ਕਾਂਡ 9 : ਖੇਤ ਟਿਊਬਵੈੱਲ ਚੱਲ ਰਿਹਾ ਸੀ। - ਸ਼ਿਵਚਰਨ ਜੱਗੀ ਕੁੱਸਾ

ਖੇਤ ਟਿਊਬਵੈੱਲ ਚੱਲ ਰਿਹਾ ਸੀ।
ਚਲ੍ਹੇ ਵਿੱਚ ਚਾਂਦੀ ਰੰਗੇ ਪਾਣੀ ਦੀ ਧਾਰ ਡਿੱਗ ਰਹੀ ਸੀ। ਚਾਰੇ ਪਾਸੇ ਹਰਿਆਲੀ ਹੀ ਹਰਿਆਲੀ ਨਜ਼ਰ ਆਉਂਦੀ ਸੀ। ਜੋਗਾ ਸਿੰਘ ਚਲ੍ਹੇ ਕੋਲ਼ ਘੁੱਗੂ ਜਿਹਾ ਹੋਇਆ ਬੈਠਾ ਸੀ। ਗੇਜਾ ਅਜੇ ਨੱਕਾ ਮੋੜ ਕੇ ਵਾਪਸ ਆਇਆ ਹੀ ਸੀ। ਅਚਾਨਕ ਬਾਗੋ-ਬਾਗ ਹੋਈ ਹਰ ਕੌਰ ਆ ਗਈ। ਕਿਸੇ ਖ਼ੁਸ਼ੀ ਵਿਚ ਉਹ ਉਡੀ ਫ਼ਿਰਦੀ ਸੀ।  
-''ਕੀ ਗੱਲ ਤਾਈ? ਬਾਹਲ਼ੇ ਈ ਕੁੱਤੇ ਜੇ ਫ਼ੇਲ੍ਹ ਕਰੀ ਫ਼ਿਰਦੀ ਐਂ..?" ਮੋਢਿਓਂ ਕਹੀ ਲਾਹ ਕੇ ਰੱਖਦਾ ਹੋਇਆ ਗੇਜਾ ਟਿੱਚਰ ਜਿਹੀ ਨਾਲ਼ ਬੋਲਿਆ।
-''ਵੇ ਮੈਨੂੰ ਤਾਂ ਅੱਜ ਬਾਹਲ਼ੀ ਈ ਖ਼ੁਸ਼ੀ ਐ, ਪੁੱਤ...! ਮੇਰਾ ਤਾਂ ਅੱਜ ਧਰਤੀ 'ਤੇ ਪੈਰ ਨੀ ਲੱਗਦਾ..!! ਚਿੱਤ ਕਰਦੈ ਰਾਗਟ ਬਣ ਕੇ ਅਸਮਾਨ ਨੂੰ ਉਡ'ਜਾਂ...!"
-''ਸਾਨੂੰ ਵੀ ਦੱਸ ਤਾਈ..! ਅਸੀਂ ਵੀ ਜਾੜ੍ਹ ਤੱਤੀ ਕਰਨ ਆਲ਼ੇ ਬਣੀਏਂ..!"
-''ਹੋਰ ਤੂੰ ਕੀ ਕਰਨੈਂ...? ਮੂਤ ਪੀਣ ਤੋਂ ਬਿਨਾ ਥੋਨੂੰ ਕੋਈ ਕੰਮ ਈ ਨੀ ਆਉਂਦਾ...??"
-''ਸਾਡੀ ਗੱਲ ਘੱਟੇ ਈ ਪਾਅ'ਤੀ ਤਾਈ...! ਖ਼ੁਸ਼ੀ ਵੀ ਸਾਂਝੀ ਕਰ...!"
-''ਵੇ ਆਪਣੇ ਘਰ 'ਤੇ ਜੋਤਾਂ ਵਾਲ਼ੇ ਸੰਤਾਂ ਦੀ ਕਿਰਪਾ ਦ੍ਰਿਸ਼ਟੀ ਹੋਗੀ..! ਆਪਣੀ ਅਨੂਪ ਕੁਰ ਦਾ ਪੈਰ ਭਾਰੈ..!"
ਗੇਜੇ ਨੇ ''ਜੈ ਜੋਤਾਂ ਵਾਲ਼ੇ ਸੰਤ ਅਨੂਪ ਅਲੱਖ ਜੀ ਦੀ" ਆਖ ਡੇਕ ਦੇ ਮੁੱਢੋਂ ਬੋਤਲ ਕੱਢ ਲਈ।
-''ਦੇਖ ਔਤਾਂ ਦੇ ਜਾਣੇ ਨੂੰ ਕਿਵੇਂ ਹਲ਼ਕ ਉਠ ਖੜ੍ਹਿਆ...!"
-''ਤਾਈ ਕਦੇ ਘੁੱਟ ਲਾ ਕੇ ਦੇਖ..! ਦੇਖ ਕਿਵੇਂ ਸੁਰਗਾਂ ਦੇ ਝੂਟੇ ਆਉਂਦੇ ਐ, ਨਾਲ਼ੇ ਸਾਰਾ ਪਿੰਡ ਮਿੱਤਰਾਂ ਦਾ ਲੱਗੂ...!"
-''ਵੇ ਤੂੰ ਮੈਥੋਂ ਕਿਤੇ ਲਿਵਤਰੇ ਨਾ ਖਾ ਲਈਂ...! ਅਖੇ ਅੰਨ੍ਹਾਂ ਜੁਲਾਹਾ ਮਾਂ ਨੂੰ ਮਛਕਰੀਆਂ..!"
ਅਖੀਰ ਸਾਰੇ ਪ੍ਰੀਵਾਰ ਦੀਆਂ ਆਸਾਂ ਨੂੰ ਬੂਰ ਪਿਆ! ਅਨੂਪ ਕੌਰ ਨੇ ਇੱਕ ਸੋਹਣੇ-ਸੁਣੱਖੇ ਅਤੇ ਤੰਦਰੁਸਤ ਪੁੱਤਰ ਨੂੰ ਜਨਮ ਦਿੱਤਾ। ਘਰ 'ਤੇ ਖ਼ੁਸ਼ੀਆਂ ਖੇੜਿਆਂ ਦੀ ਭਰਮਾਰ ਹੋ ਗਈ! ਸਾਰਾ ਪ੍ਰੀਵਾਰ ਖੇੜੇ ਵਿਚ ਆ ਗਿਆ!
ਗੇਜਾ ਅਤੇ ਜੋਗਾ ਸਿੰਘ ਇੱਕ-ਦੂਜੇ ਨੂੰ ਵਧਾਈਆਂ ਦਿੰਦੇ, ਆਪਸ ਵਿਚ ਜੱਫ਼ੀਆਂ ਪਾ-ਪਾ ਮਿਲ਼ ਰਹੇ ਸਨ।
-''ਬਾਈ ਅੱਜ ਰੂੜੀ-ਮਾਰਕਾ ਨੀ, ਅੱਜ 'ਇੰਗਲਿਸ' ਪੀਣੀਂ ਐਂ! ਇੰਗਲਿਸ..!!" ਗੇਜਾ ਬੋਲਿਆ।
-''ਗੇਜਿਆ...! ਤੂੰ ਮੇਰੀ ਹਿੱਕ ਦਾ ਵਾਲ਼...! ਜਾਨ ਮੰਗ, ਜਾਨ ਹਾਜ਼ਰ ਕਰੂੰਗਾ..!"
ਅੰਦਰ ਅਨੂਪ ਕੌਰ ਮੰਜੇ 'ਤੇ ਪਈ ਧੰਨ ਸ਼੍ਰੀ ਗੁਰੂ ਨਾਨਕ ਪਾਤਿਸ਼ਾਹ ਦਾ ਸ਼ੁਕਰਾਨਾ ਕਰ ਰਹੀ ਸੀ।
ਦੂਜੇ ਕਮਰੇ ਵਿਚ ਹਰ ਕੌਰ ਪੋਤੇ ਨੂੰ ਬੁੱਕਲ਼ 'ਚ ਲਈ ਬੈਠੀ ਸੀ। ਮੁੰਡੇ ਦਾ ਨਾਂ ਯਾਦਵਿੰਦਰ ਸਿੰਘ ਰੱਖਿਆ, ਪਰ ਜੋਗਾ ਸਿੰਘ ਉਸ ਨੂੰ ''ਗੋਗੀ" ਹੀ ਆਖ ਕੇ ਬੁਲਾਉਂਦਾ।
0 0 0 0 0

ਦਿਨਾਂ ਜਾਂਦਿਆਂ ਨੂੰ ਕੀ ਲੱਗਦੈ...? ਦਿਨ, ਹਫ਼ਤੇ, ਮਹੀਨੇ ਅਤੇ ਫ਼ਿਰ ਸਾਲ ਬੀਤਦੇ ਗਏ ਅਤੇ ਗੋਗੀ ਉਡਾਰ ਹੁੰਦਾ ਗਿਆ। ਹੁਣ ਤਾਂ ਜਦ ਜੋਗਾ ਅਤੇ ਗੇਜਾ ਰਾਤ ਨੂੰ ਦਾਰੂ ਪੀਂਦੇ ਹੁੰਦੇ ਤਾਂ ਗੋਗੀ ਦੰਦੀਆਂ ਜਿਹੀਆਂ ਕੱਢਦਾ ਉਹਨਾਂ ਦੇ ਕੋਲ਼ ਆ ਖੜ੍ਹਦਾ। ਜੋਗਾ ਸਿੰਘ ਦਾਰੂ ਦਾ ਡੱਟ ਭਰ ਕੇ ਉਸ ਦੇ ਮੂੰਹ ਨੂੰ ਲਾ ਦਿੰਦਾ। ਗੋਗੀ ਦਾਰੂ ਦਾ ਡੱਟ ਪੀ ਕੇ ਘਸਮੈਲ਼ਾ ਜਿਹਾ ਮੂੰਹ ਕਰਦਾ ਅਤੇ ਧੁੜਧੜ੍ਹੀ ਜਿਹੀ ਲੈਂਦਾ।
-''ਆਪਣੀ ਤਾਂ ਸਾਰੀ ਉਮਰ ਕੁੱਤੇ ਕੰਮਾਂ 'ਚ ਲੰਘ'ਗੀ, ਪਰ ਇਹਨੂੰ ਪੁੱਠੀ ਬਹਿਵਤ ਨਾ ਪਾ, ਬਾਈ...! ਇਹ ਆਪਾਂ ਨੂੰ ਈ ਤੰਗ ਕਰੂ..!" ਗੇਜੇ ਨੇ ਸਿਆਣਪ ਭਰੀ ਗੱਲ ਜੋਗੇ ਨੂੰ ਆਖੀ।
-''ਓਏ ਕੁਛ ਨੀ ਹੁੰਦਾ ਗੇਜਿਆ...! ਕੋਈ ਲੱਤ ਨੀ ਟੁੱਟਦੀ...! ਜੇ ਜੱਟ ਦਾ ਪੁੱਤ ਦਾਰੂ ਨਾ ਪੀਊ, ਹੋਰ ਮੰਦਰ ਦਾ ਪੁਜਾਰੀ ਬਣੂੰ...?? ਲੈ ਗੋਗੀ, ਇੱਕ ਹੋਰ ਸਿੱਟ ਅੰਦਰ ਪੁੱਤ, ਠਾਰੀ ਐ...!" ਉਹ ਅੱਖਾਂ ਮੀਚ ਕੇ ਇੱਕ ਡੱਟ ਹੋਰ ਚਾੜ੍ਹ ਜਾਂਦਾ।
-''ਤੇ ਹੁਣ ਮਾਰ ਇੱਕ ਲਲਕਰਾ..!" ਜੋਗੇ ਦੇ ਕਹਿਣ 'ਤੇ ਗੋਗੀ ''ਬੁਰਰਰਰਰਰਾਅ" ਆਖ ਲਲਕਾਰਾ ਮਾਰਦਾ।
ਲਲਕਾਰਾ ਸੁਣ ਕੇ ਹਰ ਕੌਰ ਅੰਦਰ ਆਈ।
-''ਅੱਜ ਇਹ ਲਾਲਿਆਂ ਦੇ ਮੁੰਡੇ ਨੂੰ ਕੁੱਟ ਆਇਆ..!" ਹਰ ਕੌਰ ਨੇ ਦੱਸਿਆ।
-''ਓਹ ਬੱਲੇ...! ਘੜ੍ਹ'ਤਾ ਲਾਅਲਾ...?" ਜੋਗਾ ਸਿੰਘ ਖੁਸ਼ ਹੁੰਦਾ ਬੋਲਿਆ।
-''ਘੜ੍ਹ'ਤਾ..!"
