ਕਾਂਡ 8 : ਕਹਿਰ ਦੀ ਹਨ੍ਹੇਰੀ ਰਾਤ ਸੀ। - ਸ਼ਿਵਚਰਨ ਜੱਗੀ ਕੁੱਸਾ

ਕਹਿਰ ਦੀ ਹਨ੍ਹੇਰੀ ਰਾਤ ਸੀ।
ਬਿਖੜੇ ਪੈਂਡੇ ਦਾ ਕੱਚਾ ਰਸਤਾ ਅਤੇ ਡਰਾਉਣੀ ਰਾਤ ''ਸਾਂ-ਸਾਂ" ਕਰਦੀ ਸੱਪ ਵਾਂਗ ਛੂਕ ਰਹੀ ਸੀ।
ਗੇਜਾ ਇੱਕ ਹੱਥ ਵਿਚ ਬੱਚੀ ਚੁੱਕੀ, ਦੂਜੇ ਹੱਥ ਨਾਲ਼ ਬੋਤਲ 'ਚੋਂ ਦਾਰੂ ਪੀਂਦਾ ਜਾ ਰਿਹਾ ਸੀ। ਟਿਕੀ ਰਾਤ ਵਿੱਚ ਕੁੜੀ ਰੋ ਰਹੀ ਸੀ। ਦੂਰ ਪਿੰਡ ਵਿਚ ਕਿਤੇ-ਕਿਤੇ ਬੱਤੀ ਜਗਦੀ ਦਿਖਾਈ ਦਿੰਦੀ ਸੀ। ਕੁੜੀ ਰੋਣੋਂ ਬੰਦ ਨਹੀਂ ਹੋ ਰਹੀ ਸੀ।
-''ਧੀ ਧਿਆਣੀਏਂ, ਲੱਗਦੈ ਆਬਦੀ ਮਾਂ ਦਾ ਦਰੇਗ ਤੂੰ ਵੀ ਬਹੁਤ ਕਰਦੀ ਐਂ...!" ਗੇਜੇ ਨੇ ਕਿਹਾ।
ਬੱਚੀ ਹੋਰ ਉਚੀ-ਉਚੀ ਰੋਣ ਲੱਗ ਪਈ।
-''ਬੱਸ ਪਹੁੰਚ ਗਏ ਸਮਝ...! ਰੋ ਨਾਂ...! ਹੁਣ ਤਾਂ ਦੰਦਾਂ 'ਚ ਜੀਭ ਐ...!"
ਕੁੜੀ ਰੋਣੋਂ ਬੰਦ ਨਹੀਂ ਹੁੰਦੀ ਸੀ। ਸ਼ਾਇਦ ਸਰਦੀ ਨਾਲ਼ ਬਿਲਕ ਰਹੀ ਸੀ।
-''ਲੱਗਦੈ ਸਹੁਰੀ ਨੂੰ ਠਾਰੀ ਲੱਗਦੀ ਹੋਣੀਂ ਐਂ...! ਹੈਗਾ 'ਲਾਜ ਠਾਰੀ ਦਾ ਵੀ ਆਪਣੇ ਕੋਲ਼ੇ ਧੀਏ-ਧਿਆਣੀਏਂ...!!" ਉਸ ਨੇ ਡੱਬ 'ਚ ਦਿੱਤੀ ਬੋਤਲ ਕੱਢ ਲਈ।
-''ਠਾਰੀ ਨੂੰ ਤਾਂ ਮਾਰਾਂਗੇ ਆਪਾਂ ਬੁੜ੍ਹਕਾ ਕੇ....! ਰੋਲ਼ ਦਿਆਂਗੇ ਠਾਰੀ ਨੂੰ ਤਾਂ ਆਪਾਂ...! ਠਾਰੀ ਆਪਣੇ ਨੇੜੇ ਕਿਵੇਂ ਆਜੂ....?? ਲੈ ਧੀਏ, ਤੋਲ਼ਾ ਕੁ ਸਿੱਟ ਅੰਦਰ....!! ਇਹ ਤਾਂ ਦੁਆਈ ਐ ਇੱਕ...!"
ਗੇਜੇ ਨੇ ਕੁੜੀ ਦੇ ਮੂੰਹ ਨੂੰ ਬੋਤਲ ਲਾ ਕੇ ਦਾਰੂ ਦੀਆਂ ਘੁੱਟਾਂ ਪਿਆ ਦਿੱਤੀਆਂ।
ਕੁੜੀ ਚੁੱਪ ਕਰ ਗਈ।
-''ਕਰਗੀ ਨ੍ਹਾਂ ਚੁੱਪ ਧੀਏ ਮੇਰੀਏ...? ਦੁਨੀਆਂ ਕਮਲ਼ੀ ਥੋੜ੍ਹੋ ਐ, ਜਿਹੜੀ ਇਹਨੂੰ ਪੀਂਦੀ ਐ...? ਇਹ ਤਾਂ ਦੁੱਖ ਤੋੜ ਔਸ਼ਧੀ ਐ...! ਪਤਾ ਨੀ ਧਾਰਮਿਕ ਲੋਕ ਇਹਨੂੰ ਪੀਣਾ ਪਾਪ ਕਿਉਂ ਸਮਝਦੇ ਐ...?" ਉਸ ਨੇ ਦੋ ਘੁੱਟਾਂ ਆਪ ਵੀ ਅੰਦਰ ਸੁੱਟ ਲਈਆਂ ਅਤੇ ਟਿਕੀ ਰਾਤ ਵਿੱਚ ਰਾਹ ਲੱਭਦਾ ਅੱਗੇ ਤੁਰ ਪਿਆ।
ਰਾਤ ਟਿਕੀ ਹੋਈ ਸੀ।
ਬਿੰਡੇ ਟਿਆਂਕ ਰਹੇ ਸਨ।
ਦੂਰ ਖੇਤ ਵਿੱਚ ਇੱਕ ਟਟੀਹਰ੍ਹੀ ਚੀਕ ਰਹੀ ਸੀ।
ਗੇਜਾ ਦਾਰੂ ਨਾਲ਼ ਟੁੰਨ ਹੋਇਆ ਵਾਟ ਵੱਢਦਾ ਜਾ ਰਿਹਾ ਸੀ।
ਨਸ਼ੇ ਨਾਲ਼ ਗੇੜੇ ਖਾਂਦਾ ਗੇਜਾ ਨਹਿਰ ਦੀ ਪਟੜੀ 'ਤੇ ਪਹੁੰਚ ਗਿਆ।
-''ਲੈ ਧੀ ਧਿਆਣੀਏਂ...! ਤੇਰੇ ਨਾਲ਼ ਆਪਣਾ ਐਨਾਂ ਕੁ ਈ ਨਾਤਾ ਸੀ...! ਜਾਹ, ਰੱਬ ਤੇਰਾ ਭਲਾ ਕਰੇ...!"
