MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਮੁੱਖ ਮੰਤਰੀ ਆਨ ਲਾਈਨ ਮਿਲਣੀ ਦਾ ਕੱਚ ਸੱਚ :   ਸਿੱਖਿਆ ਸਕੱਤਰ ਦੀ ਫ਼ਰਜ਼ੀ ਅੰਕੜਿਆਂ ਦੀ ਖੇਡ ਨੂੰ ਅਧਿਆਪਕਾਂ ਨੇ ਨਕਾਰਿਆ : ਡੀ.ਟੀ.ਐਫ਼

 ਅਧਿਆਪਕਾਂ ਮਿਲਣੀਆਂ ਵਾਲਿਆਂ ਨੂੰ ਟੈਂਕੀਆਂ ਤੇ ਚੜ੍ਹੇ, ਸੜਕਾਂ ਤੇ ਰੁਲਦੇ ਬੇਰੁਜ਼ਗਾਰ ਅਧਿਆਪਕ ਨਹੀਂ ਦਿਸਦੇ : ਦਿੱਗਵਿਜੇ ਪਾਲ ਸ਼ਰਮਾ



ਪਟਿਆਲਾ, 10 ਜੂਨ (ਢਿੱਲੋਂ) - ਸਿੱਖਿਆ ਸਕੱਤਰ ਵੱਲੋਂ ਇਕੱਤਰ ਕੀਤੇ ਫਰਜ਼ੀ ਅੰਕੜਿਆਂ ਦੇ ਆਧਾਰ ਤੇ ਕੇਂਦਰ ਸਰਕਾਰ ਵੱਲੋਂ ਮਿਲੇ ਥਾਪੜੇ ਨੂੰ ਪ੍ਰਾਪਤੀਆਂ ਦਰਸਾ ਕੇ ਮੁੱਖ ਮੰਤਰੀ ਦੀ ਅਧਿਆਪਕਾਂ ਨਾਲ ਮਿਲਣੀ ਦਾ ਅੱਜ ਹੋਏ ਆਨ ਲਾਈਨ ਸਰਕਾਰੀ ਸ਼ੋਅ ਨੂੰ ਪੰਜਾਬ ਦੇ ਬਹਾਦਰ ਅਧਿਆਪਕਾਂ ਨੇ ਸ਼ੀਸ਼ਾ ਵਿਖਾਉਂਦਿਆਂ ਠੁੱਸ ਕੀਤਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਤੀਨਿਧ ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ ਤੇ ਸੂਬਾ ਸਕੱਤਰ ਸਰਵਣ ਸਿੰਘ ਔਜਲਾ ਨੇ ਆਖਿਆ ਕਿ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਦੀ ਅਗਵਾਈ ਵਿੱਚ ਕਰਵਾਏ ਗਏ ਤੈਅ ਸ਼ੁਦਾ ਰਾਜ ਪੱਧਰੀ ਆਨ ਲਾਈਨ ਪ੍ਰੋਗਰਾਮ ਵਿੱਚ ਸਿੱਖਿਆ ਵਿਭਾਗ ਦੇ ਦਾਅਵਿਆਂ ਨੂੰ ਪਸੰਦ ਦੇ ਮੁਕਾਬਲੇ ਨਾ ਪਸੰਦ ਕਰਨ ਵਾਲਿਆਂ ਦੀ ਦੁੱਗਣੀ ਗਿਣਤੀ  ਨੇ ਤਾਨਾਸ਼ਾਹ ਸਿੱਖਿਆ ਸਕੱਤਰ ਨੂੰ ਫ਼ਰਜ਼ੀ ਪ੍ਰਾਪਤੀਆਂ ਦਾ ਸ਼ੀਸ਼ਾ ਵਿਖਾਇਆ। ਪ੍ਰੋਗਰਾਮ ਦੌਰਾਨ ਜਤਾਏ ਜਾ ਰਹੇ ਰੋਸ ਨੂੰ ਵੇਖਦਿਆਂ ਸੰਚਾਲਕਾਂ ਨੂੰ ਪਸੰਦ/ਨਾ ਪਸੰਦ ਕਰਨ ਦੀ ਚੋਣ ਦੇਣੀ ਹੀ ਬੰਦ ਕਰਨੀ ਪਈ।ਅਧਿਆਪਕ ਆਗੂਆਂ ਨੇ ਇਸ ਪ੍ਰੋਗਰਾਮ ਨੂੰ ਫਰਜ਼ੀ ਅੰਕੜਿਆਂ ਰੂਪੀ ਫਹੁੜੀਆਂ ਸਹਾਰੇ ਪ੍ਰਾਪਤੀਆਂ ਦਰਸਾਉਣ ਦੀ ਸਰਕਾਰੀ ਖੇਡ ਦਸਦਿਆਂ ਸਪੱਸ਼ਟ ਕੀਤਾ ਕਿ ਅਧਿਆਪਕ ਜਥੇਬੰਦੀਆਂ ਨੂੰ ਵਾਰ ਵਾਰ ਮਿਲਣ ਦਾ ਸਮਾਂ ਦੇ ਕੇ ਮੁਕਰਨ ਵਾਲੀ ਸਰਕਾਰ ਦਾ ਮੁਖੀ ਲਾਈਨ  