ਜ਼ਿੰਦਗੀ ਦੇ ਹਨੇਰੇ-ਸਵੇਰੇ - ਗੁਰਸ਼ਰਨ ਸਿੰਘ ਕੁਮਾਰ

ਦਿਨ ਅਤੇ ਰਾਤ ਕੁਦਰਤ ਦੇ ਵਰਤਾਰੇ ਹਨ। ਇਕ ਨਿਯਮ ਦੇ ਅਨੁਸਾਰ ਹਰ ਰਾਤ ਤੋਂ ਬਾਅਦ ਦਿਨ ਦਾ ਚੜ੍ਹਨਾ ਜ਼ਰੂਰੀ ਹੈ। ਹਰ ਰਾਤ ਦਾ ਇਕ ਸਵੇਰਾ ਜ਼ਰੂਰ ਹੁੰਦਾ ਹੈ। ਇਸੇ ਤਰ੍ਹਾਂ ਹਰ ਦਿਨ ਤੋਂ ਬਾਅਦ ਰਾਤ ਦਾ ਆਉਣਾ ਵੀ ਤਹਿ ਹੈ। ਗ਼ਹਿਰੇ ਤੋਂ ਗ਼ਹਿਰੇ ਹਨੇਰੇ ਦੇ ਬੱਦਲ ਵੀ ਕਦੀ ਸੂਰਜ ਨੂੰ ਨਿਕਲਣ ਤੋਂ ਨਹੀਂ ਰੋਕ ਸਕਦੇ। ਮਨੁੱਖੀ ਜੀਵਨ ਵਿਚ ਦਿਨ ਅਤੇ ਰਾਤ ਦੀ ਤਰ੍ਹਾਂ ਦੁੱਖ ਅਤੇ ਸੁੱਖ ਵੀ ਆਉਂਦੇ ਹੀ ਰਹਿੰਦੇ ਹਨ। ਦੁੱਖ ਅਤੇ ਸੁੱਖ ਇੱਕੋ ਸਿੱਕੇ ਦੇ ਹੀ ਦੋ ਪਹਿਲੂ ਹਨ। ਪੁਰਾਣੇ ਪੱਤੇ ਝੱੜਦੇ ਹਨ ਤਾਂ ਹੀ ਨਵੀਂਆਂ ਕਰੂੰਬਲਾਂ ਫੁੱਟਦੀਆਂ ਹਨ। ਕੁਦਰਤ ਮੌਲਦੀ ਹੈ ਅਤੇ ਹਰ ਜੀਵ ਖੇੜੇ ਵਿਚ ਆਉਂਦਾ ਹੈ। ਇਸੇ ਤਰ੍ਹਾਂ ਪੁਰਾਣੇ ਲੋਕ ਧਰਤੀ ਤੋਂ ਰੁਖਸਤ ਹੁੰਦੇ ਹਨ ਤੇ ਧਰਤੀ 'ਤੇ ਇਕ ਨਵੀਂ ਪੀੜ੍ਹੀ ਦਾ ਜਨਮ ਹੁੰਦਾ ਹੈ।
ਮਨੁੱਖੀ ਜ਼ਿੰਦਗੀ ਵਿਚ ਹਨੇਰਾ ਦੁੱਖਾਂ ਦਾ ਪ੍ਰਤੀਕ ਹੈ। ਹਨੇਰੇ ਵਿਚ ਸਾਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਇਸ ਲਈ ਹਨੇਰੇ ਵਿਚ ਅਸੀਂ ਕੋਈ ਵੀ ਕੰਮ ਠੀਕ ਢੰਗ ਨਾਲ ਨਹੀਂ ਕਰ ਸਕਦੇ। ਹਨੇਰੇ ਵਿਚ ਸਾਨੂੰ ਕੋਈ ਵਸਤੂ ਥਾਂ ਟਿਕਾਣੇ ਰੱਖਣ ਵਿਚ ਅਤੇ ਢੂੰਡਣ ਵਿਚ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਹਨੇਰੇ ਵਿਚ ਅਸੀਂ ਆਪਣਾ ਰਸਤਾ ਵੀ ਨਹੀਂ ਤਲਾਸ਼ ਕਰ ਸਕਦੇ। ਜੇ ਅਸੀਂ ਹਨੇਰੇ ਵਿਚ ਸਫ਼ਰ 'ਤੇ ਨਿਕਲ ਵੀ ਜਾਈਏ ਤਾਂ ਰਸਤਾ ਭਟਕਣ ਦਾ ਡਰ ਰਹਿੰਦਾ ਹੈ। ਹਨੇਰੇ ਵਿਚ ਅਸੀਂ ਕਿਸੇ ਦੀਵਾਰ, ਵਸਤੂ ਜਾਂ ਮਨੁੱਖ ਨਾਲ ਟਕਰਾ ਸਕਦੇ ਹਾਂ, ਜਾਂ ਠੇਡਾ ਖਾ ਕੇ ਡਿੱਗ ਵੀ ਸਕਦੇ ਹਾਂ। ਸਾਨੂੰ ਕੋਈ ਸੱਟ-ਫੇਟ ਵੀ ਲੱਗ ਸਕਦੀ ਹੈ। ਇਸ ਲਈ ਹਨੇਰੇ ਨੂੰ ਦੁੱਖਾਂ ਦਾ ਪ੍ਰਤੀਕ ਮੰਨਿਆ ਗਿਆ ਹੈ। ਹਨੇਰੇ ਵਿਚ ਅਸੀਂ ਆਰਾਮ ਹੀ ਕਰ ਸਕਦੇ ਹਾਂ ਜਾਂ ਸੌਂ ਸਕਦੇ ਹਾਂ। ਉਸ ਸਮੇਂ ਸਾਨੂੰ ਹਨੇਰਾ ਚੰਗਾ ਲਗਦਾ ਹੈ।
