MediaPunjab - ਸਥਾਂ ਬੋਲਦੀਆਂ
ਸਥਾਂ ਬੋਲਦੀਆਂ

ਸੱਥਾਂ ਬੋਲਦੀਆਂ ਹਨ
ਅਦਾਰਾ ਮੀਡੀਆ ਪੰਜਾਬ ਮੀਡੀਆ ਪੰਜਾਬ ਅਫ਼ਬਾਰ ਦੇ ਸਮੂਹ ਪਾਠਕ ਵਰਗ ਲਈ ਇੱਕ ਨਵਾਂ ਕਾਲਮ" ਸੱਥਾਂ ਬੋਲਦੀਆਂ'' ਸ਼ੁਰੂ ਕਰਨ ਜਾ ਰਿਹਾ ਹੈ। ਲੇਖਕ ਸ: ਅਮਰਜੀਤ ਸਿੰਘ ਸਿੱਧੂ ਨੇ ਇਸ ਕਾਲਮ ਵਿੱਚ ਸਾਡੇ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ, ਪਿੰਡਾਂ ਦੀਆਂ ਸੱਥਾਂ ਵਿੱਚ ਬੈਠੇ ਲੋਕਾਂ (ਪਾਤਰਾਂ) ਦੀ ਜ਼ੁਬਾਨ ਵਿਚੋ ਕਹਾਉਣ ਦੀ ਕੋਸ਼ਿਸ਼ ਕਰਨਗੇ। ਜੋ ਦੁਖੀ ਮਨ ਨਾਲ ਗੰਦੀ ਸਿਆਸਤ, ਸਮਾਜਿਕ ਕੁਰੀਤੀਆਂ, ਭਰਿਸ਼ਟਾਚਾਰ ਤੇ ਫੋਕੀ ਸ਼ੋਹਰਤ ਲਈ ਉੱਠ ਰਹੇ ਵਾਵੇਲੇ ਨੂੰ ਉਜਾਗਰ ਕਰਦੀਆਂ ਹਨ । ਸਾਨੂੰ ਪੂਰਨ ਆਸ ਹੈ ਕਿ ਇਹ ਕਾਲਮ ਸਾਡੇ ਪਾਠਕ ਨੂੰ ਪਸੰਦ ਆਵੇਗਾ।

ਨੋਟ:- ਇਸ ਕਾਲਮ ਦੇ ਸਾਰੇ ਪਾਤਰਾਂ ਦੇ ਨਾਮ ਫਰਜ਼ੀ ਹਨ ਪਰ ਫਿਰ ਵੀ ਜੇ ਕਿਸੇ ਦਾ ਨਾਮ ਅਤੇ ਸਥਾਨ ਕਿਸੇ ਨਾਲ ਮੇਲ ਖਾ ਜਾਵੇ ਤਾਂ ਇਸ ਲਈ ਖਿਮਾਂ ਦੇ ਜਾਂਚਕ ਹਾਂ।

ਸੱਥਾਂ ਬੋਲਦੀਆਂ - ਅਮਰਜੀਤ ਸਿੰਘ ਸਿੱਧੂ

ਕੀ ਗੱਲ ਐ ਕਈ ਦਿਨ ਹੋ ਗਏ ਦਰਸ਼ਨ ਹੀ ਨਹੀਂ ਹੋਏ, ਕਿਧਰੇ ਵਾਂਡੇ ਗਿਆ ਸੀ। ਲੰਮੇ ਬਖਤੌਰੇ ਨੇ ਥੜੇ ਦੀਆਂ ਪੌੜੀਆਂ ਚੱੜਦੇ ਰੂਪ ਨੂੰ ਪੁੱਛਿਆ।
ਕੀ ਦੱਸਾਂ ਤਾਇਆ, ਹਫਤਾ ਹੋ ਗਿਆ ਦਫਤਰਾਂ ਵਿਚ ਧੱਕੇ ਖਾਦੇ ਫਿਰਦਿਆਂ ਨੂੰ। ਆਪਣੇ ਅਨਪੜ ਜੱਟ ਲਾਣੇ ਦਾ ਵੀ ਸਰਿਆ ਪਿਆ। ਕੋਈ ਵੀ ਕੰਮ ਸਹੀ ਟਾਇਮ ਤੇ ਨਹੀਂ ਕਰਦੇ।
ਬਾਈ ਐਹੋ ਜਿਹਾ ਕੀ ਹੋ ਗਿਆ ਵੱਡੇ ਭਾਈ, ਭਿੰਦਰ ਨੇ ਕਿਹਾ।
ਭਿੰਦਰਾ, ਆਪਣੇ ਬਾਘੇਪੁਰਾਣੇ ਵਾਲੇ ਪਰ੍ਹੌਣੇ ਹੋਰਾਂ ਦੀ ਪੈਲੀ ਮਸਤਰਕਾ ਖਾਤਾ ਹੀ ਪਿਆ ਦੋ ਪੀੜੀਆਂ ਤੋਂ। ਹੁਣ ਉਹਨਾਂ ਦੇ ਤਾਏ ਦਾ ਪੁੱਤ ਆਪਣੀ ਪੈਲੀ ਵੇਚਣੀ ਚਾਹੁੰਦਾ ਸੀ। ਜਦੋਂ ਉਹ ਪੈਲੀ ਵੇਚਣ ਲਈ ਪਟਵਾਰ ਖਾਨੇ ਗਿਆ ਤਾਂ ਪਟਵਾਰੀ ਨੇ ਫਰਦਾਂ ਵੇਖ ਕੇ ਉਸ ਨੂੰ ਦੱਸਿਆ ਕਿ ਤੇਰੇ ਹਿਸੇ ਤਾਂ ਤਿੰਨ ਕਿਲੇ ਹੀ ਆਉਦੇ ਐ।
ਉਹ ਕਹਿੰਦਾ ਪਟਵਾਰੀ ਸਾਹਿਬ ਮੇਰੇ ਹਿੱਸੇ ਸਾਢੇ ਚਾਰ ਕਿੱਲੇ ਆਉਦੇ ਐ।
ਪਟਵਾਰੀ ਕਹਿਣ ਲੱਗਾ ਕਿ ਤੇਰੇ ਦਾਦੇ ਹੋਰੀ ਦੋ ਭਰਾ ਸਨ ਜਿਨਾਂ ਕੋਲ 36 ਕਿੱਲੇ ਸੀ। ਤੇਰੇ ਦਾਦੇ ਦੇ ਦੂਸਰੇ ਭਰਾ ਦੇ ਇੱਕ ਮੁੰਡਾ ਸੀ, ਤੇਰੇ ਬਾਪੂ ਹੋਰੀ ਦੋ ਭਰਾ ਤੇ ਇੱਕ ਭੈਣ ਸੀ। ਤੁਹਾਡਾ ਕੁਲ ਪੈਲੀ ਵਿਚੋਂ 18 ਕਿੱਲੇ ਹਿੱਸਾ ਬਣਦਾ ਹੈ ਜੀਹਦੇ ਵਿਚੋਂ ਤੇਰੇ ਬਾਪੂ, ਤਾਏ ਅਤੇ ਭੂਆ ਦੇ ਨਾਂਮ ਛੇ ਛੇ ਕਿੱਲੇ ਆਉਂਦੇ ਐ। ਅੱਗੇ ਤੁਸੀਂ ਆਪਣੇ ਬਾਪੂ ਦੇ ਦੋ ਪੁਤਰ ਹੋ ਇਸ ਲਈ ਤੁਹਾਡੇ ਹਿਸੇ ਦੇ ਛੇ ਕਿੱਲਿਆਂ ਵਿਚੋਂ ਤੇਰੇ ਹਿੱਸੇ ਤਿੰਨ ਹੀ ਬਣਦੇ ਹਨ।
