MediaPunjab - ਪਾਠਕਾਂ ਦੇ ਪੱਤਰ
ਪਾਠਕਾਂ ਦੇ ਪੱਤਰ

ਸਤਿਕਾਰ ਯੋਗ ਬਾਜਵਾ ਜੀ

ਸਤਿ ਸ੍ਰੀ ਅਕਾਲ ,
ਆਪ ਜੀ ਦਾ  ਬਹੁਤ ਬਹੁਤ ਧੰਨਵਾਦ! ਜੋ ਕਿ ਤੁਸੀ ਵੀਰ ਜੱਗੀ ਕੁੱਸਾ ਦਾ ਨਾਵਲ   ਦਿਲਾਂ ਦੀ ਜੂਹ  ਕਿਸ਼ਤਾਂ ਵਿਚ ਛਾਪਨਾ ਸ਼ੁਰੂ ਕੀਤਾ ਹੈ ਜੀ!! ਨਾਵਲ ਪੁਰਾਣੇ ਅਤੇ ਅਜੋਕੇ ਪੰਜਾਬ ਦੀ ਸਮਾਜਿਕ ਅਤੇ ਘਰੇਲੂ ਹਾਲਤਾਂ ਦਾ ਪੇਡੂ ਬੋਲੀ ਵਿਚ ਸੰਵਾਦ ਬਹੁਤ ਹੀ ਰੋਚਕ ਹੈ !! ਨਾਵਲ ਵਾਰ ਵਾਰ ਪੜ੍ਹਣ ਤੇ ਹਰ ਵਾਰ ਕੁਝ ਨਵੇਂ ਸ਼ਬਦ ਸਿਖਣ ਨੂੰ ਮਿਲਦੇ ਹਨ! ਜੋ ਕ‍ਿ ਅੱਜ ਦੇ ਪੰਜਾਬੀ ਬੋਲੀ ਵਿਚ ਮਰਦੇ ਜਾ ਰਹੇ ਹਨ!! ਕੁੱਸਾ ਜੀ ਨਾਵਲ ਦੇ ਨਾਲ ਨਾਲ ਮਰ ਰਹੇ ਸ਼ਬਦਾਂ ਨੂੰ ਦੁਬਾਰਾ ਜਿੰਦਾ ਕਰਨ ਦਾ ਕਾਰਜ ਵੀ ਕਰ ਰਹੇ ਹਨ! ਮੁਹਾਵਰੇ ਜੋ ਅੱਜ ਦੀ ਨੌਜਵਾਨ ਪੀੜੀ ਨੂੰ ਪਤਾ ਹੀ ਨਹੀਂ ਹਨ ,ਬਲਕਿ ਮੈਨੂੰ ਵੀ ਨਹੀਂ ਪਤਾ ਉਹ ਲਿਖ ਰਹੇ ਹਨ! ਆਪ ਜੀ ਦਾ ਅਤੇ ਵੀਰ ਕੁੱਸਾ ਦਾ ਤਹਿ ਦਿਲੋਂ ਸ਼ੁਕਰੀਆ!!

