MediaPunjab - ਭਖਦੇ ਮਸਲੇ
ਭਖਦੇ ਮਸਲੇ

ਕਨ੍ਹੱਈਆ ਕੁਮਾਰ ਨੂੰ ਇਕ ਵਿਦਿਆਰਥਣ ਦੀ ਖੁੱਲ੍ਹੀ ਚਿੱਠੀ

ਪਿਆਰੇ ਵੀਰ ਕਨ੍ਹੱਈਆ ਕੁਮਾਰ,

ਤੁਹਾਡੀ ਰਾਜ਼ੀ-ਖੁਸ਼ੀ ਦੀ ਕਾਮਨਾ ਕਰਦਿਆਂ ਹੋਇਆ ਤੁਹਾਡੇ ਨਾਲ ਕੁੱਝ ਗੱਲਾਂ ਕਰਨੀਆਂ ਚਾਹੁੰਦੀ ਹਾਂ,

ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਐੱਮ.ਏ. ਦੀ ਵਿਦਿਆਰਥਣ ਹਾਂ ਤੇ ਮੇਰਾ ਨਾਮ ਨਵਜੋਤ ਹੈ ਮੈਂ ਆਪਣੀ ਖਬਰ-ਸਾਰ ਇਹ ਦੱਸਦੀ ਹਾਂ ਕਿ ਮੈਂ ਵੀ ਰਾਜ਼ੀ ૶ਖੁਸ਼ੀ ਹਾਂ ।
        ਵੀਰੇ ਮੈਂ ਇਸ ਚਿੱਠੀ ਵਿੱਚ ਸਿਰਫ ਆਪਣਾ ਨਾਮ ਲਿਖ ਰਹੀ ਹਾਂ ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਮੇਰੇ ਨਾਮ ਤੋਂ ਅੱਗੇ ਵੱਧ ਕੇ ਕੋਈ ਇਸ ਚਿੱਠੀ ਨੂੰ ਧਰਮ ਜਾਂ ਜਾਤ-ਪਾਤ ਦੇ ਆਧਾਰ ਉੱਤੇ ਪਰਖਣ ਦੀ ਕੋਸ਼ਿਸ਼ ਕਰੇ ਕਿਉਂਕਿ ਇੰਨਾ ਸਮਝ ਆ ਗਿਆ ਹੈ ਕਿ ਗੱਲ ਜਮਾਤਾਂ ਦੀ ਏ ਤੇ ਗਰੀਬ ਭਾਵੇਂ ਕਿਸੇ ਵੀ ਧਰਮ ਦੇ ਹੋਣ ਕਿਸੇ ਵੀ ਜਾਤ ਦੇ ਹੋਣ ਉਹ ਇੱਕੋ ਜਮਾਤ ਦੇ ਹੁੰਦੇ ਹਨ। ਉਂਝ ਮੈਂ ਪਹਿਚਾਣ ਨਸ਼ਰ ਹੋਣ ਤੋਂ ਡਰਦੀ ਨਹੀਂ, ਕਿਉਂਕਿ ਮੈਂ ਤੇਰੀ ਭੈਣ ਹਾਂ । ਪਰ ਇੱਥੇ ਗੱਲਾਂ ਭੈਣ ਅਤੇ ਭਰਾ ਵਿਚਾਲੇ ਹੋ ਰਹੀਆਂ ਹਨ ਤੇ ਤੂੰ ਤਾਂ ਮੈਨੂੰ ਪਹਿਚਾਣ ਹੀ ਲਿਆ ਹੈ । ਕਿਉਂਕਿ ਆਪਾਂ ਇੱਕੋ ਜਮਾਤ ਦੇ ਆਂ ।
          ਵੀਰ ਇਹ ਗੱਲ ਉਦੋਂ ਦੀ ਹੈ ਜਦੋਂ ਤੈਨੂੰ ਗਿਰਫਤਾਰ ਕਰ ਲਿਆ ਗਿਆ ਸੀ ਤੇ ਸਾਡੀ ਯੂਨੀਵਰਸਿਟੀ ਦੇ ਵਿਦਿਆਰਥੀ ਦੇਸ਼ ਦੇ ਹਾਲਤਾਂ ਨੂੰ ਸਮਝਣ ਦਾ ਸੱਦਾ ਦੇਣ ਸਾਡੀ ਕਲਾਸ ਵਿੱਚ ਆਏ ਸਨ, ਸੱਚ ਜਾਣੀਂ ਵੀਰ ਉਸ ਦਿਨ ਤੋਂ ਪਹਿਲਾਂ ਮੈਂ ਤੇਰਾ ਨਾਮ ਵੀ ਕਦੀ ਨਹੀਂ ਸੀ ਸੁਣਿਆ। ਉਨ੍ਹਾਂ ਵਿੱਚੋਂ ਇੱਕ ਵਿਦਿਆਰਥੀ ਬੋਲਦਿਆਂ ਕਹਿ ਰਿਹਾ ਸੀ “ਪਹਿਚਾਣ ਤੁਸੀਂ ਕਰਨੀ ਏ ਦੋਸਤੋ, ਕੌਣ ਤੁਹਾਨੂੰ ਇਸ ਹੱਦ ਤੱਕ ਲੈ ਆਇਆ ਹੈ ਕਿ ਤੁਹਾਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਦੇਸ਼ ਦੀ ਰਾਜਧਾਨੀ ਵਿੱਚ ਕੀ ਹੋਈ ਜਾਂਦੈ ? ''ਵੀਰ ਮੇਰਾ ਸਿਰ ਝੁੱਕ ਰਿਹਾ ਸੀ । ਇਸ ਲਈ ਨਹੀਂ ਕਿ ਮੈਂ ਉਹਦੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋ ਗਈ ਸਾਂ ਤੇ ਇਹ ਕੋਈ ਪਛਤਾਵਾ ਸੀ ਬਲਕਿ ਇਸ ਲਈ ਕਿ ਸੱਚਮੁੱਚ ਹਾਲਾਤ ਇਹੀ ਨੇ ਮੈਂ ਅਤੇ ਮੇਰੇ ਵਰਗੇ ਕਈ ਹੋਰ ਵਿਦਿਆਰਥੀ ਇਹੀ ਸਮਝੀਂ ਬੈਠੇ ਨੇ ਕਿ ਇਹੋ ਜਿਹੇ ਮਸਲਿਆਂ ਨਾਲ ਸਾਡਾ ਕੀ ਲੈਣਾ ਦੇਣਾ? ਤੇ ਸਾਡਾ ਉਸ ਵੇਲੇ ਵੀ ਅਜੇ ਇਹੀ ਸੋਚਣਾ ਸੀ ਕਿ ਇਹ ਪੰਜ-ਸੱਤ ਮਿੰਟ ਬੋਲ ਕੇ ਚਲੇ ਜਾਣਗੇ ਤੇ ਫਿਰ ਉਹੀ ਕੁੱਝ ਬਸ ....
         ਉਹਨੇ ਅੱਗੇ ਕਿਹਾ, ''ਜਰਾ ਝਾਤੀ ਮਾਰਿਓ ਆਪਣੇ ਇਤਿਹਾਸ ਉੱਤੇ, ਸਾਨੂੰ ਕੀ ਸਿੱਖਿਆ ਮਿਲਦੀ ਏ ਸਾਨੂੰ ਬਾਬੇ ਨਾਨਕ ਤੋਂ, ਗੁਰੂ ਗੋਬਿੰਦ ਸਿੰਘ ਤੋਂ ਬੰਦਾ ਸਿੰਘ ਬਹਾਦਰ ਤੋਂ ? ਭਗਤ ਸਿੰਘ ਸਾਨੂੰ ਕੀ ਸਿਖਾਂਉਂਦੈ ? ਕਰਤਾਰ ਸਿੰਘ ਸਰਾਭਾ ਸਾਨੂੰ ਕੀ ਆਖ ਰਿਹੈ ? ਗਦਰੀ ਬਾਬੇ ਕਿਓਂ ਜੂਝੇ ਸਨ ? ਤੇ ਊਧਮ ਸਿੰਘ ਕਿਹੜੇ ਪਾਸੇ ਖੜ੍ਹਿਆ ਸੀ ? ਯਾਦ ਏ ਨਾ ਤੁਹਾਨੂੰ?
         ਮੇਰਾ ਝੁੱਕਦਾ ਜਾਂਦਾ ਸਿਰ ਸ਼ਾਨ ਨਾਲ ਉੱਚਾ ਹੋ ਗਿਆ ਆਪਣੀ ਸੋਚ ਉੱਤੇ ਪਛਤਾਵਾ ਹੋਇਆ ਇਹਨਾਂ ਨਾਵਾਂ ਨੂੰ ਤਾਂ ਵੀਰ ਮੈਂ ਜਾਣਦੀ ਸਾਂ ਮੈਂ ਅਕਸਰ ਪੜ੍ਹਦੀ ਹਾਂ ਇਹਨਾਂ ਬਾਰੇ। ਭਗਤ ਸਿੰਘ ਤਾਂ ਮੈਨੂੰ ਇੰਝ ਲੱਗਦੈ ਜਿਵੇਂ ਮੇਰੀ ਹੀ ਰੱਖੜੀ ਦੀ ਲਾਜ ਰੱਖ ਰਿਹਾ ਹੋਵੇ ਤੇ ਬਾਬਾ ਨਾਨਕ ਤਾਂ ਗਿਆਨ ਦਾ ਉਹ ਸੂਰਜ ਹੈ ਜਿਹੜਾ ਹਰ ਇੱਕ ਨੂੰ ਬਿਨਾਂ ਊਚ-ਨੀਚ ਅਤੇ ਧਰਮ ਦੇ ਵਖਰੇਵੇਂ ਤੋਂ ਗਿਆਨ ਵੰਡਦੈ ਤੇ ਗੁਰੂ ਗੋਬਿੰਦ, ਜਿਹਨਾਂ ਨੂੰ ਅਸੀਂ ਪਿਤਾ ਆਖਦੇ ਹਾਂ, ਦੀ ਤਲਵਾਰ ਸਦਾ ਮਜਲੂਮਾਂ ਲਈ ਮਲ੍ਹਮ ਅਤੇ ਜਾਲਮਾਂ ਲਈ ਮੌਤ ਬਣ ਕੇ ਉੱਠੀ ਤੇ ਬੰਦਾ ਸਿੰਘ ਬਹਾਦਰ ਜਿਹਨੇ ਸਾਡੀਆਂ ਕੁਹਾੜੀਆਂ, ਗੇਣਤੀਆਂ, ਹੱਥੌੜਿਆਂ, ਦਾਤੀਆਂ, ਕਹੀਆਂ, ਗੰਡਾਸੀਆਂ ਨੂੰ ਹਥਿਆਰ ਬਣਾ ਦਿੱਤਾ, ਭਾਵੇਂ ਅਸੀਂ ਉਹਦਾ ਮੁੱਲ ਨਹੀਂ ਪਾਇਆ ਪਰ ਉਹੀ ਤੇ ਹੈ ਜਿਹਨੇ ਹਿੰਦ ਦੀ ਧਰਤ ਉੱਤੇ ਸਭ ਤੋਂ ਪਹਿਲਾਂ ਜਗੀਰਦਾਰੀ ਦੀਆਂ ਜੜ੍ਹਾਂ ਹਿਲਾ ਸੁੱਟੀਆਂ। ਉਸੇ ਸੋਚ ਨੂੰ ਤਾਂ ਪਰਨਾਇਆ ਸੀ ਵੀਰ ਸਰਾਭਾ, ਮੇਰੀਆਂ ਅੱਖਾਂ 'ਚ ਚਮਕ ਆ ਜਾਂਦੀ ਏ ਉਸਨੂੰ ਯਾਦ ਕਰਕੇ ਮਰਦ-ਅਗੰਮੜਾ ਹੈ ਉਹ ਕਿਵੇਂ ਆਇਆ ਉਹ ਦੇਸ਼ 'ਚ ਗਦਰ ਦਾ ਬੂਟਾ ਲੈ ਕੇ ਆਇਆ ਅਤੇ ਲਾ ਗਿਆ ਇਸ ਧਰਤ ਵਿੱਚ ਜਿਹਨੂੰ ਉਹਦੇ ਵਰਗੇ ਸਰਾਭੇ ਪੈਦਾ ਕਰਨ ਦਾ ਵਰ ਏ ਕਦੀ ਉਹ ਭਗਤ ਸਿੰਘ ਦੇ ਰੂਪ 'ਚ ਪੈਦਾ ਹੁੰਦੇ ਨੇ ਕਦੀ ਊਧਮ ਸਿੰਘ ਦੇ ਰੂਪ 'ਚ ਐਵੇਂ ਤੇ ਨਹੀਂ ਕੋਈ ਹਜ਼ਾਰਾਂ ਮਜਲੂਮਾਂ ਦੇ ਖੂਨ ਦਾ ਬਦਲਾ ਲੈਣ ਲਈ ਹਜ਼ਾਰਾਂ ਮੀਲਾਂ ਅਤੇ ਬਾਈ ਸਾਲ ਦਾ ਲੰਮਾਂ ਫਾਸਲਾ ਤੈਅ ਕਰਦਾ । ਉਹ ਮੁੰਡਾ ਅੱਗੇ ਬੋਲ ਰਿਹਾ ਸੀ, ਸਾਨੂੰ ਕੀ ਹੱਕ ਐ ਗੁਰੂ ਦੇ ਸਿੰਘ ਕਹਾਉਣ ਦਾ ਜੇ ਅਸੀਂ ਇਹ ਨਾ ਸਮਝੇ ਕਿ ਉਨ੍ਹਾਂ ਦੀ ਸਿੱਖਿਆ ਊਚਾਂ ਨਾਲ ਨਹੀਂ ਨੀਚਾਂ ਨਾਲ ਖੜ੍ਹਨ ਦਾ ਸੁਨੇਹਾ ਦਿੰਦੀ ਹੈ" ਹਾਂ ! ਮੇਰੇ ਮਨ ਵਿੱਚ ਆਪ ਮੁਹਾਰੇ ਆਇਆ ਬਾਬੇ ਨਾਨਕ ਨੇ ਵੀ ਤਾਂ ਸਪੱਸ਼ਟ ਕੀਤਾ ਸੀ ਨਾ ਕਿ ਉਹ ਕਿੱਧਰ ਖੜਾ ਹੈ।
''ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।''

