MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸ੍ਰੀ ਨਨਕਾਣਾ ਸਾਹਿਬ ਸ਼ਹੀਦੀ ਸਮਾਗਮ ‘ਤੇ ਪਾਕਿਸਤਾਨ ਜਾਣ ਵਾਲਾ ਜਥਾ ਰੋਕਣ ਤੇ ਭਾਰਤ ਸਰਕਾਰ ਦੀ ਨਿੰਦਾ

ਭਾਰਤੀ ਹਾਕਮ ਸਿੱਖਾਂ ਨੂੰ ਲੰਮੇ ਸਮੇਂ ਤੋਂ ਗੁਲਾਮੀ ਦਾ ਅਹਿਸਾਸ ਕਰਵਾ ਰਹੇ ਹਨ, ਪਰ ਸਿੱਖ ਹੀ ਸਮਝ ਨਹੀਂ ਰਹੇ -  ਖਾਲਿਸਤਾਨ ਜਲਾਵਤਨ ਸਰਕਾਰ

ਬਰਮਿੰਘਮ  23 ਫਰਵਰੀ (ਮਪ) - ਸ਼ਹੀਦੀ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਤਾਬਦੀ ਸਮਾਗਮਾਂ ਮੌਕੇ ਭਾਰਤ ਤੋਂ ਸ੍ਰੀ ਨਨਕਾਣਾ ਸਾਹਿਬ ਜਾਣ ਵਾਲੇ ਜਥੇ ਨੂੰ ਐਨ ਉਸ ਮੌਕੇ ਜਦੋਂ ਜਥਾ ਰਵਾਨਾ ਹੋਣ ਦੀ ਤਿਆਰੀ ਵਿੱਚ ਸੀ, ਰੋਕ ਕੇ ਭਾਰਤ ਦੀ ਭਾਜਪਾ ਸਰਕਾਰ ਨੇ ਸਿੱਖ ਕੌਮ ਨੂੰ ਇਕ ਵਾਰ ਫੇਰ ਗੁਲਾਮੀ ਦਾ ਅਹਿਸਾਸ ਕਰਵਾਇਆ ਹੈ, ਪਰ ਸਾਡੇ ਬਹੁਤ ਸਾਰੇ ਸਿੱਖਾਂ ਨੂੰ ਭਾਰਤ ਦੀ ਇਹ ਨੀਤੀ ਅਜੇ ਵੀ ਸਮਝ ਨਹੀਂ ਆ ਰਹੀ। ਇਹ ਲਫਜ਼ ਖਾਲਿਸਤਾਨ ਜਲਾਵਤਨ ਸਰਕਾਰ ਦੇ ਪ੍ਰਧਾਨ ਮੰਤਰੀ ਸ: ਗੁਰਮੇਜ ਸਿੰਘ ਗਿੱਲ, ਭਾਈ ਸਤਨਾਮ ਸਿੰਘ ਬੱਬਰ (ਜਰਮਨੀ), ਭਾਈ ਰੇਸ਼ਮ ਸਿੰਘ ਬੱਬਰ ਅਤੇ ਸ: ਸੁਬੇਗ ਸਿੰਘ ਡੈਨਮਾਰਕ ਨੇ ਇਕ ਸਾਂਝੇ ਬਿਆਨ ਵਿੱਚ ਆਖੇ ਹਨ। ਭਾਰਤ ਸਰਕਾਰ ਦੀ ਇਹ ਇਕ ਘਿਨਾਉਣੀ ਹਰਕਤ ਹੈ, ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ।
   ਉਹਨਾਂ ਕਿਹਾ ਕਿ ਫਰਵਰੀ 1921 ਨੂੰ ਵਾਪਰਿਆ ਸ੍ਰੀ ਨਨਕਾਣਾ ਸਾਹਿਬ ਦਾ ਸਾਕਾ ਸਿੱਖ ਇਤਿਹਾਸ ਅਤੇ ਭਾਰਤ ਦੇ ਆਜ਼ਾਦੀ ਸੰਘਰਸ਼ ਵਿੱਚ ਇਕ ਅਹਿਮ ਸਥਾਨ ਰੱਖਦਾ ਹੈ। ਇਸ ਖੂਨੀ ਸਾਕੇ ਪਿੱਛੋਂ ਜਦੋਂ ਸਿੱਖ ਆਗੂਆਂ ਨੇ ਗੁਰਦੁਆਰੇ ਦੀਆਂ ਚਾਬੀਆਂ ਅੰਗਰੇਜ਼ ਸਰਕਾਰ ਪਾਸੋਂ ਲੈ ਕੇ ਸੇਵਾ ਆਪ ਸੰਭਾਲ ਲਈ ਸੀ ਤਾਂ ਉਸ ਵਕਤ ਦੇ ਨਹਿਰੂ ਤੇ ਗਾਂਧੀ ਵਰਗੇ ਭਾਰਤੀ ਆਗੂਆਂ ਨੇ ਸਿੱਖਾਂ ਨੂੰ ਵਧਾਈ ਦਿੰਦਿਆਂ ਕਿਹਾ ਸੀ ਕਿ ਹੁਣ ਅਸੀਂ ਆਜ਼ਾਦੀ ਦੀ ਅੱਧੀ ਲੜਾਈ ਜਿੱਤ ਲਈ ਹੈ। ਇਸ ਦੇ ਬਾਵਜੂਦ ਉਸ ਸ਼ਹੀਦੀ ਸਾਕੇ ਦੇ ਸ਼ਹੀਦਾਂ ਨੂੰ ਯਾਦ ਕਰਨ ਲਈ ਜਾ ਰਹੇ ਸਿੱਖ ਜਥੇ ਨੂੰ ਰੋਕ ਕੇ ਭਾਰਤ ਦੀ ਮੌਜੂਦਾ ਸਰਕਾਰ ਨੇ ਇਕ ਤਰ੍ਹਾਂ ਸਿੱਖ ਕੌਮ ਨੂੰ ਭਾਰਤ ਦੇ ਰਹਿਮੋ ਕਰਮ ’ਤੇ ਰਹਿਣ ਦਾ ਅਹਿਸਾਸ ਕਰਵਾਇਆ ਹੈ। ਜਿਹੜੇ ਸਿੱਖ ਅਜੇ ਵੀ ਇਹ ਸੋਚਦੇ ਹਨ ਕਿ ਭਾਰਤ ਵਿੱਚ ਉਹਨਾਂ ਨੂੰ ਬਰਾਬਰ ਦੇ ਹੱਕ ਤੇ ਇੱਜ਼ਤ ਮਿਲੇਗੀ, ਉਹ ਗਲਤ ਫਹਿਮੀ ਦਾ ਸ਼ਿਕਾਰ ਹਨ। ਰਾਜ ਐਵੇਂ ਨਹੀਂ ਮਿਲ ਜਾਂਦੇ, ਇਸ ਲਈ ਆਪਣਾ ਆਪ ਗਵਾਉਣਾ ਪੈਂਦਾ ਹੈ। ਸਿੱਖ ਰਾਜ ਗਰੀਬਾਂ ਅਨਾਥਾਂ, ਨਿਮਾਣਿਆਂ ਤੇ ਨਿਆਸਰਿਆਂ ਨੂੰ ਉਚਾ ਚੁੱਕਣ ਲਈ ਹੋਵੇਗਾ।
   ਛੇ ਮਹੀਨਿਆਂ ਤੋਂ ਭਾਰਤ ਵਿੱਚ ਚੱਲ ਰਹੇ ਸ਼ਾਂਤਮਈ ਕਿਸਾਨ ਸੰਘਰਸ਼ ਦਾ ਹਾਲ ਦੁਨੀਆ ਨੇ ਦੇਖ ਲਿਆ ਹੈ, ਹੁਣ ਤੱਕ ਢਾਈ ਸੌ ਤੋਂ ਵੱਧ ਕਿਸਾਨਾਂ ਦੀਆਂ ਜਾਨਾਂ ਚਲੇ ਗਈਆਂ, ਡੇਢ ਸੌ ਤੋਂ ਵੱਧ ਕਿਸਾਨਾਂ ਦੇ ਬੱਚੇ, ਬੱਚੀਆਂ ਤੇ ਬਜ਼ੁਰਗ ਜੇਹਲਾਂ ਵਿੱਚ ਡੱਕ ਦਿੱਤੇ ਹਨ, ਫਿਰ ਵੀ ਸਰਕਾਰ ਆਪਣੀ ਜ਼ਿੱਦ ਤੇ ਅੜੀ ਹੋਈ ਹੈ। ਅਸੀਂ ਪਿਛਲੇ 36 ਸਾਲਾਂ ਤੋਂ ਸਿੱਖ ਕੌਮ ਨੂੰ ਗੁਲਾਮੀ ਗਲੋਂ ਲਾਹੁਣ ਵਾਸਤੇ ਆਜ਼ਾਦੀ ਦੇ ਸੰਘਰਸ਼ ਵਿੱਚ ਸ਼ਾਮਿਲ ਹੋਣ ਲਈ ਅਪੀਲ ਕਰਦੇ ਆ ਰਹੇ ਹਾਂ। ਕਈ ਸਿੱਖ ਆਗੂ ਆਖਦੇ ਹਨ ਕਿ ਅਸੀਂ ਭਾਰਤ ਵਿੱਚ ਰਹਿ ਕੇ ਸਾਰੇ ਲੋਕਾਂ ਨੂੰ ਹੱਕ ਦਿਵਾਉਣੇ ਹਨ, ਉਹਨਾਂ ਨੂੰ ਇਹ ਗੱਲ ਵਿਚਾਰ ਲੈਣੀ ਚਾਹੀਦੀ ਹੈ, ਜਿਹੜਾ ਬੰਦਾ ਆਪ ਹੀ ਆਜ਼ਾਦ ਨਹੀਂ, ਉਹ ਦੂਜੇ ਨੂੰ ਕੀ ਆਜ਼ਾਦੀ ਦਿਵਾਏਗਾ। ਪਹਿਲਾਂ ਕੌਮ ਨੂੰ ਆਪ ਆਜ਼ਾਦ ਹੋਣਾ ਪਵੇਗਾ, ਫਿਰ ਦੂਜਿਆਂ ਦੀ ਮਦਦ ਕੀਤੀ ਜਾ ਸਕਦੀ ਹੈ। ਅਜੇ ਤਾਂ ਤੁਸੀਂ ਆਪਣੇ ਧਾਰਮਿਕ ਸਮਾਗਮ ਵੀ ਭਾਰਤ ਦੇ ਰਹਿਮੋ ਕਰਮ ਅਤੇ ਉਸ ਦੀ ਇਜਾਜ਼ਤ ਨਾਲ ਮਨਾ ਸਕਦੇ ਹੋ।