-''ਇਹਨੂੰ ਚਮਲ੍ਹਾ ਨਾ...! ਕੰਨ ਖਿੱਚ ਇਹਦੇ, ਇਹ ਤਾਂ ਬਾਹਲ਼ੀ ਔਲੋ ਕਰਨ ਲੱਗ ਪਿਆ..!"
-''ਓਏ ਕੁਛ ਨੀ ਹੁੰਦਾ ਬੇਬੇ...! ਕੁੱਟ ਖਾ ਕੇ ਆਉਣਾ ਮਿਹਣਾ ਹੁੰਦੈ ਜੱਟ ਨੂੰ...! ਪਾ ਦਿਆ ਕਰ ਪੁੜਪੁੜੀ 'ਚ ਚਿੱਬ ਪੁੱਤ..! ਡਰਨਾ ਨੀ ਕਿਸੇ ਲੰਡੇ ਲਾਟ ਤੋਂ...!"
-''ਨਾ ਇਹਨੂੰ ਸਿਰ ਚੜ੍ਹਾਈ ਜਾਹ...! ਦੁਖੀ ਕਰੂ ਤੈਨੂੰ..!!"
-''ਕੋਈ ਨੀ ਗੋਲ਼ੀ ਵੱਜਦੀ, ਬੇਬੇ..! ਬਾਹਲ਼ੀ ਮਗਜਮਾਰੀ ਨਾ ਕਰਿਆ ਕਰ..!"
ਅਗਲੇ ਦਿਨ ਜੋਗਾ ਸਿੰਘ ਖੇਤ ਨੂੰ ਤੁਰਿਆ ਜਾ ਰਿਹਾ ਸੀ।
ਸੱਥ ਵਿਚ ਅੱਧਾ ਪਿੰਡ ਇਕੱਠਾ ਹੋਇਆ ਬੈਠਾ ਸੀ।
-''ਆਹ ਹਰੀ ਕ੍ਰਾਂਤੀ ਨੇ ਤਾਂ ਦੁਨੀਆਂ ਦੇ ਦਿਨ ਈ ਫ਼ੇਰਤੇ..! ਕਿੱਧਰੇ ਨਵੇਂ ਟਰੈਗਟ, ਕਿੱਧਰੇ ਮੋਟਰ ਛੈਂਕਲ, ਕਿਧਰੇ ਜਿਪਸੀਆਂ, ਮੈਖਿਆ ਦੁਨੀਆਂ ਨੂੰ ਸੁਰਤ ਆਗੀ, ਸਾਨੂੰ ਛੈਂਕਲ ਨੀ ਸੀ ਜੁੜਿਆ...!" ਬਾਬਾ ਬੋਹੜ ਸਿੰਘ ਨੇ ਕਿਹਾ।
-''ਦਿਨਾਂ ਫ਼ਿਰਿਆਂ ਦਾ ਤਾਂ ਵੀਹਾਂ-ਪੱਚੀਆਂ ਸਾਲਾਂ ਬਾਅਦ ਜਾ ਕੇ ਪਤਾ ਲੱਗੂ, ਬਾਬਾ..!" ਹਜੂਰ ਸਿੰਘ ਫ਼ੌਜੀ ਨੇ ਕਿਹਾ।
-''ਓਹ ਕਿਵੇਂ...?"
-''ਯੂਰੀਆ ਪਾ-ਪਾ ਦੁਨੀਆਂ ਨੇ ਵਾਹੁੰਣ-ਬੀਜਣ ਆਲ਼ੀ ਪੈਲ਼ੀ ਜ਼ਹਿਰ ਬਣਾ ਲੈਣੀ ਐਂ..! ਤੇ ਜਦੋਂ ਧਰਤੀ ਜ਼ਹਿਰੀਲੀ ਹੋਗੀ, ਪਾਣੀ ਵੀ ਜ਼ਹਿਰੀਲਾ ਹੋਊ, ਤੇ ਜਦ ਲੋਕ ਉਹ ਪਾਣੀ ਫ਼ਸਲਾਂ ਨੂੰ ਲਾਉਣਗੇ, ਜਾਂ ਆਪ ਪੀਣਗੇ, ਤਾਂ ਕੈਂਸਰ ਤੇ ਪੀਲ਼ੀਏ ਵਰਗੀਆਂ ਘਾਤਕ ਬਿਮਾਰੀਆਂ ਲੱਗਣਗੀਆਂ..!"
-''ਇੱਕ ਵਾਰੀ ਤਾਂ ਦੁਨੀਆਂ ਦੀ ਪੈਸੇ ਆਲ਼ੀ ਭੁੱਖ ਨਿਕਲ਼ਗੀ...! ਕੋਠੀਆਂ ਖੜ੍ਹੀਆਂ ਹੋਗੀਆਂ..!"
-''ਭੱਠ ਪਿਆ ਸੋਨਾਂ, ਜਿਹੜਾ ਕੰਨਾਂ ਨੂੰ ਖਾਵੇ...! ਜਿਹੜੇ ਅੱਜ ਹਰੀ ਕ੍ਰਾਂਤੀ ਦੇ ਗੁਣ ਗਾਉਂਦੇ ਐ, ਕੱਲ੍ਹ ਨੂੰ ਓਹੀ ਕਰਜ਼ੇ ਦੇ ਮਾਰੇ ਖ਼ੁਦਕਸ਼ੀਆਂ ਕਰਨਗੇ..! ਮੇਰੀ ਅੱਜ ਦੀ ਗੱਲ ਲਿਖ ਲਿਓ, ਦੁਨੀਆਂ ਚਾਦਰ ਦੇਖ ਕੇ ਪੈਰ ਨੀ ਪਸਾਰਦੀ..!" ਗਿਆਨੀ ਨੇ ਹਜੂਰ ਸਿੰਘ ਦੇ ਹੱਕ 'ਚ ਵੋਟ ਭੁਗਤਾਈ।
-''................।" ਸੁਣ ਕੇ ਬਾਬਾ ਬੋਹੜ ਸਿੰਘ ਚੁੱਪ ਵੱਟ ਗਿਆ। ਉਸ ਨੂੰ ਲੱਗਿਆ ਕਿ ਫ਼ੌਜੀ ਅਤੇ ਗਿਆਨੀ ਝੂਠ ਬੋਲ ਰਹੇ ਸਨ।
ਦਿਨ ਹੋਰ ਫ਼ਿਰਦੇ ਗਏ।
ਮੌਸਮ ਬਦਲਦੇ ਰਹੇ।
ਸੀਰੀ ਗੇਜਾ ਅਤੇ ਜੋਗਾ ਸਿੰਘ ਦੀਆਂ ਦਾਹੜ੍ਹੀਆਂ ਵਿੱਚੋਂ ਹੁਣ ਬੱਗੀ ਭਾਅ ਮਾਰਨ ਲੱਗ ਪਈ ਸੀ ਅਤੇ ਗੋਗੀ ਕਾਲਜ ਜਾਣ ਲੱਗ ਪਿਆ ਸੀ।
ਗੇਜਾ ਖੇਤ ਝੋਨੇ ਵਿਚੋਂ ਕੱਖ ਕੱਢ ਰਿਹਾ ਸੀ।
ਦੂਰ-ਦੂਰ ਤੱਕ ਹਰੇਵਾਈ ਪੱਲਰੀ ਪਈ ਸੀ।
 -''ਲੈ ਦਿੱਤਾ ਸ਼ੇਰ ਬੱਗੇ ਨੂੰ ਮੋਟਰ ਛੈਂਕਲ...?" ਹੱਥ ਵਿਚ ਫ਼ੜੇ ਕੱਖ ਪਰ੍ਹੇ ਚਲਾ ਕੇ ਮਾਰਦਾ ਹੋਇਆ ਬੋਲਿਆ।
-''ਲੈ'ਤਾ...! ਕਹਿੰਦਾ ਕਾਲਜ ਜਾਂਦੇ ਦੀ ਟੌਹਰ ਨੀ ਬਣਦੀ...!"
-''ਕਹਿ ਤੇਰੀ ਟੌਹਰ 'ਚ ਕਸਰ ਨਾ ਰਹਿ'ਜੇ, ਅਸੀਂ ਤਾਂ ਜਿਹੜੇ ਠੂਠੇ ਖਾਣੈਂ, ਓਸੇ ਈ ਖਾਣੈਂ...!"
-''ਆਪਣੇ ਖਾਨਦਾਨ 'ਚੋਂ ਕਿਸੇ ਨੇ ਕਾਲਜ ਦਾ ਮੂੰਹ ਨੀ ਸੀ ਦੇਖਿਆ, ਸ਼ੁਕਰ ਐ ਪੁੱਤ ਨੇ ਲੀਹ ਤੋੜੀ ਐ, ਅਸੀਂ ਤਾਂ ਬਲ਼ਦਾਂ ਦੀਆਂ ਪੂਛਾਂ ਮਰੋੜਨ ਜੋਕਰੇ ਈ ਰਹੇ ਸਾਰੀ ਉਮਰ...!" ਜੋਗਾ ਸਿੰਘ ਨੇ ਧਰਤੀ ਨੂੰ ਨਮਸ਼ਕਾਰ ਕੀਤੀ।
-''ਸਹੀ ਕਿਹਾ ਬਾਈ...! ਅਸੀਂ ਤਾਂ ਘੀਸੀ ਕਰਨ ਆਲ਼ੇ ਈ ਰਹਿ ਜਾਣੈਂ..!"
-''ਆਪਾਂ ਵੀ ਦੋਨਾਲ਼ੀ ਬੰਦੂਖ ਲਿਆਂਦੀ...!" ਜੋਗਾ ਸਿੰਘ ਨੇ ਇੱਕ ਨਵੀਂ ਖ਼ਬਰ ਸੁਣਾਈ।
-''ਕੀ ਥੁੜਿਆ ਪਿਆ ਸੀ...?" ਗੇਜਾ ਕੱਖ ਪਰ੍ਹਾਂ ਸੁੱਟ ਕੇ ਬੜੀ ਗੰਭੀਰਤਾ ਨਾਲ਼ ਜੋਗਾ ਸਿੰਘ ਵੱਲ ਝਾਕਿਆ।
-''ਮੈਂ ਸੋਚਿਆ ਜਿੱਥੇ ਕੱਟਿਆਂ ਦੇ, ਓਥੇ ਵੱਛਿਆਂ ਦੇ..! ਜਿੱਥੇ ਮੋਟਰ ਛੈਂਕਲ 'ਤੇ ਲੱਗ ਗੇ, ਓਥੇ ਹੋਰ ਸਹੀ, ਰੀਝ ਤਾਂ ਪੂਰੀ ਕਰ ਲਈਏ..!"
-''ਹਥਿਆਰ ਮਾੜਾ ਈ ਹੁੰਦੈ ਬਾਈ...! ਜੱਟ ਤਾਂ ਸੁਹਾਗੇ 'ਤੇ ਨੀ ਮਾਣ ਹੁੰਦਾ...!"
-''ਯਾਰ ਕਦੋਂ ਦਾ ਲਸੰਸ ਬਣਾ ਕੇ ਰੱਖਿਆ ਵਾ ਸੀ, ਸੋਚਿਆ ਹੁਣ ਇਹ ਘੁੱਸਾ ਵੀ ਕੱਢ ਈ ਦੇਈਏ...!"
