Media Punjab - head

ਸਿੱਖਾਂ ਦੇ 'ਦਰਦ' 'ਤੇ ਰਾਜਨੀਤੀ ਤਾਂ ਨਾ ਕਰੋ? -ਜਸਵੰਤ ਸਿੰਘ 'ਅਜੀਤ'

ਨਵੰਬਰ-84 ਦੇ ਸਿੱਖ-ਕਤਲੇਆਮ ਲਈ ਗਰਦਾਨੇ ਜਾਂਦੇ ਚਲੇ ਆ ਰਹੇ ਇੱਕ ਮੁਖੀ ਸੱਜਣ ਕੁਮਾਰ ਨੂੰ ਇੱਕ ਮਾਮਲੇ ਵਿੱਚ ਅਦਾਲਤ ਵਲੋਂ ਉਨ੍ਹਾਂ ਸਾਰੇ ਦੋਸ਼ਾਂ, ਜੋ ਉਸ ਪੁਰ ਲਾਏ ਗਏ, ਤੋਂ ਮੁਕਤ ਕਰਾਰ ਦੇ ਦਿੱਤੇ ਜਾਣ ਦੇ ਕਾਰਣ ਸਿੱਖਾਂ ਵਿੱਚ ਭਾਰੀ ਰੋਸ ਅਤੇ ਗੁੱਸਾ ਪੈਦਾ ਹੋ ਗਿਆ ਹੋਇਆ ਹੈ, ਜਿਸਨੂੰ ਉਹ ਮੁਜ਼ਾਹਿਰਿਆਂ ਅਤੇ ਧਰਨਿਆਂ ਦੇ ਰੂਪ ਵਿੱਚ ਜ਼ੋਰ-ਸ਼ੋਰ ਨਾਲ ਪ੍ਰਗਟ ਕਰ ਰਹੇ ਹਨ। ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਜਾਰੀ ਇੱਕ ਪ੍ਰੈਸ ਬਿਆਨ ਅਨੁਸਾਰ ਨਵੀਂ ਦਿੱਲੀ ਦੇ ਜੰਤਰ-ਮੰਤਰ 'ਤੇ 'ਸ਼ਾਂਤੀਪੂਰਣ' ਪ੍ਰਦਰਸ਼ਨ ਕਰ ਰਹੇ ਅਕਾਲੀ ਨੇਤਾਵਾਂ ਅਤੇ ਵਰਕਰਾਂ ਪੁਰ ਪੁਲਿਸ ਵਲੋਂ ਬੜੀ ਹੀ 'ਬੇਰਹਿਮੀ' ਨਾਲ ਲਾਠੀਆਂ ਮਾਂਜੀਆਂ ਗਈਆਂ, ਜਿਸਦੇ ਫਲਸਰੂਪ ਸ. ਮਨਜਿੰਦਰ ਸਿੰਘ ਸਿਰਸਾ, ਜ. ਓਂਕਾਰ ਸਿੰਘ ਥਾਪਰ, ਜ. ਕੁਲਦੀਪ ਸਿੰਘ ਭੋਗਲ ਆਦਿ ਮੁੱਖੀਆਂ ਸਹਿਤ ਕਈ ਅਕਾਲੀ ਵਰਕਰ 'ਗੰਭੀਰ' ਰੂਪ ਵਿੱਚ ਜ਼ਖਮੀ ਹੋ ਗਏ। ਜੇ ਇਹ ਸੱਚ ਹੈ, (ਇਹ ਸੁਆਲ ਉਠਾਣ ਦਾ ਕਾਰਣ ਇਹ ਹੈ ਕਿ ਅਕਾਲੀ ਦਲ (ਬਾਦਲ) ਦੇ ਇਕ ਵਰਕਰ ਅਨੁਸਾਰ ਇਸ ਵਾਰ ਉਨ੍ਹਾਂ ਨਾਲ ਪੁਲਿਸ ਦਾ ਵਿਹਾਰ ਬਹੁਤ ਹੀ ਚੰਗਾ ਹੋ ਰਿਹਾ ਹੈ, ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਥਾਣੇ ਲਿਜਾਂਦੀ, ਬੜੇ ਆਰਾਮ ਨਾਲ ਬਿਠਾਂਦੀ ਅਤੇ ਚਾਹ-ਪਾਣੀ ਨਾਲ ਉਨ੍ਹਾਂ ਦੀ ਚੰਗੀ ਸੇਵਾ ਵੀ ਕਰਦੀ ਹੈ, ਸੇਵਾ ਕਰਨ ਤੋਂ ਬਾਅਦ ਉਹ ਸਾਰਿਆਂ ਨੂੰ ਘਰ ਜਾਣ ਦੀ ਇਜਾਜ਼ਤ ਦੇ ਦਿੰਦੀ ਹੈ) ਤਾਂ ਪੁਲਿਸ ਦਾ ਇਹ ਵਿਹਾਰ ਬਹੁਤ ਹੀ ਨਿੰਦਾ-ਜਨਕ ਹੈ। ਪੁਲਸ ਅਤੇ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਸਿੱਖ-ਕਤਲੇਆਮ ਨਾਲ ਸਬੰਧਤ ਮੁੱਖ ਦੋਸ਼ੀਆਂ ਨੂੰ ਸਜ਼ਾ ਦੁਆਣ ਲਈ ਸਿੱਖ-ਜਗਤ ਬੀਤੇ ਲਗਭਗ 29 ਵਰ੍ਹਿਆਂ ਤੋਂ ਲਗਾਤਾਰ ਸੰਘਰਸ਼ ਕਰਦਾ ਚਲਿਆ ਆ ਰਿਹਾ ਹੈ। ਜਦੋਂ ਕਦੀ ਵੀ ਅਦਾਲਤ ਵਲੋਂ ਇਸ ਕਤਲੇਆਮ ਲਈ ਗਰਦਾਨੇ ਜਾਂਦੇ ਕਿਸੇ ਮੁੱਖ ਦੋਸ਼ੀ ਨੂੰ ਦੋਸ਼-ਮੁਕਤ ਕਰਾਰ ਦਿਤਾ ਜਾਂਦਾ ਹੈ ਤਾਂ ਸਿੱਖਾਂ ਦੇ ਦਿਲਾਂ ਪੁਰ ਡੂੰਘੀ ਸੱਟ ਵਜਦੀ ਹੈ ਅਤੇ ਉਹ ਬੁਰੀ ਤਰ੍ਹਾਂ ਆਹਤ ਹੋ ਜਾਂਦੇ ਹਨ। ਉਨ੍ਹਾਂ ਦਾ ਹੋਰ ਤਾਂ ਕੋਈ ਵਸ ਚਲਦਾ ਨਹੀਂ, ਉਹ ਆਪਣਾ ਰੋਸ ਅਤੇ ਦੁੱਖ ਪ੍ਰਦਰਸ਼ਨਾਂ ਅਤੇ ਧਰਨਿਆਂ ਦੇ ਰੂਪ ਵਿੱਚ ਪ੍ਰਗਟ ਕਰਨ ਲਗਦੇ ਹਨ। ਸਰਕਾਰ ਅਤੇ ਵਿਸ਼ੇਸ਼ ਕਰ ਕੇ ਪੁਲਿਸ ਨੂੰ ਅਜਿਹੀ ਸਥਿਤੀ ਵਿੱਚ ਸਿੱਖਾਂ ਦੇ 'ਦਰਦ' ਅਤੇ ਉਨ੍ਹਾਂ ਦੀਆਂ 'ਆਹਤ' ਭਾਵਨਾਵਾਂ ਨੂੰ ਸਮਝਣਾ ਅਤੇ ਉਨ੍ਹਾਂ ਨਾਲ ਸਖਤੀ ਦਾ ਵਿਹਾਰ ਕਰਨ ਤੋਂ ਸੰਕੋਚ ਕਰਨਾ ਚਾਹੀਦਾ ਹੈ।
ਕੌਣ ਹੈ ਜ਼ਿਮੇਂਦਾਰ : ਦਸਿਆ ਗਿਆ ਹੈ ਕਿ ਅਦਾਲਤ ਵਲੋਂ ਸੱਜਣ ਕੁਮਾਰ ਨੂੰ ਸਾਰੇ ਦੋਸ਼ਾਂ ਤੋਂ ਮੁਕਤ ਕੀਤੇ ਜਾਣ ਵਿੱਚ ਸੀ ਬੀ ਆਈ ਦੇ ਐਡਵੋਕੇਟ ਆਰ ਐਸ ਚੀਮਾ, ਜੋ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਸੱਜਣ ਕੁਮਾਰ ਵਿਰੁਧ ਪੈਰਵੀ ਕਰਨ ਦੇ ਉਦੇਸ਼ ਨਾਲ ਉਪਲਬੱਧ ਕਰਵਾਏ ਗਏ ਹੋਏ ਹਨ, ਵਲੋਂ ਦਾਖਲ ਕੀਤਾ ਗਿਆ ਉਹ ਬਿਆਨ ਅਧਾਰ ਬਣਾਇਆ ਗਿਆ, ਜਿਸ ਵਿੱਚ ਕਿਹਾ ਗਿਆ ਕਿ ਸੱਜਣ ਕੁਮਾਰ ਦੇ ਵਿਰੁਧ ਮੁੱਖ ਗਵਾਹ, ਜਗਦੀਸ਼ ਕੌਰ ਵਲੋਂ 1995 ਵਿੱਚ ਪੁਲਿਸ ਪਾਸ ਜੋ ਰਿਪੋਰਟ (ਐਫਆਈਆਰ) ਦਰਜ ਕਰਵਾਈ ਗਈ ਅਤੇ ਰੰਗਾਨਾਥ ਮਿਸਰਾ ਕਮਿਸ਼ਨ ਪਾਸ ਜੋ ਬਿਆਨ ਦਾਖਲ ਕੀਤਾ ਗਿਆ, ਉਨ੍ਹਾਂ ਵਿੱਚ ਸੱਜਣ ਕੁਮਾਰ ਦਾ ਨਾਂ ਨਹੀਂ।
ਸੁਆਲ ਉਠਦਾ ਹੈ ਕਿ ਇਹ ਗਲਤੀ ਕਿਸ ਪਾਸੋਂ ਅਤੇ ਕਿਉਂ ਹੋਈ? ਇਹ ਤਾਂ ਹੋ ਨਹੀਂ ਸਕਦਾ ਕਿ ਇਨ੍ਹਾਂ ਦੋਹਾਂ ਬਿਆਨਾਂ ਦੀ ਡ੍ਰਾਫਟਿੰਗ ਜਗਦੀਸ਼ ਕੌਰ ਨੇ ਆਪ ਹੀ ਤਿਆਰ ਕੀਤੀ ਜਾਂ ਕਰਵਾਈ ਹੋਵੇ? ਸੰਭਾਵਨਾ ਤਾਂ ਇਹੀ ਬਣਦੀ ਹੈ ਕਿ ਇਨ੍ਹਾਂ ਬਿਆਨਾਂ ਦੇ ਡ੍ਰਾਫਟ ਕਿਸੇ ਐਡਵੋਕੇਟ ਵਲੋਂ ਹੀ ਤਿਆਰ ਕੀਤੇ ਗਏ ਹੋਣਗੇ। ਇਸਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਆਖਿਰ, ਉਹ ਐਡਵੋਕੇਟ ਕੌਣ ਹੈ ਅਤੇ ਉਸਤੋਂ ਅਜਿਹੀ ਅਣਗਹਿਲੀ ਕਿਵੇਂ ਅਤੇ ਕਿਉਂ ਹੋਈ?
ਸ. ਸਰਨਾ ਦਾ ਪੱਖ : ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਜਣ ਕੁਮਾਰ ਨੂੰ ਅਦਾਲਤ ਵਲੋਂ ਦੋਸ਼-ਮੁਕਤ ਕਰਾਰ ਦਿੱਤੇ ਜਾਣ ਦੇ ਵਿਰੁਧ ਦੇਸ਼-ਵਿਦੇਸ਼ ਵਿੱਚ ਸਿੱਖਾਂ ਵਲੋਂ ਕੀਤੇ ਜਾ ਰਹੇ ਰੋਸ-ਪ੍ਰਦਰਸ਼ਨਾਂ ਨੂੰ ਸਿੱਖਾਂ ਦੀਆਂ ਦੁਖੀ ਭਾਵਨਾਵਾਂ ਦਾ ਸਾਰਥਕ ਪ੍ਰਗਟਾਵਾ ਕਰਾਰ ਦਿੰਦਿਆਂ ਕਿਹਾ ਕਿ ਇਹ ਇਸ ਗਲ ਦਾ ਸਬੂਤ ਹਨ ਕਿ ਸਿੱਖ ਕਤਲੇਆਮ ਨੂੰ ਵਾਪਰਿਆਂ ਭਾਵੇਂ 29 ਵਰ੍ਹੇ ਬੀਤ ਗਏ ਹਨ ਫਿਰ ਵੀ ਉਸਦੇ ਫਲਸਰੂਪ ਸਿੱਖਾਂ ਦੇ ਦਿਲਾਂ ਪੁਰ ਲਗੇ ਜ਼ਖਮ ਅਜੇ ਤਕ ਭਰੇ ਨਹੀਂ ਹਨ। ਸ. ਸਰਨਾ ਨੇ ਕਿਹਾ ਕਿ ਇਹ ਅਫਸੋਸ ਦੀ ਗਲ ਹੈ ਕਿ ਸਿੱਖਾਂ ਦੇ ਜ਼ਖਮਾਂ ਪੁਰ ਅਜਤਕ ਕਿਸੇ ਨੇ ਵੀ ਸਾਰਥਕ ਮਲ੍ਹਮ ਲਾਣ ਦਾ ਉਪਰਾਲਾ ਨਹੀਂ ਕੀਤਾ। ਉਨ੍ਹਾਂ ਅਨੁਸਾਰ ਆਮ ਸਿੱਖਾਂ ਨੂੰ ਇਸ ਗਲ ਦਾ ਦੁਖ ਹੈ ਕਿ ਜਦੋਂ ਕਦੀ ਵੀ ਉਹ ਇੱਕ-ਜੁਟ ਹੋ ਆਪਣੇ ਨਾਲ ਹੋਣ ਵਾਲੀ ਬੇਇਨਸਾਫੀ ਅਤੇ ਹੋ ਰਹੇ ਜ਼ੁਲਮ ਵਿਰੁਧ ਸ਼ਕਤੀ-ਪ੍ਰਦਰਸ਼ਨ ਕਰਨ ਲਈ ਸੜਕਾਂ ਤੇ ਉਤਰਦੇ ਹਨ, ਕੁਝ ਲੋਕੀ ਰਾਜਨੈਤਿਕ ਸੁਆਰਥ ਦੀ ਪੂਰਤੀ ਲਈ ਉਨ੍ਹਾਂ ਦੀ ਸ਼ਕਤੀ ਨੂੰ ਤਾਰਪੀਡੋ ਕਰਨ ਲਈ ਮੈਦਾਨ ਵਿੱਚ ਨਿਤਰ ਆਉਂਦੇ ਹਨ। ਉਨ੍ਹਾਂ ਦਸਿਆ ਕਿ ਬੀਤੇ ਦਿਨੀਂ ਦਿੱਲੀ ਵਿੱਚ ਇਹੀ ਕੁਝ ਵੇਖਣ ਨੂੰ ਮਿਲਿਆ। ਇੱਕ ਪਾਸੇ ਤਾਂ ਰਾਜਧਾਨੀ ਵਿੱਚਲੀਆਂ ਸਾਰੀਆਂ ਸਿੱਖ ਜਥੇਬੰਦੀਆਂ ਆਪੋ-ਆਪਣੀ ਰਾਜਸੀ ਸੋਚ ਤੋਂ ਉਪਰ ਉਠ, ਸਜਣ ਕੁਮਾਰ ਨੂੰ ਦੋਸ਼-ਮੁਕਤ ਕੀਤੇ ਜਾਣ ਵਿਰੁਧ ਰੋਸ ਪ੍ਰਗਟ ਕਰਨ ਲਈ ਸੜਕਾਂ 'ਤੇ ਉਤਰ ਆਈਆਂ ਸਨ, ਤਾਂ ਜੋ ਪੀੜਤਾਂ ਨੂੰ ਇਨਸਾਫ ਮਿਲ ਸਕੇ। ਦੂਜੇ ਪਾਸੇ ਸਿੱਖਾਂ ਦੇ ਇਸ ਰੋਸ ਪ੍ਰਗਟਾਵੇ ਦਾ ਰਾਜਸੀ ਲਾਭ ਲੈਣ ਲਈ ਇੱਕ ਰਾਜਸੀ ਗਠਜੋੜ ਨੇ ਇਸ ਰੋਸ ਪ੍ਰਦਰਸ਼ਨ ਨੂੰ ਹਾਈਜੈਕ ਕਰ ਦੂਜਿਆਂ ਨੂੰ ਪਿਛੇ ਧਕਣਾ ਸ਼ੁਰੂ ਕਰ ਦਿਤਾ। ਇਸਤਰ੍ਹਾਂ ਬਾਜ਼ੀ ਇਕ ਰਾਜਸੀ ਗਠਜੋੜ ਦੇ ਪਾਲੇ ਵਿੱਚ ਜਾਂਦਿਆਂ ਵੇਖ ਇਕ ਹੋਰ ਪਾਰਟੀ ਆਪਣਾ ਝੰਡਾ ਲੈ ਪੀੜਤਾਂ ਨੂੰ ਇਨਸਾਫ ਦੁਆਣ ਦਾ ਨਾਹਰਾ ਲਾ ਮੈਦਾਨ ਵਿੱਚ ਨਿਤਰ ਆਈ। ਉਸ ਨੇ ਸਜਣ ਕੁਮਾਰ ਵਿਰੁਧ ਮੁਖ ਗੁਆਹ ਨਿਰਪ੍ਰੀਤ ਕੌਰ ਪਾਸੋਂ ਚਾਰ ਮੰਗਾਂ ਦੇ ਆਧਾਰ ਤੇ ਭੁਖ ਹੜਤਾਲ ਕਰਵਾ ਦਿੱਤੀ। ਜਦੋਂ ਇਸ ਭੁਖ ਹੜਤਾਲ ਦੇ ਚਲਦਿਆਂ ਰਾਜਸੀ ਗਠਜੋੜ ਦੇ ਮੁਖੀਆਂ ਨੂੰ ਬਾਜ਼ੀ ਆਪਣੇ ਹਥੋਂ ਨਿਕਲਦੀ ਨਜ਼ਰ ਆਈ ਤਾਂ ਉਨ੍ਹਾਂ ਝਟ ਹੀ ਆਪਣੀ ਟੀਮ ਦਿੱਲੀ ਬੁਲਵਾ ਲਈ ਜਿਸਨੇ ਰਾਜਸੀ ਰਣਨੀਤੀ ਦਾ ਸਹਾਰਾ ਲੈਂਦਿਆਂ ਚਹੁੰ ਮੰਗਾਂ ਵਿਚੋਂ ਬਿਨਾਂ ਕੋਈ ਇਕ ਵੀ ਮੰਗ ਮਨਵਾਏ ਨਿਰਪ੍ਰੀਤ ਕੌਰ ਪਾਸੋਂ ਭੁਖ ਹੜਤਾਲ ਖਤਮ ਕਰਵਾ ਦਿੱਤੀ। ਇਸਤਰ੍ਹਾਂ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਇਕ ਮਹੱਤਵਪੂਰਣ ਮੁੱਦੇ ਨੂੰ ਸਿਆਸੀ ਡਰਾਮਾ ਬਣਾ ਕਮਜ਼ੋਰ ਕਰਕੇ ਰਖ ਦਿੱਤਾ ਗਿਆ।