''ਦੋਸਤੋ, ਜਰੂਰ ਸੋਚਿਓ ਇਸ ਬਾਰੇ, ਕਿ ਤੁਸੀਂ ਕਿਧਰ ਖੜ੍ਹੇ ਓਂ ?"
       ਪਿਆਰੇ ਵੀਰ, ਫਿਰ ਇੱਕ ਉਹ ਵੇਲਾ ਆਇਆ ਜਦੋਂ ਮੈਂ ਇੰਟਰਨੈੱਟ ਉੱਤੇ ਸੁਣਿਆ ਇੱਕ ਨੌਜੁਆਨ ਕਹਿ ਰਿਹਾ ਸੀ ਕਿ
''ਅਸੀਂ ਇਸ ਦੇਸ਼ ਉਨ੍ਹਾਂ 80 ਪ੍ਰੱਤੀਸ਼ਤ ਲੋਕਾਂ ਨਾਲ ਖੜ੍ਹੇ ਆਂ ਜਿਹੜੇ ਰੋਜ਼ਾਨਾ ਵੀਹ ਰੁਪਏ ਤੋਂ ਘੱਟ 'ਤੇ ਗੁਜ਼ਾਰਾ ਕਰ ਰਹੇ ਨੇ .......ਫਿਰ ਤੂੰ ਕਿਹਾ ਕਿ ''ਉਹ ਬੁਨਿਆਦੀ ਸਵਾਲ ਉੱਤੇ ਚਰਚਾ ਕਰਨ ਤੋਂ ਡਰਦੇ ਨੇ ''ਮੈਂ ਸੋਚਿਆ 'ਉਹ ਕੌਣ ਨੇ? ਬੁਨਿਆਦੀ ਸਵਾਲ ਕਿਹੜੇ ਨੇ?'
        ਹਾਂ ਵੀਰ ਮੈਨੂੰ ਯਾਦ ਆਇਆ ਕਿ ਓਦਨ ਉਹ ਹੀ ਵੀਰ ਕਹਿ ਰਿਹਾ ਸੀ ਕਿ ''ਸਰਕਾਰ ਨੇ ਪੀ.ਐੱਚ.ਡੀ ਤੇ ਐਮ.ਫਿਲ ਲਈ ਮਿਲਣ ਵਾਲੀ ਫੈਲੋਸ਼ਿਪ ਬੰਦ ਕਰ ਦਿੱਤੀ ਹੈ, ਕੀ ਇਹ ਦੇਸ਼ ਧਰੋਹ ਨਹੀਂ? ਜਦੋਂ ਸਰਕਾਰ ਖੁਦ ਦੇਸ਼ ਦੇ ਵਿਦਿਆਰਥੀਆਂ ਨੂੰ ਵਿੱਦਿਆ ਦੇ ਹੱਕ ਤੋਂ ਵਾਂਝਾ ਕਰ ਰਹੀ ਹੈ ਕੀ ਹਰ ਇੱਕ ਦੇਸ਼ ਵਾਸੀ ਨੂੰ ਮੁਫਤ ਵਿਦਿਆ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਨਹੀਂ ? ਦੇਸ਼ ਵਿੱਚ ਸਰਕਾਰੀ ਤੰਤਰ ਨੁੰ ਖੂੰਜੇ ਲਾ ਕੇ ਪ੍ਰਾਈਵੇਟ ਸੈਕਟਰ ਨੂੰ ਉਤਸ਼ਾਹਿਤ ਕਰਨ ਦੇਸ਼ ਧਰੋਹ ਨਹੀਂ?
ਹਾਂ ਇਹ ਦੇਸ਼ ਧਰੋਹ ਹੈ ਤੇ ਜਿਹੜੇ ਕਨ੍ਹੱਈਏ ਵਰਗਿਆਂ ਨੂੰ ਦੇਸ਼ ਧਰੋਹ ਦਾ ਠੱਪਾ ਲਾ ਕੇ ਸੀਖਾਂ ਪਿੱਛੇ ਡੱਕਿਆ ਗਿਐ ਉਹੀ ਕਨ੍ਹੱਈਆ ਕੁਮਾਰ OccupyUGC "73   ਨਾਂ ਹੇਠ ਉਸੇ ਫੈਲੋਸ਼ਿਪ ਨੂੰ ਮੁੜ ਬਹਾਲ ਕਰਾਉਣ ਦੀ ਮੁਹਿੰਮ ਵਿੱਡਦਾ ਹੈ''
         ਹਾਂ ਵੀਰ ਮੈਂਨੂੰ ਯਕੀਨ ਹੋ ਗਿਐ ਕਿ ਤੂੰ ਦੇਸ਼ ਧਰੋਹੀ ਨਹੀਂ ਤੂੰ ਇਸ ਦੇਸ਼ ਦੀ ਹਰ ਮਾਂ ਦਾ ਪੁੱਤਰ ਅਤੇ ਹਰ ਭੈਣ ਦਾ ਵੀਰ ਏ ਹਾਂ ਮੈਂ ਸੁਣਿਆਂ ਕਿ 'ਉਹਨਾਂ' ਨੇ ਤੇਰੀ ਮਾਂ ਅਤੇ ਭੈਣ ਨੂੰ ਗੰਦੀਆਂ ਗਾਲਾਂ ਕੱਢੀਆਂ ਨੇ। ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਸ ਦੇਸ ਦੇ ਹਰ ਮਾਂ ਤੇਰੀ ਮਾਂ ਏ ਤੇ ਹਰ ਭੈਣ ਤੇਰੀ ਭੈਣ, ਜੇ ਮੈਂ ਤੇਰੇ ਹੀ ਸ਼ਬਦਾਂ ਵਾਂਗ ਹੀ ਆਖਾਂ ਤਾਂ 'ਉਨ੍ਹਾਂ ਸਾਜਿਸ਼ ਕਰਨ ਵਾਲਿਆਂ ਦੀ ''ਭਾਰਤ ਮਾਤਾ 'ਚ ਜੇ ਮੇਰੀ ਮਾਂ ਨਹੀਂ ਆਉਂਦੀ" ਤਾਂ ਉਨ੍ਹਾਂ ਦੇ ਭਾਰਤ ਮਾਤਾ ਦੇ ਸੰਕਲਪ ਦੀ ਜਾਂਚ ਕਰ ਲੈਣੀ ਚਾਹੀਦੀ ਹੈ । ਜੇ 'ਉਹ' ਕਿਸੇ ਦੀ ਮਾਂ ਨੂੰ ਗਾਲ੍ਹਾਂ ਕੱਢਦੇ ਨੇ ਤਾਂ ਆਪਣੀ ਮਾਂ ਦਾ 'ਉਹ' ਕੀ ਸਤਿਕਾਰ ਕਰਦੇ ਹੋਣਗੇ ? ਜੇ 'ਉਹ' ਜੇ.ਐੱਨ.ਯੂ ਦੀਆਂ ਕੁੜੀਆਂ ਨੂੰ ਤਵਾਇਫਾਂ ਆਖਦੇ ਨੇ ਤਾਂ ਉਹ ਆਪਣੀਆਂ ਭੈਣਾਂ ਨੂੰ ਕਿਹੜੀਆਂ ਨਜਰਾਂ ਨਾਲ ਦੇਖਦੇ ਹੋਣਗੇ ? ਵੇਖ ਵੀਰ ਮੈਨੂੰ ਸਮਝ ਆ ਗਈ ਕਿ 'ਉਹ' ਕੌਣ ਨੇ .. ਜਿਹੜੇ ਬੁਨਿਆਦੀ ਸਵਾਲਾਂ ਉੱਤੇ ਚਰਚਾ ਕਰਨ ਤੋਂ ਡਰਦੇ ਨੇ .. ਤੇ ਉਹ ਬੁਨਿਆਦੀ ਸਵਾਲ ਕਿਹੜੇ ਨੇ ... ਤੂੰ ਜਦੋਂ ਰਿਹਾਅ ਹੋ ਕੇ ਆਇਆ ਤਾਂ ਤੇਰੇ ਚਿਹਰੇ ਦਾ ਵੱਲ ਦੇਖ ਕੇ ਇਸ ਦੇਸ਼ ਦੇ ਲੱਖਾਂ ਨੌਜੁਆਨਾਂ ਨੂੰ ਇੱਕ ਨਵਾਂ ਸਿਤਾਰਾ ਦਿਸਿਆ ਪਰ ਇਹਨਾਂ ਨੌਜੁਆਨਾਂ ਨੇ ਤੈਨੂੰ ਦੇਵਤਾ ਨਹੀਂ ਮੰਨ ਲਿਆ ਜਿਹੜੀ ਗਲਤੀ ਉਹ ਅਕਸਰ ਕਰ ਬੈਠਦੇ ਨੇ, ਉਨ੍ਹਾਂ ਤੈਨੂੰ ਆਦਰਸ਼ ਮੰਨਿਆ ਤੇ ਤੇਰੇ ਵਰਗਾ ਬਣ ਦਾ ਅਹਿਦ ਕੀਤਾ ਹੈ ਉਨ੍ਹਾਂ ਨੌਜੁਆਨਾਂ ਵਿੱਚੋਂ ਮੈਂ ਵੀ ਇੱਕ ਹਾਂ । ਤੇ ਮੈਂ ਅੱਜ ਤੇਰੇ ਨਾਲ ਵਾਅਦਾ ਕਰਦੀ ਹਾਂ ਕਿ ਹਾਂ ਮੈਂ ਵੀ ਕਰਨਾ ਚਾਹੁੰਨੀ ਆਂ 'ਬੁਨਿਆਦੀ ਸਵਾਲ' ਉੱਤੇ ਚਰਚਾ .... ਤੂੰ ਤੇ ਤੇਰੀ ਜੇ.ਐੱਨ.ਯੂ ਹੱਥ ਖੜਾ ਕਰਕੇ ਕਹਿੰਨੇ ਓ ਨਾ ਕਿ ਸਾਨੂੰ ਆਜ਼ਾਦੀ ਚਾਹੀਦੀ ਹੈ 'ਦੇਸ਼ ਤੋਂ ਨਹੀਂ, ਦੇਸ਼ ਵਿੱਚ ਆਜ਼ਾਦੀ' ... ਆਜ਼ਾਦੀ ਬੇਰੋਜ਼ਗਾਰੀ ਤੋਂ ... ਆਜ਼ਾਦੀ ਪੂੰਜੀਵਾਦ ਤੋਂ ... ਆਜ਼ਾਦੀ ਭੁੱਖਮਰੀ ਤੋਂ ... ਆਜ਼ਾਦੀ ਜਾਤੀਵਾਦ ਤੋਂ ... ਆਜ਼ਾਦੀ ਸਮਾਜਿਕ ਨਾ-ਬਰਾਬਰੀ ਤੋਂ', ਅਸੀਂ ਵੀ ਨਾਹਰਾ ਲਾਉਂਨੇ ਆਂਕਿ ਸਾਨੂੰ ਆਜ਼ਾਦੀ ਚਾਹੀਦੀ ਹੈ 'ਦੇਸ਼ ਤੋਂ ਨਹੀਂ ਦੇਸ਼ ਵਿੱਚ ਆਜ਼ਾਦੀ 'ਅਸੀਂ ਸਮਝ ਗਏ ਹਾਂ ਕਿ ਜਦੋਂ ਤੂੰ ਲਾਲ ਤੇ ਨੀਲੇ ਕਟੋਰੇ ਨੂੰ 'ਕੱਠਿਆਂ ਰੱਖ ਕੇ ਗੱਲ ਕਰਦਾ ਹੈ ਤਾਂ ਤੂੰ ਇਸ ਸਮਾਜ ਦੇ ਹਰ ਉਸ ਇਨਸਾਨ ਇੱਕਜੁਟ ਜੋ ਜਾਣ ਦੀ ਗੱਲ ਕਰਦਾ ਹੈ ਜਿਹਨਾਂ ਦਾ ਖੂਨ 'ਉਨ੍ਹਾਂ' ਨੇ ਕਤਰਾ-ਕਤਰਾ ਕਰਕੇ ਚੂਸ ਲਿਆ ਹੈ । ਤੂੰ ਜੈ ਜਵਾਨ ਤੇ ਜੈ ਕਿਸਾਨ ਦਾ ਨਾਹਰਾ ਪੁਨਰ ਸੁਰਜੀਤ ਕੀਤਾ ਹੈ ਉਹ ਜਵਾਨ ਜਿਹੜਾ ਕਿਰਤੀ ਦੀ ਔਲਾਦ ਹੈ ਹੱਥੀ ਕੰਮ ਕਰਨ ਵਾਲੇ ਦਾ ਪੁੱਤਰ ਹੈ ਤੇ ਖੁਦ ਹੱਥੀਂ ਕੰਮ ਕਰਨ ਵਾਲਾ ਹੈ ਉਹ ਤੇਰਾ ਤੇ ਮੇਰਾ ਭਰਾ ਹੈ ਜਿਹੜਾ ਦੇਸ਼ ਦੀਆਂ ਹੱਦਾਂ ਉੱਤੇ ਖੜਾ ਹੈ ਉਨ੍ਹਾਂ ਲਈ ਜਿਹੜੇ ਉਹਦੇ ਪਿਓ ਨੂੰ ਆਪਣੇ ਹੱਥੀ ਗੱਲ ਵਿੱਚ ਰੱਸਾ ਪਾ ਕੇ ਮਰਨ ਲਈ ਮਜਬੂਰ ਕਰਦੇ ਹਨ, ਆਪਣੀਆਂ ਵੇਚੀਆਂ 'ਦਵਾਈਆਂ' ਪੀ ਕੇ ਮਰਨ ਲਈ ਮਜਬੂਰ ਕਰਦੇ ਹਨ ਸਾਡੇ ਪਿੰਡਾਂ ਵਿੱਚ ਘਰਾਂ ਦੇ ਘਰ ਤਬਾਅ ਹੋ ਗਏ ਕਈ ਮੁਹੱਲੀਆਂ ਵਿੱਚ ਅਜਿਹਾ ਕੋਈ ਘਰ ਨਹੀਂ ਜਿੱਥੇ ਹਾਲਾਤਾਂ ਤੋਂ ਤੰਗ ਆਕੇ ਕਿਸੇ ਜੀਅਨੇ ਆਪਣੀ ਹਯਾਤੀ ਖਤਮ ਨਾ ਕੀਤੀ ਹੋਵੇ ।
       ਹੁਣ ਪਿਓਆਂ ਦੀ ਵਿਰਾਸਤ ਪੁੱਤਰਾਂ ਨੇ ਸਾਂਭ ਲਈ ਹੈ ਗਰੀਬੀ ਤੇ ਸ਼ੋਸ਼ਣ ਤੋਂ ਤੰਗ ਆਕੇ ਉਨ੍ਹਾਂ ਪਿਓ ਵਾਲਾ ਰਸਤਾ ਫੜ ਲਿਆ ਹੈ । ਤੂੰ ਉਨ੍ਹਾਂ ਸਾਰਿਆਂ ਨੂੰ ਇੱਕ ਹੋਣ ਲਈ ਕਹਿੰਨੈ ਜਿਹੜੇ ਤਿਲ-ਤਿਲ ਮਰ ਰਹੇ ਹਨ 'ਜਵਾਨ, ਕਿਸਾਨ, ਮਜਦੂਰ' ਇਹ ਸਭ ਕਿਰਤੀ ਹਨ ਹੱਥੀਂ ਕੰਮ ਕਰਨ ਵਾਲੇ ਭਾਵੇਂ ਉਹ ਦਲਿਤ ਹੋਣ ਭਾਵੇਂ ਕਿਸੇ ਹੋਰ ਜਾਤ ਨਾਲ ਸੰਬੰਧ ਰੱਖਦੇ ਹੋਣ ਉਹ ਸਾਰੇ ਹੀ ਉਹ ਲੋਕ ਹਨ ਜੋ ਜਿਹੜੇ ਤੰਗ ਹਨ, ਬੇਰੋਜ਼ਗਾਰ ਹਨ, ਗਰੀਬ ਹਨ, ਨਾਬਰਾਬਰੀ ਦਾ ਸ਼ਿਕਾਰ ਹਨ ਉਹੀ ਬਾਰਡਰ 'ਤੇ ਮਰ ਰਹੇ ਹਨ ਤੇ ਉਹੀ ਖੇਤਾਂ 'ਚ ਤੇ ਉਹੀ ਹੋਸਟਲ ਦਿਆਂ ਕਮਰਿਆਂ 'ਚ ਰਹੇ ਹਨ। ਇਹ ਸਭ ਇੱਕੋ ਹੀ ਹਨ ਲਾਲ ਤੇ ਨੀਲੇ ਰੰਗ 'ਚ ਕੋਈ ਫਰਕ ਨਹੀਂ, ਹਾਂ ਇਹ ਅਸੀਂ ਸਮਝ ਗਏ ਹਾਂ । ਸਮਝ ਗਏ ਹਾਂ ਕਿ 'ਉਹ' ਕੌਣ ਨੇ ਤੇ ਇਹ ਵੀ ਸਮਝ ਗਏ ਹਾਂ ਕਿ ਤੇਰੇ ਖਿਲਾਫ ਰਾਜਧ੍ਰੋਹ ਦਾ ਮੁਕੱਦਮਾਂ ਕਰਨ ਵਾਲੇ ਵੀ ਕਿਸੇ ਹੋਰ ਦਿਆਂ ਹੱਥਾਂ ਦੀ ਕੱਠਪੁਤਲੀ ਹਨ । ਉਹ ਜਿਹੜੇ ਸਾਡੇ ਹੱਕ ਦੀ ਕਮਾਈ ਉੱਤੇ ਕਬਜ਼ਾ ਕਰੀ ਬੈਠੇ ਹਨ ਉਹ ਜੋਕਾਂ ਜਿਹੜੀਆਂ ਲੋਕਾਂ ਦਾ ਲਹੂ ਚੂਸ ਰਹੀਆਂ ਹਨ ਸਾਨੂੰ ਉਨ੍ਹਾਂ ਤੋਂ ਆਜ਼ਾਦੀ ਚਾਹੀਦੀ ਹੈ ਇਹ ਵੀ ਅਸੀਂ ਸਮਝ ਗਏ ਹਾਂ । ਹਾਂ ਅਸੀਂ ਇੱਕਠੇ ਹੋਵਾਂਗੇ ਕਿਉਂਕਿ ਸਾਨੂੰ ਇਕੱਠੇ ਹੋਣਾ ਪਵੇਗਾ, ਕਿਉਂਕਿ ਇਸ ਤੋਂ ਬਿਨ੍ਹਾਂ ਕੋਈ ਚਾਰਾ ਨਹੀਂ । ਉਹਨਾਂ ਪੂਰਾ ਟਿੱਲ ਲਾਇਆ ਕਿਰਤੀਆਂ 'ਚ ਫੁੱਟ ਪਾਉਣ ਦਾ ਕਿਰਤੀ ਨੂੰ ਇੱਕ ਦੂਜੇ ਦੇ ਸਾਹਮਣੇ ਖੜ੍ਹਾ ਕੇ ਆਪਸ 'ਚ ਲੜਾਉਣ ਦਾ ਪਰ ਉਹ ਨਾਕਾਮਯਾਬ ਹਨ ਕਿਉਂਕਿ ਇਹ ਕਿਰਤੀ ਇੱਕ ਹੋ ਰਹੇ ਹਨ। ਇਸ ਦੇਸ਼ ਦੇ ਹੀ ਨਹੀਂ ਸਾਰ ਮੁਲਕਾਂ ਦੇ ਕਿਰਤੀ ਇੱਕ ਹੋ ਰਹੇ ਹਨ।
      ਹਾਂ ਅਸੀਂ ਵੀ ਮੰਗਾਂਗੇ ਤੇਰੇ ਵਾਂਗੂੰ .... ਅਸੀਂ ਵੀ ਮੰਗਾਂ ਕੇ ਕਿਰਤੀਆਂ ਲਈ ਅਜਾਦੀ .... ਰੋਜ਼ਗਾਰ ਦੀ ਆਜ਼ਾਦੀ ... ਬਰਾਬਰੀ ਦੀ
 ਆਜ਼ਾਦੀ ... ਜ਼ਿੰਦਗੀ ਦੀ ਆਜ਼ਾਦੀ ... ਮਨੁੱਖ ਨੂੰ ਮਨੁੱਖ ਦੀ ਪਹਿਚਾਣ ਦਵਾਉਣ ਦੀ ਅਜਾਦੀ ... ਜੈ ਹਿੰਦ ...  ।