-''......................।" ਗੇਜਾ ਚੁੱਪ ਵੱਟ ਗਿਆ।
ਅਗਲੇ ਦਿਨ ਗੋਗੀ ਮੋਟਰ ਸਾਈਕਲ 'ਤੇ ਚੜ੍ਹ ਕਾਲਜ ਜਾ ਰਿਹਾ ਸੀ। ਅਚਾਨਕ ਪਾਰਕ ਵਾਲ਼ੇ ਪਾਸਿਓਂ ਡਾਲੀ ਨਿਕਲ਼ ਆਈ ਤਾਂ ਗੋਗੀ ਨੇ ਮੋਟਰ ਸਾਈਕਲ ਉਸ ਦੇ ਅੱਗੇ ਲਾ ਕੇ ਖੜ੍ਹਾ ਕਰ ਦਿੱਤਾ। ਕੁੜੀ ਦਾ ਦਿਲ ਹਿੱਕ ਵਿੱਚ ਹਥੌੜ੍ਹੇ ਵਾਂਗ ਵੱਜ ਰਿਹਾ ਸੀ। ਉਹ ਮੋਟਰ ਸਾਈਕਲ ਖੜ੍ਹਾ ਕਰ, ਢਾਕਾਂ 'ਤੇ ਹੱਥ ਰੱਖ ਕੁੜੀ ਦੇ ਅੱਗੇ ਜਾ ਖੜ੍ਹਿਆ। ਸੁੰਨਸਾਨ ਜਗਾਹ 'ਤੇ ਇੱਕ ਤਰ੍ਹਾਂ ਨਾਲ਼ ਹਾੜ ਬੋਲ ਰਿਹਾ ਸੀ।
-''ਇਹ ਕੀ ਬਦਤਮੀਜ਼ੀ ਐ, ਗੋਗੀ...!" ਡਾਲੀ ਬੋਲੀ।
-''ਜੋਗੀ ਤੇਰੇ ਦਰ 'ਤੇ ਖ਼ੈਰ ਮੰਗਣ ਆਇਐ, ਖਾਲੀ ਨਾ ਮੋੜੀਂ, ਡਾਲੀ..!" ਗੋਗੀ ਜਿਵੇਂ ਝੋਲ਼ੀ ਅੱਡੀ ਖੜ੍ਹਾ ਸੀ।
-''ਤੈਨੂੰ ਕਾਲਜ ਵਿੱਚ ਵੀ ਕਿੰਨੀ ਵਾਰੀ ਕਿਹੈ ਬਈ ਮੇਰਾ ਰਾਹ ਨਾ ਰੋਕਿਆ ਕਰ..! ਤੂੰ ਹਟਦਾ ਨੀ ਬਦਮਾਸ਼ੀਆਂ ਕਰਨੋਂ..?"
-''ਜਦ ਕੁਰਬਾਨੀ ਦੇ ਰਾਹ 'ਤੇ ਆਈਏ, ਤਾਂ ਪੱਟ ਦਾ ਮਾਸ ਵੀ ਖੁਆ ਦੇਈਦੈ, ਤੇ ਜੇ ਅੜੀ 'ਤੇ ਆ ਜਾਈਏ, ਭਰਾੜ੍ਹ ਵੀ ਕਰ ਦਿੰਨੇ ਐਂ, ਨਖਰੋ..!" ਗੋਗੀ ਨੇ ਤਿਰਛਾ ਝਾਕ ਕੇ ਕੁੜੀ ਦੀ ਬਾਂਹ ਫ਼ੜ ਲਈ।
-''ਤੇਰੇ ਵਰਗਾ ਬੇਸ਼ਰਮ ਮੈਂ ਅੱਜ ਤੱਕ ਨੀ ਦੇਖਿਆ..!"
-''....ਤੇ ਅੱਜ ਤੋਂ ਬਾਅਦ ਦੇਖੇਂਗੀ ਵੀ ਨੀ..!" ਸੁਣ ਕੇ ਕੁੜੀ ਦੇ ਸਾਹ ਸੂਤੇ ਗਏ, ''ਜੇ ਉਂਗਲ਼ੀ ਨਾਲ਼ ਘਿਉ ਨਾ ਨਿਕਲ਼ੇ, ਤਾਂ ਕਈ ਵਾਰ ਕੜਛੀ ਨਾਲ਼ ਕੱਢਣਾ ਪੈਂਦੈ, ਜਿੰਨਾਂ ਚਿਰ ਤੇਰੀ ਅੜ ਨੀ ਭੰਨਦਾ, ਤੇਰੇ ਵੀ ਵਲ਼ ਨੀ ਨਿਕਲ਼ਣੇ...!" ਉਸ ਨੇ ਕੁੜੀ ਦੀ ਚੁੰਨੀ ਲਾਹ ਕੇ ਕੁੜੀ ਦੇ ਗਲ਼ ਵਿੱਚ ਪਾ ਲਈ ਅਤੇ ਜਬਰੀ ਆਪਣੇ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ।
ਗੋਗੀ ਦੀ ਬਦਨੀਤ ਦੇਖ ਕੇ ਕੁੜੀ ਬੇਵੱਸਾਂ ਵਾਂਗ ਪਾਰਕ ਵੱਲ ਦੌੜ ਪਈ।
ਗੋਗੀ ਕੁੜੀ ਦੇ ਪਿੱਛੇ ਵੱਟ 'ਤੇ ਦੌੜਿਆ ਅਤੇ ਝਿੜ੍ਹੀ ਵਰਗੀ ਪਾਰਕ ਦੇ ਵੱਡੇ ਦਰੱਖ਼ਤ ਹੇਠ ਬੱਕਰੇ ਵਾਂਗ ਢਾਹ ਲਿਆ। ਮਿਰਗਣੀ ਭੇੜ੍ਹੀਏ ਦੇ ਜਾਬੜ੍ਹੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਵਿੱਚ ਤਾਣ ਲਾ ਰਹੀ ਸੀ। ਪਰ ਨਿਰਬਲ ਸੀ।
-''ਛੱਡ ਦੇ ਕੁੱਤਿਆ, ਹਰਾਮਜ਼ਾਦਿਆ...!"
-''ਅਸੀਂ ਸੱਪ ਦੇ ਸਿਰ 'ਚੋਂ ਮਣੀਂ ਕੱਢ ਲਈਏ, ਤੂੰ ਕਿਹੜੇ ਬਾਗ ਦੀ ਮੂਲ਼ੀ ਐਂ...?" ਉਸ ਕੁੜੀ ਦੇ ਮੂੰਹ ਕੋਲ਼ ਮੂੰਹ ਕਰ ਕੇ ਆਖਿਆ। ਉਸ ਦੇ ਮੱਥੇ ਤੋਂ ਪਸੀਨਾਂ ਧਰਾਲ਼ੀਂ ਵਹਿ ਰਿਹਾ ਸੀ।
ਬੇਵੱਸ ਹੋ ਕੇ ਡਾਲੀ ਆਖਰ ਤਰਲਿਆਂ 'ਤੇ ਉਤਰ ਆਈ।
-''ਹਾੜ੍ਹੇ-ਹਾੜ੍ਹੇ ਗੋਗੀ, ਇਹ ਦੁਰਗਤੀ ਨਾ ਕਰ..! ਮੈਂ ਤੇਰੇ ਅੱਗੇ ਹੱਥ ਜੋੜਦੀ ਐਂ, ਤੇਰੇ ਪੈਰੀਂ ਪੈਨੀਂ ਆਂ..!" ਉਸ ਨੇ ਸੱਚ ਹੀ ਹੱਥ ਜੋੜੇ, ''ਹੋਰ ਤੇਰੀ ਹਰ ਗੱਲ ਮੰਨੂੰਗੀ, ਪਰ ਆਹ ਕਹਿਰ ਨਾ ਕਰ...!"
-''ਕੱਢ ਲਏ ਨ੍ਹਾਂ ਸਾਰੇ ਵਿੰਗ-ਵਲ਼...? ਹੋਗੀ ਨ੍ਹਾਂ ਸੱਪ ਵਾਂਗੂੰ ਸਿੱਧੀ...?? ਬਣਗੀ ਨ੍ਹਾਂ ਤੱਕਲ਼ਾ...??"
ਅਚਾਨਕ ਡਾਲੀ ਦੀ ਹਿਰਦੇਵੇਧਕ ਚੀਕ ਨਿਕਲ਼ੀ ਅਤੇ ਦਰੱਖ਼ਤਾਂ ਤੋਂ ਪੰਛੀਆਂ ਦੀ ਡਾਰ ''ਫ਼ੁਰਰ" ਕਰ ਕੇ ਉਡੀ।
ਕੁੜੀ ਭਰੇ ਜੱਗ ਜਹਾਨ ਵਿੱਚ ਉਜੜ ਚੁੱਕੀ ਸੀ। ਉਸ ਦੇ ਥੱਲੇ ਖ਼ੂਨ ਦਾ ਛੱਪੜ ਲੱਗ ਗਿਆ ਸੀ।
ਦੁਪਿਹਰੋਂ ਬਾਅਦ ਗੋਗੀ ਦਾ ਦੋਸਤ ਭੁਪਿੰਦਰ ਖੇਤ ਕੰਮ ਕਰਦੇ ਜੋਗਾ ਸਿੰਘ ਅਤੇ ਗੇਜੇ ਕੋਲ਼ ਪਹੁੰਚਿਆ। ਉਸ ਨੇ ਕਈ ਗੱਲਾਂ ਜੋਗਾ ਸਿੰਘ ਨੂੰ ਕੰਨ ਵਿਚ ਦੱਸੀਆਂ ਤਾਂ ਜੋਗਾ ਸਿੰਘ ਦੇ ਔਸਾਣ ਮਾਰੇ ਗਏ, ਸੁਰਤ ਬੌਂਦਲ਼ ਗਈ। ਉਹ ਖੇਤ ਵਿੱਚ ਕਹੀ ਸੁੱਟ ਪੈਰ ਤੋਂ ਹੀ ਦੌੜ ਪਿਆ।
ਜਦ ਜੋਗਾ ਸਿੰਘ ਠਾਣੇ ਪਹੁੰਚਿਆ ਤਾਂ ਦਿਨ ਢਲ਼ ਗਿਆ ਸੀ।
ਦੂਰੋਂ ਕੋਨੇ ਵਾਲ਼ੀ ਹਵਾਲਾਤ ਵਿੱਚ ਉਸ ਨੇ ਗੋਗੀ ਨੂੰ ਖੜ੍ਹੇ ਤੱਕਿਆ ਤਾਂ ਜੋਗਾ ਸਿੰਘ ਦਾ ਸੀਤ ਨਿਕਲ਼ ਗਿਆ। ਇਕਲੌਤਾ ਪੁੱਤ ਸਲਾਖਾਂ ਪਿੱਛੇ ਤਾੜਿਆ ਦੇਖ ਕੇ ਜੋਗਾ ਸਿੰਘ ਦੀ ਧਾਹ ਨਿਕਲਣ ਵਾਲ਼ੀ ਹੋ ਗਈ। ਉਹ ਸਿੱਧਾ ਠਾਣੇਦਾਰ ਅੱਗੇ ਜਾ ਪੇਸ਼ ਹੋਇਆ। ਦਾਹੜ੍ਹੀ ਰੱਸੀ ਨਾਲ਼ ਬਹੁਤੀ ਕਸੀ ਹੋਣ ਕਰ ਕੇ ਉਸ ਦੇ ਮੂੰਹ 'ਤੇ ਛਿੱਕਲ਼ੀ ਚਾੜ੍ਹੀ ਦਾ ਭੁਲੇਖਾ ਪੈਂਦਾ ਸੀ। ਜੋਗਾ ਸਿੰਘ ਦੇ ਜੋੜੇ ਹੱਥ ਕੰਬ ਰਹੇ ਸਨ।
-''ਸਰਦਾਰ ਜੀ, ਜੋ ਹੁਕਮ ਕਰੋਂਗੇ, ਹਾਜ਼ਰ ਕਰੂੰਗਾ, ਪਰ ਮੇਰੀ ਦੁਹਾਈ ਐ, ਮੁੰਡੇ ਨੂੰ ਕੁੱਟਿਓ ਮਾਰਿਓ ਨਾ..!"
