MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਚੀਨ ਦੀ ਹਰੇਕ ਚਾਲ ਦਾ ਜਵਾਬ ਦੇਣ ਲਈ ਭਾਰਤ ਬਣਾ ਰਿਹੈ ਖਾਸ ਯੋਜਨਾ

ਨਵੀਂ ਦਿੱਲੀ 11 ਅਕਤੂਬਰ (ਮਪ) ਭਾਰਤ-ਚੀਨ ਸਰਹੱਦ 'ਤੇ ਚੀਨੀ ਫੌਜੀਆਂ ਨੂੰ 'ਨਮਸਤੇ' ਕਰਨਾ ਸਿਖਾਉਂਦੀ ਨਜ਼ਰ ਆਈ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਦਾ ਦੌਰਾ ਇੱਕ ਖਾਸ ਰਣਨੀਤੀ ਦੇ ਤਹਿਤ ਕੀਤਾ ਗਿਆ ਸੀ। ਸਿੱਕਿਮ-ਭੁਟਾਨ-ਤਿੱਬਤ ਟਰਾਇ-ਜੰਕਸ਼ਨ ਦੇ ਦੌਰੇ ਨੂੰ ਉਸ ਰਣਨੀਤੀ ਦਾ ਹਿੱਸਾ ਦੱਸਿਆ ਜਾ ਰਿਹਾ ਹੈ ਜਿਸ ਦੇ ਤਹਿਤ ਹੁਣ ਭਾਰਤ ਚੀਨ ਦੀ ਹਰ ਚਾਲ ਦਾ ਜਵਾਬ ਦੇਣ ਦੀ ਯੋਜਨਾ ਬਣਾ ਰਿਹਾ ਹੈ। ਖਾਸ ਤੌਰ 'ਤੇ ਭਾਰਤ ਹੁਣ ਚੀਨ ਦੀ 'ਸਲਾਮੀ ਸਲਾਇਸਿੰਗ' ਦੀ ਰਣਨੀਤੀ ਨੂੰ ਕਾਊਂਟਰ ਕਰਨ ਦੀ ਯੋਜਨਾ ਤਿਆਰ ਕਰ ਰਿਹਾ ਹੈ । ਸੀਤਾਰਮਣ ਦੇ ਦੌਰੇ ਤੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਭਾਰਤ ਹੁਣ ਬਾਰਡਰ ਦੇ ਇਲਾਕਿਆਂ ਵਿੱਚ ਵਿਕਾਸ 'ਤੇ ਪੂਰਾ ਜ਼ੋਰ ਦੇਵੇਗਾ ਕਿਉਂਕਿ ਉਨ੍ਹਾਂ ਇਲਾਕਿਆਂ ਵਿੱਚ ਵਿਕਾਸ ਨਾ ਹੋਣ ਕਾਰਨ ਹੀ ਚੀਨ ਨੂੰ ਇੱਥੇ ਦਖਲ ਦੇਣ ਦਾ ਮੌਕਾ ਮਿਲਦਾ ਹੈ। ਰੱਖਿਆ ਮੰਤਰੀ ਦੀ ਯੋਜਨਾ 4,057 ਕਿਲੋਮੀਟਰ ਲੰਬੀ ਲਾਈਨ ਆਫ ਐਕਚੁਅਲ ਕੰਟਰੋਲ (ਐੱਲ.ਏ.