ਦੂਜੇ ਪਾਸੇ ਚਾਨਣ ਨੂੰ ਉਤਸ਼ਾਹ ਅਤੇ ਸੁੱਖਾਂ ਦਾ ਪ੍ਰਤੀਕ ਮੰਨਿਆ ਗਿਆ ਹੈ। ਜਦ ਜ਼ਿੰਦਗੀ ਵਿਚ ਚਾਨਣ ਹੋ ਜਾਂਦਾ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਹੁਣ ਦੁੱਖਾਂ ਦੇ ਬੱਦਲ ਛਟ ਗਏ ਹਨ। ਅਸੀਂ ਹਰ ਕੰਮ ਪੂਰੇ ਜੋਸ਼ ਨਾਲ ਕਰਦੇ ਹਾਂ। ਸਾਨੂੰ ਪਤਾ ਚੱਲ ਜਾਂਦਾ ਹੈ ਕਿ ਅਸੀਂ ਜੋ ਕੰਮ ਕਰ ਰਹੇ ਹਾਂ ਉਹ ਠੀਕ ਕਰ ਰਹੇ ਹਾਂ। ਜੇ ਅਸੀਂ ਚਾਨਣ ਵਿਚ ਸਫ਼ਰ ਵੀ ਕਰਦੇ ਹਾਂ ਤਾਂ ਸਾਨੂੰ ਆਪਣਾ ਰਸਤਾ ਸਾਫ਼ ਨਜ਼ਰ ਆਉਂਦਾ ਹੈ।ਚਾਨਣ ਵਿਚ ਭਟਕਣ ਦਾ ਅਤੇ ਠੋਹਕਰਾਂ ਖਾਣ ਦਾ ਜਾਂ ਸੱਟ ਫੇਟ ਲੱਗਣ ਦਾ ਕੋਈ ਡਰ ਨਹੀਂ ਰਹਿੰਦਾ। ਇਸ ਲਈੇ ਸਾਨੂੰ ਯਕੀਨ ਹੁੰਦਾ ਹੈ ਕਿ ਅਸੀਂ ਆਪਣੀ ਮੰਜ਼ਿਲ 'ਤੇ ਠੀਕ-ਠਾਕ ਪਹੁੰਚ ਜਾਵਾਂਗੇ।ਇਸੇ ਲਈ ਚਾਨਣ ਨੂੰ ਸੁੱਖ ਦਾ ਪ੍ਰਤੀਕ ਮੰਨਿਆ ਗਿਆ ਹੈ।
ਕਈ ਲੋਕ ਦੁੱਖ ਵਿਚ ਘਬਰਾ ਜਾਂਦੇ ਹਨ ਅਤੇ ਹੌਸਲਾ ਛੱਡ ਜਾਂਦੇ ਹਨ।ਉਨ੍ਹਾਂ ਨੂੰ ਇਸ ਸਮੇਂ ਕੋਈ ਸਹਾਰਾ ਨਜ਼ਰ ਨਹੀਂ ਆਉਂਦਾ, ਜੋ ਉਨ੍ਹਾਂ ਨੂੰ ਇਨ੍ਹਾਂ ਦੁੱਖਾਂ ਵਿਚੋਂ ਸਹੀ ਸਲਾਮਤ ਕੱਢ ਲਏ। ਉਨ੍ਹਾਂ ਨੂੰ ਦੁੱਖ ਤੋਂ ਛੁਟਕਾਰਾ ਪਾਉਣ ਦਾ ਮੌਤ ਤੋਂ ਇਲਾਵਾ ਕੋਈ ਰਸਤਾ ਨਜ਼ਰ ਨਹੀਂ ਆਉਂਦਾ। ਉਹ ਸੋਚਦੇ ਹਨ ਕਿ ਇੰਨੇ ਦੁਖੀ ਹੋਣ ਨਾਲੋਂ ਤਾਂ ਮੌਤ ਹੀ ਚੰਗੀ ਹੈ। ਉਨ੍ਹਾਂ ਦੀ ਉਸਾਰੂ ਸੋਚ ਖ਼ਤਮ ਹੋ ਜਾਂਦੀ ਹੈ ਅਤੇ ਉਹ ਆਪਣਾ ਮਾਨਸਿਕ ਸੰਤੁਲਨ ਗੁਆ ਬੈਠਦੇ ਹਨ। ਇਹ ਹੀ ਕਾਰਨ ਹੈ ਕਿ ਭਾਰਤ ਵਿਚ ਹਰ ਸਾਲ ਕਰੀਬ ਇੱਕ ਲੱਖ ਪੈਂਤੀ ਹਜ਼ਾਰ ਲੋਕ ਖ਼ੁਦਕੁਸ਼ੀ ਕਰਦੇ ਹਨ। ਅਜਿਹੇ ਲੋਕਾਂ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਖ਼ੁਦਕੁਸ਼ੀ ਕਿਸੇ ਸਮੱਸਿਆ ਦਾ ਹੱਲ ਨਹੀਂ। ਜ਼ਿੰਦਗੀ ਤਿਆਗਣ ਦਾ ਕੋਈ ਫ਼ਾਇਦਾ ਨਹੀਂ। ਜੇ ਕੁਝ ਤਿਆਗਣਾ ਹੀ ਹੈ ਤਾਂ ਆਪਣੀਆਂ ਫਾਲਤੂ ਖ਼ਾਹਿਸ਼ਾਂ ਅਤੇ ਦੂਸਰੇ ਤੋਂ ਝੂਠੀਆਂ ਉਮੀਦਾਂ ਤਿਆਗੋ। ਤੁਹਾਡੇ ਦੁੱਖ ਕਾਫ਼ੀ ਘਟ ਜਾਣਗੇ। ਜ਼ਿੰਦਗੀ ਦਾ ਹਨੇਰਾ ਖਤਮ ਹੋ ਜਾਏਗਾ। ਸਿਆਣੇ ਲੋਕ ਕਹਿੰਦੇ ਹਨ ਕਿ 'ਜੇ ਮਰ ਕੇ ਵੀ ਚੈਨ ਨਾ ਪਾਇਆ ਤਾਂ ਕਿੱਥੇ ਜਾਵੋਗੇ?' ਭਾਵ ਇਹ ਹੈ ਕਿ ਜੇ ਮਰਨ ਤੋਂ ਬਾਅਦ ਵੀ ਦੁੱਖਾਂ ਨੇ ਪਿੱਛਾ ਨਾ ਛੱਡਿਆ ਤਾਂ ਕੀ ਕਰੋਗੇ? ਤ੍ਰਿਸ਼ੰਕੂ ਦੀ ਤਰ੍ਹਾਂ ਆਕਾਸ਼ ਅਤੇ ਧਰਤੀ ਦੇ ਵਿਚਕਾਰ ਹੀ ਲਟਕਦੇ ਰਹੋਗੇ? ਅਜਿਹੇ ਲੋਕਾਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਮੌਤ ਨੂੰ ਤਾਂ ਕਦੀ ਵੀ ਗਲੇ ਲਾਇਆ ਜਾ ਸਕਦਾ ਹੈ ਪਰ ਇਹ ਜ਼ਿੰਦਗੀ ਦੁਬਾਰਾ ਨਹੀਂ ਮਿਲਣੀ। ਇਸ ਲਈ ਥੋੜ੍ਹਾ ਸਬਰ ਰੱਖ ਕੇ ਚੰਗੇ ਦਿਨਾਂ ਦੇ ਆਉਣ ਦੀ ਇੰਤਜ਼ਾਰ ਕਰਨੀ ਚਾਹੀਦੀ ਹੈ। ਜਿਵੇਂ ਹਰ ਰਾਤ ਦਾ ਸਵੇਰਾ ਹੁੰਦਾ ਹੈ ਉਵੇਂ ਹੀ ਦੁੱਖਾਂ ਤੋਂ ਬਾਅਦ ਸੁੱਖਾਂ ਦਾ ਆਉਣਾ ਵੀ ਜ਼ਰੂਰੀ ਹੈ। ਇਹ ਕਦੀ ਨਹੀਂ ਹੋ ਸਕਦਾ ਕਿ ਦੁੱਖ ਕਿਸੇ ਬੰਦੇ ਕੋਲ ਪੱਕਾ ਹੀ ਡੇਰਾ ਬਣਾ ਲੈਣ। ਇਹ ਹੋ ਸਕਦਾ ਹੈ ਕਿ ਉਨ੍ਹਾਂ ਦੇ ਦੁੱਖਾਂ ਦਾ ਸਮਾਂ ਕੁਝ ਜ਼ਿਆਦਾ ਹੀ ਲੰਮਾ ਹੋ ਜਾਏ । ਇਹ ਦੁੱਖਾਂ ਦੀ ਘੜੀ ਉਨ੍ਹਾਂ ਲਈ ਕੁਝ ਔਖੀ ਘੜੀ ਹੁੰਦੀ ਹੈ। ਇਸ ਔਖੀ ਘੜੀ ਨੂੰ ਕੱਟਣਾ ਬਹੁਤ ਮੁਸ਼ਕਲ ਹੁੰਦਾ ਹੈ। ਇਸੇ ਲਈ ਗੁਰਬਾਣੀ ਵਿਚ ਵੀ ਲਿਖਿਆ ਹੈ:

ਅਉਖੀ ਘੜੀ ਨ ਦੇਖਣ ਦੇਈ
ਅਪਨਾ ਬਿਰਦੁ ਸਮਾਲੇ॥        ਅੰਗ 682

ਭਾਵ ਇਹ ਕਿ ਹੇ ਸੱਚੇ ਪਾਤਸ਼ਾਹ ਮੈਨੂੰ ਔਖੀ ਘੜ੍ਹੀ ਨਾ ਦੇਖਣ ਦਈਂ। ਇਸ ਔਖੀ ਘੜੀ ਵਿਚੋਂ ਮੈਨੂੰ ਆਪਣਾ ਸਹਾਰਾ ਦੇ ਕੇ ਕੱਢ ਲਈਂ।ਪਰ ਇਸ ਔਖੀ ਘੜੀ ਦਾ ਵੀ ਇਕ ਦਿਨ ਖ਼ਤਮ ਹੋਣਾ ਜ਼ਰੂਰੀ ਹੁੰਦਾ ਹੈ। ਇਸ ਤੋਂ ਬਾਅਦ ਬੰਦਾ ਸਹਿਜ ਹੋਣਾ ਸ਼ੁਰੂ ਹੋ ਜਾਂਦਾ ਹੈ। ਅੰਗਰੇਜ਼ੀ ਵਿਚ ਕਹਿੰਦੇ ਹਨ ‘Time is a great healer.’ ਭਾਵ ਇਹ ਹੈ ਕਿ ਸਮਾਂ ਵੱਡ-ਵੱਡੇ ਜ਼ਖ਼ਮ ਭਰ ਦਿੰਦਾ ਹੈ। ਜਿਸ ਘਰ ਵਿਚ ਕਦੀ ਵੈਣ ਪੈਂਦੇ ਸਨ ਉਸ ਘਰ ਵਿਚ ਫਿਰ ਤੋਂ ਕਿਲਕਾਰੀਆਂ ਗੂੰਜਣ ਲੱਗ ਪੈਂਦੀਆਂ ਹਨ।
