MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਮੁਅੱਤਲ ਆਈਏਐੱਸ ਸ਼ਿਵਸ਼ੰਕਰ ਡਾਲਰ ਤਸਕਰੀ ਵਿੱਚ ਵੀ ਗ੍ਰਿਫ਼ਤਾਰ

ਕੋਚੀ 22 ਜਨਵਰੀ (ਮਪ) ਕੇਰਲ 'ਚ ਸੋਨਾ ਤਸਕਰੀ ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਏ ਡਾਲਰ ਤਸਕਰੀ ਮਾਮਲੇ 'ਚ ਵੀ ਮੁਅੱਤਲ ਆਈਏਐੱਸ ਅਧਿਕਾਰੀ ਐੱਮ ਸ਼ਿਵਸ਼ੰਕਰ ਨੂੰ ਕਸਟਮ ਵਿਭਾਗ ਨੇ ਗਿ੍ਫ਼ਤਾਰ ਕਰ ਲਿਆ ਹੈ। ਸੂਤਰਾਂ ਨੇ ਕਿਹਾ ਕਿ ਸ਼ਿਵਸ਼ੰਕਰ ਦੀ ਗਿ੍ਫ਼ਤਾਰੀ ਨੂੰ ਜੇਲ੍ਹ 'ਚ ਦਰਜ ਕੀਤਾ ਗਿਆ, ਜਿੱਥੇ ਉਹ ਸੋਨਾ ਤਸਕਰੀ ਨਾਲ ਜੁੜੇ ਮਾਮਲਿਆਂ 'ਚ ਕਸਟਮ ਵਿਭਾਗ ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਗਿ੍ਫ਼ਤਾਰ ਕੀਤੇ ਜਾਣ ਦੇ ਬਾਅਦ ਤੋਂ ਨਿਆਇਕ ਹਿਰਾਸਤ 'ਚ ਹਨ। ਇਸ ਤੋਂ ਕੁਝ ਘੰਟੇ ਪਹਿਲਾਂ ਕਸਟਮ ਵਿਭਾਗ ਨੇ ਇੱਥੋਂ ਦੀ ਇਕ ਅਦਾਲਤ ਨੂੰ ਇਸ ਮਾਮਲੇ 'ਚ ਸ਼ਿਵਸ਼ੰਕਰ ਨੂੰ ਗਿ੍ਫ਼ਤਾਰ ਕਰਨ ਦੀ ਇਜਾਜ਼ਤ ਮੰਗੀ ਸੀ। ਇਹ ਮਾਮਲਾ ਓਮਾਨ 'ਚ ਮਸਕਟ ਤੋਂ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਤਿਰੁਅਨੰਤਪੁਰਮ ਸਥਿਤ ਵਣਜ ਦੂਤਘਰ ਦੇ ਸਾਬਕਾ ਵਿੱਤ ਮੁਖੀ ਜ਼ਰੀਏ 1.90 ਲੱਖ ਡਾਲਰ (ਕਰੀਬ 1.30 ਕਰੋੜ ਰੁਪਏ) ਦੀ ਤਸਕਰੀ ਨਾਲ ਜੁੜਿਆ ਹੈ। ਸੋਨਾ ਤਸਕਰੀ ਮਾਮਲੇ ਦੇ ਪ੍ਰਮੁੱਖ ਮੁਲਜ਼ਮ ਸਵਪਨਾ ਸੁਰੇਸ਼ ਤੇ ਸਰੀਥ ਪੀਐੱਸ ਵੀ ਇਸ ਮਾਮਲੇ 'ਚ ਕਥਿਤ ਤੌਰ 'ਤੇ ਸ਼ਾਮਲ ਹਨ ਤੇ ਕਸਟਮ ਵਿਭਾਗ ਉਨ੍ਹਾਂ ਨੂੰ ਪਹਿਲਾਂ ਹੀ ਗਿ੍ਫ਼ਤਾਰ ਕਰ ਚੁੱਕਾ ਹੈ। ਯਾਦ ਰਹੇ ਕਿ ਸ਼ਿਵਸ਼ੰਕਰ ਕੇਰਲ ਦੇ ਮੁੱਖ ਮੰਤਰੀ ਪਿਨਰਈ ਵਿਜਅਨ ਦੇ ਸਾਬਕਾ ਪ੍ਰਮੁੱਖ ਸਕੱਤਰ ਹਨ।