਡਰਾਈਵਰ ਐਵੇਂ ਈ ਅੱਤਵਾਦੀ ਆਖ ਕੇ ਮਾਰ ਧਰੇ..! ਤੇ ਇਹ ਉਹ ਸੀਨ ਅੱਖੀਂ ਦੇਖ ਚੁੱਕਿਐ, ਬਈ ਇਹਦੇ ਨਾਲ਼ ਦੇ ਡਰਾਈਵਰ ਕਿਵੇਂ ਬੇਕਸੂਰ ਈ ਰੋੜ੍ਹ ਦਿੱਤੇ..! ਓਥੋਂ ਇਹਦੇ ਦਿਮਾਗ 'ਚ ਫ਼ਰਕ ਪੈ ਗਿਆ..!"
-''ਤੇ ਇਹ ਕਿਵੇਂ ਬਚ ਗਿਆ..?"
-''ਜਦੋਂ ਝੱਖੜ ਨੇ ਝੱਖੜ ਝੁਲਾਇਆ ਤਾਂ ਇਹ ਕਮਾਦ 'ਚ ਜੰਗਲ ਪਾਣੀ ਬੈਠਾ ਸੀ..! ਤੇ ਸਾਰਾ ਕਾਂਡ ਇਹਨੇ ਆਪਣੀ ਅੱਖੀਂ ਦੇਖਿਐ..!"
...ਅਸਲ ਵਿਚ ਢਾਬੇ ਵਾਲ਼ਾ ਫ਼ੌਜੀ ਪਹਿਲਾਂ ਪੂਰੇ ਅਠਾਰਾਂ ਸਾਲ ਫ਼ੌਜ ਵਿਚ ਰਿਹਾ।
ਪਹਿਲਾਂ 1965 ਅਤੇ ਫ਼ਿਰ 1971 ਦੀ ਜੰਗ ਲੜੀ। ਦੇਸ਼ ਪ੍ਰਤੀ ਪੂਰਾ ਇਮਾਨਦਾਰ ਰਿਹਾ ਅਤੇ ਆਪਣੀ ਜਿੰਦ ਜਾਨ ਦੀ ਕੋਈ ਪ੍ਰਵਾਹ ਨਹੀਂ ਕੀਤੀ। ਪੈਨਸ਼ਨ ਲੈਣ ਉਪਰੰਤ ਫ਼ੌਜੀ ਨੇ ਪਿਤਾ ਪੁਰਖ਼ੀ ਕਿੱਤਾ ਖੇਤੀਬਾੜੀ ਅਪਨਾ ਲਿਆ। ਪਰ ਖੇਤੀਬਾੜੀ ਦਾ ਕੰਮ ਉਸ ਨੂੰ 'ਘਾਟੇ' ਵਾਲ਼ਾ ਹੀ ਜਾਪਿਆ। ਜਿਵੇਂ ਕਿਸੇ ਮਰਾਸੀ ਨੇ ਕਿਹਾ ਸੀ ਕਿ ਜੇ ਜੱਟ ਨਾ ਹੁੰਦਾ, ਤਾਂ ਵਾਹੀ 'ਬੰਦਿਆਂ' ਨੂੰ ਕਰਨੀ ਪੈਂਦੀ! ਸਮੇਂ ਦੀ ਗੌਰਮਿੰਟ ਵੀ ਕਿਸਾਨ ਨੂੰ ਮਰਾਸੀ ਵਾਂਗ ਬੰਦਾ ਹੀ ਨਹੀਂ ਸਮਝਦੀ ਸੀ। ਖ਼ੈਰ ਉਸ ਨੇ ਇਕ ਬੁੱਢਾ ਜਿਹਾ ਬੋਤਾ ਅਤੇ ਇਕ ਬਲ਼ਦ ਲੈ ਕੇ ਵਾਹੀ ਸ਼ੁਰੂ ਕਰ ਦਿੱਤੀ। ਦਿਨ ਰਾਤ ਫ਼ੌਜੀ ਵਾਹੀ ਵਿਚ ਅੱਕਲ਼ਕਾਨ ਹੋਇਆ ਰਹਿੰਦਾ। ਉਸ ਦੀ ਫ਼ੌਜਣ ਨੂੰ ਵੀ ਸੁਰਖੀ ਬਿੰਦੀ ਵਿਸਰ ਚੁੱਕੀ ਸੀ ਅਤੇ ਉਸ ਦੀ ਵੀ ਖੇਤ ਰੋਟੀਆਂ ਢੋਂਦੀ ਦੀ ਭੂਤਨੀ ਭੁੱਲੀ ਰਹਿੰਦੀ। ਹੁਣ ਤਾਂ ਉਸ ਤੋਂ ਆਪਣੀਆਂ 'ਬੂਦਾਂ' ਹੀ ਲੋਟ ਨਹੀਂ ਆਉਂਦੀਆਂ ਸਨ। ਫ਼ੌਜਣ ਦੀ ਜਿਸ ਗੁੱਤ ਨੂੰ ਫ਼ੌਜੀ ਆਰਮੀ ਦੀ ਰੰਮ ਪੀ ਕੇ 'ਸੱਪਣੀਂ' ਦੱਸਦਾ ਹੁੰਦਾ ਸੀ। ਉਹ ਸੱਪਣੀਂ ਤਾਂ ਹੁਣ ਖਿੱਲਰ ਕੇ 'ਝਾਫ਼ਾ' ਬਣ ਗਈ ਸੀ।
ਇਕ ਦਿਨ ਫ਼ੌਜੀ ਆਪਣੇ ਬੁੱਢੇ ਬੋਤੇ ਅਤੇ ਬਲ਼ਦ ਨਾਲ਼ ਹਲ਼ ਵਾਹੀ ਜਾ ਰਿਹਾ ਸੀ ਕਿ ਅਚਾਨਕ ਬੋਤਾ ਬਿੱਟਰ ਗਿਆ। ਫ਼ੌਜੀ ਨੇ ਬਥੇਰੇ ਥਾਪੜੇ ਦਿੱਤੇ, ਪਲ਼ੋਸਿਆ। ਪਰ ਹੰਭਿਆ ਬੋਤਾ ਇਕ ਤਰ੍ਹਾਂ ਨਾਲ 'ਛਾਪਲ਼' ਗਿਆ ਸੀ। ਅੱਕੇ ਫ਼ੌਜੀ ਨੇ ਛਾਪਲ਼ੇ ਪਏ ਬੋਤੇ ਦੇ ਅਣਗਿਣਤ ਬੈਂਤਾਂ ਜੜ ਦਿੱਤੀਆਂ। ਮਨ ਉਸ ਦਾ ਅਥਾਹ ਦੁਖੀ ਸੀ।
ਅਚਾਨਕ ਫ਼ੌਜਣ ਦੁਪਿਹਰ ਦੀ ਚਾਹ ਲੈ ਕੇ ਪਹੁੰਚ ਗਈ।
-"ਕੀ ਗੱਲ ਹੋਗੀ...? ਬੋਤਾ ਡਿੱਗ ਪਿਆ...?" ਫ਼ੌਜਣ ਨੇ ਸੁਤੇ ਸੁਭਾਅ ਹੀ ਪੁੱਛਿਆ।
-"ਹੋਰ ਇਹ ਮੇਰਾ ਸਾਲ਼ਾ ਹੁਣ ਬੋਤੀਆਂ ਲਾਉਣ ਲੱਗੂਗਾ...?" ਗੁੱਸੇ ਅਤੇ ਨਿਰਾਸ਼ਾ ਵਿਚ ਫ਼ੌਜੀ ਨੇ ਸਿੱਧੀ ਹੀ ਸੁਣਾ ਧਰੀ।
ਖ਼ੈਰ ਆਥਣ ਤੱਕ ਬੋਤਾ ਕਿਸੇ ਕਾਰਨ ਸੱਚੀਂ ਹੀ ਮਰ ਗਿਆ। ਪਤਾ ਨਹੀਂ ਉਸ ਨੂੰ ਕੀ ਬਿਮਾਰੀ ਆ ਪਈ ਸੀ? ਖੜ੍ਹੇ ਪੈਰ ਇਕ ਹੋਰ ਬੋਤਾ ਲਿਆਉਣਾ ਪਿਆ। ਉਹ ਸਹੁਰਾ ਪਹਿਲੇ ਬੋਤੇ ਨਾਲੋਂ ਵੀ ਚੜ੍ਹਦਾ ਚੰਦ ਸੀ। ਸਰੀਰੋਂ ਤਾਂ ਉਹ ਰੱਬ ਆਸਰੇ ਹੀ ਮੜਕ ਨਾਲ਼ ਤੁਰਦਾ ਸੀ, ਪਰ ਬੜੇ ਹੀ 'ਕੌੜ' ਰਵੇ ਦਾ ਸੀ। ਬਿਨਾਂ ਗੱਲੋਂ ਬੰਦੇ ਨੂੰ ਵੱਢਣ ਪੈ ਜਾਂਦਾ। ਇਕ ਦਿਨ ਗੁੱਸੇ 'ਚ ਆਏ ਫ਼ੌਜੀ ਨੇ ਉਸ ਦੇ ਡੰਡਾ ਕੱਢ ਮਾਰਿਆ, ਤਾਂ ਹਰਖ਼ਿਆ ਬੋਤਾ ਫ਼ੌਜੀ ਨੂੰ ਵੱਢਣ ਪੈ ਗਿਆ। ਡਰਿਆ ਫ਼ੌਜੀ ਬੋਤੇ ਦੇ ਮੂਹਰੇ ਭੱਜ ਤੁਰਿਆ। ਪਰ ਲੰਮੀਆਂ ਪੁਲਾਂਘਾਂ ਵਾਲ਼ੇ ਬੋਤੇ ਨਾਲ਼ ਫ਼ੌਜੀ ਦਾ ਕੀ ਮੁਕਾਬਲਾ ਸੀ? ਉਹ ਉਸ ਦੇ ਇਕ ਤਰ੍ਹਾਂ ਨਾਲ਼ ਉਤੇ ਚੜ੍ਹਿਆ ਆ ਰਿਹਾ ਸੀ। ਸਿਰਤੋੜ ਭੱਜਿਆ ਆਉਂਦਾ ਫ਼ੌਜੀ ਇਕ ਦਮ ਛਹਿ ਲਾ ਕੇ ਬੈਠ ਗਿਆ। ਖੜ੍ਹੇ ਪੈਰ ਚੁਸਤ ਦਿਮਾਗ ਫ਼ੌਜੀਆਂ ਵਾਲ਼ਾ 'ਦਾਅ' ਵਰਤ ਗਿਆ ਸੀ। ਲੋੜ ਫਿਰ ਵੀ ਕਾਢ ਦੀ 'ਮਾਂ' ਹੁੰਦੀ ਹੈ। ਰੇਵੀਏ ਪਿਆ ਬੋਤਾ ਅੱਗੇ ਨਿਕਲ ਗਿਆ। ਐਡੇ ਸਰੀਰ ਨੂੰ ਬਰੇਕ ਲਾਉਣੇ ਕਿਹੜਾ ਖੇਡ ਸਨ...? ਜਦੋਂ ਫਿਰ ਉਸ ਨੇ ਮੋੜ ਕੱਟ ਕੇ ਫ਼ੌਜੀ ਵੱਲ ਛੂਟ ਵੱਟੀ ਤਾਂ ਸਾਹਮਣੇਂ ਖੜ੍ਹੇ ਫ਼ੌਜੀ ਨੇ ਟਿਕਾਅ ਕੇ ਡੰਡਾ ਸਾਰੇ ਜੋਰ ਨਾਲ਼ ਬੋਤੇ ਦੀ ਪੁੜਪੜੀ ਵਿਚ ਮਾਰਿਆ। ਬੋਤਾ 'ਦਾਅੜ' ਕਰਦਾ ਢੇਰੀ ਹੋ ਗਿਆ ਅਤੇ 'ਚੜ੍ਹਾਈ' ਕਰ ਗਿਆ। ਸੱਟ ਅਣਜਾਣੇ ਕਿਤੇ ਕਸੂਤੇ ਥਾਂ ਵੱਜ ਗਈ ਸੀ।
ਬਲ਼ਦ ਲੈ ਕੇ ਉਹ ਖੇਤੋਂ ਤੁਰਿਆ ਆਉਂਦਾ ਸੀ ਕਿ ਉਸ ਨੂੰ ਗੁਰਦੁਆਰੇ ਵਾਲ਼ਾ ਭਾਈ ਜੀ ਮਿਲ਼ ਪਿਆ।
-"ਕੀ ਗੱਲ ਐ ਫ਼ੌਜੀਆ..? ਕਿਵੇਂ ਪੈਂਚਰ ਜਿਆ ਹੋਇਆ ਤੁਰਿਆ ਆਉਨੈਂ?" ਭਾਈ ਜੀ ਨੇ ਟਿੱਚਰ ਨਾਲ਼ ਹੀ ਪੁੱਛਿਆ। ਉਹ ਬੜਾ ਗੁਣੀਂ ਗਿਆਨੀ, ਪਰ ਲਹਿਰੀ ਬੰਦਾ ਸੀ।
ਹਮਦਰਦ ਅਤੇ ਦੁਖ-ਸੁਖ ਦਾ ਸਾਂਝੀ, ਦਿਲੀ ਮਿੱਤਰ ਸਾਹਮਣੇ ਦੇਖ ਕੇ ਫ਼ੌਜੀ ਦਾ ਰੋਣ ਨਿਕਲ ਗਿਆ।
-"ਕੀ ਹੋ ਗਿਆ..? ਰੋਨਾ ਕਾਹਤੋਂ ਐਂ...?"
-"ਬੋਤਾ ਮਰ ਗਿਆ...!"
-"ਕਿਵੇਂ...?"
-"ਵੱਢਣ ਪੈ ਗਿਆ ਸੀ..! ਮੈਂ ਡੰਡਾ ਮਾਰਿਆ, ਡੰਡਾ ਸਾਲ਼ਾ ਕਲੋਟੇ ਥਾਂ ਵੱਜ ਗਿਆ ਤੇ ਬੱਸ, ਥਾਂ 'ਤੇ ਈ ਪ੍ਰਾਣ ਨਿਕਲ਼ ਗਏ...!"
-"ਫ਼ੌਜੀਆ...! ਰੋ ਨਾਂ...! ਐਹੋ ਜੇ ਮਾੜੇ ਪਸ਼ੂ ਨੂੰ ਖੇਤ 'ਕੱਲੇ ਨੂੰ ਨ੍ਹੀ ਸੀ ਮਾਰਨਾ-!"
ਫ਼ੌਜੀ ਨੇ ਸਿਰ ਉਪਰ ਚੁੱਕਿਆ।
-"ਐਹੋ ਜੇ ਵੱਢਖਾਣੇਂ ਬੋਤੇ ਨੂੰ ਤਾਂ ਬੋਤਿਆਂ ਦੇ 'ਕੱਠ 'ਚ ਲਿਜਾ ਕੇ ਮਾਰੇ..! ਉਹਦਾ ਹਾਲ ਦੇਖ ਕੇ ਦੂਜਿਆਂ ਨੂੰ ਵੀ ਮੱਤ ਆਉਂਦੀ!"
-"........।" ਫ਼ੌਜੀ ਚੁੱਪ ਸੀ।
-"ਤੂੰ ਸ਼ੁਕਰ ਕਰ ਤੇਰੀ ਜਾਨ ਬਚਗੀ..! ਬੂਹਕੀ ਕਾਹਤੋਂ ਜਾਨੈਂ..? ਜਾਨ ਬਚੀ ਲਾਖੋਂ ਪਾਏ..! ਜੇ ਤੈਨੂੰ ਕੁਛ ਹੋ ਜਾਂਦਾ, ਬੱਚੇ ਤਾਂ ਤੇਰੇ ਰੁਲ਼ ਜਾਂਦੇ! ਘਾਟੇ ਵਾਧੇ ਤਾਂ ਜਿੰਦਗੀ 'ਚ ਆਉਂਦੇ ਈ ਰਹਿੰਦੇ ਐ..! ਰੱਬ ਦੀ ਰਜਾ 'ਚ ਰਾਜੀ ਰਹੀਏ ਫ਼ੌਜੀਆ...! ਓਹ ਬੜਾ ਬੇਅੰਤ ਐ..!"
ਫ਼ੌਜੀ ਦੀ ਤਸੱਲੀ ਹੋ ਗਈ ਸੀ।
ਦਿਲ ਥਾਂਵੇਂ ਆ ਗਿਆ।
ਉਸ ਦੇ ਮਨ ਤੋਂ ਬੋਤੇ ਮਰੇ ਦਾ ਕਾਫ਼ੀ ਹੱਦ ਤੱਕ ਅਫ਼ਸੋਸ ਖ਼ਤਮ ਹੋ ਗਿਆ ਸੀ। ਸੰਸਾ ਨਿੱਬੜ ਗਿਆ ਸੀ। ਪਰ ਹੁਣ ਉਸ ਨੂੰ ਇਕ ਤਰ੍ਹਾਂ ਨਾਲ਼ ਵਾਹੀ ਤੋਂ ਨਫ਼ਰਤ ਹੋ ਗਈ ਸੀ। ਕੀ ਪਿਐ ਵਾਹੀਆਂ 'ਚ..? ਕਿਸਾਨ ਧੰਦ ਪਿੱਟਦਾ ਮਰ ਜਾਂਦੈ, ਤੇ ਉਹਦੀ ਜਿਣਸ ਦੇ ਮਾਲਕ ਸਾਲ਼ੇ ਆੜ੍ਹਤੀਏ ਬਣ ਬਹਿੰਦੇ ਐ! ਜੇਠ ਹਾੜ੍ਹ ਦੇ ਮਹੀਨੇ ਪਾਇਆ ਰੂੜੀ ਦਾ ਰੇਹ ਅਤੇ ਕੱਕਰ ਭਰੀਆਂ ਸਿਆਲ਼ ਦੀਆਂ ਰਾਤਾਂ 'ਚ ਕੀਤੀ ਮਿਹਨਤ ਦਾ ਵੀ ਮੁੱਲ ਨਹੀਂ ਮੁੜਦਾ! ਸੱਪਾਂ ਦੀਆਂ ਸਿਰੀਆਂ ਮਿੱਧੀਆਂ ਦੀ ਕੋਈ ਕਦਰ ਨਹੀਂ! ਪੈਲ਼ੀ ਤਾਂ ਲੱਗਿਆ ਨਹੀਂ ਮੋੜਦੀ? ਕੀ ਫ਼ਾਇਦਾ ਮੁਸ਼ੱਕਤਾਂ ਕੀਤੀਆਂ ਦਾ?
ਫਿਰ ਫ਼ੌਜੀ ਨੇ ਬੈਂਕਾਂ ਦੇ ਗੇੜੇ ਕੱਢੇ ਕਿ ਫ਼ੌਜ ਵਿਚ ਰਿਹਾ ਹੋਣ ਕਰਕੇ ਸ਼ਾਇਦ ਕਿਤੇ 'ਗਾਰਡ' ਦੀ ਨੌਕਰੀ ਹੀ ਮਿਲ਼ ਜਾਵੇ? ਪਰ ਬਾਬੂਆਂ ਦੇ ਮਗਰਮੱਛਾਂ ਵਾਂਗ ਅੱਡੇ ਮੂੰਹ ਦੇਖ ਕੇ ਉਸ ਨੇ ਇਕ ਟਰੱਕ 'ਚ ਹਿੱਸਾ ਪਾ ਲਿਆ ਅਤੇ ਡਰਾਈਵਰੀ ਖ਼ੁਦ ਸੰਭਾਲ਼ ਲਈ। ਪਰ ਫਿਰ ਆਖਰ ਨਿੱਤ ਦੀ ਆਵਾਜਾਈ ਅਤੇ ਫ਼ੌਜਣ ਦੇ ਵਿਯੋਗ ਦੇ ਖਲਜਗਣ ਤੋਂ ਦੁਖੀ ਹੋ ਕੇ ਉਸ ਨੇ ਢਾਬਾ ਖੋਲ੍ਹ ਲਿਆ। ਸਾਰੇ ਡਰਾਈਵਰ ਭਾਈਚਾਰੇ ਨੂੰ ਜਾਣਦਾ ਹੋਣ ਕਰਕੇ ਉਸ ਦਾ ਢਾਬਾ ਬੜਾ ਵਧੀਆ ਚੱਲ ਪਿਆ ਸੀ। ਸਾਰੇ ਪਟੜੀਫ਼ੇਰ ਡਰਾਈਵਰ ਵੀ ਉਸ ਦੇ ਢਾਬੇ 'ਤੇ ਆ ਕੇ ਹੀ ਅਰਾਮ ਫ਼ੁਰਮਾਉਂਦੇ ਅਤੇ ਫ਼ੌਜੀ ਨਾਲ ਪੈੱਗ ਸ਼ੈੱਗ ਵੀ ਸਾਂਝਾ ਕਰ ਲੈਂਦੇ। ਉਹ ਉਹਨਾਂ ਵਾਸਤੇ ਕਦੇ-ਕਦੇ 'ਕਾਲ਼ੀ ਨਾਗਣੀ' ਜਾਂ ਡੋਡਿਆਂ ਅਤੇ ਭੁੱਕੀ ਦਾ ਪ੍ਰਬੰਧ ਵੀ ਕਰ ਦਿੰਦਾ।
ਫ਼ੌਜੀ ਬੰਦਾ ਬੜਾ ਹਸਮੁੱਖ ਅਤੇ ਰੰਗੀਨ ਸੀ। ਘਾਟ-ਘਾਟ ਦਾ ਪਾਣੀ ਪੀਤਾ ਸੀ। ਵੰਨ-ਸੁਵੰਨੀ ਦੁਨੀਆਂ ਨਾਲ਼ ਵਾਹ ਪਿਆ ਸੀ। ਫ਼ੌਜੀ ਇਕ ਤੁਰਦਾ ਫਿਰਦਾ ਇਤਿਹਾਸ ਸੀ। ਨਾ ਤਾਂ ਕਿਸੇ ਦਾ ਉਹ ਗੁੱਸਾ ਕਰਦਾ ਅਤੇ ਨਾ ਹੀ ਕੋਈ ਉਸ ਦੀ ਗੱਲ ਦਾ ਗੁੱਸਾ ਮੰਨਦਾ ਸੀ। ਸਾਰੇ ਉਸ ਨੂੰ ਆਪਣਾ ਮਿੱਤਰ ਅਤੇ ਹਮਦਰਦ ਸਮਝਦੇ ਸਨ। ਫ਼ੌਜੀ ਦੇ ਢਾਬੇ 'ਤੇ ਡਰਾਈਵਰ ਮਿੱਤਰਾਂ ਦੀ ਮਹਿਫ਼ਲ ਬੜੀ ਖ਼ੂਬ ਜੰਮਦੀ ਸੀ। ਫ਼ੌਜੀ ਸੀ ਵੀ ਬੜਾ ਰੌਣਕੀ ਬੰਦਾ!
ਇਕ ਵਾਰ ਘੁੱਕਰ ਉਰਫ਼ 'ਨ੍ਹੇਰੀ' ਕਲਕੱਤੇ ਤੋਂ ਸਿੱਧਾ ਗੱਡੀ ਲੈ ਕੇ ਫ਼ੌਜੀ ਦੇ ਢਾਬੇ 'ਤੇ ਹੀ ਰੁਕਿਆ। ਉਸ ਨੂੰ ਫ਼ੌਜੀ ਨਜ਼ਰ ਨਾ ਆਇਆ। ਫ਼ੌਜੀ ਬਿਨਾਂ ਢਾਬੇ 'ਤੇ ਨ੍ਹੇਰੀ ਨੂੰ ਹਨ੍ਹੇਰ ਗੁਬਾਰ ਹੀ ਨਜ਼ਰ ਆਇਆ।
-"ਉਏ ਕਬੂਤਰਾ...! ਫ਼ੌਜੀ ਕਿੱਥੇ ਐ...?" ਉਸ ਨੇ ਢਾਬੇ 'ਤੇ ਕੰਮ ਕਰਦੇ ਟੀਟੂ ਨੂੰ ਪੁੱਛਿਆ। ਸਾਰਾ ਡਰਾਈਵਰ ਭਾਈਚਾਰਾ ਟੀਟੂ ਨੂੰ 'ਕਬੂਤਰ' ਹੀ ਆਖਦਾ।
-"ਉਹਨੂੰ ਬਾਈ ਘੁੱਕਰ ਸਿਆਂ ਮੋਕ ਲੱਗੀ ਵੀ ਐ..! ਸਵੇਰ ਦਾ ਈ ਨ੍ਹੀ ਟਿਕਿਆ।" ਟੀਟੂ ਦੀ ਥਾਂ ਗੰਤੇ ਡਰਾਈਵਰ ਨੇ ਲਾਚੜ ਕੇ ਉੱਤਰ ਮੋੜਿਆ। ਉਹ ਰਾਤ ਦਾ ਅਨੀਂਦਰਾ ਰਜਾਈ ਵਿਚੋਂ ਬਾਘੜ ਬਿੱਲੇ ਵਾਂਗ ਝਾਕ ਰਿਹਾ ਸੀ। ਟੁੱਟੇ ਨਸ਼ੇ ਕਾਰਨ ਉਸ ਦੀ ਅਵਾਜ਼ ਭਰੜ੍ਹਾਏ ਢੋਲ ਵਰਗੀ ਸੀ।
-"ਫ਼ੌਜੀ ਨੂੰ ਮੋਕ...? ਆਹ ਤਾਂ ਕਮਾਲ ਦੀ ਗੱਲ ਐ ਬਈ..! ਉਹਦਾ ਅੰਦਰ ਤਾਂ ਉੜੀਸਾ ਦੀ ਟਰੈਫ਼ਿਕ ਮਾਂਗੂੰ ਜਾਮ ਹੀ ਹੋਇਆ ਰਹਿੰਦਾ ਸੀ? ਹਫ਼ਤਾ-ਹਫ਼ਤਾ ਤਾਂ ਉਹ ਕਿੱਲ੍ਹਦਾ ਰਹਿੰਦਾ ਸੀ? ਉਹਨੂੰ ਮੋਕ ਕਿਵੇਂ ਲੱਗਗੀ?" ਨ੍ਹੇਰੀ ਹੈਰਾਨ ਸੀ।
-"ਫ਼ੀਮ ਛੱਡਤੀ ਪਤੰਦਰ ਨੇ..! ਬੱਸ ਓਦਣ ਦਾ ਈ ਨਵੇਂ ਦੁੱਧ ਹੋਣ ਆਲ਼ੀ ਮੱਝ ਮਾਂਗੂੰ ਕਿੱਲੇ 'ਤੇ ਈ ਗੇੜਾ ਬੰਨ੍ਹੀ ਫਿਰਦੈ!" ਗੰਤੇ ਨੇ ਗੱਲ ਕਰਦਿਆਂ ਰਜਾਈ ਪਰ੍ਹੇ ਕਰ ਕੰਧ ਤੋਂ ਧੁੱਪ ਦੀ ਸਪੀਡ ਪੜ੍ਹੀ। ਸਮਾਂ ਵਾਚਿਆ।
-"ਜਦੋਂ ਪੁੱਠੇ ਕੰਮ ਕਰੂ, ਗੇੜੀਂ ਤਾਂ ਪੈਣਾ ਈ ਐਂ..! ਉਹਨੂੰ ਫ਼ੀਮ ਛੱਡਣ ਨੂੰ ਕਿਹਾ ਕਿਹੜੇ ਕੰਜਰ ਨੇ ਐਂ? ਮਰਦਾ ਤਾਂ ਉਹ ਆਬਦੇ ਆਪ ਐ!"
-"ਰੱਬ ਜਾਣੇ ਬਾਈ..! ਮੈਂ ਤਾਂ ਉਹਨੂੰ ਬੱਤੀ ਆਰੀ ਕਹਿ ਚੁੱਕਿਐਂ, ਬਈ ਫ਼ੌਜੀਆ ਤੂੰ ਸਰੀਰ ਤਾਂ ਛੱਡ ਸਕਦੈਂ, ਪਰ ਫ਼ੀਮ ਨ੍ਹੀ ਛੱਡ ਸਕਦਾ..! ਪਰ ਮੰਨਦਾ ਕਿਹੜਾ ਕੰਜਰ ਐ? ਪੁੱਠੀ ਮੱਤ ਪਤਾ ਨ੍ਹੀ ਕੀਹਨੇ ਦੇਤੀ?"
-"ਹੁਣ ਹੈ ਕਿੱਥੇ...?"
-"ਆਹ ਪਿਛਲੇ ਪਾਸੇ ਈ ਹੋਣੈਂ ਕੰਧ ਨਾਲ਼! ਬਹੁਤੀ ਦੂਰ ਤਾਂ ਓਹਤੋਂ ਜਾਇਆ ਨੀ ਜਾਂਦਾ..!" ਗੰਤੇ ਨੇ ਲੰਮਾ ਹੱਥ ਕਰਕੇ ਦੱਸਿਆ ਤਾਂ ਨ੍ਹੇਰੀ ਢਾਬੇ ਦੇ ਪਿਛਲੇ ਪਾਸੇ ਚਲਾ ਗਿਆ। ਉਸ ਨੇ ਦੂਰੋਂ ਦੇਖਿਆ ਕਿ ਫ਼ੌਜੀ ਪੂਰੇ ਜੋਰ ਨਾਲ਼ ਆਪਣੀ ਪਿੱਠ 'ਤੇ ਮੁੱਕੀਆਂ ਮਾਰੀ ਜਾ ਰਿਹਾ ਸੀ ਅਤੇ ਨਾਲ਼ੇ ਕਿਸੇ ਨੂੰ ਗਾਲ੍ਹਾਂ ਕੱਢ ਰਿਹਾ ਸੀ।
-"ਉਏ ਫ਼ੌਜੀਆ...! ਆਹ ਕੀ ਕਰੀ ਜਾਨੈਂ...?" ਨ੍ਹੇਰੀ ਉਸ ਦੀ ਕਾਰਗੁਜ਼ਾਰੀ 'ਤੇ ਅਥਾਹ ਹੈਰਾਨ ਸੀ।
-"ਉਏ ਮੈਂ ਐਹਨੂੰ ਠ੍ਹੋਕਰਦੈਂ..! ਬਈ ਸਾਲੀਏ ਹਟਜਾ..! ਹਟਜਾ ਵਗਣੋਂ...! ਜੇ ਹਟਜੇਂਗੀ, ਤਾਂ ਨਾਲ਼ੇ ਤੂੰ ਬਚਜੇਂਗੀ, ਤੇ ਨਾਲੋਂ ਮੈਂ ਬਚਜੂੰ! ਨਹੀਂ ਤਾਂ ਦੋਨੋਂ ਈ ਧਰਮਰਾਜ ਦੇ ਜਾ ਬਿਰਾਜਾਂਗੇ...!" ਫ਼ੌਜੀ ਦੀ ਅਕਾਸ਼ਬਾਣੀ ਸੁਣ ਕੇ ਨ੍ਹੇਰੀ ਹੱਸਦਾ ਹੱਸਦਾ ਡਿੱਗਣ ਵਾਲ਼ਾ ਹੋ ਗਿਆ। ਫ਼ੌਜੀ ਅਜੇ ਵੀ ਆਪਣੀ ਪਿੱਠ 'ਤੇ ਮੁੱਕੀਆਂ ਮਾਰੀ ਜਾ ਰਿਹਾ ਸੀ, ''ਬੱਸ ਈ ਨ੍ਹੀ ਕਰਦੀ..! ਬੱਸ ਈ ਨ੍ਹੀ ਕਰਦੀ, ਮੰਨੋਂ ਦੇ ਜਾਣੀਂ...!"
-"ਚੱਲ ਬੱਸ ਕਰ! ਹੱਥ ਧੋ ਕੇ ਆਜਾ, ਤੈਨੂੰ ਕੰਡਾ ਮੈਂ ਦਿੰਨੈਂ!" ਨ੍ਹੇਰੀ ਨਸੀਹਤ ਜਿਹੀ ਦੇ ਕੇ ਮੁੜ ਆਇਆ।
ਡਰਾਈਵਰਾਂ ਦਾ ਵੀ ਇਕ ਕਬੀਲਾ ਹੁੰਦਾ ਹੈ। ਦੇਸ਼ਾਂ-ਪ੍ਰਦੇਸਾਂ ਵਿਚ ਇਹ ਇਕ ਦੂਜੇ ਦੇ ਨੇੜਲੇ ਰਿਸ਼ਤੇਦਾਰਾਂ ਨਾਲੋਂ ਵੀ ਵੱਧ ਸਹਾਈ ਹੁੰਦੇ ਹਨ।
-"ਕਿਉਂ..? ਮਿਲ਼ ਪਿਆ..?" ਗੰਤੇ ਨੇ 'ਖੈਣੀ' ਮਲ਼ਦਿਆਂ ਨ੍ਹੇਰੀ ਨੂੰ ਪੁੱਛਿਆ।
-"ਹਾਂ ਮਿਲ਼ ਪਿਆ..! ਕੁੜੀ ਯ੍ਹਾਵੇ ਦਾ ਊਤ ਢੂਹੀ 'ਤੇ ਮੁੱਕੀਆਂ ਮਾਰ ਮਾਰ ਪਿੱਠ ਈ ਭੰਨੀ ਜਾਂਦੈ!"
-"ਕਿਉਂ..? ਪਿੱਠ ਦਾ ਕੀ ਕਸੂਰ ਐ..?" ਉਸ ਨੇ ਖੈਣੀਂ ਬੁੱਲ੍ਹਾਂ ਵਿਚ ਫ਼ਿੱਟ ਕਰਦਿਆਂ ਹੈਰਾਨੀ ਨਾਲ਼ ਪੁੱਛਿਆ।
-"ਗੰਤਿਆ ਇਕ ਗੱਲ ਐ! ਇਹ ਜਿਹੜੇ ਫ਼ੌਜੀ ਹੁੰਦੇ ਐ ਨ੍ਹਾ..? ਸਿਆਣੇ ਸੱਥਾਂ 'ਚ ਗੱਲਾਂ ਕਰਦੇ ਹੁੰਦੇ ਸੀ, ਬਈ ਪਿਲਸਣ ਹੋਣ ਮੌਕੇ ਗੌਰਮਿਲਟ ਇਹਨਾਂ ਦਾ ਡਮਾਕ ਤੇ ਬੰਦੂਖ ਉਥੇ ਈ ਰਖਵਾ ਲੈਂਦੀ ਐ, ਤੇ ਬਣਦੀ ਰਕਮ ਦੇ ਕੇ ਮਗਰੋਂ ਲਾਹ ਦਿੰਦੇ ਐ!"
-"ਇਹ ਤਾਂ ਮੈਂ ਵੀ ਸੁਣਿਐਂ!" ਗੰਤੇ ਨੇ ਪਾਸੇ ਮੂੰਹ ਕਰ ਕੇ ਥੁੱਕਦਿਆਂ ਆਖਿਆ।
-"ਬਈ ਕੁੱਤੀਏ ਜਾਅਤੇ..! ਜਦੋਂ ਤੈਨੂੰ ਪਤੈ ਬਈ ਮੈਥੋਂ ਇਹ ਮਾਂ ਨਹੀਂ ਛੱਡੀ ਜਾਣੀਂ, ਤੂੰ ਕਾਹਨੂੰ ਘੁਲਾੜ੍ਹੇ 'ਚ ਬਾਂਹ ਦਿੰਨੈਂ? ਫੇਰ ਕਰੀ ਜਾਵਾਂਗੇ ਮਸੋਸ, ਤੇ ਨਾਲ਼ੇ ਖੁੱਲ੍ਹਵਾਉਂਦੇ ਫਿਰਾਂਗੇ 'ਖੰਡ ਪਾਠ!"
-"ਕਰਵਾਉਂਦੇ ਫਿਰਾਂਗੇ ਗਤੀਆਂ!"
-''ਗਤੀ ਤਾਂ ਕਰਵਾਉਣੀ ਪਊ ਬਾਈ ਸਿਆਂ..! ਨਹੀਂ ਸਾਲ਼ਾ ਬਿੱਜੂ ਬਣ ਬਣ ਆਪਾਂ ਨੂੰ ਪਿਆ ਕਰੂ..!" ਗੰਤਾ ਵਿਚ ਦੀ ਮਸਾਂ ਵਾਰੀ ਲੈਂਦਾ ਸੀ।
-"ਅੱਜ ਨਾਜਾ ਨ੍ਹੀ ਦੀਂਹਦਾ ਕਿਤੇ?" ਨ੍ਹੇਰੀ ਨੇ ਅਚਾਨਕ ਯਾਦ ਕੀਤਾ।
-"ਪਤਾ ਨ੍ਹੀ ਪਤੰਦਰ ਅੱਜ ਦਿਨੇ ਈ ਦੇਹ ਪਲੱਟੀ ਫਿਰਦਾ ਸੀ!" ਡਰਾਈਵਰ ਦਿਨੇ ਦਾਰੂ ਪੀਣ ਨੂੰ ਟਰੈਫ਼ਿਕ ਅਫ਼ਸਰਾਂ ਤੋਂ ਡਰਦੇ 'ਦੇਹ ਪਲੱਟਣੀ' ਆਖਦੇ ਸਨ।
-"ਕਿਉਂ..? ਕਿਸੇ ਖ਼ੁਸ਼ੀ 'ਚ ਜਾਂ ਕੋਈ ਮਰ ਗਿਆ...?"
-"ਰੱਬ ਜਾਣੇ..! ਗੱਲ ਕਰਨ ਜੋਕਰਾ ਤਾਂ ਪਤੰਦਰ ਹੈ ਈ ਨ੍ਹੀ ਸੀ..! 'ਉਰਲ਼-ਉਰਲ਼' ਈ ਕਰੀ ਜਾਂਦਾ ਸੀ!"
-"ਕਿਤੇ ਰਾਤ ਊਸ਼ਾ ਤਾਂ ਨ੍ਹੀ ਹੱਥ ਲੱਗਗੀ?"
-"ਜੇ ਊਸ਼ਾ ਹੱਥ ਲੱਗੀ ਹੁੰਦੀ, ਅੱਜ ਦਿਨੇ ਨੀ ਸੀ ਉਠਦਾ..! ਫੇਰ ਤਾਂ ਚੌਵੀ ਘੰਟਿਆਂ ਬਾਅਦ ਈ ਸਿਰੀ ਚੱਕਦਾ, ਜਿਵੇਂ ਸੱਪ ਡੰਗ ਮਾਰ ਕੇ ਅੱਠ ਪਹਿਰ ਨ੍ਹੀ ਅੱਖ ਪੱਟਦਾ ਹੁੰਦਾ!"
ਉਹਨਾਂ ਦੇ ਗੱਲਾਂ ਕਰਦਿਆਂ ਕਰਦਿਆਂ ਫ਼ੌਜੀ ਵੀ ਹੱਥ ਧੋ ਕੇ ਆ ਗਿਆ।
-"ਕਿਵੇਂ ਐਂ ਹੁਣ ਸਿਹਤਾਂ?"
-"ਮੈਂ ਤਾਂ ਬਾਈ ਖੱਸੀ ਹੋਇਆ ਪਿਐਂ..! ਅੱਜ ਪੰਦਰਾਂ ਆਰੀ ਜਾ ਕੇ ਆਇਐਂ।"
-"ਪਤੰਦਰ ਜੰਗਲ ਪਾਣੀ ਦੀ ਲਿਸਟ ਵੀ ਨਾਲ਼ ਈ ਬਣਾਈ ਫਿਰਦੈ, ਬਈ ਕਿੰਨੇ ਆਰੀ ਜਾ ਕੇ ਆਇਐਂ!"
-"ਲੈ ਫੜ ਭੋਰਾ...! ਟਾਂਕਾ ਲਾਅ ਕੇ ਕੰਡੇ 'ਚ ਹੋ..! ਮੂੰਹ ਬਣਾਈ ਫਿਰਦੈ, ਜਿਵੇਂ ਜੁਆਕ ਜੰਮ ਕੇ ਹਟਿਆ ਹੁੰਦੈ!" ਨ੍ਹੇਰੀ ਨੇ ਮੋਮੀ ਕਾਗਜ਼ 'ਚੋਂ ਅਫ਼ੀਮ ਦਿੰਦਿਆਂ ਕਿਹਾ।
-"ਡਰੈਵਰ ਕਿਸੇ ਨੂੰ 'ਫ਼ੀਮ ਨ੍ਹੀ ਦਿੰਦਾ, ਆਬਦਾ ਜੁਆਕ ਚੱਕ ਕੇ ਫੜਾਦੂ, ਲੈ ਫੜ...! ਤੂੰ ਫੇਰ ਵੀ ਜਿਗਰੀ ਯਾਰ ਐਂ!"
-"ਜੇ ਤੂੰ ਮਰ ਗਿਆ ਫ਼ੌਜੀਆ, ਸਾਡਾ ਕੀ ਹਾਲ ਹੋਊ?"
-"ਮੈਂ ਤਾਂ ਉਚੀ ਉਚੀ ਵੈਣ ਪਾ ਕੇ ਰੋਊਂ!"
-"ਹਾਏ ਵੇ ਮੇਰੇ ਪੁੱਤ ਦਿਆ ਪੁੱਤਾ...!" ਗੰਤੇ ਨੇ ਵੈਣ ਪਾ ਕੇ ਦਿਖਾਇਆ।
ਸੁਰਮਈ ਸ਼ਾਮ ਹੋਣ ਤੱਕ ਉਥੇ ਬਾਹਵਾ ਡਰਾਈਵਰ ਭਾਈਚਾਰਾ ਇਕੱਠਾ ਹੋ ਗਿਆ ਸੀ।
ਕਈ ਫ਼ੌਜੀ ਨੂੰ ਗਾਲ੍ਹਾਂ ਕੱਢ ਰਹੇ ਸਨ ਅਤੇ ਕਈ ਟਿੱਚਰਾਂ ਕਰ ਰਹੇ ਸਨ। ਕਿਸੇ ਨੇ ਬੋਤਲ ਖੋਲ੍ਹੀ ਹੋਈ ਸੀ ਅਤੇ ਕਿਸੇ ਨੇ ਅਧੀਆ! ਰੰਗੀਲੇ ਪੰਜਾਬੀ ਡਰਾਈਵਰ ਬਾਈ ਇਕ ਤਰ੍ਹਾਂ ਨਾਲ਼ ਜੰਗਲ ਵਿਚ 'ਮੰਗਲ਼' ਲਾਈ ਬੈਠੇ ਸਨ। ਨ੍ਹੇਰੀ ਵਾਲ਼ਾ ਕੰਡਾ ਛਕ ਕੇ ਫ਼ੌਜੀ ਹੁਣ ਬਿਲਕੁਲ ਠੀਕ ਹੋ ਗਿਆ ਸੀ। ਲੱਛਾ ਡਰਾਈਵਰ ਗਾ ਰਿਹਾ ਸੀ, "ਹੋ ਗੱਡੀ ਰੋਕ'ਲੀ ਬਵੰਜਾ ਬੱਤੀ ਮੇਰੀ - ਤੇ ਚੂੜੇ ਵਾਲ਼ੀ ਬਾਂਹ ਕੱਢ ਕੇ...!" ਲੱਛਾ ਬੜਾ ਸੁਰੀਲਾ ਗਾਉਂਦਾ ਸੀ।
-"ਤੈਨੂੰ ਲੱਛਿਆ ਕਿੰਨੇ ਆਰੀ ਆਖਿਐ..? ਬਈ ਕੀ ਲੈਣੈਂ ਐਸ ਕੁੱਤੇ ਕੰਮ, ਡਰੈਵਰੀ ਤੋਂ? ਤੂੰ ਤਾਂ ਕਿਤੇ ਗੌਣ-ਗੂਣ ਈ ਲੱਗਜਾ!"
-"ਮੇਰੀਆਂ ਤਾਂ ਸੁਰਾਂ ਬਾਈ ਸਾਲ਼ੀ ਡਰੈਵਰੀ ਨੇ ਮਾਰਤੀਆਂ ਤੇ ਰਹਿੰਦੀ ਕਸਰ ਘਰ ਦੀ ਗਰੀਬੀ ਨੇ ਕੱਢਤੀ।"
-"ਉਏ ਕੋਈ ਨਾ...! ਐਂਵੇਂ ਨਾ ਮਰੂੰ-ਮਰੂੰ ਕਰੀ ਜਾਇਆ ਕਰ!" ਤੁਣਕੀ ਬੋਲਿਆ।
-"ਚੰਗੇ ਮੰਦੇ ਦਿਨ ਬੰਦੇ 'ਤੇ ਆਉਂਦੇ ਈ ਰਹਿੰਦੇ ਐ..! ਮੇਰਾ ਰੁੱਸੇ ਨਾ ਕਲਗੀਆਂ ਵਾਲ਼ਾ ਜੱਗ ਭਾਵੇਂ ਸਾਰਾ ਰੁੱਸ ਜੇ...!"
-"ਲੱਛਿਆ ਜੇ ਤੂੰ ਕੋਈ ਰੀਲ੍ਹ ਰੂਲ੍ਹ ਕੱਢਣੀ ਹੋਵੇ ਤਾਂ ਦੱਸੀਂ, ਆਪਣਾ ਇਕ ਬੇਲੀ ਹੈਗਾ ਏਸ ਕਿੱਤੇ 'ਚ।" ਮਾਣਸਾ ਵਾਲ਼ੇ ਮੱਲ ਨੇ ਕਿਹਾ।
-"ਬੁੜ੍ਹੀ ਮਰਨ ਨੂੰ ਫਿਰੇ ਤੇ ਬਾਬਾ ... ਨੂੰ ਫਿਰੇ! ਮੈਨੂੰ ਭੈਣ ਦੇਣਾਂ ਜੁਆਕਾਂ ਦੀ ਰੋਟੀ ਦਾ ਫ਼ਿਕਰ ਲੱਗਿਆ ਪਿਐ, ਤੂੰ ਬਾਈ ਰੀਲ੍ਹ ਦੀ ਗੱਲ ਕਰਦੈਂ।" ਪੀਤੀ ਵਿਚ ਸੱਚੀ ਗੱਲ ਲੱਛੇ ਤੋਂ ਆਖ ਹੋ ਗਈ। ਉਦਾਸੀ ਦੀ ਪਿਲੱਤਣ ਉਸ ਦੇ ਚਿਹਰੇ ਨੂੰ ਧੁਆਂਖ ਗਈ ਸੀ।
-"ਸੱਚ ਯਾਰ ਜੁਆਕਾਂ ਤੋਂ ਮੈਨੂੰ ਗੱਲ ਚੇਤੇ ਆਗੀ..! ਪਰ ਸੁਣਾਊਂ ਤਾਂ, ਜੇ ਕੰਨ ਦੇ ਕੇ ਸੁਣੋਂਗੇ?" ਗਿੰਦਰ ਘੈਂਟ ਨੇ ਕਿਹਾ।
-"ਕੰਨ ਦੇ ਕੇ ਈ ਸੁਣਾਂਗੇ ਯਾਰ..! ਅੱਗੇ ਤੇਰੀ ਕੋਈ ਗੱਲ ਕਿਤੇ ਸੁਣੀਂ ਨ੍ਹੀ ਸੋਹਣਿਆਂ?" ਸੁੱਚਾ ਸੂਰਮਾਂ ਬੋਲਿਆ।
-"ਮੈਨੂੰ ਮੁੜ ਕੇ ਸੋਹਣਿਆਂ ਨਾ ਕਹੀਂ, ਸੁੱਚਿਆ!"
-"ਕਿਉਂ..? ਸੋਹਣਿਆਂ ਈ ਕਿਹੈ..? ਗੋਲ਼ੀ ਤਾਂ ਨ੍ਹੀ ਮਾਰੀ..? ਚੱਲ ਜੇ ਤੈਨੂੰ ਬੁਰਾ ਲੱਗਦੈ, ਮੈਂ ਨਹੀਂ ਕਹਿੰਦਾ, ਹੋਰ ਦੱਸ? ਬਾਪੂ ਆਖਾਂ...?"
-"ਚੱਲ ਤੂੰ ਗੱਲ ਸੁਣਾ ਯਾਰ! ਤੁਸੀਂ ਤਾਂ ਗੱਲ ਨੂੰ ਕਮਲ਼ੀ ਦੇ ਝਾਟੇ ਮਾਂਗੂੰ ਖਿਲਾਰ ਲੈਨੇ ਐਂ, ਚੁੱਪ ਕਰਕੇ ਸੁਣਦੇ ਨੀ! ਲੋਕ ਤਾਂਹੀਂ ਥੋਨੂੰ ਕਮਲ਼ੇ ਕਹਿੰਦੇ ਐ!" ਮੋਗੇ ਵਾਲ਼ਾ ਟੁੰਡਾ ਹਰਖ਼ ਕੇ ਬੋਲਿਆ। ਉਹ ਸੁਰਤ ਸੰਭਲ਼ਣ ਤੋਂ ਲੈ ਕੇ ਪਹਿਲਾਂ 'ਕਲ੍ਹੀਂਡਰੀ' ਅਤੇ ਫਿਰ ਡਰਾਈਵਰੀ ਕਰਦਾ ਆ ਰਿਹਾ ਸੀ।
-"ਜੈਤੋ ਆਲ਼ਾ ਗੀਤ ਐ ਨਾ...?"
-"ਜਿਹੜਾ ਪੈਂਤੀ ਕਿਆਸੀ 'ਤੇ ਹੁੰਦਾ ਸੀ?" ਘੁੱਕਰ ਨੇ ਪੁੱਛਿਆ।
-"ਆਹੋ...! ਜਿਹੜਾ ਸਰਪੈਂਚ ਨਾਲ਼ ਹੁੰਦਾ ਸੀ!" ਕਈਆਂ ਨੇ ਹੁੰਗਾਰਾ ਭਰਿਆ।
-"ਉਹਨੇ ਕੱਲ੍ਹ ਆਬਦੀ ਘਰਆਲ਼ੀ ਦੀ ਤੇ ਮੁੰਡੇ ਦੀ ਗੱਲ ਸੁਣਾਈ, ਬਈ ਰਾਣੀ ਦੀ ਸਹੁੰ, ਮੇਰਾ ਫ਼ਾਜਿਲਕਾ ਤੱਕ ਹਾਸਾ ਬੰਦ ਨ੍ਹੀ ਹੋਇਆ।" ਗਿੰਦਰ ਗੱਡੀ ਵੱਲ ਹੱਥ ਕਰ ਕੇ ਫਿਰ ਹੱਸ ਪਿਆ।
-"ਆਜਾ ਫ਼ੌਜੀਆ! ਤੂੰ ਵੀ ਲੈਲਾ ਤੋਲ਼ਾ, ਠਾਰੀ ਐ! ਰੋਟੀ ਖਾਣ ਆਲ਼ੇ ਆਪਾਂ ਈ ਐਂ, ਖਾਲਾਂਗੇ ਹੌਲ਼ੀ ਹੌਲ਼ੀ! ਕਿਹੜਾ ਕਿਤੇ 'ਨੰਦ ਕਾਰਜਾਂ 'ਤੇ ਜਾਣੈਂ!"
-"ਮੈਂ ਪਊਆ ਚੱਕ ਲਿਆਵਾਂ ਮੱਲਾ...!"
-"ਕਰਤੀ ਨਾ ਕੁੱਤੀ ਗੱਲ ਫ਼ੌਜੀ ਭਾਅ..? ਊਠਾਂ ਨੂੰ ਮੁੜ ਗੁੜ੍ਹਤੀਆਂ ਨਾਲ਼ ਕੀ ਬਣਦਾ ਈ? ਤੂੰ ਨੱਢਿਆ ਕੋਈ ਬੋਤਲ ਛੋਤਲ ਲਿਆ..!" ਅੰਮ੍ਰਿਤਸਰੀਆ ਭਾਊ ਬੋਲਿਆ।
-"ਤੂੰ ਚੁੱਪ ਰਹਿ..! ਸਿਆਣੇ ਆਖਦੇ ਐ: ਇਕ ਭਾਅਪਾ ਤੇ ਸੌ ਸਿਆਪਾ! ਪੱਗ ਦੇਖ ਸਾਲ਼ੇ ਨੇ ਕਿਮੇ ਬੰਨ੍ਹੀ ਐਂ, ਜਿਵੇ ... 'ਤੇ ਲੀਰ ਬਲ੍ਹੇਟੀ ਹੁੰਦੀ ਐ!" ਫ਼ੌਜੀ ਨੇ ਵਾਰੀ ਦਾ ਵੱਟਾ ਲੈ ਲਿਆ।
-"ਮੈਂ ਤਾਂ ਮੁੜ ਉੱਤਰਾਂ ਈ ਗੱਲ ਪਈ ਕੀਤੀ ਸੀ ਭਾਅ..! ਤੇ ਤੂੰ ਮੁੜ ਮੇਰੇ ਪਿੱਛੇ ਇੱਤਰਾਂ ਮਤ੍ਰੇਈ ਮਾਂ ਦੀ ਤਰ੍ਹਾਂ ਕਿਉਂ ਪੈ ਗਿਉਂ?" ਭਾਊ ਮੰਜੇ 'ਤੇ ਹੋਰ ਲੋਟ ਹੋ ਕੇ ਬੈਠ ਗਿਆ। ਉਸ ਦੀਆਂ ਭੈੜ੍ਹੀਆਂ ਜਿਹੀਆਂ ਅੱਖਾਂ ਵਿਚ ਦਾਰੂ ਦੇ ਲਾਲ ਡੋਰੇ ਸਿਲ਼ਤਾਂ ਵਾਂਗ ਖੜ੍ਹੇ ਸਨ। ਉਹ ਵਾਰ ਵਾਰ ਹਮੀਰੇ ਦੀ ਸੰਤਰਾ ਦਾ ਪੈੱਗ ਅੰਦਰ ਸੁੱਟਦਾ ਸੀ।
ਫ਼ੌਜੀ ਪਊਆ ਲੈ ਕੇ ਆ ਗਿਆ।
-"ਚੱਲ ਗਿੰਦਰਾ ਗੱਲ ਸੁਣਾ..! ਭਾਊ ਦੀ ਲੱਲੀ ਤਾਂ ਅੰਦਰ ਵੜਨੀ ਨੀ!" ਸੁੱਚੇ ਨੇ ਹੁਕਮ ਦਿੱਤਾ।
-"ਹਾਂ ਬਈ ਚੁੱਪ...! ਭਲਾ ਹੋਵੇ ਸਾਰਿਆਂ ਦਾ...!" ਮੱਲ ਨੇ ਹੋਕਾ ਦੇਣ ਵਾਲ਼ਿਆਂ ਵਾਂਗ ਕਿਹਾ।
-"ਹਾਂ ਬਈ ਗਿੰਦਰ ਸਿਆਂ, ਆਉਣ ਦੇ ਫਿਰ!" ਫ਼ੌਜੀ ਪੈੱਗ ਪਾਉਂਦਾ ਹੋਇਆ ਬੋਲਿਆ।
-"ਜੈਤੋ ਆਲ਼ੇ ਗੀਤ ਨੇ ਗੱਲ ਸੁਣਾਈ..! ਕਹਿੰਦਾ ਅਖੇ ਮੈਂ ਤਾਂ ਗੱਡੀ ਲੈ ਕੇ ਗੁਹਾਟੀ ਗਿਆ ਹੋਇਆ ਸੀ, ਤੇ ਮਗਰੋਂ ਸਾਡੇ ਸ਼ਹਿਰ ਸਰਕਸ ਆ ਲੱਗੀ, ਮੇਰਾ ਚਾਰ ਕੁ ਸਾਲ ਦਾ ਮੁੰਡਾ ਆਬਦੀ ਮਾਂ ਨਾਲ਼ ਸਰਕਸ ਦੇਖਣ ਚਲਿਆ ਗਿਆ, ਉਥੇ ਸਰਕਸ ਦੇ ਬਾਹਰ ਖੜ੍ਹਾ ਕਿਤੇ, ਗਧਾ-!"
-"ਅੱਛਾ...!"
-"ਗਧਾ ਸਾਲ਼ਾ 'ਨਿੱਸਰਿਆ' ਖੜ੍ਹਾ! ਤੇ ਮੁੰਡਾ ਆਬਦੀ ਮਾਂ ਨੂੰ ਗਧੇ ਦੇ ਹੇਠਲੇ ਪਾਸੇ ਹੱਥ ਕਰਕੇ ਪੁੱਛਦੈ, ਅਖੇ ਬੀਬੀ ਔਹ ਗਧੇ ਦੇ ਥੱਲੇ ਕੀ ਐ? ਜਦੋਂ ਘਰਆਲ਼ੀ ਨੇ ਗਧੇ ਦੇ ਹੇਠਲੇ ਪਾਸੇ ਨਜਰ ਮਾਰੀ, ਤਾਂ ਗੁੱਸੇ 'ਚ ਕਹਿੰਦੀ, ''ਕੁਛ ਨ੍ਹੀ...! ਹਰਾਮਦਾ ਟੁੱਟ ਪੈਣਾਂ..!" ਤੇ ਜੁਆਕ ਨੂੰ ਖਿੱਚ ਕੇ ਘਰੇ ਲੈ ਆਈ।"
-"ਕਿੱਡੇ ਕੁੱਤੇ ਜੁਆਕ ਐ ਡਰੈਵਰਾਂ ਦੇ...!"
-"ਅੱਖ ਦੇਖ ਛੋਕਰੀ ਦੇਣੇ ਦੇ ਦੀ ਕਿੱਥੇ ਗਈ!"
-"ਜਿਹੋ ਜੀ ਕੋਕੋ ਉਹੋ ਜੇ ਬੱਚੇ!"
-"ਜਿਹੋ ਜੀ ਨੰਦੋ ਬਾਹਮਣੀ, ਓਹੋ ਜਿਆ ਘੁੱਦੂ ਜੇਠ!"
-"ਤੁਸੀਂ ਅੱਗੇ ਤਾਂ ਸੁਣਲੋ ਕੁੱਤਿਆ ਰਵਿਆ..! ਆਬਦੀ ਰਮਾਇਣ ਛੇੜ ਕੇ ਬਹਿਗੇ!"
-"ਹਾਂ ਬਈ...?"
-"ਅੱਛਾ ਭਾਈ..! ਤੀਜੇ ਕੁ ਦਿਨ ਗੀਤ ਵੀ ਮੁੜ ਆਇਆ..! ਜੁਆਕ ਨੇ ਫੇਰ ਸਰਕਸ ਦੇਖਣ ਨੂੰ ਕਿਹਾ..! ਚਲੋ ਗੀਤ ਵੀ ਵਿਹਲਾ ਈ ਸੀ, ਜੁਆਕ ਨੂੰ ਲੈ ਕੇ ਸਰਕਸ ਚਲਿਆ ਗਿਆ..! ਗਧਾ ਫੇਰੇ ਦੇਣਾ ਫੇਰ ਉਥੇ ਈ ਮੁੱਖ ਮੰਤਰੀ ਬਣਿਆਂ ਖੜ੍ਹਾ, ਓਸੇ ਹਾਲਤ 'ਚ..! ਜੁਆਕ ਸਾਲ਼ਾ ਨਿਆਣਾ, ਹੁਣ ਜੁਆਕ ਨੂੰ ਕੀ ਪਤਾ ਸੀ? ਜੁਆਕ ਨੇ ਆਬਦੇ ਪਿਉ ਨੂੰ ਫੇਰ ਪੁੱਛ ਲਿਆ ਬਈ ਬਾਪੂ ਔਹ ਗਧੇ ਦੇ ਥੱਲੇ ਕੀ ਐ? ਗੀਤ ਨੇ ਦੱਸਤਾ! ਦੱਸਣਾ ਈ ਸੀ? ਇਹਦੇ 'ਚ ਲਕੋ ਆਲ਼ੀ ਕਿਹੜੀ ਗੱਲ ਐ? ਤਾਂ ਜੁਆਕ ਬੋਲਿਆ: ਭਾਪਾ ਮੇਰੀ ਬੀਬੀ ਤਾਂ ਕਹਿੰਦੀ ਬਈ ਇਹ ਤਾਂ 'ਕੁਛ ਨ੍ਹੀ..!' ਤਾਂ ਗੀਤ ਅੱਕਿਆ ਵਿਆ ਆਖਣ ਲੱਗਿਆ, ''ਕੋਈ ਨਾ ਪੁੱਤ! ਉਹਦੇ ਵਾਸਤੇ ਸਾਲ਼ਾ ਇਹ ਵੀ ਕੁਛ ਨ੍ਹੀ...!"
ਸਾਰੇ ਡਰਾਈਵਰ ਭਾਈਬੰਦ ਹੱਸਦੇ ਲੋਟ-ਪੋਟ ਹੋ ਗਏ।
ਟੁੰਡੇ ਦੇ ਮੂੰਹ 'ਚੋਂ ਦਾਰੂ ਦਾ ਫ਼ਰਾਟਾ ਦੂਰ ਤੱਕ ਵੱਜਿਆ।
ਮੱਲ ਪੈੱਗ ਪੀਂਦਾ ਹੋਣ ਕਰਕੇ ਉਸ ਨੂੰ ਹੱਥੂ ਆ ਗਿਆ ਸੀ।
ਸਾਰੇ ਹੱਸ-ਹੱਸ ਲਾਮਾਲੇਟ ਹੋ ਗਏ ਸਨ।
-"ਕੁੜੀ ਚੋਦ ਦਾ ਕਿੰਨਾਂ ਮਲੰਗ ਲਾਣੈਂ! ਸ਼ਰਮ ਤਾਂ ਜਮਾਂ ਈ ਨਹੀਂ ਕਰਦੇ, ਸਾਲ਼ੇ ਚੌਰੇ...!" ਮੋਗੇ ਵਾਲ਼ਾ ਟੁੰਡਾ ਬੋਲਿਆ।
-"ਤੂੰ ਕਿਹੜਾ ਮੱਲਾ ਘੱਟ ਐਂ? ਗੁੜਗਾਵਾਂ ਆਲ਼ੀ ਛੱਲੋ ਵੀ ਤੇਰੇ ਨਾਲ਼ ਈ ਕਲਕੱਤੇ ਦਾ ਸਫ਼ਰ ਕਰਦੀ ਐ!" ਗੰਤੇ ਨੇ ਹੱਡ 'ਤੇ ਮਾਰੀ।
-"ਮੱਲ ਤਾਂ ਉਹਨੂੰ ਲੋਰੀਆਂ ਦਿੰਦੈ, ਲੋਰੀਆਂ...!"
-"ਤੀਮੀ ਸਾਲੀ ਹੈ ਵੀ ਰਾਗਟ ਅਰਗੀ ਯਾਰ..! ਮੱਲ ਵੀ ਕੀ ਕਰੇ?"
-"ਨਾਲ਼ੇ ਉਹ ਤਾਂ ਹੈ ਵੀ ਮੱਲ ਦੇ ਸਹੁਰਿਆਂ ਵੱਲੀਂ ਦੀ!"
-"ਫੇਰ ਕੋਈ ਮਾੜੀ ਮੋਟੀ ਗੱਲ ਐ? ਸਹੁਰਿਆਂ ਦੇ ਨਾਂ ਨੂੰ ਤਾਂ ਸਾਲ਼ਾ ਬਾਂਦਰ ਨੱਚਣ ਲੱਗ ਪੈਂਦੈ, ਮੱਲ ਤਾਂ ਫੇਰ ਬੰਦੈ!"
-"ਤੂੰ ਫੁੱਫੜਾ ਕਿਮੇ ਢੇਰੀ ਜੀ ਢਾਹੀ ਬੈਠੈਂ? ਤੂੰ ਨ੍ਹੀ ਅੱਜ ਕੁਛ ਬੋਲਦਾ?" ਤੁਣਕੀ ਨੂੰ ਸਾਰੇ ਪਤਾ ਨਹੀਂ ਕਿਉਂ 'ਫੁੱਫੜ' ਆਖਦੇ ਸਨ?
-"ਉਏ ਫ਼ੁੱਫੜ ਨੂੰ ਟਿੱਚਰਾਂ ਨਾ ਕਰੋ! ਇਕ ਆਰੀ ਫੁੱਫੜ ਕਹੀਏ ਦੀਵਾ ਬੁਝ ਜਾਂਦੈ! ਇਹ ਬੜਾ ਬਹਿਵਤੀ ਐ!"
-"ਤੂੰ ਮੇਰੀ ਵੱਢਵੀਂ ਨਾ ਕਰਿਆ ਕਰ ਉਏ ਝੋਟਿਆ!" ਫੁੱਫੜ ਨੇ ਜੁਬਾਨ ਖੋਲ੍ਹੀ।
-"ਮਾਫ਼ ਕਰ ਦਿਓ ਫੁੱਫੜ ਜੀ!" ਪੰਡਤ ਹੱਥ ਜੋੜਨ ਲੱਗ ਪਿਆ।
-"ਸਾਲ਼ੇ ਨੂੰ ਨਾ ਅਕਲ ਨਾ ਮੌਤ! ਪੱਗ ਬੰਨ੍ਹਲੂ ਜਿਵੇਂ ਕੁੱਤੇ ਦਾ ਪਿੜ ਪੱਟਿਆ ਹੁੰਦੈ, ਤੇ ਨਿਘੋਚਾਂ ਫੁੱਫੜ 'ਤੇ ਕੱਢੂ!" ਤੁਣਕੀ ਪਤਾ ਨਹੀਂ ਕਿਉਂ ਅੱਕਿਆ ਪਿਆ ਸੀ।
-"ਤੂੰ ਫੁੱਫੜਾ ਕੱਲ੍ਹ ਮੂੰਹ ਕਾਲ਼ਾ ਕਰੀ ਫਿਰਦਾ ਸੀ?" ਝਗੜੇ ਨੇ ਫੁੱਫੜ ਦੀ ਦਾਹੜੀ ਨੂੰ 'ਕਲਫ਼' ਲੱਗੀ ਦੇਖ ਲਈ ਸੀ।
-"ਆਹੋ...! ਕੱਲ੍ਹ ਮੈਂ ਥੋਡੀ ਬੁੜ੍ਹੀ ਫੜਲੀ ਸੀ!"
ਹਾਸਾ ਫਿਰ ਉਚਾ ਉਠਿਆ।
ਭਾਊ ਮੰਜੇ ਤੋਂ ਡਿੱਗਦਾ ਡਿੱਗਦਾ ਮਸਾਂ ਬਚਿਆ।
-"ਉਏ ਤੂੰ ਨਾ ਕਿਤੇ ਮਾੜੀ ਗੱਡੀ ਮਾਂਗੂੰ ਪਾਸ ਵੱਜ-ਜੀਂ ਅੰਬਰਸਰੀਆ! ਤੇਰੀ ਤਾਂ ਭਾਪਣ ਨੇ ਰੋਣੋਂ ਵੀ ਨ੍ਹੀ ਹਟਣਾਂ!"
-''ਥੋਡੀਆਂ ਤਾਂ ਹੁੰਦੀਆਂ ਵੀ ਖਿਡੌਣਾ ਜਿਆ ਈ ਐ, ਚੂੰਢੀ ਵੱਢੀਏ, ਮੂਰਛਤ ਹੋ ਜਾਂਦੀਐਂ!"
-"ਨਹੀਂ ਫੁੱਫੜਾ..! ਮੈਂ ਉੱਤਰਾਂ ਠੀਕ ਹਾਂ, ਤੂੰ ਕਰ ਰਾਂਝਾ ਰਾਜ਼ੀ..! ਮੈਨੂੰ ਮੁੜ ਕੋਈ ਗੁੱਸਾ ਨਹੀਂ ਜੇ ਤੇਰਾ!" ਉਸ ਦਾ ਹਾਸਾ ਬੰਦ ਨਹੀਂ ਹੁੰਦਾ ਸੀ।
-"ਮੱਲ ਦੀ ਪਰਸੋਂ ਦੀ ਗੱਲ ਸੁਣਾਂਵਾਂ?"
-"ਸੁਣਾ..!" ਸਾਰੇ ਬੋਲੇ।
-"ਮੱਲਾ ਗੁੱਸਾ ਤਾਂ ਨ੍ਹੀ ਕਰਦਾ..?"
-"ਚੋਰ ਦੀ ਮਾਂ ਕੋਠੀ 'ਚ ਮੂੰਹ..! ਕੰਜਰਾਂ ਦੇ ਲੋਟ ਆਇਐਂ, ਮੈਂ ਗੁੱਸਾ ਕਾਹਨੂੰ ਕਰਨੈਂ? ਗਿੱਦੜ ਹੱਥ ਪਟੋਲ੍ਹਾ ਆਇਐ, ਸਾਲ਼ਿਓ ਲੀਰ ਲੀਰ ਈ ਕਰੋਂਗੇ..? ਤੁਸੀਂ ਕਿਸੇ ਦੀ ਕੋਈ ਗੱਲ ਮੰਨਣੀਂ ਐਂ? ਥੋਡੇ ਤੋਂ ਕਿਸੇ ਭਦਰਕਾਰੀ ਦੀ ਆਸ ਤਾਂ ਮੈਨੂੰ ਹੈਨੀ..!"
-"ਪਰਸੋਂ ਮੱਲ ਤੇ ਤੁਣਕੀ ਦੀ ਘੁੱਟ ਘੁੱਟ ਲੱਗੀ ਵੀ..! ਮੱਲ ਆਬਦੀ ਗੱਡੀ ਦੇ ਟਾਇਰ ਪਲ਼ੋਸੀ ਜਾਵੇ ਤੇ ਨਾਲ਼ੇ ਕਹੇ: ਰਾਣੀ..! ਮੈਨੂੰ ਪਤੈ ਬਈ ਤੇਰੀ ਜੁੱਤੀ ਘਸਗੀ, ਕੋਈ ਨਾ, ਐਤਕੀਂ ਨਮੀਂ ਸਮਾ ਕੇ ਦਿਊਂ..! ਤੁਣਕੀ ਓਸ ਤੋਂ ਵੀ ਚੜ੍ਹਦਾ ਚੰਦ! ਉਹ ਦਾਰੂ ਦੀ ਲੋਰ 'ਚ ਗੱਡੀ ਦੀ ਪਾਟੀ ਤਰਪਾਲ ਵੱਲ ਹੱਥ ਕਰ ਕਰ ਮੱਲ ਨੂੰ ਆਖੀ ਜਾਵੇ: ਮੇਰੇ ਆਲ਼ੀ ਦੀ ਵੀ ਮੱਲਾ ਫ਼ੁਲਕਾਰੀ ਪਾਟੀ ਪਈ ਐ, ਇਹਨੂੰ ਵੀ ਵਰੀ ਬਣਾ ਕੇ ਦੇਣੀ ਪੈਣੀ ਐਂ..! ਸਾਲ਼ੇ ਗੱਡੀਆਂ ਨਾਲ਼ ਤੀਮੀਆਂ ਮਾਂਗੂੰ ਗੱਲਾਂ ਕਰਨਗੇ! ਤੀਮੀ ਨੂੰ ਚਾਹੇ ਕਦੇ ਸਿੱਧੇ ਮੂੰਹ ਨਾ ਬੁਲਾਇਆ ਹੋਵੇ, ਪਰ ਗੱਡੀ ਨੂੰ ਰਾਣੀ ਈ ਦੱਸਣਗੇ!"
-"ਤੇ ਹੋਰ ਕੀ ਐਂ ਆਪਾਂ? ਆਪਾਂ ਹੈ ਈ ਸਾਰੇ ਇਹਨਾਂ ਰਾਣੀਆਂ ਦੇ ਖ਼ਸਮ..! ਗੱਡੀਆਂ ਨੂੰ ਘਰਆਲ਼ੀਆਂ ਤੋਂ ਵੱਧ ਰੱਖਦੇ ਐਂ ਕਿ ਨਹੀਂ?"
-"ਰੱਖਦੇ ਐਂ...! ਇਹਦੇ 'ਚ ਕੋਈ ਸ਼ੱਕ ਨ੍ਹੀ!"
-"ਤੀਮੀਆਂ ਦੀਆਂ ਲਾਲ਼ਾਂ ਤਾਂ ਉਦੋਂ ਚੱਟਦੇ ਐ, ਜਦੋਂ ਔੜ ਲੱਗੀ ਹੋਵੇ..! ਨਹੀਂ ਤਾਂ ਡਰੈਵਰ ਤਬਕਾ ਤੀਮੀ ਨੂੰ ਮੂੰਹ ਨ੍ਹੀ ਬੋਲਦਾ!"
-"ਆਹ ਬੋਲਦਾ ਨ੍ਹੀ ਮੂੰਹ..? ਕਿਸੇ ਝਾੜ੍ਹੀ 'ਤੇ ਕਿਤੇ ਲਾਲ ਚਾਦਰ ਸੁੱਕਣੀ ਪਾਈ ਹੋਵੇ, ਸਾਲ਼ੇ ਮੱਲੋਮੱਲੀ ਹਾਰਨ ਨੱਪ ਕੇ ਜਾਣਗੇ ਬਈ ਕੀ ਐ ਵਿਚੋਂ ਕੁਛ ਨਿਕਲ਼ ਈ ਆਵੇ? ਸਾਲ਼ਿਓ ਦਿੱਲੀ ਦੱਖਣ ਦੀ ਤੁਸੀਂ ਕੋਈ ਭਈਆ ਰਾਣੀ ਨ੍ਹੀ ਛੱਡੀ, ਹੁਣ ਮਹਾਤਮਾ ਗਾਂਧੀ ਬਣੇ ਬੈਠੇ ਓਂ!" ਫ਼ੌਜੀ ਕਾਫ਼ੀ ਦੇਰ ਬਾਅਦ ਬੋਲਿਆ ਸੀ।
-"ਸਾਡੀ ਗੱਡੀ ਕਿਹੜਾ ਕਿਸੇ ਰਾਣੀ ਨਾਲੋਂ ਘੱਟ ਐ?"
-"ਉਏ ਦਿਨ ਰਾਤ ਵੀ ਫਿਰ ਇਹੀ ਰਾਣੀ ਨਾਲ਼ ਨਿਭਦੀ ਐ..! ਤੀਮੀਆਂ ਮਾਂਗੂੰ ਖੇਖਣ ਨ੍ਹੀ ਕਰਦੀ; ਅੱਜ ਮੇਰਾ ਮੂੜ੍ਹ ਖਰਾਬ, ਨਾਲ਼ੇ ਕਹਿੰਦੀ ਸਿਰ ਦੁਖਦਾ...।" ਲੱਛੇ ਨੇ ਕਵੀਸ਼ਰੀ ਕੀਤੀ।
-"ਯਾਰ ਤੀਮੀਆਂ ਵੀ ਕੀ ਕਰਨ...? ਡਰਦੀਆਂ ਉਹ ਰਹਿੰਦੀਐਂ, ਬਈ ਕਿਤੇ ਸ਼ਰਾਬੀ ਹੋਇਆ ਊਂ ਨਾ ਜਾਹ ਜਾਂਦੀ ਕਰਦੇ!" ਗੰਤੇ ਦੇ ਕਹਿਣ 'ਤੇ ਭਾਊ ਦਾ ਪੈੱਗ ਪ੍ਰੈਸ਼ਰ ਬਣ ਬਾਹਰ ਨਿਕਲ਼ਿਆ। ਦਾਰੂ ਦੇ ਛਿੱਟੇ ਦੂਰ ਦੂਰ ਤੱਕ ਬੁੜ੍ਹਕੇ। ਕੀੜੇ ਮਾਰ ਦੁਆਈ ਦੀ ਸਪਰੇਅ ਕਰਨ ਵਾਂਗ!
