MediaPunjab - ਕਵਿਤਾਵਾਂ
ਕਵਿਤਾਵਾਂ

ਅਜੇ ਦਿੰਨ ਬਾਕੀ ਹੈ -ਦਿਲਜੋਧ ਸਿੰਘ 

ਸੂਰਜ ਚੜਿਆ 'ਤੇ ਦਿੰਨ ਖਿੜਿਆ ,
ਧੁੱਪ ਦੀ ਆਸ ਮੈਂ ਲਾਈ ।
ਕਰ  ਸ਼ਿੰਗਾਰ  ਮੈਂ ਵਿਹੜੇ ਬੈਠੀ ,
ਰਹਿਮ ਕਰੇ ਖੁਦਾਈ   ।
ਅੰਦਰ ਬਾਹਰ ਮੈਂ ਭੱਜੀ ਫਿਰਦੀ ,
ਕੰਨ ਬਾਹਰ ਦੇ ਬੂਹੇ ,
ਗਲੀ 'ਚ ਖੜਕਾ ਦਿਲ ਧੜਕਾਵੇ,
ਲੱਗੇ ਕੁੰਡੀ ਖੜਕਾਈ  ।
ਕੀ ਸਮੇਂ ਨੂੰ  ਭੈੜਾ ਆਖਾਂ ,
ਦੋਸ਼ ਦੇਵਾਂ ਨਾਂ ਲੋਕੀਂ ,
ਚੰਦਰੀ ਬਿਰਹਨ ਸੁਪ੍ਨੇ ਦੇਖੇ ,
ਹੱਸੇ ਦੇਖ ਜੁਦਾਈ  ।
ਜਿੰਨ ਰਾਹਾਂ 'ਤੇ ਫੁੱਲ ਉੱਗਾਏ,
ਕਿਸ ਪੈਰਾਂ ਨੇ   ਮਿੱਧੇ ,
ਭਰ ਭਰ ਬੁੱਕਾਂ ਖੇਹ 'ਤੇ ਮਿੱਟੀ ,
ਫੁੱਲਾਂ ਉੱਤੇ ਪਾਈ ।
ਛੱਡ ਨਾ ਹੋਵੇ ਯਾਰ ਦਾ ਖਹਿੜਾ,
ਚਾਹੇ ਲਖ ਅੱਗਾਂ 'ਤੇ ਲੇਟਾਂ ,
ਸਾਹਾਂ ਵਿੱਚ ਉਡੀਕ ਪਰੋ ਕੇ ,
ਮੈਂ ਵੀ ਖੇਡ ਰਚਾਈ ।
ਘਰਾਂ ਨੂੰ ਉੱਡੇ ਪੰਖ -ਪੰਖੇਰੂ   ,
ਤੰਨ ਮੰਨ ਨੂੰ ਸਮਝਾਵਾਂ ,
ਖੜ ਦਹਿਲੀਜ਼ੇ  ,ਮੈਂ ਉਡੀਕਾਂ ,
ਰਾਤ ਅਜੇ ਨਹੀਂ ਆਈ ।
 
ਦਿਲਜੋਧ ਸਿੰਘ    

***************************

ਗੀਤ -ਵਿਨੋਦ ਫ਼ਕੀਰਾ

ਚੜਿਆ ਵਿਸਾਖ ਬਦਲੀ, ਕ੍ਰਿਤੀਆਂ ਦੀ ਨੁਹਾਰ,
ਆਸਾਂ ਹੋਣ ਲੱਗੀਆਂ ਸੱਚੀਆਂ,ਜੱਦ ਕਣਕਾਂ ਨੇ ਪੱਕੀਆਂ।
 
ਕਿਸ਼ਾਨਾ ਦੀਆਂ ਸੋਚਾਂ ਨਿੱਤ ਭਰਨ, ਨਵੀਆਂ ਉਡਾਰੀਆਂ।
ਕਰਨੀਆਂ ਉਮੀਦਾਂ ਉਨ੍ਹਾਂ,ਬਾਲਾਂ ਦੀਆਂ ਸਭੇ ਪੂਰੀਆਂ,
ਘਰਾਂ ਦੀ ਸੁਆਣੀਆਂ ਨੇ ਵੀ ਆਸਾਂ ਕਈ ਰੱਖੀਆਂ।
ਆਸਾਂ ਹੋਣ ਲੱਗੀਆਂ ਸੱਚੀਆਂ,ਜੱਦ ਕਣਕਾਂ ਨੇ ਪੱਕੀਆਂ।
 
