MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਜਾਂਚ ਨੂੰ ਪੂਰਾ ਸਹਿਯੋਗ ਦੇਵਾਂਗਾ - ਪ੍ਰਕਾਸ ਸਿੰਘ ਬਾਦਲ

ਚੰਡੀਗੜ੍ਹ, 14 ਜੂਨ (ਮਪ) ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ  ਪ੍ਰਕਾਸ਼ ਸਿੰਘ ਬਾਦਲ ਨੇ ਸਪਸ਼ਟ ਤੌਰ ’ਤੇ ਕਾਨੂੰਨ ਨਾਲ ਸਹਿਯੋਗ ਦੀ ਆਪਣੀ ਮਨਸ਼ਾ ਤੇ ਵਚਨਬੱਧਤਾ ਮੁੜ ਦੁਹਰਾਈ ਹੈ ਤੇ ਕਿਹਾ ਹੈ  ਕਿ ਉਹਨਾਂ ਨੁੰ ਨਿਆਂਪਾਲਿਕਾ ਵਿਚ ਪੂਰਾ ਵਿਸ਼ਵਾਸ ਹੈ।  ਸਿਹਤ ਠੀਕ ਨਾ ਹੋਣ ਕਾਰਨ ਉਹਨਾਂ ਨੇ ਐਸ ਆਈ ਟੀ ਪੇਸ਼ੀ ਲਈ ਨਵੀਂ ਤਾਰੀਕ ਤੈਅ ਕਰਨ ਲਈ ਆਖਿਆ ਕਿਉਂਕਿ ਉਹਨਾਂ ਨੂੰ ਡਾਕਟਰਾਂ ਨੇ 10 ਦਿਨਾਂ ਲਈ ਪੂਰਾ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਉਹਨਾਂ ਕਿਹਾ ਕਿ ਜਿਵੇਂ ਹੀ ਮੇਰੀ ਸਿਹਤ ਠੀਕ ਹੁੰਦੀ ਹੈ ਤਾਂ ਉਹ ਕਾਨੂੰਨ ਮੁਤਾਬਕ ਆਪਣੀ ਰਿਹਾਇਸ਼ ਫਲੈਟ ਨੰਬਰ 37, ਸੈਕਟਰ 4 ਚੰਡੀਗੜ੍ਹ ਵਿਖੇ ਜਾਂਚ ਵਿਚ ਸ਼ਾਮਲ ਹੋਣ ਲਈ ਹਾਜ਼ਰ ਰਹਿਣਗੇ।
ਬਾਦਲ ਨੇ ਆਸ ਪ੍ਰਗਟ ਕੀਤੀ ਕਿ ਇਹ ਐਸ ਆਈ ਟੀ ਪਹਿਲੀ ਐਸ ਆਈ ਦੇ ਉਲਟ ਕਾਨੂੰਨ ਦਾ ਸਨਮਾਨ ਕਰੇਗੀ ਅਤੇ ਇਕ ਨਿਰਪੱਖ ਜਾਂਚ ਕਰੇਗੀ ਤੇ ਸੱਤਾਧਾਰੀ ਪਾਰਟੀ ਦੇ ਸਿਆਸੀ ਦਖਲ ਅੱਗੇ ਗੋਡੇ ਨਹੀਂ ਟੇਕੇਗੀ ਕਿਉਂਕਿ ਸਰਕਾਰ ਆਪਣੇ ਸੌੜੇ ਸਿਆਸੀ ਹਿੱਤਾਂ ਵਾਸਤੇ ਕਾਨੂੰਨ ਨੂੰ ਛਿੱਕੇ ਟੰਗ ਰਹੀ ਹੈ।
ਪਿਛਲੀ ਸਰਕਾਰ ਵੇਲੇ ਕੋਟਕਪੁਰਾ ਹੋਈਆਂ ਘਟਨਾਵਾਂ ਦੀ ਜਾਂਚ ਕਰ ਰਹੀ ਐਸ ਆਈ ਟੀ ਵੱਲੋਂ ਪ੍ਰਾਪਤ ਹੋਏ ਸੰਮਨਾਂ ਦਾ ਦੋ ਸਫਿਆਂ ਦਾ ਜਵਾਬ ਦਿੰਦਿਆਂ ਬਾਦਲ ਨੇ ਕਿਹਾ ਕਿ ਅੱਜ ਤੱਕ ਸਿਆਸੀ ਦਖਲ ਕਾਰਨ ਜਾਂਚ ਦੀ ਸਾਰੀ ਪ੍ਰਕਿਰਿਆ ਨਾਲ ਮਜ਼ਾਕ ਕੀਤਾ ਗਿਆ ਹੈ ਤੇ ਇਸਦਾ ਮਕਸਦ ਸਿਆਸੀ ਬਦਲਾਖੋਰੀ ਸੀ ਜਿਸ ਕਾਰਨ ਜਾਂਚ ਦੀ ਨਿਰਪੱਖਤਾ ’ਤੇ  ਕਿਸੇ ਨੁੰ ਭਰੋਸਾ ਨਹੀਂ ਰਿਹਾ।  ਉਹਨਾਂ ਕਿਹਾ ਕਿ ਇਸਸਭ ਦੇ ਬਾਵਜੂਦ ਉਹ ਜਾਂਚ ਪ੍ਰਕਿਰਿਆ ਵਿਚ ਪੂਰਾ ਸਹਿਯੋਗ ਕਰਨਗੇ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਐਸ ਆਈਟੀ ਤਾਂ ਵਜੂਦ ਵਿਚ ਹੀ  ਪਿਛਲੀ ਐਸ ਆਈ ਟੀ ਦੇ ਨੰਗੇ ਚਿੱਟੇ ਸਿਆਸੀਕਰਨ ਕਾਰਨ ਆਈ ਹੈ।  ਬਾਦਲ ਨੇ ਪਿਛਲੀ ਐਸ ਆਈ ਟੀ ਦੇ  ਨੰਗੇ ਚਿੱਟੇ ਸਿਆਸੀ ਵਤੀਰੇ ਦੀ ਨਿਖੇਧੀ ਕੀਤੀ ਜਿਸਕਾਰਨ ਸਾਰੀ ਜਾਂਚ ਪ੍ਰਕਿਰਿਆ ਹੀ ਢਹਿ ਢੇਰੀ ਹੋ ਗਈ।
ਉਹਨਾਂ  ਨੇ ਪਿਛਲੀ ਐਸ ਆਈ ਟੀ ਵਿਚ ਸਾਰੇ ਸਥਾਪਿਤ ਨਿਯਮਾਂ ਤੇ ਤੌਰ ਤਰੀਕਿਆਂ ਨੂੰ ਛਿੱਕੇ ਟੰਗ ਕੇ ਇਕ ਅਫਸਰ ਨੇ ਆਪਣੇ ਆਪ ਹੀ ਸਾਰੀਆਂ ਤਾਕਤਾਂ ਹਥਿਆ ਲਈਆਂ ਤੇ ਐਸ ਆਈ ਟੀ ਦੇ ਚੇਅਰਮੈਨ ਸਮੇਤ ਹੋਰ ਮੈਂਬਰਾਂ ਦੀ ਭੂਮਿਕਾ ਵੀ ਆਪ ਹੀ ਅਪਣਾ ਲਈ ਤੇ ਬਾਕੀਆ ਨੂੰ ਬੇਕਾਰਕਰ ਦਿੱਤਾ ਤੇ ਇਹ ਜਾਂਚ ਪ੍ਰਕਿਰਿਆ ਦਾ ਹਿੱਸਾ ਵੀ ਨਹੀਂ ਰਹੇ।  ਸਾਬਕਾ ਮੁੱਖ ਮੰਤਰੀ ਨੇ ਉਹਨਾਂ ਰਿਪੋਰਟਾਂ ਦਾ ਹਵਾਲਾ ਦਿੱਤਾ ਜਿਸ ਵਿਚ ਕਿਹਾ ਗਿਆ ਸੀ ਕਿ ਪਿਛਲੀ ਐਸ ਆਈ ਟੀ ਦੀ ਰਿਪੋਰਟ ਸੱਤਾਧਾਰੀ  ਪਾਰਟੀ ਦੇ ਅੱਧਾ ਦਰਜਨ ਮੈਂਬਰਾਂ ਨੇ ਤਿਆਰ ਕੀਤੀ ਸੀ ਤੇ ਇਸ ਰਿਪੋਰਟ ਦਾ ਅੱਜ ਤੱਕ ਕਿਸੇ ਨੇ ਖੰਡਨ ਨਹੀਂ ਕੀਤਾ।