-"ਸਾਲ਼ਾ ਕਿੱਡਾ ਸਿੱਧਰੈ...? ਕੁੜੀ ਚੋਦ ਮੰਗ ਖਾਣੀਂ ਜਾਅਤ! ਲੀੜੇ ਈ ਗੱਚ ਕਰਤੇ..! ਪਰ੍ਹੇ ਹੋ ਕੇ ਨ੍ਹੀ ਮਰਿਆ ਜਾਂਦਾ...?" ਮੱਲ ਭਾਊ 'ਤੇ ਚਿੜ ਗਿਆ। ਉਸ ਦਾ ਕੁੜਤਾ ਦਾਰੂ ਨਾਲ਼ ਗੱਚ ਹੋ ਗਿਆ ਸੀ।
-"ਮੁੜ ਮਾਫ਼ ਕਰ ਮੱਲ ਭਾਅ! ਗੱਲ ਈ ਇੱਤਰਾਂ ਦੀ ਸੀ!" ਭਾਊ ਮੂੰਹ ਪੂੰਝਦਾ ਬੋਲਿਆ।
-"ਤੇਰੀ ਭਾਪਣ ਨੇ ਤਾਂ ਇਹ ਧੋਣੇ ਵੀ ਨ੍ਹੀ..! ਤੁਸੀਂ ਸਾਲ਼ਿਓ ਸੂਮਾਂ ਦੇ ਨਾਨੇ, ਦਾਲ਼ ਖੱਟੀ ਹੋਜੇ, ਤਾਂ ਵੀ ਆਬਦੀ ਕੱਟੀ ਮੂਹਰੇ ਸਿੱਟਣਗੇ!"
-"ਪਰਸੋਂ ਭਾਈ ਭਾਊ ਨੂੰ ਡੀ. ਟੀ. ਓ. ਨੇ ਘੇਰ ਲਿਆ!" ਝਾਬਾ ਸਿਉਂ ਬੋਲਿਆ।
-"ਫੇਰ...?" ਕਈ ਇਕੱਠੇ ਹੀ ਬੋਲੇ।
-"ਫੇਰ ਕੀ..? ਉਹਦੇ ਚਰਨ ਫੜੀ ਖੜ੍ਹਾ! ਅਖੇ ਜੀ ਸਾਡੇ ਘਰੇ ਬਰਖੁਰਦਾਰ ਨੇ ਪਧਾਰਨੈ, ਮੈਨੂੰ ਤੇਜੀ ਐ! ਸਾਲ਼ਾ ਨਿਆਣਾ ਜੰਮਣ ਨੂੰ 'ਬਰਖੁਰਦਾਰ ਪਧਾਰਨਾ' ਈ ਦੱਸੇ!"
-"ਤੇ ਫ਼ੇਰ ਡੀ. ਟੀ. ਓ. ਕੀ ਕਹਿੰਦਾ?"
-"ਡੀ. ਟੀ. ਓ. ਨੇ ਪੁੱਛਿਆ ਬਈ ਕੀਹਨੂੰ ਬਰਖ਼ੁਰਦਾਰ ਪਧਾਰਨੈਂ..? ਤੇ ਇਹ ਬਣਾ ਸਮਾਰ ਕੇ ਪਤਾ ਕੀ ਕਹਿੰਦਾ?"
-"ਕੀ ਕਹਿੰਦਾ...?"
-"ਕਹਿੰਦਾ ਜੀ ਅਖੇ ਉਂਜ ਤੇ ਮੇਰੀ ਭੂਆ ਦੀ ਧੀ ਵੀ ਪਈ ਲੱਗਦੀ ਏ, ਤੇ ਉਂਜ ਮੇਰੀ ਬੀਵੀ ਵੀ ਜੇ!"
-"ਦੁਰ ਫ਼ਿੱਟ੍ਹੇ ਮੂੰਹ ਭੈਣ ਦਿਆਂ ਮੁੰਡਿਆਂ ਈ ਯਾਵੇ...! ਸਾਲ਼ੇ ਊਤ...!"
-"ਸਾਡੇ ਇੱਤਰਾਂ ਹੋ ਜਾਂਦਾ ਈ ਭਾਅ, ਕੀ ਕਰੀਏ? ਰਿਵਾਜ਼ ਈ...!" ਭਾਊ ਨੇ ਮੂੰਹ ਬਕਬਕਾ ਜਿਹਾ ਬਣਾ ਲਿਆ।
-"ਜੇ ਨਹੀਂ ਜੇ ਕਰਦੇ, ਤਾਂ ਮਰਦੇ ਵਾਂ, ਛੜੇ ਰਹਿਸਾਂ!"
-"ਤੂੰ ਕਿਹੜਾ ਘੱਟ ਸੈਂ ਮੱਲ ਭਰਾ? ਆਪਣੇ ਕਲੀਂਡਰ ਨੂੰ ਬੁੱਕਲ਼ 'ਚ ਬਿਠਾ ਕੇ ਤੂੰ ਗੱਡੀ ਪਿਆ ਸਿਖਾਂਦਾ ਸੈਂ..? ਅਖੇ ਗੇਅਰ ਇੰਜ ਨਹੀਂ, ਇੰਜ ਪਾ! ਤੇ ਨਾਲ਼ੇ ਉਸ ਦੀਆਂ ਬੁੱਘੀਆਂ ਪਿਆ ਲੈਂਦਾ ਸੈਂ! ਇਸ ਨੂੰ ਪੁੱਛਣਾ ਹੋਵੇ ਬਈ ਗੱਡੀ ਬੁੱਕਲ਼ 'ਚ ਬਿਠਾ ਕੇ ਸਿਖਾਈਦੀ ਊ?"
-"ਉਏ ਬੱਸ ਕਰੋ ਖ਼ਸਮੋਂ...! ਸਾਲ਼ਿਆਂ ਨੇ ਸ਼ਰਮ ਈ ਲਾਹਤੀ..! ਲੰਡੇ ਢੱਟੇ ਦੇ ਸਾਲ਼ੇ ਐ ਸਾਰੇ..! ਆਬਦੇ ਪੱਲਿਓਂ ਈ ਜੋੜ ਜੋੜ ਛੱਡੀ ਜਾਣਗੇ!" ਮੱਲ ਪਿੱਟਣ ਵਾਲ਼ਾ ਹੋਇਆ ਪਿਆ ਸੀ।
-"ਤੂੰ ਸਾਲ਼ਿਆ ਭਾਪਿਆ ਆਬਦੀ ਤੀਮੀ ਦੀਆਂ ਸੁੱਥਣਾਂ ਵੀ ਆਪ ਧੋਨੈਂ...?"
-"ਚਲੋ ਮੰਨ ਲਿਆ ਈ ਮੱਲ ਭਾਅ, ਬਈ ਮੈਂ ਆਪਣੀ ਬੀਵੀ ਦੀਆਂ ਸੁੱਥਣਾਂ ਪਿਆ ਧੋਨਾਂ ਵਾਂ..! ਪਰ ਕਲੀਂਡਰ ਦੀਆਂ ਬੁੱਘੀਆਂ ਲੈਣੀਆਂ ਤੈਨੂੰ ਕਿਸ ਦੇਵਤੇ ਨੇ ਦੱਸੀਆਂ ਈ..?"
-"ਮੈਂ ਚੱਲਿਐਂ ਸੌਣ...! ਤੁਸੀਂ ਮਾਰੋ ਭਕਾਈ!" ਮੱਲ ਚਾਦਰਾ ਝਾੜਦਾ ਉਠ ਤੁਰਿਆ।
-"ਉਹ ਬੈਠ ਮੱਲ ਭਾਅ! ਮੈਂ ਮੁੜ ਤੈਨੂੰ ਕੋਈ ਗੱਲ ਨਹੀਂ ਜੇ ਕਹਿੰਦਾ..! ਪਰ ਕਲੀਂਡਰ ਦੀਆਂ ਬੁੱਘੀਆਂ-!" ਅਜੇ ਉਸ ਨੇ ਗੱਲ ਪੂਰੀ ਵੀ ਨਹੀਂ ਕੀਤੀ ਸੀ ਕਿ ਮੱਲ ਨੇ ਭਾਊ ਵੱਲ ਚਲਾਵੀਂ ਜੁੱਤੀ ਮਾਰੀ। ਭਾਊ ਪਾਸੇ ਹਟ ਗਿਆ। ਬਚਾਓ ਵਿਚ ਹੀ ਬਚਾਓ ਸੀ!
-"ਲੈ ਸੁਣ ਲੈ ਭਾਪਿਆ ਮੇਰੇ ਵੀ ਗੱਲ..! ਫੇਰ ਕਹੇਂਗਾ ਮੱਲ ਤੋਂ ਕੋਈ ਗੱਲ ਨ੍ਹੀ ਸਰੀ? ਉਹ ਕਿਹੜਾ ਭਾਅਪਾ, ਜੀਹਦਾ ਵਪਾਰ ਨ੍ਹੀ, ਤੇ ਉਹ ਕਿਹੜੀ ਭਾਅਪੀ, ਜੀਹਦਾ ਕੋਈ ਯਾਰ ਨ੍ਹੀ!"
ਹਾਸੇ ਦਾ ਘੜ੍ਹਮੱਸ ਫਿਰ ਮੱਚ ਗਿਆ।
ਕਿਸ਼ਤ 24
ਸਾਰੀ ਸਾਰੀ ਰਾਤ ਫ਼ੌਜੀ ਦੇ ਕਰਮਾਂ ਵਾਲ਼ੇ ਢਾਬੇ 'ਤੇ ਮਹਿਫ਼ਲ ਸੱਜਦੀ। ਜੰਗਲ ਵਿਚ ਮੰਗਲ਼ ਲੱਗਿਆ ਰਹਿੰਦਾ। ਨੰਗੇ ਮਜ਼ਾਕ ਹੁੰਦੇ। ਨੰਗੀਆਂ ਗਾਲ਼ਾਂ ਕੱਢੀਆਂ ਜਾਂਦੀਆਂ। ਨਿਰਵਸਤਰ ਟਿੱਚਰਾਂ ਹੁੰਦੀਆਂ। ਇੱਥੇ ਕਿਸੇ ਦੀ ਕੋਈ ਜ਼ਾਤ ਨਹੀਂ ਸੀ, ਕੋਈ ਪਾਤ ਨਹੀਂ ਸੀ। ਨਾ ਕੋਈ ਰੰਗ ਅਤੇ ਨਾ ਕਿਸੇ ਨਸਲ ਦਾ ਭਿੰਨ-ਭੇਦ ਸੀ। ਇੱਥੇ ਸਿਰਫ਼ 'ਮਾਨੁੱਖਤਾ' ਆਉਂਦੀ ਸੀ। ਇੱਥੇ ਸਿਰਫ਼ ਰੱਬ ਦੇ ਬੰਦੇ ਆਉਂਦੇ ਸਨ। ਇੱਥੇ ਸਿਰਫ਼ ਇਨਸਾਨੀਅਤ ਦਾ ਬੋਲਬਾਲਾ ਰਹਿੰਦਾ ਸੀ। ਇੱਥੇ ਹਾਸੇ ਛਣਕਦੇ, ਇੱਥੇ ਖ਼ੁਸ਼ ਦਿਲਾਂ ਦੇ ਮਾਲਕ ਆਉਂਦੇ ਅਤੇ ਆਪਣਾ ਥਕੇਂਵਾਂ ਲਾਹ ਕੇ ਅਗਲੀ ਮੰਜ਼ਿਲ ਨੂੰ ਤੁਰ ਪੈਂਦੇ! ਤੁਰਦੀ ਫ਼ਿਰਦੀ ਭੋਲ਼ੀ ਮੁਸਕੁਰਾਹਟ ਦੇ ਮੁਸਾਫ਼ਿਰ ਲੋਕ! ਰਾਣੀਆਂ ਦੇ ਖ਼ਸਮ! ਫ਼ੌਜੀ ਦਾ ਢਾਬਾ ਇਕ ਤਰ੍ਹਾਂ ਨਾਲ਼ ਡਰਾਈਵਰਾਂ ਦਾ 'ਮੱਕਾ' ਸੀ! ਜਿੱਥੇ ਡਰਾਈਵਰ ਭਾਈਚਾਰੇ 'ਚੋਂ ਹਰ ਕੋਈ ਆ ਕੇ ਸਿੱਜਦਾ ਕਰਦਾ ਸੀ। ਸਿਰ ਝੁਕਾਉਂਦਾ ਸੀ! ਚੌਂਕੀ, ਹਾਜ਼ਰੀ ਭਰਦਾ ਸੀ।
ਪਰ ਪੰਜਾਬ ਦੇ ਕਾਲ਼ੇ ਦਿਨ ਸ਼ੁਰੂ ਹੋਣ ਦੇ ਨਾਲ਼ ਨਾਲ਼ ਹੀ ਇਸ ਮੱਕੇ ਦੀ ਰੌਣਕ ਇਕ ਦਮ ਘਟਣੀ ਸ਼ੁਰੂ ਹੋ ਗਈ। ਜਿੱਥੇ ਡਰਾਈਵਰਾਂ ਦੇ ਟੋਟਕੇ ਛਣਕਦੇ ਸਨ, ਉਥੇ ਹੁਣ ਰੋਹੀ-ਬੀਆਬਾਨ ਵਾਂਗ 'ਹਾੜ' ਬੋਲਣ ਲੱਗ ਪਿਆ ਸੀ।
ਕੋਈ ਟਾਂਵਾਂ-ਟਾਂਵਾਂ ਡਰਾਈਵਰ ਤੰਦੂਰ ਦੀ ਰੋਟੀ ਛਕਦਾ ਅਤੇ ਚੁੱਪ-ਚਾਪ, ਗੁੰਮ-ਸੁੰਮ ਆਪਣੇ ਰਸਤੇ ਪੈ ਜਾਂਦਾ। ਹੁਣ ਉਥੇ ਕੋਈ ਗੱਡੀ ਨਾ ਖੜ੍ਹਦੀ। ਕੋਈ ਡਰਦਾ ਢਾਬੇ 'ਤੇ ਰਾਤ ਨਾ ਕੱਟਦਾ। ਕੋਈ ਡਰਦਾ ਸ਼ਰੇਆਮ ਦਾਰੂ ਨਾ ਪੀਂਦਾ। ਜੇ ਪੀਂਦਾ ਵੀ ਤਾਂ ਪਰਦੇ ਨਾਲ਼, ਲੁਕ ਛੁਪ ਕੇ! ਟਿੱਚਰ ਮਸ਼ਕਰੀ ਤਾਂ ਕਿਸੇ ਨੇ ਕੀ ਕਰਨੀ ਸੀ? ਟਿੱਚਰ-ਮਸ਼ਕਰੀਆਂ ਤਾਂ ਪੰਜਾਬ ਦੇ ਲੋਕਾਂ ਨਾਲ਼ 'ਖ਼ਫ਼ਾ' ਹੋ ਗਈਆਂ ਸਨ ਅਤੇ ਭਿਆਨਕ ਤਬਾਹੀ ਨੇ ਬੂਹੇ ਮੱਲ ਲਏ ਸਨ। ਲੋਕ ਇਕ ਤਰ੍ਹਾਂ ਨਾਲ਼ ਇਕ ਦੂਜੇ ਲਈ 'ਓਪਰੇ' ਹੋ ਗਏ ਸਨ। ਆਪਣਿਆਂ ਲਈ ਬਿਗਾਨੇ ਲੋਕ! ਰਾਹ ਖਹਿੜੇ ਮਿਲ਼ਦੇ ਡਰਾਈਵਰ ਬਾਈ ਪਤਾ ਨਹੀਂ ਕੀਹਦੇ ਕੀਹਦੇ 'ਤੇ ਗੁੱਸਾ ਕੱਢ ਕੇ ਆਪਣਾ ਮਨ ਠਾਰਦੇ। ਉਹਨਾਂ ਦਾ ਮਨੋਰੰਜਨ ਖ਼ਤਮ ਹੋ ਗਿਆ ਸੀ। ਖੁੱਲ੍ਹ ਬਹਾਰਾਂ ਰੁੱਸ ਕੇ ਪਤਾ ਨਹੀਂ ਕਿਹੜੀ ਕੂਟੀਂ ਚੜ੍ਹ ਗਈਆਂ ਸਨ? ਹੁਣ ਉਹਨਾਂ ਦਾ ਕਿੱਤਾ ਮਨੋਰੰਜਨ ਭਰਿਆ ਨਹੀਂ, ਇਕ ਮਜਬੂਰੀ ਬਣ ਗਿਆ ਸੀ। ਰੋਜ਼ੀ-ਰੋਟੀ ਕਮਾਉਣ ਦੀ ਮਜਬੂਰੀ! ਹੁਣ ਡਰਾਈਵਰ ਭਾਈਚਾਰਾ ਆਪਣੇ ਕਾਰੋਬਾਰ ਵਿਚੋਂ ਆਨੰਦ ਨਹੀਂ ਸੀ ਲੈਂਦਾ, ਗਲ਼ ਪਿਆ ਢੋਲ ਵਜਾਉਂਦਾ ਸੀ।
...ਸਮਾਂ ਪਾ ਕੇ ਇਕ ਦਿਨ ਮੱਲ ਅਤੇ ਨ੍ਹੇਰੀ ਇਕੱਠੇ ਹੀ ਇਕ ਗੱਡੀ ਵਿਚ ਆ ਰਹੇ ਸਨ। ਮਨ ਨਾ ਮੰਨਣ ਦੇ ਬਾਵਜੂਦ ਵੀ ਮੱਲ ਨੇ ਆਪਣੀ ਗੱਡੀ ਫ਼ੌਜੀ ਦੇ ਢਾਬੇ ਨੂੰ ਸਿੱਧੀ ਕਰ ਲਈ। ਉਂਜ ਉਜਾੜ ਅਤੇ ਰੋਹੀਬਾਨ ਵਿਚ ਜਾਣ ਨੂੰ ਉਸ ਦੀ ਵੱਢੀ ਰੂਹ ਨਹੀਂ ਕਰਦੀ ਸੀ। ਜਿੱਥੇ ਉਹ ਸੈਂਕੜੇ ਮੀਲਾਂ ਤੋਂ ਮੇਲੇ ਜਾਣ ਵਾਂਗ ਚੱਲ ਕੇ ਆਉਂਦੇ ਸਨ, ਹੁਣ ਉਹਨਾਂ ਦਾ ਉਧਰ ਜਾਣ ਨੂੰ ਉੱਕਾ ਹੀ ਮਨ ਨਹੀਂ ਮੰਨਦਾ ਸੀ। ਪਰ ਯਾਰਾਂ ਦੋਸਤਾਂ ਦਾ ਪਿਆਰ ਉਹਨਾਂ ਨੂੰ ਫ਼ੌਜੀ ਦੇ ਢਾਬੇ ਵੱਲ ਨੂੰ 'ਧੂਹ' ਤੁਰਿਆ ਸੀ!
ਗੱਡੀ ਮੱਲ ਚਲਾ ਰਿਹਾ ਸੀ।
ਨ੍ਹੇਰੀ ਨਾਲ਼ ਬੈਠਾ ਸੀ। ਉਸ ਦੀ ਖ਼ਰਾਬ ਹੋਈ ਗੱਡੀ ਟਰੱਕ ਯੂਨੀਅਨ 'ਚ ਖੜ੍ਹੀ ਸੀ। ਸ਼ਹਿਰੋਂ ਉਹ ਨ੍ਹੇਰੀ ਦੀ ਗੱਡੀ ਦਾ ਕੁਝ ਜ਼ਰੂਰੀ ਸਮਾਨ ਲੈ ਕੇ ਆਏ ਸਨ।
-"ਦੇਖੀ ਜਾਊ ਯਾਰ...! ਮਰਨਾ ਤਾਂ ਇਕ ਨਾ ਇਕ ਦਿਨ ਹੈ ਈ! ਪਰ ਹਾਲਾਤਾਂ ਤੋਂ ਡਰ ਕੇ ਫ਼ੌਜੀ ਯਾਰ ਥੋੜ੍ਹੋ ਛੱਡ ਦੇਈਏ?" ਮੱਲ ਨੇ ਨ੍ਹੇਰੀ ਨੂੰ ਆਖਿਆ ਸੀ।
-"ਕੀ ਐ ਉਥੇ ਹੋਰ ਵੀ ਕੋਈ ਮਿਲ਼ ਪਵੇ..? ਯਾਰਾਂ ਨੂੰ ਮਿਲਿਆਂ ਜੁੱਗੜੇ ਬੀਤ ਗਏ ਲੱਗਦੇ ਐ, ਪੰਜਾਬ ਤੋਂ ਤਾਂ ਸਾਲ਼ੀਆਂ ਰੌਣਕਾਂ ਈ ਰੁੱਸ ਗਈਆਂ ਲੱਗਦੀਐਂ ਮੱਲਾ!"
ਜਦੋਂ ਮੱਲ ਅਤੇ ਨ੍ਹੇਰੀ ਢਾਬੇ ਵਾਲ਼ੀ ਸੜਕ 'ਤੇ ਚੜ੍ਹੇ, ਤਾਂ ਅੱਗੇ ਪੁਲ਼ਸ ਹੀ ਪੁਲ਼ਸ ਖੜ੍ਹੀ ਸੀ। ਦੇਖ ਕੇ ਉਹਨਾਂ ਦੇ ਮੱਥੇ ਠਣਕੇ!
-"ਆਹ ਕੀ ਮਾਜਰੈ ਬਈ...?" ਮੱਲ ਨੇ ਚੀਕ ਮਾਰਨ ਵਾਲ਼ਿਆਂ ਵਾਂਗ ਨ੍ਹੇਰੀ ਨੂੰ ਪੁੱਛਿਆ।
-"ਰੱਬ ਜਾਣੇਂ...! ਗੁਰੂ ਬਾਬਾ ਸੁੱਖ ਰੱਖੇ!"
-''ਕੋਈ ਵੱਡੀ ਵਾਰਦਾਤ ਹੋਈ ਲੱਗਦੀ ਐ!" ਨ੍ਹੇਰੀ ਨੇ ਵੀ ਸੋਚਾਂ ਦੀਆਂ ਵਾਗਾਂ ਢਿੱਲੀਆਂ ਛੱਡ ਦਿੱਤੀਆਂ। ਅੱਕੀਂ ਪਲਾਹੀਂ ਹੱਥ ਮਾਰੇ। ਅੰਨ੍ਹਿਆਂ ਵਾਂਗ!
ਜਦੋਂ ਉਹਨਾਂ ਨੇ ਗੱਡੀ ਰੋਕੀ ਤਾਂ ਦਸ-ਪੰਦਰਾਂ ਪੁਲ਼ਸ ਵਾਲ਼ਿਆਂ ਨੇ ਉਹਨਾਂ ਨੂੰ ਆ ਘੇਰਿਆ।
-"ਕੀ ਗੱਲ ਐ ਸਰਦਾਰ ਜੀ? ਐਨੀ ਪੁਲ਼ਸ, ਸੁੱਖ ਐ?" ਮੱਲ ਨੇ ਠਾਣੇਦਾਰ ਝੱਖੜ ਸਿਉਂ ਨੂੰ ਸੁਆਲ ਕੀਤਾ। ਉਹਨਾਂ ਦਾ ਪੁਲ਼ਸ ਨਾਲ਼ ਨਿੱਤ ਦਾ ਹੀ ਵਾਹ ਰਹਿੰਦਾ ਸੀ।
-"ਕਾਗਜ ਕੱਢੋ...!" ਉਸ ਨੇ ਉਤਰ ਦੇਣ ਦੀ ਜਗਾਹ ਅਬਦਾਲੀ ਹੁਕਮ ਜਾਰੀ ਹੋਇਆ।
ਮੱਲ ਨੇ ਗੱਡੀ ਦੇ ਕਾਗਜ਼ ਫੜਾ ਦਿੱਤੇ।
ਠਾਣੇਦਾਰ ਨਿਰਖ਼ ਕਰਨ ਲੱਗ ਪਿਆ।
-"ਆਹ ਢਾਬੇ ਆਲ਼ੇ ਨੂੰ ਜਾਣਦੇ ਐਂ...?" ਉਸ ਨੇ ਕਾਗਜਾਂ 'ਤੇ ਸਰਸਰੀ ਨਜ਼ਰ ਮਾਰਦਿਆਂ ਪੁੱਛਿਆ।
-"ਚੰਗੀ ਤਰ੍ਹਾਂ ਜਾਣਦੇ ਐਂ ਜੀ, ਸਾਡਾ ਬੇਲੀ ਐ...!"
-"ਥੱਲੇ ਉਤਰੋ...!" ਹੁਕਮ ਦੇ ਬੱਝੇ ਉਹ ਥੱਲੇ ਆ ਗਏ।
-"ਅੱਗੇ ਚੱਲੋ ਤੇ ਲਾਅਸ਼ਾਂ ਦੀ ਸ਼ਨਾਖ਼ਤ ਕਰੋ!"
-"ਕਿਹੜੀਆਂ ਲਾਅਸ਼ਾਂ ਦੀ ਜੀ...?" ਮੱਲ ਚੰਘਿਆੜ੍ਹ ਮਾਰਨ ਵਾਲ਼ਾ ਹੋਇਆ ਖੜ੍ਹਾ ਸੀ।
-"ਤੂੰ ਅੱਗੇ ਤੁਰ, ਭੈਣ ਦਾ ਯਾਰ...! ਸੁਆਲ ਕਰੀ ਜਾਂਦੈ ਜਿਵੇਂ ਜੱਜ ਹੁੰਦੈ, ਤੁਰ ਅੱਗੇ...! ਹਰਾਮਜ਼ਾਦਾ..!" ਠਾਣੇਦਾਰ ਝੱਖੜ ਸਿਉਂ ਨੇ ਮੱਲ ਨੂੰ ਧੱਕਾ ਮਾਰਿਆ। ਮੱਲ ਦੇ ਕੰਨਾਂ ਵਿਚ ਬਿੰਡੇ ਟਿਆਂਕੀ ਜਾ ਰਹੇ ਸਨ। ਜਦੋਂ ਉਸ ਨੇ ਅੱਗੇ ਜਾ ਕੇ ਦੇਖਿਆ ਤਾਂ ਫ਼ੌਜੀ, ਭਾਊ ਅਤੇ ਪੰਡਤ ਗੋਲ਼ੀਆਂ ਦੀ ਬੁਛਾੜ ਨਾਲ਼ ਖਿੱਲਰੇ ਪਏ ਸਨ। ਖ਼ੂਨ ਦਾ ਛੱਪੜ ਲੱਗਿਆ ਹੋਇਆ ਸੀ। ਫ਼ੌਜੀ ਦੀਆਂ ਅੱਖਾਂ ਖੁੱਲ੍ਹੀਆਂ ਸਨ। ਪੰਡਤ ਅਤੇ ਭਾਊ ਦੀ ਛਾਤੀ ਭਰਾੜ੍ਹ ਹੋਈ ਪਈ ਸੀ ਅਤੇ ਉਹ ਸਿੱਧੇ ਸਲੋਟ ਪਏ ਸਨ। ਮੱਲ ਫ਼ੌਜੀ ਦੀ ਲਾਅਸ਼ 'ਤੇ ਧਾਹ ਮਾਰ ਕੇ ਡਿੱਗ ਪਿਆ।
-"ਉਏ ਤੈਨੂੰ ਕੀਹਨੇ ਮਾਰਤਾ ਉਏ ਮਿੱਤਰ ਪਿਆਰਿਆ...? ਤੂੰ ਤਾਂ ਕਿਸੇ ਨਾਲ਼ ਵੈਰ ਵਿਰੋਧ ਵੀ ਨ੍ਹੀ ਸੀ ਰੱਖਿਆ..!" ਉਸ ਨੇ ਕੀਰਨਾਂ ਪਾਇਆ।
-"ਉਏ ਇਹ ਕਾਹਤੋਂ ਮਾਰਤੇ ਉਏ ਦੁਸ਼ਮਣੋਂ...?" ਉਹ ਪੁਲ਼ਸ ਵਾਲ਼ਿਆਂ ਵੱਲ ਝਾਕ ਕੇ ਵੈਣ ਪਾਉਂਦਾ ਬੋਲਿਆ।
-"ਇਹ ਅੱਤਿਵਾਦੀਆਂ ਦੀ ਟਹਿਲ ਸੇਵਾ ਕਰਦਾ ਸੀ, ਤੇ ਹੋਊ ਇਹ ਵੀ ਅੱਤਿਵਾਦੀ..!" ਠਾਣੇਦਾਰ ਝੱਖੜ ਸਿੰਘ ਬੋਲਿਆ।
-"ਉਏ ਜਾਲਮੋਂ ਇਹ ਅੱਤਬਾਦੀ ਕਿੱਥੇ..? ਇਹ ਤਾਂ ਭੁੱਖਿਆਂ ਦੇ ਪੇਟ ਭਰਨ ਆਲ਼ਾ ਇਕ ਦਰਵੇਸ਼, ਦੇਵਤਾ ਸੀ!" ਮੱਲ ਬਿਲਕਿਆ। ਰੋਂਦੇ ਮੱਲ ਨੇ ਫ਼ੌਜੀ ਦੀਆਂ ਖੁੱਲ੍ਹੀਆਂ ਅੱਖਾਂ 'ਵਾਹਿਗੁਰੂ' ਆਖ ਬੰਦ ਕਰ ਦਿੱਤੀਆਂ ਅਤੇ ਆਪਣਾ ਚਾਦਰਾ ਲਾਹ ਕੇ ਫ਼ੌਜੀ ਦੀ ਲਾਸ਼ 'ਤੇ ਦੇ ਦਿੱਤਾ। ਪੰਡਤ ਅਤੇ ਭਾਊ ਦੀਆਂ ਲਾਸ਼ਾਂ ਦੂਰ ਪਈਆਂ ਸਨ। ਮੱਲ ਦਾ ਦਿਲ ਦੋਫ਼ਾੜ ਹੋਇਆ ਪਿਆ ਸੀ।
-"ਉਏ ਇਹਨੇ ਤਾਂ 'ਠਾਰਾਂ ਸਾਲ ਦੇਸ਼ ਦੀ ਰੱਖਿਆ ਕੀਤੀ, ਦੋ ਜੰਗਾਂ ਲੜੀਆਂ, ਇਹ ਕਾਹਨੂੰ ਅੱਤਬਾਦੀ ਸੀ? ਤੇ ਆਹ ਭਾਊ ਵਿਚਾਰਾ...! ਇਹਨੇ ਕਦੇ ਕੀੜੀ 'ਤੇ ਪੈਰ ਨ੍ਹੀਂ ਧਰਿਆ ਹੋਣਾਂ..! ਚਲੋ ਇਹ ਤਾਂ ਦੋਨੋਂ ਅੱਤਬਾਦੀ ਸੀਗੇ, ਤੇ ਆਹ ਤੀਜਾ ਤਾਂ ਬਚਾਰਾ ਹਿੰਦੂ ਸੀ, ਪੰਡਤਾਂ ਦਾ ਮੁੰਡਾ..! ਅੱਤਬਾਦੀ ਤਾਂ ਮੇਰਿਓ ਸਾਲ਼ਿਓ ਤੁਸੀਂ ਐਂ...! ਜਿਹਨਾਂ ਨੇ ਆਹ ਬਚਾਰੇ ਹੱਥੀਂ ਕਿਰਤ ਕਰਨ ਆਲ਼ੇ ਦਰਵੇਸ਼ ਮਿੰਟ 'ਚ ਮਾਰ ਧਰੇ! ਤੇ ਉਹ ਵੀ ਨਿਰਦੋਸ਼...!" ਮੱਲ ਮੁੱਠੀਆਂ ਮੀਟ ਕੇ ਖੜ੍ਹਾ ਹੋ ਗਿਆ।
ਇਸ ਤੋਂ ਪਹਿਲਾਂ ਕਿ ਉਹ ਭਰਾਵਾਂ ਦੇ ਵਿਛੋੜੇ ਦੇ ਦਰਦ ਅਤੇ ਪੁਲੀਸ ਖ਼ਿਲਾਫ਼ ਵਿਦਰੋਹ ਵਿਚ ਦਧਨ ਹੋਇਆ ਠਾਣੇਦਾਰ ਦੇ ਗਲ਼ ਨੂੰ ਚਿੰਬੜਦਾ, ਗੋਲ਼ੀਆਂ ਦੀ ਬੁਛਾੜ ਨੇ ਮੱਲ ਅਤੇ ਨ੍ਹੇਰੀ ਦੀ ਛਾਤੀ ਪਾੜ ਧਰੀ। ਉਹ ਸਪਾਲ਼ ਧਰਤੀ 'ਤੇ ਵਿਛ ਗਏ। ਮੱਲ ਦੀਆਂ ਅੱਖਾਂ ਖੁੱਲ੍ਹੀਆਂ ਸਨ ਅਤੇ ਉਹ ਨਿਰਜਿੰਦ ''ਫ਼ੌਜੀ ਦਾ ਢਾਬਾ" ਦੇ ਬੋਰਡ ਵੱਲ ਤੱਕ ਰਿਹਾ ਸੀ। ਢਾਬੇ ਦੀ ਮਿੱਟੀ ਉਸ ਦੀ ਮੁੱਠੀ ਵਿਚ ਘੁੱਟੀ ਹੋਈ ਸੀ। ਇਕ ਪਾਸੇ ਨ੍ਹੇਰੀ ਮੂਧੇ ਮੂੰਹ ਅਹਿਲ ਪਿਆ ਸੀ।
ਜਦੋਂ ਵਾਰਦਾਤ ਹੋਈ, ਝਾਬਾ ਨੇੜਲੇ ਕਮਾਦ ਵਿਚ ਜੰਗਲ-ਪਾਣੀ ਬੈਠਾ ਸੀ। ਅਚਾਨਕ ਪਈ ਧਾੜ ਕਾਰਨ ਉਹ ਕਮਾਦ ਵਿਚ ਬੈਠਾ ਹੀ ਬੁੱਤ ਬਣ ਗਿਆ ਸੀ। ਉਹ ਕਦੇ ਜ਼ਿੰਦਗੀ ਵਿਚ ਨਹੀਂ ਸੋਚ ਸਕਦਾ ਸੀ ਕਿ ਹੱਸਣ-ਖੇਡਣ ਵਾਲ਼ੇ ਲੋਕਾਂ ਨੂੰ ਇਉਂ 'ਅੱਤਿਵਾਦੀ' ਗਰਦਾਨ ਦਾਣਿਆਂ ਵਾਂਗ ਭੁੰਨਿਆਂ ਵੀ ਜਾ ਸਕਦਾ ਸੀ?
ਅਗਲੇ ਦਿਨ ਝਾਬਾ ਅਖਬਾਰ ਵਿਚ ਮੋਟੀ ਸੁਰਖ਼ੀ ਪੜ੍ਹ ਰਿਹਾ ਸੀ:
''ਫ਼ੌਜੀ ਦੇ ਢਾਬੇ 'ਤੇ ਹੋਏ ਗਹਿਗੱਚ ਮੁਕਾਬਲੇ ਵਿਚ ਪੰਜ ਖ਼ਤਰਨਾਕ ਅੱਤਿਵਾਦੀ ਮਾਰੇ ਗਏ...!
ਹਥਿਆਰਾਂ ਦੀ ਵੱਡੀ ਖੇਪ ਬਰਾਮਦ....!" ਪੜ੍ਹ ਕੇ ਝਾਬਾ ਸਿਉਂ ਦਾ ਦਿਮਾਗ ਹਿੱਲ ਗਿਆ...!
ਕਿਸ਼ਤ 25
ਜਦੋਂ ਤੋਂ ਨਿੰਮੀ ਦਾ ਬਾਪੂ ਨਿੰਮੀ ਨੂੰ ਘਰ ਲੈ ਕੇ ਆਇਆ ਸੀ, ਉਸ ਦੇ ਤਨ-ਮਨ ਨੂੰ ਅੱਗ ਲੱਗੀ ਪਈ ਸੀ। ਉਸ ਨੂੰ ਘਰੇ ਟੇਕ ਨਾ ਆਉਂਦੀ ਅਤੇ ਬਾਹਰ ਉਹ ਲੋਕਾਂ ਦੀ ਸ਼ਰਮ ਦਾ ਮਾਰਿਆ ਨਿਕਲ਼ਦਾ ਹੀ ਨਹੀਂ ਸੀ। ਜਦੋਂ ਵੀ ਉਹ ਫ਼ਸਿਆ-ਫ਼ਸਾਇਆ ਖੇਤ ਜਾਂਦਾ ਤਾਂ ਖੇਸ ਨਾਲ਼ ਮੂੰਹ-ਸਿਰ ਢਕ ਕੇ ਹੀ ਜਾਂਦਾ ਸੀ। ਉਸ ਦਾ ਦਿਮਾਗ ਐਨੀ 'ਹੱਤਕ' ਮੰਨ ਗਿਆ ਸੀ ਕਿ ਉਸ ਨੂੰ ਕੰਧਾਂ-ਕੌਲ਼ੇ ਵੀ ਟਿੱਚਰਾਂ ਕਰਦੇ ਲੱਗਦੇ! ਉਹ ਮੂੰਹ ਹਨ੍ਹੇਰੇ ਹੀ ਖੇਤ ਚਲਿਆ ਜਾਂਦਾ ਅਤੇ ਗੂੜ੍ਹੀ ਰਾਤ ਹੋਣ 'ਤੇ ਘਰ ਪਰਤਦਾ। ਜਿਉਣਾ ਉਸ ਨੂੰ ਹੁਣ 'ਧਿਰਗ' ਜਾਪਦਾ ਸੀ। ਉਹ ਸੋਚਦਾ ਸੀ ਕਿ ਉਸ ਦੀ ਇੱਜ਼ਤ ਕੱਖ-ਕਾਨੇ ਬਣ ਵੀਹੀਆਂ ਵਿਚ ਰੁਲ਼ਦੀ ਫ਼ਿਰਦੀ ਸੀ। ਜਿਹੜੀ ਇੱਜ਼ਤ ਦੀ ਖਾਤਿਰ ਬੰਦਾ ਜੱਦੋਜਹਿਦ ਕਰਦਾ ਤੁਰਿਆ ਫ਼ਿਰਦਾ ਹੈ, ਉਹ ਤਾਂ ਉਸ ਦੀ ਕੁਲਿਹਣੀਂ ਧੀ ਨੇ 'ਨਿਲਾਮ' ਕਰ ਮਾਰੀ ਸੀ। ਉਸ ਦਾ ਦਿਮਾਗ ਸੋਚਾਂ ਦੀਆਂ ਕਪੜਛੱਲਾਂ ਵਿਚ ਘੁੰਮਣਘੇਰੀਆਂ ਖਾਈ ਜਾਂਦਾ ਰਹਿੰਦਾ। ਮਨ ਤੋਂ ਬੋਝ ਹਲਕਾ ਕਰਨ ਲਈ ਉਹ ਦਿਨੇ ਵੀ ਦੇਸੀ ਦਾਰੂ ਦਾ ਗਿਲਾਸ ਅੰਦਰ ਸੁੱਟੀ ਰੱਖਦਾ।
ਅਚਾਨਕ ਦੁਪਿਹਰ ਨੂੰ ਉਸ ਕੋਲ਼ ਉਸ ਦਾ ਪੁਰਾਣਾਂ ਸੀਰੀ ਗਿੰਦਰ ਆ ਗਿਆ।
-''ਕਰੀ ਜਾਨੈਂ ਕਮਾਲਾਂ ਭੇਲੀ ਸਿਆਂ..?" ਉਸ ਨੇ ਝੋਨੇ ਵਿਚੋਂ ਕੱਖ ਕੱਢਦੇ ਭੇਲੀ ਨੂੰ ਪੁੱਛਿਆ।
ਭੇਲੀ ਦਾ ਦਿਲ ਕੀਤਾ ਗਿੰਦਰ ਦੀ ਮੂਲ਼ੀ ਵਰਗੀ ਧੌਣ ਖਿੱਚ ਦੇਵੇ! ਉਹ ਕਿਸੇ ਨਾਲ਼ ਬੋਲਣਾ ਹੀ ਨਹੀਂ ਚਾਹੁੰਦਾ ਸੀ। ਦੁਨੀਆਂ ਤੋਂ ਕਿਨਾਰਾ ਕਰੀ ਰੱਖਣਾ ਚਾਹੁੰਦਾ ਸੀ। ਪਰ ਇਹ ਜਮਦੂਤ ਤਾਂ ਮੂੰਗਲ਼ੇ ਵਾਂਗ ਸਿੱਧਾ ਹੀ ਉਸ ਦੇ ਸਿਰ ਵਿਚ ਆ ਵੱਜਿਆ ਸੀ।
-''ਆਹੋ ਗਿੰਦਰਾ..! ਕੰਮ ਕਿਤੇ ਛੱਡੇ ਜਾਂਦੇ ਐ..? ਕਬੀਲਦਾਰੀ ਤਾਂ ਚਲਾਉਣੀ ਈ ਹੋਈ..! ਕੁਛ ਨੀ ਛੱਡਿਆ ਜਾਂਦਾ ਜਿਉਂਦੇ ਜੀਆਂ ਤੋਂ ਭਰਾ ਮੇਰਿਆ..!" ਉਸ ਨੇ ਗੱਲ ਦਾ ਉੱਤਰ ਤਾਂ ਦੇ ਦਿੱਤਾ। ਪਰ ਕਿਸੇ ਨਾਲ਼ ਗੱਲ ਕਰਨ ਨੂੰ ਉਸ ਦੀ ਵੱਢੀ ਰੂਹ ਨਹੀਂ ਕਰਦੀ ਸੀ।
-''ਭੇਲੀ..! ਲੋਕ ਕਹਾਣੇ ਜੇ ਪਾਉਂਦੇ ਹੁੰਦੇ ਐ, ਅਖੇ ਪੁੱਤਰ ਜੰਮੇ ਲਲੈਕ ਨਾ ਧੀ ਅੰਨ੍ਹੀ ਚੰਗੀ..! ਧੀਆਂ ਨੂੰ ਲੋਕ ਸਲ੍ਹਾਹੁੰਦੇ ਆਏ ਐ..! ਪੁੱਤਾਂ ਨੂੰ ਨਿੰਦਦੇ ਆਏ ਐ..! ਲੈ ਕੀ ਬੁੱਝੀਏ..? ਆਹ ਤੇਰੇ ਆਲ਼ੀ ਧੀ ਨੇ ਖੇਹ ਖਾਣ ਆਲ਼ੀ ਕੋਈ ਕਸਰ ਈ ਨੀ ਛੱਡੀ..!" ਭੇਲੀ ਅੰਦਰ ਬਲ਼ਦੇ ਭਾਂਬੜ 'ਤੇ ਗਿੰਦਰ ਨੇ ਹੋਰ ਤੇਲ ਦਾ ਪੀਪਾ ਡੋਲ੍ਹ ਦਿੱਤਾ। ਭੇਲੀ ਦੇ ਅੰਦਰੋਂ ਲਾਂਬੂ ਨਿਕਲ਼ਿਆ ਅਤੇ ਸਿਰ ਵਿਚ ਦੀ ਹੁੰਦਾ ਹੋਇਆ ਅਸਮਾਨ ਨੂੰ ਚੜ੍ਹ ਗਿਆ। ਉਸ ਨੇ ਗਿੰਦਰ ਨੂੰ ਗਾਲ਼ ਕੱਢਣੀ ਚਾਹੀ। ਪਰ ਕੁਝ ਸੋਚ ਕੇ ਚੁੱਪ ਵੱਟ ਗਿਆ। ਕਸੂਰ ਉਹਦੀ ਆਪਦੀ ਧੀ ਨਿੰਮੀ ਦਾ ਸੀ। ਲੋਕਾਂ ਦਾ ਕੀ ਕਸੂਰ ਸੀ..? ਮੈਂ ਕੀਹਦੇ-ਕੀਹਦੇ ਨਾਲ਼ ਲੜੀ ਜਾਊਂਗਾ..? ਲੋਕ ਤਾਂ ਸੱਚੀ ਗੱਲ ਹੀ ਮੂੰਹੋਂ ਕਹਿੰਦੇ ਨੇ..! ਝੂਠ ਥੋੜ੍ਹੋ ਬੋਲਦੇ ਨੇ..? ਪੈਸਾ ਖੋਟਾ ਆਪਣਾ ਤੇ ਬਾਣੀਏਂ ਨੂੰ ਕੀ ਦੋਸ਼..? ਲੋਕਾਂ ਦੇ ਗਲ਼ ਪੈਣ ਦਾ ਕੀ ਫ਼ਾਇਦਾ..? ਔਲ਼ਾਦ ਤਾਂ ਆਪਦੀ 'ਗੰਦੀ' ਐ..! ਲੋਕਾਂ ਨਾਲ਼ ਮੈਂ ਕਿਉਂ ਜੱਫ਼ੋ-ਜੱਫ਼ੀ ਹੋਈ ਜਾਵਾਂ..?
-''ਮਾੜੀ ਕਿਛਮਤ ਦੀਆਂ ਗੱਲੈਂ ਗਿੰਦਰਾ..! ਮਾੜੀ ਕਿਛਮਤ ਦੀਆਂ ਗੱਲੈਂ ਬੇਲੀ ਮੇਰਿਆ..! ਆਹ ਮੱਥੇ ਦੀ ਲੀਕ ਕੌਣ ਮੇਟੇ..? ਫੁੱਟ੍ਹੇ ਲੇਖਾਂ ਨੂੰ ਕੋਈ ਨੀ ਜੋੜਦਾ..! ਅੱਜ ਜੱਗ 'ਤੇ ਜੀਅ ਨੀ ਲੱਗਦਾ..! ਚਿੱਤ ਕਰਦੈ ਕੁਛ ਖਾ ਕੇ ਮਰਜਾਂ..!" ਉਸ ਨੇ ਘੋਰ ਨਮੋਸ਼ੀ ਵਿਚ ਸਿਰ ਫ਼ੇਰਿਆ।
-''ਨ੍ਹਾ ਤੂੰ ਕਿਉਂ ਕੁਛ ਖਾ ਕੇ ਮਰੇਂ..? ਮਰੇ ਉਹ ਕੁਲੱਛਣੀ, ਜੀਹਨੇ ਕਿਸੇ ਪਾਸੇ ਦੇ ਨੀ ਛੱਡੇ..! ਤੂੰ ਕਿਉਂ ਮਰੇਂ..? ਹੈ ਕਮਲ਼ਾ..? ਦਿਲ ਨਾ ਛੱਡ..! ਰੱਬ ਭਲੀ ਕਰੂਗਾ..!" ਉਹ ਤੀਲ੍ਹੀ ਲਾ ਕੇ ਰਾਹ ਪੈ ਗਿਆ।
ਦਿਨ ਢਲ਼ੇ ਮੜਾਸਾ ਮਾਰ ਕੇ ਜਦੋਂ ਬਾਪੂ ਘਰ ਪਹੁੰਚਿਆ ਤਾਂ ਉਸ ਦੀਆਂ ਅੱਖਾਂ ਚੰਗਿਆੜੇ ਛੱਡ ਰਹੀਆਂ ਸਨ।
ਪਰ ਜਦ ਉਸ ਨੇ ਦਰਵਾਜਾ ਟੱਪਿਆ ਤਾਂ ਨਿੰਮੀ ਦੀ ਅਧਿਆਪਕ ਸਹੇਲੀ ਉਸ ਦੇ ਕੋਲ਼ ਬੈਠੀ ਉਸ ਨੂੰ ਮੱਤਾਂ ਜਿਹੀਆਂ ਦੇ ਰਹੀ ਸੀ।
-''ਬੀਤੇ ਸਮੇਂ ਤੇ ਹੋਈਆਂ ਘਟਨਾਵਾਂ ਤੋਂ ਜੋ ਸਬਕ ਨਹੀਂ ਲੈਂਦੇ, ਉਹ ਜ਼ਿੰਦਗੀ ਦੇ 'ਹਰ' ਮੋੜ 'ਤੇ ਹਾਰਦੇ ਨੇ ਨਿੰਮੀ..! ਬੱਸ, ਪਿਛਲੀਆਂ ਗਲਤੀਆਂ ਤੋਂ ਸਬਕ ਸਿੱਖ ਕੇ ਚੜ੍ਹਦੇ ਸੂਰਜ ਨੂੰ 'ਸਲਾਮ' ਕਰਨੀ ਸਿੱਖ ਲੈ, ਲੋਕਾਂ ਦੀ ਚਹੇਤੀ ਬਣ ਜਾਵੇਂਗੀ..। ਸਭ ਤੋਂ ਪਹਿਲਾਂ ਆਪਣੀ ਸੋਸਾਇਟੀ ਬਦਲਣ ਦੀ ਲੋੜ ਹੁੰਦੀ ਹੈ..! ਸੋਸਾਇਟੀ ਬਦਲਣ ਨਾਲ਼ ਸੋਚ ਆਪੇ ਨਿੱਖਰ ਆਉਂਦੀ ਹੈ..! ਜੇ ਬੰਦਾ ਕੀਤੀ ਹਰ ਗਲਤੀ ਤੋਂ ਸਬਕ ਸਿੱਖ ਲਵੇ ਤਾਂ ਫ਼ਿਲਾਸਫ਼ਰ ਬਣ ਜਾਵੇ! ਮੈਂ ਤਾਂ ਤੈਨੂੰ ਅਣਖ਼-ਰੜਕ ਵਾਲ਼ੀ, ਮਹੱਤਵਪੂਰਣ ਤੇ ਅਹਿਮ ਔਰਤ ਬਣਾਉਣਾ ਚਾਹੁੰਦੀ ਹਾਂ, ਪਰ ਮੇਰਾ ਮਕਸਦ ਤੇਰੇ ਸਮਝ ਵਿਚ ਕਦੇ ਨਾ ਆਇਆ..! ਅਹਿਮੀਅਤ ਲੋਕਾਂ ਵਿਚ ਜ਼ਿਆਦਾ ਵਿਚਰਨ ਨਾਲ਼ ਨਹੀਂ ਬਣਦੀ, ਅਹਿਮੀਅਤ ਲੋਕਾਂ ਨੂੰ ਕੁਛ ਕਰਕੇ ਦਿਖਾਉਣ, ਅਤੇ ਆਪਣੀ ਪ੍ਰਾਪਤੀ ਨਾਲ਼ ਬਣਦੀ ਐ..! ਮੇਰਾ ਮਕਸਦ ਐ ਕਿ ਤੂੰ ਆਪਣੀ ਜ਼ਿੰਦਗੀ ਦੀ ਅਹਿਮੀਅਤ ਸਮਝ ਕੇ ਅਣਖ਼ ਤੇ ਰੜਕ ਨਾਲ਼ ਜਿਉਣਾ ਸਿੱਖੇਂ..! ਜਦੋਂ ਲੋਕਾਂ ਨੂੰ ਤੁਸੀਂ ਕੁਛ ਕਰਕੇ ਦਿਖਾਉਂਦੇ ਓ, ਤਾਂ ਲੋਕ ਤੁਹਾਡੇ ਔਗੁਣ ਵੀ ਭੁੱਲ ਤੁਰਦੇ ਨੇ..! ਚਾਹੇ ਤੁਹਾਡੇ ਨਾਲ਼ ਈਰਖ਼ਾ ਕਰਨ ਵਾਲ਼ੇ ਕਿੰਨਾਂ ਵੀ ਸੜੀ ਜਾਣ, ਪਰ ਅੰਦਰੇ-ਅੰਦਰ ਉਹ ਤੁਹਾਡੀ ਪ੍ਰਾਪਤੀ ਦੀ 'ਈਨ' ਵੀ ਮੰਨੀ ਬੈਠੇ ਹੁੰਦੇ ਨੇ..! ਕਿਉਂਕਿ ਤੁਹਾਡੀਆਂ ਪ੍ਰਾਪਤੀਆਂ ਸਾਹਮਣੇ ਉਹਨਾਂ ਦਾ ਕੁਛ ਵੱਟੀਦਾ ਨਹੀਂ..! ਉਹਨਾਂ ਦੇ ਕੁਛ ਵੱਸ ਹੀ ਨਹੀਂ ਰਹਿ ਜਾਂਦਾ, ਸਵਾਏ ਅੰਦਰੇ-ਅੰਦਰ ਤੁਹਾਡੀ ਈਨ ਮੰਨਣ ਤੋਂ..! ਲੋਕ ਤੁਹਾਡੀ ਅਹਿਮੀਅਤ ਓਦੋਂ ਹੀ ਪਹਿਚਾਣਦੇ ਨੇ, ਜਦੋਂ ਤੁਹਾਡੇ ਮਨ ਵਿਚ ਆਪਣੇ ਲਈ ਆਤਮ-ਸਨਮਾਨ ਹੁੰਦਾ ਹੈ..! ਜਦੋਂ ਤੁਸੀਂ ਹੀ ਆਪਣੇ ਆਪ ਨੂੰ 'ਜ਼ੀਰੋ' ਮੰਨ ਕੇ ਤੁਰੇ ਫ਼ਿਰਦੇ ਹੋ, ਤਾਂ ਲੋਕ ਤੁਹਾਨੂੰ ਕਦੇ ਵੀ 'ਹੀਰੋ' ਦਾ ਖ਼ਿਤਾਬ ਨਹੀਂ ਦਿੰਦੇ..! ਉਹ ਤਾਂ ਸਮਾਂ ਹੀ ਲੱਭਦੇ ਨੇ ਕਿ ਕਦੋਂ ਮੌਕਾ ਮਿਲ਼ੇ, ਤੇ ਕਦੋਂ ਤੁਹਾਨੂੰ 'ਥੱਲੇ' ਲਾਇਆ ਜਾਵੇ..? ਤੁਹਾਡਾ ਮੁੱਲ ਉਹਨਾਂ ਨੇ ਕਦੋਂ ਪਾਉਣੈਂ..? ਇੱਕ ਗੱਲ ਹੋਰ ਯਾਦ ਰੱਖੀਂ..!" ਤੇਜੀ ਨੇ ਕਿਹਾ ਤਾਂ ਨਿੰਮੀ ਨੇ ਅੱਖਾਂ ਉਪਰ ਚੁੱਕੀਆਂ।
-''ਜੇ ਜੱਗ-ਜਹਾਨ ਨੂੰ ਤੁਸੀਂ ਕੋਈ ਮੱਲ ਮਾਰ ਕੇ ਦਿਖਾਉਂਦੇ ਹੋ ਤਾਂ ਤੁਹਾਡੀ ਇੱਜ਼ਤ ਘਰ ਬੈਠਿਆਂ ਦੀ ਵੀ ਬਥੇਰੀ ਹੋਈ ਜਾਂਦੀ ਐ..! ਪਰ ਤੁਹਾਡੀ ਬੇਇੱਜ਼ਤੀ ਓਦੋਂ ਹੁੰਦੀ ਐ, ਜਦੋਂ ਮੱਲੋਮੱਲੀ ਤੁਸੀਂ ਲੋਕਾਂ ਵਿਚ ਘੁਸੜਦੇ ਹੋ..! ਘਰੇ ਆ ਕੇ ਤੁਹਾਡੀ ਬੇਇੱਜ਼ਤੀ ਕੋਈ ਨਹੀਂ ਕਰਦਾ..! ਬਾਹਰ ਗਿਆਂ ਦੀ ਹੀ ਇੱਜ਼ਤ ਲਾਹੁੰਦਾ ਹੈ! ..ਤੇ ਉਹ ਵੀ ਲੋਕਾਂ ਸਾਹਮਣੇ ਠਿੱਠ ਕਰਦਾ ਹੈ..! ਜਦ ਵੀ ਹੁੰਦੀ ਐ, ਤੁਹਾਡੀ ਹੇਠੀ ਲੋਕਾਂ ਵਿਚ ਵਿਚਰਦਿਆਂ ਹੁੰਦੀ ਐ, ਨਾ ਕਿ ਘਰ ਬੈਠਿਆਂ ਦੀ..! ਪਰ ਜੇ ਤੁਸੀਂ ਲੋਕਾਂ ਨੂੰ ਕੋਈ ਪੂਰਨਾਂ ਪਾ ਕੇ ਦਿਖਾਇਆ ਹੋਵੇ, ਤਾਂ ਲੋਕ ਤੁਹਾਨੂੰ ਘਰ ਆ ਕੇ ਵੀ ਬੜੀ ਇੱਜ਼ਤ, ਮਾਣ ਅਤੇ ਸਨਮਾਨ ਦੇ ਜਾਂਦੇ ਨੇ, ਤੇ ਲੋਕ ਤੁਹਾਡੀ ਗ਼ੈਰਹਾਜ਼ਰੀ ਵਿਚ ਵੀ ਤੁਹਾਡੀਆਂ ਸਿਫ਼ਤਾਂ ਕਰਦੇ ਨੇ..! ਇਹਦਾ ਮਤਲਬ ਕੀ ਐ..? ਕਿ ਆਪਣੀ ਬੇਇੱਜ਼ਤੀ ਦਾ ਸਬੱਬ ਤੁਸੀਂ 'ਆਪ' ਬਣਦੇ ਹੋ, ਪਰ ਜਦ ਤੁਸੀਂ ਕੋਈ ਪ੍ਰਾਪਤੀ ਕੀਤੀ ਹੋਵੇ ਤਾਂ ਤੁਹਾਡੀ ਇੱਜ਼ਤ ਦਾ ਕਾਰਨ 'ਲੋਕ' ਬਣਦੇ ਨੇ..! ਬੱਸ ਗੱਲ ਸਿਰਫ਼ ਤੁਹਾਡੀ ਪ੍ਰਾਪਤੀ ਦੀ ਹੈ, ਉਸਾਰੂ ਤੇ ਨਿੱਗਰ ਸੋਚ ਦੀ ਹੈ..!" ਤੇਜੀ ਦੀਆਂ ਕਹੀਆਂ ਗੱਲਾਂ ਨਿੰਮੀ 'ਤੇ ਤਾਂ ਅਸਰ ਕਰ ਹੀ ਗਈਆਂ ਸਨ, ਪਰ ਬਾਪੂ ਵੀ ਗੱਲਾਂ ਸੁਣ ਕੇ ਹਲਕਾ ਜਿਹਾ ਹੋ ਗਿਆ ਸੀ।
-''ਤਕੜੀ ਐਂ ਪੁੱਤ ਤੇਜੀ..?" ਬਾਪੂ ਨੇ ਬੜੇ ਹੌਸਲੇ ਨਾਲ਼ ਪੁੱਛਿਆ। ਤੇਜੀ ਦੀਆਂ ਉਤਸ਼ਾਹ ਦੇਣ ਵਾਲ਼ੀਆਂ ਗੱਲਾਂ ਸੁਣ ਕੇ ਉਸ ਅੰਦਰ ਕਿਸੇ ਨਵੇਂ-ਨਰੋਏ ਖ਼ੂਨ ਦਾ ਸੰਚਾਰ ਹੋ ਗਿਆ ਸੀ।
-''ਠੀਕ ਆਂ ਬਾਪੂ ਜੀ..! ਤੁਸੀਂ ਸੁਣਾਓ..?"
-''ਤੈਨੂੰ ਤਾਂ ਭਾਈ ਸਾਡਾ ਹਾਲ ਦਿਸੀ ਈ ਜਾਂਦੈ..! ਲੰਡੀ ਬੁੱਚੀ ਜੀਭਾਂ ਕੱਢਦੀ ਐ..!" ਉਹ ਅਥਾਹ ਨਿਰਾਸ਼ਾ ਵਿਚੋਂ ਬੋਲਿਆ।
-''ਬਾਪੂ ਜੀ, ਜੇ ਤੁਹਾਡੇ ਪੁੱਤ ਨੇ ਕੋਈ ਘਤਿੱਤ ਕੀਤੀ ਹੁੰਦੀ, ਤਾਂ ਕੀ ਤੁਸੀਂ ਓਸ ਨੂੰ ਘਰੋਂ ਬਾਹਰ ਕੱਢ ਦਿੰਦੇ..?"
-''ਤੇਜੀ..! ਧੀ, ਧੀ ਈ ਹੁੰਦੀ ਐ ਤੇ ਪੁੱਤ, ਪੁੱਤ ਈ ਹੁੰਦੈ..!" ਉਸ ਨੂੰ ਟਿਕਾਣੇ ਦੀ ਕੋਈ ਗੱਲ ਨਾ ਔੜੀ।
-''ਲੋਕਾਂ ਦੇ ਕਿੰਨੇ ਮੁੰਡੇ ਡਰੱਗ, ਕਤਲ ਤੇ ਬਲਾਤਕਾਰਾਂ 'ਚ ਫ਼ਸੇ ਜੇਲ੍ਹ ਕੱਟ ਰਹੇ ਐ..?"
ਬਾਪੂ ਚੁੱਪ ਹੋ ਗਿਆ।
-''ਜੇ ਇਹੇ ਅਜੇ ਵੀ ਓਸ ਵਲੈਤੀਏ ਨਾਲ਼ ਵਿਆਹ ਕਰਵਾ ਲਵੇ, ਸਾਡੀ ਇੱਜਤ ਰਹਿਜੇ ਧੀਏ..!" ਮਾਂ ਬੋਲੀ।
ਤੇਜੀ ਨਿੰਮੀ ਵੱਲ ਕਿਸੇ ਹਸਰਤ ਨਾਲ਼ ਝਾਕੀ। ਉਸ ਨੇ ਮਾਂ ਨੂੰ ਇਸ਼ਾਰੇ ਨਾਲ਼ ਪਰ੍ਹੇ ਜਾਣ ਲਈ ਆਖ ਦਿੱਤਾ। ਸਮਾਂ ਬੋਚ ਕੇ ਮਾਂ ਚਲੀ ਗਈ।
-''ਨਿੰਮੀ ਸਮਾਂ ਇੱਕ ਐਹੋ ਜੀ ਚੀਜ਼ ਐ, ਜੋ ਤੁਹਾਨੂੰ ਮੌਕੇ ਪ੍ਰਦਾਨ ਕਰਦੈ..! ਪਰ ਜਦੋਂ ਤੁਸੀਂ ਉਹ ਮੌਕੇ ਸੰਭਾਲ਼ਦੇ ਨਹੀਂ, ਤਾਂ ਤੁਹਾਨੂੰ ਕਿਸੇ ਮੋੜ 'ਤੇ ਜਾ ਕੇ ਅਥਾਹ ਪਛਤਾਉਣਾ ਪੈਂਦੈ..!"
-''ਹੁਣ ਮੈਨੂੰ ਕੀ ਕਰਨਾ ਚਾਹੀਦੈ ਤੇਜੀ..?" ਨਿੰਮੀ ਨੇ ਉਸ ਦੀ ਸਲਾਹ ਪੁੱਛੀ।
-''ਸਮਾਂ ਬੋਚ..! ਤੇਰੇ ਨਾਲ਼ ਉਪਰੋਥਲ਼ੀ ਵਾਪਰੇ ਹਾਦਸਿਆਂ ਕਰ ਕੇ ਕਿਸੇ ਨੇ ਤੇਰੇ ਨਾਲ਼ ਅਜੇ ਵਿਆਹ ਕਰਨ ਲਈ ਰਾਜ਼ੀ ਨਹੀਂ ਹੋਣਾਂ..! ਮੇਰੀ ਮੰਨੇ ਤਾਂ ਚੁੱਪ ਚਾਪ ਵਿਆਹ ਵਾਲ਼ਾ ਕੌੜਾ ਘੁੱਟ ਭਰ ਲੈ, ਸਮਾਂ ਜ਼ਖ਼ਮ ਆਪੇ ਭਰ ਦਿਊਗਾ..!" ਤੇਜੀ ਦੇ ਕਹਿਣ 'ਤੇ ਨਿੰਮੀ ਅੱਧੀ ਕੁ ਸਹਿਮਤ ਹੋ ਗਈ। ਉਸ ਨੂੰ ਆਪਣੀ 'ਹੋਣੀ' ਦਾ ਪ੍ਰਤੱਖ ਪਤਾ ਸੀ ਕਿ ਕੋਈ ਵੀ ਇੱਜ਼ਤਦਾਰ ਮੁੰਡਾ ਮੇਰੇ ਨਾਲ਼ ਵਿਆਹ ਕਦੇ ਨਹੀਂ ਕਰੇਗਾ। ਇਲਾਕੇ ਵਿਚ ਭੰਡੀ ਜਿਉਂ ਹੋ ਚੁੱਕੀ ਸੀ।
-''ਇੱਥੇ ਘਰ ਘਰ ਢੋਲ ਵੱਜੇ ਪਏ ਨੇ ਨਿੰਮੀ..! ਜੇ ਤੂੰ ਓਸ ਲੋੜਵੰਦ ਨਾਲ਼ ਵਿਆਹ ਕਰਵਾ ਕੇ ਚਲੀ ਜਾਵੇਂ ਤਾਂ ਇੰਗਲੈਂਡ ਵਿਚ ਕਿਸੇ ਨੂੰ ਵੀ ਤੇਰੇ ਨਾਲ਼ ਬੀਤਣ ਵਾਲ਼ੇ ਭਾਣੇ ਦਾ ਕੋਈ ਪਤਾ ਨੀ ਹੋਣਾ, ਘੱਟੋ ਘੱਟ ਵਕਤ ਤਾਂ ਸੌਖਾ ਲੰਘੂਗਾ..! ਹੌਲ਼ੀ ਹੌਲ਼ੀ ਬੰਦਾ ਸਾਰਾ ਕੁਛ ਭੁੱਲ ਜਾਂਦੈ ਤੇ ਜ਼ਖ਼ਮ ਆਠਰ ਜਾਂਦੇ ਨੇ..! ਜਦੋਂ ਅੱਖਾਂ ਤੋਂ ਓਹਲੇ ਹੋ ਇੰਗਲੈਂਡ ਚਲੀ ਜਾਵੇਂਗੀ, ਆਹ ਪਿੰਡ ਦੇ ਲੋਕ ਵੀ ਜ਼ਹਿਰੀਲੀ ਤੇ ਪਾੜ ਖਾਣੀਂ ਨਜ਼ਰ ਨਾਲ਼ ਦੇਖਣਾਂ ਬੰਦ ਕਰ ਦੇਣਗੇ ਤੇ ਘਰਦਿਆਂ ਨੂੰ ਵੀ ਸੁਖ ਦਾ ਸਾਹ ਆਊਗਾ..!"
-''..........।"
-''ਜ਼ਖ਼ਮ ਠੀਕ ਹੋਣ ਨਾਲ਼ ਪੀੜ ਵੀ ਹਟ ਜਾਂਦੀ ਐ ਤੇ ਫ਼ੱਟ ਵੀ ਭਰ ਜਾਂਦੇ ਐ..! ਮੇਰੀ ਮੰਨ, ਸਿਆਣੀ ਭੈਣ ਬਣਕੇ ਵਿਆਹ ਨੂੰ 'ਹਾਂ' ਕਰ ਦੇਹ..! ਹੁਣ ਤਾਂ ਤੇਰੇ ਹੱਥ ਸਮਾਂ ਹੈ, ਮਾਂ ਬਾਪ ਵੀ ਖ਼ੁਸ਼ ਹੋ ਜਾਣਗੇ ਤੇ ਤੂੰ ਵੀ ਕਿਸੇ ਕਿਨਾਰੇ ਲੱਗ ਜਾਵੇਂਗੀ..! ਜੇ ਤੂੰ ਇੱਥੇ ਪੰਜਾਬ 'ਚ ਵਿਆਹ ਕਰਵਾ ਲਿਆ, ਇਹ ਚਸਕਦੇ ਜ਼ਖ਼ਮ ਲੋਕਾਂ ਨੇ ਭਰਨ ਨਹੀਂ ਦੇਣੇ, ਤਾਹਨੇ ਮਿਹਣੇ ਸੁਣ ਕੇ ਨਿੱਤ ਰਿਸਿਆ ਕਰਨਗੇ, ਓਥੇ ਇੰਗਲੈਂਡ ਵਰਗੇ ਮੁਲਕ ਵਿਚ ਕਿਸੇ ਕੋਲ਼ ਕਿਸੇ ਦੀ ਗੱਲ ਕਰਨ ਦਾ ਟਾਈਮ ਕਿੱਥੇ..? ਜੋ ਵਕਤ ਨਹੀਂ ਬੋਚਦੇ, ਉਹ ਜ਼ਿੰਦਗੀ ਭਰ ਨਸੂਰਾਂ ਦੀ ਪੀੜ ਸਹਿੰਦੇ, ਤੜਫ਼ਦੇ ਰਹਿੰਦੇ ਨੇ..!"
-''.........।" ਤੇਜੀ ਦੀਆਂ ਦਲੀਲਾਂ ਕਾਰਨ ਹੁਣ ਨਿੰਮੀ ਵਿਆਹ ਲਈ ਅੰਦਰੋਂ ਪੂਰੀ ਸਹਿਮਤ ਹੋ ਗਈ ਸੀ। ਪਰ ਉਸ ਨੇ ਮਾਂ-ਬਾਪ ਨੂੰ ਕੋਈ ਗੱਲ ਨਾ ਦੱਸੀ।
ਸ਼ਾਮ ਨੂੰ ਭੂਆ ਆ ਗਈ।
ਦੇਖ ਕੇ ਨਿੰਮੀ ਨੂੰ ਚੱਕਰ ਆਇਆ।
ਭੂਆ 'ਚੋਲ਼ੇ ਵਾਲ਼ੇ ਬਾਬਾ ਜੀ' ਦੀ ਰਟ ਲਾਈ ਜਾ ਰਹੀ ਸੀ।
-''ਚੋਲ਼ੇ ਆਲ਼ੇ ਬਾਬਾ ਜੀ ਆਏ ਐ ਸਾਡੇ ਪਿੰਡ..! ਮੈਂ ਨਿੰਮੀ ਦਾ ਓਥੇ ਮੱਥਾ ਟਿਕਾਅ ਕੇ ਲਿਆਉਨੀ ਆਂ..! ਦੇਖ ਉਹ ਕਿਵੇਂ ਇਹਦੀ ਪੁੱਠੀ ਭਮਾਲ਼ੀ ਸਿੱਧੀ ਕਰਦੇ ਐ..! ਉਹਨਾਂ ਨੇ ਤਾਂ ਜਦੋਂ ਇਹਦੀਆਂ ਅੱਖਾਂ 'ਚ ਅੱਖਾਂ ਪਾ ਲਈਆਂ, ਸਾਰੀਆਂ ਬਲਾਵਾਂ ਭਸਮ ਕਰ ਦੇਣਗੇ..!"
-''ਅਸੀਂ ਰੱਜੇ ਧਾਏ ਆਂ ਬਾਬਿਆਂ ਤੋਂ ਬੀਬੀ..! ਅੱਗੇ ਬਾਬਿਆਂ ਨੇ ਬੜੇ ਤਰਾਰੇ ਦਿਖਾਏ ਐ ਸਾਨੂੰ..! ਰਹਿਣ ਦੇਹ ਤੂੰ..! ਇਹ ਤਾਂ ਸਭ ਪਾਖੰਡੀ ਤੇ ਲੁੱਚੇ ਐ ਸਾਲ਼ੇ..!" ਨਿੰਮੀ ਦਾ ਬਾਪ ਅਤੀਅੰਤ ਖਿਝਿਆ ਬੋਲਿਆ।
-''ਤੂੰ ਆਬਦੀ ਬਲ਼ਦਾਂ ਦੀਆਂ ਪੂਛਾਂ ਮਰੋੜਨ ਆਲ਼ੀ ਮੱਤ ਆਬਦੇ ਕੋਲ਼ੇ ਰੱਖਿਆ ਕਰ ਭਰਾਵਾ..! ਮੈਂ ਤੇਰੀ ਕੋਈ ਦੁਸ਼ਮਣ ਤਾਂ ਨ੍ਹੀ..? ਮੈਂ ਕੁੜੀ ਦੇ ਨਾਲ਼ ਜਾਣੈਂ ਤੇ ਨਾਲ਼ ਆਉਣੈਂ..! ਇਹਨੂੰ ਸੁੰਨੀ ਥੋੜ੍ਹੋ ਛੱਡੂੰਗੀ..? ਪ੍ਰਛਾਵੇਂ ਮਾਂਗੂੰ ਨਾਲ਼ ਨਾਲ਼ ਈ ਰਹੂੰਗੀ..! ਮਜਾਲ ਐ ਚਿੜੀ ਵੀ ਚੂਕ ਜੇ..? ਤੁਸੀਂ ਚਿੰਤਾ ਕਾਹਦੀ ਕਰਦੇ ਐਂ..? ਮੈਂ ਇਹਦੀ ਭੁਆ ਲੱਗਦੀ ਐਂ, ਕੋਈ ਵੈਰਨ ਤਾਂ ਨ੍ਹੀ..?"
ਅਗਲੇ ਦਿਨ ਭੂਆ ਨਿੰਮੀ ਨੂੰ 'ਚੋਲ਼ੇ ਵਾਲ਼ੇ ਬਾਬਾ ਜੀ' ਦੇ ਡੇਰੇ ਲੈ ਗਈ।
ਨਿੰਮੀ ਦਾ ਹਰ ਡੇਰੇ, ਹਰ ਬਾਬੇ ਤੋਂ ਵਿਸ਼ਵਾਸ ਉਠਿਆ ਹੋਇਆ ਸੀ। ਉਸ ਨੂੰ ਬਾਬਿਆਂ ਅਤੇ ਡੇਰਿਆਂ ਤੋਂ ਭੈਅ ਆਉਂਦਾ ਸੀ।
ਪਰ ਹੁਣ ਉਹ ਫ਼ਸੀ-ਫ਼ਸਾਈ ਕਿਸੇ ਬੱਕਰੀ ਵਾਂਗ ਪਿੱਛੇ-ਪਿੱਛੇ ਤੁਰੀ ਫ਼ਿਰਦੀ ਸੀ। ਹੁਣ ਉਸ ਦੀ ਸਹਿਣਸ਼ੀਲਤਾ ਇਤਨੀ ਥਿੜਕ ਗਈ ਸੀ ਕਿ ਰਸੋਈ ਵਿਚ ਭਾਂਡਾ ਡਿੱਗਣ ਦਾ ਖੜਕਾ ਵੀ ਉਸ ਨੂੰ ਕੰਬਣੀਂ ਚਾੜ੍ਹ ਦਿੰਦਾ ਸੀ।
ਚੋਲ਼ੇ ਵਾਲ਼ੇ ਬਾਬਾ ਜੀ ਅੰਦਰ ਵਿਸ਼ਾਲ ਸੋਫ਼ੇ 'ਤੇ ਆਸਣ ਸਜਾਈ ਬੈਠੇ ਸਨ। ਅੱਖਾਂ ਉਹਨਾਂ ਨੇ ਕਬੂਤਰ ਵਾਂਗ ਮੀਟ ਰੱਖੀਆਂ ਸਨ। ਇੱਕ ਪਾਸੇ ਚੇਲੇ ਬਾਬਾ ਜੀ ਨੂੰ ਪੱਖਾ ਝੱਲ ਰਹੇ ਸਨ। ਸ਼ਾਇਦ ਬਿਜਲੀ ਬੰਦ ਸੀ। ਇੱਕ ਪਾਸੇ ਬੀਬੀਆਂ ਹੱਥ ਜੋੜੀ ਬੈਠੀਆਂ ਸਨ। ਸਾਰੀ ਸੰਗਤ ਦੀ ਬਾਬਾ ਜੀ ਦੇ ਚੁੱਪ ਚਿਹਰੇ 'ਤੇ ਟਿਕਟਿਕੀ ਲੱਗੀ ਹੋਈ ਸੀ।
ਭੂਆ ਨੇ ਜਾ ਕੇ ਬਾਬਾ ਜੀ ਦੇ ਚਰਨਾਂ ਵਿਚ ਡੰਡਾਉਤ ਕੀਤੀ।
-''ਤਕੜੇ ਓਂ ਮਹਾਂਪੁਰਖੋ..! ਦੀਨ ਦੁਨੀਆਂ ਦੇ ਵਾਲੀ..!!" ਭੂਆ ਬਾਬਾ ਜੀ ਦੇ ਬਹੁਤ ਨੇੜੇ ਹੋ ਕੇ ਬੋਲੀ।
ਬਾਬਾ ਜੀ ਨੇ ਭਰਿੰਡ ਵਾਂਗ ਅੱਖਾਂ ਪੱਟੀਆਂ। ਅੱਗੇ ਸ਼ਰਧਾਲੂ ਬੀਬੀ ਦੇਖ ਕੇ ਚਿਹਰੇ 'ਤੇ ਮੁਸਕੁਰਾਹਟ ਆ ਗਈ।
-''ਕਿਰਪਾ ਐ ਭਾਈ..! ਸਭ ਕਿਰਪਾ ਐ..! ਧੰਨ ਐਂ..! ਧੰਨ ਐਂ...!!" ਉਹਨਾਂ ਨੇ ਅੱਖਾਂ ਫ਼ਿਰ ਮੀਟ ਲਈਆਂ।
-''ਇੱਕ ਕੰਮ ਆਈ ਸੀ ਮਹਾਂਪੁਰਖੋ..!"