ਆਪ ਜੀ ਦਾ ਸ਼ੁਭਚਿੰਤਕ
ਅਦਰਸ਼ ਪਾਲ ਸਿੰਘ ਘੋਤੜਾ 
ਕੋਲਨ  ਜਰਮਨੀ

ਸਤਿਕਾਰਯੋਗ ਸੰਪਾਦਕ ਜੀਓ,

ਸਤਿ ਸ੍ਰੀ ਅਕਾਲ।                                  3 ਫਰਵਰੀ, 2017

ਲੇਖ ਵਿੱਚ ਭੁਲੇ ਨਾਮਧਾਰੀ ਸਿੰਘ ਸ਼ਹੀਦਾਂ ਨੂੰ ਯਾਦ ਕਰਦਿਆਂ

ਚਰਨਜੀਤ ਕੌਰ ਧਾਲੀਵਾਲ ਦੇ ਲੇਖ 'ਪਹਿਲੀ ਫਰਵਰੀ ਨੂੰ ਪ੍ਰਕਾਸ਼ ਸ਼ਤਾਬਦੀ 'ਤੇ ਵਿਸ਼ੇਸ਼ : ਕੂਕਾ ਅੰਦੋਲਨ ਦੇ ਮੋਢੀ -ਸਤਿਗੁਰੂ ਰਾਮ ਦਾਸ ਜੀ', ਵਿੱਚ ਲੇਖਿਕਾ ਵੱਲੋਂ ਦੋ ਵੱਖ ਵੱਖ ਅਸਥਾਨਾਂ ਉੱਤੇ ਵਾਪਰੀਆਂ ਦੋ ਵੱਖਰੀਆਂ ਘਟਨਾਵਾਂ 'ਤੇ ਅੰਗਰੇਜ਼ਾਂ ਵੱਲੋਂ ਸ਼ਹੀਦ ਕੀਤੇ ਗਏ ਪੰਜ ਸ਼ਹੀਦਾਂ ਦਾ ਜ਼ਿਕਰ ਨਹੀਂ ਕੀਤਾ ਗਿਆ। ਪਹਿਲੀ ਘਟਨਾ 15 ਸਤੰਬਰ, 1871 ਨੂੰ ਵਾਪਰੀ ਬੁੱਚੜ-ਬੱਧ (ਅੰਮ੍ਰਿਤਸਰ) ਦੇ ਨਾਮ ਨਾਲ ਜਾਣੀ ਜਾਂਦੀ ਹੈ। ਇਸ ਘਟਨਾ ਨਾਲ ਸਬੰਧਤ ਚਾਰ ਨਿਰਭੈ ਕੂਕਿਆਂ ਨੇ ਬੋਹੜ ਦੇ ਇਕ ਟਾਹਣੇ ਨਾਲ ਫਾਂਸੀ ਦੇਣ ਵਾਲੇ ਲਮਕਦੇ ਰੱਸਿਆਂ ਨੂੰ ਖ਼ੁਦ ਆਪਣੇ ਗਲਾਂ ਵਿੱਚ ਪਾਕੇ ਫਾਂਸੀ ਦੀ ਸਜ਼ਾ ਅਧੀਨ ਸ਼ਹੀਦੀ ਪਾਈ ਸੀ। ਇਨਾਂ੍ਹ ਨਾਮਧਾਰੀ ਸ਼ਹੀਦ ਸਿੰਘਾਂ ਦੇ ਨਾਮ: ਮਿਸਤਰੀ ਬਾਬਾ ਲਹਿਣਾ ਸਿੰਘ, ਬਾਬਾ ਫ਼ਤਿਹ ਸਿੰਘ ਭਾਟੜਾ, ਬਾਬਾ ਹਾਕਮ ਸਿੰਘ ਪਟਵਾਰੀ ਅਤੇ ਬਾਬਾ ਬਹਿਲਾ ਸਿੰਘ ਨਾਰਲੀ ਸਨ। ਦੂਜੀ ਘਟਨਾ ਜਿਵੇਂ ਕਿ ਲੇਖ ਵਿੱਚ ਆਇਆ ਹੈ 17 ਅਤੇ 18 ਜਨਵਰੀ, 1872 ਨੂੰ ਮਲੇਰਕੋਟਲੇ ਹੋਈ ਸੀ। ਇਸ ਘਟਨਾ ਦੌਰਾਨ ਲੇਖਿਕਾ ਨੇ ਤੋਪਾਂ ਨਾਲ ਉਡਾਏ ਅਤੇ ਸ਼ਹੀਦ ਕੀਤੇ ਸ਼ਹੀਦਾਂ ਦਾ ਜ਼ਿਕਰ ਤਾਂ ਕੀਤਾ ਹੈ, ਪ੍ਰੰਤੂ 17 ਜਨਵਰੀ ਨੂੰ 12 ਸਾਲ ਦੇ ਬੱਚੇ ਬਿਸ਼ਨ ਸਿੰਘ ਦੀ ਸ਼ਹੀਦੀ ਦਾ ਨਹੀਂ। ਇਸ ਬਾਲਕ ਦੀ ਕਾਵਨ ਡੀ. ਸੀ. ਨਾਲ ਤਕਰਾਰ ਹੋਈ ਸੀ ਅਤੇ ਨਿਡਰ ਸ਼ਹੀਦ ਬਿਸ਼ਨ ਸਿੰਘ ਨੇ ਕਾਵਨ ਦੀ ਦਾੜ੍ਹੀ ਫੜ ਕੇ ਜ਼ੋਰ ਦੀ ਝੱਟਕ ਦਿੱਤੀ ਸੀ। ਬਿਸ਼ਨ ਸਿੰਘ ਸ਼ਹੀਦ ਦੇ ਪਹਿਲਾਂ ਹੱਥ ਕੱਟੇ ਗਏ ਸਨ ਅਤੇ ਫਿਰ ਉਸਦਾ ਸਿਰ ਧੜ ਨਾਲੋਂ ਤਲਵਾਰ ਨਾਲ ਵੱਖ ਕਰ ਦਿੱਤਾ ਗਿਆ ਸੀ।

