MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਜੋਗਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਬੰਗਾ ਰੋਡ ਤੇ ਲਾਇਆ ਧਰਨਾ 

ਮੋਦੀ ਰਾਜ ਵਿਚ ਪੈਟ੍ਰੋਲ ਡੀਜਲ ਦੀਆਂ ਕੀਮਤਾਂ ‘ਚ ਹੋਇਆ ਰਿਕਾਰਡ ਇਜਾਫਾ - ਮਾਨ


ਫਗਵਾੜਾ 11 ਜੂਨ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨੇ ਸਥਾਨਕ ਬੰਗਾ ਰੋਡ ਸਤਿਥ ਕਿੰਨੜਾ ਫਿਲਿੰਗ ਸਟੇਸ਼ਨ ਵਿਖੇ ਡੀਜ਼ਲ ਅਤੇ ਪੈਟਰੋਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਦੇ ਰੋਸ ਵਜੋਂ ਮੋਦੀ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਦੇਸ਼ ਇਸ ਸਮੇਂ ਕੋਵਿਡ-19 ਕੋਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਨਾਲ ਲੜਾਈ ਲੜ ਰਿਹਾ ਹੈ। ਲਾਕਡਾਉਨ ਦੇ ਚਲਦਿਆਂ ਆਮ ਲੋਕ ਆਰਥਕ ਤੌਰ ਤੇ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ। ਬੇਰੁਜਗਾਰੀ ਦੀ ਮਾਰ ਨਾਲ ਵੀ ਜਨਤਾ ਆਰਥਕ ਤੰਗੀ ਦਾ ਸ਼ਿਕਾਰ ਹੈ ਪਰ ਇਸ ਸੰਕਟ ਦੀ ਘੜੀ ‘ਚ ਦੇਖਿਆ ਜਾਵੇ ਤਾਂ ਪਿਛਲੇ ਤੇਰ੍ਹਾਂ ਮਹੀਨਿਆਂ ਦਰਮਿਆਨ ਹੀ ਪੈਟਰੋਲ ਦੀ ਕੀਮਤ 27.72 ਰੁਪਏ ਅਤੇ ਡੀਜਲ ਦੀ ਕੀਮਤ 23.93 ਰੁਪਏ ਪ੍ਰਤੀ ਲੀਟਰ ਵਧਾਈ ਗਈ ਹੈ। ਜਿਸ ਦਾ ਅਸਰ ਰੋਜਾਨਾ ਵਰਤੋਂ ਦੀਆਂ ਸਾਰੀਆਂ ਚੀਜਾਂ ਦੀਆਂ ਕੀਮਤਾਂ ਤੇ ਪਿਆ ਹੈ ਅਤੇ ਮਹਿੰਗਾਈ ‘ਚ ਭਾਰੀ ਇਜਾਫਾ ਹੋਇਆ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਕੱਚੇ ਤੇਲ ਦੀ ਕੀਮਤ ਅੰਤਰਰਾਸ਼ਟਰੀ ਬਾਜਾਰ ਵਿਚ ਕਰੀਬ 70 ਡਾਲਰ ਪ੍ਰਤੀ ਬੈਰਲ ਹੋਣ ਦੇ ਬਾਵਜੂਦ ਪੈਟ੍ਰੋਲ 96 ਅਤੇ ਡੀਜਲ 88 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ ਜਦਕਿ ਮੋਦੀ ਸਰਕਾਰ ਤੋਂ ਪਹਿਲਾਂ ਜਦੋਂ ਦੇਸ਼ ਵਿਚ ਸ੍ਰ. ਮਨਮੋਹਨ ਸਿੰਘ ਦੀ ਸਰਕਾਰ ਸੀ ਤਾਂ ਉਸ ਸਮੇਂ ਅੰਤਰਰਾਸ਼ਟਰੀ ਬਾਜਾਰ ਵਿਚ ਕੱਚਾ ਤੇਲ 108 ਡਾਲਰ ਪ੍ਰਤੀ ਬੈਰਲ ਹੋਣ ਦੇ ਬਾਵਜੂਦ ਪੈਟਰੋਲ 71.51 ਰੁਪਏ ਤੇ ਡੀਜਲ 57.28 ਰੁਪਏ ਪ੍ਰਤੀ ਲੀਟਰ ਦੇ ਭਾਅ ਤੇ ਵਿਕ ਰਿਹਾ ਸੀ। ਇਸ ਤਰ੍ਹਾਂ ਮੋਦੀ ਸਰਕਾਰ ਲੋਕਾਂ ਦੀ ਜੇਬ ਤੇ ਡਾਕਾ ਮਾਰ ਰਹੀ ਹੈ। ਕਾਂਗਰਸ ਪਾਰਟੀ ਦੇਸ਼ ਦੀ ਜਨਤਾ ਨਾਲ ਅਜਿਹੀ ਧੱਕੇਸ਼ਾਹੀ ਹਰਗਿਜ ਬਰਦਾਸ਼ਤ ਨਹੀਂ ਕਰੇਗੀ। ਇਸ ਮੌਕੇ ਕਾਕਾ ਨਾਰੰਗ, ਸਾਧੂ ਰਾਮ ਪੀਪਾਰੰਗੀ, ਰਾਮ ਆਸਰਾ ਚੱਕ ਪ੍ਰੇਮਾ, ਕੇ.ਕੇ. ਸ਼ਰਮਾ, ਧਰਮਵੀਰ ਸੇਠੀ, ਗੁਰਪ੍ਰੀਤ ਕੌਰ ਜੰਡੂ, ਸਤਪਾਲ ਮੱਟੂ, ਡੋਗਲ ਮੱਲ, ਤੁਲਸੀ ਰਾਮ ਖੋਸਲਾ, ਇੰਦਰਜੀਤ ਕੁਮਾਰ, ਪਿੰਕੀ ਆਦਿ ਹਾਜਰ ਸਨ।