MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਰੱਖਿਆ ਸਹਿਯੋਗ ਵਧਾਉਣਗੀਆਂ ਭਾਰਤ ਤੇ ਅਮਰੀਕਾ ਦੀਆਂ ਫ਼ੌਜਾਂ, ਮਹਾਮਾਰੀ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣ ਤੇ ਵੀ ਚਰਚਾ

ਨਵੀਂ ਦਿੱਲੀ   12 ਮਈ (ਮਪ) ਫ਼ੌਜ ਮੁਖੀ ਜਨਰਲ ਐੱਮਐੱਮ ਨਰਵਾਣੇ ਨੇ ਆਪਣੇ ਅਮਰੀਕੀ ਹਮਰੁਤਬਾ ਜਨਰਲ ਜੇਮਸ ਸੀ ਮੈਕੋਨਵਿਲੇ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ। ਦੋਵਾਂ ਵਿਚਾਲੇ ਚਰਚਾ ਦੁਵੱਲੇ ਫ਼ੌਜੀ ਸਬੰਧਾਂ ਵਿਚ ਮਜ਼ਬੂਤੀ ਅਤੇ ਕੋਰੋਨਾ ਮਹਾਮਾਰੀ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣ 'ਤੇ ਕੇਂਦਰਤ ਰਹੀ। ਅਧਿਕਾਰੀਆਂ ਨੇ ਦੱਸਿਆ ਕਿ ਨਰਵਾਣੇ ਤੇ ਮੈਕੋਨਵਿਲੇ ਨੇ ਉਭਰਦੇ ਖੇਤਰੀ ਸੁਰੱਖਿਆ ਦੇ ਹਾਲਾਤ ਦੇ ਮੱਦੇਨਜ਼ਰ ਦੋਵਾਂ ਫ਼ੌਜਾਂ ਵਿਚਾਲੇ ਸਹਿਯੋਗ ਵਧਾਉਣ ਦੇ ਤੌਰ-ਤਰੀਕਿਆਂ 'ਤੇ ਗੱਲਬਾਤ ਕੀਤੀ। ਉਨ੍ਹਾਂ ਕੋਰੋਨਾ ਮਹਾਮਾਰੀ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣ 'ਤੇ ਵੀ ਚਰਚਾ ਕੀਤੀ। ਭਾਰਤੀ ਫ਼ੌਜ ਨੇ ਇਕ ਟਵੀਟ ਵਿਚ ਕਿਹਾ, ਫ਼ੌਜ ਮੁਖੀ ਜਨਰਲ ਐੱਮਐੱਮ ਨਰਵਾਣੇ ਨੇ ਅਮਰੀਕੀ ਫ਼ੌਜ ਮੁਖੀ ਜਨਰਲ ਜੇਮਸ ਸੀ ਮੈਕੋਨਵਿਲੇ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ ਅਤੇ ਦੁਵੱਲੇ ਰੱਖਿਆ ਸਹਿਯੋਗ ਦੇ ਮੁੱਦਿਆਂ 'ਤੇ ਚਰਚਾ ਕੀਤੀ। ਭਾਰਤ ਤੇ ਅਮਰੀਕਾ ਵਿਚਾਲੇ ਫ਼ੌਜੀ ਸਬੰਧਾਂ ਵਿਚ ਪਿਛਲੇ ਕੁਝ ਸਾਲਾਂ ਵਿਚ ਕਾਫ਼ੀ ਤਰੱਕੀ ਹੋਈ ਹੈ। ਪਿਛਲੇ ਸਾਲ ਅਕਤੂਬਰ 'ਚ ਭਾਰਤ ਤੇ ਅਮਰੀਕਾ ਨੇ ਬੇਕਾ (ਬੁਨਿਆਦੀ ਐਕਸਚੇਂਜ ਤੇ ਸਹਿਯੋਗ ਸਮਝੌਤਾ) 'ਤੇ ਦਸਤਖ਼ਤ ਕੀਤੇ ਸਨ। ਇਸ ਦਾ ਮਕਸਦ ਦੁਵੱਲੇ ਰੱਖਿਆ ਸਬੰਧਾਂ ਨੂੰ ਵਧਾਉਣਾ ਸੀ। ਇਹ ਸਮਝੌਤਾ ਦੋਵੇਂ ਦੇਸ਼ਾਂ ਵਿਚਾਲੇ ਉੱਚ ਫ਼ੌਜੀ ਤਕਨੀਕ, ਰਸਦ ਅਤੇ ਭੂ-ਸਥਾਨਕ ਨਕਸ਼ੇ ਸਾਂਝੇ ਕਰਨ ਲਈ ਮੌਕੇ ਪ੍ਰਦਾਨ ਕਰਦਾ ਹੈ। ਇਸ ਨਾਲ ਦੋ ਸਾਲ ਪਹਿਲਾਂ ਦੋਵੇਂ ਦੇਸ਼ਾਂ ਨੇ ਸੰਚਾਰ ਅਨੁਕੂਲਤਾ ਅਤੇ ਸੁਰੱਖਿਆ ਸਮਝੌਤੇ 'ਤੇ ਦਸਤਖ਼ਤ ਕੀਤੇ ਸਨ। ਇਸ ਸਮਝੌਤੇ ਨਾਲ ਭਾਰਤ ਲਈ ਅਮਰੀਕਾ ਤੋਂ ਉੱਚ ਤਕਨੀਕ ਵਾਲੇ ਹਥਿਆਰ ਖ਼ਰੀਦਣ ਦਾ ਰਾਹ ਸਾਫ਼ ਹੋਇਆ ਸੀ। ਏਨਾ ਹੀ ਨਹੀਂ, ਜੂਨ 2016 ਵਿਚ ਅਮਰੀਕਾ ਨੇ ਭਾਰਤ ਨੂੰ ਆਪਣੇ ਵੱਡੇ ਰੱਖਿਆ ਭਾਈਵਾਲ ਦਾ ਦਰਜਾ ਦਿੱਤਾ ਸੀ। ਇਸ ਤਹਿਤ ਅਮਰੀਕਾ ਭਾਰਤ ਨਾਲ ਉਸੇ ਤਰ੍ਹਾਂ ਦਾ ਕਾਰੋਬਾਰ ਕਰ ਸਕਦਾ ਸੀ, ਜਿਹੋ ਜਿਹਾ ਉਹ ਆਪਣੇ ਕਰੀਬੀ ਭਾਈਵਾਲਾਂ ਨਾਲ ਕਰਦਾ ਹੈ।