MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸਾਬਕਾ ਆਈਏਐੱਸ ਜਵਾਹਰ ਸਰਕਾਰ ਨੂੰ ਤ੍ਰਿਣਮੂਲ ਨੇ ਬਣਾਇਆ ਰਾਜ ਸਭਾ ਉਮੀਦਵਾਰ

ਕੋਲਕਾਤਾ   24 ਜੁਲਾਈ (ਮਪ) ਬੰਗਾਲ ਵਿਚ ਰਾਜ ਸਭਾ ਦੀ ਇਕ ਸੀਟ 'ਤੇ ਨੌਂ ਅਗਸਤ ਨੂੰ ਹੋਣ ਵਾਲੀ ਉਪ ਚੋਣ ਲਈ ਸੱਤਾਧਾਰੀ ਤਿ੍ਣਮੂਲ ਕਾਂਗਰਸ (ਟੀਐੱਮਸੀ) ਨੇ ਸ਼ਨਿਚਰਵਾਰ ਨੂੰ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ। ਤਿ੍ਣਮੂਲ ਨੇ ਆਪਣੇ ਅਧਿਕਾਰਕ ਟਵਿੱਟਰ ਹੈਂਡਲ 'ਤੇ ਇਸ ਦੀ ਜਾਣਕਾਰੀ ਦਿੱਤੀ। ਪਾਰਟੀ ਨੇ ਸਾਬਕਾ ਆਈਏਐੱਸ ਅਧਿਕਾਰੀ ਤੇ ਪ੍ਰਸਾਰ ਭਾਰਤੀ ਦੇ ਸਾਬਕਾ ਸੀਈਓ ਜਵਾਹਰ ਸਰਕਾਰ ਨੂੰ ਉਮੀਦਵਾਰ ਬਣਾਇਆ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਿ੍ਣਮੂਲ ਛੱਡ ਕੇ ਭਾਜਪਾ 'ਚ ਸ਼ਾਮਲ ਹੋਣ ਵਾਲੇ ਦਿਨੇਸ਼ ਤਿ੍ਵੇਦੀ ਦੇ ਅਸਤੀਫ਼ੇ ਤੋਂ ਬਾਅਦ ਬੰਗਾਲ ਤੋਂ ਰਾਜ ਸਭਾ ਦੀ ਇਹ ਸੀਟ ਖ਼ਾਲੀ ਹੋਈ ਸੀ। ਹਾਲਾਂਕਿ, ਬੰਗਾਲ ਚੋਣਾਂ 'ਚ ਪ੍ਰਚੰਡ ਜਿੱਤ ਤੋਂ ਬਾਅਦ ਤੋਂ ਲਗਾਤਾਰ ਕਿਆਸ ਲੱਗ ਰਹੇ ਸਨ ਕਿ ਤਿ੍ਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਇਸ ਸੀਟ ਤੋਂ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੂੰ ਰਾਜ ਸਭਾ 'ਚ ਭੇਜ ਸਕਦੇ ਹਨ, ਜੋ ਚੋਣਾਂ ਤੋਂ ਪਹਿਲਾਂ ਪਾਰਟੀ 'ਚ ਸ਼ਾਮਲ ਹੋਏ ਸਨ। ਸਿਨਹਾ ਤੋਂ ਇਲਾਵਾ ਮੁਕੁਲ ਰਾਏ ਦੇ ਨਾਂ ਦੀ ਵੀ ਚਰਚਾ ਸੀ। ਪਰ ਤਿ੍ਣਮੂਲ ਨੇ ਸਾਬਕਾ ਨੌਕਰਸ਼ਾਹ ਜਵਾਹਰ ਸਰਕਾਰ ਦੇ ਨਾਂ ਦਾ ਐਲਾਨ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਜਵਾਹਰ ਸਰਕਾਰ ਕੇਂਦਰ ਦੀ ਮੋਦੀ ਸਰਕਾਰ ਦੇ ਆਲੋਚਕ ਮੰਨੇ ਜਾਂਦੇ ਹਨ। ਉਹ ਇੰਟਰਨੈੱਟ ਮੀਡੀਆ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਇਤਰਾਜ਼ਯੋਗ ਭਾਸ਼ਾ ਤੇ ਪ੍ਰਤੀਕਾਂ ਦੀ ਵਰਤੋਂ ਵੀ ਕਰਦੇ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸੇ ਸਭ ਨੂੰ ਦੇਖਦੇ ਹੋਏ ਮੋਦੀ ਸਰਕਾਰ ਤੇ ਭਾਜਪਾ ਦੀ ਧੁਰ ਵਿਰੋਧੀ ਮਮਤਾ ਨੇ ਰਾਜ ਸਭਾ ਲਈ ਜਵਾਹਰ ਸਰਕਾਰ ਨੂੰ ਨਾਮਜ਼ਦ ਕਰ ਕੇ ਵੱਡਾ ਦਾਅ ਚੱਲਿਆ ਹੈ। ਦੱਸਣਯੋਗ ਹੈ ਕਿ ਅੰਕੜਿਆਂ ਦੇ ਹਿਸਾਬ ਨਾਲ ਸਰਕਾਰ ਦਾ ਰਾਜ ਸਭਾ 'ਚ ਜਾਣਾ ਹੁਣ ਤੈਅ ਮੰਨਿਆ ਜਾ ਰਿਹਾ ਹੈ, ਕਿਉਂਕਿ ਇਹ ਸੀਟ ਤਿ੍ਣਮੂਲ ਕੋਲ ਹੀ ਸੀ। ਹਾਲਾਂਕਿ ਭਾਜਪਾ ਵੀ ਉਮੀਦਵਾਰ ਉਤਾਰੇਗੀ, ਜਿਸ ਦਾ ਐਲਾਨ ਉਹ ਪਹਿਲਾਂ ਹੀ ਕਰ ਚੁੱਕੀ ਹੈ। ਜੇਕਰ ਚੋਣ ਦੀ ਵੀ ਨੌਬਤ ਆਉਂਦੀ ਹੈ ਤਾਂ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਆਸਾਨੀ ਨਾਲ ਜਿੱਤ ਜਾਣਗੇ।