ਧੰਨਵਾਦ ਸਹਿਤ,
ਕੁਲਦੀਪ ਸਿੰਘ,
ਯੂਨੀਅਨ ਸਿਟੀ, ਕੈਲੀਫੋਰਨੀਆ (ਅਮਰੀਕਾ)
1-510-676-0248

ਸਤਿਕਾਰਯੋਗ ਸੰਪਾਦਕ ਜੀਓ

10 ਅਕਤੂਬਰ, 2016
ਸਤਿ ਸ੍ਰੀ ਅਕਾਲ।

ਭਾਈ ਕਾਨ੍ਹ ਸਿੰਘ ਦਾ ਪਿੰਡ 'ਪਿੱਥੋ' ਸੀ
  
ਸ. ਗੁਰਬਚਨ ਸਿੰਘ ਭੁੱਲਰ ਦੇ ਸੱਜਰੇ ਲੇਖ 'ਭਾਈ ਕਾਨ੍ਹ ਸਿੰਘ ਦੇ ਮਹਾਨ ਕੋਸ਼ ਦਾ ਦਿਲਚਪਸ ਇਤਿਹਾਸ - ਸਿਰੜ ਦੀ ਸ਼ਿੱਦਤ' ਜਾਣਕਾਰੀ ਭਰਪੂਰ, ਬੇਮਿਸਾਲ ਅਤੇ ਦਿਲਚਪਸ ਸੀ। ਇਸ ਵਿੱਚ ਲੇਖਕ ਨੇ ਭਾਈ ਸਾਹਿਬ ਕਾਨ੍ਹ ਸਿੰਘ ਦੇ ਪੁਰਖਿਆਂ ਦਾ ਪਿੰਡ (ਲੇਖਕ ਦੇ) ਆਪਣੇ ਪਿੰਡ ਹੋਣ ਨੂੰ ਹੀ ਲਿਖਿਆ ਹੈ, ਪ੍ਰੰਤੂ ਉਸ ਪਿੰਡ ਦਾ ਨਾਮ ਨਹੀਂ ਲਿਖਿਆ। ਉਸ ਪਿੰਡ ਦਾ ਨਾਮ ਦਸਣਾ ਜਰੂਰੀ ਸਮਝਿਆ। ਇਹ ਪਿੰਡ  'ਪਿੱਥੋ' (ਜਿਲਾ੍ਹ ਬਠਿੰਡਾ) ਹੈ। ਭਾਈ ਸਾਹਿਬ ਕਾਨ੍ਹ ਸਿੰਘ ਨਾਭਾ ਦੇ ਪੜਦਾਦਾ ਬਾਬਾ ਨੌਧ ਸਿੰਘ ਜੀ ਪਿੰਡ ਪਿੱਥੋ (ਰਿਆਸਤ ਨਾਭਾ) ਦੇ ਚੌਧਰੀ ਸਨ।