ਇਹ ਕਿਹੇ ਮਾਪ-ਦੰਡ ਨੇ : ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿੱਚ ਪੜ੍ਹਨ ਵਾਲੇ ਸਿੱਖ-ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਬੱਚਿਆਂ ਦੀ ਪੂਰੀ ਫੀਸ ਮਾਫ ਕਰ 'ਵਾਹਵਾਹੀ' ਲੁਟਣ ਵਾਲੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੁਖੀਆਂ ਦਾ ਧਿਆਨ ਪਤਾ ਨਹੀਂ ਉਨ੍ਹਾਂ ਦੇ ਆਪਣੇ ਹੀ ਪ੍ਰਬੰਧ ਹੇਠਲੇ ਇਕ ਸਕੂਲ ਵਿੱਚ ਪੜ੍ਹਦੀ ਉਸ ਬੱਚੀ ਵਲ ਕਿਉਂ ਨਹੀਂ ਗਿਆ, ਜਿਸਨੂੰ ਕੇਵਲ ਇਸ ਲਈ ਕਲਾਸ ਤੋਂ ਬਾਹਰ ਕਢ ਅਪਮਾਨਤ ਕੀਤਾ ਗਿਆ, ਕਿਉਂਕਿ ਉਸਦੀ ਫੀਸ ਸਮੇਂ ਸਿਰ ਜਮ੍ਹਾ ਨਹੀਂ ਸੀ ਹੋ ਸਕੀ। ਹਾਲਾਂਕਿ ਉਸਦੇ ਪਿਤਾ ਅਤੇ ਗੁਰਦੁਆਰਾ ਕਮੇਟੀ ਦੇ ਇੱਕ ਮੈਂਬਰ ਵਲੋਂ ਪ੍ਰਿੰਸੀਪਲ ਨੂੰ ਭਰੋਸਾ ਦੁਆਇਆ ਗਿਆ ਹੋਇਆ ਸੀ ਕਿ ਉਨ੍ਹਾਂ ਵਲੋਂ ਛੇਤੀ ਹੀ ਬੱਚੀ ਦੀ ਪੂਰੀ ਫੀਸ ਜਮ੍ਹਾ ਕਰਵਾ ਦਿੱਤੀ ਜਾਇਗੀੇ। ਪ੍ਰਿੰਸੀਪਲ ਦੀ ਨਿਯੁਕਤੀ ਅਤੇ ਉਸਦੇ ਨਿਜੀ ਆਚਰਣ ਨੂੰ ਲੈ ਕੇ ਕਈ ਤਰ੍ਹਾਂ ਦੇ ਸੁਆਲ ਉਠਾਏ ਜਾ ਰਹੇ ਹਨ, ਪ੍ਰੰਤੂ ਇਥੇ ਸੁਆਲ ਉਸਦੀ ਨਿਯੁਕਤੀ ਜਾਂ ਉਸਦੇ ਨਿਜੀ ਆਚਰਣ ਦਾ ਨਹੀਂ, ਸਗੋਂ ਇੱਕ ਮਾਸੂਮ ਬੱਚੀ ਦੀ ਫੀਸ ਸਮੇਂ ਸਿਰ ਜਮ੍ਹਾ ਨਾ ਹੋ ਪਾਣ ਦੇ ਕਾਰਣ ਉਸਨੂੰ ਅਪਮਾਨਤ ਕੀਤੇ ਜਾਣ ਦਾ ਹੈ, ਜਿਸਤੋਂ ਆਹਤ ਹੋ ਉਹ ਬੱਚੀ ਆਤਮਹਤਿਆ ਕਰਨ ਦਾ ਗੰਭੀਰ ਕਦਮ ਤਕ ਉਠਾਣ ਚਲੀ ਗਈ ਸੀ। ਹੈਰਾਨੀ ਤਾਂ ਇਸ ਗਲ ਦੀ ਹੈ ਕਿ ਨਾ ਤਾਂ ਸਕੂਲ ਦੀ ਸਰਪ੍ਰਸਤ ਸੰਸਥਾ ਦੇ ਮੁੱਖੀਆਂ ਅਤੇ ਨਾ ਹੀ ਪੁਲਿਸ ਨੇ ਹੀ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਸਮਝੀ। ਸਵਾਲ ਉਠਦਾ ਹੈ ਕਿ ਕੀ ਬੱਚੀ ਆਤਮਹਤਿਆ ਕਰ ਸਵਰਗ ਸਿਧਾਰ ਗਈ ਹੁੰਦੀ ਤਾਂ ਹੀ ਇਸਨੂੰ ਗੰਭੀਰ ਮਾਮਲਾ ਸਮਝਿਆ ਜਾਂਦਾ? ਇਸਦੇ ਨਾਲ ਹੀ ਇਹ ਸਵਾਲ ਵੀ ਪੈਦਾ ਹੁੰਦਾ ਹੈ ਕਿ ਕੀ ਪੀੜਤ ਪਰਿਵਾਰਾਂ ਦੇ ਬਚਿਆਂ ਦੀ ਪੂਰੀ ਫੀਸ ਮਾਫ ਕਰਨ ਦਾ ਐਲਾਨ ਕਰ 'ਵਾਹਵਾਹੀ' ਲੁਟਣ ਵਾਲੇ, ਗੁਰਦੁਆਰਾ ਕਮੇਟੀ ਦੇ ਮੁਖੀ ਆਪਣੇ ਹੀ ਪ੍ਰਬੰਧ-ਅਧੀਨ ਸਕੂਲਾਂ ਵਿੱਚ ਆਰਥਕ ਰੂਪ ਵਿੱਚ ਪਿਛੜੇ ਪਰਿਵਾਰਾਂ ਦੇ ਪੜ੍ਹ਼ਨ ਵਾਲੇ ਬਚਿਆਂ ਦੇ ਭਵਿਖ ਨਾਲ ਹੋ ਰਹੀ ਖਿਲਵਾੜ ਇਸੇ ਤਰ੍ਹਾਂ ਚੁਪਚਾਪ ਵੇਖਦੇ ਰਹਿਣਗੇ?
...ਅਤੇ ਅੰਤ ਵਿੱਚ : ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਅਦਾਲਤ ਵਲੋਂ ਦੋਸ਼-ਮੁਕਤ ਕਰਾਰ ਦੇ ਦਿੱਤੇ ਜਾਣ ਦੇ ਮੁੱਦੇ ਨੂੰ ਲੈ ਕੇ ਕਾਂਗ੍ਰਸ ਪਾਰਟੀ ਅਤੇ ਕਾਂਗ੍ਰਸ ਸਰਕਾਰ ਦੇ ਵਿਰੁਧ ਮੁਹਿੰਮ ਚਲਾ ਰਹੇ, ਵਿਸ਼ੇਸ਼ ਰੂਪ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਅਤੇ ਆਮ ਤੋਰ ਤੇ ਭਾਜਪਾ ਅਤੇ 'ਆਪ' ਦੇ ਮੁੱਖੀਆਂ ਨੂੰ ਰਾਜਸੀ ਮਾਹਿਰਾਂ ਨੇ ਸਲਾਹ ਦਿੱਤੀ ਹੈ ਕਿ ਉਹ ਇਸ ਮੁੱਦੇ ਨੂੰ ਲੈ ਕੇ ਹੁਣ ਤੋਂ ਹੀ ਤੇਜ਼ੀ ਨਾ ਵਿਖਾਣ, ਕਿਉਂਕਿ ਉਨ੍ਹਾਂ ਨੇ ਇਸ ਮੁੱਦੇ ਨੂੰ ਭੁਨਾਣ ਦੇ ਲਈ ਇਸੇ ਵਰ੍ਹੇ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਦੀਆਂ ਆਮ ਚੋਣਾਂ ਤਕ ਹੀ ਨਹੀਂ, ਸਗੋਂ ਅਗਲੇ ਵਰ੍ਹੇ ਹੋਣ ਵਾਲੀਆਂ ਲੋਕਸਭਾ ਦੀਆਂ ਆਮ ਚੋਣਾਂ ਤਕ ਵੀ ਲੈ ਕੇ ਚਲਣਾ ਹੈ, ਜੇ ਉਨ੍ਹਾਂ ਹੁਣ ਤੋਂ ਹੀ ਇਸ ਮੁੱਦੇ ਨੂੰ ਲੈ ਕੇ ਤੇਜ਼ੀ ਨਾਲ ਦੌੜਨਾ ਸ਼ੁਰੂ ਕਰ ਦਿੱਤਾ ਤਾਂ ਮੰਜ਼ਿਲ ਤੇ ਪੁਜਣ ਤੋਂ ਪਹਿਲਾਂ ਹੀ ਉਹ ਆਪ ਹੀ ਨਹੀਂ, ਸਗੋਂ ਉਨ੍ਹਾਂ ਦੇ ਵਰਕਰ ਵੀ ਥਕ ਕੇ ਚੂਰ ਹੋ ਚੁਕੇ ਹੋਣਗੇ।

ਪੀੜਤਾਂ ਦਾ ਨਿਆਂਪਾਲਿਕਾ ਤੋਂ ਫਿਰ ਉਠਿਆ ਵਿਸ਼ਵਾਸ? -ਜਸਵੰਤ ਸਿੰਘ 'ਅਜੀਤ'

ਜਦੋਂ ਜਸਟਿਸ ਨਾਨਾਵਤੀ ਦੀਆਂ ਸਿਫਾਰਿਸ਼ਾਂ ਦੇ ਅਧਾਰ 'ਤੇ ਨਵੰਬਰ-84 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ, ਸੱਜਣ ਕੁਮਾਰ, ਜਗਦੀਸ਼ ਟਾਈਟਲਰ ਆਦਿ ਦੇ ਵਿਰੁਧ ਨਵੇਂ ਸਿਰੇ ਤੋਂ ਕੇਸ ਦਰਜ ਕਰ, ਸੀ ਬੀ ਆਈ ਵਲੋਂ ਉਨ੍ਹਾਂ ਦੇ ਵਿਰੁਧ ਜਾਂਚ ਸ਼ੁਰੂ ਕੀਤੀ ਗਈ ਸੀ ਤਾਂ ਉਸ ਸਮੇਂ ਇੱਕ ਲੰਮੇਂ ਸਮੇਂ ਤੋਂ ਬਾਅਦ ਨਵੰਬਰ-84 ਦੇ ਪੀੜਤਾਂ ਅਤੇ ਆਮ ਸਿੱਖਾਂ ਦੇ ਦਿਲ ਵਿੱਚ ਇਨਸਾਫ ਮਿਲਣ ਦੀ ਆਸ ਦੀ ਉਹ ਕਿਰਣ ਮੁੜ ਚਮਕ ਉਠੀ ਸੀ, ਜੋ ਅਦਾਲਤਾਂ ਵਲੋਂ ਇੱਕ ਤੋਂ ਬਾਅਦ ਇੱਕ ਕਰਕੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਨੂੰ ਲਗਾਤਾਰ ਦੋਸ਼-ਮੁਕਤ ਕੀਤੇ ਜਾਣ ਦੇ ਦਿੱਤੇ ਜਾ ਰਹੇ ਫੈਸਲਿਆਂ ਕਾਰਣ ਧੁੰਦਲਾਂਦੀ ਚਲੀ ਜਾ ਰਹੀ ਸੀ। ਉਹੀ ਆਸ ਦੀ ਕਿਰਣ ਉਸ ਸਮੇਂ ਮੁੜ ਧੁੰਦਲਾ ਗਈ, ਜਦੋਂ ਕੜਕੜਡੂਮਾ ਅਦਾਲਤ ਨੇ ਸਿੱਖ ਕਤਲੇਆਮ ਦੇ ਇੱਕ ਮੁੱਖ ਦੋਸ਼ੀ, ਸੱਜਣ ਕੁਮਾਰ ਨੂੰ ਸਿੱਖ ਕਤਲੇਆਮ ਨਾਲ ਸਬੰਧਤ ਉਨ੍ਹਾਂ ਸਾਰੇ ਦੋਸ਼ਾਂ ਤੋਂ ਮੁਕਤ ਕਰਾਰ ਦੇ ਦਿੱਤਾ, ਜੋ ਉਸ ਪੁਰ ਲਾਏ ਗਏ ਹੋਏ ਸਨ।
ਇਸ ਫੈਸਲੇ ਪੁਰ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਅਦਾਲਤ ਦੇ ਇਸ ਫੈਸਲੇ ਨਾਲ ਪੀੜਤਾਂ ਤੇ ਆਮ ਸਿੱਖਾਂ ਨੂੰ ਹੀ ਭਾਰੀ ਨਿਰਾਸ਼ਾ ਨਹੀਂ ਹੋਈ, ਸਗੋਂ ਸਾਰੇ ਇਨਸਾਫ-ਪਸੰਦ ਲੋਕਾਂ ਨੂੰ ਵੀ ਨਿਰਾਸ਼ਾ ਹੋਈ ਹੈ ਅਤੇ ਉਨ੍ਹਾਂ ਨੂੰ ਡੂੰਘਾ ਧੱਕਾ ਲਗਾ ਹੈ। ਉਨ੍ਹਾਂ ਕਿਹਾ ਕਿ ਤੀਹ ਵਰ੍ਹੇ ਬੀਤ ਜਾਣ ਤੇ ਵੀ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਵਿਚੋਂ ਕਿਸੇ ਇਕ ਨੂੰ ਵੀ ਸਜ਼ਾ ਨਾ ਮਿਲ ਪਾਣਾ ਅਤੇ ਇਸ ਕਤਲੇਆਮ ਦੇ ਪੀੜਤਾਂ, ਜਿਨ੍ਹਾਂ ਨੇ ਇਸ ਕਤਲੇਆਮ ਦੌਰਾਨ ਨਾ ਕੇਵਲ ਆਪਣੇ ਘਰ-ਘਾਟ ਹੀ ਲੁਟਵਾਏ ਤੇ ਤਬਾਹ ਕਰਵਾਏ, ਸਗੋਂ ਆਪਣੇ ਪਰਿਵਾਰਕ ਜੀਆਂ ਨੂੰ ਵੀ ਆਪਣੀਆਂ ਅੱਖਾਂ ਸਾਹਮਣੇ ਸਾੜੇ ਅਤੇ ਕਤਲ ਕੀਤੇ ਜਾਂਦਿਆਂ ਵੇਖਿਆ, ਨੂੰ ਇਨਸਾਫ ਨਾ ਮਿਲ ਪਾਣਾ, ਇੱਕ ਤਰ੍ਹਾਂ ਨਾਲ ਉਨ੍ਹਾਂ ਨੂੰ ਇਨਸਾਫ ਦੇਣ ਤੋਂ ਇਨਕਾਰ ਕਰ ਦਿੱਤਾ ਜਾਣਾ ਹੈ। ਉਨ੍ਹਾਂ ਹੋਰ ਕਿਹਾ ਕਿ ਹੇਠਲੀ ਅਦਾਲਤ ਦੇ ਇਸ ਫੈਸਲੇ ਵਿਰੁਧ ਪੀੜਤ ਸਿੱਖ ਹਾਈਕੋਰਟ ਅਤੇ ਸੁਪ੍ਰੀਮ ਕੋਰਟ ਤਕ ਵੀ ਜਾਣਗੇ, ਉਥੋਂ ਉਨ੍ਹਾਂ ਨੂੰ ਇਨਸਾਫ ਮਿਲ ਸਕੇਗਾ, ਇਸ ਸਮੇਂ ਇਸ ਸਬੰਧ ਵਿੱਚ ਕੁਝ ਕਿਹਾ ਜਾ ਸਕਣਾ ਬਹੁਤ ਮੁਸ਼ਕਿਲ ਹੈ, ਫਿਰ ਵੀ ਇਸ ਆਸ ਨਾਲ ਉਚ ਅਦਾਲਤ ਵਿਚ ਪਹੁੰਚ ਕੀਤੀ ਜਾਇਗੀ ਸ਼ਾਇਦ ਉਥੋਂ ਇਨਸਾਫ ਮਿਲ ਜਾਏ। ਉਨ੍ਹਾਂ ਕਿਹਾ ਕਿ ਉਹ ਇਹ ਵੀ ਚਾਹੁੰਦੇ ਹਨ ਕਿ ਕਿਸੇ ਸੇਵਾ-ਮੁਕਤ ਸੁਪ੍ਰੀਮ ਕੋਰਟ ਦੇ ਜੱਜ ਪਾਸੋਂ ਇਸ ਗਲ ਦੀ ਨਿਰਪੱਖ ਅਤੇ ਉਚ-ਪੱਧਰੀ ਜਾਂਚ ਕਰਵਾਈ ਜਾਏ ਕਿ ਆਖਿਰ ਉਹ ਕਿਹੜੇ ਕਾਰਣ ਜਾਂ ਤੱਥ ਰਹੇ ਹਨ ਜਿਨ੍ਹਾਂ ਦੇ ਚਲਦਿਆਂ ਨਵੰਬਰ-84 ਦੇ ਸਿੱਖ-ਕਤਲੇਆਮ ਅਰਥਾਤ ਸਿੱਖ ਨਸਲਕੁਸ਼ੀ ਦੇ ਲਈ ਜ਼ਿਮੇਂਦਾਰ ਉਨ੍ਹਾਂ ਗਿਣੇ-ਚੁਣੇ ਛੋਟੇ-ਮੋਟੇ ਦੋਸ਼ੀਆਂ ਨੂੰ ਤਾਂ ਸਜ਼ਾ ਮਿਲ ਰਹੀ ਹੈ, ਜਿਨ੍ਹਾਂ ਵੱਡੇ ਮਗਰਮੱਛਾਂ ਦੇ ਉਕਸਾਣ ਅਤੇ ਇਸ਼ਾਰਿਆਂ ਤੇ ਬੇਗੁਨਾਹ ਅਤੇ ਮਾਸੂਮ ਸਿੱਖਾਂ ਦਾ ਕਤਲ ਕੀਤਾ, ਉਨ੍ਹਾਂ ਦੀਆਂ ਜਾਇਦਾਦਾਂ ਲੁਟੀਆਂ ਅਤੇ ਸਾੜੀਆਂ, ਪ੍ਰੰਤੂ ਉਹ ਮਗਰਮੱਛ ਆਪ ਲਗਾਤਾਰ ਅਦਾਲਤਾਂ ਵਲੋਂ ਦੋਸ਼-ਮੁਕਤ ਕਰਾਰ ਦਿਤੇ ਜਾਂਦੇ ਚਲੇ ਆ ਰਹੇ ਹਨ, ਜੋ ਇਸ ਕਤਲੇਆਮ ਦੇ ਲਈ ਮੁੱਖ ਰੂਪ ਵਿੱਚ ਜ਼ਿਮੇਂਦਾਰ ਮੰਨੇ ਜਾਂਦੇ ਹਨ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਜਨਰਲ ਸਕਤੱਰ ਜ. ਅਵਤਾਰ ਸਿੰਘ ਹਿਤ, ਮੀਤ ਪ੍ਰਧਾਨ ਜ. ਓਂਕਾਰ ਸਿੰਘ ਥਾਪਰ, ਸੰਗਠਨ ਸਕਤੱਰ ਕੁਲਦੀਪ ਸਿੰਘ ਭੋਗਲ ਆਦਿ ਮੁੱਖੀਆਂ ਨੇ ਇਸ ਫੈਸਲੇ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਸਿੱਖਾਂ ਨੂੰ ਭਾਰੀ ਨਿਰਾਸ਼ਾ ਹੋਈ ਹੈ। ਉਨ੍ਹਾਂ ਦਾ ਇਹ ਵਿਸ਼ਵਾਸ ਪੱਕਾ ਹੋ ਗਿਆ ਹੈ ਕਿ ਜਦੋਂ ਤਕ ਕਾਂਗ੍ਰਸ ਸੱਤਾ ਵਿੱਚ ਹੈ ਨਾ ਤਾਂ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਨੂੰ ਸਜ਼ਾ ਮਿਲ ਸਕਦੀ ਹੈ ਅਤੇ ਨਾ ਹੀ ਸਿੱਖਾਂ ਨੂੰ ਇਨਸਾਫ ਮਿਲਣ ਦੀ ਆਸ ਹੀ ਰਖਣੀ ਚਾਹੀਦੀ ਹੈ। ਬਾਦਲ ਅਕਾਲੀ ਦਲ ਦੇ ਹੋਰ ਪ੍ਰਦੇਸ਼ ਮੁੱਖੀਆਂ ਅਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ, ਜ. ਮਨਜੀਤ ਸਿੰਘ, ਸ. ਮਨਜਿੰਦਰ ਸਿੰਘ ਸਿਰਸਾ, ਸ. ਰਵਿੰਦਰ ਸਿੰਘ ਖੁਰਾਣਾ, ਸ. ਪਰਮਜੀਤ ਸਿੰਘ ਰਾਣਾ ਆਦਿ ਨੇ ਵੀ ਇਸ ਫੈਸਲੇ ਨੂੰ ਸਿੱਖਾਂ ਵਿੱਚ ਨਿਰਾਸ਼ਾ ਅਤੇ ਨਿਆਂਪਾਲਿਕਾ ਪ੍ਰਤੀ ਅਵਿਸ਼ਵਾਸ ਪੈਦਾ ਕਰਨ ਵਾਲਾ ਕਰਾਰ ਦਿੰਦਿਆਂ ਕਿਹਾ ਕਿ ਕਾਂਗ੍ਰਸ ਰਾਜ ਵਿੱਚ ਸਿੱਖਾਂ ਨੂੰ ਇਨਸਾਫ ਮਿਲ ਹੀ ਨਹੀਂ ਸਕਦਾ।
ਦਿੱਲੀ ਗੁਰਦੁਆਰਾ ਕਮੇਟੀ ਵਿੱਚ 'ਸਭ ਅੱਛਾ' ਨਹੀਂ : ਇਉਂ ਜਾਪਦਾ ਹੈ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਇਹ ਮੰਨ ਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਦੀ ਲਗਾਮ ਖੁਲ੍ਹੀ ਛੱਡ ਦਿੱਤੀ ਹੈ, ਕਿ ਉਨ੍ਹਾਂ ਨੇ ਜਿਨ੍ਹਾਂ ਨੂੰ ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ ਸੌਂਪੀ ਹੈ, ਉਹ ੳਨ੍ਹਾਂ ਮਤਦਾਤਾਵਾਂ ਦੀਆਂ ਆਸ਼ਾਵਾਂ ਦੀ ਕਸੌਟੀ ਪੁਰ ਪੂਰੇ ਉਤਰਨਗੇ, ਜਿਨ੍ਹਾਂ ਉਨ੍ਹਾਂ (ਸ. ਸੁਖਬੀਰ ਸਿੰਘ ਬਾਦਲ) ਵਲੋਂ ਕੀਤੇ ਗਏ ਵਾਇਦਿਆਂ ਪੁਰ ਭਰੋਸਾ ਕਰ, ਉਨ੍ਹਾਂ ਦੀ ਅਗਵਾਈ ਵਿੱਚ ਗੁਰਦੁਆਰਾ ਕਮੇਟੀ ਦੇ ਸੱਤਾ ਪ੍ਰੀਵਰਤਨ ਵਿੱਚ ਆਪਣੀ ਮਹਤੱਵ-ਪੂਰਣ ਭੂਮਿਕਾ ਨਿਭਾਈ ਹੈ। ਜੇ ਅਜਿਹਾ ਨਾ ਹੋਇਆ ਹੁੰਦਾ ਤਾਂ ਉਨ੍ਹਾਂ (ਸ. ਸੁਖਬੀਰ ਸਿੰਘ ਬਾਦਲ) ਨੂੰ ਇਸ ਗਲ ਦਾ ਜ਼ਰੂਰ ਪਤਾ ਚਲਦਾ ਰਹਿੰਦਾ ਕਿ ਜਿਨ੍ਹਾਂ ਹੱਥਾਂ ਵਿੱਚ ਉਨ੍ਹਾਂ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਦੀ ਜ਼ਿਮੇਂਦਾਰੀ ਸੌਂਪੀ ਹੈ, ਉਹ ਗੁਰਦੁਆਰਾ ਪ੍ਰਬੰਧ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ 'ਅਨਾੜੀ' ਹੋਣ ਕਾਰਣ, 'ਸਭ ਅੱਛਾ' ਹੋਣ ਦਾ ਸੁਖਾਵਾਂ ਪ੍ਰਭਾਵ ਦੇਣ ਵਿੱਚ ਸਫਲ ਨਹੀਂ ਹੋ ਪਾ ਰਹੇ। ਉਨ੍ਹਾਂ ਦੇ ਅਸਫਲ ਹੁੰਦਿਆਂ ਚਲੇ ਆਣ ਦਾ ਕਾਰਣ ਇਹ ਮੰਨਿਆ ਜਾ ਰਿਹਾ ਹੈ ਕਿ ਇੱਕ ਤਾਂ ਉਹ ਗੁਰਦੁਆਰਾ ਪ੍ਰਬੰਧ ਦੇ ਮਾਮਲੇ ਵਿੱਚ 'ਕਚੱਕੜੇ' ਹੋਣ ਦੀ ਆਪਣੀ ਕਮਜ਼ੋਰੀ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ, ਦੂਸਰਾ ਜਿਵੇਂ ਕਿ ਪਹਿਲੇ ਵੀ ਸੰਕੇਤ ਦਿੱਤਾ ਗਿਆ ਹੈ, ਕਿ ਉਹ ਇਹ ਮੰਨ ਕੇ ਕਿ ਉਨ੍ਹਾਂ ਤੋਂ ਵੱਧ ਹੋਰ ਕੋਈ ਸਮਝਦਾਰ ਹੋ ਹੀ ਨਹੀਂ ਸਕਦਾ, ਬਦਲੇ ਦੀ ਭਾਵਨਾ ਨਾਲ ਅਤੇ ਚਾਪਲੂਸਾਂ ਦੇ ਅੱਡੇ ਚੜ੍ਹ, ਗੁਰਦੁਆਰਾ ਕਮੇਟੀ ਅਤੇ ਉਸਦੀਆਂ ਸੰਸਥਾਵਾਂ ਦੇ ਕਰਮਚਾਰੀਆਂ ਪੁਰ ਬਦਲੀਆਂ, ਮੁਅਤਲੀਆਂ ਅਤੇ ਸੇਵਾ-ਮੁਕਤੀਆਂ ਦੀ ਤਲਵਾਰ ਚਲਾ ਰਹੇ ਹਨ। ਉਹ ਇਹ ਸਮਝਣ ਲਈ ਤਿਆਰ ਹੀ ਨਹੀਂ ਕਿ ਉਨ੍ਹਾਂ ਵਲੋਂ ਚਲਾਈ ਜਾ ਰਹੀ ਇਹ ਤਲਵਾਰ ਉਨ੍ਹਾਂ ਦੇ ਆਪਣੇ ਹਿੱਤਾਂ ਪੁਰ ਵੀ ਚਲ ਸਕਦੀ ਹੈ। ਅੱਜ ਜੋ ਲੋਕੀ ਨਿਜ ਸੁਆਰਥ ਅਧੀਨ ਉਨ੍ਹਾਂ ਪ੍ਰਤੀ ਵਫਾਦਾਰੀ ਦਾ ਦੰਮ ਭਰ, ਉਨ੍ਹਾਂ ਦੇ ਕੰਨ੍ਹ ਨਾਲ ਮੂੰਹ ਜੋੜ ਗਲਾਂ ਕਰ ਰਹੇ ਹਨ, ਉਹੀ ਉਨ੍ਹਾਂ ਦੀ ਪਿੱਠ ਪਿੱਛੇ ਉਨ੍ਹਾਂ ਦੇ ਵਿਰੋਧੀਆਂ ਨਾਲ ਸੰਪਰਕ ਸਾਧ ਉਨ੍ਹਾਂ ਨੂੰ ਭਰੋਸਾ ਦੁਆ ਸਕਦੇ ਹਨ ਕਿ ਉਹ ਵਰਤਮਾਨ ਪ੍ਰਬੰਧਕਾਂ ਨਾਲੋਂ ਵੱਧ ਉਨ੍ਹਾਂ ਦੇ ਵਫਾਦਾਰ ਹਨ। ਜਿਸ ਨਾਲ ਜੇ ਸਮਾਂ ਪਾ, ਸੱਤਾ ਪ੍ਰੀਵਰਤਨ ਹੁੰਦਾ ਹੈ ਤਾਂ ਉਨ੍ਹਾਂ ਵਿਰੁਧ ਬਦਲੇ ਦੀ ਭਾਵਨਾ ਨਾਲ ਕੋਈ ਕਾਰਵਾਈ ਨਾ ਹੋ ਸਕੇ।
ਇਸ ਸਥਿਤੀ ਦੇ ਚਲਦਿਆਂ ਹੀ, ਨਾ ਤਾਂ ਉਨ੍ਹਾਂ ਦੇ ਆਪਸੀ ਸਬੰਧ ਸੁਖਵੇਂ ਬਣ ਪਾ ਰਹੇ ਹਨ ਅਤੇ ਨਾ ਹੀ ਉਹ ਆਪਣੀ ਪਾਰਟੀ ਦੇ ਮੈਂਬਰਾਂ ਦਾ ਵਿਸ਼ਵਾਸ ਹੀ ਜਿੱਤਣ ਵਿੱਚ ਸਫਲ ਹੋ ਪਾ ਰਹੇ ਨੇ। ਫਲਸਰੂਪ ਉਨ੍ਹਾਂ ਦੇ ਆਪਣੇ ਸਾਥੀ ਮੈਂਬਰ ਹੀ ਨਿਰਾਸ਼ ਹੋ ਰਹੇ ਹਨ। ਦਲ ਦੇ ਹੀ ਕਈ ਮੈਂਬਰ ਆਪੋ ਵਿੱਚ ਗਲ ਕਰਦਿਆਂ ਇਥੋਂ ਤਕ ਕਹਿੰਦੇ ਸੁਣੇ ਗਏ ਕਿ 'ਉਹ' (ਅਹੁਦੇਦਾਰ) ਪਾਰਟੀ ਮੈਂਬਰਾਂ ਵਿੱਚ ਇਸ ਕਰਕੇ ਅਧਿਕਾਰ ਵੰਡਣ ਤੋਂ ਕਤਰਾ ਰਹੇ ਹਨ, ਕਿਉਂਕਿ ਉਹ ਚੋਣਾਂ ਵਿੱਚ ਕੀਤੇ ਆਪਣੇ ਖਰਚਿਆਂ ਨੂੰ ਪੂਰਿਆਂ ਕਰਨਾ ਚਾਹੁੰਦੇ ਹਨ। ਇਸਦੇ ਨਾਲ ਹੀ ਇਹ ਵੀ ਸੁਣਨ ਵਿੱਚ ਆ ਰਿਹਾ ਹੈ ਕਿ ਅਹੁਦੇਦਾਰਾਂ ਵਿਰੁਧ ਚਲ ਰਹੀ ਇਸ ਸੁਗਬੁਗਾਹਟ ਵਿੱਚ ਇਹ ਸ਼ੰਕਾ ਵੀ ਪ੍ਰਗਟ ਕੀਤੀ ਜਾ ਰਹੀ ਹੈ ਕਿ ਇਹ ਸਭ ਕੁਝ ਸ. ਸੁਖਬੀਰ ਸਿੰਘ ਬਾਦਲ ਨੂੰ ਵਿਸ਼ਵਾਸ ਵਿੱਚ ਲਏ ਬਿਨਾ ਸੰਭਵ ਨਹੀਂ ਹੋ ਸਕਦਾ।
ਇਹ ਵੀ ਦਸਿਆ ਜਾ ਰਿਹਾ ਹੈ ਕਿ ਗੁਰਦੁਆਰਾ ਕਮੇਟੀ ਦੇ ਬਾਦਲ ਅਕਾਲੀ ਦਲ ਦੇ ਹੀ ਕਈ ਮੈਂਬਰ ਜਦੋਂ ਕਦੀ ਅਧਿਕਾਰ ਨਾ ਹੋਣ ਦਾ ਰੋਣਾ ਆਪਣੇ ਹਲਕੇ ਦੇ ਮਤਦਾਤਾਵਾਂ ਸਾਹਮਣੇ ਰੋਂਦਿਆਂ, ਉਨ੍ਹਾਂ ਦੀਆਂ ਪੁਛਾਂ ਦਾ ਕੋਈ ਜਵਾਬ ਨਹੀਂ ਦੇ ਪਾਂਦੇ ਤਾਂ ਉਨ੍ਹਾਂ ਨੂੰ ਇਹੀ ਸੁਣਨ ਨੂੰ ਮਿਲਦਾ ਹੈ ਕਿ ਦਿੱਲੀ ਦੇ ਸਿੱਖਾਂ ਨੇ ਬਾਦਲ ਅਕਾਲੀ ਦਲ ਵਲੋਂ ਫੈਲਾਏ ਭਰਮ-ਜਾਲ ਵਿੱਚ ਫਸ ਗੁਰਦੁਆਰਾ ਕਮੇਟੀ ਵਿੱਚ ਸੱਤਾ ਪ੍ਰੀਵਰਤਨ ਦਾ ਸਮਰਥਨ ਕਰ ਆਪਣੇ ਹੀ ਪੈਰਾਂ ਪੁਰ ਕੁਹਾੜਾ ਮਾਰ ਲਿਆ ਹੈ।
ਇਸ ਸਥਿਤੀ ਵਿੱਚ ਸ. ਸੁਖਬੀਰ ਸਿੰਘ ਬਾਦਲ ਦੀ ਜ਼ਿਮੇਂਦਾਰੀ ਬਣਦੀ ਹੈ ਕਿ ਉਹ ਜਾਂ ਤਾਂ ਆਪ ਆਪਣੇ 'ਲਿਫਾਫੇ' ਵਿਚੋਂ ਨਿਕਲੇ ਗੁਰਦੁਆਰਾ ਕਮੇਟੀ ਦੇ ਇਨ੍ਹਾਂ ਅਹੁਦੇਦਾਰਾਂ ਦੀ ਲਗਾਮ ਖਿੱਚ ਕੇ ਰਖਣ ਅਤੇ ਆਪਣੇ ਸਬੰਧ ਵਿੱਚ ਪ੍ਰਗਟ ਕੀਤੀ ਜਾ ਰਹੀ ਸ਼ੰਕਾ ਦਾ ਸੇਕ ਆਪਣੇ ਤਕ ਪੁਜਣ ਤੋਂ ਰੋਕਣ ਲਈ ਸਥਿਤੀ ਨੂੰ ਸਖਤੀ ਨਾਲ ਸੰਭਾਲਣ। ਜਾਂ ਫਿਰ ਜਿਵੇਂ ਕਿ ਪਹਿਲਾਂ ਵੀ ਕਿਹਾ ਗਿਆ ਹੈ ਕਿ ਗੁਰਦੁਆਰਾ ਪ੍ਰਬੰਧ ਨਾਲ ਲੰਮਾਂ ਸਮਾਂ ਸਬੰਧਤ ਰਹੇ ਸੀਨੀਅਰ ਅਕਾਲੀ ਮੁਖੀਆਂ, ਸ. ਮਹਿੰਦਰ ਸਿੰਘ ਮਥਾਰੂ, ਜ. ਅਵਤਾਰ ਸਿੰਘ ਹਿਤ, ਸ. ਹਰਮਨਜੀਤ ਸਿੰਘ, ਸ. ਪ੍ਰਹਿਲਾਦ ਸਿੰਘ ਚੰਡੋਕ, ਸ. ਕੁਲਮੋਹਨ ਸਿੰਘ, ਅਤੇ ਜੇ ਅਲਰਜੀ ਨਾ ਹੋਵੇ ਤਾਂ ਸ. ਗੁਰਮੀਤ ਸਿੰਘ ਸ਼ੰਟੀ ਨੂੰ ਵੀ ਸ਼ਾਮਲ ਕਰ, ਇੱਕ ਮਾਰਗ-ਦਰਸ਼ਕ ਕਮੇਟੀ ਦਾ ਗਠਨ ਕਰ ਪੰਜਾਂ ਪਾਂਡਵਾਂ (ਅਹੁਦੇਦਾਰਾਂ) ਦੀ ਵਾਗਡੋਰ ਉਸਨੂੰ ਸੌਂਪ ਦੇਣ।
