MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਨਵੇਂ ਭਰਤੀ 250 ਡਾਕਟਰਾਂ ਨੂੰ ਜਲਦ ਦਿੱਤੇ ਜਾਣਗੇ ਨਿਯੁਕਤੀ ਪੱਤਰ: ਬਲਬੀਰ ਸਿੱਧੂ

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਵੈਂਟੀਲੇਟਰ ਤੇ ਆਕਸੀਜ਼ਨ ਸਬੰਧੀ ਨਹੀਂ ਕੋਈ ਦਿੱਕਤ
ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਜ਼ਿਲ੍ਹੇ ਦੇ ਹਸਪਤਾਲਾਂ ਵਿੱਚ 144 ਬੈੱਡ ਮੌਜੂਦ ਤੇ 46 ਮਰੀਜ਼ ਹੀ ਦਾਖ਼ਲ

ਫ਼ਤਹਿਗੜ੍ਹ ਸਾਹਿਬ, 10 ਮਈ : (ਹਰਪ੍ਰੀਤ ਕੋਰ ਟਿਵਾਣਾ ) ਪੰਜਾਬ ਸਰਕਾਰ ਵੱਲੋਂ ਦਿਨ ਰਾਤ ਇਕ ਕਰ ਕੇ ਕੋਰੋਨਾ ਖਿਲਾਫ ਜੰਗ ਲੜੀ ਜਾ ਰਹੀ ਹੈ ਤੇ ਸਿਹਤ ਸੇਵਾਵਾਂ ਦੀ ਬਿਹਤਰੀ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਨਵੀਂ ਭਰਤੀ ਤਹਿਤ 250 ਡਾਕਟਰਾਂ ਨੂੰ ਬਹੁਤ ਜਲਦ ਨਿਯੁਕਤੀ ਪੱਤਰ ਦਿੱਤੇ ਜਾਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ, ਸ. ਬਲਬੀਰ ਸਿੰਘ ਸਿੱਧੂ ਨੇ ਸਬ ਡਿਵੀਜ਼ਨ ਹਸਪਤਾਲ, ਮੰਡੀ ਗੋਬਿੰਦਗੜ੍ਹ ਅਤੇ ਜ਼ਿਲ੍ਹਾ ਹਸਪਤਾਲ, ਫ਼ਤਹਿਗੜ੍ਹ ਸਾਹਿਬ ਦਾ ਦੌਰਾ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ। ਇਸ ਮੌਕੇ ਸ. ਸਿੱਧੂ ਨੇ ਕਿਹਾ ਕਿ ਕੋਰੋਨਾ ਦੇ ਖਾਤਮੇ ਲਈ ਸੈਂਪਲਿੰਗ ਤੇ ਵੈਕਸੀਨੇਸ਼ਨ ਮੁਹਿੰਮ ਨੂੰ ਪਿੰਡ ਪੱਧਰ ਉਤੇ ਹੋਰ ਤੇਜ਼ ਕੀਤਾ ਜਾਵੇਗਾ।

 ਮੀਡੀਆ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਸਿਹਤ ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਆਕਸੀਜ਼ਨ ਤੇ ਵੈਂਟੀਲੇਟਰ ਸਬੰਧੀ ਕਿਸੇ ਨੂੰ ਕੋਈ ਦਿੱਕਤ ਨਹੀਂ ਆਵੇਗੀ। ਵੈਂਟੀਲੇਟਰ ਨੂੰ ਚਲਾਉਣ ਸਬੰਧੀ ਵੱਡੀ ਗਿਣਤੀ ਅਮਲੇ ਦੀ ਲੋੜ ਪੈਂਦੀ ਹੈ ਤੇ ਬਹੁਤ ਘੱਟ ਗਿਣਤੀ ਵਿੱਚ ਮਰੀਜ਼ਾਂ ਨੂੰ ਵੈਂਟੀਲੇਟਰ ਦੀ ਲੋੜ ਪੈਂਦੀ ਹੈ। ਇਸ ਸਭ ਦੇ ਮੱਦੇਨਜ਼ਰ ਇੰਡਸ ਹਸਪਤਾਲ, ਪੀਰਜੈਨ, ਜੋ ਕਿ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਆਧਾਰ ਉਤੇ ਚਲਾਇਆ ਜਾ ਰਿਹਾ ਹੈ, ਕੋਲ ਪਹਿਲਾਂ 02 ਵੈਂਟੀਲੇਟਰ ਹਨ ਅਤੇ ਹੁਣ 03 ਹੋਰ ਵੈਂਟੀਲੇਟਰ ਫਰੀ ਸੇਵਾ ਤਹਿਤ ਮੁਹੱਈਆ ਕਰਵਾਏ ਗਏ ਹਨ। ਫ਼ਤਹਿਗੜ੍ਹ ਸਾਹਿਬ ਤੋਂ 08 ਮਿੰਟ ਵਿੱਚ ਉਥੇ ਪੁੱਜਿਆ ਜਾ ਸਕਦਾ ਹੈ।

