MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਹਲਕੇ ਲੱਛਣ ਹੋਣ 'ਤੇ ਹਸਪਤਾਲ 'ਚ ਦਾਖਲ ਹੋਣ ਦੀ ਲੋੜ ਨਹੀਂ, ਘਰ 'ਚ ਹੀ ਫਤਿਹ ਕਿੱਟ ਰਾਹੀਂ ਇਲਾਜ  

 ਹੋਮ ਆਇਸੋਲੇਸ਼ਨ ਕੀਤੇ ਮਰੀਜ਼ ਹੋ ਰਹੇ ਹਨ ਸਿਹਤਯਾਬ*ਡਾ.ਬਲਵੰਤ ਸਿੰਘ

ਫਗਵਾੜਾ 01 ਮਈ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਕੋਰੋਨਾ ਮਹਾਂਮਾਰੀ ਦੇ ਇਨ੍ਹਾਂ ਚੁਣੌਤੀ ਭਰੇ ਹਾਲਾਤਾਂ ਦਰਮਿਆਨ ਜਿਲਾ ਜਲੰਧਰ ਵਿੱਚ ਕੋਵਿਡ-19 ਪਾਜ਼ੇਟਿਵ ਮਰੀਜ਼ਾਂ ਨੂੰ ਘਰਾਂ ਵਿਚ ਆਈਸੋਲੇਟ ਕੀਤਾ ਗਿਆ ਸੀ। ਇਹ ਮਰੀਜ਼ ਇਸ ਮਾਰੂ ਵਾਇਰਸ ਤੋਂ ਸਫ਼ਲਤਾਪੂਰਵਕ ਸਿਹਤਯਾਬ ਹੋ ਰਹੇ ਹਨ ਅਤੇ ਇਸ ਵੇਲੇ ਜੋ ਐਕਟਿਵ ਮਰੀਜ਼ ਹੋਮ ਆਈਸੋਲੇਟ ਹਨ, ਉਹ ਸਿਹਤ ਵਿਭਾਗ ਦੀਆਂ ਸਮਰਪਿਤ ਟੀਮਾਂ ਦੀ ਨਿਗਰਾਨੀ ਅਧੀਨ ਮਹਾਂਮਾਰੀ ਨਾਲ ਇਸ ਜੰਗ `ਤੇ ਫ਼ਤਿਹ ਪਾਉਣ ਲਈ ਡਟੇ ਹੋਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਜਲੰਧਰ ਡਾ. ਬਲਵੰਤ ਸਿੰਘ ਨੇ ਕਿਹਾ ਕਿ ਹਲਕੇ ਲੱਛਣ ਅਤੇ ਬਗੈਰ ਲੱਛਣਾਂ ਵਾਲੇ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਦਾਖਲ ਹੋਣ ਦੀ ਜ਼ਰੂਰਤ ਨਹੀਂ ਹੈ ਅਤੇ ਅਜਿਹੇ ਮਰੀਜ਼ ਟੈਸਟਿੰਗ ਸਮੇਂ ਸਿਰਫ਼ ਘਰੇਲੂ ਆਈਸੋਲੇਸ਼ਨ ਵਿੱਚ ਰਹਿਣ ਦਾ ਵਿਕਲਪ ਚੁਣਨ। ਉਨ੍ਹਾਂ ਕਿਹਾ ਕਿ ਹੁਣ ਤੱਕ ਘਰੇਲੂ ਆਈਸੋਲੇਸ਼ਨ ਵਿੱਚ ਗਏ ਮਰੀਜਾਂ ਨੇ ਟੈਲੀਫੋਨ `ਤੇ ਸਾਡੇ ਸਮਰਪਿਤ ਸਿਹਤ ਮਾਹਿਰਾਂ ਦੀ ਡਾਕਟਰੀ ਸਲਾਹ ਪ੍ਰਾਪਤ ਕਰਕੇ ਸਫ਼ਲਤਾਪੂਰਵਕ ਰਿਕਵਰ ਕੀਤਾ ਹੈ।
    ਸਿਵਲ ਸਰਜਨ ਜਲੰਧਰ ਨੇ ਕਿਹਾ ਕਿ ਘਰੇਲੂ ਆਈਸੋਲੇਸ਼ਨ ਅਧੀਨ ਪਾਜ਼ੇਟਿਵ ਮਰੀਜ਼ਾਂ ਦੀ ਦੇਖਭਾਲ ਲਈ ਸ਼ਹਿਰ ਅਤੇ ਹਰੇਕ ਬਲਾਕ ਵਿੱਚ ਰੈਪਿਡ ਰਿਸਪਾਂਸ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਮਰੀਜ਼ਾਂ ਦੀ ਹਾਲਤ ਵਿਗੜਦੀ ਹੈ ਅਤੇ ਗੰਭੀਰ ਲੱਛਣ ਸਾਹਮਣੇ ਆਉਂਦੇ ਹਨ ਤਾਂ ਮਰੀਜ਼ਾਂ ਨੂੰ ਤੁਰੰਤ ਸਿਹਤ ਕੇਂਦਰਾਂ ਵਿੱਚ ਰੈਫਰ ਕੀਤਾ ਜਾਂਦਾ ਹੈ।
ਡਾ.ਬਲਵੰਤ ਸਿੰਘ ਨੇ ਕਿਹਾ ਕਿ ਕੋਵਿਡ-19 ਦੇ ਲੱਛਣਾਂ, ਟੈਸਟਿੰਗ ਜਾਂ ਹਸਪਤਾਲ ਵਿੱਚ ਦਾਖਲ ਹੋਣ ਲਈ, ਨੇੜਲੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਅਤੇ ਸਿਹਤ ਸਬੰਧੀ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਵਾਸਤੇ 24 ਘੰਟੇ, 104 ਹੈਲਪਲਾਈਨ ਵਿਸ਼ੇਸ਼ ਤੌਰ `ਤੇ ਕਾਰਜਸ਼ੀਲ ਕੀਤੀ ਗਈ ਹੈ। ਸਿਵਲ ਸਰਜਨ ਜਲੰਧਰ ਨੇ ਕੋਰੋਨਾ ਫਤਿਹ ਕਿੱਟਾਂ ਬਾਰੇ ਦੱਸਿਆ ਕਿ ਇਸ ਵਿੱਚ ਪਲਸ ਆਕਸੀਮੀਟਰ, ਥਰਮਾਮੀਟਰ, ਸਟੀਮਰ ਅਤੇ ਜ਼ਰੂਰੀ ਦਵਾਈਆਂ ਹਨ। ਜਿਸ ਨੂੰ ਪ੍ਰਾਪਤ ਕਰਕੇ ਹੋਮ ਆਇਸੋਲੇਟ ਮਰੀਜ਼ ਕੋਰੋਨਾ ਤੇ ਫਤਿਹ ਪਾ ਰਹੇ ਹਨ।