ਗ਼ਜਲ

ਗ਼ਜ਼ਲ - ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)

ਹੱਥੀਂ ਜ਼ਾਮ ਪਿਲਾਅ ਗਿਆ ਗੁੰਮਨਾਮ ਕੋਈ ।
ਸੁੱਤੀਆਂ ਕਲਾਂ ਜਗਾ ਗਿਆ ਗੁੰਮਨਾਮ ਕੋਈ ।

ਰੋੜ ਦਿੱਤੇ ਸੀ ਜਿਹੜੇ ਕਦੀ ਮੈਂ ਰਾਵੀ ਵਿਚ,
ਭਿੱਜੇ ਖੱਤ ਫੜਾ ਗਿਆ ਗੁੰਮਨਾਮ ਕੋਈ ।

ਰਾਸ ਨਾ ਆਈ ਸੇਜ ਫੁੱਲ ਤੇ ਕਲੀਆਂ ਦੀ,
ਕੰਡਿਆਂ ਉੱਤੇ ਪਾ ਗਿਆ ਗੁੰਮਨਾਮ ਕੋਈ ।

ਆਖਣ ਨੁੰ ਤਾਂ ਪੈਸਾ ਮੈਲ ਹੈ ਤਲੀਆਂ ਦੀ,
ਚੁੱਲਿਓਂ ਅੱਗ ਬੁਝਾ ਗਿਆ ਗੁੰਮਨਾਮ ਕੋਈ ।

ਹੱਥ ਨਈਂ ਆਇਆ ਕੁਝ ਵੀ ਖੜ ਕੇ ਗਲੀਆਂ 'ਚ
ਅੱਖੀਆਂ ਨਾਲ ਸਮਝਾਅ ਗਿਆ ਗੁੰਮਨਾਮ ਕੋਈ ।

ਮੁੱਦਤ ਮਗਰੋਂ ਮਿਲਿਆ ਚਾਅ ਵੀ ਲੱਥੇ ਨਾ,
ਕਾਹਨੂੰ ਫੇਰਾ ਪਾ ਗਿਆ ਗੁੰਮਨਾਮ ਕੋਈ ।

ਖੂਹ ਦੀਆਂ ਟਿੰਡਾਂ ਆਪਸ ਵਿਚ ਕਦੇ ਮਿਲੀਆਂ ਨਾ,
ਝੂਠੇ ਲਾਰੇ ਲਾ ਗਿਆ ਗੁੰਮਨਾਮ ਕੋਈ ।

ਔਖਾ ਬੜਾ ਏ ਰਸਤਾ ਇਸ਼ਕ ਮਜਾਜੀ ਦਾ,
ਮਾਹੀਏ ਟੱਪੇ ਗਾ ਗਿਆ ਗੁੰਮਨਾਮ ਕੋਈ ।

ਚੌ਼ਂਕ 'ਚ ਪੱਥਰ ਖਾਇਆਂ ਮੰਜਿਲ ਮਿਲਦੀ ਨਾਂ,
ਉਡੀਕ 'ਚ ਜਿੰਦ ਲੰਘਾ ਗਿਆ ਗੁੰਮਨਾਮ ਕੋਈ ।

ਰੱਬ ਨੂੰ ਪਾਉਣ ਸੌਖਾ ਯਾਰ ਨੁੰ ਔਖਾ ਏ,
ਅਸ਼ਕ ਨੂੰ ਭਰਮ 'ਚ ਪਾ ਗਿਆ ਗੁੰਮਨਾਮ ਕੋਈ ।