....ਅਤੇ ਅੰਤ ਵਿੱਚ : ਦਸਿਆ ਗਿਆ ਹੈ ਕਿ ਕੁਝ ਦਿਨ ਹੋਏ, ਦਿੱਲੀ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਦੀ ਪ੍ਰਵਾਨਗੀ ਨਾਲ ਦਿੱਲੀ ਯੂਨੀਵਰਸਿਟੀ ਨਾਲ ਸਬੰਧਤ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਦਿਅਕ ਸੰਸਥਾ, ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ ਵਿੱਚ ਦਿੱਲੀ ਪ੍ਰਦੇਸ਼ ਭਾਜਪਾ ਵਲੋਂ ਇੱਕ 'ਜਲਸਾ' ਕੀਤਾ ਗਿਆ, ਜਿਸਨੂੰ ਲੈ ਕੇ ਜਿਥੇ ਰਾਜਧਾਨੀ ਦੇ ਵਿਦਿਅਕ ਖੇਤ੍ਰ ਵਿੱਚ ਇਹ ਚਰਚਾ ਛਿੜ ਗਈ ਹੈ ਕਿ ਕੀ ਦਿੱਲੀ ਯੂਨੀਵਰਸਿਟੀ ਨਾਲ ਸਬੰਧਤ ਕਿਸੇ ਵਿਦਿਅਕ ਸੰਸਥਾ ਵਿੱਚ ਕੋਈ ਰਾਜਨੈਤਿਕ 'ਜਲਸਾ' ਹੋ ਸਕਦਾ ਹੈ? ਉਥੇ ਹੀ ਕਾਲਜ ਦੇ ਵਿਦਿਆਰਥੀਆਂ ਵਿੱਚ ਇਸ ਗਲ ਨੂੰ ਲੈ ਕੇ ਚਰਚਾ ਜ਼ੋਰ ਪਕੜਦੀ ਜਾ ਰਹੀ ਹੈ ਕਿ ਕੀ ਉਨ੍ਹਾਂ ਦੇ ਕਾਲਜ ਕੰਪਲੈਕਸ ਵਿੱਚ ਕਿਸੇ ਰਾਜਸੀ ਪਾਰਟੀ ਦਾ ਜਲਸਾ ਕਰਵਾਇਆ ਜਾਣਾ ਉਨ੍ਹਾਂ ਦੀ ਸੁਤੰਤਰ ਰਾਜਸੀ ਵਿਚਾਰ-ਧਾਰਾ ਪੁਰ ਛਾਪਾ ਨਹੀਂ? ਇਸਦੇ ਨਾਲ ਹੀ ਰਾਜਧਾਨੀ ਦੇ ਸਿਖ ਇਹ ਮੰਨ ਰਹੇ ਹਨ ਕਿ ਇਉਂ ਜਾਪਦਾ ਹੈ, ਜਿਵੇਂ ਗੁਰਦੁਆਰਾ ਚੋਣਾਂ ਵਿੱਚ ਭਾਜਪਾ ਵਲੋਂ ਦਿੱਤੇ ਗਏ ਕਥਤ ਸਹਿਯੋਗ ਦੀ ਕੀਮਤ ਵਜੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਨੇ ਭਾਜਪਾ ਨੂੰ ਗੁਰਦੁਆਰਾ ਕਮੇਟੀ ਦੀਆਂ ਵਿਦਿਅਕ ਸੰਸਥਾਵਾਂ ਆਪਣੇ ਅੱਡਿਆਂ ਦੇ ਰੂਪ ਵਿੱਚ ਵਰਤਣ ਲਈ ਸੌਂਪ ਦਿੱਤੀਆਂ ਗਈਆਂ ਹੋਈਆਂ ਹਨ!000
Mobile : +91 98 68 91 77 31 E-mail : jaswantsinghajit@gmail.com
Address : Jaswant Singh Ajit, 64-C, U & V / B, Shalimar Bagh, DELHI-11 00 88


ਧਰਮ-ਇਤਿਹਾਸ 'ਚ ਰਾਜਸੀ ਸੁਆਰਥ ਅਧੀਨ ਪਾਏ ਜਾਂਦੇ ਨੇ ਭੁਲੇਖੇ -ਜਸਵੰਤ ਸਿੰਘ 'ਅਜੀਤ'

ਇਨ੍ਹਾਂ ਹੀ ਦਿਨਾਂ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਪੀਤਮ ਪੁਰਾ-ਸ਼ਾਲੀਮਾਰ ਬਾਗ਼ ਹਲਕੇ ਤੋਂ ਚੁਣੇ ਗਏ ਮੈਂਬਰ ਐਮ ਪੀ ਐਸ ਚੱਡਾ ਵਲੋਂ ਆਪਣੇ ਚੋਣ ਹਲਕੇ ਦੇ ਮਤਦਾਤਾਵਾਂ ਦਾ ਧੰਨਵਾਦ ਕਰਨ ਲਈ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਦੇ ਨਾਲ ਹੀ ਇਲਾਕੇ ਦੇ ਕੁਝ ਭਾਜਪਾ ਮੁੱਖੀ ਵੀ ਸ਼ਾਮਲ ਹੋਏ। ਇਸ ਮੌਕੇ ਤੇ ਭਰਮ-ਭੁਲੇਖੇ ਪੈਦਾ ਹੋਣ ਦੀਆਂ ਕੁਝ ਧਾਰਣਾਵਾਂ ਉਸ ਸਮੇਂ ਉਭਰ ਕੇ ਸਾਹਮਣੇ ਆਈਆਂ, ਜਦੋਂ ਭਾਜਪਾ ਦੇ ਇੱਕ ਮੁੱਖੀ ਨੇ ਇਹ ਦਾਅਵਾ ਕੀਤਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ ਇੱਕ ਫਿਰਕੇ ਵਿਸ਼ੇਸ਼, ਮੁਸਲਮਾਣਾਂ ਦੇ ਵਿਰੁਧ ਸਨ। ਜਦਕਿ ਸਿੱਖ ਇਤਿਹਾਸ ਦੀ ਸੱਚਾਈ ਇਹ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਹਿਤ ਸਾਰੇ ਗੁਰੂ ਸਾਹਿਬਾਨ ਦਾ ਅੰਦੋਲਣ ਅਤੇ ਸੰਘਰਸ਼ ਕਿਸੇ ਇੱਕ ਫਿਰਕੇ ਵਿਸ਼ੇਸ਼ ਦੇ ਵਿਰੁਧ ਨਹੀਂ, ਸਗੋਂ ਜਬਰ-ਜ਼ੁਲਮ ਅਤੇ ਅਨਿਆਇ ਦੇ ਵਿਰੁਧ ਗਰੀਬ-ਮਜ਼ਲੂਮ ਅਤੇ ਨਿਆਇ (ਇਨਸਾਫ) ਦੀ ਰਖਿਆ ਪ੍ਰਤੀ ਸਮਰਪਿਤ ਸੀ, ਉਨ੍ਹਾਂ ਦੀ ਕੋਈ ਵੀ ਲੜਾਈ ਕਿਸੇ ਇੱਕ ਫਿਰਕੇ ਵਿਸ਼ੇਸ਼ ਦੇ ਵਿਰੁਧ ਨਹੀਂ ਸੀ। ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮੁਗਲ ਸੇਨਾਵਾਂ ਦੇ ਹਮਲਿਆਂ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਉਨ੍ਹਾਂ ਨੂੰ ਬਾਈਧਾਰ ਦੇ ਪਹਾੜੀ ਹਿੰਦੂ ਰਾਜਿਆਂ ਵਲੋਂ ਕੀਤੇ ਗਏ ਹਮਲਿਆਂ ਨਾਲ ਵੀ ਦ੍ਰਿੜ੍ਹ਼ਤਾ ਨਾਲ ਜੂਝਣਾ ਪਿਆ ਸੀ। ਇਸਲਈ ਇਹ ਮੰਨਣਾ ਜਾਂ ਕਹਿਣਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੰਘਰਸ਼ ਕਿਸੇ ਫਿਰਕੇ ਵਿਸ਼ੇਸ਼ ਦੇ ਵਿਰੁਧ ਸੀ, ਪੂਰੀ ਤਰ੍ਹਾਂ ਭਰਮ-ਭੁਲੇਖੇ ਪੈਦਾ ਕਰਨ ਵਾਲੀ ਧਾਰਣਾ ਹੋਵੇਗੀ। ਇਸੇ ਤਰ੍ਹਾਂ ਇਸੇ ਹਲਕੇ ਤੋਂ ਭਾਜਪਾ ਨਿਗਮ ਪਾਰਸ਼ਦ ਸ਼੍ਰੀਮਤੀ ਮਮਤਾ ਨਾਗਪਾਲ ਵਲੋਂ ਇਹ ਦਾਅਵਾ ਕੀਤਾ ਜਾਣਾ ਕਿ ਭਾਜਪਾ ਲੀਡਰਸ਼ਿਪ ਦੀ ਮਦੱਦ ਨਾਲ ਹੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਇਤਨੀ ਭਾਰੀ ਜਿੱਤ ਹਾਸਲ ਹੋਈ ਹੈ, ਪੂਰੀ ਸੱਚ ਨਹੀਂ। ਇਸ ਵਿੱਚ ਕਿਸੇ ਤਰ੍ਹਾਂ ਦੇ ਵੀ ਸ਼ਕ ਦੀ ਗੁੰਜਾਇਸ਼ ਨਹੀਂ ਕਿ ਭਾਜਪਾ ਨੇਤਾਵਾਂ ਨੇ ਇਨ੍ਹਾਂ ਚੋਣਾਂ ਵਿੱਚ ਡੱਟ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਸਾਥ, ਪਰ ਜਾਣਕਾਰ ਹਲਕਿਆਂ ਅਨੁਸਾਰ ਇਸਦਾ ਕਾਰਣ ਇਹ ਨਹੀਂ ਸੀ ਕਿ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਕਾਬਜ਼ ਹੋਇਆਂ ਵੇਖਣਾ ਚਾਹੁੰਦੇ ਸਨ, ਸਗੋਂ ਉਨ੍ਹਾਂ ਦਾ ਮੁੱਖ ਮਨੋਰਥ ਕਿਸੇ ਵੀ ਤਰ੍ਹਾਂ ਆਪਣੇ ਕਟੜ ਆਲੋਚਕ ਚਲੇ ਆ ਰਹੇ ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ ਤੋਂ ਬਾਹਰ ਵੇਖਣਾ ਚਾਹੁੰਦੇ ਸਨ। ਇਨ੍ਹਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਹੋਈ ਰਿਕਾਰਡ ਜਿੱਤ ਦੇ ਪਿਛੇ ਦੀ ਮੂਲ ਸੱਚਾਈ ਇਹ ਵੀ ਹੈ ਕਿ ਸ. ਸੁਖਬੀਰ ਸਿੰਘ ਬਾਦਲ ਦੀ ਰਣਨੀਤੀ ਦੇ ਚਲਦਿਆਂ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਇਸ ਜਿੱਤ ਵਿੱਚ ਦਿੱਲੀ ਦੀ ਕਾਂਗ੍ਰਸ ਪਾਰਟੀ ਅਤੇ ਦਿੱਲੀ ਦੀ ਕਾਂਗ੍ਰਸ ਸਰਕਾਰ ਦੀ ਵੀ ਵਿਸ਼ੇਸ਼ ਭੂਮਿਕਾ ਰਹੀ ਹੈ। ਜੋ ਇਸ ਗਲ ਤੋਂ ਸਾਬਤ ਹੋ ਜਾਂਦੀ ਹੈ ਕਿ ਇਨ੍ਹਾਂ ਚੋਣਾਂ ਦੇ ਦੌਰਾਨ ਬਾਦਲ ਅਕਾਲੀ ਦਲ ਦੇ ਮੁੱਖੀਆਂ ਵਲੋਂ ਚੋਣ ਜ਼ਾਬਤੇ ਦੀਆਂ ਕੀਤੀਆਂ ਜਾਂਦੀਆਂ ਰਹੀਆਂ ਉਲੰਘਣਾਵਾਂ ਨਾਲ ਸਬੰਧਤ ਜੋ ਵੀ ਸ਼ਿਕਾਇਤ ਕੀਤੀ ਜਾਂਦੀ ਰਹੀ, ਉਸ ਪੁਰ ਕੋਈ ਕਾਰਵਾਈ ਕਰਨ ਦੀ ਬਜਾਏ ਦਿੱਲੀ ਸਰਕਾਰ ਵਲੋਂ ਉਸਨੂੰ 'ਡਸਟਬਿਨ' ਵਿੱਚ ਸੁਟਿਆ ਜਾਂਦਾ ਚਲਿਆ ਆਇਆ। ਜਿਸਦੀ ਇੱਕ ਮਿਸਾਲ ਇਹ ਵੀ ਹੈ ਕਿ ਗੁਰਦੁਆਰਾ ਚੋਣਾਂ ਲਈ ਪ੍ਰਚਾਰ ਦੀ ਸਮਾਂ ਸੀਮਾਂ 25 ਜਨਵਰੀ ਸ਼ਾਮ 5 ਵਜੇ ਖਤਮ ਹੋ ਗਈ ਹੋਈ ਸੀ ਫਿਰ ਵੀ ਬਾਦਲ ਅਕਾਲੀ ਦਲ ਵਲੋਂ ਚੋਣ ਪ੍ਰਚਾਰ ਜਾਰੀ ਰਿਹਾ, ਇਥੋਂ ਤਕ ਕਿ 26 ਜਨਵਰੀ ਨੂੰ ਬਾਦਲ ਅਕਾਲੀ ਦਲ ਵਲੋਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਰਾਹੀਂ ਦਿੱਲੀ ਦੇ ਸਿੱਖ ਮਤਦਾਤਵਾਂ ਦੇ ਨਾਂ ਬਾਦਲ ਅਕਾਲੀ ਦਲ ਦੇ ਉਮੀਦਵਾਰਾਂ ਦੇ ਹਕ ਵਿੱਚ ਮਤਦਾਨ ਕਰਨ, ਉਨ੍ਹਾਂ ਨੂੰ ਜਿਤਾਣ ਅਤੇ ਵਿਰੋਧੀ ਪੱਖ ਨੂੰ ਹਰਾਣ ਦਾ ਆਦੇਸ਼ ਜਾਰੀ ਕਰਵਾਇਆ ਗਿਆ, ਜੋ ਕਈ ਪੱਖੋਂ ਚੋਣ ਜ਼ਬਤੇ ਦੀ ਸਪਸ਼ਟ ਉਲੰਘਣਾ ਸੀ। ਪਰ ਕੋਈ ਕਾਰਵਾਈ ਨਹੀਂ ਹੋਈ। ਹੋਰ ਤਾਂ ਹੋਰ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਵਿੱਚ ਆਪਣਾ ਭਾਸ਼ਣ ਦਿੰਦਿਆਂ ਪੰਜਾਬ ਦੇ ਰਾਜਪਾਲ ਨੇ ਪੰਜਾਬ ਸਰਕਾਰ ਵਲੋਂ ਸਵੀਕਾਰ ਕੀਤਾ ਕਿ ਦਿੱਲੀ ਗੁਰਦੁਆਰਾ ਚੋਣਾਂ ਦੀ ਲੜਾਈ ਉਸੇ ਨੇ ਲੜੀ ਅਤੇ ਜਿੱਤੀ ਹੈ ਅਤੇ ਇਹ ਜਿੱਤ ਉਸਦੀਆਂ ਮਹਤਵਪੂਰਣ ਪ੍ਰਾਪਤੀਆਂ ਦਾ ਹੀ ਇੱਕ ਹਿਸਾ ਹੈ।
ਆਪਣੀ ਇਸ ਭੂਮਿਕਾ ਨਾਲ ਕਾਂਗ੍ਰਸ ਸਰਕਾਰ ਅਤੇ ਕਾਂਗ੍ਰਸ ਪਾਰਟੀ ਦੇ ਮੁੱਖੀਆਂ ਨੇ ਹਰਿਆਣਾ ਦੇ ਸਿੱਖਾਂ ਤੋਂ ਬਾਅਦ ਦਿੱਲੀ ਦੇ ਸਿੱਖਾਂ ਨੂੰ ਵੀ ਜਾਣੂ ਕਰਵਾ ਦਿੱਤਾ ਹੈ, ਕਿ ਉਹ ਵੀ ਭਾਜਪਾ ਵਾਂਗ ਸਿੱਖਾਂ ਨੂੰ ਲਾਲੀਪਾਪ ਥਮਾ ਆਪਣੇ ਸੁਆਰਥ ਲਈ ਇਸਤੇਮਾਲ ਕਰਨ ਦੀ ਰਾਹ ਤੇ ਚਲ ਰਹੇ ਹਨ। ਜਿਥੋਂ ਤਕ ਭਾਜਪਾ ਨੇਤਾਵਾਂ ਦੇ ਬਾਦਲ ਅਕਾਲੀ ਦਲ ਨਾਲ ਈਮਾਨਦਾਰਾਨਾ ਗਠਜੋੜ ਹੋਣ ਦੇ ਦਾਅਵੇ ਦਾ ਸਬੰਧ ਹੈ, ਉਸਦੀ ਪ੍ਰੀਖਿਆ ਜਲਦੀ ਹੀ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਸਮੇਂ ਹੋ ਜਾਇਗੀ। ਉਸ ਸਮੇਂ ਪਤਾ ਚਲੇਗਾ ਕਿ ਭਾਜਪਾ ਨੇਤਾ ਅਕਾਲੀਆਂ ਨਾਲ ਆਪਣੇ ਗਠਜੋੜ ਪ੍ਰਤੀ ਕਿਤਨੇ ਈਮਾਨਦਾਰ ਹੋ ਕੇ ਚਲ ਰਹੇ ਹਨ? ਉਹ ਉਨ੍ਹਾਂ ਨੂੰ ਸਦਾ ਵਾਂਗ ਉਹੀ ਸੀਟਾਂ ਦਿੰਦੇ ਹਨ. ਜਿਨ੍ਹਾਂ ਤੋਂ ਉਹ ਆਪ ਵੀ ਕਦੀ ਨਾ ਜਿੱਤ ਸਕੇ ਹੋਣ ਜਾਂ ਫਿਰ ਜਿੱਤ ਸਕਣ ਵਾਲੀ ਵੀ ਕੋਈ ਸੀਟ ਉਨ੍ਹਾਂ ਨੂੰ ਦੇਣ ਲਈ ਤਿਆਰ ਹੋਣਗੇ?