ਵਿਸ਼ਾਖੀ ਦੇ ਮੇਲੇ ਦੀਆਂ ਖਿੱਚੀਆਂ ਸਭ ਨੇ ਤਿਆਰੀਆਂ,
ਵੱਖੋ ਵੱਖ ਗੁਰੂ ਘਰਾਂ ਵਿੱਚ, ਸੰਗਤਾਂ ਸੀਸ ਨੇ ਝੁਕਾਉਂਦੀਆਂ,
ਮੇਲੇ ਦੀਆਂ ਰੋਣਕਾਂ ਨੂੰ ਖੁੱਸੀਆਂ ਦੇ ਸੰਗ ਮਨਾਉਂਦੀਆਂ।
ਆਸਾਂ ਹੋਣ ਲੱਗੀਆਂ ਸੱਚੀਆਂ,ਜੱਦ ਕਣਕਾਂ ਨੇ ਪੱਕੀਆਂ।
 
ਬੱਚਿਆਂ ਨੂੰ ਚਾਅ ਨਵੀਆਂ ਕਲਾਸਾਂ, ਕਿਤਾਬਾਂ ਅਤੇ ਕਾਪੀਆਂ,
ਵੱਜਦੇ ਰਿਕਾਰਡ, ਸੁਣਾਉਂਦੇ ਪਏ ਨੇ ਗੁਰਾਂ ਦੀ ਸਾਖੀਆਂ,
ਮੁੜ ਕੇ ਨਾ ਹੱਥ ਆਉਣਾ,ਮਾਣ ਲੈ 'ਫ਼ਕੀਰਾ' ਤੂੰ ਵੀ ਖੁਸੀਆਂ।
ਚੜਿਆ ਵਿਸਾਖ ਬਦਲੀ, ਕ੍ਰਿਤੀਆਂ ਦੀ ਨੁਹਾਰ,
ਆਸਾਂ ਹੋਣ ਲੱਗੀਆਂ ਸੱਚੀਆਂ,ਜੱਦ ਕਣਕਾਂ ਨੇ ਪੱਕੀਆਂ।
 
ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
 ਆਰੀਆ ਨਗਰ,ਕਰਤਾਪੁਰ,
 ਜਲੰਧਰ।
 ਮੋ.098721 97326
vinodfaqira8@gmail.com

ਨੀ ਰੁੱਤੇ ਨੀ ਅੜੀਏ..... - ਅਮਨ ਸੀ ਸਿੰਘ

ਆਉਂਦੀਏ ਰੁੱਤੇ
ਜਾਂਦੀਏ ਰੁੱਤੇ
ਕੋਈ ਸੁਨੇਹਾ ਦੇ ਜਾ ਅੜੀਏ

ਸਰਘੀ ਆਪਣਾ
ਰੂਪ ਵਟਾਇਆ
ਤਰਕਾਲੀਂ ਸੀਨੇ
ਦਰਦ ਹੰਢਾਇਆ
ਭਿੰਨਾ ਭਿੰਨਾ ਰੰਗ ਛਿੜਕ ਤੂੰ
ਜਿੰਦ ਦਾ ਕੀ ਭਰਵਾਸਾ ਅੜੀਏ

ਕਣੀਆਂ ਦੇ ਵਿੱਚ
ਹੰਝੂ ਵਸਦੇ
'ਵਾਵਾਂ ਦਾ ਦਿਲ
ਹਉਕੇ ਡਸਦੇ
ਅੱਜ ਸਮੇਂ ਦੀ ਤਲੀ ਦੇ ਉੱਤੇ
ਬੀਜ ਸੁਨਹਿਰਾ ਹਾਸਾ ਅੜੀਏ

ਆਸਾਂ ਦੀ ਆ
ਪੂਣੀ ਵੱਟੀਏ
ਰੇਸ਼ਮ ਰੇਸ਼ਮ
ਸੁਪਨੇ ਕੱਤੀਏ
ਆਪਣੀ ਸੂਹੀ ਕੰਨੀ ਬੱਧਾ
ਕੋਈ ਭਰੋਸਾ ਦੇ ਜਾ ਅੜੀਏ

ਸੂਰਜ ਕਿਰਨ
ਮੈਂ ਲੋਚਾਂ ਹਰਦਮ
ਚਾਨਣ ਚਾਨਣ
ਮੈਂ ਸੋਚਾਂ ਹਰਦਮ
ਤੇਰੀਆਂ ਮਹਿਕਾਂ ਜਦ ਭਰਾਂ ਕਲਾਵੇ
ਖਿੜ ਜਾਏ ਦਿਨ ਉਦਾਸਾ ਅੜੀਏ

ਮੈਲ਼ਾ ਬਾਣਾ
ਲਾਹ ਛੱਡਾਂ ਮੈਂ
ਸੁੱਚੜੇ ਬੋਲ
ਪੁਗਾ ਛੱਡਾਂ ਮੈਂ
ਤੇਰੇ ਸੁਨੇਹੇ ਮਾਖਿਓਂ ਮਿੱਠੇ
ਮੈਂ ਹੋ ਜਾਂ ਖੰਡ ਬਤਾਸ਼ਾ ਅੜੀਏ !"