-''ਹੁਕਮ ਕਰੋ ਭਾਈ..?"
-''ਆਹ ਸਾਡੀ ਜੁਆਨ ਕੁੜੀ ਨੂੰ ਪਤਾ ਨੀ ਕੀ ਪੁੱਠੀ ਕੁੜਮੱਤ ਚੜ੍ਹੀ ਐ, ਜੇ ਇਹਨੂੰ ਥੋਡੇ ਚਰਨਾਂ ਦਾ ਚਰਨਾਮਤ ਮਿਲ਼ ਜਾਂਦਾ, ਇਹਦੀ ਬੁੱਧ ਸੂਤ ਹੋ ਜਾਂਦੀ ਮਹਾਂਪੁਰਖ਼ੋ..!"
-''ਅਸੀਂ ਸਾਰੇ ਦੇ ਸਾਰੇ ਈ ਤੁਹਾਡੇ ਆਂ ਭਾਈ, ਚਰਨਾਮਤ ਆਲ਼ੀ ਕਿਹੜੀ ਗੱਲ ਐ..?"
-''ਮੈਂ ਕੜਾਹੀਆ ਤੇ ਜਲ ਲੈ ਕੇ ਆਈ ਜੀ..! ਧੰਨਵਾਦ ਥੋਡਾ..! ਆ ਨਿੰਮੀ..! ਮਸਾਂ ਕਿਰਪਾ ਕੀਤੀ ਐ ਮਹਾਂਪੁਰਖਾਂ ਨੇ..! ਇਹ ਤਾਂ ਕਿਸੇ ਨੂੰ ਆਬਦੇ ਨੇੜੇ ਨਹੀਂ ਲੱਗਣ ਦਿੰਦੇ..!" ਭੂਆ 'ਦੰਮ-ਦੰਮ' ਕਰਦੀ ਨਿੰਮੀ ਨੂੰ ਲੈ ਕੇ ਬਾਹਰ ਨਿਕਲ਼ ਗਈ ਅਤੇ ਹਨ੍ਹੇਰੀ ਵਾਂਗ ਕੜਾਹੀਆ ਅਤੇ ਜਲ ਲੈ ਆਈ। ਮੋਢੇ 'ਤੇ ਉਸ ਨੇ ਪਰਨਾਂ ਰੱਖਿਆ ਹੋਇਆ ਸੀ।
ਬੜੀ ਸ਼ਰਧਾ ਨਾਲ਼ ਭੂਆ ਨੇ ਬਾਬਾ ਜੀ ਦੇ ਚਰਨ ਧੋਤੇ।
ਚਰਨਾਂ ਦਾ ਚਰਨ-ਅੰਮ੍ਰਿਤ ਪਹਿਲਾਂ ਬੁੱਕ ਭਰ-ਭਰ ਆਪ ਪੀਤਾ ਅਤੇ ਫ਼ਿਰ ਨਿੰਮੀ ਨੂੰ ਵੀ ਪਿਆਇਆ। ਨਿੰਮੀ ਦਾ ਬਾਬੇ ਦੇ ਕਾਲ਼ੇ ਅਤੇ ਸੜੇ ਜਿਹੇ ਪੈਰ ਦੇਖਣ ਨੂੰ ਦਿਲ ਤੱਕ ਨਹੀਂ ਕਰਦਾ ਸੀ। ਪਰ ਉਹ ਮਜਬੂਰੀ-ਵੱਸ ਕੱਠਪੁਤਲੀ ਬਣੀ ਬੁੱਕ ਨਾਲ਼ ਬਾਬੇ ਦੇ ਪੈਰਾਂ ਵਾਲ਼ਾ ਚਰਨਾਂਮਤ ਪੀ ਰਹੀ ਸੀ। ਚਰਨਾਂਮਤ ਅੰਦਰੋਂ ਧੱਕੇ ਨਾਲ਼ ਬਾਹਰ ਨੂੰ ਆ ਰਿਹਾ ਸੀ। ਪਰ ਉਹ ਉਤਨੇ ਧੱਕੇ ਨਾਲ਼ ਉਸ ਨੂੰ ਅੰਦਰ ਧੱਕਣ ਲਈ ਬਜ਼ਿਦ ਸੀ। ਉਸ ਤੋਂ ਗਲਤੀਆਂ ਹੀ ਇਤਨੀਆਂ ਹੋ ਗਈਆਂ ਸਨ ਕਿ ਹੁਣ ਉਹ ਕੋਈ ਗੱਲ ਮੋੜ ਹੀ ਨਹੀਂ ਸਕਦੀ ਸੀ। ਜ਼ਬਰਦਸਤੀ ਭੂਆ ਨੇ ਨਿੰਮੀ ਨੂੰ ਦੋ-ਤਿੰਨ ਬੁੱਕ ਪਿਆ ਦਿੱਤੇ। ਨਿੰਮੀ ਦਾ ਬੁਰਾ ਹਾਲ ਹੋਇਆ ਪਿਆ ਸੀ। ਹੁਣ ਭੂਆ ਤੋਂ ਬਾਅਦ ਸੰਗਤ ਵਿਚ ਬੈਠੀਆਂ ਬਾਕੀ ਬੀਬੀਆਂ ਵੀ ਕੜਾਹੀਏ ਵਿਚੋਂ ਚਰਨਾਂਮਤ ਲੈ ਰਹੀਆਂ ਸਨ। ਉਹ ਸਭ ਭੂਆ ਨੂੰ ਅਸੀਸਾਂ ਦੇ ਰਹੀਆਂ ਸਨ, ਜਿਸ ਦੇ ਮੁਬਾਰਕ ਉੱਦਮ ਸਦਕਾ ਉਹਨਾਂ ਨਿਭਾਗੀਆਂ ਨੂੰ ਵੀ ਬਾਬਾ ਜੀ ਦਾ ਚਰਨਾਂਮਤ 'ਨਸੀਬ' ਹੋਇਆ ਸੀ। ਸਾਰੀਆਂ ਚਰਮਾਂਨਤ ਲੈਂਦੀਆਂ ''ਧੰਨ ਚੋਲ਼ੇ ਵਾਲ਼ੇ ਬਾਬਾ ਜੀ ਧੰਨ ਚੋਲ਼ੇ ਵਾਲ਼ੇ ਬਾਬਾ ਜੀ" ਪੁਕਾਰ ਰਹੀਆਂ ਸਨ।
ਬਾਬਾ ਜੀ ਵੀ ਅਥਾਹ ਖ਼ੁਸ਼ ਹੋ ਗਏ।
ਉਹਨਾਂ ਨੇ ਆਪਣੇ ਗਲ਼ ਪਾਇਆ 'ਪਰਨਾਂ' ਲਾਹ ਕੇ ਭੂਆ ਦੇ ਗਲ਼ ਪਾ ਦਿੱਤਾ।
ਭੂਆ ਵੀ 'ਨਿਹਾਲ' ਹੋ ਗਈ।
-''ਮੰਗ ਕੀ ਮੰਗਦੀ ਐਂ ਭਾਈ..!"
-''ਬੱਸ ਐਸ ਕੁੜੀ 'ਤੇ ਮਿਹਰ ਦ੍ਰਿਸ਼ਟੀ ਕਰੋ ਮਹਾਂਪੁਰਖੋ..!"
-''ਹੋ ਗਈ...!" ਬਾਬਾ ਜੀ ਮਸ਼ੀਨ ਵਾਂਗ ਬੋਲੇ।
-''ਘਰੇ ਸੁੱਖ ਸ਼ਾਂਤੀ ਵਰਤਾਵੋ..!"
-''ਉਹ ਵੀ ਹੋ ਗਈ..! ਆਹ ਲਓ ਪ੍ਰਸ਼ਾਦ ਤੇ ਸਭ ਨਛੱਤਰ ਸਿੱਧੇ ਹੋ ਗਏ..!"
ਭੂਆ ਦੇ ਪੈਰ ਧਰਤੀ 'ਤੇ ਲੱਗਣੋਂ ਹਟ ਗਏ।
ਉਹ 'ਵਾ-ਵਰੋਲ਼ੇ ਵਾਂਗ ਉੱਡਦੀ ਨਿੰਮੀ ਦੇ ਘਰ ਪਹੁੰਚ ਗਈ।
-''ਲੈ, ਹੁਣ ਨੀ ਤੱਤੀ 'ਵਾਅ ਵੀ ਲੱਗੂਗੀ ਭਰਾਵਾ..! ਹੋ ਗਈ ਮਹਾਂਪੁਰਖਾਂ ਦੀ ਫ਼ੁੱਲ ਕਿਰਪਾ..! ਮਿੱਟੀ ਨੂੰ ਹੱਥ ਲਾਵੇਂਗਾ, ਸੋਨਾਂ ਬਣੂੰ..! ਵਿਆਹ ਦੀ ਤਿਆਰੀ ਕਰ..! ਮਹਾਂਪੁਰਖਾਂ ਦੇ ਬਚਨ ਹੋ ਗਏ ਐ..! ਸਾਧੂ ਬੋਲੇ ਸਹਿਜ ਸੁਭਾਅ ਤੇ ਸਾਧੂ ਦਾ ਬੋਲਿਆ ਬਿਰਥਾ ਨਾ ਜਾਹ..! ਆਹ ਹਜੂਰੀਆ ਮਹਾਂਪਰਖਾਂ ਨੇ ਆਪਣੇ ਹੱਥੀਂ ਆਪ ਮੇਰੇ ਗਲ਼ ਪਾਇਐ, ਪੁੱਛ ਲੈ ਆਪਣੀ ਨਿੰਮੀ ਨੂੰ..! ਇਹ ਗਵਾਹ ਐ ਮੇਰੀ..! ਪਤਾ ਨੀ ਅੱਜ ਐਨੇ ਕਿਵੇਂ ਦਿਆਲ ਹੋ ਗਏ..? ਅੱਜ ਤਾਂ ਜਿਵੇਂ ਕੋਈ ਕ੍ਰਿਸ਼ਮਾਂ ਈ ਹੋਇਐ ਭਰਾਵਾ..! ਨਹੀਂ ਮਹਾਂਪੁਰਖ ਤਾਂ ਛੇਤੀ ਕੀਤੇ ਕਿਸੇ ਨਾਲ਼ ਬੋਲ ਸਾਂਝਾ ਨੀ ਕਰਦੇ..!" ਭੂਆ ਪਤਾ ਨਹੀਂ ਕਿਸ ਨਸ਼ੇ ਵਿਚ ਖੀਵੀ ਹੋਈ ਬੋਲੀ ਜਾ ਰਹੀ ਸੀ।
ਵਿਆਹ ਲਈ ਤਾਂ ਨਿੰਮੀ ਤੇਜੀ ਦੇ ਕਹਿਣ 'ਤੇ ਹੀ ਮੰਨ ਗਈ ਸੀ।
ਪਰ ਭੂਆ ਨੂੰ ਭੁਲੇਖਾ ਸੀ ਕਿ ਨਿੰਮੀ ਦੀ ਅਕਲ ਚਰਨਾਂਮਤ ਲੈਣ ਨਾਲ਼ ਰਾਹ ਪਈ ਸੀ। ਬਾਪੂ ਨੂੰ ਵਿਆਹ 'ਤੇ ਹੋਣ ਵਾਲ਼ੇ ਖਰਚੇ ਦਾ ਫ਼ਿਕਰ ਤੋੜ-ਤੋੜ ਖਾ ਰਿਹਾ ਸੀ। ਉਹ ਖਰਚੇ ਦੇ ਫ਼ਿਕਰਾਂ ਵਿਚ ਉਲ਼ਝਿਆ ਸੱਥ ਵਿਚ ਜਾ ਬੈਠਾ।
ਸੱਥ ਵਿਚ ਪਾੜ੍ਹਾ ਹੱਥ ਵਿਚ ਅਖ਼ਬਾਰ ਲਈ ਕੋਈ ਚਰਚਾ ਛੇੜੀ ਬੈਠਾ ਸੀ।
-''ਆਹ ਗੁਰਦਿਆਂ ਦਾ ਵਪਾਰ ਆਪਣੇ ਸ਼ਰੇਆਮ ਹੋ ਰਿਹੈ, ਪਰ ਗੌਰਮਿੰਟ ਕੋਈ ਹੱਥ ਨੀ ਹਿਲਾਉਂਦੀ..!" ਪਾੜ੍ਹਾ ਅਤੀਅੰਤ ਅੱਕਿਆ ਹੋਇਆ ਆਖ ਰਿਹਾ ਸੀ।
-''ਦਿੱਲੀ ਕਲਕੱਤੇ ਵਰਗੇ ਵੱਡੇ ਸ਼ਹਿਰਾਂ 'ਚ ਬਥੇਰਾ ਕੁਛ ਹੋਈ ਜਾਂਦੈ..!" ਬਾਬਾ ਗੁਰਦੀਪ ਸਿੰਘ ਬੋਲਿਆ।
-''ਦਿੱਲੀ ਕਲਕੱਤੇ ਨੀ ਬਾਬਾ..! ਆਹ ਆਪਣੇ ਅੰਮ੍ਰਿਤਸਰ 'ਚ ਬਹੁਤ ਕੁਛ ਹੋਈ ਜਾਂਦੈ..!"
-''ਕਿੱਥੇ...? ਅੰਬਰਸਰ..?" ਬਾਬੇ ਨੇ ਚੀਕ ਮਾਰਨ ਵਾਲ਼ਿਆਂ ਵਾਂਗ ਪੁੱਛਿਆ।
-''ਆਹੋ ਅੰਬਰਸਰ ਬਾਬਾ ਜੀ..!" ਪਾੜ੍ਹੇ ਨੇ ਰੀਸ ਨਾਲ਼ ਕਿਹਾ।
-''ਗੁਰੂ ਕੀ ਨਗਰੀ 'ਚ ਆਹ ਕਾਂਡ..? ਇਹ ਤਾਂ ਲੋਹੜ੍ਹੈ ਬਈ..!" ਬਾਬਾ ਅੱਤ ਨਿਰਾਸ਼ਾ ਵਿਚ ਬੋਲਿਆ।
-''ਕਿੰਨੇ ਕੁ ਦਾ ਵਿਕ ਜਾਂਦੈ ਗੁਰਦਾ ਪਾੜ੍ਹਿਆ..?" ਨਿੰਮੀ ਦੇ ਬਾਪ ਨੇ ਪੁੱਛਿਆ।
-''ਦਸ ਲੱਖ 'ਚ ਵਿਕਦੈ ਚਾਚਾ..!"
-''ਦਸ ਲੱਖ..? ਫ਼ੇਰ ਤਾਂ ਬਹੁਤ ਐ ਬਈ..!"
-''ਪਰ ਚਾਚਾ..! ਬੰਦੇ ਦੀ ਜ਼ਿੰਦਗੀ ਵੀ ਦਾਅ 'ਤੇ ਲੱਗ ਜਾਂਦੀ ਐ..!"
-''ਜਿੰਦਗੀ ਤਾਂ ਦਾਅ 'ਤੇ ਲੱਗੀ ਈ ਰਹਿੰਦੀ ਐ ਪਾੜ੍ਹਿਆ..! ਆਹ ਬਠਿੰਡੇ ਏਰੀਏ 'ਚ ਪਾਣੀ ਐਨਾਂ ਜਹਿਰੀ ਹੋਇਆ ਪਿਐ, ਲੋਕ ਧੜਾ-ਧੜ ਕੈਂਸਰ ਨਾਲ਼ ਮਰੀ ਜਾਂਦੇ ਐ, ਓਥੇ ਜਿੰਦਗੀਆਂ ਦਾਅ 'ਤੇ ਨੀ ਲੱਗੀਆਂ..? ਆਹ ਆਪਣੇ ਪਿੰਡਾਂ ਆਲ਼ੀ ਰੇਲਵੇ ਲੀਹ 'ਤੇ ਫਾਟਕ ਨੀ ਸੀ, ਕਿੰਨੀਆਂ ਜਿੰਦਾਂ ਗਈਆਂ..? ਉਹ ਜਿੰਦਗੀ ਦਾਅ 'ਤੇ ਨੀ ਸੀ..?"
ਭੇਲੀ ਦੀ ਗੱਲ ਸੁਣ ਕੇ ਪਾੜ੍ਹਾ ਚੁੱਪ ਹੋ ਗਿਆ।
-''ਪਰ ਗੁਰਦਾ ਵੇਚਣਾਂ ਤਾਂ ਸਿੱਧੀ ਖ਼ੁਦਕਸ਼ੀ ਐ..!"
-''ਤੇ ਜਿਹੜੇ ਕਿਸਾਨ ਕਰਜਿਆਂ ਥੱਲੇ ਆਏ ਖ਼ੁਦਕਸ਼ੀਆਂ ਕਰੀ ਜਾਂਦੈ ਐ, ਜਿੰਦਗੀਆਂ ਗੁਆਈ ਜਾਂਦੇ ਐ, ਉਹ ਚੰਗੇ ਐ..? ਨਾਲ਼ੇ 'ਖ਼ਬਾਰਾਂ ਆਲ਼ੇ ਕੀ ਪਤਾ ਕਿੰਨਾਂ ਕੁ ਸੱਚ ਬੋਲਦੇ ਐ..? ਇਹ ਤਾਂ ਬਿਨਾਂ ਗੱਲੋਂ ਰਾਈ ਦਾ ਪਹਾੜ ਬਣਾਂ ਧਰਦੇ ਐ..!"
-''ਪਰ ਜੇ ਕਿਤੇ ਧੂੰਆਂ ਨਿਕਲ਼ਦੈ, ਇਹਦਾ ਮਤਲਬ ਕਿਤੇ ਚੰਗਿਅੜੀ ਵੀ ਬਲ਼ਦੀ ਐ..!"
ਗੱਲ ਕਿਸੇ ਦੀ ਵੀ ਗਲਤ ਨਹੀਂ ਸੀ। ਹਰ ਧਿਰ ਆਪਣੀ ਜਗਾਹ ਠੀਕ ਸੀ।
ਸੱਥ ਦਾ ਮੇਲਾ ਹੌਲ਼ੀ-ਹੌਲ਼ੀ ਵਿਛੜਨ ਲੱਗ ਪਿਆ।
ਭੇਲੀ ਅਤੇ ਪਾੜ੍ਹਾ ਹੀ ਰਹਿ ਗਏ।
-''ਪਾੜ੍ਹਿਆ..!"
-''ਹਾਂ ਚਾਚਾ..?"
-''ਸਰ ਤਾਂ ਬੰਦੇ ਦਾ ਇੱਕ ਗੁਰਦੇ ਨਾਲ਼ ਵੀ ਜਾਂਦਾ ਹੋਣੈਂ..?" ਉਸ ਨੇ ਅਗਲੀ ਜਾਣਕਾਰੀ ਮੰਗੀ।
-''ਚਾਚਾ, ਸਰ ਤਾਂ ਇੱਕ ਅੱਖ ਨਾਲ਼ ਵੀ ਜਾਂਦੈ, ਪਰ ਦੋ ਤਾਂ ਦੋ ਈ ਹੁੰਦੀਆਂ ਨੇ ਨ੍ਹਾਂ..?"
-''ਦੋ ਨਾਲ਼ ਕਿਹੜਾ ਕਸੀਦੇ ਕੱਢਣੇ ਐਂ..? ਦੁਨੀਆਂ ਤਾਂ ਇੱਕ ਅੱਖ ਨਾਲ਼ ਵੀ ਓਨੀਂ ਦੀਂਹਦੀ ਐ..!"
-''ਚਾਚਾ..! ਅੱਖਾਂ ਤੇ ਗੁਰਦਿਆਂ 'ਚ ਫ਼ਰਕ ਐ..! ਅੱਖਾਂ ਨਾਲ਼ ਤਾਂ ਅਸੀਂ ਸਿਰਫ਼ ਦੇਖਦੇ ਐਂ..! ਗੁਰਦੇ ਤਾਂ ਸਾਡੇ ਸਰੀਰ ਨੂੰ ਫ਼ਿਲਟਰ ਕਰਦੇ ਐ..! ਜੇ ਇੱਕ ਫ਼ੇਲ੍ਹ ਹੋ ਗਿਆ, ਰਹਿੰਦਾ ਕੰਮ ਦੂਜਾ ਗੁਰਦਾ ਸਾਰੀ ਜਾਂਦੈ..! ..ਤੇ ਜੇ ਇੱਕ ਕਢਵਾਇਆ ਹੋਵੇ, ਤੇ ਦੂਜਾ ਕੰਮ ਕਰਨੋਂ ਹਟ-ਜੇ, ਫ਼ੇਰ ਦੇਖ ਲੈ ਬੰਦੇ ਦਾ ਕੀ ਬਣੂੰ..? ਫ਼ੇਰ ਤਾਂ ਬੰਦਾ ਰੱਬ ਨੂੰ ਈ ਪਿਆਰਾ ਹੋਊ..?"
-''ਰੱਬ ਨੂੰ ਪਿਆਰਾ ਹੋਜੇ, ਹੋਰ ਐਦੂੰ ਰੱਬੋਂ ਬੰਦੇ ਨੇ ਕੀ ਲੈਣੈਂ..?"
ਗੱਲ ਅਣਸੁਣੀਂ ਕਰ ਪਾੜ੍ਹਾ ਤੁਰ ਪਿਆ।
ਕਿਸ਼ਤ 26
ਨਿੰਮੀ ਦੇ ਬਾਪ ਦੇ ਸਿਰ ਵਿਚ ਸਿਰਫ਼ ਅਤੇ ਸਿਰਫ਼ ਦਸ ਲੱਖ ਰੁਪਈਆ ਘੁੰਮੀ ਜਾ ਰਿਹਾ ਸੀ। ਜਦੋਂ ਸਾਰੇ ਘਰਾਂ ਨੂੰ ਚਲੇ ਗਏ ਤਾਂ ਨਿੰਮੀ ਦਾ ਬਾਪ ਤਖ਼ਤਪੋਸ਼ 'ਤੇ ਪਿਆ ਅਖ਼ਬਾਰ ਕੱਛ 'ਚ ਦੇ ਕੇ ਘਰ ਆ ਗਿਆ। ਸਾਰੀ ਰਾਤ ਉਸ ਨੂੰ ਚੈਨ ਨਾ ਆਈ। ਵਿਆਹ ਲਈ ਕਰਜ਼ਾ ਮਿਲਣ ਦੀ ਉਸ ਨੂੰ ਕੋਈ ਝਾਕ ਨਹੀਂ ਸੀ। ਸਰਕਾਰ ਵੱਲੋਂ ਗ਼ਰੀਬ ਪ੍ਰੀਵਾਰ ਨੂੰ ਮਿਲਣ ਵਾਲ਼ਾ 'ਸ਼ਗਨ' ਨੂੰ ਤਾਂ ਕਲਰਕ ਅਤੇ ਬਾਬੂ ਹੀ 'ਉੜਦੂ' ਲਾ ਜਾਂਦੇ ਸਨ। ਅੱਧੋ-ਅੱਧ 'ਸੁਆ-ਹਾਅ' ਚਾਰੇ ਪਾਸੇ ਹੋਈ ਜਾ ਰਹੀ ਸੀ। ਆੜ੍ਹਤੀਏ ਨੂੰ ਉਹ ਕਰਜ਼ੇ ਬਾਰੇ ਪੁੱਛ ਚੁੱਕਾ ਸੀ। ਪਰ ਆੜ੍ਹਤੀਏ ਨੇ 'ਇੱਕੋ' ਗੱਲ ਵਿਚ ਹੀ ਉਸ ਨੂੰ 'ਖੂੰਜੇ' ਲਾ ਦਿੱਤਾ ਸੀ।
-''ਤੇਰੇ ਡੂੜ੍ਹ ਕਿੱਲੇ 'ਚੋਂ ਕੀ ਮੈਂ ਨਹਾ ਲਊਂ ਤੇ ਕੀ ਨਿਚੋੜ ਲਊਂ ਭੇਲੀ..? ਤੇਰੇ ਤਾਂ ਕੋਈ ਪੁੱਤ ਵੀ ਹੈਨ੍ਹੀ, ਜੀਹਦੇ ਗਲ਼ ਸਾਅਫ਼ਾ ਪਾ ਕੇ ਕਰਜ਼ਾ ਮੁੜਵਾ ਲਊਂਗਾ..! ਤੂੰ ਜਾਹ ਤੇ ਕੋਈ ਹੋਰ ਠੋਰਾ ਲੱਭ ਮਿੱਤਰਾ..! ਝੋਟੇ ਆਲ਼ਿਆਂ ਦੇ ਘਰੋਂ ਲੱਸੀ ਨੀ ਮਿਲਣੀ..!" ਤੇ ਭੇਲੀ ਨਿਰਾਸ਼ ਹੋ ਕੇ ਮੁੜ ਆਇਆ ਸੀ।
ਸਾਰੀ ਰਾਤ ਭੇਲੀ ਪਾਸੇ ਪਰਤਦਾ ਰਿਹਾ।
ਕਦੇ ਉਸ ਦਾ ਮਨ ਗੁਰਦਾ ਵੇਚਣ ਲਈ ਹਾਂਮੀਂ ਭਰ ਦਿੰਦਾ ਅਤੇ ਕਦੇ ਮੁਨੱਕਰ ਹੋ ਜਾਂਦਾ। ਪਰ ਮਰਦੇ ਨੂੰ ਉਸ ਨੂੰ ਕੋਈ ਨਾ ਕੋਈ ਅੱਕ ਚੱਬਣਾਂ ਪੈਣਾਂ ਸੀ। ਹੱਥ 'ਤੇ ਹੱਥ ਧਰ ਕੇ ਉਸ ਦਾ ਸਰਨਾਂ ਨਹੀਂ ਸੀ। ਕੁੜੀ ਦਾ ਵਿਆਹ ਉਸ ਨੂੰ ਕਰਨਾਂ ਹੀ ਪੈਣਾਂ ਸੀ ਅਤੇ ਘਰ ਜ਼ਹਿਰ ਖਾਣ ਲਈ ਕੋਈ ਪੈਸਾ ਨਹੀਂ ਸੀ। ਠੂਠੇ ਨਾਲ਼ 'ਕੁਨਾਲ਼' ਖੜਕ ਰਿਹਾ ਸੀ। ਉਸ ਦੇ ਸਰੀਰ ਨੂੰ ਅੱਚਵੀ ਲੱਗੀ ਪਈ ਸੀ। ਮਸਾਂ ਕੁੜੀ ਦਾ ਇੰਗਲੈਂਡ ਦਾ ਬਣਨ ਲੱਗਿਆ ਸੀ। ਪਰ ਪੈਸੇ ਲਈ ਕਿਤੇ ਹੱਥ ਨਹੀਂ ਅੜ ਰਿਹਾ ਸੀ। ਸੋਚਾਂ ਦੀ ਭੁੱਬਲ਼ ਵਿਚ ਉਹ ਸ਼ਕਰਕੰਦੀ ਵਾਂਗ ਭੁੱਜੀ ਜਾ ਰਿਹਾ ਸੀ।
ਅਗਲੇ ਦਿਨ ਅਖ਼ਬਾਰ ਝੋਲ਼ੇ ਵਿਚ ਪਾ ਭੇਲੀ ਅੰਮ੍ਰਿਤਸਰ ਨੂੰ ਬੱਸ ਚੜ੍ਹ ਗਿਆ।
ਪੁੱਛਦਾ-ਪੁਛਾਉਂਦਾ ਉਹ ਅਖ਼ਬਾਰ ਵਿਚ ਦਿੱਤੇ ਪਤੇ 'ਤੇ ਪਹੁੰਚ ਗਿਆ।
ਪੇਂਡੂ ਜਿਹਾ ਸਿੱਧੜ ਜੱਟ ਦੇਖ ਕੇ ਅੰਦਰ ਬੈਠੇ ਬੋਦੀਆਂ ਵਾਲ਼ੇ ਬਾਬੂ ਨੂੰ ਚਾਅ ਚੜ੍ਹ ਗਿਆ।
-''ਆਓ ਜੀ ਸਰਦਾਰ ਸਾਹਿਬ..?" ਉਹ ਉਠ ਕੇ ਖੜ੍ਹਾ ਹੋ ਗਿਆ।
-''ਐਥੇ ਗੁਰਦੇ ਵੇਚਣ ਆਲ਼ੀ ਦੁਕਾਨ ਕਿੱਥੇ ਐ..?" ਉਸ ਨੇ ਨੱਕ ਦੀ ਸੇਧ ਨੂੰ ਠਾਹ ਸੋਟਾ ਮਾਰਿਆ।
ਭੇਲੀ ਦਾ ਸੁਆਲ ਸੁਣ ਕੇ ਬਾਬੂ ਹੱਸ ਪਿਆ।
-''ਹੌਲ਼ੀ..! ਹੌਲ਼ੀ ਬੋਲੋ ਸਾਹਿਬ ਬਹਾਦਰ..! ਕੰਧਾਂ ਦੇ ਵੀ ਕੰਨ ਹੁੰਦੇ ਐ..! ਇੱਥੇ ਦੁਕਾਨ ਕੋਈ ਨਹੀਂ ਸਾਹਿਬ ਬਹਾਦਰ..! ਆਹ ਸਾਡਾ ਆਫ਼ਿਸ ਐ..! ਆਓ ਅੰਦਰ ਲੰਘ ਆਓ..!"
-''ਹੌਲ਼ੀ...? ਕਿਉਂ ਹੌਲ਼ੀ ਕਿਉਂ ਬੋਲਾਂ..? ਗੁਰਦਾ ਮੇਰਾ, ਵੇਚਣਾਂ ਮੈਂ ਐਂ, ਕਿਸੇ ਦਾ ਕੀ ਲਾਕਾ-ਦੇਕਾ..?"
-''ਓਹ...ਹੋਅ..! ਅੰਦਰ ਆ ਜਾਓ ਸਾਹਿਬ ਬਹਾਦਰ..! ਚਾਹ ਪੀਓਂਗੇ..?"
-''ਆਹੋ..! ਚਾਹ ਮੰਗਵਾ ਲਓ..!"
-''ਬੈਠੋ..! ਕੁਰਸੀ ਲਓ...!"
ਭੇਲੀ ਧਹੱਮਲ ਨਾਲ਼ ਬੈਠ ਗਿਆ। ਜ਼ਿੰਦਗੀ ਵਿਚ ਪਹਿਲੀ ਵਾਰ ਉਸ ਦੀ ਕਿਸੇ ਨੇ ਇਤਨੀ ਇੱਜ਼ਤ ਕੀਤੀ ਸੀ। ਮਾਣ-ਅਦਬ ਦਿੱਤਾ ਸੀ।
ਚਾਹ ਦੇ ਨਾਲ਼ ਖਾਣ ਦਾ ਸਮਾਨ ਵੀ ਆ ਗਿਆ।
ਭੇਲੀ ਦੇ ਚਾਹ ਪੀਂਦਿਆਂ-ਪੀਂਦਿਆਂ ਬਾਬੂ ਨੇ ਭੇਲੀ ਦਾ ਪੂਰਾ ਪਤਾ ਨੋਟ ਕਰ ਲਿਆ।
-''ਤੁਸੀਂ ਚਾਹ ਪੀਓ, ਗੁਰਦੇ ਵਾਲ਼ਾ ਫ਼ਾਰਮ ਆਪਾਂ ਫ਼ੇਰ ਭਰਾਂਗੇ..!"
-''ਫ਼ਾਰਮ ਤਾਂ ਭਰਲਾਂਗੇ ਬਾਬੂ ਜੀ..! ਪਰ ਤੁਸੀਂ ਦੱਸੋ ਪੈਸੇ ਕਿੰਨੇ ਮਿਲਣਗੇ..?"
-''ਪੈਸੇ ਮਿਲਣਗੇ ਅੱਠ ਲੱਖ ਸਰਦਾਰ ਜੀ..! ਪੂਰੇ ਅੱਠ ਲੱਖ..!"
-''ਪਰ 'ਖ਼ਬਾਰ 'ਚ ਤਾਂ ਦਸ ਲੱਖ ਲਿਖਿਐ..!"
-''ਉਹ ਅਖ਼ਬਾਰ ਵਾਲ਼ਿਆਂ ਤੋਂ ਗਲਤੀ ਨਾਲ਼ ਲਿਖਿਆ ਗਿਆ..!"
ਬਾਬੂ ਦੇ ਕਹਿਣ 'ਤੇ ਭੇਲੀ ਨੇ ਆਪਣੇ ਆਪ ਨੂੰ ਦੋ ਲੱਖ ਦੇ 'ਘਾਟੇ' 'ਚ ਮਹਿਸੂਸ ਕੀਤਾ। ਪਰ ਅੱਠ ਲੱਖ ਰੁਪਈਆ ਵੀ ਬਹੁਤ ਸੀ। ਦਿਨ ਰਾਤ ਧੰਦ ਪਿੱਟਿਆ ਸੀ, ਪਰ ਅੱਠ ਲੱਖ ਰੁਪਈਆ ਤਾਂ ਉਸ ਨੇ ਜ਼ਿੰਦਗੀ ਭਰ ਕਦੇ ਹੱਥ 'ਚ ਫ਼ੜ ਕੇ ਨਹੀਂ ਦੇਖਿਆ ਸੀ।
-''ਚਲੋ...! ਅੱਠ ਲੱਖ ਵੀ ਚੱਲੂ..! ਪਰ ਮਿਲੂ ਕਦੋਂ..?"
ਬਾਬੂ ਖ਼ਚਰੀ ਜਿਹੀ ਹਾਸੀ ਹੱਸ ਪਿਆ।
-''ਸਾਹਿਬ ਬਹਾਦਰ..! ਅੱਠ ਲੱਖ ਦੀ ਰਕਮ ਕੋਈ ਛੋਟੀ ਨੀ ਹੁੰਦੀ..! ਅਜੇ ਤੁਹਾਡੀ ਚੈੱਕ-ਅੱਪ ਹੋਊਗੀ, ਐਕਸਰੇ ਹੋਣਗੇ, ਖ਼ੂਨ ਟੈਸਟ ਹੋਊਗਾ, ਫ਼ੇਰ ਦੇਖਾਂਗੇ ਕਿ ਤੁਹਾਡਾ ਗੁਰਦਾ ਕਿਸੇ ਦੇ ਫ਼ਿੱਟ ਵੀ ਆਊਗਾ ਕਿ ਨਹੀਂ..?" ਆਖ ਕੇ ਉਸ ਨੇ ਭੇਲੀ ਦੀਆਂ ਸਾਰੀਆਂ ਆਸਾਂ 'ਤੇ ਪਾਣੀ ਫ਼ੇਰ ਦਿੱਤਾ। ਉਹ ਤਾਂ 'ਜੇਤੂ' ਜਿਹਾ ਬਣ ਕੇ ਆਇਆ ਸੀ। ਪਰ ਬਾਬੂ ਦੀ ਗੱਲ ਨੇ ਤਾਂ ਉਸ ਨੂੰ ਨਿਰਾਸ਼ ਅਤੇ ਉਦਾਸ ਕਰ ਮਾਰਿਆ ਸੀ।
ਬਾਬੂ ਨੇ ਫ਼ਾਰਮ ਲੈ ਕੇ ਭਰਨਾਂ ਸ਼ੁਰੂ ਕਰ ਦਿੱਤਾ।
-''ਹਾਈ ਬਲੱਡ ਪ੍ਰੈਸ਼ਰ ਜਾਂ ਸ਼ੂਗਰ ਤਾਂ ਨੀ, ਸਾਹਿਬ ਬਹਾਦਰ..?"
-''ਮੈਂ ਕਹਿੰਨੈਂ ਜੀ ਕਦੇ ਸਿਰ ਨੀ ਦੁਖਿਆ, ਤੁਸੀਂ ਤਾਂ ਵੱਡੀਆਂ ਗੱਲਾਂ ਪੁੱਛਣ ਲੱਗਪੇ..! ਸਾਰਾ ਸਰੀਰ ਟੰਚ ਐ..!"
-''ਕੋਈ ਅਲਰਜੀ..?"
-''ਮੈਂ ਕਹਿੰਨੈਂ ਡੰਗ ਮਾਰਨ ਲੱਗਿਆ ਸੱਪ ਵੀ ਦਸ ਵਾਰੀ ਸੋਚੂ, ਮੱਛਰ ਨੇ ਤਾਂ ਕੀ ਲੜਨੈਂ..?"
ਬਾਬੂ ਨੇ ਫ਼ਾਰਮ ਭਰ ਕੇ ਮੇਜ਼ 'ਤੇ ਰੱਖ ਦਿੱਤਾ ਅਤੇ 'ਟੇਬਲ-ਬੈੱਲ' ਵਜਾਈ।
ਅੰਦਰੋਂ ਇਕ ਨਰਸ ਆ ਹਾਜ਼ਰ ਹੋਈ। ਉਸ ਦੀਆਂ ਮੋਟੀਆਂ ਅੱਖਾਂ ਵਿਚ ਸੁਰਮਾਂ ਲੋਹੜੇ ਮਾਰਦਾ ਸੀ ਅਤੇ ਭਰ ਜੁਆਨ ਛਾਤੀਆਂ ਗਿੱਧਾ ਪਾ ਰਹੀਆਂ ਸਨ। ਨਰਸ ਨੂੰ ਦੇਖ ਕੇ ਬੰਦੇ ਦੀ ਭੁੱਖ ਲਹਿੰਦੀ ਸੀ। ਉਸ ਦੀ ਜੁਆਨੀ ਕੂਕਦੀ ਸੀ, ਜੋ ਭੇਲੀ ਸਾਹਮਣੇ ਦੁਹਾਈ ਬਣੀ ਖੜ੍ਹੀ ਸੀ।
-''ਸਰਦਾਰ ਸਾਹਿਬ ਦੀ ਚੈੱਕ-ਅੱਪ ਕਰੋ..! ਆਹ ਫ਼ਾਰਮ ਲੈ ਜਾਓ..!"
ਬੜੇ ਅਦਬ ਨਾਲ਼ ਨਰਸ ਭੇਲੀ ਨੂੰ ਅੰਦਰ ਲੈ ਗਈ।
ਚੈੱਕ-ਅੱਪ ਕਰਨ ਤੋਂ ਬਾਅਦ ਪਤਾ ਨਹੀਂ ਕਿੰਨੀਆਂ ਕੁ ਸ਼ੀਸ਼ੀਆਂ ਉਸ ਅੰਦਰੋਂ ਖ਼ੂਨ ਦੀਆਂ ਕੱਢ ਲਈਆਂ ਗਈਆਂ ਅਤੇ ਤਾਕਤ ਦਾ ਟੀਕਾ ਲਾ ਕੇ ਬੈੱਡ 'ਤੇ ਪਾ ਦਿੱਤਾ।
ਦੁਪਿਹਰ ਦੀ ਰੋਟੀ ਖੁਆ ਕੇ ਉਸ ਨੂੰ ਤਾਕਤ ਦੇ ਕੈਪਸੂਲ ਦੇ ਦਿੱਤੇ ਗਏ ਅਤੇ ਮੁੜ ਅਰਾਮ ਕਰਨ ਲਈ ਕਹਿ ਦਿੱਤਾ।
ਛੇ ਕੁ ਘੰਟੇ ਬਾਅਦ ਸਭ ਰਿਪੋਰਟਾਂ ਆ ਗਈਆਂ।
ਬਾਬੂ ਨੇ ਰਿਪੋਰਟਾਂ ਪੜ੍ਹੀਆਂ ਤਾਂ ਸਭ ਠੀਕ-ਠਾਕ ਸੀ।
ਬਾਬੂ ਬੈੱਡ 'ਤੇ ਪਏ ਭੇਲੀ ਕੋਲ਼ ਆ ਗਿਆ।
-''ਸਾਹਿਬ ਬਹਾਦਰ, ਤੁਹਾਡੇ ਗੁਰਦੇ ਵਿਚ ਥੋੜਾ ਨੁਕਸ ਐ, ਇਸ ਨੂੰ ਅਸੀਂ ਨਹੀਂ ਲੈ ਸਕਦੇ..!" ਸੁਣ ਕੇ ਭੇਲੀ ਸਿਰ ਸੌ ਘੜ੍ਹਾ ਪਾਣੀ ਦਾ ਪੈ ਗਿਆ।
-''ਕੀ ਨੁਕਸ ਐ ਬਾਬੂ ਜੀ..? ਘੋੜ੍ਹੇ ਵਰਗਾ ਤਾਂ ਮੈਂ ਤੁਰਿਆ ਫ਼ਿਰਦੈਂ..! ਮੈਨੂੰ ਭਜਾ ਕੇ ਦੇਖ ਲਓ, ਕਿਸੇ ਨੂੰ ਡਾਹ ਨੀ ਦਿੰਦਾ..!"
-''ਜੇ ਮੈਂ ਤੁਹਾਨੂੰ ਦੱਸਾਂ ਕਿ ਤੁਹਾਡੇ ਗੁਰਦੇ ਦਾ ਤਾਂ ਤੁਹਾਨੂੰ ਚਾਰ ਕੁ ਲੱਖ ਈ ਮਿਲ਼ ਸਕਦੈ..!"
-''ਹੁਣ ਅੱਠ ਤੋਂ ਤੁਸੀਂ ਚਾਰ 'ਤੇ ਆ ਗਏ..?" ਉਹ ਆਪਣੇ ਆਪ ਨੂੰ ਲੁੱਟਿਆ-ਪੁੱਟਿਆ ਮਹਿਸੂਸ ਕਰ ਰਿਹਾ ਸੀ।
-''ਇਸ ਤੋਂ ਵੱਧ ਤੁਹਾਡੇ ਗੁਰਦੇ ਦੀ ਕੀਮਤ ਹੀ ਨਹੀਂ, ਸਾਹਿਬ ਬਹਾਦਰ..! ਜੇ ਤਾਂ ਸਹਿਮਤ ਹੋ, ਤਾਂ ਦੱਸ ਦਿਓ, ਨਹੀਂ ਸਾਡਾ ਟਾਈਮ ਬਰਬਾਦ ਨਾ ਕਰੋ..!" ਸੁਣ ਕੇ ਭੇਲੀ ਨੂੰ ਗਸ਼ ਪੈਣ ਵਾਲ਼ੀ ਹੋ ਗਈ। ਇਹੀ ਗੁਰਦੇ ਵਾਲ਼ਾ ਉਸ ਕੋਲ਼ 'ਆਖ਼ਰੀ' ਹਥਿਆਰ ਸੀ। ਪਰ ਹੁਣ ਇਹ ਵੀ ਮੌਕੇ 'ਤੇ ਆ ਕੇ ਦਗ਼ਾ ਦੇ ਰਿਹਾ ਸੀ।
-''ਬਾਬੂ ਜੀ, ਮੇਰੀ ਧੀ ਦਾ ਵਿਆਹ ਐ ਤੇ ਮੇਰਾ ਕਿਤੇ ਹੱਥ ਨੀ ਅੜਦਾ..! ਤੁਸੀਂ ਗੁਰਦਾ ਕੱਢੋ ਤੇ ਪੈਸੇ ਮੈਨੂੰ ਦਿਓ, ਮੈਂ ਧੀ ਨੂੰ ਬੂਹਿਓਂ ਉਠਾਉਣ ਜੋਕਰਾ ਹੋਵਾਂ..!" ਉਸ ਨੇ ਆਖਰੀ ਤਰਲਾ ਭਰਿਆ।
ਬਾਬੂ ਸਮਝ ਗਿਆ ਕਿ ਗ਼ਰੀਬ ਜ਼ਿੰਮੀਦਾਰ ਪੂਰੀ ਔਕੜ ਵਿਚ ਹੈ, ਇਸ ਨੂੰ ਜਿਵੇਂ ਵੀ ਚਾਹੀਏ, ਵਰਤ ਸਕਦੇ ਹਾਂ!
ਉਸ ਨੇ ਕਈ ਕਾਗਜ਼ਾਂ 'ਤੇ ਦਸਤਖ਼ਤ ਕਰਵਾ ਲਏ ਅਤੇ ਰਾਤ ਨੂੰ ਗੁਰਦਾ ਕੱਢਣ ਦੀ ਸਹਿਮਤੀ ਲੈ ਲਈ। ਗ਼ਰੀਬ ਬੰਦਾ ਉਹਨਾਂ ਦੇ 'ਕਸਾਖ਼ਾਨੇ' ਵਿਚ ਆ ਗਿਆ ਸੀ, ਜਿਸ ਨੂੰ ਹੁਣ ਉਹਨਾਂ ਨੇ ਬੜੀ ਰੀਝ ਨਾਲ਼ 'ਹਲਾਲ' ਕਰਨਾਂ ਸੀ।
ਰਾਤ ਨੂੰ ਭੇਲੀ ਨੂੰ ਬੇਹੋਸ਼ ਕਰ ਕੇ ਉਸ ਦਾ ਇੱਕ ਗੁਰਦਾ ਕੱਢ ਲਿਆ ਗਿਆ। ਲੋੜੀਂਦੇ ਟੀਕੇ ਲਾ ਦਿੱਤੇ ਗਏ।
ਤੀਜੇ ਦਿਨ ਉਸ ਨੂੰ ਛੁੱਟੀ ਦੇ ਦਿੱਤੀ ਗਈ ਅਤੇ ਭਾਰ ਨਾ ਚੁੱਕਣ ਅਤੇ ਤੇਜ਼ ਨਾ ਤੁਰਨ ਵਰਗੀਆਂ ਕੁਝ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ। ਚਾਰ ਲੱਖ ਰੁਪਏ ਦਾ ਚੈੱਕ ਲੈ ਕੇ ਉਹ ਬੱਸ ਚੜ੍ਹ ਗਿਆ। ਸਰੀਰ ਉਸ ਦਾ ਕਮਜ਼ੋਰੀ ਕਾਰਨ ਜਰਖ਼ਲ਼ਿਆ ਪਿਆ ਸੀ। ਟਾਂਕੇ ਲੱਗਣ ਵਾਲ਼ੀ ਜਗਾਹ ਅਜੇ ਵੀ ਦਰਦ ਕਰ ਰਹੀ ਸੀ। ਡਾਕਟਰਾਂ ਨੇ ਉਸ ਨੂੰ ਮੁਕੰਮਲ ਤੌਰ 'ਤੇ ਅਰਾਮ ਕਰਨ ਲਈ ਆਖਿਆ ਸੀ। ਪਰ ਉਸ ਨੂੰ ਬੈਂਕ ਵਿਚੋਂ ਪੈਸੇ ਕਢਵਾਉਣ ਦੀ ਅੱਚਵੀ ਲੱਗੀ ਹੋਈ ਸੀ।
ਜਦੋਂ ਬੱਸੋਂ ਉੱਤਰ ਕੇ ਭੇਲੀ ਘਰ ਪਹੁੰਚਿਆ ਤਾਂ ਉਸ ਦਾ ਚਿਹਰਾ ਬੱਗਾ ਹੱਡ ਵਰਗਾ ਹੋਇਆ ਪਿਆ ਸੀ ਅਤੇ ਬੁੱਲ੍ਹ ਸੁੱਕੇ ਪੱਤੇ ਵਾਂਗ ਸੁੱਕੇ ਹੋਏ ਸਨ। ਉਸ ਦੀਆਂ ਲੱਤਾਂ ਤਾਣੀਂ ਵਾਂਗ ਕੰਬ ਰਹੀਆਂ ਸਨ ਅਤੇ ਪੈਰ ਥਿੜਕ ਰਹੇ ਸਨ।
-''ਬੂਹ ਮੈਂ ਮਰਜਾਂ..! ਵੇ ਤੈਨੂੰ ਕੀ ਹੋ ਗਿਆ ਵੀਰਾਂ ਵੱਢਿਆ..!" ਭੇਲੀ ਦੀ ਘਰਵਾਲ਼ੀ ਦਾ ਉਸ ਨੂੰ ਦੇਖ ਕੇ ਕਾਲ਼ਜਾ ਨਿਕਲ਼ ਗਿਆ। ਉਹ ਬੋਲੀ ਨਹੀਂ, ਚੀਕੀ ਸੀ।
-''ਮੈਨੂੰ ਫ਼ੜ ਕੇ ਮੰਜੇ 'ਤੇ ਪਾ, ਮੈਂ ਡਿੱਗਪੂੰਗਾ..!" ਜਦੋਂ ਉਸ ਦੀ ਘਰਵਾਲ਼ੀ ਨੇ ਉਸ ਨੂੰ ਜੱਫ਼ਾ ਮਾਰਿਆ ਤਾਂ ਹੱਥ ਆਪ੍ਰੇਸ਼ਨ ਵਾਲ਼ੀ ਜਗਾਹ 'ਤੇ ਵੱਜਿਆ। ਭੇਲੀ ਦੇ ਅੰਦਰੋਂ ਚੀਸ ਦਾ ਭਾਂਬੜ ਉਠਿਆ। ਪਰ ਉਸ ਨੇ ਬਲ਼ਦੇ ਭਾਂਬੜ ਨੂੰ ਅੰਦਰ ਹੀ ਜਜ਼ਬ ਕਰ ਲਿਆ। ਪਰ ਮੱਲੋਜ਼ੋਰੀ ਉਸ ਦੇ ਮੂੰਹ ਵਿਚੋਂ 'ਹਾਏ' ਨਿਕਲ਼ ਗਿਆ।
-''ਕੀ ਹੋ ਗਿਆ..? ਕੋਈ ਸੱਟ ਫ਼ੇਟ ਵੱਜੀ..?" ਕਿਸੇ ਵੀ ਘਟਨਾਂ ਤੋਂ ਅਣਜਾਣ ਉਸ ਦੇ ਘਰਵਾਲ਼ੀ ਉਸ ਦੀ ਪੀੜ ਵਿਚ ਪੀੜੋ-ਪੀੜ ਹੋਈ ਖੜ੍ਹੀ ਸੀ।
-''ਨਹੀਂ ਕੁਛ ਨੀ ਹੋਇਆ..! ਤੂੰ ਮੈਨੂੰ ਚਾਹ ਬਣਾ ਕੇ ਦੇਹ..! ਸਾਰਾ ਸਰੀਰ ਟੁੱਟੀ ਜਾਂਦੈ, ਸਾਲ਼ਾ..!"
ਘਰਵਾਲ਼ੀ ਚਾਹ ਬਣਾਉਣ ਤੁਰ ਗਈ।
-''ਤੂੰ ਐਨੇ ਦਿਨ ਰਿਹਾ ਕਿੱਥੇ..? ਦੱਸ ਕੇ ਈ ਨੀ ਗਿਆ..!" ਉਸ ਨੇ ਚਾਹ ਬਣਾ ਕੇ ਕੋਲ਼ ਲਿਆ ਰੱਖੀ।
-''ਮੈਨੂੰ ਫ਼ੜ ਕੇ ਬੈਠਾ ਕਰ..! ਦੱਸਦੈਂ ਸਾਰੀ ਗੱਲ..!"
ਉਸ ਨੇ ਫ਼ੜ ਕੇ ਭੇਲੀ ਨੂੰ ਬੈਠਾ ਕਰ ਲਿਆ।
ਉਸ ਅੰਦਰੋਂ ਦਰਦ ਦੀਆਂ ਲਾਟਾਂ ਉਠ ਰਹੀਆਂ ਸਨ।
-''ਮੈਂ ਅੰਬਰਸਰ ਗਿਆ ਸੀ..!"
-''ਬੂਹ ਮੈਂ ਮਰਜਾਂ..! ਓਥੇ ਕੀ ਕਰਨ ਗਿਆ ਸੀ..?"
-''ਵਿਆਹ ਲਈ ਪੈਸੇ ਦਾ ਪ੍ਰਬੰਧ ਕਰਨ..!"
-''ਐਡੀ ਦੂਰ..? ਓਥੇ ਤੈਨੂੰ ਜਾਣਦਾ ਤਾਂ ਹੈਨ੍ਹੀ ਕੋਈ..!" ਉਸ ਦਾ ਮੂੰਹ ਆਲ਼ੇ ਵਾਂਗ ਅੱਡਿਆ ਹੋਇਆ ਸੀ।
-''ਬੱਸ..! ਰੱਬ ਆਪੇ ਸਬੱਬ ਬਣਾ ਦਿੰਦੈ..! ਮੈਂ ਗੁਰਦਾ ਵੇਚ ਕੇ ਆਇਐਂ..!" ਉਸ ਨੇ ਬੜਾ ਨਜ਼ਦੀਕ ਹੋ ਕੇ ਕਿਹਾ।
-''ਬੂਹ ਮੈਂ ਮੱਚਗੀ..! ਬੂਹ ਮੈਂ ਮੱਚਗੀ ਵੇ..! ਇਹ ਅਨਰਥ ਕਿਉਂ ਕੀਤਾ ਤੂੰ..? ਜੇ ਤੈਨੂੰ ਕੋਈ ਹੀਮ-ਕੀਮ ਹੋਗੀ, ਫ਼ੇਰ..?" ਉਹ ਫ਼ਿਕਰ ਦੀ ਮੂਰਤ ਬਣ ਸਾਹਮਣੇ ਬੈਠੀ ਸੀ।
-''ਕੁਛ ਨੀ ਹੁੰਦਾ..! ਬਲ਼ਦੀ ਦੇ ਬੁੱਥੇ ਆਈ ਸਾਰੀ ਦੁਨੀਆਂ ਈ ਵੇਚੀ ਜਾਂਦੀ ਐ..!"
-''ਦੁਨੀਆਂ ਤਾਂ ਮਰੀ ਵੀ ਜਾਂਦੀ ਐ..! ਇਹ ਕੀ ਕਮਲ਼ ਕੁੱਟਿਆ ਤੂੰ..? ਮੈਨੂੰ ਪੁੱਛ ਤਾਂ ਲੈਂਦਾ ਤੂੰ..?"
-''ਮੇਰੇ ਮਰਨ ਨਾਲ਼ ਕਿਹੜਾ ਵਿਸਾਖੀ ਲੱਗਣੋਂ ਹਟਜੂ..? ਆਪਣਾ ਕੰਮ ਸਰ ਗਿਆ..! ਚਾਰ ਲੱਖ ਦਾ ਚੈੱਕ ਮਿਲ਼ ਗਿਆ, ਸਾਰੇ ਧੋਣੇ ਧੋਤੇ ਜਾਣਗੇ..!"
-''ਚਾਰ ਲੱਖ..? ਫ਼ੇਰ ਤਾਂ ਮੇਰਾ ਵੀ ਇੱਕ ਵੇਚ ਆਉਣਾਂ ਸੀ..?" ਚਾਰ ਲੱਖ ਦੇ ਨਾਂ ਨੂੰ ਉਸ ਦੀ ਮਾਨਸਿਕਤਾ ਵੀ ਸਥਿਰ ਹੋ ਗਈ।
-''ਚੱਲ ਕੋਈ ਨਾਂ..! ਕਦੇ ਲੋੜ ਪਈ ਤਾਂ ਫ਼ੇਰ ਦੇਖ ਲਵਾਂਗੇ..! ਤੂੰ ਵਿਆਹ ਦੀ ਤਿਆਰੀ ਕਰ..! ਕੱਲ੍ਹ ਨੂੰ ਬੈਂਕ ਜਾ ਕੇ ਪੈਸੇ ਹੱਥ ਹੇਠ ਕਰਦੇ ਆਂ..!"
ਚਾਰ ਲੱਖ ਦੇ ਨਾਂ ਨੂੰ ਨਿੰਮੀ ਦੀ ਮਾਂ ਨੂੰ ਘਰਵਾਲ਼ੇ ਦਾ ਗੁਰਦਾ ਭੁੱਲ ਗਿਆ ਸੀ। ਚਾਰ ਲੱਖ ਤਾਂ ਉਹਨਾਂ ਨੂੰ ਬੰਦਾ ਮਾਰ ਕੇ ਵੀ ਨਹੀਂ ਮਿਲਣਾਂ ਸੀ।
ਆਥਣ ਨੂੰ ਭੂਆ ਫ਼ਿਰ ਜਿੰਨ ਵਾਂਗ ਆ ਵੱਜੀ।
-''ਅਗਲੇ ਮੈਨੂੰ ਤੋੜ-ਤੋੜ ਖਾਂਦੇ ਐ, ਤੁਸੀਂ ਗੱਲ ਦਾ ਗੌਗਾ ਕਿਉਂ ਨੀ ਕਰਦੇ..? ਜੇ ਥੋਡਾ ਨਹੀਂ ਮਨ ਮੰਨਦਾ ਤਾਂ ਮੈਨੂੰ ਤੋੜ ਕੇ ਜਵਾਬ ਦਿਓ, ਮੈਂ ਕੋਈ ਹੋਰ ਘਰ ਦੇਖਾਂ..! ਕਿਉਂ ਕੋਹਲੂ ਗੇੜ 'ਚ ਪਾਇਐ ਮੈਨੂੰ..?" ਭੂਆ ਮੱਖ ਲੜਨ ਵਾਲ਼ਿਆਂ ਵਾਂਗ ਬੋਲੀ।
-''ਕੱਲ੍ਹ ਨੂੰ ਪੈਸਿਆਂ ਦਾ ਪ੍ਰਬੰਧ ਹੋ ਜਾਊਗਾ ਬੀਬੀ..! ਸਾਡੇ ਵੱਲੋਂ ਹਰੀ ਝੰਡੀ ਐ..! ਜਾਹ ਆਖ ਦੇ ਜਾ ਕੇ..!"
-''ਨੀ ਪੈਸਿਆਂ ਨੂੰ ਉਹ ਕਿਹੜਾ ਉਠ-ਘੋੜਾ ਮੰਗਦੈ..? ਉਹ ਤਾਂ ਹੱਥ ਜੋੜ ਕੇ ਆਪ ਖ਼ਰਚਾ ਕਰਨ ਦੀ ਹਾਂਮੀ ਭਰੀ ਜਾਂਦੈ..! ਤੁਸੀਂ ਦੱਸੋ ਕਦੋਂ ਢੁੱਕੇ..?"
-''ਕੱਲ੍ਹ ਨੂੰ ਪੱਕਾ ਦੱਸ ਦਿਆਂਗੇ ਬੀਬੀ..! ਹੁਣ ਤਾਂ ਦੰਦਾਂ 'ਚ ਜੀਭ ਐ, ਕੱਲ੍ਹ ਦਾ ਦਿਨ ਸਮਾਈ ਕਰ ਲੈ..!"
ਅਗਲੇ ਦਿਨ ਉਹਨਾਂ ਨੂੰ ਬੈਂਕ ਵਿਚੋਂ ਚਾਰ ਲੱਖ ਰੁਪਏ ਮਿਲ਼ ਗਏ। ਉਹਨਾਂ ਦਾ ਧਰਤੀ ਪੈਰ ਨਹੀਂ ਲੱਗਦਾ ਸੀ। ਭੇਲੀ ਨੂੰ ਗੁਰਦਾ ਭੁੱਲ ਗਿਆ ਸੀ।
ਆਉਂਦੇ ਐਤਵਾਰ ਦਾ ਨਿੰਮੀ ਦਾ ਵਿਆਹ 'ਪੱਕਾ' ਕਰ ਦਿੱਤਾ।
ਕਿਸ਼ਤ 27
ਐਤਵਾਰ ਦਾ ਦਿਨ ਸੀ।
ਅੱਜ ਨਿੰਮੀ ਦਾ ਵਿਆਹ ਸੀ।
ਵਿਆਹ ਵੀ ਕਾਹਦਾ ਸੀ? ਇੱਕ 'ਸੌਦਾ' ਸੀ। ਇੱਕ 'ਸਮਝੌਤਾ' ਸੀ। ਨਿੰਮੀ ਦੀ ਦੋਸਤ ਤੇਜੀ ਹੀ ਆਈ ਸੀ। ਭੂਆ ਜੇਤੂਆਂ ਵਾਂਗੂੰ ਨਿੰਮੀ ਦੇ ਕੋਲ਼ ਬੈਠੀ ਸੀ। ਢਾਈ ਮਣ ਦਾ ਬੰਤ ਸਿਉਂ ਸ਼ੇਰਬਾਨੀ ਪਾਈ ਬਿਫ਼ਰ-ਬਿਫ਼ਰ ਕੇ ਤੁਰਦਾ ਸੀ। ਕਤਰੀ ਦਾਹੜੀ ਉਸ ਨੇ ਕਾਲ਼ੀ ਕੀਤੀ ਹੋਈ ਸੀ। ਅੱਜ ਉਹ ਓਸ ਦਿਨ ਵਾਂਗੂੰ ਬੇਵਕੂਫ਼ ਅਤੇ ਉਜੱਡ ਜਿਹਾ ਨਹੀਂ ਲੱਗਦਾ ਸੀ। ਗਹੁ ਨਾਲ਼ ਦੇਖਣ ਤੋਂ ਅੱਜ ਉਹ ਕਾਫ਼ੀ ਗੰਭੀਰ, ਸਾਊ ਅਤੇ ਸੰਤੋਖੀ ਜਿਹਾ ਲੱਗਦਾ ਸੀ।
....ਅਸਲ ਵਿਚ ਬੰਤ ਸਿਉਂ ਨਾਲ਼ ਵੀ ਘੱਟ ਨਹੀਂ ਸੀ ਬੀਤੀ। ਪਹਿਲੀ ਘਰਵਾਲ਼ੀ ਵੱਲੋਂ ਸਤਾਇਆ ਉਹ ਵੀ ਇੱਕ ਦੁਖਿਆਰਾ ਇਨਸਾਨ ਸੀ। ਜ਼ਿੰਦਗੀ ਵਿਚ ਉਸ ਨੇ ਵੀ ਬਹੁਤ ਸੰਤਾਪ ਕੱਟਿਆ ਸੀ ਅਤੇ ਜ਼ਲਾਲਤ ਹੰਢਾਈ ਸੀ। ਉਸ ਦਾ ਨਿੰਮੀ ਨਾਲ਼ ਤੀਜਾ ਵਿਆਹ ਸੀ। ਸਭ ਤੋਂ ਪਹਿਲੀ ਸੁੱਘੜ-ਸਿਆਣੀ ਘਰਵਾਲ਼ੀ ਅਚਨਚੇਤ 'ਬ੍ਰੇਨ-ਹੈਮਰੇਜ' ਹੋਣ ਕਾਰਨ ਥੋੜੇ ਸਮੇਂ ਵਿਚ ਹੀ ਚੱਲ ਵਸੀ ਸੀ। ਬੰਤ ਸਿੰਘ ਉਸ ਨੂੰ ਅਤੇ ਉਹ ਬੰਤ ਸਿੰਘ ਨੂੰ ਬਹੁਤ ਪਿਆਰ ਕਰਦੀ ਸੀ। ਉਸ ਦੇ ਮਰਨ ਤੋਂ ਬਾਅਦ ਬੰਤ ਅਤੀਅੰਤ ਇਕੱਲਾ ਅਤੇ ਡਾਂਵਾਂਡੋਲ ਹੋ ਗਿਆ। ਉਹ ਆਪਣੀ 'ਆਫ਼ ਲਾਈਸੈਂਸ' ਦੁਕਾਨ ਚਲਾਉਂਦਾ ਸੀ। ਘਰਵਾਲ਼ੀ ਦੀ ਮੌਤ ਤੋਂ ਬਾਅਦ ਉਸ ਦੀ ਜਾਣ ਪਹਿਚਾਣ ਮਨਜੀਤ ਨਾਲ਼ ਹੋਈ। ਮਨਜੀਤ ਇੱਕ 'ਚਾਲੂ' ਜਿਹੀ ਕਿਸਮ ਦੀ ਛੱਡੀ-ਛੁਡਾਈ ਔਰਤ ਸੀ। ਪਰ ਡੋਲੇ ਬੰਤ ਨੂੰ ਸਾਰਾ ਜੱਗ ਜਹਾਨ ਸੁੰਨਾਂ ਨਜ਼ਰ ਆਉਂਦਾ ਸੀ ਅਤੇ ਉਸ ਨੂੰ ਕਿਸੇ ਸਹਾਰੇ ਦੀ ਲੋੜ ਸੀ। ਮਨਜੀਤ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਭਾਂਪਦੀ ਆਉਂਦੀ ਸੀ ਕਿ ਬਿਨ-ਬਰੇਕਾ ਅਤੇ ਕੰਧਾਂ-ਕੌਲ਼ਿਆਂ ਵਿਚ ਵੱਜਦਾ ਹੋਇਆ ਬੰਤ ਸਿੱਧਾ ਉਸ ਦੀ ਹਿੱਕ ਵਿਚ ਹੀ ਵੱਜੇਗਾ! ਉਹ ਬੰਤ ਨਾਲ਼ ਹੱਦੋਂ ਵੱਧ 'ਮਿੱਠੀ' ਹੋ ਗਈ ਅਤੇ ਉਸ ਦੀ ਦੁਕਾਨ 'ਤੇ ਨਿੱਤ ਚਾਰ-ਚਾਰ ਗੇੜੇ ਮਾਰਨ ਲੱਗ ਪਈ। ਬੰਤ ਨੂੰ ਦੁਕਾਨ ਦੀ ਅੰਨ੍ਹੀ ਕਮਾਈ ਆਉਂਦੀ ਸੀ ਅਤੇ ਬੰਤ ਸਿੰਘ ਇਕੱਲਾ ਸੀ। ਸਾਰੀ ਦਿਹਾੜੀ ਕੰਮ ਵਿਚ ਉਸ ਦੀ ਭੂਤਨੀ ਭੁੱਲੀ ਰਹਿੰਦੀ। ਜਿੰਮੇਵਾਰੀਆਂ ਵਿਚ ਅੱਕਲ਼ਕਾਨ ਹੋਏ ਬੰਤ ਦੇ ਮੂੰਹ ਤੋਂ ਮੱਖੀ ਨਾ ਉਡਦੀ।
ਉਸ ਕੋਲ਼ ਦੋ ਖੁੱਲੇ-ਡੁੱਲ੍ਹੇ ਮਕਾਨ ਸਨ।
ਇੱਕ ਉਸ ਨੇ ਕਿਰਾਏ 'ਤੇ ਦਿੱਤਾ ਹੋਇਆ ਸੀ ਅਤੇ ਇੱਕ ਵਿਚ ਉਹ ਆਪ ਰਹਿ ਰਿਹਾ ਸੀ। ਦਿਨ ਤਾਂ ਉਸ ਦਾ ਕੰਮ ਕਰਦੇ ਦਾ ਬੜਾ ਸੋਹਣਾਂ ਬੀਤ ਜਾਂਦਾ ਸੀ। ਪਰ ਰਾਤ ਨੂੰ ਜਦ ਉਹ ਘਰ ਪਹੁੰਚਦਾ ਤਾਂ ਘਰ 'ਭਾਂਅ-ਭਾਂਅ' ਕਰਦਾ ਉਸ ਨੂੰ ਖਾਣ ਆਉਂਦਾ। ਖਾਲੀ-ਖਾਲੀ ਘਰ ਉਸ ਨੂੰ ਮੜੀਆਂ-ਮਸਾਣਾਂ ਵਰਗਾ ਜਾਪਦਾ। ਉਸ ਅੰਦਰੋਂ ਇੱਕ ਸੀਤ ਹਾਉਕਾ ਉਠਦਾ ਅਤੇ ਉਹ ਬਰਫ਼ ਬਣਿਆਂ ਟੈਲੀਵਿਯਨ ਅੱਗੇ ਬੈਠਾ ਦਾਰੂ ਪੀਂਦਾ, ਰੋਂਦਾ ਰਹਿੰਦਾ। ਇਕਲਾਪਾ ਉਸ ਨੂੰ ਘੁਣ ਵਾਂਗੂੰ 'ਚਰਦਾ' ਜਾ ਰਿਹਾ ਸੀ। ਰੋਟੀ ਉਸ ਨੂੰ ਬਣਾਉਣੀ ਨਹੀਂ ਆਉਂਦੀ ਸੀ। ਕਦੇ ਉਹ ਪੀਜ਼ਾ ਮੰਗਵਾ ਲੈਂਦਾ ਅਤੇ ਕਦੇ ਮੁਰਗਾ! ਕਾਲ਼ਜਾ ਧਾਫ਼ੜ ਕੇ ਸੌਂ ਛੱਡਦਾ ਅਤੇ ਸਵੇਰੇ ਜਾ ਕੇ ਦੁਕਾਨ ਸਾਂਭ ਲੈਂਦਾ। ਉਸ ਦਾ ਕੋਹਲੂ ਦੇ ਬਲ਼ਦ ਵਾਲ਼ਾ ਹਾਲ ਬਣਿਆਂ ਹੋਇਆ ਸੀ।
ਮਨਜੀਤ ਦਾ ਉਸ ਦੀ ਦੁਕਾਨ ਵਿਚ ਆਉਣਾ-ਜਾਣਾ ਬਣਿਆਂ ਰਿਹਾ। ਹੁਣ ਉਹ ਕੋਈ ਟਿੱਚਰ-ਮਸ਼ਕਰੀ ਵੀ ਕਰ ਲੈਂਦੀ। ਛੇੜਖ਼ਾਨੀ ਵੀ ਕਰ ਜਾਂਦੀ। ਪਰ ਬੰਤ ਕੋਲ਼ ਟਾਈਮ ਹੀ ਨਾ ਹੁੰਦਾ। ਉਹ ਦੁਕਾਨ 'ਤੇ ਮਸ਼ਰੂਫ਼ ਹੀ ਇਤਨਾ ਹੁੰਦਾ ਕਿ ਉਸ ਕੋਲ਼ ਸਿਰ ਖੁਰਕਣ ਲਈ ਵੀ ਵਿਹਲ ਨਾ ਹੁੰਦੀ। ਹਾਸਾ ਮਜ਼ਾਕ ਤਾਂ ਉਸ ਨੂੰ ਕੀ ਸੁਣਨਾਂ ਜਾਂ ਸੁੱਝਣਾਂ ਸੀ? ਉਹ ਤਾਂ ਦੁਕਾਨ ਦੀਆਂ ਜ਼ਿੰਮੇਵਾਰੀਆਂ 'ਚ ਹੀ ਉਲ਼ਝਿਆ ਹੋਇਆ ਸੀ।
ਇੱਕ ਰਾਤ ਬੰਤ ਨੇ ਘਰੇ ਆ ਕੇ ਦੋ ਕੁ ਪੈੱਗ ਲਾਏ ਅਤੇ ਨਹਾਉਣ ਵੜ ਗਿਆ।
ਅਜੇ ਉਹ ਨਹਾ ਕੇ ਥੱਲੇ ਉੱਤਰਿਆ ਹੀ ਸੀ ਕਿ ਕਿਸੇ ਨੇ ਦਰਵਾਜੇ 'ਤੇ ਘੰਟੀ ਮਾਰੀ। ਬੰਤ ਬੜਾ ਹੈਰਾਨ ਹੋਇਆ ਕਿ ਕੁਵੇਲ਼ੇ ਘੰਟੀ ਮਾਰਨ ਵਾਲ਼ਾ ਇਹ ਕੌਣ ਹੋਇਆ? ਉਸ ਦਾ ਤਾਂ ਕੋਈ ਇਤਨਾ ਨਜ਼ਦੀਕੀ ਮਿੱਤਰ ਵੀ ਨਹੀਂ ਸੀ, ਜੋ ਉਸ ਦੀ ਘੰਟੀ ਇਸ ਵੇਲ਼ੇ ਮਾਰ ਦੇਵੇ? ਕੋਈ ਲੁਟੇਰਾ ਵੀ ਹੋ ਸਕਦਾ ਹੈ? ਸੋਚ ਕੇ ਉਸ ਦਾ ਦਿਲ ਧੜਕਿਆ। 'ਮੰਦਹਾਲੀ' ਦੇ ਦੌਰ ਵਿਚ ਲੰਡਨ ਵਿਚ ਬਹੁਤ ਕੁਛ ਹੋ ਰਿਹਾ ਸੀ। ਸ਼ਰੇਆਮ ਲੁੱਟ-ਮਾਰ ਹੋ ਰਹੀ ਸੀ ਅਤੇ ਸੜਕਾਂ 'ਤੇ ਤੁਰੀਆਂ ਜਾਂਦੀਆਂ ਔਰਤਾਂ ਦੇ ਪਰਸ ਅਤੇ ਮੋਬਾਇਲ ਫ਼ੋਨ ਖੋਹੇ ਜਾ ਰਹੇ ਸਨ।
ਉਸ ਨੇ ਖੂੰਜੇ ਪਿਆ ਬੇਸਬਾਲ ਚੁੱਕ ਕੇ ਦਰਵਾਜਾ ਅੱਧਾ ਕੁ ਜਾ ਖੋਲ੍ਹਿਆ।
ਸਾਹਮਣੇ ਮਨਜੀਤ ਖੜ੍ਹੀ ਸੀ।
ਬੰਤ ਨੇ ਬੇਸਬਾਲ ਪਾਸੇ ਰੱਖ ਕੇ 'ਸੇਫ਼ਟੀ ਲੌਕ' ਖੋਲ੍ਹ ਦਿੱਤਾ।
-''ਤੂੰ ਐਸ ਵੇਲ਼ੇ...? ਸੁੱਖ ਐ..?" ਬੰਤ ਹੈਰਾਨ ਹੋਇਆ ਖੜ੍ਹਾ ਸੀ। ਉਸ ਦਾ ਚਿਹਰਾ 'ਪ੍ਰਸ਼ਨ-ਚਿੰਨ੍ਹ' ਵਰਗਾ ਬਣਿਆਂ ਹੋਇਆ ਸੀ।
-''ਦੁਕਾਨ 'ਚ ਤਾਂ ਸਾਰੀ ਦਿਹਾੜੀ ਅੱਕਲ਼ਕਾਣ ਹੋਇਆ ਰਹਿੰਨੈ, ਗੱਲ ਕਰਨ ਜੋਕਰਾ ਵੀ ਟਾਈਮ ਨੀ ਹੁੰਦਾ, ਸੋਚਿਆ ਅੱਜ ਤੇਰੇ ਘਰ ਈ ਜਾ ਆਵਾਂ..?"
-''ਕੀ ਕਰੀਏ..? ਸਾਲ਼ਾ ਟੈਮ ਈ ਨੀ ਲੱਗਦਾ..!" ਉਸ ਨੇ ਬੋਤਲ ਨੂੰ ਹੱਥ ਪਾ ਲਿਆ, ''ਇੱਕ ਸਾਲ਼ੀ ਸਿਹਤ ਨੀ ਠੀਕ ਰਹਿੰਦੀ..! ਸ਼ੂਗਰ ਵਧ ਜਾਂਦੀ ਐ..!"
