MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸ਼੍ਰੋਮਣੀ ਅਕਾਲੀ ਦਲ ਵੱਲੋਂ ਨੌਜਵਾਨਾਂ ਨੂੰ ਮੁਫਤ ਭਰਤੀ ਦੀ ਟਰੇਨਿੰਗ ਦੇਣ ਵਾਲੇ ਕੋਚ ਦਾ ਕੀਤਾ ਗਿਆ ਸਨਮਾਨ

ਜ਼ਿਲ੍ਹਾ ਪ੍ਰਧਾਨ ਚੀਮਾ ਨੇ 21 ਹਜ਼ਾਰ ਰੁਪਏ ਟ੍ਰੇਨਿੰਗ ਕਰਨ ਵਾਲੇ ਨੌਜਵਾਨਾਂ ਨੂੰ ਖੁਰਾਕ ਲਈ ਦਿੱਤੇ 
 ਫਤਹਿਗੜ੍ਹ ਸਾਹਿਬ, 21 ਜਨਵਰੀ (ਹਰਪ੍ਰੀਤ ਕੌਰ ਟਿਵਾਣਾ   ) ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵੱਲੋਂ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਚੀਮਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ  ਐਡਵੋਕੇਟ ਅਮਰਦੀਪ ਸਿੰਘ ਧਾਰਨੀ ਵੱਲੋਂ  ਮਾਤਾ ਗੁਜਰੀ ਕਾਲਜ ਫਤਿਹਗਡ਼੍ਹ ਸਾਹਿਬ ਵਿਖੇ ਨੌਜਵਾਨਾਂ ਨੂੰ ਸਪੈਸ਼ਲ ਟ੍ਰੇਨਿੰਗ ਦੇ ਕੇ  ਆਰਮਡ, ਫੌਜ, ਪੁਲੀਸ ਅਤੇ ਵੱਖ ਵੱਖ ਮਹਿਕਮਿਆਂ ਵਿੱਚ ਭਰਤੀ ਲਈ ਟ੍ਰੇਨਿੰਗ ਦੇਣ ਵਾਲੇ ਕੋਚ ਗੌਰਵ ਸੂਦ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ  ।
ਇਸ ਮੌਕੇ ਤੇ ਅਕਾਲੀ ਦਲ ਦੇ ਆਗੂਆਂ ਵੱਲੋਂ ਮੁਫਤ ਟ੍ਰੇਨਿੰਗ ਦੇਣ ਵਾਲੇ ਕੋਚ ਭਲਵਾਨ ਗੌਰਵ ਸੂਦ ਦਾ ਸਨਮਾਨ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਜੋ  ਗ਼ਰੀਬ ਪਰਿਵਾਰਾਂ ਨਾਲ ਸਬੰਧਤ ਨੌਜਵਾਨਾਂ ਨੂੰ ਵੱਖ ਵੱਖ ਮਹਿਕਮਿਆਂ ਵਿੱਚ ਭਰਤੀ ਹੋਣ ਲਈ ਟ੍ਰੇਨਿੰਗ ਦੇਣ ਵਾਲੇ  ਮਨੁੱਖਤਾ ਦੇ ਭਲੇ ਲਈ ਕਾਰਜ ਕੀਤੇ ਜਾ ਰਹੇ ਹਨ ਉਹ ਵਾਕਿਆ ਹੀ ਸ਼ਲਾਘਾਯੋਗ ਹਨ । ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਚੀਮਾ ਨੇ  ਭਰਤੀ ਦੀ ਟ੍ਰੇਨਿੰਗ ਲੈਣ ਵਾਲਿਆਂ ਨੂੰ 21 ਹਜ਼ਾਰ ਰੁਪਿਆ ਰਾਸ਼ੀ ਖ਼ੁਰਾਕ ਲਈ ਦੇਣ ਦਾ ਵੀ ਐਲਾਨ ਕੀਤਾ । ਇਸ ਮੌਕੇ ਤੇ ਟ੍ਰੇਨਿੰਗ ਲੈਣ ਵਾਲੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਨੌਜਵਾਨਾਂ ਨੇ ਨਸ਼ਿਆਂ ਤੋਂ ਦੂਰ ਰਹਿਣ ਦੀ ਸਹੁੰ ਵੀ ਚੁੱਕੀ । ਇਸ ਮੌਕੇ ਤੇ  ਕੋਚ ਪਹਿਲਵਾਨ  ਗੌਰਵ ਸੂਦ ਨੇ ਕਿਹਾ ਕਿ ਉਸ ਕੋਲ ਲਗਭਗ 700 ਦੇ ਕਰੀਬ ਨੌਜਵਾਨ ਸਵੇਰੇ ਸ਼ਾਮ ਟ੍ਰੇਨਿੰਗ ਪ੍ਰਾਪਤ ਕਰਨ ਲਈ ਆਉਂਦੇ ਹਨ ਤੇ ਇਨ੍ਹਾਂ ਵਿਚੋਂ 150 ਨੌਜਵਾਨ ਵੱਖ ਵੱਖ ਮਹਿਕਮਿਆਂ ਵਿੱਚ ਭਰਤੀ ਵੀ ਹੋ ਚੁੱਕੇ ਹਨ । ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਉਹ ਪ੍ਰਧਾਨ ਸ਼੍ਰੋਮਣੀ ਕਮੇਟੀ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਕੇ ਇਨ੍ਹਾਂ ਗ਼ਰੀਬ ਪਰਿਵਾਰ ਨਾਲ ਸਬੰਧਤ ਨੌਜਵਾਨਾਂ ਨੂੰ  ਦੁੱਧ ਦੀ ਸੇਵਾ ਵੀ ਮੁਹੱਈਆ ਕਰਵਾਉਣ ਦਾ ਸੰਭਵ ਯਤਨ ਕਰਨਗੇ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਰਿਆ, ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਦੇ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ, ਮਾਰਕੀਟ ਕਮੇਟੀ ਬਸੀ ਪਠਾਣਾਂ ਦੇ ਸਾਬਕਾ ਚੇਅਰਮੈਨ ਬਰਿੰਦਰ ਸਿੰਘ ਸੋਢੀ, ਹਰਿੰਦਰ ਸਿੰਘ ਕੁੱਕੀ, ਸਾਬਕਾ ਵਾਈਸ ਚੇਅਰਮੈਨ ਸਵਰਨ ਸਿੰਘ ਗੋਪਾਲੋਂ, ਕੋਚ ਧਰਮ ਸਿੰਘ, ਐਡਵੋਕੇਟ  ਰਾਵੀ ਹਰਜੀਵਨ ਸਿੰਘ, ਨਰਿੰਦਰ ਸਿੰਘ ਰਸੀਦਪੁਰਾ, ਬਹਾਦਰ ਸਿੰਘ ਡੀਪੀ ਕੋਚ ਅਤੇ ਵੱਡੀ ਗਿਣਤੀ ਵਿਚ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਨੌਜਵਾਨ ਵੀ ਹਾਜ਼ਰ ਸਨ ।