ਤੇਰੀ ਭੈਣ
ਨਵਜੋਤ ।

ਕਨ੍ਹੱਈਆ ਦੀ ਜਮਹੂਰੀ ਤਾਨ

ਨਵੀਂ ਸੂਚਨਾ ਤਕਨਾਲੋਜੀ ਸਭ ਨਾਲ ਇੱਕੋ ਜਿਹਾ ਵਰਤਾਉ ਕਰਦੀ ਹੈ। ਇਹ ਜਹਾਦੀਆਂ ਨੂੰ ਆਪਣਾ ਹਿੰਸਕ ਸੁਨੇਹਾ ਕੌਮੀ ਸਰਹੱਦਾਂ ਤੋਂ ਕਿਤੇ ਵੱਧ ਦੂਰੀ ਤਕ ਪਹੁੰਚਾਉਣ ਦੀ ਸਮਰੱਥਾ ਬਖ਼ਸ਼ਦੀ ਹੈ। ਇਹ ਅੰਨਾ ਹਜ਼ਾਰੇ ਨੂੰ ਸਥਾਪਿਤ ਸਿਆਸੀ ਪਾਰਟੀਆਂ ਤੇ ਕੌਮੀ ਨਿਜ਼ਾਮ ਦੀਆਂ ਜੜ੍ਹਾਂ ਹਿਲਾਉਣ ਦੇ ਕਾਬਲ ਬਣਾ ਦਿੰਦੀ ਹੈ। ਇਸ ਤਕਨਾਲੋਜੀ ਦੀ ਵਰਤੋਂ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਤੋਂ ਪ੍ਰੇਰਿਤ ਸੁਰੱਖਿਆ ਏਜੰਸੀਆਂ ਜੇਐੱਨਯੂ ਦੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨ੍ਹੱਈਆ ਕੁਮਾਰ ਨੂੰ 'ਦੇਸ਼ਧਰੋਹੀ' ਖਲਨਾਇਕ ਦਾ ਦਰਜਾ ਦਿਵਾਉਣ ਲਈ ਕਰਦੀਆਂ ਹਨ, ਅਤੇ ਫਿਰ ਇਸੇ ਤਕਨਾਲੋਜੀ ਨੂੰ ਕਨ੍ਹੱਈਆ ਕੁਮਾਰ ਤੇ ਉਸ ਦੇ ਸਾਥੀ ਸਾਡੀ ਨਿਜ਼ਾਮਤ ਦੀ ਸੋਚ ਤੇ ਸਰਕਾਰੀ ਏਜੰਸੀਆਂ ਖ਼ਿਲਾਫ਼ ਜਵਾਬੀ ਹਮਲੇ ਲਈ ਵਰਤਦੇ ਹਨ। ਵੀਰਵਾਰ ਸ਼ਾਮ ਨੂੰ ਕਨ੍ਹੱਈਆ ਕੁਮਾਰ ਦਿੱਲੀ ਦੀ ਤਿਹਾੜ ਜੇਲ੍ਹ ਵਿੱਚੋਂ ਬਾਹਰ ਆਇਆ, ਅਤੇ ਉਸੇ ਸ਼ਾਮ ਉਹ ਇੱਕ ਸਿਤਾਰੇ ਵਜੋਂ ਚਮਕਣਾ ਸ਼ੁਰੂ ਹੋਇਆ .. ਯੁਵਾ ਭਾਰਤ ਦੀ ਨਵੀਂ ਆਵਾਜ਼ ਬਣ ਕੇ, ਬਿਨਾਂ ਕਿਸੇ ਡਰ-ਭਓ ਦੇ ਆਪਣੀ ਗੱਲ ਕਹਿਣ ਵਾਲੀ ਆਵਾਜ਼। ਉਸ ਦੇ ਕਥਨਾਂ ਵਿੱਚ ਪਛਤਾਵੇ ਦਾ ਕਣ ਵੀ ਨਹੀਂ ਸੀ ਅਤੇ ਭਾਸ਼ਨ ਏਨਾ ਲੱਛੇਦਾਰ, ਏਨਾ ਲਬਾਬਦਾਰ ਸੀ ਕਿ ਕਹਿੰਦੇ ਕਹਾਉਂਦੇ ਬੁਲਾਰੇ ਵੀ ਇਸ ਸਾਹਮਣੇ ਫਿੱਕੇ ਪੈ ਜਾਣ।
          ਇਹ ਨਵੀਂ ਤਕਨਾਲੋਜੀ ਦਾ ਹੀ ਕਮਾਲ ਸੀ ਬਿਹਾਰ ਦੇ ਇੱਕ ਗ਼ਰੀਬ ਪਰਿਵਾਰ ਨਾਲ ਸਬੰਧਤ ਇਹ ਨੌਜਵਾਨ ਦੋ ਸੰਘਰਸ਼ਾਂ ਦੇ ਪ੍ਰਤੀਕ ਵਜੋਂ ਸਾਹਮਣੇ ਆਇਆ : ਇੱਕ ਨਿੱਜੀ ਸੰਘਰਸ਼ ਜੋ ਕਿ ਉਸ ਦੀ ਗ੍ਰਿਫ਼ਤਾਰੀ, ਉਸ ਉੱਪਰ ਦੇਸ਼ਧਰੋਹ ਦੇ ਠੱਪੇ ਅਤੇ ਫਿਰ ਰਿਹਾਈ ਲਈ ਜਦੋਜਹਿਦ ਤਕ ਸੀਮਤ ਸੀ ਅਤੇ ਦੂਜਾ ਵਿਚਾਰਧਾਰਕ ਤੇ ਸਿਧਾਂਤਕ। ਦੂਜਾ ਸੰਘਰਸ਼ ਲੰਮੇ ਸਮੇਂ ਤਕ ਚੱਲਣ ਵਾਲਾ ਹੈ, ਅਤੇ ਚੱਲਣਾ ਵੀ ਚਾਹੀਦਾ ਹੈ। ਦਿੱਲੀ ਪੁਲੀਸ ਦੀ ਬੇਲੋੜੀ 'ਫਰਜ਼ਸ਼ੱਨਾਸੀ' ਨੇ ਉਸ ਉੱਪਰ 'ਦੇਸ਼ਧਰੋਹ' ਦਾ ਠੱਪਾ ਲਾ ਕੇ ਉਸ ਨੂੰ ਸਲਾਖ਼ਾਂ ਪਿੱਛੇ ਬੰਦ ਕੀਤਾ ਪਰ ਇਸ ਗ੍ਰਿਫ਼ਤਾਰੀ ਤੇ ਇਸ ਨਾਲ ਜੁੜੇ ਦੋਸ਼ਾਂ ਨੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ, ਜਿਸ ਨੂੰ ਸੰਵਿਧਾਨ ਨੇ ਯਕੀਨੀ ਬਣਾਇਆ ਹੋਇਆ ਹੈ, ਨੂੰ ਦਰਪੇਸ਼ ਖ਼ਤਰਾ ਦੇਸ਼ ਵਾਸੀਆਂ ਦੇ ਸਾਹਮਣੇ ਲਿਆ ਖੜ੍ਹਾ ਕੀਤਾ। ਇਹ ਪ੍ਰਭਾਵ ਪਕੇਰਾ ਹੋ ਗਿਆ ਕਿ ਕੇਂਦਰ ਵਿੱਚ ਹਕੂਮਤ ਕਰ ਰਹੀ ਸਰਕਾਰ, ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਨੂੰ ਆਪਣੀਆਂ ਸਿਆਸੀ ਤਰਜੀਹਾਂ ਦੇ ਘੇਰੇ ਦੇ ਅੰਦਰ ਤਕ ਸੁੰਗੇੜਨ ਤੇ ਨਪੀੜਨ ਦੇ ਰਾਹ ਤੁਰੀ ਹੋਈ ਹੈ। ਇਹ ਖ਼ੁਸ਼ਕਿਸਮਤੀ ਵਾਲੀ ਗੱਲ ਹੈ ਕਿ ਦੇਸ਼ ਦੀ ਨਿਆਂਪਾਲਿਕਾ ਅਜੇ ਵੀ ਆਜ਼ਾਦ ਹੈ ਅਤੇ ਸਰਕਾਰੀ ਸੋਚ ਦੀਆਂ ਸੀਮਾਵਾਂ ਤੇ ਇਨ੍ਹਾਂ ਨਾਲ ਜੁੜੇ ਖ਼ਤਰਿਆਂ ਨੂੰ ਪਛਾਣਦੀ ਤੇ ਸਮਝਦੀ ਹੈ। ਉਸ ਨੇ ਇਹ ਯਕੀਨੀ ਬਣਾਇਆ ਕਿ ਦੇਸ਼ ਵਿੱਚ ਵੱਖ ਵੱਖ ਥਾਵਾਂ 'ਤੇ ਮੌਜੂਦ ਕਨ੍ਹੱਈਆ ਕੁਮਾਰ ਆਜ਼ਾਦਾਨਾ ਸੋਚ ਦੇ ਹੱਕ ਤੋਂ ਮਹਿਰੂਮ ਨਾ ਹੋਣ ਅਤੇ ਜੇਕਰ ਇਹ ਸੋਚ, ਦੇਸ਼ ਵਾਸੀਆਂ ਦੇ ਕਿਸੇ ਵਰਗ ਵਿਸ਼ੇਸ਼ ਨੂੰ ਚੁੱਭਦੀ ਵੀ ਹੈ ਤਾਂ ਵੀ ਇਸਦਾ ਗਲਾ ਨਾ ਘੁੱਟਿਆ ਜਾਵੇ।
         ਕਨ੍ਹੱਈਆ ਕੁਮਾਰ ਦੇਸ਼ ਦੀ ਰੂਹ ੳੱਤੇ ਗ਼ਾਲ਼ਬ ਹੋਣ ਲਈ ਲੰਬੇ ਸਮੇਂ ਤੋਂ ਚੱਲ ਰਹੇ ਸੰਘਰਸ਼ ਨੂੰ ਵੀ ਪ੍ਰਤੀਬਿੰਬਤ ਕਰਦਾ ਹੈ। ਇੱਕ ਪਾਸੇ ਆਰਐੱਸਐੱਸ-ਭਾਜਪਾ ਦਾ ਗੱਠਬੰਧਨ ਹੈ ਜੋ ਕਿ ਆਪਣੀ ਹਿੰਦੂਤਵ ਵਿਚਾਰਧਾਰਾ ਨੂੰ ਦੇਸ਼ ਦੀ ਆਤਮਾ ਦੱਸਣ ਉੱਤੇ ਤੁਲਿਆ ਹੋਇਆ ਹੈ, ਦੂਜੇ ਪਾਸੇ ਉਹ ਸੁਰਾਂ, ਵਿਚਾਰਧਾਰਾਵਾਂ ਤੇ ਸਮੂਹ ਹਨ ਜੋ ਕਿ ਹਿੰਦੂਤਵੀ ਨੁਸਖਿਆਂ ਤੇ ਤਰਕੀਬਾਂ ਨੂੰ ਹਰ ਮਰਜ਼ ਦਾ ਇਲਾਜ ਮੰਨਣ ਤੋਂ ਇਨਕਾਰੀ ਹਨ ਅਤੇ ਜੋ ਕੌਮ ਤੇ ਕੌਮੀਅਤ ਦੇ ਸੰਕਲਪ ਨੂੰ ਇੱਕ ਵਿਸ਼ੇਸ਼ ਧਾਰਮਿਕ ਸੋਚ ਤੇ ਪਛਾਣ ਦੇ ਦਿਸਹੱਦਿਆਂ ਤੋਂ ਕਿਤੇ ਉੱਚਾ ਤੇ ਕਿਤੇ ਵੱਧ ਵਿਸ਼ਾਲ ਮੰਨਦੇ ਹਨ। ਕਿਉਂਕਿ ਭਾਜਪਾ ਹੁਣ ਹੁਕਮਰਾਨ ਪਾਰਟੀ ਹੈ, ਇਸੇ ਲਈ ਹਿੰਦੂਤਵੀ ਤਾਕਤਾਂ ਇਹ ਸਮਝਦੀਆਂ ਹਨ ਕਿ ਉਨ੍ਹਾਂ ਨੂੰ ਆਪਣੀ ਰਾਇ, ਆਪਣੀ ਨੀਤੀ, ਆਪਣੀ ਪਛਾਣ ਹਰ ਦੇਸ਼ਵਾਸੀ ਉੱਤੇ ਥੋਪਣ ਦਾ ਕਾਨੂੰਨੀ ਤੇ ਇਖ਼ਲਾਕੀ ਹੱਕ ਹਾਸਲ ਹੋ ਗਿਆ ਹੈ। ਹੁਕਮਰਾਨ ਗੱਠਜੋੜ ਹੁਣ ਇਹ ਚਾਹੁੰਦਾ ਹੈ ਕਿ ਕੋਈ ਤਰਕ-ਵਿਤਰਕ ਨਾ ਕਰੇ ਅਤੇ ਜਾਂ ਫਿਰ ਤਰਕ, ਦਲੀਲਾਂ ਤੇ ਵਿਚਾਰ ਸਿਰਫ਼ ਉਹੀ ਹੋਣ ਜਿਨ੍ਹਾਂ ਨੂੰ ਉਹ ਮਾਨਤਾ ਦਿੰਦਾ ਆਇਆ ਹੈ। ਦੂਜੇ ਪਾਸੇ ਕਨ੍ਹੱਈਆ ਕੁਮਾਰ ਉਨ੍ਹਾਂ ਤਾਕਤਾਂ ਦੀ ਨੁਮਾਇੰਦਗੀ ਕਰਦਾ ਹੈ ਜਿਹੜੀਆਂ ਹਕੂਮਤੀ ਧਿਰ ਦੀਆਂ ਸੰਕੀਰਣ ਪਰਿਭਾਸ਼ਾਵਾਂ ਨੂੰ ਆਪਣੀ ਜੀਵਨ ਜਾਚ ਬਣਾਉਣ ਲਈ ਤਿਆਰ ਨਹੀਂ। ਅਜਿਹੀਆਂ ਤਾਕਤਾਂ ਦੀ ਮੌਜੂਦਗੀ ਕਿਸੇ ਵੀ ਜਮਹੂਰੀਅਤ ਦੀ ਤੰਦਰੁਸਤੀ ਦੀ ਨਿਸ਼ਾਨੀ ਹੈ। ਭਾਰਤ ਵਿੱਚ ਤਾਂ ਜਮਹੂਰੀਅਤ ਦੇ ਪੈਰ ਇੰਨੇ ਜ਼ਿਆਦਾ ਪੱਕੇ ਹੋ ਚੁੱਕੇ ਹਨ ਕਿ ਇੱਥੇ ਕੋਈ ਵੀ ਹੁਕਮਰਾਨ ਜਾਂ ਉਸ ਦੀ ਪੁਲੀਸ ਕਿਸੇ ਵੀ ਵਿਰੋਧੀ ਸੁਰ ਨੂੰ ਧੱਕੇ ਨਾਲ ਨਹੀਂ ਦਬਾ ਸਕਦੀ। ਹੋਣਾ ਵੀ ਅਜਿਹਾ ਹੀ ਚਾਹੀਦਾ ਹੈ ਕਿਉਂਕਿ ਅਸਹਿਮਤੀ ਤੇ ਆਲੋਚਨਾ ਜਮਹੂਰੀ ਸੰਕਲਪ ਦੇ ਬੁਨਿਆਦੀ ਤੱਤ ਹਨ। ਬਲਸ਼ਾਲੀਆਂ ਦੀਆਂ ਆਪਹੁਦਰੀਆਂ ਨੂੰ ਬੇਨਕਾਬ ਕਰਨ ਤੇ ਠੱਲ੍ਹਣ ਲਈ ਇਹ ਤੱਤ ਅਤਿਅੰਤ ਜ਼ਰੂਰੀ ਹਨ। ਵੀਰਵਾਰ ਨੂੰ ਕਨ੍ਹੱਈਆ ਕੁਮਾਰ ਦੀ ਤਕਰੀਰ ਇਨ੍ਹਾਂ ਤੱਤਾਂ ਦੀ ਅਹਿਮੀਅਤ ਦਾ ਨਿੱਗਰ ਮੁਜ਼ਾਹਰਾ ਸੀ .. ਇੱਕ ਅਜਿਹਾ ਮੁਜ਼ਾਹਰਾ ਜੋ ਜ਼ਬਤ ਤੇ ਜ਼ਾਬਤੇ ਦੇ ਦਾਇਰੇ ਅੰਦਰ ਰਹਿ ਕੇ ਵੀ ਜਬਰ ਨਾਲ ਲੋਹਾ ਲੈਣ ਅਤੇ ਆਪਣੇ ਜਮਹੂਰੀ ਹੱਕਾਂ 'ਤੇ ਪਹਿਰਾ ਦੇਣ ਦਾ ਸੁਨੇਹਾ ਦੇ ਗਿਆ।
(ਪੰਜਾਬੀ ਟ੍ਰਿਬਿਊਨ ਦੀ ਸੰਪਾਦਕੀ)

ਕਨ੍ਹੱਈਆ ਕੁਮਾਰ ਦਾ ਭਾਸ਼ਣ

ਕਹੋ ''ਭਗਤ ਸਿੰਘ ਜ਼ਿੰਦਾਬਾਦ ਤਾਂ ਕਿ ਸਾਨੂੰ ਵੀ ਤੁਹਾਡੇ 'ਤੇ ਵਿਸ਼ਵਾਸ ਆਵੇ''

ਇਹ ਹਨ ਉਹ ਲੋਕ ਜਿਨ੍ਹਾਂ ਨੇ ਤਿਰੰਗੇ ਝੰਡੇ ਨੂੰ ਸਾੜਿਆ, ਉਹ ਉਸ (ਵੀਰ) ਸਾਵਰਕਰ ਦੇ ਭਗਤ ਸਨ, ਜਿਸ ਨੇ ਬਰਤਾਨਵੀ ਸਰਕਾਰ ਕੋਲੋਂ ਮੁਆਫ਼ੀ ਮੰਗੀ। ਹਰਿਆਣੇ ਵਿਚ (ਮਨੋਹਰ ਲਾਲ) ਖੱਟੜ ਸਰਕਾਰ ਹਵਾਈ ਅੱਡੇ ਨੂੰ ਸ਼ਹੀਦ ਭਗਤ ਸਿੰਘ ਦੀ ਥਾਂ ਕਿਸੇ ਹੋਰ ਸੰਘੀ ਦਾ ਨਾਂ ਦੇਣਾ ਚਾਹੁੰਦੀ ਹੈ। ਮੈਂ ਕਹਿਣਾ ਇਹ ਚਾਹੁੰਦਾ ਹਾਂ ਕਿ ਸਾਨੂੰ ਆਰ ਐਸ ਐਸ ਕੋਲੋਂ ਦੇਸ਼ ਭਗਤੀ ਦਾ ਸਰਟੀਫਿਕੇਟ ਨਹੀਂ ਚਾਹੀਦਾ। ਸਾਨੂੰ ਆਰ ਐਸ ਐਸ ਕੋਲੋਂ ਕੌਮਪ੍ਰਸਤੀ ਦਾ ਸਰਟੀਫਿਕੇਟ ਨਹੀਂ ਚਾਹੀਦਾ। ਇਹ ਸਾਡਾ ਦੇਸ਼ ਹੈ ਅਤੇ ਅਸੀਂ ਇਸ ਦੀ ਮਿੱਟੀ ਨੂੰ ਪਿਆਰ ਕਰਦੇ ਹਾਂ। ਅਸੀਂ ਇਸ ਦੇਸ਼ ਦੇ ਅੱਸੀ ਪ੍ਰਤੀਸ਼ਤ ਗਰੀਬ ਜਨਤਾ ਲਈ ਸੰਘਰਸ਼ ਕਰਦੇ ਹਾਂ। ਸਾਡੇ ਲਈ ਇਹੋ ਦੇਸ਼ ਭਗਤੀ ਹੈ। ਸਾਨੂੰ ਬਾਬਾ ਸਾਹਿਬ ਵਿਚ, ਇਸ ਦੇਸ਼ ਦੇ ਸੰਵਿਧਾਨ ਵਿਚ, ਪੂਰਾ ਯਕੀਨ ਹੈ ਅਤੇ ਅਸੀਂ ਇਹ ਗੱਲ ਸਖ਼ਤੀ ਨਾਲ ਕਹਿਣਾ ਚਾਹੁੰਦੇ ਹਾਂ ਕਿ ਜੇਕਰ ਕੋਈ, ਭਾਵੇਂ ਉਹ ਸੰਘੀ ਹੋਵੇ ਜਾਂ ਕੋਈ ਹੋਰ, ਇਸ ਦੇਸ਼ ਦੇ ਸੰਵਿਧਾਨ 'ਤੇ ਉਂਗਲੀ ਉਠਾਏਗਾ ਤਾਂ ਅਸੀਂ ਉਸ ਉਂਗਲੀ ਨੂੰ ਬਰਦਾਸ਼ਤ ਨਹੀਂ ਕਰਾਂਗੇ। ਪਰ ਜਿਹੜਾ ਸੰਵਿਧਾਨ ਝੰਡੇਵਾਲਾ ਅਤੇ ਨਾਗੁਪਰ ਵਿਚ ਪੜ੍ਹਾਇਆ ਜਾਂਦਾ ਹੈ, ਉਸ ਸੰਵਿਧਾਨ ਵਿਚ ਸਾਡਾ ਕੋਈ ਯਕੀਨ ਨਹੀਂ, ਸਾਨੂੰ ਮਨੂੰ ਸਿਮਰਤੀ 'ਤੇ ਕੋਈ ਵਿਸ਼ਵਾਸ ਨਹੀਂ। ਸਾਨੂੰ ਇਸ ਮੁਲਕ ਵਿਚ ਡੂੰਘੇ ਦਬੇ ਹੋਏ ਜਾਤੀਵਾਦ 'ਤੇ ਕੋਈ ਵਿਸ਼ਵਾਸ ਨਹੀਂ। ਪਰ ਸਾਡੇ ਦੇਸ਼ ਦੇ ਸੰਵਿਧਾਨ ਵਿਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਨੇ ਸੰਵਿਧਾਨਕ ਢੰਗ ਰਾਹੀਂ ਮਸਲਿਆਂ ਨੂੰ ਹੱਲ ਕਰਨ ਦੀ ਗੱਲ ਵੀ ਕੀਤੀ ਹੈ। ਬਾਬਾ ਸਾਹਿਬ ਨੇ ਫਾਂਸੀ ਦੀ ਸਜ਼ਾ ਨੂੰ ਖਤਮ ਕਰਨ ਦੀ ਗੱਲ ਕੀਤੀ, ਵਿਚਾਰਾਂ ਦੀ ਆਜ਼ਾਦੀ ਦੀ ਗੱਲ ਕੀਤੀ ਅਤੇ ਅਸੀਂ ਉਨ੍ਹਾਂ ਹੀ ਨੇਮਾਂ ਦੀ ਗੱਲ ਕਰ ਰਹੇ ਹਾਂ, ਜੋ ਸਾਡਾ ਮੁਢਲਾ ਅਧਿਕਾਰ, ਸਾਡਾ ਸੰਵਿਧਾਨਿਕ ਅਧਿਕਾਰ ਹਨ, ਅਸੀਂ ਇਨ੍ਹਾਂ ਦੀ ਰਾਖੀ ਕਰਨਾ ਚਾਹੁੰਦੇ ਹਾਂ। ਇਹ ਸ਼ਰਮ ਦੀ ਗੱਲ ਹੈ ਕਿ ਅੱਜ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਨੇ ਮੀਡੀਆ ਵਿਚ ਆਪਣੇ ਭਾਈਵਾਲਾਂ ਦੀ ਮਦਦ ਨਾਲ ਇਸ ਮੁੱਦੇ ਨੂੰ ਕਿਸੇ ਹੋਰ ਤਰ੍ਹਾਂ ਉਛਾਲਿਆ ਹੈ, ਇਸ ਮੁੱਦ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਹੈ।
           ਕੱਲ੍ਹ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਜਾਇੰਟ ਸਕੱਤਰ ਨੇ ਕਿਹਾ ਸੀ ਕਿ ਅਸੀਂ ਫੈਲੋਸ਼ਿਪ ਲੈਣ ਲਈ ਸੰਘਰਸ਼ ਕਰ ਰਹੇ ਹਾਂ। ਉਸ ਦਾ ਕਹਿਣਾ ਸੀ ਕਿ ਅਜੀਬ ਜਾਪਦਾ ਹੈ। ਉਨ੍ਹਾਂ ਦੀ ਸਰਕਾਰ ਮੈਡਮ ਮਨੂੰਸਿਮਰਤੀ ਇਰਾਨੀ ਇਨ੍ਹਾਂ ਫੈਲੋਸ਼ਿਪਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਹ ਇਸ ਦੀ ਬਹਾਲੀ ਲਈ ਸੰਘਰਸ਼ ਕਰ ਰਹੇ ਹਨ। ਇਨ੍ਹਾਂ ਦੀ ਸਰਕਾਰ ਨੇ ਬਜਟ ਸਮੇਂ ਉਚੇਰੀ ਵਿੱਦਿਆ ਵਿਚ ਸਤਾਰਾਂ ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ, ਜਿਸ ਕਾਰਨ ਪਿਛਲੇ ਚਾਰ ਸਾਲਾਂ ਤੋਂ ਸਾਡਾ ਹੋਸਟਲ ਨਹੀਂ ਉਸਾਰਿਆ ਜਾ ਸਕਿਆ ਸਾਨੂੰ ਵਾਈਫਾਈ ਦੀ ਸੁਵਿਧਾ ਨਹੀਂ ਮਿਲੀ ਅਤੇ ਜਿਹੜੀ ਇਕ ਬੱਸ ਬੀਐਚਏਐਲ ਕੰਪਨੀ ਨੇ ਮੁਹੱਈਆ ਕੀਤੀ ਸੀ, ਉਸ ਵਿਚ ਤੇਲ ਪੁਆਉਣ ਜੋਗਾ ਪੈਸਾ ਵੀ ਪ੍ਰਸ਼ਾਸਨ ਕੋਲ ਨਹੀਂ। ਏਬੀਵੀਪੀ ਵਾਲੇ ਰੋਡ ਰੋਲਰਾਂ ਦੇ ਸਾਹਮਣੇ ਦੇਵ ਆਨੰਦ ਵਾਂਗ ਫੋਟੋਆਂ ਖਿਚਵਾ ਕੇ ਦਾਅਵੇ ਕਰਦੇ ਹਨ ਕਿ ਅਸੀਂ ਹੋਸਟਲ ਬਣਾ ਰਹੇ ਹਾਂ, ਅਸੀਂ ਵਾਈਫਾਈ ਲਵਾ ਰਹੇ ਹਾਂ ਅਤੇ ਅਸੀਂ ਫੈਲੋਸ਼ਿਪਾਂ ਦਿਵਾ ਰਹੇ ਹਾਂ। ਜੇ ਇਸ ਮੁਲਕ ਵਿਚ ਬੁਨਿਆਦੀ ਸਮੱਸਿਆਵਾਂ ਬਾਰੇ ਵਿਚਾਰ-ਚਰਚਾ ਹੋਵੇ ਤਾਂ ਉਹ ਨੰਗੇ ਹੋ ਜਾਂਦੇ ਹਨ। ਪਰ ਮੈਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦਾ ਵਿਦਿਆਰਥੀ ਹੋਣ 'ਤੇ ਮਾਣ ਕਰਦਾ ਹਾਂ ਕਿਉਂਕਿ ਅਸੀਂ ਬੁਨਿਆਦੀ ਗੱਲਾਂ 'ਤੇ ਬਹਿਸ ਕਰਦੇ ਹਾਂ, ਸੁਆਲ ਉਠਾਉਂਦੇ ਹਾਂ। (ਸੁਬਰਾਮਨੀਅਮ) ਸੁਆਮੀ ਕਹਿੰਦਾ ਹੈ ਕਿ ਜੇਐਨਯੂ ਵਿਚ ਜੇਹਾਦੀ ਰਹਿੰਦੇ ਹਨ, ਜੋ ਕਿ ਜੈਐਨਯੂ ਦੇ ਲੋਕ ਹਿੰਸਾ ਫੈਲਾਉਂਦੇ ਹਨ। ਮੈ ਜੇਐਨਯੂ ਵੱਲੋਂ ਆਰਐਸਐਸ ਦੇ ਪ੍ਰਚਾਰਕਾਂ ਨੂੰ ਸੱਦਾ ਦੇਣਾ ਚਾਹੁੰਦਾ ਹਾਂ ਕਿ ਉਸ ਹਿੰਸਾ ਦੀ ਧਾਰਨਾ ਬਾਰੇ ਸਾਡੇ ਨਾਲ ਬਹਿਸ ਕਰਨ। ਏਬੀਵੀਪੀ ਵਾਲੇ ਕਹਿੰਦੇ ਹਨ, 'ਖੂਨ ਸੇ ਤਿਲਕ ਕਰੇਂਗੇ, ਗੋਲੀਓਂ ਸੇ ਆਰਤੀ।' ਅਸੀਂ ਏਬੀਵੀਪੀ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਇਸ ਦੇਸ਼ ਵਿਚ ਉਹ ਕਿਸ ਦਾ ਖੂਨ ਵਹਾਉਣਾ ਚਾਹੁੰਦੇ ਹਨ? ਤੁਸੀਂ (ਆਰਐਸਐਸ) ਭਾਰਤ ਦੀ ਸੁਤੰਤਰਤਾ ਦੀ ਲੜਾਈ ਸਮੇਂ ਬਰਤਾਨਵੀਆਂ ਨਾਲ ਰਲ ਦੇ ਬੰਦੂਕਾਂ ਦਾਗੀਆਂ, ਸੁਤੰਤਰਤਾ ਸੰਗਰਾਮੀਆਂ 'ਤੇ ਗੋਲੀਆਂ ਚਲਾਈਆਂ। ਇਸ ਦੇਸ਼ ਵਿਚ ਜਦੋਂ ਗਰੀਬ ਤੇ ਭੁੱਖੀ ਜਨਤਾ ਰੋਟੀ ਦੀ ਮੰਗ ਕਰਦੀ ਹੈ, ਤੁਸੀਂ ਲੋਕ ਉਨ੍ਹਾਂ 'ਤੇ ਗੋਲੀਆਂ ਦਾਗਦੇ ਹੋ, ਤੁਸੀਂ ਮੁਸਲਮਾਨਾਂ 'ਤੇ ਗੋਲੀਆਂ ਚਲਾਈਆਂ। ਜਦੋਂ ਔਰਤਾਂ ਆਪਣੇ ਸਸ਼ਕਤੀਕਰਨ ਦੀ ਗੱਲ ਕਰਦੀਆਂ ਹਨ, ਤੁਸੀਂ ਕਹਿੰਦੇ ਹੋ ਕਿ ਪੰਜੇ ਉਂਗਲਾਂ ਇਕੋ ਜਿਹੀਆਂ ਨਹੀਂ ਹੋ ਸਕਦੀਆਂ। ਔਰਤਾਂ ਨੂੰ ਸੀਤਾ ਵਾਂਗ ਹੀ ਵਿਚਰਨਾ ਚਾਹੀਦਾ ਹੈ ਅਤੇ ਅਗਨੀ ਪ੍ਰੀਖਿਆ ਵਿਚੋਂ ਲੰਘਣਾ ਚਾਹੀਦਾ ਹੈ। ਪਰ ਇਸ ਦੇਸ਼ ਵਿਚ ਜਮਹੂਰੀਅਤ ਦਾ ਰਾਜ ਹੈ, ਜੋ ਹਰ ਇਕ ਨੂੰ ਬਰਾਬਰੀ ਦਾ ਹੱਕ ਬਖ਼ਸ਼ਦੀ ਹੈ, ਭਾਵੇਂ ਉਹ ਵਿਦਿਆਰਥੀ ਹੋਵੇ ਜਾਂ ਕਲਰਕ, ਕਾਮਾ ਹੋਵੇ ਜਾਂ ਕਿਸਾਨ, ਜਾਂ ਭਾਵੇਂ ਅੰਬਾਨੀ ਜਾਂ ਅਡਾਨੀ ਹੀ ਹੋਵੇ। ਸਾਰਿਆਂ ਕੋਲ ਬਰਾਬਰ ਦੇ ਅਧਿਕਾਰ ਹਨ। ਜਦੋਂ ਅਸੀਂ ਔਰਤਾਂ ਦੇ ਸਸ਼ਕਤੀਕਰਨ ਦੀ ਗੱਲ ਕਰਦੇ ਹਾਂ, ਉਹ ਕਹਿੰਦੇ ਹਨ ਕਿ ਅਸੀਂ ਭਾਰਤੀ ਸੱਭਿਆਚਾਰ ਨੂੰ ਖਤਮ ਕਰ ਰਹੇ ਹਾਂ।
