MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਆਊਟਰ ਰਿੰਗ ਰੋਡ 'ਤੇ ਹੋਵੇਗਾ ਕਿਸਾਨਾਂ ਦਾ ਟਰੈਕਟਰ ਮਾਰਚ


ਦਿੱਲੀ 17 ਜਨਵਰੀ ( ਭੱਟੀ ਫਰਾਂਸ )  ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ਵਿਚ ਅੰਦੋਲਨ ਕਰ ਰਹੇ ਕਿਸਾਨ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਣ ਲਈ ਬਜ਼ਿੱਦ ਹਨ। ਸੰਯੁਕਤ ਕਿਸਾਨ ਮੋਰਚੇ ਨੇ ਐਤਵਾਰ ਨੂੰ ਟਰੈਕਟਰ ਮਾਰਚ ਦੇ ਰੂਟ ਦਾ ਐਲਾਨ ਕੀਤਾ। ਇਹ ਮਾਰਚ ਦਿੱਲੀ ਦੇ ਆਊਟਰ ਰਿੰਗ ਰੋਡ ਦੀ ਪਰਿਕਰਮਾ ਕਰੇਗਾ ਤੇ ਗਣਤੰਤਰ ਦਿਵਸ ਦੀ ਪਰੇਡ ਵਿਚ ਕੋਈ ਖ਼ਲਲ ਨਹੀਂ ਪਾਇਆ ਜਾਵੇਗਾ। ਟਰੈਕਟਰ ਮਾਰਚ ਪੂਰੀ ਤਰ੍ਹਾਂ ਸ਼ਾਂਤੀਪੂਰਨ ਹੋਵੇਗਾ ਤੇ ਹਰੇਕ ਟਰੈਕਟਰ ਤਿਰੰਗਾ ਤੇ ਕਿਸੇ ਇਕ ਕਿਸਾਨ ਜਥੇਬੰਦੀ ਦਾ ਝੰਡਾ ਵੀ ਲੱਗਾ ਹੋਵੇਗਾ। ਕਿਸਾਨ ਆਗੂਆਂ ਨੇ ਐੱਨਆਈਏ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੀ ਨਿੰਦਾ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਜੋ ਵੀ ਵਿਅਕਤੀ ਅੰਦੋਲਨ ਵਿਚ ਮਦਦ ਕਰ ਰਿਹਾ ਹੈ ਸਰਕਾਰ ਉਸ ਨਾਲ ਧੱਕਾ ਕਰ ਰਹੀ ਹੈ। ਐਤਵਾਰ ਨੂੰ ਕੁੰਡਲੀ ਬੈਰੀਅਰ 'ਤੇ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੀ ਸੱਤ ਮੈਂਬਰੀ ਕਮੇਟੀ ਨੇ ਮੀਟਿੰਗ ਕੀਤੀ। ਇਸ ਤੋਂ ਬਾਅਦ ਕਮੇਟੀ ਨੇ ਮੋਰਚੇ ਦੇ ਸਾਰੇ ਮੈਂਬਰਾਂ ਨਾਲ ਮੀਟਿੰਗ ਕਰ ਕੇ ਅੰਦੋਲਨ ਦੀ ਰਣਨੀਤੀ 'ਤੇ ਵਿਚਾਰ-ਚਰਚਾ ਕੀਤੀ। ਦੇਰ ਸ਼ਾਮ ਮੋਰਚੇ ਦੇ ਮੈਂਬਰ ਡਾ. ਦਰਸ਼ਨ ਪਾਲ, ਯੁਧਵੀਰ ਸਿੰਘ, ਯੋਗੇਂਦਰ ਯਾਦਵ, ਸ਼ਿਵ ਕੁਮਾਰ ਕੱਕਾਜੀ, ਰਣਧੀਰ ਸਿੰਘ, ਜਗਜੀਤ ਸਿੰਘ ਡੱਲੇਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੀਟਿੰਗ ਦਾ ਮੱੁਖ ਮੁੱਦਾ ਹੀ 26 ਜਨਵਰੀ ਦਾ ਟਰੈਕਟਰ ਮਾਰਚ ਸੀ। ਉਨ੍ਹਾਂ ਕਿਹਾ ਕਿ ਜਦੋਂ ਜਵਾਨ ਗਣਤੰਤਰ ਦਿਵਸ 'ਤੇ ਪਰੇਡ ਕਰਨਗੇ ਉਦੋਂ ਕਿਸਾਨ ਵੀ ਮਾਰਚ ਕਰਨਗੇ। ਇਸ ਲਈ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਗ਼ੈਰ-ਸਮਾਜਕ ਤੱਤ ਚਾਹੁੰਦੇ ਹਨ ਕਿ ਇਸ ਵਿਚ ਕੁਝ ਗੜਬੜ ਹੋਵੇ ਜਦਕਿ ਸਾਡਾ ਮਾਰਚ ਪੂਰੀ ਤਰ੍ਹਾਂ ਸ਼ਾਂਤਮਈ ਹੋਵੇਗਾ। ਯੋਗੇਂਦਰ ਯਾਦਵ ਨੇ ਕਿਹਾ ਕਿ ਕਿਸਾਨ ਮਾਰਚ ਦਿੱਲੀ ਦੇ ਅੰਦਰ ਹੋਵੇਗਾ ਅਤੇ ਗਣਤੰਤਰ ਦਿਵਸ ਦੇ ਸਮਾਗਮ 'ਚ ਕੋਈ ਖ਼ਲਲ ਨਹੀਂ ਪਾਉਣਗੇ। ਕਿਸਾਨ ਮਾਰਚ ਦਿੱਲੀ ਦੇ ਆਊਟਰ ਰਿੰਗ ਰੋਡ ਦੀ ਪਰਿਕਰਮਾ ਕਰੇਗਾ ਜੋ ਕਰੀਬ 50 ਕਿੱਲੋਮੀਟਰ ਦਾ ਹੈ। ਉਨ੍ਹਾਂ ਕਿਹਾ ਕਿ ਉਹ ਇਕ ਤਰ੍ਹਾਂ ਦੀ ਸੂਚਨਾ ਦੇ ਰਹੇ ਹਨ ਅਤੇ ਇਸ ਵਿਚ ਦਿੱਲੀ ਜਾਂ ਹਰਿਆਣਾ ਪੁਲਿਸ ਕੋਈ ਅੜਿੱਕਾ ਨਾ ਪਾਵੇ।
ਮਾਰਚ ਵਿਚ ਕੋਈ ਕਿਸਾਨ ਹਥਿਆਰ ਲੈ ਕੇ ਨਹੀਂ ਚੱਲੇਗਾ ਤੇ ਨਾ ਹੀ ਕੋਈ ਭੜਕਾਊ ਭਾਸ਼ਣਬਾਜ਼ੀ ਹੋਵੇਗੀ। ਕਿਸਾਨ ਕਿਸੇ ਕੌਮੀ ਯਾਦਗਾਰ ਜਾਂ ਪ੍ਰਤੀਕ 'ਤੇ ਕੋਈ ਕਬਜ਼ਾ ਨਹੀਂ ਕਰਨਗੇ। ਇਹ ਵੀ ਤੈਅ ਕੀਤਾ ਗਿਆ ਹੈ ਕਿ ਜਿਨ੍ਹਾਂ ਇਲਾਕਿਆਂ ਤੋਂ ਕਿਸਾਨ ਦਿੱਲੀ ਨਹੀਂ ਪਹੁੰਚ ਸਕਦੇ ਉਹ ਆਪਣੇ-ਆਪਣੇ ਸੂਬੇ ਦੀ ਰਾਜਧਾਨੀ ਜਾਂ ਜ਼ਿਲ੍ਹਾ ਹੈੱਡਕੁਆਰਟਰ 'ਤੇ ਏਸੇ ਤਰ੍ਹਾਂ ਸ਼ਾਂਤੀਪੂਰਨ ਢੰਗ ਨਾਲ ਟਰੈਕਟਰ ਮਾਰਚ ਕੱਢਣਗੇ।