ਪਰ ਪਟਵਾਰੀ ਸਾਹਿਬ ਮੈਂ ਇਸ ਵੇਲੇ ਸਾਢੇ ਚਾਰ ਕਿੱਲੇ ਵੌਹਦਾ ਹਾਂ ਤੇ ਸਾਢੇ ਚਾਰ ਕਿੱਲਿਆਂ ਤੇ ਮੇਰਾ ਕਬਜਾ ਹੈ।
ਵੇਖ ਬਈ ਤੇਰਾ ਕਬਜਾ ਭਾਵੇ 18 ਕਿੱਲਿਆਂ ਤੇ ਹੋਵੇ ਪਰ ਮੈਂ ਤਾਂ ਤੈਨੂੰ ਉਹ ਹੀ ਦੱਸਿਆ ਜੋ ਸਾਡੇ ਰਜਿਸਟਰਾਂ ਵਿਚ ਮੁਸਤਰਕੇ ਖਾਤੇ ਵਿਚੋਂ ਤੇਰੇ ਹਿੱਸੇ ਆਉਂਦੀ ਐ। ਮੈਂ ਤਾਂ ਤੁਹਾਨੂੰ ਇਹ ਸਲਾਹ ਦੇਵਾਂਗਾ ਕਿ ਪਹਿਲਾਂ ਤੁਸੀਂ ਆਪਣੀ ਭੂਆ ਵਾਲੀ ਪੈਲੀ ਆਪਣੇ ਨਾਂਮ ਕਰਵਾਵੋ। ਜਦੋਂ ਇੰਤਕਾਲ ਤੁਹਾਡੇ ਨਾਂਮ ਹੋ ਗਿਆ ਉਸ ਤੋਂ ਬਾਅਦ ਤਕਸੀਮ ਦੀ ਅਰਜੀ ਦੇ ਦੇਣੀ।
ਉਗਲਾਂ ਤੇ ਹਿਸਾਬ ਕਿਤਾਬ ਲਾ ਕੇ ਉਸ ਨੇ ਕਿਹਾ ਕਿ ਪਟਵਾਰੀ ਸਾਹਿਬ ਭੂਆ ਮਰੀ ਨੂੰ ਤਾਂ ਛੇ ਸਾਲ ਦੇ ਕਰੀਬ ਹੋ ਗਏ।
ਤੁਹਾਡੀ ਭੂਆ ਦੇ ਕਿੰਨੇ ਬੱਚੇ ਹਨ ਪਟਵਾਰੀ ਨੇ ਪੁੱਛਿਆ।
ਦੋ ਲੜਕੇ ਤੇ ਇੱਕ ਲੜਕੀ ਹੈ। ਉਹ ਸਾਰੇ ਵਿਆਹੇ ਵਰੇ ਹਨ। ਉਹਨਾਂ ਨੂੰ ਤਾਂ ਪਤਾ ਵੀ ਨਹੀਂ ਕਿ ਸਾਡੇ ਵਾਲੀ ਪੈਲੀ ਵਿਚ ਉਹਨਾਂ ਦਾ ਵੀ ਕੋਈ ਹੱਕ ਹੈ। ਉਹ ਸਾਡੇ ਨਾਲ ਬਹੁਤ ਹੀ ਵਧੀਆ ਵਰਤਦੇ ਕਰਦੇ ਹਨ।
ਵੇਖੋ ਕਿ ਅੱਜ ਦੇ ਜਮਾਂਨੇ ਵਿਚ ਪੈਲੀਆਂ ਦੀ ਕੀਮਤ ਵਧੀ ਕਰਕੇ ਲੋਕਾਂ ਨੂੰ ਲਾਲਚ ਹੋ ਗਿਆ ਹੈ ਜਦੋ ਉਹਨਾਂ ਤਿੰਨਾਂ ਭੈਣ ਭਰਾਵਾਂ ਨੂੰ ਕਿੱਲੇ ਦਾ ਤੀਹ ਪੈਂਤੀ ਲੱਖ ਮਿਲਦਾ ਦਿੱਸਿਆ ਤਾਂ ਉਹਨਾਂ ਨੇ ਭੁੱਲ ਜਾਣਾ ਪਿਆਰ ਪਿਊਰ ਤੇ ਰਿਸ਼ਤੇਦਾਰੀ। ਅੱਜ ਦੇ ਜੁਗ ਵਿੱਚ ਵੀਰੋ ਪੈਸਾ ਪ੍ਰਧਾਨ ਹੈ। ਪੈਸੇ ਪਿੱਛੇ ਨਾਲ ਜੰਮੇ ਭੈਣ ਭਰਾ ਨੂੰ ਮਾਰਨ ਜਾਂ ਮਰਵਾਉਣ ਲੱਗਾ ਬੰਦਾ ਭੋਰਾ ਗੁਰੇਜ ਨਹੀਂ ਕਰਦਾ। ਇਸ ਲਈ ਮੈਂ ਤੈਨੂੰ ਸਲਾਹ ਦਿੰਨਾਂ ਕਿ ਆਪ ਉਹਨਾਂ ਨਾਲ ਗੱਲ ਕਰੋ ਜੇ ਉਹ ਸਹਿਮਤ ਹੁੰਦੇ ਐ ਤਾ ਤੁਸੀਂ ਉਹ ਪੈਲੀ ਜਲਦੀ ਤੋਂ ਜਲਦੀ ਆਪਣੇ ਨਾਂਮ ਕਰਵਾ ਲਵੋ। ਵੇਖਿਓ ਰੌਲਾ ਨਾਂ ਪਾਉਣਾ। ਜੇ ਗੱਲ ਬਾਹਰ ਨਿੱਕਲ ਗਈ ਤਾਂ ਕਿਧਰੇ ਬਾਜੀ ਉਲਟ ਨਾਂ ਪੈ ਜਾਵੇ। ਮੈਂ ਤੁਹਾਨੂੰ ਦੱਸਦਾਂ ਬਈ ਤੁਸੀਂ ਉਹਨਾਂ ਤਿੰਨਾਂ ਨਾਲ ਗੱਲ ਕਰ ਲਵੋ ਜੇ ਉਹ ਮੰਨ ਗਏ ਤਾਂ ਆਪਾਂ ਉਹਨਾਂ ਤਿੰਨਾਂ ਨੂੰ ਤਸੀਲਦਾਰ ਸਾਹਿਬ ਦੇ ਪੇਸ਼ ਕਰਕੇ ਪੈਲੀ ਤੁਹਾਡੇ ਨਾਂਮ ਕਰਵਾ ਦਿਆਂਗੇ ਅਤੇ ਨਾਲ ਲੱਗਦਾ ਹੀ ਇੰਤਕਾਲ ਤੁਹਾਡੇ ਨਾਮ ਕਰਵਾਕੇ ਸਾਰਾ ਹੀ ਟੰਟਾ ਖਤਮ ਕਰ ਦਿਆਂਗੇ।
