
dukh sukh1947 ਦੁੱਖ ਸੁੱਖ
india time 05:56:02 |
europe time 02:26:02 |
uk time 01:26:02 |
nz time 12:26:02 |
newyork time 20:26:02 |
australia time 10:26:02 |
ਕੋਰੋਨਾ ਕਾਲ ਦੌਰਾਨ ਡਿੱਗ ਰਿਹੈ ਸਿੱਖਿਆ ਦਾ ਪੱਧਰ - ਗੁਰਦੀਸ਼ ਪਾਲ ਕੌਰ ਬਾਜਵਾ ਇਸ ਤੱਥ ਤੋਂ ਬਿਲਕੁਲ ਵੀ ਇਨਕਾਰ ਨਹੀਂ ਕੀਤਾ ਜਾ ਸਕਦੈ ਕਿ ਕੋਰੋਨਾ ਮਹਾਂਮਾਰੀ ਕਾਰਨ ਜੋ ਸਥਿਤੀ ਪੈਦਾ ਹੋਈ ਹੈ, ਉਸ ਕਾਰਨ ਵਿਦਿਆਰਥੀ ਵਰਗ ਵਿੱਚ ਆਪਣੇ ਭਵਿੱਖ ਸਬੰਧੀ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਵਿੱਚ ਵਿਦੇਸ਼ੀ ਯੂਨੀਵਰਸਟੀਆਂ ਵਿੱਚ ਦਾਖਲਿਆਂ ਦਾ ਮਾਮਲਾ ਵੀ ਸ਼ਾਮਿਲ ਹੈ। ਵਿਦਿਆਰਥੀ ਜਾਣਦੇ ਹਨ ਕਿ ਇਹ ਮਹਾਂਮਾਰੀ ਜੋ ਨਿੱਤ ਨਵੇਂ ਰੰਗ ਬਦਲ ਰਹੀ ਹੈ, ਉਹ ਗੰਭੀਰ ਸਿੱਟੇ ਕੱਢ ਸਕਦੀ ਹੈ। ਭਾਰਤ ਦੇ ਵੱਖ ਵੱਖ ਰਾਜਾਂ ਦੇ ਸਿੱਖਿਆ ਬੋਰਡਾਂ ਅਤੇ ਕੇਂਦਰੀ ਸਿੱਖਿਆ ਬੋਰਡ ਵਲੋਂ ਬੱਚਿਆਂ ਨੂੰ ਬਿਨ੍ਹਾਂ ਇਮਤਿਹਾਨ ਦਿੱਤਿਆਂ ਹੀ ਪਾਸ ਕਰਨ ਦਾ ਫੈਸਲਾ ਲਿਆ ਹੈ, ਜੋ ਕਿ ਸਿੱਧੇ ਤੌਰ ਤੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੈ। ਜ਼ਿਆਦਾਤਰ ਬੱਚਿਆਂ ਦਾ ਇਹ ਰੁਝਾਨ ਹੁੰਦਾ ਹੈ ਕਿ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇਮਤਿਹਾਨ ਪਾਸ ਕਰ ਲੈਣ। ਹੁਣ ਕੋਰੋਨਾ ਕਾਲ ਦੌਰਾਨ ਇਹੋ ਜਿਹੇ ਵਿਦਿਆਰਥੀਆਂ ਦੀਆਂ ਮੌਜਾਂ ਲੱਗ ਗਈਆਂ ਹਨ ਜਦਕਿ ਹੁਸ਼ਿਆਰ ਵਿਦਿਆਰਥੀਆਂ ਲਈ ਇਹ ਨੁਕਸਾਨ ਹੈ। ਸੂਬਿਆਂ ਨੂੰ ਚਾਹੀਦਾ ਹੈ ਕਿ ਸਥਾਨਕ ਵਿਦਿਆਰਥੀਆਂ ਦੀ ਗੱਲ ਸਾਹਮਣੇ ਰੱਖਣੀ ਚਾਹੀਦੀ ਹੈ ਕਿ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਉਨ੍ਹਾਂ ਦੀ ਸਲਾਹ ਲੈਣੀ ਚਾਹੀਦੀ ਹੈ। ਸੂਬਿਆਂ ਨੂੰ ਆਪਣੇ ਬੋਰਡਾਂ ਬਾਰੇ ਵੀ ਛੇਤੀ ਫੈਸਲਾ ਕਰਨਾ ਚਾਹੀਦਾ ਹੈ। ਕਈ ਸੂਬਿਆਂ ਨੇ ਆਪਣੀਆਂ ਬੋਰਡ ਪ੍ਰੀਖਿਆਵਾਂ ਵੀ ਰੱਦ ਕਰ ਦਿੱਤੀਆਂ ਹਨ ਪਰ ਕਈ ਹੋਰਾਂ ਸੂਬਿਆਂ ਜਿਵੇਂ ਉਤਰ ਪ੍ਰਦੇਸ਼, ਬੰਗਾਲ ਅਤੇ ਕਰਨਾਟਕਾ ਨੇ ਇਸ ਸਿਲਸਿਲੇ ਵਿੱਚ ਅਜੇ ਫੈਸਲਾ ਨਹੀਂ ਕੀਤਾ। ਬਾਵਜੂਦ ਇਸ ਦੇ ਕਿ ਇਨ੍ਹਾਂ ਸੂਬਿਆਂ ਵਿੱਚ ਕੋਰੋਨਾ ਕੇਸਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਵਿਦਿਆਰਥੀਆਂ ਨੂੰ ਅਨਿਸਚਿਤਤਾ ਦੀ ਸਥਿਤੀ ਵਿੱਚ ਰੱਖਣਾ ਸਥਿਤੀ ਨੂੰ ਬਦ ਤੋਂ ਬਦਤਰ ਬਣਾ ਸਕਦਾ ਹੈ। ਨਾਲ ਹੀ ਦੇਸ਼ ਭਰ ਦੇ ਗੁਣੀ ਵਿਦਿਆਰਥੀਆਂ ਨੂੰ ਇਕੋ ਜਿਹੇ ਮੌਕੇ ਪ੍ਰਦਾਨ ਕਰਨ ਲਈ ਕੋਈ ਅਜਿਹੀ ਵਿਧੀ ਵਿਕਸਿਤ ਕੀਤੀ ਜਾਵੇ ਜੋ ਕਿ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਇਕ ਹੀ ਤਰ੍ਹਾਂ ਲਾਗੂ ਹੋਵੇ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵਿਦਿਆਰਥੀਆਂ ਨੂੰ ਗ੍ਰੇਡ ਦੇਣ ਲਈ ਅੰਦਰੂਨੀ ਮੁਲਾਂਕਣ ਜਾਂ ਪ੍ਰੀ ਬੋਰਡ ਪ੍ਰੀਖਿਆਵਾਂ ਨੂੰ ਆਧਾਰ ਬਣਾਇਆ ਗਿਆ ਸੀ ਪਰ ਇਸ ਵਾਰ ਅਜਿਹਾ ਕਰਨਾ ਵੀ ਔਖਾ ਬਣ ਗਿਆ ਹੈ ਕਿਉਂਕਿ ਵਿਦਿਆਰਥੀਆਂ ਨੇ ਸਰੀਰਕ ਤੌਰ ਤੇ ਕਲਾਸਾਂ ਲਗਾਈਆਂ ਹੀ ਨਹੀਂ ਅਤੇ ਕੁਝ ਰਾਜਾਂ ਵਿੱਚ ਤਾਂ ਬਿਲਕੁਲ ਹੀ ਕਲਾਸਾਂ ਨਹੀਂ ਲੱਗੀਆਂ। ਇਸ ਤੋਂ ਇਲਾਵਾ ਆਨਲਾਇਨ ਸਿੱਖਿਆ ਦੀਆਂ ਵੀ ਆਪਣੀਆਂ ਸਮੱਸਿਆਵਾਂ ਅਤੇ ਹੱਦਾਂ ਹਨ। ਹਰ ਵਿਦਿਆਰਥੀ ਕੋਲ ਹਰ ਤਰ੍ਹਾਂ ਦੀ ਡਿਜ਼ੀਟਲ ਸਹੂਲਤਾਂ ਨਹੀਂ ਹਨ, ਕਿਸੇ ਕੋਲ ਸਮਾਰਟ ਫੋਨ ਨਹੀਂ ਅਤੇ ਕਈ ਇਲਾਕਿਆਂ ਵਿੱਚ ਇੰਟਰਨੈਟ ਦੀ ਰਫਤਾਰ ਸਬੰਧੀ ਸਮੱਸਿਆਵਾਂ ਹਨ। ਆਨਲਾਇਨ ਸਿੱਖਿਆ ਵਿੱਚ ਵਿਦਿਆਰਥੀ ਇਸ ਸਭ ਤੋਂ ਵਾਂਝੇ ਰਹਿ ਜਾਂਦੇ ਹਨ। ਵੱਡੀ ਤਾਦਾਦ ਵਿੱਚ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਆਨਲਾਇਨ ਸਿੱਖਿਆ ਦੇ ਦੌਰ ਵਿੱਚ ਉਹ ਲਾਪ੍ਰਵਾਹ ਹੋ ਗਏ ਹਨ, ਜਿਸ ਨਾਲ ਉਨ੍ਹਾਂ ਦੇ ਅੰਕਾਂ ਵਿੱਚ 15 ਫੀਸਦੀ ਤੋਂ ਵੱਧ ਦੀ ਕਮੀ ਆਈ ਹੈ। 12ਵੀਂ ਦੀ ਪ੍ਰੀਖਿਆ ਨੂੰ ਅਜੋਕੇ ਦੌਰ ਵਿੱਚ ਸਭ ਤੋਂ ਅਹਿਮ ਮੰਨਿਆ ਜਾ ਰਿਹਾ ਹੈ ਕਿ ਪਰ ਕੋਰੋਨਾ ਕਾਲ ਦੌਰਾਨ ਸਰਕਾਰਾਂ ਨੇ ਇਸ ਪ੍ਰੀਖਿਆ ਨੂੰ ਵੀ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਵਿਸ਼ਵ ਦੀਆਂ ਜ਼ਿਆਦਾਤਰ ਯੂਨੀਵਰਸਟੀਆਂ 12ਵੀਂ ਦੀ ਪ੍ਰੀਖਿਆ ਦੇ ਆਧਾਰ ਤੇ ਹੀ ਦਾਖਲੇ ਦਿੰਦੀਆਂ ਹਨ ਪਰ ਇਸ ਸਮੇਂ ਇਹ ਨਤੀਜੇ ਸਿਰਫ ਰਸਮੀ ਬਣ ਕੇ ਰਹਿ ਗਏ ਹਨ। ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਇਸ ਕੋਰੋਨਾ ਕਾਲ ਦੌਰਾਨ ਸਿੱਖਿਆ ਦਾ ਪੱਧਰ ਇੰਨਾ ਕੁ ਡਿੱਗ ਚੁੱਕਾ ਹੈ ਜਿਸ ਦਾ ਨੁਕਸਾਨ ਨੌਜਵਾਨੀ ਦੇ ਭਵਿੱਖ ਤੇ ਵੱਡਾ ਪੈਣ ਦੇ ਆਸਾਰ ਬਣ ਗਏ ਹਨ।