ਕਾਂਡ 4 : ਫ਼ੁੱਫ਼ੜ ਮਹਿੰਗਾ ਸਿੰਘ ਦੀ ਭੱਜ-ਨੱਠ ਰੰਗ ਲਿਆਈ। - ਸ਼ਿਵਚਰਨ ਜੱਗੀ ਕੁੱਸਾ

ਕਾਂਡ 4


ਫ਼ੁੱਫ਼ੜ ਮਹਿੰਗਾ ਸਿੰਘ ਦੀ ਭੱਜ-ਨੱਠ ਰੰਗ ਲਿਆਈ।
ਸਾਰਾ ਕੰਮ ਸੁੱਖ ਸਾਂਦ ਨਾਲ਼ ਸਿਰੇ ਚੜ੍ਹ ਗਿਆ।
ਜੋਗੇ ਦਾ ਰਿਸ਼ਤਾ ਅਨੂਪ ਕੌਰ ਨਾਲ਼ ''ਪੱਕਾ" ਹੋ ਗਿਆ। ਹਰ ਕੌਰ ਦੀ ਵੀ ਵਿਹੜੇ ਵਿੱਚ ਅੱਡੀ ਨਹੀਂ ਲੱਗਦੀ ਸੀ। ਕਿਸੇ ਦਿਨ ਉਹ ਇਸ ਘਰ ਵਿੱਚ ਨੂੰਹ ਬਣ ਕੇ ਆਈ ਸੀ, ਤੇ ਹੁਣ ਰੱਬ ਨੇ ਅਪਰ ਅਪਾਰ ਕਿਰਪਾ ਕੀਤੀ ਸੀ, ਉਸ ਦੇ ਘਰ ਨੂੰਹ ਆਉਣ ਵਾਲ਼ੀ ਸੀ। ਚਾਹੇ ਉਹ ਸੁਭਾਅ ਦੀ ਕਿੰਨੀ ਵੀ ਅੜਬ ਅਤੇ ਸਖ਼ਤ ਸੀ, ਪਰ ਅੱਜ ਉਹ ਰੱਬ ਅੱਗੇ ਸ਼ੁਕਰਾਨੇ ਵਜੋਂ ਲਿਫ਼ੀ ਪਈ ਸੀ। ਉਸ ਨੇ ਵੀ ਜੁਆਨੀ ਤੋਂ ਲੈ ਕੇ ਹੁਣ ਤੱਕ ਸੰਤਾਪ ਹੀ ਹੰਢਾਇਆ ਸੀ। ਉਸ ਦੇ ਪਤੀ ਸੰਤਾ ਸਿੰਘ ਦਾ ਜੁਆਨੀ ਵੇਲ਼ੇ ਕਤਲ ਹੋ ਗਿਆ ਸੀ ਅਤੇ ਹਰ ਕੌਰ ਨੂੰ ਅੜਬਾਈ ਕਰਨੀ ਪਈ ਸੀ, ਨਹੀਂ ਤਾਂ ਹੰਕਾਰ ਨਾਲ਼ ਆਫ਼ਰੇ ਸ਼ਰੀਕਾਂ ਨੇ ਉਸ ਨੂੰ ਕਿਹੜਾ ਸ਼ਾਂਤੀ ਨਾਲ਼ ਜਿਉਣ ਦੇਣਾ ਸੀ...?
.....ਅਸਲ ਵਿੱਚ ਹਰ ਕੌਰ ਦੇ ਘਰਵਾਲ਼ਾ ਸੰਤਾ ਸਿੰਘ ਵਾਕਿਆ ਹੀ ''ਭਗਤ" ਬੰਦਾ ਸੀ। ਫ਼ੱਕਰ, ਫ਼ਕੀਰ ਅਤੇ ਸਾਧੂ ਸੁਭਾਅ ਦਾ ''ਕੂੰਨਾਂ" ਬੰਦਾ! ਵਲ਼-ਫ਼ੇਰ ਵਾਲ਼ੀ ਲਕੀਰ ਤਾਂ ਰੱਬ ਨੇ ਉਸ ਵਿੱਚ ਪਾਈ ਹੀ ਨਹੀਂ ਸੀ। ਹਰ ਕੌਰ ਅਤੇ ਸੰਤ ਸਿੰਘ ਦੇ ਵਿਆਹ ਨੂੰ ਅਜੇ ਛੇ ਕੁ ਮਹੀਨੇ ਹੀ ਹੋਏ ਸਨ ਕਿ ਹਰ ਕੌਰ ਦੇ ਸਹੁਰੇ ਹਜਾਰਾ ਸਿੰਘ ਦਾ ਕਤਲ ਹੋ ਗਿਆ। ਹਜਾਰਾ ਸਿੰਘ ਕਹੀ 'ਤੇ ਟੁੱਕ ਧਰ ਕੇ ਖਾਣ ਵਾਲ਼ਾ ''ਘੈਂਟ" ਅਤੇ ''ਝੰਡੇ ਹੇਠਲਾ" ਬੰਦਾ ਸੀ। ਉਹ ਆਪਣੇ ਪੁੱਤ ਸੰਤਾ ਸਿੰਘ ਨੂੰ ਹਮੇਸ਼ਾ ਠ੍ਹੋਕਰਦਾ ਰਹਿੰਦਾ, ''ਨੀਵੀਂ ਜੀ ਸਿੱਟ ਕੇ, ਮਾਊਂ ਜਿਆ ਬਣ ਕੇ ਨਾ ਤੁਰਿਆ ਕਰ ਓਏ..! ਬੰਦਿਆਂ ਮਾਂਗੂੰ ਹਿੱਕ ਕੱਢ ਕੇ ਤੁਰਿਆ ਕਰ, ਪਤਾ ਲੱਗੇ ਬਈ ਕੋਈ ਮਰਦ ਬੱਚਾ ਬੀਹੀ 'ਚ ਆਉਂਦੈ, ਤੁਰਦੇ ਬੰਦੇ ਨਾਲ਼ ਧਰਤੀ ਹਿੱਲੇ, ਤਾਂ ਨਜਾਰਾ ਆਉਂਦੈ..!" ਹਜਾਰਾ ਸਿੰਘ ਅਕਸਰ ਸੰਤ ਸਿੰਘ ਨੂੰ ਆਖਦਾ, ਪਰ ਸੰਤਾ ਸਿੰਘ ਦੰਦੀਆਂ ਜਿਹੀਆਂ ਕੱਢ ਕੇ ਚੁੱਪ ਵੱਟ ਜਾਂਦਾ। ਉਹ ਬਾਪ ਮੂਹਰੇ ਤਾਂ ਕੀ, ਕਿਸੇ ਅੱਗੇ ਵੀ ਨਹੀਂ ਬੋਲਿਆ ਸੀ।
-''ਹਜਾਰਾ ਸਿਆਂ, ਇਹ ਤੇਰੇ 'ਤੇ ਤਾਂ ਗਿਆ ਨੀ, ਤੁਸੀਂ ਤਾਂ ਸਾਰਾ ਖ਼ਾਨਦਾਨ ਅੱਗ ਉਗਲ਼ਣ ਆਲ਼ੇ ਸੀ, ਇਹ ਗਊ ਦਾ ਜਾਇਆ ਜਿਆ ਪਤਾ ਨੀ ਕੀਹਦੇ 'ਤੇ ਗਿਐ..?" ਤਾਇਆ ਬਖਤੌਰਾ ਆਖਦਾ।
-''ਇਹ ਆਬਦੀ ਮਾਂ 'ਤੇ ਗਿਐ, ਬਖਤੌਰਿਆ..! ਉਹ ਬਚਾਰੀ ਜਮਾਂ ਰੱਬ ਦੀ ਭਗਤਣੀ ਸੀ..!"
-''ਉਹਦਾ ਕੀ ਮੁੱਲ ਸੀ..? ਜਮਾਂ ਈ ਦਰਵੇਸ਼ਣੀ ਸੀ..! ਲੈ ਕੀ ਬੁੱਝੀਏ..? ਇੰਦ ਕੁਰ ਜਮਾਂ ਰੱਬ ਦਾ ਜੀਅ ਸੀ, ਕਦੇ ਕੀੜੀ 'ਤੇ ਪੈਰ ਨੀ ਧਰਿਆ ਹੋਣਾ ਬਚਾਰੀ ਨੇ, ਬਿਮਾਰੀ ਦੇਖ ਕੀ ਆ ਚਿੰਬੜੀ...!"
-''ਪਤਾ ਨੀ ਰੱਬ ਦਿਆਂ ਰੰਗਾਂ ਦਾ, ਬੇਲੀਆ..!"
-''ਤੂੰ ਤਾਂ ਇਲਾਜ ਵਾਲ਼ੀ ਵੀ ਕਸਰ ਨੀ ਛੱਡੀ ਹਜਾਰਾ ਸਿਆਂ, ਬੱਸ ਬਿਚਾਰੀ ਲਿਖਾ ਕੇ ਈ ਥੋੜ੍ਹੀ ਲਿਆਈ ਸੀ..!"
-''ਪਰ ਬਖਤੌਰ ਸਿਆਂ, ਤੀਮੀਂ ਬਿਨਾ ਘਰ ਮੂਧਾ ਵੱਜ ਜਾਂਦੈ, ਤੀਮੀਂ ਘਰੇ ਹੋਵੇ, ਖੇਤ ਫ਼ਿਰਦੇ ਬੰਦੇ ਨੂੰ ਕੋਈ ਚਿੰਤਾ ਨੀ ਰਹਿੰਦੀ, ਸਿਰੋਂ ਸਰਦਾਰ ਬਣ ਤੁਰਿਆ ਫ਼ਿਰਦੈ..! 'ਕੱਲੇ ਬੰਦੇ ਨੂੰ ਛੱਤੀ ਫ਼ਿਕਰ..!"
-''ਝੋਰਾ ਕਾਹਦਾ ਕਰਦੈਂ..? ਤੇਰਾ ਸ਼ੇਰ ਹੁਣ ਸੁੱਖ ਨਾ' ਜੁਆਨ ਐਂ, ਘਰੇ ਨੂੰਹ ਆਈ ਵੀ ਐ, ਕੱਲ੍ਹ ਨੂੰ ਰੱਬ ਪੋਤਾ ਦੇ-ਦੂ..! ਦਿਨਾਂ ਜਾਂਦਿਆਂ ਨੂੰ ਕੀ ਲੱਗਦੈ..? ਅੱਖ ਦੇ ਫ਼ੋਰ ਨਾਲ਼ ਸਮਾਂ ਬੀਤ ਜਾਂਦੈ..!"
ਅਜੇ ਉਹ ਗੱਲਾਂ ਹੀ ਕਰ ਰਹੇ ਸਨ ਕਿ ਗੁਆਂਢੀ ਮੁੰਡੇ ਨੇ ਇੱਕ ਅਜੀਬ ਹੀ ਖ਼ਬਰ ਆ ਸੁਣਾਈ।
-''ਤਾਇਆ, ਟਾਂਡੇ ਭੰਨਾਂ ਦਾ ਜੁਗਾੜੂ ਥੋਡਾ ਇੰਜਣ ਲੱਦੀ ਜਾਂਦੈ...!"
-''ਓਹਦੀ ਮਾਂ ਦੀ ਕੰਢੀ ਇੰਜਣ ਲੱਦ'ਦੇ ਦੀ...! ਇਹ ਘਸਮੈਲ਼ਾ ਜਿਆ ਮਰੂ ਕਦੇ ਮੇਰੇ ਹੱਥੋਂ, ਖਹਿਣੋਂ ਨੀ ਹਟਦਾ..! ਓਏ ਸੰਤਿਆ, ਜਾਹ ਲਿਆ ਓਏ ਚੱਕ ਕੇ ਮੇਰਾ ਟਕੂਆ, ਅੱਜ ਜਾਂ ਓਹ ਨਲ਼ੀਚੋਚਲ਼ ਨੀ, ਜਾਂ ਮੈਂ ਨੀ..!" ਬਾਪੂ ਦੇ ਵਿਗੜੇ ਤੌਰ ਦੇਖ ਕੇ ਸੰਤਾ ਕੰਬਣ ਲੱਗ ਪਿਆ।
-''ਕਮਲ਼ ਨਾ ਮਾਰ ਹਜਾਰਿਆ..! ਆਬਦੇ ਜੁਆਕ ਦਾ ਖਿਆਲ ਕਰ, ਤੇਰੇ ਬਿਨਾਂ ਇਹਦਾ ਹੈ ਵੀ ਕੌਣ..? ਸਮਾਈ ਕਰ..!" ਸਿਆਣੇ ਬਖਤੌਰੇ ਨੇ ਹਜਾਰਾ ਸਿੰਘ ਨੂੰ ਮੱਤ ਦਿੱਤੀ।
-''ਚੁੱਪ ਵੱਟੀ ਤੋਂ ਸ਼ਰੀਕ ਹੋਰ ਉਤੇ ਚੜ੍ਹਨਗੇ ਬਖਤੌਰਿਆ, ਮੈਨੂੰ ਅੱਜ ਕੱਟਾ ਕੱਟੀ ਕੱਢ ਈ ਲੈਣ ਦੇ, ਜੇ ਅੱਜ ਨਾ ਮੂੰਹ ਭਮਾਏ, ਕੱਲ੍ਹ ਨੂੰ ਇਹ ਜੁਆਕ ਦੇ ਨਾਸੀਂ ਧੂੰਆਂ ਲਿਆਉਣਗੇ...!" ਹਜਾਰਾ ਸਿੰਘ ਸਿਰਤੋੜ ਖੇਤਾਂ ਨੂੰ ਦੌੜ ਪਿਆ। ਹਰਫ਼ਲ਼ਿਆ ਸੰਤਾ ਵੀ ਉਸ ਦੇ ਮਗਰ ਭੱਜਿਆ ਜਾ ਰਿਹਾ ਸੀ।
-''ਤੂੰ ਮੇਰੇ ਮਗਰ ਕਿਉਂ ਤੁਰਿਆ ਆਉਨੈ, ਚੱਲ ਮੁੜ ਘਰ ਨੂੰ...!" ਗੁੱਸੇ ਵਿੱਚ ਦਧਨ ਹੋਏ ਹਜਾਰਾ ਸਿੰਘ ਨੇ ਸੰਤੇ ਨੂੰ ਦਬਕਾ ਮਾਰ ਕੇ ਮੋੜ ਦਿੱਤਾ। ਉਹ ਨਹੀਂ ਚਾਹੁੰਦਾ ਸੀ ਕਿ ਉਸ ਦਾ ਇਕਲੌਤਾ ਪੁੱਤ ਕਿਸੇ ਲੜਾਈ ਵਿੱਚ ਨਾਲ਼ ਹੋਵੇ। ਬਾਪੂ ਤੋਂ ਡਰਦਾ, ਆਖਾ ਮੰਨ ਸੰਤਾ ਵਾਪਸ ਮੁੜ ਗਿਆ। ਉਸ ਨੂੰ ਬਾਪੂ ਦੇ ਚਿਹਰੇ ਤੋਂ ਚੰਡਾਲ ਦਿਸਿਆ ਅਤੇ ਭੈਅ ਆਇਆ ਸੀ।
ਜਦ ਹਜਾਰਾ ਸਿੰਘ ਨੇ ਖੇਤ ਜਾ ਕੇ ਦੇਖਿਆ ਤਾਂ ਟਾਂਡੇ ਭੰਨਾਂ ਦਾ ਜੁਗਾੜੂ ਇੰਜਣ ਲੱਦ ਕੇ ਰੇੜ੍ਹੀ ਪਹੀ 'ਤੇ ਲਈ ਜਾ ਰਿਹਾ ਸੀ। ਉਸ ਨੇ ਇੰਜਣ ਵਾਲ਼ੇ ਕੋਠੇ ਵਿੱਚੋਂ ''ਸੇਲਾ" ਧੂਹ ਲਿਆ।
-''ਓਏ ਦੱਲੀ ਦਿਆ ਪੁੱਤਾ...! ਤੈਨੂੰ ਪਤਾ ਨੀ ਤੂੰ ਕੀਹਦੇ ਨਾਲ਼ ਪੰਗੇ ਲੈਨੈ..?" ਹਜਾਰਾ ਸਿੰਘ ਨੇ ਹੱਥ ਲੰਮਾਂ ਸੇਲਾ ਪਹੀ 'ਤੇ ਜਾ ਗੱਡਿਆ, ''ਸਾਲ਼ਿਆਂ ਨਾ ਤੂੰ ਤਿੰਨਾਂ 'ਚ, ਤੇ ਨਾ ਤੇਰ੍ਹਾਂ 'ਚ..!"
-''......................।" ਜੁਗਾੜੂ ਮੱਟਰ ਬਣਿਆਂ ਰੇੜ੍ਹੀ ਹੱਕੀ ਗਿਆ। ਪਰ ਮੂੰਹੋਂ ਕੁਛ ਨਾ ਬੋਲਿਆ।
-''ਇਹਨੂੰ ਲੱਦੀ ਜਾਨੈਂ, ਜਿਵੇਂ ਬਾਪੂ ਆਲ਼ਾ ਹੁੰਦੈ, ਇਹ ਇੰਜਣ ਕੀਹਨੂੰ ਪੁੱਛ ਕੇ ਲੱਦਿਐ ਓਏ ਮਾਂ ਦਿਆ ਯਾਰਾ..?"
-''..........................।" ਜੁਗਾੜੂ ਫ਼ਿਰ ਚੁੱਪ ਰਿਹਾ।
ਉਸ ਦੀ ਸ਼ੈਤਾਨੀ ਚੁੱਪ ਨੇ ਹਜਾਰਾ ਸਿਉਂ ਨੂੰ ਹੋਰ ਵੱਟ ਚਾੜ੍ਹ ਦਿੱਤਾ। ਉਹ ਰੇੜ੍ਹੀ ਦੇ ਅੱਗੇ ਹੋ ਗਿਆ ਅਤੇ ਬਲ਼ਦ ਦੀ ਨੱਥ ਫ਼ੜ, ਬੁਸ਼ਕਰ ਮਾਰ ਕੇ ਬਲ਼ਦ ਰੋਕ ਲਿਆ, ''ਬੱਸ ਬਈ ਗਊ ਮਾਤਾ ਦੇ ਜਾਇਆ, ਆਪਣਾ ਤੇਰੇ ਨਾਲ਼ ਕੋਈ ਵੈਰ ਨੀ..!" ਹਜਾਰਾ ਸਿੰਘ ਨੇ ਬਲ਼ਦ ਦਾ ਮੱਥਾ ਪਲ਼ੋਸਦਿਆਂ ਕਿਹਾ।
 ਗੁੱਗਲ਼ ਹੋਇਆ ਬੈਠਾ ਜੁਗਾੜੂ ਛਾਲ਼ ਮਾਰ ਕੇ ਥੱਲੇ ਉੱਤਰ ਆਇਆ ਅਤੇ ਲੈਂਦੇ ਹੱਥ ਡੱਬ ਵਿੱਚੋਂ ਦੇਸੀ ਪਸਤੌਲ ਕੱਢ ਕੇ ਹਜਾਰਾ ਸਿਉਂ 'ਤੇ ਫ਼ਾਇਰ ਕਰ ਦਿੱਤਾ। ਨਾਲ਼ੀ ਵਿੱਚੋਂ ਹੱਥ ਲੰਮੀ ਲਾਟ ਨਿਕਲੀ। ਗੋਲ਼ੀ ਨੇ ਜਿਵੇਂ ਅਸਮਾਨ ਪਾੜ ਦਿੱਤਾ ਸੀ। ਖੇਤਾਂ ਵਿੱਚ ਦੜੇ ਬੈਠੇ ਤਿੱਤਰਾਂ ਦੀ ਡਾਰ ''ਫ਼ੁਰਰ" ਕਰ ਕੇ ਅੰਬਰ ਨੂੰ ਉਡ ਗਈ। ਹਜਾਰਾ ਸਿਉਂ ਭੁਆਟਣੀ ਖਾ ਕੇ ਖੇਤ ਵਿੱਚ ਡਿੱਗਿਆ। ਉਸ ਦੀਆਂ ਅੱਖਾਂ ਅੱਗੇ ਹਨ੍ਹੇਰ ਛਾਅ ਗਿਆ ਸੀ। ਵਾਤਾਵਰਣ ਕਾਲ਼ਸ ਵਿੱਚ ਬਦਲਦਾ ਲੱਗਿਆ।
-''ਤੈਨੂੰ ਪਤਾ ਨੀ ਬਈ ਮੈਂ ਦੂਰੋਂ ਮਾਰਨ ਆਲ਼ਾ ਵੀ ਕੋਲ਼ੇ ਰੱਖਦਾ ਹੁੰਨੈ..?" ਜੁਗਾੜੂ ਵਿਅੰਗ ਨਾਲ਼ ਬੋਲਿਆ। ਗੋਲ਼ੀ ਵੱਜਣ ਦੇ ਬਾਵਜੂਦ ਵੀ ਅਥਾਹ ਫ਼ੱਟੜ ਹੋਇਆ ਹਜਾਰਾ ਸਿੰਘ ਉਠਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਦੀ ਛਾਤੀ ਵਿੱਚੋਂ ਖ਼ੂਨ ਦਾ ਪਰਨਾਲ਼ਾ ਵਗ ਤੁਰਿਆ ਸੀ। ਗੀਝੇ ਵਿੱਚੋਂ ਇੱਕ ਰੌਂਦ ਹੋਰ ਕੱਢ ਕੇ ਜੁਗਾੜੂ ਨੇ ਪਸਤੌਲ ਵਿੱਚ ਚਾੜ੍ਹ ਲਿਆ ਅਤੇ ਪੀੜ ਨਾਲ਼ ਤੜਫ਼ਦੇ ਹਜਾਰਾ ਸਿੰਘ ਵੱਲ ਸਿੰਨ੍ਹ ਕੇ ਬੋਲਿਆ, ''ਤੂੰ 'ਕੱਲੇ ਇੰਜਣ ਦੀ ਗੱਲ ਕਰਦੈਂ...? ਅਸੀਂ ਤਾਂ ਤੇਰਾ ਸਾਰਾ ਖੇਤ ਵਾਹੁੰਣੈ, ਬਾਈ ਸਿਆਂ..! ਲੈ, ਕਰ ਤਿਆਰੀ ਅਗਲੇ ਮੁਲਕ ਦੀ, ਐਸ ਮੁਲਕ 'ਚ ਤੇਰਾ ਵੀਜਾ ਖਤਮ ਹੋ ਗਿਆ...!" ਤੇ ਜੁਗਾੜੂ ਨੇ ਘੋੜ੍ਹਾ ਦੱਬ ਦਿੱਤਾ। ਹਜਾਰਾ ਸਿੰਘ ਦੀ ਛਾਤੀ ਭਰਾੜ੍ਹ ਹੋ ਗਈ ਅਤੇ ਉਸ ਦਾ ਸਿਰ ਇੱਕ ਪਾਸੇ ਨੂੰ ਲੁੜਕ ਗਿਆ। ਬਰੋਟੇ 'ਤੇ ਬੈਠੇ ਪੰਛੀਆਂ ਨੇ ਕਾਂਵਾਂਰੌਲ਼ੀ ਮਚਾ ਦਿੱਤੀ।
ਦਿਨ ਦਿਹਾੜ੍ਹੇ ਹਜਾਰਾ ਸਿੰਘ ਦਾ ਕਤਲ ਹੋਇਆ ਸੁਣ ਕੇ ਪਿੰਡ ਵਿੱਚ ਹਾਹਾਕਾਰ ਮੱਚ ਗਈ।
ਸਾਰੇ ਪਿੰਡ ਨੂੰ ਜਿਵੇਂ ਸਕਤਾ ਮਾਰ ਗਿਆ ਸੀ, ਜਾਂ ਦੰਦਲ਼ ਪੈ ਗਈ ਸੀ। ਜੁਗਾੜੂ ਵੱਲੋਂ ਇਹ ਹਿੰਮਤ ਨਹੀਂ ਇੱਕ ''ਹਿਮਾਕਤ" ਸੀ। ਕਿਸੇ ਪੇਂਡੂ ਭਰਾ ਦਾ ਇੰਜਣ ਬਿਨਾ ਪੁੱਛੇ ਚੁੱਕ ਲਿਜਾਣਾ ਕਿੱਧਰਲੀ ਭਦਰਕਾਰੀ ਸੀ..?  ਸਾਰਾ ਪਿੰਡ ''ਥੂਹ-ਥੂਹ" ਕਰਦਾ ਸੀ, ਪਰ ਦੁਸ਼ਮਣੀ ਪੈਣ ਦੇ ਡਰੋਂ ਕੋਈ ਖੁੱਲ੍ਹ ਕੇ ਨਹੀਂ ਬੋਲ ਰਿਹਾ ਸੀ। ਵਸਦੇ ਰਸਦੇ ਪਿੰਡ ਵਿੱਚ ਕੌਣ ਆਖੇ ਕਿ ਆ ਬੈਲ, ਮੁਝੇ ਮਾਰ..? ਜਾਂ ਜਾਂਦੀਏ ਬਲਾਏ ਦੁਪਿਹਰਾ ਕੱਟ ਜਾ...?? ਦਹਿਸ਼ਤ ਮਾਰਿਆ ਸਾਰਾ ਪਿੰਡ ਚੁੱਪ ਸੀ।