ਪਟਵਾਰੀ ਸਾਹਿਬ ਖਰਚਾ ਕਿੰਨਾ ਕੋ ਆਵੇਗਾ, ਉਹਨਾਂ ਪੁੱਛਿਆ।
ਤੁਸੀਂ ਫਿਕਰ ਨਾਂ ਕਰੋ, ਖਰਚਾ ਕੋਈ ਬਾਹਲਾ ਨਹੀਂ ਇੱਕ ਕਨਾਲ ਨਾਲ ਹੀ ਸਰ ਜਾਵੇਗਾ। ਤੁਸੀਂ ਉਹਨਾਂ ਤਿੰਨਾਂ ਨਾਲ ਸਾਰੀ ਗੱਲ ਬਾਤ ਕਰਕੇ ਮੈਨੂੰ ਦੱਸ ਦੇਣਾ। ਆਪਾਂ ਤਸੀਲਦਾਰ ਨਾਲ ਗੱਲ ਕਰਕੇ ਜਲਦੀ ਤੋਂ ਜਲਦੀ ਇਹ ਕੰਮ ਚੁੱਪ ਚਪੀਤੇ ਹੀ ਕਰਵਾ ਲਵਾਂਗੇ। ਜਿਸ ਦਿਨ ਆਪਾਂ ਤਸੀਲਦਾਰ ਸਾਹਿਬ ਦੇ ਪੇਸ਼ ਹੋਣਾ ਤੁਹਾਡੀ ਭੂਆ ਦਾ ਮੌਤ ਸਰਟੀਫਿਕੇਟ ਵੀ ਪੇਸ਼ ਕਰਨਾਂ ਪਵੇਗਾ।
ਉਹਨੇ ਘਰ ਆ ਕੇ ਆਪਦੇ ਬਾਪੂ ਅਤੇ ਚਾਚੇ ਨੂੰ ਇਕੱਠੇ ਕਰ ਕੇ ਪਟਵਾਰੀ ਵਾਲੀ ਗੱਲ ਆ ਦੱਸੀ।
ਅਗਲੇ ਦਿਨ ਦੋਵੇਂ ਭਰਾ ਆਪਣੀ ਭੈਣ ਦੇ ਪੁੱਤਰਾਂ ਕੋਲ ਚਲੇ ਗਏ। ਸਾਂਮ ਨੂੰ ਆਪਣੇ ਭਾਣਜਿਆਂ ਦੇ ਨਾਲ ਗੱਲ ਬਾਤ ਕੀਤੀ ਕਿ ਆਪਣੀ ਬਾਪੂ ਵਾਲੀ ਪੈਲੀ ਸਾਡੇ ਅਤੇ ਭੈਣ ਦੇ ਨਾਲ ਚੜੀ ਹੋਈ ਹੈ। ਆਪਾਂ ਉਹਦਾ ਕਿਵੇਂ ਕਰੀਏ। ਦੋਵਾਂ ਭਾਣਜਿਆਂ ਨੇ ਕਿਹਾ ਕਿ ਮਾਮਾਂ ਜੀ ਫਿਰ ਕੀ ਹੋਇਆ। ਉਹ ਪੈਲੀ ਤੁਹਾਡੀ ਹੈ ਸਾਨੂੰ ਉਸ ਵਿੱਚੋਂ ਕੁਝ ਨਹੀਂ ਚਾਹੀਦਾ। ਸਾਡੇ ਵੱਲੋਂ ਬੇਫਿਕਰ ਰਹੋ ਤੁਸੀਂ ਜਦੋ ਕਹੋਗੇ ਅਸੀਂ ਉਸੇ ਦਿਨ ਆ ਕੇ ਬਿਆਨ ਦੇ ਦੇਵਾਂਗੇ। ਤੁਸੀਂ ਜਾ ਕੇ ਪਟਵਾਰੀ ਨਾਲ ਗੱਲ ਕਰ ਲਵੋ ਉਹ ਖਾਤਾ ਦਰਜ ਕਰ ਲਵੇ। ਜਿਹੜੀ ਤਰੀਕ ਉਹ ਦੇਣ ਤੁਸੀਂ ਸਾਨੂੰ ਦੱਸ ਦੇਣਾ। ਗੁੱਡੀ ਨੂੰ ਅਸੀਂ ਉਸ ਤਰੀਕ ਤੋਂ ਇੱਕ ਦਿਨ ਪਹਿਲਾਂ ਜਾ ਕੇ ਲੈ ਆਵਾਂਗੇ।
ਪੁੱਤ ਆਪਾਂ ਨੂੰ ਭੈਣ ਦਾ ਮੌਤ ਸਰਟੀਫਿਕੇਟ ਚਾਹੀਦਾ ਹੈ ਉਹ ਸਾਨੂੰ ਦੇ ਦੇਵੋ ਅਸੀਂ ਪਟਵਾਰੀ ਨੂੰ ਦੇ ਕੇ ਖਾਤਾ ਦਰਜ ਕਰਵਾਕੇ ਤੁਹਾਨੂੰ ਦੱਸ ਦੇਵਾਂਗੇ।
ਵੱਡੇ ਭਾਣਜੇ ਨੇ ਉਹਨਾਂ ਕੋਲ ਜੋ ਸਰਟੀਫਿਕੇਟ ਸੀ ਉਹ ਉਹਨਾਂ ਨੂੰ ਦੇ ਦਿੱਤਾ। ਉਹ ਸਰਟੀਫਿਕੇਟ ਲੈ ਕੇ ਤੀਜੇ ਦਿਨ ਪਟਵਾਰੀ ਕੋਲ ਗਏ। ਪਟਵਾਰੀ ਨੇ ਉਹ ਸਰਟੀਫਿਕੇਟ ਦੇਖ ਕੇ ਕਿਹਾ ਕਿ ਇਹ ਸਰਟੀਫਿਕੇਟ ਚੌਕੀਦਾਰ ਦਾ ਇੰਦਰਾਜ ਕੀਤਾ ਹੈ ਪਰ ਆਪਾਂ ਨੂੰ ਐਸ ਐਮ ਓ ਦਫਤਰ ਦਾ ਬਣਿਆ ਹੋਇਆ ਚਾਹੀਦਾ ਹੈ। ਤੁਸੀਂ ਇਹ ਸਰਟੀਫਿਕੇਟ ਵਿਖਾ ਕੇ ਮੋਗੇ ਹੱਸਪਤਾਲ ਵਿਚੋਂ ਮੌਤ ਅਤੇ ਜਨਮ ਸਰਟੀਫਿਕੇਟ ਜਾਰੀ ਕਰਨ ਵਾਲੇ ਦਫਤਰ ਤੋਂ ਲੈ ਕੇ ਆਵੋ।
