MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸ਼ਿਨਜਿਆਂਗ ਵਿੱਚ ਅੱਤਿਆਚਾਰਾਂ ਦੀ ਗਵਾਹੀ ਦੇ ਰਹੇ ਡਿੱਗਦੇ ਜਨਸੰਖਿਆ ਦੇ ਅੰਕੜੇ, ਆਬਾਦੀ ਵਿੱਚ 48% ਤਕ ਗਿਰਾਵਟ

ਬੀਜਿੰਗ 12 ਮਈ (ਮਪ) ਚੀਨ ਦੇ ਪੱਛਮੀ ਸੂਬੇ ਸ਼ਿਨਜਿਆਂਗ 'ਚ 2017 ਤੋਂ 2019 ਤਕ ਆਬਾਦੀ ਦੇ ਅੰਕੜਿਆਂ 'ਚ ਇਤਿਹਾਸਕ ਗਿਰਾਵਟ ਦਰਜ ਕੀਤੀ ਗਈ ਹੈ। ਇਸ ਸੂਬੇ 'ਚ ਲੱਖਾਂ ਦੀ ਗਿਣਤੀ 'ਚ ਰਹਿਣ ਵਾਲੇ ਉਈਗਰ ਮੁਸਲਮਾਨਾਂ 'ਤੇ ਚੀਨ ਲਗਾਤਾਰ ਜੁਲਮ ਢਾਹ ਰਿਹਾ ਹੈ। ਉਸ ਨੇ ਇੱਥੇ ਤਸੀਹੇ ਕੈਂਪ ਬਣਾਏ ਹੋਏ ਹਨ। ਇਸ ਇਲਾਕੇ ਦੀ ਆਬਾਦੀ ਦੇ ਅੰਕੜਿਆਂ ਦਾ ਡਿੱਗਣਾ ਇਸ ਗੱਲ ਦੀ ਪੁਖਤਾ ਗਵਾਹੀ ਦੇ ਰਹੇ ਹਨ। ਇਸ ਸਮੀਖਿਆ 'ਤੇ ਆਸਟ੍ਰੇਲੀਅਨ ਸਟ੍ਰੈਟੇਜੀ ਪਾਲਿਸੀ ਇੰਸਟੀਚਿਊਟ ਨੇ ਆਪਣੀ ਪੂਰੀ ਰਿਪੋਰਟ ਦਿੱਤੀ ਹੈ। ਰਿਪੋਰਟ ਮੁਤਾਬਕ ਸ਼ਿਨਜਿਆਂਗ 'ਚ ਰਹਿਣ ਵਾਲੇ ਉਈਗਰ ਮੁਸਲਮਾਨਾਂ, ਕਜ਼ਾਕੀ ਤੇ ਹੋਰ ਘੱਟ ਗਿਣਤੀ ਮੁਸਲਮਾਨਾਂ ਦੀ ਆਬਾਦੀ 'ਚ 48.74 ਫੀਸਦੀ ਦੀ ਗਿਰਾਵਟ ਦਰਜ ਆਈ ਹੈ। ਇਸ 'ਚ ਹਿਜਰਤ ਕਰਨ ਤੇ ਮਾਰ ਦਿੱਤੇ ਗਏ ਲੋਕਾਂ ਦੀ ਗਿਣਤੀ ਵੀ ਸ਼ਾਮਲ ਹੈ। ਇਹ ਹੀ ਨਹੀਂ ਜਨਮ ਦਰ 'ਚ ਵੀ 2017 ਤੇ 2018 'ਚ 43.7 ਫ਼ੀਸਦੀ ਦੀ ਕਮੀ ਆਈ ਹੈ। ਇਸ ਇਲਾਕੇ 'ਚ 71 ਸਾਲਾਂ 'ਚ ਏਨੀ ਗਿਰਾਵਟ ਇਨ੍ਹਾਂ ਹਾਲੀਆ ਸਾਲਾਂ 'ਚ ਨਹੀਂ ਦੇਖੀ ਗਈ। ਆਬਾਦੀ 'ਚ ਇਹ ਕਮੀ ਸੰਯੁਕਤ ਰਾਸ਼ਟਰ ਦੀ ਹੁਣ ਤਕ ਦੀ ਮਰਦਮਸ਼ੁਮਾਰੀ 'ਚ ਪਹਿਲੀ ਵਾਰੀ ਦੇਖੀ ਗਈ ਹੈ। ਅੰਕੜਿਆਂ 'ਚ ਏਨੀ ਗਿਰਵਾਟ ਸੀਰੀਆ ਦੀ ਖਾਨਾਜੰਗੀ ਤੇ ਰਵਾਂਡਾ ਤੇ ਕੰਬੋਡੀਆ ਦੇ ਕਤਲੇਆਮ 'ਚ ਵੀ ਨਹੀਂ ਆਈ ਸੀ। ਖੋਜਕਰਤਾ ਤੇ ਰਿਪੋਰਟ ਦੇ ਸਹਿ ਲੇਖਕ ਨਾਥਨ ਰੂਸਰ ਦਾ ਕਹਿਣਾ ਹੈ ਕਿ ਆਬਾਦੀ 'ਚ ਗਿਰਾਵਟ ਭਾਰੀ ਹੈ। ਇਸ ਨਾਲ ਇਹ ਅਹਿਸਾਸ ਹੁੰਦਾ ਹੈ ਕਿ ਸ਼ਿਨਜਿਆਂਗ 'ਚ ਕਿੰਨੇ ਵੱਡੇ ਪੱਧਰ 'ਤੇ ਆਬਾਦੀ ਘੱਟ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਅਧਿਕਾਰੀ ਕਿਸ ਤਰ੍ਹਾਂ ਨਾਲ ਇੱਥੇ ਰੋਕ ਲਾ ਰਹੇ ਹਨ। ਇਸ ਰਿਪੋਰਟ 'ਚ ਜਰਮਨ ਖੋਜਕਰਤਾ ਏਡਰੀਅਨ ਜੇਂਜ ਦੀ ਪਿਛਲੇ ਸਾਲ ਦੀ ਉਸ ਰਿਪੋਰਟ ਦੀ ਵੀ ਪੁਸ਼ਟੀ ਹੁੰਦੀ ਹੈ ਕਿ ਚੀਨ ਯੋਜਨਾਬੱਧ ਤਰੀਕੇ ਨਾਲ ਸ਼ਿਨਜਿਆਂਗ 'ਚ ਜਨਮ ਦਰ ਘੱਟ ਕਰਨ ਲਈ ਗਰਭਪਾਤ ਤੇ ਬੱਚੇ ਪੈਦਾ ਕਰਨ 'ਤੇ ਤਸੀਹੇ ਤੇ ਜੁਰਮਾਨਾ ਵਰਗੀ ਕਾਰਵਾਈ ਕਰ ਰਿਹਾ ਹੈ। ਰਿਪੋਰਟ 'ਤੇ ਚੀਨ ਦੀ ਸਰਕਾਰ ਤੇ ਵਿਦੇਸ਼ ਮੰਤਰਾਲੇ ਨੇ ਫੌਰੀ ਕੋਈ ਟਿੱਪਣੀ ਨਹੀਂ ਕੀਤੀ।