MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪਿੰਡ ਮਹਿਰਾਜ ਦੀ ਧਰਤੀ ਤੇ ਅੱਜ ਜਾਗਦੀਆਂ ਜਮੀਰਾਂ ਦਾ ਆਉਣ ਵਾਲਾ ਹੜ੍ਹ ਸੱਚ ਵਾਲੇ ਪਾਸੇ ਖੜਣ ਵਾਲੇ ਲੋਕਾਂ ਲਈ ਲਕੀਰ ਖਿੱਚੇਗਾ

( ਸੁਖਜਿੰਦਰ ਸਿੰਘ ਪੰਜਗਰਾਈਂ) ਭਾਰਤ ਦਾ ਬੱਚਾ ਬੱਚਾ ਜਾਣਦਾ ਹੈ ਕੇ 26 ਜਨਵਰੀ ਨੂੰ ਦਿੱਲੀ ਦੇ ਰਿੰਗ ਰੋਡ ਤੇ ਟਰੈਕਟਰ ਮਾਰਚ ਕੱਢਣ ਲਈ ਦੇਸ਼ ਭਰ ਦੇ ਲੱਖਾਂ ਨੌਜਵਾਨ ਕਿਸਾਨਾਂ ਨੂੰ ਟ੍ਰੈਕਟਰਾਂ ਸਮੇਤ ਦਿੱਲੀ ਦੇ ਬਾਰਡਰਾਂ ਤੇ ਅੰਦੋਲਨ ਦੀ ਅਗਵਾਈ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸੱਦਿਆ ਸੀ ਤੇ ਜਿੱਥੇ ਇਹਨਾਂ ਆਗੂਆਂ ਨੇ ਰਾਤੋ ਰਾਤ ਆਪਣੇ ਫੈਸਲੇ ਬਦਲ ਲਏ ਓਥੇ ਦਿੱਲੀ ਪੁਲਿਸ ਨੇ ਤਹਿ ਕੀਤੇ ਰਸਤਿਆਂ ਤੇ ਰੋਕਾਂ ਲਗਾ ਕੇ ਵੀ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਸੀ,ਜਿਸ ਕਰਕੇ ਨੌਜਵਾਨ ਕਿਸਾਨ ਲਾਲ ਕਿਲੇ ਤੇ ਪਹੁੰਚ ਗਏ ਤੇ ਉਹਨਾਂ ਨੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾ ਦਿੱਤਾ,ਜਿਸ ਦੀ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਨੇ ਖੁਸ਼ੀ ਵੀ ਮਨਾਈ, ਖੁਸ਼ੀ ਮਨਾਉਂਦੇ ਵੀ ਕਿਉਂ ਨਾਂ ਇਤਿਹਾਸ ਦੱਸਦਾ ਹੈ ਵੀ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਸਿੱਖ ਕੌਮ ਦੀਆਂ ਕੁਰਬਾਨੀਆਂ 90  ਫੀਸਦੀ ਤੋਂ ਵੀ ਵੱਧ ਹਨ। ਇੱਕ ਤਾਂ ਸਿੱਖ ਕੌਮ ਚਾਹੁੰਦੀ ਹੈ ਕੇ ਕੈਨੇਡਾ,ਅਮਰੀਕਾ ਵਰਗੇ ਅਨੇਕਾਂ ਦੇਸ਼ਾਂ ਵਾਂਗ ਕੇਸਰੀ ਨਿਸ਼ਾਨ ਸਾਹਿਬ ਭਾਰਤ ਵਿੱਚ ਤਿਰੰਗੇ ਨਾਲ ਵੀ ਬਰਾਬਰ ਝੂਲੇ ਦੂਜੇ ਪਾਸੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਲਗਾ ਕੇ ਸਿੱਖ ਕੌਮ ਇਹ ਵੀ ਦੱਸਣਾ ਚਾਹੁੰਦੀ ਸੀ ਕੇ ਭਾਰਤ ਵਿਚ ਇਥੋਂ ਦੀ ਹਕੂਮਤ ਵੱਲੋਂ ਸਿੱਖਾਂ ਤੇ ਹੱਕ ਮੰਗਣ ਸਮੇਂ ਅੰਨ੍ਹਾ ਤਸ਼ਦੱਦ ਢਾਹਿਆ ਜਾਂਦਾ ਹੈ,ਉਹਨਾਂ ਦੇ ਗੁਰੂ ਘਰ ਢਾਹੇ ਜਾਂਦੇ ਹਨ,ਉਹਨਾਂ ਦੇ ਗ੍ਰੰਥ ਤੇ ਹਮਲੇ ਕੀਤੇ ਜਾ ਰਹੇ ਹਨ, ਇਥੋਂ ਤੱਕ ਕੇ ਸਿੱਖਾਂ ਦੀਆਂ ਜ਼ਮੀਨਾਂ ਖੋਹਣ ਦੇ ਯਤਨ ਕਰਕੇ ਉਹਨਾਂ ਨੂੰ ਗੁਲਾਮੀ ਦਾ ਵਾਰ-ਵਾਰ ਅਹਿਸਾਸ ਕਰਵਾਇਆ ਜਾ ਰਿਹਾ ਹੈ। 26 ਜਨਵਰੀ ਨੂੰ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਲਾ ਕੇ ਵੀ ਸਿੱਖ ਕੌਮ ਨੇ ਇਸੇ ਗੱਲ ਦਾ ਹੀ ਪ੍ਰਗਟਾਵਾ ਕੀਤਾ ਹੈ ਕੇ ਸਿੱਖ ਕੌਮ ਭਾਰਤ ਵਿੱਚ ਗੁਲਾਮ ਹੈ ਤੇ ਉਹ ਆਜ਼ਾਦੀ ਚਾਹੁੰਦੀ ਹੈ। ਲਾਲ ਕਿਲੇ ਤੇ ਨਿਸ਼ਾਨ ਸਾਹਿਬ ਝੁਲਾਉਣ ਨਾਲ ਦੁਨੀਆਂ ਭਰ ਵਿੱਚ ਵਸਦੇ ਲੋਕਾਂ ਤੱਕ ਇਹ ਗੱਲ ਪਹੁੰਚੀ ਵੀ ਹੈ ਕੇ ਸਿੱਖ ਕੌਮ ਵਾਕਿਆ ਹੀ ਆਜ਼ਾਦੀ ਚਾਹੁੰਦੀ ਹੈ। ਲਾਲ ਕਿਲੇ ਤੇ ਨਿਸ਼ਾਨ ਸਾਹਿਬ ਲੱਗਣ ਨਾਲ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਲਈ ਓਥੋਂ ਦੀਆਂ ਸਰਕਾਰ ਅੱਗੇ ਵੀ ਇਹ ਗੱਲ ਰੱਖਣ ਦਾ ਰਾਹ ਪੱਧਰਾ ਹੋ ਗਿਆ ਹੈ ਕੇ ਸਾਡਾ ਸਿੱਖ ਭਾਈਚਾਰਾ ਭਾਰਤ ਵਿੱਚ ਗੁਲਾਮ ਹੈ ਤੇ ਜਿਸ ਨੂੰ ਆਜ਼ਾਦ ਕਰਵਾਉਣ ਲਈ ਉਨ੍ਹਾਂ ਵੱਲੋਂ ਸਾਥ ਦਿੱਤਾ ਜਾਵੇ। ਨੌਜਵਾਨ ਕਿਸਾਨਾਂ ਵੱਲੋਂ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਵਾਲੀ ਘਟਨਾ ਨੂੰ ਕੁਝ ਕਾਮਰੇਡੀ ਸੋਚ ਆਲੇ ਕਿਸਾਨ ਆਗੂਆਂ ਨੇ ਸਿੱਖਾਂ ਨੂੰ ਖਾਲਿਸਤਾਨੀ ਦੱਸ ਕੇ ਗਦਾਰ ਦਾ ਖਿਤਾਬ ਦੇ ਕੇ ਭੰਡਣ ਵਾਲੀ ਕੋਈ ਕਸਰ ਬਾਕੀ ਨਹੀ ਛੱਡੀ। ਦੀਪ ਸਿੱਧੂ ਸਮੇਤ ਸੈਂਕੜੇ ਕਿਸਾਨ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਏ ਪਰ ਕਿਸਾਨ ਆਗੂਆਂ ਨੇ ਉਹਨਾਂ ਨੂੰ ਰਿਹਾਅ ਤਾਂ ਕੀ ਕਰਵਾਉਣਾ ਸੀ ਸਗੋਂ ਉਹਨਾਂ ਨੂੰ ਗਦਾਰ ਦੱਸ ਕੇ ਸਰਕਾਰ ਲਈ ਸਿੱਖ ਨੌਜਵਾਨਾਂ ਨੂੰ  ਦੇਸ਼ਧਰੋਹੀ ਬਣਾ ਕੇ ਜੇਲ੍ਹਾਂ ਵਿੱਚ ਸੁੱਟਣ ਦਾ ਕੰਮ ਸਖਾਲਾ ਕਰ ਦਿੱਤਾ। ਹੁਣ ਨੌਜਵਾਨ ਕਿਸਾਨ ਇਹਨਾਂ ਚੁੱਪ ਕੀਤੇ ਬੈਠੇ ਕਿਸਾਨ ਆਗੂਆਂ ਨੂੰ ਚੁਫੇਰਿਓਂ ਕੋਸ ਰਹੇ ਹਨ। ਦੀਪ ਸਿੱਧੂ ਸਮੇਤ ਸੈਕੜੇਂ ਕਿਸਾਨਾਂ ਨੂੰ ਰਿਹਾਅ ਕਰਵਾਉਣ ਲਈ ਅਤੇ ਲੱਖੇ ਸਿਧਾਣੇ ਵਰਗੇ ਅਨੇਕਾਂ ਸੰਘਰਸ਼ਸ਼ੀਲ ਕਿਸਾਨਾਂ ਤੇ ਦਿੱਲੀ ਪੁਲਿਸ ਵੱਲੋਂ ਪਾਏ ਪਰਚੇ ਰੱਦ ਕਰਵਾਉਣ ਸਬੰਧੀ ਅੱਜ 23  ਫਰਵਰੀ ਨੂੰ ਛੇਂਵੇ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਧਰਤੀ ਬਠਿੰਡੇ ਜਿਲ੍ਹੇ ਦੇ ਹੀ ਨਹੀ ਸਗੋਂ ਪੰਜਾਬ ਦੇ ਸਭ ਤੋਂ ਵੱਡੇ ਪਿੰਡ ਮਹਿਰਾਜ ਦੀ ਦਾਣਾ ਮੰਡੀ ਵਿਖੇ ਸਵੇਰੇ 11 ਵਜੇ ਇੱਕ ਵਿਸ਼ਾਲ ਰੋਸ ਰੈਲੀ ਰੱਖੀ ਗਈ ਹੈ,ਇਸ ਰੋਸ਼ ਰੈਲੀ ਵਿੱਚ ਪਹੁੰਚਣਾ ਹਰ ਨੌਜਵਾਨ ਦਾ ਇਖਲਾਕੀ ਫਰਜ ਬਣਦਾ ਹੈ। ਅੱਜ ਵੇਲਾ ਹੈ ਸਾਡੇ ਨਿਸ਼ਾਨ ਸਾਹਿਬ ਦੀ ਗੱਲ ਕਰਨ ,ਸਾਡੀ ਹੋਂਦ ਦੀ ਗੱਲ ਕਰਨ,ਸੂਬੇ ਦੀ ਖੁਦ ਮੁਖਤਿਆਰੀ ਦੀ ਗੱਲ ਕਰਨ,ਸਾਡੇ ਸ਼ਹੀਦਾਂ ਦੀ ਗੱਲ ਕਰਨ, ਸਾਡੇ ਗ੍ਰੰਥ ਦੀ ਗੱਲ ਕਰਨ,ਪੰਥ ਦੀ ਗੱਲ ਕਰਨ, ਊੜੇ ਤੇ ਜੂੜੇ ਦੀ ਗੱਲ ਕਰਨ ਵਾਲਿਆਂ ਨਾਲ ਡਟਣ ਦਾ। ਕਿਸਾਨੀ ਸੰਘਰਸ਼ ਵੀ ਤਾਂ ਹੀ ਏਕੇ ਦੇ ਨਾਲ ਜਿੱਤਿਆ ਜਾਵੇਗਾ ਜੇ ਅਸੀ ਆਪਣੇ  ਸਿੱਖ ਨੌਜਵਾਨ ਕਿਸਾਨਾਂ ਨੂੰ ਰਿਹਾਅ ਕਰਵਾ ਕੇ ਦਿੱਲੀ ਦੇ ਬਾਰਡਰਾਂ ਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਫਿਰ ਸ਼ਮੂਲੀਅਤ ਕਰਵਾਵਾਂਗੇ। ਇਸ ਰੈਲੀ ਵਿੱਚੋਂ ਸਾਡੀਆਂ ਜ਼ਮੀਨਾਂ ਨੂੰ ਬਚਾਉਣ ਦੇ ਨਾਲ-ਨਾਲ ਸਾਡੀ ਹੋਂਦ ਨੂੰ ਬਚਾਉਣ ਦਾ ਵੀ ਬਿਗੁਲ ਵੱਜੇਗਾ।  ਅੱਜ 23 ਫਰਵਰੀ ਨੂੰ ਮਹਿਰਾਜ ਦੀ ਧਰਤੀ ਤੇ ਜਾਗਦੀਆਂ ਜਮੀਰਾਂ ਦਾ ਆਉਣ ਵਾਲਾ ਇਹ ਹੜ੍ਹ ਸੱਚ ਵਾਲੇ ਪਾਸੇ ਖੜਨ ਵਾਲੇ ਲੋਕਾਂ ਲਈ ਲਕੀਰ ਖਿੱਚੇਗਾ  !!ਰੱਬ ਰਾਖਾ!!