ਜ਼ਿੰਦਗੀ ਵਿਚ ਹਾਦਸੇ ਵਾਪਰਦੇ ਹੀ ਰਹਿੰਦੇ ਹਨ। ਹਾਦਸੇ ਹੌਸਲੇ ਨਾਲ ਹੀ ਕੱਟੇ ਜਾਂਦੇ ਹਨ। ਦਿਲ ਛੱਡਿਆਂ ਗੱਲ ਨਹੀਂ ਬਣਦੀ। ਜੇ ਅਸੀਂ ਘਬਰਾ ਕੇ ਦਿਲ ਛੱਡ ਦਿੰਦੇ ਹਾਂ ਤਾਂ ਸਾਡੇ ਇਹ ਦੁੱਖ ਹੌਲੀ-ਹੌਲੀ ਧੂਏਂ ਦਾ ਭੂਤ ਬਣ ਕੇ ਸਾਨੂੰ ਡਰਾਉਂਦੇ ਰਹਿੰਦੇ ਹਨ। ਇਸ ਲਈ ਦੁੱਖਾਂ ਤੋਂ ਨਾ ਹੀ ਘਬਰਾਓ ਅਤੇ ਨਾ ਹੀ ਦਿਲ ਛੱਡੋ। ਜੇ ਚਾਨਣ ਦੀ ਇਕ ਬਰੀਕ ਜਿਹੀ ਕਿਰਨ ਗ਼ਹਿਰੇ ਤੋਂ ਗ਼ਹਿਰੇ ਹਨੇਰੇ ਨੂੰ ਚੀਰਨ ਦੀ ਸ਼ਕਤੀ ਰੱਖਦੀ ਹੈ ਤਾਂ ਤੁਹਾਡਾ ਥੋੜ੍ਹਾ ਜਿਹਾ ਹੌਸਲਾ ਹੀ ਤੁਹਾਨੂੰ ਗਮਾਂ ਦੇ ਹਨੇਰੇ ਵਿਚੋਂ ਕੱਢਣ ਦੀ ਤਾਕਤ ਰੱਖਦਾ ਹੈ। ਆਪਣੇ ਨਿੱਜ-ਬਲ 'ਤੇ ਯਕੀਨ ਰੱਖੋ। ਯਾਦ ਰੱਖੋ ਕਿ ਉੱਗਣ ਵਾਲੇ ਤਾਂ ਪੱਥਰ ਦਾ ਸੀਨਾ ਪਾੜ ਕੇ ਵੀ ਉੱਗ ਪੈਂਦੇ ਹਨ ਅਤੇ ਦੁਨੀਆਂ ਨੂੰ ਆਪਣਾ ਸਿਰ ਉੱਚਾ ਚੁੱਕ ਕੇ ਆਪਣੀ ਹਸਤੀ ਪ੍ਰਗਟ ਕਰਦੇ ਹਨ। ਕੋਈ ਤਫ਼ਾਨ, ਕੋਈ ਭੁਚਾਲ ਉਨ੍ਹਾਂ ਨੂੰ ਖ਼ਤਮ ਨਹੀਂ ਕਰ ਸਕਦਾ। ਉਨ੍ਹਾਂ ਦਾ ਤਾਂ ਜਨਮ ਹੀ ਤੁਫ਼ਾਨਾਂ ਦਾ ਮੁਕਾਬਲਾ ਕਰਨ ਲਈ ਹੁੰਦਾ ਹੈ। ਇਸ ਬਾਰੇ ਕਵੀ ਇਕਬਾਲ ਨੇ ਠੀਕ ਲਿਖਿਆ ਹੈ ਕਿ:

ਕੁੱਛ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ,
ਸਦੀਉਂ ਰਹਾ ਹੈ ਦੁਸ਼ਮਨ, ਦੌਰੇ ਜ਼ਮਾਂ ਹਮਾਰਾ।

ਇੱਥੇ ਸਾਨੂੰ ਇਹ ਗੱਲ ਵੀ ਮਨ ਵਿਚ ਵਸਾ ਲੈਣੀ ਚਾਹੀਦੀ ਹੈ ਕਿ ਇਹ ਦੁੱਖ ਦੇ ਬੱਦਲ ਸਾਡੇ ਤੇ ਹਮੇਸ਼ਾਂ ਲਈ ਹੀ ਨਹੀਂ ਮੰਡਰਾਉਂਦੇ ਰਹਿ ਸਕਦੇ। ਇਹ ਤਾਂ ਜ਼ਿੰਦਗੀ ਦਾ ਇਕ ਹਿੱਸਾ ਹੀ ਹੈ। ਦੁੱਖ ਤੋਂ ਬਾਅਦ ਸੁੱਖ ਨੇ ਤਾਂ ਇਕ ਦਿਨ ਆਉਣਾ ਹੀ ਹੈ। ਜੇ ਸਾਡੇ ਸੁੱਖ ਦੇ ਦਿਨ ਨਹੀਂ ਰਹੇ ਤਾਂ ਦੁੱਖ ਦੇ ਦਿਨ ਵੀ ਨਹੀਂ ਰਹਿਣ ਵਾਲੇ। ਇਨ੍ਹਾਂ ਨੂੰ ਵੀ ਇਕ ਦਿਨ ਜਾਣਾ ਹੀ ਪੈਣਾ ਹੈ। ਅਜਿਹੀ ਉਸਾਰੂ ਸੋਚ ਵੀ ਸਾਡੇ ਔਖੇ ਸਫ਼ਰ ਨੂੰ ਸੌਖਾ ਕਰਨ ਵਿਚ ਸਹਾਈ ਹੁੰਦੀ ਹੈ। ਕਹਿੰਦੇ ਹਨ ਜਬ ਤੱਕ ਸਾਸ ਤਬ ਤੱਕ ਆਸ। ਜਾਣੀ ਬੰਦਾ ਉਮੀਦ ਦੇ ਹੀ ਸਹਾਰੇ ਜ਼ਿੰਦਾ ਹੈ।
ਇਕ ਹਿੰਦੀ ਫਿਲਮ ਦਾ ਗੀਤ ਬਹੁਤ ਹੀ ਸੁੰਦਰ ਹੈ ਜੋ ਬੰਦੇ ਨੂੰ ਦੁੱਖਾਂ ਵਿਚੋਂ ਕੱਢ ਕੇ ਉਤਸ਼ਾਹ ਦੇਣ ਵਾਲਾ ਹੈ:

ਕਿਸ ਕੇ ਰੋਕੇ ਰੁਕਾ ਹੈ ਸਵੇਰਾ
ਰਾਤ ਭਰ ਕਾ ਹੈ ਮਹਿਮਾਂ ਅੰਧੇਰਾ
ਰਾਤ ਜਿਤਨੀ ਭੀ ਸੰਗੀਨ ਹੋਗੀ
ਸੁਬਹਾ ਉਤਨੀ ਹੀ ਰੰਗੀਨ ਹੋਗੀ।

ਰਾਤ ਦੇ ਹਨੇਰੇ ਨੂੰ ਤਾਂ ਅਸੀਂ ਬਲਬ ਜਾਂ ਟਿਊਬ ਦੀ ਰੌਸ਼ਨੀ ਨਾਲ ਵੀ ਦੂਰ ਕਰ ਸਕਦੇ ਹਾਂ। ਰਸਤੇ ਦਾ ਹਨੇਰਾ ਵੀ ਸਟਰੀਟ ਲਾਈਟ ਜਾਂ ਸਕੂਟਰ ਅਤੇ ਕਾਰ ਦੀ ਰੌਸ਼ਨੀ ਨਾਲ ਦੂਰ ਕੀਤਾ ਜਾ ਸਕਦਾ ਹੈ ਪਰ ਇੱਥੇ ਕਵੀ ਦਾ ਮਤਲਬ ਗ਼ਮਾਂ ਦੇ ਹਨੇਰੇ ਤੋਂ ਹੈ। ਗ਼ਮ ਬਹੁਤੀ ਦੇਰ ਟਿਕਣ ਵਾਲੇ ਨਹੀਂ। ਇਕ ਦਿਨ ਜ਼ਿੰਦਗੀ ਵਿਚ ਸਵੇਰਾ ਜ਼ਰੂਰ ਹੋਵੇਗਾ ਭਾਵ ਤੁਹਾਡੇ ਦੁੱਖ ਦੂਰ ਹੋਣਗੇ ਅਤੇ ਜ਼ਿੰਦਗੀ ਵਿਚ ਖ਼ੁਸ਼ੀ ਵੀ ਜ਼ਰੂਰ ਆਏਗੀ।
ਜ਼ਿੰਦਗੀ ਵਿਚ ਦੁੱਖ ਕੇਵਲ ਮਨੁੱਖ ਨੂੰ ਢਾਹ ਲਾਉਣ ਲਈ ਹੀ ਨਹੀਂ ਆਉਂਦੇ ਸਗੋਂ ਦੁੱਖਾਂ ਦਾ ਉਸਾਰੂ ਪੱਖ ਵੀ ਹੈ। ਦੁੱਖ ਦੀ ਘੜੀ ਦੇ ਲਾਭ ਵੀ ਹਨ। ਜਿਸ ਨੇ ਕੋਈ ਦੁੱਖ ਨਹੀਂ ਦੇਖਿਆ ਉਹ ਸੁੱਖ ਦਾ ਵੀ ਆਨੰਦ ਨਹੀਂ ਮਾਣ ਸਕਦਾ। ਜਿਸ ਬੰਦੇ ਨੂੰ ਮਿਹਨਤ ਤੋਂ ਬਿਨਾਂ ਅਣ-ਕਮਾਇਆ ਧਨ ਜਾਂ ਉੱਚਾ ਅਹੁਦਾ ਮਿਲ ਜਾਏ ਉਹ ਐਸ਼ ਪ੍ਰਸਤੀ ਅਤੇ ਵਿਸ਼ੇ ਵਿਕਾਰਾਂ ਵਿਚ ਪੈ ਜਾਂਦਾ ਹੈ ਅਤੇ ਦੂਜੇ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ। ਉਸ ਨੂੰ ਸਖ਼ਤ ਮਿਹਨਤ ਕਰਨ ਦੀ ਆਦਤ ਵੀ ਨਹੀਂ ਪੈਂਦੀ। ਮਿਹਨਤ ਨਾਲ ਹੀ ਸਰੀਰ ਅਤੇ ਦਿਮਾਗ਼ ਦਾ ਵਿਕਾਸ ਹੁੰਦਾ ਹੈ। ਉਹ ਲਗਾਤਾਰ ਸਫ਼ਲਤਾ ਦੀਆਂ ਪੌੜਆਂ ਚੜ੍ਹਦਾ ਹੈ ਅਤੇ ਉਸ ਨੂੰ ਖ਼ੁਸ਼ੀ ਪ੍ਰਾਪਤ ਹੁੰਦੀ ਹੈ। ਇਸੇ ਲਈ ਗੁਰਬਾਣੀ ਵਿਚ ਲਿਖਿਆ ਹੈ ਕਿ, ''ਦੁੱਖ ਦਾਰੂ ਸੁੱਖ ਰੋਗ ਭਇਆ।'' ਬੰਦੇ ਦੇ ਦੁੱਖ ਮਿੱਤਰਤਾ ਨੂੰ ਪਰਖਣ ਦੀ ਸਭ ਤੋਂ ਵੱਡੀ ਕਸੌਟੀ ਹੈ। ਦੁੱਖ ਸਮੇਂ ਹੀ ਮਨੁੱਖ ਨੂੰ ਆਪਣੇ ਅਤੇ ਬੇਗਾਨੇ ਦੀ ਸਮਝ ਪੈਂਦੀ ਹੈ। ਦੁੱਖ ਵਿਚ ਮਤਲਬੀ ਯਾਰ ਸਾਥ ਛੱਡ ਜਾਂਦੇ ਹਨ।
ਦੁੱਖ ਵਿਚ ਹੀ ਮਨੁੱਖ ਨੂੰ ਸਬਰ-ਸੰਤੋਖ ਦੀ ਆਦਤ ਪੈਂਦੀ ਹੈ। ਦੁੱਖ ਵਿਚ ਮਨੁੱਖ ਦਾ ਹੰਕਾਰ ਘਟਦਾ ਹੈ। ਉਸ ਨੂੰ ਆਪਣੇ ਸਾਥੀਆਂ ਦੇ ਸਾਥ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ। ਉਹ ਆਪਣੇ ਆਪ ਨਾਲ ਅਤੇ ਸਮਾਜ ਨਾਲ ਜੁੜਦਾ ਹੈ। ਉਹ ਆਪਣੇ ਕਰਮਾਂ ਦੀ ਨਿਰਪੱਖ ਹੋ ਕੇ ਪੜਚੋਲ ਕਰਦਾ ਹੈ। ਉਹ ਪ੍ਰਮਾਤਮਾ ਦੀ ਸ਼ਰਨ ਵਿਚ ਵੀ ਆਉਂਦਾ ਹੈ ਅਤੇ ਮਾੜੇ ਕੰਮਾਂ ਤੋਂ ਤੋਬਾ ਕਰਦਾ ਹੈ। ਉਹ ਨਵੇਂ ਉਤਸ਼ਾਹ ਨਾਲ ਹੰਭਲਾ ਮਾਰਦਾ ਹੈ ਅਤੇ ਆਪਣੀ ਹਾਰ ਨੂੰ ਹਰ ਹੀਲੇ ਜਿੱਤ ਵਿਚ ਬਦਲਣ ਦੀ ਕੋਸ਼ਿਸ਼ ਕਰਦਾ ਹੈ। ਉਹ ਅਸਫ਼ਲਤਾ ਤੋਂ ਕੁਝ ਸਿਖੱਣ ਦੀ ਕੋਸ਼ਿਸ਼ ਕਰਦਾ ਹੈ। ਉਸ ਨੂੰ ਪਤਾ ਚਲਦਾ ਹੈ ਕਿ ਅਸਫ਼ਲਤਾ ਵੀ ਸਫ਼ਲਤਾ ਦੀ ਪੌੜੀ ਹੈ। ਸੁੱਖ ਦੀ ਆਸ ਮਨੁੱਖ ਲਈ ਰੌਸ਼ਨ ਮਿਨਾਰੇ ਦਾ ਕੰਮ ਕਰਦੀ ਹੈ।ਆਉਣ ਵਾਲੇ ਸੁੱਖ ਦੀ ਆਸ ਉਸ ਦਾ ਹਨੇਰੇ ਵਿਚ ਮਾਰਗ ਦਰਸ਼ਨ ਕਰਦੀ ਹੈ। ਉਸ ਵਿਚ ਇਕ ਨਵਾਂ ਉਤਸ਼ਾਹ ਪੈਦਾ ਹੁੰਦਾ ਹੈ।
ਕਿਸਮਤ ਦੀ ਬਜਾਏ ਹਮੇਸ਼ਾਂ ਆਪਣੇ ਕਰਮ 'ਤੇ ਵਿਸ਼ਵਾਸ ਰੱਖੋ। ਆਪਣੇ ਆਉਣ ਵਾਲੇ ਸੁੱਖਾਂ ਦਾ ਅਤੇ ਦੁੱਖਾਂ ਤੋਂ ਬਚਣ ਦਾ ਵਸੀਲਾ ਆਪਣੇ ਕਰਮਾਂ ਨਾਲ ਕਰੋ। ਗ਼ਰੀਬੀ ਇਕ ਬਹੁਤ ਵੱਡੀ ਲਾਹਣਤ ਹੈ। ਇਸ ਤੋਂ ਬਚਣਾ ਚਾਹੀਦਾ ਹੈ। ਆਉਣ ਵਾਲੇ ਕਿਸੇ ਅਚਾਨਕ ਖ਼ਰਚੇ ਨੂੰ ਪੂਰਾ ਕਰਨ ਲਈ ਅੱਜ ਹੀ ਥੋੜ੍ਹੀ ਥੋੜ੍ਹੀ ਬੱਚਤ ਕਰਨ ਦੀ ਆਦਤ ਪਾਓ ਤਾਂ ਕਿ ਕਿਸੇ ਬਿਮਾਰੀ, ਦੁਰਘਟਨਾ ਜਾਂ ਕਿਸੇ ਹੋਰ ਨੁਕਾਸਾਨ ਦੀ ਭਰਪਾਈ ਉਸ ਬੱਚਤ ਵਿਚੋਂ ਅਸਾਨੀ ਨਾਲ ਕੀਤੀ ਜਾ ਸਕੱੇ। ਐਵੇਂ ਕਿਸੇ ਦੂਸਰੇ ਅੱਗੇ ਅਜਿਹੇ ਸਮੇਂ ਹੱਥ ਨਾ ਅੱਡਣਾ ਪਏ। ਦੂਸਰਾ ਸਾਨੂੰ ਸਾਥੀਆਂ ਨਾਲ ਸਬੰਧ ਸੁਖਾਵੇਂ ਬਣਾ ਕੇ ਰੱਖਣੇ ਚਾਹੀਦੇ ਹਨ ਤਾਂ ਕਿ ਔਖੀ ਘੜੀ ਵਿਚ ਉਹ ਸਾਡੇ ਨਾਲ ਖੜ੍ਹ ਸਕੱਣ ਅਤੇ ਸਾਡੀ ਮਦਦ ਕਰ ਸਕਣ। ਔਖੀ ਘੜ੍ਹੀ ਵਿਚ ਜੇ ਕੋਈ ਹਮਦਰਦ ਨਾਲ ਹੋਵੇ ਤਾਂ ਬੰਦੇ ਦਾ ਹੌਸਲਾ ਵਧਦਾ ਹੈ। ਉਹ ਇਸ ਔਖੇ ਸਮੇਂ ਨੂੰ ਉਹ ਆਸਾਨੀ ਨਾਲ ਟਪਾ ਲੈਂਦਾ ਹੈ। ਇਸ ਤੋਂ ਇਲਾਵਾ ਸਾਨੂੰ ਦੂਜੇ ਲੋਕਾਂ ਨਾਲ, ਭਾਵੇਂ ਉਹ ਆਰਥਿਕ ਪੱਖ ਤੋਂ ਸਾਡੇ ਨਾਲੋਂ ਕਮਜੋਰ ਹੀ ਕਿਉਂ ਨਾ ਹੋਣ, ਪਿਆਰ ਅਤੇ ਹਮਦਰਦੀ ਨਾਲ ਰਹਿਣਾ ਚਾਹੀਦਾ ਹੈ। ਉਨ੍ਹਾਂ ਨਾਲ ਕਿਸੇ ਕਿਸਮ ਦੀ ਨਫ਼ਰਤ ਨਹੀਂ ਕਰਨੀ ਚਾਹੀਦੀ, ਨਾ ਹੀ ਉਨ੍ਹਾਂ ਨੂੰ ਆਪਣੇ ਤੋਂ ਕਿਸੇ ਗੱਲੋਂ ਘਟੀਆ ਸਮਝਣਾ ਚਾਹੀਦਾ ਹੈ। ਸਾਨੂੰ ਦੀਨ ਦੁੱਖੀ ਦੀ ਆਪਣੀ ਸਮਰੱਥਾ ਅਨੁਸਾਰ ਮਦਦ ਕਰਨੀ ਚਾਹੀਦੀ ਹੈ। ਜੇ ਅੱਜ ਅਸੀਂ ਕਿਸੇ ਦੀ ਮਦਦ ਕਰਾਂਗੇ ਤਾਂ ਕੱਲ੍ਹ ਨੂੰ ਸਾਡੇ ਔਖੇ ਸਮੇਂ ਵੀ ਸਾਡੀ ਮਦਦ ਲਈ ਦੋ ਹੱਥ ਜ਼ਰੂਰ ਅੱਗੇ ਆਉਣਗੇ। ਇੱਥੇ ਕਰਮਾਂ 'ਤੇ ਹੀ ਨਿਬੇੜੇ ਹੁੰਦੇ ਹਨ। ਆਪਣਾ ਬੀਜਿਆ ਹੋਇਆ ਹੀ ਵੱਢਣਾ ਪੈਂਦਾ ਹੈ। ਕਦੀ ਕਿਸੇ ਦੁਖੀ ਅਤੇ ਲਾਚਾਰ ਬੰਦੇ ਦਾ ਮਜ਼ਾਕ ਨਾ ਉਡਾਓ, ਨਾ ਹੀ ਉਸ ਦੀ ਬੇਵੱਸੀ ਦਾ ਫ਼ਾਇਦਾ ਉਠਾਉ। ਜਦ ਜੀਵਨ ਵਿਚ ਸਫ਼ਲਤਾ ਮਿਲੇ ਜਾਂ ਚੰਗੇ ਦਿਨ ਆਉਣ ਤਾਂ ਘੁਮੰਡ ਨਾ ਕਰੋ ਕਿਉਂਕਿ ਸਮਾਂ ਤਾਂ ਬਦਲਦਾ ਹੀ ਰਹਿੰਦਾ ਹੈ। ਦੁੱਖ ਸੁੱਖ ਤਾਂ ਜ਼ਿੰਦਗੀ ਵਿਚ ਆਉਂਦੇ ਜਾਂਦੇ ਹੀ ਰਹਿੰਦੇ ਹਨ। ਚੰਗੇ ਸਮੇਂ ਵਿਚ ਆਪਣੀ ਔਕਾਤ ਨਾ ਭੁੱਲੋ ਅਤੇ ਨਾ ਹੀ ਦੂਸਰਿਆਂ ਨਾਲ ਨਫ਼ਰਤ ਕਰੋ।
