MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਭਾਜਪਾ ਤੇ ਆਰਐੱਸਐੱਸ ਨਹੀਂ ਦਿੰਦੀਆਂ ਔਰਤਾਂ ਨੂੰ ਅਹਿਮੀਅਤ: ਰਾਹੁਲ

ਵਡੋਦਰਾ, 10 ਅਕਤੂਬਰ (ਮਪ) ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਆਰਐੱਸਐੱਸ ਤੇ ਭਾਜਪਾ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਹ ਔਰਤਾਂ ਨੂੰ ਕੋਈ ਮਹੱਤਵ ਨਹੀਂ ਦਿੰਦੇ। ਉਨ੍ਹਾਂ ਪੁੱਛਿਆ ਕਿ ਕਿੰਨੀਆਂ ਔਰਤਾਂ ਸੰਘ ਦੀਆਂ ਸ਼ਾਖਾਵਾਂ ’ਚ ਨਜ਼ਰ ਆਉਂਦੀਆਂ ਹਨ? ਇਸ ਦੇ ਉਲਟ ਕਾਂਗਰਸ ’ਚ ਔਰਤਾਂ ਹਰ ਪੱਧਰ ’ਤੇ ਕੰਮ ਕਰ ਰਹੀਆਂ ਹਨ। ਗੁਜਰਾਤ ’ਚ ਚੋਣ ਮੁਹਿੰਮ ਦੇ ਦੂਜੇ ਦਿਨ ਅੱਜ ਸ੍ਰੀ ਗਾਂਧੀ ਵਿਦਿਆਰਥੀਆਂ ਦੇ ਸਮੂਹ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘ਭਾਜਪਾ ਦੀ ਸੋਚ ਹੈ ਕਿ ਜਦੋਂ ਤੱਕ ਔਰਤਾਂ ਚੁੱਪ ਰਹਿਣ ਉਹ ਠੀਕ ਰਹਿੰਦੀਆਂ ਹਨ, ਜਦੋਂ ਉਹ ਬੋਲਣਾ ਸ਼ੁਰੂ ਕਰ ਦਿੰਦੀਆਂ ਹਨ ਤਾਂ ਉਹ ਔਰਤਾਂ ਨੂੰ ਚੁੱਪ ਕਰਾਉਣਾ ਸ਼ੁਰੂ ਕਰ ਦਿੰਦੇ ਹਨ।’ ਉਨ੍ਹਾਂ ਕਿਹਾ, ‘ਉਨ੍ਹਾਂ ਦੀ ਸੰਸਥਾ ਆਰਐੱਸਐੱਸ ਹੈ। ਆਰਐੱਸਐੱਸ ’ਚ ਕਿੰਨੀਆਂ ਔਰਤਾਂ ਹਨ। ਕੀ ਤੁਸੀਂ ਕਿਸੇ ਔਰਤ ਸ਼ਾਖਾ ’ਚ ਹਿੱਸਾ ਲੈਂਦੇ ਦੇਖਿਆ ਹੈ।’ ਉਨ੍ਹਾਂ ਭਾਜਪਾ ਤੇ ਆਰਐੱਸਐੱਸ ਨੂੰ ਨਿੰਦਦਿਆਂ ਕਿਹਾ ਕਿ ਕਾਂਗਰਸ ’ਚ ਤੁਸੀਂ ਹਰ ਪੱਧਰ ’ਤੇ ਔਰਤਾਂ ਨੂੰ ਕੰਮ ਕਰਦੇ ਦੇਖ ਸਕਦੇ ਹੋ। ਕਾਂਗਰਸ ਆਗੂ ਨੇ ਕਿਹਾ ਕਿ ਜੇਕਰ ਗੁਜਰਾਤ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਉਹ ਔਰਤਾਂ ਨੂੰ ਪੂਰਾ ਮਹੱਤਵ ਦੇਣਗੇ ਤੇ ਉਨ੍ਹਾਂ ਦੇ ਮਸਲੇ ਸੁਲਝਾਉਣ ਦੀ ਕੋਸ਼ਿਸ਼ ਕਰਨਗੇ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਆਪਣੀ ਨਵਸਰਜਨ ਯਾਤਰਾ ਦੇ ਦੂਜੇ ਦਿਨ ਦੀ ਸ਼ੁਰੂਆਤ ਕੇਂਦਰੀ ਗੁਜਰਾਤ ਦੇ ਖੇਤਰ ਵਡੋਦਰਾ ਤੋਂ ਕੀਤੀ। ਬੀਤੇ ਦਿਨ ਉਨ੍ਹਾਂ ਦਸ ਮੀਟਿੰਗਾਂ ਕੀਤੀਆਂ ਸਨ ਤੇ ਨਡਿਆੜ ਦੇ ਮਸ਼ਹੂਮ ਸੰਤਰਾਮ ਮੰਦਰ ’ਚ ਪੂਜਾ ਕੀਤੀ ਸੀ। ਇਸੇ ਦੌਰਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਸਰਕਾਰ ਨੇ ‘ਬੇਟੀ ਬਚਾਓ’ ਮੁਹਿੰਮ ਨੂੰ ਬਦਲ ਕੇ ‘ਬੇਟਾ ਬਚਾਓ’ ਕਰ ਦਿੱਤਾ ਹੈ। ਅਮਿਤ ਸ਼ਾਹ ਦੇ ਪੁੱਤਰ ਜਯ ਸ਼ਾਹ ’ਤੇ ਦੋਸ਼ ਲੱਗਣ ਮਗਰੋਂ ਭਾਜਪਾ ਦੇ ਕਈ ਕੇਂਦਰੀ ਮੰਤਰੀਆਂ ਵੱਲੋਂ ਉਸ ਦੇ ਹੱਕ ’ਚ ਨਿੱਤਰ ਆਉਣ ਤੋਂ ਬਾਅਦ ਰਾਹੁਲ ਗਾਂਧੀ ਨੇ ਅੱਜ ਇਹ ਟਿੱਪਣੀ ਕੀਤੀ ਹੈ।