ਅਗਲੇ ਦਿਨ ਉਹ ਮੁੰਡੇ ਮੋਗੇ ਪਹੁੰਚ ਗਏ। ਉਥੇ ਬੈਠੇ ਕਲੱਰਕ ਕੋਈ ਲੜ ਪੱਲਾ ਹੀ ਨਾਂ ਫੜਾਉਂਣ। ਉਥੇ ਉਹਨਾਂ ਨੂੰ ਆਪਣੇ ਮਾਮੇ ਦਾ ਜਵਾਈ ਮਿਲ ਪਿਆ ਜਿਹੜਾ ਆਪਦੇ ਸਰਕਲ ਦਾ ਜੱਥੇਦਾਰ ਹੈ ਉਹ ਵੀ ਕਿਸੇ ਨਾਲ ਉਸੇ ਦਫਤਰ ਵਿਚ ਆਇਆ ਸੀ। ਇਹਨਾਂ ਉਸ ਨੂੰ ਗੱਲ ਦੱਸੀ। ਉਹ ਇਹਨਾਂ ਨੂੰ ਨਾਲ ਲੈ ਕੇ ਉਸੇ ਕਲੱਰਕ ਕੋਲ ਚਲਿਆ ਗਿਆ। ਉਸ ਨੇ ਕਿਹਾ ਕਿ ਇਹ ਮੇਰੇ ਰਿਸ਼ਤੇਦਾਰ ਹਨ ਤੂੰ ਇਹਨਾਂ ਦਾ ਕੰਮ ਕਰਦੇ ਇਹ ਤੈਨੂੰ ਖੁਸ਼ ਕਰ ਦੇਣਗੇ। ਕਲੱਰਕ ਕਹਿੰਦਾ ਅੱਧੇ ਘੰਟੇ ਤੱਕ ਸਾਡਾ ਲੰਚ ਹੈ ਉਦੋਂ ਮੈਂ ਤੁਹਾਨੂੰ ਹੱਸਪਤਾਲ ਦੇ ਗੇਟ ਦੇ ਸਾਮ੍ਹਣੇ ਵਾਲੇ ਹੋਟਲ ਤੇ ਮਿਲਾਂਗਾ। ਅਸੀਂ ਉਥੇ ਬੈਠ ਕੇ ਗੱਲ ਕਰਾਂਗੇ।
ਅੱਧੇ ਘੰਟੇ ਬਾਅਦ ਕਲੱਰਕ ਨੇ ਆ ਕੇ ਚਾਹ ਪੀਦਿਆਂ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਸਰਟੀਫਿਕੇਟ ਲੈਣ ਲਈ ਪਹਿਲਾਂ ਤਾਂ ਘਰ ਦੇ ਕਿਸੇ ਮੈਬਰ ਨੂੰ ਦਰਖਾਸਤ ਦੇਣੀ ਪਊ ਸੁਬਿੱਧਾ ਸੈਂਟਰ ਵਿਚ। ਡੀ ਸੀ ਦਫਤਰ ਵੱਲੋਂ ਉਹ ਦਰਖਾਸਤ ਸਾਡੇ ਪਾਸ ਆਵੇਗੀ। ਉਸ ਤੋਂ ਮਗਰੋਂ ਤੁਹਾਨੂੰ ਪਿੰਡ ਦੀ ਪੰਚਾਇਤ ਤੋਂ ਤਸਦੀਕ ਕਰਵਾਕੇ ਉਹ ਪਿੰਡ ਦੀ ਡਿਸਪੈਂਸਰੀ ਦੇ ਇੰਨਚਾਰਜ ਤੋਂ ਤਸਦੀਕ ਕਰਵਾਕੇ ਠਾਣੇ ਤੋਂ ਤਸਦੀਕ ਕਰਵਾਕੇ ਫਿਰ ਐਸ ਡੀ ਐਮ ਤੋਂ ਕਊਟਰ ਸਾਈਨ ਕਰਵਾਕੇ ਉਹ ਸਾਡੇ ਕੋਲ ਲਿਆਉਣਾ ਤੇ ਫਿਰ ਤੁਹਾਨੂੰ ਉਹ ਸਰਟੀਫਿਕੇਟ ਅਸੀਂ ਜਾਰੀ ਕਰਾਂਗੇ। ਇਸ ਸਰਟੀਫਿਕੇਟ ਦਾ ਕੁਲ ਖਰਚਾ ਪੰਜ ਹਜਾਰ ਲੱਗੇਗਾ। ਉਸ ਨੇ ਉਥੇ ਬੈਠੇ ਨੇ ਉਹਨਾਂ ਦੀ ਭੂਆ ਦੇ ਮੁੰਡੇ ਵੱਲੋਂ ਸਰਟੀਫਿਕੇਟ ਲੈਣ ਦੀ ਅਰਜੀ ਲਿੱਖ ਦਿੱਤੀ ਤੇ ਕਿਹਾ ਉਸ ਦੇ ਦਸਖਤ ਕਰਵਾਕੇ ਇਹ ਅਰਜੀ ਆਪ ਨੇ ਸੁਬਿੱਧਾ ਸੈਂਟਰ ਵਿਚ ਜਮਾਂ ਕਰਵਾ ਦੇਣੀ। ਉਨ੍ਹਾਂ ਦੀ ਗੱਲ ਚਾਰ ਹਜ਼ਾਰ ਵਿਚ ਮੁੱਕ ਗਈ ਤੇ ਉਹ ਉਠ ਕੇ ਦਫਤਰ ਚਲਾ ਗਿਆ।
ਉਹਨਾਂ ਨੇ ਪੰਜ ਸੱਤ ਦਿਨਾਂ ਵਿਚ ਭੱਜ ਨੱਠ ਕਰਕੇ ਦੇ ਲੈ ਕੇ ਸਰਟੀਫਿਕੇਟ ਲੈਣ ਲਈ ਹੋਰ ਸਾਰੇ ਦਫਤਰਾਂ ਵਿਚੋਂ ਮਨਜੂਰੀ ਲਈ ਤੇ ਅੰਤ ਵਿਚ ਉਹ ਫਾਇਲ ਲੈ ਕੇ ਐਸ ਡੀ ਐਮ ਦਫਤਰ ਪਹੁੰਚ ਗਏ। ਉਥੇ ਬੈਠੇ ਕਲੱਰਕ ਨੂੰ ਪੇਪਰ ਜਮਾਂ ਕਰਵਾਉਣ ਲੱਗਿਆਂ ਕਿਹਾ ਕਿ ਮਿਹਰਬਾਨੀ ਕਰਕੇ ਜਲਦੀ ਕਰਵਾ ਦੇਣੇ। ਉਹ ਕਲੱਰਕ ਰੁੱਖੀ ਜਿਹੀ ਅਵਾਜ਼ ਵਿਚ ਕਹਿੰਦਾ ਵੋਟਾਂ ਦੇ ਦਿਨ ਆ ਪੰਜ ਸੱਤ ਦਿਨਾਂ ਵਿਚ ਹੋ ਜਾਣਗੇ।