           ਅਸੀਂ ਤਾਂ ਸ਼ੋਸ਼ਣ ਦੇ ਸੱਭਿਆਚਾਰ, ਨਸਲਵਾਦ ਦੇ ਸੱਭਿਆਚਾਰ, ਜਾਤੀਵਾਦ ਦੇ ਸੱਭਿਆਚਾਰ ਨੂੰ ਖਤਮ ਕਰਨਾ ਚਾਹੁੰਦੇ ਹਾਂ। ਜਦੋਂ ਅਸੀਂ ਜਮਹੂਰੀਅਤ ਦੀ ਗੱਲ ਕਰਦੇ ਹਾਂ, ਉਨ੍ਹਾਂ ਨੂੰ ਵੱਟ ਚੜ੍ਹਦਾ ਹੈ, ਜਦੋਂ ਲੋਕ ਨੀਲੇ ਸਲਾਮ ਦੇ ਨਾਲ ਲਾਲ ਸਲਾਮ ਜੋੜਦੇ ਹਨ, ਜਦੋਂ ਅਸੀਂ ਅੰਬੇਦਕਰ ਦਾ ਨਾਂ ਲੈਂਦੇ ਹਾਂ, ਉਨ੍ਹਾਂ ਦੇ ਢਿੱਡ ਵਿਚ ਪੀੜ ਹੋਣ ਲੱਗ ਪੈਂਦੀ ਹੈ। ਜਦੋਂ ਲੋਕ ਮਾਰਕਸ ਦੇ ਨਾਲ ਅੰਬੇਦਕਰ ਦਾ ਨਾਂ ਲੈਂਦੇ ਹਨ ਤਾਂ ਇਨ੍ਹਾਂ ਨੂੰ ਵੱਟ ਚੜ੍ਹਦਾ ਹੈ, ਜਦੋਂ ਲੋਕ ਅਸ਼ਫਾਕ ਉਲ੍ਹਾ ਖਾਨ ਦਾ ਨਾਂ ਲੈਂਦੇ ਹਨ, ਇਨ੍ਹਾਂ ਕੋਲੋਂ ਸਹਿਣ ਨਹੀਂ ਹੁੰਦਾ। ਤੁਸੀਂ ਕਰ ਲਓ ਮੇਰੇ 'ਤੇ ਹੱਤਕ ਇੱਜ਼ਤ ਦਾ ਦਾਅਵਾ, ਮੈਂ ਇਹੋ ਕਹਾਂਗਾ ਕਿ ਆਰਐਸਐਸ ਦਾ ਇਤਿਹਾਸ ਇਹੀ ਹੈ ਕਿ ਉਹ ਬਰਤਾਨਵੀਆਂ ਦੇ ਨਾਲ ਖੜੋਤੇ। ਦੇਸ਼ ਨਾਲ ਦਗਾ ਕਰਨ ਵਾਲੇ ਅੱਜ ਦੇਸ਼ ਭਗਤੀ ਦੇ ਸਰਟੀਫਿਕੇਟ ਵੰਡ ਰਹੇ ਹਨ। ਮੇਰਾ ਮੋਬਾਇਲ ਖੋਲ੍ਹ ਕੇ ਦੇਖੋ ਦੋਸਤੋ, ਮੇਰੀ ਮਾਂ ਅਤੇ ਮੇਰੀਆਂ ਭੈਣਾਂ ਨੂੰ ਗਾਲ੍ਹਾਂ ਕੱਢੀਆਂ ਜਾ ਰਹੀਆਂ ਹਨ। ਤੁਸੀਂ ਕਿਸ ਭਾਰਤ ਮਾਤਾ ਦੀ ਗੱਲ ਕਰਦੇ ਹੋ, ਜੇਕਰ ਮੇਰੀ ਮਾਂ ਤੇ ਤੁਹਾਡੀ ਮਾਂ ਉਸ ਦਾ ਹਿੱਸਾ ਨਹੀਂ ਹਨ, ਮੈਂ ਭਾਰਤ ਮਾਤਾ ਦੀ ਇਹੋ ਜਿਹੀ ਧਾਰਨਾ ਨਾਲ ਸਹਿਮਤ ਨਹੀਂ। ਮੇਰੀ ਮਾਂ ਆਂਗਨਵਾੜੀ ਕਾਮਾ ਹੈ, ਸਾਡਾ ਪਰਿਵਾਰ ਤਿੰਨ ਹਜ਼ਾਰ ਰੁਪਏ 'ਤੇ ਪਲਦਾ ਹੈ ਤੇ ਮੈਨੂੰ ਅਜਿਹੇ ਦੇਸ਼ 'ਤੇ ਸ਼ਰਮ ਆਉਂਦੀ ਹੈ, ਕਿਉਂਕਿ ਇਸ ਦੇਸ਼ ਦੀਆਂ ਮਾਵਾਂ ਭਾਰਤ ਮਾਤਾ ਦਾ ਹਿੱਸਾ ਨਹੀਂ ਹਨ। ਮੈਂ ਭਾਰਤ ਦੀਆਂ ਮਾਵਾਂ ਤੇ ਭੈਣਾਂ ਨੂੰ ਸਲਾਮ ਕਰਦਾ ਹਾਂ, ਇਸ ਦੇ ਕਾਮਿਆਂ, ਕਿਸਾਨਾਂ ਤੇ ਆਦੀਵਾਸੀਆਂ ਨੂੰ ਸਲਾਮ ਕਰਦਾ ਹਾਂ। ਜੇ ਤਹਾਡੇ ਵਿਚ ਹਿੰਮਤ ਹੈ ਤਾਂ ਕਹੋ ਇਨਕਲਾਬ-ਜ਼ਿੰਦਾਬਾਦ, ਕਹੋ ਭਗਤ ਸਿੰਘ ਜ਼ਿੰਦਾਬਾਦ, ਕਹੋ ਅਸ਼ਫ਼ਾਕ ਉੱਲਾ ਖਾਨ ਜ਼ਿੰਦਾਬਾਦ, ਤਾਂ ਹੀ ਸਾਨੂੰ ਯਕੀਨ ਹੋਵੇਗਾ ਕਿ ਤਹਾਨੂੰ ਵੀ ਇਸ ਦੇਸ਼ ਵਿਚ ਵਿਸ਼ਵਾਸ ਹੈ। ਤੁਸੀਂ ਬਾਬਾ ਸਾਹਿਬ ਦੀ 125ਵੀਂ ਵਰ੍ਹੇਗੰਢ ਨੂੰ ਨਾਟਕ ਬਣਾ ਦਿੱਤਾ ਹੈ। ਜੇ ਤੁਹਾਡੇ ਵਿਚ ਹਿੰਮਤ ਹੈ ਤਾਂ ਉਨ੍ਹਾਂ ਗੱਲਾਂ 'ਤੇ ਸੁਆਲ ਉਠਾਓ, ਜਿਨ੍ਹਾਂ 'ਤੇ ਬਾਬਾ ਸਾਹਿਬ ਸੁਆਲ ਉਠਾਉਂਦੇ ਸਨ। ਇਸ ਦੇਸ਼ ਦੀ ਸਮੱਸਿਆ  ਜਾਤੀਵਾਦ ਹੈ। ਇਸ ਰਾਖਵੇਂਕਰਨ ਨੂੰ ਚਾਲੂ ਕਰੋ, ਨਿੱਜੀ ਸੈਕਟਰ ਵਿਚ ਰਾਖਵੇਂਕਰਨ ਨੂੰ ਲਾਗੂ ਕਰੋ। ਇਹ ਦੇਸ਼ ਇਸ ਦੇ ਨਾਗਰਿਕਾਂ ਤੋਂ ਹੀ ਬਣਿਆ ਹੈ। ਜਿਸ ਰਾਸ਼ਟਰ ਵਿਚ ਭੁੱਖਿਆਂ ਲਈ, ਗਰੀਬਾਂ ਲਈ, ਕਾਮਿਆਂ ਲਈ ਕੋਈ ਥਾਂ ਨਹੀਂ ਤਾਂ ਰਾਸ਼ਟਰ ਵੀ ਨਹੀਂ। ਕੱਲ੍ਹ ਮੈਂ ਟੀਵੀ 'ਤੇ (ਦੀਪਕ) ਚੌਰਸੀਆ ਨਾਲ ਬਹਿਸ ਕਰ ਰਿਹਾ ਸੀ ਕਿ ਇਹ ਸਮਾਂ ਮੁਲਕ ਲਈ ਗੰਭੀਰ ਸਮਾਂ ਹੈ। ਜੇ ਇਸ ਦੇਸ਼ ਵਿਚ ਏਨਾ ਜਾਤੀਵਾਦ ਰਿਹਾ ਤਾਂ ਮੀਡੀਆ ਵੀ ਸੁਰੱਖਿਅਤ ਨਹੀਂ ਰਹੇਗਾ। ਕੁੱਝ ਮੀਡੀਆ ਵਾਲੇ ਕਹਿ ਰਹੇ ਹਨ ਕਿ ਜੇਐਨਯੂ ਸਾਡੇ ਟੈਕਸਾਂ ਅਤੇ ਸਬਸਿਡੀਆਂ ਰਾਹੀਂ ਚੱਲਦੀ ਹੈ ਤੇ ਇਹ ਗੱਲ ਠੀਕ ਵੀ ਹੈ। ਇਹ ਬਿਲਕੁਲ ਸਹੀ ਹੈ ਕਿ ਜੇਐਨਯੂ ਟੈਕਸਾਂ ਅਤੇ ਸਬਸਿਡੀਆਂ 'ਤੇ ਚੱਲਦੀ ਹੈ। ਪਰ ਅਸੀਂ ਸੁਆਲ ਪੁੱਛਣਾ ਚਾਹੁੰਦੇ ਹਾਂ : ਯੂਨੀਵਰਸਿਟੀ ਹੁੰਦੀ ਕਾਹਦੇ ਲਈ ਹੈ? ਯੂਨੀਵਰਸਿਟੀ ਸਮਾਜ ਵਿਚ ਪ੍ਰਚੱਲਤ ਧਾਰਨਾਵਾਂ ਦੇ ਆਲੋਚਨਾਤਮਕ ਅਧਿਅਨ ਲਈ ਹੁੰਦੀ ਹੈ। ਜੇ ਕੋਈ ਯੂਨੀਵਰਸਿਟੀ ਇਹ ਕੰਮ ਨਹੀਂ ਕਰਦੀ ਤਾਂ ਦੇਸ਼ ਨਹੀਂ ਬਣਦੇ, ਲੋਕ ਦੇਸ਼ ਦੇ ਨਿਰਮਾਣ ਦਾ ਹਿੱਸਾ ਨਹੀਂ ਬਣਦੇ। ਇਹ ਦੇਸ਼ ਨਹੀਂ ਬਣ ਸਕੇਗਾ, ਜੇਕਰ ਅਸੀਂ ਲੋਕਾਂ ਦੇ ਸੱਭਿਆਚਾਰ, ਸੰਵਿਧਾਨ ਅਤੇ ਹੱਕਾਂ ਨੂੰ ਵਿਚ ਸ਼ਾਮਲ ਨਹੀਂ ਕਰਦੇ, ਵਰਨਾ ਇਹ ਦੇਸ਼ ਸਿਰਫ਼ ਪੂੰਜੀਪਤੀਆਂ ਦੀ ਲੁੱਟ-ਖਸੁੱਟ ਦਾ ਅਤੇ ਸ਼ੋਸ਼ਣ ਦਾ ਅਖਾੜਾ ਬਣ ਕੇ ਰਹਿ ਜਾਵੇਗਾ। ਅਸੀਂ ਦੇਸ਼ ਦੇ ਨਾਲ ਖੜ੍ਹੇ ਹਾਂ, ਬਾਬਾ ਸਾਹਿਬ ਤੇ ਭਗਤ ਸਿੰਘ ਦੀਆਂ ਲਿਖਤਾਂ ਵਿਚੋਂ ਉਪਜੇ ਸੁਫਨਿਆਂ ਦੇ ਨਾਲ ਖੜ੍ਹੇ ਹਾਂ, ਜੋ ਸਾਰਿਆਂ ਲਈ ਬਰਾਬਰੀ ਰੋਟੀ, ਕੱਪੜੇ ਅਤੇ ਮਕਾਨ ਦੇ ਹੱਕ ਨੂੰ ਮੁਹੱਈਆ ਕਰਨ ਦਾ ਸੁਫਨਾ ਹੈ। ਇਸ ਸੁਫਨੇ ਖਾਤਰ ਰੋਹਿਤ ਨੇ ਜਾਨ ਵਾਰ ਦਿੱਤੀ। ਮੈਂ ਕੇਂਦਰੀ ਸਰਕਾਰ ਨੂੰ ਚੁਣੌਤੀ ਦਿੰਦਾ ਹਾਂ ਕਿ ਜੋ ਕੁਝ ਰੋਹਿਤ ਦੇ ਮਾਮਲੇ ਵਿਚ ਹੋਇਆ, ਜੇਐਨਯੂ ਵਿਚ ਕਦੀ ਨਹੀਂ ਵਾਪਰ ਸਕੇਗਾ। ਅਸੀਂ ਵਿਚਾਰਾਂ ਦੀ ਆਜ਼ਾਦੀ ਦੀ ਰਾਖੀ ਲਈ ਉਠਾਂਗੇ। ਪਾਕਿਸਤਾਨ ਤੇ ਬੰਗਲਾਦੇਸ਼ ਦੀ ਗੱਲ ਨਾ ਕਰੋ। ਅਸੀਂ ਤਾਂ ਕਹਿੰਦੇ ਹਾਂ ਕਿ ਅਸੀਂ ਦੁਨੀਆ ਭਰ ਦੇ ਗਰੀਬ ਲੋਕਾਂ ਦਾ ਏਕਾ ਚਾਹੁੰਦੇ ਹਾਂ। ਅਸੀਂ ਉਨ੍ਹਾਂ ਲੋਕਾਂ ਨੂੰ ਪਛਾਣ ਲਿਆ ਹੈ, ਜੋ ਮਨੁੱਖਤਾ ਦੇ ਵਿਰੋਧੀ ਹਨ। ਅਸੀਂ ਨਸਲਵਾਦ, ਸੰਕੀਰਨਤਾਵਾਦ ਦਾ, ਜਾਤੀਵਾਦ ਤੇ ਪੂੰਜੀਵਾਦ ਦਾ ਚਿਹਰਾ ਨੰਗਾ ਕਰਨਾ ਚਾਹੁੰਦੇ ਹਾਂ ਕਿ ਅਸਲੀ ਲੋਕਰਾਜ ਕੀ ਹੈ, ਅਸਲੀ ਸੁਤੰਤਰਤਾ ਮਿਲਣੀ ਚਾਹੀਦੀ ਹੈ। ਇਹ ਸੁਤੰਤਰਤਾ ਪਾਰਲੀਮੈਂਟ, ਸੰਵਿਧਾਨ, ਲੋਕਰਾਜ ਰਾਹੀਂ ਆਵੇਗੀ ਅਤੇ ਇਸੇ ਕਾਰਨ ਮੈਂ ਤੁਹਾਨੂੰ, ਸਾਰੇ ਦੋਸਤਾਂ ਨੂੰ, ਬੇਨਤੀ ਕਰਦਾ ਹਾਂ ਕਿ ਆਪਣੇ ਸਾਰੇ ਵਖਰੇਵਿਆਂ ਦੇ ਬਾਜਵੂਦ ਵਿਚਾਰਾਂ ਦੀ ਆਜ਼ਾਦੀ, ਸਾਡੇ ਸੰਵਿਧਾਨ ਅਤੇ ਸਾਡੇ ਦੇਸ਼ ਦੇ ਏਕੇ ਲਈ ਅਸੀਂ ਰਲ ਕੇ ਕੰਮ ਕਰੀਏ, ਤਾਂ ਜੋ ਇਨ੍ਹਾਂ ਪਾੜੂ ਤਾਕਤਾਂ ਨੂੰ ਭਾਂਜ ਦੇ ਸਕੀਏ ਜੋ ਦਹਿਸ਼ਤਗਰਦਾਂ ਨੂੰ ਪਾਲਦੀ ਹੈ।
