MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਡਿਪਟੀ ਕਮਿਸ਼ਨਰ ਨੇ ਜਿਲ੍ਹੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਦੀ ਕਰਵਾਈ ਸ਼ੁਰੂਆਤ

ਜਿਲ੍ਹੇ ਦੇ ਪਿੰਡ ਭੱਟਮਾਜਰਾ ਦੇ ਕਿਸਾਨ ਹਰਮਿੰਦਰ ਸਿੰਘ ਦੇ ਖੇਤਾਂ ਵਿੱਚ ਕਰਵਾਈ ਝੋਨੇ ਦੀ ਸਿੱਧੀ ਬਿਜਾਈ

ਸਿੱਧੀ ਬਿਜਾਈ ਨਾਲ ਹੁੰਦੀ ਹੈ 20 ਤੋਂ 25 ਫੀਸਦੀ ਪਾਣੀ ਦੀ ਬੱਚਤ

ਫਤਹਿਗੜ੍ਹ ਸਾਹਿਬ, 10 ਜੂਨ  (ਹਰਪ੍ਰੀਤ ਕੌਰ ਟਿਵਾਣਾ   ) ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਕਿਸਾਨਾਂ ਨੂੰ ਪਾਣੀ ਦੀ ਬੱਚਤ ਕਰਨ ਲਈ, ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸਾਹਿਤ ਕਰਨ ਵਾਸਤੇ ਪੰਜਾਬ ਸਰਕਾਰ ਨੇ ਕਾਮਯਾਬ ਕਿਸਾਨ, ਖੁਸ਼ਹਾਲ ਪੰਜਾਬ ਦੇ ਨਾਂ ਤੇ ਕੰਪੇਅਨ ਚਲਾਈ ਹੈ। ਜਿਸ ਤਹਿਤ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੁਰਭੀ ਮਲਿਕ ਨੇ ਜਿਲ੍ਹਾ ਫਤਹਿਗੜ ਸਾਹਿਬ ਦੇ ਪਿੰਡ ਭੱਟਮਾਜਰਾ ਦੇ ਕਿਸਾਨ ਹਰਮਿੰਦਰ ਸਿੰਘ  ਦੇ ਖੇਤ ਵਿਚ ਝੋਨੇ ਦੀ ਸਿੱਧੀ ਬਿਜਾਈ  ਦੀ ਸੁਰੂਆਤ ਕਰਵਾਈ।

           ਡਿਪਟੀ ਕਮਿਸ਼ਨਰ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਵਿੱਚ 15 ਤੋਂ 20 ਫੀਸਦੀ ਪਾਣੀ ਦੀ ਬੱਚਤ ਵੀ ਹੁੰਦੀ ਹੈ। ਇਸਦੇ ਨਾਲ ਖੇਤ ਦੇ ਮਿੱਤਰ ਕਿੜਿਆਂ ਦੀ ਗਿਣਤੀ ਵੀ ਵੱਧਦੀ ਹੈ। ਝੋਨੇ ਦੀ ਸਿੱਧੀ ਬਿਜਾਈ ਨਾਲ ਸਪਰੇਆਂ ਵੀ ਘੱਟ ਹੰਦੀ ਹੈ ਤੇ ਬਿਮਾਰੀ ਵੀ ਘੱਟ ਲੱਗਦੀ ਹੈ। ਇਸ ਲਈ ਕਿਸਾਨ ਦੇ ਖੇਤੀ ਖਰਚੇ ਵੀ ਘੱਟ ਹੁੰਦੇ ਹਨ ਤੇ ਵਾਤਾਵਰਣ ਵੀ ਸਾਫ ਰਹਿੰਦਾ ਹੈ। ਉਨ੍ਹਾ ਕਿਸਾਨਾ ਨੂੰ ਅਪੀਲ ਕੀਤੀ ਕਿ ਉਹ ਸਿੱਧੀ ਬਿਜਾਈ ਨੂੰ ਤਰਜੀਹ ਦੇਣ ਜਿਸ ਨਾਲ ਪਾਣੀ ਦਾ ਪੱਧਰ ਵੀ ਹੇਠਾ ਨਹੀ ਜਾਵੇਗਾ ਤੇ ਜਮੀਨ ਦੀ ਉਪਜਾਉ ਸਕਤੀ ਵੀ ਬਣੀ ਰਹੇਗੀ।

ਇਸ ਮੌਕੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਜੁਆਇੰਟ ਡਾਇਰੈਕਟਰ ਡਾ ਬਲਦੇਵ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ 05 ਲੱਖ ਹੈਕਟੇਅਰ ਰਕਬਾ ਝੋਨੇ ਦੀ ਸਿੱਧੀ ਬਿਜਾਈ ਹੇਠ ਬਿਜਿਆ ਗਿਆ ਸੀ।  ਪਿਛਲੇ ਸਾਲ ਬੜੇ ਉਤਸ਼ਾਹਜਨਕ ਨਤੀਜੇ ਸਾਹਮਣੇ ਆਏ ਸਨ। ਸਿੱਧੀ ਬਿਜਾਈ ਵਾਲੇ ਝੋਨੇ ਦਾ ਝਾੜ ਕੱਦੂ ਕਰਕੇ ਲਗਾਏ ਝੋਨੇ ਦੇ ਬਰਾਬਰ ਜਾਂ ਇਸਤੋਂ ਵੱਧ ਰਿਹਾ ਸੀ।  ਇਸ ਲਈ ਇਸ ਵਾਰ ਵੀ ਕਿਸਾਨ ਬੜੇ ਵੱਡੇ ਪੱਧਰ ਤੇ ਇਸਨੂੰ ਅਪਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 02 ਲੱਖ ਹੈਕਟੇਅਰ ਏਰੀਆ ਪੰਜਾਬ ਵਿੱਚ ਸਿੱਧੀ ਬਿਜਾਈ ਰਾਹੀਂ ਲੱਗ ਚੁੱਕਿਆ ਹੈ।  ਉਨ੍ਹਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਉਹ ਝੋਨੇ ਨੂੰ ਕੱਦੂ ਕਰਕੇ ਲਗਾਉਣ ਦੀ ਬਜਾਏ ਸਿੱਧੀ ਬਿਜਾਈ ਨੂੰ ਤਰਜੀਹ ਦੇਣ ਤਾ ਜੋ ਪਾਣੀ ਦੀ ਬੱਚਤ ਵੀ ਕੀਤੀ ਜਾ ਸਕੇ ਅਤੇ ਪਾਣੀ ਦੇ ਹੇਠਾ ਡਿੱਗ ਰਹੇ ਪੱਧਰ ਨੂੰ ਵੀ ਬਚਾਇਆ ਜਾ ਸਕੇ।

ਇਸ ਮੌਕੇ ਖੇਤੀਬਾੜੀ ਅਫਸਰ ਡਾ ਹਰਕੀਤ ਸਿੰਘ, ਪ੍ਰੋਜੈਕਟ ਡਾਇਰੈਕਟਰ ਗੁਰਪ੍ਰੇਮ ਸਿੰਘ ਬੇਦੀ, ਡਿਪਟੀ ਪ੍ਰੋਜੈਕਟ ਡਾਇਰੈਕਟਰ ਜਤਿੰਦਰ ਸਿੰਘ, ਖੇਤੀਬਾੜੀ ਵਿਸਥਾਰ ਅਫਸਰ ਪ੍ਰਭੂਨਾਥ ਅਤੇ ਸਤਵਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਵੀ ਹਾਜਰ ਸਨ।