-''ਸ਼ੂਗਰ ਨੂੰ ਕੀ ਦੋਸ਼ ਐ..? ਇੱਕ ਤਾਂ ਸਾਰੀ ਦਿਹਾੜੀ ਕੰਮ ਦਾ ਬੋਝ, ਤੇ ਦੂਜਾ ਆਹ ਮੂਤ ਨੀ ਪੀਣੋਂ ਹਟਦਾ ਤੂੰ..!"
-''ਕੀ ਕਰਾਂ..? ਸਾਰਾ ਬੋਝ 'ਕੱਲੇ 'ਤੇ ਈ ਤਾਂ ਰਹਿੰਦੈ..! ਸਾਰੀ ਦਿਹਾੜੀ ਕੰਮ ਸਾਹ ਨੀ ਲੈਣ ਦਿੰਦਾ, ਤੇ ਫ਼ੇਰ ਰਾਤ ਨੂੰ 'ਕੱਲਾ ਪਿਆ ਸੋਚੀ ਜਾਨੈਂ..! ਦਾਰੂ ਬਿਨਾਂ ਕਮਲ਼ੇ ਨੀ ਹੋਇਆ ਜਾਂਦਾ..! ਮੈਂ ਕਿਸੇ ਸ਼ੌਕ ਨੂੰ ਥੋੜ੍ਹੋ ਪੀਨੈਂ..? ਪੀਤਾ ਹੂੰ ਗ਼ਮ ਭੂਲਾਨੇ ਕੋ..!" ਤੇ ਉਸ ਨੇ 'ਗਰਰ' ਦੇਣੇ ਪੈੱਗ ਅੰਦਰ ਸੁੱਟਿਆ ਤਾਂ ਮਨਜੀਤ ਨੇ ਉਸ ਦੇ ਹੱਥੋਂ ਗਿਲਾਸ ਫ਼ੜ ਕੇ ਮੇਜ਼ 'ਤੇ ਰੱਖ ਦਿੱਤਾ ਅਤੇ ਬੋਤੇ ਵਰਗੇ ਬੰਤ ਨੂੰ ਬਾਂਹਾਂ 'ਚ ਜਕੜ ਲਿਆ। ਬੰਤ ਅੰਦਰ ਠੰਢ ਪੈ ਗਈ। ਬਹੁਤ ਦੇਰ ਬਾਅਦ ਉਸ ਨੂੰ ਕਿਸੇ ਔਰਤ ਦੀ 'ਛੁਹ' ਨਸੀਬ ਹੋਈ ਸੀ। ਜਦੋਂ ਮਨਜੀਤ ਨੇ ਆਪਣੀਆਂ ਛਾਤੀਆਂ ਉਸ ਨਾਲ਼ ਘਸਾਈਆਂ ਤਾਂ ਦਾਰੂ ਦੇ ਸਰੂਰ ਵਿਚ ਬੰਤ ਬੇਵੱਸ ਹੋ ਗਿਆ ਅਤੇ ਉਸ ਬੇਕਾਬੂ ਹੋਏ ਨੇ ਮਨਜੀਤ ਨੂੰ ਕੱਟਰੂ ਵਾਂਗ ਚੱਟਣਾਂ ਸ਼ੁਰੂ ਕਰ ਦਿੱਤਾ। ਉਸ ਦੀ ਮੱਝ ਦੀ ਜੀਭ ਵਰਗੀ ਜੀਭ ਮਨਜੀਤ ਦੇ ਮੂੰਹ 'ਤੇ ਰੇਗਮਾਰ ਵਾਂਗ ਫ਼ਿਰਦੀ ਸੀ।
ਇੱਕ ਪੈੱਗ ਪੀ ਕੇ ਉਸ ਨੇ ਮਨਜੀਤ ਨੂੰ 'ਲਿਵਿੰਗ ਰੂਮ' ਵਿਚ ਹੀ ਸਿਰਹਾਣੇ ਵਾਂਗੂੰ 'ਸਿੱਧੀ' ਕਰ ਲਿਆ। ਸਾਗਰ ਦੀਆਂ ਲਹਿਰਾਂ ਵਾਂਗ ਇੱਕ ਤੂਫ਼ਾਨ ਉਠਿਆ ਅਤੇ ਫ਼ਿਰ ਸ਼ਾਂਤ ਹੋ ਗਿਆ।
-''ਵੇ ਮੈਂ ਤਾਂ ਜਿੰਨੀ ਵਾਰ ਤੈਨੂੰ ਸ਼ੌਪ 'ਤੇ ਦੇਖਦੀ ਸੀ, ਮੈਨੂੰ ਤਾਂ ਤੇਰਾ ਤਰਸ ਈ ਬਹੁਤ ਆਉਂਦਾ ਸੀ..! ਸੋਚਦੀ ਸੀ ਕਦੇ ਘਰੇ ਜਾ ਕੇ ਈ ਮਿਲ਼ ਕੇ ਆਊਂ, ਸ਼ੌਪ 'ਤੇ ਤਾਂ ਤੂੰ ਬਿਜ਼ੀ ਹੁੰਨੈ..! ਕਿਵੇਂ ਰਹੀ ਮੇਰੀ ਸਰਵਿਸ..?" ਮਨਜੀਤ ਨੇ ਬੇਬਾਕ ਪੁੱਛ ਲਿਆ।
-''ਆਮ ਔਰਤ ਵਰਗੀ ਵਧੀਆ ਸਰਵਿਸ ਐ, ਹੋਰ ਸਰਵਿਸ ਨੂੰ ਆਪਾਂ ਕਿਸੇ ਮੁਕਾਬਲੇ 'ਚ ਭਾਗ ਲੈਣੈਂ..?" ਉਸ ਨੇ ਥਾਪੜੇ ਦੀ ਆਸ ਲਾਈ ਬੈਠੀ ਮਨਜੀਤ ਨੂੰ ਬੇਰੀ ਵਾਂਗ ਝਾੜ ਦਿੱਤਾ।
-''ਥਾਪੜੇ ਦੀ ਆਸ ਰੱਖਦੀਐਂ ਕੰਜਰੀਆਂ..! ਜਿੰਨ੍ਹਾਂ ਨੇ ਗਾਹਕ ਪੱਕੇ ਕਰਨੇ ਹੁੰਦੇ ਐ ਤੇ ਆਪਣੀ ਕਮਾਈ 'ਚ ਵਾਧਾ ਕਰਨਾ ਹੁੰਦੈ..! ਇਸ ਪੱਖੋਂ ਆਮ ਪੰਜਾਬਣ ਕਦੇ ਵੀ ਮੁਕਾਬਲੇਬਾਜ਼ੀ 'ਚ ਨੀ ਪੈਂਦੀ..! ਆਪਾਂ ਆਪਣਾ ਰਾਂਝਾ ਰਾਜ਼ੀ ਕਰਨੈਂ, ਕਿਤੇ ਟੂਰਨਾਮੈਂਟ 'ਤੇ ਥੋੜ੍ਹੋ ਜਾਣੈਂ..? ਛੱਡ ਇਹ ਬੇਹੂਦੀਆਂ ਗੱਲਾਂ..!" ਬੰਤ ਦੀਆਂ ਸੱਚੀਆਂ ਗੱਲਾਂ ਸੁਣ ਕੇ ਮਨਜੀਤ ਛਿੱਥੀ ਜਿਹੀ ਪੈ ਗਈ। ਉਸ ਨੂੰ ਆਪਣੀ ਕਹੀ ਗੱਲ 'ਤੇ ਪਛਤਾਵਾ ਜਿਹਾ ਹੋਇਆ ਅਤੇ ਬੇਇੱਜ਼ਤੀ ਮਹਿਸੂਸ ਕੀਤੀ।
ਬੰਤ ਉਠ ਕੇ ਪੈੱਗ ਲਾਉਣ ਚਲਿਆ ਗਿਆ।
ਹੁਣ ਮਨਜੀਤ ਨੇ ਉਸ ਨੂੰ ਨਾ ਰੋਕਿਆ।
ਉਹ ਸੋਚ ਰਹੀ ਸੀ ਕਿ ਹੁਣ ਪਤਾ ਨਹੀਂ ਉਹ ਕੀ ਕੱਛ 'ਚੋਂ ਮੂੰਗਲ਼ਾ ਕੱਢ ਮਾਰੇ?
...ਅਸਲ ਵਿਚ ਮਨਜੀਤ ਦਾ ਵੀ ਕਈ ਸਾਲ ਪਹਿਲਾਂ ਤਲਾਕ ਹੋ ਗਿਆ ਸੀ। ਉਸ ਦਾ ਬਚਪਨ ਦਾ ਇੱਕ ਹਿਰਦੇਵੇਧਕ ਦੁਖਾਂਤ ਇਹ ਸੀ ਕਿ ਜਦੋਂ ਉਹ ਅੱਠਵੀਂ ਵਿਚ ਪੜ੍ਹਦੀ ਸੀ ਤਾਂ ਇਲਾਕੇ ਦੇ ਇੱਕ ਬਦਮਾਸ਼ ਦੀ ਨਜ਼ਰ ਚੜ੍ਹ ਗਈ ਸੀ। ਮਨਜੀਤ ਦਾ ਭਰਾ ਅਜੇ ਬਹੁਤ ਛੋਟਾ ਸੀ ਅਤੇ ਬਾਪੂ ਇੱਕ 'ਸਾਊ' ਅਤੇ 'ਡਰਾਕਲ਼' ਕਿਸਮ ਦਾ ਬੰਦਾ ਸੀ। ਉਹ ਕਿਸੇ ਬਦਮਾਸ਼ ਨਾਲ਼ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਸੀ। ਅੱਠਵੀਂ ਕਲਾਸ ਦੀ ਬੱਚੀ ਮਨਜੀਤ ਨੂੰ ਉਸ ਬਦਮਾਸ਼ ਨੇ ਬਾਲ ਅਵੱਸਥਾ ਵਿਚ ਹੀ ਜ਼ਬਰਦਸਤੀ ਆਪਣੀ ਹਵਸ ਦਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ।
ਜਿਉਂ-ਜਿਉਂ ਮਨਜੀਤ ਉਮਰ ਦੀ ਪੌੜੀ ਚੜ੍ਹਦੀ ਗਈ ਤਾਂ ਉਸ ਨੂੰ ਇਸ ਕੰਮ ਦਾ 'ਚਸਕਾ' ਪੈਂਦਾ ਗਿਆ। ਜਦੋਂ ਉਹ ਸਕੂਲ ਛੱਡ ਕਾਲਿਜ ਦਾਖ਼ਲ ਹੋਈ ਤਾਂ ਉਸ ਦੀ ਸਰੀਰਕ ਪਿਆਸ ਇਤਨੀ ਹਾਬੜੇ ਤੱਕ ਵਧ ਗਈ ਕਿ ਉਹ ਕਾਲਿਜ ਤੋਂ ਆ ਕੇ ਸਿੱਧੀ ਉਸ ਬਦਮਾਸ਼ ਕੋਲ਼ ਆਪ ਜਾ ਪਹੁੰਚਦੀ ਅਤੇ ਸਰੀਰਕ ਤ੍ਰਿਪਤੀ ਕਰ ਕੇ ਘਰ ਆਉਂਦੀ। ਮਾਂ-ਬਾਪ ਲਹੂ ਦੀ ਘੁੱਟ ਵੱਟੀ ਚੁੱਪ ਸਨ। ਉਹਨਾਂ ਦੇ ਵੱਸ ਕੋਈ ਨਹੀਂ ਸੀ। ਉਹ ਅੰਦਰੋ-ਅੰਦਰੀ ਰੋ ਕੇ ਚੁੱਪ ਕਰ ਜਾਂਦੇ। ਲੋਕਾਂ ਵਿਚ ਉਹ ਕਿਸੇ ਨੂੰ ਮੂੰਹ ਦਿਖਾਉਣ ਦੇ ਲਾਇਕ ਨਹੀਂ ਸਨ। ਨਮੋਸ਼ੀ ਦੇ ਮਾਰੇ ਅੰਦਰ ਹੀ ਤਾੜੇ ਰਹਿੰਦੇ ਅਤੇ ਕਿਸੇ ਮਜਬੂਰੀ ਨੂੰ ਹੀ ਬਾਹਰ ਨਿਕਲਦੇ। ਲੋਕ ਵੀ ਉਹਨਾਂ ਦੀ ਮਜਬੂਰੀ ਅਤੇ ਨਮੋਸ਼ੀ ਦਾ ਕਾਰਨ ਧੁਰ ਹਿਰਦੇ ਤੋਂ ਸਮਝਦੇ। ਪਰ ਸੱਪ ਦੇ ਮੂੰਹ ਹੱਥ ਕੌਣ ਪਾਉਂਦਾ? ਉਸ ਬਦਮਾਸ਼ ਨਾਲ਼ ਕੋਈ ਵੀ ਵੈਰ ਮੁੱਲ ਨਹੀਂ ਲੈਣਾਂ ਚਾਹੁੰਦਾ ਸੀ। ਕੌਣ ਆਖਦਾ ਕਿ ਜਾਂਦੀਏ ਬਲਾਏ ਦੁਪਿਹਰਾ ਕੱਟ ਜਾਹ..? ਕੌਣ ਆਖਦਾ ਆ ਬੈਲ ਮੁਝੇ ਮਾਰ..?? ਸਾਰਾ ਪਿੰਡ ਅੱਖੀਂ ਦੇਖ ਕੇ ਮੱਖੀ ਨਿਗਲ਼ ਰਿਹਾ ਸੀ। ਉਹ ਬਦਮਾਸ਼ ਕੁੜੀ ਦੀ ਸਰੀਰਕ ਭੁੱਖ ਦਾ 'ਪੂਰਕ' ਬਣ ਚੁੱਕਿਆ ਸੀ। ਪਰ ਫ਼ਿਰ ਵੀ ਕਈ ਵਾਰ ਮਨਜੀਤ ਤੋਂ ਸਵੇਰੇ ਉਠਿਆ ਨਾ ਜਾਂਦਾ। ਸਾਹਣ ਵਰਗਾ ਨਸ਼ਈ ਧੱਤੂ ਉਸ ਦੇ ਨਰਮ ਅਤੇ ਮਾਲੂਕ ਸਰੀਰ ਦਾ ਗਾਹ ਪਾ ਦਿੰਦਾ। ਹੁਣ ਤਾਂ ਉਹ ਆਪ ਚੱਲ ਕੇ ਉਸ ਕੋਲ਼ ਜਾਣ ਲੱਗ ਪਈ ਸੀ। ਧੱਤੂ ਬਾਗੋ-ਬਾਗ ਸੀ। ਮਨਜੀਤ ਨੂੰ ਖ਼ੁਦ ਆਉਂਦੀ ਦੇਖ ਕੇ ਖ਼ੁਸ਼ੀ ਉਸ ਦੀਆਂ ਕੱਛਾਂ ਵਿਚੋਂ ਡੁੱਲ੍ਹਣ ਲੱਗ ਪੈਂਦੀ ਅਤੇ ਉਹ ਬਘਿਆੜ ਜਿੱਡਾ ਮੂੰਹ ਅੱਡ ਕੇ ਉਸ ਦਾ ਸੁਆਗਤ ਕਰਦਾ, ''ਸਦਕੇ ਜਾਵਾਂ ਤੇਰੇ..! ਕੁਰਬਾਨ ਹੋਜਾਂ ਤੇਰੇ ਤੋਂ..! ਤੇਰੀ ਆਈ ਮੈਂ ਮਰਜਾਂ, ਤੇਰਾ ਵਾਲ਼ ਵਿੰਗਾ ਨਾ ਹੋਵੇ...!" ਗਲ਼ੇ-ਸੜੇ ਦੰਦਾਂ ਵਿਚ ਇੱਕ ਸੋਨੇ ਦਾ ਦੰਦ ਬਾਘੀਆਂ ਪਾਉਂਦਾ।
-''ਚੰਦਰੇ ਜੇ ਬੋਲ ਨਾ ਬੋਲਿਆ ਕਰ, ਖ਼ਸਮਾਂ ਨੂੰ ਖਾਣਾਂ..!" ਉਹ ਗੜੱਪ ਦੇਣੇ ਉਸ ਦੀ ਬੁੱਕਲ਼ ਵਿਚ ਵੜ ਜਾਂਦੀ ਅਤੇ ਧੱਤੂ ਉਸ ਨੂੰ ਹੱਥਾਂ-ਪੈਰਾਂ ਵਿਚ ਹੀ ਸਮੇਟ ਲੈਂਦਾ। ਮਨਜੀਤ ਉਸ ਕੋਲ਼ ਬੈਠੀ ਇੰਜ ਪ੍ਰਤੀਤ ਹੁੰਦੀ ਜਿਵੇਂ ਊਠ ਕੋਲ਼ ਬੱਕਰੀ ਬੈਠੀ ਹੁੰਦੀ ਹੈ! ਮਾਂ-ਬਾਪ ਬਥੇਰੇ ਹੱਥ ਜੋੜਦੇ। ਪਰ ਕੁੜੀ ਵੀ ਆਪਣੀ ਸਰੀਰਕ ਭੁੱਖ ਪੱਖੋਂ ਬੇਵੱਸ ਸੀ। ਕਾਮ ਉਤੇਜਨਾਂ ਉਸ ਅੰਦਰ ਅੱਗ ਦੇ ਭਾਂਬੜ ਬਾਲ਼ੀ ਰੱਖਦੀ।
-''ਹੁਣ ਮਾਂ ਬਾਪ ਨੀ ਆਉਣ ਦਿੰਦੇ ਮੈਨੂੰ ਤੇਰੇ ਕੋਲ਼ੇ..! ਗਾਲ੍ਹਾਂ ਕੱਢਦੇ ਐ..!" ਇੱਕ ਦਿਨ ਮਨਜੀਤ ਨੇ ਧੱਤੂ ਕੋਲ਼ ਸ਼ਕਾਇਤ ਜਿਹੀ ਲਾਈ ਸੀ।
-''ਮੈਂ ਸਾਰੇ ਟੱਬਰ ਨੂੰ ਕੋਹਲੂ 'ਚ ਵੀ ਪੀੜ ਦਿਊਂਗਾ..!" ਧੱਤੂ ਦੀ ਅਵਾਜ਼ ਘੜਿਆਲ਼ ਵਾਂਗ ਖੜਕੀ ਸੀ। ਉਹ ਦੈਂਤ ਵਾਂਗ ਉਠਿਆ ਸੀ।
-''ਨਹੀਂ..ਨਹੀਂ..!! ਕਮਲ਼ਾ ਹੋ ਗਿਆ..? ਤੂੰ ਮੇਰੇ ਮਾਂ ਪਿਉ ਮਾਰੇਂਗਾ..?" ਮਨਜੀਤ ਦਾ ਦਿਲ ਧੜਕਿਆ ਕਿ ਮੈਂ ਇਸ ਬਿੱਜੂ ਨੂੰ ਆਹ ਕਿਉਂ ਆਖ ਬੈਠੀ? ਉਸ ਨੇ ਦੋਨਾਂ ਹੱਥਾਂ ਨਾਲ਼ ਉਸ ਦੀ ਬਾਂਹ ਫ਼ੜ ਲਈ।
-''ਤੇਰੇ ਕਰਕੇ ਤਾਂ ਮੈਂ ਸਾਰਾ ਪਿੰਡ ਮਾਰ ਦਿਆਂ..! ਪਿੰਡ ਕੀ..? ਸਾਰਾ 'ਲਾਕਾ ਮਾਰ ਦਿਆਂ ਨਖ਼ਰੋ..! ਗਲ਼ੀ-ਗਲ਼ੀ ਵੈਣ ਪੁਆ ਦਿਆਂ...ਵੈਣ..!" ਉਸ ਨੇ ਮਨਜੀਤ ਦੇ ਮੂੰਹ 'ਤੇ ਊਠ ਵਾਂਗ ਬੁਰਕ ਜਿਹਾ ਭਰ ਲਿਆ।
-''ਚੱਲ ਛੱਡ ਮਾਰ ਮਰਾਈ ਦੀਆਂ ਗੱਲਾਂ..! ਪਤਾ ਨੀ ਕੀ ਅੱਗ ਬਰੂਦ ਖਾਂਦੈ ਥੇਹ ਹੋਣਾਂ, ਬੰਦਾ ਮਾਰਨ ਨੂੰ ਤਾਂ ਤਿਆਰ ਈ ਰਹਿੰਦੈ..!"
-''ਤੇਰਾ ਹੌਸਲਾ ਈ ਐਨਾਂ ਮੈਨੂੰ..! ਕੀ ਕਰਾਂ..? ਬੰਦਾ ਫ਼ੜ ਕੇ ਗੰਨੇ ਮਾਂਗੂੰ ਪਾੜ ਦਿਆਂ..!" ਉਸ ਨੇ ਖ਼ਰਗੋਸ਼ ਵਰਗੀ ਮਨਜੀਤ ਗੋਡਿਆਂ ਵਿਚ ਹੀ ਸਮੇਟ ਲਈ।
...ਤੇ ਫ਼ਿਰ ਜਦੋਂ ਸ਼ਰਾਬੀ ਹੋ ਕੇ ਚੁਬਾਰੇ ਤੋਂ ਡਿੱਗਣ ਕਾਰਨ ਧੱਤੂ ਦੀ ਅਚਾਨਕ ਮੌਤ ਹੋਈ ਤਾਂ ਸਾਰੇ ਇਲਾਕੇ ਨੇ ਸੁਖ ਦਾ ਸਾਹ ਲਿਆ ਸੀ। ਕਿਸੇ ਨੇ ਵੀ ਸਸਕਾਰ ਕਰਨ ਲਈ ਹੱਥ ਨਹੀਂ ਵਧਾਇਆ ਸੀ। ਦੁਨੀਆਂ ਉਸ ਨੂੰ ਘ੍ਰਿਣਾਂ ਕਰਦੀ ਸੀ। ਅਖ਼ੀਰ ਪਿੰਡ ਦੀ ਪੰਚਾਇਤ ਨੇ ਰੱਬ ਦਾ ਜੀਅ ਸਮਝ ਕੇ ਸਸਕਾਰ ਕਰ ਦਿੱਤਾ ਸੀ।
ਧੱਤੂ ਦੇ ਸਸਕਾਰ ਤੋਂ ਬਾਅਦ ਮਨਜੀਤ ਦੇ ਮਾਂ-ਬਾਪ ਨੇ ਉਸ ਲਈ ਕੋਈ 'ਮੁੰਡਾ' ਦੇਖਣਾਂ ਸ਼ੁਰੂ ਕਰ ਦਿੱਤਾ। ਪਰ ਸਾਰੇ ਇਲਾਕੇ ਨੂੰ ਮਨਜੀਤ ਦੀਆਂ ਕਰਤੂਤਾਂ ਦਾ ਪਤਾ ਸੀ। ਕੋਈ ਵੀ ਵਿਆਹ ਲਈ ਤਿਆਰ ਨਾ ਹੁੰਦਾ। ਧੱਤੂ ਦੇ ਮਰਨ ਤੋਂ ਬਾਅਦ ਤਾਂ ਜਿਵੇਂ ਮਨਜੀਤ ਨੂੰ ਕੋਈ 'ਹਲ਼ਕ' ਛੁੱਟ ਪਿਆ ਸੀ। ਉਹ ਹਲ਼ਕਿਆਂ ਵਾਂਗ ਕੰਧਾਂ ਕੌਲ਼ਿਆਂ ਵਿਚ ਵੱਜਦੀ ਫ਼ਿਰਦੀ ਰਹਿੰਦੀ। ਪਿੰਡ ਦਾ ਜਿਹੜਾ ਵੀ ਮੁੰਡਾ ਜਾਂ ਆਦਮੀ ਮਿਲ਼ਦਾ, ਉਸ ਨਾਲ਼ ਹੀ ਹਮਬਿਸਤਰ ਹੋ ਜਾਂਦੀ। ਪਰ ਧੱਤੂ ਵਰਗੀ ਸਰੀਰਕ ਸੰਤੁਸ਼ਟੀ ਉਸ ਨੂੰ ਕੋਈ ਨਾ ਦੇ ਸਕਦਾ। ਪਿੰਡ ਦੀਆਂ ਔਰਤਾਂ ਉਸ ਹੱਥੋਂ ਬਹੁਤ ਦੁਖੀ ਸਨ ਕਿ ਮਨਜੀਤ ਉਹਨਾਂ ਦੇ ਬੰਦੇ 'ਵਿਗਾੜ' ਰਹੀ ਸੀ।
ਅਖ਼ੀਰ ਉਸ ਦਾ ਰਿਸ਼ਤਾ ਇੰਗਲੈਂਡ ਵਸਦੇ ਕਿਸੇ ਦੁੱਗਣੀ ਉਮਰ ਦੇ ਬੰਦੇ ਨਾਲ਼ ਕਰ ਦਿੱਤਾ ਅਤੇ ਮਨਜੀਤ ਇੰਗਲੈਂਡ ਆ ਗਈ। ਪਰ ਇੰਗਲੈਂਡ ਆ ਕੇ ਵੀ ਉਸ ਦੀਆਂ ਆਦਤਾਂ ਨਾ ਸੁਧਰੀਆਂ ਅਤੇ ਉਸ ਦੀਆਂ ਉਹੀ ਘਤਿੱਤਾਂ ਬਾ-ਦਸਤੂਰ ਜਾਰੀ ਰਹੀਆਂ। ਉਸ ਦਾ ਬੁੱਢਾ ਪਤੀ ਉਸ ਨੂੰ ਆਪਣੀ ਇੱਜ਼ਤ ਦੇ ਵਾਸਤੇ ਦੇ-ਦੇ ਕੇ ਸਮਝਾਉਂਦਾ ਰਿਹਾ, ਪਰ ਮਨਜੀਤ ਆਪਣੀ ਵਿਗੜੀ ਚੁੱਕੀ ਆਦਤ ਕਦੇ ਨਹੀਂ ਬਦਲ ਸਕਦੀ ਸੀ। ਉਹ ਆਪਣੇ ਬੁੱਢੇ ਪਤੀ ਨੂੰ 'ਖ਼ੁਸਰੇ' ਜਾਂ 'ਜਨਾਨੇ' ਤੋਂ ਬਿਨਾਂ ਗੱਲ ਨਾ ਕਰਦੀ, ਜਿਹੜਾ ਉਸ ਦੇ ਤਨ ਦੀ ਅੱਗ ਨਹੀਂ ਬੁਝਾ ਸਕਦਾ ਸੀ। ਗੱਲ ਗੱਲ 'ਤੇ ਉਸ ਨੂੰ ਵੱਢਣ ਆਉਂਦੀ। ਅਗਲਾ ਵੀ ਅਕਸਰ ਇਨਸਾਨ ਸੀ। ਉਸ ਨੇ ਵੀ ਆਪਣੇ ਸੁਖ ਲਈ ਇੱਕ ਸਮਝੌਤਾ ਕੀਤਾ ਸੀ ਅਤੇ ਪਤਾ ਹੋਣ ਦੇ ਬਾਵਜੂਦ ਇੱਕ ਵਿਭਚਾਰਕ ਕੁੜੀ ਨਾਲ਼ ਵਿਆਹ ਕਰਵਾਇਆ ਸੀ। ਸਭ ਕੁਛ ਅੱਖੋਂ ਪਰੋਖ਼ੇ ਕੀਤਾ ਸੀ। ਪਰ ਹੁਣ ਮਨਜੀਤ ਬਿਨਾਂ ਗੱਲੋਂ ਗਲ਼ ਥਾਣੀਂ ਪਜਾਮਾਂ ਲਾਹੁੰਦੀ ਸੀ। ਉਸ ਦਾ ਕੋਈ ਦੀਨ ਧਰਮ ਨਹੀਂ ਰਹਿ ਗਿਆ ਸੀ। ਉਸ ਲਈ ਕੋਈ ਹਿੰਦੂ, ਕੋਈ ਮੁਸਲਮਾਨ ਜਾਂ ਕੋਈ ਸਿੱਖ ਨਹੀਂ ਸੀ। ਉਸ ਨੂੰ ਤਾਂ ਸਰੀਰਕ ਸੰਤੁਸ਼ਟੀ ਲਈ ਕੋਈ ਬੰਦਾ ਚਾਹੀਦਾ ਸੀ ਅਤੇ ਉਹ ਕਮਲ਼ੀ ਹੋਈ ਸੜਕ 'ਤੇ ਨਿਕਲ਼ ਪੈਂਦੀ ਸੀ ਅਤੇ ਆਪਣੀ ਕਾਮ-ਅਗਨ ਦੀ ਤ੍ਰਿਪਤੀ ਕਰ ਕੇ ਘਰ ਵੜਦੀ ਸੀ।
ਇਹਨਾਂ ਗੱਲਾਂ ਪੱਖੋਂ ਉਸ ਦਾ ਪਤੀ ਬਹੁਤ ਤੰਗ ਸੀ। ਇਹਨਾਂ ਵਧੀਕੀਆਂ ਕਰ ਕੇ ਮਨਜੀਤ ਦਾ ਤਲਾਕ ਹੋ ਗਿਆ ਸੀ। ਕਿਉਂਕਿ ਚਾਹੇ ਬੁੱਢਾ ਹੀ ਸੀ, ਪਰ ਪਤੀ ਸੀ। ਅਤੇ ਕੋਈ ਅੱਖੀਂ ਦੇਖ ਕੇ ਮੱਖੀ ਨਹੀਂ ਨਿਗਲ਼ ਸਕਦਾ ਸੀ। ਉਸ ਨੇ ਮਨਜੀਤ ਦੇ ਵਿਭਚਾਰ ਦੇ ਸਬੂਤ ਅਦਾਲਤ ਅੱਗੇ ਪੇਸ਼ ਕਰ ਦਿੱਤੇ ਅਤੇ ਕੁਝ ਅਰਸੇ ਬਾਅਦ ਉਸ ਦਾ ਤਲਾਕ ਹੋ ਗਿਆ ਸੀ। ਜਿਵੇਂ ਬੁੱਢੀ ਕੰਜਰੀ ਅਤੇ ਬਚੀ ਸ਼ਰਾਬ ਵੱਲ ਕੋਈ ਅੱਖ ਪੱਟ ਕੇ ਨਹੀਂ ਝਾਕਦਾ, ਉਹੀ ਗੱਲ ਹੁਣ ਮਨਜੀਤ ਨਾਲ਼ ਹੋਣ ਲੱਗ ਪਈ ਸੀ। ਚਾਹੇ ਤਲਾਕ ਤੋਂ ਬਾਅਦ ਉਹ ਹੋਰ ਵੀ ਆਪਹੁਦਰੀ ਹੋ ਗਈ ਸੀ ਅਤੇ ਨਿਰਵਸਤਰ ਹੋਣ ਦੇ ਉਸ ਨੇ ਸਾਰੇ ਬਾਰਡਰ 'ਪਾਰ' ਕਰ ਦਿੱਤੇ ਸਨ। ਪਰ ਹੁਣ ਢਲ਼ੀ ਉਮਰ ਦੇ ਤਕਾਜ਼ੇ ਨਾਲ਼ ਉਸ ਦੇ ਜਜ਼ਬਾਤ ਆਪਣੇ ਆਪ ਹੀ ਸੁੰਗੜ ਗਏ ਸਨ ਅਤੇ ਲੋਕਾਂ ਦਾ ਧਿਆਨ ਹੁਣ ਉਸ ਵੱਲੋਂ ਹਟ ਗਿਆ ਸੀ।
ਪੰਤਾਲ਼ੀ ਸਾਲ ਨੂੰ ਟੱਪ ਕੇ ਉਸ ਨੂੰ ਹੁਣ ਮਹਿਸੂਸ ਹੁੰਦਾ ਸੀ ਕਿ ਜੋ ਉਸ ਨੇ ਜੁਆਨੀ ਵੇਲ਼ੇ ਕੀਤਾ ਸੀ, ਉਹ ਸਰਾਸਰ ਗਲਤ ਸੀ। ਹੁਣ ਉਸ ਨੂੰ ਆਪਣੇ ਮਰਨ ਵਾਲ਼ੇ ਪਤੀ 'ਤੇ ਵੀ ਕਾਫ਼ੀ ਤਰਸ ਜਿਹਾ ਆਉਂਦਾ। ਉਸ ਦਾ ਪਤੀ ਤਲਾਕ ਤੋਂ ਸਾਲ ਕੁ ਬਾਅਦ ਹੀ ਰੱਬ ਨੂੰ ਪਿਆਰਾ ਹੋ ਗਿਆ ਸੀ। ਉਸ ਦੀ ਜਾਇਦਾਦ 'ਚੋਂ ਉਸ ਨੂੰ ਅੱਧ ਤਾਂ ਤਲਾਕ ਵੇਲ਼ੇ ਹੀ ਮਿਲ਼ ਗਿਆ ਸੀ, ਜਿਸ 'ਤੇ ਉਹ ਐਸ਼ ਕਰ ਰਹੀ ਸੀ। ਚੰਗਾ ਖਾਂਦੀ ਸੀ ਅਤੇ ਮੰਦਾ ਬੋਲਦੀ ਸੀ। ਮੋਢਿਆਂ ਉਪਰੋਂ ਦੀ ਥੁੱਕਦੀ, ਅੱਖਾਂ ਰਾਹੀਂ ਮਿਰਚਾਂ ਭੋਰਦੀ ਸੀ।
-''ਲੰਗਰ ਤਾਂ ਮੇਰੇ ਘਰੇ ਮਸਤਾਨਾਂ ਈ ਰਹਿੰਦੈ, ਮੈਂ ਤਾਂ ਪੀਜ਼ਾ ਜਾਂ ਮੁਰਗਾ ਈ ਮੰਗਵਾ ਲੈਨੈਂ, ਕੀ ਖਾਣੈਂ..?" ਬੰਤ ਫ਼ੋਨ ਹੱਥ ਵਿਚ ਫ਼ੜੀ ਮਨਜੀਤ ਨੂੰ ਪੁੱਛ ਰਿਹਾ ਸੀ।
-''ਜੋ ਮਰਜ਼ੀ ਐ ਮੰਗਵਾ ਲੈ..! ਜਿਵੇਂ ਕਹਿੰਦੇ ਹੁੰਦੇ ਐ, ਸਾਧਾਂ ਨੂੰ ਕੀ ਐ ਸੁਆਦਾਂ ਤਾਂਈਂ..?"
-''ਆਉਣ ਦਿਆਂ ਫ਼ੇਰ ਸਣੇਂ ਮਲ਼ਾਈ..?" ਗੱਲ ਪੂਰੀ ਕਰ ਕੇ ਬੰਤ ਨੇ ਦੋ ਪੀਜ਼ੇ ਆਰਡਰ ਕਰ ਦਿੱਤੇ।
ਰਾਤ ਬਾਰਾਂ ਕੁ ਵਜੇ ਮਨਜੀਤ ਆਪਣੇ ਘਰ ਚਲੀ ਗਈ।
ਅਸਲ ਵਿਚ ਬੰਤ ਸਿੰਘ ਨੂੰ ਵੀ ਮਨਜੀਤ ਦੇ ਚਾਲ-ਚੱਲਣ ਬਾਰੇ ਕੋਈ ਪਤਾ ਨਹੀਂ ਸੀ। ਕਿਉਂਕਿ ਬੰਤ ਸਿੰਘ ਦਾ ਜੀਵਨ ਤਾਂ ਦੁਕਾਨ ਤੋਂ ਘਰ ਅਤੇ ਘਰ ਤੋਂ ਦੁਕਾਨ ਸੀ। ਕਿਸੇ ਨਾਲ਼ ਉਸ ਦੀ ਯਾਰੀ-ਮਿੱਤਰਤਾਈ ਨਹੀਂ ਸੀ। ਕਿਸੇ ਕੋਲ਼ ਆਉਣ-ਜਾਣ ਨਹੀਂ ਸੀ, ਜਿਸ ਤੋਂ ਉਸ ਨੂੰ ਮਨਜੀਤ ਦੇ ਚਾਲ-ਚੱਲਣ ਬਾਰੇ ਪਤਾ ਲੱਗਦਾ। ਉਹ ਤਾਂ ਸਵੇਰੇ ਸੱਤ ਵਜੇ ਦੁਕਾਨ ਖੋਲ੍ਹ ਲੈਂਦਾ ਅਤੇ ਸ਼ਾਮ ਅੱਠ ਵਜੇ ਬੰਦ ਕਰ ਦਿੰਦਾ। ਬੱਸ ਦੁਕਾਨ ਹੀ ਉਸ ਦਾ ਆਹਰ ਅਤੇ ਦੁਕਾਨ ਹੀ ਉਸ ਦੀ ਜ਼ਿੰਦਗੀ ਸੀ। ਜਦੋਂ ਉਸ ਦੀ ਪਤਨੀ ਜਿਉਂਦੀ ਸੀ, ਓਦੋਂ ਤਾਂ ਉਹ ਕਦੇ-ਕਦਾਈਂ ਗੁਰਦੁਆਰੇ ਵੀ ਚਲਿਆ ਜਾਂਦਾ ਸੀ। ਪਰ ਜਦੋਂ ਤੋਂ ਉਸ ਨੇ ਵਿਛੋੜਾ ਦਿੱਤਾ ਸੀ, ਓਦੋਂ ਤੋਂ ਬੰਤ ਸਿਰਫ਼ ਅਤੇ ਸਿਰਫ਼ ਆਪਣੀ ਦੁਕਾਨ ਜੋਕਰਾ ਹੀ ਰਹਿ ਗਿਆ ਸੀ।
ਹੁਣ ਮਨਜੀਤ ਹਰ ਰੋਜ਼ ਵਾਂਗ ਹੀ ਉਸ ਕੋਲ਼ ਗੇੜਾ ਮਾਰਦੀ। ਉਸ ਨਾਲ਼ ਹਮਦਰਦੀ ਪ੍ਰਗਟ ਕਰਦੀ। ਉਸ ਦੀ ਰਾਤ ਰੰਗੀਨ ਕਰਦੀ ਅਤੇ ਕਦੇ-ਕਦੇ ਆਪਣੇ ਹੱਥ ਨਾਲ਼ ਪੈੱਗ-ਸ਼ੈੱਗ ਵੀ ਪਿਆ ਦਿੰਦੀ ਸੀ। ਬੰਤ ਵੀ ਉਸ 'ਤੇ ਲੱਟੂ ਹੋ ਕੇ ਆਪਣਾ ਦੁੱਖ ਭੁੱਲ ਗਿਆ ਸੀ। ਕਾਫ਼ੀ ਹੱਦ ਤੱਕ ਉਹ ਆਪਣੀ ਘਰਵਾਲ਼ੀ ਦਾ ਵਿਛੋੜਾ ਭੁੱਲ ਗਿਆ ਸੀ।
-''ਤੇਰੇ ਕੋਈ ਜੁਆਕ ਹੈਨ੍ਹੀ..?" ਮਨਜੀਤ ਨੇ ਪੁੱਛਿਆ।
-''ਜੁਆਕ ਜਿੰਨਾਂ ਸਾਲ਼ਾ ਟੈਮ ਈ ਨੀ ਸੀ..! ਦੁਕਾਨ ਨੇ ਈ ਮੱਤ ਮਾਰੀ ਰੱਖੀ..!"
-''.........।" ਸੁਣ ਕੇ ਮਨਜੀਤ ਹਲਕੀ ਹੋ ਗਈ।
ਅਸਲ ਵਿਚ ਮਨਜੀਤ ਨੂੰ ਬੰਤ ਨਾਲ਼ ਨਾ ਤਾਂ ਕੋਈ ਹਮਦਰਦੀ ਸੀ ਅਤੇ ਨਾ ਉਸ ਦੇ ਦੁੱਖਾਂ ਦਾ ਅਹਿਸਾਸ! ਉਹ ਤਾਂ ਸਿਰਫ਼ ਉਸ ਦੀ ਕਮਾਈ 'ਤੇ ਹੀ ਅੱਖ ਰੱਖੀ ਆਉਂਦੀ ਸੀ। ਉਹ ਬੰਤ ਦੇ ਸਿੱਧੜਪੁਣੇ ਅਤੇ ਇਕਲਾਪੇ ਦਾ ਭਰਪੂਰ ਲਾਭ ਉਠਾਉਣਾਂ ਅਤੇ ਉਸ ਦੀ 'ਪ੍ਰਾਪਰਟੀ' 'ਤੇ ਕਬਜ਼ਾ ਕਰਨਾ ਚਾਹੁੰਦੀ ਸੀ। ਪਰ ਇੰਗਲੈਂਡ ਵਰਗੇ ਮੁਲਕ ਵਿਚ ਕਿਸੇ ਦੀ ਪ੍ਰਾਪਰਟੀ 'ਤੇ ਕਬਜ਼ਾ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ। ਇਸ ਲਈ ਉਹ ਇੱਲ੍ਹ ਵਰਗੀ ਅੱਖ ਨਾਲ਼ ਹਰ ਚੀਜ਼ ਦਾ ਜਾਇਜ਼ਾ ਲੈ ਰਹੀ ਸੀ। ਉਹ ਇਹ ਵੀ ਲੱਖਣ ਲਾ ਰਹੀ ਸੀ ਕਿ ਬੰਤ ਦੇ ਯਾਰ-ਦੋਸਤ ਕਿੰਨੇ ਕੁ ਸਨ? ਜੋ ਰੌਲ਼ਾ ਪੈਣ 'ਤੇ ਉਸ ਪਿੱਛੇ ਆ ਸਕਦੇ ਹੋਣ? ਉਹ ਕਾਂ ਅੱਖ ਨਾਲ਼ ਤਾੜਦੀ ਆ ਰਹੀ ਸੀ ਕਿ ਕਿਸੇ ਗੱਲ ਦਾ ਰੌਲ਼ਾ ਪੈਣ 'ਤੇ ਬੰਤ ਦਾ ਕੋਈ ਮਿੱਤਰ ਨਹੀਂ ਸੀ।
ਹੁਣ ਮਨਜੀਤ ਬੰਤ ਦੀ ਸ਼ੌਪ 'ਤੇ ਵੀ ਮੱਦਦ ਕਰਨ ਲੱਗ ਪਈ ਸੀ।
ਬੰਤ ਨੂੰ ਵੀ ਸੁਖ ਦਾ ਸਾਹ ਆਉਣ ਲੱਗ ਪਿਆ ਸੀ ਅਤੇ ਕਿਸੇ ਹੱਦ ਤੱਕ ਉਸ ਦਾ ਇਕਲਾਪਾ ਵੀ ਢਕਿਆ ਗਿਆ ਸੀ।
ਹੁਣ ਮਨਜੀਤ ਸਿਰਫ਼ ਇਸ ਤਾੜ ਵਿਚ ਸੀ ਕਿ ਬੰਤ ਨਾਲ਼ ਕਿਵੇਂ ਨਾ ਕਿਵੇਂ ਵਿਆਹ ਕਰਵਾ ਕੇ ਇਸ ਦੀ ਅੱਧੀ ਜਾਇਦਾਦ 'ਤੇ ਹੱਥ ਮਾਰਿਆ ਜਾਵੇ! ਪਰ ਉਹ ਸਮਾਂ ਹੱਥ ਨਹੀਂ ਆ ਰਿਹਾ ਸੀ। ਉਹ ਗੱਲ ਤੋਰਨ ਲਈ ਕਿਵੇਂ ਨਾ ਕਿਵੇਂ ਮੌਕਾ ਭਾਲ਼ਦੀ, ਪਰ ਮੌਕਾ ਉਸ ਤੋਂ ਪੂੰਝਾ ਛੁਡਾ ਕੇ ਅੱਗੇ ਨਿਕਲ਼ ਜਾਂਦਾ ਸੀ। ਪਰ ਸਿੱਧੜ ਬੰਤ ਨੂੰ ਚਤਰ ਮਨਜੀਤ 'ਤੇ ਕੋਈ ਸ਼ੱਕ ਨਹੀਂ ਸੀ।
ਇੱਕ ਦਿਨ ਦੁਕਾਨ ਵਿਚ ਸਮਾਨ ਚਿਣਦਾ ਬੰਤ ਅਚਾਨਕ ਗੇੜਾ ਖਾ ਕੇ ਡਿੱਗ ਪਿਆ। ਉਸ ਨੂੰ ਚੱਕਰ ਹੀ ਐਨੀ ਬੁਰੀ ਤਰ੍ਹਾਂ ਆਇਆ ਕਿ ਸੰਭਲ਼ ਹੀ ਨਹੀਂ ਹੋਇਆ ਅਤੇ ਸਿਰ ਪਰਨੇਂ ਦੁਕਾਨ ਦੀ ਫ਼ਰਸ਼ 'ਤੇ ਜਾ ਪਿਆ। ਮਨਜੀਤ 'ਟਿੱਲ' 'ਤੇ ਖੜ੍ਹੀ ਗਾਹਕ ਭੁਗਤਾ ਰਹੀ ਸੀ। ਸਾਰੇ ਭੱਜ ਕੇ ਉਸ ਕੋਲ਼ ਆਏ। ਐਂਬੂਲੈਂਸ ਬੁਲਾਈ ਗਈ ਅਤੇ ਐਂਬੂਲੈਂਸ ਬੰਤ ਨੂੰ ਹਸਪਤਾਲ਼ ਲੈ ਗਈ। ਹੁਣ ਸਾਰਾ ਕੰਮ-ਕਾਜ ਮਨਜੀਤ ਦੇ ਹੱਥ ਆ ਗਿਆ ਸੀ। ਸ਼ਾਮ ਨੂੰ ਜਦ ਉਹ ਦੁਕਾਨ ਬੰਦ ਕਰ ਕੇ ਹਸਪਤਾਲ਼ ਗਈ ਤਾਂ ਉਸ ਨੂੰ ਪਤਾ ਲੱਗਿਆ ਕਿ ਬੰਤ ਨੂੰ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਵੀ ਸੀ। ਅੱਜ ਤੱਕ ਬੰਤ ਨੇ ਕਦੇ 'ਚੈੱਕ-ਅੱਪ' ਨਹੀਂ ਕਰਵਾਈ ਸੀ, ਬਿਮਾਰੀਆਂ ਦਾ ਪਤਾ ਕਿੱਥੋਂ ਲੱਗਦਾ? ਉਹ ਤਾਂ ਕੰਮ ਦਾ ਬੰਦਾ ਸੀ। ਸਵੇਰ ਤੋਂ ਲੈ ਕੇ ਸ਼ਾਮ ਤੱਕ ਉਸ ਦਾ ਕੰਮ ਵਿਚ ਹੀ ਗੁਜ਼ਰਦਾ ਸੀ। ਰਾਤ ਨੂੰ ਦਾਰੂ, ਦਾਰੂ ਤੋਂ ਬਾਅਦ ਖਾਣਾ ਅਤੇ ਫ਼ਿਰ ਬੈੱਡ! ਸਵੇਰੇ ਉਠ ਕੇ ਫ਼ਿਰ ਉਹੀ ਚੱਲ ਸੋ ਚੱਲ!! ਕੋਹਲੂ ਦੇ ਬੈਲ ਵਾਲ਼ਾ ਹਾਲ..!!!
ਮਨਜੀਤ ਤੋਂ ਬਿਨਾ ਬੰਤ ਦਾ ਪਤਾ ਵੀ ਕਿਸ ਨੇ ਲੈਣ ਆਉਣਾ ਸੀ? ਹੋਰ ਤਾਂ ਕੋਈ ਉਸ ਦਾ ਯਾਰ-ਬੇਲੀ ਵੀ ਨਹੀਂ ਸੀ।
-''ਸ਼ੌਪ 'ਚ ਸਾਰੀ ਦਿਹਾੜੀ ਮੇਰਾ ਰੋਣਾਂ ਨੀ ਰੁਕਿਆ..! ਹੁਣ ਤਾਂ ਮੈਨੂੰ ਇਉਂ ਲੱਗਦੈ, ਬਈ ਤੇਰੇ ਬਿਨਾ ਮੇਰਾ ਕੋਈ ਨੀ..! ਤੇਰੇ ਬਿਨਾ ਮੈਨੂੰ ਸਾਰਾ ਜੱਗ ਜਹਾਨ ਸੁੰਨਾਂ ਸੁੰਨਾਂ ਲੱਗਦੈ..!" ਮਨਜੀਤ ਨੇ ਹਸਪਤਾਲ਼ ਦੇ ਬੈੱਡ 'ਤੇ ਪਏ ਬੰਤ ਦੀ ਛਾਤੀ 'ਤੇ ਸਿਰ ਰੱਖ ਲਿਆ। ਬੰਤ ਨੂੰ ਵੀ ਅੱਜ ਅਹਿਸਾਸ ਹੋਇਆ ਕਿ ਉਹ ਤਾਂ ਦੁਨੀਆਂ ਵਿਚ ਇਕੱਲਾ ਹੀ ਸੀ। ਮਨਜੀਤ ਤੋਂ ਬਿਨਾ ਹੋਰ ਉਸ ਦਾ ਪਤਾ ਲੈਣ ਵੀ ਕਿਸ ਨੇ ਆਉਣਾ ਸੀ? ਮਨਜੀਤ ਉਸ ਦੇ ਸਾਹਾਂ ਵਿਚ ਸਾਹ ਲੈਂਦੀ ਹੈ। ਉਸ ਨਾਲ਼ ਮੁਫ਼ਤੋ-ਮੁਫ਼ਤੀ ਵਿਚ ਹੱਥ ਵਟਾਉਂਦੀ ਹੈ! ਨਹੀਂ ਅੱਜ-ਕੱਲ੍ਹ ਦੇ ਸੁਆਰਥੀ ਜ਼ਮਾਨੇ ਵਿਚ ਤਾਂ ਬੰਦਾ ਕਿਸੇ ਮਤਲਬ ਤੋਂ ਬਿਨਾਂ ਰੱਬ ਨੂੰ ਮੱਥਾ ਨਹੀਂ ਟੇਕਦਾ! ਉਸ ਨੇ ਮਨਜੀਤ ਨੂੰ ਜੱਫ਼ੀ ਵਿਚ ਲੈ ਲਿਆ। ਉਸ ਨੂੰ ਮਨਜੀਤ ਦਾ ਮੋਹ ਜਿਹਾ ਆਇਆ। ਪਰ ਮਨਜੀਤ ਆਪਣੇ ਸੁਆਰਥ ਪ੍ਰਤੀ ਪੂਰੀ ਸੁਚੇਤ ਸੀ।
-''ਇੱਜ਼ ਦਿਸ ਯੂਅਰ ਵਾਈਫ਼, ਬੈਂਟ..?" ਇੱਕ ਗੋਰੀ ਨਰਸ ਉਸ ਨੂੰ ਦੁਆਈ ਦੇਣ ਆ ਗਈ ਸੀ। ਉਹ ਬੰਤ ਨੂੰ 'ਬੈਂਟ' ਹੀ ਦੱਸ ਰਹੀ ਸੀ।
-''ਨ੍ਹੋ...ਨ੍ਹੋ..! ਓਹ ਯੈੱਸ...ਯੈੱਸ..ਨਰਸ..ਮਾਈ ਵਾਈਫ਼..!" ਉਸ ਰੁਲ਼ੇ ਜਿਹੇ ਨੇ ਜਵਾਬ ਦਿੱਤਾ।
-''ਗੁੱਡ...!" ਉਹ ਦੁਆਈ ਦੇ ਕੇ ਮੁਸਕੁਰਾਉਂਦੀ ਤੁਰ ਗਈ।
-''ਦੇਖ ਲੈ..! ਬਿਨਾ ਗੱਲੋਂ ਮੈਨੂੰ ਤੇਰੀ ਘਰਵਾਲ਼ੀ ਬਣਾ ਕੇ ਤੁਰ ਗਈ..!" ਮਨਜੀਤ ਖਚਰਾ ਹਾਸਾ ਹੱਸ ਪਈ।
-''ਮਾੜੀ ਗੱਲ ਤਾਂ ਨੀ ਕਹੀ ਓਹਨੇ ਕੋਈ..! ਚੰਗੀ ਈ ਆਖ ਕੇ ਗਈ ਐ..!" ਬੰਤ ਬੋਲਿਆ।
-''ਇਹ ਗੋਰੇ ਲੋਕ ਮਨ ਦੇ ਸੱਚੇ ਹੁੰਦੇ ਐ..! ਜਿਹੜੀ ਗੱਲ ਦਿਲ 'ਚ ਹੁੰਦੀ ਐ, ਓਹ ਆਖ ਦਿੰਦੇ ਐ..! ਆਪਣੇ ਲੋਕਾਂ ਵਾਂਗੂੰ ਨੀ, ਕਿ ਗੱਲ ਕੋਈ ਹੋਰ ਦਿਲ 'ਚ ਹੁੰਦੀ ਐ, ਤੇ ਫ਼ੌਰਮਿਲਟੀਆਂ ਹੋਰ ਹੁੰਦੀਐਂ..! ਬੰਤ, ਇੱਕ ਗੱਲ ਪੁੱਛਾਂ..?"
-''ਪੁੱਛ..!"
-''ਤੂੰ ਵੀ 'ਕੱਲਾ ਦਸੌਂਟਾ ਕੱਟੀ ਜਾਨੈਂ ਤੇ ਮੈਂ ਵੀ 'ਕੱਲੀ ਦਿਹਾੜੇ ਕੱਟਦੀ ਐਂ..! ਆਪਾਂ ਵਿਆਹ ਕਿਉਂ ਨੀ ਕਰ ਲੈਂਦੇ..? ਓਹਲਾ ਤਾਂ ਆਪਣਾ ਕੋਈ ਹੈ ਨਹੀਂ..! ਸਾਰਾ ਕੁਛ ਆਪਾਂ ਇੱਕ-ਦੂਜੇ ਦਾ ਦੇਖਿਆ ਹੋਇਐ...!" ਮਨਜੀਤ ਨੇ ਨਿਸ਼ੰਗ ਸਿੱਧੀ ਗੱਲ ਉਸ ਦੇ ਮੱਥੇ ਮਾਰੀ।
-''.........।" ਬੰਤ ਸੋਚੀਂ ਪੈ ਗਿਆ। ਗੱਲ ਤਾਂ ਮਨਜੀਤ ਦੀ ਸਰਾਸਰ ਸੱਚੀ ਹੈ!
-''ਜੋ ਇੱਕ ਮੀਆਂ-ਬੀਵੀ ਦੇ ਸਬੰਧ ਹੁੰਦੇ ਐ, ਉਹ ਤਾਂ ਆਪਣੇ ਕਦੋਂ ਦੇ ਬਣੇ ਤੁਰੇ ਆਉਂਦੇ ਐ..! ਹੁਣ ਤਾਂ ਵਿਆਹ ਰਜ਼ਿਸਟਰ ਕਰਵਾਉਣ ਦੀ ਈ ਦੇਰ ਐ, ਹੋਰ ਤਾਂ ਕੋਈ ਕੱਚ ਨੀ..?"
-''ਅਜੇ ਥੁੜਿਆ ਵੀ ਕੀ ਪਿਐ ਵਿਆਹ ਵੱਲੋਂ..?"
-''ਔਰਤ ਜਦੋਂ ਕਿਸੇ ਦੀ ਰਖ਼ੇਲ ਬਣ ਕੇ ਬੈਠਦੀ ਹੈ ਨ੍ਹਾਂ? ਓਦੋਂ ਸਭ ਤੋਂ ਬੁਰੀ ਮੰਨੀ ਜਾਂਦੀ ਐ..! ਰਖ਼ੇਲ ਉਹ ਹੁੰਦੀ ਐ, ਜੋ ਬਿਨਾ ਵਿਆਹ ਤੋਂ ਬੰਦੇ ਦੇ ਨਾਲ਼ ਰਹਿੰਦੀ ਐ..! ਜੋ ਚੋਰੀ ਛੁੱਪੇ ਰਾਤਾਂ ਨਿੱਘੀਆਂ ਕਰਦੀ ਐ, ਉਹ ਰਖੇਲ ਨਹੀਂ ਹੁੰਦੀ, ਲੋਕ ਉਸ ਨੂੰ 'ਅਫ਼ੇਅਰ' ਦੱਸਦੇ ਐ..! ਜਦੋਂ ਔਰਤ ਨੂੰ ਕੋਈ ਰਖ਼ੇਲ ਆਖਦੈ ਤਾਂ ਔਰਤ ਦਾ ਮਰਨ ਹੋ ਜਾਂਦੈ..! ਔਰਤ ਕੋਈ ਵੀ ਗਾਲ਼ ਜਰ ਸਕਦੀ ਐ, ਪਰ ਰਖ਼ੇਲ ਵਾਲ਼ੀ ਗਾਲ਼ ਨਹੀਂ ਜਰ ਸਕਦੀ..! ਹੁਣ ਤੂੰ ਮੈਨੂੰ ਦੱਸ ਕਿ ਤੂੰ ਮੈਨੂੰ ਰਖ਼ੇਲ ਦਾ ਦਰਜਾ ਈ ਦੇਈ ਰੱਖਣੈਂ ਕਿ ਆਪਣੀ ਘਰ ਦੀ ਨਾਰ ਦਾ ਦਰਜਾ ਦੇਣੈਂ..? ਵਿਤਕਰਾ ਤੇਰੇ ਨਾਲ਼ ਮੈਂ ਅੱਜ ਤੱਕ ਕੀਤਾ ਨਹੀਂ..! ਤੇਰੀ 'ਹਰ' ਸੇਵਾ 'ਚ ਹਾਜ਼ਰ ਹੋਈ ਐਂ..!"
ਬੰਤ ਚੁੱਪ ਕਰ ਗਿਆ।
ਜਦ ਉਹ ਨਾ ਬੋਲਿਆ ਤਾਂ ਮਨਜੀਤ ਉਠ ਕੇ ਤੁਰ ਚੱਲੀ। ਬੰਤ ਦੇ ਦਿਲ ਨੂੰ 'ਹੌਲ' ਪੈ ਗਿਆ। ਉਸ ਦੀ ਇੱਕੋ-ਇੱਕ ਹਮਦਰਦ ਅਤੇ ਦੁਖ-ਸੁਖ ਵਿਚ ਕੰਮ ਆਉਣ ਵਾਲ਼ੀ ਸਾਥਣ ਤੁਰ ਚੱਲੀ ਸੀ। ਬੰਤ ਨੇ ਤਾਂ ਬਿਲਕੁਲ ਇਕੱਲਾ ਹੋ ਜਾਣਾਂ ਸੀ! ਕਿਵੇਂ ਕੱਢੂੰਗਾ ਇਕੱਲਾ ਇਹ ਪਹਾੜ ਵਰਗੀ ਜ਼ਿੰਦਗੀ..?
-''ਕਿੱਥੇ ਚੱਲੀਂ ਐਂ ਬੇਬੇ ਮੇਰੀਏ..? 'ਕੱਲਾ ਮਰਜੂੰਗਾ ਤੇਰੇ ਬਿਨਾ..! ਕਿਉਂ ਐਨੀ ਪੱਥਰ ਦਿਲ ਬਣਦੀ ਐਂ..?" ਉਸ ਦੇ ਮਨ ਨੇ ਕੀਰਨਾਂ ਪਾਇਆ ਅਤੇ ਉਸ ਨੇ ਉਠ ਕੇ ਮਨਜੀਤ ਦਾ ਰਾਹ ਰੋਕ ਲਿਆ। ਮਨਜੀਤ ਦੀਆਂ ਅੱਖਾਂ ਵਿਚ ਮਗਰਮੱਛ ਦੇ ਹੰਝੂ ਕੰਬ ਰਹੇ ਸਨ। ਭਾਵੁਕ ਹੋਏ ਬੰਤ ਨੇ ਉਸ ਨੂੰ ਜੱਫ਼ੀ ਪਾ ਲਈ। ਮਨਜੀਤ ਮਿੱਟੀ ਦੀ ਬੋਰੀ ਬਣੀ ਉਸ ਦੇ ਨਾਲ਼ ਲੱਗੀ ਰਹੀ। ਨਾ ਤਾਂ ਉਸ ਦੇ ਮਨ ਵਿਚ ਬੰਤ ਪ੍ਰਤੀ ਕਦੇ ਪ੍ਰੇਮ ਸੀ ਅਤੇ ਨਾ ਹੀ ਕਦੇ ਅੱਗੇ ਹੋਣਾਂ ਸੀ! ਉਹ ਤਾਂ ਸਿਰਫ਼ ਆਪਣੇ ਘਿਨਾਉਣੇ ਮਕਸਦ ਪ੍ਰਤੀ ਸੁਚੇਤ ਸੀ।
-''ਮੈਂ ਤੇਰੀ ਰਖੇਲ ਬਣ ਕੇ ਲੋਕਾਂ ਦੀ 'ਤੋਏ-ਤੋਏ' ਨੀ ਖੱਟਣੀ, ਬੰਤ..! ਜਾਂ ਤਾਂ ਮੈਨੂੰ ਆਪਣੀ ਬਣਾ ਕੇ ਰੱਖ, ਤੇ ਨਹੀਂ ਮੇਰਾ ਖਹਿੜਾ ਛੱਡ..! ਅੱਜ ਤੋਂ ਆਪਣੇ ਰਾਹ ਵੱਖੋ-ਵੱਖਰੇ..!" ਉਹ ਉਸ ਨੂੰ ਤੋੜ-ਤੋੜ ਕੇ ਸੁੱਟ ਰਹੀ ਸੀ। ਉਸ ਨੂੰ ਇਹ ਵੀ ਅਹਿਸਾਸ ਸੀ ਕਿ ਉਹ ਬੰਤ ਦੀ ਮਜਬੂਰੀ ਬਣ ਚੁੱਕੀ ਸੀ ਅਤੇ ਬੰਤ ਉਸ ਨੂੰ ਕਿਸੇ ਕੀਮਤ ਉਤੇ ਵੀ ਨਹੀਂ ਛੱਡੇਗਾ! ..ਤੇ ਇਸ ਮਜਬੂਰੀ ਦਾ ਉਹ ਲੱਗਦੇ ਹੱਥ ਫ਼ਾਇਦਾ ਉਠਾ ਲੈਣਾਂ ਚਾਹੁੰਦੀ ਸੀ।
-''ਤੈਨੂੰ ਰਖੇਲ ਬਣ ਕੇ ਰਹਿਣ ਨੂੰ ਕਹਿੰਦਾ ਕਿਹੜਾ ਕੰਜਰ ਐ..? ਤੂੰ ਰਿਹਾੜੀ ਜੁਆਕ ਵਾਂਗੂੰ ਮੱਲੋਮੱਲੀ ਹੱਥਾਂ 'ਚੋਂ ਤਿਲ੍ਹਕਦੀ ਕਿਉਂ ਜਾਨੀ ਐਂ..? ਬੈਠ ਕੇ ਗੱਲ ਕਰਦੇ ਐਂ, ਝੱਜੂ ਕਾਹਤੋਂ ਪਾਇਐ..?" ਉਸ ਨੇ ਡੌਲ਼ਿਆਂ ਤੋਂ ਫ਼ੜ ਕੇ ਮਨਜੀਤ ਨੂੰ ਬੈੱਡ ਕੋਲ਼ ਕੁਰਸੀ 'ਤੇ ਬਿਠਾ ਲਿਆ। ਮੋਹ-ਪ੍ਰੇਮ ਵਿਚ ਉਸ ਨੇ ਮਨਜੀਤ ਨੂੰ ਕਈ ਵਾਰ ਹਿੱਕ ਨਾਲ਼ ਲਾਇਆ। ਹਰ ਵਾਰ ਬੰਤ ਦੀ ਸੜਦੀ ਹਿੱਕ ਠਰ ਜਾਂਦੀ। ਪਰ ਮਨਜੀਤ ਅੰਦਰੋ-ਅੰਦਰੀ ਉਸ ਨੂੰ 'ਮੂਰਖ਼' ਗਰਦਾਨ ਰਹੀ ਸੀ। ਉਹ ਬੰਤ ਨੂੰ ਆਪਣੀਆਂ ਭਾਵਨਾਵਾਂ ਨਾਲ਼ ਬੇਵਕੂਫ਼ ਬਣਾ ਕੇ ਆਪਣੀ ਪ੍ਰਾਪਤੀ ਸਮਝ ਰਹੀ ਸੀ।
ਮਨਜੀਤ ਸਾਹਮਣੀ ਕੁਰਸੀ 'ਤੇ ਬੈਠ ਕੇ ਰੋਣ ਲੱਗ ਪਈ।
ਬੰਤ ਪ੍ਰੇਮ-ਭਾਵਨਾਂ ਵੱਸ ਉਸ ਨੂੰ ਵਾਰ-ਵਾਰ ਆਪਣੀ ਹਿੱਕ ਨਾਲ਼ ਲਾ ਰਿਹਾ ਸੀ।
-''ਆਪਾਂ ਕਰਾਂਗੇ ਵਿਆਹ..! ਤੂੰ ਮੇਰੇ ਦਿਲ ਦੀ ਰਾਣੀ..! ਐਨਾਂ ਗੁੱਸਾ ਨੀ ਕਰੀਦਾ..!" ਬੰਤ ਉਸ ਨੂੰ ਛਾਤੀ ਨਾਲ਼ ਲਾਈ ਬੈਠਾ ਸੀ।
-''............!" ਮਨਜੀਤ ਚੁੱਪ ਸੀ। ਪਰ ਉਸ ਦਾ ਅੰਦਰ ਸਪੀਚਾਂ ਕਰ ਰਿਹਾ ਸੀ। ਤੂੰ ਇੱਕ ਵਾਰ ਵਿਆਹ ਰਜ਼ਿਸਟਰ ਤਾਂ ਕਰਵਾ ਬਿੱਜੂਆ..! ਮੈਂ ਤੇਰੇ ਵਰਗੇ ਬਿਮਾਰੀ ਖਾਧ ਤੋਂ ਕੀ ਲੈਣੈਂ..? ਕਾਲ਼ਾ ਝੋਟਾ ਇੱਕ ਮਿਲੀਅਨ ਪੌਂਡ ਦੀ ਜਾਇਦਾਦ ਬਣਾਈ ਬੈਠੈ..! ਪੁੱਛਣਾਂ ਹੋਵੇ, ਤੇਰੇ ਰੰਨ ਨਾ ਕੰਨ..! ਨਾ ਜੁਆਕ ਨਾ ਜੱਲਾ..! ਕੀਹਨੂੰ ਦੇ ਕੇ ਜਾਵੇਂਗਾ..? ਇੱਥੇ ਤਾਂ ਚੈਰਿਟੀ ਵਾਲ਼ਿਆਂ ਨੇ ਈ ਦੱਬ ਲੈਣੀਂ ਐਂ..! ਤੂੰ ਅੱਧ ਦੇਹ ਮੈਨੂੰ..! ਐਸ਼ ਕਰਾਂ..! ਤੇਰੇ ਵਰਗੇ ਰਿੱਛ ਦੇ ਮੂੰਹ 'ਤੇ ਤਾਂ ਮੈਂ ਧਾਰ ਨਾ ਮਾਰਾਂ..! ਤੇਰੀਆਂ ਲਾਲ਼ਾਂ ਤਾਂ ਮੈਂ ਜਾਇਦਾਦ ਕਰ ਕੇ ਚੱਟਦੀ ਫ਼ਿਰਦੀ ਐਂ..! ਤੇਰੇ ਵਰਗੇ ਊਤ ਨੂੰ ਤਾਂ ਮੈਂ ਮੋਢੇ 'ਤੇ ਹੱਥ ਨਾ ਰੱਖਣ ਦੇਵਾਂ..! ਤੇ ਤੂੰ ਲੈਨੈ ਚਾਹ ਵਾਂਗੂੰ ਮੇਰੀਆਂ ਚੁਸਕੀਆਂ..! ਤੈਨੂੰ ਨਖ਼ਰੇ ਆਲੀ ਮਨਜੀਤ ਦੀਆਂ ਸਕੀਮਾਂ ਦਾ ਨੀ ਪਤਾ..! ਕਰ ਲੈ ਜਿਹੜੇ ਅਸ਼ਨੇ-ਪਸ਼ਨੇ ਕਰਨੇ ਐਂ..! ਹਿਸਾਬ ਕਿਤਾਬ ਕਰ ਲਊਂਗੀ ਬਰਾਬਰ..!
-''ਦੱਸ ਮੈਰਿਜ਼ ਕਦੋਂ ਰਜ਼ਿਸਟਰ ਕਰਨੀ ਐਂ..?" ਉਸ ਨੇ ਆਪਣੇ ਵੱਡੇ ਸਾਰੇ ਹੱਥ ਨਾਲ਼ ਮਨਜੀਤ ਦਾ ਮੂੰਹ ਉਪਰ ਚੁੱਕਿਆ। ਉਸ ਦੇ ਝੀਲ ਵਰਗੇ ਨੇਤਰਾਂ ਵਿਚ ਬੰਤ ਨੂੰ ਦੂਰ-ਦੂਰ ਤੱਕ ਮੋਹ-ਪ੍ਰੇਮ ਦੇ ਬਗਲੇ ਤੈਰਦੇ ਨਜ਼ਰ ਆਏ।
-''ਮੈਨੂੰ ਨੀ ਪਤਾ..!" ਉਸ ਨੇ ਬੰਤ ਦਾ ਹੱਥ ਝਟਕ ਦਿੱਤਾ।
-''ਅੱਜ ਲੱਗਦੀਆਂ ਗਰਮ ਸਰਕਾਰਾਂ..! ਚੱਲ ਜਦੋਂ ਤੇਰਾ ਮੂਡ ਸੈੱਟ ਹੋ ਗਿਆ, ਓਦੋਂ ਦੱਸ ਦੇਵੀਂ..! ਤੇਰਾ ਅੱਗਾ ਤੇ ਮੇਰਾ ਪਿੱਛਾ ਹੋਊਗਾ..! ਅਸੀਂ ਮੌਕੇ ਦੀ ਸਰਕਾਰ ਦਾ ਹੁਕਮ ਅਦੂਲ ਕਰ ਕੇ ਜਾਨ ਗੁਆਉਣੀ ਐਂ..! ਆ-ਜਾ..! ਮੇਰੀ ਹਿੱਕ ਨਾਲ਼ ਲੱਗ ਤੇ ਨਾਲ਼ੇ ਦੇਹ ਇੱਕ ਬੁੱਘੀ..!" ਬੰਤ ਨੇ ਖਿੱਚ ਕੇ ਉਸ ਨੂੰ ਆਪਣੇ ਨਾਲ਼ ਲਾ ਲਿਆ।
ਤੀਜੇ ਦਿਨ ਬੰਤ ਨੂੰ ਹਸਪਤਾਲ਼ ਤੋਂ ਛੁੱਟੀ ਮਿਲ਼ ਗਈ।
ਬੱਸ ਫ਼ੜ ਕੇ ਉਹ ਸਿੱਧਾ ਆਪਣੇ ਸਟੋਰ 'ਤੇ ਪਹੁੰਚਿਆ। ਮਨਜੀਤ ਕੰਮ ਵਿਚ ਮਸ਼ਰੂਫ਼ ਸੀ। ਜਾਣਕਾਰ ਗਾਹਕਾਂ ਨੇ ਬੰਤ ਦਾ ਹਾਲ ਚਾਲ ਪੁੱਛਿਆ ਅਤੇ ਠੀਕ ਹੋਣ 'ਤੇ ਖ਼ੁਸ਼ੀ ਪ੍ਰਗਟਾਈ। ਬੰਤ ਨੇ ਵੀ ਉਸ ਦਾ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ।
-''ਮੇਰੇ ਬੌਸ ਜੀ, ਤੁਸੀਂ ਅੰਦਰ ਆਪਣੇ ਔਫ਼ਿਸ 'ਚ ਬੈਠੋ..! ਅਰਾਮ ਕਰੋ..! ਕੰਮ ਕਰਨ ਨੂੰ ਮੇਰੇ ਵਰਗੇ ਕਰਿੰਦੇ ਹੈ ਤਾਂ ਹੈਗੇ..!"
ਬੰਤ ਹੱਸ ਪਿਆ।
-''ਬੌਸ ਜੀ, ਮੇਰਾ ਮਜ਼ਾਕ ਨਾ ਮੰਨੋ..! ਔਫ਼ਿਸ 'ਚ ਬੈਠ ਕੇ ਅਰਾਮ ਕਰੋ..!" ਮਨਜੀਤ ਨੇ ਇੱਕ ਤਰ੍ਹਾਂ ਨਾਲ਼ ਧੱਕ ਕੇ ਬੰਤ ਨੂੰ ਉਸ ਦੇ ਨਿੱਕੇ ਜਿਹੇ ਦਫ਼ਤਰ ਵਿਚ ਭੇਜ ਦਿੱਤਾ।
ਸ਼ਾਮ ਨੂੰ ਉਸ ਨੇ ਪਿਛਲੇ ਤਿੰਨ ਦਿਨਾਂ ਦਾ, ਇੱਕ-ਇੱਕ ਪੈਸੇ ਦਾ ਹਿਸਾਬ ਬੰਤ ਨੂੰ ਦੇ ਦਿੱਤਾ। ਬੰਤ ਨੇ ਪੰਜ ਸੌ ਪੌਂਡ ਮਨਜੀਤ ਦੇ ਅੱਗੇ ਕਰ ਦਿੱਤਾ।
-''ਇਹ ਕੀ..?"
-''ਤੂੰ ਤਿੰਨ ਦਿਨ ਦੁਕਾਨ ਸੰਭਾਲ਼ੀ ਐ..!"
-''ਇਹਦਾ ਮਤਲਬ ਤੂੰ ਮੈਨੂੰ ਅਜੇ ਵੀ ਬਿਗਾਨੀ ਸਮਝਦੈਂ..?" ਉਹ ਬੋਲੀ। ਪਰ ਉਸ ਦਾ ਮਨ ਕੁਝ 'ਹੋਰ' ਹੀ ਬੋਲ ਰਿਹਾ ਸੀ। ....ਆਹ ਪੰਜ ਸੌ ਲੈਂਦੀ ਐ ਮੇਰੀ ਜੁੱਤੀ..! ਜੇ ਪੰਜ ਲੱਖ ਪੌਂਡ 'ਤੇ ਨਾ ਲਕੀਰ ਮਾਰੀ ਤਾਂ ਮੈਨੂੰ ਘੈਂਟ ਮਨਜੀਤ ਕੌਣ ਕਹੂ..? ਊਠਾਂ ਨੂੰ ਗੁੜ੍ਹਤੀਆਂ ਨਾਲ਼ ਕੁਛ ਨੀ ਬਣਦਾ ਮੂਰਖ਼ ਬੰਤ ਸਿਆਂ..! ਹਾਥੀ ਦੀ ਪੈੜ 'ਚ ਸਾਰੀਆਂ ਈ ਪੈੜਾਂ ਹੁੰਦੀਐਂ, ਤੇ ਬੋਤੇ ਦੇ ਢਿੱਡ 'ਚ ਹੁੰਦੀਐਂ ਸਾਰੀਆਂ ਦਾਤਣਾਂ..! ਤੈਨੂੰ ਨਖ਼ਰੇ ਵਾਲ਼ੀ ਮਨਜੀਤ ਦੇ ਡਰਾਮਿਆਂ ਦਾ ਕੀ ਪਤਾ..? ਮੈਂ ਤਾਂ ਤੇਰੇ ਵਰਗੇ ਨੂੰ ਆਥਣ ਨੂੰ ਵੇਚ ਕੇ ਖਾ ਜਾਵਾਂ..! ਮੇਰੇ ਸਾਹਮਣੇ ਤਾਂ ਬਾਜ ਸਿਉਂ ਵਰਗੇ ਖੇਡਾ ਪਾ ਗਏ, ਤੂੰ ਕਿਹੜੇ ਬਾਗ ਦੀ ਮੂਲ਼ੀ ਐਂ..? ਜਿਸ ਦਿਨ ਤੇਰੇ ਪੁੜੇ 'ਤੇ ਦਾਗ ਪਾਇਆ, ਤੂੰ ਹੱਥ ਲਾ-ਲਾ ਕੇ ਦੇਖੇਂਗਾ..! ਤੈਥੋਂ ਆਪਣੀ ਚਮੜੀ ਐਵੇਂ ਨੀ ਚਟਵਾਈ ਜਾਂਦੀ..! ਜਿੱਥੋਂ-ਜਿੱਥੋਂ ਤੂੰ ਮੇਰੀ ਚਮੜੀ ਚੱਟੀ ਐ, ਮੈਨੂੰ ਕੋਹੜ ਹੋਣ ਵਾਲ਼ਾ ਹੋਇਆ ਪਿਐ..! ਇਹ ਚਮੜੀ ਮੁਫ਼ਤ ਨੀ ਚਟਵਾਈ..! ਇਹ ਇੱਕ ਨਾ ਇੱਕ ਦਿਨ ਤੈਨੂੰ ਰੰਗ ਦਿਖਾਊਗੀ..! ਤੂੰ ਯਾਦ ਰੱਖੇਂਗਾ..!
-''ਪਰ ਤੂੰ ਮਿਹਨਤ ਵੀ ਤਾਂ ਕੀਤੀ ਐ..! ਤਿੰਨ ਦਿਨ ਸਟੋਰ ਸੰਭਾਲ਼ਿਐ..!"
-''ਸਟੋਰ ਮੈਂ ਆਪਣਾ ਸੰਭਾਲ਼ਿਐ..! ਕਿਸੇ ਬਿਗਾਨੇ ਦਾ ਸਭਾਲ਼ਿਐ..? ਕੀ ਹੋ ਗਿਆ ਤੂੰ ਮੈਨੂੰ ਆਪਣੀ ਨਹੀਂ ਸਮਝਦਾ..? ਮੈਂ ਤਾਂ ਤੈਨੂੰ ਆਪਣਾ ਮੰਨਦੀ ਆਂ ਨ੍ਹਾਂ..?" ਮਨਜੀਤ ਨੇ ਬੰਤ ਦੀ ਕਮਜ਼ੋਰ ਰਗ ਫ਼ੜ ਲਈ। ਬੰਤ ਭਾਵਨਾਂ ਵਿਚ ਅੱਖਾਂ ਭਰ ਆਇਆ। ਉਸ ਨੇ ਮਨਜੀਤ ਨੂੰ ਗਲਵਕੜੀ ਪਾ ਲਈ। ਉਹ ਸੋਚ ਰਿਹਾ ਸੀ ਕਿ ਜੇ ਮਨਜੀਤ ਚਾਹੁੰਦੀ ਤਾਂ ਇਹਨਾਂ ਤਿੰਨ ਦਿਨਾਂ ਵਿਚ ਉਹ ਹਜ਼ਾਰ ਜਾਂ ਦੋ ਹਜ਼ਾਰ ਦਾ 'ਘਪਲ਼ਾ' ਵੀ ਕਰ ਸਕਦੀ ਸੀ? ਪਰ ਉਹ ਇਮਾਨਦਾਰ ਰਹੀ। ਪੂਰੀ ਵਫ਼ਾਦਾਰੀ ਦਿਖਾਈ ਅਤੇ ਮੈਨੂੰ ਪੈਸੇ ਪੈਸੇ ਦਾ ਹਿਸਾਬ ਦਿੱਤਾ। ਅਜਿਹੀ ਸਾਫ਼ ਦਿਲ ਵਾਲ਼ੀ ਔਰਤ ਉਸ ਨੂੰ ਇਸ ਜ਼ਮਾਨੇ ਅਤੇ ਇਸ ਖ਼ੁਦਗਰਜ਼ ਦੇਸ਼ ਵਿਚ ਕਿੱਥੋਂ ਮਿਲ਼ਣੀ ਸੀ?
-''ਦੱਸ ਆਪਾਂ ਮੈਰਿਜ ਕਦੋਂ ਰਜ਼ਿਸਟਰ ਕਰਵਾਈਏ..?" ਬੰਤ ਮਨਜੀਤ ਨੂੰ ਅਜੇ ਵੀ ਗਲਵਕੜੀ ਵਿਚ ਘੁੱਟੀ ਖੜ੍ਹਾ ਸੀ।
-''..........।" ਮਨਜੀਤ ਨੇ ਕਿਸੇ ਅੰਦਾਜ਼ ਨਾਲ਼ ਬੰਤ ਵੱਲ ਤੱਕਿਆ।
-''ਜਾਂ ਗੁਰਦੁਆਰੇ ਕਰਵਾਉਣ ਦਾ ਇਰਾਦੈ..?"
-''ਗੁਰਦੁਆਰੇ..? ਗੁਰਦੁਆਰੇ ਹੁਣ ਬੁੱਢੇ ਹੋ ਕੇ ਜਲੂਸ ਕਢਵਾਉਣੈਂ..? ਸਰਕਾਰੀ ਦਫ਼ਤਰ ਈ ਠੀਕ ਐ..!" ਮਨ ਵਿਚ ਬੇਈਮਾਨੀ ਅਤੇ ਧੋਖਾ ਪਾਲ਼ੀ ਆ ਰਹੀ ਮਨਜੀਤ ਗੁਰੂ ਘਰ ਦੇ ਨਾਂ ਤੋਂ ਥਿੜਕ ਗਈ। ਬੰਦਾ ਚਾਹੇ ਕਿੰਨਾਂ ਵੀ ਦੁਸ਼ਟ ਹੋਵੇ, ਪਰ ਰੱਬ ਦਾ ਨਾਂ ਅੱਗੇ ਆਉਣ 'ਤੇ ਅੰਦਰੋਂ ਭੈਅ ਜ਼ਰੂਰ ਖਾਂਦਾ ਹੈ!
-''ਚੱਲ ਇਸ ਦਾ ਪ੍ਰਬੰਧ ਤੂੰ ਆਪ ਈ ਕਰ..! ਮੈਂ ਕੰਮ ਸੰਭਲ਼ਦੈਂ ਤੇ ਤੂੰ ਇਹ ਕੰਮ ਸੰਭਾਲ਼..! ਤੈਨੂੰ ਪਤੈ ਈ ਐ ਬਈ ਮੇਰੇ ਕੋਲ਼ੇ ਕਿੰਨਾਂ ਕੁ ਟੈਮ ਐਂ..?"
ਕਿਸੇ ਗ਼ੈਬੀ ਖੰਭਾਂ ਦੇ ਸਹਾਰੇ ਉਡਦੀ ਮਨਜੀਤ ਬਾਹਰ ਨਿਕਲ਼ ਗਈ।
ਸਮਾਂ ਪਾ ਕੇ ਮਨਜੀਤ ਅਤੇ ਬੰਤ ਦਾ ਵਿਆਹ 'ਰਜ਼ਿਸਟਰ' ਹੋ ਗਿਆ। ਦੋਨੋਂ ਮੀਆਂ-ਬੀਵੀ ਵਾਂਗ ਰਹਿਣ ਲੱਗੇ। ਹੁਣ ਦੁਕਾਨ ਅਤੇ ਦੂਜੇ ਕਿਰਾਏ 'ਤੇ ਦਿੱਤੇ ਮਕਾਨ ਦਾ ਹਿਸਾਬ ਕਿਤਾਬ ਮਨਜੀਤ ਹੀ ਕਰਦੀ। ਬੰਤ ਨੂੰ ਉਸ ਨੇ ਅੱਧਾ ਕੁ ਫ਼ਾਰਿਗ ਕਰ ਦਿੱਤਾ ਸੀ। ਕਿਰਾਏਦਾਰਾਂ ਤੋਂ ਉਹ ਹਰ ਹਫ਼ਤੇ ਆਪ ਕਿਰਾਇਆ ਲੈ ਕੇ ਆਉਂਦੀ। ਦੁਕਾਨ ਦੀ ਵੱਟਤ ਉਹ ਆਪ ਬੈਂਕ ਜਮ੍ਹਾਂ ਕਰਵਾਉਂਦੀ। ਸਟੌਕ ਦਾ ਹਿਸਾਬ ਕਿਤਾਬ ਉਸ ਕੋਲ਼ ਹੁੰਦਾ ਅਤੇ ਸਟੌਕ ਆਰਡਰ ਵੀ ਉਹ ਆਪ ਕਰਦੀ। ਬੰਤ ਵੀ ਪੂਰਾ ਖ਼ੁਸ਼ ਸੀ। ਉਸ ਦੀ ਜਾਨ ਸੌਖੀ ਹੋ ਗਈ ਸੀ ਅਤੇ ਅੱਧੀ ਜ਼ਿੰਮੇਵਾਰੀ ਮਨਜੀਤ ਚੁੱਕੀ ਫ਼ਿਰਦੀ ਸੀ। ਬੰਤ ਮਨਜੀਤ ਨੂੰ ਮੋਹ ਵੀ ਬਹੁਤ ਕਰਦਾ ਸੀ। 'ਜੀਤੀ-ਜੀਤੀ' ਕਰਦੇ ਦਾ ਮੂੰਹ ਸੁੱਕਦਾ ਸੀ। ਹੁਣ ਉਸ ਨੇ ਆਪਣੀ ਤੁਰ ਜਾਣ ਵਾਲ਼ੀ ਜੀਵਨ ਸਾਥਣ ਨੂੰ ਵੀ ਕਦੇ ਯਾਦ ਨਹੀਂ ਕੀਤਾ ਸੀ। ਹੁਣ ਉਸ ਨੂੰ ਸਿਰਫ਼ ਆਪਣੀ ਮਨਜੀਤ ਹੀ ਮਨਜੀਤ ਦਿਸਦੀ ਸੀ।
ਅਜੇ ਉਹਨਾਂ ਦੇ ਵਿਆਹ ਨੂੰ ਦੋ ਕੁ ਮਹੀਨੇ ਹੀ ਬੀਤੇ ਸਨ ਕਿ ਮਨਜੀਤ ਨੇ ਆਪਣੇ 'ਅਸਲ' ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ। ਚਾਹੇ ਅਜੇ ਤੱਕ ਉਸ ਦੇ ਕਾਰਨਾਮਿਆਂ ਦਾ ਬੰਤ ਨੂੰ ਕੋਈ ਪਤਾ ਨਹੀਂ ਸੀ। ਪਰ ਉਸ ਨੇ ਅੰਦਰੇ ਅੰਦਰ ਆਪਣਾ ਕਾਰਜ ਸ਼ੁਰੂ ਕਰ ਦਿੱਤਾ ਸੀ। ਉਸ ਨੇ ਆਪਣਾ ਵੱਖ 'ਸੇਵਿੰਗ ਅਕਾਊਂਟ' ਖੁੱਲ੍ਹਵਾਇਆ ਹੋਇਆ ਸੀ, ਜਿਸ ਵਿਚ ਹਰ ਹਫ਼ਤੇ ਪੈਸਾ ਜਮ੍ਹਾਂ ਹੋ ਰਿਹਾ ਸੀ। ਪਰ ਇਸ ਦਾ ਬੰਤ ਨੂੰ ਕੋਈ ਪਤਾ ਨਹੀਂ ਸੀ। ਉਹ ਤਾਂ ਬਾਂਦਰ ਦੇ ਖਿੱਲਾਂ ਦੇਖ ਕੇ ਲਾਚੜਨ ਵਾਂਗ, ਮਨਜੀਤ ਨੂੰ ਦੇਖ ਕੇ ਹੀ ਲਾਚੜਿਆ ਰਹਿੰਦਾ ਸੀ। ਮਨਜੀਤ ਹੁਣ ਆਮ ਤੌਰ 'ਤੇ ਸਟੋਰ ਵਾਲ਼ੇ ਔਫ਼ਿਸ ਵਿਚ ਹੀ ਬੈਠਦੀ। ਸਟੋਰ ਦਾ ਸਾਰਾ ਕੰਮ ਬੰਤ ਹੀ ਸੰਭਾਲ਼ਦਾ। ਜਦੋਂ ਕਦੇ ਗਾਹਕਾਂ ਦੀ ਭੀੜ ਹੋ ਜਾਂਦੀ ਤਾਂ ਮਨਜੀਤ ਦੂਜੀ 'ਟਿੱਲ' 'ਤੇ ਖੜ੍ਹ ਕੇ ਬੰਤ ਦੀ ਮੱਦਦ ਕਰਵਾ ਦਿੰਦੀ। ਜਦ ਗਾਹਕ ਭੁਗਤ ਜਾਂਦੇ ਤਾਂ ਉਹ ਮੁੜ ਦਫ਼ਤਰ ਵਿਚ ਜਾ ਬੈਠਦੀ। ਉਸ ਨੂੰ ਕਿਸੇ ਸਹੇਲੀ ਦਾ ਫ਼ੋਨ ਆਉਂਦਾ। ਉਸ ਨਾਲ਼ ਉਹ ਘੰਟਿਆਂ ਬੱਧੀ ਗੱਲਾਂ ਕਰਦੀ। ਪਤਾ ਨਹੀਂ ਕੀ ਗੱਲਾਂ ਕਰਦੀ ਸੀ। ਜੇ ਕਦੇ ਬੰਤ ਸਿੰਘ ਦਫ਼ਤਰ ਵਿਚ ਆ ਜਾਂਦਾ ਤਾਂ ਉਹ ''ਤੇਰੇ ਜੀਜਾ ਜੀ ਆ ਗਏ, ਇਹਨਾਂ ਦੀ ਗੱਲ ਸੁਣ ਲਵਾਂ, ਮੈਂ ਫ਼ੇਰ ਫ਼ੋਨ ਕਰੂੰਗੀ" ਆਖ ਕੇ ਫ਼ੋਨ ਕੱਟ ਦਿੰਦੀ। ਪਰ ਬੰਤ ਨੂੰ ਕੋਈ ਮਹਿਸੂਸ ਨਾ ਹੁੰਦਾ। ਉਸ ਨੂੰ ਮਨਜੀਤ 'ਤੇ ਵਿਸ਼ਵਾਸ ਹੀ ਐਨਾਂ ਸੀ ਕਿ ਉਸ ਦੇ ਮਨ ਵਿਚ ਕਦੇ ਕੋਈ 'ਗ਼ੈਰ' ਗੱਲ ਨਾ ਆਉਂਦੀ। ਉਹ ਮਨਜੀਤ ਨੂੰ ਮੋਹ ਵੀ ਐਨਾਂ ਕਰਦਾ ਸੀ ਕਿ ਉਸ ਬਾਰੇ ਕਦੇ ਕੋਈ ਬੇਈਮਾਨੀ ਜਾਂ ਧੋਖੇ ਵਾਲ਼ੀ ਗੱਲ ਸੋਚ ਵੀ ਨਹੀਂ ਸਕਦਾ ਸੀ।
ਸਾਲ ਦੇ ਅਖ਼ੀਰ 'ਚ ਜਾ ਕੇ ਜਦ ਸਾਰਾ ਹਿਸਾਬ ਕਿਤਾਬ ਹੋਇਆ ਤਾਂ ਤਕਰੀਬਨ ਇੱਕ ਲੱਖ ਸੱਠ ਹਜ਼ਾਰ ਪੌਂਡ ਦੇ ਫ਼ਰਕ ਦਾ ਪਤਾ ਨਹੀਂ ਲੱਗ ਰਿਹਾ ਸੀ। ਜਦ ਉਸ ਨੇ ਆਪਣੇ ਟੈਕਸ ਅਡਵਾਈਜ਼ਰ ਨਾਲ਼ ਗੱਲ ਕੀਤੀ ਤਾਂ ਹਿਸਾਬ ਇੱਕ ਵਾਰ ਫ਼ਿਰ ਲਾਇਆ ਗਿਆ। ਪਰ ਆਉਣ ਅਤੇ ਜਾਣ ਵਾਲ਼ੀ ਰਕਮ ਵਿਚ ਉਹੀ ਇੱਕ ਲੱਖ ਸੱਠ ਹਜ਼ਾਰ ਦਾ ਫ਼ਰਕ ਮੀਲ ਪੱਥਰ ਵਾਂਗ ਅੱਗੇ ਆ ਖੜ੍ਹਦਾ ਸੀ। ਪਰ ਪੈਸਾ ਗਿਆ ਕਿੱਥੇ..? ਇਹ ਸਮਝ ਨਹੀਂ ਆ ਰਹੀ ਸੀ! ਅਡਵਾਈਜ਼ਰ ਅਤੇ ਬੰਤ ਦੋਨੋਂ ਹੀ ਪ੍ਰੇਸ਼ਾਨ ਸਨ। ਡੇੜ੍ਹ ਲੱਖ ਪੌਂਡ ਤੋਂ ਵੀ ਉਪਰ ਦੀ ਕਹਾਣੀ ਸੀ। ਕੋਈ ਮਾੜੀ ਮੋਟੀ ਗੱਲ ਨਹੀਂ ਸੀ।
-''ਜੇ ਹਰ ਸਾਲ ਡੇੜ੍ਹ ਲੱਖ ਦਾ ਘਾਟਾ ਪੈਣ ਲੱਗਿਆ ਤਾਂ ਆਪਾਂ ਤਾਂ ਵੜਜਾਂਗੇ ਜਿੱਥੋਂ ਨਿਕਲ਼ੇ ਐਂ ਢਿੱਲੋਂ ਸਾਹਿਬ?" ਬੰਤ ਨੇ ਅਥਾਹ ਨਿਰਾਸ਼ਾ ਵਿਚ ਸਿਰ ਫ਼ੇਰਿਆ।
-''...........।" ਢਿੱਲੋਂ ਸਾਹਿਬ ਚੁੱਪ ਸੀ।
-''ਗੱਲ ਐਸ ਸਾਲ ਦੇ ਘਾਟੇ ਦੀ ਨਹੀਂ ਬੰਤ ਸਿਆਂ..! ਕਿਤੇ ਨਾ ਕਿਤੇ ਕੋਈ ਕਾਣ ਜ਼ਰੂਰ ਐ..! ਜੇ ਇਹ ਕਾਣ ਨਾ ਲੱਭਿਆ, ਤਾਂ ਇੱਕ ਦੋ ਸਾਲਾਂ 'ਚ ਐਸਾ ਕਰਜ਼ੇ ਹੇਠ ਆਵੇਂਗਾ, ਕਿ ਸਾਰੀ ਉਮਰ ਸਿੱਧਾ ਨੀ ਹੋਇਆ ਜਾਣਾਂ, ਕੁੱਬਾ ਈ ਰਹੇਂਗਾ..!"
ਬੰਤ ਨੂੰ ਘੁਮੇਰ ਆਉਣ ਵਾਲ਼ੀ ਹੋ ਗਈ।
-''ਤੇਰਾ ਪੈਸਾ ਜਮ੍ਹਾਂ ਕੌਣ ਕਰਵਾਉਣ ਜਾਂਦਾ ਸੀ..? ਕਿ ਤੂੰ ਆਪ ਈ ਜਾਂਦਾ ਸੀ..?" ਢਿੱਲੋਂ ਨੇ ਗੱਲ ਦਾ ਅਗਲਾ ਸਿਰਾ ਫ਼ੜਿਆ।
-''ਨਹੀਂ ਢਿੱਲੋਂ ਸਾਹਿਬ, ਮੇਰੇ ਘਰਵਾਲ਼ੀ ਜਾਂਦੀ ਸੀ..! ਹੋਰ ਕੋਈ ਨੀ..! ਹੋਰ ਤਾਂ ਸਾਡੇ ਕੋਲ਼ ਹੈ ਈ ਕੋਈ ਨੀ..!" ਉਸ ਨੇ ਜ਼ੋਰ ਦੇ ਕੇ ਕਿਹਾ।
ਢਿੱਲੋਂ ਨੇ ਰਹੱਸਮਈ ਨਜ਼ਰ ਉਪਰ ਚੁੱਕੀ। ਸੱਤਰ ਸਾਲ ਦਾ ਢਿੱਲੋਂ ਇੱਕ ਇਤਿਹਾਸ ਬਣਿਆਂ ਸਾਹਮਣੇ ਬੈਠਾ ਸੀ।
-''ਬੰਤ ਸਿਆਂ..!"
-''ਹਾਂ ਜੀ..?"
-''ਜੇ ਗੁੱਸਾ ਨਾ ਕਰੇਂ, ਇੱਕ ਗੱਲ ਆਖਾਂ..?"
-''ਤੁਸੀਂ ਮੇਰੇ ਬਾਪ ਵਰਗੇ ਓ, ਜੋ ਮਰਜ਼ੀ ਕਹੋ..! ਮੈਂ ਅੱਜ ਤੱਕ ਥੋਡਾ ਗੁੱਸਾ ਕੀਤੈ..?"
-''ਗੁੱਸਾ ਨਾ ਕਰੀਂ ਸ਼ੇਰ ਬਣਕੇ..! ਪਰ ਜਿਸ ਦਿਨ ਕੋਈ ਕਾਣ ਨਿਕਲ਼ਿਆ, ਤੇਰੇ ਘਰਵਾਲ਼ੀ 'ਚ ਈ ਨਿਕਲਣੈਂ..! ਇਹ ਮੇਰੀ ਗੱਲ ਲਿਖ ਲਈਂ ਅੱਜ ਦੀ..!"
ਬੰਤ ਚੁੱਪ ਹੋ ਗਿਆ।
-''ਜਦੋਂ ਥੋਡੀ ਰਕਮ ਨਾਲ਼ ਹੋਰ ਕਿਸੇ ਆਦਮੀ ਜਾਂ ਔਰਤ ਦਾ ਲਾਕਾ ਦੇਕਾ ਈ ਨੀ, ਫ਼ੇਰ ਪੈਸਾ ਜਾਣਾ ਕਿੱਥੇ ਐ..? ਹੁਣੇ ਤੋਂ ਈ ਸੰਭਲ਼ ਜਾਹ..! ਨਹੀਂ ਵੇਲ਼ਾ ਐਹੋ ਜਿਆ ਹੱਥੋਂ ਲੰਘੂਘਾ, ਤੂੰ ਪੱਤਣਾਂ 'ਤੇ ਖੜ੍ਹਾ ਰੋਵੇਂਗਾ..! ਕਿੰਨੇ ਸਾਲਾਂ ਤੋਂ ਆਪਣਾ ਸਿਰਫ਼ ਵਾਹ ਹੀ ਨਹੀਂ, ਆਪਣੀ ਯਾਰੀ ਐ..! ਤੈਨੂੰ ਆਪਣੇ ਨਿੱਕੇ ਭਰਾਵਾਂ ਵਾਂਗੂੰ ਪਿਆਰ ਕੀਤੈ..! ਇਸ ਔਰਤ 'ਤੇ ਬਾਜ਼ ਅੱਖ ਰੱਖ, ਨਹੀਂ ਗਿਆ ਵੇਲ਼ਾ ਹੱਥ ਨੀ ਆਉਣਾ ਬੰਤ ਸਿਆਂ..! ਇਹ ਕਿਸੇ ਚੁਸਤੀ ਨਾਲ਼ ਤੇਰੇ ਘਰੇ ਵੜੀ ਐ..! ਕੋਈ ਨਾ ਕੋਈ ਲੋਦਾ ਲਾ ਕੇ ਨਿਕਲੂਗੀ..! ਬਚ ਜਾਹ ਮੋੜ ਤੋਂ..! ਪੁੱਠੀ ਮੱਤ ਵਾਲ਼ੀ ਔਰਤ ਜੇ ਸੂਈ ਨਾਲ਼ ਵੀ ਘਰ ਪੱਟਣ ਲੱਗ ਪਵੇ ਤਾਂ ਘਰ ਦਾ ਸੱਤਿਆਨਾਸ ਕਰ ਮਾਰਦੀ ਐ..! ਤੇ ਜੇ ਘਰ ਨੂੰ ਵਸਾਉਣ 'ਤੇ ਆ ਜਾਵੇ ਤਾਂ ਸੁਰਗ ਬਣਾ ਸਕਦੀ ਐ ਬੰਤ ਸਿਆਂ..!" ਢਿੱਲੋਂ ਨੇ ਆਪਣੇ ਵੱਲੋਂ ਸੁਚੱਜੀ ਮੱਤ ਦਿੱਤੀ।
ਘੋਰ ਉਦਾਸ ਬੰਤ ਪੈਰ ਘੜ੍ਹੀਸਦਾ ਘਰ ਆ ਗਿਆ।
ਮਨਜੀਤ ਰਸੋਈ ਵਿਚ ਸਬਜ਼ੀ ਬਣਾ ਰਹੀ ਸੀ।
ਪਹਿਲੀ ਵਾਰ ਬੰਤ ਨੂੰ ਮਨਜੀਤ ਚੰਗੀ ਜਿਹੀ ਨਹੀਂ ਸੀ ਲੱਗੀ।
-''ਕੀ ਹੋ ਗਿਆ..? ਸਿਹਤ ਨੀ ਠੀਕ..?" ਉਸ ਦਾ ਉਤਰਿਆ ਮੂੰਹ ਦੇਖ ਕੇ ਮਨਜੀਤ ਨੇ ਪੁੱਛਿਆ।
-''........।" ਬੰਤ ਕੁਝ ਨਾ ਬੋਲਿਆ।
ਉਹ ਗੱਲ ਸ਼ੁਰੂ ਕਰਨਾ ਚਾਹੁੰਦਾ ਸੀ। ਪਰ ਉਸ ਨੂੰ ਗੱਲ ਦਾ ਸਿਰਾ ਨਹੀਂ ਲੱਭ ਰਿਹਾ ਸੀ। ਕੱਛ 'ਚੋਂ ਮੂੰਗਲ਼ਾ ਉਹ ਚਲਾਉਣਾ ਹੀ ਨਹੀਂ ਚਾਹੁੰਦਾ ਸੀ। ਪਰ ਇੱਕ ਗੱਲ ਉਸ ਨੇ ਬੜੀ ਬੁਰੀ ਤਰ੍ਹਾਂ ਮਹਿਸੂਸ ਕਰ ਲਈ ਸੀ ਕਿ ਜੇ ਇਹ ਘਪਲ਼ਾ ਮਨਜੀਤ ਨੇ ਕੀਤਾ ਹੋਇਆ, ਤਾਂ ਉਸ ਨੇ ਇਹ ਵਿਆਹ ਸੁਆਰਥ ਲਈ ਕੀਤਾ ਹੈ, ਨਾ ਕਿ ਕਿਸੇ ਪ੍ਰੇਮ ਜਾਂ ਹਮਦਰਦੀ ਲਈ! ..ਤੇ ਜੇ ਇਹ ਘਪਲ਼ਾ ਵਾਕਿਆ ਹੀ ਇਸ ਨੇ ਕੀਤਾ ਹੋਇਆ, ਤਾਂ ਕੀ ਗਰੰਟੀ ਐ ਕਿ ਅੱਗੇ ਤੋਂ ਨਹੀਂ ਕਰੂਗੀ..?
-''ਤੇਰਾ ਚਿੱਤ ਤਾਂ ਠੀਕ ਐ ਨ੍ਹਾਂ..?"
-''ਆਹੋ..! ਠੀਕ ਐ..!" ਉਸ ਨੇ ਕਿਚਨ ਵਿਚ ਜਾ ਕੇ ਬੋਤਲ ਨੂੰ ਹੱਥ ਪਾ ਲਿਆ ਅਤੇ ਗਿਲਾਸ ਭਰ ਕੇ ਅੰਦਰ ਸੁੱਟਿਆ। ਇੱਕ ਲੱਖ ਸੱਠ ਹਜ਼ਾਰ ਦਾ ਘਾਟਾ ਉਸ ਅੰਦਰ ਜਵਾਲਾ ਮੁਖੀ ਬਾਲ਼ੀ ਫ਼ਿਰਦਾ ਸੀ। ਉਸ ਨੇ ਦਿਨ ਰਾਤ ਮਿਹਨਤ ਕੀਤੀ। ਜ਼ਿੰਦਗੀ ਵਿਚ ਸਾਰੇ ਸੁਖ ਤਿਆਗ ਕੇ ਐਨਾਂ ਕੁਛ ਬਣਾਇਆ। ਪਹਿਲੀ ਘਰਵਾਲ਼ੀ ਉਸ ਨਾਲ਼ ਜੱਦੋਜਹਿਦ ਅਤੇ ਮਿਹਨਤ-ਮੁਸ਼ੱਕਤ ਕਰਦੀ ਤੁਰ ਗਈ। ਹੁਣ ਆਹ ਘਾਟੇ..? ਉਹ ਸੋਫ਼ੇ 'ਤੇ ਅਤੀਅੰਤ ਪ੍ਰੇਸ਼ਾਨ ਹੋਇਆ ਬੈਠਾ ਸੀ। ਪਤਾ ਮਨਜੀਤ ਨੂੰ ਵੀ ਲੱਗ ਗਿਆ ਸੀ ਕਿ ਉਸ ਦੇ ਪ੍ਰਪੰਚ ਤੋਂ ਪਰਦਾ ਉਠ ਚੁੱਕਿਆ ਸੀ ਜਾਂ ਉਠਣ ਵਾਲ਼ਾ ਸੀ। ਉਸ ਨੇ ਵੀ ਆਪਣੇ ਆਪ ਨੂੰ ਅੰਦਰੋਂ ਕਰੜਾ ਕਰ ਲਿਆ। ਇੱਕ ਲੱਖ ਸੱਠ ਹਜ਼ਾਰ ਪੌਂਡ ਉਸ ਨੇ ਪਾਸੇ ਕਰ ਲਿਆ ਸੀ ਅਤੇ ਤਲਾਕ ਤੋਂ ਬਾਅਦ ਬੰਤ ਦੀ ਜਾਇਦਾਦ ਵਿਚੋਂ ਅੱਧ ਮਿਲਣਾ ਲੋਹੇ 'ਤੇ ਲਕੀਰ, ਪ੍ਰਪੱਕ ਸੀ। ਹੁਣ ਉਸ ਨੇ ਬੰਤ ਤੋਂ ਕੀ ਲੈਣਾਂ ਸੀ..? ਕੱਲ੍ਹ ਨੂੰ ਵਿਗੜਦਾ ਅੱਜ ਵਿਗੜ ਜਾਵੇ..! ਮੇਰਾ ਜਾਣਦੈ ਛਿੱਤਰ..!
-''ਮਨਜੀਤ..!" ਉਸ ਨੇ ਇੱਕ ਪੈੱਗ ਹੋਰ ਅੰਦਰ ਸੁੱਟ ਕੇ ਮਨਜੀਤ ਨੂੰ ਅਵਾਜ਼ ਮਾਰੀ।
-''ਦੱਸੋ..?"
-''.........!" ਬੰਤ ਦਾ ਹੌਸਲਾ ਕਿਰ ਗਿਆ।
-''ਬੋਲੋ ਕੀ ਗੱਲ ਐ..?" ਉਹ ਅੰਦਰੋਂ ਪੱਥਰ ਵਾਂਗ ਸਖ਼ਤ ਹੋਈ ਖੜ੍ਹੀ ਸੀ ਅਤੇ ਕਿਸੇ ਵੀ ਮੁਕਾਬਲੇ ਲਈ ਤਿਆਰ ਸੀ।
-''ਆਪਣੇ ਸਟੋਰ ਦੇ ਅਕਾਊਂਟ 'ਚ ਇੱਕ ਲੱਖ ਸੱਠ ਹਜ਼ਾਰ ਪੌਂਡ ਘੱਟ ਜਮ੍ਹਾਂ ਹੋਏ ਐ..! ਮੈਨੂੰ ਸਮਝ ਨੀ ਆਉਂਦੀ ਕਿ ਤੂੰ ਈ ਪੈਸੇ ਜਮ੍ਹਾਂ ਕਰਵਾਉਣ ਜਾਂਦੀ ਸੀ, ਤੇ ਉਹ ਇੱਕ ਲੱਖ ਸੱਠ ਹਜ਼ਾਰ ਗਏ ਕਿੱਥੇ..?"
-''..........।" ਮਨਜੀਤ ਨੇ ਕੋਈ ਉੱਤਰ ਨਾ ਦਿੱਤਾ। ਉਹ ਮਿੱਟੀ ਦੀ ਢਿੱਗ ਬਣੀ ਖੜ੍ਹੀ ਸੀ ਅਤੇ ਬੰਤ ਉਸ ਦਾ ਪ੍ਰਤੀਕਰਮ ਤਾੜ ਰਿਹਾ ਸੀ। ਪਰ ਮਨਜੀਤ ਕੁਝ ਵੀ ਨਹੀਂ ਬੋਲ ਰਹੀ ਸੀ। ਫ਼ਿਰ ਮਨਜੀਤ ਨੂੰ ਪਤਾ ਨਹੀਂ ਕੀ ਕਮਲ਼ਪੁਣਾਂ ਉਠਿਆ, ਉਸ ਨੇ ਚਾਕੂ ਚੁੱਕ ਪਾਗਲਾਂ ਵਾਂਗ ਆਪਣੀਆਂ ਬਾਹਾਂ 'ਤੇ ਮਾਰਨਾਂ ਸ਼ੁਰੂ ਕਰ ਦਿੱਤਾ। ਹਰਫ਼ਲ਼ੇ ਬੰਤ ਨੇ ਮਨਜੀਤ ਦੇ ਹੱਥੋਂ ਚਾਕੂ ਖੋਹ ਕੇ ਪਰ੍ਹੇ ਸੁੱਟ ਦਿੱਤਾ।
-''ਕੀ ਕਰੀ ਜਾਨੀ ਐਂ..? ਕਮਲ਼ੀ ਹੋਗੀ..?" ਲਹੂ ਲੁਹਾਣ ਹੋਈ ਮਨਜੀਤ ਨੂੰ ਦੇਖ ਕੇ ਬੰਤ ਦੇ ਤੌਰ ਉੱਡ ਗਏ।
ਪਤਾ ਨਹੀਂ ਕਦੋਂ ਮਨਜੀਤ ਨੇ 999 ਘੁੰਮਾ ਦਿੱਤਾ। ਪੁਲੀਸ ਨਾਲ਼ ਤਾਂ ਉਸ ਨੇ ਕੋਈ ਗੱਲ ਨਾ ਕੀਤੀ। ਫ਼ੋਨ ਪਾਸੇ ਰੱਖ ਕੇ ਚੀਕਣਾਂ-ਚਿਲਾਉਣਾ ਸ਼ੁਰੂ ਕਰ ਦਿੱਤਾ। ਖ਼ਤਰਾ ਮਹਿਸੂਸ ਕਰ ਕੇ ਪੁ਼ਲੀਸ ਨੇ ਸਕਰੀਨ ਤੋਂ ਐੱਡਰੈੱਸ ਨੋਟ ਕੀਤਾ ਅਤੇ ਤਿੰਨ ਗੱਡੀਆਂ ਵਾਹੋਦਾਹੀ ਬੰਤ ਦੇ ਘਰ ਅੱਗੇ ਆ ਖੜ੍ਹੀਆਂ। ਨੀਲੀਆਂ ਲਾਈਟਾਂ ਅਤੇ ਪੁਲੀਸ ਦੇ ਹੂਟਰ ਸੁਣ ਕੇ ਆਂਢੀ-ਗੁਆਂਢੀ ਬਾਹਰ ਆ ਗਏ। ਰੋਂਦੀ ਮਨਜੀਤ ਨੂੰ ਪੁਲੀਸ ਨੇ ਐਂਬੂਲੈਂਸ ਮੰਗਵਾ ਹਸਪਤਾਲ਼ ਨੂੰ ਤੋਰ ਦਿੱਤਾ ਅਤੇ ਬੰਤ ਨੂੰ ਗ੍ਰਿਫ਼ਤਾਰ ਕੇ ਹੱਥਕੜੀਆਂ ਜੜ ਲਈਆਂ ਅਤੇ ਵਾਰਦਾਤ ਵਿਚ ਵਰਤਿਆ ਚਾਕੂ ਜਬਤ ਕਰ ਲਿਆ। ਘਰ ਸੀਲ ਕਰ ਦਿੱਤਾ ਅਤੇ ਪ੍ਰੈੱਸ ਨੂੰ ਖ਼ਬਰ ਕਰ ਦਿੱਤੀ।
ਅਚਾਨਕ ਪਈ ਬਿੱਜ 'ਤੇ ਬੰਤ ਪ੍ਰੇਸ਼ਾਨ ਹੋਣ ਨਾਲ਼ੋਂ ਹੈਰਾਨ ਜ਼ਿਆਦਾ ਸੀ ਕਿ ਆਹ ਕੀ ਹੋ ਗਿਆ?
ਉਂਗਲ਼ੀਆਂ ਦੇ ਨਿਸ਼ਾਨ ਲੈਣ ਤੋਂ ਬਾਅਦ ਵਕੀਲ ਦੀ ਹਾਜ਼ਰੀ ਵਿਚ ਬੰਤ ਦੇ ਬਿਆਨ ਦਰਜ਼ ਹੋਏ। ਚਾਕੂ ਉਪਰ ਬੰਤ ਦੀਆਂ ਉਂਗਲ਼ੀਆਂ ਦੇ ਨਿਸ਼ਾਨ ਸਨ। ਬੰਤ ਸਿੰਘ ਨਿਰਦੋਸ਼ ਸੀ। ਪਰ ਉਸ ਦੀ ਕੋਈ ਬਾਤ ਨਹੀਂ ਸੁਣੀ ਜਾ ਰਹੀ ਸੀ। ਇੰਗਲੈਂਡ ਵਿਚ ਕਿਸੇ ਦੇ ਘਰ ਚੋਰੀ ਹੋ ਜਾਵੇ ਤਾਂ ਇੱਥੋਂ ਦੀ ਪੁਲੀਸ ਅੱਠ-ਦਸ ਘੰਟੇ ਬਾਅਦ ਦਰਸ਼ਣ ਦਿੰਦੀ ਹੈ। ਦੰਗੇ ਸ਼ੁਰੂ ਹੋ ਜਾਣ ਤਾਂ ਡਰਦੀ ਬਹੁੜਦੀ ਹੀ ਨਹੀਂ! ਪਰ ਜੇ ਇਹਨਾਂ ਨੂੰ ਪਤਾ ਲੱਗ ਜਾਵੇ ਕਿ ਕੋਈ ਏਸ਼ੀਅਨ ਆਪਣੀ ਘਰਵਾਲ਼ੀ ਨੂੰ ਕੁੱਟ ਰਿਹਾ ਹੈ, ਸ਼ਿਕਾਰੀ ਕੁੱਤੇ ਵਾਂਗੂੰ ਤੀੜ ਦੇ ਲੈਂਦੇ ਨੇ! ਬਿਆਨ ਲੈਣ ਤੋਂ ਬਾਅਦ ਪੁਲੀਸ ਨੇ ਬੰਤ ਨੂੰ ਕੁਝ ਸ਼ਰਤਾਂ 'ਤੇ ਬੰਨ੍ਹ ਕੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ। ਪੁਲੀਸ ਦੀ ਕਾਰਗੁਜ਼ਾਰੀ ਤੋਂ ਘੱਟ, ਪਰ ਮਨਜੀਤ ਦੀ ਘਤਿੱਤ ਤੋਂ ਜ਼ਿਆਦਾ ਦੁਖੀ ਸੀ। ਉਸ ਨੇ ਤਾਂ ਕਦੇ ਮਨਜੀਤ ਨੂੰ ਫ਼ੁੱਲ ਦੀ ਨਹੀਂ ਲਾਈ ਸੀ। ਫ਼ਿੱਟ੍ਹੇ ਮੂੰਹ ਜਾਂ 'ਓਏ' ਨਹੀਂ ਕਿਹਾ ਸੀ, ਪਰ ਫ਼ਿਰ ਇਹ ਇਲਜ਼ਾਮ..? ਉਸ ਨੂੰ ਇੱਕ ਲੱਖ ਸੱਠ ਹਜ਼ਾਰ ਦੇ ਘਪਲ਼ੇ ਦੀ ਸਮਝ ਪੈ ਗਈ ਸੀ।
ਕਿਸ਼ਤ 28
ਧੁਰ ਹਿਰਦੇ ਤੋਂ ਅਥਾਹ ਪ੍ਰੇਸ਼ਾਨ ਉਹ ਜੱਕੋ-ਤੱਕੀ ਵਿਚ ਸਿੱਧਾ ਢਿੱਲੋਂ ਸਾਹਿਬ ਦੇ ਦਫ਼ਤਰ ਪਹੁੰਚ ਗਿਆ।
ਢਿੱਲੋਂ ਜਿਵੇਂ ਉਸ ਦੀ ਹੀ ਉਡੀਕ ਕਰ ਰਿਹਾ ਸੀ।
-''ਮੈਂ ਤਾਂ ਪਹਿਲਾਂ ਈ ਉਹਦੀ ਬੇਈਮਾਨ ਅੱਖ ਪਛਾਣ ਗਿਆ ਸੀ, ਪਰ ਤੇਰੇ ਝੁਕਾਅ ਕਰ ਕੇ ਬੋਲਿਆ ਨੀ ਸੀ, ਬੰਤ ਸਿਆਂ..!" ਢਿੱਲੋਂ ਵੀ ਨਿਰਾਸ਼ਾ ਵਿਚੋਂ ਹੀ ਬੋਲਿਆ ਸੀ।
-''ਤੁਸੀਂ ਵੱਡੇ ਵੀਰ ਸੀ, ਮੇਰਾ ਕੰਨ ਮਰੋੜ ਕੇ ਵੀ ਰੋਕ ਸਕਦੇ ਸੀ..!" ਬੰਤ ਨੇ 'ਮੇਰ' ਜਿਹੀ ਨਾਲ਼ ਕਿਹਾ।
-''ਔਰਤ ਦੇ ਪਿੱਛੋਂ ਬੰਦਾ ਓਨਾਂ ਚਿਰ ਨਹੀਂ ਲਹਿੰਦਾ, ਜਿੰਨਾਂ ਚਿਰ ਉਹ ਆਪਣੇ ਤਰਾਰੇ ਨਹੀਂ ਦਿਖਾਉਂਦੀ..! ਜਿੰਨਾਂ ਚਿਰ ਔਰਤ ਖ਼ੁਦ ਬੰਦੇ ਨੂੰ ਲੱਤ ਮਾਰ ਕੇ ਪਿੱਛੇ ਨਹੀਂ ਸਿੱਟਦੀ ਤੇ ਬਿਗਾਨੀ ਹੋਣ ਦਾ ਠੋਸ ਅਹਿਸਾਸ ਨਹੀਂ ਕਰਵਾਉਂਦੀ, ਬੰਦਾ ਓਸ ਦੀਆਂ ਲਾਲ਼ਾਂ ਚੱਟਣੋਂ ਨੀ ਹੱਟਦਾ..! ਆਪਣੀ ਕਿੰਨੀ ਪੁਰਾਣੀ ਯਾਰੀ ਐ, ਬੱਸ ਮਨਜੀਤ ਕਰਕੇ ਤੇਰੇ ਦਿਲੋਂ ਨੀ ਸੀ ਲਹਿਣਾਂ ਚਾਹੁੰਦਾ..! ਸੋਚਦਾ ਸੀ, ਜਿਸ ਦਿਨ ਇਹਨੂੰ ਪ੍ਰਤੱਖ ਪ੍ਰਮਾਣ ਮਿਲ਼ ਗਿਆ, ਆਪੇ ਮੁੜ ਆਊਗਾ, ਤੇ ਜੇ ਮੈਂ ਕੁਛ ਕਿਹਾ, ਪਤਾ ਨੀ ਕੀ-ਕੀ ਸੋਚੂਗਾ..! ਪਰ ਮੈਨੂੰ ਇਹ ਚਿੱਤ ਚੇਤਾ ਨੀ ਸੀ ਬਈ ਤੇਰੇ ਨਾਲ਼ ਐਡਾ ਧੱਕਾ ਹੋਊਗਾ..!"
-''...........।" ਬੰਤ ਚੁੱਪ ਸੀ।
-''ਤੇਰਾ ਅੱਖਾਂ ਮੀਟ ਕੇ ਵਿਸ਼ਵਾਸ ਕਰਨਾਂ ਹੁਣ ਤੈਨੂੰ ਪਤੈ ਕਿੰਨਾਂ ਮਹਿੰਗਾ ਪੈ ਸਕਦੈ..?"
-''............।" ਬੰਤ ਨੇ ਚੁੱਪ ਅਤੇ ਨਿਰਾਸ਼ ਚਿਹਰਾ ਉਪਰ ਚੁੱਕਿਆ।
-''ਉਹ ਐ ਮੀਸਣੀ ਤੇ ਚਾਲੂ ਜਨਾਨੀ..! ਵਿਆਹ ਦਾ ਢੌਂਗ ਓਸ ਨੇ ਤੇਰੇ ਨਾਲ਼ ਏਸੇ ਕਰ ਕੇ ਈ ਰਚਾਇਐ ਕਿ ਤੇਰੇ ਬਿਜ਼ਨਿਸ ਤੇ ਦੋ ਘਰਾਂ 'ਚੋਂ ਅੱਧ ਲੈ ਸਕੇ! ਇੱਕ ਲੱਖ ਸੱਠ ਹਜ਼ਾਰ ਦਾ ਘਪਲ਼ਾ ਕਰਨ ਤੋਂ ਬਿਨਾਂ ਤੇਰੇ ਤੋਂ ਪਾਸੇ ਹਟਣ ਵਾਸਤੇ ਉਹਦੇ ਕੋਲ਼ ਕੋਈ ਬਹਾਨਾ ਨੀ ਸੀ..! ਨਾਲ਼ੇ ਤਾਂ ਡੇੜ੍ਹ ਲੱਖ ਤੋਂ ਉਪਰ ਪੌਂਡ ਦਾ ਘਪਲ਼ਾ ਕਰ ਗਈ, ਤੇ ਨਾਲ਼ ਆਪਣੇ ਆਪ ਚਾਕੂ ਮਾਰ ਕੇ ਤਲਾਕ ਨੂੰ ਥਾਂ ਕਰ ਗਈ..! ਹੁਣ ਉਹਦੇ ਦੋਹੀਂ ਹੱਥ ਲੱਡੂ ਐ..! ਹੁਣ ਜੇ ਤੂੰ ਉਹਦੇ ਨਾਲ਼ ਰਾਜ਼ੀਨਾਵਾਂ ਵੀ ਕਰੇਂਗਾ ਤਾਂ ਅੱਧ ਤਾਂ ਜਾਊ ਈ ਜਾਊ..! ਇਹ ਅੱਧ ਦਾ ਮੱਥਾ ਤੈਨੂੰ ਟੇਕਣਾਂ ਈ ਪੈਣੈਂ..! ਚਾਹੇ ਰਾਜ਼ੀਨਾਵੇਂ 'ਚ ਟੇਕ ਦੇਈਂ ਤੇ ਚਾਹੇ ਅਦਾਲਤ ਦੇ ਧੱਕੇ ਖਾ ਕੇ ਟੇਕ ਦੇਈਂ..! ਕੁਰਕੀ ਦੋਵੇਂ ਪਾਸੇ ਈ ਐ, ਤੇ ਨਾਲ਼ੇ ਐ ਬਦਨਾਮੀਂ..!"
-''ਹੁਣ ਏਸ ਦਾ ਕੋਈ ਹੱਲ ਢਿੱਲੋਂ ਸਾਹਿਬ..?" ਉਹ ਘੋਰ ਉਦਾਸੀ ਵਿਚੋਂ ਬੋਲਿਆ।
-''ਹੁਣ ਇਸ ਦਾ ਹੱਲ ਤਾਂ ਤੈਨੂੰ ਸਮਾਂ ਈ ਦੱਸੂਗਾ..! ਪਰ ਇੱਕ ਗੱਲ ਮੈਂ ਤੈਨੂੰ ਆਖ਼ਰੀ ਦੱਸਦੈਂ, ਉਹ ਨਾ ਤਾਂ ਕਦੇ ਤੇਰੀ ਤੀਮੀਂ ਸੀ, ਤੇ ਹੁਣ ਤਾਂ ਉਹਨੇ ਬਣਨਾ ਈ ਕੀ ਐ..? ਉਹ ਤਾਂ ਤੈਨੂੰ ਪਤਾ ਲੱਗ ਈ ਗਿਆ ਹੋਣੈਂ..? ਉਹ ਤਾਂ ਸਿਰਫ਼ ਸੁਆਰਥੀ ਤੇ ਮਤਲਬੀ ਔਰਤ ਸੀ, ਤੇ ਆਪਣਾ ਮਤਲਬ ਕੱਢ ਕੇ ਪਾਸੇ ਹੋਈ, ਤੇ ਨਾਲ਼ੇ ਪੱਲੇ ਪਾ ਗਈ ਬਦਨਾਮੀ ਤੇ ਪ੍ਰੇਸ਼ਾਨੀ..! ਹੁਣ ਓਸ ਤੋਂ ਦੂਰ ਈ ਰਹਿ, ਕਦੇ ਨੇੜੇ ਜਾਣ ਦੀ ਕੋਸ਼ਿਸ਼ ਤੱਕ ਨਾ ਕਰੀਂ..! ਜੇ ਉਹ ਨੇੜੇ ਵੀ ਲੱਗੇ ਤਾਂ ਪਰ੍ਹੇ ਈ ਰਹੀਂ..!"
-''ਤੀਮੀਆਂ 'ਤੇ ਕੋਈ ਵਾਧਾ ਹੋ ਜਾਵੇ, ਉਹਨਾਂ ਲਈ ਪੈਂਤੀ ਸੰਸਥਾਵਾਂ ਉਠ ਖੜ੍ਹਦੀਐਂ, ਬੰਦੇ ਲਈ ਕੋਈ ਭੈਣ ਚੋਦ ਹਿੱਕ ਨੀ ਥਾਪੜਦਾ..!" ਬੰਤ ਰੋਣ ਵਾਲ਼ਾ ਹੋਇਆ ਬੈਠਾ ਸੀ।
ਢਿੱਲੋਂ ਹੱਸ ਪਿਆ।
-''ਔਰਤ ਨੂੰ ਹਮੇਸ਼ਾ ਵਿਚਾਰੀ ਤੇ ਮਜ਼ਲੂਮ ਮੰਨ ਕੇ ਮੱਦਦ ਕੀਤੀ ਗਈ ਐ..! ਕੋਈ ਸ਼ੱਕ ਨਹੀਂ ਕਿ ਸਤਾਇਆ ਔਰਤ ਨੂੰ ਮਰਦ ਨੇ ਹੀ ਸੀ, ਮਰਦ-ਪ੍ਰਧਾਨ ਸਮਾਜ ਵਿਚ ਧੱਕੇ ਤੇ ਵਾਧੇ ਮਰਦ ਨੇ ਈ ਕੀਤੇ ਸੀ..! ਇਸੇ ਪ੍ਰਤੀਕਰਮ ਨੂੰ ਲੈ ਕੇ ਸੰਸਥਾਵਾਂ ਉਠੀਆਂ, ਮਹਿਲਾ ਮੰਡਲ ਬਣੇ..! ਔਰਤ ਦੇ ਹੱਕ 'ਚ ਕਾਨੂੰਨ ਬਣੇ..! ਪਰ ਇਸ ਕਾਨੂੰਨ ਜਾਂ ਸੰਸਥਾਵਾਂ ਦਾ ਕਈ ਔਰਤਾਂ ਨੇ ਬਹੁਤ ਗਲਤ ਫ਼ਾਇਦਾ ਲਿਆ ਤੇ ਮਰਦ ਤੋਂ ਗਿਣ-ਗਿਣ ਕੇ ਬਦਲੇ ਵੀ ਲਏ..! ...ਤੇ ਕਈ ਮਨਜੀਤ ਵਰਗੀਆਂ ਅੱਜ ਵੀ ਬੇਦੋਸ਼ਿਆਂ ਤੋਂ ਬਦਲੇ ਲਈ ਜਾ ਰਹੀਆਂ ਨੇ..! ਉਹਨਾਂ ਨੂੰ ਤੰਗ ਪ੍ਰੇਸ਼ਾਨ ਕਿਸੇ ਹੋਰ ਮਰਦ ਨੇ ਕੀਤਾ ਤੇ ਉਹ ਬਦਲਾ ਦੂਜੇ ਕਿਸੇ ਨਿਰਦੋਸ਼ ਤੋਂ ਲੈਂਦੀਆਂ ਰਹੀਆਂ..! ਬਹੁਤੇ ਮਰਦ ਤਾਂ ਆਪਣੀ ਔਰਤ ਦਾ ਹਿੱਕ-ਧੱਕਾ ਕਾਨੂੰਨ ਦੇ ਡਰ ਤੋਂ ਈ ਜਰਦੇ ਆ ਰਹੇ ਨੇ..! ਸੋਚਦੇ ਐ ਬਈ ਜੇ ਔਰਤ ਨੂੰ ਹੱਥ ਲਾਇਆ ਤਾਂ ਅੰਦਰ ਹੋ ਜਾਵਾਂਗੇ..!"
-''ਢਿੱਲੋਂ ਸਾਹਿਬ, ਤੁਹਾਨੂੰ ਪਤੈ ਕਿ ਮੈਂ ਬਿਲਕੁਲ ਨਿਰਦੋਸ਼ ਐਂ..! ਕਿਸੇ ਦੇ ਚਾਕੂ ਤਾਂ ਕੀ ਮਾਰਨਾਂ ਸੀ? ਕਦੇ ਕੁੱਤੇ ਦੇ ਡੰਡਾ ਨੀ ਮਾਰਿਆ..!"
-''ਏਸੇ ਗੱਲ ਦਾ ਤਾਂ ਮਨਜੀਤ ਨੇ ਫ਼ਾਇਦਾ ਲੈਣੈਂ, ਛੋਟੇ ਭਾਈ..! ਓਸ ਨੂੰ ਪਤੈ ਕਿ ਤੂੰ ਨਿਰਦੋਸ਼ ਐਂ..! ਅਦਾਲਤ ਨੇ ਸੱਚ ਬਾਹਰ ਕੱਢਣ ਦੀ ਕੋਸ਼ਿਸ਼ ਕਰਨੀ ਐਂ ਤੇ ਜੇ ਉਹ ਝੂਠੀ ਸਾਬਤ ਹੋ ਗਈ ਤਾਂ ਬਾਇੱਜ਼ਤ ਬੰਦੇ 'ਤੇ ਝੂਠਾ ਇਲਜ਼ਾਮ ਲਾਉਣ ਕਾਰਨ ਕਸੂਤੀ ਵੀ ਫ਼ਸ ਸਕਦੀ ਐ..! ਏਸੇ ਲਈ ਤਾਂ ਉਹਨੇ ਤੇਰੇ ਨਾਲ਼ ਰਾਜ਼ੀਨਾਵਾਂ ਕਰਨ ਦੀ ਕੋਸ਼ਿਸ਼ ਕਰਨੀ ਐਂ..!"
-''ਪਰ ਥੋਨੂੰ ਤਾਂ ਪਤੈ ਢਿੱਲੋਂ ਸਾਹਿਬ ਕਿ ਮੈਂ ਨਿਰਦੋਸ਼ ਐਂ..!"
-''ਉਹ ਮੈਨੂੰ ਪਤੈ..! ਤੀਜਾ ਬੰਦਾ ਤੁਹਾਡੇ ਕੋਲ਼ ਹੈ ਨਹੀਂ ਸੀ, ਜ਼ਿਆਦਾਤਰ ਔਰਤ ਦੀ ਮੰਨੀ ਜਾਣੀ ਐਂ..! ਪਰ ਇੰਗਲੈਂਡ ਦਾ ਕਾਨੂੰਨ ਐਨਾਂ ਵੀ ਅੰਨ੍ਹਾਂ ਨੀ ਕਿ ਦੂਜੀ ਧਿਰ ਦਾ ਪੱਖ ਈ ਨਾ ਸੁਣੇ..? ਜੇ ਦੁੱਧੋਂ ਪਾਣੀ ਨਿੱਤਰ ਗਿਆ, ਮਨਜੀਤ ਵਰਗੀ ਨੇ ਭਾਲ਼ੀ ਨੀ ਥਿਆਉਣਾਂ, ਛੋਟੇ ਵੀਰ..! ਇਉਂ ਏਥੇ ਲੁੱਟ ਨੀ ਮੱਚੀ..! ਬੱਸ ਛੇਤੀ ਕੀਤੇ ਰਾਜ਼ੀਨਾਵਾਂ ਨਾ ਕਰੀਂ..! ਉਹ ਰਾਜ਼ੀਨਾਵੇਂ ਨੂੰ ਰੱਸੇ ਤੁੜਾਊਗੀ..! ਕੇਸ ਲੜਾਂਗੇ ਤਕੜੇ ਹੋ ਕੇ..!"
-''ਚਾਕੂ ਵਾਲ਼ਾ ਕੇਸ ਤਾਂ ਢਿੱਲੋਂ ਸਾਹਿਬ ਲਵਾਂਗੇ ਜਿੱਤ..! ਪਰ ਜੇ ਤਲਾਕ ਹੋਇਆ ਤਾਂ ਅੱਧ ਤਾਂ ਦੇਣਾਂ ਈ ਪਊ..?"
-''ਜੇ ਉਹਦੀਆਂ ਕੱਛਾਂ ਸੁੰਘੀਐਂ, ਉਹਦਾ ਕੋਈ ਨਾ ਕੋਈ ਮੁੱਲ ਤਾਂ ਤਾਰਨਾਂ ਈ ਪਊ..! ਨਾਲ਼ੇ ਕਾਨੂੰਨੀ ਤੌਰ 'ਤੇ ਤਾਂ ਉਹ ਪਤਨੀ ਹੋਣ ਦੇ ਨਾਤੇ ਅੱਧ ਦੀ ਮਾਲਕ ਹੈ ਈ..! ਸੌ ਹੱਥ ਰੱਸਾ ਤੇ ਸਿਰੇ 'ਤੇ ਗੰਢ..! ਖਿੱਦੋ ਉਹਦੇ ਪਾਲ਼ੇ 'ਚ ਐ, ਕੁਛ ਨਾ ਕੁਛ ਉਹ ਜ਼ਰੂਰ ਲੈ ਕੇ ਡਿੱਗੂਗੀ..! ਸੁੱਕਾ ਤੈਨੂੰ ਉਹ ਜਮਾਂ ਨੀ ਨਿਕਲਣ ਦਿੰਦੀ..!"
-''ਦੁੱਖ ਤਾਂ ਮੈਨੂੰ ਹੋਰ ਆਉਂਦੈ ਢਿੱਲੋਂ ਸਾਹਿਬ..!"
-''ਕੀ..?"
-''ਮੇਰੀ ਤੇ ਜਿੰਦਰ ਦੀ ਕੀਤੀ ਦਿਨ ਰਾਤ ਮਿਹਨਤ ਨੂੰ ਇਹ ਕੁੱਤੀ ਉੜਦੂ ਲਾਊਗੀ..!"
-''ਜਿੰਦਰ ਕੌਣ..?"
-''ਜਿੰਦਰ, ਮੇਰੀ ਪਹਿਲੀ ਘਰਵਾਲ਼ੀ ਢਿੱਲੋਂ ਸਾਹਿਬ..!"
-''ਅੱਛਾ..! ਉਹ ਤਾਂ ਬੜੀ ਚੰਗੀ ਕੁੜੀ ਸੀ..! ਇਹਦੀ ਗੱਲ ਕਰਦਾ ਸੀ, ਉੜਦੂ ਕੀ ਛੋਟੇ ਭਾਈ..? ਇਹ ਤਾਂ ਤੰਗਲ਼ੀ ਨਾਲ਼ ਉਡਾਊਗੀ..!"
ਸਿਰ ਫ਼ੇਰਦਾ ਬੰਤ ਆਪਣੇ ਸਟੋਰ 'ਤੇ ਆ ਗਿਆ।
ਸਟੋਰ ਬੰਦ ਪਿਆ ਸੀ। ਉਸ ਦੇ ਗਾਹਕ ਉਸ ਪ੍ਰਤੀ ਚਿੰਤਤ ਸਨ ਕਿ ਬੰਤ ਨੇ ਤਾਂ ਅੱਜ ਤੱਕ ਕਦੇ ਦੁਕਾਨ ਖੋਲ੍ਹਣ ਦਾ ਨਾਗਾ ਨਹੀਂ ਪਾਇਆ ਸੀ, ਅੱਜ ਕੀ ਹੋ ਗਿਆ ਸੀ..? ਸੁੱਖ ਹੋਵੇ ਸਹੀ..! ਉਸ ਦੇ ਪੱਕੇ ਗਾਹਕ ਆ-ਆ ਕੇ ਮੁੜ ਰਹੇ ਸਨ। ਗੁਆਂਢੀ ਸਟੋਰ ਵਾਲ਼ਿਆਂ ਨੂੰ ਪੁੱਛ ਰਹੇ ਸਨ। ਪਰ ਕਿਸੇ ਨੂੰ ਕੁਝ ਵੀ ਪਤਾ ਨਹੀਂ ਸੀ।
ਜਦ ਬੰਤ ਨੇ ਸਟੋਰ ਖੋਲ੍ਹਿਆ ਤਾਂ ਪੱਕੇ ਗਾਹਕ ਉਮਡ ਕੇ ਪੈ ਗਏ।
ਲੋਕ ਉਸ ਤੋਂ ਕਾਰਨ ਪੁੱਛ ਰਹੇ ਸਨ। ਬੰਤ ਸਿਹਤ ਨਾ ਠੀਕ ਹੋਣ ਦਾ ਬਹਾਨਾ ਮਾਰ ਰਿਹਾ ਸੀ।
ਬੰਤ ਕੰਮ ਵਿਚ ਰੁੱਝ ਗਿਆ।
ਪੁਰਾਣੇ ਗਾਹਕਾਂ ਨਾਲ਼ ਉਹ ਮੁੜ ਪਰਚ ਗਿਆ ਸੀ।
ਦਿਨ ਤਾਂ ਉਸ ਦਾ ਗੁਜ਼ਰ ਜਾਂਦਾ। ਪਰ ਪਰਬਤ ਵਰਗੀ ਰਾਤ ਨਾ ਲੰਘਦੀ। ਉਹ ਦਾਰੂ ਨਾਲ਼ ਕਮਲ਼ਾ ਹੋ ਕੇ ਰਾਤ ਕੱਟ ਲੈਂਦਾ। ਜਦੋਂ ਦਾਰੂ ਦਾ ਨਸ਼ਾ ਢੈਲ਼ਾ ਪੈਂਦਾ ਤਾਂ ਉਸ ਦੀ ਜਾਗ ਖੁੱਲ੍ਹ ਜਾਂਦੀ। ਇੱਕ ਲੱਖ ਸੱਠ ਹਜ਼ਾਰ ਦਾ ਘਪਲ਼ਾ ਅਤੇ ਸਿਰ ਪਿਆ ਕੇਸ ਉਸ ਦੇ ਦਿਮਾਗ ਅੰਦਰ ਵਦਾਣ ਮਾਰਨ ਲੱਗ ਜਾਂਦਾ ਤਾਂ ਉਸ ਨੂੰ ਅੱਚਵੀ ਲੱਗ ਜਾਂਦੀ ਅਤੇ ਪ੍ਰੇਸ਼ਾਨੀ ਵਿਚ ਉਹ ਉਠ ਕੇ ਬੈਠ ਜਾਂਦਾ। ਨੀਂਦ ਉਸ ਨੂੰ ਵੱਧ ਤੋਂ ਵੱਧ ਚਾਰ ਕੁ ਘੰਟੇ ਹੀ ਆਉਂਦੀ। ਜਦੋਂ ਉਸ ਦੀ ਜਾਗ ਖੁੱਲ੍ਹ ਜਾਂਦੀ ਤਾਂ ਉਹ ਪ੍ਰੇਸ਼ਾਨ ਕਰਨ ਵਾਲ਼ੇ ਖ਼ਿਆਲਾਂ ਵਿਚ ਉਲਝ ਕੇ ਪ੍ਰੇਸ਼ਾਨ ਹੋਇਆ ਰਹਿੰਦਾ। ਡਾਕਟਰ ਅਨੁਸਾਰ ਉਸ ਨੂੰ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਸ਼ਕਾਇਤ ਹੋ ਗਈ ਸੀ। ਕੰਮ ਕਾਰ ਨੂੰ ਤਾਂ ਹਿੰਮਤੀ ਬੰਤ ਸਿਉਂ ਕੁਛ ਗੌਲ਼ਦਾ ਨਹੀਂ ਸੀ। ਪਰ ਗੰਦੀ ਔਰਤ ਵੱਲੋਂ ਗਲ਼ ਪਾਈਆਂ ਪ੍ਰੇਸ਼ਾਨੀਆਂ ਕਾਰਨ ਉਹ ਫ਼ਿਕਰਾਂ ਵਿਚ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਚੱਲਿਆ ਸੀ। ਚਾਹੇ ਉਹ ਕਿੰਨ੍ਹਾਂ ਵੀ ਬੇਧਿਆਨਾਂ ਅਤੇ ਬੇਗੌਰਾ ਹੋਣ ਦੀ ਕੋਸ਼ਿਸ਼ ਕਰਦਾ, ਪਰ ਸਿਰ ਪਿਆ ਝੂਠਾ ਕੇਸ ਉਸ ਨੂੰ ਝੱਖੜ ਦੇ ਝੰਬੇ ਰੁੱਖ ਵਾਂਗ ਝੰਜੋੜ ਕੇ ਰੱਖ ਜਾਂਦਾ।
ਇੱਕ ਸ਼ਾਮ ਨੂੰ ਬੰਤ ਨੂੰ ਕਿਸੇ ਦਾ ਫ਼ੋਨ ਆਇਆ।
-''ਕੌਣ ਬੋਲਦੈ..?" ਓਧਰੋਂ ਅਵਾਜ਼ ਆਈ।
-''ਜੀਹਨੂੰ ਤੁਸੀਂ ਫ਼ੋਨ ਮਿਲ਼ਾਇਐ, ਓਹੀ ਬੋਲਦੈ ਬਾਈ ਜੀ..! ਤੁਸੀਂ ਕੌਣ ਬੋਲਦੇ ਓ..?"
-''ਬੜੀ ਜਲਦੀ ਪਤਾ ਲੱਗ ਜਾਊਗਾ ਕਿ ਮੈਂ ਕੌਣ ਬੋਲਦੈਂ..!" ਓਧਰੋਂ ਅੱਕਰਾ ਉੱਤਰ ਆਇਆ।
-''ਦੱਸੋ..? ਕੀ ਕੰਮ ਐਂ..??"
ਫ਼ੋਨ ਕੱਟਿਆ ਗਿਆ।
ਬੰਤ ਹੋਰ ਪ੍ਰੇਸ਼ਾਨ ਹੋ ਗਿਆ। ਪਰ ਜਲਦੀ ਹੀ ਆਪਣੇ ਕੰਮ ਵਿਚ ਮਸ਼ਰੂਫ਼ ਹੋ ਗਿਆ।
ਸ਼ਾਮ ਨੂੰ ਜਦ ਉਹ ਆਪਣੇ ਸਟੋਰ ਦਾ ਸਮਾਨ ਸਮੇਟ ਰਿਹਾ ਸੀ ਤਾਂ ਮਨਜੀਤ ਉਸ ਦੇ ਸਟੋਰ ਅੱਗੇ ਦੀ ਲੰਘੀ। ਉਸ ਨੇ ਆਪਣੀ ਉਮਰ ਤੋਂ ਕਾਫ਼ੀ ਛੋਟੇ ਜਾਪਦੇ ਕਿਸੇ ਮੁੰਡੇ ਦੀ ਬਾਂਹ ਵਿਚ ਬਾਂਹ ਪਾਈ ਹੋਈ ਸੀ। ਸਿਰ ਦੀ 'ਟੱਟੂ-ਹਜ਼ਾਮਤ' ਤੋਂ ਲੱਗਦਾ ਸੀ ਕਿ ਮੁੰਡਾ ਇੰਡੀਆ ਤੋਂ ਨਵਾਂ ਹੀ ਆਇਆ ਸੀ। ਮੁੰਡੇ ਦੀ ਚਾਲ-ਢਾਲ ਦੱਸ ਰਹੀ ਸੀ ਕਿ ਅਜੇ ਉਸ ਨੂੰ ਇੰਗਲੈਂਡ ਦਾ ਪੂਰਾ ਪਾਹ ਨਹੀਂ ਲੱਗਿਆ ਸੀ ਅਤੇ ਉਹ ਪੰਜਾਬ ਵਾਲ਼ੀ 'ਆਕੜ' ਵਿਚ ਹੀ ਆਫ਼ਰਿਆ ਫ਼ਿਰਦਾ ਸੀ। ਦੇਖ ਕੇ ਬੰਤ ਦੀਆਂ ਅੱਖਾਂ ਵਿਚੋਂ ਚੰਗਿਆੜੇ ਫ਼ੁੱਟੇ। ਹੁਣ ਬੰਤ ਦੇ ਦਿਮਾਗ ਵਿਚ ਗੱਲ ਆਈ ਕਿ ਇਸ ਕੁੱਤੀ ਨੇ ਇਸ 'ਫ਼ਰੈਸ਼ੀ' ਤੋਂ ਫ਼ੋਨ ਕਰਵਾਇਆ ਹੋਵੇਗਾ?
-''ਸੰਨੀ..! ਇਹ ਨੇ ਮੇਰੇ ਹੱਸਬੈਂਡ, ਸਰਦਾਰ ਬਲਵੰਤ ਸਿੰਘ ਉਰਫ਼ ਬੰਤ, ਉਰਫ਼ ਬੈਂਟ..!" ਉਸ ਨੇ ਚਿੜਾਉਣ ਦੇ ਲਹਿਜੇ ਨਾਲ਼ ਕਿਹਾ।
-''.......।" ਸਨੀ ਫ਼ੁਕਰੇ ਅੰਦਾਜ਼ ਨਾਲ਼ ਬੰਤ ਵੱਲ ਝਾਕਿਆ।
-''ਮੈਂ 'ਕੱਲਾ ਈ ਨੀ ਬਾਈ..! ਮੇਰੇ ਵਰਗੇ ਇਹਦੇ ਬੜੇ ਖ਼ਸਮ ਰਹੇ ਐ, ਤੇ ਅਜੇ ਤੇਰੇ ਵਰਗੇ ਪਾਲਤੂ ਹੋਰ ਪਤਾ ਨੀ ਕਿੰਨੇ ਕੁ ਆਉਣੇ ਐਂ..! ਕਿਉਂਕਿ ਕੰਜਰੀ ਖ਼ਸਮਾਂ ਨਾਲ਼ ਰੱਜਦੀ ਨੀ ਹੁੰਦੀ..! ਉਹਨੂੰ ਇੱਕ ਅੱਧੇ 'ਤੇ ਸਬਰ ਨੀ ਆਉਂਦਾ, ਨਿੱਤ ਨਵੇਂ ਭਾਲ਼ਦੀ ਐ..! ਹੁਣ ਤੈਨੂੰ ਵਰਤੂਗੀ ਤੇ ਜਿੱਦਣ ਇਹਦਾ ਕੰਮ ਨਿਕਲ਼ ਗਿਆ, ਤੇਰੇ ਢੂਹੇ 'ਚ ਲੱਤ ਮਾਰੂਗੀ..! ਇਹਨੇ ਤਾਂ ਕੋਈ ਗਲ਼ਿਆ ਸੜਿਆ ਨੀ ਦੇਖਿਆ, ਬੱਸ ਆਪਣੀ ਹਵਸ ਮਿਟਾਉਣ ਲਈ ਟੰਗਾਂ ਚੁੱਕਣ ਨੂੰ ਮਿੰਟ ਨੀ ਲਾਉਂਦੀ..! ਵੇਸਵਾ ਨੀ ਰੱਜਦੀ ਹੁੰਦੀ ਖ਼ਸਮਾਂ ਨਾਲ਼ ਮਿੱਤਰਾ..! ਜਾਹ ਲੈ ਨਜ਼ਾਰੇ ਜਿਹੜੇ ਚਾਰ ਦਿਨ ਲੈਣੇ ਐਂ, ਇਹਦੇ ਕਰਕੇ ਕਿਸੇ ਨਾਲ਼ ਵੈਰ ਨਾ ਪਾ..!" ਬੰਤ ਨੇ ਵੀ ਬੇਬਾਕ ਗੱਲ ਆਖ ਦਿੱਤੀ।
-''ਮੂੰਹ ਸੰਭਾਲ਼ ਕੇ ਗੱਲ ਕਰ ਓਏ..!" ਸਨੀ ਟੱਪ ਉਠਿਆ।
-''ਬਚ ਕੇ ਮੋੜ ਤੋਂ ਬਾਈ...! ਬਚ ਜਾਹ ਮੋੜ ਤੋਂ..!! ਕਿਤੇ ਉਹ ਗੱਲ ਨਾ ਹੋਵੇ ਕਿ ਬੱਕਰੇ ਦੀ ਜਾਨ ਜਾਵੇ ਤੇ ਖਾਣ ਆਲ਼ੇ ਨੂੰ ਸੁਆਦ ਨਾ ਆਵੇ..! ਤੇਰੀ ਤਾਂ ਇਲਾਜ ਕਰਵਾਉਣ ਵਾਸਤੇ ਕੋਈ ਇੰਸ਼ੋਰੈਂਸ ਵੀ ਨੀ ਹੋਣੀ..! ਇਹਦੇ ਵੱਢੇ ਨੇ ਤਾਂ ਕਦੇ ਪਾਣੀ ਨੀ ਮੰਗਿਆ, ਤੈਨੂੰ ਤਾਂ ਮੈਨੂੰ ਮੈਦ ਐ ਅਗਲਾ ਸਾਹ ਵੀ ਨੀ ਆਉਣਾ..! ਇਹਨੇ ਤੈਨੂੰ ਇਹੀ ਲਾਰਾ ਲਾਇਆ ਹੋਣੈਂ ਬਈ ਜਿੱਦਣ ਮੇਰਾ ਤਲਾਕ ਹੋ ਗਿਆ, ਤੇਰੇ ਨਾਲ਼ ਵਿਆਹ ਕਰਵਾ ਲਊਂ, ਤੇ ਤੂੰ ਪੱਕਾ ਹੋ ਜਾਵੇਂਗਾ..! ਇਹੀ ਗੱਲ ਐ ਨ੍ਹਾਂ..?"
