MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਹਿੰਦ ਮਹਾਸਾਗਰ ਵਿੱਚ ਡਿੱਗਿਆ ਚੀਨ ਦੇ ਬੇਕਾਬੂ ਰਾਕੇਟ ਦਾ ਮਲਬਾ

ਬੀਜਿੰਗ 9 ਮਈ  (ਮਪ) ਚੀਨ ਦੇ ਬੇਕਾਬੂ ਹੋਏ ਰਾਕੇਟ 'ਲੌਂਗ ਮਾਰਚ' ਦਾ ਮਲਬਾ ਐਤਵਾਰ ਨੂੰ ਧਰਤੀ ਵਾਯੂਮੰਡਲ ਵਿਚ ਦਾਖਲ ਹੋ ਗਿਆ ਅਤੇ ਇਸ ਦੇ ਮਾਲਦੀਵ ਨੇੜੇ ਹਿੰਦ ਮਹਾਸਾਗਰ ਵਿਚ ਡਿੱਗਣ ਦੀ ਖ਼ਬਰ ਹੈ। ਦੇਸ਼ ਦੀ ਸਪੇਸ ਏਜੰਸੀ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਲੋਕਾਂ ਅਤੇ ਸਰਕਾਰਾਂ ਦੇ ਉਹਨਾਂ ਸਵਾਲਾਂ ਦਾ ਜਵਾਬ ਦੇ ਦਿੱਤਾ ਕਿ ਇਸ ਰਾਕੇਟ ਦਾ ਮਲਬਾ ਕਦੋਂ ਅਤੇ ਕਿੱਥੇ ਡਿੱਗੇਗਾ। ਚੀਨ ਦੇ 'ਮੈਨਡ ਸਪੇਸ ਇੰਜੀਨੀਅਰਿੰਗ' ਦਫਤਰ ਨੇ ਦੱਸਿਆ ਕਿ ਚੀਨ ਦੇ ਲੌਂਗ ਮਾਰਚ 5ਵੀ ਰਾਕੇਟ ਦੇ ਅਵਸ਼ੇਸ਼ ਬੀਜਿੰਗ ਦੇ ਸਮੇਂ ਮੁਤਾਬਕ ਸਵੇਰੇ 10:24 'ਤੇ ਧਰਤੀ ਦੇ ਵਾਯੂਮੰਡਲ ਵਿਚ ਮੁੜ ਤੋਂ ਦਾਖਲ ਹੋ ਗਏ ਅਤੇ ਉਹ 72.47 ਡਿਗਰੀ ਪੂਰਬੀ ਦੇਸ਼ਾਂਤਰ ਅਤੇ 2.65 ਡਿਗਰੀ ਉੱਤਰੀ ਵਿਥਕਾਰ ਵਿਚ ਸਮੁੰਦਰ ਵਿਚ ਇਕ ਖੁੱਲ੍ਹੇ ਖੇਤਰ ਵਿਚ ਡਿੱਗੇ। 'ਸਾਊਥ ਚਾਈਨਾ ਮੋਰਨਿੰਗ ਪੋਸਟ' ਨੇ ਦੱਸਿਆ ਕਿ ਜ਼ਿਆਦਤਰ ਅਵਸ਼ੇਸ਼ ਧਰਤੀ ਦੇ ਵਾਯੂਮੰਡਲ ਵਿਚ ਮੁੜ ਦਾਖਲ ਹੋਣ ਦੌਰਾਨ ਹੀ ਸੜ ਗਏ।  ਚੀਨ ਨੇ ਇਸ ਰਾਕੇਟ ਦੀ ਮਦਦ ਨਾਲ ਸਪੇਸ ਵਿਚ ਬਣਾਏ ਜਾਣ ਵਾਲੇ ਆਪਣੇ ਤਿਆਂਗੋਗ ਸਪੇਸ ਸਟੇਸ਼ਨ ਦਾ ਪਹਿਲਾ ਹਿੱਸਾ ਭੇਜਿਆ ਸੀ। ਇਸ ਰਾਕੇਟ ਵਿਚ 29 ਅਪ੍ਰੈਲ ਨੂੰ ਦੱਖਣੀ ਟਾਪੂ ਸੂਬੇ ਹੈਨਾਨ ਵਿਚ ਧਮਾਕਾ ਹੋ ਗਿਆ ਸੀ। ਇਸ ਤੋਂ ਪਹਿਲਾਂ ਪੇਂਟਾਗਨ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਹ ਚੀਨ ਦੇ ਉਸ ਵਿਸ਼ਾਲ ਰਾਕੇਟ ਦਾ ਪਤਾ ਲਗਾ ਰਿਹਾ ਹੈ ਜੋ ਕੰਟਰੋਲ ਤੇਂ ਬਾਹਰ ਹੋ ਗਿਆ ਸੀ ਅਤੇ ਉਸ ਦੇ ਇਸ ਹਫ਼ਤੇ ਦੇ ਅਖੀਰ ਵਿਚ ਧਰਤੀ ਦੇ ਵਾਯੂਮੰਡਲ ਵਿਚ ਦਾਖਲ ਹੋਣ ਦੀ ਸੰਭਾਵਨਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਇਸ ਹਫ਼ਤੇ ਮੀਡੀਆ ਨੂੰ ਦੱਸਿਆ ਸੀ ਕਿ ਰਾਕੇਟ ਦੇ ਅਵਸ਼ੇਸ਼ ਜਦੋਂ ਧਰਤੀ ਦੇ ਵਾਯੂਮੰਡਲ ਵਿਚ ਦਾਖਲ ਕਰਨਗੇ ਤਾਂ ਉਹ ਸੜ ਜਾਣਗੇ। ਚੀਨ ਆਗਾਮੀ ਹਫ਼ਤਿਆਂ ਵਿਚ ਆਪਣੇ ਸਪੇਸ ਕੇਂਦਰ ਪ੍ਰੋਗਰਾਮ ਲਈ ਹੋਰ ਰਾਕੇਟ ਭੇਜ ਸਕਦਾ ਹੈ। ਕਿਉਂਕਿ ਉਸ ਦਾ ਉਦੇਸ਼ ਅਗਲੇ ਸਾਲ ਤੱਕ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਦਾ ਹੈ।