MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸਕਾਟਲੈਂਡ: ਬਜ਼ੁਰਗ ਪੈਨਸ਼ਨਰ ਨੂੰ ਬਿਜਲੀ ਕੰਪਨੀ ਨੇ 22000 ਪੌਂਡ ਤੋਂ ਵੱਧ ਬਿੱਲ ਭੇਜ ਕੇ ਦਿੱਤਾ ਝਟਕਾ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਵਿੱਚ ਇੱਕ ਬਜ਼ੁਰਗ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਬਿਜਲੀ ਕੰਪਨੀ ਨੇ ਉਸ ਨੂੰ 22000 ਪੌਂਡ ਤੋਂ ਵੱਧ ਦੇ ਤਿੰਨ ਬਿੱਲ ਭਰਨ ਲਈ ਭੇਜੇ। ਡਮਫ੍ਰਾਈਜ਼ ਦੇ ਸੇਵਾਮੁਕਤ ਸਮੁੰਦਰੀ ਇੰਜੀਨੀਅਰ ਬਿਲ ਗਲਾਸਨ (85) ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਭੁਗਤਾਨ ਲਈ ਇਹ ਤਿੰਨ ਬਿਲ ਪ੍ਰਾਪਤ ਹੋਏ। ਇਹ ਬਜ਼ੁਰਗ ਬੁੱਧਵਾਰ ਸਵੇਰੇ ਆਪਣੀ 81 ਸਾਲਾ ਪਤਨੀ ਮਾਰਗਰੇਟ ਨੂੰ ਹਸਪਤਾਲ ਲਿਜਾਣ ਲਈ ਵੀ ਬਿੱਲਾਂ ਦੀ ਕੀਮਤ ਦੇ ਤਣਾਅ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ। ਗਲਾਸਨ ਨੇ ਦੱਸਿਆ ਕਿ 2014 ਵਿੱਚ ਗ੍ਰਾਂਟ ਕੋਰਟ 'ਚ ਆਪਣੇ ਘਰ ਆਏ ਸੀ ਅਤੇ ਬਿਜਲੀ ਲਈ ਹਰ ਮਹੀਨੇ 56 ਪੌਂਡ ਦਾ ਭੁਗਤਾਨ ਕਰ ਰਹੇ ਹਨ। ਗਲਾਸਨ ਨੇ ਇਸ ਸੰਬੰਧੀ ਵਿਭਾਗ ਨੂੰ ਪੱਤਰ ਲਿਖਿਆ ਤਾਂ ਜਵਾਬ ਵਿੱਚ ਉਹਨਾਂ ਕਿਹਾ ਕਿ ਉਸਦੀ ਬਿਜਲੀ ਦੀ ਕੀਮਤ ਵੱਧ ਰਹੀ ਹੈ ਜੋ ਕਿ 75 ਪੌਂਡ 'ਤੇ ਪਹੁੰਚ ਗਈ ਹੈ। ਪਰ ਦੋ ਹਫ਼ਤੇ ਪਹਿਲਾਂ ਉਸਨੂੰ 7,000 ਪੌਂਡ ਦਾ ਬਿੱਲ ਲੈਟਰ ਬਾਕਸ ਦੇ ਜ਼ਰੀਏ ਮਿਲਿਆ। ਇਸਦੇ ਕੁੱਝ ਦਿਨਾਂ ਬਾਅਦ 22,600 ਪੌਂਡ ਦਾ ਬਿੱਲ ਆਇਆ ਅਤੇ ਇੱਕ ਹੋਰ ਬਿੱਲ ਚਾਰ ਦਿਨ ਬਾਅਦ ਅਤੇ ਇੱਕ ਹੋਰ ਉਸ ਤੋਂ ਇੱਕ ਦਿਨ ਬਾਅਦ ਆਇਆ। ਇਹਨਾਂ ਬਿੱਲਾਂ ਸੰਬੰਧੀ ਸਕਾਟਿਸ਼ ਪਾਵਰ ਨੂੰ ਫ਼ੋਨ ਕਰਨ 'ਤੇ ਉਨ੍ਹਾਂ ਨੇ ਕਿਹਾ ਕਿ ਘਰ ਵਿੱਚ ਦੋ ਮੀਟਰ ਅਤੇ ਦੋ ਵੱਖਰੇ ਖਾਤਿਆਂ ਦੇ ਨੰਬਰ ਮਿਲੇ ਹਨ। ਗਲਾਸਨ ਨੇ ਕਰਮਚਾਰੀਆਂ ਨੂੰ ਘਰ ਕੇ ਜਾਂਚ ਕਰਨ ਲਈ ਕਿਹਾ। ਇਸ ਸੰਬੰਧੀ ਸਕਾਟਿਸ਼ ਪਾਵਰ ਦੇ ਬੁਲਾਰੇ ਨੇ ਗਲਾਸਨ ਦੇ ਬਿਜਲੀ ਬਿੱਲਾਂ ਸੰਬੰਧੀ 2014 ਤੋਂ ਬਿਜਲੀ ਮੀਟਰਾਂ ਵਿੱਚ ਤਬਦੀਲੀ ਆਉਣ ਤੋਂ ਬਾਅਦ ਕੰਪਨੀ ਦੁਆਰਾ ਮਾੜੀ ਗ੍ਰਾਹਕ ਸੇਵਾ ਲਈ ਖੇਦ ਪ੍ਰਗਟ ਕੀਤਾ ਹੈ। ਸਕਾਟਿਸ਼ ਪਾਵਰ ਅਨੁਸਾਰ ਹੁਣ ਖਾਤੇ ਦੀ ਪੂਰੀ ਤਰ੍ਹਾਂ ਸਮੀਖਿਆ ਕਰਕੇ ਇਸ ਨੂੰ ਸਹੀ ਕੀਤਾ ਹੈ, ਜਿਸ ਨਾਲ 2,000 ਪੌਂਡ ਤੋਂ ਵੱਧ ਦਾ ਕ੍ਰੈਡਿਟ ਬੈਲੈਂਸ ਬਣਿਆ ਹੈ, ਜੋ ਕਿ ਵਾਪਸ ਕੀਤਾ ਜਾਵੇਗਾ।