-''.................।" ਠਾਣੇਦਾਰ ਸਿਰ ਤੋਂ ਲੈ ਕੇ ਪੈਰਾਂ ਤੱਕ ਉਸ ਨੂੰ ਗਹਿਰੀ ਨਜ਼ਰ ਨਾਲ਼ ਤਾੜਿਆ।
-''ਤੂੰ ਕੀਹਦਾ ਕੁਛ ਐਂ...?" ਠਾਣੇਦਾਰ ਦੀਆਂ ਅੱਖਾਂ ਵਿੱਚੋਂ ਜਿਵੇਂ ਅੰਗਿਆਰ ਝੜ੍ਹੇ ਸਨ।
-''ਮੈਂ ਜੀ ਔਸ ਲਟਕੇ ਦਾ ਬਾਪ ਐਂ...!" ਉਸ ਨੇ ਹਵਾਲਾਤ ਵਿੱਚ ਖੜ੍ਹੇ ਗੋਗੀ ਵੱਲ ਹੱਥ ਕਰ ਕੇ ਦੱਸਿਆ।
-''ਜੋ ਹਾਲਤ ਤੇਰੇ ਬੁੱਚੜ ਮੁੰਡੇ ਨੇ ਕੁੜੀ ਦੀ ਕੀਤੀ ਐ, ਓਹਦੇ ਬਾਰੇ ਕੀ ਕਹੇਂਗਾ ਚੌਰਿਆ..? ਕੁੜੀ ਤਾਂ ਕੰਜਰ ਨੇ ਮਰਨ ਆਲ਼ੀ ਕਰਤੀ, ਪਤਾ ਨੀ ਬਚੂਗੀ, ਪਤਾ ਨੀ ਨਾਲ਼ ਦਫ਼ਾ ਤਿੰਨ ਸੌ ਦੋ ਹੋਰ ਲੱਗ ਜਾਣੀ ਐਂ...!"
-''ਸਰਦਾਰ ਜੀ, ਮੁੰਡੇ ਤੋਂ ਗਲਤੀ ਹੋ ਗਈ, ਮੁਆਫ਼ੀ ਮੈਂ ਮੰਗਦੈਂ...! 'ਕੱਲਾ-'ਕੱਲਾ ਪੁੱਤ ਐ ਜੀ, ਬਖਸ਼ੋ ਸਰਕਾਰ..! ਆਹ ਲਓ ਮੈਂ ਹੱਥ ਜੋੜਦੈਂ..!"
-''ਧੀ ਆਬਦੀ ਦਿਆ ਖਸਮਾਂ, ਹੱਥ ਜੋੜਨ ਨਾਲ਼ ਨੀ, ਹੱਥ ਪੈਰ ਹਿਲਾਉਣ ਨਾਲ਼ ਕੁਛ ਬਣੂੰ...!" ਮੁਣਸ਼ੀ ਬੋਲਿਆ।
-''ਤੁਸੀਂ ਹੁਕਮ ਕਰੋ ਸਰਕਾਰ, ਮੈਂ ਚਿੜੀਆਂ ਦਾ ਦੁੱਧ ਲਿਆ ਕੇ ਦੇਣ ਨੂੰ ਤਿਆਰ ਐਂ, ਪਰ ਮੇਰੇ ਪੁੱਤ ਨੂੰ ਫ਼ੁੱਲ ਦੀ ਨਾ ਲਾਇਓ, ਸਹੁੰ ਗਊ ਦੀ ਮਸਾਂ ਦੋਜਕਾਂ ਨਾਲ਼ ਪਾਲ਼ਿਐ...!" ਜੋਗਾ ਸਿੰਘ ਦੇ ਕਹਿਣ 'ਤੇ ਮੁਣਸ਼ੀ ਰਹੱਸਮਈ ਨਜ਼ਰ ਨਾਲ਼ ਠਾਣੇਦਾਰ ਵੱਲ ਝਾਕਿਆ। ਉਹਨਾਂ ਦੀ ਅੱਖ ਨਾਲ਼ ਅੱਖ ਮਿਲ਼ੀ ਅਤੇ ਕੋਈ ''ਗੁਪਤ ਸੰਧੀ" ਹੋ ਕੇ ''ਸਿੱਧੀ ਯਾਰੀ" ਪੈ ਗਈ।
ਪੀੜਤ ਕੁੜੀ ਦੇ ਪਿੰਡ ਵਿਚ ਹਾਹਾਕਾਰ ਮੱਚ ਗਈ ਸੀ। ਵੱਖੋ-ਵੱਖ ਸਿਆਸੀ ਪਾਰਟੀਆਂ ਦੀਆਂ ਕਾਰਾਂ ਪੀੜਤ ਕੁੜੀ ਦੇ ਘਰ ਆ ਜਾ ਰਹੀਆਂ ਹਨ, ਕਦੇ ਕਿਸੇ ਪਾਰਟੀ ਦਾ ਲੀਡਰ ਮੌਕਾ ਸਾਂਭਣ ਆ ਵੜਦਾ, ਅਤੇ ਕਦੇ ਕਿਸੇ ਪਾਰਟੀ ਦਾ ਲੀਡਰ ਆਪਣੇ ਲਾਮ-ਲਸ਼ਕਰ ਸਮੇਤ ਕਾਫ਼ਲੇ ਸਮੇਤ ਆ ਖੜ੍ਹਦਾ। ਸਾਰੇ ਮਤਲਬੀ ਲੀਡਰ ਆਪਣੇ-ਆਪਣੇ ਅੰਦਾਜ਼ ਵਿਚ ਮੇਲਾ ਲੁੱਟਣ ਦੀ ''ਤਾਕ" ਵਿੱਚ ਸਨ। ਅਗਲੀਆਂ ਚੋਣਾਂ ਸਿਰ 'ਤੇ ਸਨ, ਜਿਸ ਕਰ ਕੇ ਵਗਦੀ ਗੰਗਾ ਵਿੱਚ ''ਹੱਥ ਸੁੱਚੇ" ਕੀਤੇ ਜਾ ਰਹੇ ਸਨ।
ਪੰਚਾਇਤ ਇਕੱਠੀ ਹੋਈ ਬੈਠੀ ਸੀ।
ਸਾਰਾ ਪਿੰਡ ਹਾਜ਼ਰ ਸੀ।
-''ਇਹ ਮੌਕਾ ਪ੍ਰਸਤ ਲੀਡਰ ਸਭ ਖੱਸੀ ਲੁੰਗ-ਲਾਣੈਂ...! ਜੇ ਇਹਨਾਂ ਲੀਡਰਾਂ 'ਚ ਦਮ ਹੁੰਦਾ, ਪੁਲ਼ਸ ਦੋਸ਼ੀ ਨੂੰ ਪੈਸੇ ਲੈ ਕੇ ਨੀ ਸੀ ਛੱਡਦੀ...!" ਪੰਚਾਇਤ ਮੈਂਬਰ ਅਤੀ-ਅੰਤ ਤਪਿਆ ਹੋਇਆ ਬੋਲਿਆ।
-''ਜੇ ਦੋਸ਼ੀ ਪੁਲ਼ਸ ਨੇ ਪੈਸੇ ਲੈ ਕੇ ਛੱਡ'ਤਾ, ਅਸੀਂ ਤਾਂ ਨੀ ਬਖ਼ਸ਼ਣਾਂ..! ਅਸੀਂ ਤਾਂ ਅਗਲੇ ਦਾ ਸਿਵਾ ਮਚਾ ਕੇ ਦਮ ਲਵਾਂਗੇ..!!" ਪਿੰਡ ਦਾ ਇੱਕ ਤੱਤਾ ਨੌਜਵਾਨ ਭੱਠ ਦੇ ਛੋਲੇ ਵਾਂਗ ਬੁੜ੍ਹਕਿਆ।
-''ਜੇ ਕੁੜੀ ਦਾ ਪਿਉ ਗ਼ਰੀਬ ਐ, ਓਹਨੇ ਬਾਕੀ ਸਾਰਾ ਪਿੰਡ ਵੀ ਮਰਿਆ ਈ ਸਮਝ ਲਿਆ...?" ਇੱਕ ਹੋਰ ਚੋਬਰ ਤੋਂ ਵੀ ਰਿਹਾ ਨਾ ਗਿਆ।
-''ਭੇਜ ਸਰਪੈਂਚਾ ਸੁਨੇਹਾਂ...! ਜਾਂ ਤਾਂ ਕੁੜੀ ਨਾਲ਼ ਵਿਆਹ ਕਰੇ, ਨਹੀਂ ਦੁਸ਼ਟ ਨੂੰ ਗੱਡੀ ਅਸੀਂ ਆਪ ਚਾੜ੍ਹਾਂਗੇ...!"
-''ਸ਼ਾਂਤੀ ਰੱਖੋ...! ਸੁਨੇਹਾਂ ਅੱਜ ਈ ਪਹੁੰਚ ਜਾਊ...!!" ਸਰਪੰਚ ਨੇ ਮੱਚਦੀ ਅੱਗ 'ਤੇ ਪਾਣੀ ਦਾ ਛਿੱਟਾ ਮਾਰਿਆ।
-''ਉਰ੍ਹੇ ਆ ਜੰਗੀਰ...!" ਸਰਪੰਚ ਨੇ ਚੌਂਕੀਦਾਰ ਨੂੰ ਕੁਝ ਸਮਝਾਇਆ
ਸਰਪੰਚ ਦਾ ਸੁਨੇਹਾਂ ਲੈ ਕੇ ਚੌਂਕੀਦਾਰ ਸਾਈਕਲ 'ਤੇ ਚੜ੍ਹ ਗਿਆ।
ਜੋਗਾ ਸਿੰਘ ਘੋਰ ਉਦਾਸੀ ਵਿੱਚ ਵਿਹੜ੍ਹੇ ਵਿੱਚ ਪਾਗਲਾਂ ਵਾਂਗ ਫਿਰ ਰਿਹਾ ਸੀ। ਹੁਣ ਉਹ ਖ਼ਤਰਾ ਭਾਂਪ ਕੇ ਆਪਣੀ ਬੰਦੂਕ ਅੱਠੇ ਪਹਿਰ ਹੱਥ ਵਿੱਚ ਰੱਖਦਾ। ਪਿੰਡ ਦੇ ਲੋਕ ਗੁੱਝੇ ਅਵਾਜ਼ੇ ਕਸਦੇ, ''ਦੇਖ ਸਾਲ਼ਾ ਡਰਦਾ ਕਿਵੇਂ ਟੰਬਾ ਚੱਕੀ ਫ਼ਿਰਦੈ..!" ਬੰਦੂਕ ਨੂੰ ਲੋਕ ਵਿਅੰਗ ਨਾਲ਼ ''ਟੰਬਾ" ਹੀ ਦੱਸਦੇ।
-''ਸਰਦਾਰ ਜੀ ਘਰੇ ਈ ਓਂ...?" ਚੌਂਕੀਦਾਰ ਦੀ ਅਵਾਜ਼ ਨੇ ਜਿਵੇਂ ਉਸ ਨੂੰ ਡਰਾ ਦਿੱਤਾ ਸੀ।
-''ਤੂੰ ਕੌਣ ਐਂ ਭਾਈ...?" ਜੋਗਾ ਸਿੰਘ ਅੰਦਰੋਂ ਕੰਬਿਆ ਹੋਇਆ ਸੀ।
-''ਮੈਂ ਪੀੜਤ ਕੁੜੀ ਦੇ ਪਿੰਡੋਂ ਆਇਐਂ, ਸਰਦਾਰਾ...!"