ਸੀ.) ਦੇ ਨੇੜੇ ਬੁਨਿਆਦੀ ਢਾਂਚੇ ਦਾ ਵਿਕਾਸ ਕਰਨ ਨੂੰ ਲੈ ਕੇ ਹੈ। ਸਲਾਮੀ ਸਲਾਇਸਿੰਗ ਦਾ ਮਤਲੱਬ ਹੈ - ਗੁਆਂਢੀ ਦੇਸ਼ਾਂ ਖਿਲਾਫ ਛੋਟੇ-ਛੋਟੇ ਫੌਜੀ ਆਪਰੇਸ਼ਨ ਚਲਾਕੇ ਹੌਲੀ-ਹੌਲੀ ਕਿਸੇ ਵੱਡੇ ਇਲਾਕੇ 'ਤੇ ਕਬਜ਼ਾ ਕਰ ਲੈਣਾ। ਅਜਿਹੇ ਆਪਰੇਸ਼ਨ ਇੰਨੇ ਛੋਟੇ ਪੱਧਰ 'ਤੇ ਕੀਤੇ ਜਾਂਦੇ ਹਨ ਕਿ ਇਨ੍ਹਾਂ ਤੋਂ ਲੜਾਈ ਦੀ ਕੋਈ ਉਮੀਦ ਨਹੀਂ ਹੁੰਦੀ ਪਰ ਗੁਆਂਢੀ ਦੇਸ਼ ਲਈ ਇਹ ਸਮਝਣਾ ਮੁਸ਼ਕਲ ਹੁੰਦਾ ਹੈ ਕਿ ਇਸਦਾ ਜਵਾਬ ਕਿਵੇਂ ਦਿੱਤਾ ਜਾਵੇ। ਚੀਨ ਅਜਿਹੇ ਕਈ ਛੋਟੇ-ਛੋਟੇ ਆਪਰੇਸ਼ਨ ਚਲਾਕੇ ਕਈ ਇਲਾਕਿਆਂ 'ਤੇ ਕਬਜ਼ਾ ਕਰ ਚੁੱਕਾ ਹੈ। ਅਜਿਹੇ ਮਾਮਲਿਆਂ ਵਿੱਚ ਅੰਤਰਰਾਸ਼ਟਰੀ ਡਿਪਲੋਮੈਸੀ ਦਾ ਧਿਆਨ ਵਾਰ-ਵਾਰ ਨਹੀਂ ਖਿੱਚਿਆ ਜਾ ਸਕਦਾ। ਫੌਜ ਮੁੱਖੀ ਚੀਫ ਬਿਪਿਨ ਰਾਵਤ ਨੇ ਹਾਲ ਹੀ ਵਿੱਚ ਚੀਨ ਦੀ ਇਸ ਰਣਨੀਤੀ ਖਿਲਾਫ ਚਿਤਾਵਨੀ ਦਿੱਤੀ ਸੀ। ਉਨ੍ਹਾਂ ਕਿਹਾ ਸੀ, ਜਿੱਥੇ ਤੱਕ ਚੀਨ ਨੂੰ ਸਵਾਲ ਦੇਣ ਦਾ ਸਵਾਲ ਹੈ ਤਾਂ ਉਸਨੇ ਆਪਣੀ ਤਾਕਤ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਸਲਾਮੀ ਸਲਾਇਸਿੰਗ ਦਾ ਮਤਲੱਬ ਹੈ ਹੌਲੀ-ਹੌਲੀ ਭੂ-ਭਾਗ 'ਤੇ ਕਬਜ਼ਾ ਕਰਨਾ ਅਤੇ ਸਾਡੀ ਸਹਿਣ ਦੀ ਸਮਰੱਥਾ ਨੂੰ ਪਰਖਣਾ। ਰਾਵਤ ਨੇ ਕਿਹਾ ਸੀ ਕਿ ਇਹ ਚਿੰਤਾ ਦਾ ਵਿਸ਼ਾ ਹੈ ਅਤੇ ਅਜਿਹੇ ਹਲਾਤਾਂ ਤੋਂ ਨਜਿੱਠਣ ਲਈ ਤਿਆਰੀ ਜਰੂਰੀ ਹੈ, ਜਿਨ੍ਹਾਂ ਤੋਂ ਭਵਿੱਖ ਵਿੱਚ ਟਕਰਾਅ ਪੈਦਾ ਹੋ ਸਕਦਾ ਹੈ। ਬਾਰਡਰ ਦੇ ਇਲਾਕਿਆਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਨਾ ਸਿਰਫ ਚੀਨ ਦੀ ਭਾਰਤ ਵਿੱਚ ਵਧਦੀ ਘੁਸਪੈਠ ਨੂੰ ਰੋਕਿਆ ਜਾ ਸਕੇਗਾ ਸਗੋਂ ਵਿਵਾਦਿਤ ਇਲਾਕਿਆਂ 'ਤੇ ਉਸ ਦਾ ਦਾਅਵਾ ਵੀ ਕਮਜ਼ੋਰ ਹੋਵੇਗਾ।