ਉਹਨਾਂ ਦਾ ਇੱਕ ਰਿਸ਼ਤੇਦਾਰ ਮੋਗੇ ਵਿਜੀਲੈਂਸ ਵਿਚ ਇੰਨਸਪੈਕਟਰ ਹੈ ਉਹ ਉਥੇ ਕਿਸੇ ਕੰਮ ਆਇਆ ਸੀ। ਜਦੋਂ ਉਹ ਪਰ੍ਹੌਣੇ ਨੂੰ ਮਿਲਿਆ ਤਾਂ ਉਸ ਨੇ ਕਲੱਰਕ ਵਾਲੀ ਗੱਲ ਉਸਨੂੰ ਦੱਸ ਦਿੱਤੀ। ਇੰਨਸਪੈਕਟਰ ਨੇ ੳਸ ਕਲੱਰਕ ਨੂੰ ਪੁਲੀਸ ਵਾਲੀ ਬੋਲੀ ਵਿਚ ਸਵੇਰ ਤੱਕ ਕੰਮ ਕਰਨ ਲਈ ਹਦਾਇਤ ਕੀਤੀ। ਕਲੱਰਕ ਜੀ ਸਰ, ਆਖ ਕੇ ਆਪਣੇ ਰਿਸ਼ਤੇਦਾਰ ਵੱਲ ਕਸੂਤਾ ਜਿਹਾ ਝਾਕਿਆ।
ਜਦ ਦੂਸਰੇ ਦਿਨ ਉਸ ਨੇ ਜਾ ਕੇ ਤੋਂ ਪੇਪਰ ਮੰਗੇ ਤਾਂ ਉਹ ਕਲੱਰਕ ਕਹਿੰਦਾ ਕਿ ਅੱਜ ਐਸ ਡੀ ਐਮ ਸਾਹਿਬ ਵੋਟਾਂ ਦਾ ਕਰਕੇ ਬੈਠਣਗੇ ਨਹੀਂ। ਉਹਨਾਂ ਦੀ ਡੀ ਸੀ ਨਾਲ ਮੀਟਿੰਗ ਹੈ। ਉਹ ਮੋਗੇ ਗਏ ਹੋਏ ਨੇ, ਤੁਸੀਂ ਕੱਲ ਨੂੰ ਆਇਓ। ਅਗਲੇ ਦਿਨ ਉਹ ਕਹਿੰਦਾ ਤੁਸੀਂ ਐਸ ਡੀ ਐਮ ਨੂੰ ਮਿਲ ਲਵੋ। ਮੈਂ ਤਾਂ ਸਾਰੀ ਡਾਕ ਉਹਨਾਂ ਦੇ ਦਫਤਰ ਵਿਚ ਰੱਖ ਦਿੱਤੀ ਸੀ। ਬਾਕੀ ਡਾਕ ਉਹਨਾਂ ਕੱਢ ਦਿੱਤੀ ਪਰ ਤੁਹਾਡੇ ਵਾਲੀ ਫਾਇਲ ਨਹੀਂ ਆਈ ਮੇਰੇ ਪਾਸ। ਇਸ ਲਈ ਮੈਂ ਕੁਝ ਨਹੀਂ ਕਰ ਸਕਦਾ।
ਕਲੱਰਕ ਦੀ ਗੱਲ ਸੁਣਕੇ ਉਹਨੇ ਮੈਨੂੰ ਫੋਨ ਲਾਇਆ ਕਿ ਆਹ ਪੰਗਾ ਪਾਈ ਬੈਠਾ ਕਲੱਰਕ ਤੁਸੀਂ ਭਾਲੋ ਕੋਈ ਬੰਦਾ ਜੋ ਇਹ ਕੰਮ ਕਰਵਾ ਸਕੇ। ਮੈਂ ਉਸ ਨੂੰ ਕਿਹਾ ਤੂੰ ਘਰ ਨੂੰ ਚਲਿਆ ਜਾਹ, ਅਸੀਂ ਕੱਲ ਨੂੰ ਨੌ ਵਜਦੇ ਨੂੰ ਤੇਰੇ ਕੋਲ ਕਚਿਹਰੀ ਵਿਚ ਹੀ ਪਹੁੰਚ ਜਾਵਾਂਗੇ।
ਮੈ ਅਗਲੇ ਦਿਨ ਜਾਦਾ ਹੋਇਆ ਆਪਦੇ ਨਾਲ ਡੀ ਸੀ ਫੁੱਫੜ ਨੂੰ ਉਹਨਾਂ ਦੇ ਪਿੰਡੋਂ ਆਪਣੇ ਨਾਲ ਲੈ ਗਿਆ। ਅਸੀਂ ਦਸ ਵਜਦੇ ਨੂੰ ਕਚਿਹਰੀ ਪਹੁੰਚ ਗਏ। ਅਸੀਂ ਪਰ੍ਹੌਣੇ ਨੂੰ ਕਿਹਾ ਕਿ ਇੱਕ ਵਾਰ ਫੇਰ ਕਲੱਰਕ ਨੂੰ ਪੁੱਛ ਲਵੇ। ਕਲੱਰਕ ਨੇ ਫਿਰ ਉਹ ਪਹਿਲੇ ਦਿਨ ਵਾਲਾ ਹੀ ਉੱਤਰ ਦਿੱਤਾ। ਫੁੱਫੜ ਕਹਿੰਦਾ ਆ ਜਾਵੋ। ਅਸੀਂ ਐਸ ਡੀ ਐਮ ਦੇ ਕਮਰੇ ਦੇ ਮੂਹਰੇ ਖੜੇ ਮੁਲਾਜਮ ਨੂੰ ਕਿਹਾ ਕਿ ਅਸੀਂ ਐਸ ਡੀ ਐਮ ਸਾਹਿਬ ਨੂੰ ਮਿਲਣਾ ਹੈ। ਉਹ ਇੱਕ ਪਰਚੀ ਦਿੰਦਾ ਕਹਿੰਦਾ ਆਪ ਆਪਣਾ ਨਾਂਮ ਪਤਾ ਲਿਖ ਦੇਵੋ ਤੇ ਬੈਠ ਜਾਵੋ, ਮੈਂ ਸਮਾਂ ਮਿਲਣ ਤੇ ਮਿਲਾ ਦੇਵਾਂਗਾ। ਫੁੱਫੜ ਨੇ ਆਪਦਾ ਕਾਰਡ ਕੱਢ ਕੇ ਉਸ ਨੂੰ ਦਿੱਤਾ। ਉਹ ਕਾਰਡ ਨੂੰ ਪੜ੍ਹ ਕੇ ਉਸੇ ਵੇਲੇ ਹੀ ਅੰਦਰ ਗਿਆ ਤੇ ਬਾਹਰ ਆ ਕੇ ਸਾਨੂੰ ਅੰਦਰ ਜਾਣ ਲਈ ਕਿਹਾ।
ਅਸੀਂ ਤਿੰਨੇ ਜਾਣੇ ਅੰਦਰ ਚਲੇ ਗਏ। ਐਸ ਡੀ ਐਮ ਅਠਾਈ ਕੋ ਸਾਲ ਦੀ ਨੌਜਵਾਨ ਬਹੁਤ ਹੀ ਚੰਗੇ ਸੁਭਾ ਦੀ ਹੈ। ਅਸੀਂ ਉਹਨੂੰ ਸੱਤਿ ਸ੍ਰੀ ਅਕਾਲ ਬੁਲਾਈ। ਸਾਡੀ ਸੱਤਿ ਸ੍ਰੀ ਅਕਾਲ ਮੰਨ ਕੇ ਉਸ ਨੇ ਸਾਨੂੰ ਬੈਠਣ ਲਈ ਕਿਹਾ ਤੇ ਫੁੱਫੜ ਨੂੰ ਆਖਣ ਲੱਗੀ ਦੱਸੋ ਸਰ ਆਪ ਕਿਵੇਂ ਆਏ ਹੋ। ਫੁੱਫੜ ਨੇ ਉਸ ਨੂੰ ਸਾਰੀ ਗੱਲ ਦੱਸੀ ਬਈ ਆਹ ਮੇਰੇ ਰਿਸ਼ਤੇਦਾਰ ਨੇ ਇਹਨਾਂ ਨੇ ਮੌਤ ਦਾ ਸਰਟੀਫਿਕੇਟ ਲੈਣ ਲਈ ਆਪ ਜੀ ਪਾਸ ਦਰਖਾਸਤ ਦਿੱਤੀ ਹੋਈ ਹੈ। ਆਪ ਮਿਹਰਬਾਨੀ ਕਰਕੇ ਮਨਜੂਰੀ ਦੇ ਦਿਉ।
