MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਫੂਡ ਵਿੰਗ ਵਲੋਂ ਹਵੇਲੀ ਰੈਸਟੋਰੈਂਟ ਦੀ ਜਾਂਚ, ਖਾਣ ਪੀਣ ਵਾਲੀਆਂ ਵਸਤਾਂ ਦੇ ਨਮੂਨੇ ਭਰੇ



ਫਗਵਾੜਾ 27 ਅਗਸਤ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਮਿਤੀ 26 ਅਗਸਤ ਨੂੰ ਇੱਕ ਵਾਇਰਲ ਹੋਈ ਵੀਡੀਓ ਉਪਰ ਕਾਰਵਾਈ ਕਰਦੇ ਹੋਏ, ਫੂਡ ਵਿੰਗ ਕਪੂਰਥਲਾ ਦੀ ਟੀਮ ਨੇ ਡਾ. ਹਰਜੋਤ ਪਾਲ ਸਿੰਘ, ਸਹਾਇਕ ਕਮਿਸ਼ਨਰ ਫੂਡ, ਕਪੂਰਥਲਾ ਦੀ ਅਗੁਵਾਈ ਹੇਠ ਹਵੇਲੀ ਰੈਸਟੋਰੈਂਟ, ਜੀ.ਟੀ. ਰੋਡ, ਜਿਲ੍ਹਾ ਫਗਵਾੜਾ ਦੀ ਚੈਕਿੰਗ ਕੀਤੀ। ਟੀਮ ਵਿਚ ਮੁਕੁਲ ਗਿੱਲ, ਫੂਡ ਸੇਫ਼ਟੀ ਅਫ਼ਸਰ ਵੀ ਸ਼ਾਮਿਲ ਸਨ।
ਡਾ. ਹਰਜੋਤ ਪਾਲ ਸਿੰਘ, ਸਹਾਇਕ ਕਮਿਸ਼ਨਰ ਫੂਡ ਨੇ ਦਸਿਆ ਕਿ ਇਹ ਘਟਨਾ ਚੂਹੇ ਦੇ ਗਲਾਸ ਕੈਬਨਿਟ ਵਿੱਚ ਹੋਣ ਨਾਲ ਸਬੰਧਤ ਹੈ। ਹਵੇਲੀ ਰੈਸਟੋਰੈਂਟ ਦੀ ਮੈਨੇਜਮੈਂਟ ਵੱਲੋਂ ਉਕਤ ਵੀਡੀਓ ਤੇ ਕਾਰਵਾਈ ਕਰਦੇ ਹੋਏ ਸਬੰਧਤ ਗਲਾਸ ਕੈਬਨਿਟ ਵਿੱਚ ਪਈਆਂ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਉਸੇ ਵੇਲੇ ਹੀ ਨਸ਼ਟ ਕਰ ਦਿੱਤਾ ਗਿਆ ਸੀ।
ਰੈਸਟੋਰੈਂਟ ਦੀ ਮੈਨੇਜਮੈਂਟ ਵੱਲੋਂ ਫੂਡ ਟੀਮ ਨੂੰ ਸੂਚਿਤ ਕੀਤਾ ਗਿਆ ਕਿ ਉਹਨਾਂ ਵੱਲੋਂ ਪੈਸਟ ਕੰਟਰੋਲ ਸਬੰਧੀ ਠੇਕਾ, ਪੈਸਟ ਮੈਨੇਜਮੈਂਟ ਆਫ਼ ਇੰਡੀਆ, ਰਾਮਾ ਮੰਡੀ, ਜਲੰਧਰ ਨਾਲ ਪਹਿਲਾਂ ਹੀ ਕੀਤਾ ਹੋਇਆ ਹੈ।
ਫੂਡ ਵਿੰਗ ਦੀ ਟੀਮ ਵੱਲੋਂ ਹਵੇਲੀ ਅਦਾਰੇ ਦੀ ਪੂਰੀ ਤਰ੍ਹਾਂ ਚੈਕਿੰਗ ਕੀਤੀ ਗਈ ਅਤੇ ਇੰਸਪੈਕਸ਼ਨ ਦੌਰਾਨ ਕੁੱਝ ਵੀ ਇਤਰਾਜ਼ਯੋਗ ਨਹੀਂ ਪਾਇਆ ਗਿਆ। ਵਿੰਗ ਵੱਲੋਂ ਉਹਨਾਂ ਦੀ ਮੈਨੇਜਮੈਂਟ ਨੂੰ ਸਖ਼ਤ ਹਦਾਇਤ ਕੀਤੀ ਗਈ ਕਿ ਉਹ ਜ਼ਰੂਰੀ ਸਾਵਧਾਨੀਆਂ ਵਰਤਣ ਅਤੇ ਹੋਰ ਅਜਿਹਾ ਉਪਰਾਲਾ ਕਰਨ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਮੁੜ ਨਾ ਵਾਪਰੇ।
