MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਵਿਕਾਸ ਮਿਸ਼ਨ ਨੇ ਡੀ.ਏ.ਵੀ. ਸਕੂਲ ਪ੍ਰਿੰਸੀਪਲ ਨਾਲ ਮੁਲਾਕਾਤ ਕੀਤੀ

-- ਮਾਮਲਾ ਧੱਕੇ ਨਾਲ ਮਾਫੀ ਨਾਮਾ ਲਿਖਵਾਉਣ ਦਾ --

ਸ੍ਰੀ ਮੁਕਤਸਰ ਸਾਹਿਬ, 22 ਜਨਵਰੀ (ਰਜੇਸ਼ ਸ਼ਾਕਿਆ)-ਸ਼ਹਿਰ ਤੇ ਆਮ ਲੋਕਾਂ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਵਫ਼ਦ ਨੇ ਸਥਾਨਕ ਕੋਟਕਪੂਰਾ ਰੋਡ ਸਥਿਤ ਡੀ.ਏ.ਵੀ. ਸਕੂਲ ਦੇ ਪ੍ਰਿੰਸੀਪਲ ਐਚ.ਐਸ. ਸਾਹਨੀ ਨਾਲ ਉਨ੍ਹਾਂ ਦੇ ਦਫਤਰ  ਵਿਖੇ ਮੁਲਾਕਾਤ ਕੀਤੀ। ਮਿਸ਼ਨ ਮੁਖੀ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠਲੇ ਇਸ ਵਫ਼ਦ ਵਿੱਚ ਮਿਸ਼ਨ ਦੇ ਸਲਾਹਕਾਰ ਇੰਜ. ਅਸ਼ੋਕ ਕੁਮਾਰ ਭਾਰਤੀ, ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ, ਚੌ. ਬਲਬਰੀ ਸਿੰਘ, ਸੁਰਿੰਦਰ ਛਾਬੜਾ, ਸੋਮ ਨਾਥ, ਓ.ਪੀ. ਖਿੱਚੀ, ਪੰਮਾ ਸੰਧੂ ਅਤੇ ਨਰਿੰਦਰ ਕਾਕਾ ਆਦਿ ਸ਼ਾਮਲ ਸਨ। ਮੁਲਾਕਾਤ ਦੌਰਾਨ ਸਕੂਲ ਦੀ ਇਕ ਕੁਆਰੀ ਅਧਿਆਪਕਾ ਕੋਲੋਂ ਜਬਰਦਸਤੀ ਮਾਫੀ ਨਾਮਾ ਲਿਖਾਏ ਜਾਣ ਸਬੰਧੀ ਗੱਲਬਾਤ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸ ਸਕੂਲ ਵਿੱਚ ਕੰਮ ਕਰਨ ਵਾਲੀ ਸਥਾਨਕ ਅਣਵਿਆਹੀ ਲੜਕੀ ਨੇ ਮਿਸ਼ਨ ਨੂੰ ਸਵੈ ਘੋਸ਼ਣਾ ਪੱਤਰ ਦੇ ਕੇ ਆਪਣਾ ਨਾਲ ਹੋਈ ਧੱਕੇਸ਼ਾਹੀ ਬਾਰੇ ਦੱਸਿਆ ਹੈ। ਸਵੈ ਘੋਸ਼ਣਾ ਪੱਤਰ ਅਨੁਸਾਰ ਦੱਸਿਆ ਗਿਆ ਹੈ ਕਿ ਬੀਤੀ 19 ਜਨਵਰੀ ਨੂੰ ਉਕਤ ਪ੍ਰਿੰਸੀਪਲ ਨੇ ਉਸਨੂੰ ਸਕੂਲ ਟਾਇਮ ਤੋਂ ਬਾਅਦ ਰੋਕ ਕੇ ਕੁਝ ਹੋਰ ਅਧਿਆਪਕਾਂ ਸਾਹਮਣੇ ਉਸ ਨੂੰ ਬੇਇਜੱਤ ਕਰਕੇ ਧੱਕੇ ਨਾਲ ਮਾਫੀ ਨਾਮਾ ਲਿਖਵਾਇਆ। ਅਹਿਜਾ ਕਰਕੇ ਪ੍ਰਿੰਸੀਪਲ ਨੇ ਉਸ ਦਾ ਭਵਿੱਖ ਤਬਾਹ ਕਰ ਦਿੱਤਾ ਹੈ। ਵਿਕਾਸ ਮਿਸ਼ਨ ਨੇ ਇਸ ਘਟਨਾ ਦੀ ਪੁਰਜੋਰ ਨਿੰਦਾ ਕੀਤੀ ਹੈ। ਸਕੂਲ ਟਾਈਮ ਤੋਂ ਬਾਅਦ ਕਿਸੇ ਕੁਆਰੀ ਅਧਿਆਪਕਾ ਨੂੰ ਸਾਜਿਸ਼ੀ ਢੰਗ ਨਾਲ ਹੋਰਨਾਂ ਅਧਿਆਪਕਾਂ ਦੇ ਸਾਹਮਣੇ ਜਲੀਲ ਕਰਕੇ ਪੁਲਿਸ ਦਾ ਡਰਾਵਾ ਦੇ ਕੇ ਜਬਰਦਸਤੀ ਮਾਫੀ ਨਾਮਾ ਲਿਖਵਾਉਣਾ ਸਰਕਾਰੀ ਨਿਯਮਾਂ ਦੀ ਉਲੰਘਣਾ ਅਤੇ ਪੀੜਤ ਨਾਲ ਘੋਰ ਬੇਇਨਸਾਫੀ ਹੈ। ਮੁਲਾਕਾਤ ਪਿਛੋਂ ਪ੍ਰਧਾਨ ਢੋਸੀਵਾਲ ਨੇ ਕਿਹਾ ਹੈ ਕਿ ਉਕਤ ਕਾਰਵਾਈ ਪ੍ਰਿੰਸੀਪਲ ਵੱਲੋਂ ਕੁਝ ਅਧਿਆਪਕਾਂ ਨਾਲ ਸਾਜਬਾਜ ਹੋ ਕੇ ਸਕੂਲ ਮੈਨੇਜਮੈਂਟ ਕਮੇਟੀ ਨੂੰ ਗੁੰਮਰਾਹ ਕਰਕੇ ਉਕਤ ਅਧਿਆਪਕਾ ਨੂੰ ਨੌਕਰੀ ਤੋਂ ਕਢਵਾ ਕੇ ਉਸ ਦਾ ਭਵਿੱਖ ਤਬਾਹ ਕਰਨ ਦੀ ਸੋਚੀ ਸਮਝੀ ਕੋਝੀ ਸਾਜਿਸ਼ ਜਾਪਦੀ ਹੈ। ਉਨ੍ਹਾਂ ਅੱਗੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਉਕਤ ਘਟਨਾ ਬਾਰੇ ਅਗਲੇ ਹਫਤੇ ਸਬੰਧਤ ਜ਼ਿਲਾ ਸਿੱਖਿਆ ਅਫਸਰ ਨਾਲ ਮੁਲਾਕਾਤ ਕਰਕੇ ਸਾਰੇ ਮਾਮਲੇ ਸਬੰਧੀ ਲਿਖਤੀ ਸ਼ਕਾਇਤ ਦੇ ਕੇ ਪੜਤਾਲ ਕਰਨ ਅਤੇ ਪ੍ਰਿੰਸੀਪਲ ਸਮੇਤ ਸਾਰੇ ਅਧਿਆਪਕਾਂ ਤੇ ਹੋਰਨਾਂ ਵੱਲੋਂ ਪੀੜਤ ਅਧਿਆਪਕਾ ਵਿਰੁੱਧ ਰਚੀ ਸਾਜਿਸ਼ ਬਾਰੇ ਸਚਾਈ ਸਾਹਮਣੇ ਲਿਆਉਣ ਬਾਰੇ ਬੇਨਤੀ ਕੀਤੀ ਜਾਵੇਗੀ ਤਾਂ ਜੋ ਪੀੜਿਤਾ ਨੂੰ ਇਨਸਾਫ ਮਿਲ ਸਕੇ।