ਸੰਤਾ ਸਿਉਂ ਰੋਂਦਾ ਧਾਹ ਨਹੀਂ ਧਰਦਾ ਸੀ। ਥਮਲ੍ਹੇ ਵਰਗਾ ਉਸ ਦਾ ਬਾਪੂ ਇੱਕ ਪਲ ਵਿੱਚ ਮਿੱਟੀ ਹੋ ਗਿਆ ਸੀ। ਇੱਕੋ-ਇੱਕ ਬਾਪੂ ਹੀ ਤਾਂ ਉਸ ਦਾ ਆਸਰਾ ਸੀ। ਬਾਪੂ ਨੇ ਹੀ ਤਾਂ ਉਸ ਨੂੰ ਮਾਂ ਅਤੇ ਬਾਪ ਦਾ ਸਾਂਝਾ ਪਿਆਰ ਦਿੱਤਾ ਸੀ। ਰੀਝਾਂ ਅਤੇ ਲਾਡਾਂ ਨਾਲ਼ ਪਾਲ਼ਿਆ ਸੀ, ਤੇ ਬਾਪੂ ਹੁਣ ਅੱਖ ਦੇ ਫ਼ੋਰ ਵਿੱਚ ''ਝਾਅਤ" ਆਖ ਤੁਰ ਗਿਆ ਸੀ। ਸੰਤਾ ਸਿੰਘ ਦੇ ਹੰਝੂ ''ਪਰਲ਼-ਪਰਲ਼" ਡਿੱਗੀ ਜਾ ਰਹੇ ਸਨ। ਹਜਾਰਾ ਸਿੰਘ ਦਾ ਮੂੰਹ ਖੁੱਲ੍ਹਾ ਸੀ ਅਤੇ ਅੱਧ ਖੁੱਲ੍ਹੀਆਂ ਅੱਖਾਂ ਪਥਰਾਈਆਂ ਹੋਈਆਂ ਸਨ। ਜਿਵੇਂ ਇਕਲੌਤੇ ਪੁੱਤ ਦੇ ਵਿਯੋਗ ਵਿੱਚ ਪੱਥਰ ਹੋ ਗਈਆਂ ਸਨ।
ਸਾਰਾ ਪਿੰਡ ਹਜਾਰਾ ਸਿੰਘ ਦੀ ਲਾਸ਼ ਕੋਲ਼ ਘੇਰਾ ਘੱਤੀ ਖੜ੍ਹਾ ਸੀ।
ਲਾਸ਼ ਥੱਲੇ ਖ਼ੂਨ ਦਾ ਛੱਪੜ ਲੱਗ ਗਿਆ ਸੀ।
ਮੱਖੀਆਂ ਭਿਣਕ ਰਹੀਆਂ ਸਨ।
-''ਲਾਸ਼ ਨੂੰ ਪਿੰਡ ਤਾਂ ਲੈ ਕੇ ਚੱਲੋ..!" ਬਖਤੌਰ ਨੇ ਕਿਹਾ।
-''ਚਲੋ ਪਾਓ ਹੱਥ...!" ਕੋਈ ਪਿੰਡ ਦਾ ਬੰਦਾ ਬੋਲਿਆ।
-''ਇਹ ਚਿੱਟੇ ਦਿਨ ਹੋਏ ਕਤਲ ਦਾ ਕੇਸ ਐ, ਪੁਲ਼ਸ ਨੂੰ ਖ਼ਬਰ ਕਰੋ, ਨਹੀਂ ਪੁਲ਼ਸ ਸਾਰੇ ਪਿੰਡ ਨੂੰ ਗਧੀ ਗੇੜ 'ਚ ਪਾਈ ਫ਼ਿਰੂ..!" ਪਿੰਡ ਦੇ ਸਰਪੰਚ ਨੇ ਸਿਆਣਪ ਨਾਲ਼ ਜ਼ਿੰਮੇਵਾਰੀ ਸਮਝਦਿਆਂ ਕਿਹਾ।
-''ਤੂੰ ਭੇਜ ਕਿਸੇ ਨੂੰ ਸਰਪੈਂਚਾ..! ਸਾਡੇ ਤਾਂ ਕਿਸੇ ਨੇ ਆਖੇ ਨੀ ਲੱਗਣਾ..!" ਬਖਤੌਰ ਨੇ ਕਿਹਾ।
-''ਜਾਹ ਕਾਕੂ, ਤੂੰ ਜਾਹ ਠਾਣੇ...!" ਸਰਪੰਚ ਨੇ ਚੌਂਕੀਦਾਰ ਨੂੰ ਕਿਹਾ।
-''ਸਤਿ ਬਚਨ...!" ਆਖ ਚੌਂਕੀਦਾਰ ਸਾਈਕਲ ਚੁੱਕ ਠਾਣੇ ਦੇ ਰਾਹ ਪੈ ਗਿਆ।
ਕਰੀਬ ਘੰਟੇ ਕੁ ਬਾਅਦ ਪੁਲੀਸ ਪਹੁੰਚ ਗਈ।
ਠਾਣੇਦਾਰ ਕਿੱਕਰ ਸਿੰਘ ਨੇ ਵਕੂਏ ਵਾਲ਼ੀ ਜਗਾਹ ਦਾ ਜਾਇਜ਼ਾ ਲਿਆ।
-''ਦੋਸ਼ੀ ਕੌਣ ਐਂ...?" ਠਾਣੇਦਾਰ ਦਾ ਸੁਆਲ ਇੱਟ ਵਾਂਗ ਸਾਰੇ ਪਿੰਡ ਦੇ ਕਪਾਲ਼ 'ਚ ਆ ਪਿਆ।
-''................।" ਸਾਰਾ ਪਿੰਡ ਨੀਵੀਂ ਪਾ ਗਿਆ।
-''ਮੈਂ ਪੁੱਛਿਐ ਇਸ ਦਾ ਕਤਲ ਕੀਹਨੇ ਕੀਤੈ..?" ਠਾਣੇਦਾਰ ਨੇ ਨਾਸਾਂ 'ਚੋਂ ਫ਼ੁੰਕਾਰਾ ਮਾਰਿਆ।
-''....................।" ਫ਼ਿਰ ਕੋਈ ਨਾ ਬੋਲਿਆ।
ਸਾਰੇ ਪਿੰਡ ਵਿੱਚੋਂ ਕੋਈ ਵੀ ਦੁਸ਼ਮਣੀ ਮੁੱਲ ਨਹੀਂ ਲੈਣੀ ਚਾਹੁੰਦਾ ਸੀ।
-''ਕੁੜੀ ਯਾਹਵਾ ਸਾਰਾ ਪਿੰਡ ਈ ਅੰਨ੍ਹੈਂ....?" ਠਾਣੇਦਾਰ ਨੂੰ ਚੇਹ ਚੜ੍ਹ ਗਈ, ''ਦਿਨ ਦਿਹਾੜ੍ਹੇ ਪਿੰਡ ਵਿੱਚ ਖ਼ੂਨ ਹੋ ਗਿਆ, ਸਾਰੇ ਪਿੰਡ 'ਚੋਂ ਕਿਸੇ ਨੇ ਵੀ ਨੀ ਦੇਖਿਆ..?" ਉਸ ਨੇ ਜੀਪ 'ਤੇ ਡੰਡਾ ਖੜਕਾਇਆ। ਅੱਖਾਂ ਦੇ ਲਾਲ ਡੋਰੇ ਹੋਰ ਭਿਆਨਕ ਹੋ ਗਏ।
-''.....................।" ਸਾਰਾ ਪਿੰਡ ਚੁੱਪ ਸੀ।
-''ਕਿਉਂ ਇਹਨਾਂ ਨੂੰ ਵੰਝ 'ਤੇ ਚੜ੍ਹਾਈ ਫ਼ਿਰਦੈਂ, ਸਰਦਾਰਾ...? ਕਤਲ ਮੈਂ ਕੀਤੈ...!" ਭੀੜ੍ਹ ਪਿੱਛੋਂ ਜੁਗਾੜੂ ਅੱਗੇ ਆ ਕੇ ਬੋਲਿਆ ਤਾਂ ਇੱਕ ਹੋਰ ਸੰਨਾਟਾ ਛਾ ਗਿਆ। ਠਾਣੇਦਾਰ ਦਾ ਪਾਰਾ ਵੀ ਕੁਝ ਥੱਲੇ ਆ ਗਿਆ। ਸਾਰਾ ਪਿੰਡ ਇੱਕ ਟੱਕ ਜੁਗਾੜੂ ਵੱਲ ਦੇਖ ਰਿਹਾ ਸੀ। ਜੁਗਾੜੂ ਹਿੱਕ ਤਾਣੀਂ ਠਾਣੇਦਾਰ ਅੱਗੇ ਥੰਮ੍ਹ ਬਣਿਆਂ ਖੜ੍ਹਾ ਸੀ।
-''ਭੈਣ ਦਿਆ ਖਸਮਾਂ...! ਸਾਲ਼ਿਆ ਬੰਦਾ ਮਾਰਨ ਨੂੰ ਮਿੰਟ ਨੀ ਲਾਇਆ, ਤੇਰੇ ਕੀ ਉਹ ਪੈਰ ਲਤੜਦਾ ਸੀ..?"
-''ਅਦਬ ਨਾਲ਼ ਬੋਲ ਸਰਦਾਰਾ, ਅਦਬ ਨਾਲ਼..!" ਜੁਗਾੜੂ ਜੇਤੂ ਵਾਂਗ ਹੱਥ ਅੱਗੇ ਕਰ ਦਿੱਤੇ, ''ਹੱਥਕੜੀ ਲਾ ਤੇ ਆਬਦੀ ਬਣਦੀ ਕਾਰਵਾਈ ਕਰ, ਪਰ ਵੀਰਾ ਜੀ ਬਣ ਕੇ ਗਾਲ਼ ਨਾ ਕੱਢੀਂ, ਕਿਤੇ ਉਹ ਨਾ ਹੋਵੇ, ਬਈ ਮੈਨੂੰ ਇੱਕ ਅੱਧਾ ਹੋਰ ਬੱਕਰੇ ਮਾਂਗੂੰ ਅਲ਼ੱਦ ਕੇ ਸਿੱਟਣਾ ਪਵੇ, ਦਸ ਕਤਲ ਕੀਤਿਆਂ ਤੋਂ ਵੀ ਫ਼ਾਂਸੀ ਇੱਕ ਵਾਰੀ ਹੁੰਦੀ ਐ ਜਿਉਣ ਜੋਕਰਿਆ, ਤੈਨੂੰ ਤਾਂ ਕਾਨੂੰਨਾਂ ਦਾ ਜਾਅਦੇ ਪਤਾ ਹੋਣੈਂ..!" ਜੁਗਾੜੂ ਦੀਆਂ ਸੱਪ ਵਰਗੀਆਂ ਸੇਹਲੀਆਂ ਵਲ਼ ਖਾ ਗਈਆਂ।
-''ਕੰਜਰਾ...! ਕਰਨੇ ਕਤਲ, ਤੇ ਦਿਖਾਉਣੀਆਂ ਧੌਂਸਾਂ..? ਚੱਲ ਲਾ ਓਏ ਹੱਥਕੜੀ ਇਹਨੂੰ..!" ਠਾਣੇਦਾਰ ਨੇ ਸਿਪਾਹੀ ਨੂੰ ਇਸ਼ਾਰਾ ਕੀਤਾ, ''ਲਾਅਸ਼ ਪੋਸਟ ਮਾਰਟਮ ਵਾਸਤੇ ਭੇਜਣੀ ਐਂ ਸਰਪੈਂਚਾ, ਕਿਸੇ ਟਰੈਕਟਰ ਟਰਾਲੀ ਦਾ ਪ੍ਰਬੰਧ ਕਰੋ..!"
-''ਆਪਣੇ ਆਲ਼ੀ ਈ ਲੈ ਆਓ ਸਰਪੈਂਚਾ, ਟਰੈਗਟ ਟਰਾਲੀ ਖਾਤਰ ਕਿੱਥੇ ਕਿਸੇ ਦੇ ਹਾੜ੍ਹੇ ਕੱਢਦੇ ਫ਼ਿਰੋਂਗੇ..? ਗੁਆਂਢੀ ਬੰਦੇ ਦੀ ਲਾਸ਼ ਐ, ਰੋਲਣੀਂ ਥੋੜ੍ਹੋ ਐ..?" ਹੱਥਕੜੀਆਂ ਵਿੱਚ ਜਕੜਿਆ ਜੁਗਾੜੂ ਬੋਲਿਆ। ਉਸ ਦੀਆਂ ਨਿੱਡਰਤਾ ਭਰੀਆਂ ਬੇਸ਼ਰਮ ਹਰਕਤਾਂ 'ਤੇ ਸਾਰਾ ਪਿੰਡ ਦੰਗ ਸੀ।
-''ਤੂੰ ਲਾਸ਼ ਦੇ ਨਾਲ਼ ਈ ਆਜੀਂ, ਸਰਪੈਂਚਾ..!" ਜੀਪ 'ਚ ਬੈਠਦੇ ਠਾਣੇਦਾਰ ਨੇ ਕਿਹਾ।
ਜੁਗਾੜੂ ਨੂੰ ਲੈ ਕੇ ਪੁਲੀਸ ਤੁਰ ਗਈ।
ਸੰਤੇ ਨੂੰ ਲੈ ਕੇ ਬਖਤੌਰ ਪਿੰਡ ਆ ਗਿਆ।
ਉਹ ਰੋਂਦਾ ਧਾਹ ਨਹੀਂ ਧਰਦਾ ਸੀ।
-''ਬੱਸ ਪੁੱਤ...! ਰੋ ਨਾ..!! ਅੱਜ ਤੋਂ ਤੇਰਾ ਬਾਪੂ, ਮੈਂ..!" ਬਖਤੌਰ ਨੇ ਸੰਤੇ ਦੇ ਮੋਢੇ 'ਤੇ ਹੱਥ ਰੱਖਿਆ।
ਜਦ ਲਾਅਸ਼ ਪੋਸਟ ਮਾਰਟਮ ਤੋਂ ਬਾਅਦ ਪਿੰਡ ਆਈ ਤਾਂ ਸਾਰੇ ਪਿੰਡ ਨੂੰ ਜਿਵੇਂ ਹੌਲ ਪੈ ਗਿਆ ਸੀ।
ਜਦੋਂ ਹਜਾਰਾ ਸਿੰਘ ਦਾ ਦਾਹ ਸਸਕਾਰ ਕੀਤਾ ਗਿਆ ਤਾਂ ਸਾਰਾ ਪਿੰਡ ਸੁੰਨ ਹੋਇਆ ਖੜ੍ਹਾ ਸੀ। ਬਖਤੌਰ ਸੰਤੇ ਦੇ ਮੋਢੇ 'ਤੇ ਹੱਥ ਰੱਖੀ ਧਰਵਾਸ ਬਣਿਆਂ ਹੋਇਆ ਸੀ। ਹਰ ਕੌਰ ਸਦਮੇਂ ਵਿੱਚ ਸਿਲ਼-ਪੱਥਰ ਹੋਈ ਖੜ੍ਹੀ ਸੀ।
ਰਾਤ ਨੂੰ ਦੋ ਪੈੱਗ ਲਾ ਕੇ ਠਾਣੇਦਾਰ ਨੇ ਜੁਗਾੜੂ ਨੂੰ ਬਾਹਰ ਕੱਢ ਲਿਆ।
-''ਹਾਂ ਬਈ, ਹੁਣ ਬੋਲ...? ਪਿੰਡ ਦੇ ਸਾਹਮਣੇ ਤਾਂ ਤੂੰ ਬੜਾ ਜਿਉਣਾ ਮੌੜ ਬਣਿਆਂ ਖੜ੍ਹਾ ਸੀ, ਹੁਣ ਦੱਸ..? ਕੀ ਵੈਰ ਸੀ ਤੇਰਾ ਮਕਤੂਲ ਨਾਲ਼...?"
