MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਲੋਕ ਸੰਜੀਦਾ ਨਾ ਹੋਣ ਕਰਕੇ ਕੋਰੋਨਾ ਵਧਿਆ - ਗੁਰਦੀਸ਼ ਪਾਲ ਕੌਰ ਬਾਜਵਾ

ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਨੇ ਜੋ ਤਬਾਹੀ ਮਚਾਈ ਹੈ ਉਸ ਲਈ ਜਿਥੇ ਸਰਕਾਰਾਂ ਜ਼ਿੰਮੇਵਾਰ ਹਨ ਉਥੇ ਆਮ ਲੋਕ ਵੀ ਇਸ ਦੇ ਵੱਧਣ ਲਈ ਜ਼ਿੰਮੇਵਾਰ ਹਨ। ਕੋਰੋਨਾ ਕੇਸਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਇਸਦੇ ਨਾਲ ਹੀ ਸਰਕਾਰ ਦੀ ਚਿੰਤਾ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ, ਲੋਕ ਜ਼ਿੰਮੇਵਾਰੀ ਨਹੀਂ ਸਮਝ ਰਹੇ। ਪਿਛਲੇ ਸਾਲ ਨਾਲੋਂ, ਹੁਣ ਫਰਕ ਹੈ ਕਿ ਪਹਿਲਾਂ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਬਾਰੇ, ਇਸਦੇ ਕੰਡਿਆਲੇ ਸਰੂਪ ਬਾਰੇ, ਇਸਦੇ ਭਿਆਨਕ ਰੁੱਕ ਬਾਰੇ ਯਕੀਨ ਹੋਣ ਲੱਗਿਆ ਸੀ ਜਾਂ ਪੁਲਿਸ-ਪ੍ਰਸ਼ਾਸ਼ਨ ਅਤੇ ਮੀਡੀਆ ਨੇ ਰਲ ਕੇ, ਯਕੀਨ ਕਰਵਾ ਦਿੱਤਾ ਸੀ। ਹੁਣ ਇਹ ਹੈ ਕਿ ਲੋਕ ਪੂਰੀ ਤਰ੍ਹਾਂ ਨਾਲ ਭੈਅ ਮੁਕਤ ਤਾਂ ਨਹੀਂ ਹੋਏ ਦਿਸ ਰਹੇ, ਪਰ ਭੰਬਲਭੂਸੇ ਵਿੱਚ ਜ਼ਰੂਰ ਹਨ, ਇਕ ਕਸ਼ਮਕਸ਼ ਹੈ। ਸਰਕਾਰ ਭਾਂਵੇ ਹਦਾਇਤਾਂ ਦੇ ਰਹੀ ਹੈ, ਮੰਨ ਵੀ ਰਹੇ ਹਨ ਜਾਂ ਮੰਨਣੀਆਂ ਪੈ ਰਹੀਆਂ ਹਨ, ਪਰ ਉਨ੍ਹਾਂ ਦੀ ਸਵੀਕਾਰਤਾ ਮਨੋਂ ਨਹੀਂ ਹੈ। ਦਰਅਸਲ ਇਹ ਵੀ ਨਹੀਂ ਕਿ ਲੋਕਾਂ ਨੂੰ ਆਪਣੀ ਸਿਹਤ ਦਾ ਫਿਕਰ ਨਹੀਂ ਹੈ। ਉਨ੍ਹਾਂ ਨੂੰ ਆਪਣਾ ਫਿਕਰ, ਸਰਕਾਰ ਦੇ ਫਿਕਰ ਨਾਲੋਂ ਵੱਧ ਹੈ, ਲੋਕ ਸੱਚ ਜਾਨਣਾ ਚਾਹੁੰਦੇ ਹਨ। ਲੋਕ ਭਿਆਨਕ ਤੱਥਾਂ ਨੂੰ ਮੰਨਣ ਲਈ ਵੀ ਤਿਆਰ ਹਨ, ਪਰ ਇਨ੍ਹਾਂ ਤੱਥਾਂ ਨੂੰ ਪੇਸ਼ ਕਰਨ ਵਿੱਚ ਸਰਕਾਰ ਹਿਚਕਿਚਾਹਟ ਦਿਖਾ ਰਹੀ ਹੈ। ਇਹ ਨਹੀਂ ਹੈ ਕਿ ਸਰਕਾਰ ਕੋਲ ਸੱਚੀ ਤਸਵੀਰ ਨਹੀਂ ਹੈ ਜਾਂ ਉਹ ਉਸ ਦਾ ਵਿਗਿਆਨਕ ਵਿਸ਼ਲੇਸ਼ਣ ਕਰਨਾ ਨਹੀਂ ਜਾਣਦੇ, ਪਰ ਜੋ ਪਤਾ ਵੀ ਹੈ, ਉਨਹਾਂ ਨੂੰ ਦੱਸਣ, ਪੇਸ਼ ਕਰਨ ਦਾ ਅੰਦਾਜ਼ ਕੁਝ ਅਜਿਹਾ ਹੈ ਕਿ ਲੋਕ ਡਰੇ ਰਹਿਣ ਅਤੇ ਇਸਦੇ ਸਾਏ ਹੇਠ ਉਹ ਵਿਰੋਧ ਕਰਨ ਦੇ ਤਰੀਕਿਆਂ ਅਤੇ ਆਵਾਜ਼ਾਂ ਨੂੰ ਦਬਾ ਸਕਣ ਜਾਂ ਉਨ੍ਹਾਂ ਨੂੰ ਕੋਈ ਥਾਂ ਨਾ ਮਿਲੇ ਤੇ ਉਹ ਕਹਿਰ-ਕਹਿਰ ਦੇ ਸ਼ੋਰ ਵਿੱਚ ਦਬ ਜਾਣ। ਜਿਸ ਤਰ੍ਹਾਂ ਦੇ ਹਾਲਾਤ ਪਿਛਲੇ ਸਾਲ ਸਨ, ਉਸੇ ਤੋਂ ਹੁਣ ਵਧੇਰੇ ਗੰਭੀਰ ਹਨ। ਚਾਰ ਲੱਖ ਦੇ ਕਰੀਬ ਕੋਰੋਨਾ ਪਾਜਿਟਿਵ ਕੇਸ ਰੋਜ਼ ਆ ਰਹੇ ਹਨ। ਮੌਤਾਂ ਦੀ ਗਿਣਤੀ, ਪਾਜਿਟਿਵਟੀ ਰੇਟ ਵੀ ਦੱਸੇ ਜਾ ਰਹੇ ਹਨ। ਇਕ ਸੂਝਵਾਨ ਵਿਅਕਤੀ ਸਮਝ ਸਕਦਾ ਹੈ ਕਿ ਕੇਸ ਜ਼ਰੂਰ ਵੱਧ ਹਨ, ਪਰ ਮੌਤ ਦਰ ਕਾਫੀ ਘੱਟ ਹੈ ਤੇ ਉਸ ਮੌਤ ਦਰ ਦਾ ਅੱਗੋਂ ਵਿਸ਼ਲੇਸ਼ਣ ਨਹੀਂ ਹੈ ਕਿ ਉਹ ਪਹਿਲਾਂ ਕਿਸ-ਕਿਸ ਬਿਮਾਰੀ ਤੋਂ ਪੀੜਤ ਸਨ। ਸਥਿਤੀ ਦੇ ਡਰ ਨੂੰ ਬਰਕਰਾਰ ਰੱਖਣ ਲਈ ਨਵੇਂ ਸਟ੍ਰੇਨ ਦੀ ਗੱਲ ਕਹੀ ਜਾ ਰਹੀ ਹੈ। ਗੱਲ ਇਹ ਹੈ ਕਿ ਇਸੇ ਤਰ੍ਹਾਂ ਜਦੋਂ ਕੇਸ ਵਧੇ ਸੀ, ਅਸੀਂ ਆਈਸੋਲੇਸ਼ਨ, ਕੁਆਰੰਨਟੀਨ, ਕੋਵਿਡ ਹਸਪਤਾਲ, ਕੋਵਿਡ ਕੇਅਰ ਸੈਂਟਰ ਬਣਾਏ। ਹੌਲੀ-ਹੌਲੀ ਸਭ ਦੀ ਸਾਰਥਿਕਤਾ ਪਤਾ ਲੱਗੀ ਤੇ ਲੋਕਾਂ ਨੂੰ ਘਰੇ ਹੀ ਅਹਿਤੀਆਤ ਵਰਤਣ ਅਤੇ ਘਰੇ ਦੇ ਮੈਂਬਰਾਂ ਤੋਂ ਵੱਖਰਾ ਰਹਿਣ ਲਈ ਕਿਹਾ ਗਿਆ। ਹੁਣ ਫਿਰ ਦੁਹਾਈ ਦੇ ਰਹੇ ਹਾਂ, ਬੈਡ ਨਹੀਂ ਹਨ, ਆਕਸੀਜਨ ਦੀ ਕਮੀ, ਸਿਹਤ ਸਹੂਲਤਾਂ ਦੀ ਘਾਟ ਹੈ। ਸਵਾਲ ਹੈ ਕਿ ਬਿਮਾਰੀ ਨਾਲ ਨਜਿੱਠਣ ਲਈ, ਅਸੀਂ ਪਿਛਲੇ ਸਾਲ ਕੀ ਸਿੱਖਿਆ ਹੈ, ਕੀ ਸਬਕ ਲਿਆ ਹੈ? ਦੂਜੀ ਗੱਲ ਹੈ ਕਿ ਇਕ ਵਾਰ ਫਿਰ ਕੋਰੋਨਾ-ਕੋਰੋਨਾ, ਮੀਟਿੰਗਾਂ, ਚਰਚੇ, ਤਿਆਰੀਆਂ, ਜਿਲ੍ਹਾ ਪੱਧਰ ਤੋਂ ਲੈ ਕੇ ਉੱਚ ਅਧਿਕਾਰੀਆਂ ਤੱਕ ਮੀਟਿੰਗਾਂ ਦਾ ਦੌਰ ਚਲ ਰਿਹਾ ਹੈ। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਸਾਰੇ ਦੇਸ਼ ਵਿੱਚ ਇਕੋ ਹੀ ਬਿਮਾਰੀ ਹੋਵੇ, ਜਿਸ ਨਾਲ ਨਜਿੱਠਣਾ ਬਾਕੀ ਹੈ, ਬਾਕੀ ਸਾਰੀਆਂ ਬਿਮਾਰੀਆਂ ਤਾਂ ਸਾਡੇ ਕਾਬੂ ਹੇਠ ਹਨ। ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੇਸ਼ ਦੀ ਸਰਕਾਰ ਨੂੰ ਲੋਕਾਂ ਦੀ ਸਿਹਤ ਦੀ ਬਹੁਤ ਫਿਕਰ ਹੈ। ਸਰਕਾਰ ਦੀਆਂ ਕੋਸ਼ਿਸ਼ਾਂ ਤੋਂ ਲੱਗ ਰਿਹਾ ਕਿ ਦੇਸ਼ ਨਾ ਕੋਈ ਬੇਰੁਜ਼ਗਾਰੀ ਹੈ ਅਤੇ ਨਾ ਹੀ ਕੋਈ ਅਨਪੜ੍ਹ ਹੈ। ਦੇਸ਼ ਦੇ ਹਰ ਘਰ ਕੋਲ ਭਰ ਪੇਟ ਖਾਣ ਲਈ ਹੈ। ਬੱਸ ਦੇਸ਼ ਦੇ ਲੋਕ ਸਿਰਫ ਕੋਰੋਨਾ ਤੋਂ ਹੀ ਤੰਗ ਹਨ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਲੋਕ ਆਪਣੇ ਆਪਣੇ ਲਈ ਸੰਜੀਦਾ ਨਾ ਹੋਣ ਕਰਕੇ ਕੋਰੋਨਾ ਮਹਾਂਮਾਰੀ ਲਗਾਤਾਰ ਨੁਕਸਾਨ ਕਰ ਰਹੀ ਹੈ।