-''ਚੱਲ ਸਨੀ..!" ਮਨਜੀਤ ਘਬਰਾ ਗਈ। ਸੱਚੀ ਗੱਲ ਬੰਤ ਨੇ ਨਸ਼ਰ ਕਰ ਦਿੱਤੀ ਸੀ।
-''ਜਾਹ, ਲੈ-ਜਾ ਨਵੇਂ ਖ਼ਸਮ ਨੂੰ..! ਇਹਨੂੰ ਕਿੰਨੇ ਕੁ ਦਿਨਾਂ ਵਾਸਤੇ ਰੱਖਿਐ..? ਜੇ ਤੈਨੂੰ ਪਹਿਲੇ ਚਾਰ ਰਾਸ ਨੀ ਆਏ, ਜ਼ਰੂਰੀ ਨੀ ਬਈ ਹੁਣ ਪੰਜਵਾਂ ਵੀ ਰਾਸ ਆ ਜਾਊਗਾ..! ਸਨੀ ਸਿਆਂ, ਜਿੱਦਣ ਇਹਦਾ ਮਤਲਬ ਨਿਕਲ਼ ਗਿਆ, ਤੇਰੀ ਪਿੱਠ 'ਤੇ ਲੱਤ ਮਾਰੂ, ਹੱਥ ਲਾ-ਲਾ ਦੇਖੀ ਚੱਲੀਂ..! ਇਹ ਉਹ ਕੰਜਰੀ ਐ, ਜਿਹੜੀ ਇੱਕ ਬੰਦੇ ਨਾਲ਼ ਨੀ ਰੱਜ ਸਕਦੀ..! ਮੇਰੀ ਜਾਣਕਾਰੀ ਅਨੁਸਾਰ ਤਿੰਨ ਤਾਂ ਇਹਨੇ ਪਹਿਲਾਂ ਬਦਲੇ ਵੇ ਸੀ, ਚੌਥਾ ਮੈਂ ਤੇ ਹੁਣ ਪੰਜਵਾਂ ਤੂੰ ਐਂ..! ਕੀ ਐ ਪੰਜਾਂ 'ਚ ਪ੍ਰਮੇਸ਼ਰ ਸਮਝ ਕੇ ਹੁਣ ਡੱਕਾ ਈ ਲਾ ਲਵੇ, ਸੋਚੇ ਬਈ ਹੁਣ ਪੰਜ ਪੂਰੇ ਹੋ ਗਏ..? ਪਰ ਇਹ ਹਲ਼ਕੀ ਤੀਮੀਂ ਰੁਕਦੀ ਲੱਗਦੀ ਨੀ ਮੈਨੂੰ..! ਕਿਉਂਕਿ ਜਿਹੜੀ ਤੀਮੀਂ ਨੂੰ ਬੰਦੇ ਬਦਲਣ ਦੀ ਆਦਤ ਪੈ-ਜੇ, ਉਹਦੀ ਅਮਲੀ ਵਾਂਗੂੰ ਆਦਤ ਵਿਗੜ ਜਾਂਦੀ ਐ..! ਉਹਨੂੰ ਨਵੇਂ ਬੰਦੇ ਦੀ 'ਭਲ਼' ਉਠਦੀ ਐ..! ਸੋਚਦੀ ਐ ਅਗਲੇ ਨੇ ਕੀ ਲੂਲ੍ਹਾਂ ਲਾਹ ਲਈਆਂ, ਜਿਹੜੀਆਂ ਹੁਣ ਇਹ ਲਾਹ ਲਊਗਾ..? ਇੱਕ ਹੋਰ ਆਉਣ ਦਿਓ..! ਜਦੋਂ ਸ਼ਰਮ ਦੀ ਲੋਈ ਲਾਹੀ ਐ, ਨਜ਼ਾਰੇ ਤਾਂ ਲੈ ਲਓ..!" ਅਤੀ ਅੰਤ ਖਿਝੇ ਬੰਤ ਨੇ ਸਨੀ ਦੇ ਸਾਹਮਣੇ ਸਿੱਧੀਆਂ ਹੀ ਸੁਣਾਂ ਦਿੱਤੀਆਂ।
-''ਚੱਲ ਸਨੀ..!" ਮਨਜੀਤ ਉਸ ਨੂੰ ਧੂਹ ਕੇ ਅੱਗੇ ਲੈ ਗਈ।
ਉਸ ਨੂੰ ਇਹ ਆਸ ਨਹੀਂ ਸੀ ਕਿ ਬੰਤ ਉਸ ਨੂੰ 'ਖ਼ਰੀਆਂ' ਹੀ ਸੁਣਾਂ ਦੇਵੇਗਾ? ਉਹ ਸਨੀ ਨੂੰ ਇੱਧਰ ਦੀ ਲਿਆ ਕੇ ਪਛਤਾਈ ਸੀ। ਉਹ ਤਾਂ ਸਨੀ ਦੇ ਸਿਰ 'ਤੇ ਬੰਤ 'ਤੇ ਆਪਣਾ 'ਰੋਹਬ' ਜਿਹਾ ਪਾਉਣ ਵਾਸਤੇ ਇੱਧਰ ਲੈ ਕੇ ਆਈ ਸੀ। ਪਰ ਬਾਜ਼ੀ ਪੁੱਠੀ ਪੈ ਗਈ ਸੀ। ਉਹ ਇੱਕ ਤਰ੍ਹਾਂ ਨਾਲ਼ ਸਨੀ ਨੂੰ ਕੱਟੇ ਵਾਂਗ 'ਧੂਹੀ' ਜਾ ਰਹੀ ਸੀ। ਸਨੀ ਵੀ ਖੱਸੀ ਕੀਤੇ ਬਲ਼ਦ ਵਾਂਗ ਚੁੱਪ ਚਾਪ ਕਸੀਸ ਜਿਹੀ ਵੱਟੀ, ਮਗਰ ਤੁਰਿਆ ਆ ਰਿਹਾ ਸੀ। ਉਸ ਦੀ ਟੱਟੂ-ਹਜ਼ਾਮਤੀ ਵਾਲ਼ ਕੰਡੇਰਨਿਆਂ ਵਾਂਗ ਖੜ੍ਹ ਗਏ ਸਨ। ਜਿੰਨੀ ਉਹ ਮਨਜੀਤ ਨੂੰ ਚੰਗੀ ਅਤੇ ਆਪਣੀ ਹਮਦਰਦ ਸਮਝਦਾ ਸੀ, ਬੰਤ ਦੀਆਂ ਸੁਣਾਈਆਂ 'ਤਰਕ' ਵਾਲ਼ੀਆਂ ਗੱਲਾਂ ਨੇ ਓਨਾਂ ਹੀ ਉਸ ਨੂੰ ਉਸ ਦੀਆਂ ਨਜ਼ਰਾਂ ਵਿਚ ਡੇਗ ਦਿੱਤਾ ਸੀ। ਸਨੀ ਨੂੰ ਆਪਣਾ ਆਪ ਹੌਲ਼ਾ ਅਤੇ ਘ੍ਰਿਣਤ ਜਿਹਾ ਮਹਿਸੂਸ ਹੋਇਆ। ਉਹ ਸੋਚ ਰਿਹਾ ਸੀ ਕਿ ਮੈਂ ਚਾਰ ਬੰਦਿਆਂ ਦੀ ਚੱਟੀ 'ਜੂਠ' ਨੂੰ ਆਪਣੇ ਸਿਰ 'ਤੇ ਕਿਉਂ ਚੜ੍ਹਾਈ ਫ਼ਿਰਦੈਂ..? ਮੈਂ ਸੋਹਣਾਂ ਸੁਣੱਖਾ, ਜੁਆਨ ਅਤੇ ਬਣਦਾ-ਠਣਦਾ ਮੁੰਡਾ..! ਕੀ ਹੋ ਗਿਆ ਅਜੇ ਪੱਕਾ ਨਹੀਂ ਹੋਇਆ..? ਪਰ ਬੰਦੇ ਦੀ ਕੋਈ ਆਨ-ਸ਼ਾਨ, ਰੜਕ-ਮੜਕ ਅਤੇ ਅਣਖ਼-ਇੱਜ਼ਤ ਵੀ ਹੁੰਦੀ ਐ..? ਇਹ ਜੂਠ ਤਾਂ ਮੇਰੇ ਕਿਵੇਂ ਵੀ ਫ਼ਿੱਟ ਨਹੀਂ..! ਮੈਂ ਤਾਂ ਇਸ ਨੂੰ ਪੱਕੇ ਹੋਣ ਦੇ ਲਾਲਚ ਵਿਚ ਹੱਥ ਪਾਇਆ ਸੀ..! ਇਹਦਾ ਪਤਾ ਨਹੀਂ ਕਦੋਂ ਤਲਾਕ ਹੋਵੇ..? ਤਲਾਕ ਹੋਵੇ ਜਾਂ ਨਾ ਹੋਵੇ..? ਇਹਦਾ ਤਲਾਕ ਤਾਂ ਖ਼ੂਹ 'ਚ ਇੱਟ ਐ..! ਤੇਰਾਂ-ਚੌਦਾਂ ਸਾਲ ਮੇਰੇ ਤੋਂ ਵੱਡੀ ਐ..! ਮੈਂ ਇਹਦੀਆਂ ਲੋਕਾਂ ਦੀ ਜੂਠ ਦੀਆਂ ਕਿਉਂ ਲਾਲ਼ਾਂ ਚੱਟਾਂ..? ਪਰ ਸਨੀ ਸਿਆਂ..! ਖ਼ਿਆਲ ਕਰ..! ਬੇਸ਼ਰਮ ਬੰਦੇ ਹਮੇਸ਼ਾ ਮੌਜਾਂ ਮਾਣਦੇ ਐ, ਤੇ ਆਕੜ ਹਮੇਸ਼ਾ ਠੰਡ 'ਚ ਪਾਲ਼ੇ ਮਰਦੀ ਐ..! ਦੂਜੇ ਪੰਜਾਬੀ ਮੁੰਡਿਆਂ ਵੱਲ ਦੇਖ ਕੇ ਸੋਚ ਲੈ..! ਉਹ ਟੈਸਕੋ ਵਾਲ਼ੇ ਪੁਲ਼ ਹੇਠ ਰਾਤਾਂ ਕੱਟਦੇ ਐ..! ਮੀਂਹ ਹਨ੍ਹੇਰੀਆਂ ਵਿਚ ਠੁਰ-ਠੁਰ ਵੱਜਦੇ ਐ..! ਤੇ ਤੂੰ..? ਨਾਲ਼ੇ ਤਾਂ ਨਿੱਘੀ ਰਜਾਈ 'ਚ ਪੈਨੈਂ ਤੇ ਨਾਲ਼ੇ ਮਾਣਦੈਂ ਏਸ ਬੁੱਢੀ ਖੋਲੀ ਦੇ ਸਰੀਰ ਦਾ ਸੇਕ..! ਇਹਦੇ ਨਾਲ਼ ਕਿਹੜਾ ਮੈਂ ਆਨੰਦ ਕਾਰਜ ਕਰਵਾਉਣੇ ਐਂ..? ਚੋਰੀ-ਚਫ਼ੋਰੀ ਕੰਮ ਚੱਲਦੈ, ਬੱਸ ਦੱਬੀ ਚੱਲ ਕਿੱਲੀ..! ਪਰ ਜਿਹੜੀ ਅੱਗੇ ਚਾਰ ਬੰਦੇ ਬਦਲ ਚੁੱਕੀ ਐ, ਉਹ ਤੇਰੇ ਨਾਲ਼ 'ਵਫ਼ਾ' ਕਿਵੇਂ ਕਰੂਗੀ..? ਵੇਸਵਾ ਟਾਈਪ ਔਰਤਾਂ ਕਿਸੇ ਨਾਲ਼ ਕਦੇ ਵਫ਼ਾਈ ਨਹੀਂ ਕਰ ਸਕਦੀਆਂ..! ਜਿਹਨਾਂ ਨੂੰ ਇੱਕ-ਦੋ ਬੰਦਿਆਂ ਨਾਲ਼ ਸਬਰ ਹੀ ਨਹੀਂ ਆਉਂਦਾ, ਕੀ ਗਰੰਟੀ ਐ ਕਿ ਇਹ ਤੇਰੇ ਨਾਲ਼ ਸਬਰ ਕਰ ਲਵੇ..? ਕੀ ਗਾਰੰਟੀ ਐ ਤੇਰੇ ਨਾਲ਼ ਵਫ਼ਾ ਕਰੇ..? ਪਰ ਅਜੇ ਤੂੰ ਆਪਣਾ ਟਾਈਮ ਕੱਟ ਸਨੀ ਸਿਆਂ..! ਇਸ ਉਧੇੜ-ਬੁਣ ਦੇ ਵਿਚ ਨਾ ਪੈ..! ਜਿੰਨਾਂ ਚਿਰ ਕੰਮ ਚੱਲੂਗਾ, ਚਲਾਈ ਚੱਲ..! ਲੱਤ ਤਾਂ ਜਦੋਂ ਮਰਜ਼ੀ ਐ ਮਾਰ ਦੇਵੀਂ..? ਇਹ ਪਹਿਲਾਂ ਮੈਨੂੰ ਬੰਤ ਨੂੰ ਡਰਾਉਣ ਵਾਸਤੇ ਉਹਦੇ ਵੱਲ ਲੈ ਕੇ ਗਈ..! ..ਤੇ ਫ਼ੇਰ ਜਦੋਂ ਓਸ ਪਤੰਦਰ ਨੇ ਖ਼ਰੀਆਂ, ਸਿੱਧੀਆਂ ਅਤੇ ਸੱਚੀਆਂ ਸੁਣਾਂ ਦਿੱਤੀਆਂ ਤਾਂ ਕੁਸਕੀ ਤੱਕ ਨਹੀਂ..! ਇਸ ਦਾ ਮਤਲਬ ਇਹ ਝੂਠੀ ਤੇ ਚੋਰ ਐ ਤੇ ਮੈਨੂੰ ਵਰਤ ਰਹੀ ਐ..! ਤੂੰ ਆਪਣਾ ਮਤਲਬ ਕੱਢੀ ਚੱਲ..! ਤੇ ਜਿਸ ਦਿਨ ਤੈਨੂੰ ਕੋਈ ਚੱਜ ਦੀ ਮਿਲ਼ ਗਈ, ਚੁੱਪ ਚਾਪ ਪਾਸੇ ਹਟ ਜਾਵੀਂ..! ਸਨੀ ਦੇ ਦਿਮਾਗ ਵਿਚ ਆਪਾ ਵਿਰੋਧੀ ਖ਼ਿਆਲ ਖੌਰੂ ਪੱਟੀ ਜਾ ਰਹੇ ਸਨ। ਪਰ ਦੂਜੇ ਪਾਸੇ ਉਹ ਆਪਣੇ ਮੰਦੇ ਹਾਲਾਤਾਂ ਲਈ ਵੀ ਚੌਕਸ ਸੀ। ਕਿਉਂਕਿ ਮਨਜੀਤ ਉਸ ਨੂੰ ਕਦੇ ਕਦਾਈਂ ਪੰਜਾਹ ਜਾਂ ਸੌ ਪੌਂਡ ਵੀ ਦੇ ਛੱਡਦੀ ਸੀ। ਦਿੰਦੀ ਚਾਹੇ ਉਹ ਆਪਣੇ ਮਤਲਬ ਨੂੰ ਹੀ ਸੀ, ਪਰ ਸਨੀ ਦਾ ਕੰਮ ਤਾਂ ਚੱਲਦਾ ਹੀ ਸੀ ਨ੍ਹਾਂ..! ਜਿਸ ਦਿਨ ਉਸ ਨੂੰ ਦਿਹਾੜੀ ਨਾ ਮਿਲ਼ਦੀ ਤਾਂ ਦਿਲ ਜਿਹਾ ਧਰਾਉਣ ਵਾਸਤੇ, ਜਾਂ ਖਾਲੀ ਥਾਂ ਜਿਹੀ ਪੂਰਨ ਵਾਸਤੇ ਮਨਜੀਤ ਉਸ ਨੂੰ ਪੰਜਾਹ ਪੌਂਡ ਦੇ ਦਿੰਦੀ..!
ਬੰਤ ਦੇ ਕੇਸ ਦੀ ਤਾਰੀਕ ਆ ਗਈ।
ਬੰਤ ਦਾ ਵਕੀਲ ਅਤੇ ਢਿੱਲੋਂ ਉਸ ਨਾਲ਼ ਕੇਸ 'ਤੇ ਪੁੱਜੇ ਹੋਏ ਸਨ।
ਮਨਜੀਤ ਇਕੱਲੀ ਹੀ ਪਹੁੰਚੀ ਸੀ। ਬੰਤ ਉਸ ਨੂੰ ਰੜਕਾ ਕੇ ਪੁੱਛਣਾਂ ਤਾਂ ਚਾਹੁੰਦਾ ਸੀ ਕਿ ਤੇਰੇ 'ਸਨੀ ਜੀ' ਨਾਲ਼ ਨਹੀਂ ਆਏ..? ਪਰ ਉਸ ਦੇ ਵਕੀਲ ਨੇ ਉਸ ਨੂੰ ਬੜੀ ਸਖ਼ਤੀ ਨਾਲ਼ ਰੋਕਿਆ ਹੋਇਆ ਸੀ ਕਿ ਮਨਜੀਤ ਨਾਲ਼ ਕੋਈ ਵੀ ਗੱਲ ਨਹੀਂ ਕਰਨੀ। ਉਸ ਨਾਲ਼ ਸਾਂਝੀ ਕੀਤੀ ਜ਼ੁਬਾਨ ਵੀ ਬੰਤ ਨੂੰ ਮਹਿੰਗੀ ਪੈ ਸਕਦੀ ਸੀ। ਉਹ ਉਸ ਉੱਤੇ ਧਮਕੀ ਦੇਣ ਦਾ ਇਲਜ਼ਾਮ ਵੀ ਲਾ ਸਕਦੀ ਸੀ ਅਤੇ ਅਗਲਾ ਕੇਸ ਖੜ੍ਹਾ ਹੋ ਸਕਦਾ ਸੀ। ਹਾਰਨ ਵਾਲ਼ੀ ਧਿਰ ਬਥੇਰੇ 'ਸਟੰਟ' ਕਰਦੀ ਹੈ, ਇਸ ਦਾ ਹੰਢੇ-ਵਰਤੇ ਵਕੀਲ ਨੂੰ ਤਜ਼ਰਬਾ ਸੀ।
ਜਦ ਕੇਸ ਸ਼ੁਰੂ ਹੋਇਆ ਤਾਂ ਸਰਕਾਰੀ ਵਕੀਲ ਨੇ ਕੇਸ ਪੜ੍ਹ ਕੇ ਸੁਣਾਇਆ।
ਕੇਸ ਦਾ ਬ੍ਰਿਤਾਂਤ ਸੁਣ ਕੇ ਔਰਤ ਜੱਜ ਨੇ ਤ੍ਰਿਸਕਾਰ ਭਰੀ ਨਜ਼ਰ ਨਾਲ਼ ਬੰਤ ਵੱਲ ਦੇਖਿਆ। ਉਸ ਦੀ ਵੱਢ ਖਾਣੀਂ ਤੱਕਣੀਂ ਦੇਖ ਕੇ ਬੰਤ ਦੇ ਸਾਹ ਸੂਤੇ ਗਏ। ਪਰ ਜਦੋਂ ਬੰਤ ਦੇ ਵਕੀਲ ਨੇ ਸੁਲਝੇ ਢੰਗ ਨਾਲ਼ ਮਨਜੀਤ ਦਾ ਪਿਛੋਕੜ ਜੱਜ ਅੱਗੇ ਸਬੂਤਾਂ ਸਮੇਤ ਰੱਖਿਆ ਤਾਂ ਜੱਜ ਦੀ ਤਿਊੜੀ ਢੈਲ਼ੀ ਪੈ ਗਈ ਅਤੇ ਉਸ ਨੇ ਬੰਤ ਵੱਲ ਰਹਿਮ ਜਿਹੀ ਨਜ਼ਰ ਨਾਲ਼ ਦੇਖਿਆ। ਵਾਰਦਾਤ ਵੇਲ਼ੇ ਦਾ ਕੋਈ ਗਵਾਹ ਨਹੀਂ ਸੀ। ਕੋਈ ਦਾਹਵੇ ਨਾਲ਼ ਨਹੀਂ ਕਹਿ ਸਕਦਾ ਸੀ ਕਿ ਇਹ ਚਾਕੂ ਮਨਜੀਤ ਦੇ ਬੰਤ ਨੇ ਹੀ ਮਾਰੇ ਸਨ। ਬੰਤ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਮੈਂ ਉਸ ਨੂੰ ਆਪ ਦੇ ਚਾਕੂ ਮਾਰਦੀ ਨੂੰ ਰੋਕਿਆ ਅਤੇ ਉਸ ਹੱਥੋਂ ਚਾਕੂ ਖੋਹਿਆ ਸੀ। ਇਸ ਦਾ ਮਤਲਬ ਇਹ ਇੱਕ ਗਿਣੀ-ਮਿਥੀ ਸਾਜ਼ਿਸ਼ ਅਧੀਨ ਸਾਰਾ ਕੁਛ ਕੀਤਾ ਗਿਆ ਸੀ। ਜੇ ਉਸ ਚਾਕੂ ਉਪਰ ਬੰਤ ਦੇ ਹੱਥਾਂ ਦੇ ਨਿਸ਼ਾਨ ਸਨ ਤਾਂ ਉਸ ਚਾਕੂ ਉਪਰ ਮਨਜੀਤ ਦੇ ਹੱਥਾਂ ਦੇ ਨਿਸ਼ਾਨ ਵੀ ਸਨ। ਫ਼ਿਰ ਸੱਚਾ ਕੌਣ ਸੀ..? ਜਾਂ ਫ਼ਿਰ ਝੂਠਾ ਕੌਣ ਸੀ..? ਵਕੀਲ ਨੇ ਅਗਲਾ ਨੁਕਤਾ ਪੇਸ਼ ਕੀਤਾ ਕਿ ਬੰਤ ਦਾ ਪਿਛੋਕੜ ਕੋਈ ਅਪਰਾਧੀ ਨਹੀਂ ਸੀ। ਉਹ ਅੱਜ ਤੱਕ ਇੱਕ ਨੇਕ ਸ਼ਹਿਰੀ ਬਣ ਕੇ ਰਿਹਾ ਸੀ! ਨਾ ਕੋਈ ਲੜਾਈ, ਨਾ ਝਗੜਾ ਅਤੇ ਨਾ ਅੱਜ ਤੱਕ ਕਿਸੇ ਨਾਲ਼ ਕੋਈ ਵਾਧਾ ਹੀ ਕੀਤਾ ਸੀ। ਕੇਸ ਰੇਤ ਦੀ ਢੇਰੀ ਵਾਂਗ ਖਿੱਲਰ ਗਿਆ।
ਬੰਤ ਬਾਇੱਜ਼ਤ ਬਰੀ ਕਰ ਦਿੱਤਾ ਗਿਆ।
ਉਹ ਵਿਸ਼ੇਸ਼ ਨਜ਼ਰਾਂ ਨਾਲ਼ ਮਨਜੀਤ ਵੱਲ ਦੇਖ ਕੇ ਆਪਣੇ ਵਕੀਲ ਅਤੇ ਢਿੱਲੋਂ ਨਾਲ਼ ਬਾਹਰ ਨਿਕਲ਼ ਗਿਆ। ਮਨਜੀਤ ਹਾਰੇ ਜੁਆਰੀਏ ਵਾਂਗ ਗੱਡੇ ਵਰਗੇ ਭਾਰੇ ਪੈਰ ਘੜ੍ਹੀਸਦੀ ਅਦਾਲਤ 'ਚੋਂ ਬਾਹਰ ਨਿਕਲ਼ੀ ਸੀ।
ਵਕੀਲ ਉਹਨਾਂ ਨਾਲ਼ ਹੱਥ ਮਿਲ਼ਾ ਕੇ ਚਲਿਆ ਗਿਆ।
-''ਇੱਕ ਗੱਲ ਮੇਰੀ ਹੋਰ ਮੰਨ..!" ਢਿੱਲੋਂ ਕਾਰ 'ਚ ਬੈਠਦਾ ਹੋਇਆ ਬੋਲਿਆ।
-''ਦੱਸੋ..?" ਬੰਤ ਸ਼ੁਕਰਾਨੇ ਵਜੋਂ ਢਿੱਲੋਂ ਵੱਲ ਝਾਕਿਆ। ਉਹ ਢਿੱਲੋਂ ਦਾ ਤਾਬਿਆਦਾਰ ਸੀ, ਜਿਸ ਨੇ ਉਸ ਦਾ ਹਰ ਬਿਪਤਾ ਵਿਚ ਸਾਥ ਦਿੱਤਾ ਸੀ।
-''ਹੁਣ ਲੱਗਦੇ ਹੱਥ ਤਲਾਕ ਵਾਲ਼ਾ ਕੰਮ ਵੀ ਨਬੇੜ ਦੇਹ..! ਤੱਤੇ ਘਾਹ ਜਿਹੜਾ ਕੰਮ ਹੋ-ਜੇ, ਓਹਦੇ ਨਾਲ਼ ਦੀ ਰੀਸ ਨੀ ਹੁੰਦੀ..! ਅਜੇ ਤੇਰੀ ਵਿਆਹ ਵਾਲ਼ੀ ਉਮਰ ਵੀ ਹੈਗੀ..! ਜੇ ਬੋਤੇ ਦੇ ਡਿੱਗਦੇ ਬੁੱਲ੍ਹ ਵੱਲ ਝਾਕਦਾ ਰਿਹਾ, ਕਿਸੇ ਪਾਸੇ ਜੋਕਰਾ ਵੀ ਨੀ ਰਹਿਣਾਂ..! ਹੁਣ ਵਿਆਹ ਕਰਵਾ ਲਵੇਂਗਾ, ਇੱਕ ਅੱਧਾ ਜੁਆਕ ਵੀ ਹੋਜੂ, ਨਹੀਂ ਤਾਂ ਵਕਤੋਂ ਖੁੰਝੀ ਡੂਮਣੀ ਵਾਲ਼ੀ ਗੱਲ ਹੋਊ..! ਫ਼ੇਰ ਸਾਧਾਂ ਦੇ ਡੇਰਿਆਂ 'ਤੇ ਮੱਥੇ ਟੇਕਦਾ ਫ਼ਿਰੇਂਗਾ..!" ਆਖ ਕੇ ਢਿੱਲੋਂ ਹੱਸ ਪਿਆ।
-''ਅੱਧ ਨਾ ਮੰਗੂਗੀ..?"
-''ਅੱਧ ਤਾਂ ਉਹ ਹੁਣ ਵੀ ਮੰਗ ਸਕਦੀ ਐ..! ਮੇਰੀ ਮੰਨ, ਇਹ ਸਿਆਪਾ ਨਬੇੜ ਦੇਹ..! ਮਾੜਾ ਜੀਵਨ ਸਾਥੀ ਪੇਟ ਦੀ ਰਸੌਲ਼ੀ ਵਰਗਾ ਹੁੰਦੈ..! ਜੇ ਆਪ੍ਰੇਸ਼ਨ ਕਰਵਾ ਕੇ ਬਾਹਰ ਕਢਵਾ ਦੇਈਏ, ਸੌਖੇ ਰਹੀਦੈ..! ਨਹੀਂ ਪਲ-ਪਲ ਦੁੱਖ ਤਾਂ ਦਿੰਦਾ ਈ ਐ, ਸਗੋਂ ਖਾਧਾ ਪੀਤਾ ਵੀ ਬਾਹਰ ਨੂੰ ਆਉਂਦੈ..!"
ਢਿੱਲੋਂ ਦੇ ਆਖੇ ਲੱਗ ਕੇ ਬੰਤ ਨੇ ਤਲਾਕ ਦੀ ਅਰਜ਼ੀ ਦੇ ਦਿੱਤੀ।
ਮੁੱਦਾ ਉਸ ਨੇ ਜਿੱਤੇ ਕੇਸ ਦਾ ਬਣਾਇਆ।
ਜਿਸ ਦਿਨ ਤਲਾਕ ਦਾ ਕੇਸ ਅਦਾਲਤ ਲੱਗਿਆ ਤਾਂ ਮਨਜੀਤ ਕਿਸੇ ਮੱਝ ਵਰਗੀ ਅੱਧਖੜ੍ਹ 'ਦੇਸੀ' ਔਰਤ ਨੂੰ ਨਾਲ਼ ਲਈ ਫ਼ਿਰਦੀ ਸੀ। ਜਿਸ ਨੂੰ ਉਹ ਕਿਸੇ ਨਾਰੀ ਸੰਸਥਾ ਦੀ 'ਪ੍ਰੈਜ਼ੀਡੈਂਟ' ਆਖ ਰਹੀ ਸੀ। ਉਸ 'ਪ੍ਰੈਜ਼ੀਡੈਂਟ' ਦੇ ਮਛਕ ਵਰਗੇ ਢਿੱਡ ਦਾ ਮਾਸ ਹਾਥੀ ਦੀ ਖੱਲ ਵਾਂਗ ਥੱਲੇ ਲਟਕ ਰਿਹਾ ਸੀ ਅਤੇ ਢਿਲ਼ਕੀਆਂ ਛਾਤੀਆਂ ਮੋਢਿਆਂ ਤੋਂ ਪਿੱਛੇ ਸੁੱਟਣ ਵਾਲ਼ੀਆਂ ਹੋਈਆਂ ਪਈਆਂ ਸਨ। ਉਸ ਦੇ ਰੰਗੇ ਵਿਰਲ਼ੇ ਵਾਲ਼ ਅੱਧਗੰਜੇ ਸਿਰ 'ਤੇ ਅਠਖੇਲੀਆਂ ਕਰ ਰਹੇ ਸਨ। ਉਹ ਸੁੱਜੇ ਜਿਹੇ ਮੂੰਹ ਨਾਲ਼ ਵਾਰ-ਵਾਰ ਬੰਤ ਵੱਲ ਝਾਕ ਕੇ ਕੋਈ ਗੱਲ ਸਮਝਾ ਰਹੀ ਸੀ। ਗੱਲ ਕਰਦੀ ਦਾ ਠੋਡੀ ਹੋਠਲਾ ਮਾਸ ਝਾਲਰ ਵਾਂਗ ਹਿੱਲਦਾ ਸੀ।
ਅਦਾਲਤ ਅੱਗੇ ਕੇਸ ਪੇਸ਼ ਕਰ ਕੇ ਬੰਤ ਦੇ ਵਕੀਲ ਨੇ ਇਹ ਸਾਬਤ ਕਰ ਦਿੱਤਾ ਕਿ ਮਨਜੀਤ ਨੇ ਬੰਤ ਦੇ ਇਕਲਾਪੇ ਦਾ ਫ਼ਾਇਦਾ ਉਠਾ ਕੇ ਉਸ ਦੇ ਫ਼ੱਟੜ ਅਤੇ ਉੱਜੜੇ ਜਜ਼ਬਾਤਾਂ ਦਾ ਭਰਪੂਰ ਫ਼ਾਇਦਾ ਲਿਆ ਅਤੇ ਵਿਆਹ ਕਰਵਾਉਣ ਦੀ ਆੜ ਹੇਠ ਉਸ ਨੇ ਬੰਤ ਦੀ ਅੱਧੀ ਜਾਇਦਾਦ 'ਤੇ ਹੱਥ ਮਾਰਨਾਂ ਚਾਹਿਆ। ਫ਼ਿਰ ਉਸ ਨੇ ਤਲਾਕ ਲਈ ਰਾਹ ਪੱਧਰਾ ਕਰਨ ਲਈ ਆਪਣੇ ਆਪ ਚਾਕੂ ਮਾਰੇ ਅਤੇ ਝੂਠਾ ਦੋਸ਼ ਬੰਤ 'ਤੇ ਲਾਇਆ। ਹੁਣ ਤਲਾਕ ਲੈਣ ਦਾ ਕੇਸ ਬੰਤ ਵੱਲੋਂ ਇਸ ਕਰਕੇ ਹੀ ਕੀਤਾ ਗਿਆ ਸੀ ਕਿ ਮਨਜੀਤ ਉਸ 'ਤੇ ਕੋਈ ਹੋਰ ਇਲਜ਼ਾਮ ਨਾ ਲਾ ਦੇਵੇ? ਆਪਣੇ ਅਗਲੇ ਡਰ ਨੂੰ ਮੁੱਖ ਰੱਖ ਕੇ ਹੀ ਬੰਤ ਨੇ ਉਸ ਤੋਂ ਖਹਿੜਾ ਛੁਡਾਉਣ ਦਾ ਮਨ ਬਣਾਇਆ। ਵਕੀਲ ਦੀਆਂ ਦਲੀਲਾਂ ਨਿੱਗਰ ਅਤੇ ਠੋਸ ਸਨ, ਜੱਜ ਵੱਲੋਂ ਬੜੇ ਗਹੁ ਨਾਲ਼ ਸੁਣੀਆਂ ਗਈਆਂ। ਮਨਜੀਤ ਆਪਣੇ ਵੱਲੋਂ ਕੋਈ ਤਸੱਲੀਬਖ਼ਸ਼ ਉੱਤਰ ਨਾ ਦੇ ਸਕੀ ਅਤੇ ਨਾ ਹੀ ਉਸ ਦੀ ਅਫ਼ਰੇਵੇਂ ਜਿਹੇ ਦੀ ਮਾਰੀ, ਭਾੜੇ ਦੀ ਟੱਟੂ 'ਪ੍ਰੈਜ਼ੀਡੈਂਟ' ਉਸ ਦੀ ਕੋਈ ਮੱਦਦ ਕਰ ਸਕੀ। ਗੌਰਮਿੰਟ ਤੋਂ ਗਰਾਂਟਾਂ ਖਾਣ ਦੀ ਸ਼ੌਕੀਨ ਪ੍ਰੈਜ਼ੀਡੈਂਟ ਵੀ ਝੱਗਾ ਝਾੜ ਮਨਜੀਤ ਦੇ ਨਾਲ਼ ਚੁੱਪ ਚਾਪ ਘੁੱਗੂ ਜਿਹੀ ਹੋਈ ਬੈਠੀ ਸੀ!
ਬੰਤ ਅਤੇ ਮਨਜੀਤ ਦਾ ਤਲਾਕ ਹੋ ਗਿਆ ਤਾਂ ਗੱਲ ਵੰਡ-ਵੰਡਾਈ 'ਤੇ ਆਣ ਟਿਕੀ।
ਮਨਜੀਤ ਬੰਤ ਦੀ ਸੰਪਤੀ ਵਿਚੋਂ ਅੱਧ ਮੰਗ ਰਹੀ ਸੀ, ਜਦ ਕਿ ਬੰਤ ਦਾ ਵਕੀਲ ਦਲੀਲ ਹੀ ਇਹ ਦੇ ਰਿਹਾ ਸੀ ਕਿ ਮਨਜੀਤ ਨੇ ਪ੍ਰਪੰਚ ਰਚ ਕੇ ਸ਼ਾਦੀ ਹੀ ਬੰਤ ਦੀ ਜਾਇਦਾਦ ਲਈ ਕੀਤੀ ਸੀ, ਹੋਰ ਉਸ ਨੂੰ ਬੰਤ ਨਾਲ਼ ਕੋਈ ਹਮਦਰਦੀ ਨਹੀਂ ਸੀ। ਮਨਜੀਤ ਦੇ ਸਿਰ ਵਿਚ ਦੁਰਮਟ ਤਾਂ ਓਦੋਂ ਵੱਜਿਆ, ਜਦੋਂ ਬੰਤ ਦੇ ਵਕੀਲ ਨੇ ਇੱਕ ਲੱਖ ਸੱਠ ਹਜ਼ਾਰ ਦੇ ਘਪਲ਼ੇ ਦਾ ਕੇਸ ਜੱਜ ਅੱਗੇ ਰੱਖਿਆ। ਮਨਜੀਤ ਨੂੰ ਚੱਕਰ ਆ ਗਿਆ। ਉਸ ਨੂੰ ਕੀ ਪਤਾ ਸੀ ਕਿ ਰੋਜ਼ੇ ਬਖ਼ਸ਼ਾਉਣ ਆਈ ਦੇ ਨਮਾਜ਼ਾਂ ਗਲ਼ ਆ ਪੈਣਗੀਆਂ..? ਹੁਣ ਉਸ ਨੂੰ ਭੱਜਣ ਨੂੰ ਕੋਈ ਰਾਹ ਨਹੀਂ ਲੱਭਦਾ ਸੀ। ਉਸ ਦਾ ਦਿਲ ਇਸ ਲਈ ਧੜਕ ਰਿਹਾ ਸੀ ਕਿ ਜੇ ਜੱਜ ਨੇ ਇਸ ਨੂੰ 'ਫ਼ਰਾਡ' ਦਾ ਕੇਸ ਬਣਾ ਕੇ ਅੱਗੇ ਤੋਰ ਦਿੱਤਾ ਤਾਂ ਉਸ ਨੇ ਬੱਝੀ ਨਹੀਂ ਛੁੱਟਣਾਂ ਸੀ ਅਤੇ ਸਾਢੇ ਤਿੰਨ ਸਾਲ ਦੀ ਕੈਦ ਕੱਟਣੀ ਪੈਣੀ ਸੀ। ਜੇਲ੍ਹ ਦੀ ਜ਼ਿੰਦਗੀ ਉਸ ਦੇ ਦਿਲ-ਦਿਮਾਗ ਅੰਦਰ ਕੀਰਨੇਂ ਪਾਉਣ ਲੱਗ ਪਈ ਸੀ।
ਅਦਾਲਤ ਨੇ ਫ਼ੈਸਲੇ ਦੀ ਤਾਰੀਕ ਇੱਕ ਹਫ਼ਤੇ 'ਤੇ ਪਾ ਦਿੱਤੀ।
ਮਨਜੀਤ ਢਿੱਲੋਂ ਦੇ ਪੈਰੀਂ ਆ ਡਿੱਗੀ।
-''ਢਿੱਲੋਂ ਸਾਹਿਬ..! ਬਖ਼ਸ਼ ਲਓ, ਪੱਟੀ ਜਾਊਂਗੀ..!" ਉਸ ਨੇ ਤਰਲਾ ਲਿਆ।
-''ਤੂੰ ਭਾਈ ਗਲਤੀਆਂ ਈ ਐਨੀਆਂ ਕਰ ਗਈ, ਮੈਨੂੰ ਤੂੰ ਬਖ਼ਸ਼ਣ ਆਲ਼ੀ ਲੱਗਦੀ ਨੀ..! ਤੇਰੇ ਵਰਗੀ ਪਾਪਣ ਨੂੰ ਤਾਂ ਰੱਬ ਵੀ ਨੀ ਬਖ਼ਸ਼ਦਾ, ਮੇਰੇ ਵਰਗਾ ਦੁਨਿਆਵੀ ਬੰਦਾ ਕਿੱਥੋਂ ਬਖ਼ਸ਼ ਦਿਊਗਾ..?" ਢਿੱਲੋਂ ਨੂੰ ਮਨਜੀਤ ਨਾਲ਼ ਨਫ਼ਰਤ ਸੀ।
-''ਨਹੀਂ ਢਿੱਲੋਂ ਸਾਹਿਬ, ਮੈਨੂੰ ਬਖ਼ਸ਼ ਲਓ..!" ਉਹ ਸਜ਼ਾ ਤੋਂ ਡਰਦੀ ਰੋਣ ਲੱਗ ਪਈ।
-''ਇੱਕ ਸ਼ਰਤ 'ਤੇ ਬਖ਼ਸ਼ ਸਕਦੈਂ..!" ਢਿੱਲੋਂ ਬੋਲਿਆ।
-''ਦੱਸੋ..?" ਮਨਜੀਤ ਢਿੱਲੋਂ ਵੱਲ ਕਿਸੇ ਆਸ ਨਾਲ਼ ਝਾਕੀ।
-''ਤੇਰਾ ਵੀ ਫ਼ਾਇਦਾ ਤੇ ਬੰਤ ਸਿਉਂ ਦਾ ਵੀ ਫ਼ਾਇਦਾ..!"
-''ਦੱਸੋ..?"
-''ਜਿਹੜਾ ਤੂੰ ਇੱਕ ਲੱਖ ਸੱਠ ਹਜ਼ਾਰ ਦਾ ਘਪਲ਼ਾ ਕੀਤੈ, ਉਹਦੇ 'ਚੋਂ ਅੱਧਾ ਬੰਤ ਸਿਉਂ ਨੂੰ ਵਾਪਸ ਕਰ ਦੇਹ ਤੇ ਵੰਡ-ਵੰਡਾਈ ਆਲ਼ਾ ਕੇਸ ਵਾਪਸ ਲੈ-ਲਾ..!"
-''ਮਨਜ਼ੂਰ ਐ..! ਮੈਂ ਅੱਜ ਈ ਅੱਸੀ ਹਜ਼ਾਰ ਪੌਂਡ ਬੰਤ ਦੇ ਅਕਾਊਂਟ 'ਚ ਕਰ ਦਿੰਨੀ ਐਂ ਤੇ ਕੇਸ ਵਾਪਸ ਲੈਣ ਲਈ ਅਰਜ਼ੀ ਪਾ ਦਿੰਨੀ ਐਂ..!" ਮਨਜੀਤ ਨੇ ਤੁਰੰਤ ਸਹਿਮਤੀ ਦੇ ਦਿੱਤੀ।
-''ਜਾਹ..! ਪੈਸੇ ਟਰਾਂਸਫ਼ਰ ਕਰ ਕੇ ਮੈਨੂੰ ਰਸੀਦ ਦਿਖਾ ਦੇਹ, ਮੈਂ ਬੰਤ ਸਿਉਂ ਨੂੰ ਆਪੇ ਸਾਂਭ ਲਊਂਗਾ..!"
ਉਸੇ ਦਿਨ ਹੀ ਮਨਜੀਤ ਨੇ ਅੱਸੀ ਹਜ਼ਾਰ ਪੌਂਡ ਟਰਾਂਸਫ਼ਰ ਕਰਵਾ ਕੇ ਰਸੀਦ ਢਿੱਲੋਂ ਦੇ ਹੱਥ ਦੇ ਦਿੱਤੀ। ਢਿੱਲੋਂ ਨੇ ਬੰਤ ਨੂੰ ਦਲੀਲਾਂ ਨਾਲ਼ ਮਨਾ ਲਿਆ।
ਕੇਸ ਖ਼ਤਮ ਹੋਣ ਤੋਂ ਬਾਅਦ ਉਹ ਸ਼ਾਮ ਨੂੰ ਬੰਤ ਦੇ ਘਰ ਆ ਬੈਠੇ।
-''ਬੰਤ ਸਿਆਂ..!" ਢਿੱਲੋਂ ਨੇ ਨਿੱਕਾ ਜਿਹਾ ਪੈੱਗ ਚੁੱਕਦਿਆਂ ਆਖਿਆ।
-''ਹਾਂ ਢਿੱਲੋਂ ਸਾਹਿਬ..?"
-''ਹੁਣ ਤੂੰ ਆਪਣੇਂ ਸਟੋਰ ਤੋਂ ਵਿਹਲ ਲੈ ਕੇ ਪੰਜਾਬ ਜਾਹ ਤੇ ਕਿਸੇ ਲੋੜਵੰਦ ਲੜਕੀ ਨਾਲ਼ ਸ਼ਾਦੀ ਕਰਵਾ ਕੇ ਘਰ ਵਸਾ..! ਘਰ ਵਸਾਉਣ ਦਾ ਵੀ ਕੋਈ ਸਮਾਂ ਹੁੰਦੈ, ਨਹੀਂ ਤਾਂ ਵੇਲ਼ੇ ਦਾ ਕੰਮ ਤੇ ਕੁਵੇਲ਼ੇ ਦੀਆਂ ਟੱਕਰਾਂ ਹੁੰਦੀਐਂ..! ਤੇਰੇ ਸਟੋਰ ਦਾ ਹਿਸਾਬ ਕਿਤਾਬ ਲਿਆ ਕਰੂੰਗਾ ਮੈਂ, ਤੇ ਤੂੰ ਜਾ ਕੇ ਵਿਆਹ ਕਰਵਾ ਕੇ ਆ..!"
ਸਟੋਰ ਦੀ ਸਾਰੀ ਜ਼ਿੰਮੇਵਾਰੀ ਢਿੱਲੋਂ ਨੂੰ ਸੰਭਾਲ਼ ਕੇ ਬੰਤ ਵਿਆਹ ਕਰਵਾਉਣ ਲਈ ਪੰਜਾਬ ਨੂੰ ਜਹਾਜ ਚੜ੍ਹ ਗਿਆ ਸੀ...! ਪਰ ਮਨਜੀਤ ਅਥਾਹ ਨਿਰਾਸ਼ ਹੋ ਗਈ ਸੀ ਕਿ ਜਿਸ ਕੰਮ ਨੂੰ ਹੂਲ਼ਾ ਫ਼ੱਕਿਆ ਸੀ, ਉਹ ਸਕੀਮ ਤਾਂ ਧਰੀ ਧਰਾਈ ਹੀ ਰਹਿ ਗਈ ਸੀ..? ਜਿਹੜਾ ਘਪਲ਼ਾ ਕੀਤਾ, ਉਹਦੇ ਵਿਚੋਂ ਵੀ ਅੱਧ ਗਿਆ। ਭੰਡੀ ਵਾਧੂ ਦੀ ਹੋਈ। ਉਸ ਹਰਾਮ ਦੀ ਨਾਰੀ ਸੰਸਥਾ ਦੀ ਮੋਟੋ ਪ੍ਰਧਾਨ ਨੇ ਵੀ ਕੱਖ ਨਾ ਕੀਤਾ। ਉਹ ਤਾਂ ਆਪ ਸ਼ਿਸ਼ਤ ਬੰਨ੍ਹੀ ਬੈਠੀ ਸੀ ਕਿ ਜੇ ਮਨਜੀਤ ਨੂੰ ਬੰਤ ਦੀ ਜਾਇਦਾਦ ਵਿਚੋਂ ਅੱਧ ਮਿਲੂਗਾ ਤਾਂ ਮਨਜੀਤ ਉਸ ਨੂੰ 'ਫ਼ੰਡ' ਦਿਊਗੀ। ਪਰ ਨਿਕਲ਼ਿਆ ਵਿਚੋਂ ਕੱਖ ਵੀ ਨਹੀਂ! ਮਨਜੀਤ ਇੱਕ ਤਰ੍ਹਾਂ ਨਾਲ਼ ਅਪ੍ਰੈਲ ਦੀ 'ਫ਼ੂਲ' ਬਣੀ ਬੈਠੀ ਸੀ।
ਕਿਸ਼ਤ 29
ਕੁਝ ਦਿਨਾਂ ਬਾਅਦ ਨਿੰਮੀ ਨੂੰ ਉਸ ਦੀ ਸਹੇਲੀ ਤੇਜੀ ਦੀ ਚਿੱਠੀ ਮਿਲ਼ੀ।
ਚਿੱਠੀ ਬਹੁਤ ਉਦਾਸ ਕਰ ਦੇਣ ਵਾਲ਼ੀ ਸੀ। ਤੇਜੀ ਦਾ ਇਕਲੌਤਾ ਭਰਾ ਇਕਬਾਲ ਨਸ਼ਿਆਂ 'ਤੇ ਲੱਗ ਗਿਆ ਸੀ। ਜਦੋਂ ਉਸ ਦੀ ਹਾਲਤ ਅਤੀ ਖ਼ਤਰਨਾਕ ਅਤੇ ਤਰਸਯੋਗ ਹੋ ਗਈ ਤਾਂ ਕਿਸੇ ਡਾਕਟਰ ਦੀ ਰਾਇ ਨਾਲ਼ ਉਸ ਨੂੰ ਨਸ਼ਾ ਛੁਡਾਊ ਕੇਂਦਰ ਵਿਚ ਦਾਖ਼ਲ ਕਰਵਾਇਆ ਗਿਆ ਸੀ। ਪਰ ਜਿਹੜਾ ਕੁਝ ਨਸ਼ਾ ਛੁਡਾਊ ਕੇਂਦਰ ਵਾਲ਼ਿਆਂ ਨੇ ਕੀਤਾ, ਉਹ ਕਿਸੇ ਬੁੱਚੜਖਾਨੇ ਤੋਂ ਘੱਟ ਨਹੀਂ ਸੀ। ਇੱਕ ਦਿਨ ਤਾਂ ਇਕਬਾਲ ਕੋਲ਼ ਉਸ ਦੇ ਮਾਂ ਬਾਪ ਰਹੇ। ਪਰ ਅਗਲੇ ਦਿਨ ਕੇਂਦਰ ਵਾਲ਼ਿਆਂ ਨੇ ਬੇਬੇ ਅਤੇ ਬਾਪੂ ਨੂੰ ਆਪਣੇ ਦਫ਼ਤਰ ਬੁਲਾ ਲਿਆ। ਬੇਬੇ ਕਿਸੇ ਆਸ ਵਿਚ ਬੱਝੀ, ਖ਼ੁਸ਼ ਹੋਈ ਫ਼ਿਰਦੀ ਸੀ ਕਿ ਮੇਰਾ ਇਕਲੌਤਾ ਪੁੱਤ ਨਸ਼ਿਆਂ ਤੋਂ ਰਹਿਤ ਹੋ ਜਾਵੇਗਾ।
-''ਵੇ ਭਾਈ ਕਿੰਨੇ ਕੁ ਦਿਨ ਐਥੇ ਰੱਖੋਂਗੇ ਆਪਣੇ ਇਕਬਾਲ ਨੂੰ..?"
-''ਬੀਜੀ..! ਹਫ਼ਤਾ ਕੁ ਤਾਂ ਲੱਗ ਈ ਜਾਊਗਾ..! ਤੁਸੀਂ ਘਰ ਨੂੰ ਜਾਓ ਤੇ ਹਫ਼ਤੇ ਬਾਅਦ ਮੁੰਡੇ ਨੂੰ ਲੈ ਜਾਇਓ..!"
-''ਕੱਲਾ ਤਾਂ ਪੁੱਤ ਇਹੇ ਓਦਰ ਜਾਊਗਾ, ਅਸੀਂ ਤਾਂ ਕਦੇ ਇਹਨੂੰ 'ਕੱਲਾ ਛੱਡਿਆ ਨੀ..!" ਮਾਂ ਅੰਦਰੋਂ ਪੁੱਤਰ-ਮੋਹ ਦਾ ਝੋਕਾ ਫ਼ਿਰ ਗਿਆ।
-''ਬੀਜੀ..! ਇਹ ਐਨਾਂ ਗੀਗਾ ਵੀ ਹੈਨ੍ਹੀਗਾ, ਜਿੰਨਾਂ ਤੁਸੀਂ ਇਹਨੂੰ ਬਣਾਈ ਜਾਨੇ ਐਂ..!" ਇੱਕ ਨਰਸ ਵਿਅੰਗਮਈ ਬੋਲੀ।
ਉਹ ਇਕਬਾਲ ਨੂੰ ਕਲੀਨਿਕ ਛੱਡ ਕੇ ਘਰ ਚਲੇ ਗਏ।
ਰਾਤ ਨੂੰ ਸਾਰੇ ਮਰੀਜ਼ਾਂ ਨੂੰ ਨਸ਼ੇ ਜਿਹੇ ਵਾਲ਼ੇ ਟੀਕੇ ਲਾ ਕੇ ਮੰਜੇ 'ਤੇ ਪਾ ਦਿੱਤਾ ਜਾਂਦਾ। ਜੇ ਰਾਤ ਨੂੰ ਕੋਈ ਨਸ਼ਈ ਨਸ਼ੇ ਦੀ 'ਤੋੜ' ਕਾਰਨ 'ਹਾਏ-ਬੂ' ਕਰਦਾ ਤਾਂ ਜਾਂ ਤਾਂ ਉਸ ਨੂੰ ਹੋਰ 'ਡੋਜ਼' ਦੇ ਦਿੱਤੀ ਜਾਂਦੀ, ਅਤੇ ਜਾਂ ਫ਼ਿਰ ਉਸ ਨੂੰ ਜ਼ਬਰੀ ਚੁੱਪ ਕਰਵਾਇਆ ਜਾਂਦਾ। ਅਗਰ ਅਗਲਾ ਸਰੀਰ ਟੁੱਟਣ ਕਾਰਨ ਬਹੁਤੀ ਹਾਲ-ਦੁਹਾਈ ਪਾਉਂਦਾ ਤਾਂ ਉਸ ਨੂੰ ਨਰਸਾਂ ਅਤੇ ਕੰਪੋਡਰਾਂ ਵੱਲੋਂ ਬੁਰੀ ਤਰ੍ਹਾਂ ਨਾਲ਼ ਕੁੱਟਿਆ ਮਾਰਿਆ ਜਾਂਦਾ ਅਤੇ ਡਰਾ-ਧਮਕਾ ਕੇ ਪਾ ਦਿੱਤਾ ਜਾਂਦਾ।
ਅਗਲੀ ਰਾਤ ਇਕਬਾਲ ਦੇ ਬੈੱਡ ਨਾਲ਼ ਦੇ ਮਰੀਜ਼ ਦੀ ਹਾਲਤ ਖ਼ਰਾਬ ਹੋ ਗਈ।
ਕਈ ਰਾਤਾਂ ਤੋਂ ਉਸ ਨਸ਼ਈ ਨੂੰ ਤਕਲੀਫ਼ ਕਾਰਨ 'ਡੋਜ਼ਾਂ' ਦੇ ਰਹੇ ਸਨ ਅਤੇ ਜਦੋਂ ਉਹ ਬਹੁਤੀ ਬੱਕੜਵਾਹ ਕਰਦਾ ਤਾਂ ਉਸ 'ਤੇ ਪੰਜਾਬ ਪੁਲੀਸ ਵਾਂਗ ਤਸ਼ੱਦਦ ਕੀਤਾ ਜਾਦਾ ਅਤੇ ਗੰਦੀਆਂ ਗਾਲ਼ਾਂ ਕੱਢੀਆਂ ਜਾਂਦੀਆਂ। ਹੋਰ ਤਾਂ ਹੋਰ, ਓਥੇ ਕੰਮ ਕਰਦੀ ਰਾਤ ਨੂੰ ਰਹਿਣ ਵਾਲ਼ੀ ਨਰਸ ਵੀ ਉਸ ਨੂੰ ਮਾਵਾਂ-ਭੈਣਾਂ ਦੀਆਂ ਗੰਦੀਆਂ ਗਾਲ਼ਾਂ ਕੱਢਦੀ ਅਤੇ 'ਭੈਣ ਚੋਦ' ਤੋਂ ਬਿਨਾਂ ਨਾ ਬੋਲਦੀ।
ਇਕਬਾਲ ਦੇ ਬੈੱਡ ਨਾਲ਼ ਦਾ ਮਰੀਜ਼ ਤਕਲੀਫ਼ ਕਾਰਨ ਜਦੋਂ ਨਾ ਵਿਰਲਾਪ ਜਿਹਾ ਕਰਨੋਂ ਹਟਿਆ ਤਾਂ ਨਰਸ ਨੇ ਆਪਣਾ ਰਾਤ ਵਾਲ਼ਾ ਸਟਾਫ਼ ਮੰਗਵਾ ਲਿਆ। ਨਰਸ ਦੇ 'ਸਖ਼ਤ' ਅਤੇ ਬੁੱਚੜ ਰਵੱਈਏ ਕਾਰਨ ਡਰਦਾ ਇਕਬਾਲ ਸਾਹ ਘੁੱਟੀ ਪਿਆ ਸੀ। ਉਸ ਨੂੰ ਡਰ ਸੀ ਕਿ ਜੇ ਮੈਂ 'ਚੂੰ-ਚਰਾਂ' ਕੀਤੀ ਤਾਂ ਕਿਤੇ ਅਗਲੇ ਦੀ ਸਾੜਸਤੀ ਮੇਰੇ 'ਤੇ ਨਾ ਆ ਡਿੱਗੇ? ਇਸ ਨਿੱਕੇ ਜਿਹੇ ਕਮਰੇ ਵਿਚ ਉਹ ਦੋ ਹੀ ਤਾਂ ਸਨ।
ਦੂਜੇ ਸਹਿਯੋਗੀ ਸਟਾਫ਼ ਨੇ ਆ ਕੇ ਮਰੀਜ਼ ਨੂੰ ਮੁਰਗੀ ਵਾਂਗ ਦੱਬ ਲਿਆ ਅਤੇ ਬੁਰੀ ਤਰ੍ਹਾਂ ਪਿਟਾਈ ਸ਼ੁਰੂ ਕਰ ਦਿੱਤੀ। ਕੰਬਲ ਹੇਠ ਪਿਆ ਇਕਬਾਲ 'ਥਰ-ਥਰ' ਕੰਬੀ ਜਾ ਰਿਹਾ ਸੀ। ਉਸ ਦੇ ਦਿਲ ਵਿਚ ਇਹੀ ਸੀ ਕਿ ਜੇ ਸਟਾਫ਼ ਨੂੰ ਇਹ ਪਤਾ ਲੱਗ ਗਿਆ ਕਿ ਮੈਂ ਜਾਗਦਾ ਹਾਂ ਤਾਂ ਮੇਰੀ ਸ਼ਾਮਤ ਆਉਣੀ ਵੀ ਲਾਜ਼ਮੀ ਸੀ। ਠਰੀ ਰਾਤ ਵਿਚ ਉਸ ਨੂੰ ਕੱਚੀਆਂ ਤਰੇਲ਼ੀਆਂ ਆਈ ਜਾ ਰਹੀਆਂ ਸਨ। ਸਾਹ ਉਸ ਦੇ ਸੰਘ ਵਿਚ ਹੀ ਅੜਿਆ ਪਿਆ ਸੀ।
ਮਰੀਜ਼ ਦਾ ਮੂੰਹ ਨਰਸ ਨੇ ਘੁੱਟਿਆ ਹੋਇਆ ਸੀ ਅਤੇ ਦੂਜੇ ਦੋ ਬੁੱਚੜ ਉਸ ਨੂੰ ਬੁਰੀ ਤਰ੍ਹਾਂ ਕੁੱਟ ਰਹੇ ਸਨ। ਮੂੰਹ ਘੁੱਟਿਆ ਹੋਣ ਕਾਰਨ ਅਗਲਾ ਚੀਕ ਵੀ ਨਹੀਂ ਸਕਦਾ ਸੀ। ਕੁੱਟ ਜਾਰੀ ਸੀ। ਜਦੋਂ ਨਰਸ ਨੇ ਇਸ਼ਾਰੇ ਨਾਲ਼ ਕੁੱਟ ਬੰਦ ਕਰਵਾਈ ਤਾਂ ਮਰੀਜ਼ ਚੁੱਪ ਸੀ। ਜਦ ਨਰਸ ਨੇ ਉਸ ਦਾ ਮੂੰਹ ਛੱਡਿਆ ਤਾਂ ਉਸ ਦਾ ਖੁੱਲ੍ਹਾ ਮੂੰਹ, ਖੁੱਲ੍ਹਾ ਹੀ ਰਹਿ ਗਿਆ। ਜਦ ਨਰਸ ਨੇ ਉਸ ਦੀਆਂ ਅੱਖਾਂ ਪੱਟ ਕੇ ਦੇਖੀਆਂ ਤਾਂ ਪੱਥਰਾਈਆਂ ਹੋਈਆਂ ਸਨ। ਨਰਸ ਦੇ ਤੌਰ ਉਡ ਗਏ।
-''ਲੱਖਿਆ...!" ਉਸ ਨੇ ਚੀਕ ਕੇ ਕਿਹਾ।
-''ਹਾਂ..?"
-''ਇਹ ਤਾਂ ਹਰਾਮਦਾ ਮਰ ਗਿਆ..!"
-''ਫ਼ੇਰ ਤਾਂ ਮਾਰੇ ਗਏ..!"
-''ਆਹ ਨਾਲ਼ ਦੇ ਨੂੰ ਦੇਖੋ, ਜਾਗਦਾ ਤਾਂ ਨੀ..?"
ਤੀਜੇ ਨੇ ਕੰਬਲ਼ ਲਾਹ ਕੇ ਦੇਖਿਆ ਤਾਂ ਇਕਬਾਲ ਮੂਰਛਤ ਹੋਇਆ ਪਿਆ ਸੀ। ਪਰ ਉਸ ਦੇ ਦਿਲ ਅੰਦਰ ਭੂਚਾਲ਼ ਆਇਆ ਹੋਇਆ ਸੀ।
-''ਇਹ ਤਾਂ ਘੂਕ ਸੁੱਤਾ ਪਿਐ..!" ਜਦੋਂ ਕੰਪੋਡਰ ਨੇ ਕਿਹਾ ਤਾਂ ਇਕਬਾਲ ਦੀ ਜਾਨ ਵਿਚ ਜਾਨ ਆਈ।
-''ਕੱਲ੍ਹ ਨੂੰ ਡਾਕਟਰ ਨੂੰ ਕੀ ਦੱਸਾਂਗੇ..?" ਇੱਕ ਨੇ ਅਗਲਾ ਡਰ ਜ਼ਾਹਿਰ ਕੀਤਾ।
-''ਇਹਨੂੰ ਇਉਂ ਈ ਪਿਆ ਰਹਿਣ ਦਿਓ..! ਸਵੇਰੇ ਰੌਲ਼ਾ ਜਿਆ ਪਾ ਦਿਆਂਗੇ ਕਿ ਸੁੱਤਾ ਪਿਆ ਈ ਰਹਿ ਗਿਆ..!"
-''ਪਰ ਜਿਹੜੇ ਕੁੱਟ ਦੇ ਨਿਸ਼ਾਨ ਇਹਦੇ ਸਰੀਰ 'ਤੇ ਐ, ਓਹੋ..?"
-''ਤੂੰ ਹੁਣ ਮੋਕ ਕਿਉਂ ਮਾਰਦੈਂ..? ਸਵੇਰ ਤੱਕ ਇਹਨੂੰ ਪਿਆ ਰਹਿਣ ਦਿਓ..!"
ਉਹ ਬਾਹਰ ਨਿਕਲ਼ ਗਏ।
ਕਮਰੇ ਵਿਚ ਇਕੱਲਾ ਇਕਬਾਲ ਹੋਰ ਦਹਿਲ ਗਿਆ ਕਿ ਉਹ ਇਕ ਮੁਰਦੇ ਦੇ ਬਰਾਬਰ ਬੈੱਡ 'ਤੇ ਪਿਆ ਸੀ। ਮੁਰਦਾ ਤਾਂ ਉਸ ਨੇ ਕਦੇ ਦੇਖਿਆ ਤੱਕ ਨਹੀਂ ਸੀ, ਹੁਣ ਤਾਂ ਉਹ ਮੁਰਦੇ ਦੇ ਬਰਾਬਰ ਪਿਆ ਸੀ। ਸੋਚ ਸੋਚ ਕੇ ਉਸ ਨੂੰ ਤਾਉਣੀਆਂ ਆ ਰਹੀਆਂ ਸਨ। ਉਸ ਦਾ ਦਿਲ 'ਫ਼ੜੱਕ-ਫ਼ੜੱਕ' ਵੱਜੀ ਜਾ ਰਿਹਾ ਸੀ।
ਰੱਬ-ਰੱਬ ਕਰਦੇ ਨੂੰ ਉਸ ਨੂੰ ਮਸਾਂ ਸਵੇਰ ਹੋਈ।
ਜਦੋਂ ਸਵੇਰੇ ਮਰੀਜ਼ਾਂ ਨੂੰ ਮਿਲਣ ਉਹਨਾਂ ਦੇ ਘਰ ਦੇ ਆਉਣ ਲੱਗ ਪਏ ਤਾਂ ਦੇਖ ਕੇ ਇਕਬਾਲ ਦਾ ਬੰਨ੍ਹ ਟੁੱਟ ਗਿਆ ਅਤੇ ਉਸ ਨੇ ਚੀਕਣਾਂ ਚਿਲਾਉਣਾਂ ਸ਼ੁਰੂ ਕਰ ਦਿੱਤਾ। -''ਓਏ ਲੋਕੋ..! ਓਏ ਇਹ ਨਸ਼ਾ-ਨੁਸ਼ਾ ਕੋਈ ਨੀ ਛੁਡਾਉਂਦੇ ..! ਇਹ ਤਾਂ ਬੁੱਚੜ ਐ ਓਏ..!"
ਇਕਬਾਲ ਦਾ ਬਰੜਾਹਟ ਸੁਣ ਕੇ ਕਲੀਨਿਕ ਵਾਲ਼ਿਆਂ ਦੇ ਭਾਅ ਦੀ ਬਣ ਗਈ।
ਵਿਹੜੇ ਵਿਚ ਖੜ੍ਹੇ ਲੋਕ ਭੱਜ ਕੇ ਇਕਬਾਲ ਕੋਲ਼ ਆ ਗਏ।
ਕਲੀਨਿਕ ਦਾ ਸਟਾਫ਼ ਹਰ ਗੱਲ ਤੋਂ ਸੁਚੇਤ ਸੀ। ਉਹਨਾਂ ਨੇ ਬੇਵੱਸੀ ਵਿਚ ਇਕਬਾਲ ਨੂੰ ਰੱਸਿਆਂ ਨਾਲ਼ ਨਰੜ ਲਿਆ।
ਪਰ ਉਹ ਫ਼ਿਰ ਵੀ ਹਾਲ-ਦੁਹਾਈ ਪਾ ਰਿਹਾ ਸੀ।
-''ਓਏ ਲੋਕੋ..! ਨਾ ਛੱਡੋ ਆਪਣੇ ਪੁੱਤ ਪੋਤਰੇ ਐਥੇ..! ਇਹ ਡਾਕਟਰ ਨੀ, ਬੁੱਚੜ ਐ ਓਏ ਲੋਕੋ..! ਰਾਤ ਇਹਨਾਂ ਨੇ ਇਕ ਮੁੰਡਾ ਕੁੱਟ ਕੇ ਮਾਰ'ਤਾ..!" ਉਹ ਰੋਕਣ ਦੇ ਬਾਵਜੂਦ ਵੀ ਸੱਚ ਬੋਲ ਗਿਆ। ਦੁਨੀਆਂ ਸੁਣ ਕੇ ਸੁੰਨ ਰਹਿ ਗਈ। ਸਭ ਨੇ ਮੂੰਹ ਵਿਚ ਉਂਗਲਾਂ ਪਾ ਲਈਆਂ। ਅਸਲ ਗੱਲ ਸੁਣ ਕੇ ਸਭ ਦੰਗ ਅਤੇ ਸਤੰਭ ਖੜ੍ਹੇ ਸਨ।
ਲੋਕ ਇਕਬਾਲ ਦੁਆਲ਼ੇ ਇਕੱਠੇ ਹੋਣ ਲੱਗ ਪਏ।
ਇੱਕ ਖੂੰਜੇ ਵਾਲ਼ੇ ਕਮਰੇ ਵਿਚ ਉਸ ਨੂੰ ਰੱਸਿਆਂ ਨਾਲ਼ ਬੰਨ੍ਹਿਆਂ ਹੋਇਆ ਸੀ। ਪਿੰਡੇ ਦੀ ਖੁਰਕ ਅਤੇ ਉਸ ਦੀ ਵਧੀ ਅਤੇ ਅੱਘੜ-ਦੁਘੜੀ ਦਾਹੜੀ ਤੋਂ ਮਹਿਸੂਸ ਹੋ ਰਿਹਾ ਸੀ ਕਿ ਉਹ ਕਈ ਦਿਨਾਂ ਤੋਂ ਨਹਾਤਾ ਨਹੀਂ ਸੀ। ਪਹਿਲੀ ਤੱਕਣੀਂ ਤੋਂ ਹੀ ਦੇਖਣ ਵਾਲੇ ਦਾ ਦਿਲ ਦਹਿਲਦਾ ਸੀ।
-''ਇਹਨੂੰ ਕੀ ਅਚਾ ਐ ਭਾਈ..?" ਕਿਸੇ ਨੇ ਨਰਸ ਨੂੰ ਪੁੱਛਿਆ।
-''ਇਹਦੇ ਦਿਮਾਗ 'ਚ ਫ਼ਰਕ ਐ..! ਤੁਸੀਂ ਇਹਦੇ ਨੇੜੇ ਨਾ ਜਾਇਓ, ਇਹ ਥੋਡੇ ਵੀ ਕੋਈ ਸੱਟ-ਫ਼ੇਟ ਮਾਰ ਸਕਦੈ..!" ਨਰਸ ਨੇ ਬੜਾ ਰੁੱਖਾ ਜਿਹਾ ਉੱਤਰ ਮੋੜਿਆ। ਉਸ ਦੇ ਪਿੱਛੇ ਸਟਾਫ਼ ਦੇ ਹੋਰ ਮੈਂਬਰ ਆ ਖੜ੍ਹੇ ਹੋਏ।
-''ਨਹੀਂ ਬਾਬਾ..! ਮੇਰੇ ਦਿਮਾਗ 'ਚ ਕੋਈ ਫ਼ਰਕ ਨੀ..! ਜੇ ਇਹਨਾਂ ਨੇ ਮੈਨੂੰ ਇਉਂ ਈ ਰੱਖਿਆ, ਮੇਰੇ ਦਿਮਾਗ 'ਚ ਫ਼ਰਕ ਪਾ ਜ਼ਰੂਰ ਦੇਣਗੇ..! ਰਾਤ ਇਹਨਾਂ ਨੇ ਇਕ ਮੁੰਡਾ ਕੁੱਟ ਕੇ ਮਾਰ ਦਿੱਤਾ, ਓਸ ਦੀ ਲਾਸ਼ ਅਜੇ ਵੀ ਕਲੀਨਿਕ 'ਚ ਐ, ਚਾਹੇ ਪਤਾ ਕਰ ਲਓ..! ਨਾਲ਼ੇ ਥੋਨੂੰ ਪਤਾ ਲੱਗ ਜਾਊਗਾ ਕਿ ਮੈਂ ਕਿੰਨਾਂ ਕੁ ਪਾਗਲ ਤੇ ਕਿੰਨਾਂ ਕੁ ਸੱਚੈਂ..!" ਉਸ ਨੇ ਤਰਲਾ ਲਿਆ।
ਸੁਣਨ ਵਾਲ਼ਾ ਬਾਬਾ ਹੈਰਾਨ ਰਹਿ ਗਿਆ। ਮੁੰਡਾ ਆਮ ਇਨਸਾਨ ਵਾਂਗ ਬੋਲੀ ਜਾ ਰਿਹਾ ਸੀ ਅਤੇ ਨਰਸ ਉਸ ਨੂੰ 'ਪਾਗਲ' ਦੱਸ ਰਹੀ ਸੀ।
-''ਇਹ ਚੰਗਾ ਭਲਾ ਤਾਂ ਬੋਲੀ ਜਾਂਦੈ ਭਾਈ..?" ਬਾਬੇ ਨੇ ਕਰੜਾ ਹੋ ਕੇ ਪੁੱਛਿਆ ਤਾਂ ਡਰੀ ਨਰਸ ਤਿੱਤਰ ਹੋ ਗਈ।
-''ਚੋਰ ਦੇ ਪੈਰ ਨੀ ਹੁੰਦੇ..!" ਬਾਬੇ ਨੇ ਮਨ ਵਿਚ ਹੀ ਸੋਚਿਆ। ਉਹ ਸਿਰ ਹੋ ਗਿਆ ਕਿ ਦਾਲ਼ 'ਚ ਕੁਛ ਕਾਲ਼ਾ ਜ਼ਰੂਰ ਹੈ। ਨਹੀਂ ਨਰਸ ਮੈਦਾਨ ਛੱਡ ਕੇ ਭੱਜਦੀ ਨਹੀਂ ਸੀ।
ਉਸ ਨੇ ਬਾਹਰ ਸੜਕ 'ਤੇ ਜਾ ਕੇ ਰੌਲ਼ਾ ਪਾਇਆ ਤਾਂ ਦੁਨੀਆਂ ਇਕੱਠੀ ਹੋ ਗਈ।
ਭੜਕੀ ਭੀੜ ਨੇ ਕਲੀਨਿਕ ਨੂੰ ਘੇਰ ਲਿਆ ਅਤੇ ਬਾਹਰਲਾ ਗੇਟ ਰੋਕ ਕੇ ਸਟਾਫ਼ ਨੂੰ ਦਫ਼ਤਰ ਵਿਚ ਬੰਦ ਕਰ ਦਿੱਤਾ।
ਪੁਲੀਸ ਨੂੰ ਖ਼ਬਰ ਕਰ ਦਿੱਤੀ ਗਈ।
ਠਾਣੇਦਾਰ ਨੇ ਆ ਕੇ ਗੱਲ ਆਪਣੇ ਹੱਥ ਵਿਚ ਲੈ ਲਈ।
ਇਕਬਾਲ ਦਾ ਨਰੜ ਖੋਲ੍ਹ ਦਿੱਤਾ ਗਿਆ।
ਬਾਬੇ ਅਤੇ ਇਕਬਾਲ ਨੂੰ ਠਾਣੇਦਾਰ ਨੇ ਆਪਣੇ ਕੋਲ਼ ਬਿਠਾ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ।
ਬਾਬਾ ਬੋਲਣ ਲੱਗਿਆ ਤਾਂ ਠਾਣੇਦਾਰ ਨੇ ਰੋਕ ਦਿੱਤਾ।
-''ਤੂੰ ਬਾਬਾ ਕੋਲ਼ੇ ਸੀ..?" ਠਾਣੇਦਾਰ ਅਤੀਅੰਤ ਰੁੱਖਾ ਬੋਲਿਆ।
-''ਨਹੀਂ, ਮੈਂ ਤਾਂ ਕੋਲ਼ੇ ਨ੍ਹੀਂ ਸੀ ਸ਼ੇਰਾ, ਪਰ ਆਹ ਕਾਕਾ ਈ ਦੱਸਦਾ ਸੀ..!"
-''ਫ਼ੇਰ ਤੂੰ ਵਿਚ ਡੌਂਡੀ ਕਿਉਂ ਪਿੱਟਦੈਂ..? ਸਾਨੂੰ ਸਿੱਧੀ ਉਹਦੇ ਨਾਲ਼ ਗੱਲ ਕਰਨ ਦੇਹ..? ਤੂੰ ਵਿਚ ਫ਼ੁੱਫ਼ੜ ਕਿਉਂ ਬਣਦੈਂ..?" ਠਾਣੇਦਾਰ ਦੇ ਰੋਅਬ ਤੋਂ ਬਾਬਾ ਭੈਅ ਖਾ ਗਿਆ। ਉਸ ਦੀਆਂ ਨਜ਼ਰਾਂ ਬਾਬੇ ਨੂੰ ਖਾਣ ਆਈਆਂ ਸਨ। ਸਿੱਧੇ ਅਤੇ ਸਾਦੇ ਪੇਂਡੂ ਕਿਸਾਨ ਬਾਬੇ ਤੋਂ ਠਾਣੇਦਾਰ ਨੂੰ ਕੀ ਮਿਲਣਾਂ ਸੀ..? ਹਸਪਤਾਲ਼ ਵਾਲ਼ੇ ਤਾਂ ਠਾਣੇਦਾਰ ਲਈ ਸੋਨੇ ਦੀ 'ਮੁਰਗੀ' ਸਨ, ਜਿਹਨਾਂ ਤੋਂ ਉਸ ਨੂੰ ਹਰ ਮਹੀਨੇ ਸੋਨੇ ਦਾ ਅੰਡਾ ਮਿਲ਼ਦਾ ਸੀ..! ਨੰਗ ਬਾਬਾ ਉਸ ਨੂੰ ਕੀ ਲਈ ਬੈਠਾ ਸੀ..?
ਬਾਬਾ ਚੁੱਪ ਕਰ ਗਿਆ।
ਉਸ ਨੂੰ ਮਹਿਸੂਸ ਹੋ ਗਿਆ ਸੀ ਕਿ ਕੁੱਤੀ ਚੋਰਾਂ ਨਾਲ਼ ਰਲ਼ੀ ਹੋਈ ਸੀ ਅਤੇ ਇਸ ਗੱਲ ਵਿਚੋਂ ਮਦਾਰੀ ਦੇ ਖੇਲ ਵਾਂਗੂੰ ਉਹੀ ਕੁਛ ਨਿਕਲ਼ਣਾਂ ਸੀ, ਜੋ ਪੁਲੀਸ ਕੱਢਣਾਂ ਚਾਹੁੰਦੀ ਸੀ। ਹਸਪਤਾਲ਼ ਵਾਲ਼ਿਆਂ ਨੇ ਠਾਣੇਦਾਰ ਨੂੰ ਮਿੱਠੀ ਉਂਗਲ਼ ਚਟਾਈ ਹੋਈ ਹੈ, ਹੋ ਸਕਦੈ 'ਮਹੀਨਾਂ' ਵੀ ਭਰਿਆ ਜਾਂਦਾ ਹੋਵੇ? ...ਅਤੇ ਹੁਣ ਇਹ ਓਹਨਾਂ ਦੀ ਭਾਸ਼ਾ ਹੀ ਬੋਲ ਅਤੇ ਸਮਝ ਰਿਹਾ ਸੀ! ਦੂਜੇ ਲੋਕ ਇਸ ਨੂੰ ਗੂੰਗੇ, ਬੋਲ਼ੇ ਅਤੇ ਅੰਨ੍ਹੇ ਹੀ ਜਾਪਦੇ ਨੇ! ਪੈਸਿਆਂ ਦੇ ਲਾਲਚ ਵਿਚ ਸੱਚੀ ਗੱਲ ਛੁਪਾਉਣ ਲਈ ਇਹ ਆਪਣੀ ਸੌ ਵਾਹ ਲਾਊਗਾ!
-''ਤੂੰ ਬਾਬਾ ਬਾਹਰ ਜਾਹ..!" ਠਾਣੇਦਾਰ ਨੇ ਬਾਬੇ ਨੂੰ ਫ਼ਿਰ ਰੁੱਖੇ ਅੰਦਾਜ਼ ਵਿਚ ਕਿਹਾ।
-''ਕਿਉਂ ਸਰਕਾਰ..? ਕਿਉਂ ਬਾਹਰ ਜਾਵਾਂ..?"
-''ਅਸੀਂ ਕਾਰਵਾਈ ਕਰਨੀ ਐਂ..!"
-''ਤੇ ਮੈਂ ਕਾਰਵਾਈ ਰੋਕਦੈਂ..?"
-''ਤੂੰ ਕਾਰਵਾਈ 'ਚ ਅੜੱਚਣ ਪਾਉਨੈਂ..!"
-''ਇਉਂ ਕਿਉਂ ਨੀ ਆਖਦਾ ਬਈ ਤੂੰ ਗੱਲ ਨੂੰ ਉੜਦੂ ਲਾਉਣੈਂ..? ਪੈਸੇ ਲੈ ਕੇ ਗੱਲ ਖ਼ਤਮ ਕਰਨੀ ਚਾਹੁੰਨੈਂ..?"
-''ਤੇਰੀ ਬੱਗੀ ਦਾਹੜੀ ਵੱਲ ਦੇਖ ਕੇ ਮੈਂ ਅਜੇ ਵੀ ਤੇਰੇ ਨਾਲ਼ ਲਿਹਾਜ ਵਰਤਦੈਂ ਬਾਬਾ..! ਜਾਹ ਦਫ਼ਾ ਹੋ..!" ਠਾਣੇਦਾਰ ਉਠ ਕੇ ਖੜ੍ਹਾ ਹੋ ਗਿਆ।
ਆਪਣੀ ਬੇਇੱਜ਼ਤੀ ਬਾਰੇ ਸੋਚ ਕੇ ਬਾਬਾ ਬਾਹਰ ਨਿਕਲ਼ ਗਿਆ।
ਹਸਪਤਾਲ਼ ਨੂੰ 'ਸੀਲ' ਕਰ ਦਿੱਤਾ ਗਿਆ। ਕੋਈ ਹਸਪਤਾਲ਼ ਦੇ ਅੰਦਰ ਨਹੀਂ ਆ ਸਕਦਾ ਸੀ। ਕੋਈ ਹਸਪਤਾਲ਼ ਦੇ ਬਾਹਰ ਨਹੀਂ ਜਾ ਸਕਦਾ ਸੀ। ਪੁਲੀਸ ਨੇ ਹਸਪਤਾਲ਼ ਦੇ ਤਾੜੇ ਸਟਾਫ਼ ਨੂੰ ਦਫ਼ਤਰ ਵਿਚੋਂ ਅਜ਼ਾਦ ਕਰਵਾਇਆ। ਬੜੇ ਗੁਪਤ ਤਰੀਕੇ ਨਾਲ਼ ਮ੍ਰਿਤਕ ਦੀ ਲਾਸ਼ ਹਸਪਤਾਲ਼ ਵਿਚੋਂ ਚੁੱਕ ਠਾਣੇ ਨੂੰ ਤੋਰ ਦਿੱਤੀ ਗਈ।
ਹਸਪਤਾਲ਼ ਦੇ ਦੋ ਜ਼ਿੰਮੇਵਾਰ ਡਾਕਟਰਾਂ ਅਤੇ ਇਕਬਾਲ ਨੂੰ ਪਲੋਸ ਕੇ ਠਾਣੇ ਲੈ ਆਏ।
ਇੱਕ ਡਾਕਟਰ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਠਾਣੇਦਾਰ ਗਲ਼ ਨੂੰ ਆਇਆ।
-''ਤੇਰੀ ਮੈਂ ਭੈਣ ਦੀ ਘੋੜ੍ਹੀ ਬਣਾਂਲਾਂ, ਤੁਸੀਂ 'ਲਾਜ ਕਰਨ ਵਾਸਤੇ ਬੈਠੇ ਐਂ ਕਿ ਬੰਦੇ ਮਾਰਨ ਵਾਸਤੇ..? ਥੋਨੂੰ ਕਾਨੂੰਨ ਦਾ ਕੋਈ ਡਰ-ਭੌਅ ਹੈ ਕਿ ਨਹੀਂ..?" ਠਾਣੇਦਾਰ ਨੇ ਕੋਰੜਾ ਛੰਦ ਪੜ੍ਹਿਆ ਤਾਂ ਡਾਕਟਰ 'ਠਰ' ਗਿਆ।
-''ਕਾਨੂੰਨ ਨੂੰ ਤਾਂ ਤੁੰਨੀ ਜਾਂਦੇ ਐ, ਜਿੱਥੋਂ ਨਿਕਲਿਐ..!" ਹੌਲਦਾਰ ਨੇ ਕਾਨੂੰਨ ਦਾ ਨਾਂ ਲੈ ਕੇ ਫ਼ੀਸ ਦਾ ਤੋਲ ਵਧਾਇਆ।
-''ਇਹਨੂੰ ਭੜ੍ਹਾਕੇ ਜੇ ਨੂੰ ਦਿੱਤਾ ਹੋਵੇ ਹਵਾਲਾਤ 'ਚ ਤੇ ਦਸ ਦਿਨ ਬਾਤ ਈ ਨਾ ਪੁੱਛੇ..! ਫ਼ੇਰ ਐਹੋ ਜੇ ਨੂੰ ਪਤਾ ਲੱਗਦੈ, ਕਿੰਨੀ ਵੀਂਹੀਂ ਸੌ ਹੁੰਦੈ..! ਲੋਕਾਂ ਦੇ ਮੁੰਡੇ ਮਾਰ ਮਾਰ ਇਹ ਕਿਹੜਾ ਨਸ਼ਾ ਛੁਡਾਉਂਦੇ ਐ..?"
-''ਇਹ ਤਾਂ ਲੋਕਾਂ ਦੇ ਕੱਛ 'ਚ ਦੀ ਮੁੰਮਾਂ ਦਿੰਦੇ ਐ, 'ਲਾਜ ਲੂਜ ਕੋਈ ਨੀ ਕਰਦੇ..!" ਪਾਸਿਓਂ ਮੁਣਸ਼ੀ ਨੇ ਵੀ ਧਾਈ 'ਤੇ ਧਾਈ ਪਾਈ।
-''ਇਹਨਾਂ ਦੇ ਤਾਂ ਦੋਨੀਂ ਹੱਥੀਂ ਲੱਡੂ ਐ..! ਨਾਲ਼ੇ ਪੁਰਾਣੀਆਂ ਦੁਸ਼ਮਣੀਆਂ ਕੱਢ ਕੇ ਬੰਦੇ ਮਾਰਦੇ ਐ ਤੇ ਨਾਲ਼ੇ ਲੁੱਟਦੇ ਐ, ਪੈਸੇ..!" ਸਿਪਾਹੀ ਦੀ ਫ਼ਸਾਊ ਗੱਲ ਸੁਣਦਿਆਂ ਜ਼ਿੰਮੇਵਾਰ ਡਾਕਟਰ ਠਾਣੇਦਾਰ ਦੇ ਚਰਨੀਂ ਆ ਡਿੱਗਿਆ।
-''ਸਾਡੀ ਕਿਸੇ ਨਾਲ਼ ਕੋਈ ਦੁਸ਼ਮਣੀ ਨੀ ਸੀ ਸਰਕਾਰ..! ਇਹ ਤਾਂ ਪਤਾ ਨੀ ਕਿਵੇਂ ਹੋ ਗਿਆ..! ਜਦੋਂ ਕਿਸਮਤ ਮਾੜੀ ਹੋਵੇ, ਓਦੋਂ ਤਾਂ ਸਰਕਾਰ ਸੁੱਬੀ ਵੀ ਸੱਪ ਬਣ ਜਾਂਦੀ ਐ..! ਬਖ਼ਸ਼ੋ ਮੈਨੂੰ...!"
ਮ੍ਰਿਤਕ ਦੇ ਵਾਰਿਸ ਰੋਂਦੇ ਕੁਰਲਾਉਂਦੇ ਠਾਣੇ ਅੱਪੜ ਗਏ।
-''ਲੈ....! ਆ ਗਏ ਤੈਨੂੰ ਬਖ਼ਸ਼ਣ ਆਲ਼ੇ..! ਕਰੀਏ ਤੈਨੂੰ ਇਹਨਾਂ ਦੇ ਹਵਾਲੇ..? ਇਹਨਾਂ ਨੂੰ ਤਾਂ ਹੁਣ ਇਹ ਵੀ ਪਤਾ ਨੀ ਚੱਲਣਾ ਕਿ ਤੇਰੇ ਸੱਟ ਕਿੰਨੀ ਕੁ ਲੱਗਦੀ ਐ..!"
-''ਸਾਨੂੰ ਤਾਂ ਤੁਸੀਂ ਹੀ ਬਖ਼ਸ਼ੋ ਸਰਕਾਰ..! ਤੁਸੀਂ ਹੁਕਮ ਕਰੋ, ਅਸੀਂ ਫ਼ੁੱਲ ਚੜ੍ਹਾਵਾਂਗੇ..!" ਦੂਜੇ ਡਾਕਟਰ ਨੇ 'ਕੰਮ' ਦੀ ਗੱਲ ਆਖੀ।
-''ਆਹ ਬੰਦਾ ਕੁਛ ਸਿਆਣਾ ਲੱਗਦੈ ਹਜੂਰ..! ਆਹ ਦੂਜਾ ਤਾਂ ਮੈਨੂੰ ਰੂੜੀ 'ਤੇ ਮੂਤਣ ਆਲ਼ਾ ਕੁਤੀੜ੍ਹ ਜਿਆ ਈ ਲੱਗਦੈ..!" ਹੌਲਦਾਰ ਬੋਲਿਆ।
-''ਹਰਜੀਤ..!"
-''ਜੀ ਹਜੂਰ..?"
-''ਇਹਨਾਂ ਨੂੰ ਬਿਠਾ ਵਰਾਂਡੇ 'ਚ ਤੇ ਮਰੇ ਮੁੰਡੇ ਦੇ ਵਾਰਸਾਂ ਨੂੰ ਮੇਰੇ ਕੋਲ਼ ਲਿਆ..!"
-''ਜੋ ਹੁਕਮ ਸਰਕਾਰ..!"
ਮ੍ਰਿਤਕ ਦੇ ਵਾਰਿਸ ਆ ਹਾਜ਼ਰ ਹੋਏ।
-''ਬੜੀ ਮਾੜੀ ਗੱਲ ਹੋਈ ਬਜ਼ੁਰਗੋ..!"
-''ਮੇਰਾ ਤਾਂ ਸੀ ਵੀ ਇੱਕੋ ਇੱਕ ਪੁੱਤ ਜਿਉਣ ਜੋਕਰਿਆ..! ਮੇਰੇ ਸਾਲ਼ਿਆਂ ਜ਼ਾਲਮਾਂ ਨੇ ਮਾਰਨ ਲੱਗਿਆਂ ਨੇ ਪਲ ਨੀ ਲਾਇਆ..!" ਇਕਲੌਤੇ ਪੁੱਤਰ ਦਾ ਬਾਪ ਧਾਹ ਮਾਰ ਕੇ ਠਾਣੇਦਾਰ ਦੇ ਪੈਰਾਂ 'ਚ ਹੀ ਬੈਠ ਗਿਆ।
-''ਮੇਰਾ ਮੁੰਡਾ ਮਾਰਨ ਆਲ਼ਿਆਂ ਨੂੰ ਇਕ ਆਰੀ ਮੇਰੇ ਹਵਾਲੇ ਕਰ ਦਿਓ ਜਨਾਬ, ਮੁੜ ਕੇ ਚਾਹੇ ਮੈਨੂੰ ਫ਼ਾਹੇ ਲਾ ਦਿਓ..!" ਉਸ ਨੇ ਠਾਣੇਦਾਰ ਦੇ ਗੋਡੇ ਫ਼ੜ ਲਏ।
-''ਜੇ ਹਵਾਲੇ ਕਰ ਦੇਈਏ ਤਾਂ ਕੀ ਕਰੇਂਗਾ ਬਾਬਾ...?"
-''ਮੈਂ ਜੀ ਉਹਨਾਂ ਦੀ ਹਿੱਕ 'ਤੇ ਬਹਿ ਕੇ ਛਾਤੀ ਦੀਆਂ ਬੋਟੀਆਂ ਨੋਚੂੰਗਾ..!" ਸੁਣ ਕੇ ਵਰਾਂਡੇ ਵਿਚ ਬੈਠੇ ਡਾਕਟਰ ਡਰ ਨਾਲ਼ 'ਪਰਾਲ' ਹੋ ਗਏ।
ਠਾਣੇਦਾਰ ਮੌਕਾ ਪਾ ਕੇ ਡਾਕਟਰਾਂ ਕੋਲ ਆਇਆ। ਹੁਣ ਉਸ ਨੂੰ ਲੋਹਾ ਪੂਰਾ 'ਗਰਮ' ਲੱਗਦਾ ਸੀ। ਬੱਸ 'ਸੱਟ' ਮਾਰਨ ਦੀ ਲੋੜ ਹੀ ਸੀ।
-''ਜੇ ਇਹ ਥੋਡੇ ਕੋਲ਼ੇ ਛੱਡ ਦਿੱਤੇ, ਜਾਂ ਜੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਤੁਸੀਂ ਉਹ ਹੋ, ਜਿੰਨ੍ਹਾਂ ਨੇ ਇਹਨਾਂ ਦਾ ਮੁੰਡਾ ਮਾਰਿਐ, ਇਹ ਥੋਨੂੰ ਘਰੂਟੀਂ ਖਾ ਜਾਣਗੇ..! ਥੋਡੀ ਹੱਡੀ ਪੱਸਲ਼ੀ ਨੀ ਥਿਆਉਣੀਂ..!"
-''ਥੋਡੀ ਕੈਲੀ ਗਊ ਆਂ ਸਰਕਾਰ..! ਸਾਨੂੰ ਬਖ਼ਸ਼ੋ..!! ਜਿਹੜੀ ਕੋਈ ਸੇਵਾ ਐ, ਸਾਨੂੰ ਲਾਓ ਤੇ ਗੱਲ 'ਤੇ ਮਿੱਟੀ ਪਾਓ..!" ਡਾਕਟਰ ਹੱਥ ਜੋੜ ਰਿਹਾ ਸੀ।
-''ਇਉਂ ਮਿੱਟੀ ਕਿਵੇਂ ਪੈ ਜਾਊਗੀ..? ਮਿਥ ਕੇ ਕੀਤੇ ਕਤਲ ਦਾ ਕੇਸ ਐ, ਤੁਸੀਂ ਤਾਂ ਉਮਰ ਭਰ ਲਈ ਅੰਦਰ ਜਾਓਂਗੇ..!"
-''ਥੋਡੇ ਹੱਥ ਵੱਸ ਜਾਨ ਐਂ ਸਰਦਾਰਾ..! ਮਾਰ ਚਾਹੇ ਛੱਡ, ਪਰ ਸਾਨੂੰ ਸੇਵਾ ਤਾਂ ਦੱਸ..? ਜੇ ਅਸੀਂ ਨਾ ਪੂਰੀ ਕਰੀਏ, ਤਾਂ ਸਾਨੂੰ ਦੋਸ਼ ਦੇਈਂ..!" ਦੂਜਾ ਡਾਕਟਰ ਦਿਲ ਕੱਢ ਕੇ ਬੋਲਿਆ।
-''ਰੁਪਈਆ ਪੱਚੀ ਲੱਖ ਲੱਗੂਗਾ, ਦੋਨਾਂ ਨੂੰ ਤੱਤੀ 'ਵਾਅ ਨੀ ਲੱਗਣ ਦਿੰਦਾ..!" ਠਾਣੇਦਾਰ ਨੇ ਸੌਦਾ ਦੱਸਿਆ।
-''ਅਸੀਂ ਛੱਬੀ ਲੱਖ ਦੇਵਾਂਗੇ ਸਰਦਾਰਾ..! ਪਰ ਸਾਡਾ ਖਹਿੜਾ ਛੱਡ..!"
-''ਬੱਸ ਤੁਸੀਂ ਸਮਾਨ ਤਿਆਰ ਰੱਖੋ..! ਥੋਨੂੰ ਕੋਈ 'ਓਏ' ਨੀ ਕਹੂਗਾ..!"
-''ਅਸੀਂ ਅੰਦਰ ਬੈਠੇ ਸਮਾਨ ਕਿਵੇਂ ਤਿਆਰ ਕਰੀਏ ਜੀ..? ਇੱਕ ਨੂੰ ਤਾਂ ਜਾਣਾ ਈ ਪਊਗਾ..!"
-''ਅਜੇ 'ਨ੍ਹੇਰਾ ਹੋਣ ਤੱਕ ਚੁੱਪ ਚਾਪ ਬੈਠੋ..!" ਤੇ ਠਾਣੇਦਾਰ ਚਲਿਆ ਗਿਆ।
ਦਿਨ ਦਾ ਢਲਾਅ ਹੋ ਗਿਆ। ਪ੍ਰਛਾਂਵੇਂ ਧਰਤੀ ਤੋਂ ਉਠ ਕੰਧਾਂ ਦੇ ਕੰਧੇੜੀਂ ਜਾ ਚੜ੍ਹੇ ਸਨ।
ਮ੍ਰਿਤਕ ਦੇ ਵਾਰਸਾਂ ਨੂੰ ਅੰਦਰ ਸੱਦ ਲਿਆ ਗਿਆ।
-''ਹਾਂ ਬਜ਼ੁਰਗਾ..! ਕੀ ਚਾਹੁੰਨੈਂ..?" ਠਾਣੇਦਾਰ ਨੇ ਸਿੱਧਾ ਸੁਆਲ ਉਸ ਦੀ ਹਿੱਕ 'ਚ ਠੋਕਿਆ।
-''ਮੈਨੂੰ ਤਾਂ ਮੇਰੇ ਮੁੰਡੇ ਦਾ ਕਾਤਲ ਦੇ ਦਿਓ ਸਰਕਾਰ, 'ਨਸਾਫ਼ ਮੈਂ ਆਪੇ ਕਰਲੂੰਗਾ..!" ਉਹ ਅੰਦਰੋਂ ਤਪਿਆ, ਚੰਗਿਆੜੇ ਛੱਡੀ ਜਾ ਰਿਹਾ ਸੀ।
-''ਇਉਂ ਕਿਵੇਂ ਦੇ ਦੇਈਏ ਬਜੁਰਗਾ..? ਲੁੱਟ ਮੱਚੀ ਐ..? ਪੁਲ਼ਸ ਕਾਹਦੇ ਆਸਤੇ ਬੈਠੀ ਐ..? ਤੁਸੀਂ ਘਰੇ ਜਾਓ, ਕਾਰਵਾਈ ਬਾਰੇ ਥੋਨੂੰ ਖ਼ਬਰ ਕਰ ਦਿਆਂਗੇ..!"
-''ਦਿਲ ਨੀ ਖੜ੍ਹਦਾ ਸਰਕਾਰ..! ਘਰੇ ਕਿਵੇਂ ਜਾਈਏ..?" ਮ੍ਰਿਤਕ ਮੁੰਡੇ ਦਾ ਪਿਉ ਬੋਲਿਆ।
-''ਫ਼ੇਰ ਥੋਨੂੰ ਹਵਾਲਾਤ 'ਚ ਈ ਮੰਜਾ ਡਾਹ ਦੇਈਏ..? ਨਾਲ਼ੇ ਪਲ-ਪਲ ਦੀ ਖ਼ਬਰ ਦਿੰਦੇ ਰਹਾਂਗੇ..!" ਠਾਣੇਦਾਰ ਅਤੀਅੰਤ ਕੁੜੱਤਣ ਭਰੇ ਅੰਦਾਜ਼ ਵਿਚ ਬੋਲਿਆ। ਉਸ ਨੂੰ ਮਹਿਸੂਸ ਹੋਇਆ ਕਿ ਇਹ ਬੁੜ੍ਹਾ ਮੇਰੇ ਪੱਚੀ ਲੱਖ ਦੇ ਰਾਹ 'ਚ ਰੋੜਾ ਬਣੂੰਗਾ।
ਮੁੰਡੇ ਦਾ ਬਾਪ ਸੀਤ ਹੋ ਗਿਆ।
-''ਬਾਬਾ ਘਰੇ ਜਾਓ, ਕਿਸੇ 'ਤੇ ਇਤਬਾਰ ਕਰਨਾ ਵੀ ਸਿੱਖੋ..! ਅਸੀਂ ਮੁੰਡੇ ਦੇ ਕਾਤਲਾਂ ਤੋਂ ਪੀਹਣ ਨੀ ਪਿਹਾਉਣਾਂ..! ਜਿਸ ਦਿਨ ਪੁਸ਼ਟੀ ਹੋ ਗਈ, ਥੋਨੂੰ ਇਤਲਾਹ ਕਰ ਦਿਆਂਗੇ..! ਨਾਲ਼ੇ ਫ਼ੈਸਲਾ ਅਦਾਲਤ ਨੇ ਕਰਨੈਂ, ਥੋਨੂੰ ਤਾਂ ਅਸੀਂ ਕਾਤਲ ਦੇਣੋਂ ਰਹੇ..! ਅਦਾਲਤ 'ਚ ਚਲਾ ਲਿਓ ਜਿਹੜਾ ਬੰਬ ਚਲਾਉਣੈਂ..!"
ਬਜ਼ੁਰਗ ਸਾਹ ਜਿਹੇ ਖਿੱਚ ਕੇ ਤੁਰ ਗਿਆ।
ਦਿਨ ਦਾ ਛੁਪਾਅ ਹੋ ਗਿਆ।
-''ਮੇਰਾ ਖਹਿੜਾ ਕਦੋਂ ਛੱਡੋਂਗੇ ਸਰਕਾਰ..?" ਹਸਪਤਾਲ਼ ਵਾਲ਼ਾ ਬਾਬਾ ਠਾਣੇ ਵਿਚ ਬੈਠਾ ਅੱਕਲ਼ਕਾਣ ਹੋ ਗਿਆ ਸੀ। ਉਸ ਨੂੰ ਕੋਈ ਸਮਝ ਨਹੀਂ ਆ ਰਹੀ ਸੀ ਕਿ ਕਸੂਰ ਤਾਂ ਉਸ ਨੇ ਕੋਈ ਕੀਤਾ ਨਹੀਂ ਸੀ, ਫ਼ਿਰ ਠਾਣੇ ਵਿਚ ਉਸ ਨੂੰ ਕਿਉਂ ਬੰਨ੍ਹ ਕੇ ਬਿਠਾਇਆ ਸੀ..?
-''ਕਤਲ ਦਾ ਕੇਸ ਐ ਬਾਬਾ, ਇਉਂ ਖਹਿੜਾ ਕਿਵੇਂ ਛੱਡ ਦੇਈਏ..? ਤੇਰੇ 'ਚੋਂ ਕੁਛ ਕੱਢ ਕੇ ਈ ਖਹਿੜਾ ਛੱਡਾਂਗੇ..!"
ਜਦੋਂ ਹਨ੍ਹੇਰਾ ਹੋਣ ਲੱਗਿਆ ਤਾਂ ਬਾਬਾ ਪ੍ਰੇਸ਼ਾਨ ਹੋ ਉਠਿਆ।
ਜਦੋਂ ਉਸ ਨੇ ਹਾਲ ਦੁਹਾਈ ਮਚਾਈ ਤਾਂ ਹੌਲਦਾਰ ਆ ਗਿਆ।
-''ਕੀ ਗੱਲ ਐ ਬਾਬਾ..? ਰੌਲ਼ਾ ਕਿਉਂ ਪਾਇਐ..?"
-''ਮੈਨੂੰ ਭੈਣ ਦੇਣੀਂ ਇਹ ਨੀ ਸਮਝ ਆਉਂਦੀ, ਬਈ ਮੈਨੂੰ ਸਵੇਰ ਦਾ ਐਥੇ ਕਿਉਂ ਬਿਠਾ ਰੱਖਿਐ..? ਕੀ ਕਸੂਰ ਕੀਤੈ ਮੈਂ..?"
-''ਦਸ ਮਿੰਟ ਵੀ ਨੀ ਅੜਕ ਸਕਦਾ ਬਾਬਾ..? ਲਾਹੁੰਨੇ ਐਂ ਤੇਰੇ ਰੱਸੇ..!" ਹੌਲਦਾਰ ਦੀ ਗੱਲ ਨਾਲ਼ ਬਾਬਾ ਹਲਕਾ ਹੋ ਗਿਆ।
ਠਾਣੇ ਦਾ ਵੱਡਾ ਦਰਵਾਜਾ ਬੰਦ ਹੋ ਗਿਆ ਸੀ।
ਹਨ੍ਹੇਰਾ ਗੂੜ੍ਹਾ ਹੋ ਗਿਆ ਸੀ। ਦੋਨੋਂ ਡਾਕਟਰਾਂ ਨੂੰ ਠਾਣੇਦਾਰ ਨੇ ਛੱਡ ਦਿੱਤਾ ਸੀ ਅਤੇ ਲੋਕਾਂ ਦੀ ਬਾਜ ਅਤੇ ਘਾਤਕ ਅੱਖ ਤੋਂ 'ਬਚ ਕੇ' ਰਹਿਣ ਦੀ 'ਤਾਕੀਦ' ਕੀਤੀ ਸੀ।
ਮੰਜੇ ਤੋਂ ਉਠਾ ਕੇ ਹੌਲਦਾਰ ਬਾਬੇ ਨੂੰ ਠਾਣੇ ਦੇ ਦੂਜੇ ਵਿਹੜੇ ਵਿਚ ਲੈ ਗਿਆ।
ਸਿਪਾਹੀਆਂ ਦੀ ਖਿੱਚੀ ਤਿਆਰੀ ਦੇਖ ਕੇ ਬਾਬੇ ਦੇ ਪ੍ਰਾਣ ਖ਼ੁਸ਼ਕ ਹੋ ਗਏ। ਬਾਬਾ ਅਜੇ ਕੁਛ ਬੋਲਣ ਹੀ ਲੱਗਿਆ ਸੀ ਕਿ ਸਿਪਾਹੀਆਂ ਦੇ ਡੰਡੇ ਮੀਂਹ ਵਾਂਗ ਵਰ੍ਹਨੇ ਸ਼ੁਰੂ ਹੋ ਗਏ। ਬਾਬਾ ਛੁਰੀਆਂ ਹੇਠ ਪਏ ਸੂਰ ਵਾਂਗ ਮਿਆਂਕ ਰਿਹਾ ਸੀ। ਸਿਪਾਹੀਆਂ ਦੀ ਪਹਿਲੀ ਝੁੱਟੀ ਨੇ ਹੀ ਉਸ ਨੂੰ ਝੱਖੜ ਵਾਂਗ 'ਝੰਬ' ਦਿੱਤਾ ਸੀ।
-''ਬਹੁੜੀ ਓਏ ਰੱਬਾ..! ਮੈਨੂੰ ਇਹ ਤਾਂ ਦੱਸ ਦਿਓ ਬਈ ਮੈਨੂੰ ਕੁੱਟਦੇ ਕਿਉਂ ਐਂ..? ਮੇਰਾ ਕਸੂਰ ਕੀ ਐ..?" ਉਸ ਦੇ ਇਤਨਾ ਕਹਿਣ 'ਤੇ ਹੀ ਡੰਡੇ ਗੜਿਆਂ ਵਾਂਗ ਫ਼ਿਰ ਪੈਣ ਲੱਗ ਪਏ।
ਦੂਜੀ ਝੁੱਟੀ ਵਿਚ ਬਾਬਾ ਬਲ਼ਦ ਵਾਂਗ ਖੱਸੀ ਕਰ ਦਿੱਤਾ।
-''ਤੇਰੀ ਧੀ ਨਾਲ਼ ਲੈਲਾਂ ਗੇੜੇ..! ਆਈ ਕੁਛ ਸੁਰਤ..?" ਇੱਕ ਹਨ੍ਹੇਰੇ ਜਿਹੇ ਖੂੰਜੇ ਵਿਚੋਂ ਠਾਣੇਦਾਰ ਬਾਬੇ ਵੱਲ ਆਉਂਦਾ ਬੋਲਿਆ। ਉਸ ਦੇ ਹੱਥ ਵਿਚ ਰੂਲ ਘੁਕ ਰਿਹਾ ਸੀ। ਅੰਨ੍ਹੀ ਜਿਹੀ ਬੱਤੀ ਦਾ ਚਾਨਣ ਬਾਬੇ ਦੇ ਲਹੂ ਲੁਹਾਣ ਸਿਰ 'ਤੇ ਪੈ ਰਿਹਾ ਸੀ। ਬਾਕੀ ਸਰੀਰ ਉਸ ਦਾ ਪੂੜੇ ਵਾਂਗ ਉਠ ਖੜ੍ਹਿਆ ਸੀ।
-''ਸਰਦਾਰ, ਮੈਨੂੰ ਤਾਂ ਇਹ ਨੀ ਸਮਝ ਆਉਂਦੀ ਬਈ ਇਹ ਮੈਨੂੰ ਕੁੱਟੀ ਕਿਉਂ ਜਾਂਦੇ ਐ..?" ਡੰਡੇ ਅਤੇ ਪਟਿਆਂ ਦੀ ਫ਼ਿਰ ਵਾਛੜ ਆ ਗਈ। ਬੇਰਹਿਮ ਕੁੱਟ ਨਾਲ਼ ਬਾਬਾ ਨਿਸਲ਼ ਹੋ ਗਿਆ। ਉਸ ਦੇ ਇਹ ਪੱਲੇ ਨਹੀਂ ਪੈ ਰਿਹਾ ਸੀ ਕਿ ਉਸ ਨਿਰਦੋਸ਼ ਨੂੰ ਕੁੱਟ ਕਿਉਂ ਪੈ ਰਹੀ ਸੀ..? ਬਾਬੇ ਨੇ ਚੁੱਪ ਧਾਰ ਲਈ। ਉਸ ਦੇ ਦਿਲ ਵਿਚ ਸੀ ਕਿ ਜੇ ਉਹ ਕੁਛ ਬੋਲਿਆ, ਫ਼ਿਰ ਕੁੱਟ ਸ਼ੁਰੂ ਹੋਊਗੀ।
-''ਹੁਣ ਬੋਲਦਾ ਨੀ ਧੀ ਦੇਣਿਆਂ..?"
-''ਕੀ ਬੋਲਾਂ ਜੀ..? ਜਦੋਂ ਬੋਲਦੈਂ, ਕੁੱਟਦੇ ਐ..!"
ਕੁੱਟੇ ਮਾਰੇ ਇਕਬਾਲ ਨੂੰ ਬਾਬੇ ਸਾਹਮਣੇ ਪੇਸ਼ ਕੀਤਾ ਗਿਆ। ਹਾਲਤ ਉਸ ਦੀ ਵੀ ਵਿਗੜੀ ਹੋਈ ਸੀ। ਹਵਾਲਾਤ ਵਿਚੋਂ ਘੜ੍ਹੀਸ ਕੇ ਦੋ ਸਿਪਾਹੀਆਂ ਨੇ ਉਸ ਨੂੰ ਬਾਬੇ ਸਾਹਮਣੇ ਲਿਆ ਸੁੱਟਿਆ। ਦੇਖ ਕੇ ਬਾਬੇ ਦੀ ਸੁਰਤ ਮੂਰਛਤ ਹੋ ਗਈ। ਹੁਣ ਉਸ ਨੂੰ ਪੂਰੀ ਸਮਝ ਆ ਗਈ ਸੀ ਕਿ ਇੱਕ 'ਫ਼ਰਜ਼ੀ' ਕੇਸ ਬਣਾਉਣ ਵਾਸਤੇ ਉਹਨਾਂ ਨੂੰ ਠੋਕ ਕੇ 'ਵਰਤਿਆ' ਜਾ ਰਿਹਾ ਸੀ। ਨਜਾਇਜ਼ ਕੇਸ ਬਾਰੇ ਸੋਚ ਕੇ ਬਾਬੇ ਦੀ ਸੋਚ ਜੰਮ ਗਈ। ਇਕਬਾਲ ਤੋਂ ਹਿੱਲਿਆ ਨਹੀਂ ਜਾ ਰਿਹਾ ਸੀ।
-''ਮੁਣਸ਼ੀ...!" ਠਾਣੇਦਾਰ ਦੀ ਭਿਆਨਕ ਅਵਾਜ਼ ਨਗਾਰੇ ਵਾਂਗ ਵੱਜੀ।
-''ਜੀ ਹਜੂਰ...!"
-''ਬਾਬੇ ਨੂੰ ਇਸ ਦੀ ਗਵਾਹੀ ਪੜ੍ਹ ਕੇ ਸੁਣਾਓ..! ਤੇ ਨਾਲ਼ੇ ਸੁਣਾਓ ਇਕਬਾਲ ਦੇ ਇਕਬਾਲੀਆ ਬਿਆਨ..!"
-''ਜੋ ਹੁਕਮ ਸਰਕਾਰ...!" ਮੁਣਸ਼ੀ ਨੇ ਬਾਬੇ ਦੀ ਗਵਾਹੀ ਪੜ੍ਹ ਕੇ ਸੁਣਾਉਣੀ ਸ਼ੁਰੂ ਕੀਤੀ ਤਾਂ ਬਾਬੇ ਦੇ ਥੰਮ੍ਹ ਹਿੱਲ ਗਏ। ਸ਼ਰੇਆਮ ਇਕਬਾਲ ਨੂੰ ਕਾਤਲ ਅਤੇ ਬਾਬੇ ਨੂੰ ਮੌਕੇ ਦਾ ਗਵਾਹ ਬਣਾ ਕੇ ਪੇਸ਼ ਕੀਤਾ ਗਿਆ ਸੀ। ਬਿਆਨ ਸੁਣ ਕੇ ਉਹ ਬਰਫ਼ ਵਿਚ ਲੱਗਦਾ ਜਾ ਰਿਹਾ ਸੀ। ਪਰ 'ਜੀ ਹਜੂਰੀ' ਤੋਂ ਬਿਨਾ ਉਸ ਦੇ ਅੱਗੇ ਕੋਈ ਚਾਰਾ ਨਹੀਂ ਸੀ।
-''ਕੱਲ੍ਹ ਨੂੰ ਇਹ ਬਿਆਨ ਇਲਾਕਾ ਮਜਿਸਟਰੇਟ ਦੇ ਪੇਸ਼ ਹੋ ਕੇ ਕਲਮਬੱਧ ਕਰਵਾਉਣੇ ਐਂ ਤੇ ਫ਼ੇਰ ਤੇਰੇ ਰੱਸੇ ਖੋਲ੍ਹਾਂਗੇ ਬਾਬਾ..! ਜੇ ਅੜੀ-ਫੜੀ ਕੀਤੀ ਤਾਂ ਕੁਇੰਟਲ ਭੁੱਕੀ ਤੇ ਕਿੱਲੋ 'ਫ਼ੀਮ ਤੇਰੇ ਮੁੰਡੇ ਦੇ ਸਿਰ ਵੀ ਪਾ ਦਿਆਂਗੇ, ਭੁਗਤੀ ਜਾਈਂ ਅਦਾਲਤ 'ਚ ਤਰੀਕਾਂ, ਘਰ ਦਾ ਕੰਮ ਵੀ ਰੁਕ-ਜੂ..!" ਹੌਲਦਾਰ ਨੇ ਡਰਾਇਆ।
ਬਿਆਨਾਂ ਉੱਪਰ ਬਾਬੇ ਦਾ ਵੱਡਾ ਸਾਰਾ ਅੰਗੂਠਾ ਫ਼ੜ ਕੇ ਮੁਣਸ਼ੀ ਨੇ ਆਪ ਹੀ ਲਾ ਲਿਆ।
ਬਾਬਾ ਦੋਸਾਂਗ ਵਿਚ ਫ਼ਸੇ ਪੰਛੀ ਵਾਂਗ ਬੇਵੱਸ ਸੀ।
ਉਸ ਨੂੰ ਅਤੇ ਇਕਬਾਲ ਨੂੰ ਹਵਾਲਾਤ ਵਿਚ ਲਿਆ ਸੁੱਟਿਆ।
ਬਾਬੇ ਦਾ ਹੂੰਗਾ ਵੱਜ ਰਿਹਾ ਸੀ। ਹੁਣ ਉਸ ਦੇ ਹੱਡ ਗੋਡੇ ਉੱਕਾ ਹੀ ਜਵਾਬ ਦੇ ਗਏ ਸਨ। ਮਾਨਸਿਕ ਪੱਖੋਂ ਉਹ ਤਿੜਕ ਗਿਆ ਸੀ।
-''ਮੈਨੂੰ ਮੁਆਫ਼ ਕਰੀਂ ਜਿਉਣ ਜੋਕਰਿਆ, ਜੋ ਕੁਛ ਹੋਇਐ, ਤੇਰੇ ਸਾਹਮਣੇ ਈ ਹੋਇਐ..! ਮੇਰੇ ਵੱਸ ਕੋਈ ਨੀ ਸ਼ੇਰਾ, ਬਲ਼ਦੀ ਦੇ ਬੁੱਥੇ ਆਇਆ ਕੀ ਕਰਾਂ..?" ਬਾਬੇ ਦੀ ਗੱਲ ਸੁਣ ਕੇ ਇਕਬਾਲ ਨੇ ਕਠੋਰ ਚੁੱਪ ਧਾਰ ਲਈ। ਅਸਲੀਅਤ ਦਾ ਤਾਂ ਉਸ ਨੂੰ ਵੀ ਪਤਾ ਸੀ। ਪੀੜਾਂ ਦਾ ਭੰਨਿਆਂ ਇਕਬਾਲ ਵੀ ਚੁੱਪ ਸੀ। ਸਰੀਰਕ ਪੀੜਾਂ ਦਾ ਉਸ ਨੂੰ ਓਨਾਂ ਦਰਦ ਨਹੀਂ ਸੀ, ਜਿੰਨਾਂ ਸਿਰ ਪੈ ਜਾਣ ਵਾਲ਼ੇ ਨਜਾਇਜ਼ ਕੇਸ ਦਾ ਸੀ! ਇੱਕ ਸਰੀਰਕ ਸੱਟਾਂ ਅਤੇ ਦੂਜੀ ਠੰਢ ਉਹਨਾਂ ਨੂੰ ਹਵਾਲਾਤ ਵਿਚ ਨਸ਼ਤਰ ਮਾਰਦੀ ਸੀ। ਪਰ ਬਾਬਾ ਅਤੇ ਇਕਬਾਲ ਦੋਨੋਂ ਚੁੱਪ ਸਨ।
ਅਗਲੇ ਦਿਨ ਉਹਨਾਂ ਨੂੰ ਇਲਾਕਾ ਮਜਿਸਟਰੇਟ ਦੇ ਪੇਸ਼ ਕਰ ਕੇ ਬਿਆਨ ਕਲਮਬੱਧ ਕਰਵਾ ਲਏ ਅਤੇ ਕੇਸ ਅਦਾਲਤ ਸਪੁਰਦ ਕਰ ਦਿੱਤਾ।
...ਤੇਜੀ ਦੀ ਵਿਸਥਾਰ ਨਾਲ਼ ਲਿਖੀ ਚਿੱਠੀ ਪੜ੍ਹ ਕੇ ਨਿੰਮੀ ਘੋਰ ਉਦਾਸ ਹੋ ਗਈ।
ਕਿਸ਼ਤ 30
ਅੱਜ ਨਿੰਮੀ ਦੀ ਸਿਹਤ ਕੁਝ ਠੀਕ ਨਹੀਂ ਸੀ।
ਅੱਜ ਉਹ ਦਫ਼ਤਰ ਵਿਚ ਕੰਮ ਕਰ ਰਹੀ ਸੀ ਅਤੇ ਬੰਤ 'ਟਿੱਲ' 'ਤੇ ਖੜ੍ਹਾ ਗਾਹਕ ਭੁਗਤਾ ਰਿਹਾ ਸੀ। ਬੰਤ ਦਾ ਪੁਰਾਣਾਂ ਬੇਲੀ ਚੰਦ ਆ ਗਿਆ।
-''ਓਏ ਆ ਬਈ ਚੰਦ ਸਿਆਂ...! ਬਾਹਵਾ ਚਿਰ ਤੋਂ ਦਰਸ਼ਣ ਈ ਨੀ ਦਿੱਤੇ..? ਕਿਹੜੇ ਭੋਰੇ 'ਚ ਵੜਿਆ ਰਹਿੰਨੈਂ..?" ਬੰਤ ਉਸ ਨੂੰ ਦੇਖ ਕੇ ਖ਼ੁਸ਼ ਹੋ ਗਿਆ।
-''ਕਾਹਦੀ ਗੱਲ ਐ ਯਾਰ..! ਸਿਹਤ ਠੀਕ ਜੀ ਨੀ ਰਹਿੰਦੀ ਬੰਤ ਸਿਆਂ..!"
-''ਕਾਹਨੂੰ ਮਰੂੰ-ਮਰੂੰ ਕਰੀ ਜਾਨਾ ਰਹਿੰਨੈ ਵੱਡੇ ਭਾਈ, ਤੂੰ ਹੁਕਮ ਕਰ, ਅਸੀਂ ਤੇਰੀ ਖਾਤਰ ਫ਼ਾਹੇ ਲੱਗਣ ਨੂੰ ਤਿਆਰ ਐਂ..!" ਬੰਤ ਬੋਲਿਆ। ਉਸ ਨੂੰ ਚੰਦ ਦੀ ਇੱਕ ਗੱਲ 'ਤੇ ਬਹੁਤ ਹਾਸਾ ਆਉਂਦਾ ਸੀ। ਚੰਦ ਨੂੰ ਪੁਰਾਣੀ ਕਬਜ਼ ਸੀ। ਉਹ ਹਰ ਰੋਜ਼ ਕਬਜ਼ੀ ਦੀ ਦੁਆਈ ਲੈਂਦਾ ਸੀ। ਇੱਕ ਵਾਰ ਚੰਦ ਅਤੇ ਬੰਤ ਇਕੱਠੇ ਇੰਡੀਆ ਚਲੇ ਗਏ। ਉਹ ਆਥਣੇ ਚੰਦ ਕੇ ਖੇਤ ਬੈਠੇ ਦਾਰੂ ਪੀ ਰਹੇ ਸਨ ਕਿ ਉਹਨਾਂ ਦੀ ਮੱਝ ਨੇ ਐਸੀ ਮੋਕ ਮਾਰੀ ਕਿ ਛਿੱਟੇ ਦੂਰ ਦੂਰ ਤੱਕ ਪਏ। ਦੇਖ ਕੇ ਚੰਦ 'ਨਿਹਾਲ' ਹੋ ਗਿਆ, ''ਪਤਾ ਨੀ ਸਹੁਰੀ ਦੇ ਕੀ ਮੋਤੀ ਪੁੰਨ ਕੀਤੇ ਐ..! ਮਿੰਟ 'ਚ ਹੌਲ਼ੀ ਹੋਗੀ..! ਸਾਨੂੰ ਮੇਰੇ ਸਾਲੇ ਦੀ ਦਸ ਦਿਨ ਨੀ ਆਉਂਦੀ..!" ਉਸ ਦੀ ਗੱਲ ਸੁਣ ਕੇ ਹੱਸਦੇ ਬੰਤ ਦੀਆਂ ਵੱਖੀਆਂ ਦੁਖਣ ਲੱਗ ਪਈਆਂ ਸਨ।
-''ਯਾਰ ਸਾਲ਼ਾ ਸਰੀਰ ਕੈਮ ਨੀ ਰਹਿੰਦਾ..!"
-''ਕੀ ਹੋ ਗਿਆ...?"
-''ਯਾਰ ਦਾਰੂ ਬੱਤਾ ਛੱਡ ਕੇ ਬੰਦੇ ਨੂੰ ਸੌ ਰੋਗ ਲੱਗਦੈ..!"
-''ਤੈਨੂੰ ਕੀ ਰੋਗ ਲੱਗ ਗਿਆ ਹੁਣ..?"
-''ਲੈ ਸੁਣ-ਲਾ..! ਮੇਰਾ ਸੱਜਾ ਹੱਥ ਦਰਦ ਕਰੀ ਜਾਂਦੈ ਤੇ ਖੱਬਾ ਹੱਥ ਸੁੱਤਾ ਪਿਐ..!"
-''ਤਕੜੇ ਓਂ ਬਾਈ ਜੀ..?" ਅੰਦਰੋਂ ਨਿੰਮੀ ਬਾਹਰ ਆ ਗਈ।
-''ਕਾਹਦਾ ਤਕੜੈਂ ਭਾਈ..? ਮਾੜੇ ਸਰੀਰ ਨੂੰ ਕੋਈ ਨਾ ਕੋਈ ਗੋਲ਼ੀ ਵੱਜੀ ਹੀ ਰਹਿੰਦੀ ਐ..!"
-''ਬੈਠੋ ਬਾਈ ਜੀ..! ਮੈਂ ਚਾਹ ਬਣਾਉਨੀ ਆਂ..!"
-''ਓਏ ਲਾਣੇਦਾਰਨੀਏਂ..! ਚਾਹ ਦਾ ਤਾਂ ਵੱਡਾ ਬਾਈ ਬਿਮਾਰ ਕੀਤਾ ਵਿਐ..! ਇਹਨੂੰ ਕੋਈ ਹੋਰ ਚੀਜ਼ ਪੁੱਛ ਖਾਣ ਪੀਣ ਨੂੰ..!"
-''ਤੁਸੀਂ ਆਬਦੀ ਮੱਤ ਆਬਦੇ ਕੋਲ਼ੇ ਰੱਖਿਆ ਕਰੋ..! ਬਾਈ ਜੀ ਚਾਹ ਈ ਪੀਣਗੇ..!"
-''ਗੱਲ ਬੰਤ ਸਿਉਂ ਦੀ ਠੀਕ ਐ ਭਾਈ..! ਸੌ ਰੋਗਾਂ ਦੀ ਇੱਕੋ ਦਾਰੂ ਸੀ, ਉਹ ਖ਼ਸਮਾਂ ਨੂੰ ਖਾਣੇਂ ਡਾਕਟਰਾਂ ਨੇ ਬੰਦ ਕਰਤੀ..!"
-''ਥੋਡੇ ਭਲੇ ਨੂੰ ਈ ਕੀਤੀ ਐ ਬਾਈ ਜੀ..! ਤੁਸੀਂ ਕਿਹੜਾ ਪੀਣ ਲੱਗੇ ਅੱਗਾ ਪਿੱਛਾ ਦੇਖਦੇ ਸੀ..!"
-''ਡਾਕਟਰ ਤਾਂ ਸਾਡੇ ਦੁਸ਼ਮਣ ਹੈ ਈ ਭਾਈ, ਹੁਣ ਤੂੰ ਕਿਉਂ ਬਣਦੀ ਐਂ..?"
ਨਿੰਮੀ ਦੇ ਨਾਲ਼ ਬੰਤ ਵੀ ਹੱਸ ਪਿਆ।
-''ਕੱਲ੍ਹ ਮੈਥੋਂ ਛੋਟੇ ਭਰਾ ਦਾ ਪੰਜਾਬ ਤੋਂ ਫ਼ੋਨ ਆਇਆ ਅਖੇ ਮੇਰੇ ਮੁੰਡੇ ਨੂੰ ਬਾਹਰ ਬੁਲਾਓ..! ਅਖੇ ਐਥੇ ਡੱਕਾ ਨੀ ਤੋੜਦਾ..! ਅਖੇ ਸਾਹਮਣੇ ਕਮਰੇ 'ਚ ਬੈਠਾ ਆਪਦੀ ਮਾਂ ਨੂੰ ਰਸੋਈ 'ਚ ਮੋਬਾਇਲ ਫ਼ੋਨ 'ਤੇ ਫ਼ੋਨ ਕਰੂ, ਇੱਕ ਰੋਟੀ ਹੋਰ ਲਿਆਓ..! ਲੈ ਦੱਸ..? ਜਿਹੜਾ ਜੁਆਕ ਹਾਕ ਮਾਰ ਕੇ ਰੋਟੀ ਨੀ ਮੰਗ ਸਕਦਾ, ਜਾਂ ਉਠ ਕੇ ਰੋਟੀ ਨੀ ਲੈ ਸਕਦਾ, ਬਾਹਰ ਆ ਕੇ ਕੀ ਉਹ ਧੌਲਰ ਉਸਾਰ ਦਿਊਗਾ..?"
-''ਕਾਹਨੂੰ ਤੋੜਾਖੋਹੀ ਕਰੀ ਜਾਨੈਂ ਵੱਡੇ ਭਾਈ..? ਆ ਚਾਹ ਪੀਨੇ ਐਂ..! ਨਿੰਮੀ ਬਣਾ ਬਈ ਚਾਹ..!"
-''ਬਾਈ ਜੀ, ਕਿਉਂ ਤੁਸੀਂ ਆਪਣੀ ਜਾਨ ਦੇ ਵੈਰੀ ਬਣੇ ਐਂ..? ਲੋਕਾਂ ਦਾ ਫ਼ਿਕਰ ਘੱਟ ਕਰਿਆ ਕਰੋ, ਆਪਣੀ ਸਿਹਤ ਦਾ ਖ਼ਿਆਲ ਵੱਧ ਕਰਿਆ ਕਰੋ..! ਲਓ ਚਾਹ ਪੀਓ ਤੇ ਕੰਡੇ 'ਚ ਹੋਵੋ..!" ਨਿੰਮੀ ਚਾਹ ਦੇ ਕੱਪ ਅੱਗੇ ਰੱਖਦੀ ਬੋਲੀ।
-''ਚਾਹ ਨੂੰ ਤਾਂ ਬੜੀ ਫ਼ੁਰਤੀ ਮਾਰੀ ਭਾਈ..!"
-''..........।" ਨਿੰਮੀ ਹੱਸ ਪਈ।
-''ਨਾਲ਼ੇ ਨਿੰਮੀ ਤਾਂ ਕਮਲ਼ੀ ਐ ਬੰਤ ਸਿਆਂ..!"
-''ਇਹ ਤੈਨੂੰ ਅੱਜ ਪਤਾ ਲੱਗਿਐ ਬਾਈ..?" ਬੰਤ ਵੀ ਹੱਸ ਪਿਆ।
-''ਦੇਖ ਲਓ ਬਾਈ ਜੀ, ਤੁਸੀਂ ਮੇਰੀ ਬੇਇੱਜ਼ਤੀ ਕਰਵਾਉਨੇ ਐਂ..!"
-''ਓਏ ਭਾਈ ਨਿੰਮਿਆਂ..! ਮੈਂ ਤਾਂ ਆਬਦੀ ਗੱਲ ਕੀਤੀ ਸੀ, ਬਈ ਚਾਹ ਨਾਲ਼ ਕੰਡੇ 'ਚ ਥੋੜ੍ਹੋ ਹੋਇਆ ਜਾਂਦੈ..? ਜਿਹੜੀ ਚੀਜ਼ ਸਾਨੂੰ ਕੰਡੇ 'ਚ ਕਰਦੀ ਐ, ਉਹ ਤਾਂ ਪੱਟ ਹੋਣੇ ਡਾਕਟਰ ਨੀ ਹੱਥ ਲਾਉਣ ਦਿੰਦੇ..!"
-''ਬਾਈ ਜੀ..! ਜ਼ਿੰਦਗੀ ਨਾਲ਼ੋਂ ਕਿਹੜੀ ਚੀਜ਼ ਚੰਗੀ ਐ..?"
-''ਪਰ ਭਾਈ ਬੇਰੰਗੀ, ਫ਼ਿੱਕੀ ਤੇ ਬੇਸੁਆਦ ਜ਼ਿੰਦਗੀ ਕੀ ਬੰਦੇ ਨੇ ਸਿਰ 'ਚ ਮਾਰਨੀ ਐਂ..? ਐਦੂੰ ਤਾਂ ਰੱਬ ਚੱਕ ਈ ਲਵੇ..! ਰੱਬ ਦਾ ਵਾਧੂ ਜਿਆ ਅਹਿਸਾਨ ਥੋੜੋ ਕਰਵਾਉਣੈਂ..?"
-''ਚੱਲ ਹੁਣ ਤੂੰ ਬਾਹਲ਼ੀ ਬੱਕੜਵਾਹ ਨਾ ਕਰ ਵੱਡੇ ਬਾਈ..! ਚਾਹ ਦੀ ਚੁਸਕੀ ਵੀ ਬੇਸੁਆਦ ਨੀ ਹੁੰਦੀ..! ਇੱਕ ਆਰੀ ਤਾਂ ਲੋਰ ਜੀ ਲਿਆ ਦਿੰਦੀ ਐ..!"
-''ਇਹ ਤਾਂ ਚਿੱਤ ਨੂੰ ਟਿਕਾਉਣ ਵਾਸਤੇ ਈ ਐ ਨਿੱਕੇ ਵੀਰ..! ਨਹੀਂ ਕਿੱਥੇ ਚੌਧਵਾਂ ਰਤਨ ਦਾਰੂ ਤੇ ਕਿੱਥੇ ਚਾਹ..? ਚਾਹ ਦਾਰੂ ਦੀ ਕੀ ਰੀਸ ਕਰੂ..? ਕਿੱਥ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ..!" ਚੰਦ ਨੇ ਚੁੱਕ ਕੇ ਚਾਹ ਦਾ ਕੱਪ ਮੂੰਹ ਨੂੰ ਲਾ ਲਿਆ। ਨਿੰਮੀ ਉਸ ਦੀ ਹਾਲਤ ਦੇਖ ਕੇ ਅੰਦਰੇ ਅੰਦਰ ਹੱਸੀ ਜਾ ਰਹੀ ਸੀ।
-''ਥੋਨੂੰ ਇੱਕ ਨਵੀਂ ਗੱਲ ਦਾ ਪਤਾ ਲੱਗਿਐ..?" ਚੰਦ ਨੂੰ ਕੋਈ ਗੱਲ ਯਾਦ ਆ ਗਈ।
-''ਨਹੀ...! ਕੀ ਗੱਲ ਹੋ ਗਈ..?"
-''ਆਹ ਪੱਛਮੀ ਲੰਡਨ ਵੱਲ ਦੰਗੇ ਸ਼ੁਰੂ ਹੋ ਗਏ..!"
-''ਕਦੋਂ..?"
-''ਰਾਤ ਦੇ..! ਓਧਰ ਤਾਂ ਬਾਹਵਾ ਕੰਮ ਖ਼ਰਾਬ ਹੋਇਆ ਪਿਐ, ਤੈਨੂੰ ਪਤਾ ਈ ਨੀ..?"
-''ਨਾ ਸਾਨੂੰ ਤਾਂ ਨੀ ਪਤਾ..! ਪਰ ਮਾੜੀਆਂ ਮੋਟੀਆਂ ਗੱਲਾਂ ਤਾਂ ਹੁੰਦੀਆਂ ਈ ਰਹਿੰਦੀਐਂ..! ਲੰਡਨ 'ਚ ਭਾਂਤ ਭਾਂਤ ਦੀ ਲੱਕੜੀ 'ਕੱਠੀ ਹੋਈ ਐ..!"
-''ਨਹੀਂ ਯਾਰ, ਐਸ ਵਾਰੀ ਤਾਂ ਕੰਮ ਬਾਹਵਾ ਈ ਖ਼ਰਾਬ ਹੋਇਆ ਦੱਸਦੇ ਐ..!"
-''ਤਾਂ ਵੀ, ਗੱਲ ਕੀ ਹੋਈ..?"
-''ਯਾਰ ਕੋਈ ਕਾਲ਼ਾ ਮਾਰਿਆ ਗਿਆ ਪੁਲ਼ਸ ਹੱਥੋਂ..! ਬੱਸ ਓਥੋਂ ਗੱਲ ਹਿੱਲੀ ਤੇ ਅਜੇ ਤੱਕ ਠੰਢੀ ਨੀ ਹੋਈ, ਓਧਰ ਤਾਂ ਦੱਸਦੇ ਐ ਬਈ ਲੋਕਾਂ ਨੇ ਪੁਲ਼ਸ ਦੀਆਂ ਗੱਡੀਆਂ ਤੱਕ ਫ਼ੂਕ ਧਰੀਆਂ, ਪੁਲ਼ਸ ਸਟੇਸ਼ਨ ਨੂੰ ਅੱਗ ਲਾ ਦਿੱਤੀ..! ਡਰਦੀ ਪੁਲ਼ਸ ਬਾਹਰ ਨੀ ਨਿਕਲ਼ਦੀ..! ਅੰਦਰ ਦੜੀ ਬੈਠੀ ਐ! ਲੰਡਨ ਦਾ ਮੇਅਰ ਤੇ ਇੰਗਲੈਂਡ ਦਾ ਪ੍ਰਧਾਨ ਮੰਤਰੀ ਛੁੱਟੀਆਂ 'ਤੇ ਗਿਐ, ਤੇ ਉਹਨਾਂ ਦੇ ਹੁਕਮ ਬਿਨਾਂ ਪੁਲ਼ਸ ਕੋਈ ਰਿਸਕ ਨੀ ਲੈਣਾਂ ਚਾਹੁੰਦੀ..!"
-''ਯਾਰ ਪਲ਼ਿਸ ਵੀ ਕੀ ਕਰੇ..? ਆਹ 'ਜੀ-ਟਵੰਟੀ' ਵੇਲ਼ੇ ਹੋਏ ਮੁਜ਼ਾਹਰਿਆਂ ਕਾਰਨ ਪੁਲ਼ਸ ਅਜੇ ਵੀ ਕਈ ਕੇਸਾਂ ਦਾ ਸਾਹਮਣਾਂ ਕਰੀ ਜਾਂਦੀ ਐ..! ਪੁਲ਼ਸ ਕੋਲ਼ ਓਨੇ ਅਧਿਕਾਰ ਈ ਹੈਨ੍ਹੀ, ਜਿੰਨੇ ਇਹਨਾਂ ਨੂੰ ਚਾਹੀਦੇ ਐ..! ਤੇ ਪੁਲ਼ਸ ਆਲ਼ੇ ਵੀ ਸੋਚਦੇ ਐ ਬਈ ਜੇ ਸਾਨੂੰ ਅਧਿਕਾਰ ਈ ਨੀ ਪੂਰੇ ਦਿੱਤੇ ਤਾਂ ਅਸੀਂ ਕਿਉਂ ਬਲ਼ਦੀ ਦੇ ਬੁੱਥੇ ਆਈਏ..? ਜੇ ਜਨਤਾ ਮਰਦੀ ਐ ਤਾਂ, ਮਰੀ ਜਾਵੇ..! ਅਸੀਂ ਅਦਾਲਤਾਂ 'ਚ ਕਿਉਂ ਖੱਜਲ਼ ਖ਼ੁਆਰ ਹੋਈਏ..?"
-''..........।"
-''ਛੋਟੇ ਭਾਈ, ਅੱਜ ਮੇਰੇ ਜ਼ਿਹਨ ਵਿਚ ਬਹੁਤ ਸਮਾਂ ਪਹਿਲਾਂ ਪੜ੍ਹੀਆਂ ਸਤਰਾਂ ਗੂੰਜ ਰਹੀਐਂ; ਆਦਮੀ ਕੋ ਚਾਹੀਏ ਕਿ ਵਕਤ ਸੇ ਡਰ ਕਰ ਰਹੇ, ਕਿਆ ਮਾਲੁਮ, ਕਬ ਬਦਲੇ ਵਕਤ ਕਾ ਮਿਜ਼ਾਜ਼! ਸਮੇਂ-ਸਮੇਂ ਦੀ ਗੱਲ ਐ ਛੋਟੇ ਭਾਈ, ਜਿਸ ਲੰਡਨ ਵਿਚ ਕਦੇ ਸੰਸਾਰ ਭਰ ਦੇ ਦੇਸ਼ਾਂ ਦੀ ਕਿਸਮਤ ਦਾ ਫ਼ੈਸਲਾ ਹੁੰਦਾ ਸੀ, ਜਿਸ ਲੰਡਨ ਵਿਚ ਬੈਠ ਕੇ ਲਿਬੀਆ, ਅਫ਼ਗਾਨਿਸਤਾਨ ਅਤੇ ਇਰਾਕ ਵਿਚ 'ਸ਼ਾਂਤੀ' ਸਥਾਪਿਤ ਕਰਨ ਦੇ ਦਮਗੱਜੇ ਮਾਰੇ ਜਾਂਦੇ ਰਹੇ ਐ, ਅੱਜ ਉਹੀ ਲੰਡਨ ਕਈ ਦਿਨਾਂ ਤੋਂ ਬਲ਼ ਤੇ ਧੁਖ਼ ਰਿਹੈ, ਲਾਟਾਂ ਨਿਕਲ਼ ਰਹੀਐਂ ਤੇ ਲੁੱਟ-ਮਾਰ ਦਾ ਦੌਰ ਨਿਰੰਤਰ ਜਾਰੀ ਐ...!"
....ਅਸਲ ਵਿਚ ਪਿਛਲੇ ਵੀਰਵਾਰ ਨੂੰ ਸੈਂਟਰਲ ਲੰਡਨ ਇਲਾਕੇ ਦੇ ਇੱਕ ਕਸਬੇ ਵਿਚ ਕਥਿਤ ਤੌਰ 'ਤੇ ਪੁਲੀਸ ਹੱਥੋਂ ਇੱਕ 30 ਕੁ ਸਾਲਾ ਵਿਅਕਤੀ ਮਾਰਿਆ ਗਿਆ ਸੀ, ਜਿਸ ਦੇ ਪ੍ਰਤੀਕਰਮ ਵਜੋਂ ਲੋਕਾਂ ਵਿਚ ਰੋਸ ਅਤੇ ਫ਼ਿਰ ਗੁੱਸਾ ਫ਼ੈਲ ਗਿਆ। ਫ਼ੈਲੇ ਰੋਸ ਅਤੇ ਗੁੱਸੇ ਕਾਰਨ ਪਹਿਲਾਂ ਇੱਕਾ-ਦੁੱਕਾ ਵਾਰਦਾਤਾਂ ਹੋਈਆਂ ਅਤੇ ਫ਼ਿਰ ਗੱਲ ਨਸ਼ਈ, ਵਿਗੜੇ, ਕਮਚੋਰ ਅਤੇ ਅਪਰਾਧਿਕ-ਬਿਰਤੀ ਵਾਲ਼ੇ ਵਰਗ ਨੇ ਆਪਣੇ ਹੱਥਾਂ ਵਿਚ ਲੈ ਲਈ ਅਤੇ ਲੁਟੇਰੇ ਬਣ ਤੁਰੇ। ਸਿੱਟੇ ਵਜੋਂ ਪੂਰੇ ਲੰਡਨ ਵਿਚ ਤੜਥੱਲ ਮੱਚ ਗਿਆ! ਭੰਨ-ਤੋੜ, ਡਾਕੇ, ਸਾੜ-ਫ਼ੂਕ ਅਤੇ ਲੁੱਟ-ਮਾਰ ਸ਼ੁਰੂ ਹੋ ਗਈ। ਪਹਿਲਾਂ ਤਾਂ ਦੰਗਾਕਾਰੀਆਂ ਨੇ ਇੱਕ ਪੁਲੀਸ ਸਟੇਸ਼ਨ 'ਤੇ ਹਮਲਾ ਕੀਤਾ ਅਤੇ ਫ਼ਿਰ ਪੁਲੀਸ ਦੀਆਂ ਗੱਡੀਆਂ ਦੀ ਸਾੜ-ਫ਼ੂਕ ਕੀਤੀ। ਲੰਡਨ ਦੀ ਸਥਿਤੀ ਇਸ ਹੱਦ ਤੱਕ ਹੌਲਨਾਕ ਬਣ ਗਈ ਸੀ ਕਿ ਲੋਕ ਪੁਲੀਸ ਨੂੰ ਬਚਾਓ ਲਈ ਫ਼ੋਨ ਕਰ ਰਹੇ ਸਨ ਅਤੇ ਪੁਲੀਸ ਉਹਨਾਂ ਨੂੰ ਤੋੜ ਕੇ, ''ਅਫ਼ਸੋਸ, ਅਸੀਂ ਨਹੀਂ ਆ ਸਕਦੇ" ਦਾ ਜਵਾਬ ਦੇ ਰਹੀ ਸੀ।
ਲੋਕਾਂ ਨੂੰ ਡਰ ਸੀ ਕਿ ਅਜਿਹੇ ਹਾਲਾਤ ਭਿਆਨਕ 'ਸਿਵਲ ਵਾਰ' ਅਰਥਾਤ ਘਰੇਲੂ-ਜੰਗ ਨੂੰ ਜਨਮ ਦੇ ਸਕਦੇ ਹਨ।
ਜੇ ਪੁਲੀਸ ਆਮ ਜਨਤਾ ਦੇ ਬਚਾਓ ਲਈ ਅੱਗੇ ਨਹੀਂ ਆਉਂਦੀ ਤਾਂ ਲੋਕ ਆਪਣਾ ਬਚਾਓ ਤਾਂ ਕਿਵੇਂ ਨਾ ਕਿਵੇਂ ਕਰਨਗੇ ਹੀ..? ਮਰਦਾ ਕੀ ਨਹੀਂ ਕਰਦਾ..?? ਇਹਨਾਂ ਦੰਗਿਆਂ-ਡਾਕਿਆਂ ਅਤੇ ਸਾੜ-ਫ਼ੂਕ ਦਾ ਸੇਕ ਮਾਨਚੈਸਟਰ, ਲਿਵਰਪੂਲ ਅਤੇ ਮਿੱਡਲੈਂਡ ਤੱਕ ਜਾ ਪਹੁੰਚਿਆ ਸੀ! ਸਥਾਨਕ ਵਿਹਲੜ ਗੁੰਡੇ ਉਠ ਕੇ ਆਪਣੇ ਇਲਾਕਿਆਂ ਨੂੰ ਹੀ ਲੁੱਟ ਰਹੇ ਹਨ! ਲੁਟੇਰਿਆਂ ਨੂੰ ਸਥਾਨਕ ਗੁੰਡਿਆਂ ਵੱਲੋਂ ਬਲੈਕਬੈਰੀ ਫ਼ੋਨਾਂ 'ਤੇ 'ਟੈਕਸਟ' ਕਰ ਕੇ ਵੱਡੇ-ਵੱਡੇ ਸਟੋਰਾਂ ਅਤੇ ਕੀਮਤੀ ਸਮਾਨ ਵਾਲ਼ੀਆਂ ਦੁਕਾਨਾਂ ਦੀ ਕਨਸੋਅ ਦਿੱਤੀ ਜਾ ਰਹੀ ਸੀ ਕਿ ਅਗਲੀ ਲੁੱਟ ਦਾ 'ਨਿਸ਼ਾਨਾ' ਕਿਹੜਾ ਹੈ। ਸਥਾਨਕ ਲੋਕ ਗੁਰੂ ਘਰਾਂ, ਮਸੀਤਾਂ ਅਤੇ ਮੰਦਰਾਂ ਅੱਗੇ ਥੰਮ੍ਹ ਬਣ ਕੇ ਖੜ੍ਹੇ ਹੋ ਗਏ ਹਨ ਕਿ ਕੋਈ ਸ਼ਰਾਰਤੀ ਉਹਨਾਂ ਦੇ ਧਾਰਮਿਕ ਅਸਥਾਨ ਦਾ ਨੁਕਸਾਨ ਜਾਂ ਬੇਅਦਬੀ ਨਾ ਕਰ ਜਾਵੇ! ਪੂਰਬੀ ਲੰਡਨ ਵਿਚ ਨੌਜਵਾਨ ਤਬਕਾ ਆਪਣੀ ਸੰਪਤੀ ਦੇ ਬਚਾਓ ਲਈ ਆਪ ਅੱਗੇ ਆਇਆ ਸੀ ਅਤੇ ਗੁੰਡਾ ਅਨਸਰਾਂ ਨੂੰ ਨੱਥ ਪਾਉਣ ਵਾਸਤੇ ਉਹਨਾਂ ਨੇ ਖ਼ੁਦ ਕਮਰਕਸੇ ਕਰ ਲਏ ਸਨ ਅਤੇ ਦੰਗਾਕਾਰੀਆਂ ਨੂੰ ਲਲਕਾਰਿਆ ਸੀ! ਜਿੱਥੇ ਲੰਡਨ ਦੀ ਪੁਲੀਸ ਸਰਾਸਰ 'ਫ਼ੇਲ੍ਹ' ਹੋਈ ਸੀ, ਓਥੇ ਸਥਾਨਕ ਲੋਕ ਮੁੱਕੇ ਵੱਟ ਕੇ ਸੜਕਾਂ 'ਤੇ ਆ ਗਏ ਸਨ।
ਬਿਨਾ ਸ਼ੱਕ ਇਹ ਦੰਗੇ ਇੱਕ ਵਿਅਕਤੀ ਦੀ ਮੌਤ ਕਾਰਨ ਭੜ੍ਹਕੇ ਅਤੇ ਚਾਹੇ ਪਿੱਛੋਂ ਕਮਚੋਰ ਅਤੇ ਨਸ਼ਈ ਤਬਕੇ ਨੇ ਮੌਕਾ ਨਾ ਖੁੰਝਾਇਆ ਅਤੇ ਬੇਕਸੂਰ ਦੁਕਾਨਦਾਰਾਂ ਨੂੰ ਲੁੱਟ ਕੇ ਆਪਣੇ ਹੱਥ ਰੰਗਣੇ ਸ਼ੁਰੂ ਕਰ ਦਿੱਤੇ। ਪਰ ਜੋ ਭੂਮਿਕਾ ਪੁਲੀਸ ਦੀ ਰਹੀ, ਉਹ ਅੱਤ ਨਿੰਦਣਯੋਗ ਸੀ! ਟੀ.ਵੀ. ਦੇ ਹਰ ਚੈਨਲ 'ਤੇ ਲੋਕ ਪੁਲੀਸ ਅਤੇ ਪ੍ਰਸ਼ਾਸਨ ਦੇ ਵਿਰੋਧ ਵਿਚ 'ਪਿੱਟ-ਸਿਆਪਾ' ਕਰ ਕੇ ਸਰਕਾਰ ਦੀ ਜਾਨ ਨੂੰ ਰੋ ਰਹੇ ਸਨ ਕਿ ਪੁਲੀਸ ਨੇ ਆਮ ਜਨਤਾ ਦੀ ਕੋਈ ਮੱਦਦ ਨਹੀਂ ਕੀਤੀ ਅਤੇ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖਦੀ ਰਹੀ। ਸ਼ੁੱਕਰਵਾਰ ਰਾਤ ਨੂੰ ਸ਼ੁਰੂ ਹੋਏ ਇਹ ਦੰਗੇ ਅਤੇ ਡਾਕੇ ਚਾਰ ਦਿਨ ਲਗਾਤਾਰ ਸ਼ਰੇਆਮ ਚੱਲਦੇ ਰਹੇ। ਜਦ ਪ੍ਰਸ਼ਾਸਨ ਦਾ ਗ਼ੈਰ-ਜ਼ਿੰਮੇਵਾਰ ਬਿਆਨ ਆਇਆ ਕਿ ਅਜਿਹੇ ਦੰਗਿਆਂ ਲਈ ਸਾਡੀ ਪੁਲੀਸ ਫ਼ੋਰਸ ਅਗਾਊਂ ਤਿਆਰ ਨਹੀਂ ਸੀ, ਤਾਂ ਲੋਕਾਂ ਨੇ ਮੂੰਹ ਵਿਚ ਉਂਗਲਾਂ ਪਾ ਲਈਆਂ ਅਤੇ ਸੋਚਣ ਲਈ ਮਜਬੂਰ ਹੋ ਗਏ ਕਿ ਕੀ ਪੁਲੀਸ ਵਾਕਿਆ ਹੀ ਅਗਾਊਂ ਤਿਆਰ ਨਹੀਂ ਸੀ ਜਾਂ ਇਤਨੀ ਆਵੇਸਲ਼ੀ ਅਤੇ ਲਾਪ੍ਰਵਾਹ ਸੀ ਕਿ ਉਸ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲ਼ਿਆ? ਜੇ ਪੁਲੀਸ ਚਾਹੇ ਤਾਂ ਕੀ ਨਹੀਂ ਸੀ ਕਰ ਸਕਦੀ? ਸਮਾਂ ਹਰ ਗੱਲ ਨੂੰ ਲੱਗ ਜਾਂਦਾ ਹੈ। ਪਰ 72 ਘੰਟੇ ਦੰਗਾਕਾਰੀ ਨੰਗਾ ਨਾਚ ਕਰਦੇ ਰਹਿਣ ਅਤੇ ਪੁਲੀਸ 72 ਘੰਟੇ ਦੇ ਅੰਦਰ ਵੀ ਕੋਈ ਹੱਲ ਨਾ ਕੱਢ ਸਕੇ? ਕੀ ਇਹ ਲਾਪ੍ਰਵਾਹੀ ਦੀ ਅੱਤ ਅਤੇ ਸਿਖ਼ਰ ਨਹੀਂ? 'ਕੋਬਰਾ' ਵਰਗੇ ਸੁਰੱਖਿਆ ਦਸਤੇ ਕਾਹਦੇ ਲਈ ਬਣਾਏ ਗਏ ਨੇ? ਉਹਨਾਂ ਨੂੰ ਕਿਉਂ ਨਹੀਂ ਬੁਲਾਇਆ ਗਿਆ?
