MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸੀਰੀਆ ’ਤੇ ਅਮਰੀਕੀ ਹਮਲੇ ਖ਼ਿਲਾਫ਼ ਰੂਸ ਨੂੰ ਸੰਯੁਕਤ ਰਾਸ਼ਟਰ ’ਚ ਨਾ ਮਿਲੀ ਹਮਾਇਤ

ਸੰਯੁਕਤ ਰਾਸ਼ਟਰ, 15 ਅਪ੍ਰੈਲ (ਮਪ) ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਵੱਲੋਂ ਸੀਰੀਆ ’ਤੇ ਕੀਤੇ ਗਏ ਹਮਲੇ ਦੇ ਵਿਰੋਧ ’ਚ ਰੂਸ ਵੱਲੋਂ ਸੰਯੁਕਤ ਰਾਸ਼ਟਰ ਸਲਾਮਤੀ ਪ੍ਰੀਸ਼ਦ ’ਚ ਪਾਏ ਗਏ ਨਿਖੇਧੀ ਮਤੇ ਨੂੰ ਹਮਾਇਤ ਨਹੀਂ ਮਿਲੀ ਅਤੇ ਇਹ ਰੱਦ ਹੋ ਗਿਆ। ਸੀਰੀਆ ਵੱਲੋਂ ਕੀਤੇ ਗਏ ਰਸਾਇਣਕ ਹਮਲੇ ਦੇ ਵਿਰੋਧ ’ਚ ਹੁਣ ਤਿੰਨੋਂ ਮੁਲਕਾਂ ਵੱਲੋਂ ਸੰਯੁਕਤ ਰਾਸ਼ਟਰ ’ਚ ਮਤਾ ਲਿਆਂਦਾ ਜਾਵੇਗਾ ਅਤੇ ਇਸ ਦੀ ਜਾਂਚ ਮੰਗੀ ਜਾਵੇਗੀ। ਰੂਸ ਨੇ ਸੀਰੀਆ ’ਤੇ ਹਮਲੇ ਦੀ ਨਿਖੇਧੀ ਦੇ ਨਾਲ ਹਮਲਿਆਂ ਨੂੰ ਤੁਰੰਤ ਰੋਕਣ ਦਾ ਮਤਾ ਰੱਖਦਿਆਂ ਤਿੰਨ ਪੱਛਮੀ ਮੁਲਕਾਂ ਵੱਲੋਂ ਅੱਗੇ ਤਾਕਤ ਦੀ ਹੋਰ ਵਰਤੋਂ ਨਾ ਕਰਨ ਦੀ ਮੰਗ ਰੱਖੀ ਸੀ। ਉਸ ਦੇ ਮਤੇ ਨੂੰ ਸਲਾਮਤੀ ਪ੍ਰੀਸ਼ਦ ਦੇ 15 ਮੈਂਬਰਾਂ ’ਚੋਂ ਚੀਨ ਅਤੇ ਬੋਲੀਵੀਆ ਨੇ ਹਮਾਇਤ ਦਿੱਤੀ ਜਦਕਿ 8 ਮੁਲਕਾਂ ਅਮਰੀਕਾ, ਬ੍ਰਿਟੇਨ, ਫਰਾਂਸ, ਨੈਦਰਲੈਂਡਜ਼, ਸਵੀਡਨ, ਕੁਵੈਤ, ਪੋਲੈਂਡ ਅਤੇ ਆਇਵਰੀ ਕੋਸਟ ਨੇ ਇਸ ਦਾ ਵਿਰੋਧ ਕੀਤਾ। ਚਾਰ ਮੁਲਕ ਇਥੋਪੀਆ, ਕਜ਼ਾਖ਼ਸਤਾਨ, ਇਕੁਆਟੋਰੀਅਲ ਗਿਨੀ ਅਤੇ ਪੇਰੂ ਨੇ ਕਿਸੇ ਦਾ ਵੀ ਸਾਥ ਨਹੀਂ ਦਿੱਤਾ। ਰੂਸ ਅਤੇ ਅਮਰੀਕੀ ਹਮਾਇਤੀਆਂ ਦਰਮਿਆਨ ਤਿੱਖੀਆਂ ਝੜਪਾਂ ਵੀ ਹੋਈਆਂ। ਅਮਰੀਕੀ ਸਫ਼ੀਰ ਨਿੱਕੀ ਹੇਲੀ ਨੇ ਪ੍ਰੀਸ਼ਦ ’ਚ ਕਿਹਾ ਕਿ ਜੇਕਰ ਸੀਰਿਆਈ ਹਕੂਮਤ ਨੇ ਮੁੜ ਜ਼ਹਿਰੀਲੀ ਗੈਸ ਦੀ ਵਰਤੋਂ ਕੀਤੀ ਤਾਂ ਅਮਰੀਕਾ ਫਿਰ ਹਮਲੇ ਲਈ ਤਿਆਰ ਹੈ। ਰੂਸੀ ਸਫ਼ੀਰ ਵੈਸਿਲੀ ਨੇਬੇਨਜ਼ੀਆ ਨੇ ਕਿਹਾ ਕਿ ਬੈਠਕ ਦੌਰਾਨ ਪੁਸ਼ਟੀ ਹੋ ਗਈ ਹੈ ਕਿ ਅਮਰੀਕਾ ਅਤੇ ਉਸ ਦੇ ਸਹਿਯੋਗੀ ਮਨਘੜਤ ਤੱਥਾਂ ਨਾਲ ਕੌਮਾਂਤਰੀ ਸਿਆਸਤ ਨੂੰ ਪ੍ਰਭਾਵਿਤ ਕਰ ਰਹੇ ਹਨ ਅਤੇ ਕਾਲਪਨਿਕ ਗੱਲਾਂ ਲੰਡਨ, ਪੈਰਿਸ ਅਤੇ ਵਾਸ਼ਿੰਗਟਨ ’ਚ ਤਿਆਰ ਕੀਤੀਆਂ ਜਾਂਦੀਆਂ ਹਨ।