-''.....................।" ਜੋਗਾ ਸਿੰਘ ਘੁੱਟਾਂਬਾਟੀ ਚੌਂਕੀਦਾਰ ਵੱਲ ਝਾਕ ਰਿਹਾ ਸੀ।
-''ਸਾਰਾ ਪਿੰਡ ਇੱਕ ਮੋਰੀ ਲੰਘ ਗਿਐ, ਸਰਦਾਰ ਸਾਅਬ...! ਸਰਪੈਂਚ ਸਾਅਬ ਨੇ ਮੈਨੂੰ ਆਪ ਥੋਡੇ ਕੋਲ਼ੇ ਭੇਜਿਐ...! ਕੰਮ ਬਹੁਤਾ ਖਰਾਬ ਹੋ ਗਿਆ...! ਮੇਰੀ ਮੰਨੋਂ, ਮੁੰਡੇ ਦਾ ਕੁੜੀ ਨਾਲ਼ 'ਨੰਦ ਕਾਰਜ ਕਰ ਦਿਓ, ਨਹੀਂ ਸਾਰਾ ਪਿੰਡ ਮੁੰਡੇ ਦੀ ਜਾਨ ਮਗਰ ਹੱਥ ਧੋ ਕੇ ਪੈ ਜਾਊਗਾ, ਖਿਲਾਰਾ ਬਾਹਵਾ ਪੈ ਗਿਆ...!"
-''.......................।" ਜੋਗਾ ਸਿੰਘ ਚੁੱਪ ਚਾਪ, ਘੋਰ ਦੁਬਿਧਾ ਵਿਚ ਫ਼ਸਿਆ ਸੁਣ ਰਿਹਾ ਸੀ। ਉਸ ਦੇ ਮੱਥੇ ਨੂੰ ਮੁੜ੍ਹਕਾ ਆ ਗਿਆ।
-''ਲੋਕਾਂ ਦੇ ਏਕੇ ਮੂਹਰੇ ਤਾਂ ਵੱਡੀਆਂ ਵੱਡੀਆਂ ਸਰਕਾਰਾਂ ਨੀ ਟਿਕਦੀਆਂ, ਸਰਦਾਰਾ..! ਗਿਆ ਵੇਲ਼ਾ ਹੱਥ ਨੀ ਆਉਂਦਾ ਹੁੰਦਾ...! ਫ਼ੇਰ ਲੀਹ ਕੁੱਟਣ ਦਾ ਕੋਈ ਫ਼ਾਇਦਾ ਨੀ ਹੋਣਾਂ...! ਮੇਰਾ ਕੰਮ ਸੀ ਸੁਨੇਹਾਂ ਪਹੁੰਚਾਉਣਾ, ਬਾਕੀ ਥੋਡੀ ਮਰਜ਼ੀ...!"
ਉਹਨਾਂ ਦੀ ਗੁਫ਼ਤਗੂ ਸੁਣ ਕੇ ਹਰ ਕੌਰ ਕੋਲ਼ ਆ ਗਈ।
ਉਹ ਜਿਵੇਂ ਇੱਕ ਦਿਨ ਵਿੱਚ ਹੀ ਬਿਰਧ ਹੋ ਗਈ ਸੀ।
-''ਸਲਾਹ ਤਾਂ ਕੁੜੀ ਦੀ ਵੀ ਵਿੱਚ ਹੋਣੀਂ ਐਂ, ਹੁਣ ਦੋਸ਼ ਸਾਰਾ ਮੇਰੇ ਪੋਤੇ ਸਿਰ ਮੜ੍ਹ'ਤਾ..?" ਹਰ ਕੌਰ ਨੇ ਅਵੱਲੀ ਗੱਲ ਹੀ ਸੁਣਾਈ।
-''ਤੂੰ ਚੁੱਪ ਰਹਿ ਬੇਬੇ...! ਹੋਰ ਨਾ ਬੇੜੀਆਂ 'ਚ ਵੱਟੇ ਪਾਅ'ਦੀਂ...!" ਜੋਗਾ ਸਿੰਘ ਖਿਝ ਕੇ ਹਰ ਕੌਰ ਨੂੰ ਪਿਆ।  
-''ਮੈਂ ਨਾ ਥੋਨੂੰ ਕਦੇ ਚੰਗੀ ਲੱਗੀ...।" ਹਰ ਕੌਰ ਵੱਟ ਖਾ ਕੇ ਮੁੜ ਗਈ।
-''ਬੇਬੇ, ਨਵੀਂ ਕੰਗ ਨਾ ਖੜ੍ਹੀ ਕਰਦੀਂ ਕੋਈ, ਕਿਰਪਾ ਕਰ ਕੇ ਚੁੱਪ ਦਾ ਦਾਨ ਬਗਸ਼, ਮੈਂ ਅੱਗੇ ਬਥੇਰ੍ਹਾ ਦੁਖੀ ਐਂ...!"
-''ਤੇ ਮੈਂ ਤਾਂ ਗਿੱਧਾ ਪਾਉਂਦੀ ਫ਼ਿਰਦੀ ਹੋਊਂਗੀ..? ਨ੍ਹਾਂ ਮੈਂ ਨੀ ਦੁਖੀ...? ਤੈਨੂੰ ਕਿੰਨਾਂ ਕਿਹਾ ਸੀ ਬਈ ਇਹਨੂੰ ਸਿਰ ਨਾ ਚਾੜ੍ਹ, ਇਹ ਤੈਨੂੰ ਤੰਗ ਕਰੂ, ਮੇਰੀ ਮੰਨੀ ਕਿਸੇ ਕੰਜਰ ਨੇ...?" ਬੇਬੇ ਆਪਣੀ ਜਗਾਹ ਬਥੇਰੀ ਤੰਗ ਸੀ।
-''ਬਾਈ ਸਿਆਂ, ਬੈਠ, ਚਾਹ ਪੀਅ...!" ਜੋਗਾ ਸਿੰਘ ਨੇ ਚੌਂਕੀਦਾਰ ਵੱਲ ਮੂੰਹ ਕੀਤਾ।
ਚੌਂਕੀਦਾਰ ਮੰਜੇ 'ਤੇ ਬੈਠ ਗਿਆ।
-''ਸਰਦਾਰਾ, ਜਿਹੜੀ ਗੱਲ ਦਾ ਟਿਕ-ਟਿਕਾਅ ਹੋ ਜੇ, ਓਹਦੇ ਨਾਲ਼ ਦੀ ਰੀਸ ਨੀ ਹੁੰਦੀ, ਪਿੱਛੋਂ ਪਛਤਾਉਣ ਨਾਲ਼ ਕੁਛ ਨੀ ਬਣਦਾ ਹੁੰਦਾ...!"
-''ਮਿੱਤਰ ਪਿਆਰਿਆ, ਉਹਨਾਂ ਨੂੰ ਆਖ ਵਿਆਹ ਦੀ ਤਿਆਰੀ ਕਰਨ..! ਸਾਡੀ ਪੂਰੀ ਸਹਿਮਤੀ ਐ, ਨਾਲ਼ੇ ਸਰਪੈਂਚ ਸਾਹਬ ਦਾ ਕਿਹਾ ਸਿਰ ਮੱਥੇ, ਮੈਂ 'ਲਾਕੇ ਦੀ ਸੰਗਤ ਕੋਲ਼ੋਂ ਨਾਬਰ ਥੋੜ੍ਹੋ ਐਂ, ਪਟੜੀਫ਼ੇਰ ਵਰਤਣੈਂ...!"
ਚਾਹ ਪੀ ਕੇ ਚੌਂਕੀਦਾਰ ਰਾਹ ਪੈ ਗਿਆ।
ਗੋਗੀ ਅਤੇ ਡਾਲੀ ਦਾ ਵਿਆਹ ਹੋ ਗਿਆ। ਵਿਆਹ ਬਿਲਕੁਲ ਸਾਦਾ ਹੋਇਆ ਸੀ। ਪੰਜ ਬੰਦੇ ਬਰਾਤ ਦੇ ਗਏ ਅਤੇ ਆਨੰਦ ਕਾਰਜ ਪੜ੍ਹਾ ਕੇ ਕੁੜੀ ਨੂੰ ਲੈ ਕੇ ਘਰ ਆ ਗਏ।
ਰਾਤ ਦਾ ਵੇਲ਼ਾ ਸੀ।
ਸੱਸ ਅਨੂਪ ਕੌਰ ਡਾਲੀ ਨੂੰ ਦੁੱਧ ਦਾ ਗਿਲਾਸ ਪਿਆ ਕੇ ਚਲੀ ਗਈ। ਉਹ ਬਿਲਕੁਲ ਚੁੱਪ ਸੀ। ਪਰ ਉਸ ਨੇ ਦੋ ਕੁ ਵਾਰ ਬੜੇ ਮੋਹ ਨਾਲ਼ ਡਾਲੀ ਨੂੰ ਘੁੱਟ ਕੇ ਆਪਣੇ ਨਾਲ਼ ਲਾਇਆ ਸੀ।
ਸਜੀ-ਧਜੀ ਡਾਲੀ ਸੁਹਾਗ ਰਾਤ ਵਾਲ਼ੇ ਕਮਰੇ ਵਿਚ ਘੁੰਡ ਕੱਢੀ ਬੈਠੀ ਕਿਸੇ ਸ਼ਮ੍ਹਾਂ ਵਾਂਗ ਬਲ਼ ਰਹੀ ਸੀ।
ਰਾਤ ਕਾਫ਼ੀ ਹੋ ਚੁੱਕੀ ਸੀ। ਕਾਨਸ 'ਤੇ ਪਿਆ ਟਾਈਮ-ਪੀਸ ਰਾਤ ਦੇ ਗਿਆਰਾਂ ਵਜਾ ਰਿਹਾ ਸੀ। ਸਾਰਾ ਜੱਗ ਜਹਾਨ ਗੂੜ੍ਹੀ ਨੀਂਦ ਵਿਚ ਡੁੱਬ ਚੁੱਕਾ ਸੀ। ਪਰ ਗੋਗੀ ਅਜੇ ਤੱਕ ਨਹੀਂ ਬਹੁੜਿਆ ਸੀ।
ਬਾਹਰ ਟਿਕੀ ਰਾਤ ਵਿਚ ਬਿੰਡੇ ਬੋਲ ਰਹੇ ਸਨ।
ਦੂਰ ਖੇਤਾਂ ਵਿੱਚ ਕਿਤੇ ਟਟੀਹਰ੍ਹੀ ਦੀ ਅਵਾਜ਼ ਸੁਣਾਈ ਦਿੰਦੀ ਸੀ।
ਡਾਲੀ ਨੇ ਬਾਹਰਲਾ ਪਰਦਾ ਚੁੱਕ ਕੇ ਬਾਹਰ ਦੇਖਿਆ। ਦੂਰ-ਦੂਰ ਤੱਕ ਹਨ੍ਹੇਰਾ ਪਸਰਿਆ ਪਿਆ ਸੀ। ਕਿਤੇ-ਕਿਤੇ ਕਿਸੇ ਮੋਟਰ 'ਤੇ ਕੋਈ ਮੱਧਮ ਜਿਹਾ ਬੱਲ੍ਹਬ ਜਗ ਰਿਹਾ ਸੀ ਅਤੇ ਦੂਰ ਰੋਹੀ ਵਿੱਚ ਕਿਸੇ ਕੁੱਤੇ ਦੇ ਰੋਣ ਦੀ ਅਵਾਜ਼ ਆ ਰਹੀ ਸੀ।
ਅਚਾਨਕ ਬੈਠਕ ਦੇ ਦਰਵਾਜੇ ਨੂੰ ਠੁੱਡ ਵੱਜਿਆ ਤਾਂ ਡਾਲੀ ਦਾ ਕਾਲ਼ਜਾ ਨਿਕਲ਼ ਗਿਆ।
ਗੋਗੀ ਦਾਰੂ ਵਿੱਚ ਪੂਰਾ ਧੁੱਤ ਸੀ। ਨਸ਼ੇ ਨਾਲ਼ ਉਸ ਦੀਆਂ ਅੱਖਾਂ ਸਾਹਣ ਵਾਂਗ ਪੁੱਠੀਆਂ ਹੋਈਆਂ ਪਈਆਂ ਸਨ। ਉਸ ਤੋਂ ਸਿੱਧਾ ਖੜ੍ਹਾ ਨਹੀਂ ਹੋਇਆ ਜਾ ਰਿਹਾ ਸੀ। ਉਸ ਨੇ ਆਪਣੀ ਪਿੱਠ ਨਾਲ਼ ਹੀ ਦਰਵਾਜਾ ਬੰਦ ਕੀਤਾ ਅਤੇ ਡਿੱਗਦਾ ਢਹਿੰਦਾ ਡਾਲੀ ਵਾਲ਼ੇ ਬੈੱਡ 'ਤੇ ਆ ਡਿੱਗਿਆ।
-''ਬਹੁਤ ਖ਼ੁਸ਼ ਹੋਵੇਂਗੀ ਅੱਜ...??" ਉਹ ਸਾਰਾ ਮੂੰਹ ਖੋਲ੍ਹ ਕੇ ਜਿੰਨ ਵਾਂਗ ਹੱਸਿਆ, ''ਸੋਚਦੀ ਹੋਵੇਂਗੀ ਮੇਰੀ ਪਿੱਠ ਲਾਅਤੀ ਤੂੰ...?"
