MediaPunjab - ਸੁੰਜਵਾਂ ਇਲਾਕੇ ਵਿੱਚ ਫੌਜੀ ਕੈਂਪ ’ਤੇ ਹਮਲੇ ਦੇ ਦੋ ਦਿਨ ਮਗਰੋਂ ਸੀਆਰਪੀਐਫ ਕੈਂਪ ’ਤੇ ਹਮਲਾ ਨਾਕਾਮ
MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸੁੰਜਵਾਂ ਇਲਾਕੇ ਵਿੱਚ ਫੌਜੀ ਕੈਂਪ ’ਤੇ ਹਮਲੇ ਦੇ ਦੋ ਦਿਨ ਮਗਰੋਂ ਸੀਆਰਪੀਐਫ ਕੈਂਪ ’ਤੇ ਹਮਲਾ ਨਾਕਾਮ

ਜੰਮੂ/ਸ੍ਰੀਨਗਰ, 12 ਫਰਵਰੀ (ਮਪ) ਜੰਮੂ ਦੇ ਸੁੰਜਵਾਂ ਇਲਾਕੇ ਵਿੱਚ ਫੌਜੀ ਕੈਂਪ ’ਤੇ ਹਮਲੇ ਦੇ ਦੋ ਦਿਨ ਮਗਰੋਂ ਅੱਜ ਸ੍ਰੀਨਗਰ ਦੇ ਕਰਨ ਨਗਰ ਇਲਾਕੇ ਵਿੱਚ ਅਤਿਵਾਦੀਆਂ ਨੇ ਸੀਆਰਪੀਐਫ ਕੈਂਪ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਸਲਾਮਤੀ ਦਸਤਿਆਂ ਨੇ ਨਾਕਾਮ ਕਰ ਦਿੱਤਾ। ਮਗਰੋਂ ਸੁਰੱਖਿਆ ਬਲਾਂ ਤੇ ਦਹਿਸ਼ਤਗਰਦਾਂ ਵਿਚਾਲੇ ਹੋਏ ਮੁਕਾਬਲੇ ਵਿੱਚ ਨੀਮ ਫੌਜ ਬਲ ਦਾ ਇਕ ਜਵਾਨ ਸ਼ਹੀਦ ਹੋ ਗਿਆ। ਲਸ਼ਕਰ-ਏ-ਤੋਇਬਾ ਨੇ ਇਸ ਹਮਲੇ ਦੀ ਜਿੰਮੇਵਾਰੀ ਲਈ ਹੈ। ਸੀਆਰਪੀਐਫ ਦੇ ਆਈਜੀ ਰਵੀਦੀਪ ਸਹਾਏ ਨੇ ਦੱਸਿਆ ਕਿ ਦੋ ਅਤਿਵਾਦੀਆਂ ਨੇ ਤੜਕੇ ਸਾਢੇ ਚਾਰ ਵਜੇ ਸੀਆਰਪੀਐਫ ਦੇ ਸਦਰਮੁਕਾਮ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਸ ਵਿੱਚ ਨਾਕਾਮ ਰਹਿਣ ਮਗਰੋਂ ਉਹ ਨੇੜਲੇ ਇਕ ਮਕਾਨ ਵਿੱਚ ਵੜ ਗਏ। ਇਥੇ ਰਹਿੰਦੇ ਪੰਜ ਪਰਿਵਾਰਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਤਿਵਾਦੀ ਸ੍ਰੀਨਗਰ ਵਿੱਚ ਹੋਈ ਸੱਜਰੀ ਬਰਫਬਾਰੀ ਦਾ ਲਾਹਾ ਲੈਣਾ ਚਾਹੁੰਦੇ ਸੀ। ਉਨ੍ਹਾਂ ਦੱਸਿਆ ਕਿ ਦੋ ਅਤਿਵਾਦੀ ਸੀਆਰਪੀਐਫ ਕੈਂਪ ਵੱਲ ਆ ਰਹੇ ਸੀ। ਉਨ੍ਹਾਂ ਕੋਲ ਇਕ ਬੈਗ ਤੇ ਏਕੇ 47 ਰਾਈਫਲਾਂ ਸਨ। ਫੌਜੀ ਜਵਾਨਾਂ ਨੇ ਉਨ੍ਹਾਂ ਨੂੰ ਦੇਖਦਿਆਂ ਹੀ ਗੋਲੀਆਂ ਚਲਾ ਦਿੱਤੀਆਂ ਜਿਸ ਮਗਰੋਂ ਦੋਵੇਂ ਅਤਿਵਾਦੀ ਉਥੋਂ ਭੱਜ ਗਏ। 23 ਕੋਰ ਦੇ ਸਦਰਮੁਕਾਮ ਤੋਂ ਕੁਝ ਦੂਰ ਖਾਲੀ ਪਏ ਮਕਾਨਾਂ ਕੋਲ ਸੁਰੱਖਿਆ ਬਲ ਪੁੱਜੇ ਤਾਂ ਅਤਿਵਾਦੀਆਂ ਨੇ ਉਨ੍ਹਾਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦੋਵਾਂ ਪਾਸਿਆਂ ਤੋਂ ਰੁਕ ਰੁਕ ਕੇ ਗੋਲੀਬਾਰੀ ਹੁੰਦੀ ਰਹੀ। ਇਸ ਦੌਰਾਨ ਪੱਥਰਬਾਜ਼ੀ ਕਰਨ ਵਾਲੇ ਨੌਜਵਾਨਾਂ ਨਾਲ ਵੀ ਸੁਰੱਖਿਆ ਬਲਾਂ ਦੀ ਝੜਪ ਹੋਈ।