MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਇੰਗਲੈਂਡ ਵਿੱਚ ਕੋਰੋਨਾ ਆਰ ਦਰ ਘਟ ਕੇ 0.7 ਤੱਕ ਪਹੁੰਚੀ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਇੰਗਲੈਂਡ ਵਿੱਚ ਕੋਰੋਨਾ ਵਾਇਰਸ ਨਾਲ ਸਬੰਧਿਤ ਆਰ ਦਰ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।ਸੋਮਵਾਰ ਨੂੰ ਪੱਬ, ਗਾਰਡਨ ਅਤੇ ਗੈਰ ਜ਼ਰੂਰੀ ਦੁਕਾਨਾਂ ਖੋਲ੍ਹਣ ਤੋਂ ਬਾਅਦ ਇੰਗਲੈਂਡ ਦੇ ਆਰ ਰੇਟ ਵਿੱਚ ਥੋੜ੍ਹੀ ਗਿਰਾਵਟ ਆਈ ਹੈ। ਸਰਕਾਰ ਦੇ ਤਾਜ਼ਾ ਅੰਕੜਿਆਂ ਅਨੁਸਾਰ ਇਹ ਅਹਿਮ ਅੰਕੜਾ 0.7 ਅਤੇ 1 ਦੇ ਵਿਚਕਾਰ ਖੜ੍ਹਾ ਹੈ। ਆਖਰੀ ਵਾਰ ਇਹ ਦਰ 9 ਅਪ੍ਰੈਲ ਨੂੰ 0.8 ਤੋਂ 1 ਦੇ ਵਿਚਕਾਰ ਰਿਪੋਰਟ ਕੀਤੀ ਗਈ ਸੀ। ਆਰ ਦਰ ਉਹਨਾਂ ਲੋਕਾਂ ਦੀ ਔਸਤਨ ਸੰਖਿਆ ਨੂੰ ਦਰਸਾਉਂਦੀ ਹੈ ਜੋ ਹਰ ਕੋਵਿਡ -19 ਸਕਾਰਾਤਮਕ ਵਿਅਕਤੀ ਤੋਂ ਪੀੜਤ ਹੁੰਦਾ ਹੈ। ਜਦੋਂ ਇਹ ਅੰਕੜਾ 1 ਤੋਂ ਉੱਪਰ ਹੈ, ਤਾਂ ਵਾਇਰਸ ਦਾ ਪ੍ਰਕੋਪ ਤੇਜ਼ੀ ਨਾਲ ਵੱਧ ਸਕਦਾ ਹੈ, ਪਰ ਜਦੋਂ ਇਹ 1 ਤੋਂ ਘੱਟ ਹੁੰਦਾ ਹੈ, ਤਾਂ ਇਸਦਾ ਅਰਥ ਹੈ ਕਿ ਮਹਾਂਮਾਰੀ ਘਟ ਰਹੀ ਹੈ। 0.7 ਅਤੇ 1 ਦੇ ਵਿਚਕਾਰ ਆਰ ਨੰਬਰ ਦਾ ਮਤਲਬ ਹੈ ਕਿ, ਔਸਤਨ ਹਰ 10 ਸੰਕਰਮਿਤ ਵਿਅਕਤੀ 7 ਅਤੇ 10 ਦੇ ਵਿਚਕਾਰ ਦੂਸਰਿਆਂ ਨੂੰ ਸੰਕਰਮਿਤ ਕਰਨਗੇ। ਦੇਸ਼ ਵਿੱਚ ਕੋਰੋਨਾ ਟੀਕਾਕਰਨ ਮੁਹਿੰਮ ਦੇ ਚਲਦਿਆਂ, ਤਾਲਾਬੰਦੀ ਨਿਯਮਾਂ ਵਿੱਚ ਦਿੱਤੀ ਜਾ ਰਹੀ ਢਿੱਲ ਦੇ ਤਹਿਤ ਲੋਕ ਇਸ ਹਫਤੇ ਪੱਬਾਂ ਵਿੱਚ ਵਾਪਸੀ ਦਾ ਜਸ਼ਨ ਮਨਾ ਰਹੇ ਹਨ। ਇਸਦੇ ਨਾਲ ਹੀ ਹਜ਼ਾਰਾਂ ਲੋਕ ਖਰੀਦਦਾਰੀ ਵੀ ਕਰ ਰਹੇ ਹਨ ਅਤੇ ਉਮੀਦ ਹੈ ਕਿ ਮਹੀਨਿਆਂ ਦੀਆਂ ਸਖਤ ਪਾਬੰਦੀਆਂ ਤੋਂ ਬਾਅਦ ਆਰਥਿਕਤਾ ਵਾਪਸ ਆਵੇਗੀ। ਇਸਦੇ ਇਲਾਵਾ ਦੱਖਣੀ ਅਫਰੀਕੀ ਵਾਇਰਸ ਦੇ ਕਈ ਮਾਮਲਿਆਂ ਦਾ ਪਤਾ ਲੱਗਣ ਤੋਂ ਬਾਅਦ ਲੈਂਬੈਥ, ਵੈਂਡਸਵਰਥ, ਸਾਊਥਵਰਕ ਅਤੇ ਬਾਰਨੇਟ ਵਿੱਚ ਰਹਿਣ ਵਾਲੇ 50 ਲੱਖ ਤੋਂ ਵੱਧ ਲੋਕਾਂ ਨੂੰ ਕੋਵਿਡ ਟੈਸਟ ਦੀ ਪੇਸ਼ਕਸ਼ ਕੀਤੀ ਗਈ ਹੈ।