ਇੱਕ ਗੱਲ ਸਾਰੇ ਸਿਆਸਤਦਾਨਾਂ ਅਤੇ ਪ੍ਰਸ਼ਾਸਨ ਨੂੰ ਪੁੱਛਣੀ ਬਣਦੀ ਸੀ ਕਿ ਜਦੋਂ ਮਰਹੂਮ ਲੇਡੀ ਡਿਆਨਾ ਦੇ ਲੜਕੇ ਵਿਲੀਅਮ ਦੀ ਸ਼ਾਦੀ ਹੋਈ ਤਾਂ ਪ੍ਰਸ਼ਾਸਨ ਨੇ ਪੁਲੀਸ ਫ਼ੋਰਸ ਇੰਗਲੈਂਡ ਭਰ ਦੇ ਕੋਨੇ-ਕੋਨੇ ਵਿਚੋਂ ਲਿਆ ਖੜ੍ਹੀ ਕੀਤੀ ਸੀ ਅਤੇ ਪੂਰੀ ਰਾਜਧਾਨੀ ਵਿਚ ਕਿਸੇ ਪੰਛੀ ਨੂੰ ਵੀ 'ਖੰਭ' ਨਹੀਂ ਮਾਰਨ ਦਿੱਤਾ ਸੀ। ਇੱਥੇ ਉਹਨਾਂ ਦਾ ਉੱਤਰ ਚਾਹੇ ਇਹ ਹੋਵੇ ਕਿ 'ਰੋਇਲ ਵੈਡਿੰਗ' ਬਾਰੇ ਤਾਂ ਸਾਨੂੰ ਪਹਿਲਾਂ ਪਤਾ ਸੀ ਅਤੇ ਅਸੀਂ ਸਮੇਂ ਸਿਰ ਪੁਖ਼ਤਾ ਪ੍ਰਬੰਧ ਕਰ ਲਏ ਸਨ। ਪਰ ਅਸਲ ਵਿਚ ਧਿਆਨ ਦੇਣ ਵਾਲ਼ੀ ਗੱਲ ਤਾਂ ਇਹ ਹੈ ਕਿ ਕੀ ਇੰਗਲੈਂਡ ਦੇ ਪ੍ਰਸ਼ਾਸਨ ਲਈ ਤਿੰਨ ਦਿਨ ਅਤੇ ਤਿੰਨ ਰਾਤਾਂ ਵੀ ਗੰਭੀਰ ਸਥਿਤੀ ਸੰਭਾਲਣ ਲਈ ਘੱਟ ਸਨ? ਕੀ ਉਹ ਇਤਨੇ ਘੋਗਲ਼ਕੰਨੇ ਸਨ ਕਿ 72 ਘੰਟੇ ਸਮੁੱਚੇ ਲੰਡਨ ਦੀ ਲੁੱਟ-ਮਾਰ ਹੁੰਦੀ ਰਹੀ, ਅੱਗਾਂ ਲੱਗਦੀਆਂ ਰਹੀਆਂ, ਜਨਤਾ ਦੀ ਖ਼ੂਨ-ਪਸੀਨੇ ਦੀ ਕਮਾਈ ਨਾਲ਼ ਬਣਾਈ ਜਾਇਦਾਦ ਅਗਨ ਭੇਂਟ ਹੁੰਦੀ ਰਹੀ, ਪਰ ਫ਼ਿਰ ਵੀ ਇਤਨੇ ਸਮੇਂ ਵਿਚ ਪ੍ਰਸ਼ਾਸਨ ਨੂੰ ਕੋਈ ਸਾਰਥਿਕ ਹੱਲ ਤੱਕ ਨਹੀਂ ਲੱਭਿਆ? ਕਈ ਥਾਂਈਂ ਤਾਂ ਲੋਕਾਂ ਨੇ ਲੱਗੀਆਂ ਅੱਗਾਂ ਵਿਚ ਫ਼ਲੈਟਾਂ 'ਚੋਂ ਛਾਲਾਂ ਮਾਰ ਕੇ ਆਪਣੀਆਂ ਜਾਨਾਂ ਬਚਾਈਆਂ ਅਤੇ ਪੁਲੀਸ ਖਣਪੱਟੀ ਲੈ ਕੇ ਸੁੱਤੀ ਰਹੀ।
ਲੰਡਨ ਦਾ ਮੇਅਰ ਅਤੇ ਪ੍ਰਧਾਨ ਮੰਤਰੀ ਛੁੱਟੀਆਂ 'ਤੇ ਗਏ ਹੋਏ ਸਨ। ਜਦੋਂ ਕਰੋੜਾਂ ਪੌਂਡਾਂ ਦਾ ਨੁਕਸਾਨ ਹੋ ਗਿਆ ਤਾਂ ਉਹਨਾਂ ਨੂੰ ਸੁਰਤ ਜਿਹੀ ਆਈ ਕਿ ਜਿਹੜੇ ਲੋਕਾਂ ਨੇ ਵੋਟਾਂ ਪਾ ਕੇ ਸਾਨੂੰ ਗੱਦੀ 'ਤੇ ਬਿਠਾਇਆ ਹੈ, ਉਹ ਤਿੰਨ ਦਿਨਾਂ ਤੋਂ ਸੰਕਟ ਵਿਚ ਹਨ ਅਤੇ ਹੁਣ ਵਾਪਸ ਪਰਤਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਵਾਪਸ ਆ ਕੇ ਐਲਾਨ ਕਰ ਦਿੱਤਾ ਕਿ ਅਸੀਂ ਬਾਹਰਲੇ ਇਲਾਕਿਆਂ 'ਚੋਂ ਫ਼ੋਰਸ ਮੰਗਵਾ ਰਹੇ ਹਾਂ ਅਤੇ ਅੱਜ ਰਾਤ 16000 ਪੁਲੀਸ ਅਧਿਕਾਰੀ ਲੰਡਨ ਦੀ ਰਾਖੀ ਕਰਨਗੇ। ਜਦੋਂ ਲੰਡਨ ਦੇ ਮੇਅਰ ਨੇ ਆ ਕੇ 'ਸੰਗਤ ਦਰਸ਼ਣ' ਕੀਤੇ ਤਾਂ ਉਸ ਨੇ ਘੜੀ-ਘੜ੍ਹਾਈ ਗੱਲ ਲੋਕਾਂ ਦੇ ਮੱਥੇ ਮਾਰੀ ਕਿ ਜਿਹਨਾਂ ਨੇ ਇਹ ਅਪਰਾਧ ਕੀਤਾ ਹੈ, ਉਹਨਾਂ ਨੂੰ ਸਜ਼ਾ ਭੁਗਤਣੀ ਪਵੇਗੀ। ਲੋਕ ਪੁੱਛ ਰਹੇ ਸਨ ਕਿ ਹੁਣ ਅੱਗੇ ਤੁਹਾਡੀ ਕੀ ਕਾਰਵਾਈ ਹੋਵੇਗੀ? ਤਾਂ ਮੇਅਰ ਨੇ ਉੱਤਰ ਦਿੱਤਾ ਕਿ ਬਾਹਰੋਂ ਫ਼ੋਰਸ ਆ ਰਹੀ ਹੈ। ..ਤੇ ਜਦ ਲੁੱਟੇ-ਪੁੱਟੇ ਅਤੇ ਤਬਾਹ ਹੋਏ ਪ੍ਰੇਸ਼ਾਨ ਲੋਕਾਂ ਨੇ ਮੇਅਰ ਨੂੰ ਪੁੱਛਿਆ ਕਿ ਫ਼ੋਰਸ ਅੱਜ ਹੀ ਕਿਉਂ ਆ ਰਹੀ ਹੈ, ਪਿਛਲੇ ਤਿੰਨ ਦਿਨਾਂ ਤੋਂ ਕਿਉਂ ਨਹੀਂ ਬੁਲਾਈ ਗਈ? ਇਤਨੀ ਦੇਰੀ ਕਿਉਂ?? ਕੁਝ ਦੁਖੀ ਅਤੇ ਭੜਕੇ ਲੋਕਾਂ ਨੇ ਮੇਅਰ ਤੋਂ ਅਸਤੀਫ਼ੇ ਦੀ ਮੰਗ ਕੀਤੀ ਤਾਂ ਉਹ ਬਗੈਰ ਉੱਤਰ ਦਿੱਤੇ ਹੀ ਬੋਦੀਆਂ ਪਲ਼ੋਸਦਾ ਵਾਪਸ ਪਰਤ ਗਿਆ।
ਇਰਾਕ ਅਤੇ ਅਫ਼ਗਾਨਿਸਤਾਨ ਜੰਗ ਵੇਲ਼ੇ ਇੰਗਲੈਂਡ ਨੇ ਅਮਰੀਕਾ ਦਾ ਡਟ ਕੇ ਸਾਥ ਦਿੱਤਾ ਅਤੇ ਸਿੱਟੇ ਵਜੋਂ ਇੰਗਲੈਂਡ ਆਰਥਿਕ ਮੰਦਹਾਲੀ ਦੀ ਮਾਰ ਹੇਠ ਆ ਗਿਆ। ਖਾਣ-ਪੀਣ ਦੀਆਂ ਵਸਤੂਆਂ ਅਤੇ ਪੈਟਰੋਲ ਦੇ ਭਾਅ ਅਸਮਾਨ ਚੜ੍ਹ ਗਏ। ਛੋਟੇ ਬਿਜ਼ਨਿਸ ਬੰਦ ਹੋ ਗਏ ਅਤੇ ਵੱਡੀਆਂ ਕੰਪਨੀਆਂ ਨੇ 'ਦਿਵਾਲ਼ਾ' ਨਿਕਲ਼ਿਆ ਦਿਖਾ ਦਿੱਤਾ। ਦੁਨੀਆਂ, ਖ਼ਾਸ ਤੌਰ 'ਤੇ ਨੌਜਵਾਨ ਤਬਕਾ ਬੇਰੁਜ਼ਗਾਰ ਹੋ ਕੇ ਮੱਖੀਆਂ ਮਾਰਨ ਲੱਗ ਪਿਆ। ਟੈਕਸ ਝੱਗੇ-ਲਾਹੂ ਹੋ ਗਏ ਅਤੇ ਤਨਖ਼ਾਹਾਂ ਦੀ ਦਰ ਉਸੇ ਜਗਾਹ 'ਤੇ ਹੀ ਖੜ੍ਹੀ ਰਹੀ। ਸੈਂਟਰਲ ਲੰਡਨ ਵਿਚ ਕਿਸੇ ਇੱਕ ਫ਼ਿਰਕੇ ਦੇ ਵਿਅਕਤੀ ਦਾ ਪੁਲੀਸ ਹੱਥੋਂ ਮਾਰਿਆ ਜਾਣਾਂ ਤਾਂ ਇੱਕ 'ਬਹਾਨਾ' ਸੀ, ਅਸਲ ਵਿਚ ਗੌਰਮਿੰਟ ਦੀਆਂ ਗਲਤ ਨੀਤੀਆਂ ਤੋਂ ਭਰੇ-ਪੀਤੇ ਬੇਰੁਜ਼ਗਾਰ ਅਤੇ ਨਿਰਾਸ਼ ਲੋਕ, ਨਿੱਕੀਆਂ ਮੋਟੀਆਂ ਚੋਰੀਆਂ ਕਰਨ ਵਾਲ਼ੇ ਜਾਂ ਔਰਤਾਂ ਦੇ ਕੰਨਾਂ ਵਿਚੋਂ ਵਾਲ਼ੀਆਂ ਜਾਂ ਗਲ਼ਾਂ ਵਿਚੋਂ ਚੈਨੀਆਂ ਖਿੱਚਣ ਵਾਲ਼ੇ ਸ਼ਰੇਆਮ ਸੜਕਾਂ 'ਤੇ ਆ ਗਏ ਅਤੇ ਉਹਨਾਂ ਨੇ ਭੰਨ-ਤੋੜ ਕਰ ਕੇ ਵੱਡੀਆਂ-ਵੱਡੀਆਂ ਦੁਕਾਨਾਂ ਵਿਚ 'ਹੂੰਝਾ' ਫ਼ੇਰਨਾ ਸ਼ੁਰੂ ਕਰ ਦਿੱਤਾ। ਵਿਹਲੀ ਬੈਠੀ ਜਨਤਾ ਦਾ ਗੁੱਸਾ ਇੱਕ ਦਮ ਭੜਕਿਆ ਅਤੇ ਉਹਨਾਂ ਨੇ ਅੰਨ੍ਹੇਵਾਹ ਅੱਗ ਮਚਾ ਦਿੱਤੀ।
ਚਾਹੇ ਦੇਸ਼ ਦਾ ਪ੍ਰਧਾਨ ਮੰਤਰੀ ਮੀਡੀਆ ਦੇ ਕੈਮਰਿਆਂ ਅੱਗੇ ਖੜ੍ਹ ਕੇ ਦਮਗੱਜੇ ਮਾਰ ਰਿਹਾ ਸੀ ਕਿ ਜਿੰਨ੍ਹਾਂ ਨੇ ਇਹ ਸਾੜ-ਫ਼ੂਕ ਅਤੇ ਲੁੱਟ-ਮਾਰ ਕੀਤੀ ਹੈ, ਉਹਨਾਂ ਨੂੰ ਇਸ ਦੇ ਭਿਆਨਕ ਨਤੀਜੇ ਭੁਗਤਣੇ ਪੈਣਗੇ। ਅਪਰਾਧ ਕਰਨ ਵਾਲ਼ੇ ਤਾਂ ਜਦੋਂ ਨਤੀਜੇ ਭੁਗਤਣੇ ਸੀ, ਓਦੋਂ ਹੀ ਭੁਗਤਣੇ ਸੀ। ਪਰ ਬੁਰੀ ਤਰ੍ਹਾਂ ਤਬਾਹ ਹੋ ਚੁੱਕੇ ਦੁਕਾਨਦਾਰਾਂ ਦੀ ਵੱਡੀ ਤ੍ਰਾਸਦੀ ਇਹ ਸੀ ਕਿ ਇੰਗਲੈਂਡ ਦੇ ਕਾਨੂੰਨ ਅਨੁਸਾਰ ਜੇ ਕਿਸੇ ਦੀ ਸੰਪਤੀ ਦੰਗਿਆਂ ਵਿਚ ਸਾੜੀ ਜਾਂਦੀ ਹੈ, ਜਾਂ ਲੁੱਟੀ ਜਾਂਦੀ ਹੈ ਤਾਂ ਪ੍ਰਸ਼ਾਸਨ ਜਾਂ ਬੀਮਾਂ ਕੰਪਨੀ ਉਸ ਦਾ ਕੋਈ ਮੁਆਵਜ਼ਾ ਨਹੀਂ ਦਿੰਦੀ। ਸਾਰੀ ਜ਼ਿੰਦਗੀ ਦੀ ਪੂੰਜੀ ਆਪਣੇ ਕਾਰੋਬਾਰਾਂ 'ਤੇ ਨਿਵੇਸ਼ ਕਰਨ ਵਾਲ਼ੇ ਦੁਕਾਨਦਾਰ ਹੁਣ ਪ੍ਰਸ਼ਾਸਨ ਦੀ ਜਾਨ ਨੂੰ ਰੋ ਰਹੇ ਹਨ ਅਤੇ ਪ੍ਰਸ਼ਾਸਨ ਉਹਨਾਂ ਦੀ ਤਕਲੀਫ਼ ਸਮਝਣ ਦੀ ਥਾਂ ਬੇਸ਼ਰਮਾਂ ਵਾਂਗ ਇੱਕ ਹੀ ਤੋਤਾ ਰਟ ਲਾਈ ਜਾ ਰਿਹਾ ਸੀ, ''ਅਪਰਾਧੀਆਂ ਨੂੰ ਸਿੱਟੇ ਭੁਗਤਣੇ ਪੈਣਗੇ!" ...ਤੇ ਜਿਹੜੇ ਨਿਰਦੋਸ਼ ਅਤੇ ਆਮ ਲੋਕ ਨਤੀਜੇ ਭੁਗਤ ਚੁੱਕੇ ਸਨ, ਲੁੱਟੇ-ਪੁੱਟੇ ਗਏ ਸਨ, ਉਹ ਕਿਹੜੇ ਖ਼ੂਹ ਵਿਚ ਜਾਣ? ਇਸ ਬਾਰੇ ਗੌਰਮਿੰਟ ਸੋਚਣ ਦੀ ਲੋੜ ਹੀ ਨਹੀਂ ਸਮਝ ਰਹੀ ਸੀ! ਗੌਰਮਿੰਟ ਦੇ ਕਰਿੰਦਿਆਂ ਨੂੰ ਪੀੜਤ ਲੋਕਾਂ ਨੂੰ ਸਹਾਰੇ ਦੀ ਕੋਈ ਕਿਰਨ ਦਿਖਾਉਣ ਦੀ ਜ਼ਰੂਰਤ ਸੀ, ਅਪਰਾਧੀਆਂ ਨੂੰ ਫ਼ੋਕੀਆਂ ਧਮਕੀਆਂ ਦੇ ਕੇ ਪੀੜਤ ਲੋਕਾਂ ਦਾ ਕੁਝ ਨਹੀਂ ਸੀ ਸੁਧਰਨਾ!! ਉਹਨਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਬਾਰੇ ਕੋਈ ਹੱਲ ਬਾਰੇ ਸੋਚਣਾਂ ਚਾਹੀਦਾ ਸੀ! ਲਿਬੀਆ, ਇਰਾਕ ਅਤੇ ਅਫ਼ਗਾਨਿਸਤਾਨ ਵਿਚ 'ਸ਼ਾਂਤੀ-ਸ਼ਾਂਤੀ' ਕੂਕਣ ਵਾਲ਼ਿਆਂ ਨੂੰ ਪੀੜਤ ਲੋਕ ਹੁਣ ਇਹੀ ਪੁੱਛ ਰਹੇ ਸਨ ਕਿ ਕੀ ਤੁਹਾਡੇ ਕੋਲ਼ ਆਪਣੇ ਦੇਸ਼ ਵਿਚ ਸ਼ਾਂਤੀ ਬਣਾਈ ਰੱਖਣ ਦਾ ਕੋਈ ਹੱਲ ਨਹੀਂ??
ਕਿਸ਼ਤ 31
.ਦੰਗਿਆਂ ਦੀ ਅੱਗ ਭੜਕਦੀ-ਭੜਕਦੀ ਇੱਧਰ ਨਿੰਮੀ ਹੋਰਾਂ ਦੇ ਇਲਾਕੇ ਵਿਚ ਵੀ ਆ ਲੱਗੀ ਅਤੇ ਲੋਕ ਸਹਿਮ ਨਾਲ਼ ਅੰਦਰ ਵੜ ਗਏ। ਦੁਕਾਨਦਾਰਾਂ ਨੇ ਦੁਕਾਨਾਂ ਦੇ ਸ਼ਟਰ ਸੁੱਟ ਲਏ ਅਤੇ ਚੂਹੇ ਵਾਂਗ ਦੁਕਾਨਾਂ ਦੇ ਅੰਦਰ ਹੀ ਦੜ ਗਏ। ਇਕੱਲੇ ਇਹਨਾਂ ਦਾ ਹੀ ਨਹੀਂ, ਆਂਢ ਗੁਆਂਢ ਦੂਜੇ ਦੁਕਾਨਦਾਰਾਂ ਦਾ ਵੀ ਇਹੀ ਹਾਲ ਸੀ। ਨਿੰਮੀ ਅਤੇ ਬੰਤ ਦੁਕਾਨ ਦੇ ਅੰਦਰ ਹੀ ਸਨ ਕਿ ਅਚਾਨਕ ਭੂਸਰੀ ਭੀੜ ਨੇ ਉਹਨਾਂ ਦੀ ਦੁਕਾਨ 'ਤੇ ਹਮਲਾ ਕਰ ਦਿੱਤਾ। ਬੰਤ ਅਤੇ ਨਿੰਮੀ ਦੁਕਾਨ ਵਿਚਲੇ ਨਿੱਕੇ ਜਿਹੇ ਦਫ਼ਤਰ ਵਿਚ ਛੁਪੇ ਬੈਠੇ ਸਨ। ਉਹਨਾਂ ਦੀ ਦੁਕਾਨ ਸ਼ਰੇਆਮ ਦਿਨ ਦਿਹਾੜੇ ਉਹਨਾਂ ਦੀਆਂ ਅੱਖਾਂ ਸਾਹਮਣੇ ਲੁੱਟੀ ਜਾ ਰਹੀ ਸੀ। ਪਰ ਉਹ ਬੇਵੱਸ ਸਨ। ਨਿਹੱਥੇ ਸਨ। ਮੂੰਹ ਬੰਨ੍ਹੇ ਵਾਲ਼ੇ ਲੁਟੇਰੇ ਸ਼ਰੇਆਮ ਸਮਾਨ ਲੁੱਟ ਰਹੇ ਸਨ। ਬਿਨਾਂ ਕਿਸੇ ਰੋਕ-ਟੋਕ ਤੋਂ ਲੁੱਟਿਆ ਜਾ ਰਿਹਾ ਸਮਾਨ ਦੇਖ ਕੇ ਨਿੰਮੀ ਅਤੇ ਬੰਤ ਨੂੰ ਗਸ਼ ਪੈਣ ਵਾਲ਼ੀ ਹੋਈ ਪਈ ਸੀ। ਉਹਨਾਂ ਦੀ ਖ਼ੂਨ ਪਸੀਨੇ ਦੀ ਕਮਾਈ ਨੂੰ ਉਹਨਾਂ ਦੀਆਂ ਅੱਖਾਂ ਸਾਹਮਣੇ ਹੂੰਝਾ ਫ਼ੇਰਿਆ ਜਾ ਰਿਹਾ ਸੀ। ਪਰ ਉਹ ਲਹੂ ਦੀ ਘੁੱਟ ਵੱਟੀ ਬੈਠੇ ਸਨ।
-''ਜਦੋਂ ਮੌਕਾ ਲੱਗੇ, ਬੱਸ ਭੱਜ ਕੇ ਇੱਕ ਵਾਰੀ ਦੁਕਾਨ 'ਚੋਂ ਬਾਹਰ ਹੋ ਜਾਈਂ..! ਜਾਨ ਐਂ ਤਾਂ ਜਹਾਨ ਐਂ..! ਇਹ ਸਿਰਫ਼ ਭੁੱਖ-ਨੰਗ ਤੇ ਲੁਟੇਰੇ ਐ, ਵਾਹ ਲੱਗਦੀ ਜਾਨੀ ਨੁਕਸਾਨ ਨੀ ਕਰਦੇ, ਪਰ ਕਿਸੇ ਦਾ ਇਤਬਾਰ ਵੀ ਕੋਈ ਨੀ, ਬੱਸ ਜਦੋਂ ਮੌਕਾ ਮਿਲ਼ੇ, ਭੱਜ ਕੇ ਸੜਕ 'ਤੇ ਚਲੀ ਜਾਈਂ..!" ਬੰਤ ਨੇ ਨਿੰਮੀ ਨੂੰ ਸਖ਼ਤ ਸ਼ਬਦਾਂ ਵਿਚ ਕਿਹਾ।
-''..........।" ਨਿੰਮੀ ਭੀੜ ਦੀਆਂ ਕਿਲਕਾਰੀਆਂ ਸੁਣਦੀ ਸੁਣਦੀ ਬੇਸੁਰਤ ਹੋਣ ਵਾਲ਼ੀ ਹੋਈ ਪਈ ਸੀ।
-''ਤੂੰ ਇਉਂ ਕਰ..!"
-''........?"
-''ਮੈਨੂੰ ਇੱਕ ਜੁਗਤ ਸੁੱਝੀ ਐ..!" ਬੰਤ ਨੇ ਕਿਹਾ ਤਾਂ ਸਹਿਮੀ ਨਿੰਮੀ ਰਹੱਸਮਈ ਉਸ ਵੱਲ ਝਾਕੀ।
-''ਤੂੰ ਆਪਣਾ ਮੂੰਹ ਸਿਰ ਢਕ ਤੇ ਥੋੜ੍ਹਾ ਸਮਾਨ ਚੁੱਕ ਕੇ ਇਹਨਾਂ ਲੁਟੇਰਿਆਂ ਦੀ ਭੀੜ 'ਚ ਵੜ ਕੇ ਬਾਹਰ ਨਿਕਲ਼ ਜਾਈਂ..! ਇਹਨਾਂ ਨੇ ਇਹੀ ਸਮਝਣੈਂ ਕਿ ਕੋਈ ਸਾਡੇ ਨਾਲ਼ ਦੀ ਲੁਟੇਰੀ ਐ..!"
-''ਮੈਂ ਥੋਨੂੰ 'ਕੱਲਿਆਂ ਨੂੰ ਛੱਡ ਕੇ ਜਮਾਂ ਨੀ ਜਾਂਦੀ..!" ਉਹ ਸਾਫ਼ ਮੁਨੱਕਰ ਹੋ ਗਈ।
-''ਮੈਂ ਤਾਂ ਬੰਦੈਂ..! ਇੱਕ ਦੋ ਨਾਲ਼ ਸਿੱਝ ਵੀ ਲਊਂਗਾ, ਪਰ ਤੂੰ ਕੀ ਕਰੇਂਗੀ..? ਮੌਕਾ ਵਿਚਾਰੀਏ ਬੇਬੀ..! ਜਾਹ ਕਮਲ਼ ਨਾ ਮਾਰ..! ਮੂੰਹ ਬੰਨ੍ਹ ਤੇ ਬਾਹਰ ਨਿਕਲ਼..!"
ਨਿੰਮੀ ਨੇ ਸਕਾਰਫ਼ ਨਾਲ਼ ਆਪਣਾ ਮੂੰਹ ਢਕ ਲਿਆ।
-''ਜਾਂਦੀ ਹੋਈ ਇੱਕ ਦੋ ਚੀਜ਼ਾਂ ਚੱਕ ਕੇ ਨਾਲ਼ ਲੈ ਜਾਈਂ..! ਜੇ ਖ਼ਾਲੀ ਹੱਥ ਬਾਹਰ ਨਿਕਲ਼ੀ ਤਾਂ ਇਹਨਾਂ ਨੂੰ ਸ਼ੱਕ ਹੋ ਜਾਊ, ਹੋ ਸਕਦੈ ਨਕਦੀ ਲੁੱਟਣ ਵਾਸਤੇ ਤੈਨੂੰ ਘੇਰ ਲੈਣ..? ਦੋ ਚਾਰ ਚੀਜ਼ਾਂ ਹੱਥ 'ਚ ਚੱਕ ਕੇ ਬਾਹਰ ਨਿਕਲ਼ੀਂ..!" ਤੇ ਦਫ਼ਤਰ ਦਾ ਦਰਵਾਜਾ ਖੋਲ੍ਹ ਕੇ ਬੰਤ ਨੇ ਉਸ ਨੂੰ ਧੱਕ ਕੇ ਬਾਹਰ ਕਰ ਦਿੱਤਾ।
ਗਿਣੀ-ਮਿਥੀ ਗੱਲ ਅਨੁਸਾਰ ਨਿੰਮੀ ਦੋ-ਚਾਰ ਚੀਜ਼ਾਂ ਚੁੱਕ ਕੇ ਬਾਹਰ ਨਿਕਲ਼ ਆਈ। ਪਰ ਬਾਹਰਲਾ ਭਿਆਨਕ ਅਤੇ ਦਿਲ ਹਿਲਾਊ ਮਾਹੌਲ ਦੇਖ ਕੇ ਡਰ ਗਈ। ਲੋਕਾਂ ਦੀਆਂ ਦੁਕਾਨਾਂ ਦੇ ਸ਼ਟਰ ਅਤੇ ਸ਼ੀਸ਼ੇ ਤੋੜੇ ਨਹੀਂ, ਮਲੀਆਮੇਟ ਕੀਤੇ ਪਏ ਸਨ ਅਤੇ ਦੁਕਾਨਾਂ ਦੀ ਬੁਰੀ ਤਰ੍ਹਾਂ ਨਾਲ਼ ਭੰਨ-ਤੋੜ ਕਰ ਕੇ ਮਾਂਜਾ ਫ਼ੇਰਿਆ ਪਿਆ ਸੀ। ਦੇਖ ਕੇ ਨਿੰਮੀ ਦਾ ਦਿਲ ਫ਼ੇਲ੍ਹ ਹੋਣ ਵਾਲ਼ਾ ਹੋ ਗਿਆ। ਪਰ ਹੁਣ ਬਾਹਰਲਾ ਡਰਾਉਣਾ ਮਾਹੌਲ ਦੇਖ ਕੇ ਉਸ ਨੂੰ ਬਹੁਤਾ ਡਰ ਅੰਦਰ ਬੈਠੇ ਬੰਤ ਦਾ ਖਾਣ ਲੱਗ ਪਿਆ। ਭੂਤਰੀ ਭੀੜ ਦਾ ਕੀ ਪਤਾ..? ਸੋਚ ਕੇ ਉਸ ਦਾ ਦਿਲ ਚਿੜੀ ਦੇ ਬੱਚੇ ਵਾਂਗ 'ਫੜੱਕ-ਫ਼ੜੱਕ' ਵੱਜਣ ਲੱਗ ਪਿਆ। ਉਹ ਮੁੜ ਕੇ ਅੰਦਰ ਜਾਣਾ ਚਾਹੁੰਦੀ ਵੀ ਬੰਤ ਦੇ ਡਰੋਂ ਅੰਦਰ ਨਾ ਜਾ ਸਕੀ। ਪਰ ਉਹ ਇਕੱਲੀ ਔਰਤ ਕਰ ਵੀ ਕੀ ਸਕੇਗੀ..? ਖ਼ਤਰਾ ਕਿਆਸ ਕੇ ਉਸ ਦਾ ਦਿਲ ਨਾ ਪਿਆ ਅਤੇ ਉਹ ਘਬਰਾਈ ਹੋਈ ਚੱਕਵੇਂ ਪੈਰੀਂ ਘਰ ਨੂੰ ਤੁਰ ਪਈ।
ਜਦੋਂ ਉਹ ਘਰ ਕੋਲ਼ ਆਈ ਤਾਂ ਉਸ ਦਾ ਦਿਲ ਕੁਝ ਥਾਂਵੇਂ ਆਇਆ।
ਇੱਧਰ ਉਸ ਨੂੰ ਕੁਝ ਸ਼ਾਂਤੀ ਨਜ਼ਰ ਆਈ ਸੀ। ਪਰ ਅੰਦਰੋਂ ਉਸ ਨੂੰ ਬੰਤ ਦਾ ਫ਼ਿਕਰ ਤੋੜ-ਤੋੜ ਕੇ ਖਾ ਰਿਹਾ ਸੀ। ਚਾਹੇ ਬੰਤ ਉਸ ਤੋਂ ਉਮਰ ਵਿਚ ਕਾਫ਼ੀ ਵੱਡਾ ਸੀ, ਪਰ ਅੱਜ ਤੱਕ ਉਸ ਮਾਂ ਦੇ ਇਮਾਨਦਾਰ ਅਤੇ ਇਨਸਾਨ ਦੀ ਕਦਰ ਕਰਨ ਵਾਲ਼ੇ ਪੁੱਤ ਨੇ ਉਸ ਨੂੰ ਕੰਡੇ ਜਿੰਨੀ ਤਕਲੀਫ਼ ਨਹੀਂ ਦਿੱਤੀ ਸੀ। ਹਰ ਵਕਤ ਉਸ ਦੇ ਸਾਹਾਂ ਵਿਚ ਸਾਹ ਲਿਆ ਸੀ। ਅੱਜ ਉਸ ਨੂੰ ਬੰਤ ਦਾ ਕੁਝ ਜ਼ਿਆਦਾ ਹੀ ਮੋਹ ਜਿਹਾ ਆ ਰਿਹਾ ਸੀ। ਉਸ ਦਾ ਨੇਕ ਨੀਅਤ ਬੰਤ ਤਾਂ ਹਮੇਸ਼ਾ ਉਸ ਦੀਆਂ ਅੱਖੀਆਂ ਵਿਚ ਵਸਦਾ ਸੀ। ਸਾਹਾਂ ਵਿਚ ਮਹਿਕਦਾ ਸੀ। ਚਾਹੇ ਵਿਆਹ ਵੇਲ਼ੇ ਉਸ ਨੂੰ ਬੰਤ ਚੰਗਾ ਨਹੀਂ ਲੱਗਿਆ ਸੀ, ਪਰ ਉਸ ਦੇ ਮਨੋਭਾਵ, ਹੱਸਮੁਖ ਅਤੇ ਅਪਣੱਤ ਵਾਲ਼ੇ ਇਨਸਾਨੀਅਤ ਸੁਭਾਅ ਨੇ ਨਿੰਮੀ ਨੂੰ ਮੁੱਲ ਲੈ ਲਿਆ ਸੀ।
ਉਹ ਚਾਬੀ ਨਾਲ਼ ਦਰਵਾਜਾ ਖੋਲ੍ਹ ਕੇ ਅੰਦਰ ਆ ਗਈ।
ਅੱਜ ਉਸ ਦਾ ਕੁਛ ਵੀ ਬਣਾਉਣ ਨੂੰ ਦਿਲ ਨਹੀਂ ਕਰ ਰਿਹਾ ਸੀ। ਅੱਗੇ ਉਹ ਪਹਿਲਾਂ ਆ ਕੇ ਦਾਲ ਸਬਜ਼ੀ ਬਣਾਉਣ ਲੱਗ ਜਾਂਦੀ ਸੀ। ਸੁਤਾ ਉਸ ਦੀ ਬੰਤ ਵਿਚ ਹੀ ਅਟਕੀ ਪਈ ਸੀ। ਦਿਲ-ਦਿਮਾਗ ਬੰਤ ਦੇ ਫ਼ਿਕਰ ਵਿਚ ਜੁਟਿਆ ਹੋਇਆ ਸੀ।
ਰਾਤ ਦੇ ਨੌਂ ਵੱਜ ਗਏ ਸਨ। ਪਰ ਅਜੇ ਬੰਤ ਨਹੀਂ ਆਇਆ ਸੀ। ਅੱਗੇ ਉਹ ਅੱਠ ਵਜੇ ਦੁਕਾਨ ਬੰਦ ਕਰ ਕੇ ਸਾਢੇ ਕੁ ਅੱਠ ਵਜੇ ਘਰ ਆ ਜਾਂਦਾ ਸੀ। ਪਰ ਅੱਜ ਨੌਂ ਵਜੇ ਤੱਕ ਨਹੀਂ ਆਇਆ ਸੀ। ਨਿੰਮੀ ਦੀ ਚਿੰਤਾ ਦੀ ਸੂਈ ਬੇਸਬਰੀ ਦੀ ਜੂਹ ਤੱਕ ਪਹੁੰਚ ਚੁੱਕੀ ਸੀ। ਉਸ ਨੂੰ ਅੱਚਵੀ ਜਿਹੀ ਲੱਗੀ ਪਈ ਸੀ। ਉਸ ਨੇ ਬੰਤ ਦੇ ਮੋਬਾਇਲ ਫ਼ੋਨ 'ਤੇ ਫ਼ੋਨ ਕੀਤਾ ਤਾਂ ਫ਼ੋਨ ਬੰਦ ਆ ਰਿਹਾ ਸੀ। ਸ਼ਾਇਦ ਬੈਟਰੀ ਖ਼ਤਮ ਹੋ ਗਈ ਹੋਵੇ? ਆਖ ਉਸ ਨੇ ਦਿਲ ਨੂੰ 'ਧਰਵਾਸ' ਦਿੱਤਾ। ਫ਼ੋਕਾ ਧਰਵਾਸ!!
ਜਦ ਬੰਤ ਰਾਤ ਦੇ ਦਸ ਵਜੇ ਤੱਕ ਵੀ ਨਾ ਆਇਆ ਤਾਂ ਨਿੰਮੀ ਵਿਆਕੁਲ ਹੋ ਗਈ ਅਤੇ ਉਸ ਨੇ ਚੰਦ ਨੂੰ ਫ਼ੋਨ ਕੀਤਾ।
ਪਹਿਲੀ ਘੰਟੀ 'ਤੇ ਹੀ ਚੰਦ ਨੇ ਫ਼ੋਨ ਚੁੱਕ ਲਿਆ।
-''ਬਾਈ ਜੀ ਸਾਸਰੀਕਾਲ..!"
-''ਸਾਸਰੀਕਾਲ ਭਾਈ ਨਿੰਮੀ..!"
-''ਬਾਈ ਜੀ ਰਾਤ ਦੇ ਦਸ ਵੱਜ ਗਏ, ਇਹ ਅਜੇ ਤੱਕ ਨੀ ਆਏ..! ਮੇਰੇ ਦਿਲ ਨੂੰ ਡੋਬੂ ਪਈ ਜਾਂਦੇ ਐ..! ਅੱਜ ਆਪਣੀ ਸ਼ੌਪ ਵੀ ਲੁੱਟੀ ਗਈ..!"
-''ਆਪਣੇ ਇਲਾਕੇ 'ਚ ਤਾਂ ਹੜਕੰਪ ਮੱਚਿਆ ਪਿਐ, ਭਾਈ..! ਹੋ ਸਕਦੈ ਦੰਗਾਕਾਰੀਆਂ ਨੇ ਉਹਦੀ ਵੈਨ ਦਾ ਕੋਈ ਨੁਕਸਾਨ ਕਰ'ਤਾ ਹੋਵੇ ਤੇ ਉਹ ਵੈਨ ਠੀਕ ਕਰਵਾਉਣ ਚਲਿਆ ਗਿਆ ਹੋਵੇ..? ਵੈਨ ਬਿਨਾਂ ਉਹਦਾ ਸਰਦਾ ਵੀ ਨੀ, ਤੈਨੂੰ ਪਤਾ ਤਾਂ ਹੈ..!" ਚੰਦ ਨੇ ਆਖ ਤਾਂ ਦਿੱਤਾ, ਪਰ ਅੰਦਰੋਂ ਉਹ ਆਪ ਵੀ ਘੋਰ ਫ਼ਿਕਰਮੰਦ ਹੋ ਗਿਆ। ਦੰਗਾਕਾਰੀਆਂ ਦਾ ਕੀ ਪਤਾ? ਨਕਦੀ ਖਾਤਰ ਸਰੀਰਕ ਨੁਕਸਾਨ ਕਰ ਦੇਣ..?
-''ਤੂੰ ਫ਼ਿਕਰ ਨਾ ਕਰ ਨਿੰਮੀ..! ਮੈਂ ਪਤਾ ਕਰਦੈਂ ਭਾਈ..!"
-''ਉਹਨਾਂ ਦਾ ਮੋਬਾਇਲ ਫ਼ੋਨ ਵੀ ਬੰਦ ਆਉਂਦੈ ਬਾਈ ਜੀ ਤੇ ਸ਼ੌਪ ਵਾਲ਼ਾ ਫ਼ੋਨ ਚੱਲਦਾ ਨੀ..!"
-''ਸ਼ੌਪ ਵਾਲ਼ਾ ਫ਼ੋਨ ਸਾਲ਼ਿਆਂ ਨੇ ਤੋੜ-ਤੂੜ ਦਿੱਤਾ ਹੋਣੈਂ..? ਕਿਹੜਾ ਪੈਸੇ ਲੱਗੇ ਐ..? ਮੈਂ ਕਰਦੈਂ ਪਤਾ ਨਿੰਮੀ..! ਤੂੰ ਦਿਲ ਰੱਖ..!" ਨਿੰਮੀ ਦਾ ਦਿਲ ਰੱਖਣ ਵਾਸਤੇ ਚੰਦ ਨੇ ਆਖ ਤਾਂ ਦਿੱਤਾ। ਪਰ ਬੇਚੈਨੀ ਵਿਚ ਉਹ ਸੋਫ਼ੇ 'ਤੇ ਪਿਆ ਉਠ ਕੇ ਬੈਠ ਗਿਆ। ਬੰਦੇ ਦਾ ਕੀ ਐ..? ਪੁੜਪੜੀ 'ਚ ਮੁੱਕੀ ਮਾਰੀ ਤੋਂ ਬੰਦਾ ਮਰ ਜਾਂਦੈ..! ਰੱਬ ਸੁੱਖ ਈ ਰੱਖੇ..! ਸੋਚਦੇ ਚੰਦ ਨੇ ਨੇ ਕੱਪੜੇ ਬਦਲਣੇ ਸ਼ੁਰੂ ਕਰ ਦਿੱਤੇ। ਪਰ ਪਤਾ ਕਿੱਥੋਂ ਕਰਾਂ..? ਨਿੰਮੀ ਦਾ ਦਿਲ ਧਰਾਉਣ ਲਈ ਉਸ ਨੇ ਪਤਾ ਕਰਨ ਬਾਰੇ ਆਖ ਤਾਂ ਦਿੱਤਾ ਸੀ। ਪਰ ਪਤਾ ਕਿੱਥੋਂ ਕਰੇ..? ਪੁਲੀਸ ਭਿੱਜੇ ਚੂਹੇ ਵਾਂਗੂੰ ਅੰਦਰ ਵੜੀ ਬੈਠੀ ਹੈ..! ਮੰਤਰੀ ਛੁੱਟੀਆਂ ਮਨਾਉਣ ਨਿਕਲ਼ੇ ਹੋਏ ਨੇ..! ਪ੍ਰਸ਼ਾਸਨ ਚੁੱਪ ਹੈ..! ..ਤੇ ਫ਼ੇਰ ਇਲਾਕੇ ਦਾ ਫ਼ਿਕਰ ਕੌਣ ਕਰੇ..? ਕਿੱਥੇ ਦਾਦ ਫ਼ਰਿਆਦ ਕਰੇ ਬੰਦਾ..? ਉਹ ਉਠ ਕੇ ਤਿਆਰ ਤਾਂ ਹੋ ਗਿਆ ਸੀ, ਪਰ ਜਾਵੇ ਕਿੱਥੇ...?
ਨਿੰਮੀ ਨੇ ਨਾ ਕੁਛ ਪਕਾਇਆ ਅਤੇ ਨਾ ਖਾਧਾ ਸੀ। ਉਹ ਮੱਖੀ ਵਾਂਗ ਕੰਧ ਨਾਲ਼ ਲੱਗੀ ਬੈਠੀ ਸੀ। ਸਵੇਰ ਦੇ ਦੋ ਵੱਜ ਗਏ ਸਨ, ਪਰ ਬੰਤ ਦੀ ਕੋਈ ਉੱਘ-ਸੁੱਘ ਨਹੀਂ ਸੀ। ਚੰਦ ਆਪਣੀ ਪੂਰੀ ਵਾਹ ਲਾਈ ਜਾ ਰਿਹਾ ਸੀ। ਅਖ਼ੀਰ ਸਵੇਰੇ ਪੰਜ ਵਜੇ ਉਸ ਨੇ ਬੰਤ ਨੂੰ ਲੱਭ ਲਿਆ ਅਤੇ ਨਿੰਮੀ ਨੂੰ ਫ਼ੋਨ ਕਰ ਦਿੱਤਾ।
-''ਛੋਟਾ ਭਾਈ ਲੱਭ ਗਿਆ, ਨਿੰਮੀ..!"
-''ਕਿੱਥੇ ਐ ਬਾਈ ਜੀ..?" ਨਿੰਮੀ ਦੇ ਦਿਮਾਗ ਵਿਚ ਖ਼ੁਸ਼ੀ ਦੀਆਂ ਘੰਟੀਆਂ ਖੜਕ ਪਈਆਂ।
-''ਉਹ ਠੀਕ ਨੇ..?"
-''ਆਹੋ ਠੀਕ ਐ..! ਮਾੜੀ ਜੀ ਸਿਰ 'ਚ ਸੱਟ ਐ..!"
-''ਹਸਪਤਾਲ਼ ਨੇ..?"
-''ਆਹੋ..! ਸਵੇਰੇ ਪੱਟੀਆਂ ਬਦਲ ਕੇ ਘਰੇ ਭੇਜ ਦੇਣਗੇ, ਤੂੰ ਹੁਣ ਸੌਂ ਸਵੇਰ ਤੱਕ..! ਮੈਂ ਤੈਨੂੰ ਸਵੇਰੇ ਫ਼ੋਨ ਕਰੂੰਗਾ..!"
-''ਸੱਟ ਬਾਹਲ਼ੀ ਤਾਂ ਨੀ ਬਾਈ ਜੀ..?"
-''ਨਹੀਂ, ਐਵੇਂ ਘਰੂਟ ਜੇ ਵੱਜੇ ਵੇ ਐ, ਕੋਈ ਬਹੁਤੀ ਨੀ..!" ਆਖਣ ਨੂੰ ਤਾਂ ਚੰਦ ਨੇ ਆਖ ਦਿੱਤਾ। ਪਰ ਉਸ ਦੇ ਦਿਲ ਨੂੰ ਡੋਬ ਪੈਣ ਵਾਲ਼ਾ ਹੋ ਗਿਆ ਕਿ ਜੇ ਕੱਲ੍ਹ ਨੂੰ ਕੋਈ ਗੱਲ ਹੋ ਗਈ, ਨਿੰਮੀ ਨੂੰ ਕਿਹੜਾ ਮੂੰਹ ਦਿਖਾਊਂਗਾ..? ਉਸ ਦਾ ਉਲਾਂਭਾ ਤਾਂ ਸਾਰੀ ਉਮਰ ਮੇਰੇ ਸਿਰ ਚੜ੍ਹ ਕੇ ਬੋਲੂਗਾ..! ਬੰਤ ਤਾਂ ਹਸਪਤਾਲ਼ ਦੇ 'ਇੰਨਟੈਨਸਿਵ ਕੇਅਰ' 'ਚ ਦਾਖਲ ਸੀ। ਉਸ ਨੂੰ ਆਕਸੀਜ਼ਨ ਲਾਈ ਹੋਈ ਸੀ ਅਤੇ ਗੁਲੂਕੋਜ਼ ਚਾੜ੍ਹਿਆ ਜਾ ਰਿਹਾ ਸੀ। ਉਹ ਰਾਤ ਦਾ ਹੀ ਬੇਹੋਸ਼ ਸੀ ਅਤੇ ਉਸ ਨੂੰ ਸੁਰਤ ਆਉਣ ਦੀ ਵੀ ਕੋਈ ਸੰਭਾਵਨਾਂ ਨਹੀਂ ਸੀ। ਡਾਕਟਰਾਂ ਅਨੁਸਾਰ ਉਹ 'ਕੋਮਾਂ' ਵਿਚ ਵੀ ਜਾ ਸਕਦਾ ਸੀ, ਜਿੱਥੋਂ ਸ਼ਾਇਦ ਵਾਪਿਸ ਲਿਆਉਣਾਂ ਵੀ ਮੁਸ਼ਕਿਲ ਸੀ। ਉਸ ਦੇ ਸਿਰ ਵਿਚ ਗੰਭੀਰ ਸੱਟਾਂ ਸਨ ਅਤੇ ਡਾਕਟਰ ਉਸ ਦੀ ਹਾਲਤ ਪ੍ਰਤੀ ਚਿੰਤਤ ਨਜ਼ਰ ਆ ਰਹੇ ਸਨ। ਚੰਦ ਸੋਚਾਂ ਦੀ ਮੂਰਤ ਬਣਿਆਂ, ਗੁੰਮ-ਸੁੰਮ ਹੋਇਆ ਬੈਠਾ ਸੀ। ਉਹ ਨਿੰਮੀ ਬਾਰੇ ਸੋਚ ਬੇਹੋਸ਼ ਹੋਣ ਵਾਲ਼ਾ ਹੋਇਆ ਪਿਆ ਸੀ।
ਸਵੇਰੇ ਨੌਂ ਕੁ ਵਜੇ ਜਦ ਨਿੰਮੀ ਦਾ ਫ਼ੋਨ ਆਇਆ ਤਾਂ ਚੰਦ ਨੇ ਫ਼ੋਨ ਚੁੱਕਣ ਤੋਂ ਪਹਿਲਾਂ ਹੀ ਬਹਾਨੇ ਲੱਭਣੇ ਸ਼ੁਰੂ ਕਰ ਦਿੱਤੇ। ਰੱਬ ਦਾ ਨਾਂ ਧਿਆਇਆ। ਪਰ ਕਿੰਨਾਂ ਕੁ ਚਿਰ ਲਾਈ ਜਾਊਂਗਾ ਇਹ ਬਹਾਨੇ..? ਕਿੰਨਾਂ ਕੁ ਚਿਰ ਬੋਲੀ ਜਾਊਂਗਾ ਝੂਠ..? ਸੱਚ ਆਖਰ ਸੱਚ ਹੈ..! ਇੱਕ ਨਾ ਇੱਕ ਦਿਨ ਤਾਂ ਸੱਚ ਸਾਹਮਣੇ ਆਊਗਾ ਹੀ..! ਝੂਠਾ ਪੈਣ ਤੋਂ ਪਹਿਲਾਂ ਸੱਚ ਜ਼ਰੂਰ ਦੱਸ ਦਿੱਤਾ ਜਾਵੇ..! ਨਿੰਮੀ ਦਾ ਫ਼ੋਨ ਵੱਜ ਕੇ ਬੰਦ ਹੋ ਗਿਆ ਸੀ। ਚੰਦ ਨੇ ਉਸ ਨੂੰ ਆਪ ਫ਼ੋਨ ਮਿਲ਼ਾ ਲਿਆ।
-''ਨਿੰਮੀ...! ਗੁੱਡ ਮੌਰਨਿੰਗ ਸ਼ੇਰਾ..!"
-''ਗੁੱਡ ਮੌਰਨਿੰਗ ਬਾਈ ਜੀ..!"
-''ਰਾਤ ਸੌਂ ਲਈ ਸੀ..?"
-''ਥੋਡਾ ਫ਼ੋਨ ਆਉਣ ਤੋਂ ਬਾਅਦ ਈ ਦੋ ਕੁ ਘੰਟੇ ਸੁੱਤੀ ਸੀ ਬਾਈ ਜੀ..! ਕੀ ਹਾਲ ਐ ਇਹਨਾਂ ਦਾ ਹੁਣ..? ਦੇ ਦੇਣਗੇ ਅੱਜ ਛੁੱਟੀ..? ਮੇਰੀ ਉਹਨਾਂ ਨਾਲ਼ ਗੱਲ ਤਾਂ ਕਰਵਾ ਦਿੰਦੇ..? ਮੈਂ ਤਾਂ ਥੋਡੇ ਸਿਰ 'ਤੇ ਬੇਫ਼ਿਕਰ ਹੋਈ ਬੈਠੀ ਆਂ..!" ਆਖ ਉਸ ਨੇ ਚੰਦ ਦੀ ਜ਼ਿੰਮੇਵਾਰੀ ਅਤੇ ਫ਼ਿਕਰ ਦੁੱਗਣਾਂ ਕਰ ਦਿੱਤਾ।
-''ਤੂੰ ਇਉਂ ਕਰ...!"
-''ਦੱਸੋ ਬਾਈ ਜੀ..?"
-''ਤੂੰ ਨਾਸ਼ਤਾ ਕਰ..! ..ਨਹਾ ਕੇ ਚਾਹ ਚੂਹ ਪੀ ਤੇ ਪਾਰਕ ਆਲ਼ੇ ਹਸਪਤਾਲ਼ ਆ ਜਾਹ..! ਆ ਕੇ ਬੰਤ ਨਾਲ਼ ਆਪ ਈ ਗੱਲ ਕਰ ਲੈ..!"
-''ਠੀਕ ਐ ਬਾਈ ਜੀ, ਮੈਂ ਨਹਾ ਕੇ ਘੰਟੇ ਕੁ 'ਚ ਆ ਜਾਊਂਗੀ..!" ਨਿੰਮੀ ਨੇ ਫ਼ੋਨ ਰੱਖਿਆ ਤਾਂ ਚੰਦ ਨੂੰ ਹੌਲ ਪੈਣ ਵਾਲ਼ਾ ਹੋ ਗਿਆ। ਕੀ ਦੇਖੂਗੀ ਆ ਕੇ..? ਕੱਲ੍ਹ ਦੀ ਜੁਆਕੜੀ ਐ..! ਕਿਵੇਂ ਸਾਹਮਣਾਂ ਕਰੂਗੀ ਬੰਤ ਦੀ ਹਾਲਤ ਦਾ..? ਪਰ ਚੰਦ ਸਿਆਂ..! ਸੱਚ ਨੂੰ ਕਿੰਨਾਂ ਕੁ ਚਿਰ ਠੱਪ ਕੇ ਰੱਖੇਂਗਾ..? ਸੱਚ ਨੂੰ ਛੁਪਾਉਂਦਾ ਛੁਪਾਉਂਦਾ ਹੋਰ ਦੋਸ਼ੀ ਬਣੇਂਗਾ..! ਅੱਗ ਬੁੱਕਲ਼ 'ਚ ਛੁਪਾਇਆਂ ਕਦੇ ਨਹੀਂ ਛੁਪਦੀ..! ਧੂੰਆਂ ਨਿਕਲ਼ਣਾਂ ਹੀ ਹੁੰਦਾ ਹੈ..! ਨਿੰਮੀ ਨੂੰ ਹਨ੍ਹੇਰੇ 'ਚ ਰੱਖ ਕੇ ਦੋਸ਼ੀ ਨਾ ਬਣ..! ਸੱਚ ਦਾ ਸ਼ੀਸ਼ਾ ਦਿਖਾ..!
ਮੋਬਾਇਲ ਫ਼ੋਨ ਦੀ ਘੰਟੀ ਨਾਲ਼ ਚੰਦ ਦੇ ਸੋਚਾਂ ਦੀ ਲੜੀ ਟੁੱਟੀ।
ਸਕਰੀਨ 'ਤੇ ਨਿੰਮੀ ਦਾ ਨਾਂ ਆ ਰਿਹਾ ਸੀ।
ਉਸ ਨੇ ਫ਼ੋਨ ਚੁੱਕ ਲਿਆ।
-''ਬਾਈ ਜੀ ਸਾਸਰੀਕਾਲ..!"
-''ਸਾਸਰੀਕਾਲ ਭਾਈ..!"
-''ਕਿੱਥੇ ਓਂ ਤੁਸੀਂ..? ਮੈਂ ਕਿੱਥੇ ਆਵਾਂ..?"
-''ਤੂੰ ਹਸਪਤਾਲ਼ ਆ ਗਈ..?"
-''ਹਾਂ ਬਾਈ ਜੀ, ਮੈਂ ਹਸਪਤਾਲ਼ ਦੇ ਵੱਡੇ ਦਰਵਾਜੇ ਕੋਲ਼ ਖੜ੍ਹੀ ਆਂ, ਬੱਸ ਸਟੈਂਡ ਵਾਲ਼ੇ ਪਾਸੇ..!"
-''ਸਿੱਧੀ ਤੁਰੀ ਆ ਭਾਈ..! ਅੱਗੇ ਕਾਰ ਪਾਰਕਿੰਗ ਕੋਲ਼ੇ ਮੈਂ ਖੜ੍ਹਾ ਹੋਊਂਗਾ..! ਮੈਂ ਕਾਰ ਪਾਰਕਿੰਗ ਦੇ ਨਾਲ਼ ਈ ਪਾਰਕ 'ਚ ਬੈਠੈਂ, ਇੱਕ ਮਿੰਟ 'ਚ ਓਥੇ ਆ ਗਿਆ..!"
ਜਦੋਂ ਨਿੰਮੀ ਚੰਦ ਨੂੰ ਮਿਲ਼ੀ ਤਾਂ ਉਸ ਨੇ ਬਜ਼ੁਰਗਾਂ ਵਾਂਗ ਉਸ ਦਾ ਮੋਢਾ ਪਲ਼ੋਸਿਆ ਅਤੇ ਉਸ ਨੂੰ ਅਗਵਾਈ ਦਿੰਦਾ 'ਇੰਨਟੈਨਸਿਵ ਕੇਅਰ' ਵੱਲ ਲੈ ਤੁਰਿਆ।
ਅੰਦਰ ਜਾ ਕੇ ਉਸ ਨੇ ਰਿਸੈਪਸ਼ਨ 'ਤੇ ਬੈਠੀ ਔਰਤ ਨੂੰ ਨਿੰਮੀ ਬਾਰੇ ਦੱਸਿਆ ਤਾਂ ਉਹ ਕੰਪਿਊਟਰ 'ਤੇ ਕੁਛ ਚੈੱਕ ਕਰਨ ਲੱਗ ਪਈ।
-''ਆਓ..!"
ਉਹ ਅੱਗੇ ਲੱਗ ਤੁਰ ਪਈ।
ਇੱਕ ਕਮਰੇ ਅੱਗੇ ਖੜ੍ਹ ਕੇ ਉਸ ਨੇ ਦੋਨਾਂ ਨੂੰ ਅੰਦਰ ਜਾਣ ਦਾ ਇਸ਼ਾਰਾ ਕੀਤਾ ਅਤੇ ਆਪ ਵੀ ਉਹਨਾਂ ਦੇ ਨਾਲ਼ ਹੀ ਅੰਦਰ ਲੰਘ ਗਈ।
ਬੰਤ ਦੀ ਹਾਲਤ ਦੇਖ ਕੇ ਨਿੰਮੀ ਨੂੰ ਚੱਕਰ ਆਇਆ। ਬੰਤ ਦੇ ਮੂੰਹ 'ਤੇ ਆਕਸੀਜ਼ਨ ਵਾਲ਼ਾ 'ਮਾਸਕ' ਚੜ੍ਹਿਆ ਹੋਇਆ ਸੀ। ਉਸ ਦੀਆਂ ਅੱਖਾਂ ਅੱਧੀਆਂ ਖੁੱਲ੍ਹੀਆਂ ਸਨ ਅਤੇ ਸਿਰ ਪੱਟੀਆਂ ਨਾਲ਼ 'ਮੜ੍ਹਿਆ' ਪਿਆ ਸੀ। ਗਹੁ ਨਾਲ਼ ਦੇਖਣ ਤੋਂ ਪਤਾ ਲੱਗਦਾ ਸੀ ਕਿ ਉਸ ਦੇ ਮੂੰਹ ਅਤੇ ਅੱਖਾਂ 'ਤੇ ਸੋਜ ਸੀ।
ਨਰਸ ਦੇ ਇਸ਼ਾਰੇ 'ਤੇ ਉਹ ਬਾਹਰ ਆ ਗਏ।
ਗੱਲ ਕਰਨ ਯੋਗ ਤਾਂ ਬੰਤ ਹੈ ਨਹੀਂ ਸੀ, ਫ਼ਿਰ ਓਥੇ ਖੜ੍ਹੇ ਰਹਿਣ ਦਾ ਫ਼ਾਇਦਾ ਵੀ ਕੀ ਸੀ?
-''ਬਾਈ ਜੀ....! ਆਹ ਕੀ ਹੋ ਗਿਆ..?"
-''ਮੈਂ ਤੇਰਾ ਦੋਸ਼ੀ ਆਂ ਨਿੱਕੀਏ ਭੈਣੇ..! ਮਲਵਈ ਬਾਈ ਨੂੰ ਮੁਆਫ਼ ਈ ਕਰੀਂ..! ਮੈਂ ਤੈਨੂੰ ਜਾਣ ਬੁੱਝ ਕੇ ਨੀ ਦੱਸਿਆ ਕਿ ਤੂੰ ਫ਼ਿਕਰ 'ਚ ਕੁਛ ਖਾਣਾਂ ਪੀਣਾਂ ਨੀ! ਬੱਸ ਤੇਰਾ ਵੱਡਾ ਬਾਈ ਹੋਣ ਕਰਕੇ ਤੇਰਾ ਫ਼ਿਕਰ ਆਪਣੇ ਸਿਰ ਲਈ ਰੱਖਿਆ, ਪਰ ਸੱਚਾਈ ਹੁਣ ਤੂੰ ਦੇਖ ਈ ਲਈ ਐ ਨਿੰਮੀ..!"
-''.........!" ਨਿੰਮੀ ਚੁੱਪ ਸੀ। ਬੰਤ ਦੀ ਅਣਕਿਆਸੀ ਹਾਲਤ ਦੇਖ ਕੇ ਉਹ ਬੌਂਦਲ਼ ਗਈ ਸੀ। ਉਸ ਨੂੰ ਕੁਝ ਸੁੱਝ ਨਹੀਂ ਰਿਹਾ ਸੀ। ਪਰ ਉਸ ਨੂੰ 'ਸਭ ਅੱਛਾ' ਵੀ ਨਜ਼ਰ ਨਹੀਂ ਆ ਰਿਹਾ ਸੀ। ਬੰਤ ਦੀ ਹਾਲਤ ਅੱਖੀਂ ਦੇਖਣ ਤੋਂ ਬਾਅਦ ਤਾਂ ਹੁਣ ਉਹ ਕੋਈ ਸੁਆਲ ਕਰਨਾ ਵੀ ਬੇਹੂਦੀ ਗੱਲ ਸਮਝਦੀ ਸੀ। ਪਰ ਫ਼ਿਰ ਵੀ ਬੇਵੱਸੀ ਵਿਚ ਉਸ ਨੇ ਚੰਦ ਨੂੰ ਪੁੱਛ ਲਿਆ।
-''ਬਾਈ ਜੀ, ਥੋਨੂੰ ਕੀ ਲੱਗਦੈ..?"
-''ਭੈਣ ਮੇਰੀਏ..! ਉੱਚਾ ਬੋਲ ਨਾ ਬੋਲੀਏ, ਕਰਤਾਰੋਂ ਡਰੀਏ..! ਸਾਰਾ ਕੁਛ ਔਸ ਰੱਬ ਦੇ ਹੱਥ 'ਚ ਐ..! ਰੂਪ ਰੋਵੇ, ਕਰਮ ਖਾਵੇ, ਲੇਖ ਕੀ ਰੱਤੀ ਕਿਤੇ ਨਾ ਜਾਵੇ ..!" ਚੰਦ ਨੇ ਹੱਥ ਅਸਮਾਨ ਵੱਲ ਕਰ ਦਿੱਤੇ।
ਜਦ ਉਹਨਾਂ ਨੇ ਅਗਲੇ ਦਿਨ ਫ਼ਿਰ ਹਸਪਤਾਲ਼ ਜਾ ਕੇ ਪਤਾ ਕੀਤਾ ਤਾਂ ਡਾਕਟਰਾਂ ਨੇ ਵੀ ਕੋਈ ਲੜ ਸਿਰਾ ਨਾ ਫ਼ੜਾਇਆ।
ਉਹ ਹਾਰੇ ਹੁੱਟੇ ਵਾਪਸ ਆ ਗਏ।
ਅਖ਼ੀਰ ਤੀਜੇ ਦਿਨ ਬੰਤ ਦੀ ਨਬਜ਼ 'ਖੜ੍ਹ' ਗਈ। ਉਸ ਦੇ ਦਿਮਾਗ ਵਿਚ ਸੱਟਾਂ ਹੀ ਇਤਨੀਆਂ ਘਾਤਕ ਸਨ ਕਿ ਡਾਕਟਰ ਕੁਛ ਕਰ ਨਹੀਂ ਸੀ ਸਕਦੇ!
ਹਸਪਤਾਲ਼ ਤੋਂ ਸਵੇਰੇ ਤਿੰਨ ਵਜੇ ਹੀ ਫ਼ੋਨ ਆ ਗਿਆ।
-''ਮੈਂ ਲੁੱਟੀ ਗਈ...ਪੱਟੀ ਗਈ ਬਾਈ ਜੀ, ਹਾਏ ਵੇ ਰੱਬਾ..!" ਚੰਦ ਨੂੰ ਫ਼ੋਨ ਮਿਲ਼ਾ ਕੇ ਨਿੰਮੀ ਨੇ ਭੁੱਬ ਮਾਰੀ।
-''ਤੇਰਾ ਵੱਡਾ ਬਾਈ ਤੇਰੇ ਕੋਲ਼ ਐ ਨਿੰਮੀ..! ਰੱਬ ਅੱਗੇ ਤਾਂ ਮੇਰਾ ਕੋਈ ਜੋਰ ਨੀ ਚੱਲਿਆ ਸ਼ੇਰਾ..! ਦੁਨਿਆਵੀ ਗੱਲ, ਜੋ ਵੀ ਮੇਰੇ ਵੱਸ ਹੋਊਗੀ, ਓਥੋਂ ਪਾਸਾ ਨੀ ਵੱਟਦਾ..! ਹੁਣ ਮੇਰੀ ਨਿੱਕੀ ਭੈਣ ਬਣਕੇ ਸਬਰ ਕਰ..! ਮੈਂ ਅੱਧੇ ਘੰਟੇ ਦੇ ਵਿਚ ਤੇਰੇ ਕੋਲ਼ ਆਇਆ ਲੈ..!"
ਚੰਦ ਨੇ ਆ ਕੇ ਨਿੰਮੀ ਨੂੰ ਆਪਣੀ ਸਕੀ ਭੈਣ ਵਾਂਗ ਧਰਵਾਸ ਦਿੱਤਾ। ਬੁੱਕਲ਼ 'ਚ ਲਿਆ।
ਤੀਜੇ ਦਿਨ ਬੰਤ ਦਾ ਸਸਕਾਰ ਕਰ ਦਿੱਤਾ।
ਬੰਤ ਦੇ ਸਸਕਾਰ ਤੋਂ ਬਾਅਦ ਚੰਦ ਅਤੇ ਨਿੰਮੀ ਸ਼ਾਮ ਨੂੰ ਅੱਤ ਦੀ ਉਦਾਸੀ ਵਿਚ ਬੈਠੇ ਸਨ।
-''ਨਿੰਮੀ..! ਜ਼ਿੰਦਗੀ ਇੱਕ ਸਾਗਰ ਹੈ ਭੈਣ ਮੇਰੀਏ..! ਦੋਸਤ ਜਾਂ ਮੇਰੇ ਵਰਗੇ ਭਰਾ ਲਹਿਰ ਨੇ ਤੇ ਦਿਲ ਕਿਨਾਰਾ..! ਇਹ ਜ਼ਰੂਰੀ ਨਹੀਂ ਕਿ ਸਾਗਰ ਵਿਚ ਕਿੰਨੀਆਂ ਲਹਿਰਾਂ ਨੇ..! ਜ਼ਰੂਰੀ ਗੱਲ ਤਾਂ ਇਹ ਹੈ ਕਿ ਕਿਹੜੀ ਲਹਿਰ 'ਕਿਨਾਰੇ' ਨੂੰ ਲੱਗਦੀ ਐ..! ਕਈ ਵਾਰ ਮੈਨੂੰ ਇੱਕ ਸ਼ੇਅਰ ਯਾਦ ਆਉਂਦੈ; ਮੱਚਦੇ ਭਾਂਬੜ ਦੇ ਵੱਸ 'ਚ ਨਹੀਂ ਸੀ ਰਾਖ਼ ਕਰਨਾ..! ਰੱਜ ਕੇ ਜੀਣ ਦੀ ਜ਼ਿਦ ਸੀ ਮੇਰੀ ਖ਼ਾਹਿਸ਼ ਦੀ..!"
-''............!"
-''ਕਹਿੰਦੇ ਹੁੰਦੇ ਐ ਕੰਡਿਆਂ ਦਾ ਕੀ ਦੋਸ਼? ਦੋਸ਼ ਤਾਂ ਉਹਨਾਂ ਉਪਰ ਤੁਰਨ ਵਾਲ਼ੇ ਦਾ ਹੁੰਦੈ..! ਪਰ ਜ਼ਿੰਦਗੀ ਤਾਂ ਇੱਕ ਐਹੋ ਜਿਆ ਪੰਧ ਐ, ਜਿਸ 'ਤੇ ਬੰਦਾ ਆਪਣੀ ਇੱਛਾ ਅਨੁਸਾਰ ਨਹੀਂ ਤੁਰ ਸਕਦਾ..! ਪਰ ਹੁਣ ਤੂੰ ਦੱਸ, ਬਈ ਬੰਤ ਸਿਉਂ ਤਾਂ ਸਾਨੂੰ ਛੱਡ ਕੇ ਗਿਆ, ਤੁਰ..! ਓਥੇ ਆਪਣੇ ਕੋਈ ਵੱਸ ਨੀ..! ਜ਼ਿੰਦਗੀ ਭੈਣ ਮੇਰੀਏ ਕਿਵੇਂ ਨਾ ਕਿਵੇਂ ਅੱਗੇ ਤੋਰ ਕੇ ਕੱਟਣੀ ਪੈਣੀ ਐਂ..! ਕਹਿੰਦੇ ਹੁੰਦੇ ਐ; ਭੋਗੇ ਬਿਨ ਭਾਗੇ ਨਹੀਂ, ਕਰਮਗਤੀ ਬਲਵਾਨ..! ਹੁਣ ਤੂੰ ਦੱਸ ਤੇਰਾ ਅੱਗੇ ਕੀ ਵਿਚਾਰ ਐ..?"
ਨਿੰਮੀ ਉੱਚੀ-ਉੱਚੀ ਰੋ ਪਈ। ਉਸ ਦੀਆਂ ਅੱਖੀਆਂ 'ਚ ਵਸਣ ਵਾਲ਼ਾ ਬੰਤ 'ਝਾਤ' ਆਖ ਜਹਾਨੋਂ 'ਕੂਚ' ਕਰ ਗਿਆ ਸੀ।
-''ਰੋਣਾਂ ਨਹੀਂ ਸ਼ੇਰਾ..! ਦੇਖ ਤੇਰਾ ਮਲਵਈ ਬਾਈ ਤੇਰੇ ਸਾਹਮਣੇ ਬੈਠੈ, ਚਾਹੇ ਵੱਢ ਕੇ ਨੀਂਹ ਹੇਠ ਦੇ ਲੈ, ਪਰ ਰੋਣਾਂ ਨੀ ਮੇਰੇ ਸ਼ੇਰ ਨੇ..! ਤੂੰ ਮੂੰਹੋਂ ਬੋਲ ਕੇ ਦੱਸ ਅੱਗੇ ਤੇਰਾ ਕੀ ਖ਼ਿਆਲ ਐ..? ਜੇ ਵਿਆਹ ਵੀ ਕਰਨੈਂ ਤਾਂ ਸਾਰਾ ਖਰਚਾ ਤੇਰਾ ਆਹ ਬਾਈ ਕਰੂਗਾ..!" ਉਸ ਨੇ ਹਿੱਕ 'ਤੇ ਧੱਫ਼ਾ ਮਾਰਿਆ।
-''ਨਹੀਂ ਬਾਈ ਜੀ..! ਮੈਂ ਹੋਰ ਵਿਆਹ ਨਹੀਂ ਕਰਨਾ..! ਬੰਤ ਜੀ ਦੇ ਦਿੱਤੇ ਪਿਆਰ ਨਾਲ਼ ਮੈਂ ਰਹਿੰਦੀ ਜ਼ਿੰਦਗੀ ਬਸਰ ਕਰੂੰਗੀ..!"
-''ਪਰ ਐਡੀ ਲੰਮੀ ਜ਼ਿੰਦਗੀ ਦਾ ਪੰਧ ਮਾਰਨ ਲਈ ਕਿਸੇ ਆਹਰ ਦੀ ਲੋੜ ਹੁੰਦੀ ਐ ਮੇਰੀਏ ਕਮਲ਼ੀਏ ਭੈਣੇ..! 'ਕੱਲੀ ਦੀ ਜ਼ਿੰਦਗੀ ਬਸਰ ਨਹੀਂ ਹੋਣੀ..! ਅਖ਼ੀਰ ਬੁੜ੍ਹਾਪੇ 'ਚ ਜਾ ਕੇ ਤੈਨੂੰ ਮੇਰੀ ਆਹ ਗੱਲ ਯਾਦ ਆਊਗੀ..! ਜ਼ਿੰਦਗੀ ਜਿਉਣ ਲਈ ਕੋਈ ਆਸ ਤੇ ਆਹਰ ਚਾਹੀਦੈ..! ਮੇਰੇ ਵੱਲ ਦੇਖ ਲੈ..! ਵੱਜਦਾ ਫ਼ਿਰਦੈਂ ਨਾ ਕੰਧਾਂ ਨਾਲ਼..?"
-''ਬਾਈ ਜੀ..!"
-''ਬੋਲ ਸ਼ੇਰਾ..?"
-''ਤੁਸੀਂ ਮੇਰੇ ਨਾਲ਼ ਇੰਡੀਆ ਚੱਲੋ...!"
-''ਪੱਕਾ ਚੱਲੂੰਗਾ ਸ਼ੇਰਾ...!"
-''ਨਾਲ਼ੇ ਤਾਂ ਆਪਾਂ ਬੰਤ ਜੀ ਦੇ ਫ਼ੁੱਲ ਤਾਰ ਆਵਾਂਗੇ ਤੇ ਨਾਲ਼ੇ ਮੈਂ ਆਪਣੀ ਸਹੇਲੀ ਰੀਤ ਦਾ ਬੱਚਾ ਗੋਦ ਲੈ ਆਊਂਗੀ..! ਓਸੇ ਆਹਰ ਨਾਲ਼ ਮੈਂ ਜ਼ਿੰਦਗੀ ਬਸਰ ਕਰ ਲਊਂਗੀ, ਪਰ ਮੇਰੀ ਇੱਕ ਬੇਨਤੀ ਹੈ ਥੋਨੂੰ..!"
-''ਬੋਲ ਸ਼ੇਰਾ...! ਹੁਕਮ ਕਰ..!! ਤੇਰਾ ਮਲਵਈ ਬਾਈ ਤੇਰੇ ਲਈ ਜਿੰਦ ਵਾਰਨ ਨੂੰ ਤਿਆਰ ਐ..!!!"
-''ਬਾਈ ਜੀ ਬਣਕੇ ਤੁਸੀਂ ਮੈਨੂੰ ਮੁੜ ਕਦੇ ਵਿਆਹ ਕਰਨ ਵਾਸਤੇ ਜੋਰ ਨਾ ਪਾਇਓ, ਮੈਂ ਆਪਣੀ ਰਹਿੰਦੀ ਜ਼ਿੰਦਗੀ ਆਪਣੇ ਬੰਤ ਜੀ ਦੀ ਯਾਦ ਵਿਚ ਹੀ ਬਿਤਾ ਦੇਣਾਂ ਚਾਹੁੰਦੀ ਹਾਂ..!"
-''ਠੀਕ ਐ...! ਗੁੱਡ ਗਰਲ..!!"
-''ਥੋੜ੍ਹੇ ਜੇ ਸਮੇਂ 'ਚ ਮੈਨੂੰ ਉਹਨਾਂ ਨੇ ਮੋਹ-ਮੁਹੱਬਤ ਈ ਐਨੀ ਬਖ਼ਸ਼ੀ ਐ ਕਿ ਰਹਿੰਦੀ ਜ਼ਿੰਦਗੀ ਨਹੀਂ ਮੁੱਕਣੀ, ਉਹ ਹਮੇਸ਼ਾ ਮੇਰੀਆਂ ਅੱਖੀਆਂ 'ਚ ਵਸਦੇ ਰਹਿਣਗੇ..! ਮੈਂ ਉਹਨਾਂ ਔਰਤਾਂ ਵਰਗੀ ਨਹੀਂ ਬਣਨਾ ਚਾਹੁੰਦੀ ਕਿ ਇੱਕ ਨੇ ਪਾਸਾ ਵੱਟਿਆ ਤੇ ਠਾਹ ਦੂਜਾ ਕਰ ਲਿਆ..! ਮੈਂ ਰਹਿੰਦੀ ਜ਼ਿੰਦਗੀ ਬੰਤ ਜੀ ਦੇ ਪਿਆਰ ਆਸਰੇ ਕੱਟੂੰਗੀ..!"
-''ਮਨਜ਼ੂਰ ਐ ਸ਼ੇਰ ਬੱਗਿਆ..!"
...ਤੇ ਅਗਲੇ ਹਫ਼ਤੇ ਰੀਤ ਦਾ ਬੱਚਾ ਗੋਦ ਲੈਣ ਲਈ ਬਾਈ ਚੰਦ ਅਤੇ ਨਿੰਮੀ ਬੰਤ ਦੇ ਫ਼ੁੱਲ ਲੈ ਇੰਡੀਆ ਨੂੰ ਉਡਾਰੀ ਮਾਰ ਗਏ...! ਬੰਤ ਦੇ ਫ਼ੁੱਲ ਨਿੰਮੀ ਹਿੱਕ ਨਾਲ਼ ਘੁੱਟੀ ਬੈਠੀ ਸੀ...!!
ਸਮਾਪਤ |