     -''................।" ਕੁੜੀ ਚੁੱਪ ਸੀ। ਰੋਂਦੀ ਵੀ ਨਹੀਂ ਸੀ। ਸ਼ਾਇਦ ਦਾਰੂ ਦੀ ਘੂਕੀ ਨਾਲ਼ ਸੌਂ ਗਈ ਸੀ?
-''ਹੈਂਅ...? ਇਹ ਤਾਂ ਬਚਾਰੀ ਸਤਜੁਗੀ ਬੋਲਦੀ ਵੀ ਨੀ...?? ਕਿਤੇ ਸਹੁਰੀ ਠਾਰੀ ਨਾਲ਼ ਤਾਂ ਨੀ ਮਰਗੀ...? ਚੰਗਾ ਭਾਈ, ਜਾਹ ਆਬਦੇ ਦੇਸ਼ ਨੂੰ....!! ਹੁਣ ਸਾਡੇ ਅਰਗੇ ਬੁੱਚੜਾਂ ਦੇ ਮੁਲਕ ਨਾ ਆਈਂ, ਨਹੀਂ ਮੈਨੂੰ ਈ ਫ਼ੇਰ ਕੋਈ ਢਾਣਸ ਕਰਨਾ ਪਊ...! ਸਰਦਾਰ ਲੋਕ ਆਪ ਪਾਪ ਨੀ ਕਰਦੇ, ਮੇਰੇ ਅਰਗੇ ਗਰੀਬਾਂ ਤੋਂ ਕਰਵਾਉਂਦੇ ਐ, ਧੀਏ...! ਹੁਣ ਨਾ ਬੁੱਚੜਖਾਨਿਆਂ ਵੱਲ ਫ਼ੇਰਾ ਪਾਈਂ..! ਜਮ੍ਹਾਂ ਮੂੰਹ ਨਾ ਕਰੀਂ ਐਧਰ ਨੂੰ...! ਲੈ ਹੁਣ ਬੋਲ ਬਾਘਰੂ...! ਰੱਬ ਤੈਨੂੰ ਚੰਗੀ ਜੂਨ 'ਚ ਪਾਵੇ, ਧੀਏ..! ਵਾਅਅਖਰੂ....!!" ਉਸ ਨੇ ਬੱਚੀ ਨੂੰ ਨਹਿਰ ਦੀ ਪਟੜੀ ਦੀਆਂ ਝਾੜ੍ਹੀਆਂ ਵਿੱਚ ਦੀ, ਪਾਣੀ ਵੱਲ ਨੂੰ ਚਲਾ ਮਾਰਿਆ। ਗੇਜੇ ਦੇ ਕੰਨ ਬੋਲ਼ੇ ਹੋ ਚੁੱਕੇ ਸਨ। ਬੱਚੀ ਚਲਾ ਕੇ ਮਾਰਨ ਤੋਂ ਬਾਅਦ ਉਸ ਨੇ ਦੋਨੋਂ ਹੱਥ ਝਾੜੇ ਅਤੇ ਡੱਬ 'ਚੋਂ ਬੋਤਲ ਕੱਢ ਕੇ ਦਾਰੂ ਦੀਆਂ ਘੁੱਟਾਂ ਭਰ ਪਿੱਛੇ ਮੁੜ ਪਿਆ।
ਦਾਰੂ ਦਾ ਰੱਜਿਆ ਗੇਜਾ ਪਤਾ ਨਹੀਂ ਕਦੋਂ ਆ ਕੇ ਸੁੱਤਾ ਸੀ।
ਅਗਲੇ ਦਿਨ ਗੇਜਾ ਅਤੇ ਜੋਗਾ ਸਿੰਘ ਖੇਤ ਪੱਠੇ ਵੱਢ ਰਹੇ ਸਨ।
-''ਰਾਤ ਕੰਮ ਕਰਤਾ ਸੀ, ਟੰਚ...?" ਜੋਗੇ ਨੇ ਗੇਜੇ ਨੂੰ ਪੁੱਛਿਆ।
-''ਵੱਢ'ਤਾ ਸੀ ਫ਼ਸਤਾ ਬਾਈ...! ਕਰ'ਤਾ ਤੈਨੂੰ ਸੁਰਖ਼ਰੂ...!!"
-''ਕਿਸੇ ਨੇ ਦੇਖਿਆ ਤਾਂ ਨੀ ਤੈਨੂੰ...?"
-''ਦੇਖਣਾ ਮੈਨੂੰ ਕੀਹਨੇ ਸੀ...? ਪਰਲੋਂ ਅਰਗੀ ਤਾਂ 'ਨ੍ਹੇਰੀ ਰਾਤ ਸੀ...!"
-''......................।" ਪਤਾ ਨਹੀਂ ਕੀ ਸੋਚ ਕੇ ਜੋਗਾ ਚੁੱਪ ਕਰ ਗਿਆ?
-''ਚੱਲ ਪੱਠੇ ਲੱਦ, ਬੇਬੇ ਕਹਿੰਦੀ ਸੀ ਅੱਜ ਜੋਤਾਂ ਆਲ਼ੇ ਸੰਤਾਂ ਦੇ ਜਾਣੈਂ...!"
-''ਕੋਈ ਸੱਤਸੰਗ ਐ...?"
-''ਭੰਡਾਰਾ ਨੀ ਹੁੰਦਾ ਹਰ ਸਾਲ...?"
-''ਮੈਂ ਤਾਂ ਭੁੱਲ ਈ ਗਿਆ ਸੀ...!"