ਸਰ ਆਪ ਨੂੰ ਇਸ ਕੰਮ ਲਈ ਆਉਣ ਦੀ ਕੀ ਲੋੜ ਸੀ। ਉਹ ਤਾਂ ਰੁਟੀਨ ਵਿਚ ਹਰ ਰੋਜ਼ ਦੀ ਡਾਕ ਵਿਚ ਹੋ ਜਾਦਾ ਹੈ ਤੁਸੀਂ ਕਲੱਰਕ ਨੂੰ ਜਮਾਂ ਕਰਵਾ ਦਿਉ। ਪ੍ਰੌਹਣਾ ਕਹਿੰਦਾ, ਜੀ ਅਸੀਂ ਇੱਕ ਹਫਤਾ ਪਹਿਲਾਂ ਇਹ ਅਰਜੀ ਕਲੱਰਕ ਨੂੰ ਜਮਾਂ ਕਰਵਾ ਦਿੱਤੀ ਸੀ ਪਰ ਪਹਿਲਾਂ ਤਾਂ ਉਹ ਲਾਰੇ ਲਾਉਦਾ ਰਿਹਾ ਕੱਲ ਸ਼ਾਮੀ ਕਹਿੰਦਾ ਮੈਂ ਦਰਖਾਸਤ ਆਪ ਜੀ ਪਾਸ ਭੇਜੀ ਸੀ ਬਾਕੀ ਸਾਰੀ ਡਾਕ ਮੇਰੇ ਕੋਲ ਪਹੁੰਚ ਗਈ ਪਰ ਤੁਹਾਡੀ ਦਰਖਾਸਤ ਵਾਪਸ ਨਹੀਂ ਆਈ। ਇਸ ਲਈ ਆਪ ਜੀ ਦੇ ਪੇਸ਼ ਹੋਣਾ ਪਵੇਗਾ।
ਮੈਂ ਤਾਂ ਸਾਰੀ ਡਾਕ ਸ਼ਾਮ ਨੂੰ ਕੱਢ ਕੇ ਜਾਦੀ ਹਾਂ ਮੇਰੇ ਕੋਲ ਤਾਂ ਕੋਈ ਡਾਕ ਪੈਡਿੰਗ ਨਹੀਂ। ਇਹ ਆਖਦਿਆਂ ਉਸ ਨੇ ਘੰਟੀ ਮਾਰ ਕੇ ਕਲੱਰਕ ਨੂੰ ਸੱਦ ਲਿਆ। ਸਾਡੇ ਖੜਿਆਂ ਤੋਂ ਉਸ ਨੇ ਕਲੱਰਕ ਨੂੰ ਵਾਹਵਾ ਝਾੜਿਆ ਤੇ ਆਖਿਆ ਕਿ ਤੁਸੀਂ ਇਸ ਤਰਾਂ ਦੀਆਂ ਹਰਕਤਾਂ ਤੋਂ ਬਾਜ ਆ ਜਾਵੋ ਜਾਹ ਇਹਨਾਂ ਦੀ ਫਾਈਲ ਹੁਣੇ ਹੀ ਇਹਨਾਂ ਨੂੰ ਬਾਈਹੈਂਡ ਹੀ ਦੇ ਦੇਣੀ। ਕਲੱਰਕ ਮੱਚਿਆ ਸੜਿਆ ਆਪਣੀ ਸੀਟ ਤੇ ਆ ਕੇ ਫਾਈਲਾਂ ਪਰੋਲਣ ਲੱਗਿਆ। ਅਸੀਂ ਖੜੇ ਵੇਖਦੇ ਰਹੇ। ਅੱਧੇ ਕੋ ਘੰਟੇ ਮਗਰੋਂ ਕਹਿੰਦਾ ਮੈਨੂੰ ਫਾਈਲ ਮਿਲ ਨਹੀਂ ਰਹੀ। ਤੁਸੀਂ ਬਾਹਰ ਬੈਠ ਜਾਵੋ
ਅਸੀਂ ਬਾਹਰ ਆ ਬੈਠੇ।
ਸਾਡੇ ਬਾਹਰ ਬੈਠਿਆਂ ਤੋਂ ਪਰ੍ਹੌਣਾ ਪਿਸ਼ਾਬ ਕਰਨ ਚਲਿਆ ਗਿਆ। ਉਹਨੂੰ ਉਥੋਂ ਦਾ ਪੀਅਨ ਮਿਲਿਆ ਕਹਿਣ ਲੱਗਾ, ਬਾਈ ਕੀ ਕੰਮ ਹੈ। ਤੈਨੂੰ ਕਈ ਦਿਨ ਹੋਗੇ ਤੁਰੇ ਫਿਰਦੇ ਨੂੰ, ਉਹਨੇ ਉਹਨੂੰ ਆਪਣੇ ਕੰਮ ਦਾ ਦੱਸਿਆ। ਉਹ ਕਹਿੰਦਾ ਰੁਪਿਆ ਪੰਜ ਸੌ ਲੱਗੂਗਾ ਤੈਨੂੰ ਘੰਟੇ ਵਿਚ ਪੇਪਰ ਮਿਲ ਜਾਣਗੇ। ਪੈਸਿਆਂ ਤੋਂ ਬਿੰਨਾ ਇਹ ਕਲੱਰਕ ਕਿਸੇ ਦਾ ਕੰਮ ਨਹੀਂ ਕਰਦਾ। ਕੋਈ ਫਾਇਦਾ ਨਹੀਂ ਦਿਹਾੜੀਆਂ ਭੰਨਣ ਦਾ।
ਪ੍ਰੋਹਣੇ ਨੇ ਆ ਕੇ ਸਾਨੂੰ ਆ ਦੱਸਿਆ। ਕੁਝ ਚਿਰ ਬੈਠਣ ਤੋਂ ਮਗਰੋਂ ਅਸੀਂ ਅੰਦਰ ਗਏ ਤਾਂ ਉਹਦਾ ਉਹ ਹੀ ਜਵਾਬ ਸੀ ਮੈਂ ਪੇਪਰ ਭਾਲ ਰਿਹਾਂ ਜਦੋਂ ਮਿਲ ਗਏ ਮੈਂ ਤੁਹਾਨੂੰ ਅਵਾਜ਼ ਮਾਰ ਕੇ ਬੁਲਾ ਲਵਾਂਗਾ ਮੈਂ ਸਾਰੀ ਡਾਕ ਤਿੰਨ ਵਾਰੀ ਫਰੋਲ ਛੱਡੀ ਐ ਪਰ ਆਪ ਦੇ ਪੇਪਰ ਮਿਲ ਹੀ ਨਹੀਂ ਰਹੇ।