ਇਸ ਸਮਾਗਮ ਵਿੱਚ ਬਾਦਲ ਅਕਾਲੀ ਦਲ ਦੇ ਮੁੱਖੀਆਂ ਵਲੋਂ ਪ੍ਰਗਟ ਕੀਤੇ ਗਏ ਵਿਚਾਰਾਂ ਵਿਚੋਂ ਜ. ਮਨਜੀਤ ਸਿੰਘ ਜੀਕੇ ਅਤੇ ਜ. ਓਂਕਾਰ ਸਿੰਘ ਥਾਪਰ ਦੇ ਵਿਚਾਰ ਸੰਜਮ-ਪੂਰਣ ਸਵੀਕਾਰੇ ਗਏ, ਸ. ਹਰਿੰਦਰਪਾਲ ਸਿੰਘ ਨੇ ਸਿੱਖ ਇਤਿਹਾਸ ਅਤੇ ਧਰਮ ਦੀ ਮਾਨਤਾਵਾਂ ਪੁਰ ਅਧਾਰਤ, ਜੋ ਵਿਆਖਿਆ ਪੇਸ਼ ਕੀਤੀ ਉਹ ਲੰਮੀਂ ਜ਼ਰੂਰ ਸੀ, ਪ੍ਰੰਤੂ ਮੇਹਨਤ ਨਾਲ ਤਿਆਰ ਕੀਤੀ ਗਈ ਹੋਣ ਕਾਰਣ ਬੌਝਲ ਨਹੀਂ ਸੀ। ਹਾਂ, ਉਹ ਸੱਜਣ ਜ਼ਰੂਰ ਬੋਰ ਹੋ ਰਹੇ ਸਨ, ਜੋ ਉਥੇ ਕੇਵਲ ਰਾਜਸੀ ਉਦੇਸ਼ ਨਾਲ ਹੀ ਆਏ ਹੋਏ ਸਨ। ਸ. ਗੁਰਲਾਡ ਸਿੰਘ ਵਲੋਂ ਖਾਲਸਾ ਦੀ ਸੰਪੂਰਣ ਇਨਸਾਨ ਦੇ ਰੂਪ ਵਿੱਚ ਕੀਤੀ ਗਈ ਵਿਅਖਿਆ ਪ੍ਰਸ਼ੰਸਾਯੋਗ ਰਹੀ। ਸ. ਤਨਵੰਤ ਸਿੰਘ ਇਸ ਮੌਕੇ ਤੇ 'ਧੰਨਵਾਦ ਸਮਾਗਮ' 'ਤੇ 'ਸਵਾਗਤ-ਸਨਮਾਨ ਸਮਾਗਮ' ਦਾ ਫਰਕ ਸਮਝਣ ਦੇ ਮੁੱਦੇ ਤੇ ਭਟਕ ਗਏ। ਉਹ ਸ਼ਾਇਦ ਇਹ ਸਮਝ ਨਹੀਂ ਸਕੇ ਕਿ ਇਹ ਸਮਾਗਮ ਉਨ੍ਹਾਂ ਮਤਦਾਤਾਵਾਂ ਦਾ ਧੰਨਵਾਦ ਕਰਨ ਲਈ ਆਯੋਜਿਤ ਕੀਤਾ ਗਿਆ ਹੋਇਆ ਸੀ, ਜਿਨ੍ਹਾਂ ਨੇ ਉਨ੍ਹਾਂ ਨੂੰ ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ ਸੌਂਪਣ ਵਿੱਚ ਮੁੱਖ ਭੂਮਿਕਾ ਅਦਾ ਕੀਤੀ ਹੈ, ਨਾ ਕਿ ਚੁਣੇ ਮੈਂਬਰਾਂ ਜਾਂ ਅਹੁਦੇਦਾਰਾਂ ਦਾ ਸਨਮਾਨ ਕਰਨ ਲਈ। ਸ. ਰਵਿੰਦਰ ਸਿੰਘ ਖੁਰਾਨਾ ਵਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਜਿੱਤ ਨੂੰ ਅਕਾਲ ਤਖਤ ਪ੍ਰਤੀ ਸਮਰਪਿਤ ਅਤੇ ਅਕਾਲ ਤਖਤ ਨੂੰ ਚੁਨੌਤੀ ਦੇਣ ਵਾਲਿਆਂ ਵਿੱਚ ਹੋਏ ਮੁਕਾਬਲੇ ਵਿੱਚ ਅਕਾਲ ਤਖਤ ਪ੍ਰਤੀ ਸਮਰਪਿਤ ਲੋਕਾਂ ਦੀ ਹੋਈ ਜਿੱਤ ਕਰਾਰ ਦਿੱਤਾ ਜਾਣਾ ਵੀ ਭਰਮ-ਭੁਲੇਖੇ ਪੈਦਾ ਕਰਨ ਵਾਲਾ ਸੀ। ਸ਼ਾਇਦ ਉਹ ਜਾਣਦੇ ਨਹੀਂ ਕਿ ਇੰਨ੍ਹਾਂ ਚੋਣਾਂ ਵਿੱਚ ਜਿਸ ਸ਼ਕਤੀ ਦੀ ਜਿਤ ਹੋਈ ਉਸਦੇ ਪੈਰੋਕਾਰਾਂ ਉਹੀ ਹਨ, ਜਿਨ੍ਹਾਂ ਅਕਾਲ ਤਖਤ ਤੋਂ ਆਪਣੇ ਨਾਂ ਜਾਰੀ ਲਗਭਗ ਡੇਢ ਦਰਜਨ ਆਦੇਸ਼ਾਂ ਨੂੰ ਟਿੱਚ ਸਮਝਿਆ, ਇੱਕ ਵਾਰ ਤਾਂ ਉਹ ਅਕਾਲ ਤਖਤ ਤੋਂ ਆਪਣੇ ਨਾਂ ਜਾਰੀ ਆਦੇਸ਼ ਤੋਂ ਇਤਨੇ ਭੁੜਕੇ ਕਿ ਭੀੜ ਇਕਠੀ ਕਰ ਅਕਾਲ ਤਖਤ ਪੁਰ ਜਾ ਪੁਜੇ, ਜਿਥੇ ਉਨ੍ਹਾਂ ਨਾ ਕੇਵਲ ਜੱਥੇਦਾਰ ਵਿਰੁਧ ਅੱਪ-ਸ਼ਬਦਾਂ ਦੀ ਬੁਛਾੜ ਹੀ ਕੀਤੀ, ਸਗੋਂ ਉਸਦੀ ਉਹ ਗਤ ਵੀ ਬਣਾਈ ਕਿ ਜੇ ਉਹ ਆਪਣੇ ਕਮਰੇ ਵਿੱਚ ਜਾ ਦੁਬਕ ਕੇ ਨਾ ਜਾ ਬੈਠਦਾ ਤਾਂ ਕੀ ਦਾ ਕੀ ਹੋ ਜਾਂਦਾ? ਉਸਦਾ ਅੰਦਾਜ਼ਾ ਲਾਣਾ ਸਹਿਜ ਨਹੀਂ। ਇਸ ਸਥਿਤੀ ਵਿੱਚ ਇਹ ਮੰਨਣਾ ਹੀ ਹੋਵੇਗਾ ਕਿ ਇਹ ਜਿੱਤ ਉਸ ਸ਼ਕਤੀ ਦੀ ਹੋਈ, ਜੋ ਅਕਾਲ ਤਖਤ ਦੀ ਵਰਤੋਂ ਆਪਣੇ ਹਿੱਤਾਂ ਲਈ ਕਰਦਿਆਂ ਚਲੀ ਆ ਰਹੀ ਹੈ।
ਜ਼ਰਾ ਸੰਭਲ ਚਲੋ ਨੰਦ ਲਾਲਾ: ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ 'ਤੇ ਕਾਬਜ਼ ਹੋ ਗਿਆ ਹੈ। ਹੈਰਾਨੀ ਦੀ ਗਲ ਤਾਂ ਇਹ ਹੈ ਕਿ ਦਲ ਦੇ ਜਿੰਨ੍ਹਾਂ ਮੁੱਖੀਆਂ ਨੇ ਗੁਰਦੁਆਰਾ ਪ੍ਰਬੰਧ ਦੀ ਜ਼ਿੰਮੇਂਦਾਰੀ ਸੰਭਾਲੀ ਹੈ, ਉਨ੍ਹਾਂ ਸ਼ਾਇਦ ਹਊਮੈ ਦਾ ਸ਼ਿਕਾਰ ਹੋ ਆਪਣੇ ਹੀ ਉਨ੍ਹਾਂ ਸਾਥੀਆਂ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ, ਜਿੰਨ੍ਹਾਂ ਸੱਤਾ ਤੋਂ ਬਾਹਰ ਰਹਿਣ ਦੇ ਸਮੇਂ ਦਲ ਪ੍ਰਤੀ ਵਫਾਦਾਰੀ ਹੀ ਨਹੀਂ ਨਿਭਾਹੀ, ਸਗੋਂ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਹੋਂਦ ਨੂੰ ਕਾਇਮ ਰਖਣ ਅਤੇ ਉਨ੍ਹਾਂ ਨੂੰ ਸੱਤਾ ਤਕ ਪਹੁੰਚਾਣ ਵਿੱਚ ਵੀ ਮਹੱਤਵਪੂਰਣ ਭੂਮਿਕਾ ਅਦਾ ਕੀਤੀ ਹੈ। ਚਾਹੀਦਾ ਤਾਂ ਇਹ ਸੀ ਕਿ ਉਹ ਸੱਤਾ-ਸੰਘਰਸ਼ ਦੌਰਾਨ ਲਗਾਤਾਰ ਸਾਥ ਨਿਭਾਂਦੇ ਚਲੇ ਆਏ ਸਾਥੀਆਂ ਨੂੰ ਪੂਰਾ-ਪੂਰਾ ਸਨਮਾਨ ਦੇਣ ਲਈ ਆਪਣੇ ਨਾਲ ਖੜਿਆਂ ਰਖਦੇ। ਪ੍ਰੰਤੂ ਜਦੋਂ ਉਨ੍ਹਾਂ ਦੀ ਪੂਰੀ ਤਰ੍ਹਾਂ ਹੀ ਅਣਦੇਖੀ ਕਰ ਦਿਤੀ ਕਰ ਦਿੱਤੀ ਗਈ ਤਾਂ ਉਨ੍ਹਾਂ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਵਿੱਚ ਨਿਰਾਸ਼ਾ ਪੈਦਾ ਹੋਣਾ ਸੁਭਾਵਕ ਹੀ ਹੈ। ਇ ਸਥਿਤੀ ਨਾ ਤਾਂ ਪਾਰਟੀ ਹਿੱਤ ਵਿੱਚ ਹੈ ਅਤੇ ਨਾ ਹੀ ਗੁਰਦੁਆਰਾ ਕਮੇਟੀ ਦੀ ਸੱਤਾ ਪੁਰ ਬੈਠੇ ਮੁਖੀਆਂ ਦੇ ਹੀ ਹਿਤ ਵਿੱਚ।
...ਅਤੇ ਅੰਤ ਵਿੱਚ : ਜਿਸ ਤਰ੍ਹਾਂ ਦਿੱਲੀ ਗੁਰਦੁ ਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਸੱਤਾਧਾਰੀਆਂ ਨੇ ਪਿਛਲੀ ਕਮੇਟੀ ਵਲੋਂ ਕੀਤੇ ਗਏ ਫੈਸਲਿਆਂ ਨੂੰ ਬਦਲਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੋਇਆ ਹੈ, ਉਸਤੋਂ ਇਉਂ ਜਾਪਦਾ ਹੈ ਕਿ ਜਿਵੇਂ ਉਹ ਇਹ ਮੰਨ ਕੇ ਚਲ ਰਹੇ ਹੋਣ ਕਿ ਪਿਛਲੀ ਕਮੇਟੀ ਵਲੋਂ ਕੀਤੇ ਗਏ ਸਾਰੇ ਫੈਸਲੇ ਹੀ ਗਲਤ ਸਨ। ਜਦਕਿ ਉਨ੍ਹਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਪਹਿਲਾਂ ਉਹ ਪਿਛਲੀ ਕਮੇਟੀ ਦੇ ਕੀਤੇ ਗਏ ਹੋਏ ਫੈਸਲਿਆਂ ਦੀ ਸਮੀਖਿਆ ਕਰਦੇ, ਫਿਰ ਉਨ੍ਹਾਂ ਨੂੰ ਬਦਲਣ ਜਾਂ ਨਾ ਬਦਲਣ ਦੇ ਸਬੰਧ ਵਿੱਚ ਕੋਈ ਫੈਸਲਾ ਕਰਦੇ। ਇਸ ਵਿੱਚ ਕੋਈ ਸ਼ਕ ਨਹੀਂ ਕਿ ਪਿਛਲੇ ਸੱਤਾਧਾਰੀਆਂ ਵਲੋਂ ਕੀਤੇ ਗਏ ਸਾਰੇ ਹੀ ਫੈਸਲੇ ਠੀਕ ਨਹੀਂ ਹੋਣਗੇ, ਉਨ੍ਹਾਂ ਵਿਚੋਂ ਜ਼ਰੂਰ ਕੁਝ ਗਲਤ ਵੀ ਹੋਣਗੇ। ਪ੍ਰੰਤੂ ਬਿਨਾ ਉਨ੍ਹਾਂ ਦੀ ਸਮੀਖਿਆ ਕੀਤਿਆਂ ਉਨ੍ਹਾਂ ਨੂੰ ਬਦਲਣ ਵਿੱਚ ਜੁਟ ਜਾਣ ਤੋਂ ਤਾਂ ਇਹੀ ਜਾਪਦਾ ਹੈ ਜਿਵੇਂ ਉਹ ਬਿਨਾਂ ਸੋਚੇ-ਸਮਝੇ ਇਹ ਮੰਨ ਕੇ ਚਲ ਰਹੇ ਹਨ, ਕਿ ਪਿਛਲੇ ਪ੍ਰਬੰਧਕਾਂ ਵਲੋਂ ਕੀਤੇ ਗਏ ਸਾਰੇ ਹੀ ਫੈਸਲੇ ਗਲਤ ਹਨ। ਜਿਵੇਂ ਕੁਝ ਗੁਰਪੁਰਬ, ਜੋ ਪਿਛਲੀ ਕਮੇਟੀ ਨੇ ਪੁਰਾਣੇ ਸਥਾਨਾਂ ਪੁਰ ਮਨਾਏ ਜਾਣ ਦੇ ਨਾਲ ਹੀ ਗੁਰਦੁਆਰਾ ਰਕਾਬ ਗੰਜ ਦੇ ਲਖੀਸ਼ਾਹ ਵਣਜਾਰਾ ਹਾਲ ਵਿੱਚ ਮਨਾਏ ਜਾਣੇ ਅਰੰਭ ਕੀਤੇ ਸਨ। ਨਵੇਂ ਸੱਤਾਧਾਰੀਆਂ ਨੇ ਉਨ੍ਹਾਂ ਨੂੰ ਮੁੜ ਕੇਵਲ ਪੁਰਾਣੇ ਸਥਾਨਾਂ ਪੁਰ ਹੀ ਮਨਾਣ ਦਾ ਫੈਸਲਾ ਕਰ ਲਿਐ। ਜਿਵੇਂ ਹੋਲਾ-ਮਹੱਲਾ ਗੁਰਦੁਆਰਾ ਦਮਦਮਾ ਸਹਿਬ ਅਤੇ ਵਸਾਖੀ ਗੁਰਦੁਆਰਾ ਮਜਨੂੰ ਟਿੱਲਾ ਵਿਖੇ ਹੀ। ਸ਼ਾਇਦ ਉਹ ਇਹ ਸਮਝਣ ਦੀ ਕੌਸ਼ਿਸ਼ ਹੀ ਨਹੀਂ ਕਰਨਾ ਚਾਹੁੰਦੇ ਕਿ ਇਹ ਗੁਰਦੁਆਰੇ ਇੱਕ ਵਿਸ਼ੇਸ਼ ਦਿਸ਼ਾ ਵਿੱਚ ਹੋਣ ਕਾਰਣ ਉਥੇ ਕੇਵਲ ਆਸ-ਪਾਸ ਦੀ ਸੰਗਤ ਹੀ ਜੁੜ ਸਕਦੀ ਹੈ, ਜਦਕਿ ਗੁਰਦੁਆਰਾ ਰਕਾਬਗੰਜ ਦੇ ਦਿੱਲੀ ਦੇ ਕੇਂਦਰ ਵਿੱਚ ਸਥਿਤ ਹੋਣ ਦੇ ਕਾਰਣ, ਉਥੇ ਸੰਗਤਾਂ ਚਹੁੰ ਪਾਸਿਊਂ ਪਹੁੰਚ ਕਥਾ-ਕੀਰਤਨ ਦਾ ਆਨੰਦ ਮਾਣ ਸਕਦੀਆਂ ਹਨ।0000
Mobile : +91 98 68 91 77 31 E-mail : jaswantsinghajit@gmail.com
Address : Jaswant Singh Ajit, 64-C, U & V / B, Shalimar Bagh, DELHI-11 00 88

ਕੀ ਜ. ਮੱਕੜ ਦੁਬਿਧਾ ਵਿੱਚ ਪੈ ਗਏ ਹਨ? -ਜਸਵੰਤ ਸਿੰਘ 'ਅਜੀਤ'

ਨੀਲਾਤਾਰਾ ਸਾਕੇ ਦੌਰਾਨ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਹੋਏ ਨੁਕਸਾਨ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ ਹਾਈਕੋਰਟ ਵਿੱਚ ਜੋ ਇੱਕ ਹਜ਼ਾਰ ਕਰੋੜ ਰੁਪਏ ਦੇ ਹਰਜਾਨੇ ਦਾ ਦਾਅਵਾ ਕੀਤਾ ਗਿਆ ਹੋਇਆ ਹੈ, ਕੀ ਉਸਨੂੰ ਅਗੇ ਵਧਾਣ ਦੇ ਮੁੱਦੇ ਪੁਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮੱਕੜ ਦੁਬਿਧਾ ਵਿੱਚ ਫਸ ਗਏ ਹੋਏ ਹਨ? ਇਹ ਸੁਆਲ ਉਠਣ ਦਾ ਕਾਰਣ ਇਹ ਦਸਿਆ ਜਾ ਰਿਹਾ ਹੈ ਕਿ ਜਿਵੇਂ ਕਿ ਪਿਛੇ ਜ਼ਿਕਰ ਕੀਤਾ ਗਿਆ ਸੀ ਕਿ ਜਦੋਂ ਅਚਾਨਕ ਹੀ ਇਹ ਖਬਰ ਆਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ ਹਾਈਕੋਰਟ ਵਿੱਚ ਇਹ ਹਲਫੀਆ ਬਿਅਨ ਦਾਖਲ ਕੀਤਾ ਗਿਆ ਹੈ ਕਿ ਇਸ ਦਾਅਵੇ ਪੁਰ ਹੋਣ ਵਾਲੀ ਕਾਰਵਾਈ ਨੂੰ ਅਗੇ ਵਧਾਣ ਲਈ ਅਦਾਲਤ ਵਲੋਂ ਜੋ ਦਸ ਕਰੋੜ ਰੁਪਏ ਦੀ ਫੀਸ ਜਮ੍ਹਾ ਕਰਵਾਏ ਜਾਣ ਦਾ ਆਦੇਸ਼ ਦਿੱਤਾ ਗਿਆ ਹੈ ਉਸਨੂੰ ਪੂਰਾ ਕਰਨ ਦੀ ਸਥਿਤੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਹੈ, ਜਿਸ ਕਾਰਣ ਉਹ ਇਸ ਦਾਅਵੇ ਨੂੰ ਵਾਪਸ ਲੈਣਾ ਚਾਹੁੰਦੀ ਹੈ, ਤਾਂ ਉਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਤਨੀ ਭਾਰੀ ਫੀਸ ਜਮ੍ਹਾ ਕਰਵਾ ਕੇ ਇਸ ਮਹੱਤਵਪੂਰਣ ਪੰਥਕ ਮਾਮਲੇ ਦੀ ਪੈਰਵੀ ਕਰਨ ਦੇ ਮੁੱਦੇ ਤੇ ਹੱਥ ਖੜੇ ਕਰ ਰਹੀ ਹੈ ਤਾਂ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁਖੀਆਂ ਨੂੰ ਆਦੇਸ਼ ਦੇਣ ਕਿ ਉਹ ਇਸ ਮਾਮਲੇ ਨੂੰ ਆਪਣੇ ਹੱਥ ਵਿੱਚ ਲੈ ਪੰਥ ਵਲੋਂ ਇਸਦੀ ਪੈਰਵੀ ਕਰਨ। ਸ੍ਰੀ ਅਕਾਲ ਤਖਤ ਤੋਂ ਮਿਲੇ ਆਦੇਸ਼ ਦਾ ਪਾਲਣ ਕਰਦਿਆਂ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁੱਖੀ ਤਨ-ਮਨ ਨਾਲ ਇਸ ਪੰਥਕ ਮਾਮਲੇ ਦੀ ਪੈਰਵੀ ਕਰਨ ਦੀ ਜ਼ਿਮੇਂਦਾਰੀ ਸੰਭਾਲਣ ਲਈ ਤਿਆਰ ਹੋਣਗੇ।