ਉਹ ਪੱਠੇ ਲੱਦ ਘਰ ਆ ਗਏ ਅਤੇ ਬੇਬੇ ਨੂੰ ਲੈ ਸੰਤਾਂ ਦੇ ਡੇਰੇ ਪਹੁੰਚ ਗਏ। ਸੰਤ ਅਨੋਖ ਅਲੱਖ ਜੋਤਾਂ ਵਾਲ਼ੇ ਦੇ ਡੇਰੇ ਵਿੱਚ ਬੜੀ ਗਹਿਮਾਂ ਗਹਿਮੀਂ ਸੀ। ਡੇਰੇ 'ਤੇ ਕਮਾਂਡੋ ਅਤੇ ਪੁਲੀਸ ਦਾ ਸਖ਼ਤ ਪਹਿਰਾ ਸੀ ਅਤੇ ਸੰਗੀਨਾਂ ਵਾਲ਼ੇ ਡੇਰੇ ਦੇ ਕੋਨੇ-ਕੋਨੇ ਵਿੱਚ ਖੜ੍ਹੇ ਸਨ।  
ਅਚਾਨਕ ਗਰਦੋਗੋਰ ਉਠੀ।
ਡੇਰੇ ਵਿੱਚ ਦੋ ਵੱਖੋ-ਵੱਖ ਪਾਰਟੀਆਂ ਦੇ ਲੀਡਰ ਪਹੁੰਚ ਗਏ। ਕਮਾਂਡੋ ਅਤੇ ਪੁਲੀਸ ਨੂੰ ਹੱਥਾਂ-ਪੈਰਾਂ ਦੀ ਪਈ ਹੋਈ ਸੀ। ਉਹ ਲੋਕਾਂ ਨੂੰ ਫ਼ੜ-ਫ਼ੜ ਇੱਕ ਪਾਸੇ ਕਰਦੇ ਸਨ। ਦੋਨੋਂ ਲੀਡਰ ਅੱਗੜ-ਪਿੱਛੜ ਸੰਤ ਜੀ ਦੇ ਆਸਣ ਕੋਲ਼ ਪਹੁੰਚੇ ਅਤੇ ਡੰਡਾਉਤ ਕਰ ਕੇ ਸੰਤਾਂ ਨੂੰ ਮੱਥਾ ਟੇਕਿਆ।
ਸੰਤਾਂ ਨੇ ਜੋਤ ਉੱਪਰੋਂ ਦੀ ਮੋਰ ਦੇ ਖੰਭਾਂ ਵਾਲ਼ਾ ਚਵਰ ਲੰਘਾ ਕੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ।
-''ਮਹਾਂਪੁਰਖੋ..! ਅਗਲੀ ਇਲੈਕਸ਼ਨ ਸਿਰ 'ਤੇ ਹੈ, ਸਿਰ 'ਤੇ ਹੱਥ ਰੱਖਿਓ...!"
-''..................।" ਸੰਤ ਜੀ ਡੂੰਘੀ ਸੋਚ ਵਿੱਚ ਮੁਸਕੁਰਾਏ।
-''ਦੇਖੋ....! ਤੁਸੀਂ ਦੋਨੋਂ ਹੀ ਮੇਰੇ ਅਜ਼ੀਜ਼ ਹੋ...! ਤੁਸੀਂ ਦੋਨੋਂ ਆਪਸ ਵਿੱਚ ਦੋਸਤ ਵੀ ਹੋ ਤੇ ਰਿਸ਼ਤੇਦਾਰ ਵੀ...!" ਸੰਤ ਜੀ ਪਹਿਲੇ ਲੀਡਰ ਨੂੰ ਸੰਬੋਧਿਤ ਹੋਏ।
-''ਜੀ.....!" ਲੀਡਰ ਕਿਸੇ ਆਗਿਆਕਾਰ ਵਿਦਿਆਰਥੀ ਵਾਂਗ ਹੱਥ ਜੋੜੀ ਬੈਠਾ ਸੀ।
-''ਤੁਹਾਡੇ 'ਚੋਂ ਕਿਸੇ ਪਾਰਟੀ ਦੀ ਸਰਕਾਰ ਬਣੇ, ਤੁਸੀਂ ਇੱਕ-ਦੂਜੇ ਨੂੰ ਠਿੱਬੀ ਨੀ ਲਾਉਣੀ...! ਰਲ਼-ਮਿਲ਼ ਕੇ ਰਹਿਣੈਂ...! ਜੋਤਾਂ ਵਾਲ਼ੇ ਬ੍ਰਹਮ ਗਿਆਨੀ ਭਲੀ ਕਰਨਗੇ...!! ਪ੍ਰਲੋਕ 'ਚ ਬੈਠਿਆਂ ਨੂੰ ਉਹਨਾਂ ਨੂੰ ਸਭ ਕੁਛ ਨਜ਼ਰ ਆਉਂਦੈ..! ਉਹ ਜਾਣੀ ਜਾਣ ਮਹਾਂਪੁਰਖ਼ ਨੇ ਭਾਈ.. !"
-''ਸਤਿ ਬਚਨ...!" ਦੋਨੋਂ ਲੀਡਰਾਂ ਨੇ ਅਦਬ ਵਿੱਚ ਸਿਰ ਝੁਕਾਇਆ।
ਸੰਤ ਜੀ ਨੇ ਉਹਨਾਂ ਨੂੰ ਆਪਣੇ ਲੋਟੇ ਵਿਚੋਂ ''ਚਰਨਾਂਮਤ" ਦਿੱਤਾ।
ਚਰਨਾਂਮਤ ਅਤੇ ਆਸ਼ੀਰਵਾਦ ਲੈ ਕੇ ਲੀਡਰ ਚਾਲੇ ਪਾ ਗਏ।
ਲੀਡਰਾਂ ਦੇ ਚਾਲੇ ਪਾਉਣ ਉਪਰੰਤ ਆਮ ਸ਼ਰਧਾਲੂਆਂ ਨੂੰ ਡੇਰੇ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਗਈ। ਹਰ ਕੌਰ ਅਤੇ ਜੋਗਾ ਸਿੰਘ ਵੀ ਉਹਨਾਂ ਸ਼ਰਧਾਲੂਆਂ ਦੇ ਵਿੱਚ ਸਨ।
ਹਰ ਕੌਰ ਸਿੱਧੀ ਸੰਤਾਂ ਦੇ ਆਸਣ ਵਾਲ਼ੇ ਕਮਰੇ ਅੰਦਰ ਚਲੀ ਗਈ।
ਪਹਿਰੇਦਾਰ ਉਸ ਨੂੰ ਬੇਰੋਕ ਅੰਦਰ ਜਾਣ ਦੀ ਇਜਾਜ਼ਤ ਦੇ ਦਿੱਤੀ।
ਸੰਤ ਜੀ ਦੁੱਧ ਚਿੱਟੇ ਆਸਣ ਉਪਰ ਬਿਰਾਜਮਾਨ ਸਨ। ਕੋਲ਼ ਮੋਰ ਦੇ ਖੰਭਾਂ ਵਾਲ਼ਾ ਚਵਰ ਪਿਆ ਸੀ। ਇੱਕ ਪਾਸੇ ਚਰਨਾਂਮਤ ਵਾਲ਼ਾ ਲੋਟਾ ਅਤੇ ਇੱਕ ਪਾਸੇ ਖੂੰਜੇ ਵੱਡੀ ਜੋਤ ਜਗ ਰਹੀ ਸੀ। ਅਤਰ ਫੁਲੇਲਾਂ ਕਾਰਨ ਅੰਦਰੋਂ ਸੁਗੰਧੀ ਦੀਆਂ ਲਪਟਾਂ ਆ ਰਹੀਆਂ ਸਨ।
ਹਰ ਕੌਰ ਸੰਤ ਜੀ ਦੇ ਪੈਰਾਂ 'ਤੇ ਡੰਡਾਉਤ ਕਰਦੀ ਉਚੀ-ਉਚੀ ਰੋ ਪਈ।
ਜੋਗਾ ਸਿੰਘ ਚੁੱਪ ਚਾਪ ਹੱਥ ਜੋੜੀ ਖੜ੍ਹਾ ਸੀ।
ਸੰਤ ਜੀ ਸ਼ਾਂਤ ਸਨ। ਚੁੱਪ ਸਨ। ਸੰਗਤ ਚੁੱਪ ਚਾਪ ਮੂਕ ਦਰਸ਼ਕ ਬਣੀ ਖੜ੍ਹੀ ਸੀ।
ਅਖੀਰ ਜਦੋਂ ਹਰ ਕੌਰ ਦਾ ਰੋਣਾ ਕੁਝ ਠੱਲ੍ਹਿਆ ਤਾਂ ਸੰਤ ਜੀ ਨੇ ਲੋਟੇ ਵਿੱਚੋਂ ਚਰਨਾਂਮਤ ਦਾ ਛਿੱਟਾ ਉਸ ਦੇ ਸਿਰ 'ਤੇ ਮਾਰਿਆ ਅਤੇ ਫ਼ੇਰ ਮੋਰ ਦੇ ਖੰਭਾਂ ਦਾ ਚਵਰ ਸਿਰ ਨੂੰ ਛੁਹਾਇਆ।
-''ਭਾਈ ਹਰ ਕੁਰੇ....? ਰੋਂਦੇ ਕਿਉਂ ਹੋ....??"
