MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪੰਜਾਬ ਸਰਕਾਰ ਵੱਲੋਂ ਬਹਿਬਲ ਕਲਾਂ ਗੋਲੀ ਕਾਂਡ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਮੁੱਦੇ ਉਤੇ ਨਵੀਂ ਸਿੱਟ ਬਣਾਉਣਾ, ਭੰਬਲਭੂਸੇ ਵਾਲੀ ਕਾਰਵਾਈ : ਮਾਨ

ਫ਼ਤਹਿਗੜ੍ਹ ਸਾਹਿਬ, 12 ਮਈ (ਪੱਤਰ ਪ੍ਰੇਰਕ) "ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਜੋ ਪੰਜਾਬੀਆ ਤੇ ਸਿੱਖ ਕੌਮ ਨਾਲ ਚੋਣਾਂ ਤੋਂ ਪਹਿਲਾ ਇਹ ਵਾਅਦਾ ਕੀਤਾ ਸੀ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਵਾਲੇ ਦੋਸ਼ੀਆਂ ਅਤੇ ਬਹਿਬਲ ਕਲਾਂ ਵਿਖੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਰਕਾਰ ਬਣਨ ਉਪਰੰਤ ਦੋ ਮਹੀਨਿਆ ਵਿਚ ਸਜ਼ਾ ਦਾ ਪ੍ਰਬੰਧ ਕਰਾਂਗੇ, ਇਸ ਵਿਸ਼ੇ ਤੇ ਉਨ੍ਹਾਂ ਨੇ ਹੱਥ ਵਿਚ ਪੋਥੀ ਸਾਹਿਬ ਫੜਕੇ ਅਤੇ ਆਪਣੇ ਮੱਥੇ ਨੂੰ ਲਗਾਉਦੇ ਹੋਏ ਜਨਤਾ ਦੀ ਕਚਹਿਰੀ ਵਿਚ ਇਹ ਬਚਨ ਕੀਤਾ ਸੀ ਕਿ ਮੈਂ ਆਪਣਾ ਇਹ ਵਾਅਦਾ ਪੂਰਨ ਕਰਾਂਗਾ, ਉਨ੍ਹਾਂ ਵੱਲੋਂ ਇਸ ਕੰਮ ਲਈ ਬਣਾਈ ਗਈ ਕੰਵਰਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਸਿੱਟ ਨੇ ਆਪਣੀ ਜਾਂਚ ਰਿਪੋਰਟ ਪੂਰੀ ਕਰਕੇ ਅਗਲੇ ਕਾਨੂੰਨੀ ਅਮਲ ਲਈ ਪੇਸ਼ ਕਰ ਦਿੱਤੀ ਸੀ । ਜਿਸ ਉਤੇ ਸਰਕਾਰ ਤੇ ਅਦਾਲਤਾਂ ਨੂੰ ਫੌਰੀ ਅਮਲ ਕਰਨਾ ਬਣਦਾ ਸੀ । ਪਰ ਦੁੱਖ ਅਤੇ ਅਫਸੋਸ ਹੈ ਕਿ ਸੈਂਟਰ ਸਰਕਾਰ, ਪੰਜਾਬ ਸਰਕਾਰ, ਬਾਦਲ ਦਲੀਆ ਅਤੇ ਜੱਜਾਂ ਦੀ ਮਿਲੀਭੁਗਤ ਨਾਲ ਜੋ ਇਸ ਸਬੂਤਾਂ ਅਤੇ ਤੱਥਾਂ ਸਹਿਤ ਪੇਸ਼ ਕੀਤੀ ਗਈ ਜਾਂਚ ਰਿਪੋਰਟ ਨੂੰ ਰੱਦ ਕਰਕੇ, ਪੰਜਾਬ ਸਰਕਾਰ ਵੱਲੋਂ ਨਵੀਂ ਸਿੱਟ ਜਿਸਦਾ ਸਮਾਂ 6 ਮਹੀਨੇ ਰੱਖਿਆ ਗਿਆ ਹੈ, ਦਾ ਐਲਾਨ ਕਰਕੇ ਕੇਵਲ ਉਸੇ ਤਰ੍ਹਾਂ ਪੰਜਾਬੀਆ ਤੇ ਸਿੱਖ ਕੌਮ ਵਿਚ ਭੰਬਲਭੂਸੇ ਵਾਲੀ ਸਥਿਤੀ ਪੈਦਾ ਕਰ ਦਿੱਤੀ ਗਈ ਹੈ, ਜਿਵੇਂ 1984 ਦੇ ਦਿੱਲੀ, ਕਾਨਪੁਰ, ਬਕਾਰੋ ਤੇ ਇੰਡੀਆ ਦੇ ਹੋਰ ਹਿੱਸਿਆ ਵਿਚ ਸਾਜ਼ਸੀ ਢੰਗ ਨਾਲ ਸਿੱਖ ਕੌਮ ਦੇ ਹੋਏ ਕਤਲੇਆਮ ਦੀ ਜਾਂਚ ਲਈ 9 ਦੇ ਕਰੀਬ ਕਮੇਟੀਆ ਅਤੇ ਕਮਿਸ਼ਨ ਸਮੇਂ-ਸਮੇਂ ਤੇ ਕਾਇਮ ਕਰਕੇ ਇਨਸਾਫ਼ ਦੇਣ ਤੋਂ ਹੁਕਮਰਾਨਾਂ ਵੱਲੋਂ ਟਾਲਮਟੋਲ ਦੀ ਨੀਤੀ ਅਪਣਾਈ ਗਈ ਸੀ । ਜਿਨ੍ਹਾਂ ਵਿਚੋਂ ਕਿਸੇ ਵੀ ਕਮੇਟੀ ਜਾਂ ਕਮਿਸ਼ਨ ਨੇ ਸਿੱਖ ਕੌਮ ਦੇ ਕਾਤਲਾਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦੇਕੇ ਇਨਸਾਫ਼ ਨਹੀਂ ਦਿੱਤਾ ।"

    ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਪੰਜਾਬ ਦੀ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਕਾਤਲਾਂ ਦੇ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਲਈ ਇਕ ਵਾਰੀ ਫਿਰ ਨਵੀ ਸਿੱਟ ਬਣਾਉਣ ਦੇ ਐਲਾਨ ਨੂੰ ਭੰਬਲਭੂਸਾ ਪੈਦਾ ਕਰਨ ਵਾਲਾ ਕਰਾਰ ਦਿੰਦੇ ਹੋਏ ਅਤੇ ਸਰਕਾਰਾਂ ਤੇ ਹਕੂਮਤਾਂ ਵੱਲੋਂ ਸਿੱਖ ਕੌਮ ਨੂੰ ਸਹੀ ਸਮੇਂ ਤੇ ਸਹੀ ਦਿਸ਼ਾ ਵੱਲ ਇਨਸਾਫ਼ ਨਾ ਦੇਣ ਦੀਆਂ ਕਾਰਵਾਈਆ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬੀਆ ਤੇ ਸਿੱਖ ਕੌਮ ਨਾਲ ਸੈਂਟਰ ਦੇ ਅਤੇ ਪੰਜਾਬ ਦੇ ਹੁਕਮਰਾਨਾਂ ਵੱਲੋਂ ਲੰਮੇ ਸਮੇਂ ਤੋਂ ਹਰ ਖੇਤਰ ਵਿਚ ਬੇਇਨਸਾਫ਼ੀਆਂ, ਜ਼ਬਰ-ਜੁਲਮ ਹੁੰਦੇ ਆ ਰਹੇ ਹਨ । ਕਿਸੇ ਵੀ ਮੁੱਦੇ ਉਤੇ ਅੱਜ ਤੱਕ ਹੁਕਮਰਾਨਾਂ, ਅਦਾਲਤਾਂ ਨੇ ਸਿੱਖ ਕੌਮ ਨੂੰ ਇਨਸਾਫ਼ ਨਹੀਂ ਦਿੱਤਾ । ਬਲਕਿ ਦਰ-ਬ-ਦਰ ਕਮਿਸ਼ਨ ਅਤੇ ਕਮੇਟੀਆ ਬਣਾਕੇ, ਇਨਸਾਫ਼ ਦੇਣ ਤੋਂ ਭੱਜਣ, ਸਿੱਖ ਕੌਮ ਵਿਚ ਭੰਬਲਭੂਸਾ ਪੈਦਾ ਕਰਨ ਦੀਆਂ ਦੁੱਖਦਾਇਕ ਕਾਰਵਾਈਆ ਹੀ ਹੁੰਦੀਆ ਆ ਰਹੀਆ ਹਨ । ਜਿਸ ਉਤੇ ਸਿੱਖ ਕੌਮ ਵਿਚ ਅੱਜ ਵੀ ਵੱਡਾ ਰੋਹ ਹੈ ਅਤੇ ਉਹ ਤੁਰੰਤ ਇਨ੍ਹਾਂ ਗੰਭੀਰ ਮਸਲਿਆ ਉਤੇ ਦੋਸ਼ੀਆਂ, ਕਾਤਲਾਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦੇਣ ਦੀ ਮੰਗ ਕਰਦੀ ਹੈ, ਨਾ ਕਿ ਹਕੂਮਤੀ ਟਾਲਮਟੋਲ ਦੀਆਂ ਕਾਰਵਾਈਆ ਹੋਣੀਆ ਚਾਹੀਦੀਆ ਹਨ ।

    ਸ. ਮਾਨ ਨੇ ਇਸ ਗੱਲ ਤੇ ਵੀ ਡੂੰਘਾਂ ਦੁੱਖ ਪ੍ਰਗਟ ਕੀਤਾ ਕਿ ਨਵੀ ਸਿੱਟ ਦਾ ਐਲਾਨ ਹੋਣ ਦੇ ਭੰਬਲਭੂਸੇ ਵਾਲੇ ਹਕੂਮਤੀ ਪ੍ਰੋਗਰਾਮ ਉਤੇ ਵੀ ਸਿੱਖੀ ਸੰਸਥਾਵਾਂ, ਸੰਗਠਨਾਂ, ਤਖ਼ਤਾਂ ਦੇ ਜਥੇਦਾਰਾਂ, ਟਕਸਾਲਾ, ਐਸ.ਜੀ.ਪੀ.ਸੀ, ਪੀ.ਐਸ.ਜੀ.ਪੀ.ਸੀ, ਡੀ.ਐਸ.ਜੀ.ਐਮ.ਸੀ, ਤਖ਼ਤ ਸ੍ਰੀ ਪਟਨਾ ਸਾਹਿਬ, ਹਜ਼ੂਰ ਸਾਹਿਬ ਕਮੇਟੀਆ ਅਤੇ ਸਿੱਖ ਸਖਸ਼ੀਅਤਾਂ ਵੱਲੋਂ ਵੀ ਆਪਣੀ ਕੌਮੀ ਜ਼ਿੰਮੇਵਾਰੀ ਨੂੰ ਨਹੀਂ ਨਿਭਾਇਆ ਗਿਆ । ਉਨ੍ਹਾਂ ਉਪਰੋਕਤ ਸਭ ਜਥੇਬੰਦੀਆ, ਸੰਗਠਨਾਂ, ਸਿੱਖ ਕੌਮ, ਮਹਾਪੁਰਖਾ ਆਦਿ ਸਭਨਾਂ ਨੂੰ ਖੁੱਲ੍ਹੇ ਰੂਪ ਵਿਚ ਜੋਰਦਾਰ ਅਪੀਲ ਕੀਤੀ ਕਿ ਉਹ 01 ਜੂਨ 2021 ਨੂੰ ਬਰਗਾੜੀ ਵਿਖੇ ਹੋਣ ਵਾਲੀ ਸਮੂਹਿਕ ਅਰਦਾਸ ਵਿਚ ਸਾਮਿਲ ਹੋ ਕੇ ਆਪਣੇ ਵਿਚਾਰਾਂ ਰਾਹੀ ਯੋਗਦਾਨ ਪਾਉਣ ।