MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਆਸਟਰੇਲੀਆ ਖ਼ਿਲਾਫ਼ ਜਿੱਤ ਮਗਰੋਂ ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਸੂਚੀ ’ਚ ਬਣਿਆ 'ਨੰਬਰ ਵਨ'

ਨਵੀਂ ਦਿੱਲੀ 19  ਜਨਵਰੀ (ਮਪ) ਆਸਟਰੇਲੀਆ ਖ਼ਿਲਾਫ਼ ਗਾਬਾ ਮੈਦਾਨ ’ਤੇ ਚੌਥੇ ਟੈਸਟ ਵਿਚ 3 ਵਿਕਟਾਂ ਦੀ ਰੋਮਾਂਚਕ ਜਿੱਤ ਨਾਲ ਸੀਰੀਜ਼ 2-1 ਨਾਲ ਆਪਣੇ ਨਾਮ ਕਰਣ ਵਾਲੀ ਭਾਰਤੀ ਟੀਮ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਦੀ ਸੂਚੀ ਵਿਚ ਸਿਖ਼ਰ ’ਤੇ ਪਹੁੰਚ ਗਈ ਹੈ। ਇਸ ਜਿੱਤ ਨਾਲ ਭਾਰਤੀ ਟੀਮ ਦੇ 430 ਅੰਕ ਹੋ ਗਏ ਹਨ, ਜੋ ਨਿਊਜ਼ੀਲੈਂਡ (420) ਅਤੇ ਆਸਟਰੇਲੀਆ (332) ਤੋਂ ਜ਼ਿਆਦਾ ਹਨ। ਆਈ.ਸੀ.ਸੀ. ਨੇ ਟਵੀਟ ਕੀਤਾ, ‘ਗਾਬਾ ਵਿਚ ਸਖ਼ਤ ਮੁਕਾਬਲੇ ਵਿਚ ਮਿਲੀ ਜਿੱਤ ਦੇ ਬਾਅਦ ਭਾਰਤ ਆਈ.ਸੀ.ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਸੂਚੀ ਵਿਚ ਪਹਿਲੇ ਸਥਾਨ ’ਤੇ ਪਹੁੰਚ ਗਿਆ। ਆਸਟਰੇਲੀਆ ਤੀਜੇ ਸਥਾਨ ’ਤੇ ਖ਼ਿਸਕ ਗਿਆ।’ ਭਾਰਤ ਨੇ ਡਬਲਯੂ.ਟੀ.ਸੀ. ਸ਼ੁਰੂ ਹੋਣ ਦੇ ਬਾਅਤ 13 ਮੈਚ ਖੇਡੇ ਹਨ। ਇਸ ਵਿਚ ਟੀਮ ਨੇ ਕੁੱਲ ਅੰਕਾਂ ਵਿਚੋਂ 71.1 ਫ਼ੀਸਦੀ ਅੰਕ ਹਾਸਲ ਕੀਤੇ ਹਨ। ਭਾਰਤ ਆਸਟਰੇਲੀਆ ਟੈਸਟ ਸੀਰੀਜ਼ ਦੇ ਬਾਅਦ ਇੰਗਲੈਂਡ ਅਤੇ ਦੱਖਣੀ ਅਫਰੀਕਾ ਕਰਮਵਾਰ ਚੌਥੇ ਅਤੇ ਪੰਜਵੇਂ ਸਥਾਨ ’ਤੇ ਹਨ। ਆਈ.ਸੀ.ਸੀ. ਟੈਸਟ ਰੈਕਿੰਗ ਵਿਚ ਵੀ ਭਾਰਤੀ ਟੀਮ ਆਸਟਰੇਲੀਆ ਨੂੰ ਹਟਾ ਕੇ ਦੂਜੇ ਸਥਾਨ ’ਤੇ ਪਹੁੰਚ ਗਈ ਹੈ। ਨਿਊਜ਼ੀਲੈਂਡ 118.44 ਰੇਟਿੰਗ ਅੰਕ ਨਾਲ ਸਿਖ਼ਰ ’ਤੇ ਹੈ। ਭਾਰਤ (117.65) ਅਤੇ ਆਸਟਰੇਲੀਆ (113) ਕਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਹਨ।