MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਖੇਤੀ ਮੰਤਰੀ ਨੇ ਕਿਹਾ-ਹੁਣ ਤਕ ਅਸੀਂ ਜੋ ਪ੍ਰਸਤਾਵ ਦਿੱਤੇ ਉਹ ਤੁਹਾਡੇ ਹਿੱਤ ’ਚ, ਕਿਸਾਨ ਸੰਗਠਨ ਸ਼ਨਿਚਰਵਾਰ ਤਕ ਕਰਨ ਪ੍ਰਸਤਾਵ ਪੇਸ਼


ਨਵੀਂ ਦਿੱਲੀ : ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਅਤੇ ਸਰਕਾਰ ਵਿਚਕਾਰ ਅੱਜ 11ਵੇਂ ਗੇੜ ਦੀ ਗੱਲਬਾਤ ਵੀ ਬੇਨਤੀਜਾ ਰਹੀ। ਸਰਕਾਰ ਨੇ ਕਿਸਾਨਾਂ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਇਸ ਤੋਂ ਜ਼ਿਆਦਾ ਅਸੀਂ ਕੁਝ ਨਹੀਂ ਕਰ ਸਕਦੇ। ਅੱਜ ਦੀ ਬੈਠਕ ’ਚ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਹੁਣ ਤਕ ਅਸੀਂ ਜੋ ਪ੍ਰਸਤਾਵ ਦਿੱਤੇ, ਉਹ ਤੁਹਾਡੇ ਹਿੱਤ ਲਈ ਹਨ। ਇਸ ਤੋਂ ਬਿਹਤਰ ਅਸੀਂ ਕੁਝ ਨਹੀਂ ਕਰ ਸਕਦੇ। ਜੇਕਰ ਤੁਹਾਡਾ ਵਿਚਾਰ ਬਣੇ ਤਾਂ ਇਕ ਵਾਰ ਸੋਚ ਲਓ। ਇਸ ਦੇ ਨਾਲ ਹੀ ਖੇਤੀ ਮੰਤਰੀ ਨੇ ਕਿਹਾ ਕਿ ਅਸੀਂ ਫਿਰ ਮਿਲਾਂਗੇ, ਪਰ ਅਜੇ ਅਗਲੀ ਕੋਈ ਤਾਰੀਕ ਤੈਅ ਨਹੀਂ ਕੀਤੀ ਗਈ। ਉੱਥੇ, ਸਮਾਚਾਰ ਏਜੰਸੀ ਪੀਟੀਆਈ ਅਨੁਸਾਰ, ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨ ਯੂਨੀਅਨਾਂ ਨੂੰ ਸ਼ਨਿਚਰਵਾਰ ਤਕ ਆਪਣਾ ਪ੍ਰਸਤਾਵ ਪੇਸ਼ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਮੰਤਰੀ ਨੇ ਕਿਹਾ ਕਿ ਜੇਕਰ ਉਹ ਸਹਿਮਤ ਹਨ, ਤਾਂ ਅਸੀਂ ਫਿਰ ਮਿਲਾਂਗੇ। ਬੈਠਕ ’ਚੋਂ ਬਾਹਰ ਨਿਕਲਦੇ ਹੋਏ ਭਾਕਿਯੂ ¬ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਅੱਜ 11ਵੇਂ ਗੇੜ ਦੀ ਬੈਠਕ ਖਤਮ ਹੋ ਗਈ ਅਤੇ ਅਗਲੀ ਬੈਠਕ ਦੀ ਕੋਈ ਤਾਰੀਕ ਸਰਕਾਰ ਵੱਲੋਂ ਤੈਅ ਨਹੀਂ ਕੀਤੀ ਗਈ।