ਸ. ਸਰਨਾ ਦਾ ਇਹ ਬਿਆਨ ਆਉਣ ਦੀ ਦੇਰ ਸੀ ਕਿ ਜ. ਅਵਤਾਰ ਸਿੰਘ ਮੱਕੜ ਨੇ ਝਟ ਹੀ ਬਿਆਨ ਜਾਰੀ ਕਰ ਦਾਅਵਾ ਕਰ ਦਿੱਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਇਸ ਮੁਕਦਮਾ ਨੂੰ ਲੜੇਗੀ। ਜਾਪਦਾ ਹੈ ਕਿ ਸ. ਸਰਨਾ ਦੀ ਉਪ੍ਰੋਕਤ ਪੇਸ਼ਕਸ਼ ਨੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਨੇਤਾਵਾਂ ਲਈ ਮੁਸ਼ਕਲ ਪੈਦਾ ਕਰ ਦਿੱਤੀ ਕਿ ਜੇ ਸ. ਸਰਨਾ ਦੇ ਵਿਚਾਰਾਂ ਅਨੁਸਾਰ ਸ੍ਰੀ ਅਕਾਲ ਤਖਤ ਤੋਂ ਜਥੇਦਾਰ ਨੇ ਆਦੇਸ਼ ਜਾਰੀ ਕੀਤਾ ਤਾਂ ਪੰਥ ਦੇ ਸਾਹਮਣੇ ਉਨ੍ਹਾਂ ਦੀ ਬਹੁਤ ਹੀ ਕਿਰਕਰੀ ਹੋ ਜਾਇਗੀ, ਫਲਸਰੂਪ ਉਨ੍ਹਾਂ ਤੁਰੰਤ ਹੀ ਜ. ਮੱਕੜ ਨੂੰ ਪਲਟੀ ਮਾਰਨ ਦੀ ਹਿਦਾਇਤ ਜਾਰੀ ਕਰ ਦਿੱਤੀ। ਜਿਸਨੂੰ ਸਵੀਕਾਰ ਕਰ ਅਨੁਸਾਰ ਉਨ੍ਹਾਂ ਉਪ੍ਰੋਕਤ ਬਿਆਨ ਜਾਰੀ ਕਰਨ ਦੇ ਨਾਲ ਹੀ ਇਹ ਵੀ ਦਸਿਆ ਕਿ ਉਨ੍ਹਾਂ ਵਲੋਂ ਇਸ ਮੁੱਦੇ ਪੁਰ ਵਿਚਾਰ-ਵਟਾਂਦਰਾ ਕਰਨ ਲਈ ਬੁੱਧੀਜੀਵੀਆਂ ਅਤੇ ਕਾਨੂੰਨੀ ਮਾਹਿਰਾਂ ਦੀ ਇੱਕ ਜ਼ਰੂਰੀ ਬੈਠਕ ਦਿੱਲੀ ਵਿੱਚ ਬੁਲਾਈ ਗਈ ਹੈ। ਦਿੱਲੀ ਪੁਜ ਉਨ੍ਹਾਂ ਕਿਨ੍ਹਾਂ ਕਾਨੂੰਨੀ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਇਸ ਸਬੰਧ ਵਿੱਚ ਤਾਂ ਕੋਈ ਅੱਤਾ-ਪੱਤਾ ਨਹੀਂ ਚਲ ਸਕਿਆ। ਹਾਂ, ਅਪੁਸ਼ਟ ਖਬਰਾਂ ਤੋਂ ਇਹ ਜ਼ਰੂਰ ਪਤਾ ਚਲਿਆ ਕਿ ਇਸ ਮੁੱਦੇ ਪੁਰ ਉਨ੍ਹਾਂ ਕੁਝ ਬੁੱਧੀਜੀਵੀਆਂ ਨਾਲ ਬੰਦ-ਕਮਰਾ ਬੈਠਕ ਕੀਤੀ ਹੈ। ਹੈਰਾਨੀ ਦੀ ਗਲ ਤਾਂ ਇਹ ਹੈ ਕਿ ਉਹ ਤਾਂ ਅਦਾਲਤੀ ਮਾਮਲੇ ਪੁਰ ਕਾਨੂੰਨੀ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰਨ ਲਈ ਆਏ ਸਨ। ਫਿਰ ਆਖਿਰ ਅਜਿਹੀ ਕਿਹੀ ਸਮਸਿਆ ਆ ਖੜੀ ਹੋਈ ਕਿ ਕਾਨੂੰਨੀ ਮਾਹਿਰਾਂ ਨਾਲ ਗਲ ਨਾ ਕਰ ਉਨ੍ਹਾਂ ਨੂੰ ਬੁੱਧੀਜੀਵੀਆਂ ਨਾਲ ਬੰਦ-ਕਮਰਾ ਗਲ ਕਰ ਬੁਤਾ ਸਾਰ ਲੈਣਾ ਪਿਆ? ਕੀ ਇਸਤੋਂ ਇਉਂ ਨਹੀਂ ਜਾਪਦਾ ਕਿ ਜ. ਮੱਕੜ ਨੂੰ ਪਤਾ ਹੀ ਨਹੀਂ ਕਿ ਉਹ ਕਿਵੇਂ ਤੇ ਕਿਸ ਦੁਬਿਧਾ ਵਿੱਚ ਫਸ ਗਏ ਹਨ ਤੇ ਉਸ ਵਿਚੋਂ ਉਨ੍ਹਾਂ ਬਾਹਰ ਕਿਵੇਂ ਨਿਕਲਣਾ ਹੈ?
ਜ. ਮਕੱੜ ਦੀ ਦੁਬਿਧਾ ਦਾ ਸੱਚ? ਆਖਿਰ ਜ. ਅਵਤਾਰ ਸਿੰਘ ਮਕੱੜ ਦੀ ਦੁਬਿਧਾ ਦਾ ਕਾਰਣ ਕੀ ਹੈ? ਇਸ ਸੁਆਲ ਦਾ ਜਵਾਬ ਤਲਤਾਸ਼ਣ ਲਈ ਜਦੋਂ ਕੁਝ ਪਿਛੋਕੜ ਵਾਲ ਝਾਂਕਿਆ ਜਾਂਦਾ ਹੈ ਤਾਂ ਕੁਝ ਇਹ ਤੱਥ ਉਭਰ ਕੇ ਸਾਹਮਣੇ ਆਉਂਦੇ ਹਨ : ਅਜੇ ਤਕ ਇਸ ਕਾਂਡ ਦੇ ਵਾਪਰਨ ਲਈ ਮੁਖ ਰੂਪ ਵਿਚ ਇਹੀ ਕਾਰਣ ਮੰਨਿਆ ਜਾਂਦਾ ਚਲਿਆ ਆ ਰਿਹਾ ਸੀ, ਕਿ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ, ਅਕਾਲੀਆਂ ਵਲੋਂ ਐਮਰਜੈਂਸੀ ਵਿਰੁਧ ਲਾਏ ਗਏ ਮੋਰਚੇ, ਜਿਸਨੂੰ ਉਹ ਐਮਰਜੈਂਸੀ ਦੀ ਵਾਪਸੀ ਤੋਂ ਬਾਅਦ ਹੋਈਆਂ ਚੋਣਾਂ ਵਿਚ ਆਪਣੀ ਪਾਰਟੀ ਦੀ ਹਾਰ ਲਈ ਮੁਖ ਰੂਪ ਵਿਚ ਜ਼ਿਮੇਂਦਾਰ ਸਮਝਦੇ ਸਨ, ਲਈ ਅਕਾਲੀਆਂ ਨੂੰ ਸਬਕ ਸਿਖਾਉਣਾ ਚਾਹੁੰਦੇ ਸੀ। ਪ੍ਰੰਤੂ ਸਮੇਂ ਦੇ ਨਾਲ ਆਹਿਸਤਾ-ਆਹਿਸਤਾ ਇਸ ਕਾਂਡ ਨਾਲ ਸਬੰਧਤ ਜੋ ਪਰਤਾਂ ਖੁਲ੍ਹਦੀਆਂ ਚਲੀਆਂ ਆ ਰਹੀਆਂ ਹਨ, ਉਨ੍ਹਾਂ ਤੋਂ ਇਹ ਗਲ ਸਪਸ਼ਟ ਹੋਣ ਲਗੀ ਹੈ, ਕਿ ਇਸ ਸਾਕੇ ਦੇ ਵਾਪਰਨ ਲਈ, ਕੇਵਲ ਸ਼੍ਰੀਮਤੀ ਇੰਦਰਾ ਗਾਂਧੀ ਦੀ ਅਕਾਲੀਆਂ ਨੂੰ ਸਬਕ ਸਿਖਾਉਣ ਦੀ ਭਾਵਨਾ ਹੀ ਜ਼ਿਮੇਂਦਾਰ ਨਹੀਂ ਸੀ, ਸਗੋਂ ਇਸਦੇ ਨਾਲ ਹੀ ਕਈ ਹੋਰ ਕਾਰਣ ਵੀ ਜੁੜੇ ਹੋਏ ਸਨ।
ਬੀਤੇ ਸਮੇਂ ਵਿੱਚ ਜਾਰੀ ਕੀਤੀ ਗਈ, ਆਪਣੀ ਜੀਵਨ-ਕਥਾ ਵਿਚ ਭਾਜਪਾ ਦੇ ਇਕ ਸੀਨੀਅਰ ਨੇਤਾ, ਸਾਬਕਾ ਉਪ-ਪ੍ਰਧਾਨ ਮੰਤਰੀ 'ਤੇ 'ਪੀ. ਐਮ. ਇਨ ਵੇੰਿਟੰਗ' ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ, ਲਿਖਤ ਰੂਪ ਵਿਚ ਸਵੀਕਾਰ ਕੀਤਾ ਹੈ, ਕਿ ਉਨ੍ਹਾਂ ਅਤੇ ਉਨ੍ਹਾਂ ਦੀ ਪਾਰਟੀ ਨੇ ਦਬਾਉ ਬਣਾ ਕੇ, ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਸ੍ਰੀ ਦਰਬਾਰ ਸਾਹਿਬ ਪੁਰ ਫ਼ੌਜੀ ਕਾਰਵਾਈ ਕਰਨ ਲਈ ਮਜਬੂਰ ਕਰ ਦਿਤਾ ਸੀ, ਹਾਲਾਂਕਿ ਉਹ ਇਤਨਾ ਸਖਤ ਕਦਮ ਚੁਕੇ ਜਾਣ ਤੋਂ ਬਚਣ ਦੀ ਕੌਸ਼ਿਸ਼ ਕਰਦੇ ਚਲੇ ਆ ਰਹੇ ਸਨ। ਇਸੇ ਤਰ੍ਹਾਂ ਹੀ ਕੁਝ ਵਰ੍ਹੇ ਪਹਿਲਾਂ 'ਖਾਲੜਾ ਮਿਸ਼ਨ ਆਗੇਨਾਈਜ਼ੇਸ਼ਨ' ਨੇ ਸੰਤ ਹਰਚੰਦ ਸਿੰਘ ਲੌਂਗੋਵਾਲ, ਜੋ ਧਰਮ-ਯੁੱਧ ਮੋਰਚੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ, ਵਲੋਂ ਸ੍ਰੀਮਤੀ ਇੰਦਰਾ ਗਾਂਧੀ ਦੇ ਨਿਜੀ ਸਕਤ੍ਰ ਆਰ ਕੇ ਧਵਨ ਦੇ ਨਾਂ ਲਿਖੀ ਇੱਕ ਨਿਜੀ ਚਿੱਠੀ ਜਾਰੀ ਕਰਦਿਆਂ, ਦੋਸ਼ ਲਾਇਆ, ਕਿ ਨੀਲਾ ਤਾਰਾ ਸਾਕੇ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਦੀ ਵੀ ਮੁਖ ਭਾਈਵਾਲੀ ਰਹੀ ਹੈ।
ਇਹ ਕੁਝ ਅਜਿਹੇ ਤੱਥ ਹਨ, ਇਸ ( ਇੱਕ ਹਜ਼ਾਰ ਕਰੋੜ ਰੁਪਏ ਦੇ ਹਰਜਾਨੇ ਦੇ) ਦਾਅਵੇ ਵਿੱਚ ਜਿਨ੍ਹਾਂ ਤੋਂ ਪਰਦਾ ਉਠ ਸਕਦਾ ਹੈ, ਕਿਉਂਕਿ ਜ਼ਰੂਰੀ ਹੈ ਕਿ ਸਰਕਾਰ ਆਪਣਾ ਪੱਖ ਵਿੱਚ ਅਜਿਹੇ ਦਸਤਾਵੇਜ਼ ਪੇਸ਼ ਕਰਦਿਆਂ, ਜਿਨ੍ਹਾਂ ਰਾਹੀਂ ਇਹ ਸਾਬਤ ਹੋ ਸਕੇ ਕਿ ਇਸ ਸਾਕੇ ਲਈ ਉਹ ਹੀ ਜ਼ਿਮੇਂਦਾਰ ਨਹੀਂ, ਸਗੋਂ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਨੇਤਾ, ਜੋ ਇਸ ਸਾਕੇ ਵਿੱਚ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕਰ ਰਹੇ ਹਨ, ਵੀ ਪੂਰੀ ਤਰ੍ਹਾਂ ਭਾਈਵਾਲ ਰਹੇ ਹਨ, ਉਨ੍ਹਾਂ ਵਲੋਂ ਮਜਬੂਰ ਕੀਤੇ ਜਾਣ ਤੇ ਹੀ ਸਰਕਾਰ ਨੂੰ, ਇਤਨੀ ਦੁਖਦਾਈ ਕਾਰਵਾਈ ਕਰਨ ਤੇ ਮਜਬੂਰ ਹੋਣਾ ਪਿਆ, ਨਹੀਂ ਤਾਂ, ਭਾਰਤੀ ਜਨਤਾ ਪਾਰਟੀ ਦੇ ਜ਼ਿਮੇਂਦਾਰ ਨੇਤਾ, ਲਾਲ ਕ੍ਰਿਸ਼ਨ ਅਡਵਾਨੀ ਦੀ ਆਪਣੀ ਲਿਖਤ ਅਨੁਸਾਰ ਉਨ੍ਹਾਂ ਅਤੇ ਉਨ੍ਹਾਂ ਦੀ ਪਾਰਟੀ ਨੇ ਦਬਾਉ ਬਣਾ ਕੇ, ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਸ੍ਰੀ ਦਰਬਾਰ ਸਾਹਿਬ ਪੁਰ ਫ਼ੌਜੀ ਕਾਰਵਾਈ ਕਰਨ ਲਈ ਮਜਬੂਰ ਕਰ ਦਿਤਾ ਸੀ, ਹਾਲਾਂਕਿ ਉਹ ਇਤਨਾ ਸਖਤ ਕਦਮ ਚੁਕੇ ਜਾਣ ਤੋਂ ਬਚਣ ਦੀ ਕੌਸ਼ਿਸ਼ ਕਰਦੇ ਚਲੇ ਆ ਰਹੇ ਸਨ। ਇਤਨਾ ਹੀ ਨਹੀਂ ਸਰਕਾਰ ਵਲੋਂ ਆਪਣੇ ਹਕ ਵਿੱਚ ਉਹ ਦਸਤਾਵੇਜ਼ ਵੀ ਪੇਸ਼ ਕੀਤੇ ਜਾ ਸਕਦੇ ਹਨ, ਜੋ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਵਲੋਂ ਜਾਰੀ ਕਰ ਸ. ਪ੍ਰਕਾਸ਼ ਸਿੰਘ ਬਾਦਲ ਦੇ ਵੀ ਇਸ ਸਾਕੇ ਵਿੱਚ ਭਾਈਵਾਲ ਹੋਣ ਦਾ ਦੋਸ਼ ਲਾਇਆ ਗਿਆ ਸੀ।
ਜੇ ਅਜਿਹਾ ਹੁੰਦਾ ਹੈ ਤਾਂ ਇਹ ਸਾਰੇ ਤੱਥ ਅਦਾਲਤ ਦੇ ਰਿਕਾਰ ਵਿੱਚ ਆ ਜਾਣਗੇ, ਜਿਨ੍ਹਾਂ ਦਾ ਜਵਾਬ ਸ਼ਾਇਦ ਨਾ ਤਾਂ ਅਕਾਲੀ ਲੀਡਰਸ਼ਿਪ ਕੋਲ ਹੋਵੇਗਾ ਅਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਜਾ ਵਕੀਲਾਂ ਪਾਸ। ਫਲਸਰੂਪ ਅੱਜ ਜੋ ਗਲਾਂ ਸਮੇਂ ਦੇ ਨਾਲ ਖਬਰਾਂ ਹੇਠ ਦੱਬ ਗਈਆਂ ਹੋਈਆਂ ਹਨ ਉਹ ਮੁੜ ਨਾ ਕੇਵਲ ਖਬਰਾਂ ਨਾਲ ਤਾਜ਼ਾ ਹੋ ਜਾਣਗੀਆਂ, ਸਗੋਂ ਅਦਾਲਤ ਦੇ ਰਿਕਾਰਡ ਵਿੱਚ ਆ ਜਾਣ ਕਾਰਣ, ਜੋਂ ਵੀ ਨੀਲਾਤਾਰਾ ਸਾਕੇ ਲਈ ਸਰਕਾਰ ਨੂੰ ਦੋਸ਼ੀ ਗਰਦਾਨਣ ਦਾ ਪਰਚਾਰ ਕੀਤਾ ਗਿਆ, ਇਹ ਅਦਾਲਤੀ ਰਿਕਾਰਡ ਵਿੱਚੋਂ ਨਿਕਲ ਬਾਹਰ ਆ ਜਇਆ ਕਰਨਗੀਆਂ ਤੇ ਉਨ੍ਹਾਂ ਨੂੰ ਝੁਠਲਾਣਾ ਸਹਿਜ ਨਹੀਂ ਹੋਵੇਗਾ। ਇਹੀ ਕਰਣ ਹੈ ਕਿ ਜ. ਮਕੱੜ ਦੁਬਿਧਾ ਵਿੱਚ ਹਨ ਕਿ ਉਹ ਇਸ ਵਿਚੋਂ ਕਿਵੇਂ ਉਭਰਨ? ਉਨ੍ਹਾਂ ਸਾਹਮਣੇ ਇੱਕ ਪਾਸੇ ਖਾਈ ਹੈ ਅਤੇ ਦੂਜੇ ਪਾਸੇ ਟੋਇਆ। ਇਸ ਸਥਿਤੀ ਵਿਚੋਂ ਉਭਰਨ ਵਿੱਚ ਨਾ ਤਾਂ ਬੁਧੀਜੀਵੀ ਉਨ੍ਹਾਂ ਦੀ ਮਦਦ ਕਰ ਸਕਦੇ ਹਨ ਤੇ ਨਾ ਹੀ ਕਾਨੂੰਨੀ ਮਹਿਰ।
ਹੁਣ ਦਿੱਲੀ ਵਿਧਾਨ ਸਭਾ ਚੋਣਾਂ ਪੁਰ ਨਜ਼ਰਾਂ : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿੱਲੀ ਤੋਂ ਨਾਮਜ਼ਦ ਮੈਂਬਰ ਸ. ਹਰਮਨਜੀਤ ਸਿੰਘ ਨੇ ਆਪਣੇ ਇਕ ਬਿਆਨ ਵਿੱਚ ਦਸਿਆ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਨ ਤੋਂ ਬਾਅਦ ਦਿੱਲੀ ਦੇ ਅਕਾਲੀ ਮੁਖੀਆਂ ਅਤੇ ਵਰਕਰਾਂ ਨੇ ਉਨ੍ਹਾਂ ਦੀ ਅਗਵਾਈ ਵਿੱਚ ਹੀ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੀ ਸ਼ਾਨਦਾਰ ਜਿਤ ਹਾਸਲ ਕਰਨ ਲਈ ਕਮਰਕਸਾ ਕਰ ਲਿਆ ਹੋਇਆ ਹੈ। ਉਨ੍ਹਾਂ ਦਸਿਆ ਕਿ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਹੋਈ ਜਿੱਤ ਨਾਲ ਜਿਥੇ ਦਲ ਦੇ ਆਗੂਆਂ ਅਤੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਅਤੇ ਜੋਸ਼ ਕਾਇਮ ਹੈ, ਉਥੇ ਹੀ ਦਿੱਲੀ ਵਿੱਚ ਦਲ ਦੇ ਹਕ ਵਿੱਚ ਜ਼ਬਰਦਸਤ ਹਵਾ ਬਣ ਗਈ ਹੋਈ ਹੈ, ਜਿਸਦਾ ਲਾਭ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਦਲ ਦੇ ਉਮੀਦਵਾਰਾਂ ਨੂੰ ਜ਼ਰੂਰ ਮਿਲੇਗਾ। ਸ. ਹਰਮਨਜੀਤ ਸਿੰਘ ਨੇ ਹੋਰ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਇਸ ਵਾਰ ਪਹਿਲਾਂ ਨਾਲੋਂ ਵਧੇਰੇ ਸੀਟਾਂ ਪੁਰ ਆਪਣੇ ਉਮੀਦਵਾਰ ਖੜੇ ਕਰੇਗਾ। ਸ. ਹਰਮਨਜੀਤ ਸਿੰਘ ਨੇ ਦਸਿਆ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਦਲ ਵਲੋਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕੇਵਲ ਚਾਰ ਉਮੀਦਵਾਰ ਖੜੇ ਕੀਤੇ ਗਏ ਸਨ, ਭਾਵੇਂ ਉਹ ਜਿਤ ਨਹੀਂ ਸਨ ਸਕੇ, ਫਿਰ ਵੀ ਉਨ੍ਹਾਂ ਕਾਂਗ੍ਰਸ ਦੇ ਪੱਖ ਵਿੱਚ ਚਲ ਰਹੀ ਹਵਾ ਵਿੱਚ ਵੀ ਵਿਰੋਧੀ ਕਾਂਗ੍ਰਸੀ ਉਮੀਦਵਾਰਾਂ ਨੂੰ ਜ਼ਬਰਦਸਤ ਟੱਕਰ ਦਿੱਤੀ ਸੀ।
ਸ. ਹਰਮਨਜੀਤ ਸਿੰਘ ਅਨੁਸਾਰ ਰਾਜੌਰੀ ਗਾਰਡਨ ਹਲਕੇ ਤੋਂ ਜ. ਅਵਤਾਰ ਸਿੰਘ ਹਿਤ, ਜੋ ਦਲ ਦੇ ਇਕਲੇ ਅਜਿਹੇ ਉਮੀਦਵਾਰ ਸਨ, ਜਿਨ੍ਹਾਂ ਦਲ ਦੇ ਚੋਣ ਚਿੰਨ੍ਹ ਪੁਰ ਚੋਣ ਲੜ ਵਿਰੋਧੀ ਉਮੀਦਵਾਰ ਨੂੰ ਭਾਜੜਾਂ ਪਾ ਦਿੱਤੀਆਂ ਸਨ। ਉਸ ਸਮੇਂ ਕਾਂਗ੍ਰਸ ਪੱਖੀ ਹਵਾ ਹੋਣ ਦੇ ਬਾਵਜੂਦ, ਉਹ ਪੰਜਾਹ ਤੋਂ ਵੀ ਘਟ ਵੋਟਾਂ ਨਾਲ ਹਾਰੇ ਸਨ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਇਸ ਵਾਰ ਇਸ ਹਲਕੇ (ਰਾਜੌਰੀ ਗਾਰਡਨ) ਤੋਂ ਜ. ਅਵਤਾਰ ਸਿੰਘ ਹਿਤ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰ, ਇਹ ਸੀਟ ਦਲ ਦੀ ਝੋਲੀ ਵਿੱਚ ਪਾਣਗੇ, ਕਿਉਂਕਿ ਇਸ ਵਾਰ ਉਨ੍ਹਾਂ ਨੂੰ ਪਿਛਲੀਆਂ ਚੋਣਾਂ ਸਮੇਂ ਕੀਤੀ ਆਪਣੀ ਜਦੋਜਹਿਦ ਦਾ ਲਾਭ ਵੀ ਮਿਲੇਗਾ ਹੀ। ਇਸਦੇ ਨਾਲ ਹੀ ਉਨ੍ਹਾਂ ਇਹ ਵਿਸ਼ਵਾਸ ਵੀ ਪ੍ਰਗਟ ਕੀਤਾ ਕਿ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਜ. ਅਵਤਾਰ ਸਿੰਘ ਹਿਤ ਨੂੰ ਹੀ ਇਸ ਸੀਟ ਤੋਂ ਦਲ ਦਾ ਉਮੀਦਵਾਰ ਬਣਾਇਆ ਜਾਇਗਾ। ਸ. ਹਰਮਨਜੀਤ ਸਿੰਘ ਨੇ ਸ. ਮਨਜਿੰਦਰ ਸਿੰਘ ਸਿਰਸਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਇਕ ਸਿਰੜੀ ਨੌਜਵਾਨ ਹਨ, ਜਿਨ੍ਹਾਂ ਪੰਜਾਬੀ ਬਾਗ ਹਲਕੇ ਤੋਂ ਇੱਕ ਮਜ਼ਬੂਤ ਉਮੀਦਵਾਰ ਨੂੰ ਰਿਕਾਰਡ ਫਰਕ ਨਾਲ ਹਰਾ ਜਿਤ ਹਾਸਲ ਕੀਤੀ ਹੈ। ਉਨ੍ਹਾਂ ਦਸਿਆ ਕਿ ਉਸੇ ਜਿਤ ਦਾ ਸਨਮਾਨ ਕਰਦਿਆਂ ਹੀ ਸ. ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਵਰਗੇ ਬਹੁਤ ਹੀ ਜ਼ਿਮੇਂਦਾਰ ਅਹੁਦੇ ਦੀਆਂ ਜ਼ਿਮੇਂਦਾਰੀਆਂ ਸੌਂਪੀਆਂ ਹਨ।
૴ਅਤੇ ਅੰਤ ਵਿੱਚ : ਪਿਛਲੇ ਦਿਨੀਂ ਕਾਂਗ੍ਰਸ ਦੇ ਇੱਕ ਸੀਨੀਅਰ ਮੁੱਖੀ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ 108 ਮਣਕਿਆਂ ਦੀ ਸ਼ੁੱਧ ਸੋਨੇ ਦੀ ਮਾਲਾ ਭੇਂਟ ਕੀਤੇ ਜਾਣ ਦਾ ਜ਼ਿਕਰ ਕੀਤਾ ਗਿਆ ਸੀ। ਜਿਸਨੂੰ ਲੈ ਕੇ ਕਈ ਸੱਜਣਾਂ ਨੇ ਫੋਨ ਕਰ ਸ਼ਿਕਵਾ ਕੀਤਾ ਕਿ ਇਸ ਘਟਨਾ ਪੁਰ ਲੇਖਕ ਦੀ ਪ੍ਰਤੀਕ੍ਰਿਆ ਪੜ੍ਹਨ ਨੂੰ ਨਹੀਂ ਮਿਲੀ। ਜਿਸ 'ਤੇ ਉਨ੍ਹਾਂ ਨੂੰ ਦਸਿਆ ਗਿਆ ਕਿ ਅਜਿਹਾ ਜਾਣ-ਬੁਝ ਕੇ ਕੀਤਾ ਗਿਆ ਹੈ, ਕਿਉਂਕਿ ਜਿਸ ਗਲ ਤੋਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੀ ਪ੍ਰਕ੍ਰਿਆ ਸ਼ੁਰੂ ਹੋਣ 'ਤੇ ਪਰਦਾ ਉਠਣਾ ਹੈ, ਉਸ ਤੋਂ ਸਮੇਂ ਤੋਂ ਪਹਿਲਾਂ ਪਰਦਾ ਚੁਕਿਆ ਜਾਣਾ ਯੋਗ ਨਹੀਂ ਸਮਝਿਆ ਗਿਆ।000
Mobile : +91 98 68 91 77 31

ਦਿੱਲੀ ਕਮੇਟੀ ਦੇ ਪ੍ਰਧਾਨ ਨੂੰ ਸ਼ੁੱਧ ਸੋਨੇ ਦੀ ਮਾਲਾ ਦਾ 'ਤੋਹਫਾ'? - ਜਸਵੰਤ ਸਿੰਘ ‘ਅਜੀਤ'

ਬੀਤੇ ਦਿਨੀਂ ਦਸਿਆ ਗਿਆ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਇੱਕ ਸੀਨੀਅਰ ਆਗੂ, ਸ. ਆਰ ਐਸ ਜੌੜਾ ਨੇ ਜ. ਮਨਜੀਤ ਸਿੰਘ ਜੀਕੇ ਨੂੰ ਉਨ੍ਹਾਂ ਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ ਦੀ ਖੁਸ਼ੀ ਵਿੱਚ ਸ਼ੁੱਧ ਸੋਨੇ ਦੇ 108 ਮਣਕਿਆਂ ਦੀ ਮਾਲਾ ਭੇਂਟ ਕੀਤੀ ਹੈ। ਸ. ਜੌੜਾ ਵਲੋਂ ਭੇਂਟ ਕੀਤੀ ਗਈ ਇਸ ਸੋਨੇ ਦੀ ਮਾਲਾ ਨੇ ਰਾਜਧਾਨੀ ਦੀ ਸਿੱਖ ਰਾਜਸੀ ਹਲਕਿਆਂ ਵਿੱਚ ਬੜੀ ਦਿਲਚਸਪ ਚਰਚਾ ਛੇੜ ਦਿੱਤੀ ਹੈ। ਜਦੋਂ ਇਸ ਗਲ ਦੀ ਸੂਹ ਮਿਲੀ ਤਾਂ ਪਹਿਲਾਂ ਤਾਂ ਇਸ ਗਲ ਪੁਰ ਵਿਸ਼ਵਾਸ ਨਹੀਂ ਸੀ ਹੋਇਆ, ਪ੍ਰੰਤੂ ਜਦੋਂ ਇਸਦੀ ਪੁਸ਼ਟੀ ਲਈ ਸ. ਆਰ ਐਸ ਜੌੜਾ ਨਾਲ ਸੰਪਰਕ ਕੀਤਾ ਗਿਆ ਤਾਂ ਪਹਿਲਾਂ ਤਾਂ ਉਨ੍ਹਾਂ ਕਾਫੀ ਟਾਲ-ਮਟੋਲ ਕੀਤੀ। ਪ੍ਰੰਤੂ ਜਦੋਂ ਉਨ੍ਹਾਂ ਨੂੰ ਇਹ ਦਸਿਆ ਗਿਆ ਕਿ ਜੇ ਉਨ੍ਹਾਂ ਸੱਚਾਈ ਨਾ ਦਸੀ ਤਾਂ ਮਿਲੀ ਜਾਣਕਾਰੀ ਦੇ ਆਧਾਰ ਪੁਰ ਬਿਆਨ ਕੀਤੇ ਗਏ ਵੇਰਵੇ ਉਨ੍ਹਾਂ ਲਈ ਜਵਾਬਦੇਹੀ ਪੈਦਾ ਕਰ ਸਕਦੇ ਹਨ, ਤਾਂ ਜਾ ਕੇ ਉਨ੍ਹਾਂ ਦਸਿਆ ਕਿ ਜ. ਸੰਤੋਖ ਸਿੰਘ ਨਾਲ ਉਨ੍ਹਾਂ ਦੇ ਬੜੇ ਹੀ ਗੂੜ੍ਹੇ ਅਤੇ ਮਧੁਰ ਸਬੰਧ ਰਹੇ ਹਨ, ਜਿਨ੍ਹਾਂ ਦੇ ਚਲਦਿਆਂ ਹੀ ਜ. ਮਨਜੀਤ ਸਿੰਘ ਨਾਲ ਵੀ ਉਨ੍ਹਾਂ ਦੇ ਗੂੜ੍ਹੇ ਦੋਸਤਾਨਾ ਸਬੰਧ ਬਣ ਗਏ। ਉਨ੍ਹਾਂ ਦਸਿਆ ਕਿ ਇਸੇ ਕਾਰਣ ਜਦੋਂ ਉਨ੍ਹਾਂ ਨੂੰ ਇਹ ਪਤਾ ਲਗਾ ਕਿ ਜ. ਸੰਤੋਖ ਸਿੰਘ ਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ ਦੇ ਤਕਰੀਬਨ 32 ਵਰ੍ਹਿਆਂ ਬਾਅਦ ਉਨ੍ਹਾਂ ਦੇ ਪੁਤ੍ਰ (ਜ. ਮਨਜੀਤ ਸਿੰਘ ਜੀਕੇ) ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਦੀਆਂ ਜ਼ਿਮੇਂਦਾਰੀਆਂ ਸੰਭਾਲਣ ਜਾ ਰਹੇ ਹਨ ਤਾਂ ਉਨ੍ਹਾਂ ਨੂੰ ਬਹੁਤ ਹੀ ਖੁਸ਼ੀ ਹੋਈ ਅਤੇ ਇਸੇ ਖੁਸ਼ੀ ਦੇ ਚਲਦਿਆਂ ਹੀ ਉਹ ਜ. ਮਨਜੀਤ ਸਿੰਘ ਨੂੰ ਸ਼ੁਧ ਸੋਨੇ ਦੇ 108 ਮਣਕਿਆਂ ਦੀ ਮਾਲਾ ਭੇਂਟ ਕਰ ਆਏ। ਇਤਨਾ ਦਸਣ ਦੇ ਬਾਵਜੂਦ ਉਨ੍ਹਾਂ ਇਸ ਮਾਲਾ ਦੇ ਵਜ਼ਨ ਅਤੇ ਮੁਲ ਦਾ ਖੁਲਾਸਾ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਫਿਰ ਭੀ ਜਾਣਕਾਰ ਸੂਤਰਾਂ ਅਨੁਸਾਰ ਮਾਲਾ ਨਾ ਕੇਵਲ ਸ਼ੁੱਧ ਸੋਨੇ ਦੀ ਹੀ ਹੈ, ਸਗੋਂ ਕਾਫੀ ਵਜ਼ਨੀ ਵੀ ਹੈ, ਜਿਸ ਕਾਰਣ ਇਸਦਾ ਅਨੁਮਾਨਤ ਮੁਲ ਕਈ ਲੱਖ (10 ਤੋਂ 15 ਲੱਖ) ਰੁਪਏ ਤਕ ਤਾਂ ਹੋ ਹੀ ਸਕਦਾ ਹੈ। ਇੱਕ ਦਿਲਚਸਪ ਗਲ ਉਨ੍ਹਾਂ ਇਹ ਵੀ ਦਸੀ ਕਿ ਉਨ੍ਹਾਂ ਨੂੰ ਇਹ (ਸੋਨੇ ਦੇ ਮਣਕਿਆਂ ਦੀ) ਮਾਲ ਭੇਂਟ ਕਰਨ ਦਾ ਵਿਚਾਰ ਅਚਾਨਕ ਇਹ ਗਲ ਧਿਆਨ ਵਿੱਚ ਆਣ ਤੇ ਆਇਆ ਕਿ ਜ. ਮਨਜੀਤ ਸਿੰਘ ਦੇ ਪਿਤਾ, ਸਵਰਗੀ ਜ. ਸੰਤੋਖ ਸਿੰਘ ਸਦਾ ਹੀ ਆਪਣੇ ਹੱਥ ਵਿੱਚ ਸਿਮਰਨਾ ਰਖਦੇ ਸਨ ਤੇ ਜਦੋਂ ਉਹ ਕੋਈ ਗਲ ਨਾ ਕਰਦੇ ਹੁੰਦੇ ਤਾਂ ਉਹ ਸਿਮਰਨਾ ਉਨ੍ਹਾਂ ਦੀਆਂ ਉਂਗਲੀਆਂ ਵਿੱਚ ਘੁੰਮਣ ਲਗਦਾ ਅਤੇ ਬੁਲ੍ਹ ਫੜਕਣ ਲਗਦੇ, ਜਿਸਤੋਂ ਲਗਦਾ ਕਿ ਉਹ ਨਾਮ ਸਿਮਰਨ ਕਰ ਰਹੇ ਹਨ। ਇਸੇ ਕਾਰਣ ਉਨ੍ਹਾਂ ਜ. ਮਨਜੀਤ ਸਿੰਘ ਨੂੰ ਇਹ ਸੋਨੇ ਦਾ ਸਿਮਰਨਾ ਭੇਂਟ ਕਰਨ ਦਾ ਮਨ ਬਣਾਇਆ, ਤਾਂ ਜੋ ਉਹ ਵੀ ਆਪਣੇ ਪਿਤਾ ਵਾਂਗ ਨਾਮ ਸਿਮਰਨ ਨੂੰ ਆਪਣੇ ਜੀਵਨ ਦਾ ਅੰਗ ਬਣਾਈ ਰਖ ਸਕਣ।
