MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸਿੰਧੂ ਨੂੰ ਹਰਾ ਕੇ ਸਾਇਨਾ ਨੇ ਜਿੱਤਿਆ ਸੋਨ ਤਗ਼ਮਾ, ਸ੍ਰੀਕਾਂਤ ਨੂੰ ਜੁੜੀ ਕਾਂਸੀ

ਗੋਲਡ ਕੋਸਟ, 15 ਅਪ੍ਰੈਲ (ਮਪ) ਸਾਇਨਾ ਨੇਹਵਾਲ ਨੇ ਆਪਣੀ ਹਮਲਾਵਰ ਖੇਡ ਦੇ ਸਾਹਮਣੇ ਪੀਬੀ ਸਿੰਧੂ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਅਸਫਲ ਕਰਦਿਆਂ ਅੱਜ 12ਵੀਆਂ ਰਾਸ਼ਟਰਮੰਡਲ ਖੇਡਾਂ ਦੇ ਆਖ਼ਰੀ ਦਿਨ ਮਹਿਲਾ ਸਿੰਗਲਜ਼ ਵਿੱਚ ਸੋਨ ਤਗ਼ਮਾ ਜਿੱਤਿਆ, ਪਰ ਕਿਦਾਂਬੀ ਸ੍ਰੀਕਾਂਤ ਨੂੰ ਪੁਰਸ਼ ਸਿੰਗਲਜ਼ ਅਤੇ ਸਾਤਵਿਕ ਰੰਕੀਰੈਡੀ ਅਤੇ ਚਿਰਾਗ ਸ਼ੈਟੀ ਦੀ ਜੋੜੀ ਨੂੰ ਪੁਰਸ਼ ਡਬਲਜ਼ ਵਿੱਚ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਅੱਜ ਦੇ ਮੈਚ ਵਿੱਚ ਸਿੰਧੂ ਉੱਤੇ ਜਿੱਤ ਦਾ 3-1 ਰਿਕਾਰਡ ਰੱਖਣ ਵਾਲੀ ਸਾਇਨਾ ਨੇ ਫਿਰ ਤੋਂ ਆਪਣੀ ਹਮਵਤਨ ਵਿਰੋਧੀ ਖਿਡਾਰਨ ਉੱਤੇ ਆਪਣਾ ਦਬਦਬਾ ਕਾਇਮ ਕੀਤਾ ਅਤੇ ਇੱਕ ਘੰਟੇ ਤੱਕ ਚੱਲੇ ਮੁਕਾਬਲੇ ਵਿੱਚ 21-18, 23-21 ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਸਾਇਨਾ ਦਾ ਵਰਤਮਾਨ ਰਾਸ਼ਟਰਮੰਡਲ ਖੇਡਾਂ ਵਿੱਚ ਮੁਹਿੰਮ ਦਾ ਵੀ ਸੁਖਦ ਅੰਤ ਹੋਇਆ। ਉਸ ਨੇ ਭਾਰਤ ਨੂੰ ਇਸ ਤੋਂ ਪਹਿਲਾਂ ਟੀਮ ਚੈਂਪੀਅਨਸ਼ਿਪ ਦਾ ਸੋਨ ਤਗ਼ਮਾ ਦਿਵਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ। ਇਸ ਤੋਂ ਪਹਿਲਾਂ ਸਾਇਨਾ ਨੇ 2010 ਵਿੱਚ ਸੋਨ ਤਗਮਾ ਜਿੱਤਿਆ ਸੀ। ਪੁਰਸ਼ਾਂ ਦੇ ਸਿੰਗਲਜ਼ ਵਰਗ ਵਿੱਚ ਵਿਸ਼ਵ ਦਾ ਨੰਬਰ ਇੱਕ ਖਿਡਾਰੀ ਸ੍ਰੀਕਾਂਤ ਮਲੇਸ਼ੀਆ ਦੇ ਧੁਨੰਤਰ ਲੀ ਚੌਂਗ ਵੇਈ ਤੋਂ 19-21, 21-14, 21-14 ਨਾਲ ਹਾਰ ਗਏ। ਸਾਤਵਿਕ ਅਤੇ ਚਿਰਾਗ ਦੀ ਜੋੜੀ ਵੀ ਪੁਰਸ਼ ਡਬਲਜ਼ ਵਿੱਚ ਦੂਜੇ ਸਥਾਨ ਉੱਤੇ ਰਹੀ। ਪਹਿਲੀ ਵਾਰ ਇਨ੍ਹਾਂ ਖੇਡਾਂ ਵਿੱਚ ਭਾਗ ਲੈ ਰਹੀ ਇਹ ਭਾਰਤੀ ਜੋੜੀ ਫਾਈਨਲ ਵਿੱਚ ਮਾਰਕਸ ਐਲਿਸ ਅਤੇ ਕ੍ਰਿਸ ਲੈਂਗਰਿਜ ਦੀ ਰੀਓ ਓਲੰਪਿਕ ਦੀ ਕਾਂਸੀ ਦਾ ਤਗ਼ਮਾ ਜੇਤੂ ਜੋੜੀ ਤੋਂ 13-21, 16-21 ਨਾਲ ਹਰ ਗਈ। ਓਵਰਆਲ ਬੈਡਮਿੰਟਨ ਵਿੱਚ ਭਾਰਤ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੱਜ ਦਿਨ ਦੇ ਵਿੱਚ ਮੁੱਖ ਖਿੱਚ ਦਾ ਕੇਂਦਰ ਸਾਇਨਾ ਅਤੇ ਸਿੰਧੂ ਦਾ ਮੈਚ ਰਿਹਾ।