MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਡੋਨਾਲਡ ਟਰੰਪ ਦੀਆਂ ਵਧੀਆਂ ਮੁਸ਼ਕਲਾਂ, ਉਪ-ਰਾਸ਼ਟਰਪਤੀ ਮਾਈਕ ਪੇਂਸ ’ਤੇ ਵਧਿਆ ਉਨ੍ਹਾਂ ਨੂੰ ਹਟਾਉਣ ਦਾ ਦਬਾਅ, ਸਦਨ ਵਿੱਚ ਪ੍ਰਸਤਾਵ ਪਾਸ

ਵਾਸ਼ਿੰਗਟਨ 13 ਜਨਵਰੀ (ਮਪ) ਅਮਰੀਕਾ ਦੀ ਕੈਪੀਟਲ ਬਿਲਡਿੰਗ ’ਚ ਹੋਈ ਹਿੰਸਾ ਤੋਂ ਬਾਅਦ ਉਪ-ਰਾਸ਼ਟਰਪਤੀ ਮਾਈਕ ਪੇਂਸ ’ਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੱਤਾ ਤੋਂ ਹਟਾਉਣ ਲਈ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ। ਹਾਲਾਂਕਿ ਮਾਈਕ ਪੇਂਸ ਨੇ ਹਾਊਸ ਦੀ ਸਪੀਕਰ ਨੈਂਸੀ ਪਾਲੋਸੀ ਦੀ ਉਸ ਮੰਗ ਨੂੰ ਖਾਰਜ ਕਰ ਦਿੱਤਾ ਹੈ, ਜਿਸ ’ਚ ਉਸ ਨੇ ਪੇਂਸ ਨੂੰ ਸੰਵਿਧਾਨ ਦੀ 25ਵੀਂ ਸੋਧ ਦੀ ਵਰਤੋਂ ਕਰਦਿਆਂ ਟਰੰਪ ਨੂੰ ਹਟਾਉਣ ਦੀ ਗੱਲ ਕਹੀ ਸੀ। ਪੇਂਸ ਨੇ ਨੈਂਸੀ ਦੀ ਮੰਗ ਦੇ ਜਵਾਬ ’ਚ ਸਾਫ਼ ਕਰ ਦਿੱਤਾ ਹੈ ਕਿ ਉਹ ਇਸ ਦੀ ਵਰਤੋਂ ਨਹੀਂ ਕਰਨਗੇ। ਇਸ ਦੌਰਾਨ ਸੰਸਦ ’ਚ ਪੇਂਸ ਨੂੰ ਸੰਵਿਧਾਨ ਦੀ ਸ਼ਕਤੀ ਦੀ ਵਰਤੋਂ ਕਰਨ ਦਾ ਇਕ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਇਸ ਨੂੰ 205 ਮਦਾਂ ਦੇ ਮੁਕਾਬਲੇ 223 ਮਦ ਹਾਸਿਲ ਹੋਏ ਹਨ। ਇਸ ਪ੍ਰਸਤਾਵ ਨੂੰ ਮੈਰੀਲੈਂਡ ਦੀ ਸਾਂਸਦ ਜੈਮੀ ਰਸਕਿਨ ਲਿਆਈ ਸੀ। ਅਮਰੀਕੀ ਉਪ-ਰਾਸ਼ਟਰਪਤੀ ਮਾਈਕ ਪੇਂਸ ਨੇ ਹਾਊਸ ਆਫ ਰਿਪ੍ਰਜੈਂਟਿਵ ਸਪੀਕਰ ਨੈਂਸੀ ਪੇਲੋਸੀ ਨੂੰ ਉਨ੍ਹਾਂ ਦੀ ਮੰਗ ਦੇ ਜਵਾਬ ’ਚ ਇਕ ਪੱਤਰ ਲਿਖ ਕੇ ਆਪਣੀ ਇੱਛਾ ਨੂੰ ਜ਼ਾਹਿਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ 25ਵੀਂ ਸੰਵਿਧਾਨ ਸੋਧ ’ਚ ਕੈਬਨਿਟ ਦੇ ਸਹਿਯੋਗ ਨਾਲ ਉਪ-ਰਾਸ਼ਟਰਪਤੀ ਨੂੰ ਇਹ ਅਧਿਕਾਰ ਮਿਲਿਆ ਹੋਇਆ ਹੈ ਕਿ ਉਹ ਮੌਜੂਦਾ ਰਾਸ਼ਟਰਪਤੀ ਨੂੰ ਹਟਾ ਸਕੇ। ਇਸ ਲਈ ਉਸ ਨੂੰ ਦੋ ਤਿਹਾਈ ਬਹੁਮਤ ਦੀ ਲੋੜ ਹੁੰਦੀ ਹੈ। ਇਸ ਪ੍ਰਕਿਰਿਆ ਦੌਰਾਨ ਜੋ ਵੋਟਿੰਗ ਹੁੰਦੀ ਹੈ, ਉਸ ’ਚ ਇਹ ਤੈਅ ਹੁੰਦਾ ਹੈ ਕਿ ਰਾਸ਼ਟਰਪਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ’ਚ ਅਸਫਲ ਰਿਹਾ ਹੈ। ਜੇ ਮੰਗਲਵਾਰ ਤਕ ਇਸ ’ਤੇ ਪੇਂਸ ਕੋਈ ਫ਼ੈਸਲਾ ਨਹੀਂ ਲੈਂਦੇ ਹਨ ਤਾਂ ਬੁੱਧਵਾਰ ਨੂੰ ਟਰੰਪ ’ਤੇ ਮਹਾਦੋਸ਼ ਪ੍ਰਕਿਰਿਆ ਸ਼ੁਰੂ ਕਰਨ ਲਈ ਵੋਟਿੰਗ ਕਰਵਾਈ ਜਾਵੇਗੀ। ਅਮਰੀਕੀ ਇਤਿਹਾਸ ’ਚ ਅੱਜ ਤਕ ਸੰਵਿਧਾਨ ਦੀ 25ਵੀਂ ਸੋਧ ਦੀ ਵਰਤੋਂ ਕਰਦਿਆਂ ਕਿਸੇ ਰਾਸ਼ਟਰਪਤੀ ਨੂੰ ਨਹੀਂ ਹਟਾਇਆ ਗਿਆ। ਜੇ ਇਸ ਦਾ ਇਸਤੇਮਾਲ ਕੀਤਾ ਗਿਆ ਤਾਂ ਇਹ ਵੀ ਪਹਿਲੀ ਵਾਰ ਹੋਵੇਗਾ।