MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਯੂਕੇ: ਐੱਨ ਐੱਚ ਐੱਸ ਨੂੰ ਇਸ ਕੰਮ ਲਈ ਮਿਲਣਗੇ 160 ਮਿਲੀਅਨ ਪੌਂਡ

ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਹਸਪਤਾਲਾਂ ਵਿੱਚ ਕੋਰੋਨਾ ਮਰੀਜਾਂ ਦੀ ਭੀੜ ਅਤੇ ਇਲਾਜ ਕਰਕੇ ਪੈਦਾ ਹੋਏ ਇਲਾਜਾਂ ਦੇ ਵੱਡੇ ਬੈਕਲਾਗ ਨਾਲ ਨਜਿੱਠਣ ਅਤੇ ਬਿਮਾਰੀਆਂ ਦੀ ਪਛਾਣ ਕਰਨ ਲਈ ਸਰਕਾਰ ਦੁਆਰਾ ਐੱਨ ਐੱਚ ਐੱਸ ਨੂੰ 160 ਮਿਲੀਅਨ ਪੌਂਡ ਦਿੱਤੇ ਜਾਣਗੇ। ਇਸ ਕਦਮ ਨਾਲ ਹਜ਼ਾਰਾਂ ਮਰੀਜ਼ਾਂ ਨੂੰ ਡਾਇਗਨੌਸਟਿਕ ਟੈਸਟਾਂ ਅਤੇ ਸਰਜਰੀ ਲਈ ਤੇਜ਼ੀ ਨਾਲ ਸਹੂਲਤ ਮਿਲੇਗੀ। ਹਸਪਤਾਲ ਇਸ ਪੈਸੇ ਦੀ ਵਰਤੋਂ ਮੋਬਾਈਲ ਸੀਟੀ ਅਤੇ ਐਮ ਆਰ ਆਈ ਸਕੈਨ ਕਰਨ ਵਾਲੇ ਉਪਕਰਣਾਂ ਲਈ ਕਰਨਗੇ। ਇਸਦੇ ਨਾਲ ਹੀ ਸ਼ਾਮ ਦੇ ਸਮੇਂ ਅਤੇ ਹਫਤੇ ਦੇ ਅਖੀਰ ਵਿੱਚ ਵਾਧੂ ਸਰਜਰੀ ਕਰਨ ਦੇ ਨਾਲ ਵਰਚੁਅਲ ਵਾਰਡਾਂ ਵਿੱਚ ਮਰੀਜ਼ਾਂ ਦੀ ਦੇਖ-ਭਾਲ ਕੀਤੀ ਜਾਵੇਗੀ। ਇਸ ਕਦਮ ਦਾ ਉਦੇਸ਼ ਹਸਪਤਾਲਾਂ ਵਿੱਚ ਇਲਾਜ ਲਈ ਮਰੀਜ਼ਾਂ ਦੇ ਇੰਤਜ਼ਾਰ ਸਮੇਂ ਨੂੰ ਘਟਾਉਣਾ ਹੈ। ਐੱਨ ਐੱਚ ਐੱਸ ਇੰਗਲੈਂਡ ਨੇ ਦੇਸ਼ ਦੇ 12 ਹਿੱਸਿਆਂ ਵਿੱਚ ਇਕੱਠੇ ਕੰਮ ਕਰਨ ਵਾਲੇ ਐੱਨ ਐੱਚ ਐੱਸ ਟਰੱਸਟਾਂ ਦੇ ਸਮੂਹਾਂ ਨੂੰ “ਚੋਣਵੇਂ ਐਕਸਰਲੇਟਰ” ਵਜੋਂ ਨਾਮਜ਼ਦ ਕੀਤਾ ਹੈ ਅਤੇ ਹਰੇਕ ਨੂੰ 20 ਮਿਲੀਅਨ ਪੌਂਡ ਤੱਕ ਦਿੱਤਾ ਜਾਵੇਗਾ ਜੇਕਰ ਉਹ 20% ਵਧੇਰੇ ਯੋਜਨਾਬੱਧ ਗਤੀਵਿਧੀਆਂ ਜਿਵੇਂ ਕਿ ਡਾਇਗਨੌਸਟਿਕ ਟੈਸਟਾਂ, ਓਪਰੇਸ਼ਨਾਂ ਅਤੇ ਬਾਹਰੀ ਮਰੀਜ਼ਾਂ ਦੀਆਂ ਮਲਾਕਾਤਾਂ ਆਦਿ ਕਰਵਾਉਂਦੇ ਹਨ। ਵੀਰਵਾਰ ਦੇ ਐੱਨ ਐੱਚ ਐੱਸ ਇੰਗਲੈਂਡ ਦੇ ਮਹੀਨਾਵਾਰ ਕਾਰਗੁਜ਼ਾਰੀ ਦੇ ਅੰਕੜਿਆਂ ਅਨੁਸਾਰ ਇਲਾਜ ਦੀ ਉਡੀਕ ਸੂਚੀ ਵਿੱਚ ਸ਼ਾਮਿਲ ਲੋਕਾਂ ਦੀ ਕੁੱਲ ਸੰਖਿਆ 4.7 ਮਿਲੀਅਨ ਤੋਂ ਵੀ ਵੱਧ ਹੋਣ ਦੀ ਸੰਭਾਵਨਾ ਹੈ। ਇਹਨਾਂ ਵਿੱਚੋਂ ਕੁੱਝ ਪੈਸੇ ਪ੍ਰਾਈਵੇਟ ਹਸਪਤਾਲਾਂ ਨੂੰ ਉਨ੍ਹਾਂ ਮਰੀਜ਼ਾਂ ਦੇ ਇਲਾਜ ਲਈ ਅਦਾ ਕਰਨ ਲਈ ਵੀ ਵਰਤੇ ਜਾਣਗੇ ਜੋ ਐੱਨ ਐੱਚ ਐੱਸ ਦੇ ਇਲਾਜ ਲਈ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ ਜਾਂ ਜੋ ਜਿਆਦਾ ਗੰਭੀਰ ਹਨ।