ਮਿਲਣੀਆਂ ਦੇ ਸਟੰਟ ਤੇ ਉੱਤਰ ਆਇਆ ਹੈ। ਸ਼ਾਇਦ ਰਾਜ ਸੱਤਾ ਦੇ ਗਰੂਰ ਵਿੱਚ ਮੁੱਖ ਮੰਤਰੀ ਨੂੰ  ਇਹ ਭੁੱਲ ਗਿਆ ਹੈ ਕਿ ਝੂਠ ਦੇ ਪੈਰ ਨਹੀਂ ਹੁੰਦੇ। ਸੂਬਾਈ ਅਧਿਆਪਕ ਆਗੂਆਂ ਕਰਨੈਲ ਸਿੰਘ ਚਿੱਟੀ, ਗੁਰਮੀਤ ਕੋਟਲੀ, ਜਸਵਿੰਦਰ ਸਿੰਘ ਬਠਿੰਡਾ ਤੇ ਬਲਵੀਰ ਚੰਦ ਲੌਂਗੋਵਾਲ ਨੇ ਆਖਿਆ ਕਿ ਇੱਕ ਪਾਸੇ ਮੁੱਖ ਮੰਤਰੀ ਆਨ ਲਾਈਨ ਅਧਿਆਪਕ ਮਿਲਣੀ ਦਾ ਨਾਟਕ ਕਰ ਰਿਹਾ ਹੈ ਪਰ ਉਸਨੂੰ ਆਪਣੇ ਜੱਦੀ ਸ਼ਹਿਰ ਮੀਟਿੰਗ ਲੈ ਕੇ ਮਿਲਣ ਜਾਂਦੇ ਬੇਰੁਜ਼ਗਾਰ ਅਧਿਆਪਕਾਂ ਤੇ ਪੁਲਿਸ ਵੱਲੋਂ ਕੀਤਾ ਤਸ਼ੱਦਦ ਨਹੀਂ ਦਿਸ ਰਿਹਾ। ਇਕਾਈ ਪਟਿਆਲਾ ਦੇ ਅਧਿਆਪਕ ਆਗੂ ਤਲਵਿੰਦਰ ਸਿੰਘ ਖਰੌੜ, ਮੈਡਮ ਸਨੇਹਦੀਪ, ਨਵਨੀਤ ਅਨਾਇਤਪੁਰੀ ਨੇ ਆਖਿਆ ਕਿ ਮੁੱਖ ਮੰਤਰੀ ਦੀ ਨਜ਼ਰ ਏਨੀ ਕਮਜ਼ੋਰ ਹੋ ਚੁੱਕੀ ਹੈ ਕਿ ਉਸਨੂੰ ਆਪਣੇ ਮਹਿਲਾਂ ਤੋਂ ਕੁੱਝ ਦੂਰੀ ਤੇ ਰੁਜ਼ਗਾਰ ਦਾ ਹੱਕ ਮੰਗਦੇ ਟਾਵਰਾਂ ਤੇ ਬੈਠੈ ਤੇ ਨਹਿਰਾਂ ਵਿੱਚ ਛਾਲਾਂ ਮਾਰਦੇ ਉੱਚ ਯੋਗਤਾ ਪ੍ਰਾਪਤ ਅਧਿਆਪਕ ਨਜ਼ਰ ਨਹੀਂ ਆਉਂਦੇ।
          ਅਧਿਆਪਕ ਆਗੂਆਂ ਨੇ ਮੁੱਖ ਮੰਤਰੀ ਨੂੰ ਅਸਲੀਅਤ ਦਰਸਾਉਂਦੀਆਂ ਆਖਿਆ ਕਿ ਬੇਰੁਜ਼ਗਾਰ ਅਧਿਆਪਕਾਂ ਤੋਂ ਰੁਜ਼ਗਾਰ ਦਾ ਹੱਕ ਖੋਹਣ, ਬੇਰੁਜ਼ਗਾਰਾਂ ਨੂੰ ਸੜਕਾਂ ਤੇ ਰੋਲਣ, ਆਧਿਆਪਕਾਂ ਦੀਆਂ ਡੀ. ਏ. ਦੀਆਂ ਕਿਸ਼ਤਾਂ ਦੱਬਣ, ਪੇ ਕਮਿਸ਼ਨ ਦੀ ਰਿਪੋਰਟ ਵਾਰ ਵਾਰ ਅੱਗੇ ਪਾਉਣ, ਸਰਕਾਰੀ ਸਕੂਲ ਸਿੱਖਿਆ ਦੇ ਮਿਆਰ ਨੂੰ ਮਿੱਟੀ ਘੱਟੇ ਚ ਰੋਲਣ, ਲ਼ੋਕ ਵਿਰੋਧੀ ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਨ,ਸਰਕਾਰੀ ਸਕੂਲਾਂ ਵਿੱਚੋਂ ਚੁੱਪ ਚੁਪੀਤੇ ਹਜ਼ਾਰਾਂ ਪੋਸਟਾਂ ਖ਼ਤਮ ਕਰਨ ਤੇ ਆਨ ਲਾਈਨ ਸਿੱਖਿਆ ਦੇ ਨਾਂ ਤੇ ਸਕੂਲਾਂ ਨੂੰ ਅਧਿਆਪਕ ਮੁਕਤ ਕਰਨ ਜਿਹੇ ਸਿੱਖਿਆ ਵਿਰੋਧੀ ਫੈਸਲਿਆਂ ਤੇ ਨੀਤੀਆਂ  ਤੁਹਾਡੀ ਸਰਕਾਰ ਦਾ ਅਧਿਆਪਕ ਵਰਗ ਨਾਲ ਕਮਾਇਆ ਧ੍ਰੋਹ ਹੈ ਜਿਸਦਾ ਜੁਆਬ ਜੁਆਬ ਆਨ ਲਾਈਨ ਨਹੀਂ ਲੋਕਾਂ ਸਾਹਵੇਂ ਮੰਗਿਆ ਜਾਵੇਗਾ।