          ਆਪਣੀ ਗੱਲ ਖਤਮ ਕਰਨ ਤੋਂ ਪਹਿਲਾਂ ਮੇਰਾ ਇਕ ਆਖਰੀ ਸੁਆਲ ਹੈ। ਕੌਣ ਹੈ ਕਸਾਬ? ਕੌਣ ਹੈ ਅਫ਼ਜ਼ਲ ਗੁਰੂ? ਇਹ ਲੋਕ ਕੌਣ ਹਨ, ਇਸ ਹਾਲਾਤ ਤੱਕ ਪਹੁੰਚ ਗਏ ਹਨ ਕਿ ਅੱਜ ਆਤਮਘਾਤੀ ਦਸਤੇ ਬਣਨ ਲਈ ਤਿਆਰ ਹਨ। ਜੇ ਇਹ ਸੁਆਲ ਯੂਨੀਵਰਸਿਟੀਆਂ ਵੱਲੋਂ ਨਹੀਂ ਉਠਾਏ ਜਾਣਗੇ ਤਾਂ ਮੈਨੂੰ ਜਾਪਦਾ ਹੈ, ਯੂਨੀਵਰਸਿਟੀਆਂ ਹੋਣ ਦਾ ਕੀ ਲਾਭ ਹੋ ਸਕਦਾ ਹੈ। ਜੇ ਅਸੀਂ ਨਿਆਂ ਦੀ ਪਰਿਭਾਸ਼ਾ ਨਹੀਂ ਬਣਾਉਂਦੇ ... ਹਿੰਸਾ ਸਿਰਫ਼ ਗੋਲੀਆਂ ਦਾਗਣਾ ਹੀ ਨਹੀਂ ਹੁੰਦੀ, ਜੇਐਨਯੂ ਵਿਚ ਦਲਿਤਾਂ ਨੂੰ ਉਨ੍ਹਾਂ ਦੇ ਸੰਵਿਧਾਨਕ ਅਧਿਕਾਰ ਨਾ ਦੇਣਾ ਵੀ ਹਿੰਸਾ ਹੈ। ਇਹ ਸੰਸਥਾਗਤ ਹਿੱਸਾ ਹੈ। ਕੌਣ ਤੈਅ ਕਰੇਗਾ ਕਿ ਨਿਆਂ ਕੀ ਹੁੰਦਾ ਹੈ? ਜਦੋਂ ਜਾਤੀਵਾਦ ਤਹਿਤ ਦਲਿਤਾਂ ਨੂੰ ਮੰਦਰਾਂ ਵਿਚ ਦਾਖਲੇ ਦੀ ਮਨਾਹੀ ਸੀ, ਤਾਂ ਉਸ ਸਮੇਂ ਇਹ ਨਿਆਂ ਸੀ? ਜਦੋਂ ਬਰਤਾਨਵੀਆਂ ਵੇਲੇ ਕੁੱਤਿਆਂ ਤੇ ਹਿੰਦੋਸਤਾਨੀਆਂ ਨੂੰ ਰੈਸਟਰੈਂਟਾਂ ਵਿਚ ਦਾਖਲ ਹੋਣ ਦੀ ਮਨਾਹੀ ਸੀ, ਤਾਂ ਵੀ ਇਹ ਨਿਆਂ ਸੀ? ਅਸੀਂ ਨਿਆਂ ਦੀ ਇਸ ਧਾਰਨਾ ਨੂੰ ਚੁਣੌਤੀ ਦਿੱਤੀ ਸੀ ਅਤੇ ਅੱਜ ਵੀ ਅਸੀਂ ਏਬੀਵੀਪੀ ਤੇ ਆਰਐਸਐਸ ਦੀ ਨਿਆਂ ਦੀ ਧਾਰਨਾ ਨੂੰ ਚੁਣੌਤੀ ਦਿੰਦੇ ਹਾਂ। ਇਹ ਨਿਆਂ ਸਾਡੇ ਨਿਆਂ ਦੀ ਧਾਰਨਾ ਦੇ ਵਿਰੁੱਧ ਹੈ। ਅਸੀਂ ਤੁਹਾਡੇ ਨਿਆਂ, ਤੁਹਾਡੀ ਸੁਤੰਤਰਤਾ ਦੀ ਧਾਰਨਾ ਨਾਲ ਸਹਿਮਤ ਨਹੀਂ। ਅਸੀਂ ਨਿਆਂ ਹੋਇਆ ਉਸ ਦਿਨ ਮੰਨਾਂਗੇ, ਜਦੋਂ ਹਰ ਵਿਅਕਤੀ ਨੂੰ ਬਰਾਬਰੀ ਦੇ ਸੰਵਿਧਾਨਕ ਅਧਿਕਾਰ ਹਾਸਲ ਹੋਣਗੇ। ਹਾਲਾਤ ਬਹੁਤ ਗੰਭੀਰ ਹਨ, ਪਰ ਜੇਐਨਯੂ ਵਿਦਿਆਰਥੀ ਯੂਨੀਅਨ ਕਿਸੇ ਵੀ ਹਾਲਤ ਵਿਚ ਹਿੰਸਾ, ਦਹਿਸ਼ਤਗਰਦੀ, ਦਹਿਸ਼ਤੀ ਹਮਲਿਆਂ, ਜਾਂ ਕੌਮ-ਵਿਰੋਧੀ ਸਰਗਰਮੀਆਂ ਦਾ ਸਮਰਥਨ ਜਾਂ ਕੌਮ-ਵਿਰੋਧੀ ਸਰਗਰਮੀਆਂ ਦਾ ਸਮਰਥਨ ਨਹੀਂ ਕਰਦੀ।
           ਕੁਝ ਅਣਪਛਾਤੇ ਲੋਕਾਂ ਨੇ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਾਏ। ਜੈਐਨਯੂ ਦੀ ਵਿਦਿਆਰਥੀ ਯੂਨੀਅਨ ਇਨ੍ਹਾਂ ਨਾਅਰਿਆਂ ਦੀ ਪੁਰਜ਼ੋਰ ਨਿਖੇਧੀ ਕਰਦੀ ਹੈ। ਇਹ ਸੁਆਲ ਜੇਐਨਯੂ ਦੇ ਪ੍ਰਸ਼ਾਸਨ ਅਤੇ ਏਬੀਵੀਪੀ ਲਈ ਹੈ। ਕੈਂਪਸ ਵਿਚ ਹਜ਼ਾਰ ਕਿਸਮ ਦੀਆਂ ਸਰਗਰਮੀਆਂ ਹੋ ਰਹੀਆਂ ਹਨ, ਪਰ ਤੁਸੀਂ ਏਬੀਵੀਪੀ ਦੇ ਨਾਅਰੇ ਨੂੰ ਧਿਆਨ ਨਾਲ ਸੁਣੋ। ਉਹ ਕਹਿੰਦੇ ਹਨ ਕਿ ਕਮਿਊਨਿਸਟ ਕੁੱਤੇ ਹਨ, ਉਹ ਕਮਿਊਨਿਸਟਾਂ ਨੂੰ ਜੇਹਾਦੀਆਂ ਦੇ ਬੱਚੇ, ਅਫ਼ਜ਼ਲ ਗੁਰੂ ਦੇ ਪਿੱਲੇ ਆਖਦੇ ਹਨ। ਇਸ ਸੰਵਿਧਾਨ ਵਿਚ ਬਤੌਰ ਨਾਗਰਿਕ ਮੇਰੇ ਕੋਲ ਅਧਿਕਾਰ ਹਨ ਤਾਂ ਮੇਰੇ ਬਾਪ ਨੂੰ ਕੁੱਤਾ ਕਹਿਣਾ ਕੀ ਮੇਰੇ ਸੰਵਿਧਾਨਿਕ ਹੱਕਾਂ 'ਤੇ ਡਾਕਾ ਨਹੀਂ? ਇਹ ਸੁਆਲ ਏਬੀਵੀਪੀ ਅਤੇ ਜੇਐਨਯੂ ਪ੍ਰਸ਼ਾਸਨ ਕੋਲੋਂ ਪੁੱਛਣਾ ਚਾਹੁੰਦਾ ਹਾਂ ਕਿ ਉਹ ਕਿਸ ਲਈ ਕੰਮ ਕਰ ਰਹੇ ਹਨ? ਕੀਹਦੇ ਨਾਲ ਕੰਮ ਕਰ ਰਹੇ ਹਨ? ਅੱਜ ਇਹ ਸਪੱਸ਼ਟ ਸਾਬਤ ਹੋ ਗਿਆ ਹੈ ਕਿ ਜੇਐਨਯੂ ਦਾ ਪ੍ਰਸ਼ਾਸਨ ਪਹਿਲੋਂ ਇਜਾਜ਼ਤ ਦਿੰਦਾ ਹੈ ਤੇ ਨਾਗਪੁਰ ਤੋਂ ਫੋਨ ਆਉਣ ਤੋਂ ਪਿੱਛੋਂ ਉਹ ਕਿਵੇਂ ਇਸ ਇਜਾਜ਼ਤ ਨੂੰ ਵਾਪਸ ਲੈ ਲੈਂਦਾ ਹੈ। ਇਜਾਜ਼ਤ ਮੰਗਣ ਅਤੇ ਦੇਣ ਦੀ ਇਹ ਪ੍ਰਕਿਰਿਆ ਵੀ ਫੈਲੋਸ਼ਿਪਾਂ ਦੇਣ ਅਤੇ ਲੈਣ ਦੀ ਪ੍ਰਕਿਰਿਆ ਵਰਗੀ ਹੈ। ਪਹਿਲੋਂ ਉਹ ਫੈਲੋਸ਼ਿਪ ਦੀ ਘੋਸ਼ਣਾ ਕਰਦੇ ਹਨ ਤੇ ਫੇਰ ਕਹਿੰਦੇ ਹਨ ਫੈਲੋਸ਼ਿਪ ਨੂੰ ਖਾਰਜ ਕਰ ਦਿੱਤਾ ਗਿਆ ਹੈ। ਇਹ ਹੈ ਸੰਘੀ ਢੰਗ-ਤਰੀਕਾ, ਜਿਸ ਨਾਲ ਉਹ ਦੇਸ਼ ਨੂੰ ਵੀ ਚਲਾਉਣਾ ਚਾਹੁੰਦੇ ਹਨ ਤੇ ਜੇਐਨਯੂ ਦੇ ਪ੍ਰਸ਼ਾਸਨ ਨੂੰ ਵੀ। ਅਸੀਂ ਜੇਐਨਯੂ ਦੇ ਵਾਈਸ ਚਾਂਸਲਰ ਕੋਲੋਂ ਇਕ ਸੁਆਲ ਪੁੱਛਣਾ ਚਾਹੁੰਦਾ ਹਾਂ। ਕੈਂਪਸ ਵਿਚ ਪੋਸਟਰ ਲੱਗੇ ਸਨ, ਮੈਸ ਵਿਚ ਪੈਂਫਲਿਟ ਵੰਡੇ ਗਏ ਸਨ। ਜੇ ਕੋਈ ਸਮੱਸਿਆ ਹੁੰਦੀ ਤਾਂ ਜੇਐਨਯ ਨੇ ਇਜਾਜ਼ਤ ਦੇਣੀ ਹੀ ਨਹੀਂ ਸੀ। ਜੇ ਇਜਾਜ਼ਤ ਦੇ ਦਿੱਤੀ ਸੀ ਤਾਂ ਇਸ ਇਜਾਜ਼ਤ ਨੂੰ ਰੱਦ ਕਰਨ ਲਈ ਨਿਰਦੇਸ਼ ਕਿੱਥੋਂ ਆਏ? ਜੇਐਨਯੂ ਪ੍ਰਸ਼ਾਸਨ ਨੂੰ ਇਸ ਸੁਆਲ ਦਾ ਸਪੱਸ਼ਟ ਜਵਾਬ ਦੇਣਾ ਚਾਹੀਦਾ ਹੈ। ਅਸੀਂ ਜੇਐਨਯੂ ਨੂੰ ਵੰਡਿਆ ਨਹੀਂ ਜਾਣ ਦਿਆਂਗੇ। ਇਸ ਦੇਸ਼ ਵਿਚ ਇਸ ਸਮੇਂ ਜਿਹੜੇ ਵੀ ਸੰਘਰਸ਼ ਚੱਲ ਰਹੇ ਹਨ। ਜੇਐਨਯੂ ਉਨ੍ਹਾਂ ਵਿਚ ਪੂਰੀ ਤਨਦੇਹੀ ਨਾਲ ਸ਼ਾਮਲ ਹੈ ਅਤੇ ਜਮਹੂਰੀਅਤ ਦੀ ਆਵਾਜ਼ ਸੁਤੰਤਰਤਾ ਦੀ ਆਵਾਜ਼ ਤੇ ਵਿਚਾਰਾਂ ਦੀ ਆਜ਼ਾਦੀ ਲਈ ਪ੍ਰਤੀਬੱਧ ਹੈ। ਇਨ੍ਹਾਂ ਲੋਕਾਂ ਦੀ ਅਸਲੀਅਤ ਨੂੰ ਪਛਾਣੋ। ਉਨ੍ਹਾਂ ਨੂੰ ਨਫਰਤ ਨਾ ਕਰੋ, ਕਿਉਂਕਿ ਅਸੀਂ ਨਫਰਤ ਕਰਨਾ ਨਹੀਂ ਜਾਣਦੇ...ਮੈਨੂੰ ਤਾਂ ਉਨ੍ਹਾਂ 'ਤੇ ਤਰਸ ਆਉਂਦਾ ਹੈ। ਉਨ੍ਹਾਂ ਦਾ ਖ਼ਿਆਲ ਹੈ ਕਿ ਜਿਵੇਂ ਗਜੇਂਦਰ ਚੌਹਾਨ ਨੂੰ ਬਿਠਾਲ ਦਿੱਤਾ ਗਿਆ ਹੈ, ਉਸੇ ਤਰ੍ਹਾਂ ਚੌਹਾਨ, ਦੀਵਾਨ ਤੇ ਫਰਮਾਨ ਵੀ ਬਿਠਾਲੇ ਜਾ ਸਕਣਗੇ।

