MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਭਾਰਤ ਐੱਫਆਈਐੱਚ ਪ੍ਰੋ ਲੀਗ ਵਿੱਚ ਕੀਵੀਆਂ ਖ਼ਿਲਾਫ਼ ਕਰੇਗਾ ਆਗਾਜ਼

ਬੈਂਗਲੁਰੂ 1 ਮਈ (ਮਪ) ਭਾਰਤੀ ਮਰਦ ਹਾਕੀ ਟੀਮ ਐੱਫਆਈਐੱਚ ਪ੍ਰੋ ਲੀਗ ਦੇ ਤੀਜੇ ਸੈਸ਼ਨ ਵਿਚ ਅਗਲੇ ਸਾਲ ਪੰਜ ਫਰਵਰੀ ਨੂੰ ਨਿਊਜ਼ੀਲੈਂਡ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਐੱਫਆਈਐੱਚ ਨੇ ਟੂਰਨਾਮੈਂਟ ਦੇ ਪ੍ਰੋਗਰਾਮ ਦਾ ਸ਼ਨਿਚਰਵਾਰ ਨੂੰ ਐਲਾਨ ਕੀਤਾ। ਭਾਰਤੀ ਟੀਮ ਫਰਵਰੀ ਵਿਚ ਆਸਟ੍ਰੇਲੀਆ ਤੇ ਸਪੇਨ ਨਾਲ ਖੇਡੇਗੀ। ਉਸ ਨੇ ਇਸ ਮਹੀਨੇ ਪੰਜ ਮੈਚ ਵਿਦੇਸ਼ ਵਿਚ ਖੇਡਣੇ ਹਨ ਜਿਸ ਤੋਂ ਬਾਅਦ ਭਾਰਤ ਵਿਚ ਜਰਮਨੀ ਤੇ ਅਰਜਨਟੀਨਾ ਦਾ ਸਾਹਮਣਾ ਕਰਨਾ ਹੈ। ਭਾਰਤੀ ਟੀਮ ਨੇ 12 ਤੇ 13 ਫਰਵਰੀ ਨੂੰ ਆਸਟ੍ਰੇਲੀਆ ਨਾਲ ਤੇ 26 ਤੇ 27 ਫਰਵਰੀ ਨੂੰ ਸਪੇਨ ਨਾਲ ਖੇਡਣਾ ਹੈ। ਭਾਰਤ ਤੇ ਜਰਮਨੀ ਦਾ ਸਾਹਮਣਾ 12 ਤੇ 13 ਮਾਰਚ ਨੂੰ ਹੋਵੇਗਾ ਜਦਕਿ ਅਰਜਨਟੀਨਾ ਨਾਲ ਉਸ ਨੇ 19 ਤੇ 20 ਮਾਰਚ ਨੂੰ ਖੇਡਣਾ ਹੈ। ਇਸ ਤੋਂ ਬਾਅਦ ਭਾਰਤ ਵਿਚ ਹੀ ਦੋ ਤੇ ਤਿੰਨ ਅਪ੍ਰੈਲ ਨੂੰ ਇੰਗਲੈਂਡ ਨਾਲ ਮੈਚ ਹੋਣਗੇ। ਬੈਲਜੀਅਮ ਖ਼ਿਲਾਫ਼ 11 ਤੇ 12 ਜੂਨ ਤੇ ਨੀਦਰਲੈਂਡ ਖ਼ਿਲਾਫ਼ 18 ਤੇ 19 ਜੂਨ ਨੂੰ ਉਨ੍ਹਾਂ ਦੇ ਮੈਦਾਨ 'ਤੇ ਖੇਡਣਾ ਹੈ। ਐੱਫਆਈਐੱਚ ਪ੍ਰੋ ਲੀਗ ਦਾ ਦੂਜਾ ਸੈਸ਼ਨ ਅਜੇ ਚੱਲ ਰਿਹਾ ਹੈ। ਭਾਰਤ ਨੇ ਇਸ ਮਹੀਨੇ ਸਪੇਨ ਤੇ ਜਰਮਨੀ ਦਾ ਮੁਕਾਬਲਾ ਕਰਨਾ ਹੈ।