ਭਾਈ ਬਲਾਕਾ ਸਿੰਘ ਕੰਗ - ਮੇਜਰ ਸਿੰਘ ਬੁਢਲਾਡਾ

'ਮੱਸੇ ਰੰਗੜ' ਨੇ ਦਰਬਾਰ ਸਾਹਿਬ ਵਿੱਚ,
ਜਦ ਡੇਰਾ ਲਿਆ ਆਣਕੇ ਲਾ।
ਹਰ ਮਾੜਾ ਕੰਮ ਕਰਨ ਲੱਗ ਪਿਆ,
ਨਾਲੇ ਦਿੱਤਾ ਸੀ ਪੂਰ ਤਲਾਅ।
'ਮੱਸਾ' ਹੰਕਾਰ ਦੇ ਵਿੱਚ ਆ ਗਿਆ,
ਉਹ ਹੋਕੇ ਸਿੰਘਾਂ ਵੱਲੋਂ ਬੇਪਰਵਾਹ।
ਸਜਾਉਣ ਲੱਗ ਪਿਆ ਨਿੱਤ ਮਹਿਫਲਾਂ,
ਕੰਜਰੀਆਂ ਤਾਈਂ ਉਥੇ ਨਚਾ।
ਸਿੰਘਾ ਦੇ ਮੁੱਲ ਸਿਰਾਂ ਦੇ ਰੱਖਤੇ,
ਉਹ ਆਪਣਾ ਕਰਨ ਲਈ ਬਚਾਅ।
ਸਾਰੇ ਆਸੇ-ਪਾਸੇ ਹੋ ਗਏ,
ਲ‌ਏ ਡੇਰੇ ਜੰਗਲਾਂ ਦੇ ਵਿਚ ਲਾ।
ਸਿੰਘਾ ਦਾ ਸੂਹੀਆ 'ਬਲਾਕਾ ਸਿੰਘ' ਨੇ,
'ਬੁੱਢੇ ਜੌਹੜ' ਬੀਕਾਨੇਰ ਵਿਚ ਜਾ।
ਦੱਸ ਦਿੱਤਾ ਸ਼ਾਮ ਸਿੰਘ ਦਲ ਨੂੰ,
ਮੱਸਾ ਰਿਹਾ ਸੀ ਜੋ ਗੰਦ ਪਾ।
ਸੁਣ ਖੂਨ ਉਬਾਲੇ ਖਾ ਗਿਆ,
ਦਲ ਆਪਣੇ ਵਿੱਚ ਕਰ ਸਲਾਹ।
'ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ'
ਫਿਰ ਲਈਆਂ ਕਸਮਾਂ ਖਾ।
"ਸੋਧਾ ਲਾਕੇ ਮੁੜਨਾ ਦੁਸ਼ਟ ਨੂੰ,
ਜਾਂ ਫਿਰ ਜਿੰਦ ਦੇਣੀ ਲੇਖੇ ਲਾ।"
ਉਹ ਤਿਆਰ-ਬਰ-ਤਿਆਰ ਹੋਕੇ,
ਦਿੱਤੇ ਅੰਮ੍ਰਿਤਸਰ ਵੱਲ ਚਾਲੇ ਪਾ।
ਬਣਾਈ ਸਕੀਮ ਮੁਤਾਬਿਕ ਸਿੰਘਾਂ ਨੇ,
ਦਿੱਤਾ 'ਮੱਸੇ ਰੰਗੜ' ਨੂੰ ਝਟਕਾ।
ਉਹਨਾਂ ਵਿਉਂਤ ਨਾਲ 'ਸਿਰ' ਚੁੱਕਕੇ
ਲਿਆ ਨੇਜ਼ੇ ਉਤੇ ਟਿਕਾਅ।
ਦੁਸ਼ਮਣਾਂ ਨੂੰ ਭਾਜੜ ਪੈ ਗਈ,
ਸਿੰਘ ਜਦ ਪੈ ਗਏ ਆਪਣੇ ਰਾਹ।
ਮੇਜਰ ਅਮਰ ਜੱਗ ਤੇ ਹੋ ਗ‌ਏ,
ਸਿੰਘ ਮੱਸੇ ਦੀ ਅਲਖ ਮਿਟਾ।
ਉਹ ਰੰਗੜ ਨੂੰ ਸੋਧਾ ਲਾ...।

ਮੇਜਰ ਸਿੰਘ ਬੁਢਲਾਡਾ
94176 42327