ਜਦ ਦੀ ਮਨੁੱਖਤਾ ਹੌਂਦ ਵਿਚ ਆਈ ਹੈ ਤਦ ਦੀਆਂ ਕੁਦਰਤ ਦੀਆਂ ਕੁਰੋਪੀਆਂ ਵੀ ਆਉਂਦੀਆਂ ਹੀ ਰਹੀਆਂ ਹਨ ਅਤੇ ਤਬਾਹੀ ਮਚਾਉਂਦੀਆਂ ਹੀ ਰਹੀਆਂ ਹਨ ਪਰ ਮਨੁੱਖਤਾ ਫਿਰ ਵੀ ਜਿਊਂਦੀ ਰਹੀ ਹੈ।ਮਨੁੱਖ ਮਰ ਮਰ ਕੇ ਫਿਰ ਵੀ ਉੱਠਦਾ ਰਿਹਾ ਹੈ। ਉਹ ਬਚੇ ਹੋਏ ਤੀਲਿਆਂ ਨਾਲ ਹੀ ਫਿਰ ਤੋਂ ਆਪਣਾ ਆਸ਼ਿਆਨਾ ਬਣਾਉਂਦਾ ਰਿਹਾ ਹੈ ਅਤੇ ਆਪਣੀ ਹੌਂਦ ਪ੍ਰਗਟ ਕਰਦਾ ਰਿਹਾ ਹੈ। ਹਰ ਤੁਫ਼ਾਨ ਤੋਂ ਬਾਅਦ ਮਨੁੱਖ ਜੇਤੂ ਬਣ ਕੇ ਹੀ ਉਭਰਿਆ ਹੈ। ਮਨੁੱਖ ਹਮੇਸ਼ਾਂ ਕੁਦਰਤ ਨਾਲ ਲੋਹਾ ਲੈਂਦਾ ਹੀ ਰਿਹਾ ਹੈ। ਅੱਜ ਤੱਕ ਕੋਈ ਤੁਫ਼ਾਨ, ਕੋਈ ਭੁਚਾਲ ਜਾਂ ਹੋਰ ਕੋਈ ਆਫ਼ਤ ਮਨੁੱਖ ਨੂੰ ਹਰਾ ਕੇ ਉਸ ਦੀ ਹੋਂਦ ਖ਼ਤਮ ਨਹੀਂ ਕਰ ਸਕੀ। ਉਹ ਬੁਲੰਦੀਆਂ ਨੂੰ ਸਰ ਕਰਦਾ ਹੋਇਆ ਹੀ ਅੱਜ ਦੇ ਮੁਕਾਮ 'ਤੇ ਪਹੁੰਚਿਆ ਹੈ। ਇਸ ਸਮੇਂ ਉਸ ਦੀ ਧਰਤੀ, ਅਕਾਸ਼ ਅਤੇ ਸਮੁੰਦਰ 'ਤੇ ਪੂਰੀ ਸਰਦਾਰੀ ਹੈ।
ਤੁਸੀਂ ਵੀ ਇਕ ਮਨੁੱਖ ਹੋ। ਇਸ ਲਈ ਉੱਠੋ ਅਤੇ ਹੌਸਲਾ ਕਰੋ। ਹੰਭਲਾ ਮਾਰੋ। ਇਕ ਨਵਾਂ ਸਵੇਰਾ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ। ਦੁੱਖਾਂ ਤਕਲੀਫ਼ਾਂ ਤੋਂ ਨਾ ਘਬਰਾਉ। ਦੁੱਖ ਤਾਂ ਆਉਂਦੇ ਹੀ ਰਹਿੰਦੇ ਹਨ। ਤੁਸੀਂ ਕੋਈ ਲੂਣ ਨਹੀਂ ਜੋ ਪਾਣੀ ਦੇ ਦੋ ਥਪੇੜਿਆਂ ਵਿਚ ਘੁਲ ਜਾਓਗੇ। ਨਾ ਹੀ ਤੁਸੀਂ ਕੋਈ ਮੋਮ ਦਾ ਟੁੱਕੜਾ ਹੋ ਜੋ ਥੋੜ੍ਹੀ ਜਿਹੀ ਧੁੱਪ ਨਾਲ ਹੀ ਪਿਘਲ ਜਾਉਗੇ। ਤੁਸੀਂ ਇਕ ਇਨਸਾਨ ਹੋ। ਇਕ ਬਹਾਦੁਰ ਇਨਸਾਨ। ਫਿਰ ਡਰ ਕਾਹਦਾ? ਆਪਣੀ ਸ਼ਕਤੀ ਨੂੰ ਪਛਾਣੋ ਅਤੇ ਦੁੱਖਾਂ ਦਾ ਸਾਹਮਣਾ ਕਰੋ। ਇਕ ਦਿਨ ਜਿੱਤ ਤੁਹਾਡੀ ਹੀ ਹੋਣੀ ਹੈ। ਇਨ੍ਹਾਂ ਦੁੱਖਾਂ ਨੇ ਹਨੇਰੇ ਦੀ ਤਰ੍ਹਾਂ ਹੀ ਭੱਜ ਜਾਣਾ ਹੈ।
*****
ਗੁਰਸ਼ਰਨ ਸਿੰਘ ਕੁਮਾਰ

# 1183, ਫੇਜ਼-10, ਮੁਹਾਲੀ
ਮੋਬਾਇਲ:-8360842861
email:gursharan@yahoo.in

01 Oct. 2018