-''ਤੁਸੀਂ ਜਾਣੀ-ਜਾਣ ਮਹਾਂਪੁਰਖੋ...! ਤੁਸੀਂ ਧੰਨ...! ਤੁਸੀਂ ਦਿਲਾਂ ਦੀਆਂ ਬਾਤਾਂ ਬੁੱਝਣ ਵਾਲ਼ੇ ਮੇਰੇ ਮਾਲਕ...!" ਉਹ ਓਸੇ ਤਰ੍ਹਾਂ ਚਰਨਾਂ 'ਤੇ ਪਈ ਬੋਲੀ।
-''ਪਰ ਸੰਗਤਾਂ ਨੂੰ ਵੀ ਪਤਾ ਲੱਗੇ, ਭਾਈ...! ਸਾਡੀ ਜਾਣੀ-ਜਾਣਤਾ ਨੂੰ ਛੱਡੋ, ਆਪਣੇ ਮੁੱਖੋਂ ਫ਼ੁਰਮਾਨ ਕਰ ਕੇ ਸੰਗਤਾਂ ਨੂੰ ਦੱਸੋ..!"
-''ਮੇਰੇ ਘਰ ਚਰਨ ਪਾਓ ਮਹਾਂਪੁਰਖੋ....! ਮੈਨੂੰ ਪੋਤਾ ਚਾਹੀਦੈ...!!" ਉਹ ਓਸੇ ਤਰ੍ਹਾਂ ਚਰਨਾਂ ਵਿੱਚ ਪਈ ਸੀ।
-''...................।" ਸੰਤ ਜੀ ਮੁਸਕੁਰਾ ਪਏ।
-''ਪ੍ਰਲੋਕ ਵਾਲ਼ੇ ਮਹਾਂਪੁਰਖ ਕਿਰਪਾ ਕਰਨਗੇ...! ਪੁੱਤਰ ਵੀ ਅਵੱਸ਼ ਹੋਵੇਗਾ, ਭਾਈ..! ਅਵੱਸ਼ ਹੋਵੇਗਾ..!"
-''ਚਰਨ ਦੱਸੋ ਕਦੋਂ ਪਾਓਂਗੇ...?"
-''ਬੀਰ ਸਿੰਘ...!" ਸੰਤਾਂ ਨੇ ਆਪਣੇ ਚੇਲੇ ਨੂੰ ਹਾਕ ਮਾਰੀ।
-''ਜੀ ਮਹਾਰਾਜ...!" ਚੇਲਾ ਹਾਜ਼ਰ ਸੀ।
-''ਆਉਂਦੀ ਪੁੰਨਿਆਂ ਨੂੰ ਆਪਣਾ ਕਿਤੇ ਸਮਾਗਮ ਤਾਂ ਨੀ...?"
ਚੇਲਾ ਡਾਇਰੀ ਦੇਖਣ ਲੱਗ ਪਿਆ।
-''ਨਹੀਂ ਮਹਾਰਾਜ...! ਕੋਈ ਸਮਾਗਮ ਨਹੀਂ...!"
-''ਡਾਇਰੀ ਉਪਰ ਬੀਬੀ ਹਰ ਕੁਰ ਦਾ ਨਾਮ ਲਿਖ ਦਿਓ...!"
-''ਸਤਿ ਬਚਨ ਮਹਾਰਾਜ...!"
-''ਆਉਂਦੀ ਪੁੰਨਿਆਂ ਨੂੰ ਦਰਸ਼ਣ ਕਰਾਂਗੇ, ਭਾਈ...!"
-''ਧੰਨ ਹੋ ਮਹਾਂਪੁਰਖੋ...! ਕੋਟ-ਕੋਟ ਧੰਨਵਾਦ...!"
ਉਡੀਕਦੀ ਹਰ ਕੌਰ ਨੂੰ ਪੁੰਨਿਆਂ ਦਾ ਦਿਨ ਮਸਾਂ ਆਇਆ। ਹਰ ਕੌਰ ਦਾ ਘਰ ਸ਼ਿੰਗਾਰਿਆ ਹੋਇਆ ਸੀ। ਵਿਹੜ੍ਹੇ ਵਿੱਚ ਰੰਗ-ਬਿਰੰਗੀਆਂ ਝੰਡੀਆਂ ਲੱਗੀਆਂ ਹੋਈ ਸਨ। ਹਰ ਕੌਰ ਦੀ ਵਿਹੜ੍ਹੇ ਵਿਚ ਅੱਡੀ ਨਹੀਂ ਸੀ ਲੱਗਦੀ। ਅੱਜ ਜੋਗਾ ਸਿੰਘ ਅਤੇ ਗੇਜਾ ਵੀ ਘਰ ਹੀ ਸਨ। ਪਰ ਅੱਜ ਉਹਨਾਂ ਨੇ ਸ਼ਰਾਬ ਨਹੀਂ ਸੀ ਪੀਤੀ। ਟੁੱਟੇ ਹੋਏ ਨਸ਼ੇ ਕਾਰਨ ਉਹਨਾਂ ਦੇ ਮੂੰਹ ਧੁਆਂਖੇ ਜਿਹੇ ਪਏ ਸਨ ਅਤੇ ਉਹ ਦੁਖੀ ਜਿਹੇ ਬਾਹਰਲੀ ਬੈਠਕ ਵਿੱਚ ਬੈਠੇ ਸਨ।
-''ਅੱਜ ਮਹਾਂਪੁਰਖਾਂ ਨੇ ਆਪਣੇ ਘਰੇ ਚਰਨ ਪਾਉਣੇ ਐਂ...! ਤੂੰ ਆਬਦਾ ਗਾਤਰਾ ਲਾਹ ਦੇ ਅੱਜ ਦਾ ਦਿਨ..! ਮਹਾਂਪੁਰਖ ਇਹਨੂੰ ਚੰਗਾ ਨੀ ਸਮਝਦੇ..!" ਹਰ ਕੌਰ ਨੇ ਅਨੂਪ ਕੌਰ ਨੂੰ ਕਿਹਾ।
-''.................।" ਅਨੂਪ ਕੌਰ ਨੇ ਘੋਰ ਹੈਰਾਨ ਹੋ ਕੇ ਸੱਸ ਵੱਲ ਦੇਖਿਆ।
-''ਆਨੇ ਜੇ ਕੀ ਕੱਢਦੀ ਐਂ...? ਸੁਣਿਆਂ ਨੀ ਤੈਨੂੰ...??" ਹਰ ਕੌਰ ਨੂੰਹ ਨੂੰ ਕੌੜੀ।
-''ਬੀਜੀ, ਇਹ ਤੁਸੀਂ ਕੀ ਕਹਿ ਰਹੇ ਓਂ...? ਸ੍ਰੀ ਸਾਹਿਬ ਤਾਂ ਅੰਮ੍ਰਿਤਧਾਰੀ ਦੇ ਸਰੀਰ ਤੋਂ ਮਰ ਕੇ ਵੀ ਵੱਖ ਨੀ ਹੁੰਦੀ, ਨਾਲ਼ ਈ ਸਸਕਾਰ ਕਰਦੇ ਐ...!"