 ਸਿਵਲ ਹਸਪਤਾਲ ਕੋਲ ਮੌਜੂਦ 02 ਐਂਬੂਲੈਂਸਾਂ ਵਿੱਚ ਵੀ ਵੈਂਟੀਲੇਟਰ ਹਨ, ਜੇ ਕਿਸੇ ਮਰੀਜ਼ ਨੂੰ ਵੈਂਟੀਲੇਟਰ ਦੀ ਲੋੜ ਪੈਂਦੀ ਹੈ ਤਾਂ ਉਸ ਨੂੰ ਐਂਬੂਲੈਂਸ ਜ਼ਰੀਏ ਫੌਰੀ ਵੈਂਟੀਲੇਟਰ ਦੀ ਸਹੂਲਤ ਵਾਲੀ ਸਿਹਤ ਸੰਸਥਾ ਵਿਖੇ ਲਿਜਾਇਆ ਜਾ ਸਕਦਾ ਹੈ। ਇਸ ਦੇ ਨਾਲ ਨਾਲ ਫ਼ਤਹਿਗੜ੍ਹ ਸਾਹਿਬ ਤੋਂ ਪਟਿਆਲਾ ਤੇ ਐਸ ਏ ਐਸ ਨਗਰ ਤੱਕ ਵੀ ਘੱਟ ਸਮੇਂ ਵਿੱਚ ਹੀ ਪੁੱਜਿਆ ਜਾ ਸਕਦਾ ਹੈ। ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਜ਼ਿਲ੍ਹੇ ਦੇ ਹਸਪਤਾਲਾਂ ਵਿੱਚ 144 ਬੈੱਡ ਮੌਜੂਦ ਹਨ ਤੇ 46 ਮਰੀਜ਼ ਦਾਖ਼ਲ ਹਨ। ਜ਼ਿਲ੍ਹੇ ਵਿਚਲੇ ਐਕਟਿਵ ਕੇਸਾਂ ਦੀ ਗਿਣਤੀ 866 ਹੈ ਤੇ ਹੁਣ ਤੱਕ ਪਾਜ਼ੇਟਿਵ ਆਏ 6,014 ਮਰੀਜ਼ਾਂ ਵਿੱਚੋਂ 4,985 ਮਰੀਜ਼ ਠੀਕ ਹੋਏ ਹਨ।  

 ਇਸ ਤੋਂ ਪਹਿਲਾਂ ਸਿਹਤ ਮੰਤਰੀ ਨੇ ਸਡ ਡਿਵੀਜ਼ਨ ਹਸਪਤਾਲ ਮੰਡੀ ਗੋਬਿੰਦਗੜ੍ਹ ਦਾ ਦੌਰਾ ਕਰਦਿਆਂ ਜਿੱਥੇ ਕੋਵਿਡ ਵੈਕਸੀਨੇਸ਼ਨ ਮੁਹਿੰਮ ਦਾ ਜਾਇਜ਼ਾ ਲਿਆ ਅਤੇ ਕਨਸਟਰਕਸ਼ਨ ਬੋਰਡ ਸਬੰਧੀ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਵੈਕਸੀਨੇਸ਼ਨ ਦੀ ਸ਼ੁਰੂਆਤ ਕਰਵਾਈ। ਇਸ ਦੇ ਨਾਲ ਨਾਲ ਉਥੇ ਹਸਪਤਾਲ ਸਬੰਧੀ ਕਮੀਆਂ ਨੂੰ ਦੇਖਦਿਆਂ ਸਮੀਖਿਆ ਰਿਪੋਰਟ ਤਿਆਰ ਕੀਤੀ ਅਤੇ ਇਨ੍ਹਾਂ ਕਮੀਆਂ ਨੂੰ ਜਲਦ ਤੋਂ ਜਲਦ ਦੂਰ ਕਰਨ ਦਾ ਭਰੋਸਾ ਦਿੱਤਾ।