-''....................।" ਉਸ ਦੇ ਮੂੰਹ 'ਚੋਂ ਡਾਲੀ ਨੂੰ ਅਜੀਬ ਜਿਹੀ ਬੂਅ ਆਈ ਤਾਂ ਉਸ ਨੇ ਸਾਹ ਥਾਂ 'ਤੇ ਹੀ ਘੁੱਟ ਲਿਆ।
-''ਬਹੁਤ ਖ਼ੁਸ਼ ਹੋਵੇਂਗੀ ਮੇਰੇ ਨਾਲ਼ ਵਿਆਹ ਕਰਕੇ..?" ਸ਼ਰਾਬੀ ਗੋਗੀ ਦਾ ਬੁੱਚੜ ਜਿਹਾ ਮੂੰਹ ਡਾਲੀ ਨੂੰ ਜਿਵੇਂ ਖਾਣ ਆ ਰਿਹਾ ਸੀ। ਉਸ ਨੇ ਕਰੋਧ ਨਾਲ਼ ਡਾਲੀ ਦੀ ਸ਼ਗਨਾਂ ਵਾਲ਼ੀ ਚੁੰਨੀ ਲਾਹ ਕੇ ਉਸ ਦੇ ਗਲ਼ ਦੁਆਲ਼ੇ ਲਪੇਟ ਲਈ।
-''ਨਿੱਤ ਤੇਰੇ ਓਹ ਬਦਲੇ ਲਊਂਗਾ, ਤੂੰ ਧਰਤੀ 'ਤੇ ਨੱਕ ਰਗੜੇਂਗੀ...! ਬੁਰਕ ਮਾਰ-ਮਾਰ ਨਿੱਤ ਚੂੰਡਿਆ ਕਰੂੰਗਾ ਤੈਨੂੰ...! ਗਿਣ-ਗਿਣ ਕੇ ਬਦਲੇ ਲਊਂਗਾ ਤੇਰੇ...!"
-''.................।" ਡਾਲੀ ਦੀਆਂ ਖਾਨਿਓਂ ਗੁਆਚ ਗਈਆਂ। ਉਹ ਪੱਥਰ ਹੋਈਆਂ ਨਜ਼ਰਾਂ ਨਾਲ਼ ਗੋਗੀ ਵੱਲ ਦੇਖ ਰਹੀ ਸੀ।
-''ਅੱਖਾਂ ਜੀਆਂ ਕੀ ਕੱਢਦੀ ਐਂ...? ਡਰਾਉਨੀ ਐਂ ਮੈਨੂੰ...?? ਨ੍ਹਾਂ ਮੈਨੂੰ ਡਰਾਉਨੀ ਐਂ ਤੂੰ..???" ਗੋਗੀ ਨੇ ਡਾਲੀ ਨੂੰ ਵਾਲ਼ਾਂ ਤੋਂ ਫ਼ੜ ਕੇ ਪੰਜ-ਸੱਤ ਥੱਪੜ ਜੜ ਦਿੱਤੇ। ਡਾਲੀ ਦਾ ਸ਼ਿੰਗਾਰ ਖਿੰਡ-ਪੁੰਡ ਗਿਆ ਅਤੇ ਨੱਕ ਵਿੱਚੋਂ ਖ਼ੂਨ ਵਗ ਪਿਆ। ਉਸ ਦੀਆਂ ਅੱਖਾਂ ਵਿੱਚ ਹੰਝੂ ਕੰਮ ਰਹੇ ਸਨ।
 ਗੋਗੀ ਨੇ ਮੁੜ ਉਸ ਨੂੰ ਵਾਲ਼ਾਂ ਤੋਂ ਫ਼ੜ ਲਿਆ।
-''ਅੱਜ ਤਾਂ ਮਹੂਰਤ ਜਿਆ ਈ ਕੀਤੈ, ਟਰੇਲਰ ਜਿਆ ਈ ਦਿਖਾਇਐ...! ਕੱਲ੍ਹ ਤੋਂ ਫ਼ਿਲਮ ਸ਼ੁਰੂ ਹੋਊਗੀ..!" ਤੇ ਉਹ ਟੇਢਾ ਹੋ ਕੇ ਘੁਰਾੜ੍ਹੇ ਮਾਰਨ ਲੱਗ ਪਿਆ।
ਅਗਲੇ ਦਿਨ ਸਵੇਰੇ ਹਰ ਕੌਰ ਨੇ ਜੋਗਾ ਸਿੰਘ ਨੂੰ ਅਚਾਨਕ ਖੇਤ ਜਾਂਦੇ ਨੂੰ ਰੋਕ ਲਿਆ।
-''ਵੇ ਸੁਣਿਐਂ, ਜੋਤਾਂ ਵਾਲ਼ੇ ਮਹਾਂਪੁਰਖਾਂ 'ਤੇ ਕੋਈ ਕੇਸ ਦਰਜ ਹੋ ਗਿਆ..?" ਹਰ ਕੌਰ ਨੇ ਜੋਗਾ ਸਿੰਘ ਨੂੰ ਦੱਸਿਆ।
-''ਉਹਨੂੰ ਕੀ ਹੋਣੈਂ ਬੇਬੇ..? ਬਥੇਰੀ ਦੁਨੀਆਂ ਉਹਦੇ ਮਗਰ ਐ...!"
-''ਵੇ ਜਾ ਕੇ ਪਤਾ ਤਾਂ ਕਰ, ਫ਼ੇਰ ਵੀ ਆਪਣੇ ਕਿੰਨੇ ਸਹਿਯੋਗੀ ਐ...!"
ਜੋਗਾ ਸਿੰਘ ਬੇਬੇ ਦੇ ਕਹੇ ਸੰਤਾਂ ਦੇ ਡੇਰੇ ਨੂੰ ਤੁਰ ਪਿਆ। ਡੇਰੇ ਜਾ ਕੇ ਉਸ ਨੂੰ ਕਿਸੇ ਇਜਾਜ਼ਤ ਦੀ ਤਾਂ ਲੋੜ ਹੀ ਨਹੀਂ ਸੀ। ਸਾਰੇ ਡੇਰੇ ਨੂੰ ਪਤਾ ਸੀ ਕਿ ਜੋਗਾ ਸਿੰਘ ਦਾ ਸਾਰਾ ਪ੍ਰੀਵਾਰ ਡੇਰੇ ਦਾ ਕਿੰਨਾਂ ਸ਼ਰਧਾਲੂ ਸੀ। ਸੰਤ ਜੀ ਦੇ ਨਿੱਜੀ ਚੇਲੇ ਨੇ ਜੋਗਾ ਸਿੰਘ ਨੂੰ ਬਿਨਾ ਕੁਝ ਪੁੱਛੇ ਸੁਣੇ ਅੰਦਰ ਜਾਣ ਦੀ ਇਜਾਜ਼ਤ ਦੇ ਦਿੱਤੀ।
ਜਦ ਜੋਗਾ ਸਿੰਘ ਅੰਦਰ ਪਹੁੰਚਿਆ ਤਾਂ ਸੰਤ ਮੁੱਖ ਮੰਤਰੀ ਨਾਲ਼ ਫ਼ੋਨ 'ਤੇ ਗੱਲ ਕਰ ਰਹੇ ਸਨ।
-''ਪੈਰੀਂ ਪੈਣਾਂ ਮਹਾਂਪੁਰਖੋ...! ਪ੍ਰਣਾਮ..!! ਚਰਨ ਵੰਦਨਾਂ...!!" ਮੁੱਖ ਮੰਤਰੀ ਬਾਬੇ ਦੇ ਪੈਰੀਂ ਪਿਆ ਖੜ੍ਹਾ ਸੀ।
-''ਜਿਉਂਦੇ ਵਸਦੇ ਰਹੋ ਭਾਈ..! ਠੀਕ ਹੋ...??"
-''ਆਪ ਜੀ ਦੀ ਦਇਆ ਹੈ ਮਹਾਂਪੁਰਖੋ...! ਤੁਸੀਂ ਹੁਕਮ ਕਰੋ, ਕਿਵੇਂ ਯਾਦ ਕੀਤਾ ਅੱਜ...??"
-''ਥੋਨੂੰ ਪਤਾ ਈ ਐ ਭਾਈ, ਆਪਣੇ 'ਤੇ ਓਹ ਨਾਬਾਲਿਗ ਕੁੜੀ ਨਾਲ਼ ਬਲਾਤਕਾਰ ਦਾ ਕੇਸ ਜਿਆ ਦਰਜ ਹੋ ਗਿਆ ਸੀ..!"
-''ਉਹ ਤਾਂ ਮੀਡੀਆ ਨੇ ਪੱਟੀ ਨੀ ਬੱਝਣ ਦਿੱਤੀ ਮਹਾਂਪੁਰਖੋ, ਨਹੀਂ ਆਪਾਂ ਕੇਸ ਦਰਜ਼ ਹੋਣ ਦਿੰਦੇ ਸੀ..? ਉਹ ਤਾਂ ਮੀਡੀਆ ਨੇ ਸਿੰਗ ਮਿੱਟੀ ਚੱਕ ਲਈ...!" ਮੁੱਖ ਮੰਤਰੀ ਨੇ ਬੇਵੱਸੀ ਜ਼ਾਹਿਰ ਕੀਤੀ।
-''ਖ਼ੈਰ...! ਸਾਧੂ ਆਪਣਾ ਤੇ ਬਿੱਛੁ ਆਪਣਾ ਕਾਰਜ ਨੀ ਛੱਡਦੇ, ਅਗਲੇ ਹਫ਼ਤੇ ਮੇਰੀ ਪੇਸ਼ੀ ਐ...!"
-''ਜੀ....!"
-''ਆਪਣੇ ਵਾਲ਼ਾ ਕੇਸ ਜੱਜ ਗੁਰਜੋਤ ਸਿਉਂ ਕੋਲ਼ ਐ, ਤੈਨੂੰ ਪਤੈ ਬਈ ਗੁਰਜੋਤ ਸਿਉਂ ਗੁਰਸਿੱਖ ਅੰਮ੍ਰਿਤਧਾਰੀ ਤੇ ਗੁਰਬਾਣੀ ਦਾ ਪੈਰੋਕਾਰ ਐ, ਤੇ ਡੇਰੇ ਵਾਲ਼ੇ ਸਾਰੇ ਮਹਾਂਪੁਰਖਾਂ ਨੂੰ ਨਫ਼ਰਤ ਕਰਦੈ, ਉਹਨਾਂ ਨੂੰ ਚੋਰ ਈ ਦੱਸਦੈ...!"
-''ਮੇਰੇ ਲਈ ਕੀ ਹੁਕਮ ਐਂ ਗਰੀਬ ਨਿਵਾਜ...??"
-''ਤੁਸੀਂ ਜੱਜ ਗੁਰਜੋਤ ਸਿਉਂ ਦੇ ਕੰਨ ਖਿੱਚੋ...! ਉਹ ਆਪਣੇ ਕੇਸ 'ਚ ਅੜਿੱਕਾ ਨਾ ਬਣੇ...!"