-''ਤੇਰੇ ਵਰਗੀ ਜ਼ਿੱਦੀ ਕੱਟੜਪੰਥੀ ਨੇ ਮੇਰੇ ਟੱਬਰ ਦੀਆਂ ਬੇੜੀਆਂ 'ਚ ਵੀ ਵੱਟੇ ਪਾਏ ਵੇ ਐ..! ਨਹੀਂ ਹੁਣ ਨੂੰ ਗਲੋਟੇ ਵਰਗਾ ਪੋਤਾ ਮੇਰੀ ਬੁੱਕਲ਼ 'ਚ ਹੋਣਾ ਸੀ..।" ਹਰ ਕੌਰ ਨੇ ਠੁਣਾਂ ਅਨੂਪ ਕੌਰ ਸਿਰ ਹੀ ਭੰਨਿਆਂ।
-''ਬੀਜੀ, ਇਹ ਜੋ ਤੁਸੀਂ ਕਰ ਰਹੇ ਹੋ, ਇਹ ਆਡੰਬਰ ਐ...! ਧੰਨ ਗੁਰੂ ਨਾਨਕ ਪਾਤਿਸ਼ਾਹ ਨੇ ''ਉਏ ਹਰਿ ਕੇ ਸੰਤ ਨ ਆਖੀਐ, ਬਾਨਾਰਸ ਕੇ ਠਗ" ਦੱਸਿਐ ਇਹਨਾਂ ਨੂੰ...! ਦਾਤਾਂ ਦੇਣ ਵਾਲ਼ਾ ਅਕਾਲ ਪੁਰਖ ਐ, ''ਦੱਦਾ ਦਾਤਾ ਏਕੁ ਹੈ ਸਬ ਕਉ ਦੇਵਨਹਾਰ॥" ਜਪੁਜੀ ਸਾਹਿਬ ਵਿਚ ਫ਼ੁਰਮਾਇਐ, ''ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥"
-''ਮੈਂ ਤੇਰਾ ਕੋਈ ਉਪਦੇਸ਼ ਨੀ ਸੁਣਨਾ...! ਜੇ ਨਹੀਂ ਲਾਹੁੰਣਾਂ ਤਾਂ ਆਬਦਾ ਗਾਤਰਾ ਢਕ ਕੇ ਰੱਖੀਂ..! ਨ੍ਹਾਂ ਤੂੰ ਗਾਤਰੇ ਦੀ ਕੋਈ ਨੁਮਾਇਸ਼ ਲਾਉਣੀਂ ਐਂ..? ਤੇਰੇ ਬਾਬੇ ਨੇ ਕਿਹੈ ਬਈ ਗਾਤਰਾ ਲੋਕਾਂ ਨੂੰ ਦਿਖਾ-ਦਿਖਾ ਕੇ ਪਾਇਓ..???"
ਅਚਾਨਕ ਬਾਹਰੋਂ ਗੱਡੀਆਂ ਦੀ ਘੂਕ ਸੁਣਾਈ ਦਿੱਤੀ ਤਾਂ ਹਰ ਕੌਰ ਬਾਹਰ ਚੱਕਵੇਂ ਪੈਰੀਂ ਬਾਹਰ ਨੂੰ ਤੁਰ ਪਈ।
-''ਵੇ ਜੋਗਿਆ....!"
-''ਹੋਅ ਬੇਬੇ...?"
 -''ਲੱਗਦੈ ਮਹਾਂਪੁਰਖ ਆ ਗਏ..!" ਉਹ ਖ਼ੁਸ਼ ਹੋਈ ਬੋਲੀ।
 -''................।" ਗੇਜਾ ਅਤੇ ਜੋਗਾ ਸਿੰਘ ਬੈਠਕ 'ਚੋਂ ਬਾਹਰ ਆ ਗਏ।
-''ਆ ਜਾ ਬਾਬਾ..! ਗੜ੍ਹੀ ਦੇ ਜਾਣਿਆਂ ਤੂੰ ਤਾਂ ਅੱਜ ਸਾਡੀ ਦਾਰੂ ਨੂੰ ਬੰਨ੍ਹ ਮਾਰ'ਤਾ..!" ਗੇਜਾ ਮੂੰਹ ਵਿੱਚ ਹੀ ਬੋਲਿਆ, ''ਛੱਪ ਦੇ ਕੇ ਆ ਮੇਰਾ ਬੀਰ, ਤੇ ਗਰਨ ਦੇ ਕੇ ਚਾਲੇ ਪਾਅ, ਅਸੀਂ ਵੀ ਮੂੰਹ ਕੌੜਾ ਕਰਨ ਜੋਕਰੇ ਹੋਈਏ..!"