​ਟੀਮ ਵੱਲੋਂ 2 ਸੈਂਪਲ, ਇੱਕ ਪਨੀਰ ਅਤੇ ਦਾਲ ਦੇ ਲਏ ਗਏ। ਇਹਨਾਂ ਲਏ ਗਏ ਸੈਂਪਲਾਂ ਨੂੰ ਅੱਜ ਸਟੇਟ ਫੂਡ ਲੈਬਾਰਟਰੀ, ਖਰੜ, ਮੋਹਾਲੀ ਵਿਖੇ ਨਿਰੀਖਣ ਅਤੇ ਰਿਪੋਰਟ ਲਈ ਭੇਜਿਆ ਗਿਆ ਹੈ ਅਤੇ ਨਿਰੀਖਣ ਦੀ ਰਿਪੋਰਟ ਅਨੁਸਾਰ, ਉਲੰਘਣਾ ਕਰਨ ਵਾਲੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨਾਂ ਸਾਰੇ ਫੂਡ ਬਿਜਨਸ ਅਪਰੇਟਰਾਂ ਖਾਸ ਤੌਰ ਤੇ ਰੈਸਟੋਰੈਂਟ, ਢਾਬਾ, ਫਾਸਟ ਫੂਡ ਆਦਿ ਨੂੰ ਸਖਤ ਹਦਾਇਤ ਕੀਤੀ ਕਿ ਅਦਾਰੇ ਦੀ ਸਹੀ ਢੰਗ ਨਾਲ ਸਾਫ਼-ਸਫਾਈ ਰੱਖਣ ਅਤੇ ਅਦਾਰੇ ਵਿੱਚ ਲੋਹੇ ਦੀ ਜਾਲੀ, ਸ਼ੀਸ਼ੇ ਦਾ ਸ਼ੋਅਕੇਸ ਅਤੇ ਅਜਿਹੇ ਉਪਕਰਣ/ਸਾਧਨਾਂ ਦਾ ਪ੍ਰਬੰਧ ਕੀਤਾ ਜਾਵੇ, ਜਿਹਨਾਂ ਦੀ ਵਰਤੋਂ ਨਾਲ ਭੋਜਨ/ਫੂਡ ਨੂੰ ਕਵਰ ਕੀਤਾ ਜਾ ਸਕੇ ਤਾਂ ਜੋ ਇਹ ਕੀੜਿਆਂ, ਚੂਹਿਆਂ ਦੇ ਸੰਪਰਕ ਵਿੱਚ ਨਾ ਆ ਸਕੇ।
ਇਸ ਤੋਂ ਇਲਾਵਾ ਅਦਾਰੇ ਵਿੱਚ ਕੰਮ ਕਰਨ ਵਾਲੇ ਵਰਕਰਾਂ ਦੀ ਨਿਜੀ ਸਾਫ਼-ਸਫਾਈ (ਖਾਸ ਤੌਰ ਤੇ ਭੋਜਨ ਦੇ ਸਿੱਧੇ ਤੌਰ ਤੇ ਸੰਪਰਕ ਵਿੱਚ ਆਉਣ ਵਾਲੇ ਵਰਕਰ) ਅਤੇ ਦਸਤਾਨੇ ਤੇ ਟੋਪੀ ਆਦਿ ਪਾਈ ਜਾਵੇ, ਨਹੁੰ ਸਹੀ ਢੰਗ ਨਾਲ ਕੱਟੇ ਹੋਣ ਤੇ ਬਿਮਾਰੀ ਵਿਅਕਤੀ ਪੂਰੀ ਤਰ੍ਹਾਂ ਸਿਹਤਯਾਬ ਹੋਣ ਤੱਕ ਫੂਡ ਬਿਜਨਸ ਦੇ ਕੰਮ ਤੇ ਨਾ ਆਵੇ।
ਉਨਾਂ ਇਹ ਵੀ ਕਿਹਾ ਕਿ ਪੀਣ ਵਾਲੇ ਪਾਣੀ ਅਤੇ ਬਰਤਣ ਧੋਣ ਵਾਲੇ ਪਾਣੀ ਦੀ ਅਲੱਗ-ਅਲੱਗ ਵਿਵਸਥਾ ਹੋਣੀ ਚਾਹੀਦੀ ਹੈ।