-''ਕੰਨ ਕੀ...? ਮੈਂ ਉਹਨੂੰ ਮੋਟੇ ਅੱਖਰਾਂ 'ਚ ਈ ਸਮਝਾ ਦਿੰਨੈਂ ਮਹਾਂਪੁਰਖੋ..! ਪਰ ਤੁਸੀਂ ਵੀ ਆਉਂਦੀ ਇਲੈਕਸ਼ਨ 'ਚ ਸਾਡੇ ਸਿਰ 'ਤੇ ਹੱਥ ਰੱਖਿਓ, ਐਤਕੀਂ ਵਿਰੋਧੀ ਪਾਰਟੀ ਅੱਡੀ ਚੋਟੀ ਦਾ ਜੋਰ ਲਾਈ ਆਉਂਦੀ ਐ..!"
-''ਕਮਲ਼ੀ ਗੱਲ...! ਨ੍ਹਾਂ ਸਿਰ 'ਤੇ ਹੱਥ ਅੱਗੇ ਨੀ ਰੱਖਿਆ...?"
-''ਰੱਖਿਐ ਮਹਾਂਪੁਰਖੋ, ਰੱਖਿਐ...! ਪਰ ਜਦੋਂ ਦੇ ਆਹ ਨਵੀਂ ਪਾਰਟੀ ਵਾਲ਼ੇ ਖੜ੍ਹੇ ਹੋਏ ਐ, ਜਨਤਾ ਝੰਡੇ ਚੱਕ ਕੇ ਇਹਨਾਂ ਮਗਰ ਤੁਰਪੀ, ਸਾਡੀ ਤਾਂ ਨੀਂਦ ਹਰਾਮ ਕੀਤੀ ਪਈ ਐ ਖਸਮਾਂ ਨੂੰ ਖਾਣਿਆਂ ਨੇ...!!"
-''ਨਿਸ਼ਚਿੰਤ ਹੋਜਾ, ਨਿਸ਼ਚਿੰਤ...! ਤੂੰ ਆਪਣਾ ਕੰਮ ਕਰ, ਮੈਂ ਆਪਣਾ ਕੰਮ ਕਰੂੰ...!" ਸੰਤ ਨੇ ਤਾੜਨਾ ਕਰਨ ਵਾਲ਼ਿਆਂ ਵਾਂਗ ਕਿਹਾ।
-''ਸਤਿ ਬਚਨ ਮਹਾਂਪੁਰਖੋ...!"
ਫ਼ੋਨ ਕੱਟੇ ਗਏ।
ਜੋਗਾ ਸਿੰਘ ਦੁੱਧ ਛਕ ਕੇ ਅਤੇ ਆਸ਼ੀਰਵਾਦ ਲੈ ਕੇ ਆ ਗਿਆ।

0 0 0 0 0


ਅਜੇ ਜੱਜ ਗੁਰਜੋਤ ਸਿੰਘ ਅਜੇ ਦਫ਼ਤਰੋਂ ਘਰ ਜਾਣ ਦੀ ਤਿਆਰੀ ਵਿੱਚ ਹੀ ਸੀ ਕਿ ਅਚਾਨਕ ਫ਼ੋਨ ਖੜਕ ਪਿਆ। ਜੱਜ ਗੁਰਜੋਤ ਸਿੰਘ ਨੇ ਫ਼ੋਨ ਚੁੱਕ ਲਿਆ।  
-''ਜੱਜ, ਸਰਦਾਰ ਗੁਰਜੋਤ ਸਿੰਘ ਜੀ ਬੋਲ ਰਹੇ ਨੇ...?" ਮੁੱਖ ਮੰਤਰੀ ਦੇ ਪੀ.ਏ. ਨੇ ਪੁੱਛਿਆ।
-''ਜੀ ਜਨਾਬ...! ਜੱਜ ਗੁਰਜੋਤ ਸਿੰਘ ਬੋਲ ਰਿਹੈਂ ਜੀ...!"
-''ਜੱਜ ਸਾਹਿਬ, ਸੀ. ਐੱਮ. ਸਾਹਿਬ ਆਪ ਨਾਲ਼ ਗੱਲ ਕਰਨਾ ਚਾਹੁੰਦੇ ਨੇ..!"
-''ਕਰਵਾਓ ਜਨਾਬ...!"
ਪੀ.ਏ. ਨੇ ਮੁੱਖ ਮੰਤਰੀ ਨੂੰ ਫ਼ੋਨ ਫ਼ੜਾ ਦਿੱਤਾ।
-''ਸਤਿ ਸ੍ਰੀ ਅਕਾਲ ਜੱਜ ਸਾਹਿਬ...!" ਮੁੱਖ ਮੰਤਰੀ ਘਿਉ ਸਿੱਧੀ ਉਂਗਲ਼ ਨਾਲ਼ ਕੱਢਣ ਦਾ ਹੀ ਆਦੀ ਸੀ।
-''ਸਤਿ ਸ੍ਰੀ ਅਕਾਲ ਸੀ.ਐੱਮ. ਸਾਹਿਬ...!"
-''ਸੰਤ ਅਨੋਖ ਅਲੱਖ ਜੋਤਾਂ ਵਾਲ਼ੇ ਮਹਾਂਪੁਰਖਾਂ ਦਾ ਕੇਸ ਤੁਹਾਡੇ ਕੋਲ਼ ਈ ਐ...?"
-''ਜੀ ਜਨਾਬ...! ਮੇਰੇ ਕੋਲ਼ ਹੀ ਐ...!!"
-''ਜੱਜ ਸਾਹਿਬ, ਸੰਤ ਮਹਾਂਪੁਰਖਾਂ ਦਾ ਵਾਲ਼ ਵੀ ਵਿੰਗਾ ਨੀ ਹੋਣਾ ਚਾਹੀਦਾ, ਖਿਆਲ ਰੱਖਣਾ, ਅਸੀਂ ਤੇਰਾ ਖਿਆਲ ਰੱਖਾਂਗੇ..!" ਮੁੱਖ ਮੰਤਰੀ ਨੇ ਇੱਕ ਤਰ੍ਹਾਂ ਨਾਲ਼ ਗੁੱਝਾ ਹੁਕਮ ਦਾ ਮਰੋੜਾ ਚਾੜ੍ਹਿਆ।
-''ਸੀ. ਐੱਮ. ਸਾਹਿਬ, ਬਾਬੇ ਨੇ ਨਾਬਾਲਿਗ ਕੁੜੀ ਨਾਲ਼ ਬਲਾਤਕਾਰ ਕੀਤੈ, ਤੇ ਸਾਡੇ ਕੋਲ਼ ਸਬੂਤ ਵੀ ਮੌਜੂਦ ਨੇ ਤੇ ਗਵਾਹ ਵੀ...!" ਜੱਜ ਗੁਰਜੋਤ ਸਿੰਘ ਦੇ ਕਹਿਣ 'ਤੇ ਮੁੱਖ ਮੰਤਰੀ ਤੈਸ਼ ਵਿੱਚ ਆ ਗਿਆ।
-''ਤੂੰ ਗੋਲ਼ੀ ਮਾਰ ਗਵਾਹਾਂ ਤੇ ਸਬੂਤਾਂ ਨੂੰ...! ਮੈਂ ਮਹਾਂਪੁਰਖ ਤੇਰੇ ਤੋਂ ਬਰੀ ਲੈਣੇ ਐਂ, ਨਹੀਂ ਆਪਦਾ ਬੋਰੀਆਂ ਬਿਸਤਰਾ ਬੰਨ੍ਹ ਕੇ ਰੱਖ...!"
-''ਜਿੰਨਾਂ ਚਿਰ ਨੌਕਰੀ ਕੀਤੀ ਐ, ਕਾਨੂੰਨ, ਇਨਸਾਫ਼ ਅਤੇ ਇਮਾਨਦਾਰੀ ਦੇ ਦਾਇਰੇ 'ਚ ਰਹਿ ਕੇ ਕੀਤੀ ਐ ਸੀ. ਐੱਮ. ਸਾਹਿਬ...! ਜੇ ਤੁਸੀਂ ਕਿਸੇ ਦੀ ਕਦਰ ਨਹੀਂ ਪਾ ਸਕਦੇ, ਤਾਂ ਘੱਟੋ ਘੱਟ ਜ਼ਲੀਲ ਤਾਂ ਨਾ ਕਰੋ...?"
-''ਓਹ ਯੂ ਸ਼ੱਟ ਅੱਪ...!! ਦੋ ਕੌਡੀ ਦਾ ਜੱਜ, ਮੇਰੇ ਸਾਹਮਣੇ ਜ਼ੁਬਾਨ ਚਲਾਉਂਨੈ...?"
-''ਬਿਹੇਵ ਯੂਅਰਸੈਲਫ਼ ਸੀ. ਐੱਮ. ਸਾਹਿਬ...! ਮੈਂ ਐਹੋ ਜਿਹੇ ਸਿਸਟਮ ਵਿੱਚ ਕੰਮ ਹੀ ਨਹੀਂ ਕਰਨਾ, ਮੇਰਾ ਅਸਤੀਫ਼ਾ..!" ਜੱਜ ਨੇ ਫ਼ੋਨ ਕੱਟ ਦਿੱਤਾ।
ਪੂਰਾ ਖ਼ੁਸ਼ ਹੋ ਕੇ ਮੁੱਖ ਮੰਤਰੀ ਨੇ ਜੋਤਾਂ ਵਾਲ਼ੇ ਸੰਤ ਜੀ ਨੂੰ ਫ਼ੋਨ ਮਿਲ਼ਾ ਲਿਆ।
-''ਲਓ ਮਹਾਂਪੁਰਖੋ..! ਨਾ ਰਹੂਗਾ ਬਾਂਸ, ਤੇ ਨਾ ਵੱਜੂਗੀ ਬਾਂਸੁਰੀ..! ਆਪਾਂ ਜੱਜ ਦਾ ਪੱਤਾ ਈ ਕੱਟ ਮਾਰਿਆ..!"
-''ਸ਼ਾਬਾਸ਼...! ਵਧੀਆ ਕੀਤਾ...! ਚਾਰ ਅੱਖਰ ਗੁਰਬਾਣੀ ਦੇ ਪੜ੍ਹ ਕੇ ਬਾਹਲ਼ਾ ਈ ਬ੍ਰਹਮ-ਗਿਆਨੀ ਬਣਦਾ ਸੀ..!"
-''ਤੋਰ'ਤਾ ਘਰ ਨੂੰ...! ਹੁਣ ਚਿੰਤਾ ਮੁਕਤ ਹੋ ਜਾਓ...!! ਸਾਡੇ ਹੁੰਦੇ ਥੋਨੂੰ ਕੋਈ ਫ਼ਿਕਰ ਹੋਵੇ..? ਇਹ ਤਾਂ ਹੋ ਈ ਨੀ ਸਕਦਾ ਮਹਾਂਪੁਰਖੋ..!"
ਘੋਰ ਪ੍ਰੇਸ਼ਾਨੀ ਵਿੱਚ ਜੱਜ ਘਰ ਪਹੁੰਚਿਆ।
ਘਰਵਾਲ਼ੀ ਜਪਨਾਮ ਕੌਰ ਨੇ ਪਾਣੀ ਦਾ ਗਿਲਾਸ ਫ਼ੜਾਇਆ।
-''ਕੀ ਗੱਲ...? ਅੱਜ ਐਨੇ ਚੁੱਪ ਜਿਹੇ ਕਿਉਂ ਹੋ...? ਸਿਹਤ ਠੀਕ ਐ..?" ਜਪਨਾਮ ਕੌਰ ਨੇ ਫ਼ਿਕਰ ਕੀਤਾ।
-''ਅੱਜ ਭ੍ਰਿਸ਼ਟ ਸਿਸਟਮ ਨਾਲ਼ ਟੱਕਰ ਹੋਗੀ, ਮੈਂ ਅਸਤੀਫ਼ਾ ਦੇ ਕੇ ਘਰ ਆ ਗਿਆ..!" ਉਸ ਨੇ ਪਾਣੀ ਪੀ ਕੇ ਗਿਲਾਸ ਵਾਪਸ ਕਰ ਦਿੱਤਾ।
-''ਵਧੀਆ ਕੀਤਾ...! ਸਾਰੀ ਉਮਰ ਕੰਮ ਈ ਤਾਂ ਨੀ ਕਰੀ ਜਾਣਾ..!! ਬਥੇਰਾ ਕੰਮ ਕਰ ਲਿਆ, ਹੁਣ ਅਰਾਮ ਕਰੋ..!!"