''ਸੰਤ ਜੀ" ਦੇ ਹਥਿਆਰਬੰਦ ਬਾਡੀਗਾਰਡਾਂ ਦੀਆਂ ਚਾਰ ਗੱਡੀਆਂ ਵੀਹੀ ਵਿਚ ਆ ਲੱਗੀਆਂ।
ਇੱਕ ਘੜ੍ਹਮੱਸ ਜਿਹਾ ਮੱਚ ਗਿਆ ਸੀ।
ਹਰ ਕੌਰ ਸਰਦਲ 'ਤੇ ਚੋਣ ਲਈ ਸਰ੍ਹੋਂ ਦਾ ਤੇਲ ਚੁੱਕੀ ਖੜ੍ਹੀ ਸੀ। ਜੋਗਾ ਸਿੰਘ ਅਤੇ ਗੇਜਾ ਨਾਲ਼ ਹੱਥ ਜੋੜੀ ਖੜ੍ਹੇ ਸਨ। ਅਨੂਪ ਕੌਰ ਪਿਛਲੇ ਵਿਹੜ੍ਹੇ ਵਿਚ ਥਮਲ੍ਹੇ ਨਾਲ਼ ਖੜ੍ਹੀ ਸਾਰਾ ''ਆਡੰਬਰ" ਦੇਖ ਰਹੀ ਸੀ।
ਸੰਤ ਜੀ ਆਪਣੀ ਆਲੀਸ਼ਾਨ ਕਾਰ ਵਿੱਚੋਂ ਨਿਕਲ਼ੇ ਤਾਂ ਗੇਜੇ ਅਤੇ ਜੋਗਾ ਸਿੰਘ ਉਹਨਾਂ ਦੇ ਚਰਨਾਂ ਉਪਰ ਆਪਣਾ ਪਰਨਾਂ ਮਾਰ ਕੇ ਚਰਨ ਝਾੜ੍ਹੇ।
ਸੰਤ ਦਰਵਾਜੇ ਅੱਗੇ ਆਏ ਤਾਂ ਹਰ ਕੌਰ ਤੇਲ ਚੋਂਦੀ ਧਾਰਨਾ ਗਾਉਣ ਲੱਗ ਪਈ;
''ਆਓ ਮਹਾਂਪੁਰਖੋ, ਜੀ ਆਇਆਂ ਨੂੰ...! ਆਓ ਮੇਰੇ ਦਿਉਤਿਓ, ਜੀ ਆਇਆਂ ਨੂੰ..!!"
ਸੰਤ ਜੀ ਗੇਜੇ ਹੋਰਾਂ ਵਾਲ਼ੀ ਬੈਠਕ ਵਿੱਚ ''ਸਜ" ਗਏ।
ਬੈਠਕ ਵਿੱਚ ਚਾਰੇ ਪਾਸੇ ਦੇਸੀ ਘਿਉ ਦੀਆਂ ਜੋਤਾਂ ਹੀ ਜੋਤਾਂ ਜਗ ਰਹੀਆਂ ਸਨ।
ਧੂਫ਼ ਦਾ ਧੂੰਆਂ ਸੱਪ ਵਾਂਗ ਅਸਮਾਨ ਨੂੰ ਚੜ੍ਹਦਾ ਸੀ।
-''ਮਾਤਾ ਜੀ..!" ਸੰਤ ਜੀ ਹਰ ਕੌਰ ਨੂੰ ਸੰਬੋਧਨ ਹੋਏ।
-''ਜੀ ਮਹਾਂਪੁਰਖੋ...?"
-''ਸਮਾਂ ਸਾਡੇ ਕੋਲ਼ ਬਹੁਤ ਘੱਟ ਐ...! ਜਲਦੀ ਦਹੀਂ ਲਿਆਓ ਭਾਈ...!!"
-''ਸਤਿ ਬਚਨ ਜੀ...!!"
ਹਰ ਕੌਰ ''ਦੰਮ-ਦੰਮ" ਕਰਦੀ ਅੰਦਰ ਚਲੀ ਗਈ।
ਗੇਜਾ ਅਤੇ ਜੋਗਾ ਸਿੰਘ ਸੰਤ ਜੀ ਕੋਲ਼ ਹੱਥ ਜੋੜੀ ਖੜ੍ਹੇ ਸਨ।
-''ਬੈਠੋ ਭਾਈ ਜੋਗਾ ਸਿੰਘ..! ਬਾਕੀ ਸੰਗਤ ਨੂੰ ਬਾਹਰ ਬਿਠਾ ਦਿਓ..!"
-''ਸਤਿ ਬਚਨ ਸੰਤ ਜੀ..!" ਜੋਗਾ ਸਿੰਘ ਨੇ ਇਸ਼ਾਰੇ ਨਾਲ਼ ਸੰਗਤ ਨੂੰ ਬਾਹਰ ਕੱਢ ਦਿੱਤਾ ਅਤੇ ਆਪ ਸੰਤ ਜੀ ਦੇ ਕੋਲ਼ ਬੈਠ ਗਿਆ।
ਹਰ ਕੌਰ ਦਹੀਂ ਦਾ ਕਟੋਰਾ ਲੈ ਕੇ ਆ ਗਈ।
-''ਦਰਵਾਜਾ ਬੰਦ ਕਰ ਦਿਓ ਭਾਈ, ਤੇ ਸੰਗਤ ਨੂੰ ਬੇਨਤੀ ਕਰੋ, ਚੁੱਪ ਦਾ ਦਾਨ ਬਖਸ਼ੇ..!"
ਹਰ ਕੌਰ ਨੇ ਬਾਹਰ ਝਾਕ ਕੇ ''ਰੌਲ਼ਾ ਬੰਦ ਕਰੋ ਭਾਈ...!" ਆਖ ਕੇ ਦਰਵਾਜਾ ਬੰਦ ਕਰ ਲਿਆ।
ਹੁਣ ਕਮਰੇ ਅੰਦਰ ਸੰਤ ਜੀ, ਜੋਗਾ ਸਿੰਘ, ਗੇਜਾ ਅਤੇ ਹਰ ਕੌਰ ਸਨ।
ਸੰਤ ਜੀ ਨੇ ਆਪਣੇ ਉਪਰ ਚਿੱਟਾ ਚਾਦਰਾ ਲੈ ਕੇ ਦਹੀਂ ਵਿਚਕਾਰ ਰੱਖ ਲਿਆ ਅਤੇ ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ। ਜੋਗਾ ਸਿੰਘ, ਗੇਜਾ ਅਤੇ ਹਰ ਕੌਰ ਅੱਖਾਂ ਬੰਦ ਕਰੀ, ਮੰਤਰ ਮੁਘਧ ਹੋਏ ਬੈਠੇ ਸਨ। ਕੁਝ ਪਲਾਂ ਬਾਅਦ ਮੰਤਰ ਖ਼ਤਮ ਹੁੰਦੇ ਹੀ ਸੰਤ ਜੀ ਨੇ ਚਾਦਰੇ ਦਾ ਝੁੰਬ ਲਾਹ ਦਿੱਤਾ।
-''ਇਹ ਦਹੀਂ ਨੂੰਹ ਰਾਣੀਂ ਨੂੰ ਸਵੇਰੇ ਮੂੰਹ ਹਨ੍ਹੇਰੇ ਖਾਣ ਨੂੰ ਦੇਣੈ, ਮਾਤਾ ਜੀ..! ਗੋਦ ਨੂੰ ਭਾਗ ਲੱਗਣਗੇ, ਪੁੱਤਰ ਨਾਲ਼ ਗੋਦ ਭਰੇਗੀ..!!"
-''ਸਤਿ ਬਚਨ..! ਧੰਨ ਭਾਗ..!" ਹਰ ਕੌਰ ਨੇ ਦਹੀਂ ਦਾ ਕਟੋਰਾ ਫ਼ੜ ਕੇ ਮੱਥੇ ਨੂੰ ਲਾਇਆ।
ਸੰਤ ਜੀ ਦੇ ਜਾਣ ਤੋਂ ਬਾਅਦ ਜੋਗਾ ਸਿੰਘ ਅਤੇ ਗੇਜੇ ਨੇ ਦਾਰੂ ਝੋਅ ਲਈ।
-''ਝੱਗੇ ਲਹਿ ਚੱਲੇ ਸੀ ਬਿਨਾ ਪੀਤੀ ਤੋਂ...!" ਗੇਜੇ ਨੇ ਲੰਡਾ ਪੈੱਗ ਹਲ਼ਕਿਆਂ ਵਾਂਗ ਅੰਦਰ ਸੁੱਟਿਆ।
-''.................।" ਜੋਗਾ ਉਚੀ-ਉਚੀ ਹੱਸ ਪਿਆ।
-''ਆਪਣੀ ਬੁੜ੍ਹੀ ਵੀ ਕੇਰਾਂ ਈ ਧਰਮਰਾਜ ਬਣ ਤੁਰਦੀ ਐ, ਬਈ ਜੇ ਬਾਬੇ ਨੂੰ ਬੁਲਾਉਣੈ, ਤੂੰ ਤੜਕੇ ਜਾਂ ਦੁਪਿਹਰੇ ਬੁਲਾ, ਆਥਣੇ ਦਾਰੂ ਦੇ ਟੈਮ ਬੁਲਾ ਕੇ ਬਹਿਗੀ...!"
-''ਚੱਲ ਹੁਣ ਲਾਹ ਲੈ ਡੰਝਾਂ...!"
-''ਉਹ ਤਾਂ ਲਾਹ ਈ ਲੈਣੀਐਂ..! ਪਰ ਬਾਈ ਜੋਗਿਆ, ਬਾਹਲ਼ਾ ਬਾਬੇ ਦੇ ਦਹੀਂ 'ਤੇ ਵੀ ਨਾ ਰਹੀਂ..! ਆਪ ਵੀ ਕੋਈ ਹੱਥ ਪੱਲਾ ਹਿਲਾਈਂ...!" ਗੇਜੇ ਨੇ ਪੈੱਗ ਪੀ ਕੇ ਗਿਲਾਸ ਥੱਲੇ ਰੱਖਿਆ ਅਤੇ ਅਚਾਰ ਦੀ ਫ਼ਾੜੀ ਮੂੰਹ 'ਚ ਪਾਉਂਦਾ ਬੋਲਿਆ।
 -''.................।" ਪੈੱਗ ਪਾਉਂਦਾ ਜੋਗਾ ਸਿੰਘ ਗੇਜੇ ਦੀ ਗੱਲ 'ਤੇ ਉਚੀ-ਉਚੀ ਹੱਸ ਪਿਆ।
-''ਤੇਰੀਆਂ ਗੱਲਾਂ ਵੀ ਧਰਨ ਹਿਲਾਊ ਹੁੰਦੀਐਂ, ਬਾਈ ਗੇਜਿਆ...!"
ਦੇਰ ਰਾਤ ਤੱਕ ਉਹ ਦਾਰੂ ਪੀਂਦੇ ਰਹੇ ਅਤੇ ਗੇਜਾ ਰੋਟੀ ਲੈ ਕੇ ਘਰ ਚਲਿਆ ਗਿਆ।
ਅੱਧੀ ਰਾਤ ਟਿਕੀ ਹੋਈ ਸੀ। ਬਿੰਡੇ ਬੋਲ ਰਹੇ ਸਨ। ਸਾਰਾ ਜੱਗ ਜਹਾਨ ਨੀਂਦ ਵਿਚ ਡੁੱਬਿਆ ਹੋਇਆ ਸੀ। ਦੂਰ ਗਲ਼ੀ ਵਿੱਚ ਕਿਤੇ ਕੁੱਤਾ ਭੌਂਕਣ ਦੀ ਅਵਾਜ਼ ਆਉਂਦੀ ਸੀ। ਦੂਰ ਕਿਸੇ ਕਿੱਕਰ ਉਪਰ ਕੋਈ ਗਿਰਝ ਚੀਕ ਰਹੀ ਸੀ। ਕਿਤੇ ਕੋਈ ਉਲੂ ''ਘੂੰਅ-ਘੂੰਅ" ਕਰਦਾ ਸੀ।
ਦਾਰੂ ਨਾਲ਼ ਰੱਜਿਆ ਗੇਜਾ ਘੁਰਾੜ੍ਹੇ ਮਾਰ ਰਿਹਾ ਸੀ।
ਗੇਜੇ ਨੂੰ ਇੱਕ ਭੈੜ੍ਹਾ ਅਤੇ ਡਰਾਉਣਾ ਸੁਪਨਾ ਆਇਆ। ਝਾੜ੍ਹੀਆਂ ਵਿੱਚ ਸੁੱਟੀ ਕੁੜੀ ਗੇਜੇ ਦੀ ਹਿੱਕ 'ਤੇ ਪਈ ਸੀ। ...ਤੇ ਫ਼ਿਰ ਉਹ ਕੁੜੀ ਅਚਾਨਕ ਉਠ ਕੇ ਗੇਜੇ ਦੀ ਹਿੱਕ 'ਤੇ ਬੈਠ ਗਈ। ਉਸ ਦੀਆਂ ਕਰੋਧੀ ਅੱਖਾਂ ਵਿੱਚੋਂ ਲਹੂ ਫ਼ੁੱਟ ਪਿਆ ਸੀ। ਗੇਜਾ ਮੁੜ੍ਹਕੋ-ਮੁੜ੍ਹਕੀ ਹੋਇਆ ਪਿਆ, ਭੱਜਣ ਲਈ ਲੱਤਾਂ ਜਿਹੀਆਂ ਚਲਾ ਰਿਹਾ ਸੀ। ਫ਼ਿਰ ਕੁੜੀ ਇੱਕ ਪਾਸਿਓਂ ਦੰਦਿਆਂ ਵਾਲ਼ੀ ਵੱਡੀ ਦਾਤਰ ਚੁੱਕ ਕੇ ਗੇਜੇ ਦਾ ਗਲ਼ ਚੀਰਨ ਲੱਗ ਪਈ। ਉਸ ਦੀ ਗਰਦਨ ਲਹੂ ਲੁਹਾਣ ਹੋ ਗਈ, ਖ਼ੂਨ ਧਰਾਲ਼ੀਂ ਵਗਣ ਲੱਗ ਪਿਆ ਅਤੇ ਅਚਾਨਕ ਕੋਲ਼ ਖੜ੍ਹਾ ਬੋਤਾ ਕਿਸੇ ਪਰਬਤ ਵਾਂਗ ਗੇਜੇ ਦੇ ਉਪਰ ਆ ਡਿੱਗਿਆ। ਗੇਜੇ ਦੀ ਚੰਘਿਆੜ੍ਹ ਨਿਕਲ਼ੀ। ਉਹ ਪਿੱਟ ਉਠਿਆ।
