MediaPunjab - ਜਰਮਨੀ ਦੇ ਰਾਸ਼ਟਰਪਤੀ ਨੇ ਵੀ ਸ਼ਹੀਦ ਭਗਤ ਸਿੰਘ ਨੂੰ ਕੀਤਾ ਯਾਦ
MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਜਰਮਨੀ ਦੇ ਰਾਸ਼ਟਰਪਤੀ ਨੇ ਵੀ 'ਸ਼ਹੀਦ ਭਗਤ ਸਿੰਘ' ਨੂੰ ਕੀਤਾ ਯਾਦ

ਨਵੀਂ ਦਿੱਲੀ 23 ਮਾਰਚ (ਮਪ)  ਜਰਮਨੀ ਦੇ ਰਾਸ਼ਟਰਪਤੀ ਫਰਾਂਕ ਵਾਲਟਰ ਸ਼ਟਾਈਮਾਇਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਜੇਕਰ ਬੁਹ-ਪੱਖੀ ਸਹਿਯੋਗ ਤੋਂ ਮੂੰਹ ਮੋੜਣਗੇ ਤਾਂ ਤਰੱਕੀ ਦੀ ਸੰਭਾਵਨਾ ਘੱਟ ਜਾਵੇਗੀ। ਹਾਲਾਂਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅਪੂਰਨ ਸਬੰਧਾਂ ਦੇ ਸੰਦਰਭ 'ਚ ਕਿਹਾ ਕਿ ਅੰਤਰਰਾਸ਼ਟਰੀ ਸਹਿਯੋਗ ਦੇ ਲਿਹਾਜ਼ ਨਾਲ ਭਾਰਤ ਦਾ ਗੁਆਂਢ ਉਨਾਂ ਸੁਗਮ ਅਤੇ ਆਸਾਨ ਨਹੀਂ ਹੈ। ਦਿੱਲੀ ਯੂਨੀਵਰਸਿਟੀ 'ਚ 'ਭਾਰਤ-ਜਰਮਨੀ ਵਿਚਾਰ ਅਤੇ ਸੰਭਾਵਨਾਵਾਂ' ਵਿਸ਼ੇ 'ਤੇ ਉਨ੍ਹਾਂ ਨੇ ਇਕ ਲੈਕਚਰ ਦਿੱਤਾ। ਸ਼ਹੀਦ ਦਿਵਸ ਦੇ ਦਿਨ ਆਯੋਜਿਤ ਇਸ ਪ੍ਰੋਗਰਾਮ 'ਚ ਸ਼ਟਾਈਨਮਾਇਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਜਿਨ੍ਹਾਂ ਨੂੰ ਕਿਸੇ ਸਮੇਂ 'ਦੋਸ਼ੀ' ਮੰਨਿਆ ਗਿਆ ਅਤੇ ਅੱਜ ਉਨ੍ਹਾਂ ਨੂੰ 'ਰਾਸ਼ਟਰ ਨਾਇਕ' ਦਾ ਦਰਜਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ, 'ਭਗਤ ਸਿੰਘ ਜਿਨ੍ਹਾਂ ਨੂੰ ਬ੍ਰਿਟਿਸ਼ ਸ਼ਾਸਨ ਦਾ ਹਿੰਸਕ ਤਰੀਕੇ ਨਾਲ ਵਿਰੋਧ ਕਰਨ ਲਈ ਇਕ ਦੋਸ਼ੀ ਦੇ ਤੌਰ 'ਤੇ ਫਾਂਸੀ ਦੇ ਦਿੱਤੀ ਗਈ ਸੀ, ਅੱਜ ਸੰਸਦ 'ਚ ਉਨ੍ਹਾਂ ਦਾ ਬੁਤ ਦੇਖਿਆ ਜਾ ਸਕਦਾ ਹੈ। ਅੱਜ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦਾ ਸ਼ਹੀਦੀ ਦਿਵਸ ਹੈ। ਜਰਮਨੀ ਦੇ ਰਾਸ਼ਟਰਪਤੀ ਨੇ ਕਿਹਾ ਕਿ ਦੁਨੀਆ 'ਚ ਕਈ ਲੋਕ ਹਨ ਜਿਹੜੇ ਗੱਲ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਨੇ ਕਿਹਾ, 'ਅਜਿਹੇ ਦੇਸ਼ਾਂ ਦੇ ਕਈ ਉਦਾਹਰਣ ਹਨ ਜੋ ਇਸ ਤਰ੍ਹਾਂ ਵਿਵਹਾਰ ਕਰ ਰਹੇ ਹਨ ਅਤੇ ਬਹੁ-ਪੱਖੀ ਸਹਿਯੋਗ ਨਾਲ ਮੂੰਹ ਮੋੜ ਰਹੇ ਹਨ। ਕੁਝ ਦੇਸ਼ ਹਨ ਜੋ ਕਾਨੂੰਨਾਂ ਅਤੇ ਸਮਝੌਤਿਆਂ ਦੇ ਮੁੱਲਾਂ 'ਤੇ ਸਵਾਲ ਖੜੇ ਕਰਦੇ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਅਲਗ-ਥਲਗ ਰਹਿਣ 'ਤੇ ਹੀ ਤਾਕਤ ਅਤੇ ਤਰੱਕੀ ਹੈ। ਉਨ੍ਹਾਂ ਨੇ ਕਿਹਾ, 'ਕੀ ਹੋਵੇਗਾ ਜੇਕਰ ਹਰ ਦੇਸ਼ ਅਜਿਹਾ ਕਰਨ ਲੱਗੇ ਫਿਰ ਤਰੱਕੀ ਨਹੀਂ ਨੁਕਸਾਨ ਹੋਣਾ ਤੈਅ ਹੈ।