ਅਚਾਨਕ ਜਪੁਜੀ ਅੰਦਰ ਆਈ। ਉਹ ਬਹੁਤ ਖ਼ੁਸ਼ ਸੀ ਅਤੇ ਉਸ ਦੇ ਹੱਥ ਵਿੱਚ ਕੁਝ ਕਾਗਜ਼ ਅਤੇ ਲੱਡੂਆਂ ਦਾ ਡੱਬਾ ਫ਼ੜਿਆ ਹੋਇਆ ਸੀ।
-''ਡੈਡੀ ਜੀ...!" ਉਹ ਬੱਚੇ ਵਾਂਗ ਬਾਪ ਦੀ ਬੁੱਕਲ਼ ਵਿਚ ਆ ਵੜੀ।
-''ਠੀਕ ਐਂ ਪੁੱਤ...?"
-''ਚੜ੍ਹਦੀ ਕਲਾ..! ਗੁਰੂ ਕਿਰਪਾ...! ਲਓ ਪਹਿਲਾਂ ਲੱਡੂ ਖਾਓ...!!"
-''ਲੱਡੂ...? ਕਿਹੜੀ ਖ਼ੁਸ਼ੀ ਵਿੱਚ...?" ਬਾਪੂ ਹੈਰਾਨ ਸੀ।
-''ਮੇਰੀ ਸਿਲੈਕਸ਼ਨ ਹੋ ਗਈ, ਤੁਹਾਡੀ ਧੀ ਵੀ ਅੱਜ ਜੱਜ ਬਣਗੀ, ਯੂਅਰ ਆਨਰ...!" ਉਸ ਨੇ ਵਿਅੰਗ ਨਾਲ਼ ਕਹਿੰਦੀ ਨੇ ਬਾਪ ਦੇ ਮੂੰਹ ਵਿੱਚ ਲੱਡੂ ਪਾਇਆ।
-''ਤੇ ਤੁਹਾਡਾ ਬਾਪ ਅਸਤੀਫ਼ਾ ਦੇ ਆਇਆ, ਮੀ ਲਾਰਡ...!!" ਗੁਰਜੋਤ ਸਿੰਘ ਲੱਡੂ ਖਾਂਦਾ ਬੋਲਿਆ।
-''ਧੰਨ ਗੁਰੂ ਨਾਨਕ ਪਾਤਿਸ਼ਾਹ ਕਿੱਡੇ ਮਿਹਰਵਾਨ ਐਂ...! ਬਾਪ ਨੇ ਅਸਤੀਫ਼ਾ ਦਿੱਤਾ, ਧੀ ਨੂੰ ਅਹੁਦਾ ਬਖ਼ਸ਼ ਦਿੱਤਾ..।" ਮਾਂ ਨੇ ਧਰਤੀ ਨੂੰ ਹੱਥ ਲਾ ਕੇ ਨਮਸ਼ਕਾਰ ਕੀਤੀ।
-''ਥੋਨੂੰ ਸਾਰੀ ਉਮਰ ਜੱਜਪੁਣਾ ਸੁੱਖ ਕੇ ਤਾਂ ਨਹੀਂ ਸੀ ਦਿੱਤਾ, ਯੂਅਰ ਆਨਰ..? ਹੁਣ ਤੁਸੀਂ ਆਪਣੀ ਹਾਈ ਕਮਾਂਡ ਨਾਲ਼ ਜ਼ਿੰਦਗੀ ਦਾ ਲੁਤਫ਼ ਲਓ, ਤੇ ਕੰਮ ਥੋਡੀ ਧੀ ਕਰੂਗੀ...!" ਜਪੁਜੀ ਬਹੁਤ ਖ਼ੁਸ਼ ਸੀ। ਉਸ ਨੇ ਆਪਣੀ ਮਾਂ ਵੱਲ ਹੱਥ ਕਰ ਕੇ ''ਹਾਈ ਕਮਾਂਡ" 'ਤੇ ਪੂਰਾ ਜੋਰ ਦਿੱਤਾ ਸੀ।
ਅਗਲੀ ਸਵੇਰ ਅਖ਼ਬਾਰ ਵਾਲ਼ਾ ਅਖ਼ਬਾਰ ਸੁੱਟ ਗਿਆ। ਜੱਜ ਨਹਾ ਰਿਹਾ ਸੀ। ਜਪੁਜੀ ਦੀ ਮਾਂ ਜਪਨਾਮ ਕੌਰ ਰਸੋਈ ਵਿੱਚ ਨਾਸ਼ਤਾ ਤਿਆਰ ਕਰ ਰਹੀ ਸੀ। ਜਪੁਜੀ ਨੇ ਅਖ਼ਬਾਰ ਜਾ ਚੁੱਕਿਆ। ਅਖ਼ਬਾਰ ਦੇ ਮੁੱਖ ਪੰਨੇ ਉੱਪਰ ਉੱਪਰ ਮੋਟੀ ਸੁਰਖੀ ਸੀ;
''ਪਾਕਿਸਤਾਨੀ ਅੱਤਿਵਾਦੀਆਂ ਨਾਲ਼ ਮੁਕਾਬਲਾ ਕਰਦਾ ਫ਼ੌਜੀ ਅਫ਼ਸਰ ਰਮਣੀਕ ਸਿੰਘ ਸ਼ਹੀਦ"
ਖ਼ਬਰ ਦੇ ਐਨ੍ਹ ਵਿਚਕਾਰ ਰਮਣੀਕ ਸਿੰਘ ਦੀ ਦਸਤਾਰ ਵਾਲ਼ੀ ਫ਼ੋਟੋ ਲੱਗੀ ਹੋਈ ਸੀ। ਜਪੁਜੀ ਹੱਥੋਂ ਅਖ਼ਬਾਰ ਛੁੱਟ ਗਿਆ ਅਤੇ ਉਸ ਦੀਆਂ ਅੱਖਾਂ ਨੱਕੋ-ਨੱਕ ਭਰ ਆਈਆਂ। ਉਹ ਵਾਪਸ ਆ ਕੇ ਬੈੱਡ 'ਤੇ ''ਧੜ੍ਹੰਮ" ਕਰ ਕੇ ਡਿੱਗ ਪਈ ਅਤੇ ਰਮਣੀਕ ਨਾਲ਼ ਜੁੜੀ ਤੰਦ ਉਸ ਨੂੰ ਅਤੀਤ ਵਿੱਚ ਖਿੱਚ ਕੇ ਲੈ ਗਈ.....
....ਜਪੁਜੀ ਅਤੇ ਰਮਣੀਕ ਕਾਲਜ ਦੀ ਪਾਰਕ ਵਿੱਚ ਸਰੂ ਦੇ ਬੂਟੇ ਕੋਲ਼ ਹੀ ਆ ਕੇ ਬੈਠਦੇ ਸਨ। ਇਹ ਸਰੂ ਦਾ ਬੂਟਾ ''ਰਮਣੀਕ ਜੀ" ਨੂੰ ਕੁਦਰਤ ਦੇ ਕੁਝ ਜ਼ਿਆਦਾ ਹੀ ਕਰੀਬ ਜਾਪਦਾ।
-''ਨਿੱਕੀ-ਨਿੱਕੀ ਗੱਲ ਦਾ ਗੁੱਸਾ ਨੀ ਕਰੀਦਾ, ਗੁੱਸਾ ਚੰਡਾਲ ਹੁੰਦੈ, ਤੇ ਸਿਹਤ ਲਈ ਵੀ ਮਾੜੈ...!!" ਰਮਣੀਕ ਜੀ ਨੇ ਜਪੁਜੀ ਦੇ ਨੱਕ ਦੀ ਕਰੂੰਬਲ਼ ਘੁੱਟਦਿਆਂ ਕਿਹਾ। ਪਰ ਜਪੁਜੀ ਉਂਗਲ਼ 'ਤੇ ਚੁੰਨੀ ਲਪੇਟਦੀ, ਭਰੀ-ਪੀਤੀ ਚੁੱਪ ਸੀ।
-''ਇੱਕ ਤਾਂ ਤੇਰੇ 'ਚ ਚਮਚਾ ਕੁ ਖ਼ੂਨ ਦਾ ਐ, ਸਾਲ਼ਾ ਛੇਤੀ ਉਬਲ਼ ਜਾਂਦੈ...!"
-''................।" ਰਮਣੀਕ ਦੀ ਵਿਅੰਗਮਈ ਗੱਲ 'ਤੇ ਜਪੁਜੀ ਦਾ ਹਾਸਾ ਨਿਕਲ਼ ਗਿਆ।
-''ਤਿੰਨ ਦਿਨ ਦੇ ਸੀ ਕਿੱਥੇ...? ਨਾ ਕੋਈ ਟੈਲੀਫ਼ੋਨ ਨਾ ਸੁਨੇਹਾਂ...?" ਉਸ ਨੇ ਗੁਲਾਬੀ ਬੁੱਲ੍ਹ ਟੇਰੇ।
-''ਤੈਨੂੰ ਦੱਸਿਆ ਤਾਂ ਸੀ..? ਬਈ ਬਾਪੂ ਜੀ ਨੇ ਆਰਮੀ ਦੇ ਹੈੱਡ ਕੁਆਰਟਰ ਸੱਦ ਲਿਆ ਸੀ, ਦੱਸਣ ਦਾ ਸਮਾਂ ਈ ਨੀ ਮਿਲ਼ਿਆ...!" ਰਮਣੀਕ ਨੇ ਸਪੱਸ਼ਟੀਕਰਣ ਦਿੱਤਾ।
-''................।" ਜਪੁਜੀ ਫ਼ਿਰ ਮੂੰਹ ਵੱਟ ਕੇ ਖੜ੍ਹ ਗਈ।
-''ਚਲੋ ਹੁਣ ਮੁਆਫ਼ ਵੀ ਕਰ ਦਿਓ ਬਾਬਾ ਜੀ...! ਮੈਂ ਥੋਡੀ ਕੈਲੀ ਗਊ...!" ਰਮਣੀਕ ਨੇ ਹੱਥ ਜੋੜ ਲਏ।
-''.....................।" ਜਪੁਜੀ ਚੁੱਪ ਸੀ।
-''ਤੇਰੇ ਇਹ ਦਬਕੇ ਕਦੇ ਸਾਡੀ ਜਾਨ ਲੈ ਕੇ ਰਹਿਣਗੇ...!" ਰਮਣੀਕ ਨੇ ਕਿਹਾ ਤਾਂ ਜਪੁਜੀ ਨੇ ਉਸ ਦੇ ਮੂੰਹ 'ਤੇ ਹੱਥ ਰੱਖ ਦਿੱਤਾ।
-''ਜਪੁਜੀ.....!" ਮਾਂ ਦੀ ਅਵਾਜ਼ ਸੀ। ਮਾਂ ਦੀ ਅਵਾਜ਼ ਨਾਲ਼ ਜਪੁਜੀ ਦੀ ਸੁਰਤੀ ਟੁੱਟੀ। ਉਸ ਦੀਆਂ ਅੱਖਾਂ ਵਿੱਚੋਂ ਹੰਝੂ ਕਣੀਆਂ ਵਾਂਗ ਡਿੱਗ ਰਹੇ ਸਨ।
-''ਆਈ ਮਾਂ....!!" ਬੈੱਡ ਉਪਰੋਂ ਉਠ ਕੇ ਜਪੁਜੀ ਨੇ ਹੰਝੂ ਪੂੰਝ ਲਏ।
-''ਨਾਸ਼ਤਾ ਤਿਆਰ ਐ, ਬੇਟੇ...!"
ਜਪੁਜੀ ਨਾ ਚਾਹੁੰਦੀ ਹੋਈ ਵੀ ਨਾਸ਼ਤੇ ਦੇ ਮੇਜ ਵੱਲ ਨੂੰ ਤੁਰ ਪਈ।