MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਹਿੰਸਾ ਤੇ ਦੰਗਿਆਂ ਦੀਆਂ ਘਟਨਾਵਾਂ ਨਾਲ ਲੋਕਾਂ 'ਚ ਭਾਰੀ ਗੁੱਸਾ, ਅੰਦੋਲਨ ਦਾ ਹੋਣ ਲੱਗਾ ਵਿਰੋਧ

ਨਵੀਂ ਦਿੱਲੀ 27 ਜਨਵਰੀ (ਮਪ) ਗਣਤੰਤਰ ਦਿਵਸ 'ਤੇ ਸ਼ਰਮਸਾਰ ਕਰ ਦੇਣ ਵਾਲੀ ਹਿੰਸਾ ਤੇ ਦੰਗਿਆਂ ਦੀਆਂ ਘਟਨਾਵਾਂ ਨਾਲ ਲੋਕਾਂ 'ਚ ਭਾਰੀ ਗੁੱਸਾ ਹੈ। ਖੇਤੀ ਕਾਨੂੰਨਾਂ ਖਿਲਾਫ਼ ਦੋ ਮਹੀਨੇ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਰਿਵਾੜੀ 'ਚ ਕਈ ਪਿੰਡਾਂ ਦੇ ਲੋਕਾਂ ਨੇ ਧਰਨੇ 'ਤੇ ਬੈਠੇ ਕਿਸਾਨਾਂ ਤੋਂ ਸੜਕ ਕਾਲੀ ਕਰਵਾ ਲਈ। ਟਰੈਕਟਰ ਪਰੇਡ ਤੋਂ ਪਰਤ ਰਹੇ ਲੋਕਾਂ ਨੂੰ ਹਰਿਆਣੇ ਦੇ ਕਰਨਾਲ 'ਚ ਸਥਾਨਕ ਨਾਗਰਿਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਹਾਲਤ ਇਹ ਹੈ ਕਿ ਦੂਰ-ਦੂਰ ਤੋਂ ਅੰਦੋਲਨ ਦੀ ਹਮਾਇਤ 'ਚ ਆਏ ਭੋਲੇ ਭਾਲੇ ਲੋਕ ਹੁਣ ਘਰ ਵਾਪਸ ਪਰਤਣ ਲੱਗੇ ਹਨ। ਸਿੰਘੂ ਬਾਰਡਰ 'ਤੇ ਭੀੜ ਘਟਣ ਲੱਗੀ ਹੈ, ਟਿਕਰੀ ਬਾਰਡਰ 'ਤੇ ਚੁੱਲ੍ਹੇ ਠੰਢੇ ਪੈ ਗਏ ਹਨ ਤੇ ਗਾਜ਼ੀਪੁਰ ਯੂਪੀ ਗੇਟ 'ਤੇ ਨੈਸ਼ਨਲ ਹਾਈਵੇ ਦੇ ਕਿਨਾਰੇ ਪਏ ਟੈਂਟ ਲੋਕ ਖੁਦ ਉਖਾੜ ਰਹੇ ਹਨ। ਸਿੰਘੂੁ ਬਾਰਡਰ 'ਤੇ ਬੁੱਧਵਾਰ ਸ਼ਾਮ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਘਰ ਪਰਤ ਰਹੇ ਲੋਕਾਂ ਨੂੰ ਰੋਕਣ 'ਚ ਪਸੀਨੇ ਛੁੱਟ ਗਏ। ਆਗੂਆਂ ਨੇ ਧਰਮ ਤੇ ਜਾਤੀ ਦੀ ਦੁਹਾਈ ਦਿੱਤੀ, ਲੰਬੇ ਸੰਘਰਸ਼ ਦੇ ਵਾਅਦਿਆਂ ਦਾ ਵਾਸਤਾ ਦਿੱਤਾ ਪਰ ਲੋਕ ਮੰਨਣ ਲਈ ਤਿਆਰ ਨਹੀਂ ਹਨ। ਦਿੱਲੀ ਤੋਂ ਹਰਿਆਣਾ ਤੇ ਪੰਜਾਬ ਵੱਲ ਪਰਤ ਰਹੀਆਂ ਟਰੈਕਟਰ ਟਰਾਲੀਆਂ ਦੱਸ ਰਹੀਆਂ ਹਨ ਕਿ ਕਿਸਾਨਾਂ ਦਾ ਅੰਦੋਲਨ ਤੋਂ ਮੋਹ ਟੁੱਟ ਗਿਆ ਹੈ। ਬੁੱਧਵਾਰ ਸਵੇਰੇ ਰਿਵਾੜੀ ਜ਼ਿਲ੍ਹੇ ਦੇ ਸਾਰੇ ਪਿੰਡਾਂ ਨੇ ਡੂੰਗਰਵਾਸ 'ਚ 'ਚ ਮਹਾਪੰਚਾਇਤ ਕਰ ਕੇ ਸਖਤ ਅੰਦਾਜ਼ 'ਚ ਤੇਵਰ ਦਿਖਾਏ। ਇਨ੍ਹਾਂ ਦਾ ਅਸਰ ਵੀ ਹੱਥੋਂ-ਹੱਥ ਹੋਇਆ।