ਫੁੱਫੜ ਕਹਿੰਦਾ ਕਿ ਸਾਨੂੰ ਡੇਢ ਘੰਟਾ ਹੋ ਗਿਆ ਬੈਠਿਆਂ ਹੋਰ ਕਿੰਨਾਂ ਚਿਰ ਲੱਗੂਗਾ ਭਾਲਣ ਵਿਚ।
ਮੈਂ ਕਿਹੜਾ ਤੁਹਾਡੇ ਪੇਪਰ ਖਾਣੇ ਐ ਜਦੋਂ ਮੈਨੂੰ ਮਿਲ ਗਏ ਤੁਹਾਨੂੰ ਦੇ ਦਿਊਂ।
ਫੁੱਫੜ ਨੂੰ ਉਹਦੀ ਬੋਲੀ ਸੁਣ ਕੇ ਗੁਸਾ ਆ ਗਿਆ। ਕਹਿੰਦਾ ਕਾਕਾ ਪਹਿਲਾਂ ਤਾਂ ਆਪਣੀ ਬੋਲੀ ਵਿਚ ਸੁਧਾਰ ਲਿਆ। ਤੈਨੂੰ ਸਾਡੇ ਕੰਮਾਂ ਲਈ ਹੀ ਇੱਥੇ ਬਿਠਾਇਆ, ਤੈਨੂੰ ਸਰਕਾਰ ਤਨਖਾਹ ਆਹ ਕੰਮ ਕਰਨ ਕਰਕੇ ਹੀ ਦਿੰਦੀ ਐ। ਤੂੰ ਆਹਨਾਂ ਫਾਈਲ ਥਿਆਉਦੀ ਨਹੀਂ। ਤੇਰਾਂ ਸੁਨੇਹਾਂ ਪੀਅਨ ਦੇ ਹੱਥ ਭੇਜਿਆ ਸਾਨੂੰ ਮਿਲ ਗਿਆ। ਪਰ ਅਸੀਂ ਉਹਨਾਂ ਗੱਡੀਆਂ ਦੇ ਬੈਲ ਨਹੀਂ। ਮੈਨੂੰ ਪਤਾ ਲੱਗ ਗਿਆ ਕਿ ਅਸਲ ਵਿਚ ਇਹ ਫਾਈਲ ਤੇਰੀ ਹੀ ਕਿੱਧਰੇ ਰੱਖੀ ਹੋਈ ਐ। ਤੈਨੂੰ ਜਿਹੜਾ ਪਹਿਲੇ ਦਿਨ ਇੰਨਸਪੈਕਟਰ ਨੇ ਕਿਹਾ ਸੀ ਤੂੰ ਉਸੇ ਗੱਲ ਦੇ ਕਰਕੇ ਖੱਜਲ ਖੁਆਰ ਕਰ ਰਿਹਾਂ। ਮੈਂ ਇਹਨਾਂ ਸਾਰੀਆਂ ਗੱਲਾਂ ਤੋਂ ਜਾਣੂ ਹਾਂ ਕਿ ਕਿਵੇਂ ਤੁਸੀਂ ਲੋਕਾਂ ਨੂੰ ਖੱਜਲ ਕਰਕੇ ਆਪਣੀਆਂ ਜੇਬਾਂ ਭਰਦੇ ਹੋ। ਮੈਂ ਆਪਣੀ ਡਿਉਟੀ ਵਿਚ ਤੇਰੇ ਵਰਗੇ ਬਹੁਤ ਹੀ ਸਿੱਧੇ ਕੀਤੇ ਐ। ਕਹਿੰਦਿਆਂ ਉਹਨਾਂ ਆਪਣਾ ਕਾਰਡ ਕੱਢਕੇ ਉਸ ਦੇ ਅੱਗੇ ਕਰਦਿਆਂ ਕਿਹਾਂ ਕਿ ਆਹ ਲੈ ਮੇਰਾ ਕਾਰਡ। ਅਸੀਂ ਚੱਲੇ ਆਂ ਜੇ ਕਰ ਆਪ ਨੂੰ ਪੇਪਰ ਘੰਟੇ ਤੱਕ ਮਿਲਦੇ ਐ ਤਾਂ ਮੈਨੂੰ ਫੋਨ ਕਰਕੇ ਦੱਸ ਦੇਈਂ ਨਹੀਂ ਅਸੀਂ ਕੱਲ ਨੂੰ ਦਸ ਵਜੇ ਡੀ ਸੀ ਸਾਹਿਬ ਨੂੰ ਮਿਲਾਂਗੇ। ਆਖ ਕੇ ਅਸੀਂ ਬਾਹਰ ਆ ਗਏ। ਅਸੀਂ ਬਾਹਰ ਆ ਕੇ ਇੱਕ ਦੁਕਾਨ ਤੋਂ ਚਾਹ ਪੀ ਕੇ ਤੁਰਨ ਹੀ ਲੱਗੇ ਸਾਂ ਕਿ ਉਸ ਦਾ ਫੋਨ ਆ ਗਿਆ ਕਿ ਤੁਹਾਡੇ ਪੇਪਰ ਮਿਲ ਗਏ ਆ ਕੇ ਲੈ ਜਾਵੋ। ਅਸੀਂ ਗਏ ਤਾਂ ਉਹ ਹੀ ਕਲੱਰਕ ਸਾਡੇ ਨਾਲ ਇਉਂ ਪੇਸ਼ ਆਇਆ ਜਿਵੇਂ ਕੋਈ ਚਿਰਾਂ ਦਾ ਜਾਣਦਾ ਹੋਵੇ। ਫੁੱਫੜ ਨੂੰ ਕਹਿਣ ਲੱਗਾ ਸਰ ਜੀ ਇਹ ਫਾਈਲ ਸਾਹਿਬ ਦਾ ਰੀਡਰ ਆਪਣੀਆਂ ਫਾਈਲਾਂ ਦੇ ਨਾਲ ਹੀ ਲੈ ਗਿਆ ਸੀ ਪਹਿਲਾਂ ਮੈਂ ਦੋ ਵਾਰ ਉਸ ਦੇ ਦਫਤਰ ਗਿਆਂ ਪਰ ਮੈਨੂੰ ਡਾਕ ਵੇਖਣ ਤੋਂ ਬਿੰਨਾਂ ਹੀ ਜੁਵਾਬ ਦੇ ਦਿੰਦਾ ਸੀ ਕਿ ਇੱਥੇ ਬਿੰਨਾਂ ਮੇਰੀ ਡਾਕ ਦੇ ਹੋਰ ਕੋਈ ਵੀ ਪੇਪਰ ਨਹੀਂ ਹੈ। ਪਰ ਮੈਂ ਤੀਸਰੀ ਵਾਰ ਧੱਕੇ ਨਾਲ ਹੀ ਉਹਦੀ ਡਾਕ ਵੇਖੀ ਤੇ ਉਸ ਵਿਚੋਂ ਹੀ ਇਹ ਫਾਈਲ ਮਿਲੀ। ਜਦ ਮੈਂ ਉਸ ਨੂੰ ਪੁੱਛਿਆ ਤਾਂ ਹੱਸ ਕੇ ਵਿਖਾ ਦਿੱਤਾ। ਸਰ ਜਦੋਂ ਫਾਈਲ ਮਿੱਲੀ ਤਾਂ ਹੀ ਮੇਰੀ ਜਾਨ ਵਿਚ ਜਾਨ ਆਈ ਤੇ ਮੈਂ ਉਸੇ ਵੇਲੇ ਹੀ ਆਪ ਨੂੰ ਫੋਨ ਕਰ ਦਿੱਤਾ। ਫਾਈਲ ਫੜਾਉਂਦਾ ਕਹਿਣ ਲੱਗਿਆ ਕਿ ਸਰ ਜੀ ਮਾਫ ਕਰਨਾਂ ਅੱਜ ਦੀ ਇਸ ਗੱਲਤੀ ਲਈ। ਫਿਰ ਜੇ ਕੋਈ ਕੰਮ ਹੋਵੇ ਤਾਂ ਆਪ ਜੀ ਨੇ ਸਿਰਫ ਸੁਨੇਹਾਂ ਹੀ ਭੇਜ ਦੇਣਾ ਆਪ ਦਾ ਕੰਮ ਹੋ ਜਾਇਆ ਕਰੇਗਾ। ਫੁੱਫੜ ਨੇ ਕਿਹਾ ਕਿ ਕਾਕਾ ਜੀ ਕੰਮ ਇਮਾਂਨਦਾਰੀ ਨਾਲ ਕਰਨਾਂ ਸਿੱਖੋ। ਦਸਾਂ ਨੌਹਾਂ ਦੀ ਕਮਾਈ ਕਰੋ ਜੇ ਸਹੀ ਕੰਮ ਕਰੋਗੇ ਆਪ ਨੂੰ ਕਿਸੇ ਤੋ ਮੁਆਫੀ ਮੰਗਣ ਦੀ ਲੋੜ ਨਹੀਂ ਪਵੇਗੀ। ਸਿਆਣੇ ਆਖਦੇ ਐ ਜਿਹੜਾ ਸਰੂਰ ਇਮਾਂਨਦਾਰੀ ਨਾਲ ਕੰਮ ਕਰਕੇ ਆਉਂਦਾ ਉਸ ਦਾ ਮਜਾ ਵੱਖਰਾ ਹੀ ਹੁੰਦਾ। ਰਿਸ਼ਵਤ ਨਾਲ ਕਮਾਇਆ ਪੈਸਾ ਜਿੰਦਗੀ ਨੂੰ ਨਰਕ ਬਣਾਉਦਾ। ਦੋ ਨੰਬਰ ਦਾ ਪੈਸਾ ਕਮਾਕੇ ਤੁਸੀਂ ਮੌਕੇ ਤੇ ਬੇਸੱਕ ਖੁਸ਼ ਹੋਵੋ ਪਰ ਸਮਾਂ ਬੀਤਣ ਤੇ ਤੁਹਾਨੂੰ ਪਛਤਾਉਣਾ ਪੈਂਦਾ।
ਫਿਰ ਕੀ ਕਹਿੰਦਾ ਉਹ ਕਲੱਰਕ, ਰੂਪ ਨੇ ਪੁੱਛਿਆ।
ਕੀ ਕਹਿਣਾ ਸੀ ਜੀ ਜੀ ਕਰੀ ਗਿਆ।
ਰੂਪ, ਹੱਡਾ ਰੋੜੀ ਦੇ ਕੁੱਤੇ ਵਾਗੂੰ ਜਿਹਨਾਂ ਦੇ ਮੂੰਹ ਨੂੰ ਮਾਸ ਲੱਗ ਜਾਂਦਾ ਉਹ ਕਾਹਨੂੰ ਛੱਡਦੇ ਐ ਮੁਰਦਾਰ (ਰਿਸ਼ਵਤ) ਖਾਣਾ, ਲੰਮੇ ਨੇ ਕਿਹਾ।
ਤਾਇਆ ਇਹਨਾਂ ਕਲੱਰਕਾਂ ਦੀ ਕੀ ਗੱਲ ਕਰਨੀ ਐ। ਹੁਣ ਤਾਂ ਵੇਖ ਲੈ ਥੱਲੇ ਤੋਂ ਲੈ ਕੇ ਮਨਿਸਟਰਾਂ ਤੱਕ ਸਾਰੇ ਹੀ ਹਰਾਂਮ ਦੀ ਕਮਾਈ ਖਾਂਦੇ ਐ। ਹੁਣ ਤਾਂ ਆਪਾਂ ਨੂੰ ਸਾਰਿਆਂ ਨੂੰ ਹੀ ਇਸ ਦਾ ਹੱਲ ਸੋਚਣਾ ਚਾਹੀਦਾ ਰਣਜੀਤ ਕਾਂਮਰੇਡ ਨੇ ਕਿਹਾ।
ਕਾਮਰੇਡ ਸਾਹਿਬ ਆਪਾਂ ਕੀ ਕਰ ਸਕਦੇ ਆਂ ਪੂਰਨ ਨੇ ਕਿਹਾ,
ਵੱਡੇ ਭਾਈ ਆਹ ਵੋਟਾਂ ਆ ਰਹੀਆਂ, ਵੇਖੋ ਆਪਾਂ ਪਹਿਲਾਂ ਕਾਂਗਰਸੀ ਵੇਖੇ ਫਿਰ ਅਕਾਲੀਆਂ ਨੂੰ। ਵੇਖੋ ਇਹ ਦੋਵੇਂ ਪਾਰਟੀਆਂ ਇੱਕੋਂ ਜਿਹੀਆਂ। ਸਾਨੂੰ ਦੋਵੇਂ ਹੀ ਰੱਜ ਕੇ ਲੁਟਦੇ ਐ, ਜੇ ਬੋਲਦੇ ਆਂ ਤਾਂ ਕੁਟਦੇ ਐ।
ਰਣਜੀਤ ਦੀ ਗੱਲ ਕੱਟਦਿਆਂ ਰੂਪ ਨੇ ਕਿਹਾ, ਫਿਰ ਕਾਂਮਰੇਡਾ ਦੱਸ ਅਸੀਂ ਵੋਟਾਂ ਕੀਹਨੂੰ ਪਾਈਏ ਸਾਰੇ ਹੀ ਇੱਕੋਂ ਜਿਹੇ ਐ।
ਬਾਈ ਇਸ ਵਾਰ ਆਪਾਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਇਹਨਾਂ ਲੋਟੂਆਂ ਤੋਂ ਖਹਿੜਾ ਛਡਾਈਏ। ਲਗਦਾ ਉਹ ਲੋਕਾਂ ਦੀ ਭਲਾਈ ਲਈ ਜਰੂਰ ਕੁਝ ਚੰਗਾ ਕਰਨਗੇ। ਰਣਜੀਤ ਆਖ ਹੀ ਰਿਹਾ ਸੀ ਪਿੰਡ ਦਾ ਸਰਪੰਚ ਤੇ ਤੇ ਹੋਰ ਲੋਕ ਅਕਾਲੀ ਦਲ ਲਈ ਵੋਟਾਂ ਨੂੰ ਕਹਿਣ ਆ ਗਏ। ਰਣਜੀਤ ਤੇ ਰੂਪ ਉਠ ਕੇ ਘਰਾਂ ਨੂੰ ਚਲੇ ਗਏ। ਲੰਮੇ ਹੋਰੀਂ ਉਹਨਾਂ ਨਾਲ ਗੱਲੀੰਂ ਪੈ ਗਏ।