-''ਓਏ ਬਹੁੜ੍ਹੀ ਓਏ...! ਮਾਰਤਾ ਓਏ ਲੋਕੋ..! ਮਾਰਤਾ ਓਏ ਜੁਆਕੜੀ ਨੇ...!! ਓਏ ਫ਼ੜੋ ਓਏ ਇਹਨੂੰ...! ਓਏ ਫ਼ੜ ਲਓ ਓਏ ਰੱਬ ਦਾ ਵਾਸਤਾ, ਮੈਨੂੰ ਤਾਂ ਲਹੂ ਲੁਹਾਣ ਕਰਤਾ ਸਹੁਰੀ ਨੇ...!!!!" ਗੇਜਾ ਸੁੱਤਾ ਪਿਆ ਰੌਲ਼ਾ ਪਾਉਣ ਲੱਗ ਪਿਆ।
ਗੇਜੇ ਦੇ ਘਰਵਾਲ਼ੀ ਫ਼ੱਤੋ ਨੇ ਗੇਜੇ ਨੂੰ ਦੱਬ ਕੇ ਹਲੂਣਿਆਂ।
ਗੇਜੇ ਦੀ ਅੱਖ ਖੁੱਲ੍ਹੀ। ਉਹ ਘਬਰਾਇਆ ਅਤੇ ਭਮੱਤਰਿਆ ਜਿਹਾ ਹਨ੍ਹੇਰੇ ਵਿਚ ਝਾਕਿਆ। ਉਸ ਦਾ ਸਰੀਰ ਪਸੀਨੇ ਨਾਲ਼ ਗੜੁੱਚ ਸੀ।
-''ਵੇ ਕੀ ਹੋ ਗਿਆ ਤੈਨੂੰ...??" ਫੱਤੋ ਕੋਲ਼ ਖੜ੍ਹੀ ਕੰਬੀ ਜਾ ਰਹੀ ਸੀ। ਡਰਾਉਣੀਆਂ ਜਿਹੀਆਂ ਚੰਘਿਆੜ੍ਹਾਂ ਸੁਣ ਕੇ ਉਸ ਦਾ ਕਾਲ਼ਜਾ ਨਿਕਲ਼ ਗਿਆ ਸੀ।
-''ਕੁਛ ਨੀ, ਪੈ ਜਾ...!!" ਉਸ ਨੇ ਇੱਕ ਤਰ੍ਹਾਂ ਫੱਤੋ ਨੂੰ ਤੋੜ ਕੇ ਸੁੱਟਿਆ।
-''ਕਾਹਦੀ ਜੁਆਕੜੀ ਜੀ ਮਾਰੀ ਐ...? ਇਹ ਤਾਂ ਸਹੁਰੀ ਹਿੱਕ 'ਤੇ ਚੜ੍ਹ ਕੇ ਡਰਾਉਣ ਲੱਗਪੀ...!!" ਗੇਜੇ ਦਾ ਮਨ ਬੋਲਿਆ। ਉਹ ਵੱਡਾ ਸਾਰਾ ''ਵਾਹਿਗੁਰੂ" ਆਖ ਕੇ ਫ਼ਿਰ ਪੈ ਗਿਆ।
ਸਵੇਰੇ-ਸਵੇਰੇ ਮੂੰਹ ਹਨ੍ਹੇਰੇ ਗੁਰਦੁਆਰੇ ਦਾ ਪਾਠੀ ਬੋਲਿਆ, ਤਾਂ ਹਰ ਕੌਰ ਸੰਤ ਜੀ ਵਾਲ਼ਾ ਦਹੀਂ ਲੈ ਕੇ ਨੂੰਹ ਅਨੂਪ ਕੌਰ ਦੇ ਦੁਆਲ਼ੇ ਹੋ ਗਈ। ਪਰ ਅਨੂਪ ਕੌਰ ਕਰਮ-ਕਾਂਡ ਵਾਲ਼ਾ ਦਹੀਂ ਖਾਣਾ ਨਹੀਂ ਸੀ ਚਾਹੁੰਦੀ। ਉਹ ਸੱਸ ਨੂੰ ਟਰਕਾਉਣਾ ਚਾਹੁੰਦੀ ਸੀ।
-''ਬੀਜੀ, ਚਮਚਾ ਵੀ ਦੇ ਦਿੰਦੇ..?"
-''.............।" ਹਰ ਕੌਰ ਚਮਚਾ ਲੈਣ ਗਈ ਤਾਂ ਅਨੂਪ ਕੌਰ ਅੱਖ ਬਚਾ ਕੇ ''ਧੰਨ ਗੁਰੂ ਨਾਨਕ ਪਾਤਿਸ਼ਾਹ" ਆਖ ਦਹੀਂ ਇੱਕ ਪਾਸੇ ਡੋਲ੍ਹ ਦਿੱਤਾ। ਜਦ ਹਰ ਕੌਰ ਚਮਚਾ ਲੈ ਕੇ ਆਈ ਤਾਂ ਅਨੂਪ ਕੌਰ ਨੇ ਮੂੰਹ ਹਨ੍ਹੇਰੇ ਚਮਚੇ ਨਾਲ਼ ਦਹੀਂ ਖਾਣ ਦਾ ਵਿਖਾਵਾ ਜਿਹਾ ਕੀਤਾ ਅਤੇ ਮੁੜ ਕਟੋਰੀ ਧੋਣ ਨਲ਼ਕੇ 'ਤੇ ਚਲੀ ਗਈ।
ਗੁਰਦੁਆਰੇ ਦੇ ਸਪੀਕਰ ਵਿੱਚੋਂ ਸ਼ਬਦ ਚੱਲ ਰਿਹਾ ਸੀ:
-''ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ ਆਇਆ॥
ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ ਜੀਉ ਹਰਣਾਖਸੁ ਮਾਰਿ ਪਚਾਇਆ॥"
ਵੈਰਾਗ ਵਿਚ ਅਨੂਪ ਕੌਰ ਦੀਆਂ ਅੱਖਾਂ ਭਰ ਆਈਆਂ।