 ਇਸ ਮੌਕੇ ਉਨ੍ਹਾਂ ਨੇ ਹਸਪਤਾਲ ਦੇ ਸਟਾਫ ਨਾਲ ਗੱਲਬਾਤ ਵੀ ਕੀਤੀ ਅਤੇ ਵੈਕਸੀਨੇਸ਼ਨ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਖਿਆ। ਇਸ ਦੌਰਾਨ ਨਗਰ ਕੌਂਸਲ, ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਸਰਕਾਰੀ ਹਸਪਤਾਲ ਨੂੰ 20 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਉਪਰੰਤ ਸ. ਸਿੱਧੂ ਨੇ ਰਿਮਟ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਵਿਖੇ 125 ਬੈਡਾਂ ਵਾਲੇ ਹਸਪਤਾਲ ਦਾ ਨਰੀਖਣ ਵੀ ਕੀਤਾ ਅਤੇ ਕਿਹਾ ਕਿ ਆਮ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਇੱਥੇ ਮਲਟੀਸਪੈਸ਼ੈਲਿਟੀ ਹਸਪਤਾਲ ਸ਼ੁਰੂ ਕਰਵਾਇਆ ਜਾਣਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਹੜਤਾਲ ਉਤੇ ਚੱਲ ਰਹੇ ਐਨ ਐਚ ਐਮ ਕਰਮੀ ਜੇਕਰ ਕੱਲ੍ਹ ਤੱਕ ਡਿਊਟੀ ਜੁਆਇਨ ਨਹੀਂ ਕਰਦੇ ਤਾਂ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

 ਸਿਹਤ ਮੰਤਰੀ ਦੇ ਦੌਰੇ ਦੌਰਾਨ ਮੰਡੀ ਗੋਬਿੰਦਗੜ੍ਹ ਤੇ ਫ਼ਤਹਿਗੜ੍ਹ ਸਾਹਿਬ ਵਿਖੇ ਵਿਧਾਇਕ ਸ. ਰਣਦੀਪ ਸਿੰਘ ਨਾਭਾ, ਸ. ਸਿੱਧੂ ਦੇ ਸਿਆਸੀ ਸਕੱਤਰ ਤੇ ਮਾਰਕਿਟ ਕਮੇਟੀ ਖਰੜ ਦੇ ਚੇਅਰਮੈਨ ਸ਼੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸੀਨੀਅਰ ਕਾਂਗਰਸੀ ਆਗੂ ਜੀ. ਐਸ. ਰਿਆੜ, ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਧਰਮ ਪਤਨੀ ਸ਼੍ਰੀਮਤੀ ਮਨਦੀਪ ਕੌਰ ਨਾਗਰਾ, ਐਸ.ਡੀ.ਐਮ. ਅਮਲੋਹ ਸ਼੍ਰੀ ਆਨੰਦ ਸਾਗਰ ਸ਼ਰਮਾ, ਸਿਵਲ ਸਰਜਨ ਡਾ. ਮਹਿੰਦਰ ਸਿੰਘ, ਡੀ ਐਮ ਸੀ ਡਾ. ਜਗਦੀਸ਼ ਸਿੰਘ, ਐਸ ਐਮ ਓ ਕੁਲਦੀਪ ਸਿੰਘ, ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਲਾਲੀ ਤੇ ਸਿਹਤ ਵਿਭਾਗ ਦੇ ਅਧਿਕਾਰੀ ਤੇ ਮੁਲਾਜ਼ਮ ਮੌਜੂਦ ਸਨ।