ਅਨੁਵਾਦ : ਸੁਕੀਰਤ

ਲਾਸਾਨੀ ਅਧਿਆਪਕ ਤੇ ਜ਼ਹੀਨ ਮਾਰਕਸੀ ਚਿੰਤਕ ਸਨ ਪ੍ਰੋ. ਰਣਧੀਰ ਸਿੰਘ - ਪ੍ਰੀਤਮ ਸਿੰਘ'

ਪ੍ਰੋਫੈਸਰ ਰਣਧੀਰ ਸਿੰਘ, ਜਿਨ੍ਹਾਂ ਦਾ ਕੱਲ੍ਹ 95 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ, ਰਾਜਨੀਤੀ ਸ਼ਾਸਤਰ ਦੇ ਮਾਰਕਸੀ ਵਿਦਵਾਨ ਸਨ ਤੇ ਉਨ੍ਹਾਂ ਦੀ ਪ੍ਰਸਿੱਧੀ ਦੇਸ਼-ਵਿਦੇਸ਼ ਦੇ ਹੱਦ ਬੰਨਿਆਂ ਤੋਂ ਆਰ-ਪਾਰ ਫ਼ੈਲੀ ਹੋਈ ਸੀ। ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ ਥੋੜ੍ਹਾ ਸਮਾਂ ਬਿਤਾਉਣ ਤੋਂ ਬਾਅਦ ਉਨ੍ਹਾਂ ਆਪਣਾ ਪੂਰਾ ਅਕਾਦਮਿਕ ਕਰੀਅਰ ਦਿੱਲੀ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਵਿੱਚ ਬਿਤਾਇਆ। ਉਹ ਅਜਿਹੇ ਅਧਿਆਪਕ ਸਨ ਜੋ ਦੰਦ ਕਥਾ ਦੇ ਪਾਤਰ ਬਣ ਜਾਂਦੇ ਹਨ। ਤੱਤ ਪੱਖੋਂ ਭਰਪੂਰ ਅਤੇ ਪੂਰੀ ਸਿਦਕਦਿਲੀ ਨਾਲ ਦਿੱਤੇ ਜਾਂਦੇ ਉਨ੍ਹਾਂ ਦੇ ਲੈਕਚਰ ਇੰਨੇ ਹਰਮਨ ਪਿਆਰੇ ਹੁੰਦੇ ਸਨ ਕਿ ਅਰਥ ਸ਼ਾਸਤਰ, ਸਮਾਜ ਵਿਗਿਆਨ, ਕਾਨੂੰਨ, ਸਾਹਿਤ, ਗਣਿਤ ਤਾਂ ਕੀ ਭੌਤਿਕ ਵਿਗਿਆਨ ਅਤੇ ਰਸਾਇਣ ਵਿਗਿਆਨ ਜਿਹੇ ਵਿਸ਼ਿਆਂ ਦੇ ਵਿਦਿਆਰਥੀ ਵੀ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਲੈਕਚਰ ਸੁਣਨ ਆਉਂਦੇ ਸਨ। ਪ੍ਰੋ. ਰਣਧੀਰ ਸਿੰਘ ਅੱਜ-ਕੱਲ੍ਹ ਦੇ ਅਧਿਆਪਕਾਂ ਵਾਂਗ ਨਹੀਂ ਸਨ ਜੋ ਆਪਣੇ ਖੋਜ ਪੇਪਰਾਂ ਦੀ ਪ੍ਰਕਾਸ਼ਨਾ ਵਿੱਚ ਮਾਣ ਮਹਿਸੂਸ ਕਰਦੇ ਹਨ ਸਗੋਂ ਆਪਣੀਆਂ ਅਕਾਦਮਿਕ ਪ੍ਰਾਪਤੀਆਂ 'ਤੇ ਮਾਣ ਜਤਾਉਂਦੇ ਹੁੰਦੇ ਸਨ। ਬਿਨਾਂ ਸ਼ੱਕ, ਉਨ੍ਹਾਂ ਦੇ ਸ਼ਾਗਿਰਦਾਂ ਵਿੱਚ ਉਹ ਵੀ ਸ਼ਾਮਲ ਹਨ ਜੋ ਰਾਜਨੀਤੀ ਸ਼ਾਸਤਰ ਦੇ ਅਧਿਆਪਨ ਵਿੱਚ ਤਾਂ ਸਫ਼ਲ ਹੋਏ ਹੀ ਤੇ ਨਾਲ ਹੀ ਉਨ੍ਹਾਂ ਮਾਣਮੱਤੇ ਪ੍ਰਕਾਸ਼ਨਾਂ ਵਿੱਚ ਵੀ ਨਾਂ ਦਰਜ ਕਰਵਾਏ। ਇਨ੍ਹਾਂ 'ਚੋਂ ਬਹੁਤੇ ਅਧਿਆਪਕ ਇਸ ਵਿਸ਼ੇ ਨਾਲ ਸਾਂਝ ਦਾ ਸਿਹਰਾ ਪ੍ਰੋ. ਰਣਧੀਰ ਸਿੰਘ ਦੇ ਦਿੱਲੀ ਯੂਨੀਵਰਸਿਟੀ ਵਿੱਚ ਦਿੱਤੇ ਲੈਕਚਰਾਂ ਸਿਰ ਬੰਨ੍ਹਦੇ ਹਨ।
1967 ਵਿੱਚ ਜਦੋਂ ਪ੍ਰੋ. ਰਣਧੀਰ ਸਿੰਘ ਦੀ ਕਿਤਾਬ 'ਰੀਜ਼ਨ, ਰੈਵੋਲਿਊਸ਼ਨ ਐਂਡ ਪੁਲਿਟੀਕਲ ਥਿਊਰੀ' ਛਪ ਕੇ ਆਈ ਤਾਂ ਰਾਜਨੀਤੀ ਸ਼ਾਸਤਰ ਦੀ ਦੁਨੀਆਂ ਨੇ ਉਨ੍ਹਾਂ ਦੀ ਵਿਦਵਤਾ ਦਾ ਲੋਹਾ ਮੰਨਿਆ। ਇਸ ਕਿਤਾਬ ਵਿੱਚ ਕੰਜ਼ਰਵੇਟਿਵ ਰਾਜਨੀਤੀ ਸ਼ਾਸਤਰੀ ਮਾਈਕਲ ਓਕਸ਼ਾਟ ਦੇ ਕਾਰਜ ਦੀ ਮਾਰਕਸੀ ਅਲੋਚਨਾ ਦਾ ਵਾਹਵਾ ਲੇਖਾ ਜੋਖਾ ਕੀਤਾ ਗਿਆ ਹੈ। ਸੀਪੀਆਈ ਦੇ ਚਿੰਤਕ ਮਰਹੂਮ ਮੋਹਿਤ ਸੇਨ ਨੇ 'ਇਕਨੌਮਿਕ ਐਂਡ ਪੁਲਿਟੀਕਲ ਵੀਕਲੀ' (ਈਪੀਡਬਲਿਊ) ਵਿੱਚ ਇਸ ਕਿਤਾਬ ਦਾ ਰੀਵਿਊ ਕਰਦਿਆਂ ਟਿੱਪਣੀ ਕੀਤੀ ਸੀ ਕਿ ਇਸ ਕਿਤਾਬ ਦੇ ਆਉਣ ਨਾਲ ਭਾਰਤੀ ਰਾਜਨੀਤਕ ਸ਼ਾਸਤਰੀਆਂ ਨੂੰ ਰਾਜਨੀਤਕ ਸਿਧਾਂਤ ਦੇ ਜਗਤ ਵਿੱਚ ਕੌਮਾਂਤਰੀ ਵਿਦਵਤਾ ਦਾ ਰੁਤਬਾ ਹਾਸਲ ਹੋ ਗਿਆ ਹੈ। ਰਣਧੀਰ ਸਿੰਘ ਪੰਜਾਬ ਦੇ ਹਾਲਾਤ ਬਾਰੇ 'ਮਾਰਕਸੀ ਅਤੇ ਪੰਜਾਬ ਵਿੱਚ ਸਿੱਖ ਇੰਤਹਾਪਸੰਦ ਲਹਿਰ' ਦੇ ਸਿਰਲੇਖ ਵਾਲਾ ਇਕ ਪ੍ਰਭਾਵਸ਼ਾਲੀ ਲੇਖ ਲਿਖਿਆ ਸੀ ਜੋ 1987 ਵਿੱਚ 'ਈਪੀਡਬਲਿਊ' ਵਿੱਚ ਛਪਿਆ ਸੀ। ਇਹ ਲੇਖ ਉਨ੍ਹਾਂ ਦੀ ਬੌਧਿਕ ਅਤੇ ਰਾਜਨੀਤਕ ਦਿਆਨਤਦਾਰੀ ਦੀ ਇਕ ਮਿਸਾਲ ਹੋ ਨਿਬੜਿਆ ਜਿਸ ਵਿੱਚ ਉਨ੍ਹਾਂ ਆਪਣੇ ਨਿੱਜੀ ਸਬੰਧਾਂ ਨਾਲੋਂ ਨਿਖੇੜਾ ਕਰਦੇ ਹੋਏ ਆਪਣੇ ਤਾਉਮਰ ਮਿੱਤਰ ਇਤਿਹਾਸਕਾਰ ਬਿਪਨ ਚੰਦਰ ਦੀ ਧਾਰਨਾ ਦੀ ਤਿੱਖੀ ਨੁਕਤਾਚੀਨੀ ਕੀਤੀ ਸੀ। ਪ੍ਰੋ. ਰਣਧੀਰ ਸਿੰਘ ਨੇ ਸਿੱਖ ਇੰਤਹਾਪਸੰਦਾਂ ਨੂੰ ਖਤਮ ਕਰਨ ਜਿਹੇ ਰਾਜਕੀ ਦਮਨ ਚੱਕਰ ਰਾਹੀਂ ਪੰਜਾਬ ਸੰਕਟ ਦਾ ਹੱਲ ਕੱਢਣ ਦੀ ਪੈਰਵੀ ਕਰਦੀ 'ਰਿਬੈਰੋ- ਗਿਰੀ ਲਾਲ ਜੈਨ-ਬਿਪਨ ਚੰਦਰ ਲਾਈਨ' ਦੇ ਫੀਤੇ ਉਡਾਏ ਸਨ। ਉਨ੍ਹਾਂ ਦਲੀਲ ਪੇਸ਼ ਕੀਤੀ ਸੀ ਕਿ ਇਹ ਲਾਈਨ ਨਾ ਕੇਵਲ ਭਾਰਤੀ ਸਟੇਟ ਦੇ ਜਮਾਤੀ ਰਾਜ ਨੂੰ ਪੱਕੇ ਪੈਰੀਂ ਕਰਦੀ ਹੈ ਸਗੋਂ ਤਿੱਖੇ ਹਿੰਦੂ ਸ਼ਾਵਨਵਾਦੀ ਰਾਸ਼ਟਰਵਾਦ ਨੂੰ ਵੀ ਪੱਠੇ ਪਾਉਂਦੀ ਹੈ। ਇਸ ਲਾਈਨ ਦੀ ਆਲੋਚਨਾ ਦੀ ਸ਼ਿੱਦਤ ਦਾ ਮਗਰੋਂ ਜਾ ਕੇ ਵਾਪਰੀਆਂ ਘਟਨਾਵਾਂ ਤੋਂ ਪੁਸ਼ਟੀ ਹੋਈ ਜਿਨ੍ਹਾਂ ਤੋਂ ਇਹ ਸਾਫ਼ ਹੋ ਗਿਆ ਕਿ ਇਸ ਲਾਈਨ ਦਾ ਸਭ ਤੋਂ ਵੱਧ ਲਾਹਾ ਭਾਜਪਾ ਦੀ ਅਗਵਾਈ ਵਾਲੇ ਰਾਜਸੀ ਰੁਝਾਨਾਂ ਤੇ ਸ਼ਕਤੀਆਂ ਨੂੰ ਹੋਇਆ।
ਪ੍ਰੋ. ਰਣਧੀਰ ਸਿੰਘ ਆਰਾਮ ਕੁਰਸੀ ਤੇ ਬਹਿ ਕੇ ਵਿਦਵਤਾ ਘੋਟਣ ਵਾਲਿਆਂ ਚੋਂ ਨਹੀਂ ਸਨ। ਉਹ ਲੰਮਾ ਸਮਾਂ ਦਿੱਲੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੇ ਰੂਹੇ-ਰਵਾਂ ਰਹੇ ਤੇ ਬਹੁਤ ਸਾਰੀਆਂ ਟਰੇਡ ਯੂਨੀਅਨ, ਕਿਸਾਨ ਜਥੇਬੰਦੀਆਂ, ਮਨੁੱਖੀ ਅਧਿਕਾਰ ਗਰੁੱਪਾਂ ਦੇ ਸਰਗਰਮ ਹਮਾਇਤੀ ਰਹੇ ਅਤੇ ਨਾਲ ਹੀ ਦੇਸ਼ ਭਰ ਵਿੱਚ ਔਰਤਾਂ, ਦਲਿਤਾਂ, ਕਬਾਿਿਲੀਆਂ ਅਤੇ ਘੱਟਗਿਣਤੀਆਂ ਦੀ ਜਥੇਬੰਦੀਆਂ ਦੀ ਪੈਰਵੀ ਕਰਦੇ ਰਹੇ।
ਉਹ ਆਪਣੇ ਵਿਚਾਰਾਂ ਤੇ ਨਜ਼ਰੀਏ ਨੂੰ ਲਗਾਤਾਰ ਨਵਿਆਉਂਦੇ ਰਹਿੰਦੇ ਸਨ। ਉਨ੍ਹਾਂ ਦਾ ਨਾਂ ਉਨ੍ਹਾਂ ਮੁੱਠੀ ਭਰ ਭਾਰਤੀ ਵਿਦਵਾਨਾਂ ਵਿੱਚ ਵੀ ਸ਼ੁਮਾਰ ਹੁੰਦਾ ਹੈ ਜਿਨ੍ਹਾਂ ਨੇ ਵਾਤਾਵਰਨ ਲਈ ਤਬਾਹਕੁਨ ਪੂੰਜੀਵਾਦ ਦੇ ਕਿਰਦਾਰ ਦੀ ਆਲੋਚਨਾ ਕਰਦਿਆਂ ਵਾਤਾਵਰਨੀ-ਸਮਾਜਵਾਦ ਦੇ ਸੰਕਲਪ ਦੀ ਅਹਿਮੀਅਤ ਨੂੰ ਸਮਝਿਆ ਸੀ। ਪਿੱਛੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਹੈ ਤੇ ਦੋ ਧੀਆਂ ਹਨ ਜੋ ਆਪੋ-ਆਪਣੇ ਪੇਸ਼ੇਵਰ ਖੇਤਰਾਂ ਵਿੱਚ ਪ੍ਰਬੀਨ ਹਨ।

'ਲੇਖਕ ਆਕਸਫੋਰਡ ਬਰੁੱਕਸ ਯੂਨੀਵਰਸਿਟੀ 'ਚ ਪ੍ਰੋਫੈਸਰ ਹੈ।

ਆਖਰ ਵਿਚ ਸਿਰਫ ਇਹ ਖ਼ਤ ਲਿਖ ਰਿਹਾ ਹਾਂ!