ਧੰਨਵਾਦ ਸਹਿਤ,
ਕੁਲਦੀਪ ਸਿੰਘ,
ਯੂਨੀਅਨ ਸਿਟੀ, ਕੈਲੀਫੋਰਨੀਆ (ਅਮਰੀਕਾ)
1-510-676-0248

ਸਤਿਕਾਰਯੋਗ ਸੰਪਾਦਕ ਜੀਓ,

27 ਸਤੰਬਰ, 2016
ਸਤਿ ਸ੍ਰੀ ਅਕਾਲ ।
 
ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਾਹਿਤਕ ਦੇਣ

ਅੰਗਰੇਜ ਸਿੰਘ ਹੁੰਦਲ ਦਾ 'ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾ-ਗੱਦੀ ਦਿਵਸ 'ਤੇ ਵਿਸ਼ੇਸ਼ ਲੇਖ' ਸੰਖੇਪ ਅਤੇ ਵਧੀਆ ਸੀ, ਪ੍ਰੰਤੂ ਲੇਖਕ ਗੁਰੂ ਜੀ ਦੀ ਸਾਹਿਤਕ ਦੇਣ ਦਾ ਜਿਕਰ ਕਰਨਾ ਭੁੱਲ ਗਿਆ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਬਾਣੀ ਦੀ ਰਚਨਾ ਵੀ ਕੀਤੀ ਸੀ। ਗੁਰੂ ਜੀ ਦੇ 63 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 9 ਵਾਰਾਂ 'ਚ ਦਰਜ ਹਨ। ਸ੍ਰੀ ਗੁਰੂ ਜੀ ਨੇ 'ਗੁਰਮੁਖੀ' ਲਿਪੀ 'ਚ ਬਾਣੀ ਲਿਖਣ, ਪੜ੍ਹਨ ਅਤੇ ਉਤਾਰੇ ਕਰਨ ਲਈ ਆਪਣੇ ਅਨੁਆਈਆਂ ਨੂੰ ਉਤਸ਼ਾਹਿਤ ਕੀਤਾ।  ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਕਾਰਾਂ ਅਤੇ ਯਾਦਾਂ ਨੂੰ ਸਦੀਵੀ ਤੌਰ 'ਤੇ ਸੰਭਾਲਣ ਲਈ ਜਨਮਸਾਖੀ ਲਿਖਵਾਈ ਅਤੇ ਇਸ ਤਰਾ੍ਹਂ ਪਹਿਲੀ ਵਾਰ ਸਿੱਖਾਂ ਵਿੱਚ ਜਨਮਸਾਖੀ-ਪਰੰਪਰਾ ਦਾ ਵਿਕਾਸ ਹੋਇਆ ਸੀ।

ਧੰਨਵਾਦ ਸਹਿਤ,
ਕੁਲਦੀਪ ਸਿੰਘ,
ਯੂਨੀਅਨ ਸਿਟੀ, ਕੈਲੀਫੋਰਨੀਆ (ਅਮਰੀਕਾ)
1-510-676-0248

ਮੀਡੀਆ ਪੰਜਾਬ ਦੀਆਂ ਕਲਮਾਂ ਦੇ ਕਿਆ ਹੀ ਕਹਿਣੇ, ਕਿਆ ਬਾਤ ਹੈ

ਮੀਡੀਆ ਪੰਜਾਬ ਦੇ ਸਿਰਨਾਵੇਂ-
ਮੀਡੀਆ ਪੰਜਾਬ ਦੀਆਂ ਕਲਮਾਂ ਦੇ ਕਿਆ ਹੀ ਕਹਿਣੇ, ਕਿਆ ਬਾਤ ਹੈ ਲਿਖਣ ਵਾਲਿਆਂ ਦੀ।  ਰਸ਼ਕ  ਹੁੰਦਾ ਹੈ ਸੱਤ ਸਮੁੰਦਰ ਪਾਰ ਬੈਠੈ ਵਰ੍ਹਿਆਂ ਬੱਧੀ ਦੇਸ਼ ਨਹੀਂ ਆਉਂਦੇ ਫਿਰ ਵੀ ਦੇਸ਼ ਲਈ ਇੰਨਾ ਦਰਦ ਰੱਖਦੇ ਨੇ।ਉਹਨਾਂ ਨੂੰ ਅਹਿਸਾਸ ਹੈ ਕਿ ਜੇ ਉਹ ਬੇਗਾਨੇ ਦੇਸ਼ ਵਿੱਚ ਬੈਠੈ ਹਨ ਤੇ ਆਪਣੇ ਦੇਸ਼ ਵਿਚਲੇ ਕਿੰਨੇ ਕੁ ਸੁਖੀ ਹਨ।ਪਰਦੇਸੀ ਵੀਰੋ ਇੰਨਾ ਤਾਂ ਕਹਿਣਾ ਬਣਦਾ ਹੈ ਕਿ ਤੁਸੀਂ ਸਾਡੇ ਨਾਲੋਂ ਸੁਖੀ ਹੋ।
ਮੁਨਸਿਫ਼ ਜਦ ਕਤਲ ਕਰੇ ਤਾਂ ਇਨਸਾਫ਼ ਕੌਣ ਕਰੇਗਾ?-
ਰਣਜੀਤ ਸਿੰਘ ਦੂਲ੍ਹੋ ਤਾਇਆ ਬਕਰੀਆ ਵਾਲਾ-ਨਿਕੇ ਜਿਹੇ ਵਾਕ ਵਿੱਚ ਵੱਡਾ ਸਾਰਾ ਅਰਥ ਪਰੋ ਦੇਂਦਾ ਹੈ। ਨਿਰਮਲ ਸਿੰਘ ਕੰਧਾਲਵੀ,ਦੇ ਚੁੰਞਾ ਪੰਚੇ,ਗੁਰਮੀਤ ਪਲਾਹੀ ਦੇ ਡੰਗ ਚੋਭਾਂ,ਬਹੁਤ ਖੁਬ..
ਗੁਰਮੀਤ ਕਡਿਆਲਵੀ,ਦੀਆਂ ਸਿਮਲੀਆਂ,ਜਿਵੇਂ ਸਾਹਵੇਂ ਅੱਖਰ ਬੋਲ ਰਹੇ ਹੋਣ,ਵਿਚਰ ਰਹੀ ਨੀਤੀ ਨੂੰ ਮਿਹਣਾ ਮਾਰ ਰਹੇ ਹੋਣ।
ਜਤਿੰਦਰ ਪੰਨੂੰ ਦਾ ਔਖਾ ਹਜ਼ਮ ਹੋਣ ਵਾਲਾ ਸੱਚ-ਕੇਹਰ ਸ਼ਰੀਫ ਦੇ ਮਸ਼ਕੂਲੇ ਆਜਾਦੀ ਦੇ ਸੱਤਰ ਸਾਲ ਵਿੱਚ ਸੱਤਰ ਮਿੰਟ ਵੀ ਆਜਾਦੀ ਨਹੀਂ ਮਾਣੀ ਮੱਧ ਵਰਗ ਨੇ।
ਅੇਸ ਸੁਰਿੰਦਰ ਇਟਲੀ ਦੇ ਹਰਫ਼ਾਂ ਵਿਚਲਾ ਹੇਰਵਾ ਅੱਖਾਂ ਨਮ ਕਰ ਦੇਂਦਾ ਹੈ।
ਮੇਰੀ ਮੀਡੀਆ ਪੰਜਾਬ ਦੇ ਪਾਠਕਾਂ ਨੂੰ ਬੇਨਤੀ ਹੈ ਪੜ੍ਹਨ ਦੇ ਨਾਲ ਲਿਖਣ ਦੀ ਆਦਤ ਵੀ ਬਣਾਓ ਤੇ ਲੇਖਕਾ ਦੇ ਨਾਮ ਪੱਤਰ ਲਿਖ ਕੇ ਉਹਨਾਂ ਦੀ ਹੌਂਸਲਾ ਅਫ਼ਜ਼ਾਈ ਕਰਿਆ ਕਰੋ।ਖ਼ੱਤ ਲਿਖਣ ਦੀ ਪਿਆਰੀ ਰੁਚੀ ਨੂੰ ਪ੍ਰਜਵਲਤ ਕਰੋ,ਕਿਤੇ ਫੋਨ ਦਾਯੁੱਗ ਇਸਨੂੰ ਨਿਗਲ ਨਾ ਲਵੇ!
ਮੀਡੀਆ ਪੰਜਾਬ ਆਨ ਲਾਈਨ ਪੜ੍ਹਿਆ ਜਾਣ ਵਾਲਾ ਸੱਭ ਤੋਂ ਵੱਧ ਗਿਣਤੀ ਵਾਲਾ ਹੈ।ਇਸਦੇ ਸਾਰੇ ਲੇਖਕ ਕਲਮਾ ਦੇ ਧਨੀ ਹਨ-ਮੇਰਾ ਸਲਾਮ ਹੈ ਇਹਨਾਂ ਕਲਮਾਂ ਨੂੰ।

ਰਣਜੀਤ ਕੌਰ ਤਰਨ ਤਾਰਨ 9780282816..

ਸਤਿਕਾਰਯੋਗ ਬਾਜਵਾ ਸਾਹਿਬ ਜੀਓ,

ਗੁਰ ਫ਼ਤਿਹ,

ਰੋਕੋ ਕੈਂਸਰ ਸੰਸਥਾ ਵਲੋਂ ਪੰਜਾਬੀ ਭਾਸ਼ਾ ਦੇ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਨੂੰ ਆਪਣਾ ਗਲੋਬਲ ਡਾਇਰੈਕਟਰ (ਪੀ.ਆਰ.) ਨਿਯੁਕਤ ਕਰਨ 'ਤੇ ਜੱਗੀ ਨੂੰ ਬਹੁਤ ਬਹੁਤ ਵਧਾਈਆਂ।ਮੈਨੂੰ ਪੂਰਨ ਉਮੀਦ ਹੈ ਕਿ ਜੱਗੀ ਦੀ ਹਰਮਨ ਪਿਆਰਤਾ ਰੋਕੋ ਕੈਂਸਰ ਮੁਹਿੰਮ ਨੂੰ ਹੋਰ ਵੀ ਬੁਲੰਦੀਆਂ ਵਲ ਲਿਜਾਣ ਵਾਸਤੇ ਸਹਾਈ ਹੋਵੇਗੀ।ਸਾਹਿਤਕ ਪੈੜਾਂ ਵਾਂਗ ਹੀ ਜੱਗੀ ਇਸ ਖੇਤਰ ਵਿਚ ਵੀ ਨਵੀਆਂ ਪੈੜਾਂ ਪਾ ਕੇ ਹਜ਼ਾਰਾਂ ਮਰੀਜ਼ਾਂ ਨੂੰ ਤੰਦਰੁਸਤੀ ਪ੍ਰਦਾਨ ਕਰਨ ਵਿਚ ਸਹਾਈ ਹੋਵੇਗਾ।ਬਕੌਲ ਸ਼ਾਇਰ:-

ਹਰ ਦੌਰ ਕੇ ਮਲਾਹ ਹਮੇਂ ਯਾਦ ਕਰੇਂਗੇ,
ਸਾਹਿਲ ਪੇ ਐਸੇ ਨਿਸ਼ਾਂ ਛੋੜ ਜਾਏਂਗੇ ਹਮ।

ਪਿਆਰ ਅਤੇ ਸਨੇਹ ਨਾਲ਼
ਨਿਰਮਲ ਸਿੰਘ ਕੰਧਾਲਵੀ (ਯੂ.ਕੇ.)