MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਜੀਐੱਸਟੀ ਦੀ ਸਿਖ਼ਰਲੀ ਟੈਕਸ ਦਰ 18 ਫੀਸਦ ਹੋਵੇ: ਰਾਹੁਲ

ਨਵੀਂ ਦਿੱਲੀ,  12 ਨਵੰਬਰ (ਮਪ) ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਮੰਗ ਕੀਤੀ ਕਿ ਵਸਤਾਂ ਤੇ ਸੇਵਾਵਾਂ ਕਰ (ਜੀਐਸਟੀ) ਪ੍ਰਬੰਧ ਵਿੱਚ ਟੈਕਸ ਦੀ ਸਿਖਰਲੀ ਦਰ (ਸਲੈਬ) 18 ਫੀਸਦ ਤੋਂ ਵੱਧ ਨਾ ਹੋਵੇ। ਇਥੇ ਟਵਿੱਟਰ ’ਤੇ ਕੇਂਦਰ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਾਂਗਰਸ ਆਗੂ ਨੇ ਕਿਹਾ ਸਰਕਾਰ ਬਹਾਨੇ ਘੜਨ ਤੋਂ ਟਲੇ। ਉਨ੍ਹਾਂ ਟਵੀਟ ਕੀਤਾ,‘ਦੇਸ਼ ਕੀ ਆਵਾਜ਼ ਹੈ-ਸਰਕਾਰ ਬਹਾਨੇਬਾਜ਼ੀ ਬੰਦ ਕਰੇ।’ ਉਨ੍ਹਾਂ ਕਿਹਾ ਕਿ ਸਰਕਾਰ ਆਮ ਲੋਕਾਂ ਦੇ ਨਿੱਤ ਦੇ ਵਰਤੋਂ ਵਿਹਾਰ ’ਚ ਆਉਣ ਵਾਲੀਆਂ ਵਸਤਾਂ ’ਤੇ ਲਗਦੇ ਜੀਐਸਟੀ ਨੂੰ ਖ਼ਤਮ ਕਰੇ ਤੇ ਕਰ ਪ੍ਰਬੰਧ ’ਚ ਟੈਕਸ ਦੀ ਉਪਰਲੀ ਹੱਦ ਵੱਧ ਤੋਂ ਵੱਧ 18 ਫੀਸਦ ਹੋਵੇ। ਰਾਹੁਲ ਨੇ ਕਿਹਾ ਲੋਕਾਂ ਨੂੰ ਮਹਿੰਗਾਈ ਦੇ ਬੋਝ ਹੇਠੋਂ ਕੱਢਣ ਲਈ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਨੂੰ ਜੀਐਸਟੀ ਦੇ ਘੇਰੇ ’ਚ ਲਿਆਂਦਾ ਜਾਵੇ। ਇਸ ਦੌਰਾਨ ਗੁਜਰਾਤ ਵਿੱਚ ਬਨਾਸਕਾਂਠਾ ਜ਼ਿਲ੍ਹੇ ’ਚ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਦਾਅਵਾ ਕੀਤਾ ਕਿ ਕੁਝ ਦਿਨ ਪਹਿਲਾਂ ਸ਼ੇਅਰ ਮਾਰਕੀਟ ਰੈਗੂਲੇਟਰ ‘ਸੇਬੀ’ ਨੇ ਮੁੱਖ ਮੰਤਰੀ ਵਿਜੈ ਰੁਪਾਨੀ ਨੂੰ ਬੇਈਮਾਨ ਦਸਦਿਆਂ ਜੁਰਮਾਨਾ ਲਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ‘ਬੇਈਮਾਨ’ ਮੁੱਖ ਮੰਤਰੀ ਖ਼ਿਲਾਫ਼ ਮੂੰਹ ਖੋਲ੍ਹਣ। ਉਨ੍ਹਾਂ ਕਿਹਾ,‘ਪੂਰੇ ਦੇਸ਼ ’ਚ ਗੁਜਰਾਤ ਸਭ ਤੋਂ ਭ੍ਰਿਸ਼ਟ ਹੈ। ਸੂਰਤ ਦੇ ਕਾਰੋਬਾਰੀਆਂ ਨੇ ਮੈਨੂੰ ਦੱਸਿਆ ਕਿ ਪੁਲੀਸ ਵਾਲੇ ਹਰ ਦੋ ਮਿੰਟ ਬਾਅਦ ਉਨ੍ਹਾਂ ਦੇ ਯੂਨਿਟਾਂ (ਕਥਿਤ ਰਿਸ਼ਵਤ ਮੰਗਣ ਲਈ) ’ਤੇ ਆਉਂਦੇ ਹਨ।’ ਰਾਹੁਲ ਨੇ ਕਿਹਾ ਕਿ ਮੋਦੀਜੀ ਆਮ ਕਰਕੇ ਇਹ ਕਹਿੰਦੇ ਹਨ ਕਿ ‘ਨਾ ਖਾਊਂਗਾ, ਨਾ ਖਾਣੇ ਦੂੰਗਾ।’ ਪਰ ਹੁਣ ਉਹ ਚੁੱਪ ਹਨ ਤੇ ਹੁਣ ਉਨ੍ਹਾਂ ਦਾ ਨਾਅਰਾ ਹੈ ਕਿ ‘ਨਾ ਬੋਲਤਾ ਹੂੰ, ਨਾ ਬੋਲਣੇ ਦੂੰਗਾ।’