ਪਲ-ਪਲ ਮਰਦੇ ਮਨੁੱਖ ਦੀ ਖ਼ੁਦਕੁਸ਼ੀ ਦੀ ਦਾਸਤਾਨ

ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਦੇ ਪੀ.ਐਚ.ਡੀ. ਵਿਦਿਆਰਥੀ ਰੋਹਿਤ ਵੇਮੂਲਾ (ਕਰੀਬ 26 ਸਾਲਾ) ਨੇ ਐਤਵਾਰ ਰਾਤ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਦਲਿਤ ਭਾਈਚਾਰੇ ਦੇ ਰੋਹਿਤ ਨੂੰ ਉਨ੍ਹਾਂ ਦੇ ਚਾਰ ਹੋਰ ਸਾਥੀਆਂ ਨਾਲ ਕੁਝ ਦਿਨਾਂ ਪਹਿਲਾਂ ਹੋਸਟਲ ਤੋਂ ਕੱਢ ਦਿੱਤਾ ਗਿਆ ਸੀ। ਇਸ ਦੇ ਵਿਰੋਧ ਵਿੱਚ ਉਹ ਪਿਛਲੇ ਕੁੱਝ ਦਿਨਾਂ ਤੋਂ ਦੂਜੇ ਵਿਦਿਆਰਥੀਆਂ ਨਾਲ ਖੁੱਲ੍ਹੇ ਆਸਮਾਨ ਹੇਠ ਰਹਿ ਰਿਹਾ ਸੀ। ਕਈ ਦੂਜੇ ਵਿਦਿਆਰਥੀ ਵੀ ਇਸ ਸੰਘਰਸ਼ ਵਿੱਚ ਉਨ੍ਹਾਂ ਦੇ ਨਾਲ ਸਨ। ਖ਼ੁਦਕੁਸ਼ੀ ਤੋਂ ਪਹਿਲਾਂ ਰੋਹਿਤ ਵੇਮੂਲਾ ਨੇ ਇੱਕ ਪੱਤਰ ਛੱਡਿਆ ਸੀ ਜੋ ਸਿਰਫ਼ ਸਿਆਸਤ, ਭੇਦਭਾਵ ਬਾਰੇ ਹੀ ਨਹੀਂ ਸਗੋਂ ਜ਼ਿੰਦਗੀ ਦੀਆਂ ਸਮਾਜਿਕ, ਮਾਨਸਿਕ ਤੇ ਰੂਹਾਨੀ ਤਲਖ਼ ਹਕੀਕਤਾਂ ਹੀ ਦਾਸਤਾਨ ਕਹਿੰਦਾ ਹੈ। ਇਹ ਪੱਤਰ ਸੰਵੇਦਨਹੀਨ ਸਮਾਜ 'ਚ ਇਕ ਸੰਵੇਦਨਸ਼ੀਲ ਮਨੁੱਖ ਦੀ ਹੋਣੀ ਹੈ।

ਗੁੱਡ ਮਾਰਨਿੰਗ,

ਤੁਸੀਂ ਜਦੋਂ ਇਹ ਪੱਤਰ ਪੜ੍ਹ ਰਹੇ ਹੋਵੋਗੇ ਉਦੋਂ ਮੈਂ ਨਹੀਂ ਹੋਵਾਂਗਾ। ਮੇਰੇ ਨਾਲ ਨਾਰਾਜ਼ ਨਾ ਹੋਣਾ। ਮੈਂ ਜਾਣਦਾ ਹਾਂ ਕਿ ਤੁਹਾਡੇ ਵਿੱਚੋਂ ਕਈ ਲੋਕਾਂ ਨੂੰ ਮੇਰੀ ਪ੍ਰਵਾਹ ਸੀ। ਤੁਸਂਂ ਲੋਕ ਮੈਨੂੰ ਪਿਆਰ ਕਰਦੇ ਸੀ ਤੇ ਤੁਸੀਂ ਮੇਰਾ ਬਹੁਤ ਖ਼ਿਆਲ ਵੀ ਰੱਖਿਆ। ਮੈਨੂੰ ਕਿਸੇ ਤੋਂ ਕੋਈ ਸ਼ਿਕਾਇਤ ਨਹੀਂ। ਮੈਨੂੰ ਹਮੇਸ਼ਾ ਖ਼ੁਦ ਤੋਂ ਹੀ ਤਕਲੀਫ਼ ਰਹੀ। ਮੈਂ ਆਪਣੀ ਆਤਮਾ ਤੇ ਆਪਣੀ ਦੇਹ ਵਿੱਚ ਵਧਦੇ ਖਾਲੀਪਣ ਨੂੰ ਮਹਿਸੂਸ ਕਰ ਰਿਹਾ ਹਾਂ। ਮੈਂ ਇੱਕ ਰਾਖਸ਼ ਬਣ ਗਿਆ ਹਾਂ। ਮੈਂ ਹਮੇਸ਼ਾ ਇੱਕ ਲੇਖਕ ਬਣਨਾ ਚਾਹੁੰਦਾ ਸੀ। ਕਾਰਲ ਸਗਾਨ ਵਾਂਗ ਵਿਗਿਆਨ 'ਤੇ ਲਿਖਣ ਵਾਲਾ ਪਰ ਆਖ਼ਰ ਵਿੱਚ ਮੈਂ ਸਿਰਫ਼ ਇਹ ਪੱਤਰ ਲਿਖ ਪਾ ਰਿਹਾ ਹਾਂ।

ਮੈਨੂੰ ਵਿਗਿਆਨ ਨਾਲ ਪਿਆਰ ਸੀ, ਤਾਰਿਆਂ ਨਾਲ, ਕੁਦਰਤ ਨਾਲ। ਮੈਂ ਲੋਕਾਂ ਨਾਲ ਪਿਆਰ ਕੀਤਾ ਪਰ ਇਹ ਨਹੀਂ ਜਾਣ ਸਕਿਆ ਕਿ ਲੋਕ ਕਦੋਂ ਤੋਂ ਕੁਦਰਤ ਨੂੰ ਤਲਾਕ ਦੇ ਚੁੱਕੇ ਹਨ। ਸਾਡੀਆਂ ਭਾਵਨਾਵਾਂ ਦੂਜੇ ਦਰਜੇ ਦੀਆਂ ਹੋ ਗਈਆਂ ਹਨ। ਸਾਡਾ ਪਿਆਰ ਬਨਾਉਟੀ ਹੈ। ਸਾਡੀਆਂ ਮੰਨਤਾਂ ਝੂਠੀਆਂ ਹਨ। ਸਾਡੀਆਂ ਮੌਲਕਤਾਵਾਂ ਜਾਇਜ਼ ਹਨ। ਬੱਸ ਨਕਲੀ ਕਲਾ ਦੇ ਜ਼ਰੀਏ ਇਹ ਬੇਹੱਦ ਮੁਸ਼ਕਲ ਹੋ ਗਿਆ ਹੈ ਕਿ ਅਸੀਂ ਪਿਆਰ ਕਰੀਏ ਤੇ ਦੁਖੀ ਨਾ ਹੋਈਏ।

ਇੱਕ ਆਦਮੀ ਦੀ ਕੀਮਤ ਉਸ ਦੀ ਤਤਕਾਲੀ ਪਛਾਣ ਤੇ ਨਜ਼ਦੀਕੀ ਸੰਭਾਵਨਾ ਤੱਕ ਸੀਮਤ ਕਰ ਦਿੱਤੀ ਗਈ ਹੈ। ਇੱਕ ਵੋਟ ਤੱਕ, ਆਦਮੀ ਇੱਕ ਅੰਕੜਾ ਬਣ ਕੇ ਰਹਿ ਗਿਆ ਹੈ। ਸਿਰਫ਼ ਤੇ ਸਿਰਫ਼ ਇੱਕ ਵਸਤੂ, ਬੰਦੇ ਨੂੰ ਮਾਪਣ ਦਾ ਪੈਮਾਨਾ ਦਿਮਾਗ਼ ਨਹੀਂ ਬਲਕਿ ਇੱਕ ਅਜਿਹੀ ਚੀਜ਼ ਜਿਹੜੀ ਸਟਾਰਡਸਟ ਤੋਂ ਬਣੀ ਸੀ।

ਮੈਂ ਪਹਿਲੀ ਵਾਰ ਇਸ ਤਰ੍ਹਾਂ ਦਾ ਪੱਤਰ ਲਿਖ ਰਿਹਾ ਹਾਂ। ਪਹਿਲੀ ਵਾਰ ਆਖਰੀ ਪੱਤਰ ਲਿਖ ਰਿਹਾ ਹਾਂ। ਮੈਨੂੰ ਮਾਫ਼ ਕਰਨਾ ਜੇਕਰ ਇਸ ਦਾ ਕੋਈ ਮਤਲਬ ਨਾ ਨਿਕਲੇ ਤਾਂ। ਹੋ ਸਕਦਾ ਹੈ ਕਿ ਮੈਂ ਗ਼ਲਤ ਹੋਵਾਂ ਹੁਣ ਤੱਕ ਦੁਨੀਆ ਨੂੰ ਸਮਝਣ ਵਿੱਚ, ਪ੍ਰੇਮ, ਦਰਦ, ਜੀਵਨ ਤੇ ਮੌਤ ਨੂੰ ਸਮਝਣ ਵਿੱਚ ਅਜਿਹੀ ਕੋਈ ਹੜਬੜੀ ਵੀ ਨਹੀਂ ਸੀ ਪਰ ਮੈਂ ਹਮੇਸ਼ਾ ਜਲਦੀ ਵਿੱਚ ਸੀ, ਬੇਚੈਨ ਸੀ। ਇੱਕ ਜੀਵਨ ਸ਼ੁਰੂ ਕਰਨ ਲਈ, ਇਸ ਪੂਰੇ ਸਮੇਂ ਵਿੱਚ ਮੇਰੇ ਵਰਗੇ ਲੋਕਾਂ ਲਈ ਜ਼ਿੰਦਗੀ ਸਰਾਪ ਹੀ ਰਿਹਾ, ਮੇਰਾ ਜਨਮ ਭਿਆਨਕ ਦੁਰਘਟਨਾ ਸੀ। ਮੈਂ ਆਪਣੇ ਬਚਪਨ ਦੇ ਇਕੱਲੇਪਣ ਤੋਂ ਕਦੇ ਉੱਭਰ ਨਹੀਂ ਸਕਿਆ, ਬਚਪਨ ਵਿੱਚ ਮੈਨੂੰ ਕਿਸੇ ਦਾ ਪਿਆਰ ਨਹੀਂ ਮਿਲਿਆ।

ਇਸ ਪਲ ਮੈਨੂੰ ਸੱਟ ਨਹੀਂ ਲੱਗੀ, ਮੈਂ ਦੁਖੀ ਨਹੀਂ ਹਾਂ, ਮੈਂ ਬੱਸ ਖ਼ਾਲੀ ਹਾਂ ਮੈਨੂੰ ਆਪਣੀ ਵੀ ਚਿੰਤਾ ਨਹੀਂ ਹੈ, ਇਹ ਤਰਸਯੋਗ ਹੈ ਤੇ ਇਹੀ ਕਾਰਨ ਹੈ ਕਿ ਮੈਂ ਅਜਿਹਾ ਕਰ ਰਿਹਾ ਹਾਂ।

ਲੋਕ ਮੈਨੂੰ ਬੁਜ਼ਦਿਲ ਕਰਾਰ ਦੇਣਗੇ, ਸਵਾਰਥੀ ਵੀ, ਮੂਰਖ ਵੀ ਜਦੋਂ ਮੈਂ ਚਲਾ ਜਾਵਾਂਗਾ। ਮੈਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਲੋਕ ਮੈਨੂੰ ਕੀ ਕਹਿਣਗੇ। ਮੈਂ ਮਰਨ ਤੋਂ ਬਾਅਦ ਦੀਆਂ ਭੂਤ-ਪ੍ਰੇਤ ਦੀਆਂ ਕਹਾਣੀਆਂ 'ਤੇ ਯਕੀਨ ਨਹੀਂ ਕਰਦਾ। ਜੇਕਰ ਕਿਸੇ ਚੀਜ਼ 'ਤੇ ਮੇਰਾ ਯਕੀਨ ਹੈ ਤਾਂ ਉਹ ਇਹ ਕਿ ਮੈਂ ਸਿਤਾਰਿਆਂ ਤੱਕ ਸਫ਼ਰ ਕਰ ਪਾਵਾਂਗਾ ਤੇ ਜਾਣ ਸਕਾਂਗਾ ਕਿ ਦੂਸਰੀ ਦੁਨੀਆ ਕਿਹੋ ਜਿਹੀ ਹੈ।

ਤੁਸੀਂ ਜੋ ਮੇਰਾ ਪੱਤਰ ਪੜ੍ਹ ਰਹੇ ਹੋ। ਜੇਕਰ ਕੁੱਝ ਕਰ ਸਕਦੇ ਹੋ ਤਾਂ ਮੈਨੂੰ ਆਪਣੀ ਸੱਤ ਮਹੀਨਿਆਂ ਦੀ ਫੈਲੋਸ਼ਿਪ ਮਿਲਣੀ ਬਾਕੀ ਹੈ। ਇੱਕ ਲੱਖ 75 ਹਜ਼ਾਰ ਰੁਪਏ। ਕ੍ਰਿਪਾ ਇਹ ਕਰ ਦੇਣਾ ਕਿ ਮੇਰੇ ਪਰਿਵਾਰ ਨੂੰ ਪੈਸਾ ਮਿਲ ਜਾਵੇ। ਮੈਂ ਰਾਮ ਜੀ ਨੂੰ 40 ਹਜ਼ਾਰ ਰੁਪਏ ਦੇਣੇ ਸਨ। ਉਨ੍ਹਾਂ ਕਦੇ ਪੈਸੇ ਵਾਪਸ ਨਹੀਂ ਮੰਗੇ ਪਰ ਪਲੀਜ਼ ਫੈਲੋਸ਼ਿਪ ਦੇ ਪੈਸਿਆਂ ਵਿੱਚੋਂ ਰਾਮ ਜੀ ਨੂੰ ਪੈਸੇ ਦੇ ਦੇਣਾ। ਮੈਂ ਚਾਹੁੰਦਾ ਹਾਂ ਕਿ ਮੇਰਾ ਸੰਸਕਾਰ ਸ਼ਾਂਤ ਤੇ ਚੁੱਪਚਾਪ ਹੋਵੇ। ਲੋਕ ਅਜਿਹਾ ਵਿਵਹਾਰ ਕਰਨ ਕਿ ਮੈਂ ਆਇਆ ਸੀ ਤੇ ਚਲਾ ਗਿਆ। ਮੇਰੇ ਲਈ ਹੰਝੂ ਨਾ ਵਹਾਉਣਾ। ਤੁਸੀਂ ਜਾਣ ਲੈਣਾ ਕਿ ਮੈਂ ਜਿਉਣ ਤੋਂ ਵੱਧ ਮਰ ਕੇ ਖ਼ੁਸ਼ ਹਾਂ।

ਪਰਛਾਵੇਂ ਤੋਂ ਤਾਰਿਆਂ ਤੱਕ ਓਮਾ ਅੰਨ੍ਹਾ, ਇਹ ਕੰਮ ਆਪਣੇ ਕਮਰੇ ਵਿੱਚ ਕਰਨ ਲਈ ਮਾਫ਼ੀ ਚਾਹੁੰਦਾ ਹਾਂ। ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਪਰਿਵਾਰ, ਤੁਹਾਨੂੰ ਸਭ ਨੂੰ ਨਿਰਾਸ਼ ਕਰਨ ਲਈ ਮਾਫ਼ੀ, ਤੁਸੀਂ ਸਾਰਿਆਂ ਨੇ ਬਹੁਤ ਪਿਆਰ ਕੀਤਾ। ਸਾਰਿਆਂ ਨੂੰ ਭਵਿੱਖ ਲਈ ਸ਼ੁੱਭ ਕਾਮਨਾਵਾਂ।

ਆਖ਼ਰੀ ਵਾਰ ਜੈ ਭੀਮ

ਮੈਂ ਰਸਮੀ ਕਾਰਵਾਈ ਲਿਖਣਾ ਭੁੱਲ ਗਿਆ, ਖ਼ੁਦ ਨੂੰ ਮਾਰਨ ਦੀ ਇਸ ਕਾਰਵਾਈ ਲਈ ਕੋਈ ਜ਼ਿੰਮੇਵਾਰ ਨਹੀਂ ਹੈ। ਕਿਸੇ ਨੇ ਮੈਨੂੰ ਆਪਣੀ ਕਿਸੇ ਕਾਰਵਾਈ ਤੇ ਸ਼ਬਦਾਂ ਨਾਲ ਅਜਿਹਾ ਕਰਨ ਲਈ ਭੜਕਾਇਆ ਨਹੀਂ। ਇਹ ਮੇਰਾ ਫ਼ੈਸਲਾ ਹੈ ਤੇ ਮੈਂ ਇਸ ਦੇ ਲਈ ਖ਼ੁਦ ਜ਼ਿੰਮੇਵਾਰ ਹਾਂ। ਮੇਰੇ ਜਾਣ ਤੋਂ ਬਾਅਦ ਮੇਰੇ ਦੋਸਤਾਂ ਤੇ ਦੁਸ਼ਮਣਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ।