MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਗੁਰਦਾਸਪੁਰ ਜ਼ਿਮਨੀ ਚੋਣ: 1,93,219 ਵੋਟਾਂ ਦੇ ਵੱਡੇ ਫਰਕ ਨਾਲ ਕਾਂਗਰਸ ਜੇਤੂ

ਚੰਡੀਗੜ੍ਹ 15 ਅਕਤੂਬਰ (ਮਪ) ਗੁਰਦਾਸਪੁਰ ਜ਼ਿਮਨੀ ਚੋਣ ਲਈ ਬੀਤੀ 11 ਨੂੰ ਪਈਆਂ ਵੋਟਾਂ ਦੀ ਗਿਣਤੀ ਪੂਰੀ ਹੋ ਗਈ ਹੈ ਅਤੇ ਕਾਂਗਰਸ ਨੇ 1,93,219 ਵੋਟਾਂ ਨਾਲ ਇਹ ਚੋਣ ਜਿੱਤ ਲਈ ਹੈ। ਕੁੱਲ 4,99,752 ਵੋਟਾਂ ਨਾਲ ਸੁਨੀਲ ਕੁਮਾਰ ਜਾਖੜ ਗੁਰਦਾਸਪੁਰ ਤੋਂ ਨਵੇਂ ਸੰਸਦ ਮੈਂਬਰ ਚੁਣੇ ਗਏ ਹਨ। ਅੰਕੜੇ ਦੱਸਦੇ ਹਨ ਕਿ ਭਾਜਪਾ ਦੇ ਸਵਰਨ ਸਲਾਰੀਆ ਦੇ ਖਾਤੇ 3,06,533 ਵੋਟਾਂ ਪਈਆਂ ਹਨ, ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰੇਸ਼ ਖਜੂਰੀਆ ਦੇ ਹਿੱਸੇ ਕੁੱਲ 23,579 ਵੋਟਾਂ ਆਈਆਂ ਹਨ। ਅ੍ਰੰਮਿਤਰਸ ਤੋਂ ਕਾਂਗਰਸ ਦੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਇਸ ਸੰਭਾਵੀ ਜਿੱਤ ਨੂੰ ਭਾਰਤੀ ਜਨਤਾ ਪਾਰਟੀ ਦੇ ਮੂੰਹ ‘ਤੇ ਥੱਪੜ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਥੱਪੜ ਦੀ ਗੂੰਜ ਦਿੱਲੀ ਤਕ ਸੁਣਾਈ ਦੇਵੇਗੀ। ਕਾਂਗਰਸ ਦੇ ਪਾਲ਼ੇ ਵਿੱਚ ਜਸ਼ਨ ਦਾ ਮਾਹੌਲ ਹੈ ਕਿਉਂਕਿ ਗੁਰਦਾਸਪੁਰ ਜ਼ਿਮਨੀ ਚੋਣ ਵੱਡੇ ਫਰਕ ਨਾਲ ਜਿੱਤ ਲਈ ਹੈ। ਕਾਂਗਰਸ ਇਹ ਵੀ ਦਾਅਵਾ ਕਰ ਰਹੀ ਹੈ ਕਿ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਉਹ 2019 ਦੀਆਂ ਵੋਟਾਂ ਵਿੱਚ ਪੂਰੇ ਦੇਸ਼ ਵਿੱਚ ਜਿੱਤ ਦਰਜ ਕਰੇਗੀ, ਇਹ ਗੱਲ ਸੁਨੀਲ ਜਾਖੜ ਪਹਿਲਾਂ ਵੀ ਕਈ ਵਾਰ ਬੋਲ ਚੁੱਕੇ ਹਨ। ਗੁਰਦਾਸਪੁਰ ਜ਼ਿਮਨੀ ਚੋਣ ਦੇ ਨਤੀਜੇ ਨੇ ਬਹੁਤ ਕੁਝ ਸਪਸ਼ਟ ਕਰ ਦਿੱਤਾ ਹੈ। ਪਹਿਲਾ ਇਹ ਕਿ ਅਵਾਮ ਦੇ ਦਿਲ ਵਿੱਚ ਬੀਜੇਪੀ ਪ੍ਰਤੀ ਬੇਹੱਦ ਰੋਹ ਹੈ। ਨੋਟਬੰਦੀ, ਜੀਐਸਟੀ, ਫਿਰਕੂ ਕੁੜੱਤਣ ਤੇ ਅੱਛੇ ਦਿਨਾਂ ਦਾ ਜੁਮਲਾ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ। ਚੋਣ ਦੇ ਨਤੀਜਿਆਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਅੱਗੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਅਕਾਲੀ-ਦਲ ਬੀਜੇਪੀ ਕੋਈ ਬਹੁਤੀ ਉਮੀਦ ਨਾ ਰੱਖੇ। ਦੂਜਾ ਇਸ ਚੋਣ ਵਿੱਚ ਸਪਸ਼ਟ ਹੋਇਆ ਹੈ ਕਿ ਕਾਂਗਰਸ ਤੋਂ ਅਜੇ ਵੀ ਲੋਕਾਂ ਨੂੰ ਉਮੀਦ ਹੈ। ਕਾਂਗਰਸ ਨੇ ਚਾਹੇ ਅਜੇ ਤੱਕ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਅਮਲੀ ਜਾਮਾ ਨਹੀਂ ਪਹਿਣਾਇਆ ਪਰ ਲੋਕਾਂ ਅਜੇ ਕਾਂਗਰਸ ਨੂੰ ਮੌਕਾ ਦੇਣਾ ਚਾਹੁੰਦੇ ਹਨ। ਵਿਰੋਧੀ ਧਿਰਾਂ ਨੇ ਕਿਸਾਨ ਦੇ ਕਰਜ਼ੇ ਮਾਫੀ ਦੇ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਉਠਾਇਆ ਪਰ ਲੋਕਾਂ ਨੇ ਇਸ ਫਿਲਹਾਲ ਇਸ ਮੁੱਦੇ ‘ਤੇ ਕਾਂਗਰਸ ਨੂੰ ਦੋਸ਼ੀ ਨਹੀਂ ਠਹਿਰਾਇਆ।