-''ਸਰਦਾਰਾ, ਤੂੰ ਵੀ ਜੱਟ ਭਰਾ ਐਂ, ਜੱਟ ਹਿੱਕ 'ਚ ਵੱਜੀ ਗੋਲ਼ੀ ਜਰ ਲਊ, ਪਰ ਸ਼ਰੀਕ ਦਾ ਖੰਘੂਰਾ ਨੀ ਜਰਦਾ...! ਉਹ ਤਾਂ ਹਥਿਆਰ ਦਾ ਪ੍ਰਬੰਧ ਈ ਪਛੇਤਾ ਹੋਇਆ, ਨਹੀਂ ਘੁੱਗਾ ਤਾਂ ਕਦੋਂ ਦਾ ਚਿੱਤ ਕੀਤਾ ਹੋਣਾ ਸੀ..!"
-''................।" ਠਾਣੇਦਾਰ ਚੁੱਪ ਸੀ। ਕਿਸੇ ਸੋਚ ਵਿੱਚ ਪਿਆ ਹੋਇਆ ਸੀ।
-''ਓਹਦੀ ਖੰਘੂਰਾ ਮਾਰਨ ਦੀ ਆਦਤ ਨੀ ਸੀ ਜਾਂਦੀ, ਮੇਰੇ ਤਾਂ ਨਿੱਤ ਹਿੱਕ 'ਤੇ ਸੱਪ ਲਿਟਦਾ ਸੀ ਸਰਦਾਰਾ..! ਮੈਂ ਤਾਂ ਵੱਜਦੇ ਖੰਘੂਰੇ ਦੀ ਸੰਘੀ ਦੱਬਣੀ ਸੀ, ਦੱਬਤੀ, ਹੁਣ ਤੂੰ ਆਪਣਾ ਕਾਰਜ ਕਰ..!" ਉਸ ਨੇ ਠਾਣੇਦਾਰ ਨੂੰ ਸਹੀ ਅਤੇ ਖਰੀਆਂ ਹੀ ਸੁਣਾ ਦਿੱਤੀਆਂ।
ਸਿਰ ਮਾਰਦਾ ਠਾਣੇਦਾਰ ਦਫ਼ਤਰ ਆ ਵੜਿਆ।
-''ਕੀ ਗੱਲ ਹੋਗੀ, ਸਰਕਾਰ..? ਬਹੁਤੇ ਹੀ ਪ੍ਰੇਸ਼ਾਨ ਲੱਗਦੇ ਓਂ...?" ਮੁਣਸ਼ੀ ਨੇ ਪੁੱਛਿਆ। ਦੇਸੀ ਦਾਰੂ ਅੰਦਰ ਸੁੱਟ ਕੇ ਉਹ ਰੰਗਾਂ 'ਚ ਹੋਇਆ ਬੈਠਾ ਸੀ। ਉਸ ਨੂੰ ਤਾਂ ਹੁਣ ਕੰਧਾਂ ਵੀ ਭਰਜਾਈਆਂ ਨਜ਼ਰ ਆਉਂਦੀਆਂ ਸਨ।
-''ਔਸ ਟੂਟਲ਼ ਜੇ ਜੱਟ ਦੀਆਂ ਤੂੰ ਗੱਲਾਂ ਨੀ ਸੁਣੀਆਂ..?"
-''ਸੁਣੀਆਂ ਕਿਉਂ ਨੀ..? ਸਾਰੀਆਂ ਈ ਸੁਣੀਐਂ...!" ਮੁਣਸ਼ੀ ਮਸ਼ੀਨ ਵਾਂਗ ਬੋਲਿਆ।
-''ਗੱਲ ਕੋਈ ਤਣ ਪੱਤਣ ਈ ਨੀ ਲਾਉਂਦਾ..!"
-''ਆਪਾਂ ਲਾ ਕੇ ਕਰਨਾ ਵੀ ਕੀ ਐ, ਹਜੂਰ..? ਉਹ ਮੁੱਕਰਦਾ ਥੋੜ੍ਹੋ ਐ..? ਇਕਬਾਲ ਤਾਂ ਕਰਦੈ ਨ੍ਹਾਂ..? ਲੋੜੀਂਦੀਆਂ ਦਫ਼ਾਵਾਂ ਲਾਓ, ਤੇ ਉਹਨੂੰ ਇਲਾਕਾ ਮਜਿਸਟਰੇਟ ਦੇ ਪੇਸ਼ ਕਰ ਕੇ ਅਗਲਾ ਰਾਹ ਦਿਖਾਓ..! ਮੈਨੂੰ ਤਾਂ ਪਤਾ ਲੱਗਿਐ ਬਈ ਮਕਤੂਲ ਦਾ ਵਾਰਿਸ ਈ ਕੋਈ ਨੀ ਚੱਜ ਦਾ..!"
-''ਇੱਕ ਮੁੰਡਾ ਐ, ਓਹ ਕਿਸੇ ਕੰਮ ਦਾ ਨੀ..!" ਠਾਣੇਦਾਰ ਨੇ ਦੱਸਿਆ, ''ਨਹੀਂ ਅਗਲਾ ਨੋਟਾਂ ਦਾ ਥੱਬਾ ਪੈਰਾਂ 'ਚ ਮਾਰਦੈ, ਬਈ ਚੱਕੋ ਜੀ ਤੇ ਦਿਖਾਓ ਤਰਾਰੇ..!"
-''ਫ਼ੇਰ ਆਪਾਂ ਜ਼ਰੂਰੀ ਛਮਕ-ਮੋਲ਼ੀਆਂ 'ਚ ਹੱਥ ਪਾਉਣੈਂ...? ਦਫ਼ਾਵਾਂ ਲਾ ਕੇ ਪਰਚਾ ਕੱਟੋ, ਤੇ ਅੱਗੇ ਤੋਰੋ, ਜਦੋਂ ਚਾਰ ਦਿਨ ਜੇਲ੍ਹ 'ਚ ਕੱਟੇ, ਆਪੇ ਧਰਨ ਟਿਕਾਣੇ ਆ ਜਾਊਗੀ..! ਚਾਰ ਦਿਨਾਂ 'ਚ ਐਹੇ ਜੇ ਦਾ ਬਲੱਡ ਘਟਣ ਲੱਗ ਪੈਂਦੈ...!" ਮੁਣਸ਼ੀ ਮੁਫ਼ਤੀ ਦੀ ਦਾਰੂ ਦੇ ਨਸ਼ੇ 'ਚ ''ਨੇਕ ਸਲਾਹਾਂ" ਦੇ ਰਿਹਾ ਸੀ।
-''ਇਹ ਸਾਲ਼ਾ ਆਬਦੇ ਜਾਣੇ ਗਾਊਂਡਰ ਬਣਨ ਨੂੰ ਫ਼ਿਰਦੈ, ਤੇ ਜੱਜ ਨੇ ਇਹਨੂੰ ਵੀਹ ਸਾਲ ਨੂੰ ਠੋਕ ਦੇਣੈ..!"
-''ਫ਼ੇਰ ਆਪਣੇ ਕੰਨੋਂ ਕੀ ਮੈਲ਼ ਜਾਂਦੀ ਐ..? ਪਵੇ ਢੱਠੇ ਖੂਹ 'ਚ..! ਜਿਹੜਾ ਕਰੂ, ਆਪੇ ਭਰੂ..! ਥੋਡੀ ਤਾਂ ਉਹ ਗੱਲ ਐ, ਬਈ ਪਿੰਡ 'ਚ ਕਿਸੇ ਦੀ ਜੰਨ ਤੁਰੀ ਜਾਵੇ, ਤੇ ਵਿਚਾਰਾ ਜੁਲਾਹਾ ਦੋਵੇਂ ਹੱਥ ਜੋੜੀ ਖੜ੍ਹਾ, ਅਖੇ ਮੇਰੇ ਪਿੰਡ ਦੀ ਇੱਜਤ ਜਾ ਰਹੀ ਐ..! ਜੀਹਦੀਆਂ ਅੱਖਾਂ ਦੁਖਣਗੀਆਂ, ਆਪੇ ਪੱਟੀ ਬੰਨੂੰ ਸਰਦਾਰ ਜੀ, ਤੁਸੀਂ ਦਿਲ 'ਤੇ ਕਾਹਤੋਂ ਕਿਉਂ ਲਾਈ ਐ..? ਟੈਣਸ਼ਣ ਲੈਣ ਨਾਲ਼ ਦਿਲ ਦੀਆਂ ਬਿਮਾਰੀਆਂ ਲੱਗਦੀਐਂ..! ਨ੍ਹੋਅ ਚਿੰਤਾ ਐਂਡ ਨ੍ਹੋਅ ਟੈਣਸ਼ਣ...!"
-''ਤੂੰ ਪੈੱਗ ਪਾਅ, ਮੈਨੂੰ ਇੱਕ ਗੱਲ ਚੇਤੇ ਆਗੀ...!" ਠਾਣੇਦਾਰ ਨੇ ਮੁਣਸ਼ੀ ਨੂੰ ਕਿਹਾ।
-''ਆਹ ਕੀਤੀ ਐ ਨ੍ਹਾਂ ਲੱਖ ਰੁਪਈਏ ਦੀ ਗੱਲ...? ਪੈੱਗ ਲਓ...!" ਮੁਣਸ਼ੀ ਹੁਕਮ ਦੀ ਤਾਮੀਲ ਕਰਦਾ ਹੋਇਆ, ਪੈੱਗ ਪਾਉਣ ਲੱਗ ਪਿਆ।
-''ਲਓ, ਚੱਕੋ ਤੇ ਸੁਣਾਓ ਪ੍ਰਬਚਨ...!"
-''ਤੈਨੂੰ ਪਤੈ ਬਈ ਮੇਰੇ ਕਾਫ਼ੀ ਰਿਸ਼ਤੇਦਾਰ ਇੰਗਲੈਂਡ 'ਚ ਰਹਿੰਦੇ ਐ, ਓਥੇ ਇੱਕ ਵਾਰੀ ਆਪਣੇ ਦੇਸੀ ਬੰਦਿਆਂ ਦੀ ਲੜਾਈ ਹੋਗੀ, ਤੇ ਲੜਾਈ ਹੋਈ ਵੀ ਬੜੀ ਖ਼ਤਰਨਾਕ..!"
-''ਅੱਛਾ...?"
-''ਚਲੋ, ਕੇਸ ਅਦਾਲਤ ਚਲਿਆ ਗਿਆ..!"
-''ਜਾਣਾ ਈ ਸੀ..!"
-''ਜੱਜ ਨੇ ਪੁੱਛਿਆ ਬਈ ਲੜਾਈ ਦਾ ਮੁੱਢ ਕਿੱਥੋਂ ਬੱਝਿਆ, ਮਤਲਬ ਅਸਲ ਕਾਰਨ ਕੀ ਸੀ..? ਤੇ ਆਪਣਾ ਦੇਸੀ ਬਾਈ ਦੂਜੇ ਦੇਸੀ ਵੱਲ ਉਂਗਲ਼ ਕਰ ਕੇ ਜੱਜ ਨੂੰ ਕਹਿੰਦਾ, ਅਖੇ ਜੀ ਇਹ ਮੈਨੂੰ ਦੇਖ ਕੇ ਮੁੱਛ ਨੂੰ ਵੱਟ ਦਿੰਦਾ ਸੀ, ਮੈਥੋਂ ਜਰਿਆ ਨਾ ਗਿਆ, ਤੇ ਮੈਂ ਅੰਨ੍ਹੇ ਆਲ਼ਾ ਜੱਫਾ ਮਾਰ ਕੇ ਥੱਲੇ ਸਿੱਟ ਲਿਆ...! ਜੱਜ ਵਿਚਾਰਾ ਗੋਰਾ..! ਓਸ ਗੋਰੇ ਜੱਜ ਨੂੰ ਇਹ ਸਮਝ ਨਾ ਲੱਗੇ ਬਈ ਅਗਲੇ ਨੂੰ ਦੇਖ ਕੇ ਮੁੱਛ ਨੂੰ ਵਟਾ ਦੇਣ ਨਾਲ਼ ਕਿਹੜੀ ਪਰਲੋਂ ਆ ਗਈ ਸੀ, ਜਾਂ ਮੁੱਛ ਨੂੰ ਵੱਟ ਦੇਣਾ ਕਿਹੜਾ ਅਪਰਾਧ ਸੀ, ਪਰ ਉਹਨੂੰ ਵਿਚਾਰੇ ਗੋਰੇ ਨੂੰ ਸਾਡੇ ਪੰਜਾਬੀਆਂ ਦੇ ਰੌਲ਼ੇ-ਗੌਲ਼ੇ ਦਾ ਕੀ ਪਤਾ..?"
-''ਉਹਨੂੰ ਇਹ ਨੀ ਨ੍ਹਾਂ ਪਤਾ ਬਈ ਇਹ ਪਤੰਦਰ ਗੰਨਾਂ ਨੀ ਦਿੰਦੇ, ਗੁੜ ਦੀ ਭੇਲੀ ਦੇ ਦਿੰਦੇ ਐ...?" ਮੁਣਸ਼ੀ ਉਚੀ-ਉਚੀ ਹੱਸ ਪਿਆ।
-''ਆਪਣੇ ਲੋਕ ਚਾਹੇ ਮੰਗਲ਼ ਗ੍ਰਹਿ 'ਤੇ ਚਲੇ ਜਾਣ, ਇਹਨਾਂ ਦੀਆਂ ਘੀਸੀ ਕਰਨ ਆਲ਼ੀਆਂ ਆਦਤਾਂ ਨੀ ਜਾਣੀਆਂ, ਇਹਨਾਂ ਦੇ ਤਾਂ ਓਹੀ ਗੁੱਡੀਆਂ ਤੇ ਓਹੀ ਪਟੋਲ੍ਹੇ ਰਹਿਣੇ ਐਂ..! ਜਿਵੇਂ ਕਿਸੇ ਤੀਮੀਂ ਨੇ ਆਬਦੇ ਯੱਭਲ਼ ਜੇ ਖਸਮ ਨੂੰ ਆਖਿਆ ਸੀ, ਲੋਕੀ ਚੰਦ ਉਤੇ ਪਹੁੰਚ ਗਏ ਭੋਲ਼ਿਆ ਵੇ ਚੰਨਾਂ, ਤੇਰੀ ਓਹੀ ਹਲ਼ ਪੰਜਾਲ਼ੀ, ਤੇਰਾ ਓਹੀ ਕੌਲੀ ਛੰਨਾਂ...! ਆਪਣੇ ਆਲ਼ੇ ਪੜ੍ਹ-ਪੜ੍ਹ ਕੇ ਚਾਹੇ ਕੜ੍ਹ ਜਾਣ, ਪਰ ਬਿਸਕੁਟ ਇਹਨਾਂ ਨੇ ਚਾਹ 'ਚ ਡਬੋ ਕੇ ਈ ਖਾਣੇ ਐਂ...!" ਮੁਣਸ਼ੀ ਹੱਸਿਆ।
-''.................।" ਠਾਣੇਦਾਰ ਵੀ ਹੱਸ ਪਿਆ।
-''ਆਪਣੇ ਬੰਦਿਆਂ ਨੇ ਜੁੱਤੀ ਚਾਹੇ ਬਾਹਰਲੀ ਪਾਈ ਵੀ ਹੋਵੇ, ਪਰ ਤੁਰਨਾ ਪਤੰਦਰਾਂ ਨੇ ਖੁੱਸੇ ਆਲ਼ੀ ਤੋਰ ਈ ਹੁੰਦੈ..!"
-''...................।" ਦੋਨੋਂ ਉਚੀ-ਉਚੀ ਹੱਸ ਪਏ।
-''ਸਾਡੇ ਇੱਕ ਰਿਸ਼ਤੇਦਾਰ ਨੇ ਜਰਮਨੀ 'ਚ ਮੇਮ ਨਾਲ਼ ਵਿਆਹ ਕਰਵਾ ਲਿਆ, ਸਾਡੀ ਭੂਆ ਨੱਕ ਵੱਟੇ, ਅਖੇ ਮੇਮ ਪਤਾ ਨੀ ਕਿਹੜੀ ਜਾਤ ਕੁਜਾਤ ਦੀ ਹੋਣੀ ਐਂ, ਅਖੇ ਮੈਂ ਤਾਂ ਸੁਣਿਐਂ ਬਈ ਮੇਮਾਂ ਤਾਂ ਟੁੱਟ ਪੈਣੀਆਂ ਜੰਗਲ-ਪਾਣੀ ਆਲ਼ੇ ਹੱਥ ਈ ਨੀ ਧੋਂਦੀਆਂ, ਲੈ ਦੱਸੋ ? ਬਈ ਤੂੰ ਓਹਦੇ ਕੋਲ਼ੋਂ ਚੁੱਲ੍ਹਾ ਚੌਂਕਾ ਕਰਵਾਉਣੈ..? ਅਗਲੀ ਧੋਵੇ, ਨਾ ਧੋਵੇ..?" ਮੁਣਸ਼ੀ ਨੇ ਦੋ ਪੈੱਗ ਹੋਰ ਪਾ ਲਏ।
-''ਹੁਣ ਇਹਦਾ ਕੀ ਕਰੀਏ...?" ਠਾਣੇਦਾਰ ਪੈੱਗ ਚੁੱਕ ਕੇ ਅਸਲ ਗੱਲ ਵੱਲ ਆਇਆ।
-''ਥੋਨੂੰ ਦੱਸਿਆ ਤਾਂ ਹੈ..! ਇਕਬਾਲੀਆ ਬਿਆਨ ਦੇ ਆਧਾਰ 'ਤੇ ਦਫ਼ਾ ਤਿੰਨ ਸੌ ਦੋ ਲਾ ਕੇ ਪਰਚਾ ਕੱਟੋ ਤੇ ਜੱਜ ਦੇ ਪੇਸ਼ ਕਰ ਕੇ ਫ਼ਾਰਗ ਹੋਵੋ....! ਜਿਹੜੇ ਤਿਲ਼ਾਂ 'ਚ ਤੇਲ ਈ ਨੀ, ਉਹਨਾਂ ਨੂੰ ਛੱਟਣ ਦਾ ਕੀ ਫ਼ਾਇਦਾ..?"
-''ਇਹਦੇ ਤਿਲ਼ਾਂ 'ਚ ਤੇਲ ਹੈਗਾ, ਪਤਾ ਨੀ ਨਹੀਂ ਹੈਗ੍ਹਾ, ਪਰ ਜੋ ਗੱਲ ਮੈਨੂੰ ਸਰਪੈਂਚ ਦੱਸ ਕੇ ਗਿਐ, ਇਹਦੀ ਭਰਜਾਈ ਆਬਦੇ ਮਿਸ਼ਨ 'ਚ ਕਾਮਯਾਬ ਹੋਗੀ, ਇਹ ਨਿਕਲ਼ਿਆ ਸਿਰੇ ਦਾ ਮੂਰਖ, ਭੈਣ ਦਾ ਗੜਦੁੰਬਾ..!" ਠਾਣੇਦਾਰ ਨੇ ਇੱਕ ਅਜੀਬ ਅਕਾਸ਼ਬਾਣੀ ਮੁਣਸ਼ੀ ਨੂੰ ਸੁਣਾਈ।
-''ਉਹ ਮਿਸ਼ਨ ਕਿਹੜੈ...?"
-''ਇਹ ਸਾਲ਼ਾ ਹੈਗਾ ਮਹਾਂ ਬੇਵਕੂਫ਼, ਲੋਲ੍ਹਾ ਤੇ ਲਾਈਲੱਗ...! ਲੀਰ ਦਾ ਫ਼ਕੀਰ..! ਇਹਦੀ ਨਿੱਕੀ ਭਰਜਾਈ ਹੈਗੀ ਚੰਟ, ਪੂਰੀ ਚਤਰ ਤੇ ਸੱਤਾਂ ਪੱਤਣਾਂ ਦੀ ਤਾਰੂ..! ਉਹ ਇਹਨੂੰ ਮਹੀਨੇ ਕੁ ਦੀ ਪਾਊਡਰ ਆਲ਼ੀਆਂ ਕੱਛਾਂ ਸੁੰਘਾਉਂਦੀ ਆਉਂਦੀ ਸੀ, ਤੇ ਇਹ ਕੱਛਾਂ ਦੀ ਵਾਸ਼ਨਾ 'ਚ ਹੋਇਆ ਪਿਆ ਸੀ ਕਮਲ਼ਾ..! ਓਹਨੇ ਇਹਨੂੰ ਰੇਤ ਕੇ ਅਗਲੇ ਦਾ ਕਤਲ ਕਰਵਾ ਧਰਿਆ ਬਈ ਆਪੇ ਜੇਲ੍ਹ 'ਚ ਰੁਲ਼ਦਾ ਖੁਲ਼ਦਾ ਮਰਜੂ, ਤੇ ਇਹਦੇ ਹਿੱਸੇ ਦੀ ਜ਼ਮੀਨ ਸਾਂਭਾਂਗੇ ਅਸੀਂ..! ਇਹ ਸਾਲ਼ਾ ਧੱਫ਼ੇ ਦਾ ਢੋਲ ਐ, ਇਹਨੇ ਆਬਦਾ ਦਿਮਾਗ ਤਾਂ ਵਰਤਿਆ ਨੀ, ਭਰਜਾਈ ਮੂਹਰੇ ਗੱਬਰ ਸਿਉਂ ਬਣਨ ਦੇ ਮਾਰੇ ਨੇ ਬਿਨਾਂ ਗੱਲੋਂ ਅਗਲੇ ਦੀ ਜਾਨ ਲੈ ਲਈ, ਅਖੇ ਮੈਨੂੰ ਖੰਘੂਰੇ ਮਾਰਦਾ ਸੀ, ਬਈ ਸਾਲ਼ਿਆ ਖੰਘੂਰੇ ਈ ਮਾਰਦਾ ਸੀ, ਟੰਬਾ ਤਾਂ ਨੀ ਮਾਰਿਆ..?...!" ਦਾਰੂ ਦੇ ਨਸ਼ੇ ਵਿੱਚ ਠਾਣੇਦਾਰ ਨੇ ਸਾਰਾ ਰਾਜ ਉਜਾਗਰ ਕਰ ਦਿੱਤਾ।
-''ਆਪਣੇ ਠਾਣੇਦਾਰ ਕੁੰਢਾ ਸਿਉਂ ਮਾਂਗੂੰ..! ਉਹਨੂੰ ਵੀ ਖੰਘੂਰੇ ਜੇ ਮਾਰਨ ਦੀ ਬੁਰੀ ਬਾਣ ਸੀ, ਦਾਰੂ ਪੀ ਕੇ ਤਾਂ ਪਤੰਦਰ ਹਟਦਾ ਈ ਨੀ ਸੀ, ਸੁੱਕੇ ਜੇ ਖੰਘੂਰੇ ਈ ਮਾਰੀ ਜਾਂਦਾ ਸੀ..! ਬਰੇਕ ਈ ਨੀ ਸੀ ਲਾਉਂਦਾ ਮੁਫ਼ਤ ਦੀ ਪੀ ਕੇ..!"
ਅਗਲੇ ਦਿਨ ਦਫ਼ਾ ਤਿੰਨ ਸੌ ਦੋ ਲਾ ਕੇ ਜੁਗਾੜੂ ਨੂੰ ਇਲਾਕਾ ਮਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕਰ ਦਿੱਤਾ। ਦੋਸ਼ੀ ਦੇ ਇਕਬਾਲੀਆ ਬਿਆਨ ਉਪਰ ਕਿਸੇ ਰਿਮਾਂਡ ਦੀ ਜ਼ਰੂਰਤ ਨਹੀਂ ਸੀ। ਬਿਆਨ ਕਲਮਬੱਧ ਕਰ ਕੇ ਜੱਜ ਨੇ ਜੁਗਾੜੂ ਨੂੰ ਜੇਲ੍ਹ ਭੇਜ ਦਿੱਤਾ।