MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਦੁਨੀਆ ਸੀਰੀਆ ਵਿਚ ਅੱਤਵਾਦੀ ਸਰਗਰਮੀਆਂ ਦੀ ਅਣਦੇਖੀ ਦਾ ਖ਼ਤਰਾ ਨਹੀਂ ਝੱਲ ਸਕਦੀ - ਭਾਰਤ

ਸੰਯੁਕਤ ਰਾਸ਼ਟਰ 5 ਅਗਸਤ (ਮਪ) ਭਾਰਤ ਨੇ ਕਿਹਾ ਹੈ ਕਿ ਕੌਮਾਂਤਰੀ ਭਾਈਚਾਰਾ ਸੀਰੀਆ ਤੇ ਖੇਤਰ 'ਚ ਅੱਤਵਾਦੀ ਸਰਗਰਮੀਆਂ ਨੂੰ ਨਜ਼ਰਅੰਦਾਜ਼ ਕਰਨ ਦਾ ਖ਼ਤਰਾ ਮੁੱਲ ਨਹੀਂ ਲੈ ਸਕਦਾ। ਭਾਰਤ ਨੇ ਇਸ ਖੇਤਰ 'ਚ ਅੱਤਵਾਦੀ ਸਮੂਹਾਂ ਦੇ ਮੁੜ ਸਿਰ ਚੁੱਕਣ ਤੇ ਰਸਾਇਣਕ ਹਥਿਆਰਾਂ ਤਕ ਉਨ੍ਹਾਂ ਦੀ ਪਹੁੰਚ ਬਣਾਉਣ ਦੇ ਖਦਸ਼ੇ ਨੂੰ ਲੈ ਕੇ ਆ ਰਹੀਆਂ ਖਬਰਾਂ 'ਤੇ ਚਿੰਤਾ ਪ੍ਰਗਟਾਈ। ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਨੁਮਾਇੰਦੇ ਟੀਐੱਸ ਤਿਰੁਮੂਰਤੀ ਨੇ ਸੀਰੀਆ (ਰਸਾਇਣਕ ਹਥਿਆਰ) 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰਰੀਸ਼ਦ ਦੇ ਸੰਮੇਲਨ 'ਚ ਇਹ ਟਿੱਪਣੀ ਕੀਤੀ। ਤਿਰੁਮੂਰਤੀ ਨੇ ਕਿਹਾ, 'ਇਸ ਸਾਲ ਜਨਵਰੀ 'ਚ ਪ੍ਰਰੀਸ਼ਦ 'ਚ ਸ਼ਾਮਲ ਹੋਣ ਦੇ ਬਾਅਦ ਤੋਂ ਭਾਰਤ ਅੱਤਵਾਦੀ ਸਮੂਹਾਂ ਤੇ ਕੁਝ ਲੋਕਾਂ ਦੇ ਰਸਾਇਣਕ ਹਥਿਆਰਾਂ ਤਕ ਪਹੁੰਚ ਬਣਾਉਣ ਦੇ ਖਦਸ਼ੇ ਦੇ ਖ਼ਿਲਾਫ਼ ਲਗਾਤਾਰ ਖ਼ਬਰਦਾਰ ਕਰਦਾ ਰਿਹਾ ਹੈ। ਅਸੀਂ ਇਲਾਕੇ 'ਚ ਅੱਤਵਾਦੀ ਸਮੂਹਾਂ ਦੇ ਮੁੜ ਤੋਂ ਸਿਰ ਚੁੱਕਣ ਦੀ ਵਾਰ-ਵਾਰ ਆ ਰਹੀਆਂ ਖ਼ਬਰਾਂ ਬਾਰੇ ਚਿੰਤਤ ਹਾਂ। ਤਿਰੁਮੂਰਤੀ ਅਗਸਤ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰਰੀਸ਼ਦ ਦੇ ਚੇਅਰਮੈਨ ਵੀ ਹਨ। ਉਨ੍ਹਾਂ ਕਿਹਾ, 'ਅਸੀਂ ਪਹਿਲਾਂ ਅੱਤਵਾਦ ਖ਼ਿਲਾਫ਼ ਸ਼ਾਂਤ ਰੁਖ਼ ਅਪਣਾਉਣ ਦੇ ਨਤੀਜਿਆਂ ਤੋਂ ਜੋ ਸਿਖਿਆ ਹੈ, ਉਸਨੂੰ ਦੇਖਦੇ ਹੋਏ ਕੌਮਾਂਤਰੀ ਭਾਈਚਾਰਾ ਸੀਰੀਆ ਤੇ ਇਲਾਕੇ 'ਚ ਅੱਤਵਾਦੀ ਸਰਗਰਮੀਆਂ ਨੂੰ ਨਜ਼ਰਅੰਦਾਜ਼ ਕਰਨ ਦਾ ਖ਼ਤਰਾ ਨਹੀਂ ਚੁੱਕ ਸਕਦਾ।' ਭਾਰਤੀ ਰਾਜਦੂਤ ਨੇ ਕਿਹਾ ਕਿ ਭਾਰਤ ਕਿਸੇ ਵੀ ਜ਼ਰੀਏ, ਕਿਤੇ ਵੀ, ਕਿਸੇ ਵੀ ਸਮੇਂ ਤੇ ਕਿਸੇ ਵੀ ਹਾਲਤ 'ਚ ਰਸਾਇਣਕ ਹਥਿਆਰਾਂ ਦੀ ਵਰਤੋਂ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਭਾਰਤ ਲਗਾਤਾਰ ਇਹ ਸਪਸ਼ਟ ਕਰਦਾ ਆ ਰਿਹਾ ਹੈ ਕਿ ਰਸਾਇਣਕ ਹਥਿਆਰਾਂ ਦੀ ਵਰਤੋਂ ਦੀ ਜਾਂਚ ਨਿਰਪੱਖ ਤੇ ਭਰੋਸੇਯੋਗ ਹੋਵੇਗੀ।