ਸ਼ਾਮ ਹੁੰਦੇ ਹੁੰਦੇ ਹਾਈਵੇ ਦੀ ਪੱਛਮੀ ਲੇਨ 'ਤੇ ਮਸਾਨੀ ਬੈਰਾਜ (ਸਾਹਬੀ ਪੁੱਲ) ਦੇ ਨਜ਼ਦੀਕ ਦੋ ਜਨਵਰੀ ਤੋਂ ਕਬਜ਼ਾ ਕਰ ਕੇ ਬੈਠੇ ਅੰਦੋਲਨਕਾਰੀਆਂ ਨੇ ਸੜਕ ਖਾਲੀ ਕਰ ਦਿੱਤੀ। ਸਥਾਨਕ ਕਿਸਾਨਾਂ ਤੇ ਆਮ ਲੋਕਾਂ 'ਚ ਵੱਧ ਰਹੇ ਰੋਸ ਦਾ ਅਸਰ ਸ਼ਾਹਜਹਾਂਪੁਰ-ਜੈਸਿੰਘਪੁਰ ਖੇੜਾ ਬਾਰਡਰ (ਰਾਜਸਥਾਨ-ਹਰਿਆਣਾ ਹੱਦ) 'ਤੇ ਅੰਦੋਲਨ ਕਰ ਰਹੇ ਕਿਸਾਨਾਂ 'ਤੇ ਵੀ ਪੈਂਦਾ ਦਿਸ ਰਿਹਾ ਹੈ। ਟਰੈਕਟਰ ਪਰੇਡ ਦੇ ਬਾਅਦ ਇੱਥੇ ਵੀ ਭੀੜ ਘਟਣ ਲੱਗੀ ਹੈ। ਦਿੱਲੀ-ਉੱਤਰ ਪ੍ਰਦੇਸ਼ ਦੀ ਹੱਦ 'ਤੇ ਹਾਈਵੇ 'ਤੇ ਬੈਠੇ ਕਿਸਾਨਾਂ ਖਿਲਾਫ਼ ਟਰਾਂਸ ਹਿੰਡਨ ਦੇ ਲੋਕਾਂ ਨੇ ਗੁੱਸਾ ਜ਼ਾਹਿਰ ਕੀਤਾ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਕਿਸਾਨਾਂ 'ਚ ਦੰਗਾਕਾਰੀ ਲੁਕੇ ਹਨ ਤਾਂ ਸਾਰਿਆਂ ਨੂੰ ਸੜਕ ਤੋਂ ਹਟਾਉਣਾ ਚਾਹੀਦਾ ਹੈ। ਦਿੱਲੀ ਤੇ ਹਰਿਆਣੇ ਨੂੰ ਜੋੜਨ ਵਾਲੇ ਟਿਕਰੀ ਬਾਰਡਰ ਦਾ ਨਜ਼ਾਰਾ ਬਦਲਿਆ-ਬਦਲਿਆ ਦਿਸਿਆ। ਦੋ ਮਹੀਨੇ ਤੋਂ ਅੰਦੋਲਨ 'ਚ ਖਾਣ ਪੀਣ 'ਚ ਮਦਦ ਕਰ ਰਹੇ ਲੋਕਾਂ ਨੇ ਆਪਣੇ ਹੱਥ ਖਿੱਚਣੇ ਸ਼ੁਰੂ ਕਰ ਦਿੱਤੇ ਹਨ। ਪੁੱਛਣ 'ਤੇ ਕਿਹਾ ਕਿ ਲਾਲ ਕਿਲ੍ਹੇ 'ਤੇ ਹਿੰਸਾ ਤੇ ਤਿਰੰਗੇ ਦੇ ਅਪਮਾਨ ਨੇ ਦਿਲ ਤੋੜ ਦਿੱਤਾ। ਇਸੇ ਕਾਰਨ ਦੋ ਮਹੀਨੇ ਤੋਂ ਬਲ਼ ਰਹੇ ਚੁੱਲ੍ਹੇ ਠੰਢੇ ਪੈਂਦੇ ਦਿਸੇ। ਪੰਡਤ ਸ਼੍ਰੀਰਾਮ ਸ਼ਰਮਾ ਮੈਟਰੋ ਸਟੇਸ਼ਨ ਦੇ ਨਜ਼ਦੀਕ ਹਰਿਆਣੇ ਦੇ ਕਿਸਾਨਾਂ ਦਾ ਤੰਬੂ ਲੱਗਾ ਹੋਇਆ ਸੀ। ਇੱਥੇ ਹਰ ਰੋਜ਼ ਲੋਕ ਗੀਤਾਂ ਨਾਲ ਕਿਸਾਨਾਂ 'ਚ ਜੋਸ਼ ਭਰਿਆ ਜਾ ਰਿਹਾ ਸੀ। ਬੁੱਧਵਾਰ ਨੂੰ ਤੰਬੂ ਨਹੀਂ ਸਨ। ਉੱਥੇ ਖੜ੍ਹੀ ਟਰਾਲੀ 'ਚ ਬੈਠੇ ਪੰਜਾਬ ਦੇ ਇਕ ਕਿਸਾਨ ਨੇ ਕਿਹਾ ਕਿ ਹਰਿਆਣੇ ਵਾਲੇ ਚਲੇ ਗਏ ਪਰ ਕਿੱਥੇ ਗਏ, ਇਹ ਨਹੀਂ ਪਤਾ।