ਇਹ ਵੀ ਪਤਾ ਲਗਾ ਕਿ ਕੁਝ ਸਮਾਂ ਪਹਿਲਾਂ ਕੁਝ ਅਣ-ਦਸੇ ਕਾਰਣਾਂ ਕਰ ਦੋਹਾਂ ਦੇ ਸਬੰਧਾਂ ਵਿੱਚ ਕੁਝ ਕੜਵਾਹਟ-ਜਿਹੀ ਆ ਗਈ ਸੀ। ਪ੍ਰੰਤੂ ਜਦੋਂ ਕੁਝ ਮਹੀਨੇ ਪਹਿਲਾਂ ਉਹ ਫਿਰ ਦੋਵੇਂ ਇੱਕ-ਦੂਜੇ ਦੇ ਆਮ੍ਹੋ-ਸਾਹਮਣੇ ਹੋਏ ਤਾਂ ਸ਼ਾਇਦ ਉਨ੍ਹਾਂ ਦਾ ਪੁਰਾਣਾ ਆਪਸੀ ਪਿਆਰ ਉਬਲ ਪਿਆ ਅਤੇ ਦੋਹਾਂ ਵਿੱਚ ਫਿਰ ਆਪਸੀ ਅਜਿਹੀ ਗਲਵਕੜੀ ਪਈ ਕਿ ਉਨ੍ਹਾਂ ਦੇ ਆਪਸੀ ਸਬੰਧ ਪਹਿਲਾਂ ਨਾਲੋਂ ਵੀ ਗੁੜ੍ਹੇ ਹੋ ਗਏ। ਮੰਨਿਆ ਜਾਂਦਾ ਹੈ ਕਿ ਸ. ਜੌੜਾ ਨੇ ਗੁਰਦੁਆਰਾ ਚੋਣਾਂ ਵਿੱਚ ਵੀ ਜ. ਮਨਜੀਤ ਸਿੰਘ ਤੇ ਉਨ੍ਹਾਂ ਦੇ ਕੁਝ ਸਾਥੀਆਂ ਦੀ ਜਿੱਤ ਵਿੱਚ ਵੀ ਅਪ੍ਰਤਖ ਰੂਪ ਵਿੱਚ ਕਾਫੀ ਭੂਮਿਕਾ ਅਦਾ ਕੀਤੀ ਹੈ।
ਗਲ ਨਾਨਕਸ਼ਾਹੀ ਕੈਲੰਡਰ ਦੀ : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਰਤਮਾਨ ਪ੍ਰਬੰਧਕਾਂ ਵਲੋਂ ਬੀਤੇ ਬੁੱਧਵਾਰ ਗੁਰਦੁਆਰਾ ਰਕਾਬਗੰਜ ਵਿਖੇ ਗੁਰਮਤਿ ਸਮਾਗਮ ਕਰਵਾ ਕੇ, ਇਹ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਅਕਾਲ ਤਖਤ ਤੋਂ ਜਾਰੀ ਸੋਧੇ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਨਵੇਂ-ਵਰ੍ਹੇ ਦੀ ਅਰੰਭਤਾ ਦਾ ਸਮਾਗਮ ਕਰਵਾ ਸਿੱਖਾਂ ਵਿੱਚ ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਸਾਬਕਾ ਗੁਰਦੁਆਰਾ ਪ੍ਰਬੰਧਕਾਂ ਵਲੋਂ ਪੈਦਾ ਕੀਤੀ ਗਈ ਹੋਈ ਦੁਬਿਧਾ ਖਤਮ ਕਰ ਦਿਤੀ ਹੈ। ਜੇ ਉਨ੍ਹਾਂ ਅਨੁਸਾਰ ਇਹ ਸਮਾਗਮ ਕਰਵਾਏ ਜਾਣ ਨਾਲ ਸਿੱਖਾਂ ਵਿੱਚ ਦੋ (2003 ਅਤੇ 2010) ਕੈਲੰਡਰਾਂ ਨੂੰ ਲੈ ਕੇ ਚਲੀ ਆ ਰਹੀ ਦੁਬਿਧਾ ਖਤਮ ਹੋ ਗਈ ਹੈ ਤਾਂ ਇਹ ਗਲ ਪ੍ਰਸ਼ੰਸਾਯੋਗ ਹੋਵੇਗੀ। ਪ੍ਰੰਤੂ ਉਨ੍ਹਾਂ ਨੂੰ ਇਹ ਮੰਨ ਲੈਣਾ ਹੋਵੇਗਾ ਕਿ ਇੱਕ ਤਾਂ ਨਾਨਕਸ਼ਾਹੀ ਕੈਲੰਡਰ ਅਨੁਸਾਰ ਨਵੇਂ ਵਰ੍ਹੇ ਦੀ ਅਰੰਭਤਾ ਦੇ ਮੁੱਦੇ ਤੇ ਕੋਈ ਦੁਬਿਧਾ ਨਹੀਂ ਸੀ। ਦੂਸਰਾ, ਦੋ-ਦੋ ਪੁਰਬਾਂ ਨੂੰ ਲੈ ਕੇ ਜੋ ਦੁਬਿਧਾ ਬਣੀ ਚਲੀ ਆ ਰਹੀ ਹੈ, ਉਹ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਬੰਧਕਾਂ ਵਲੋਂ ਹੀ ਪੈਦਾ ਕੀਤੀ ਗਈ ਹੋਈ ਨਹੀਂ ਸੀ।
ਇਸ ਗਲ ਵਿੱਚ ਕੋਈ ਸ਼ਕ ਨਹੀਂ ਕਿ ਬਾਦਲ ਅਕਾਲੀ ਦਲ ਨੇ ਇਸੇ ਮੁੱਦੇ ਨੂੰ ਲੈ ਕੇ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਨੂੰ 'ਅਕਾਲ ਤਖਤ ਬਨਾਮ ਸਰਨਾ-ਭਰਾ' ਬਣਾ ਜਿੱਤਣ ਵਿੱਚ ਸਫਲਤਾ ਹਾਸਲ ਕੀਤੀ ਹੈ। ਪ੍ਰੰਤੂ ਸੱਚਾਈ ਇਹ ਵੀ ਹੈ ਕਿ ਨਾਨਕਸ਼ਾਹੀ ਕੈਲੰਡਰ ਦੀ ਦੁਬਿਧਾ ਅਕਾਲ ਤਖਤ ਤੋਂ ਜਾਰੀ ਦੋ ਕੈਲੰਡਰਾਂ ਨੂੰ ਲੈ ਕੇ ਹੀ ਪੈਦਾ ਹੋਈ ਹੈ, ਨਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਬੰਧਕਾਂ ਵਲੋਂ ਪੈਦਾ ਕੀਤੀ ਗਈ। ਇਸਦਾ ਕਾਰਣ ਇਹ ਹੈ ਕਿ ਸੰਨ-2003 ਵਿੱਚ ਜੋ ਨਾਨਕਸ਼ਾਹੀ ਕੈਲੰਡਰ ਇਸ ਦਾਅਵੇ ਨਾਲ ਲਾਗੂ ਕੀਤਾ ਗਿਆ ਸੀ ਕਿ ਸਿੱਖ ਧਰਮ ਦੀ ਸੁਤੰਤਰ ਹੋਂਦ ਨੂੰ ਕਾਇਮ ਕਰੀ ਰਖਣ ਲਈ ਇਸਨੂੰ ਅਪਨਾਇਆ ਜਾਣਾ ਬਹੁਤ ਜ਼ਰੂਰੀ ਹੈ। ਇਸ ਦਾਅਵੇ ਨੇ ਭਾਵੁਕ ਸਿੱਖਾਂ ਦੇ ਦਿਲਾਂ ਵਿੱਚ ਇਹ ਭਾਵਨਾ ਭਰ ਦਿੱਤੀ ਕਿ ਇਸ ਕੈਲੰਡਰ ਨੂੰ ਅਪਨਾ ਕੇ ਹੀ ਆਪਣੀ ਸੁਤੰਤਰ ਧਾਰਮਕ ਪਛਾਣ ਕਾਇਮ ਰਖੀ ਜਾ ਸਕਦੀ ਹੈ।
ਸੰਨ-2003 ਤੋਂ ਸੰਨ-2010 ਤਕ ਦੇ ਸੱਤ ਵਰ੍ਹਿਆਂ ਵਿੱਚ ਸਿੱਖਾਂ ਦੇ ਇੱਕ ਵੱਡੇ ਹਿਸੇ ਦੇ ਮਨ ਵਿੱਚ ਇਹ ਗਲ ਘਰ ਕਰ ਗਈ ਕਿ ਇਸ ਨਾਨਕਸ਼ਾਹੀ ਕੈਲੰਡਰ ਦੇ ਬਿਨਾ ਉਨ੍ਹਾਂ ਦੀ ਪਛਾਣ ਖੱਤਮ ਹੋ ਕੇ ਰਹਿ ਜਾਇਗੀ। ਜਦੋਂ ਸੰਨ-2010 ਵਿੱਚ ਸੋਧਿਆ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਗਿਆ ਤਾਂ ਸਿੱਖਾਂ ਵਿੱਚ ਘਰ ਕਰ ਚੁਕੀ ਇਸ ਭਾਵਨਾ ਦੇ ਨਿਵਾਰਣ ਦੀ ਕੋਈ ਲੋੜ ਨਹੀਂ ਸਮਝੀ ਗਈ ਅਤੇ ਨਾ ਹੀ ਉਸਨੂੰ ਲਾਗੂ ਕਰਨ ਤੋਂ ਪਹਿਲਾਂ ਅਜਿਹਾ ਵਾਤਾਵਰਣ ਹੀ ਬਣਾਇਆ ਗਿਆ ਕਿ ਸਿੱਖ ਉਸਨੂੰ ਉਸੇ ਤਰ੍ਹਾਂ ਸਵੀਕਾਰ ਕਰਨ ਲਈ ਤਿਆਰ ਹੋ ਸਕਣ ਜਿਵੇਂ ਉਹ ਸੰਨ-2003 ਵਿੱਚ ਜਾਰੀ ਨਾਨਕਸ਼ਾਹੀ ਕੈਲੰਡਰ ਨੂੰ ਅਪਨਾਣ ਲਈ ਤਿਆਰ ਹੋ ਗਏ ਸਨ। ਇਸ ਸਥਿਤੀ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਦਾ ਇਹ ਦਾਅਵਾ ਕਿ ਉਨ੍ਹਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸੋਧਿਆ ਨਾਨਕਸ਼ਾਹੀ ਕੈਲੰਡਰ ਲਾਗੂ ਕਰ ਸਿੱਖ ਜਗਤ ਵਿੱਚ ਚਲੀ ਆ ਰਹੀ ਦੁਬਿਧਾ ਖਤਮ ਕਰ ਦਿੱਤੀ ਹੈ, ਪੂਰੀ ਤਰ੍ਹਾਂ ਸੱਚ ਨਹੀਂ। ਕਿਉਂਕਿ ਦਿੱਲੀ ਵਿੱਚ ਭਾਵੇਂ ਇਹ ਦੁਬਿਧਾ ਖਤਮ ਮੰਨ ਲਈ ਜਾਏ, ਪ੍ਰੰਤੂ ਇਨ੍ਹਾਂ ਕੈਲੰਡਰਾਂ ਨੂੰ ਲੈ ਕੇ ਪੰਜਾਬ ਸਹਿਤ ਦੇਸ਼-ਵਿਦੇਸ਼ ਦੇ ਕਈ ਹੋਰ ਹਿਸਿਆਂ ਵਿੱਚ ਬਣ ਗਈ ਹੋਈ ਦੁਬਿਧਾ ਜਿਉਂ ਦੀ ਤਿਉਂ ਕਾਇਮ ਹੋਈ ਹੈ। ਜਿਸਨੂੰ ਦੂਰ ਕਰ ਪਾਣਾ ਸਹਿਜ ਨਹੀਂ। ਸ਼ਾਇਦ ਬਾਦਲ ਅਕਾਲੀ ਦਲ ਦੇ ਆਗੂ ਇਹ ਜਾਣਦਿਆਂ ਹੋਇਆਂ ਵੀ ਅਨਜਾਣ ਬਣੇ ਹੋਏ ਹਨ, ਕਿ ਪੰਜਾਬ ਵਿੱਚਲੇ ਤਿੱੰਨ ਤਖਤਾਂ ਦੇ ਜਥੇਦਾਰਾਂ ਵਿਚੋਂ ਵੀ ਇਕ ਤਖਤ, ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਅਜੇ ਤਕ ਇਸ ਸੋਧੇ ਨਾਨਕਸ਼ਾਹੀ ਕੈਲੰਡਰ ਨੂੰ ਬਿਕਰਮੀ ਕੈਲੰਡਰ ਦਾ ਹੀ ਬਦਲਿਆ ਨਾਂ ਨਾਨਕਸ਼ਾਹੀ ਕੈਲੰਡਰ ਕਰਾਰ ਦੇ ਉਸਦਾ ਵਿਰੋਧ ਕਰਦੇ ਆ ਰਹੇ ਹਨ, ਜੋ ਕਿ ਜਗ ਜਾਹਿਰ ਹੈ।
...ਅਤੇ ਅੰਤ ਵਿੱਚ: ਖਬਰਾਂ ਅਨੁਸਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਨਵੇਂ ਪ੍ਰਬੰਧਕਾਂ ਪੁਰ ਅਧਾਰਤ ਇਕ ਪ੍ਰਤੀਨਿਧੀ ਮੰਡਲ ਨੇ ਨਵੀਂ ਦਿੱਲੀ ਸਥਿਤ ਪਾਕਿਸਤਾਨੀ ਰਾਜਦੂਤਾਵਾਸ ਅਤੇ ਦੂਸਰੇ ਪ੍ਰਤੀਨਿਧੀ ਮੰਡਲ ਨੇ ਪਾਕਿਸਤਾਨ ਜਾ ਪਾਕਿਸਤਾਨ ਵਕਫ ਬੋਰਡ ਦੇ ਮੁੱਖੀਆਂ ਨਾਲ ਮੁਲਾਕਾਤ ਕਰ ਉਨ੍ਹਾਂ ਪਾਸੋਂ ਮੰਗ ਕੀਤੀ ਹੈ ਕਿ ਭਾਰਤ ਤੋਂ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਜਾਣ ਵਾਲੇ ਜਥਿਆਂ ਨੂੰ ਭੇਜਣ ਅਤੇ ਉਥੋਂ ਦੇ ਗੁਰਦੁਆਰਿਆਂ ਦੀ ਕਾਰਸੇਵਾ ਕਰਵਾਣ ਦਾ ਅਧਿਕਾਰ ਕੇਵਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਦਿੱਤਾ ਜਾਏ। ਇਨ੍ਹਾਂ ਪ੍ਰਤੀਨਿਧੀ ਮੰਡਲਾਂ ਵਿੱਚ ਸ਼ਾਮਲ ਮੁਖੀਆਂ ਨੇ ਇਹ ਦੋਸ਼ ਵੀ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁੱਖੀਆਂ ਨੇ ਪਾਕਿਸਤਾਨ ਸਰਕਾਰ ਨੂੰ ਪਤ੍ਰ ਲਿਖਕੇ ਮੰਗ ਕੀਤੀ ਹੈ ਕਿ ਕਾਰਸੇਵਾ ਕਰਵਾਣ ਅਤੇ ਜੱਥੇ ਭੇਜਣ ਦੀ ਜ਼ਿਮੇਂਦਾਰੀ ਕੇਵਲ ਉਨ੍ਹਾਂ ਨੂੰ ਹੀ ਦਿੱਤੀ ਜਾਏ। (ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਅਜਿਹੀ ਕੋਈ ਚਿੱਠੀ ਲਿਖਣ ਤੋਂ ਸਪਸ਼ਟ ਰੂਪ ਵਿੱਚ ਇਨਕਾਰ ਕੀਤਾ ਹੈ)। ਇਹ ਗਲ ਸਮਝ ਲੈਣੀ ਚਾਹੀਦੀ ਹੈ ਕਿ ਸਿਖ ਧਰਮ ਵਿੱਚ ਗੁਰਦੁਆਰਿਆਂ ਦੀ ਕਾਰਸੇਵਾ ਕਰਨ ਜਾਂ ਉਨ੍ਹਾਂ ਦੇ ਦਰਸ਼ਨਾਂ ਦਾ ਅਧਿਕਾਰ ਕਿਸੇ ਦੀ ਮਨਾਪਲੀ ਨਹੀਂ ਹੋ ਸਕਦਾ। ਅਜਿਹਾ ਦਾਅਵਾ, ਭਾਵੇਂ ਕਿਸੇ ਵਲੋਂ ਵੀ ਕੀਤਾ ਭੀ ਗਿਆ ਹੋਵੇ ਸਿੱਖ ਧਰਮ ਦੀਆਂ ਮਾਨਤਾਵਾਂ ਦੇ ਵਿਰੁਧ ਹੈ।